25 C
Jalandhar
Wednesday, April 22, 2026
spot_img
Home Blog Page 157

ਸਿੱਖ ਕੌਮ ਦੇ ਮਹਾਨ ਯੋਧੇ: ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ

0

ਸਿੱਖ ਕੌਮ ਦੇ ਮਹਾਨ ਯੋਧੇ: ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ

‘ਜਦੋਂ ਦੁਸਮਣ ਨੇ ਸਿੰਘਾਂ ਦੀ ਬਹਾਦਰੀ ਤੇ ਸਿਦਕ ਦਾ ਲੋਹਾ ਮੰਨਿਆ’

ਦਿੱਲੀ ਪੁਲਿਸ ਦੇ ਕਮਿਸ਼ਨਰ ‘ਵੇਦ ਮਾਰਵਾਹ’ ਦੇ ਮੂਹੋਂ ਨਿਕਲੇ ਇਹ ਸ਼ਬਦ ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿੱਚ ਆਪਣੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਗਗਨ ’ਤੇ ਹਜ਼ਾਰਾਂ ਨਹੀਂ, ਲੱਖਾਂ ਖਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫੀ ਅਤੇ ਜੁਲਮ ਦੀ ਕਾਲੀ ਬੋਲੀ ਰਾਤ ਵਿੱਚ ਹੱਕ-ਸੱਚ-ਇਨਸਾਫ਼ ਦੇ ਹਰ ਪਾਂਧੀ ਨੂੰ ਰੌਸਨੀ ਭਰਪੂਰ, ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਡਗਰ ’ਤੇ ਤੁਰਨ ਵਿੱਚ ਅਗਵਾਈ ਤੇ ਹੌਸਲਾ ਬਖ਼ਸ਼ਦੇ ਹਨ। ਗੁਰੂ ਕਲਗੀਧਰ ਦੇ ਵਰੋਸਾਏ ਖਾਲਸਾ ਪੰਥ ਦੇ ਦੋ ਲਾਡਲੇ ਸਪੁੱਤਰਾਂ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਆਪਣੀ ਅਦੁੱਤੀ ਬਹਾਦਰੀ ਤੇ ਲਾਸਾਨੀ ਸਹਾਦਤ ਨਾਲ ਖਾਲਸਾਈ ਗਗਨ ਨੂੰ ਤਾਂ ਲਟ ਲਟ ਰੌਸਨ ਕੀਤਾ ਹੀ ਹੈ ਪਰ ਨਾਲ ਹੀ ਉਹ ਅਜੋਕੇ ਖਾਲਸਤਾਨੀ ਸੰਗਰਾਮ ਦੇ ਮੁੱਖ ਕੇਂਦਰ ਬਿੰਦੂ ਵੀ ਹੋ ਨਿੱਬੜੇ ਹਨ। ਲੱਖਾਂ ਫੌਜਾਂ ਦੀ ਕਮਾਂਡ ਕਰਨ ਵਾਲਾ ਅਕਾਲ ਤਖਤ ਸਾਹਿਬ ’ਤੇ ਹਮਲਾਵਰ ‘ਜਨਰਲ ਵੈਦਿਆ’ ਤਾਂ ਇਤਿਹਾਸ ਦੇ ਘੱਟੇ ਵਿੱਚ ਗੁਆਚ ਗਿਆ ਹੈ ਪਰ ਭਾਈ ਜਿੰਦਾ ਤੇ ਭਾਈ ਸੁੱਖਾ ਖਾਲਸਤਾਨੀ ਫੌਜਾਂ ਦੇ ਸਦੀਵੀ ਜਰਨੈਲ ਸਥਾਪਤ ਹੋ ਗਏ ਹਨ, ਜਿਨ੍ਹਾਂ ਦੀ ਬਹਾਦਰੀ ਤੇ ਨਿਰਭੈਤਾ ਦਾ ਲੋਹਾ ਦੁਸਮਣ ਨੇ ਵੀ ਮੰਨਿਆ ਹੈ। ਜੰਗ ਦੇ ਮੈਦਾਨ ਵਿਚ ਬੱਬਰ ਸ਼ੇਰ ਦੀ ਗਰਜ ਰੱਖਣ ਵਾਲੇ ਇਨ੍ਹਾਂ ਸੂਰਮਿਆਂ ਨੇ ਫਾਂਸੀ ਦੇ ਰੱਸੇ ਨੂੰ ਗਲ ’ਚ ਪਾਉਣ ਤੱਕ ਦਾ ਸਫਰ ਸੰਤਤਾਈ ਦੀ ਉੱਚ ਆਤਮਿਕ ਅਵਸਥਾ ਵਿੱਚ ਵਿਚਰਦਿਆਂ ਤਹਿ ਕੀਤਾ। ਇਹਨਾਂ ਦੋ ਜਾਗਦੀਆਂ ਰੂਹਾਂ ਵਾਲਿਆਂ ਨੂੰ ਮੌਤ ਲਾੜੀ ਵਿਆਹੁਣ ਦੇ ਖਿਆਲ ਨੇ ਅਨੰਦਮਈ ਅਵਸਥਾ ਵਿੱਚ ਪਹੁੰਚਾ ਦਿੱਤਾ। ਦਗ-ਦਗ ਭਖਦੇ ਚਿਹਰਿਆਂ ਦੇ ਤੇਜੱਸਵੀ ਜਲਾਲ ਸਾਹਮਣੇ ਮੌਤ ਨੂੰ ਵੀ ਦੰਦਲ ਪੈ ਗਈ ਹੋਵੇਗੀ। ਪਰ ਨਿਰਮਾਣਤਾ ਦੇ ਪੁੰਜ ਵੀਰਿਆਂ ਨੇ ਜਲਾਦ ਨੂੰ ਵੀ ਗਲ ਨਾਲ ਲਾ ਕੇ ਵਧਾਈ ਦਿੱਤੀ ਕਿਉਂਕਿ ਮੌਤ ਨਾਲ ਅਨੰਦ (ਵਿਆਹ) ਪੜ੍ਹਾਉਣ ਦੀ ਰਸਮ ਤਾਂ ਉਹ ਹੀ ਅਦਾ ਕਰ ਰਿਹਾ ਸੀ। ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਗਜਾਉਂਦਿਆਂ ਫਾਂਸੀ ਦੇ ਰੱਸਿਆਂ ’ਤੇ ਝੂਟਾ ਲੈ ਰਹੇ ਭਾਈ ਸੁੱਖਾ-ਜਿੰਦਾ ਨੂੰ ਮਾਨੋ ਦਸਮੇਸ਼ ਪਿਤਾ ਆਪ ਲੋਰੀਆਂ ਦੇ ਰਹੇ ਸਨ।

ਜਦੋਂ ਅਸੀਂ 18 ਵੀਂ ਸਦੀ ਦੇ ਸਿੰਘਾਂ ਦੀ ਬਹਾਦਰੀ ਤੇ ਆਚਰਨ ਦਾ ਹਵਾਲਾ ਦਿੰਦੇ ਹਾਂ ਤਾਂ ਅਹਿਮਦ ਸਾਹ ਅਬਦਾਲੀ ਦੇ ਨਾਲ ਆਏ ਜਰਨੈਲ-ਇਤਿਹਾਸਕਾਰ ਕਾਜੀ ਨੂਰ ਮੁਹੰਮਦ ਦਾ ਜਿਕਰ ਕੀਤਾ ਜਾਂਦਾ ਹੈ। ਕਾਜੀ ਨੂਰ ਮੁਹੰਮਦ ਦਾ ਕਹਿਣਾ ਹੈ ‘ਇਨ੍ਹਾਂ ਸਿੱਖਾਂ ਨੂੰ ਕੁੱਤੇ ਨਾ ਆਖੋ (ਕਿਉਂਕਿ ਉਹ ਪਹਿਲਾਂ ਆਪ ਹੀ ਸਿੱਖਾਂ ਲਈ ਕੁੱਤਾ, ਫਾਰਸੀ ਵਿੱਚ ਸੱਗ ਸਬਦ ਵਰਤ ਚੁੱਕਾ ਸੀ) ਇਹ ਤਾਂ ਅਸਲੀ ਸ਼ੇਰ ਹਨ। ਜਿਹੜਾ ਜੰਗ ਦੇ ਮੈਦਾਨ ਵਿੱਚ ਸ਼ੇਰ ਦੀ ਭਬਕਾਰ ਨਾਲ ਜੂਝਦਾ ਹੈ, ਉਸ ਨੂੰ ਕੁੱਤਾ ਕਿਵੇਂ ਆਖਿਆ ਜਾ ਸਕਦਾ ਹੈ? ਉਹ ਤਲਵਾਰ ਦੇ ਯੋਧਿਓ! ਜੇ ਤੁਸੀਂ ਜੰਗ ਦੇ ਦਾਓ ਪੇਚ ਸਿੱਖਣੇ ਹਨ, ਤਲਵਾਰ ਵਾਹੁਣੀ ਸਿੱਖਣੀ ਹੈ ਤਾਂ ਇਨ੍ਹਾਂ ਤੋਂ ਸਿੱਖੋ। ਇਹ ਨਾਇਕਾਂ ਵਾਂਗ ਦੁਸਮਣ ਦਾ ਟਾਕਰਾ ਕਰਦੇ ਹਨ ਅਤੇ ਫੇਰ ਬੜੀ ਸਫਾਈ ਨਾਲ ਸੁਰੱਖਿਅਤ ਨਿਕਲ ਵੀ ਜਾਂਦੇ ਹਨ।’ ਦੁਸਮਣ ਵੱਲੋਂ ਕੀਤੀ ਗਈ ਸਿਫਤ ਹੀ ਅਸਲ ਆਚਰਨ ਦੀ, ਭਰੋਸੇਯੋਗ ਜਾਮਨੀ ਹੁੰਦੀ ਹੈ।

20 ਵੀਂ ਸਦੀ ਦੇ ਅੰਤ ਵਿੱਚ ਖਾਲਸਤਾਨੀ ਸੰਘਰਸ਼ ਲਈ ਸ਼ਹੀਦ ਡੇਢ ਲੱਖ ਤੋਂ ਜ਼ਿਆਦਾ ਸਿੰਘਾਂ-ਸਿੰਘਣੀਆਂ ਦੀ ਸੂਰਬੀਰਤਾ, ਸਿਦਕ ਅਤੇ ਮੌਤ ਦੇ ਬੇਖ਼ੌਫ ਹੋਣ ਦੇ ਕਰੈਕਟਰ ਦਾ ਰੋਲ-ਮਾਡਲ ਭਾਈ ਜਿੰਦਾ ਤੇ ਭਾਈ ਸੁੱਖਾ ਕਹੇ ਜਾ ਸਕਦੇ ਹਨ।

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਸੰਖੇਪ ਜੀਵਨੀ:

ਭਾਈ ਹਰਜਿੰਦਰ ਸਿੰਘ ਜਿੰਦਾ ਦੀ ਮਾਤਾ ਜੀ ਗੁਰਨਾਮ ਕੌਰ ਅਤੇ ਪਿਤਾ ਗੁਲਜਾਰ ਸਿੰਘ ਜੀ ਚੜ੍ਹਦੀ-ਕਲਾ ਵਾਲੇ ਕਿਰਤੀ ਸਿੱਖ ਹਨ। ਭਾਈ ਸਾਹਿਬ ਦੇ ਦੋ ਵੱਡੇ ਭਰਾ ਨਿਰਭੈਲ ਸਿੰਘ ਅਤੇ ਭੁਪਿੰਦਰ ਸਿੰਘ ਤੇ ਇਕ ਭੈਣ ਬੀਬੀ ਬਲਵਿੰਦਰ ਕੌਰ ਹੈ। ਭਾਈ ਸਾਹਿਬ ਦਾ ਜਨਮ 4 ਅਪ੍ਰੈਲ 1962 ਵਿੱਚ ਹੋਇਆ ਸੀ। ਭਾਈ ਹਰਜਿੰਦਰ ਸਿੰਘ ਨੇ ਮੁੱਢਲੀ ਵਿਦਿਆ ਆਪਣੇ ਪਿੰਡ ਗਦਲੀ (ਜਿਲ੍ਹਾ ਅੰਮ੍ਰਿਤਸਰ) ਤੋਂ ਪ੍ਰਾਪਤ ਕੀਤੀ। ਗਹਿਰੀ ਮੰਡੀ ਤੋਂ ਦਸਵੀਂ ਪਾਸ ਕਰਕੇ ਤੇ ਬਾਰਵੀਂ ਜੰਡਿਆਲਾ ਗੁਰੂ ਤੋਂ ਪਾਸ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ’ਚ ਉੱਚ-ਵਿੱਦਿਆ ਪ੍ਰਾਪਤ ਕਰਨ ਲਈ ਦਾਖਲਾ ਲੈ ਲਿਆ। ਅਜੇ ਬੀ. ਏ. (ਭਾਗ ਦੂਜਾ) ਵਿੱਚ ਪੜ੍ਹਦੇ ਸਨ ਕਿ 1984 ਦਾ ਘੱਲੂਘਾਰਾ ਵਾਪਰ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਪੁਰਬ ਸਮੇਂ ਸ੍ਰੀ ਦਰਬਾਰ ਸਾਹਿਬ ਇਕੱਤਰ ਹੋਈਆਂ ਸਿੱਖ-ਸੰਗਤਾਂ ਨੂੰ ਭਾਰਤੀ ਫੌਜ ਵੱਲੋਂ ਗੋਲੀਆਂ, ਬੰਬਾਂ, ਤੋਪਾਂ ਤੇ ਟੈਕਾਂ ਨਾਲ ਭੁੰਨ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਢਹਿ ਢੇਰੀ ਕਰ ਦਿੱਤਾ ਗਿਆ, ਚਾਲੀ ਹੋਰ ਗੁਰਧਾਮ ਫੌਜੀ ਛਾਉਣੀਆਂ ਵਿੱਚ ਤਬਦੀਲ ਕਰ ਦਿੱਤੇ ਗਏ ਤੇ ਪਿੰਡਾਂ ਵਿੱਚ ਸਿੱਖ ਜਵਾਨਾਂ ਨੂੰ ਚੁਣ-ਚੁਣ ਕੇ ਮਾਰਨਾ ਸ਼ੁਰੂ ਕਰ ਦਿੱਤਾ ਗਿਆ। ਇਹਨਾਂ ਘਟਨਾਵਾਂ ਕਰਕੇ ਹਰ ਸਿੱਖ ਵਾਂਗ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਖੂਨ ਨੇ ਵੀ ਉਬਾਲਾ ਖਾਧਾ, ਸਿੱਖੀ ਅਣਖ ਜਾਗੀ ਤੇ ਪੜ੍ਹਾਈ ਵਿੱਚੇ ਛੱਡ ਕੇ ਸਿੱਖ-ਸੰਘਰਸ਼ ਵਿੱਚ ਕੁੱਦ ਪਏ। ਜਦੋਂ ਫੌਜਾਂ ਨੇ ਸ੍ਰੀ ਦਰਬਾਰ ਸਾਹਿਬ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਸੀ ਉਦੋਂ ਭਾਈ ਹਰਜਿੰਦਰ ਸਿੰਘ ਜਿੰਦਾ ਆਪਣੇ ਪਿੰਡ ਤੇ ਨੇੜੇ-ਨੇੜੇ ਦੀਆਂ ਸਿੱਖ ਸੰਗਤਾਂ ਨਾਲ ਸ੍ਰੀ ਦਰਬਾਰ ਸਾਹਿਬ ਆਜ਼ਾਦ ਕਰਵਾਉਣ ਲਈ ਕੀਤੇ ਮਾਰਚ ਵਿੱਚ ਸ਼ਾਮਲ ਸੀ। ਪਰ ਫੌਜੀ ਨਾਕਿਆਂ ਦੇ ਤਸੱਦਦ ਸਾਹਮਣੇ ਕੋਈ ਪੇਸ਼ ਨਾ ਗਈ ਤੇ ਕਚੀਚੀਆਂ ਖਾਂਦੇ ਦੁੱਖੀ-ਹਿਰਦਿਆਂ ਨਾਲ ਕੁੱਟ-ਮਾਰ ਖਾ ਕੇ ਘਰਾਂ ਨੂੰ ਪਰਤ ਆਏ। ਭਾਈ ਹਰਜਿੰਦਰ ਸਿੰਘ ਜਿੰਦਾ ਆਪਣੇ ਨਾਨਕੇ ਪਿੰਡ ਚੱਕ ਬਾਈ ਐਚ. ਸ੍ਰੀ ਗੰਗਾਨਗਰ ਚਲਾ ਗਿਆ। ਆਪ ਦੇ ਮਾਮੇ ਦੇ ਪੁੱਤਰ ਬਲਜਿੰਦਰ ਸਿੰਘ ਰਾਜੂ ਅਤੇ ਉਸ ਦੇ ਮਿੱਤਰ ਭਾਈ ਸੁਖਦੇਵ ਸਿੰਘ ਸੁੱਖਾ 16 ਐਫ. ਨਾਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਹਰਮਿੰਦਰ ਸਾਹਿਬ ਤੇ ਹੋਰ ਗੁਰਧਾਮਾਂ ਦੀ ਕੀਤੀ ਬੇਅਦਬੀ ਅਤੇ ਸਿੱਖ ਕੌਮ ਦੀ ਹੋਈ ਬੇਪਤੀ ਦਾ ਬਦਲਾ ਲੈਣ ਲਈ ਪ੍ਰਣ ਕੀਤਾ। ਭਾਈ ਰਾਜੂ ਪੁਲਿਸ ਦੇ ਕਾਬੂ ਆ ਗਏ ਤੇ ਉਸ ਉੱਤੇ ਕੀਤੇ ਤਸੱਦਦ ਦੀ ਖ਼ਬਰ ਸੁਣ ਕੇ ਭਾਈ ਜਿੰਦਾ ਤੇ ਭਾਈ ਸੁੱਖੇ ਦਾ ਮਨ ਹੋਰ ਵੀ ਉਬਾਲੇ ਖਾਣ ਲੱਗਾ ਇਸ ਤੋਂ ਬਾਅਦ ਭਾਈ ਜਿੰਦਾ ਜੀ ਨੇ ਜੋ ਕਾਰਨਾਮੇ ਕੀਤੇ ਉਹ ਇਸ ਪ੍ਰਕਾਰ ਹਨ:

31 ਜੁਲਾਈ 1985 ਨੂੰ ਦਿੱਲੀ ਕਤਲੇਆਮ ਦੇ ਮੁਖ ਹਤਿਆਰੇ ਕਾਂਗਰਸੀ ਨੇਤਾ ਲਲਿਤ ਮਾਕਨ ਨੂੰ ਜਾ ਸੋਧ ਲਾਇਆ ਏਸ ਕਾਰਵਾਈ ’ਚ ਗੁਰੂ ਦੇ ਦੋਵੇਂ ਲਾਡਲੇ ਭਾਈ ਜਿੰਦਾ ਜੀ ਅਤੇ ਭਾਈ ਸੁੱਖ ਜੀ ਦੇ ਨਾਲ ਹੀ ਭਾਈ ਰਣਜੀਤ ਸਿੰਘ ਗਿੱਲ ਵੀ ਸਨ ਭਾਈ ਰਣਜੀਤ ਸਿੰਘ ਗਿੱਲ ਜੀ ਨੂੰ 14 ਮਈ 1987 ਨੂੰ ਅਮਰੀਕਾ ਜਰਸੀ ਵਿਖੇ ਇੰਟਰਪੋਲ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ ਗਿਆ ਅਤੇ 6 ਫਰਵਰੀ 1988 ਨੂੰ ਯੂ ਏਨ ਓ ’ਚ ਸੁਣਵਾਈ ’ਤੇ ਸੰਨ 2000 ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਇਆ ਜਿੱਥੇ ਭਾਈ ਰਣਜੀਤ ਸਿੰਘ ਗਿੱਲ ਨੂੰ ਸਜ਼ਾ ਸੁਣਾ ਦਿੱਤੀ ਗਈ।

1984 ਦੇ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਕਰਵਾਉਣ ’ਚ ਅਹਿਮ ਰੋਲ ਅਦਾ ਕਰਨ ਵਾਲਾ ਇੱਕ ਹੋਰ ਕਾਂਗਰਸੀ ਨੇਤਾ ਅਰਜੁਨ ਦਾਸ ਸੀ, ਜਿਸ ਨੂੰ ਨਾਨਾਵਤੀ ਕਮਿਸ਼ਨ ਨੇ ਵੀ ਦੋਸ਼ੀ ਕਰਾਰ ਦਿੱਤਾ ਸੀ। 5 ਸਤੰਬਰ 1985 ਨੂੰ ਗੁਰੂ ਦੇ ਲਾਡਲਿਆਂ ਨੇ ਅਰਜੁਨ ਦਾਸ ਨੂੰ ਗੱਡੀ ਚੜ੍ਹਾ ਦਿੱਤਾ ਇਹ ਰਾਜੀਵ ਗਾਂਧੀ ਦਾ ਖਾਸ ਚਮਚਾ ਸੀ।

10 ਅਗਸਤ 1986 ਨੂੰ ਸਭ ਤੋਂ ਵੱਡਾ ਕਾਰਨਾਮਾ ਤਦ ਕੀਤਾ ਗਿਆ ਜਦ ਸੂਰਮਿਆਂ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਦੇ ਮੋਹਰੀ ਰਹੇ ‘ਜਨਰਲ ਵੈਧ੍ਯ’ ਨੂੰ ਉਸ ਦੇ ਕੀਤੇ ਦੀ ਸਜ਼ਾ ਵੱਜੋਂ ਸੋਧ ਲਾ ਦਿੱਤਾ ਗਿਆ ਇਹ ਭਾਰਤ ਸਰਕਾਰ ਦੇ ਮੂੰਹ ’ਤੇ ਹੁਣ ਤੱਕ ਦਾ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਭ ਤੋਂ ਵੱਡਾ ਕਰਾਰਾ ਤਮਾਚਾ ਸੀ।

ਸਿੱਖ ਸੰਘਰਸ਼ ਨੂੰ ਮੁਕਾਮ ਤੱਕ ਲੈ ਜਾਨ ਲਈ ਸਿੰਘਾਂ ਨੂੰ ਹਥਿਆਰਾਂ ਦੀ ਸਖ਼ਤ ਲੋੜ ਸੀ, ਜਿਸ ਵਾਸਤੇ ਭਾਰਤ ਦੇ ਇਤਿਹਾਸ ਵਿੱਚ 13 ਫਰਵਰੀ 1987 ਨੂੰ ਖਾਲਿਸਤਾਨ ਕਮਾਂਡੋ ਫੋਰਸ ਦੇ ਸਿੰਘਾਂ ਨੇ ਜਨਰਲ ਲਾਭ ਸਿੰਘ ਜੀ ਦੀ ਅਗਵਾਈ ਹੇਠ ਪੰਜਾਬ ’ਚ ਇੱਕ ਬੈਂਕ ਵਿੱਚੋਂ 5.70 ਕਰੋੜ ਰੁਪਏ ਲੈ ਕੇ ਨਿਕਲਣ ’ਚ ਕਾਮਯਾਬ ਹੋ ਗਏ, ਕਿਹਾ ਜਾਂਦਾ ਹੈ ਕਿ ਇਹ ਕਾਰਨਾਮਾ ‘ਲਿਮ੍ਕਾ ਬੁੱਕ ਆਫ ਰਿਕਾਰਡ’ ’ਚ ਦਰਜ ਹੈ।

ਇਹ ਕਾਰਵਾਈ ਸੁਣ ਕੇ ਵੱਡੇ ਵੱਡੇ ਅਧਿਕਾਰੀਆਂ ਦੇ ਪਸੀਨੇ ਨਿਕਲ ਗਏ ਸੀ, ਜਿਸ ਢੰਗ ਨਾਲ ਸਿੰਘ ਸਫਾਈ ਨਾਲ ਬਾਹਰ ਨਿਕਲੇ ਸੀ ਉਸ ਬਾਰੇ ਪੂਰਾ ਸੱਚ ਭਾਰਤ ਸਰਕਾਰ ਦੇ ਅਧਿਕਾਰੀ ਦੇ ਮੂਹੋਂ ਆਪ ਸੁਣੋ:

‘ਵੇਦ ਮਰਵਾਹਾ’ ਦਿੱਲੀ ਪੁਲਿਸ ਦਾ ਮੁਖੀ (ਕਮਿਸਨਰ) ਹੁਣ ਨੌਕਰੀ ਤੋਂ ਰਿਟਾਇਰ ਹੋ ਚੁੱਕਾ ਹੈ। ਇਸ ਦੀ ਕਮਾਂਡ ਥੱਲੇ ਦਿੱਲੀ ਪੁਲਿਸ ਨੇ ਦੋ ਵਾਰ (1985 ਤੇ ਫਿਰ 1987 ਵਿਚ) ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਗ੍ਰਿਫਤਾਰ ਕੀਤਾ ਸੀ। ‘ਵੇਦ ਮਰਵਾਹੇ’ ਨੇ ਰਿਟਾਇਰਮੈਂਟ ਤੋਂ ਬਾਅਦ ਇੱਕ ਕਿਤਾਬ ਲਿਖੀ ਜਿਸ ਦਾ ਸਿਰਲੇਖ ਹੈ ‘ਅਨਸਿਵਲ ਵਾਰਜ ਪਥੋਲੌਜੀ ਆਫ ਟੈਰਰਿਜਮ ਇਨ ਇੰਡੀਆ।’

ਇਸ ਕਿਤਾਬ ਦੇ ਸਫਾ 16 ’ਤੇ ਉਸ ਨੇ ਇੱਕ ਸਿਰਲੇਖ ਦਿੱਤਾ ਹੈ: ‘ਜਿੰਦਾ ਕੋਈ ਸਧਾਰਣ ਮਨੁੱਖ ਨਹੀਂ ਸੀ।’ ਇਸ ਦੀ ਲਿਖਤ ਵਿਚਲਾ ਵੇਰਵਾ ਕਾਜੀ ਨੂਰ ਮੁਹੰਮਦ ਦੀ 18 ਵੀਂ ਸਦੀ ਦੇ ਸਿੰਘਾਂ ਬਾਰੇ ‘ਗਵਾਹੀ’ ਵਾਂਗ ਹੀ ਹੈ। ਭਾਰਤੀ ਰਾਸਟ੍ਰ ਭਗਤੀ ਤੇ ਫਿਰਕੂਪੁਣੇ ਨਾਲ ਭਰਿਆ ਪੰਜਾਬੀ ਹਿੰਦੂ ਮੂਲ ਦਾ ‘ਵੇਦ ਮਰਵਾਹਾ’ ਲਿਖਦਾ ਹੈ: ‘ਹਰਜਿੰਦਰ ਸਿੰਘ ਜਿੰਦਾ, ਜਿਸ ਨੂੰ ਜਨਰਲ ਵੈਦਿਆ ਦੇ ਕਤਲ ਕੇਸ ਵਿਚ ਸਜਾ ਹੋਈ ਅਤੇ ਬਾਅਦ ਵਿਚ ਫਾਂਸੀ ’ਤੇ ਲਟਕਾਇਆ ਗਿਆ ਕੋਈ ਸਧਾਰਨ ਮਨੁੱਖ ਨਹੀਂ ਸੀ। … ਇਹ ਸਿਰਫ਼ ਇੱਕ ਬੇਤਰਸ ਹਤਿਆਰਾ ਨਹੀਂ ਸੀ। ਉਸ ਦੀ ਸਖ਼ਸੀਅਤ ਦਾ ਇੱਕ ਬੜਾ ਅਨੋਖਾ ਪੱਖ ਵੀ ਸੀ। ਉਹ ਜਦੋਂ ਸਖ਼ਤ ਜਖਮੀ ਸੀ ਅਤੇ ਜੀਵਨ-ਮੌਤ ਦੀ ਲੜਾਈ ਲੜ ਰਿਹਾ ਸੀ, ਉਦੋਂ ਵੀ ਉਹ ਬੜਾ ਮਖੌਲੀਆ ਅਤੇ ਦਿਲ ਨੂੰ ਲੁਭਾਉਣ ਵਾਲਾ ਅੰਦਾਜ ਰੱਖਦਾ ਸੀ। ਜਦੋਂ ਮੈਂ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਪਹਿਲੀ ਵਾਰ ਮਿਲਿਆ ਤਾਂ ਮੈਂ ਮਹਿਸੂਸ ਕੀਤਾ ਕਿ ਉਹ ਕੋਈ ਮਨੋਰੋਗੀ ਨਹੀਂ ਸੀ ਬਲਕਿ ਉਸ ਦੀ ਮਾਨਸਿਕਤਾ ਵਿੱਚ ਐਸੇ ਅਸਾਧਾਰਨ ਤੱਤ ਸਨ, ਜਿਹੜੇ ਉਸ ਨੂੰ ਇੱਕ ਵੱਖਰੀ ਦਿੱਖ ਵਾਲਾ ਇਨਸਾਨ ਸਥਾਪਤ ਕਰਦੇ ਸਨ।’

‘ਵੇਦ ਮਰਵਾਹਾ’ ਅੱਗੋਂ ਛੋਟਾ ਸਿਰਲੇਖ ਦਿੰਦੇ ਹਨ: ‘ਪਹਿਲੀ ਗ੍ਰਿਫਤਾਰੀ’ ਲਿਖਤ ਅਨੁਸਾਰ-‘ਜਿੰਦਾ ਪਹਿਲੀ ਵਾਰ ਅਚਾਨਕ ਹੀ 1985 ਵਿਚ ਪੁਲਿਸ ਦੇ ਹੱਥ ਲੱਗ ਗਿਆ। ਉਦੋਂ ਦਿੱਲੀ ਵਿੱਚ ਲਗਾਤਾਰ ਬੈਂਕ ਲੁੱਟੇ ਜਾ ਰਹੇ ਸਨ ਪਰ ਪੁਲਿਸ ਨੂੰ ਕੋਈ ਸੂਹ ਨਹੀਂ ਸੀ ਮਿਲ ਰਹੀ। ਮੈਨੂੰ ਰੋਜ਼ਾਨਾ ਭਾਰਤ ਦੇ ਗ੍ਰਹਿ ਮੰਤਰੀ ਤੋਂ ਝਾੜਾਂ ਪੈ ਰਹੀਆਂ ਸਨ ਅਤੇ ਮੀਡੀਏ ਵਿੱਚ ਵੀ ਦਿੱਲੀ ਪੁਲਿਸ ਦੀ ਦੁਰਗਤੀ ਬਣ ਰਹੀ ਸੀ। ਉਦੋਂ ਤੱਕ ਸਾਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਨ੍ਹਾਂ ਬੈਂਕ ਡਕੈਤੀਆਂ ਨਾਲ ਪੰਜਾਬ ਦੇ ਦਹਿਸਤਗਰਦਾਂ ਦਾ ਵੀ ਕੋਈ ਸਬੰਧ ਹੋ ਸਕਦਾ ਹੈ। ਜਿੰਦੇ ਦੀ ਗ੍ਰਿਫਤਾਰੀ ਇੱਕ ਛੋਟੇ ਦਰਜੇ ਦੀ ਜਾਣਕਾਰੀ ਦੇ ਆਧਾਰ ’ਤੇ ਹੋਈ, ਜਿਸ ਦਾ ਸੰਬੰਧ ਕਿਸੇ ਕਾਰ ਦੀ ਚੋਰੀ ਨਾਲ ਸੀ। ਕ੍ਰਾਈਮ ਬਰਾਂਚ ਦੇ ਐਡੀਸ਼ਨਲ ਕਮਿਸਨਰ ਆਰ. ਕੇ. ਸਰਮਾ ਨੇ ਮੈਨੂੰ ਇੱਕ ਐਤਵਾਰ ਦੀ ਸਵੇਰ ਫੋਨ ਕਰ ਕੇ ਜਿੰਦੇ ਦੀ ਗ੍ਰਿਫਤਾਰੀ ਦੀ ‘ਵੱਡੀ ਪ੍ਰਾਪਤੀ’ ਸੰਬੰਧੀ ਦੱਸਿਆ। ਉਦੋਂ ਪਹਿਲੀ ਵਾਰ ਦਿੱਲੀ ਪੁਲਿਸ ਨੂੰ ਪਤਾ ਲੱਗਾ ਕਿ ਉਨ੍ਹਾਂ ਨੇ ਇੱਕ ਅਚਾਨਕ ਇੱਕ ਮਾਰਕਾਖੋਜ ਕੰਮ ਕੀਤਾ ਹੈ।’

‘ਮਰਵਾਹੇ’ ਦੀ ਲਿਖਤ ਦਾ ਅਗਲਾ ਸਿਰਲੇਖ ਹੈ-‘ਪੁੱਛ ਗਿੱਛ’ (ਇੰਟੈਰੋਗੇਸਨ) ਮਰਵਾਹੇ ਅਨੁਸਾਰ -‘ਮੈਂ ਆਪਣੇ ਘਰੋਂ ਫੌਰਨ ਕ੍ਰਾਈਮ ਬਰਾਂਚ ਇੰਟੈਰੋਗੇਸਨ ਸੈਂਟਰ ਪਹੁੰਚਿਆ ਅਤੇ ਇਸ ਸਾਧਾਰਨ ਜਿਹੀ ਦਿੱਖ ਵਾਲੇ ਵਿਅਕਤੀ ਦੀ ਇੱਕ ਘੰਟੇ ਤੋਂ ਜ਼ਿਆਦਾ ਸਮਾਂ ਪੁੱਛਗਿੱਛ (ਇਸ ਨੂੰ ਤਸੱਦਦ ਪੜ੍ਹਿਆ ਜਾਵੇ) ਕੀਤੀ। ਮੈਂ ਉਸ ਵੱਲੋਂ ਕਹਾਣੀ ਬਿਆਨ ਕਰਨ ਦੇ ਢੰਗ ਤੋਂ ਬੜਾ ਅਚੰਭਿਤ ਹੋਇਆ ਅਤੇ ਉਸ ਵੱਲੋਂ ਦੱਸੀਆਂ ਗਈਆਂ ਗੱਲਾਂ ਤੋਂ ਵੀ। ਉਸ ਦੀ ਖੱਲੜੀ ਵਿੱਚ ਡਰ ਨਾਂ ਦੀ ਕੋਈ ਚੀਜ ਨਹੀਂ ਸੀ ਅਤੇ ਨਾ ਹੀ ਉਸ ਨੂੰ ਆਪਣੇ ਕੀਤੇ ਤੋਂ ਪਛਤਾਵਾ ਸੀ। ਉਹ ਤਾਂ ਬਾਲੀਵੁਡ ਦੀਆਂ ਫਿਲਮਾਂ ਦੇ ਅੰਦਾਜ਼ ਵਿੱਚ ਪੁਲਿਸ ਨੂੰ ਥਾਂ-ਥਾਂ ਝਕਾਨੀ ਦੇ ਕੇ ਨਿਕਲਣ ਦੇ ਕਾਰਨਾਮਿਆਂ ਨੂੰ ਬੜੇ ਚਸਕੇ ਲੈ ਕੇ ਸੁਣਾ ਰਿਹਾ ਸੀ। ਮੇਰੇ ਸਾਹਮਣੇ ਅੰਮ੍ਰਿਤਸਰ ਸ਼ਹਿਰ ਦਾ ਇੱਕ ਨੌਜਵਾਨ ਸਿੱਖ ਖੜ੍ਹਾ ਸੀ ਜਿਸ ਨੇ ਸਮੁੱਚੀ ਦਿੱਲੀ ਪੁਲਿਸ ਨੂੰ ਵਖਤ ਪਾਇਆ ਹੋਇਆ ਸੀ, ਇਸ ਤੱਥ ਦੀ ਵੀ ਉਸ ਨੂੰ ਬੜੀ ਖੁਸੀ ਸੀ। ਉਸ ਨੇ ਆਪਣੇ ਖਾਲਸਤਾਨੀ ਸੰਘਰਸ਼ ਵਿਚਲੇ ਰੋਲ ਨੂੰ ਘਟਾ ਕੇ ਦੱਸਿਆ ਪਰ ਦਿੱਲੀ (ਜਿਸ ਨੂੰ ਉਹ ਰਾਜਧਾਨੀ ਕਹਿਣ ਦੀ ਜਿਦ ਕਰਦਾ ਸੀ) ਵਿਚਲੀ ਬੈਂਕ ਡਕੈਤੀਆਂ ਸੰਬੰਧੀ ਉਸ ਨੇ ਬੜੇ ਮਾਣ ਨਾਲ ਖੁੱਲ੍ਹ ਕੇ ਦੱਸਿਆ। ਉਸ ਦਾ ਦਿੱਲੀ ਨੂੰ ਵਾਰ ਵਾਰ ‘ਰਾਜਧਾਨੀ’ ਕਹਿਣ ਤੋਂ ਵੀ ਇਹ ਹੀ ਭਾਵ ਸੀ, ਉਹ ਦਿੱਲੀ ਪੁਲਿਸ ਦਾ ਪੂਰਾ ਮਜਾਕ ਉਡਾ ਰਿਹਾ ਸੀ। ਉਦੋਂ ਭਾਵੇਂ ਸਾਨੂੰ ਉਸ ਦੀਆਂ ਗਤੀਵਿਧੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਪਰ ਉਹ ਗੱਲ ਕਰਨ ਲੱਗਿਆ ‘ਉਹ’ (ਭਾਰਤ ਸਰਕਾਰ) ਤੇ ਅਸੀਂ (ਖਾਲਸਤਾਨੀ) ਸਬਦਾਵਲੀ ਦੀ ਵਰਤੋਂ ਕਰ ਰਿਹਾ ਸੀ। ਮੈਨੂੰ ਉਦੋਂ ਮਹਿਸੂਸ ਹੋਇਆ ਕਿ ਉਹ ਮੇਰੇ ਨਾਲ, ਇੱਕ ‘ਪੁਲਿਸ ਮੁਖੀ’ ਦੇ ਤੌਰ ’ਤੇ ਬਰਾਬਰ ਦੀ ਧਿਰ ਬਣ ਕੇ ਗੱਲ ਕਰ ਰਿਹਾ ਸੀ (ਨਾ ਕਿ ਮੁਜਰਮ ਦੇ ਤੌਰ ’ਤੇ) …. ਉਸ ਨੂੰ ਫੇਰ ਅਸੀਂ ਗੁਜਰਾਤ ਪੁਲਿਸ ਦੇ ਹਵਾਲੇ ਕਰ ਦਿੱਤਾ, ਜਿੱਥੋਂ ਕਿ ਉਹ ਅਦਾਲਤ ਵਿਚ ਪੇਸ਼ੀ ਲਈ ਲਿਜਾਂਦੇ ਸਮੇਂ, ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ। ਉਸ ਤੋਂ ਬਾਅਦ ਉਸ ਨੇ ਬੜੇ ਦਲੇਰਾਨਾ ਕੰਮ ਕੀਤੇ, ਜਿਨ੍ਹਾਂ ਵਿੱਚ ‘ਲਲਿਤ ਮਾਕਨ’ ਐਮ. ਪੀ. ਤੇ ‘ਅਰਜਨ ਦਾਸ’ ਆਦਿ ਸੰਜੇ ਗਾਂਧੀ ਦੇ ਨੇੜਲੇ ਸਾਥੀਆਂ ਦਾ ਮਾਰੇ ਜਾਣਾ ਵੀ ਸ਼ਾਮਲ ਸੀ। ਦਿੱਲੀ ਤੇ ਪੰਜਾਬ ਵਿੱਚ ਜਿੰਦੇ ਦੇ ਨਾਂ ਦੀ ਬੜੀ ਦਹਿਸ਼ਤ ਫੈਲ ਗਈ।’

‘ਵੇਦ ਮਰਵਾਹਾ’ ਫੇਰ, ਇੱਕ ਸਬ-ਹੈਡਿੰਗ ‘ਦੂਸਰੀ ਮੁਲਾਕਾਤ’ ਦਾ ਦਿੰਦਾ ਹੈ, ਜਿਸ ਅਨੁਸਾਰ ਅਗਸਤ 1987 ਵਿੱਚ ਸਿਵਲ ਲਾਈਨਜ ਏਰੀਏ ਵਿੱਚ ਹੋਏ ਇੱਕ ਪੁਲਿਸ ਮੁਕਾਬਲੇ ਵਿੱਚ ਜਿੰਦਾ ਸਖ਼ਤ ਜਖ਼ਮੀ ਹਾਲਤ ਵਿੱਚ ਦਿੱਲੀ ਪੁਲਿਸ ਨੇ ਦਬੋਚ ਲਿਆ। ….. ਮੈਂ ਆਪਣੇ ਵਾਇਰਲੈੱਸ ਸੈੱਟ ’ਤੇ ਜਿੰਦੇ ਦੀ ਗ੍ਰਿਫਤਾਰੀ ਬਾਰੇ ਸੁਣਿਆ ਅਤੇ ਕੁਝ ਮਿੰਟਾਂ ਵਿੱਚ ਹੀ ਪੁਲਿਸ ਸਟੇਸ਼ਨ ਪਹੁੰਚ ਗਿਆ। ਜਿੰਦੇ ਨੂੰ ਇੱਕ ਸਟਰੈਚਰ ’ਤੇ ਪਾ ਕੇ ਐਂਬੂਲੈਂਸ ਵੱਲ ਲਿਜਾਇਆ ਜਾ ਰਿਹਾ ਸੀ ਜਦੋਂਕਿ ਉਸ ਨੇ ਮੈਨੂੰ ਵੇਖ ਲਿਆ। ਉਸ ਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ। ਉਹ ਬੜੀ ਗੰਭੀਰ ਜਖ਼ਮੀ ਹਾਲਤ ਵਿੱਚ ਸੀ ਪਰ ਫਿਰ ਵੀ ਉਸ ਨੇ ਮੈਨੂੰ ਮਜਾਕੀਆ ਲਹਿਜੇ ਵਿੱਚ ਕਿਹਾ -‘ਮੁਬਾਰਕ ਹੋ, ਅਬ ਆਪ ਕੋ ਬਹੁਤ ਬੜੀ ਤਰੱਕੀ ਮਿਲੇਗੀ ਦਿੱਲੀ ਪੁਲਿਸ ਨੇ ਮੁਝੇ ਪਕੜ ਲੀਆ ਹੈ।’ ਮੇਰੇ ਸਾਹਮਣੇ ਉਹ ਬੰਦਾ ਸੀ, ਜਿਹੜਾ ਮੌਤ ਦੇ ਮੂੰਹ ਵਿੱਚ ਜਾ ਰਿਹਾ ਸੀ ਪਰ ਉਹ ਇਨ੍ਹਾਂ ਪਲਾਂ ਵਿੱਚ ਵੀ ਬੇਪ੍ਰਵਾਹ ਹੋ ਕੇ ਮਜਾਕ ਕਰ ਰਿਹਾ ਸੀ। ਮੈਂ ਦੇਖ ਰਿਹਾ ਸੀ ਕਿ ਉਸ ਨੂੰ ਆਪਣੇ ਕਾਰਜ ਲਈ ਮਹਾਨ ਕੁਰਬਾਨੀ ਕਰਨ ਦੀ ਤਸੱਲੀ ਵੀ ਸੀ ਤੇ ਪੁਲਿਸ ਨੂੰ ਨੀਵਾਂ ਦਿਖਾਉਣ ਦਾ ਚਾਅ ਵੀ… ਉਸ ਦਾ ਫੌਜੀ ਹਸਪਤਾਲ ਵਿੱਚ ਇਲਾਜ ਚੱਲਿਆ ਤੇ ਉਹ ਇੱਕ ਅਪਰੇਸ਼ਨ ਤੋਂ ਬਾਅਦ ਕਰਾਮਾਤੀ ਤੌਰ ’ਤੇ ਠੀਕ ਹੋ ਗਿਆ। ਮੈਂ ਉਸ ਨੂੰ ਡੀ. ਜੀ. ਪੀ. ਕ੍ਰਾਈਮ ਦੇ ਨਾਲ ਹਸਪਤਾਲ ਵਿੱਚ ਦੇਖਣ ਗਿਆ। ਪਰ ਇਸ ਵਾਰ ਮੈਂ ਪੁੱਛਗਿੱਛ ਲਈ ਨਹੀਂ ਗਿਆ ਪਰ ਉਸ ਇਨਸਾਨ ਨੂੰ ਮਿਲਣ ਗਿਆ, ਜਿਸ ਨੇ ਮੇਰੇ ਮਨ ’ਚ ਵੀ ਸਤਿਕਾਰ ਦੀ ਥਾਂ ਬਣਾ ਲਈ ਸੀ। ਮੈਂ ਇਹ ਇਕਬਾਲ ਕਰਨਾ ਚਾਹੁੰਦਾ ਹਾਂ ਕਿ ਉਦੋਂ ਮੇਰੀਆਂ ਜਿੰਦੇ ਪ੍ਰਤੀ ਭਾਵਨਾਵਾਂ ਇੱਕ ਪ੍ਰੋਫੈਸਨਲ ਪੁਲਿਸ ਅਫਸਰ ਵਾਲੀਆਂ ਨਹੀਂ ਸਨ ਬਲਕਿ ਪ੍ਰਸੰਸਾ ਤੇ ਨਿੱਘ ਵਾਲੀਆਂ ਸਨ…..।’

ਖਾਲਸਤਾਨੀ ਸੰਘਰਸ਼ ਦੇ ਇਸ ਸਿਪਾਹ ਸਿਲਾਰ ਨੂੰ ‘ਦੁਸਮਣ’ ਵੱਲੋਂ ਦਿੱਤੀ ਗਈ, ਇਸ ਸਰਧਾਂਜਲੀ ਚੋਂ ਭਵਿੱਖ ਦੀਆਂ ਪੀੜੀਆਂ ਨੂੰ ਖਾਲਸਤਾਨੀ ਸੰਘਰਸ਼ ਦੇ ਯੋਧਿਆਂ ਦੀ ਅਸਲੀ ਤਸਵੀਰ ਨਜ਼ਰ ਆ ਰਹੀ ਹੋਵੇਗੀ।

ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀ ਸੰਖੇਪ ਜੀਵਨੀ

ਭਾਈ ਸੁਖਦੇਵ ਸਿੰਘ ਦਾ ਜਨਮ ਰਾਜਿਸਥਾਨ ਜਿਲ੍ਹੇ ਗੰਗਾਨਗਰ ਦੀ ਤਹਿਸੀਲ ਕਰਨਪੁਰ ਦੇ ਚੱਕ ਨੰਬਰ 11 ਵਿੱਚ ਹੋਇਆ। ਆਪ ਜੀ ਦੇ ਪਿਤਾ ਮਹਿੰਗਾ ਸਿੰਘ ਗੁਰਸਿੱਖ ਹਨ ਤੇ ਖੇਤੀ ਦਾ ਕੰਮ ਕਰਦੇ ਹਨ। ਮਾਤਾ ਸੁਰਜੀਤ ਕੌਰ ਪੂਰਨ ਗੁਰਸਿਖ, ਰਹਿਤ ਦੇ ਧਾਰਨੀ ਤੇ ਨਿਤਨੇਮੀ ਹਨ। ਭਾਈ ਸੁਖਦੇਵ ਸਿੰਘ ਨੂੰ ਸਿੱਖੀ ਸਿਦਕ ਦੀ ਦਾਤ ਵਿਰਸੇ ਵਿੱਚ ਮਿਲੀ ਹੋਈ ਸੀ। ਸਕੂਲ ਦੀ ਪੜ੍ਹਾਈ ਦੇ ਨਾਲ ਹੀ ਧਾਰਮਿਕ ਵਿਦਿਆ ਤੇ ਗੁਰਬਾਣੀ ਦਾ ਅਭਿਆਸ ਉਸ ਦਾ ਨਿਤ ਕਰਮ ਬਣ ਗਿਆ। ਮੁੱਢਲੀ ਵਿਦਿਆ ਪਿੰਡ ਮਾਣਕਪੁਰ ਚੱਕ ਨੰਬਰ 13 ਤੋਂ ਪ੍ਰਾਪਤ ਕੀਤੀ ਤੇ ਕਾਨਪੁਰ ਤੋਂ ਦਸਵੀਂ ਪਾਸ ਕਰਕੇ ਗਿਆਨ ਜੋਤੀ ਕਾਲਜ ਤੋਂ ਬੀ. ਏ. ਪਾਸ ਕੀਤੀ। ਐਮ. ਏ ਅੰਗਰੇਜੀ ਵਿੱਚ ਪੜ੍ਹਦੇ ਸਨ, ਜਦੋਂ 1984 ਦਾ ਸਿੱਖੀ ਦਮਨ ਕਰਨ ਵਾਲਾ ਘੱਲੂਘਾਰਾ ਵਾਪਰ ਗਿਆ। ਭਾਈ ਸੁੱਖਾ ਜੀ ਘਰੋਂ ਬੇਘਰ ਹੋ ਕੇ ਸਿੱਖੀ ਦੀ ਪੱਤ ਬਚਾਉਣ ਦੀਆ ਵਿਉਂਤਾਂ ਵਿੱਚ ਲਗ ਗਿਆ। ਆਪਣੇ ਮਿੱਤਰ ਬਲਜਿੰਦਰ ਸਿੰਘ ਰਾਜੂ ਦੇ ਭੂਆ ਦੇ ਪੁੱਤਰ ਹਰਜਿੰਦਰ ਸਿੰਘ ਜਿੰਦਾ ਨੂੰ ਆਪਣੇ ਕਾਰਜ ਦੇ ਨਿਸ਼ਾਨੇ ਉੱਤੇ ਪੁੱਜਣ ਲਈ ਆਪ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ। ਗੁਰੂ ਮਹਾਰਾਜ ਦੇ ਬਖ਼ਸ਼ੇ ਹੋਏ ਲਾਡਲੇ ਸਪੁੱਤਰਾਂ ਨੂੰ ਪੰਥ ਦੇ ਲੇਖੇ ਲਾ ਸੁਰਖ਼ਰੂ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਭਾਈ ਲਾਭ ਸਿੰਘ ਪੰਜਵਡ, ਭਾਈ ਜਰਨੈਲ ਸਿੰਘ ਹਲਵਾਰਾ ਤੇ ਮਥਰਾ ਸਿੰਘ ਚੌਡੇ ਮਧਰੇ ਤੇ ਭਾਈ ਚਰਨਜੀਤ ਸਿੰਘ ਚੰਨੀ ਲੁਧਿਆਣਾ (ਪੰਜਾਬ) ਵਿੱਚ ਸਰਗਰਮ ਸਨ। ਉਨਾਂ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਪੰਜਾਬ ਤੋਂ ਬਾਹਰ ਦਿੱਲੀ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ ਹੋਇਆ ਸੀ ਕਿਉਂਕਿ ਨਵੰਬਰ 1984 ਵਿੱਚ ਸਿੱਖਾਂ ਦੀ ਸਭ ਤੋਂ ਵੱਧ ਕਤਲੇਆਮ ਤੇ ਬੇਪਤੀ ਦਿੱਲੀ ਵਿੱਚ ਹੋਈ ਸੀ।

ਦਿੱਲੀ ਵਿੱਚ ਇਨਾਂ ਦਾ ਨਾਮ ਸੁਣ ਕੇ ਅਤੇ ਸਰਕਾਰ ਵੱਲੋਂ ਟੀ. ਵੀ. ਉੱਤੇ ਇਨ੍ਹਾਂ ਦੀਆਂ ਤਸਵੀਰਾਂ ਦਿਖਾਉਣ ਕਰਕੇ ਦਿੱਲੀ ਦੇ ਫ਼ਿਰਕੂ ਕਾਤਲ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸਨ। ਇਕ ਵਾਰੀ ਭਾਈ ਹਰਜਿੰਦਰ ਸਿੰਘ ਜਿੰਦਾ ਦਿੱਲੀ ਪੁਲਿਸ ਦੇ ਕਾਬੂ ਆ ਗਏ ਤੇ ਅਹਿਮਦਾਬਾਦ ਜੇਲ ਵਿੱਚ ਭੇਜ ਦਿੱਤੇ ਗਏ ਉੱਥੋਂ ਕਿਸੇ ਢੰਗ ਨਾਲ ਨਿਕਲਣ ਵਿੱਚ ਸਫਲ ਹੋ ਗਏ ਫਿਰ ਇਹਨਾਂ ਨੇ ਹਿੰਦੁਸਤਾਨੀ ਫੌਜਾਂ ਦੇ ਉਸ ਵੇਲੇ ਦੇ ਕਮਾਂਡਰ ਇਨ-ਚੀਫ ਜਨਰਲ ਵੈਦਿਆ ਨੂੰ ਸੋਧਣ ਦਾ ਪ੍ਰੋਗਰਾਮ ਬਣਾਇਆ, ਜਿਸ ਦੀ ਕਮਾਨ ਹੇਠ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਜੀ ਤੇ ਹੋਰ ਗੁਰਦੁਆਰਿਆਂ ਦੀ ਬੇਹੁਰਮਤੀ (ਬੇਇੱਜ਼ਤੀ) ਹੋਈ ਸੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕੀਤਾ ਗਿਆ ਸੀ। ਜਨਰਲ ਵੈਦਿਆ ਫੌਜ ਵਿੱਚੋਂ ਰਿਟਾਇਰ ਹੋ ਕੇ ਪੂਨੇ ਵਿੱਚ ਰਹਿ ਰਿਹਾ ਸੀ।

ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਪੂਨੇ ਪਹੁੰਚ ਗਏ ਤੇ ਜਨਰਲ ਵੈਦਿਆ ਦੀ ਭਾਲ ਪਿੱਛੋਂ ਮੌਕਾ ਮਿਲਦਿਆਂ ਹੀ ਉਸ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਪਾਪੀ ਨੂੰ ਉਸ ਦੇ ਪਾਪਾਂ ਦੀ ਸਜ਼ਾ ਦੇ ਕੇ ਆਪਣੇ ਮਿਥੇ ਨਿਸ਼ਾਨੇ ਦੀ ਪੂਰਤੀ ਕੀਤੀ।’ 17 ਸਿਤੰਬਰ 1987 ਨੂੰ ਭਾਈ ਸੁੱਖਾ ਜੀ ਦਾ ਪੂਨੇ ਇੱਕ ਟਰੱਕ ਨਾਲ ਐਕਸਿਡੈੱਨਟ ਹੋ ਗਇਆ ਉਸ ਸਮੇਂ ਭਾਈ ਸੁੱਖਾ ਜੀ ਉਸ ਮੋਟਰ ਸਾਇਕਲ ’ਤੇ ਹੀ ਸਵਾਰ ਸਨ ਜੋ ਉਨ੍ਹਾਂ ਨੇ ਵੈਦ੍ਯ ਨੂੰ ਸੋਧ ਲਾਉਣ ਸਮੇਂ ਇਸਤੇਮਾਲ ਕੀਤਾ ਸੀ। ਭਾਈ ਜਿੰਦਾ ਜੀ ਦੇ 1987 ਦੇ ਦਿੱਲੀ ਮੁਕਾਬਲੇ ’ਚ ਪੈਰ ’ਚ ਗੋਲੀ ਲਗੀ ਸੀ ਅਤੇ ਮਾਰਚ ਦੇ ਮਹੀਨੇ ਭਾਈ ਜਿੰਦਾ ਜੀ ਨੂੰ ਗੁਰਦੁਆਰਾ ਮਜਨੂੰ ਦਾ ਟੀਲਾ (ਦਿੱਲੀ) ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ਸਿੰਘਾਂ ਤੇ ਜਨਰਲ ਵੈਧ੍ਯ ਦੀ ਹਤਿਆ ਦਾ ਦੋਸ਼ ਲਾਇਆ ਗਇਆ ਜਿਸ ਦੀ ਸਜ਼ਾ ਮੌਤ ਤੋਂ ਘੱਟ ਨਹੀਂ ਸੀ। 21 ਅਕਤੂਬਰ 1989 ਨੂੰ 2. 05 ਵਜੇ ਦੋਵੇਂ ਸਿੰਘਾਂ ਨੂੰ ਜੱਜ ਨੇ ਫਾਂਸੀ ਦੇਣ ਦੇ ਹੁਕਮ ਸੁਣਾ ਦਿੱਤੇ, ਜਿਸ ਦਾ ਸੁਆਗਤ ਦੋਵੇਂ ਸਿੰਘਾਂ ਨੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।’ ਦੇ ਜੈਕਾਰਿਆਂ ਅਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰਿਆਂ ਨਾਲ ਕੀਤਾ।

ਭਾਈ ਜਿੰਦਾ ਅਤੇ ਭਾਈ ਸੁੱਖਾ ਜੀ ਨੇ ਆਪਣੀ ਸਜ਼ਾ ਦੇ ਵਿਰੁਧ ਅਗਾਂਹ (ਹਾਈਕੋਰਟ ’ਚ) ਕੋਈ ਅਪੀਲ ਦਰਜ ਨਹੀਂ ਕੀਤੀ ਪਰ ਬਹੁਤ ਸਿੱਖ ਜਥੇਬੰਦੀਆਂ ਨੇ ਦੋਵੇਂ ਸਿੰਘਾਂ ਦੇ ਹੱਕ ਚ ਅਰਜ਼ੀਆਂ ਪਾਈਆਂ ਪਰ 9 ਅਕਤੂਬਰ 1992 ਨੂੰ ਕੋਰਟ ਨੇ ਉਨ੍ਹਾਂ ਅਰਜ਼ੀਆਂ ਨੂੰ ਨਾਂ ਮਨਜ਼ੂਰ ਕਰਦਿਆਂ ਰੱਦ ਕਰ ਦਿੱਤਾ।

ਯਾਰਵੜਾ ਦੀ ਜੇਲ ’ਚ ਭਾਈ ਜਿੰਦਾ ਜੀ ਅਤੇ ਭਾਈ ਸੁੱਖ ਜੀ ਨੂੰ 9 ਅਕਤੂਬਰ 1992 (ਸਵੇਰੇ 4 ਵਜੇ) ਫਾਂਸੀ ’ਤੇ ਚੜ੍ਹਾ ਦਿੱਤਾ ਗਿਆ ਇਸ ਤੋਂ ਪਹਿਲਾਂ ਉਨ੍ਹਾਂ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਲਗਾਏ। ਦੋਵੇਂ ਸਿੰਘਾਂ ਨੂੰ 30 ਮਿੰਟਾਂ ਤੱਕ ਹਵਾ ’ਚ ਲਟਕਦਿਆਂ ਰੱਖਿਆ ਗਿਆ, ਉਸ ਤੋਂ ਬਾਅਦ ਹੀ ਥੱਲੇ ਉਤਾਰਿਆ ਗਿਆ। ਉਸ ਦਿਨ ਪੂਰੇ ਉੱਤਰ ਭਾਰਤ ਨੂੰ ਹਾਈ ਅਲਰਟ ਕੀਤਾ ਹੋਇਆ ਸੀ।

ਭਾਈ ਜਿੰਦਾ ਜੀ ਅਤੇ ਭਾਈ ਸੁਖਾ ਜੀ ਦੇ ਅੰਤਿਮ ਸੰਸਕਾਰ ਮੁਲਾ ਦਰਿਆ ਦੇ ਕੰਡੇ ’ਤੇ 4 ਉਪ ਪੁਲਿਸ ਆਯੁਕਤ, 10 ਜੂਨਿਯਰ ਆਯੁਕਤ, 14 ਨਿਰੀਕ੍ਸ਼ਕ, 145 ਜੂਨਿਯਰ ਨਿਰੀਕ੍ਸ਼ਕ, 1275 ਹੋਰ ਅਧਿਕਾਰੀਆਂ ਦੀ ਤਾਇਨਾਤੀ ਹੇਠ ਸਵੇਰੇ 6.30 ਵਜੇ ਕੀਤੇ ਗਏ।

ਉਸ ਦਿਨ ਪੰਜਾਬ ਸਮੇਤ ਭਾਰਤ ਦੇ ਬਾਕੀ ਰਾਜਾਂ ’ਚ ਵੀ ਭਾਰੀ ਵਿਰੋਧ ਕੀਤੇ ਗਏ। ਸਿੱਖ ਸੰਗਤਾਂ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਇਕੱਠੀਆਂ ਹੋਈਆ ਜਿੱਥੋਂ ਭਾਰਤੀ ਫੋਰਸਾਂ ਨੇ 300 ਦੇ ਲਗਭਗ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਭਾਈ ਜਿੰਦਾ ਤੇ ਭਾਈ ਸੁੱਖਾ ਜੀ ਨੇ ਰਾਸਟਰਪਤੀ ਨੂੰ ਲਿਖੇ ਆਪਣੇ ਪੱਤ੍ਰ ਵਿੱਚ ਖਾਲਸਤਾਨੀ ਸੰਘਰਸ਼ ਦੀ ਤਰਜਮਾਨੀ ਕਰਦਿਆਂ ਬੜੇ ਫਖ਼ਰ ਨਾਲ ਲਿਖਿਆ ਸੀ: ‘ਜਦੋਂ ਕੌਮਾਂ ਜਾਗਦੀਆਂ ਹਨ ਤਾਂ ਇਤਿਹਾਸ ਨੂੰ ਕੰਬਣੀ ਛਿੜ ਜਾਂਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ’ਤੇ ਹਮਲੇ ਨੇ ਸਮੁੱਚੀ ਕੌਮ ਨੂੰ ਉਸ ਦੇ ਫ਼ਰਜ਼ ਦੀ ਯਾਦ ਕਰਵਾਈ ਹੈ ਤੇ ਹੁਣ ਕੌਮ ਨੇ ਤੁਹਾਡੀ ਗੁਲਾਮੀ ਦਾ ਜੂਲਾ ਪਰ੍ਹਾਂ ਵਗਾਹ ਕੇ ਖਾਲਿਸਤਾਨ ਦੀ ਮੰਜ਼ਲ ਵੱਲ ਚੜ੍ਹਾਈ ਕੀਤੀ ਹੋਈ ਹੈ।’

ਖਾਲਸਾ ਜੀ ! ਆਪਣੇ ਕੌਮੀ ਫ਼ਰਜ਼ਾਂ ਦੀ ਪਛਾਣ ਕਰੀਏ। ਇਹੀ ਇਨ੍ਹਾਂ ਦੋ ਮਰਜੀਵੜਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ: ‘ਜਿਸ ਸਾਨ ਸੇ ਕੋਈ ਮੁਕਤਲ ਮੇਂ ਗਿਆ, ਵੋਹ ਸਾਨ ਸਲਾਮਤ ਰਹਤੀ ਹੈ। ਇਸ ਜਾਨ ਕੀ ਤੋ ਕੋਈ ਬਾਤ ਨਹੀਂ, ਯੇ ਜਾਨ ਤੋ ਆਨੀ-ਜਾਨੀ ਹੈ।’

ਬੇਈਮਾਨ ਸਿਆਸਤ ਦੀ ਦਲਦਲ ਵਿੱਚ ਫਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਹਸਤੀ

0

ਬੇਈਮਾਨ ਸਿਆਸਤ ਦੀ ਦਲਦਲ ਵਿੱਚ ਫਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜ਼ਾਦ ਹਸਤੀ

ਇਕਵਾਕ ਸਿੰਘ ਪੱਟੀ (ਅੰਮ੍ਰਿਤਸਰ)

ਸਤਿਕਾਰਯੋਗ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਪ੍ਰਭੂਸਤਾ ਸੰਪੂਰਨ ਸੰਸਥਾ ਹੈ। ਬਹੁਤ ਮਹਾਨ ਇਤਿਹਾਸ ਸਾਂਭੀ ਬੈਠੀ ਹੈ ਇਹ ਮਹਾਨ ਸੰਸਥਾ। ਇਤਿਹਾਸਕ ਹਵਾਲਿਆਂ ਦੀ ਗੱਲ ਕਰੀਏ ਤਾਂ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਕੀਤੀ ਗਈ ਇਸ ਸੰਸਥਾ ਦਾ ਮਨੋਰਥ ਸਮੁੱਚੇ ਵਿਸ਼ਵ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਗੁਰੂ ਗ੍ਰੰਥ ਸਾਹਿਬ ਰੂਪੀ ਸੰਵਿਧਾਨ ਨੂੰ ਪ੍ਰਚਾਰਨਾ ਤੇ ਇਸ ਦੇ ਅਨੁਸਾਰ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਅਤੇ ਜ਼ਾਲਮ ਅਤੇ ਜ਼ੁਲਮ ਦੇ ਖਿਲਾਫ ਲੋਹਾ ਲੈਣ ਵਾਲੇ ਸਿਰਕੱਢ ਸਿਰਦਾਰ ਪੈਦਾ ਕਰਨਾ ਹੈ। ਉੱਥੇ ਸਮੁੱਚੀ ਸਿੱਖ ਕੌਮ ਨੂੰ ਇੱਕ ਧਾਗੇ ਵਿੱਚ ਪਰੋ ਕੇ, ਇੱਕੋ ਜਿਹਾ ਸਰਬ ਸਾਂਝਾ ਉਪਦੇਸ਼ ਜੋ ਗੁਰਮਤਿ ਅਸੂਲਾਂ ਦੇ ਅਨੁਸਾਰ ਹੋਵੇ ਜਾਰੀ ਕਰਨਾ, ਤਾਂ ਕਿ ਆਪਸੀ ਪਾਟੋਧਾੜ ਨੂੰ ਖਤਮ ਕਰਕੇ, ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ..॥’’ ਦੇ ਪਾਵਨ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ।

ਇਸ ਦੀ ਸਥਾਪਨਾ ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਕਰਵਾਈ ਸੀ ਅਤੇ ਸਿੱਖ ਕੌਮ ਨੂੰ ਮੀਰੀ ਅਤੇ ਪੀਰੀ ਦਾ ਸਿਧਾਂਤ ਦਿੱਤਾ ਸੀ। ਜਿੱਥੇ ਗੁਰੂ ਸਾਹਿਬ ਨੇ ਧਰਮ ਅਤੇ ਰਾਜਨੀਤੀ ਨੂੰ ਇਕੱਠਿਆਂ ਕਰਕੇ ਵੀ ਧਰਮ ਨੂੰ ਉੱਚਾ ਅਤੇ ਰਾਜਨੀਤੀ ਨੂੰ ਨੀਵਾਂ ਰੱਖ ਕੇ ਇਹ ਵੀ ਨਾਲ ਸਮਝਾ ਦਿੱਤਾ ਸੀ ਕਿ ਸਿੱਖ ਲਈ ਹਮੇਸ਼ਾਂ ਧਰਮ ਦਾ ਸਿਧਾਂਤ ਪਹਿਲਾਂ ਹੈ। ਇਹ ਇਮਾਰਤ ਸ੍ਰੀ ਦਰਬਾਰ ਸਾਹਿਬ ਜੀ ਦੇ ਬਿਲਕੁੱਲ ਸਾਹਮਣੇ ਬਣਾਈ ਗਈ ਹੈ। ਦੋਹਾਂ ਇਮਾਰਤਾਂ ਦੇ ਫਲਸਫੇ ਨੂੰ ਵੀ ਗਹੁ ਨਾਲ ਵਾਚੀਏ ਤਾਂ ਇੱਕ ਗੱਲ ਬੜੀ ਸਪਸ਼ਟ ਹੁੰਦੀ ਹੈ ਕਿ ਜੋ ਵੀ ਕੋਈ ਵਿਅਕਤੀ ਸ੍ਰੀ ਹਰਿਮੰਦਿਰ ਸਾਹਿਬ ਦੇ ਅੰਦਰ ਬੈਠ ਕੇ ਗੁਰਮਤਿ ਦਾ ਪਾਠ ਸਿੱਖ ਰਿਹਾ ਹੋਵੇਗਾ ਜਾਂ ਅਕਾਲ ਪੁਰਖ ਦੀ ਸਿਫ਼ਤ ਸਾਲਾਹ ਕਰ ਰਿਹਾ ਹੋਵੇਗਾ ਉਸ ਨੂੰ ਬਾਹਰ ਸ੍ਰੀ ਅਕਾਲ ਤਖ਼ਤ ਸਾਹਿਬ ਨਜ਼ਰ ਨਹੀਂ ਆਵੇਗਾ। ਦੂਜੇ ਪਾਸੇ ਜਦ ਉਹੀ ਵਿਅਕਤੀ ਜਾਂ ਕੋਈ ਵੀ ਹੋਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬੈਠ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੋਈ ਨੀਤੀ ਜਾਂ ਰਾਜਨੀਤੀ ਦਾ ਕਾਰਜ ਕਰ ਰਿਹਾ ਹੋਵੇਗਾ ਤਾਂ ਉਸ ਨੂੰ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਨਾਲ ਹੀ ਹੋ ਰਹੇ ਹੋਣਗੇ। ਸਪਸ਼ਟ ਹੋ ਜਾਂਦਾ ਹੈ ਕਿ ਜਦ ਸਿੱਖ, ਧਰਮ ਦੀ ਗੱਲ ਕਰ ਰਿਹਾ ਹੋਵੇ ਤਾਂ ਵਿੱਚ ਰਾਜਨੀਤੀ ਵੱਲ ਕੋਈ ਧਿਆਨ ਨਹੀਂ ਹੋਣਾ ਚਾਹੀਦਾ ਭਾਵ ਅੱਜ ਦੀ ਤਰ੍ਹਾਂ ਰਾਜਨੀਤੀ ਭਾਰੂ ਨਹੀਂ ਹੋਣੀ ਚਾਹੀਦੀ ਅਤੇ ਜਦੋਂ ਰਾਜਨੀਤੀ ਦੀ ਗੱਲ ਕਰ ਰਿਹਾ ਹੋਵੇ ਤਾਂ ਧਰਮ ਨੂੰ ਪਿੱਛੇ ਨਹੀਂ ਛੱਡਣਾ।

ਪਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਭਲਾਈ ਖਾਤਰ ਹੁਕਮਨਾਮੇ ਘੱਟ ਅਤੇ ਨਿੱਜਨਾਮੇ ਜ਼ਿਆਦਾ ਜਾਰੀ ਹੋ ਰਹੇ ਹਨ। ਅੱਜ ਬਿਨ੍ਹਾ ਕਿਸੇ ਕੌਮੀ ਕਾਰਜ ਜਾਂ ਪੰਥਕ ਸਰਗਰਮੀਆਂ ਵਿੱਚ ਹਿੱਸਾ ਲਏ ਜਾਂ ਕੌਮ ਦੀ ਖਾਤਰ ਕੋਈ ਕੁਰਬਾਨੀ ਜਾਂ ਕਿਸੇ ਵਿਸ਼ੇਸ਼ ਡਿਗਰੀ ਦੇ ਜਾਂ ਫਿਰ ਬਿਨ੍ਹਾ ਸੰਗਤ ਦੀ ਸਹਿਮਤੀ ਦੇ ਬੱਸ ਸਮੇਂ ਦੇ ਹਾਕਮ ਦੀ ਨਜ਼ਰ-ਇਨਾਇਤ ਸਦਕਾ ਹੀ ਜਥੇਦਾਰੀ ਹਾਸਲ ਕਰ ਲਈ ਜਾਂਦੀ ਹੈ ਜਾਂ ਫਿਰ ਸਮੇਂ ਦੀ ਸਰਕਾਰ ਆਪਣੀ ਲੋੜ ਅਨੁਸਾਰ ਆਪਣੇ ਹੀ ਕਿਸੇ ਵਿਅਕਤੀ ਨੂੰ ਜਥੇਦਾਰ ਥਾਪ ਕੇ ਉਸ ਕੋਲੋਂ ਸਿੱਖੀ ਸਿਧਾਂਤ ਦਾ ਮਲੀਆਮੇਟ ਕਰਵਾਉਣ ਲਈ ਤਿਆਰ ਰਹਿੰਦੀ ਹੈ ਕਿਉਂਕਿ ਉਸ ਨੇ ਆਪਣੀ ਪੰਥ ਵਿਰੋਧੀਆਂ ਨਾਲ ਪਾਈ ਹੋਈ ਯਾਰੀ ਵੀ ਨਿਭਾਉਣੀ ਹੁੰਦੀ ਹੈ।

ਸ਼ਾਇਦ ਇਹੀ ਕਾਰਨ ਹੈ ਕਿ ਪੁਸਤਕ ‘ਹੁਕਮਨਾਮੇ, ਆਦੇਸ਼, ਸੰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ…।’ ਦੀ ਭੂਮਿਕਾ ਵਿੱਚ ਸ. ਬਲਕਾਰ ਸਿੰਘ (ਡਾ.) ਨੂੰ ਲਿਖਣਾ ਪੈ ਗਿਆ ਕਿ, ‘ਇਹ ਜਥੇਦਾਰੀ ਵਾਲਾ ਆਹੁਦਾ ਅਕਾਲੀ ਸਿਆਸਤ ਦੀ ਲੋੜ ਸੀ ਅਤੇ ਹੋ ਵੀ ਸਕਦੀ ਹੈ, ਪਰ ਇਸ ਨਾਲ ‘ਤਖ਼ਤ’ ਸੰਸਥਾ ਸੁਤੰਤਰ ਨਾ ਰਹੀ। ਸ੍ਰੋਮਣੀ ਕਮੇਟੀ ਨੇ ਜਥੇਦਾਰ ਦੀ ਨਿਯੁਕਤੀ ਨੂੰ ਕਮੇਟੀ ’ਤੇ ਲਾਗੂ ਹੁੰਦੇ ਸੇਵਾ ਨਿਯਮਾਂ ਤੋਂ ਮੁਕਤ ਰੱਖਣ ਦੀ ਕੋਸ਼ਿਸ਼ ਤਾਂ ਕੀਤੀ ਹੈ, ਪਰ ਇਸ ਨੂੰ ਲਾਗੂ ਪ੍ਰਬੰਧ ਅਧੀਨ ਸੁਤੰਤਰ ਰੱਖ ਸਕਣਾ ਸੰਭਵ ਹੀ ਨਹੀਂ ਹੈ। ਨਤੀਜਾ ਸਭ ਦੇ ਸਾਹਮਣੇ ਹੈ ਕਿ ਕਿਸੇ ਵੀ ਜਥੇਦਾਰ ਲਈ ਸਿਆਸਤਦਾਨ ਨਾਲ ਗੱਠਜੋੜ ਹੋਏ ਬਿਨ੍ਹਾ ਜਥੇਦਾਰੀ ਕਰ ਸਕਣਾ ਮੁਸ਼ਕਿਲ ਹੋ ਗਿਆ ਹੈ। ਇਸੇ ਲਈ 1925 ਤੋਂ ਬਾਅਦ ਕੀਤੇ ਗਏ ਹੁਕਮਨਾਮੇ, ਤਨਖਾਹ ਲਾਉਣ ਜਾਂ ਬਰੀ ਕਰਨ ਵਰਗੇ, ਸੰਸਥਾਈ ਫੈਸਲਿਆਂ ਵਾਂਙੂ ਲੱਗਣ ਲੱਗ ਪਏ ਹਨ। ਇਹਨਾਂ ਨੂੰ ਮੰਨਣ ਦੀ ਪੰਥਕ ਪਾਬੰਦੀ ਕਮਜ਼ੋਰ ਪੈ ਗਈ ਹੈ ਤੇ ਸਹੂਲਤ ਮੁਤਾਬਿਕ ਮੰਨਣ ਜਾਂ ਨਾਂ ਮੰਨਣ ਦੀ ਸਿਆਸਤ ਦਾ ਬੋਲਬਾਲਾ ਹੋ ਗਿਆ ਹੈ।’

ਇਕ ਹੋਰ ਮਿਸਾਲ ਦਿੰਦਾ ਜਾਵਾਂ ਕਿ ਗਿਆਨੀ ਕੇਵਲ ਸਿੰਘ ਜੀ ਦੀ ਜ਼ੁਬਾਨੀ ਜੋ ਕਿ ਆਪ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਬਤੌਰ ਮੁੱਖ ਸੇਵਾਦਾਰ ਨਿਯੁਕਤ ਰਹੇ ਹਨ, ਪਰ ਕੌਮ ਦੇ ਸਿਧਾਂਤਾਂ ਨਾਲ ਸਮਝੌਤਾ ਕਦੇ ਨਾ ਕੀਤਾ ਅਤੇ ਸੱਚ ਨੂੰ ਹਮੇਸ਼ਾਂ ਬੇਬਾਕ ਹੋ ਕੇ ਬੋਲਦੇ ਰਹੇ ਹਨ ਅਤੇ ਹੁਣ ਵੀ ਮੂਲ ਨਾਨਕਸ਼ਾਹੀ ਕੈਲੰਡਰ ਸਮੇਤ ਹੋਰ ਪੰਥਕ ਮੁੱਦਿਆਂ ’ਤੇ ਕੌਮ ਦੇ ਨਾਲ ਖੜ੍ਹੇ ਹਨ, ਬੜੀ ਬੇਬਾਕੀ ਨਾਲ ਉਹਨਾਂ ਨੇ ਦੱਸਿਆ ਸੀ ਕਿ ਤਖ਼ਤਾਂ ਦੇ ‘ਜਥੇਦਾਰ’ ਤੇ ‘ਸਿੰਘ ਸਾਹਿਬਾਨ’ ਥਾਪੇ ਕਿਵੇਂ ਜਾਂਦੇ ਹਨ ਤੇ ਉਹ ਤਖ਼ਤਾਂ ਤੱਕ ਕਿਵੇਂ ਪੁੱਜੇ? ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ‘ਅੱਜ ਦੇ ਬਹੁਤੇ ਸਿੰਘ ਸਾਹਿਬ 90/- ਰੁਪਏ ਮਹੀਨੇ ਦੀ ਤਨਖਾਹ ਤੇ ਅਰਦਾਸੀਏ ਸਿੰਘਾਂ ਵਜੋਂ ਭਰਤੀ ਹੋਏ ਸਨ, ਜਿਨ੍ਹਾਂ ਨੂੰ ਕੇਵਲ ਅਰਦਾਸ ਕਰਨੀ ਆਉਂਦੀ ਸੀ। ਫਿਰ ਸਾਨੂੰ ਕਿਹਾ ਗਿਆ ਕਿ ਪੰਜ ਬਾਣੀਆਂ ਤਾਂ ਕੰਠ ਕਰ ਲਈਏ। ਪ੍ਰਬੰਧਕਾਂ ਦੇ ਕਹਿਣ ਤੇ ਪੰਜ ਬਾਣੀਆਂ ਕੰਠ ਕਰ ਲਈਆਂ। ਉਹਨਾਂ ਸਾਡੀ ਤਨਖਾਹ ਵਧਾ ਦਿੱਤੀ। ਫਿਰ ਸਾਨੂੰ ਕਿਹਾ ਗਿਆ ਕਿ ਅਖੰਡਪਾਠ ਕਰਨੇ ਸਿੱਖ ਲਈਏ। ਉਹਨਾਂ ਦੇ ਕਹਿਣ ਤੇ ਅਸੀਂ ਇਹ ਵੀ ਕਰ ਲਿਆ। ਸਾਡੀ ਤਨਖਾਹ ਹੋਰ ਵੱਧ ਗਈ। ਫਿਰ ਪ੍ਰਧਾਨ ਜੀ ਦੇ ਪਿੱਛੇ ਦੋੜਨ ਦੀ ਹੋੜ ਲੱਗ ਗਈ। ਅਸੀਂ ਪ੍ਰਧਾਨ ਜੀ ਨੂੰ ਕਹਿਣਾ ਕਿ ‘ਪ੍ਰਧਾਨ ਜੀ, ਕਲਰਕ ਦਾ ਗ੍ਰੇਡ ਵੱਡਾ ਹੈ ਤੇ ਸਾਡਾ ਛੋਟਾ..। ਪ੍ਰਧਾਨ ਜੀ, ਕਲਰਕਾਂ ਨੂੰ ਮਕਾਨ ਵੱਡੇ ਮਿਲੇ ਹੋਏ ਹਨ ਤੇ ਸਾਨੂੰ ਛੋਟੇ।’ ਪ੍ਰਧਾਨ ਜੀ, ਪ੍ਰਧਾਨ ਜੀ ਕਰਦੇ ਕਰਦੇ ਉਹਨਾਂ ਦੇ ਪਿੱਛੇ ਦੌੜਦੇ ਦੌੜਦੇ ਅਸੀਂ ਉਹਨਾਂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹਨ ਲੱਗ ਪਏ। ਜਿਸ ਉੱਤੇ ਉਹ ਜ਼ਿਆਦਾ ਖੁਸ਼ ਹੁੰਦੇ ਉਸ ਨੂੰ ਚੰਗੇ ਗੁਰਦੁਆਰੇ ਵਿੱਚ ਲਗਾ ਦਿੰਦੇ ਤੇ ਫਿਰ ਗ੍ਰੰਥੀ ਬਣਾ ਦਿੰਦੇ। ਅਸੀਂ ਸਾਰੇ ਇਸ ਤਰ੍ਹਾਂ ਹੀ ਇਨ੍ਹਾਂ ਵੱਡੇ ਅਹੁਦਿਆਂ ’ਤੇ ਪੁੱਜੇ ਹਾਂ, ਇਸ ਲਈ ਸਾਡੇ ਤੋਂ ਕਦੇ ਕੋਈ ਵੱਡੀ ਆਸ ਰੱਖਣਾ ਵੀ ਤੁਹਾਡੀ ਗਲਤੀ ਹੋਵੇਗੀ। ਹਾਂ, ਜਦੋਂ ਕਿਸੇ ਨੇ ਆਪਣੇ ਬਲਬੂਤੇ ’ਤੇ ਜਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਕੇ, ਧਰਮ ਦੀ ਡੂੰਘੀ ਖੋਜ ਕੀਤੀ ਹੋਵੇਗੀ, ਦੂਜੇ ਧਰਮਾਂ ਦਾ ਅਧਿਐਨ ਕੀਤਾ ਹੋਵੇਗਾ ਤੇ ਧਰਮ ਦੀ ਦੁਨੀਆਂ ਵਿੱਚ ਆਪਣੇ ਤੌਰ ’ਤੇ ਨਾਮ ਖੱਟਿਆ ਹੋਵੇਗਾ, ਜਦੋਂ ਅਜਿਹੇ ਬੰਦੇ ਨੂੰ ‘ਜੱਥੇਦਾਰ’ ਲਗਾਉਂਗੇ, ਉਸ ਤੋਂ ਜੀਅ ਚਾਹੇ ਆਸ ਰੱਖ ਲਇਉ ਪਰ ਪ੍ਰਧਾਨ ਜੀ ਦੀਆਂ ਮਿੰਨਤਾਂ ਤਰਲੇ ਕਰਕੇ ਤੇ ਉਹਨਾਂ ਦੀ ਜੀਅ ਹਜ਼ੂਰੀ ਕਰਕੇ ਬਣੇ ‘ਜਥੇਦਾਰਾਂ’ ਤੋਂ ਕੋਈ ਆਸ ਨਾ ਰੱਖਿਉ।

ਖੈਰ! ਜਦੋਂ ਤੋਂ ਨਾਮਧਰੀਕ ਜਥੇਦਾਰਾਂ ਵੱਲੋਂ ਸਿਆਸਤ ਦੇ ਪ੍ਰਭਾਵ ਹੇਠ ਹੁਕਮਨਾਮੇ, ਆਦੇਸ਼ ਜਾਂ ਸੰਦੇਸ਼ ਜਾਰੀ ਕੀਤੇ ਜਾ ਰਹੇ ਹਨ, ਖਾਸ ਤੌਰ ਤੇ ਅਖ਼ਬਾਰਾਂ ਦੀਆਂ ਸੁਰਖੀਆਂ ਬਣੇ ਰਹੇ ਹਨ ਅਤੇ ਮੌਜੂਦਾ ਦੌਰ ਵਿੱਚ ਵੀ ਸੌਦਾ ਸਾਧ ਦੇ ਅਖੌਤੀ ਮੁਆਫੀਨਾਮੇ ਦੇ ਅਧਾਰ ’ਤੇ ਸਮੁੱਚੀ ਕੌਮ ਨਾਲ ਧੋਖਾ ਕਰਨ ਕਰਕੇ ਆਮ ਸਿੱਖ ਸੰਗਤਾਂ ਦੇ ਮਨਾਂ ’ਤੇ ਵੀ ਇਸ ਦਾ ਤਿੱਖਾ ਪ੍ਰਭਾਵ ਪਿਆ ਹੈ ਅਤੇ ਇਸ ਨਾਲ ਕਿਤੇ ਨਾ ਕਿਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮਾਨ ਨੂੰ ਵੀ ਸੱਟ ਵੱਜੀ ਹੈ ਕਿਉਂਕਿ ਅਕਾਲ ਤਖ਼ਤ ਸਾਹਿਬ ਤੋਂ ਹੋਣ ਵਾਲੀਆਂ ਕਾਰਵਾਈਆਂ ਜ਼ਿਆਦਤਰ ਪੰਥ ਦੇ ਭਲੇ ਲਈ ਨਾ ਹੋ ਕੇ ਸਿਆਸੀ ਜਾਂ ਨਿੱਜੀ ਕਿੜ ਕੱਢਣ ਦੇ ਲਈ ਕੀਤੀਆਂ ਜਾ ਰਹੀਆਂ ਹਨ, ਜਾਂ ਫਿਰ ਸਿਆਸੀ ਲਾਭ ਹਿੱਤ ਵੋਟ ਬੈਂਕ ਦਾ ਖਿਆਲ ਰੱਖ ਕੇ ਕੀਤੀਆਂ ਜਾਂ ਸੱਤਾਦਾਰੀ ਪਾਰਟੀਆਂ ਵੱਲੋਂ ਕਰਵਾਈਆਂ ਜਾ ਰਹੀਆਂ ਹਨ। ਜਿਸ ਕਰਕੇ ਪਿਛਲੇ 10 ਤੋਂ 15 ਸਾਲਾਂ ਵਿੱਚ ਕਈ ਵਾਰ ਜਥੇਦਾਰਾਂ ਦੀਆਂ ਕਾਰਵਾਈਆਂ ਦੇ ਢੰਗ ਤਰੀਕੇ ਦੇ ਪ੍ਰਸ਼ਨ ਚਿੰਨ੍ਹ ਲੱਗ ਚੁੱਕੇ ਹਨ, ਅਫ਼ਸੋਸ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਕਦੇ ਸਮੁੱਚੇ ਪੰਥ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਸੰਸਥਾਵਾਂ ਹੁੰਦੀਆਂ ਸਨ ਪਰ ਅੱਜ ਇਹ ਕੇਵਲ ਪੰਜਾਬ ਦੇ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਿੱਚ ਵੀ ਬੁਰੀ ਤਰ੍ਹਾਂ ਅਸਫਲ ਸਿੱਧ ਹੋ ਰਹੀਆਂ ਹਨ। ਦੁੱਖ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਸਿਆਸਤ ਤੋਂ ਪ੍ਰੇਰਿਤ ਹੁਕਮਨਾਮੇ ਲਾਗੂ ਕਰਵਾਉਣ ਲਈ ਅਕਸਰ ਹੀ ਸ੍ਰੋਮਣੀ ਕਮੇਟੀ ਪੱਬਾਂ ਭਾਰ ਰਹਿੰਦੀ ਹੈ ਪਰ ਕੀ ਜੋ ਹੋਰ ਹੁਕਮਨਾਮੇ ਸਿੱਖ ਜਗਤ ਦੀ ਚੜ੍ਹਦੀ ਕਲਾ ਲਈ ਜਾਰੀ ਹੋਏ ਹਨ ਉਨ੍ਹਾਂ ਲਈ ਅੱਜ ਤੱਕ ਸ੍ਰੋਮਣੀ ਕਮੇਟੀ ਨੇ ਕੋਈ ਕਦਮ ਕਦੇ ਨਹੀਂ ਚੁੱਕਿਆ। ਮਿਸਾਲ ਦੇ ਤੌਰ ਤੇ :

13 ਜੂਨ 1939 ਨੂੰ ਮੋਹਨ ਸਿੰਘ ਨਾਗੋਕੇ ਦੀ ਜਥੇਦਾਰੀ ਸਮੇਂ ਇੱਕ ਹੁਕਮਨਾਮਾ ਸੰਗਤ-ਪੰਗਤ ਬਾਰੇ ਜਾਰੀ ਹੋਇਆ ਕਿ ‘ਸੰਗਤ-ਪੰਗਤ ਵਿੱਚ ਸਭ ਨਾਲ ਇੱਕੋ ਜਿਹਾ ਵਿਹਾਰ ਕਰਨਾ ਹੈ।’ ਗੁਰਬਾਣੀ ਦਾ ਵੀ ਇਹੀ ਸਿਧਾਂਤ ਹੈ। ਹੁਣ ਜਦੋਂ ਸਾਡੇ ਹਾਕਮ ਬਾਦਲ ਹੁਰੀਂ ਵੋਟਾਂ ਮੰਗਣ ਵੇਲੇ ਤਾਂ ਡੇਰੇਦਾਰਾਂ ਦੇ ਪੈਰਾਂ ਵਿੱਚ ਬੈਠੇ ਹੁੰਦੇ ਹਨ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਿਸ਼ੇਸ਼ ਕੁਰਸੀ ਜਾਂ ਆਸਣ ਲਗਾ ਕੇ ਬੈਠਦੇ ਹਨ। ਦੂਜਾ ਕਮੇਟੀ ਪ੍ਰਧਾਨ ਦੀ ਆਮਦ ’ਤੇ ਕੀਰਤਨੀਆਂ ਦੇ ਪਿੱਛੇ ਬੈਠੀ ਸੰਗਤ ਨੂੰ ਉਠਾਇਆ ਗਿਆ ਸੀ ਜੋ ਟੀ.ਵੀ. ਤੇ ਸਾਰੇ ਸਿੱਖ ਸਮਾਜ ਨੇ ਦੇਖਿਆ।

ਨਵੰਬਰ 1948 ਦੀ ਦੀਵਾਲੀ ’ਤੇ ਜਾਰੀ ਕੀਤੇ ਹੁਕਮਨਾਮੇ ਵਿੱਚ ਸਿੱਖਾਂ ਨੂੰ ‘ਸ਼ਰਾਬ ਪੀਣ ਦਾ ਤਿਆਗ ਕਰਨ’ ਦੀ ਗੱਲ ਆਖੀ ਗਈ ਸੀ। ਕੀ ਸ਼੍ਰੋਮਣੀ ਕਮੇਟੀ ਦੇ ਉੱਚ ਅਹੁੱਦੇ ਅਤੇ ਆਮ ਮੁਲਾਜ਼ਮਾਂ ’ਤੇ ਇਹ ਸ਼ਰਤ ਲਾਗੂ ਹੁੰਦੀ ਹੈ?

24 ਅਪ੍ਰੈਲ 1985 ਜਥੇਦਾਰ ਕਿ੍ਰਪਾਲ ਸਿੰਘ ਦੀ ਜੱਥੇਦਾਰੀ ਸਮੇਂ ਜਾਤ ਪਾਤ ਸੰਬੰਧੀ ਜਾਰੀ ਹੋਏ ਇੱਕ ਹੁਕਮਨਾਮੇ ਵਿੱਚ ਲਿਖਿਆ ਹੈ ਕਿ, ‘ਕੋਈ ਸਿੰਘ ਜਾਂ ਸਿੰਘਣੀ ਆਪਣੇ ਨਾਮ ਨਾਲ ਜਾਤ-ਗੋਤ ਦੀ ਵਰਤੋਂ ਨਾ ਕਰੇ, ਇਹ ਮਨਮੱਤ ਹੈ।’ ਕੀ ਇਹ ਸ਼ਰਤ ਕਮੇਟੀ ਦੇ ਮੁਲਾਜ਼ਮਾਂ ਉੱਪਰ ਭੀ ਲਾਗੂ ਹੁੰਦੀ ਹੈ ? ਕਿਉਂਕਿ ਮੇਰੇ ਪੱਟੀ ਖੇਤਰ ਦੇ ਦੋ ਸ੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਅੱਜ ਵੀ ਆਪਣੇ ਨਾਵਾਂ ਨਾਲ ਜਾਤ/ਗੋਤ ਦੀ ਵਰਤੋਂ ਜਾਰੀ ਹੈ।

16 ਸਤੰਬਰ 1986 ਨੂੰ ਪੰਥਕ ਏਕਤਾ ਬਾਰੇ ਹੁਕਮਨਾਮਾ ਜਾਰੀ ਹੋਇਆ ਸੀ। ਕੀ 3 ਨਵੰਬਰ 2009 ਨੂੰ ਸਿੱਖ ਕਤਲੇਆਮ ਦੇ ਰੋਸ ਵਜੋਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਦਿੱਤੀ ਪੰਜਾਬ ਬੰਦ ਦੀ ਕਾਲ ਵੇਲੇ ਸ਼੍ਰੋਮਣੀ ਕਮੇਟੀ ਦਫ਼ਤਰ ਖੋਲ੍ਹ ਕੇ ਪੰਥਕ ਏਕਤਾ ਨਾਲ ਸਬੰਧਿਤ ਉਕਤ ਹੁਕਮਨਾਮੇ ਦੀਆਂ ਧੱਜੀਆਂ ਨਹੀਂ ਉਡਾ ਕੇ ਗਏ।

6 ਫਰਵਰੀ 1995 ਨੂੰ ਪ੍ਰਕਾਸ਼ਕਾਂ, ਲੇਖਕਾਂ ਬਾਰੇ ਹੁਕਮਨਾਮਾ ਜਾਰੀ ਹੋਇਆ ਸੀ ਕਿ ‘ਗੁਰਬਾਣੀ ਦੇ ਕਿਸੇ ਵੀ ਗੁਟਕੇ ਜਾਂ ਪੋਥੀ ਨੂੰ ਛਾਪਣ ਵੇਲੇ ਗੁਰੂ ਸਾਹਿਬ, ਕਿਸੇ ਸਾਧੂ, ਮਹਾਤਮਾ, ਲੇਖਕ ਆਦਿ ਦੀ ਫੋਟੋ ਨਾ ਛਾਪੀ ਜਾਵੇ। ਇਸ ਦੇ ਨਾਲ ਹੀ ਗੁਟਕੇ ਜਾਂ ਪੋਥੀ ਦੇ ਆਰੰਭ ਵਿੱਚ ਤਤਕਰੇ ਤੋਂ ਬਿਨ੍ਹਾ, ਕੋਈ ਐਸੀ ਭੂਮਿਕਾ ਨਾ ਲਿਖੀ ਜਾਵੇ ਜੋ ਗੁਰਬਾਣੀ ਜਾਂ ਗੁਰ-ਇਤਿਹਾਸ ਨੂੰ ਗੁਰੂ ਸਿਧਾਂਤਾਂ ਤੋਂ ਲਾਂਭੇ ਲਿਜਾਣ ਵਾਲੀ ਹੋਵੇ।’ ਪਰ ਇਹ ਸੱਭ ਕੁੱਝ ਅੱਜ ਵੀ ਹਰ ਥਾਂ ਚੱਲ ਰਿਹਾ ਹੈ, ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਹੀ ਗੁਰ ਬਿਲਾਸ ਪਾ: 6 ਅਤੇ ਸਿੱਖ ਇਤਿਹਾਸ (ਹਿੰਦੀ) ਛਾਪ ਚੁੱਕੀ ਹੈ ਤਾਂ ਕਿਸੇ ਹੋਰ ਵਿਰੁੱਧ ਕੀ ਕਾਰਵਾਈ ਕਰੋਗੇ?

ਇਸੇ ਤਰ੍ਹਾਂ 9 ਫਰਵਰੀ 1996 ਨੂੰ ਹਰਿਮੰਦਿਰ ਸਾਹਿਬ ਵਿਖੇ ਬੀਬੀਆਂ ਨੂੰ ਸੇਵਾ ਕਰਨ ਸਬੰਧੀ ਹੁਕਮਾਨਾਮਾ ਜਾਰੀ ਹੋਇਆ, ਪਰ ਗਿਆਨੀ ਗੁਰਬਚਨ ਸਿੰਘ ਜੀ ਆਪ ਹੀ ਕਹੀ ਜਾ ਰਹੇ ਹਨ ਕਿ ਬੀਬੀਆਂ ਅਖੰਡਪਾਠ ਦੀ ਰੌਲ ਨਹੀਂ ਲਗਾ ਸਕਦੀਆਂ, ਦਰਬਾਰ ਸਾਹਿਬ ਕੀਰਤਨ ਨਹੀਂ ਕਰ ਸਕਦੀਆਂ। 27 ਅਗੱਸਤ 1998 ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਕੱਚੀ ਬਾਣੀ ਪੜ੍ਹਨ ਵਾਲੇ ਰਾਗੀ ਸਿੰਘਾਂ ਨੂੰ ਤਨਖਾਹ ਲਗਾਈ ਗਈ ਸੀ ਪਰ ਅੱਜ ਕੱਚੀ ਬਾਣੀ ਪੜ੍ਹਨ ਵਾਲੇ ਸਾਧ ਟੋਲਿਆਂ ਨਾਲ ਸਾਡੀ ਧਰਮ ਪ੍ਰਚਾਰ ਕਮੇਟੀ ਸਾਂਝ ਪਾਈ ਬੈਠੀ ਹੈ। ਕੀ ਇਨ੍ਹਾਂ ਸਭ ਪ੍ਰਤਿ ਕੋਈ ਕਾਰਵਾਈ ਹੋਵੇਗੀ ? ਸ਼ਾਇਦ ਕਦੇ ਨਹੀਂ। ਕਿਉਂਕਿ ਅੱਜ ਇਸ ਸੰਸਥਾ ਦਾ ਪ੍ਰਬੰਧ ਅਤੇ ਪ੍ਰਬੰਧਨ ਬੁਰੀ ਤਰ੍ਹਾਂ ਲੜਖੜਾ ਗਿਆ ਹੈ ਜਿਸ ਦਾ ਸਪਸ਼ਟ ਅਤੇ ਸਿੱਧਾ ਕਾਰਨ ਪੰਥ ਵਿਰੋਧੀ ਤਾਕਤਾਂ ਦਾ ਸਿਆਸਤ ਰਾਹੀਂ ਇਸ ਵਿੱਚ ਦਖਲ ਦੇਣ ਕਰਕੇ ਹੋ ਰਿਹਾ ਹੈ।

ਇਸ ਦੇ ਹੱਲ ਵਾਸਤੇ ਸਮੁੱਚੇ ਪੰਥ ਨੂੰ ਆਪਣੇ ਕੁੱਝ ਨਿੱਜੀ ਵਿਚਾਰਾਂ ਨੂੰ ਇੱਕ ਪਾਸੇ ਰੱਖ ਕੇ ਕੌਮ ਦੀ ਚੜ੍ਹਦੀ ਕਲਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਬੱਤ ਖਾਲਸੇ ਦੀ ਗੁਰੂ ਪਾਤਸ਼ਾਹ ਵੱਲੋਂ ਗੁਰੂ ਪੰਥ ਨੂੰ ਦਿੱਤੀ ਹੋਈ ਸਹੂਲਤ ਦਾ ਲਾਭ ਲੈਂਦਿਆਂ ਹੋਇਆਂ ਫੈਸਲੇ ਲੈਣੇ ਪੈਣਗੇ, ਉੱਥੇ ਲੰਮੇ ਸਮੇਂ ਤੋਂ ਆਪਣੀ ਲੀਡਰਸ਼ਿਪ ਨੂੰ ਚਮਕਾਉਂਦੇ ਆ ਰਹੇ ਆਗੂਆਂ ਨੂੰ ਵੀ ਚਾਹੀਦਾ ਹੈ ਕਿ ਹੁਣ ਉਹ ਵਾਗਡੋਰ ਕੌਮ ਵਿੱਚ ਨਵੀਂ ਨੌਜਵਾਨ ਲੀਡਰਸਿਪ ਦੇ ਹੱਥ ਵਿੱਚ ਦੇਣ ਅਤੇ ਆਪ ਪਿੱਛੇ ਰਹਿ ਕੇ ਅਗਵਾਈ ਕਰਨ। ਦੂਜਾ ਜਥੇਦਾਰੀ ਸਿਸਟਿਮ ਨੂੰ ਪੂਰੀ ਤਰ੍ਹਾਂ ਨਕਾਰ ਦੇਣਾ ਚਾਹੀਦਾ ਹੈ ਜਿਸ ਦਾ ਗੁਰੂ ਪੰਥ, ਗੁਰੂ ਗ੍ਰੰਥ ਜਾਂ ਗੁਰਦੁਆਰਾ ਐਕਟ ਸਮੇਤ ਸਿੱਖ ਰਹਿਤ ਮਰਯਾਦਾ ਵਿੱਚ ਕੋਈ ਜ਼ਿਕਰ ਨਹੀਂ ਹੈ, ਉਸ ਨੂੰ ਰੱਦ ਕਰਕੇ ਸਿੱਖ ਰਹੁਰੀਤਾਂ ਅਨੁਸਾਰ ਜੋ ਸਿਧਾਂਤ ਹਨ ਸਰਬੱਤ ਖਾਲਸੇ ਵਾਲਾ ਨਿਯਮ ਅਪਨਾਉਣੇ ਪੈਣਗੇ। ਜਿਸ ਬਾਰੇ ਸੰਖੇਪ ਜ਼ਿਕਰ ਕਰਦੇ ਜਾਈਏ:

ਪੁਜਾਰੀ ਸ਼ਰੇਣੀ ਨੂੰ ਸਿੱਖ ਧਰਮ ਵਿੱਚ ਫੈਸਲੇ ਲੈਣ ਦਾ ਕੋਈ ਅਧਿਕਾਰ ਨਹੀਂ ਹੈ, ਇਹ ਅਧਿਕਾਰ ਕਿਉਂਕਿ ਕੇਵਲ ਗੁਰੂ ਪੰਥ ਪਾਸ ਹੈ ਅਤੇ ਗੁਰੂ ਪੰਥ ਦੇ ਫੈਸਲਿਆਂ ਨੂੰ ਕੇਵਲ ਲਾਗੂ ਕਰਵਾਉਣ ਦਾ ਕੰਮ ਹੀ ਜੱਥੇਦਾਰ ਦੇ ਹੱਥ ਵਿੱਚ ਹੋਣਾ ਚਾਹੀਦਾ ਹੈ। ਗੁਰੂ ਪੰਥ ਵੱਲੋਂ ਲਿਆ ਜਾਣਾ ਵਾਲਾ ਕੋਈ ਵੀ ਫੈਸਲਾ ਕੇਵਲ ਗੁਰਬਾਣੀ ਦੇ ਅਸੂਲਾਂ ਅਨੁਸਾਰ ਹੋਵੇਗਾ ਅਤੇ ਗੁਰਬਾਣੀ ਹੁਕਮਾਂ ਤੋਂ ਬਾਹਰ ਨਾ ਜਾਂਦਾ ਹੋਵੇ। ਸਰਬੱਤ ਖਾਲਸਾ ਵੀ ਕੋਈ ਅਜਿਹਾ ਫੈਸਲਾ ਨਹੀਂ ਲਵੇਗਾ ਜਿਸ ਨਾਲ ਪੰਥ ਵਿੱਚ ਵੰਡੀਆਂ ਪੈਣ ਜਾਂ ਜਿਸ ਬਾਰੇ ਪੰਥ ਵਿੱਚ ਦੋ ਰਾਵਾਂ ਪੈਦਾ ਹੋਈਆਂ ਹੋਣ। ਜੇ ਕਿਧਰੇ ਅਜਿਹਾ ਹੁੰਦਾ ਹੈ ਤਾਂ ਪਹਿਲਾ ਫਰਜ਼ ਦੋਹਾਂ ਧਿਰਾਂ ਵਿੱਚ ਰਜ਼ਾਮੰਦੀ ਕਰਕੇ ਇੱਕ ਰਾਇ ਪੈਦਾ ਕਰਨੀ ਜ਼ਰੂਰੀ ਹੋਵੇਗੀ। ਪੰਜ ਪਿਆਰਿਆਂ ਦੀ ਸੰਸਥਾ ਨੂੰ ਸਦੀਵੀਂ ਨਾ ਮੰਨਿਆ ਜਾਵੇ ਬਲਕਿ ਇਹ ਅਧਿਕਾਰ ਕੇਵਲ ਸੰਗਤ ਕੋਲ ਹੋਵੇ, ਉਹ ਆਪਣੇ ਵਿੱਚੋਂ ਸਰਬੱਤ ਖਾਲਸੇ ਦੌਰਾਨ ਇੱਕ ਖਾਸ ਮਕਸਦ ਹਿੱਤ ਪੰਜਾਂ ਸਿੰਘਾਂ ਨੂੰ ਪੰਜ ਪਿਆਰੇ ਥਾਪ ਲਵੇ ਅਤੇ ਕਾਰਜ ਸੰਪੂਰਣ ਹੋਣ ਉਪਰੰਤ ਪੰਜ ਪਿਆਰੇ ਵਾਪਸ ਸੰਗਤ ਵਿੱਚ ਰਲ ਜਾਣ ਅਤੇ ਮੁੜ ਹਊਮੈ ਵੱਸ ਉਨ੍ਹਾਂ ਨੂੰ ਦੁਬਾਰਾ ਪੰਜ ਪਿਆਰੇ ਅਖਵਾਉਣ ਦਾ ਅਧਿਕਾਰ ਨਾ ਹੋਵੇ। ਤਨਖਾਹ ਦਾ ਸਹੀ ਅਰਥ ਪ੍ਰਚਾਰਿਆ ਜਾਵੇ ਕਿਉਂਕਿ ਤਨਖਾਹ ਦਾ ਮਤਲਬ ਸਜ਼ਾ ਦੇਣਾ ਨਹੀਂ, ਬਲਕਿ ਹਲੇਮੀ ਪੈਦਾ ਕਰਨਾ ਅਤੇ ਗੁਰੂ ਪੰਥ ਦੇ ਫੈਸਲਿਆਂ ਨੂੰ ਪ੍ਰਵਾਨ ਕਰਕੇ ਉਨਾਂ ਅੱਗੇ ਸੀਸ ਝੁਕਾਉਣਾ ਹੈ।

ਅੰਤ ਵਿੱਚ ਸਮੁੱਚੀ ਕੌਮ ਨੂੰ ਇਹੋ ਹੀ ਬੇਨਤੀ ਕਰਨੀ ਚਾਹਾਂਗਾ ਕਿ ਸੁਚੇਤ ਹੋਈਏ ਆਪਣੀ ਨੌਜਵਾਨ ਪੀੜ੍ਹੀ ਨੂੰ ਵਿੱਦਿਆਵਾਨ ਬਣਾਈਏ ਜੋ ਤਰਕ, ਦਲੀਲ ਦੀ ਭਾਸ਼ਾ ਤੋਂ ਕੰਮ ਲਵੇ ਅਤੇ ਯੋਗ ਲੀਡਰਸ਼ਿਪ ਦੇ ਕਾਬਲ ਬਣ ਸਕੇ। ਇਹ ਕੰਮ ਕਿਸੇ ਇੱਕ ਵਿਅਕਤੀ, ਸੰਸਥਾ, ਜਥੇਬੰਦੀ ਵੱਲੋਂ ਨਹੀਂ ਹੋਣਾ। ਇਸ ਕਾਰਜ ਲਈ ਸਾਰੀ ਕੌਮ ਨੂੰ ਸੁਚੇਤ ਹੋਣਾ ਪਵੇਗਾ ਅਤੇ ਕੌਮੀ ਪੱਧਰ ’ਤੇ ਸੋਚਣਾ ਪਵੇਗਾ। ਸਾਰਿਆਂ ਨੂੰ ਰੱਲ ਮਿਲ ਕੇ ਹੀ ਪੰਥ ਹਿੱਤ ਬਚਾਉਣੇ ਪੈਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਈਮਾਨ ਰਾਜਨੀਤੀ ਤੋਂ ਆਜ਼ਾਦ ਕਰਵਾਉਣਾ ਪਵੇਗਾ। ਇਹੀ ਸਮੇਂ ਦੀ ਫੌਰੀ ਮੰਗ ਹੈ ਜਾਂ ਫਿਰ ਸਾਰੇ ਸਿਸਟਮ ਨੂੰ ਬਦਲਣ ਦੀ ਮੁੱਖ ਲੋੜ ਹੈ। ਗੁਰੂ ਰਾਖਾ !!

ਦਲੀਪ ਕੌਰ ਟਿਵਾਣਾ ਨੇ ਪਦਮਸ੍ਰੀ ਮੋੜਿਆ

0

ਦਲੀਪ ਕੌਰ ਟਿਵਾਣਾ ਨੇ ਪਦਮਸ੍ਰੀ ਮੋੜਿਆ

ਦਲੀਪ ਕੌਰ ਟਿਵਾਣਾ ਨੇ ਪਦਮਸ੍ਰੀ ਮੋੜਿਆ

ਪਟਿਆਲਾ/ਨਵੀਂ ਦਿੱਲੀ, 13 ਅਕਤੂਬਰ: ਦੇਸ਼ ‘ਚ ਮੁਸਲਮਾਨਾਂ ‘ਤੇ ‘ਵਾਰ-ਵਾਰ ਹੋ ਰਹੇ ਤਸ਼ੱਦਦ’ ਅਤੇ ‘ਵਧਦੀ ਅਸਹਿਣਸ਼ੀਲਤਾ’ ਵਿਰੁਧ ਮਸ਼ਹੂਰ ਪੰਜਾਬੀ ਲੇਖਿਕਾ ਅਤੇ ਪਦਮਸ੍ਰੀ ਨਾਲ ਸਨਮਾਨਤ ਦਲੀਪ ਕੌਰ ਟਿਵਾਣਾ ਨੇ ਅੱਜ ਅਪਣਾ ਪੁਰਸਕਾਰ ਵਾਪਸ ਕਰਨ ਦਾ ਫ਼ੈਸਲਾ ਕੀਤਾ ਜਦਕਿ ਅਪਣਾ ਸਾਹਿਤ ਅਕਦਾਮੀ ਪੁਰਸਕਾਰ ਵਾਪਸ ਕਰ ਰਹੇ ਲੇਖਕਾਂ ਦੀ ਲੜੀ ‘ਚ ਅੱਜ ਇਕ ਹੋਰ ਕੰਨੜ ਲੇਖਕ ਵੀ ਸ਼ਾਮਲ ਹੋ ਗਿਆ।
ਕੇਂਦਰ ਨੂੰ ਲਿਖੀ ਇਕ ਚਿੱਠੀ ‘ਚ ਟਿਵਾਣਾ ਨੇ ਕਿਹਾ, ”ਗੌਤਮ ਬੁੱਧ ਅਤੇ ਗੁਰੂ ਨਾਨਕ ਦੇਵ ਦੀ ਧਰਤ ‘ਤੇ ਫ਼ਿਰਕਾਪ੍ਰਸਤੀ ਕਾਰਨ 1984 ‘ਚ ਸਿੱਖਾਂ ਦਾ ਹੋਇਆ ਦਮਨ ਅਤੇ ਵਾਰ-ਵਾਰ ਮੁਸਲਮਾਨਾਂ ‘ਤੇ ਹੋ ਰਹੇ ਜ਼ੁਲਮ ਸਾਡੇ ਦੇਸ਼ ਅਤੇ ਸਮਾਜ ਲਈ ਬਹੁਤ ਸ਼ਰਮਨਾਕ ਹਨ।”
ਸਾਲ 2004 ‘ਚ ਪਦਮਸ੍ਰੀ ਸਨਮਾਨ ਪ੍ਰਾਪਤ ਕਰਨ ਵਾਲੀ ਟਿਵਾਣਾ ਨੇ ਅੱਗੇ ਕਿਹਾ, ”ਸਚਾਈ ਅਤੇ ਇਨਸਾਫ਼ ਦੇ ਹੱਕ ‘ਚ ਖੜੇ ਹੋਣ ਵਾਲੇ ਲੋਕਾਂ ਦਾ ਕਤਲ ਕਰਨਾ ਸਾਨੂੰ ਦੁਨੀਆਂ ਅਤੇ ਰੱਬ ਦੀਆਂ ਅੱਖਾਂ ‘ਚ ਸ਼ਰਮ ਦਾ ਪਾਤਰ ਬਣਾਉਂਦਾ ਹੈ। ਇਸ ਕਰ ਕੇ ਮੈਂ ਵਿਰੋਧ ‘ਚ ਪਦਮਸ੍ਰੀ ਪੁਰਸਕਾਰ ਵਾਪਸ ਕਰਦੀ ਹਾਂ।” ‘ਵਧਦੀ ਅਸਹਿਣਸ਼ੀਲਤਾ’ ਵਿਰੁਧ ਅਪਣੇ ਪੁਰਸਕਾਰ ਵਾਪਸ ਕਰ ਰਹੇ ਲੇਖਕਾਂ ਦੀ ਸੂਚੀ ‘ਚ ਸ਼ਾਮਲ ਹੁੰਦਿਆਂ  ਕੰਨੜ ਲੇਖਕ ਪ੍ਰੋਫ਼ੈਸਰ ਰਹਿਮਤ ਤਾਰੀਕੇਰੀ ਨੇ ਅੱਜ ਕਿਹਾ ਕਿ ਵਿਦਵਾਨ ਐਮ.ਐਮ. ਕਲਬੁਰਗੀ ਅਤੇ ਅੰਧਵਿਸ਼ਵਾਸ ਵਿਰੁਧ ਲੜਾਈ ਲੜਨ ਵਾਲੇ ਨਰਿੰਦਰ ਦਾਭੋਲਕਰ ਅਤੇ ਗੋਵਿੰਦ ਪਾਨਸਰੇ ਦੇ ਕਤਲ ਵਿਰੁਧ ਉਹ ਅਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਰਹੇ ਹਨ।
ਉੱਘੇ ਮਰਾਠੀ ਲੇਖਕ ਪ੍ਰਧਾਨਿਆ ਪਵਾਰ ਨੇ ਵੀ ਅਪਣੇ ਸਾਰੇ ਪੁਰਸਕਾਰ ਅਤੇ 1.13 ਲੱਖ ਦੀ ਇਨਾਮੀ ਰਕਮ ਸੂਬਾ ਸਰਕਾਰ ਨੂੰ ਵਾਪਸ ਕਰ ਦਿਤੀ। ਉਨ੍ਹਾਂ ਦਾਦਰੀ ਕਤਲ ਕਾਂਡ ਅਤੇ ਦਾਭੋਲਕਰ, ਪਨਸਾਰੇ ਅਤੇ ਕਲਬੁਰਗੀ ਵਰਗੇ ਤਰਕਸ਼ੀਲਾਂ ਦੇ ਕਤਲ ਦੇ ਵਿਰੋਧ ‘ਚ ਅਪਣੇ ਪੁਰਸਕਾਰ ਵਾਪਸ ਕੀਤਾ ਅਤੇ ਕਿਹਾ ਕਿ ਇਹ ਘਟਨਾਵਾਂ ਵਧ ਰਹੀ ਅਸਹਿਣਸ਼ੀਲਤਾ ਵਲ ਇਸ਼ਾਰਾ ਕਰਦੀਆਂ ਹਨ। ਕ੍ਰਿਸ਼ਨਾ ਸੋਬਤੀ ਅਤੇ ਅਰੁਣ ਜੋਸ਼ੀ ਦੇ ਵੀ ਪੁਰਸਕਾਰ ਵਾਪਸ ਕਰਨ ਦੇ ਫ਼ੈਸਲੇ ਤੋਂ ਬਾਅਦ ਨੈਨਤਾਰਾ ਸਹਿਗਲ ਅਤੇ ਅਸ਼ੋਕ ਵਾਜਪਾਈ ਸਮੇਤ ਘੱਟੋ ਘੱਟ 25 ਲੇਖਕ ਅਪਣੇ ਅਕਾਦਮੀ ਪੁਰਸਕਾਰ ਵਾਪਸ ਕਰ ਚੁੱਕੇ ਹਨ ਅਤੇ ਪੰਜ ਲੇਖਕਾਂ ਨੇ ਸਾਹਿਤ ਅਕਾਦਮੀ ‘ਚ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ ਹੈ।
ਸਾਹਿਤ ਅਕਾਦਮੀ ਨੇ ਇਨ੍ਹਾਂ ਘਟਨਾਕ੍ਰਮਾਂ ‘ਤੇ ਚਰਚਾ ਲਈ 23 ਅਕਤੂਬਰ ਨੂੰ ਹੰਗਾਮੀ ਬੈਠਕ ਸੱਦੀ ਹੈ।
ਸਿਆਸੀ ਪਾਰਟੀਆਂ ਨੇ ਵੀ ਇਸ ਮੁੱਦੇ ‘ਤੇ ਕੇਂਦਰ ਦੀ ਚੁੱਪ ਦੀ ਨਿੰਦਾ ਕੀਤੀ ਹੈ।

ਪੰਜਾਬ ਦੇ ਵੀ ਸਾਹਿਤਕਾਰ ਜਾਗੇ, ਤਿੰਨ ਜਣਿਆਂ ਨੇ ਮੋੜੇ ਅਕਾਦਮੀ ਪੁਰਸਕਾਰ ਮੋੜੇ

0

ਪੰਜਾਬ ਦੇ ਵੀ ਸਾਹਿਤਕਾਰ ਜਾਗੇ, ਤਿੰਨ ਜਣਿਆਂ ਨੇ ਮੋੜੇ ਅਕਾਦਮੀ ਪੁਰਸਕਾਰ ਮੋੜੇ


ਨਵੀਂ ਦਿੱਲੀ/ ਚੰਡੀਗੜ੍ਹ, 11 ਅਕਤੂਬਰ: ਭਾਰਤ ‘ਚ ਵਧ ਰਹੀ ਅਸਹਿਣਸ਼ੀਲਤਾ ਅਤੇ ਵਿਗੜ ਰਹੇ ਫ਼ਿਰਕੂ ਮਾਹੌਲ ਦੇ ਵਿਰੋਧ ਵਜੋਂ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਵਾਲੇ ਲੇਖਕਾਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ। ਪੰਜਾਬ ਦੇ ਸਾਹਿਤਕਾਰਾਂ ਨੇ ਵੀ ਪੁਰਸਕਾਰ ਮੋੜਨ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਹੈ। ਪੰਜਾਬ ਦੇ ਤਿੰਨ ਲੇਖਕਾਂ ਗੁਰਬਚਨ ਸਿੰਘ ਭੁੱਲਰ, ਅਜਮੇਰ ਸਿੰਘ ਔਲਖ, ਆਤਮਜੀਤ ਸਿੰਘ ਨੇ ਵੀ ਐਲਾਨ ਕੀਤਾ ਕਿ ਉਹ ਅਪਣੇ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬ ਦੇ ਹੀ ਲੇਖਕ ਮੇਘ ਰਾਜ ਮਿੱਤਰ ਨੇ ਪੰਜਾਬ ਸਰਕਾਰ ਦਾ ਸ਼੍ਰੋਮਣੀ ਪੁਰਸਕਾਰ ਮੋੜਨ ਦਾ ਐਲਾਨ ਕੀਤਾ ਹੈ।

ਪੁਰਸਕਾਰ ਵਾਪਸ ਕਰਨ ਦਾ ਐਲਾਨ ਕਰਦਿਆਂ ਸ. ਭੁੱਲਰ ਨੇ ਕਿਹਾ, ”ਪਿਛਲੇ ਕੁੱਝ ਸਮੇਂ ਤੋਂ ਗਿਣੀ-ਮਿੱਥੀ ਯੋਜਨਾ ਸਾਜ਼ਸ਼ ਤਹਿਤ ਦੇਸ਼ ਦੇ ਸਮਾਜਕ ਤਾਣੇ-ਬਾਣੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਅਧੀਨ ਸਾਹਿਤ ਤੇ ਸਭਿਆਚਾਰ ‘ਤੇ ਹਮਲਾ ਹੋ ਰਿਹਾ ਹੈ। ਇਸ ਕਾਰਨ ਮੈਂ ਬਹੁਤ ਦੁਖੀ ਹਾਂ।” ਬਠਿੰਡਾ ਨਾਲ ਸਬੰਧਤ 78 ਸਾਲਾਂ ਦੇ ਭੁੱਲਰ ਨੂੰ 2005 ‘ਚ ਉਨ੍ਹਾਂ ਦੀ ਨਿਕੀਆਂ ਕਹਾਣੀਆਂ ਦੀ ਪੁਸਤਕ ‘ਅਗਨੀ-ਕਲਸ਼’ ਲਈ ਸਾਹਿਤ ਅਕਾਦਮੀ ਪੁਰਸਕਾਰ ਦਿਤਾ ਗਿਆ ਸੀ।
ਪੰਜਾਬੀ ਨਾਟਕਕਾਰ ਔਲਖ ਨੇ ਕਿਹਾ ਕਿ ਉਹ ‘ਪ੍ਰਗਤੀਸ਼ੀਲ ਲੇਖਕਾਂ, ਤਰਕਸ਼ੀਲ ਅੰਦੋਲਨ ਦੇ ਆਗੂਆਂ ਅਤੇ ਸਿਖਿਆ ਤੇ ਸਭਿਆਚਾਰ ਦੇ ਜਬਰੀ ਭਗਵਾਂਕਰਨ ਤੋਂ’ ਬਹੁਤ ਦੁਖੀ ਹਨ। ਪੰਜਾਬੀ ਥੀਏਟਰ ਦੀ ਮਸ਼ਹੂਰ ਹਸਤੀ ਆਤਮਜੀਤ ਸਿੰਘ ਨੇ ਕਿਹਾ ਕਿ ਉਹ ਦੇਸ਼ ਅੰਦਰ ਫ਼ਿਰਕੂ ਨਫ਼ਰਤ ਦੀਆਂ ਘਟਨਾਵਾਂ ਤੋਂ ਬਹੁਤ ਦੁਖੀ ਹਨ ਅਤੇ ਅਪਣਾ ਅਕਾਦਮੀ ਪੁਰਸਕਾਰ ਮੋੜ ਰਹੇ ਹਨ। ਮੇਘ ਰਾਜ ਮਿੱਤਰ ਨੇ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਦੁਰਦਸ਼ਾ ਵਿਰੁਧ ਅਪਣਾ ਪੁਰਸਕਾਰ ਮੋੜ ਰਹੇ ਹਨ।
ਇਸ ਦੌਰਾਨ ਗੁਜਰਾਤ ਦੇ ਲੇਖਕ ਗਣੇਸ਼ ਦੇਵੀ ਨੇ ਵੀ ਅਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿਤਾ ਹੈ।
ਸਾਹਿਤ ਅਕਾਦਮੀ ‘ਚ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਵਾਲਿਆਂ ਦੇ ਸਮੂਹ ‘ਚ ਸ਼ਾਮਲ ਹੁੰਦਿਆਂ ਕੰਨੜ ਲੇਖਕ ਅਤੇ ਖੋਜਾਰਥੀ ਡਾ. ਅਰਵਿੰਦ ਮਲਗੱਤੀ ਨੇ ਅੱਜ ਅਕਾਦਮੀ ਦੀ ਆਮ ਕੌਂਸਲ ਤੋਂ ਅਸਤੀਫ਼ਾ ਦੇ ਦਿਤਾ। ਉਨ੍ਹਾਂ ਤਰੱਕੀਸ਼ੀਲ ਵਿਚਾਰਕ ਅਤੇ ਵਿਦਵਾਨ ਐਮ.ਐਮ. ਕਲਬੁਰਗੀ ਦੇ ਕਤਲ ‘ਤੇ ਅਕਾਦਮੀ ਦੀ ਚੁੱਪ ਦੇ ਵਿਰੋਧ ‘ਚ ਉਸ ਦੀ ਨਿੰਦਾ ਕੀਤੀ ਹੈ।
ਉਧਰ ਲੇਖਕਾਂ ਦੇ ਵਧਦੇ ਵਿਰੋਧ ਵਿਚਕਾਰ ਸਾਹਿਤ ਅਕਾਦਮੀ ਨੇ ਕਿਹਾ ਹੈ ਕਿ ਉਹ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ‘ਚ ਹੈ ਅਤੇ ਕਿਤੇ ਵੀ ਕਿਸੇ ਵੀ ਲੇਖਕ ਜਾਂ ਕਲਾਕਾਰ ‘ਤੇ ਹਮਲੇ ਦੀ ਨਿੰਦਾ ਕਰਦੀ ਹੈ। ਨਾਲ ਹੀ ਇਸ ਨੇ ਸੰਵਿਧਾਨ ‘ਚ ਲਿਖੀਆਂ ‘ਮੂਲ ਧਰਮਨਿਰਪੇਖ ਕਦਰਾਂ-ਕੀਮਤਾਂ’ ਪ੍ਰਤੀ ਅਹਿਦ ਵੀ ਪ੍ਰਗਟਾਇਆ।
ਦੇਸ਼ ਦੀ ਸਰਬਉੱਚ ਸਾਹਿਤਕ ਸੰਸਥਾ ਦੇ ਚੇਅਰਮੈਨ ਵਿਸ਼ਵਨਾਥ ਪ੍ਰਸਾਦ ਤਿਵਾੜੀ ਨੇ ਇਕ ਬਿਆਨ ‘ਚ ਕਿਹਾ, ”ਅਸੀਂ ਇਸ ਗੱਲ ‘ਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਅਕਾਦਮੀ ਸਾਰੇ ਲੇਖਕਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ‘ਚ ਹੈ ਭਾਵੇਂ ਉਹ ਕਿਸੇ ਵੀ ਜਾਤ, ਰੰਗ, ਨਸਲ ਜਾਂ ਕੌਮੀਅਤ ਦੇ ਕਿਉਂ ਨਾ ਹੋਣ। ਸਾਹਿਤ ਅਕਾਦਮੀ ਕਿਸੇ ਲੇਖਕ ਜਾਂ ਕਲਾਕਾਰ ‘ਤੇ ਕਿਤੇ ਵੀ ਹਮਲਾ ਅਤੇ ਕਤਲ ਦੀ ਨਿੰਦਾ ਕਰਦੀ ਹੈ।”
ਨੈਨਤਾਰਾ ਸਹਿਗਲ, ਸਾਰਾ ਜੋਸੇਫ਼, ਉਦੈ ਪ੍ਰਕਾਸ਼ ਅਤੇ ਅਸ਼ੋਕ ਵਾਜਪਾਈ ਵਰਗੇ ਕਈ ਲੇਖਕਾਂ ਵਲੋਂ ਅਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕੀਤੇ ਜਾਣ ਕਾਰਨ ਅਕਾਦਮੀ ਨੇ ਇਹ ਟਿਪਣੀ ਕੀਤੀ ਹੈ।
ਇਨ੍ਹਾਂ ਤੋਂ ਇਲਾਵਾ ਕਵੀ ਸਚਿਦਾਨੰਦਨ ਅਤੇ ਕੇਕੀ ਦਾਰੂਵਾਲਾ ਨੇ ਲੇਖਕ ਐਮ.²ਐਮ. ਕਲਬੁਰਗੀ ਦੇ ਕਤਲ ‘ਤੇ ਅਕਾਦਮੀ ਦੀ ਚੁੱਪ ਅਤੇ ਵਧਦੀ ਅਸਹਿਣਸ਼ੀਲਤਾ ਵਿਰੁਧ ਅਪਣਾ ਰੋਸ ਦਰਜ ਕਰਵਾਇਆ ਹੈ।
ਇਸ ਦੌਰਾਨ 2014 ‘ਚ ਅਪਣੇ ਕੰਮ ਲਈ ਸਾਹਿਤ ਅਕਾਦਮੀ ਪੁਰਸਕਾਰ ਜਿੱਤਣ ਵਾਲੇ ਕਵੀ ਅਤੇ ਆਲੋਚਕ ਆਦਿਲ ਜੁੱਸਾਵਾਲਾ ਨੇ ਅਕਾਦਮੀ ਨੂੰ ਲੇਖਕਾਂ ਦੀ ‘ਬਰਦਾਸ਼ਤ ਤੋਂ ਬਾਹਰ ਸੈਂਸਰਸ਼ਿਪ’ ਅਤੇ ‘ਹਿੰਸਕ ਅਸਹਿਣਸ਼ੀਲ ਧੜਿਆਂ’ ਦੀ ਨਿੰਦਾ ਕਰਨ ਦੀ ਅਪੀਲ ਕਰਦਿਆਂ ਸਾਹਿਤ ਅਕਾਦਮੀ ਦੇ ਚੇਅਰਪਰਸਨ ਨੂੰ ਇਕ ਚਿੱਠੀ ਲਿਖੀ।  (ਪੀਟੀਆਈ)

‘ਰਵਿਦਾਸ’ ਜੀ ਦਾ ਅਸਲ ‘ਪਾਰਸ’

0

‘ਰਵਿਦਾਸ’ ਜੀ ਦਾ ਅਸਲ ‘ਪਾਰਸ’

ਮੇਜਰ ਸਿੰਘ ‘ਬੁਢਲਾਡਾ’-94176-42327

ਸਾਡੇ ਰਹਿਬਰਾਂ ਨੂੰ ਬ੍ਰਾਹਮਣਵਾਦ ਦਾ ਸਮਰੱਥਕ ਬਣਾਉਣ ਲਈ ਇਹਨਾਂ ਦੇ ਜੀਵਨ ਨਾਲ ਅਨੇਕਾਂ ਮਨੋ ਕਲਪਤਿ ਕਹਾਣੀਆਂ ਜੋੜੀਆਂ ਗਈਆਂ। ਜਿਹਨਾਂ ਨੂੰ (ਕੁਝ ਕੁ ਲੋਕਾਂ ਨੂੰ ਛੱਡ ਕੇ) ਸਾਡੇ ਲੋਕਾਂ ਨੇ ਬਿਨਾਂ ਸੋਚ-ਵਿਚਾਰ ਕੀਤਿਆਂ ਇਹਨਾਂ (ਕਹਾਣੀਆਂ) ਨੂੰ ਸੱਚ ਮੰਨ ਲਿਆ। ਇਵੇਂ ਹੀ ਗੁਰੂ (ਭਗਤ) ਰਵਿਦਾਸ ਜੀ ਨਾਲ ਕਈ ਕਰਾਮਾਤੀ ਕਹਾਣੀਆਂ ਜੋੜੀਆਂ ਗਈਆਂ ਹਨ। ਬ੍ਰਾਹਮਣਵਾਦੀਆਂ ਨੇ ਸਾਰੀਆਂ ਕਹਾਣੀਆਂ ਵਿੱਚ ਇਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਵਿੱਚ ਸਫ਼ਲਤਾ ਹਾਸਲ ਕਰਨ ਦੀ ਕੋਸ਼ਿਸ ਕੀਤੀ ਹੈ, ਜਿਵੇਂ ਕਿ ‘ਰਵਿਦਾਸ ਜੀ ਵੱਲੋਂ ਗੰਗਾ ਨੂੰ ਦਮੜ੍ਹੀ ਭੇਟ ਕਰਨ ਵਿੱਚ, ਇੱਕ ਨਦੀ ਨੂੰ ਹੀ ਦੇਵੀ (ਔਰਤ) ਬਣਾ ਦਿੱਤਾ ਅਤੇ ਰਵਿਦਾਸ ਕੋਲੋਂ ਉਸ ਨੂੰ ਦਮੜ੍ਹੀ ਭੇਟ ਕਰਵਾ ਕੇ ਉਸ ਦਾ ਸੇਵਕ ਵੀ ਬਣਾ ਦਿੱਤਾ ਕਿਉਂਕਿ ‘ਭੇਟ’ ਹਮੇਸ਼ਾ ਗੁਰੂ-ਪੀਰ, ਦੇਵੀ-ਦੇਵਤੇ ਅੱਗੇ ਹੀ ਸੇਵਕ ਵੱਲੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਰਵਿਦਾਸ ਜੀ ਕੋਲੋਂ ਚਾਰ ਜੁਗਾਂ ਦੇ ਜੰਝੂ ਕੱਢਵਾ ਕੇ, ਚਾਰ ਜੁਗਾ ਦੀ ਮਨਘੜਤ ਹੋਂਦ (ਵੰਡ) ’ਤੇ ਮੋਹਰ ਲਵਾ ਦਿੱਤੀ। ਜਦੋਂ ਕਿ ਸਾਡੇ ਰਹਿਬਰ ਬ੍ਰਾਹਮਣਾਂ ਦੀ ਕਿਸੇ ਅਜਿਹੀ ਵੰਡ ਤੇ ਵਿਚਾਰਧਾਰਾ ਨਾਲ ਸਹਿਮਤ ਹੀ ਨਹੀਂ ਹਨ।

ਇਸੇ ਤਰ੍ਹਾਂ ਇੱਕ ਕਹਾਣੀ ਕਿਸੇ ਸਾਧੂ ਵੱਲੋਂ ਰਵਿਦਾਸ ਜੀ ਨੂੰ ‘ਪਾਰਸ’ ਭੇਟ ਕਰਨ ਵਾਲੀ ਹੈ। ਅਖੇ ‘ਭਗਵਾਨ, ਸਾਧੂ ਦਾ ਰੂਪ ਧਾਰ ਕੇ ਰਵਿਦਾਸ ਜੀ ਨੂੰ ਅਜਮਾਉਣ ਲਈ ਆਇਆ, ਬਈ ਰਵਿਦਾਸ ਜੀ ਲਾਲਚ ਵਿੱਚ ਆਉਂਦਾ ਹੈ ਕਿ ਨਹੀਂ।’ ਜਿਹਨਾਂ ਨੂੰ ਭਗਵਾਨ/ਪ੍ਰਮਾਤਮਾ ਦੀ ਸਮਝ ਪੈ ਗਈ ਉਹ ਜਾਣਦੇ ਹਨ ਕਿ ਪ੍ਰਮਾਤਮਾ ਨੂੰ ਕਿਸੇ ਕਿਸਮ ਦਾ ਭੇਸ ਬਦਲ ਕੇ ਕਿਸੇ ਨੂੰ ਅਜਮਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਸਾਰਾ ਕੁਝ ਤਾਂ ਉਹਦੇ ਹੁਕਮ ਵਿੱਚ ਹੀ ਹੋ ਰਿਹਾ ਹੈ। ਦੂਜੀ ਗੱਲ ਰਵਿਦਾਸ ਜੀ ਜਿੱਥੇ ਬ੍ਰਹਮਗਿਆਨੀ ਸਨ, ਉੱਥੇ ਉਹ ਇਕ ਕ੍ਰਾਂਤੀਕਾਰੀ ਵੀ ਸਨ; ਜਿਹੜੇ ਕਿ ਇਹ ਭਲੀ-ਭਾਂਤ ਜਾਣਦੇ ਸਨ ਕਿ ਜਿੱਥੇ ਉਸ ਦੇ ਸਮਾਜ ਨੂੰ ਜ਼ਾਤ-ਪਾਤ ਕਰਕੇ ਦੁਰਕਾਰਿਆ ਜਾ ਰਿਹਾ ਹੈ, ਉੱਥੇ ਆਰਥਿਕ ਪੱਖੋ ਕੰਗਾਲ ਹੋਣ ਕਰਕੇ ਵੀ ਅਨੇਕਾਂ ਦੁੱਖ ਸਹਿਣੇ ਪੈ ਰਹੇ ਹਨ। ਜੇਕਰ ਕੋਈ ਐਸਾ ‘ਪਾਰਸ’ ਹੁੰਦਾ ਫਿਰ ਉਹ ਵੀ ਬਿਨਾ ਮੰਗਿਆ ਕੋਈ ਰਵਿਦਾਸ ਜੀ ਨੂੰ ਘਰ ਬੈਠੇ ਨੂੰ ਦੇਣ ਆਉਂਦਾ, ਮੇਰੇ ਖਿਆਲ ਮੁਤਾਬਕ ਰਵਿਦਾਸ ਜੀ ਉਸ ਨੂੰ ਵਰਤ ਕੇ ਆਪਣੇ ਕੰਗਾਲ ਸਮਾਜਿਕ ਭਾਈਚਾਰੇ ਨੂੰ ਜ਼ਰੂਰ ਮਾਲੋ-ਮਾਲ ਕਰ ਦੇਂਦੇ ਕਿਉਂਕਿ ਜੇਕਰ ਦਲਿਤਾਂ ਦੇ ਘਰੇ ਵਾਧੂ ਸੋਨਾ ਪਇਆ ਹੁੰਦਾ ਤਾਂ ਉਹਨਾਂ ਦੀ ਗੁਲਾਮੀ ਕੱਟੀ ਜਾਣੀ ਸੀ ਭਾਵ ਉਹ ਕਿਸੇ ਦਾ ਗੁਲਾਮ ਨਾ ਹੁੰਦੇ। ਉਹਨਾਂ ਦਾ ਰਹਿਣ-ਸਹਿਣ ਵੀ ਵਧੀਆ ਹੋ ਜਾਣਾ ਸੀ ਅਤੇ ਅਣਖ ਵਾਲੀ ਜਿੰਦਗੀ ਜਿਉਂਦੇ। ਮੇਰੇ ਅਨੁਸਾਰ

ਐਸਾ ‘ਪਾਰਸ’ ਕੋਈ ਹੁੰਦਾ ਤਾਂ ਰਵਿਦਾਸ ਜੀ ਨੇ ਸਮਾਜਿਕ ਕੰਗਾਲਤਾ ਕਾਰਨ ਵਰਤੋਂ ਵਿੱਚ ਲਿਆਉਣਾ ਸੀ। ਇਨ੍ਹਾਂ ਸ਼ਬਦਾਂ ਨੂੰ ਕਵਿਤਾ ਰੂਪ ’ਚ ਦਾਸ ਕੁਝ ਇਸ ਤਰ੍ਹਾਂ ਬਿਆਨ ਕਰ ਰਿਹਾ ਹੈ: ‘ਸੋਨਾ ਦਲਿਤਾਂ ਘਰ ਹੁੰਦਾ ਵਾਧੂ, ਕਿਸੇ ਗੁਲਾਮ ਨਹੀਂ ਸੀ ਹੋਣਾ। ਸਾਰਿਆਂ ਕਰਨੀ ਸੀ ਐਸ਼, ਹੁੰਦਾ ਚੰਗਾ ਖਾਣ-ਪੀਣ ਤੇ ਹੰਡਾੳੇਣਾ। ‘ਮੇਜਰ’ ਅਣਖ਼ ਦੇ ਨਾਲ ਜਿਉਂਦੇ, ਕਿਸੇ ਮਾੜਾ ਨਈਂ ਸੀ ਅਖਵਾਉਣਾ।’

ਇਸ ਕਹਾਵਤ ਨੂੰ ਅਸੀਂ ਸਾਰੇ ਹੀ ਜਾਣਦੇ ਹਾਂ ਕਿ- ‘ਜਿਹਦੇ ਘਰ ਦਾਣੇ, ਉਹਦੇ ਕਮਲੇ ਵੀ ਸਿਆਣੇ।’

ਫਿਰ ਰਵਿਦਾਸ ਜੀ ਨੇ ਇਹ ਉਪਕਾਰ ਕੀਤਾ ਕਿਉਂ ਨਾ ? ਕਿਉਂਕਿ ਇਸ ਤਰ੍ਹਾਂ ਦਾ ‘ਪਾਰਸ’ ਕੋਈ ਹੋਇਆ ਹੀ ਨਹੀਂ, ਫਿਰ ਦੇਣ ਕੀਹਨੇ ਆਉਣਾ ਸੀ ਅਤੇ ਵਰਤੋ ਕਿਸ ਨੇ ਕਰਨੀ ਸੀ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇਹ ‘ਪਾਰਸ 21 ਵਾਰ, ਪਾਰਸਿ 6 ਵਾਰ, ਪਾਰਸੁ 25 ਵਾਰ, ਭਾਵ ਕੁਲ 52 ਵਾਰੀ ਆਇਆ ਹੈ। ਇਹਨਾਂ ਪਾਰਸ, ਪਰਸਿ, ਪਾਰਸੁ ਆਦਿ ਦੇ ਇਕੋ ਹੀ ਅਰਥ ਹਨ, ਜਿਨ੍ਹਾਂ ਰਾਹੀਂ ਜੀਵ ਨੂੰ ਸਮਝਾਇਆ ਗਿਆ ਹੈ ਕਿ ‘ਜਿਸ ਤਰ੍ਹਾਂ ਤੂੰ ਮੰਨਦਾ ਹੈ ਕਿ ਪਾਰਸ ਨਾਲ ਲੱਗਿਆ ਲੋਹਾ ਵੀ ਸੋਨਾ ਬਣ ਜਾਂਦਾ ਹੈ, ਤਾਂ ਹੇ ਜੀਵ ਤੂੰ ਪ੍ਰਮਾਤਮਾ ਰੂਪੀ ਪਾਰਸ ਨਾਲ ਲੱਗ ਕੇ ਉਸੇ ਦਾ ਹੀ ਰੂਪ ਹੋ ਜਾ।’ ਇਹ (ਪਾਰਸ) ਸ਼ਬਦ ਗੁਰੂ/ਪ੍ਰਮਾਤਮਾ ਲਈ ਵਰਤਿਆ ਹੈ। ਰਵਿਦਾਸ ਜੀ ਨੇ ਗੁਰੂ ਗ੍ਰੰਥ ਸਹਿਬ ਜੀ ਅੰਦਰ ਇਹ ਸ਼ਬਦ ਪੰਨਾ-346, 973 ਅਤੇ 1167 ਤੇ ਦੋ ਵਾਰ (ਭਾਵ ਕੁਲ 4 ਵਾਰ) ਵਰਤਿਆ ਹੈ। ਜਿਨ੍ਹਾਂ ਸ਼ਬਦਾਂ ਰਾਹੀਂ ਰਵਿਦਾਸ ਜੀ ਨੇ ਆਪ ਹੀ ਅਸਲ ‘ਪਾਰਸ’ ਬਾਰੇ ਸਪਸ਼ਟ ਕਰ ਦਿੱਤਾ ਹੈ ਕਿ ਰਾਮ ਦਾ ਨਾਮ ਹੀ ਅਸਲ ਪਾਰਸ ਹੈ ਜੋ ਇਸ ਨੂੰ ਸਿਮਰਦਾ ਹੈ ਉਸ ਨੂੰ ਦੁਨਿਆਵੀ ਲਾਲਸਾ (ਪਾਰਸਾਂ) ਬਾਰੇ ਕੋਈ ਦੁਬਿਧਾ ਨਹੀਂ ਰਹਿੰਦੀ: ‘‘ਪਰਚੈ ਰਾਮੁ, ਰਵੈ ਜਉ ਕੋਈ ॥ ਪਾਰਸੁ ਪਰਸੈ, ਦੁਬਿਧਾ ਨ ਹੋਈ ॥’’ (ਭਗਤ ਰਵਿਦਾਸ/੧੧੬੭)

ਸੋ, ਰਵਿਦਾਸ ਜੀ ਦੀਆਂ ਨਜ਼ਰਾਂ ’ਚ ਅਸਲ ‘ਪਾਰਸ’ ਰੱਬੀ ਨਾਮ ਹੀ ਹੈ, ਨਾ ਕਿ ਕੋਈ ਦੁਨਿਆਵੀ ਵਸਤੂ। ਜਿਸ ਮਨਘੜਤ ਕਹਾਣੀਆਂ ਰਾਹੀਂ ਰਵਿਦਾਸ ਜੀ ਬਾਰੇ ‘ਪਾਰਸ’ ਨੂੰ ਬਿਨਾ ਇਸਤੇਮਾਲ ਕੀਤਿਆਂ ਸੰਭਾਲ ਕੇ ਰੱਖਣ ਵਾਲਾ ਭਰਮ ਪਾਲਿਆ ਜਾ ਰਿਹਾ ਹੈ ਉਸ ਭਰਮ ਦਾ ਰਵਿਦਾਸ ਜੀ ਆਪ ਹੀ ਇਸ ਸ਼ਬਦ ਵਿੱਚ ਖੰਡਨ (‘‘ਦੁਬਿਧਾ ਨ ਹੋਈ ॥’’) ਕਰ ਰਹੇ ਹਨ।

ਅਕਾਲ ਤਖ਼ਤ ਵਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ: ਮਸਲਾ ਸੁਲਝਿਆ ਕਿ ਹੋਰ ਉਲਝਿਆ ?

0

ਅਕਾਲ ਤਖ਼ਤ ਵਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ: ਮਸਲਾ ਸੁਲਝਿਆ ਕਿ ਹੋਰ ਉਲਝਿਆ ?

ਬਲਜੀਤ ਬੱਲੀ (ਚੰਡੀਗੜ੍ਹ) +91-99151-77722

ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਦਿੱਤੇ ਮਾਫ਼ੀ ਨਾਮਾ , ਇਸ ਸਦੀ ਦੇ ਸਿੱਖ ਧਰਮ ਅਤੇ ਸਿੱਖ ਜਗਤ ਦੀ ਸ਼ਕਤੀ ਦਾ ਪ੍ਰਤੀਕ ਮੰਨੀ ਜਾਂਦੀ ਸਰਬਉੱਚ ਸੰਸਥਾ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਵਿਚ ਇੱਕ ਅਹਿਮ ਘਟਨਾ ਹੈ ।ਇਸ ਦੇ ਚੰਗੇ -ਮਾੜੇ ਪੱਖ ਅਤੇ ਇਸ ਮੁੱਦੇ ਤੇ ਹੋਏ ਐੱਕਸ਼ਨ-ਰੀਐੱਕਸ਼ਨ ਇਤਿਹਾਸ ਦੇ ਪੰਨਿਆਂ ਤੇ ਦਰਜ ਹੋਣੇ ਹਨ ।

ਇਸ ਸਮੁੱਚੇ ਘਟਨਾਕਰਮ ਦੇ ਉਘੜਵੇਂ ਪਹਿਲੂਆਂ ਨੂੰ ਕਲਮ ਬੰਦ ਕਰ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਹੁਣ ਤੱਕ ਸਾਹਮਣੇ ਆਏ ਅਜਿਹੇ ਕੁਝ ਉੱਘੜਵੇਂ ਪਹਿਲੂ ਇਸ ਤਰ੍ਹਾਂ ਦਿਖਾਈ ਦਿੰਦੇ ਨੇ :

ਸਪਸ਼ਟੀਕਰਨ ਨੂੰ ਸਿੰਘ ਸਾਹਿਬਾਨ ਨੇ ਮੰਨਿਆ ਮਾਫ਼ੀਨਾਮਾ

ਇਹ ਨਿਰਣਾ ਬੇਹੱਦ ਗੁਪਤ ਢੰਗ ਨਾਲ ਅਤੇ ਬੇਲੋੜੀ ਕਾਹਲੀ ਵਿਚ ਕੀਤਾ ਗਿਆ।

ਸਾਰੀ ਕਾਰਵਾਈ , ਸ਼ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਬਹੁਗਿਣਤੀ ਸੀਨੀਅਰ ਨੇਤਾਵਾਂ ਤੋਂ ਵੀ ਗੁਪਤ ਰੱਖੀ ਗਈ।

ਅਕਾਲੀ ਦਲ ਦੀ ਕੋਰ ਕਮੇਟੀ ਵਿਚਲੇ ਬਹੁਤ ਸਾਰੇ ਸੀਨੀਅਰ ਮੈਂਬਰਾਂ ਨੂੰ ਵੀ ਇਸ ਦੀ ਕੋਈ ਭਿਣਕ ਨਹੀਂ ਸੀ ।

ਉਨ੍ਹਾ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਇਨ੍ਹਾ ਦੇ ਨੇਤਾਵਾਂ ਤੋਂ ਵੀ ਇਹ ਮਾਮਲਾ ਗੁਪਤ ਰੱਖਿਆ ਗਿਆ ਜਿਹੜੀਆਂ ਪਿਛਲੇ ਕਾਫ਼ੀ ਸਮੇਂ ਤੋਂ ਐਸ ਜੀ ਪੀ ਸੀ ਜਾਂ ਅਕਾਲੀ ਦਲ ਨਾਲ ਮਿਲ ਕੇ ਵੀ ਚਲਦੀਆਂ ਰਹੀਆਂ ਹਨ। ਇਨ੍ਹਾ ਵਿਚ ਬਾਬਾ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਹੇਠਲਾ ਸੰਤ ਸਮਾਜ ਵੀ ਸ਼ਾਮਲ ਹੈ।

ਹੁਣ ਤੱਕ ਜੋ ਸੰਕੇਤ ਮਿਲੇ ਹਨ ਉਨ੍ਹਾ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਸ਼ਰੋਮਣੀ ਕਮੇਟੀ ਦੇ ਬਹੁਤੇ ਅਹੁਦੇਦਾਰਾਂ ਨੂੰ ਨਾ ਤਾਂ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਉਨ੍ਹਾ ਨੂੰ ਕਿਸੇ ਤਰ੍ਹਾਂ ਭਰੋਸੇ ਵਿਚ ਲਿਆ ਗਿਆ।ਸ਼ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਅਤੇ ਐਕਜ਼ੀਕਿਊਟਿਵ ਮੈਂਬਰ ਕਰਨੈਲ ਸਿੰਘ ਪੰਜੋਲੀ ਦੇ ਪ੍ਰਤੀਕਰਮ ਅਤੇ ਬਿਆਨਾਂ ਤੋਂ ਇਹ ਗੱਲ ਬਿਲਕੁਲ ਸਪੱਸ਼ਟ ਹੋ ਜਾਂਦੀ ਹੈ।

ਪੰਜ ਸਿੰਘ ਸਾਹਿਬਾਨ ਵੱਲੋਂ ਡੇਰਾ ਮੁਖੀ ਸਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ ਮੁਕਤ ਕਰਨ ਦਾ ਜੋ ਨਿਰਣਾ ਕੀਤਾ ਗਿਆ ਉਹ ਡੇਰਾ ਮੁਖੀ ਵੱਲੋਂ ਭੇਜੇ ਗਏ ਇੱਕ ਸਫ਼ੇ ਦੇ ਸਪਸ਼ਟੀਕਰਨ ਤੇ ਅਧਾਰਤ ਹੈ ।

ਇਹ ਸਪਸ਼ਟੀਕਰਨ ਇੱਕ ਸਫ਼ੈਦ ਕਾਗ਼ਜ਼ ਤੇ ਲਿਖਿਆ ਹੋਇਆ ਸੀ ਜਿਸ ਤੇ ਇਹ ਵੀ ਨਹੀਂ ਲਿਖਿਆ ਸੀ ਕਿ ਉਹ ਕਿਸ ਨੂੰ ਸੰਬੋਧਿਤ ਹੈ ।

ਇਹ ਸਪਸ਼ਟੀਕਰਨ ਡੇਰੇ ਦੀ ਲੈਟਰ ਪੈਡ ਤੇ ਵੀ ਨਹੀਂ ਸੀ ।ਹਾਂ,ਇਸਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਹਸਤਾਖ਼ਰ ਜ਼ਰੂਰ ਸਨ ।

ਅਕਾਲ ਤਖ਼ਤ ਦੇ ਗੁਰਮਤੇ ਦੇ ਪ੍ਰਤੀਕਰਮ ਵਜੋਂ ਜੋ ਪ੍ਰੈੱਸ ਰੀਲੀਜ਼ ਡੇਰਾ ਸਿਰਸਾ ਵੱਲੋਂ ਜਾਰੀ ਕੀਤੀ ਗਈ , ਇਹ ਬਾਕਾਇਦਾ ਡੇਰੇ ਦੀ ਲੈਟਰ-ਪੈਡ ਉੱਤੇ ਜਾਰੀ ਕੀਤੀ ਗਈ ਸੀ ।

ਇਸ ਚਿੱਠੇ ਤੋਂ ਇਲਾਵਾ ਹੋਰ ਕਿਸੇ ਵੀ ਦਸਤਾਵੇਜ਼ , ਸੀ ਡੀ ਜਾਂ ਕਿਸੇ ਵਾਰਤਾਲਾਪ ਦਾ ਕੋਈ ਜ਼ਿਕਰ ਹੁਕਮਨਾਮੇ ਵਿਚ ਵਿਚ ਨਹੀਂ ਹੈ।

ਡੇਰਾ ਸਿਰਸਾ ਮੁਖੀ ਵੱਲੋਂ ਇਹ ਸਪਸ਼ਟੀਕਰਨ ਕਦੋਂ, ਕਿਵੇਂ ਅਤੇ ਕਿਸ ਦੂਤ ਰਾਹੀਂ ਭੇਜਿਆ ਇਸ ਦਾ ਵੀ ਕੋਈ ਜ਼ਿਕਰ ਨਹੀਂ ।

ਸਪਸ਼ਟੀਕਰਨ ਦੀ ਜੋ ਕਾਪੀ ਜਥੇਦਾਰ ਸਾਹਿਬ ਵੱਲੋਂ ਦਿੱਤੀ ਗਈ , ਇਸ ਉੱਤੇ ਵੀ ਕੋਈ ਮਿਤੀ ਨਹੀਂ ਲਿਖੀ ਹੋਈ ।

ਇਸ ਵਿਚ ਕਿਧਰੇ ਵੀ ਡੇਰਾ ਮੁਖੀ ਨੇ ਮੁਆਫ਼ੀ ਨਹੀਂ ਮੰਗੀ ਸਗੋਂ ਆਪਣੇ ਆਪ ਨੂੰ ਬਿਲਕੁਲ ਬੇਕਸੂਰ ਦੱਸਿਆ।

ਸਿਰਫ਼ ਚਿੱਠੀ ਦੇ ਅੰਤ ਵਿਚ ਆਪਣੇ ਦਸਤਖਤਾਂ ਤੋ ਪਹਿਲਾਂ ”ਖਿਮਾ ਦਾ ਜਾਚਕ” ਸ਼ਬਦ ਵਰਤਿਆ ਗਿਆ ਹੈ ।

ਧਾਰਮਿਕ ਠੇਸ ਅਤੇ ਹਿੰਸਾ ਲਈ ਅਫਸੋਸ ਨਹੀਂ ਕੀਤਾ

2007 ਵਿਚ ਡੇਰਾ ਮੁਖੀ ਦੀ ਕਾਰਵਾਈ ਨਾਲ ਸਿੱਖਾਂ ਦੇ ਮਨਾਂ ਨੂੰ ਜੋ ਧਾਰਮਿਕ ਠੇਸ ਪਹੁੰਚੀ ਇਸ ਸਪਸ਼ਟੀਕਰਨ ਵਿੱਚ ਉਸ ਬਾਰੇ ਕੋਈ ਅਫ਼ਸੋਸ ਤੱਕ ਵੀ ਜ਼ਾਹਰ ਨਹੀਂ ਕੀਤਾ ਗਿਆ ।

ਦਸਵੇਂ ਗੁਰੂ ਸਹਿਬ ਦਾ ਸਵਾਂਗ ਰਚਾਉਣ ਦੀ ਘਟਨਾ ਕਾਰਨ ਪੰਜਾਬ ਅਤੇ ਪੰਜਾਬੋਂ ਬਾਹਰ ਜੋ ਹਿੰਸਾ ਹੋਈ , ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਅਤੇ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਜੋ ਕੁੜੱਤਣ ਅਤੇ ਤਣਾਅ ਪੈਦਾ ਹੋਇਆ ,ਲੋਕਾਂ ਵਿਚਕਾਰ ਸਮਾਜਿਕ ਦੂਰੀਆਂ ਪੈਦਾ ਹੋਈਆਂ , ਇਸ ਸਾਰੇ ਕੁਝ ਲਈ ਮੁਆਫ਼ੀ ਤਾਂ ਕੀ ਮੰਗਣੀ ਸੀ, ਅਫ਼ਸੋਸ ਤੱਕ ਨਹੀਂ ਕੀਤਾ ਗਿਆ ।

ਦਸਵੇਂ ਗੁਰੂ ਦਾ ਸਵਾਂਗ ਰਚਣ ਦੀ ਕਾਰਵਾਈ ਦੇ ਸਿੱਟੇ ਵਜੋਂ ਹਿੰਸਾ ਨਾਲ ਦੋਵਾਂ ਧਿਰਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ , ਇਸ ਬਾਰੇ ਨਾ ਤਾਂ ਕੋਈ ਅਸਫੋਸ ਜਾਂ ਦੁੱਖ ਪ੍ਰਗਟ ਕੀਤਾ ਗਿਆ ਅਤੇ ਨਾ ਹੀ ਉਨ੍ਹਾ ਪਰਿਵਾਰਾਂ ਨੂੰ ਮਾਨਸਿਕ ਧਰਵਾਸ ਦੇਣ ਦਾ ਕੋਈ ਜ਼ਿਕਰ ਜਾਂ ਹੀਲਾ ਕੀਤਾ ਗਿਆ।

ਡੇਰਾ ਮੁਖੀ ਦਾ ਦਾਅਵਾ ਹੈ ਕਿ ਉਸਨੇ ਅਜਿਹੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਉਹ ਅਜਿਹਾ ਕਰਨ ਬਾਰੇ ਸੋਚ ਸਕਦੇ ਨੇ । ਜੋ ਕੁਝ ਹੋਇਆ ਸਿਰਫ਼ ਗ਼ਲਤਫ਼ਹਿਮੀ ਕਰਨ ਹੋਇਆ। ਜੇਕਰ ਇਸ ਦਾਅਵੇ ਨੂੰ ਵੀ ਮੰਨ ਲਈਏ ਤਾਂ ਵੀ ਜਿਹੜਾ ਨੁਕਸਾਨ ਇਸ ਗ਼ਲਤ ਫ਼ਹਿਮੀ ਕਰਨ ਹੋਇਆ ਉਸਦੀ ਮੁਆਫ਼ੀ ਤਾਂ ਮੰਗਣੀ ਚਾਹੀਦੀ ਸੀ ।ਨਿਮਰਤਾ ਤਾਂ ਇਸੇ ਵਿਚੋਂ ਹੀ ਝਲਕਨੀ ਸੀ ਜੋ ਨਹੀਂ ਦਿਖਾਈ ਦਿੱਤੀ ।

-ਮਰਿਆਦਾ ਦੇ ਵੀ ਉੱਠੇ ਸਵਾਲ

ਇਹ ਵੀ ਸਵਾਲ ਬਹੁਤ ਜ਼ੋਰ ਨਾਲ ਉੱਠਿਆ ਹੈ ਕਿ ਪੰਥ ਵਿਚੋਂ ਕਿਸੇ ਛੇਕੇ ਬੰਦੇ ਜਾਂ ਸਮਾਜਿਕ ਤਬਕੇ ਨੂੰ ਮੁਆਫ਼ ਕਰਨ ਲਈ ਪਿਛਲੇ ਸਮੇਂ ਵਿਚ ਅਪਣਾਈ ਜਾਂਦੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਵੀ ਨਹੀਂ ਅਪਣਾਈ ਗਈ। ਆਮ ਤੌਰ ਤੇ ਅਜਿਹੇ ਛੇਕੇ ਹੋਏ ਬੰਦੇ ਜਾਂ ਸੰਸਥਾ ਨੂੰ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਕੇ ਹੀ ਭੁੱਲ ਬਖ਼ਸ਼ਾਉਣੀ ਪੈਂਦੀ ਰਹੀ ਹੈ ।

ਇਸ ਮਾਮਲੇ ਵਿਚ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਕਿਸੇ ਗ਼ੈਰ -ਸਿੱਖ ਨੂੰ ਕਿਵੇਂ ਅਕਾਲ ਤਖ਼ਤ ਤੇ ਬੁਲਾਇਆ ਜਾ ਸਕਦਾ ਹੈ । ਜੇਕਰ ਇਸ ਦਲੀਲ ਨੂੰ ਮੰਨੀਏ ਤਾਂ ਫਿਰ ਉਸਨੂੰ ਛੇਕਣ ਵੇਲੇ ਇਹ ਸਵਾਲ ਕਿਓਂ ਨਹੀਂ ਉਠਿਆ ?

ਗਰਮ-ਖਿਆਲੀ ਪੰਥਕ ਧਿਰਾਂ ਨੂੰ ਭਰੋਸੇ ਵਿਚ ਨਹੀਂ ਲਿਆ

ਇਸ ਨਿਰਣੇ ਦਾ ਇੱਕ ਪਹਿਲੂ ਇਹ ਵੀ ਹੈ ਕਿ ਸ਼ੁਰੂ ਦੇ ਸਮੇਂ ਵਿਚ 2007 ਦੌਰਾਨ ਡੇਰਾ ਮੁਖੀ ਅਤੇ ਉਨ੍ਹਾਂ ਦੇ ਪੈਰੋਕਾਰਾਂ ਨਾਲ ਮਾਡਰੇਟ ਅਕਾਲੀਆਂ ਦਾ ਟਕਰਾਅ ਹੋਇਆ , ਦੋਵਾਂ ਧਿਰਾਂ ਦਾ ਨੁਕਸਾਨ ਵੀ ਹੋਇਆ । ਪਰ ਬਾਅਦ ਵਿਚ ਇਹ ਭੇੜ , ਗਰਮ-ਖਿਆਲੀ ਪੰਥਕ ਧਿਰਾਂ ਅਤੇ ਡੇਰਾ ਸਿਰਸਾ ਵਿਚਲੇ ਟਕਰਾਅ ਤਕ ਸੀਮਿਤ ਹੋ ਗਿਆ ਸੀ ।ਪੇਂਡੂ ਖੇਤਰਾਂ ਵਿਚ ਡੇਰਾ ਪ੍ਰੇਮੀਆਂ ਅਤੇ ਸਿੱਖਾਂ ਵਿਚਕਾਰ ਸਿੱਖ ਮਰਿਆਦਾ ਦੇ ਮਾਮਲੇ ਵਿਚ ਦਰਾੜ ਬਰਕਰਾਰ ਰਹੀ ਪਰ ਮਾਡਰੇਟ ਅਕਾਲੀਆਂ ਦਾ ਸਿੱਧਾ ਟਕਰਾਅ ਨਹੀਂ ਹੁੰਦਾ ਰਿਹਾ। ਇਸਦੇ ਸਿਆਸੀ ਕਰਨ ਵੀ ਸਨ ਪਰ ਖ਼ਾਲਿਸਤਾਨ -ਪੱਖੀ ਅਤੇ ਗਰਮਖਿਆਲੀ ਪੰਥਕ ਧਿਰਾਂ (ਭਾਵੇਂ ਉਨ੍ਹਾ ਦੀ ਗਿਣਤੀ ਕਿੰਨੀ ਵੀ ਥੋੜ੍ਹੀ ਸੀ) ਹੀ ਲਗਾਤਾਰ ਡੇਰਾ ਸਿਰਸਾ ਦੇ ਖ਼ਿਲਾਫ਼ ਸਿੱਧੀ ਲੜਾਈ ਲੜਦੀਆਂ ਰਹੀਆਂ। ਇਸ ਲੜਾਈ ਵਿਚ ਆਮ ਸਿੱਖਾਂ ਦੇ ਨਾਲ ਨਾਲ ਇਨ੍ਹਾ ਧਿਰਾਂ ਦਾ ਕਈ ਪੱਖੋਂ ਨੁਕਸਾਨ ਵੀ ਹੋਇਆ । ਅਕਾਲ ਤਖ਼ਤ ਵਲੋਂ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫ਼ ਕਰਨ ਵੇਲੇ ਇਨ੍ਹਾ ਗਰਮ ਖਿਆਲੀ ਧਿਰਾਂ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ।

ਜਦੋਂ ਵੀ ਕਦੇ ਅਜਿਹਾ ਵਾਪਰਦਾ ਹੈ ਕਿ ਕਿਸੇ ਮੁੱਦੇ ਤੇ ਸਮਝੌਤਾ ਕਰਨ ਜਾਂ ਇਸਦਾ ਨਿਪਟਾਰਾ ਕਰਨ ਮੌਕੇ ਵੇਲੇ ਉਨ੍ਹਾ ਧਿਰਾਂ ਨੂੰ ਭਰੋਸੇ ਵਿਚ ਨਹੀਂ ਲਿਆ ਜਾਂਦਾ ਜਾਂ ਪਾਸੇ ਰੱਖਿਆ ਜਾਂਦਾ ਹੈ ਜਿਹੜੀਆਂ ਧਿਰਾਂ ਉਸ ਮੁੱਦੇ ਤੇ ਲੜਦੀਆਂ ਰਹੀਆਂ ਹੋਣ ਜਾਂ ਜਿਨ੍ਹਾਂ ਦਾ ਧਾਰਮਿਕ , ਸਿਆਸੀ ਜਾਂ ਸਮਾਜਿਕ ਵੱਕਾਰ ਇਸ ਨਾਲ ਜੁੜਿਆ ਹੋਵੇ ਤਾਂ ਉਸ ਮੁੱਦੇ ਦਾ ਸਰਬਪ੍ਰਵਾਨਿਤ ਹੋਣਾ ਵੀ ਮੁਸ਼ਕਲ ਹੁੰਦਾ ਹੈ। ਇਸਦਾ ਮਕਸਦ ਵੀ ਪੂਰਾ ਨਹੀਂ ਹੁੰਦਾ ਅਤੇ ਅਜਿਹਾ ਹੱਲ ਅਮਨ ਅਤੇ ਸਦਭਾਵਨਾ ਕਾਇਮ ਕਰਨ ਲਈ ਕਾਰਗਰ ਵੀ ਨਹੀਂ ਸਾਬਤ ਹੁੰਦਾ।

ਪੰਥਕ ਮਾਮਲਿਆਂ ਦੇ ਮਾਹਰ ਇੱਕ ਸਿੱਖ ਨੇਤਾ ਦਾ ਕਹਿਣਾ ਸੀ ਕਿ ਡੇਰਾ ਮੁਖੀ ਦਾ ਇਹ ਸਮਝੌਤਾ ਉਨ੍ਹਾ ਧਿਰਾਂ ਨਾਲ ਹੋਇਆ ਮੰਨਿਆ ਗਿਆ ਜਿਹੜੀਆਂ ਡੇਰੇ ਨਾਲ ਇਸ ਵੇਲੇ ਲੜ ਹੀ ਨਹੀਂ ਸੀ ਰਹੀਆਂ ਤਾਂ ਇਹ ਸਮਝੌਤਾ ਕਿਵੇਂ ਸਰਬਪ੍ਰਵਾਨਿਤ ਹੋ ਜਾਣਾਂ ਸੀ । ਭਾਵ ਇਹ ਸਮਝੌਤਾ ਤਾਂ ਮਾਡਰੇਟ ਸਿੱਖ ਧਿਰਾਂ ਨਾਲ ਹੀ ਹੋਇਆ ਹੈ ਅਤੇ ਡੇਰੇ ਨਾਲ ਟਕਰਾਅ ਵਿਚ ਚੱਲ ਰਹੀਆਂ ਪੰਥਕ ਧਿਰਾਂ ਅਤੇ ਆਮ ਸਿੱਖਾਂ ਦੀ ਰਾਏ ਜਾਂ ਸ਼ਿਰਕਤ ਇਸ ਵਿਚ ਨਹੀਂ ਕਰਵਾਈ ਗਈ ।

ਇੱਕ ਗੱਲ ਧਿਆਨ ਵਿਚ ਰੱਖਣੀ ਜ਼ਰੂਰੀ ਹੈ ਕਿ ਦਸਵੇਂ ਗੁਰੂ ਦਾ ਸਵਾਂਗ ਦੇ ਮਾਮਲੇ ਤੇ ਡੇਰਾ ਸਿਰਸਾ ਮੁਖੀ ਦੇ ਖ਼ਿਲਾਫ਼ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁਚਾਉਣ ਦੇ ਦੋਸ਼ ਹੇਠ ਬਠਿੰਡੇ ਦੀ ਅਦਾਲਤ ਵਿਚ ਚੱਲ ਰਿਹਾ ਕੇਸ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਪਹਿਲਾਂ ਵਾਪਸ ਲੈ ਲਿਆ ਗਿਆ ਸੀ ।ਭਾਵ ਸਰਕਾਰੀ ਸੱਤਾਧਾਰੀ ਧਿਰ ਅਤੇ ਮਾਡਰੇਟ ਲੀਡਰਸ਼ਿਪ ਤਾਂ ਪਹਿਲਾਂ ਹੀ ਕਾਨੂੰਨੀ ਤੌਰ ਤੇ ਡੇਰਾ ਸਿਰਸਾ ਨੂੰ ਅਸਿੱਧੇ ਢੰਗ ਨਾਲ ਦੋਸ਼-ਮੁਕਤ ਕਰ ਚੁੱਕੀ ਸੀ ।

ਉਦੇਸ਼ ਅਤੇ ਨੀਅਤ ਵੀ ਸ਼ੱਕ ਦੇ ਘੇਰੇ ਵਿਚ- ਅਕਾਲ ਤਖ਼ਤ ਦੀ ਸਰਵਉੱਚ ਅਥਾਰਟੀ ਨੂੰ ਵੱਡਾ ਖੋਰਾ

ਅਕਾਲ ਤਖ਼ਤ ਜਥੇਦਾਰ , ਸ਼ਰੋਮਣੀ ਕਮੇਟੀ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਕੁਝ ਹੋਰ ਧਿਰਾਂ ਦੀ ਇਹ ਦਲੀਲ ਆਪਣੀ ਜਗਾ ਠੀਕ ਹੈ ਕਿ ਸਿੱਖੀ ਰਵਾਇਤਾਂ ਅਨੁਸਾਰ ਅਕਾਲ ਤਖ਼ਤ ਸਾਹਿਬ ਤੋਂ ਹੋਇਆ ਹਰ ਹੁਕਮ ਸਿੱਖ-ਜਗਤ ਲਈ ਮਨਾਉਣ ਲਾਜ਼ਮੀ ਹੁੰਦਾ ਹੈ।ਉਨ੍ਹਾ ਦਾ ਇਹ ਕਹਿਣਾ ਇਹ ਵੀ ਠੀਕ ਹੈ ਆਖ਼ਰਕਾਰ ਡੇਰਾ ਮੁਖੀ ਵੱਲੋਂ ਅਕਾਲ ਤਖ਼ਤ ਦੀ ਹਸਤੀ ਪ੍ਰਵਾਨ ਕਰਨਾ ਵੀ ਅਹਿਮ ਪ੍ਰਾਪਤੀ ਹੈ ਪਰ ਉੱਪਰ ਜ਼ਿਕਰ ਕੀਤੇ ਤੱਥਾਂ ਦੀ ਰੌਸ਼ਨੀ ਵਿਚ ਜਿਸ ਢੰਗ ਤਰੀਕੇ ਨਾਲ ਪੰਜ ਸਿੰਘ ਸਾਹਿਬਾਨ ਵੱਲੋਂ ਅਕਾਲ ਤਖ਼ਤ ਤੋਂ ਲੁਕਵੀਂ ਅਤੇ ਬੇਲੋੜੀ ਕਾਹਲੀ ਨਾਲ ਡੇਰਾ ਮੁਖੀ ਨੂੰ ਮੁਆਫ਼ੀ ਦਿੱਤੀ ਗਈ ਇਸ ਨਾਲ ਮੁਆਫ਼ ਕਰਨ ਵਾਲੀ ਅਤੇ ਮੁਆਫ਼ ਹੋਣ ਵਾਲੀ- ਦੋਹਾਂ ਧਿਰਾਂ ਦੇ ਉਦੇਸ਼ ਅਤੇ ਨੀਅਤ ( ਇੰਟੈਂਸ਼ਨਜ਼ ) ਵੀ ਸ਼ੱਕ ਦੇ ਘੇਰੇ ਵਿਚ ਆ ਗਈ । ਇਨ੍ਹਾ ਕਾਰਨਾਂ ਕਰਕੇ ਹੀ ਇਹ ਦੋਸ਼ ਹਾਵੀ ਹੋ ਗਏ ਕਿ ਇਸ ਨਿਰਣੇ ਪਿਛੇ ਅਕਾਲੀ ਲੀਡਰਸ਼ਿਪ ਦੇ ਸਿਆਸੀ ਮੰਤਵ ਅਤੇ ਵੋਟ-ਰਾਜਨੀਤੀ ਕੰਮ ਕਰ ਰਹੀ ਹੈ ।

ਇਸੇ ਘਟਨਾਕ੍ਰਮ ਦਾ ਹੀ ਨਤੀਜਾ ਨਿਕਲਿਆ ਕਿ ਜਥੇਦਾਰ ਅਕਾਲ ਤਖ਼ਤ ਅਤੇ ਬਾਕੀ ਸਿੰਘ ਸਾਹਿਬਾਨ ਨੂੰ , ਸਿਆਸੀ ਨੇਤਾਵਾਂ ਅਤੇ ਖ਼ਾਸ ਕਰਕੇ ਬਾਦਲ ਪਰਿਵਾਰ ਦੀ ਕਠਪੁਤਲੀ ਹੋਣ ਦੇ ਦੋਸ਼ ਖੁੱਲ੍ਹੇਆਮ ਲੱਗੇ ।ਇਸੇ ਕਰਕੇ ਹੀ ਖਾਲਿਸਤਾਨੀ, ਗਰਮਖਿਆਲੀ ਅਤੇ ਬਾਦਲ ਵਿਰੋਧੀ ਪੰਥਕ ਧਿਰਾਂ ਨੂੰ ਆਪਣੀ ਹੋਂਦ ਜਤਾਉਣ ਅਤੇ ਇਸ ਮੁੱਦੇ’ਤੇ ਅਤੇ ਅਕਾਲੀ ਦੀ ਲੀਡਰਸ਼ਿਪ ਬਾਰੇ ਆਪਣੀ ਸੋਚ,ਧਾਰਨਾਵਾਂ ਅਤੇ ਰਾਜਨੀਤੀ ਨੂੰ ਸਹੀ ਦਰਸਾਉਣ ਦਾ ਮੌਕਾ ਮਿਲ ਗਿਆ।

ਸਿੱਟਾ ਨਿਕਲਿਆ ਹੈ ਕਿ ਸਿੱਖਾਂ ਲਈ ਮੀਰੀ-ਪੀਰੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣ-ਸਤਿਕਾਰ ਅਤੇ ਤਖ਼ਤ ਦੀ ਪਹਿਲਾਂ ਹੀ ਕਾਫ਼ੀ ਖੁਰੀ ਹੋਈ ਸਰਵਉੱਚ ਅਥਾਰਟੀ ਨੂੰ ਵੱਡਾ ਖੋਰਾ ਲੱਗਿਆ ਹੈ ।ਅਜਿਹੇ ਵਿਵਾਦਪੂਰਨ ਹੁਕਮ ਨਾਲ ਅਕਾਲ ਤਖ਼ਤ ਤੇ ਬਿਰਾਜਮਾਨ ਜਥੇਦਾਰ ਅਤੇ ਬਾਕੀ ਸਿੰਘ ਸਾਹਿਬਾਨ ਦੀ ਭਰੋਸੇਯੋਗਤਾ ਅਤੇ ਉਨ੍ਹਾ ਦੇ ਕਿਰਦਾਰ ਬਾਰੇ ਵੀ ਗੰਭੀਰ ਸਵਾਲ ਅਤੇ ਸ਼ੱਕ-ਸ਼ੁਬ੍ਹੇ ਪੈਦਾ ਹੋਣੇ ਸੁਭਾਵਕ ਹੀ ਸਨ ।

ਨਤੀਜੇ ਬਹੁਪੱਖੀ : ਚੰਗੇ ਵੀ ਅਤੇ ਕਈ ਮਾੜੇ ਅਤੇ ਖ਼ਤਰੇ ਭਰਪੂਰ ਵੀ

ਇਸ ਨਿਰਣੇ ਦੇ ਨਤੀਜੇ ਬਹੁਪੱਖੀ ਨੇ ਕੁਝ ਚੰਗੇ ਵੀ ਨੇ ਅਤੇ ਕਈ ਮਾੜੇ ਅਤੇ ਖ਼ਤਰੇ ਭਰਪੂਰ ਵੀ ਨੇ ਕਈ ਚੰਗੇ ਪਹਿਲੂ ਵੀ ਨੇ ।ਪੰਜਾਬ ਦਾ ਹਰ ਅਮਨ-ਪਸੰਦ ਨਾਗਰਿਕ ਚਾਹੁੰਦਾ ਹੈ ਕਿ ਸੂਬੇ ਵਿਚ ਸੁਖ-ਸ਼ਾਂਤੀ ਅਤੇ ਸਦਭਾਵਨਾ ਬਣੀ ਰਹੇ ਅਤੇ ਅਜਿਹੇ ਸਮਾਜਿਕ ਤਣਾਅ ਖ਼ਤਮ ਹੋਣ।ਅਕਾਲ ਤਖ਼ਤ ਸਾਹਿਬ ਦੇ ਤਾਜ਼ਾ ਗੁਰਮਤਿ ਦਾ ਚੰਗਾ ਪਾਸਾ ਇਹ ਹੈ ਕਿ ਇਸ ਪਾਸੇ ਵੱਡੀ ਪਹਿਲ ਕੀਤੀ ਗਈ ਹੈ ।ਜੇਕਰ ਇਹ ਹੁਕਮਨਾਮਾ ਸਹੀ ਅਰਥਾਂ ਵਿਚ ਲਾਗੂ ਹੋ ਜਾਂਦਾ ਹੈ ਤਾਂ ਪੰਜਾਬ ਅਤੇ ਗਵਾਂਢੀ ਹਰਿਆਣੇ ਵਿੱਚ ਅਮਨ ਅਤੇ ਸਦਭਾਵਨਾ ਬਹਾਲ ਕਰਨ ਵਿਚ ਸਹਾਈ ਹੋਵੇਗਾ।

ਇਸ ਨਾਲ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਅਤੇ ਖ਼ਾਸ ਕਰਕੇ ਮਾਲਵੇ ਵਿੱਚ ਸਿੱਖਾਂ ਦੇ ਕੁਝ ਹਿੱਸਿਆਂ ਅਤੇ ਡੇਰਾ ਪ੍ਰੇਮੀਆਂ ਵਿਚਕਾਰ 8 ਵਰ੍ਹੇ ਤੋਂ ਚਲਦਾ ਆ ਰਿਹਾ ਤਣਾਅ ਖ਼ਤਮ ਹੋਵੇਗਾ ਜਾਂ ਬਹੁਤ ਘਟ ਜਾਵੇਗਾ। ਮੇਰੇ ਹਿਸਾਬ ਨਾਲ ਡੇਰਾ ਸਿਰਸਾ ਦੇ ਉਹ ਪੈਰੋਕਾਰ ਜਾਂ ਹਮਦਰਦ ਵੀ ਸਿੱਖ ਧਰਮ ਦੇ ਅਕੀਦਿਆਂ ਨਾਲ ਜੁੜ ਸਕਣਗੇ ਜਿਹੜੇ ਉਂਝ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਵਿਚ ਵਿਸ਼ਵਾਸ ਰੱਖਦੇ ਨੇ ਪਰ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੇ ਸਿੱਟੇ ਵਜੋਂ ਉਨ੍ਹਾ ਨੂੰ ਸਿੱਖ ਪੰਥ ਵਲੋਂ ਸਿੱਖ ਮੰਨਿਆ ਨਹੀਂ ਸੀ ਜਾ ਰਿਹਾ।ਬਹੁਤ ਸਾਰੇ ਥਾਵਾਂ ਅਤੇ ਖ਼ਾਸ ਕਰਕੇ ਮਾਲਵੇ ਦੇ ਪਿੰਡਾਂ ਵਿਚ ਡੇਰਾ ਪ੍ਰੇਮੀਆਂ ਨੂੰ ਵਿਆਹਾਂ , ਮਰਨਿਆਂ ਅਤੇ ਹੋਰ ਸਮਾਜਿਕ ਸਮਾਗਮਾਂ ਲਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇਣ ਅਤੇ ਪ੍ਰਕਾਸ਼ ਕਰਨ ਤੋਂ ਵੀ ਮਨ੍ਹਾ ਕੀਤਾ ਜਾਂਦਾ ਸੀ।

ਪਰ ਇਹ ਮਾਹੌਲ ਤਾਂ ਹੀ ਸੰਭਵ ਹੋਵੇਗਾ ਜੇਕਰ ਬਹੁਤੀਆਂ ਪੰਥਕ ਧਿਰਾਂ ,ਮਾਡਰੇਟ ਅਤੇ ਆਮ ਸਿੱਖਾਂ ਨੂੰ ਵੀ ਅਕਾਲ ਤਖ਼ਤ ਦੇ ਨਿਰਣੇ ਤੋਂ ਸੰਤੁਸ਼ਟੀ ਹੋਵੇ।

ਇਸ ਨਿਰਣੇ ਨੇ ਤਾਂ ਖ਼ੁਦ ਸਿੱਖ ਜਗਤ ਵਿਚ ਵੀ ਵੰਡੀਆਂ ਪਾ ਦਿੱਤੀਆਂ ਨੇ ।ਸੰਤ ਸਮਾਜ ਵਰਗੀਆਂ ਪੰਥਕ ਸੰਸਥਾਵਾਂ ਅੰਦਰ ਵੀ ਇਸ ਮੁੱਦੇ ਤਰੇੜਾਂ ਪਈਆਂ ਦਿੱਸ ਰਹੀਆਂ ਹਨ । ਤਖ਼ਤਾਂ ਦੇ ਜਥੇਦਾਰਾਂ ਦੀ ਸੁਰੱਖਿਆ ਤੱਕ ਦੀ ਚਿੰਤਾ ਖੜ੍ਹੀ ਹੋ ਗਈ ਹੈ ।

ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਆਪਣੇ ਹਮਾਇਤੀ ਨੇਤਾਵਾਂ ਅਤੇ ਗਰੁੱਪਾਂ ਰਾਹੀਂ ਹੁਕਮਨਾਮੇ ਦੇ ਹੱਕ ਵਿਚ ਬਿਆਨ ਦਿਵਾਉਣ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ।ਇਸ ਮੰਤਵ ਲਈ ਜੋੜ-ਤੋੜ ਤੇ ਦਾਬੇ ਦੀ ਚਾਲਬਾਜ਼ੀ ਵੀ ਵਰਤੀ ਜਾ ਰਹੀ ਹੈ ਅਤੇ ਸਭ -ਕੁਝ ਠੀਕ-ਠਾਕ ਹੋਇਆ ਅਤੇ ਸਭ ਠੀਕ ਹੋ ਜਾਵੇਗਾ ਦਾ ਪ੍ਰਭਾਵ ਵੀ ਦਿੱਤਾ ਜਾ ਰਿਹਾ ਹੈ । ਇਸ ਮਾਮਲੇ ਤੇ ਵਫ਼ਾਦਾਰੀਆਂ ਵੀ ਪਰਖੀਆਂ ਜਾ ਰਹੀਆਂ ਨੇ ਅਤੇ ਸੰਕਟ ਮੌਕੇ ਕੁਝ ਹਸਤੀਆਂ ਤੇ ਅਕਾਲੀ ਦਲ ਅਤੇ ਸਰਕਾਰ ਨਾਲ ਬਾਰਗੇਨਿੰਗ ਰਾਹੀਂ ਲਾਹੇ ਲੈਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ ।

ਜੇਕਰ ਇਸ ਮਾਮਲੇ ਦਾ ਕੋਈ ਸਰਬ ਪਰਵਾਨਿਤ ਹੱਲ ਨਾ ਕੀਤਾ ਗਿਆ ਜਿਸ ਨਾਲ ਤਾਂ ਇਸ ਮੁੱਦੇ ਤੇ ਕਿਸੇ ਸਮੇਂ ਵੀ ਕਿਤੇ ਨਾ ਕਿਤੇ ਲੋਕਾਂ ਵਿਚ ਭੜਕਾਹਟ, ਟਕਰਾਅ ਅਤੇ ਹਿੰਸਾ ਦਾ ਖ਼ਤਰਾ ਬਣਿਆ ਰਹੇਗਾ। ਇਸ ਤੋਂ ਵੀ ਵੱਧ ਖ਼ਦਸ਼ਾ ਡੇਰੇ ਦੇ ਖ਼ਿਲਾਫ਼ ਵਿਅਕਤੀਗਤ ਹਿੰਸਾ ਦਾ ਹੈ ।

ਸਿਆਸਤ ਅਤੇ ਵੋਟ ਰਾਜਨੀਤੀ ਤੇ ਪੈਣ ਵਾਲੇ ਅਸਰ

ਜਿਥੋਂ ਤੱਕ ਇਸ ਨਿਰਣੇ ਅਤੇ ਸਾਰੇ ਘਟਨਾਕ੍ਰਮ ਦੇ ਸਿਆਸੀ ਪ੍ਰਭਾਵ ਅਤੇ ਵੋਟ ਰਾਜਨੀਤੀ ਤੇ ਪੈਣ ਵਾਲੇ ਅਸਰ ਦੀ ਗੱਲ ਹੈ ਹੁਣ ਅਕਾਲੀ ਦਲ ਨੂੰ ਡੇਰਾ ਪ੍ਰੇਮੀਆਂ ਦੇ ਵੋਟ ਲੈਣ ਲਈ ਖੁੱਲ੍ਹੇਆਮ ਯਤਨ ਕਰਨ ਵਿਚ ਕੋਈ ਰੋਕ ਜਾਂ ਝਿਜਕ ਨਹੀਂ ਰਹੇਗੀ (ਅੰਦਰਖਾਤੇ ਤਾਂ ਪਹਿਲਾਂ ਹੀ 2012 ਦੀਆਂ ਵਿਧਾਨ ਸਭਾ ਚੋਣਾਂ ਅਤੇ 2014 ਦੀਆਂ ਲੋਕ ਸਭਾ ਚੋਣਾ ਵੇਲੇ ਸੌਦੇਬਾਜ਼ੀਆਂ ਹੁੰਦੀਆਂ ਰਹੀਆਂ ਨੇ) ਅਤੇ ਅਕਾਲੀ ਦਲ ਨੂੰ ਉਨ੍ਹਾ ਦੇ ਇੱਕ ਹਿੱਸੇ ਦੇ ਵੋਟ ਮਿਲ ਵੀ ਸਕਦੇ ਨੇ ਪਰ ਸਿੱਖ ਵੋਟ-ਬੈਂਕ ਦਾ ਇੱਕ ਹਿੱਸਾ ਦਾ, ਇਸੇ ਗੱਲ ਤੋਂ ਨਾਰਾਜ਼ ਹੋ ਕੇ ਖਿਸਕ ਵੀ ਸਕਦਾ ਹੈ ।

ਡੇਰੇ ਦਾ ਸਿਆਸੀ ਰੁੱਖ 2017 ਦੀਆਂ ਚੋਣਾਂ ਦੌਰਾਨ ਕੀ ਹੋਵੇਗਾ , ਇਸ ਬਾਰੇ ਅਜੇ ਕੁਝ ਕਹਿਣਾ ਮੁਸ਼ਕਲ ਹੈ।

ਅਜੇ ਬੀ ਜੇ ਪੀ ਬਾਰੇ ਵੀ ਸਵਾਲ ਖੜ੍ਹਾ ਹੈ ਕਿ ਕੀ ਇਹ ਪਾਰਟੀ ਅਕਾਲੀ ਦਲ ਨਾਲ ਗੱਠਜੋੜ ਕਾਇਮ ਰੱਖੇਗੀ ਜਾਂ ਨਹੀਂ।

2014 ਦੀਆਂ ਲੋਕ ਸਭਾ ਚੋਣਾਂ , ਹਰਿਆਣੇ ਦੀਆਂ 2014 ਦੀਆਂ ਵਿਧਾਨ ਸਭਾ ਚੋਣਾਂ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਡੇਰਾ ਸਿਰਸਾ ਨੇ ਖੁੱਲ੍ਹੇਆਮ ਬੀ ਜੇ ਪੀ ਦੀ ਸਰਗਰਮ ਹਮਾਇਤ ਦਾ ਐਲਾਨ ਕੀਤਾ ਸੀ । ਇਹ ਵੱਖਰੀ ਗੱਲ ਹੈ ਕਿ ਇਸ ਦਾ ਲਾਭ ਬੀ ਜੇ ਪੀ ਨੂੰ ਕਿੱਥੇ ਅਤੇ ਕਿੰਨਾ ਹੋਇਆ ।

ਐਨ ਆਰ ਆਈ ਸਿੱਖਾਂ ਵਿੱਚ ਤਿੱਖਾ ਵਿਰੋਧ

ਡੇਰਾ ਸਿਰਸਾ ਮੁਖੀ ਬਾਰੇ ਅਕਾਲ ਤਖ਼ਤ ਦੇ ਫ਼ੈਸਲੇ ਦਾ ਪਰਦੇਸੀ ਸਿੱਖਾਂ ਦੇ ਵੱਡੇ ਹਿੱਸੇ ਵਿਚ ਤਿੱਖਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ।ਇਥੋਂ ਤੱਕ ਕਿ ਮਾਡਰੇਟ ਲੀਡਰਸ਼ਿਪ ਨਾਲ ਜੁੜੇ ਵਿਦੇਸ਼ੀ ਸਿੱਖ ਵੀ ਇਸ ਮਾਮਲੇ ਤੇ ਆਪਣੇ ਆਪ ਨੂੰ ਡਿਫੈਂਸਿਵ’ਤੇ ਮਹਿਸੂਸ ਕਰਦੇ ਨੇ । ਇਸ ਨਾਲ ਅਕਾਲੀ ਦਲ ਲਈ ਪਰਦੇਸੀ ਸਿੱਖਾਂ ਵਿਚ ਆਪਣੀ ਸਾਖ ਬਹਾਲ ਕਰਨ ਪੱਖੋਂ ਇੱਕ ਹੋਰ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ।

ਹੱਲ ਲਈ ਅਜੇ ਵੀ ਨਿਕਲ ਸਕਦਾ ਹੈ ਵਿਚਲਾ ਰਸਤਾ

ਗਰਮਖਿਆਲੀ ਅਤੇ ਬਾਦਲ ਵਿਰੋਧੀ ਸਿਆਸੀ ਅਤੇ ਪੰਥਕ ਜਥੇਬੰਦੀਆਂ ਇਸ ਮੁੱਦੇ ਤੇ ਸਰਬੱਤ ਖ਼ਾਲਸਾ ਬੁਲਾਏ ਜਾਣ ਦੀ ਤਜ਼ਵੀਜ਼ ਨਾਲ ਡੇਰਾ ਸਿਰਸਾ ਬਾਰੇ ਨਿਰਣੇ ਨੂੰ ਵਾਪਸ ਲੈਣ ਜਾਂ ਬਦਲਣ ਲਈ ਅਕਾਲ ਤਖ਼ਤ ਤੇ ਦਬਾਅ ਬਣਾਉਣ ਦਾ ਯਤਨ ਵੀ ਕਰ ਰਹੀਆਂ ਨੇ ।ਨਾਲ ਹੀ ਉਹ ਆਪਣੇ ਖੁੱਸੇ ਹੋਏ ਪੰਥਕ ਅਤੇ ਸਿਆਸੀ ਆਧਾਰ ਨੂੰ ਬਹਾਲ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ।

ਸਿੱਖ ਜਗਤ ਦੇ ਇੱਕ ਤਕੜੇ ਹਿੱਸੇ ਵੱਲੋਂ ਇਸ ਮਾਮਲੇ ਤੇ ਹੋਏ ਤਿੱਖੇ ਵਿਰੋਧ ਨੂੰ ਦੇਖਦਿਆਂ ਤੇ ਅਕਾਲ ਤਖ਼ਤ ਸਾਹਿਬ ਅਤੇ ਹੋਰ ਧਿਰਾਂ ਵੱਲੋਂ ਅਕਾਲ ਤਖ਼ਤ ਦੇ ਗੁਰਮਤੇ ਖ਼ਿਲਾਫ਼ ਪਾਏ ਜਾਂਦੇ ਵੱਡੇ ਰੋਸ ਨੂੰ ਠੰਢਾ ਕਰਨ ਅਤੇ ਇਸ ਦੇ ਹੱਲ ਲਈ ਕੋਈ ਵਿਚਲਾ ਰਾਹ ਕੱਢਣ ਦੇ ਵੀ ਯਤਨ ਹੋ ਰਹੇ ਨੇ । ਇਸੇ ਲਈ ਇਕ ਰੀਵਿਊ ਕਮੇਟੀ ਦਾ ਵੀ ਐਲਾਨ ਕੀਤਾ ਗਿਆ ਹੈ । ਪਰ ਅਜੇ ਬੇਯਕੀਨੀ ਕਾਇਮ ਹੈ।

ਇਸ ਮੁੱਦੇ ਦੇ ਕਈ ਸੰਭਾਵੀ ਹੱਲ ਸੁਝਾਏ ਜਾ ਰਹੇ ਨੇ । ਤਖ਼ਤਾਂ ਦੇ ਜਥੇਦਾਰਾਂ ਦੇ ਅਸਤੀਫ਼ਿਆਂ ਦੀ ਵੀ ਚਰਚਾ ਚੱਲ ਰਹੀ ਹੈ ।

ਪਿਛਲੇ ਸਮੇਂ ਦੌਰਾਨ ਅਜਿਹੇ ਸਿੱਖ ਮੁੱਦਿਆਂ ਤੇ ਵਾਦ-ਵਿਵਾਦ ਉਲਝਣ ਮੌਕੇ ਤਖ਼ਤ ਜਥੇਦਾਰ ਅਸਤੀਫ਼ੇ ਦਿੰਦੇ ਰਹੇ ਨੇ ਜਾਂ ਹਟਾਏ ਵੀ ਜਾਂਦੇ ਰਹੇ ਨੇ ।ਹੁਣ ਵੀ ਅਜਿਹੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।

ਇੱਕ ਪਾਸੇ ਜਥੇਦਾਰ ਅਕਾਲ ਤਖ਼ਤ ਬਾਕੀ ਸਿੰਘ ਸਾਹਿਬ ਦੀ ਅਗਲੀ ਕਾਰਵਾਈ ਵੱਲ ਸਭ ਦੀਆਂ ਨਜ਼ਰਾਂ ਨੇ ਕਿ ਉਹ ਇਸ ਨੂੰ ਕਿਵੇਂ ਨਜਿੱਠਦੇ ਨੇ ।

ਦੂਜੇ ਪਾਸੇ ਇਸ ਦਾ ਇਕ ਹੋਰ ਹੱਲ ( ਸ਼ਾਇਦ ਅਸਲੀ ਵੀ ) ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਕੋਲ ਹੈ। ਅਕਾਲ ਤਖ਼ਤ ਦੇ ਗੁਰਮਤੇ ਦੇ ਪ੍ਰਤੀਕਰਮ ਵਿਚ ਡੇਰਾ ਮੁਖੀ ਨੇ ਅਕਾਲ ਤਖ਼ਤ ਸਾਹਿਬ ਨੂੰ ਸਿੱਖਾਂ ਦੀ ਸਰਬਉੱਚ ਸੰਸਥਾ ਪ੍ਰਵਾਨ ਕਰਨ ਅਤੇ ਡੇਰਾ ਪ੍ਰੇਮੀਆਂ ਵੱਲੋਂ ਸਿੱਖਾਂ ਦੇ ਖ਼ਿਲਾਫ਼ ਦਰਜ ਕੇ ਵਾਪਸ ਲੈਕੇ ਸਦਭਾਵਨਾ ਪੈਦਾ ਕਰਨ ਦੀ ਪਹਿਲਕਦਮੀ ਸਵਾਗਤਯੋਗ ਸੀ , ਸ਼ਲਾਘਾਯੋਗ ਸੀ ਪਰ ਇਹ ਨਾਕਾਫ਼ੀ ਸੀ।

ਜੇਕਰ ਡੇਰਾ ਸਿਰਸਾ ਮੁਖੀ ਆਪਣੀ ਹਉਮੈ ਛੱਡ ਕੇ ਕਿਸੇ ਨਾ ਕਿਸੇ ਰੂਪ ਵਿਚ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਕੇ ਆਪਣੀ ਖਿਮਾ ਜਾਚਨਾ ਕਰ ਲੈਂਦੇ ਹਨ ਤਾਂ ਫਿਰ ਅਕਾਲ ਤਖ਼ਤ ਦੇ ਫ਼ੈਸਲੇ ਦੀ ਵਾਜਬੀਅਤ ਬਣ ਜਾਵੇਗੀ। ਇਸ ਦੇ ਵਿਰੋਧ ਵਿਚ ਕੋਈ ਤਰਕ ਨਹੀਂ ਰਹੇਗਾ ।ਇਸ ਨਾਲ ਮਾਹੌਲ ਵੀ ਸੁਖਾਵਾਂ ਹੋ ਸਕਦਾ ਹੈ ।

ਧਾਰਮਿਕ ਭਾਵਨਾਵਾਂ ਨਾਲ ਜੁੜੇ ਹੋਣ ਕਾਰਨ ਇਸ ਸੰਵੇਦਨਸ਼ੀਲ ਮਸਲੇ ਤੇ ਸਭ ਧਿਰਾਂ ਨੂੰ ਸੰਜਮ ਵਰਤਣਾ ਚਾਹੀਦਾ ਹੈ ।ਇੱਕ ਦੂਜੇ ਨੂੰ ਠਿੱਬੀ ਲਾਕੇ ਪਿਛੇ ਸੁੱਟਣ ਲਈ ਆਪਣੇ -ਆਪਣੇ ਨੂੰ ਵੱਧ ਤਿੱਖਾ ਸਿੱਖ-ਪੰਥੀ ਸਾਬਤ ਕਰਨ ਅਤੇ ਮੁਕਾਬਲੇਬਾਜ਼ੀ ਦੀ ਦੌੜ ਵਿਚ ਪੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਪਤਾ ਨਹੀਂ ਕਦੋਂ ਸਥਿਤੀ ਹੱਥੋਂ ਨਿਕਲ ਜਾਵੇ ਅਤੇ ਕਿਸੇ ਦੇ ਵੀ ਕਾਬੂ ਵਿਚ ਨਾ ਰਹੇ । ਪੰਜਾਬ ਦੇ ਲੋਕਾਂ ਨੇ ਕੁਝ ਨੇਤਾਵਾਂ, ਪਾਰਟੀਆਂ ਅਤੇ ਗਰੁੱਪਾਂ ਦੀਆਂ ਅਜਿਹੀਆਂ ਹੀ ਗ਼ਲਤੀਆਂ ਅਤੇ ਖ਼ੁਦਗ਼ਰਜ਼ੀਆਂ ਦਾ ਸੰਤਾਪ ਬਹੁਤ ਲੰਮਾ ਸਮਾਂ ਹੰਢਾਇਆ ਹੈ ।

ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇ ਫੈਸਲੇ ਨੇ ਜਥੇਦਾਰਾਂ ਦੀ ਕਾਰਜਸ਼ੈਲੀ ’ਤੇ ਖੜ੍ਹੇ ਕੀਤੇ ਗੰਭੀਰ ਸੁਆਲ

0

ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇ ਫੈਸਲੇ ਨੇ ਜਥੇਦਾਰਾਂ ਦੀ ਕਾਰਜਸ਼ੈਲੀ ’ਤੇ ਖੜ੍ਹੇ ਕੀਤੇ ਗੰਭੀਰ ਸੁਆਲ

ਕਿਰਪਾਲ ਸਿੰਘ ਬਠਿੰਡਾ, ਮੋਬ: 98554-80797

24 ਸਤੰਬਰ ਨੂੰ ਅਕਾਲ ਤਖ਼ਤ ਵਿਖੇ ਪੰਜ ਗ੍ਰੰਥੀਆਂ ਦੀ ਹੋਈ ਮੀਟਿੰਗ ਵਿੱਚ ਕਿਸੇ ਗੁਪਤ ਏਲਚੀ ਰਾਹੀਂ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਭੇਜੇ ਗਏ ਸਪਸ਼ਟੀਕਰਨ ਨੂੰ ਪ੍ਰਵਾਨ ਕਰਕੇ ਮੁਆਫੀ ਦੇਣ ਦੇ ਫੈਸਲੇ ਨੇ ਜਥੇਦਾਰਾਂ ਦੀ ਕਾਰਜਸ਼ੈਲੀ ’ਤੇ ਗੰਭੀਰ ਸੁਆਲ ਖੜ੍ਹੇ ਕੀਤੇ ਹਨ; ਜਿਨ੍ਹਾਂ ਦਾ ਜਵਾਬ ਉਨ੍ਹਾਂ ਨੂੰ ਹਰ ਹਾਲਤ ਕੌਮ ਨੂੰ ਦੇਣਾ ਪੈਣਾ ਹੈ। ਇਸ ਫੈਸਲੇ ਨੇ ਸਿੱਧ ਕਰ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਅਕਾਲੀ ਧੜਾ ਅਕਾਲ ਤਖ਼ਤ ਨੂੰ ਨਿਰੋਲ ਆਪਣੇ ਸਿਆਸੀ ਹਿਤਾਂ ਲਈ ਵਰਤਦਾ ਹੈ ਅਤੇ ਜਥੇਦਾਰ ਸਿਆਸੀ ਹਾਕਮਾਂ ਦੇ ਮੋਹਰੇ ਵਾਂਗ ਹੀ ਕੰਮ ਕਰਦੇ ਹਨ। ਇਸ ਤੋਂ ਵੱਧ ਤ੍ਰਾਸਦੀ ਇਹ ਹੈ ਕਿ ਕਾਬਜ਼ ਅਕਾਲੀ ਧੜਾ ਵੀ ਖ਼ੁਦਮੁਖਤਾਰ ਨਹੀਂ ਹੈ; ਉਸ ਨੇ ਆਪਣੀਆਂ ਸਿਆਸੀ ਜਰੂਰਤਾਂ/ ਮਜ਼ਬੂਰੀਆਂ ਕਾਰਨ ਪੂਰੀ ਤਰ੍ਹਾਂ ਆਰ ਐੱਸ ਐੱਸ / ਭਾਜਪਾ ਅੱਗੇ ਗੋਡੇ ਟੇਕੇ ਹੋਏ ਹਨ। ਸਿਧਾਂਤਾਂ ਦੀ ਰਾਖੀ ਕਰਨ ਲਈ ਆਪਣੇ ਆਪ ਨੂੰ ਆਰੇ ਨਾਲ ਚਿਰਾਉਣ ਵਾਲਿਆਂ, ਦੇਗਾਂ ਵਿੱਚ ਉਬਾਲੇ ਖਾਣ ਵਾਲਿਆਂ, ਬੰਦ ਬੰਦ ਕਟਾਉਣ ਵਾਲਿਆਂ ਖੋਪਰੀਆਂ ਲਹਾਉਣ ਅਤੇ ਚਰਖੜੀਆਂ ’ਤੇ ਚੜ੍ਹਨ ਵਾਲਿਆਂ ਦੀ ਕੌਮ ਦੇ ਅਖੌਤੀ ਜਥੇਦਾਰ ਜੇ ਆਪਣੀ ਜਥੇਦਾਰੀ ਬਚਾਉਣ ਲਈ ਹੀ ਅਕਾਲ ਤਖ਼ਤ ਦਾ ਨਾਮ ਵਰਤ ਕੇ ਹੁਕਮਨਾਮੇ ਜਾਰੀ ਕਰਨ ਸਮੇਂ ਕੇਵਲ ਕਠਪੁਤਲੀਆਂ ਦਾ ਰੋਲ ਨਿਭਾਉਂਦੇ ਜੱਗ ਜ਼ਾਹਰ ਹੋ ਜਾਣ ਤਾਂ ਸਿੱਖਾਂ ਲਈ ਇਸ ਤੋਂ ਵੱਧ ਗਿਰਾਵਟ ਵਾਲੀ ਹੋਰ ਕੋਈ ਗੱਲ ਨਹੀਂ ਹੋ ਸਕਦੀ। ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਾਨਿਆਂ ਦੇ ਸਿਆਸੀ ਹਿਤਾਂ ਤੋਂ ਪ੍ਰੇਰਤ ਹੋਣ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਪਰ ਇਥੇ ਟੂਕ ਮਾਤਰ ਹੇਠ ਲਿਖੀਆਂ ਕੁਝ ਕੁ ਦਾ ਹੀ ਹਵਾਲਾ ਦੇਣਾ ਯੋਗ ਹੋਵੇਗਾ। ਪਰ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਸਿਆਸੀ ਹਿਤਾਂ ਅਤੇ ਆਰ ਐੱਸ ਐੱਸ ਦੀ ਸੋਚ ਸਬੰਧੀ ਜਾਣਕਾਰੀ ਦੇਣੀ ਵੀ ਜਰੂਰੀ ਹੈ। ਸਾਰੀਆਂ ਸਿਆਸੀ ਪਾਰਟੀਆਂ ਵਾਂਗ ਅਕਾਲੀ ਦਲ ਦਾ ਇੱਕੋ ਨਿਸ਼ਾਨਾ ਹੈ ਕਿ ਕਿਸੇ ਵੀ ਢੰਗ ਨਾਲ ਵੱਧ ਤੋਂ ਵੱਧ ਵੋਟਾਂ ਹਾਸਲ ਕਰਕੇ ਆਪਣੀ ਰਾਜਸੀ ਗੱਦੀ ਹਾਸਲ ਕੀਤੀ ਤੇ ਕਾਇਮ ਰੱਖੀ ਜਾਵੇ। ਆਰ ਐੱਸ ਐੱਸ ਦੀ ਨੀਤੀ ਹੈ ਕਿ ਘੱਟ ਗਿਣਤੀ ਕੌਮਾਂ ਨੂੰ ਪਿਆਰ ਨਾਲ ਜਾਂ ਡਰਾ ਧਮਕਾ ਕੇ ਜਿਵੇਂ ਵੀ ਹੋ ਸਕੇ ਹਿੰਦੂ ਧਰਮ ਵਿੱਚ ਜ਼ਜ਼ਬ ਕਰਕੇ ਧਰਮ ਨਿਰਪੱਖ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ। ਆਪਣੀ ਇਸ ਨੀਤੀ ਨੂੰ ਲਾਗੂ ਕਰਨ ਲਈ ਆਰ ਐੱਸ ਐੱਸ ਆਪਣੇ ਸਿਆਸੀ ਵਿੰਗ ਭਾਜਪਾ ਨੂੰ ਕੇਂਦਰ ਅਤੇ ਸਾਰੇ ਸੂਬਿਆਂ ਵਿੱਚ ਭਾਜਪਾ ਦੀਆਂ ਦੋ ਤਿਹਾਈ ਬਹੁਮਤ ਜਾਂ ਘੱਟ ਤੋਂ ਘੱਟ ਪੂਰਨ ਬਹੁਮਤ ਵਾਲੀਆਂ ਸਰਕਾਰਾਂ ਬਣਾਉਣੀਆਂ ਚਾਹੁੰਦੀ ਹੈ। ਸਿੱਖਾਂ ਦੀ ਬਦਕਿਸਮਤੀ ਇਹ ਹੈ ਕਿ ਇਸ ਦੀ ਨੁੰਮਾਇੰਦਾ ਰਾਜਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਿਆਸੀ ਲਾਲਸਾ ਕਾਰਨ ਭਾਜਪਾ ਨਾਲ ਪਤੀ ਪਤਨੀ ਵਾਲੀ ਸਾਂਝ ਬਣਾ ਕੇ ਆਰ ਐੱਸ ਐੱਸ ਦੇ ਹਿੱਤਾਂ ਦੀ ਪੂਰਕ ਬਣ ਗਈ ਹੈ ਪਰ ਜਾਣੇ ਅਣਜਾਣੇ ਕੌਮ ਦੇ ਹਿਤਾਂ ਦਾ ਘਾਣ ਤਾਂ ਕਰ ਹੀ ਰਹੀ ਹੈ ਬਲਕਿ ਕਬੀਰ ਸਾਹਿਬ ਜੀ ਦੇ ਬਚਨਾਂ : ‘ਕਬੀਰ ! ਦੀਨੁ ਗਵਾਇਆ ਦੁਨੀ ਸਿਉ ; ਦੁਨੀ ਨ ਚਾਲੀ ਸਾਥਿ ॥ ਪਾਇ ਕੁਹਾੜਾ ਮਾਰਿਆ ; ਗਾਫਲਿ ਅਪੁਨੈ ਹਾਥਿ ॥13॥ (ਪੰਨਾ 1365) ਨੂੰ ਵਿਸਾਰਦੇ ਹੋਏ ਆਪਣੀ ਪਾਰਟੀ ਦੇ ਭਵਿੱਖ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੇ ਹਨ। ਅਕਾਲ ਤਖ਼ਤ ਤੋਂ ਜਾਰੀ ਹੋਏ ਹੁਕਮਾਨਿਆਂ ਦੇ ਸਿਆਸੀ ਹਿਤਾਂ ਤੋਂ ਪ੍ਰੇਰਤ ਹੋਣ ਦੀਆਂ ਕੁਝ ਕੁ ਉਦਾਹਰਣਾਂ ਹੇਠ ਦਿੱਤੀਆਂ ਜਾ ਰਹੀਆਂ ਹਨ; ਜਿਨ੍ਹਾਂ ਦੇ ਜਾਰੀ ਕਰਨ ਸਮੇਂ ਦੂਹਰਾ ਮਿਆਰ ਅਪਣਾਇਆ ਗਿਆ ਹੈ:

(1). ‘ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ’ ਪੁਸਤਕ ਲੜੀ 10 ਭਾਗਾਂ ਵਿੱਚ ਲਿਖ ਕੇ ਸ: ਗੁਰਬਖ਼ਸ਼ ਸਿੰਘ ਕਾਲ਼ਾ ਅਫਗ਼ਾਨਾ ਇਕ ਸਿੱਖ ਫਿਲਾਸਫਰ ਵਜੋਂ ਉਭਰਿਆ। ਇਹ ਪੁਸਤਕਾਂ ਸਿੱਖ ਡੇਰੇਦਾਰਾਂ ਦੀ ਦੁਕਾਨਦਾਰੀ ਨੂੰ ਜਿੱਥੇ ਖਤਰਾ ਭਾਸੀਆਂ ਉਥੇ ਆਰ.ਐੱਸ.ਐੱਸ. ਦੀ ਨੀਤੀ ਲਈ ਵੀ ਵੱਡੀ ਵੰਗਾਰ ਸਨ। ਇਨ੍ਹਾਂ ਦੋਵਾਂ ਧਿਰਾਂ ਨੇ ਅਕਾਲੀ ਦਲ ’ਤੇ ਦਬਾਅ ਪਾਇਆ ਕਿ ਕਾਲ਼ੇ ਅਫਗ਼ਾਨੇ ਨੂੰ ਪੰਥ ਵਿੱਚੋਂ ਛੇਕ ਕੇ ਉਸ ਦੀਆਂ ਲਿਖਤਾਂ ’ਤੇ ਪਾਬੰਦੀ ਲਾਈ ਜਾਵੇ। ਅਕਾਲ ਤਖ਼ਤ ਦੇ ਉਸ ਸਮੇਂ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਪਹਿਲਾਂ ਹੀ ਕਾਲ਼ੇ ਅਫਗ਼ਾਨੇ ਤੋਂ ਕਾਫੀ ਖ਼ਫਾ ਸੀ ਕਿਉਂਕਿ ਉਸ ਵੱਲੋਂ ਸੰਪਾਦਿਤ ਕੀਤੀ ਪੁਸਤਕ ‘ਗੁਰ ਬਿਲਾਸ ਪਾਤਸ਼ਾਹੀ 6’ ਵਿੱਚ ਦਰਜ਼ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪ੍ਰਵਾਰਾਂ ਸਬੰਧੀ ਕੀਤੀਆਂ ਇਤਰਾਜ਼ ਯੋਗ ਟਿੱਪਣੀਆਂ ਦੇ ਜਵਾਬ ਵਿੱਚ ਲਿਖੀ ਇੱਕ ਕਿਤਾਬ ਵਿੱਚ ਕਾਲ਼ੇ ਅਫਗ਼ਾਨੇ ਨੇ ਚੰਗੀ ਮਿੱਟੀ ਪਲੀਤ ਕੀਤੀ ਸੀ। ਇਸ ਲਈ ਪੁਸਤਕਾਂ ਵਿੱਚ 5-6 ਕੁ ਇਤਰਾਜ਼ ਯੋਗ ਜਾਪਣ ਵਾਲੀਆਂ ਲਾਈਨਾਂ ਲੱਭ ਕੇ ਉਸ ਨੂੰ ਅਕਾਲ ਤਖ਼ਤ ’ਤੇ ਪੇਸ਼ ਹੋਣ ਦਾ ਨੋਟਿਸ ਜਾਰੀ ਕਰ ਦਿੱਤਾ। ਕੈਨੇਡਾ ਵਿੱਚ ਰਹਿ ਰਹੇ ਸ: ਕਾਲ਼ਾ ਅਫਗ਼ਾਨਾ ਨੇ ਭਾਰਤ ਵਿੱਚ ਦਾਖਲ ਹੋਣ ਸਮੇਂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਡਰ ਦੱਸ ਕੇ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਅਸਮਰਥਾ ਜ਼ਾਹਰ ਕਰਦੇ ਹੋਏ ਆਪਣਾ ਸਪਸ਼ਟੀਕਰਨ ਸਿੱਖ ਵਿਦਵਾਨ ਸ: ਗੁਰਤੇਜ ਸਿੰਘ ਸਾਬਕਾ ਆਈ.ਏ.ਐੱਸ. ਰਾਹੀਂ ਭੇਜਿਆ। ਸ: ਗੁਰਤੇਜ ਸਿੰਘ ਤਕਰੀਬਨ 400 ਚੇਤਨ ਸਿੱਖਾਂ ਦੇ ਜਥੇ ਸਮੇਤ ਅਕਾਲ ਤਖ਼ਤ ’ਤੇ ਕਾਲ਼ੇ ਅਫਗ਼ਾਨੇ ਦਾ ਪੱਖ ਪੇਸ਼ ਕਰਨ ਲਈ ਪਹੁੰਚੇ ਪਰ ਪੰਜ ਗ੍ਰੰਥੀਆਂ ਨੇ ਸ: ਗੁਰਤੇਜ ਸਿੰਘ ਨੂੰ ਮਿਲਣ ਦਾ ਸਮਾ ਦੇਣ ਤੋਂ ਵੀ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਵੱਲੋਂ ਤਨਖ਼ਾਹੀਆ ਘੋਸ਼ਿਤ ਕੀਤਾ ਵਿਅਕਤੀ ਖੁਦ ਪੇਸ਼ ਹੋ ਕੇ ਹੀ ਆਪਣਾ ਪੱਖ ਪੇਸ਼ ਕਰ ਸਕਦਾ ਹੈ ਕਿਸੇ ਏਲਚੀ ਦੇ ਰਾਹੀਂ ਨਹੀਂ। ਹਾਲਾਂ ਕਿ ਪੁਸਤਕਾਂ ਦੀ ਲੇਖ ਲੜੀ ਛਾਪਣ ਤੋਂ ਪਹਿਲਾਂ ਉਨ੍ਹਾਂ ਦੇ ਖਰੜੇ ਕਾਫੀ ਸਮਾਂ ਪਹਿਲਾਂ ਪੰਜਾਂ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਅਤੇ ਹੋਰ ਵਿਦਵਾਨਾਂ ਨੂੰ ਭੇਜੇ ਗਏ ਸਨ ਕਿ ਜੇ ਇਨ੍ਹਾਂ ਵਿੱਚ ਕੋਈ ਐਸੀ ਸਮੱਗਰੀ ਹੈ ਜਿਸ ਦਾ ਛਾਪਣਾ ਪੰਥ ਦੇ ਹਿੱਤਾਂ ਵਿੱਚ ਨਹੀਂ ਹੈ ਤਾਂ ਗੁਰਬਾਣੀ ਵਿੱਚੋਂ ਪੰਜ ਪ੍ਰਮਾਣ ਦੇ ਕੇ ਉਨ੍ਹਾਂ ਨੂੰ ਸੋਧਣ ਲਈ ਜਾਂ ਕੱਟ ਦੇਣ ਲਈ ਸੁਝਾਉ ਭੇਜ ਦੇਣ ਤਾਂ ਉਹ ਸਿਰ ਮੱਥੇ ’ਤੇ ਪ੍ਰਵਾਨ ਕਰਕੇ ਉਸ ਸੁਝਾਉ ’ਤੇ ਅਮਲ ਕਰਨਗੇ। ਪਰ ਕਿਸੇ ਨੇ ਵੀ ਉਨ੍ਹਾਂ ਨੂੰ ਜਵਾਬ ਦੇਣ ਦੀ ਖੇਚਲ ਨਹੀਂ ਕੀਤੀ। ਇਸ ਦੇ ਬਾਵਯੂਦ ਕਾਲ਼ਾ ਅਫਗ਼ਾਨਾ ਨੇ ਅਕਾਲ ਤਖ਼ਤ ਨੂੰ ਬੇਨਤੀ ਕੀਤੀ ਕਿ ਹੁਣ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਜਿਸ ਕਾਰਨ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਛੋਟ ਦੇ ਕੇ ਵੀਡੀਓ ਕਾਨਫਰੰਸਿਗ ਰਾਹੀਂ ਉਨ੍ਹਾਂ ਦਾ ਪੱਖ ਸੁਣਿਆ ਜਾਵੇ ਜਾਂ ਉਨ੍ਹਾਂ ਨੂੰ ਕੁਝ ਸਮਾਂ ਦਿੱਤਾ ਜਾਵੇ ਤਾਂ ਉਹ ਨਿੱਜੀ ਤੌਰ ’ਤੇ ਪੇਸ਼ ਹੋ ਕੇ ਵੀ ਆਪਣਾ ਪੱਖ ਸਪਸ਼ਟ ਕਰ ਦੇਣਗੇ ਅਤੇ ਦਿੱਤੇ ਸੁਝਾਉ ਅਨੁਸਾਰ ਲਿਖਤ ਵਿੱਚ ਸੋਧ ਵੀ ਕਰਨ ਨੂੰ ਤਿਆਰ ਹੋਣਗੇ। ਪਰ ਕਿਉਂਕਿ ਆਰ.ਐੱਸ.ਐੱਸ. ਤੇ ਸਿੱਖ ਡੇਰੇਦਾਰ ਕਾਲ਼ੇ ਅਫਗ਼ਾਨੇ ਅਤੇ ਉਨ੍ਹਾਂ ਦੀਆਂ ਲਿਖਤਾਂ ’ਤੇ ਹਰ ਹਾਲਤ ਪਾਬੰਦੀ ਲਵਾਉਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੂੰ ਅਗਲੀ ਪੇਸ਼ੀ ’ਤੇ ਹੀ ਪੇਸ਼ ਨਾ ਹੋਣ ਦੇ ਇਲਜ਼ਾਮ ’ਚ ਮਿਤੀ 10.7.2003 ਨੂੰ ਹੁਕਮਨਾਮਾ ਨੰ: ਅ.ਤ./03/3300 ਰਾਹੀਂ ਪੰਥ ਵਿੱਚੋਂ ਖ਼ਾਰਜ ਕਰ ਦਿੱਤਾ।

(2). ਪ੍ਰੋ: ਦਰਸ਼ਨ ਸਿੰਘ ਕੀਰਤਨ ਕਰਦੇ ਸਮੇਂ ਗੁਰਬਾਣੀ ਦੇ ਅਨੇਕਾਂ ਪ੍ਰਮਾਣ ਦੇ ਕੇ ਗੁਰਮਤਿ ਸਿਧਾਂਤ ਸੰਗਤਾਂ ਦੇ ਰੂ-ਬ-ਰੂ ਕਰਨ ਦੀ ਕਮਾਲ ਦੀ ਮੁਹਾਰਤ ਰਖਦੇ ਹਨ। ਪ੍ਰੋ: ਦਰਸ਼ਨ ਸਿੰਘ ਦੀ ਇਹ ਕੀਰਤਨ/ਵਿਆਖਿਆ ਸ਼ੈਲੀ ਧਰਮ ਨੂੰ ਘੋੜਾ ਬਣਾ ਕੇ ਇਸ ’ਤੇ ਰਾਜਨੀਤੀ ਨੂੰ ਸਵਾਰ ਬਣਾ ਕੇ ਚੱਲਣ ਵਾਲੇ ਸਿਆਸੀ ਆਗੂਆਂ ਨੂੰ ਕਦਾਚਿਤ ਨਹੀਂ ਭਾਉਂਦੀ। ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ਦੀ ਵਜ੍ਹਾ ਕਾਰਨ ਹੀ ਦਿੱਲੀ ਵਿੱਚ ਸਰਨਾ ਧੜਾ ਬਾਦਲ ਦਲ ਨੂੰ ਪਛਾੜ ਕੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ’ਤੇ ਕਾਬਜ਼ ਹੋਣ ਵਿੱਚ ਸਫਲ ਹੋ ਗਿਆ ਸੀ। ਬਾਦਲ ਦਲ ਨੂੰ ਖ਼ਤਰਾ ਭਾਸ ਰਿਹਾ ਸੀ ਕਿ ਜੇ ਸਰਨਾਂ ਧੜਾ ਪ੍ਰੋ: ਦਰਸ਼ਨ ਸਿੰਘ ਨੂੰ ਅੱਗੇ ਲਾ ਕੇ ਪੰਜਾਬ ਵਿੱਚ ਵੀ ਕੀਰਤਨ ਦਰਬਾਰ ਕਰਵਾਉਣ ਲੱਗ ਪਿਆ ਤਾਂ ਸ਼੍ਰੋਮਣੀ ਕਮੇਟੀ ਵੀ ਉਸ ਦੇ ਹੱਥੋਂ ਜਾ ਸਕਦੀ ਹੈ। ਉਧਰ ਪ੍ਰੋ: ਦਰਸ਼ਨ ਸਿੰਘ ਦਾ ਪ੍ਰਚਾਰ ਢੰਗ ਆਰ.ਐੱਸ.ਐੱਸ. ਦੀਆਂ ਨੀਤੀਆਂ ਲਾਗੂ ਕਰਨ ਅਤੇ ਸਿੱਖ ਡੇਰੇਦਾਰਾਂ ਦੀ ਦੁਕਾਨਦਾਰੀ ਲਈ ਵੀ ਇਕ ਵੰਗਾਰ ਸੀ, ਸੋ ਇਨ੍ਹਾਂ ਤਿੰਨਾਂ ਦੇ ਨਾ-ਪਾਕ ਗੱਠਜੋੜ ਨੇ ਉਸ ਦੀ ਜ਼ਬਾਨ ਬੰਦ ਕਰਨ ਦੀ ਠਾਣ ਲਈ ਅਤੇ ਸਾਜਿਸ਼ ਅਧੀਨ ਆਡਿਟ ਕੀਤੀ ਵੀਡੀਓ ਸੀ ਡੀ ਦਾ ਬਹਾਨਾ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੀ ਬਾਣੀ ਸੰਬੰਧੀ ਇਤਰਾਜ਼ ਯੋਗ ਟਿੱਪਣੀਆਂ ਕਰਨ ਦੇ ਦੋਸ਼ ਅਧੀਨ 5 ਦਸੰਬਰ 2009 ਨੂੰ ਸ਼੍ਰੀ ਅਕਾਲ ਤਖ਼ਤ ’ਤੇ ਹਾਜ਼ਰ ਹੋ ਕੇ ਸਪਸ਼ਟੀਕਰਨ ਦੇਣ ਲਈ ਸੱਦ ਲਿਆ। ਪ੍ਰੋ: ਦਰਸ਼ਨ ਸਿੰਘ ਹਜਾਰਾਂ ਸਮਰਥਕਾਂ ਸਮੇਤ (ਦੋਵੇਂ ਸਰਨ ਭਰਾ ਵੀ ਸ਼ਾਮਲ ਸਨ) ਅਕਾਲ ਤਖ਼ਤ ’ਤੇ ਪਹੁੰਚੇ। ਪੰਜੇ ਗ੍ਰੰਥੀ ਅਕਾਲ ਤਖ਼ਤ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਅਤੇ ਸੰਗਤ ਦੀ ਹਾਜਰੀ ਵਿੱਚ ਪ੍ਰੋ: ਦਰਸ਼ਨ ਸਿੰਘ ਦੀਆਂ ਗੁਰਬਾਣੀ ਅਧਾਰਤ ਦਲੀਲਾਂ ਦਾ ਸਾਹਮਣਾ ਕਰਨ ਤੋਂ ਅਸਮਰਥ ਸਨ। ਇਸ ਲਈ ਉਨ੍ਹਾਂ ਨੇ ਅਕਾਲ ਤਖ਼ਤ ’ਤੇ ਆਉਣ ਤੋਂ ਕੋਰੀ ਨਾ ਕਰਕੇ ਉਨ੍ਹਾਂ ਅੱਗੇ ਬੰਦ ਕੋਠੜੀ ਵਿੱਚ ਪੇਸ਼ ਹੋਣ ਲਈ ਜੋਰ ਦਿੱਤਾ। ਪ੍ਰੋ: ਦਰਸ਼ਨ ਸਿੰਘ ਇਹ ਦਲੀਲ ਦਿੰਦਿਆਂ ਬੰਦ ਕੋਠਰੀ ਵਿੱਚ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਉਨ੍ਹਾਂ ਦਾ ਨਿਜੀ ਮਸਲਾ ਨਹੀਂ ਹੈ ਕਿ ਉਹ ਆਪਣੇ ਆਪ ਨੂੰ ਬਚਾਉਣ ਲਈ ਬੰਦ ਕੋਠਰੀ ਵਿੱਚ ਕੋਈ ਸੌਦੇ ਬਾਜ਼ੀ ਕਰਕੇ ਵਰੀ ਹੋਣ ਦੀ ਕੋਸ਼ਿਸ਼ ਕਰਨ। ਇਹ ਇੱਕ ਪੰਥਕ ਮਸਲਾ ਹੈ ਇਸ ਲਈ ਜੋ ਵੀ ਗੱਲ ਹੋਣੀ ਹੈ ਉਹ ਪੰਥ ਦੀ ਕਚਹਿਰੀ ਅਕਾਲ ਤਖ਼ਤ ’ਤੇ ਹੀ ਹੋਵੇਗੀ। ਅਖੀਰ ਜਦ ਪੰਜੇ ਗ੍ਰੰਥੀ ਅਕਾਲ ਤਖ਼ਤ ’ਤੇ ਆਉਣ ਤੋਂ ਕੋਰੀ ਨਾ ਕਰ ਗਏ ਤਾਂ ਡੇਢ ਘੰਟੇ ਦੀ ਉਡੀਕ ਪਿੱਛੋਂ ਪ੍ਰੋ: ਦਰਸ਼ਨ ਸਿੰਘ ਅਕਾਲ ਤਖ਼ਤ ’ਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਆਪਣਾ ਲਿਖਤੀ ਸਪਸ਼ਟੀਕਰਨ ਅਤੇ ਸਬੂਤ ਵਜੋਂ ਸੰਬੰਧਤ ਵੀਡੀਓ ਸੀਡੀਆਂ ਰੱਖ ਕੇ ਉਥੋਂ ਚਲੇ ਗਏ; ਤਾਂ ਉਸ ਤੋਂ ਕਾਫੀ ਸਮਾ ਪਿੱਛੋਂ ਪੰਜਾਂ ਨੇ ਅਕਾਲ ਤਖ਼ਤ ’ਤੇ ਆ ਕੇ ਝੂਠ ਬੋਲਿਆ ਕਿ ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ’ਤੇ ਸਪਸ਼ਟੀਕਰਨ ਦੇਣ ਲਈ ਸੱਦਿਆ ਗਿਆ ਸੀ ਪਰ ਉਹ ਨਹੀਂ ਆਇਆ ਇਸ ਲਈ ਉਸ ਨੂੰ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਹੈ। ਉਹ ਮਿਤੀ 5 ਜਨਵਰੀ 2010 ਨੂੰ ਨਿਜੀ ਤੌਰ ’ਤੇ ਪੇਸ਼ ਹੋ ਕੇ ਤਨਖ਼ਾਹ ਲਵਾਉਣ। ਇਸ ਤਰ੍ਹਾਂ ਅਕਾਲ ਤਖ਼ਤ ’ਤੇ ਪੇਸ਼ ਨਾ ਹੋਣ ਦਾ ਝੂਠਾ ਦੋਸ਼ ਲਾ ਕੇ 29 ਜਨਵਰੀ 2009 ਨੂੰ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕ ਦਿੱਤਾ।

(3). ਸਿਰਸਾ ਡੇਰਾ ਮੁਖੀ ਦੇ ਸ਼ਰਧਾਲੂ ਪ੍ਰੇਮੀਆਂ ਨੇ ਫਰਵਰੀ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਐਲਾਨੀਆਂ ਤੌਰ ’ਤੇ ਬਾਦਲ ਦਲ ਦੇ ਵਿਰੁੱਧ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ। ਸਿੱਟੇ ਵਜੋਂ ਸਮੁਚੇ ਮਾਲਵੇ ਵਿੱਚ ਅਕਾਲੀ ਦਲ ਦਾ ਤਕਰੀਬਨ ਸਫਾਇਆ ਹੋ ਗਿਆ ਭਾਵੇਂ ਕਿ ਭਾਜਪਾ ਦੀ ਮੱਦਦ ਨਾਲ ਬਾਦਲ ਦਲ ਬਹੁਤ ਹੀ ਥੋੜੇ ਮਾਰਜਿਨ ਨਾਲ ਸਰਕਾਰ ਬਣਾਉਣ ਵਿੱਚ ਸਫਲ ਹੋ ਗਿਆ। ਬਾਦਲ ਦਲ ਪ੍ਰੇਮੀਆਂ ਤੋਂ ਕਿਸੇ ਤਰ੍ਹਾਂ ਬਦਲਾ ਲੈਣ ਦੀ ਤਾਕ ਵਿੱਚ ਸੀ। ਉੱਧਰ ਗੁਰਮੀਤ ਰਾਮ ਰਹੀਮ ਨੇ ਗਲਤੀ ਇਹ ਕੀਤੀ ਕਿ ਉਸ ਨੇ ਆਪਣੇ ਇੱਕ ਸਮਾਗਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਬਣਾਉਂਦਿਆਂ ਅੰਮ੍ਰਿਤ ਛਕਾਉਣ ਦੀ ਨਕਲ ਕਰਦਿਆਂ ‘ਜਾਮ-ਏ-ਇੰਸਾਂ’ ਪਿਲਾਇਆ। ਸਿੱਖ ਸਿਧਾਂਤਾਂ ਅਨੁਸਰ ਸਿੱਖ ਕਦੀ ਵੀ ਆਪਣੇ ਗੁਰੂ ਦਾ ਸਵਾਂਗ ਰਚਣ ਵਾਲੇ ਨੂੰ ਮੁਆਫ ਨਹੀਂ ਕਰਦੇ। ਇਸ ਲਈ ਆਮ ਸਿੱਖਾਂ ਵਿੱਚ ਗੁਰਮੀਤ ਰਾਮ ਰਹੀਮ ਵਿਰੁੱਧ ਭਾਰੀ ਗੁੱਸੇ ਦੀ ਲਹਿਰ ਉਠੀ। ਬਾਦਲ ਦਲ ਨੇ ਸਿੱਖਾਂ ਦੇ ਇਸ ਗੁੱਸੇ ਦਾ ਫਾਇਦਾ ਉਠਾਉਂਦੇ ਹੋਏ ਅਕਾਲ ਤਖ਼ਤ ਤੋਂ ਸਿਰਸਾ ਡੇਰਾ ਵਿਰੁੱਧ ਹੁਕਮਨਾਮਾ ਜਾਰੀ ਕਰਵਾ ਦਿੱਤਾ ਕਿ ਸਿੱਖ ਪ੍ਰੇਮੀਆਂ ਦਾ ਸਮਾਜਿਕ ਬਾਈਕਾਟ ਕਰਨ ਅਤੇ ਪੰਜਾਬ ਵਿੱਚ ਉਨ੍ਹਾਂ ਦੀਆਂ ਨਾਮ-ਚਰਚਾਵਾਂ ਨਾ ਹੋਣ ਦਿੱਤੀਆਂ ਜਾਣ ਤੇ ਡੇਰੇ ਬੰਦ ਕਰਵਾਏ ਜਾਣ। ਸਿੱਖਾਂ ਦੇ ਰੋਸ ਅਤੇ ਸਰਕਾਰੀ ਦਬਾਅ ਕਾਰਨ ਪੰਜਾਬ ਵਿੱਚ ਕਈ ਸਾਲ ਤੱਕ ਪ੍ਰੇਮੀਆਂ ਦੀਆਂ ਗਤੀਵਿਧੀਆਂ ਠੱਪ ਹੋ ਕੇ ਰਹਿ ਗਈਆਂ। ਇਸੇ ਸੰਘਰਸ਼ ਦੌਰਾਨ 4 ਸਿੰਘ ਸ਼ਹੀਦ ਹੋ ਗਏ, ਇਕ ਪ੍ਰੇਮੀ ਦਾ ਕਤਲ ਹੋਇਆ ਤੇ ਦੋ ਪ੍ਰੇਮੀਆਂ ਨੇ ਆਪਣੇ ਆਪ ਨੂੰ ਅੱਗ ਲਾ ਕੇ ਆਤਮ ਹੱਤਿਆ ਕਰ ਲਈ। ਆਪਸੀ ਝੜਪਾਂ ਕਾਰਨ ਦੋਵਾਂ ਧਿਰਾਂ ਦੇ ਕਾਫੀ ਵਿਅਕਤੀ ਜਖ਼ਮੀ ਹੋਏ ਤੇ ਕਈਆਂ ਨੇ ਜੇਲ੍ਹਾਂ ਵੀ ਕੱਟੀਆਂ। ਜਦੋਂ ਡੇਰਾ ਪ੍ਰੇਮੀ ਪੂਰੇ ਦਬਾਅ ਅਧੀਨ ਆ ਗਏ ਤਾਂ ਗੁਰਮੀਤ ਰਾਮ ਰਹੀਮ ਨੇ ਬਿਲਕੁਲ ਇਸੇ ਤਰ੍ਹਾਂ ਦੇ ਤਿੰਨ ਵਾਰ ਸਪਸ਼ਟੀਕਰਨ (ਜਿਸ ਤਰ੍ਹਾਂ ਦਾ 24 ਸਤੰਬਰ ਦੀ ਮੀਟਿੰਗ ਵਿੱਚ ਪੰਜ ਗ੍ਰੰਥੀਆਂ ਨੇ ਪ੍ਰਵਾਨ ਕੀਤਾ ਹੈ) ਅਕਾਲ ਤਖ਼ਤ ’ਤੇ ਭੇਜੇ; ਪਰ ਹਰ ਵਾਰੀ ਇਹ ਕਹਿ ਕੇ ਰੱਦ ਕਰ ਦਿੱਤੇ ਜਾਂਦੇ ਰਹੇ ਕਿ ਗੁਰਮੀਤ ਰਾਮ ਰਹੀਮ ਖੁਦ ਅਕਾਲ ਤਖ਼ਤ ’ਤੇ ਆ ਕੇ ਮੁਆਫੀ ਮੰਗੇ ਤਾਂ ਹੀ ਇਸ ’ਤੇ ਵੀਚਾਰ ਹੋ ਸਕਦੀ ਹੈ। ਆਖਰ ਡੇਰੇ ਦੇ ਰਾਜਸੀ ਵਿੰਗ ਨੇ ਬਾਦਲ ਦਲ ਤੱਕ ਪਹੁੰਚ ਕੀਤੀ ਕਿ ਜੇ ਉਹ ਪੰਜਾਬ ਵਿੱਚ ਉਨ੍ਹਾਂ ਦੀਆਂ ਗਤੀਵਿਧੀਆਂ ਕਰਨ ਦੀ ਖੁਲ੍ਹ ਦੇਵੇ ਤਾਂ ਉਹ ਬਾਦਲ ਦਲ ਨੂੰ ਵੋਟਾਂ ਪਾ ਸਕਦੇ ਹਨ। ਬਾਦਲ ਦਲ ਨੂੰ ਹੋਰ ਕੀ ਚਾਹੀਦਾ ਸੀ। ਇਸੇ ਸਮਝੌਤੇ ਅਧੀਨ 2012 ਦੀਆਂ ਵਿਧਾਨ ਸਭਾ ਦੀਆਂ ਚੋਣ ਤੋਂ ਐਨ ਪਹਿਲਾਂ ਗੁਰਮੀਤ ਰਾਮ ਰਹੀਮ ਵਿਰੁੱਧ ਗੁਰੂ ਸਾਹਿਬ ਜੀ ਦਾ ਸਵਾਂਗ ਰਚਾਉਣ ਦੇ ਦੋਸ਼ ਅਧੀਨ ਦਰਜ ਮੁਕੱਦਮਾ ਬਠਿੰਡਾ ਪੁਲਿਸ ਵੱਲੋਂ ਇਸ ਅਧਾਰ ’ਤੇ ਵਾਪਸ ਲੈਣ ਲਈ ਅਦਾਲਤ ਵਿੱਚ ਦਰਖਾਸਤ ਦੇ ਦਿੱਤੀ ਕਿ ਸ਼ਿਕਾਇਤ ਕਰਤਾ ਇਹ ਕੇਸ ਲੜਨਾ ਨਹੀਂ ਚਾਹੁੰਦਾ। ਕੇਸ ਵਾਪਸ ਲੈਣ ਦੀ ਦਰਖ਼ਾਸਤ ਅਦਾਲਤ ਵਿੱਚ ਦਾਖਲ ਹੋਣ ਉਪ੍ਰੰਤ ਪ੍ਰੇਮੀਆਂ ਨੇ ਬਾਦਲ ਦਲ ਨੂੰ ਵੋਟਾਂ ਪਾਈਆਂ। ਸਿੱਟੇ ਵਜੋਂ ਬਠਿੰਡਾ ਸ਼ਹਿਰੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਮ ਰਹੀਮ ਦਾ ਕੁੜਮ ਹਰਿਮੰਦਰ ਸਿੰਘ ਜੱਸੀ ਵੀ ਅਕਾਲੀ ਉਮੀਦਵਾਰ ਹੱਥੋਂ ਚੋਣ ਹਾਰ ਗਿਆ। ਹੋਰ ਵਿਡੰਬਨਾ ਵੇਖੋ ਕਿ ਚੋਣਾਂ ਲੰਘਣ ਉਪ੍ਰੰਤ ਗੁਰਮੀਤ ਰਾਮ ਰਹੀਮ ਵਿਰੁੱਧ ਕੇਸ ਦਰਜ ਕਰਵਾਉਣ ਵਾਲੇ ਆਗੂ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਉਸ ਨੇ ਕੇਸ ਵਾਪਸ ਲੈਣ ਲਈ ਕੋਈ ਦਰਖਾਸਤ ਹੀ ਨਹੀਂ ਦਿੱਤੀ ਤੇ ਉਹ ਕੇਸ ਹਰ ਹਾਲਤ ਲੜੇਗਾ। ਇਸ ਦੇ ਬਾਵਯੂਦ ਅਦਾਲਤ ਵਿੱਚ ਝੂਠਾ ਹਲਫੀਆ ਬਿਆਨ ਦੇਣ ਵਾਲੇ ਕਿਸੇ ਪੁਲਿਸ ਅਫਸਰ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਕਾਰਨ ਇਹ ਸੀ ਕਿ ਸਭ ਕੁਝ ਹੋਇਆ ਤਾਂ ਬਾਦਲ ਸਰਕਾਰ ਦੇ ਕਹਿਣ ’ਤੇ ਹੀ ਸੀ। ਆਖਰ ਹੋਰ ਦੋ ਸਾਲ ਤੱਕ ਕੇਸ ਅਦਾਲਤ ਵਿੱਚ ਲੜਕਦਾ ਰਿਹਾ। ਸ਼ਾਇਦ ਇਹ ਪੂਰੀ ਤਰ੍ਹਾਂ ਡੇਰਾ ਪ੍ਰੇਮੀਆਂ ਨੂੰ ਲੱਤ ਹੇਠੋਂ ਕੱਢਣ ਦੀ ਨੀਤੀ ਤਹਿਤ ਹੋਵੇ। ਅਖੀਰ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਲਈ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਫਿਰ ਸਮਝੌਤਾ ਹੋਇਆ ਜਿਸ ਤਹਿਤ ਗੁਰਮੀਤ ਰਾਮ ਰਹੀਮ ਵਿਰੁੱਧ ਬਾਦਲ ਸਰਕਾਰ ਨੇ ਕੇਸ ਵਾਪਸ ਲੈ ਲਿਆ। ਹੁਣ ਕੇਂਦਰ ਵਿੱਚ ਵੀ ਸਿਆਸੀ ਸਮੀਕਰਨ ਬਦਲ ਚੁੱਕੇ ਹਨ। ਕਾਂਗਰਸ ਦੀ ਥਾਂ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਬਣ ਚੁੱਕੀ ਹੈ। ਸਿਰਸਾ ਡੇਰਾ ਨੇ ਵੀ ਆਪਣੀ ਸਿਆਸੀ ਵਫਾਦਾਰੀ ਬਦਲ ਕੇ ਭਾਜਪਾ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਸਾਰੇ ਡੇਰੇ ਸਿੱਧੇ ਅਸਿੱਧੇ ਤੌਰ ’ਤੇ ਆਰਐੱਸਐੱਸ ਦੀਆਂ ਹੀ ਸ਼ਾਖਾਵਾਂ ਹਨ ਇਸ ਲਈ ਉਹ ਇਨ੍ਹਾਂ ਡੇਰਿਆਂ ਦੀ ਮੱਦਦ ਨਾਲ ਹਰ ਸੂਬੇ ਵਿੱਚ ਭਾਜਪਾ ਸਰਕਾਰਾਂ ਬਣਾਉਣ ਦੀ ਨੀਤੀ ਅਧੀਨ ਬੜੀ ਗੰਭੀਰਤਾ ਨਾਲ ਕੰਮ ਕਰ ਰਹੇ ਹਨ। ਸੋ ਭਾਜਪਾ ਵੀ ਉਸ ਸਿਰਸਾ ਡੇਰੇ ਦੀ ਹਮਾਇਤ ਗਵਾਉਣੀ ਨਹੀਂ ਚਾਹੁੰਦੀ ਸੀ ਜਿਸ ਨੇ ਹਰਿਆਣਾ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਐਲਾਨੀਆਂ ਸਮਰਥਨ ਕੀਤਾ ਸੀ। ਹਾਲਾਂਕਿ ਇਹ ਚਿੱਟੇ ਦਿਨ ਵਾਂਗ ਸਾਫ ਹੈ ਕਿ ਸਿਰਸਾ ਜਿਲ੍ਹਾ; ਜਿਹੜਾ ਡੇਰਾ ਪ੍ਰੇਮੀਆਂ ਦਾ ਗੜ੍ਹ ਮੰਨਿਆਂ ਜਾਂਦਾ ਹੈ; ਉਸ ਵਿੱਚ ਵੀ ਡੇਰੇ ਦੇ ਕੱਟੜ ਵਿਰੋਧੀ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਦੇ ਉਮੀਦਵਾਰਾਂ ਨੇ ਭਾਜਪਾ ਉਮੀਦਵਾਰਾਂ ਨੂੰ ਧੜੱਲੇ ਨਾਲ ਹਰਾਇਆ ਅਤੇ ਪੂਰੀ ਦਿੱਲੀ ਵਿੱਚ ਭਾਜਪਾ ਦਾ ਸਫਾਇਆ ਹੋ ਗਿਆ। ਇਸ ਤੋਂ ਸਪਸ਼ਟ ਹੈ ਕਿ ਸਿਰਸਾ ਡੇਰਾ ਕੋਲ ਉਹ ਵੋਟ ਬੈਂਕ ਨਹੀਂ ਰਿਹਾ ਜਿਸ ਦਾ ਉਹ ਦਾਅਵਾ ਕਰ ਰਿਹਾ ਹੈ। ਪਰ ਸਿਆਸੀ ਲੋਕਾਂ ਦੀ ਕਮਜੋਰੀ ਹੁੰਦੀ ਹੈ ਕਿ ਉਹ ਕੁਝ ਕੁ ਵੋਟਾਂ ਕਾਰਨ ਹੀ ਆਪਣਾ ਦੀਨ ਧਰਮ ਅਤੇ ਰਾਜ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਣ ਤੋਂ ਗੁਰੇਜ ਨਹੀਂ ਕਰਦੇ। ਇਸੇ ਕਮਜੋਰੀ ਕਾਰਨ ਹੀ 2017 ਦੀ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਅਤੇ ਬਾਦਲ ਦਲ ਦੋਵੇਂ ਹੀ ਸਿਰਸਾ ਡੇਰਾ ਪ੍ਰੇਮੀਆਂ ਨੂੰ ਆਪਣੇ ਕਾਲਵੇ ਵਿੱਚ ਲੈਣ ਲਈ ਕਾਹਲੇ ਪਏ ਹੋਏ ਹਨ। ਪਰ ਪੰਜਾਬ ਵਿੱਚ ਡੇਰਾ ਪ੍ਰੇਮੀਆਂ ਵਿਰੁੱਧ ਅਕਾਲ ਤਖ਼ਤ ਦਾ ਹੁਕਮਨਾਮਾ ਇਸ ਵਿੱਚ ਵੱਡੀ ਰੁਕਾਵਟ ਸੀ ਜਿਸ ਨੂੰ ਦੂਰ ਕਰਨ ਲਈ ਬੜੇ ਹੀ ਲੁਕਵੇਂ ਢੰਗ ਨਾਲ ਕਾਹਲੀ ਵਿੱਚ ਇਸ ਹੁਕਮਨਾਮੇ ਨੂੰ ਵਾਪਸ ਲੈ ਲਿਆ ਗਿਆ। ਬੇਸ਼ੱਕ ‘ਭੁਲਣ ਅੰਦਰਿ ਸਭੁ ਕੋ ; ਅਭੁਲੁ ਗੁਰੂ ਕਰਤਾਰੁ ॥’ (ਮਃ 1/ ਪੰਨਾ 61) ਦੇ ਮਹਾਂਵਾਕ ਅਨੁਸਾਰ ਗੁਰਮੀਤ ਰਾਮ ਰਹੀਮ ਸਮੇਤ ਹਰ ਵਿਅਕਤੀ ਗਲਤੀ ਕਰ ਸਕਦਾ ਹੈ ਅਤੇ ਗਲਤੀ ਕਰਨ ਵਾਲਾ ਜੇ ਸੱਚੇ ਦਿਲੋਂ ਗਲਤੀ ਸਵੀਕਾਰ ਕਰਕੇ ਖਿਮਾ ਜਾਚਨਾ ਕਰੇ ਤਾਂ ਉਸ ਨੂੰ ਮੁਆਫ ਕਰਨਾ ਵੀ ਗੁਰਮਤਿ ਸਿਧਾਂਤ ਦੇ ਅਨੁਕੂਲ ਹੈ: ‘ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ ; ਇਹੁ ਬਿਰਦੁ ਸੁਆਮੀ ਸੰਦਾ ॥’ (ਮਃ 5/ ਪੰਨਾ 544) ਇਸ ਲਈ ਜੇ ਸੱਚੇ ਦਿਲੋਂ ਰਾਮ ਰਹੀਮ ਨੇ ਮੁਆਫੀ ਮੰਗੀ ਹੈ ਤਾਂ ਉਸ ਨੂੰ ਮੁਆਫ ਕਰਨ ਵਿੱਚ ਕੋਈ ਹਰਜ਼ ਨਹੀਂ ਹੈ। ਪਰ ਜਿਸ ਤਰ੍ਹਾਂ ਮੀਡੀਏ ਵਿੱਚ ਖ਼ਬਰਾਂ ਆਈਆਂ ਹਨ ਉਸ ਅਨੁਸਾਰ ਅਜੇਹਾ ਕੁਝ ਵੀ ਨਹੀਂ ਹੈ। ਗੁਰਮੀਤ ਰਾਮ ਰਹੀਮ ਵੱਲੋਂ ਸਾਦੇ ਕਾਗਜ਼ ’ਤੇ ਮਿਲੇ ਉਸ ਪੱਤਰ ਵਿੱਚ ਮੁਆਫੀ ਮੰਗਣ ਵਾਲੀ ਕੋਈ ਗੱਲ ਨਹੀਂ ਹੈ। ਉਸ ਨੇ ਤਾਂ ਸਿਰਫ ਇਹ ਲਿਖਿਆ ਹੈ ਕਿ ਉਸ ਨੇ ਕਦੇ ਵੀ ਕਿਸੇ ਗੁਰੂ ਦੀ ਬਰਾਬਰੀ ਜਾਂ ਨਕਲ ਨਹੀਂ ਕੀਤੀ ਅਤੇ ਨਾ ਹੀ ਅੱਗੇ ਨੂੰ ਕਰੇਗਾ। ਜਦੋ ਇਸ ਸਪਸ਼ਟੀਕਰਨ ਨੂੰ ਹੀ ਪੰਜ ਗ੍ਰੰਥੀਆਂ ਨੇ ਪ੍ਰਵਾਨ ਕਰ ਲਿਆ ਹੈ ਤਾਂ ਇਸ ਫੈਸਲੇ ਨੇ ਅਕਾਲ ਤਖ਼ਤ ਅਤੇ ਸਿੱਖਾਂ ਦੇ ਮਾਨ ਸਨਮਾਨ ਨੂੰ ਭਾਰੀ ਢਾਹ ਲਾਈ ਹੈ ਕਿਉਂਕਿ ਇਸ ਫੈਸਲੇ ’ਤੇ ਹੇਠ ਲਿਖੇ ਕਈ ਸਵਾਲ ਖੜ੍ਹੇ ਹੁੰਦੇ ਹਨ:

(ੳ) ਜੇ ਰਾਮ ਰਹੀਮ ਦਾ ਇਹ ਸਪਸ਼ਟੀਕਰਨ ਸੱਚਾ ਹੈ ਤਾਂ ਬਿਨਾਂ ਹੀ ਪੜਤਾਲ ਕੀਤਿਆਂ 2007 ਵਿੱਚ ਉਸ ਵਿਰੁੱਧ ਹੁਕਮਨਾਮਾ ਜਾਰੀ ਹੀ ਕਿਉਂ ਕੀਤਾ ਸੀ ? ਕੀ ਇਸ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਸਿਰਫ ਡੇਰਾ ਪ੍ਰੇਮੀਆਂ ਵੱਲੋਂ ਬਾਦਲ ਦਲ ਨੂੰ ਵੋਟਾਂ ਨਾ ਪਾਉਣ ਦਾ ਬਦਲਾ ਲੈਣ ਲਈ ਹੀ ਅਕਾਲ ਤਖ਼ਤ ਦੀ ਦਰਵਰਤੋਂ ਕਰਕੇ ਡੇਰੇ ਵਿਰੁੱਧ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਅਤੇ ਸਿੱਖਾਂ ਨੇ ਬਿਨਾਂ ਕਾਰਨ ਹੀ ਡੇਰਾ ਪ੍ਰੇਮੀਆਂ ਵਿਰੁੱਧ ਸੰਘਰਸ਼ ਛੇੜ ਕੇ ਪੰਜਾਬ ਦੇ ਅਮਨ ਚੈਨ ਨੂੰ ਅੱਗ ਲਾਈ ਰੱਖੀ ?

(ਅ) ਜੇ ਇਹ ਸਪਸ਼ਟੀਕਰਨ ਸੱਚਾ ਹੈ ਅਤੇ ਇਸ ਨੂੰ ਪੰਜ ਗ੍ਰੰਥੀਆਂ ਵੱਲੋਂ ਪ੍ਰਵਾਨ ਕਰਨਾ ਸਹੀ ਹੈ ਤਾਂ ਪਹਿਲਾਂ ਬਿਲਕੁਲ ਇਸੇ ਤਰ੍ਹਾਂ ਦੇ ਤਿੰਨ ਵਾਰ ਭੇਜੇ ਗਏ ਸਪਸ਼ਟੀਕਰਨ ਰੱਦ ਕਿਉਂ ਕੀਤੇ ਗਏ ਅਤੇ ਇਹ ਅੜੀ ਕਿਉਂ ਕੀਤੀ ਗਈ ਕਿ ਰਾਮ ਰਹੀਮ ਨਿਜੀ ਤੌਰ ’ਤੇ ਪੇਸ਼ ਹੋ ਕੇ ਮੁਆਫੀ ਮੰਗੇ ? ਹੁਣ ਉਸ ਨੂੰ ਨਿੱਜੀ ਪੇਸ਼ੀ ਤੋਂ ਛੋਟ ਦੇ ਕੇ ਮੁਆਫੀ ਕਿਸ ਅਧਾਰ ’ਤੇ ਦਿੱਤੀ ਗਈ ?

(ੲ) ਜੇ ਰਾਮ ਰਹੀਮ ਦਾ ਕਿਸੇ ਗੁੰਮਨਾਮ ਵਿਅਕਤੀ (ਜਿਸ ਦੀ ਪਛਾਣ ਖ਼ੁਦ ਗਿਆਨੀ ਗੁਰਬਚਨ ਸਿੰਘ ਵੀ ਦੱਸਣ ਤੋਂ ਇਨਕਾਰੀ ਹੈ) ਰਾਹੀਂ ਇੱਕ ਸਾਦੇ ਕਾਗਜ਼ ’ਤੇ ਭੇਜਿਆ ਗਿਆ ਸਪਸ਼ਟੀਕਰਨ ਪੰਜੇ ਗ੍ਰੰਥੀਆਂ ਲਈ ਪ੍ਰਵਾਨ ਕਰਨਯੋਗ ਹੈ ਤਾਂ ਸ: ਕਾਲ਼ਾ ਅਫਗ਼ਾਨਾ ਵੱਲੋਂ ਸੈਂਕੜੇ ਵਿਅਕਤੀਆਂ ਰਾਹੀਂ ਭੇਜੇ ਗਿਆ ਸਪਸ਼ਟੀਕਰਨ ਅਤੇ ਪ੍ਰੋ: ਦਰਸ਼ਨ ਸਿੰਘ ਵੱਲੋਂ ਹਜਾਰਾਂ ਨਾਮਵਰ ਸਿੱਖਾਂ ਦੀ ਹਾਜਰੀ ਵਿੱਚ ਖੁਦ ਅਕਾਲ ਤਖ਼ਤ ’ਤੇ ਹਾਜਰ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੱਖਿਆ ਗਿਆ ਸਪਸ਼ਟੀਕਰਨ ਕਿਸ ਅਧਾਰ ’ਤੇ ਰੱਦ ਕੀਤੇ ਗਏ ? ਕੀ ਇਸ ਦਾ ਕਾਰਨ ਇਹ ਨਹੀਂ ਹੈ ਕਿ ਉਕਤ ਦੋਵੇਂ ਸਿੱਖ ਫਿਲਾਸਫਰ ਅਤੇ ਸਿੱਖ ਪ੍ਰਚਾਰਕ ਨੂੰ ਆਰਐੱਸਐੱਸ, ਬਾਦਲ ਦਲ ਅਤੇ ਸਹਿਯੋਗੀ ਡੇਰੇਦਾਰਾਂ ਨੂੰ ਭਾਉਂਦੇ ਨਹੀਂ ਪਰ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰਨ ਵਿੱਚ ਆਰਐੱਸਐੱਸ, ਭਾਜਪਾ ਅਤੇ ਬਾਦਲ ਦਲ ਤਿੰਨੇ ਹੀ ਡੂੰਘੀ ਦਿਲਚਸਪੀ ਰਖਦੇ ਹਨ?

(ਸ) ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਯੂਨਾਇਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਵੱਲੋਂ ਕੀਤੇ ਜਾ ਰਹੇ ਦਾਅਵੇ ਅਨੁਸਾਰ ਗੁਰਮੀਤ ਰਾਮ ਰਹੀਮ ਦਾ ਸਪਸ਼ਟੀਕਰਨ ਭਾਜਪਾ ਆਗੂ ਕਿਰਨ ਬੇਦੀ 23 ਸਤੰਬਰ ਨੂੰ ਲੈ ਕੇ ਆਈ ਜਿਸ ਨੂੰ ਬੜੀ ਹੀ ਕਾਹਲੀ ਨਾਲ 24 ਸਤੰਬਰ ਨੂੰ ਵਿਸ਼ੇਸ਼ ਮੀਟਿੰਗ ਸੱਦ ਕੇ ਪੰਜਾਂ ਗ੍ਰੰਥੀਆਂ ਨੇ ਪ੍ਰਵਾਨ ਵੀ ਕਰ ਲਿਆ ਅਤੇ ਗੁਰਮੀਤ ਰਾਮ ਰਹੀਮ ਦੀ ਫਿਲਮ ਐੱਮਐੱਸਜੀ-2 ਜਿਸ ’ਤੇ ਪੰਜਾਬ ਸਰਕਾਰ ਨੇ ਪਹਿਲਾਂ ਅਣਐਲਾਨੀ ਪਾਬੰਦੀ ਲਾਈ ਹੋਈ ਸੀ; ਉਹ 25 ਸਤੰਬਰ ਨੂੰ ਰੀਲੀਜ਼ ਵੀ ਕਰਾ ਦਿੱਤੀ। ਕੀ ਇਹ ਸਿੱਧ ਨਹੀਂ ਕਰਦਾ ਕਿ ਅੰਦਰਖਾਤੇ ਇਹ ਸਕੀਮ ਪਹਿਲਾਂ ਤੋਂ ਹੀ ਘੜੀ ਹੋਈ ਸੀ ਪਰ ਲੋਕਾਂ ਅਤੇ ਮੀਡੀਏ ਨੂੰ ਇਸ ਸਭ ਕੁਝ ਤੋਂ ਅਤਿ ਗੁਪਤ ਰੱਖਿਆ ਗਿਆ। ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਜੋ ਇਸ ਫੈਸਲੇ ਦਾ ਜੋਰਦਾਰ ਸਮਰਥਨ ਕਰ ਰਹੇ ਹਨ; ਕੀ ਉਹ ਦੱਸਣਗੇ ਕਿ ਜਿਹੜਾ ਫੈਸਲਾ ਸਮੁਚੀ ਸਿੱਖ ਕੌਮ ਨਾਲ ਸਬੰਧਤ ਹੋਵੇ ਉਸ ਨੂੰ ਇਸ ਗੁਪਤ ਢੰਗ ਨਾਲ ਨਜਿੱਠਣ ਵਿੱਚ ਉਨ੍ਹਾਂ ਦੀ ਕੀ ਮਜ਼ਬੂਰੀ ਸੀ ਤੇ ਕੌਮ ਦੀਆਂ ਭਾਵਨਾਵਾਂ ਜਾਨਣ ਦੀ ਕੋਸ਼ਿਸ਼ ਕਿਉਂ ਨਹੀਂ ਕਤੀ ਗਈ ?

(ਹ) ਹੈਰਾਨੀ ਦੀ ਗੱਲ ਇਹ ਹੈ ਕਿ ਕਿਰਨ ਬੇਦੀ ਇਸ ਗੱਲ ਤੋਂ ਇਨਕਾਰੀ ਹੈ ਕਿ ਉਹ ਗੁਰਮੀਤ ਰਾਮ ਰਹੀਮ ਦਾ ਸਪਸ਼ਟੀਕਰਨ ਲੈ ਕੇ ਆਈ ਹੈ ਅਤੇ ਗਿਆਨੀ ਗੁਰਬਚਨ ਸਿੰਘ ਇਹ ਦੱਸਣ ਤੋਂ ਇਨਕਾਰੀ ਹੈ ਕਿ ਸਪਸ਼ਟੀਕਰਨ ਕੌਣ ਲੈ ਕੇ ਆਇਆ ਹੈ ? ਕੀ ਇਹ ਸਭ ਕੁਝ ਇਹ ਸਿੱਧ ਨਹੀਂ ਕਰਦਾ ਕਿ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਦਾ ਇਹ ਦੋਸ਼ ਸਹੀ ਹੈ ਕਿ ਫੈਸਲੇ ਆਰਐੱਸਐੱਸ ਕਰਦੀ ਹੈ ਅਤੇ ਜਥੇਦਾਰ ਤਾਂ ਸਿਰਫ ਇਸ ’ਤੇ ਦਸਤਖ਼ਤ ਕਰਕੇ ਪੜ੍ਹ ਕੇ ਹੀ ਸੁਣਾਉਂਦੇ ਹਨ ?

(ਕ) ਜਦ ਹੁਣ ਸਭ ਨੂੰ ਚਿੱਟੇ ਦਿਨ ਵਾਂਗ ਸਪਸ਼ਟ ਹੋ ਚੁੱਕਾ ਹੈ ਕਿ ਅਕਾਲ ਤਖ਼ਤ ਤੇ ਫੈਸਲੇ ਜਥੇਦਾਰ ਨਹੀਂ ਬਲਕਿ ਆਰਐੱਸਐੱਸ ਜਾਂ ਉਸ ਦੀਆਂ ਹਦਾਇਤਾਂ ’ਤੇ ਬਾਦਲ ਪ੍ਰਵਾਰ ਕਰਦਾ ਹੈ ਅਤੇ ਜਥੇਦਾਰ ਤਾਂ ਸਿਰਫ ਦਸਤਖ਼ਤ ਕਰਕੇ ਪੜ੍ਹ ਕੇ ਹੀ ਸੁਣਾਉਂਦੇ ਹਨ; ਇਸ ਦੇ ਬਾਵਯੂਦ ਇਨ੍ਹਾਂ ਕਠਪੁਤਲੀਆਂ ਨੂੰ ਸਰਬਉਚ ਜਥੇਦਾਰ ਮੰਨ ਕੇ ਉਨ੍ਹਾਂ ਦੇ ਅਖੌਤੀ ਹੁਕਮਨਾਮਿਆਂ ਅੱਗੇ ਸਿਰ ਝੁਕਾਈ ਜਾਣ ਵਾਲੇ ਸਿੱਖ ਕੀ ਇਹ ਸਿੱਧ ਨਹੀਂ ਕਰ ਰਹੇ ਹਨ ਕਿ ਬਿਬੇਕਹੀਣਤਾ ਵਿੱਚ ਉਹ ਵੀ ਡੇਰਾ ਪ੍ਰੇਮੀ ਜਾਂ ਹੋਰ ਕਿਸੇ ਦੇਹਧਾਰੀਆਂ ਦੇ ਚੇਲਿਆਂ ਨਾਲੋਂ ਘੱਟ ਨਹੀਂ ਹਨ। ਕਿਉਂਕਿ ਜੇ ਦੇਹਧਾਰੀਆਂ ਦੇ ਚੇਲੇ ਸ਼ਬਦ ਗੁਰੂ ਦੀ ਥਾਂ ਦੇਹਧਾਰੀ ਗੁਰੂਆਂ ਨੂੰ ਪੂਜ ਰਹੇ ਹਨ ਤਾਂ ਸਿੱਖ ਵੀ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬਉਚ ਮੰਨਣ ਦੀ ਥਾਂ ਕਠਪੁਤਲੀ ਜਥੇਦਾਰਾਂ ਨੂੰ ਸਰਬਉੱਚ ਐਲਾਨੀ ਜਾ ਰਹੇ ਹਨ। ਜੇ ਰਾਮ ਰਹੀਮ ਆਪਣੇ ਸ਼੍ਰਧਾਲੂਆਂ ਨੂੰ ਵੋਟ ਬੈਂਕ ਦੇ ਤੌਰ ’ਤੇ ਵਰਤ ਕੇ ਸਿਆਸੀ ਤਿਕਬਮਬਾਜ਼ੀਆਂ ਖੇਲ੍ਹ ਰਿਹਾ ਹੈ ਤਾਂ ਬਾਦਲ ਦਲ ਵੀ ਆਪਣੇ ਵੱਲੋਂ ਨਿਯੁਕਤ ਕੀਤੇ ਜਥੇਦਾਰਾਂ ਰਾਹੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਦੁਰਉਪਯੋਗ ਕਰਕੇ ਸਿੱਖਾਂ ਦੇ ਜ਼ਜ਼ਬਾਤਾਂ ਨਾਲ ਖੇਲ੍ਹ ਰਿਹਾ ਹੈ। ਦੋਵਾਂ ਧਿਰਾਂ ਸਿਰਫ ਸਿੱਖਾਂ ਦੇ ਮੁਜ਼ਰਿਮ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਦੀਆਂ ਮੁਜ਼ਰਿਮ ਹਨ ਕਿਉਂਕਿ ਇਹ ਦੋਵੇ ਹੀ ਆਪਣੇ ਨਿਜੀ ਹਿੱਤਾਂ ਦੀ ਪੂਰਤੀ ਲਈ ਆਪਣੇ ਆਪਣੇ ਸ਼੍ਰਧਾਲੂਆਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਆਪਸੀ ਭਾਈਚਾਰੇ ਦੀ ਸਾਂਝ ਅਤੇ ਸੂਬੇ ਦੀ ਅਮਨ ਸ਼ਾਂਤੀ ਨੂੰ ਜਾਣੇ ਅਣਜਾਣੇ ਭਾਰੀ ਖਤਰਾ ਪੈਦਾ ਕਰਨ ਦੇ ਰਾਹ ਪਏ ਹੋਏ ਹਨ।

ਇਨ੍ਹਾਂ ਹਾਲਤਾਂ ਵਿੱਚ ਸੂਝਵਾਨ ਸਿੱਖਾਂ ਲਈ ਵੱਡੀ ਦੁਬਿਧਾ ਬਣੀ ਹੋਈ ਹੈ ਕਿ ਉਹ ਕਰਨ ਤਾਂ ਕੀ ਕਰਨ। ਕੁਝ ਜ਼ਜ਼ਬਾਤੀ ਸਿੱਖ ਜਥੇਦਾਰਾਂ ਦੇ ਪੁਤਲੇ ਸਾੜਨ ਅਤੇ ਪੰਜਾਬ ਬੰਧ ਦੇ ਅਲਟੀਮੇਟਮ ਦੇ ਰਹੇ ਹਨ। ਪਰ ਹੈਰਾਨੀ ਇਹ ਹੈ ਕਿ ਇਸ ਦੇ ਨਾਲ ਹੀ ਉਹ, ਉਨ੍ਹਾਂ ਹੀ ਗ੍ਰੰਥੀਆਂ; ਜਿਨ੍ਹਾਂ ਨੂੰ ਉਹ ਕਠਪੁਤਲੀ ਜਥੇਦਾਰ ਕਹਿ ਰਹੇ ਹਨ; ਨੂੰ ਸਿੰਘ ਸਾਹਿਬ ਕਹਿ ਕੇ ਅਪੀਲਾਂ ਵੀ ਕਰ ਰਹੇ ਹਨ ਕਿ ਡੇਰਾ ਸਿਰਸਾ ਪ੍ਰੇਮੀਆਂ ਨੂੰ ਮੁਆਫ ਕੀਤੇ ਜਾਣ ਵਾਲੇ ਹੁਕਨਾਮੇ ’ਤੇ ਮੁੜ ਵੀਚਾਰ ਕਰਨ ਜਾਂ ਵਾਪਿਸ ਲੈਣ। ਇਹ ਸਮਝ ਨਹੀਂ ਆਉਂਦੀ ਕਿ ਜਿਹੜੇ ਹੋਏ ਹੀ ਕਠਪੁਤਲੀ ਉਹ ਆਪਣੇ ਤੌਰ ’ਤੇ ਹੁਕਮਨਾਮਾ ਵਾਪਸ ਕਿਵੇਂ ਲੈ ਸਕਦੇ ਹਨ ? ਜੇ ਵਾਪਸ ਲੈ ਵੀ ਲੈਣ ਤਾਂ ਉਸ ਦੀ ਅਹਿਮਤ ਹੀ ਕੀ ਰਹਿ ਜਾਵੇਗੀ ? ਜਿਹੜੇ ਜਥੇਦਾਰ ਆਪਣੇ ਵੱਲੋਂ ਜਾਰੀ ਕੀਤੇ ਹੁਕਮਨਾਮੇ ਨੂੰ ਹੁਣ ਤੱਕ ਲਾਗੂ ਨਹੀਂ ਕਰਵਾ ਸਕੇ; ਬਾਦਲ ਪ੍ਰਵਾਰ ਦੀ ਸਰਕਾਰ ਜਦੋਂ ਮਰਜੀ ਹੁੰਦੀ ਹੈ ਉਸ ਹੁਕਮਨਾਮੇ ਦੇ ਹੁੰਦਿਆਂ ਹੀ ਰਾਮ ਰਹੀਮ ਵਿਰੁੱਧ ਦਰਜ ਕੇਸ ਵਾਪਸ ਲੈ ਲੈਂਦੀ ਹੈ; ਉਸ ਦੀਆਂ ਨਾਮ ਚਰਚਾਵਾਂ ਸਰਕਾਰੀ ਸੁਰੱਖਿਆ ਅਧੀਨ ਕਰਵਾਉਂਦੇ ਹਨ ਤੇ ਹੁਕਮਨਾਮਾ ਲਾਗੂ ਕਰਵਾ ਰਹੇ ਜ਼ਜ਼ਬਾਤੀ ਸਿੰਘਾਂ ਨੂੰ ਫੜ ਕੇ ਜੇਲ੍ਹ ਸੁੱਟ ਦਿਤਾ ਜਾਂਦਾ ਹੈ ਪਰ ਇਹ ਕਠਪੁਤਲੀ ਜਥੇਦਾਰ ਉਨ੍ਹਾਂ ਨੂੰ ਹੁਕਮਨਾਮੇ ਦਾ ਚੇਤਾ ਕਰਵਾਉਣ ਦੀ ਸਮਰੱਥਾ ਵੀ ਨਹੀਂ ਰਖਦੇ ਤਾਂ ਦੱਸੋ ਉਸ ਹੁਕਮਨਾਮੇ ਨੂੰ ਵਾਪਸ ਲੈਣ ਜਾਂ ਨਾ ਲੈਣ ਉਸ ਦਾ ਸਿੱਖ ਕੌਮ ਨੂੰ ਕੀ ਲਾਭ ਹੋ ਸਕਦਾ ਹੈ ? ਸੋ ਇਸ ਮੁਆਫੀ ਵਾਲੇ ਹੁਕਨਾਮੇ ਨੂੰ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਜਥੇਦਾਰਾਂ ਦੇ ਪੁਤਲੇ ਸਾੜਨ ਜਾਂ ਪੰਜਾਬ ਬੰਦ ਕਰਵਾ ਕੇ ਆਮ ਲੋਕਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰਨ ਨਾਲ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਸਗੋਂ ਆਮ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰਕੇ ਉਨ੍ਹਾਂ ਦੀ ਨਰਾਜ਼ਗੀ ਸਹੇੜਨ ਦਾ ਜੋਖ਼ਮ ਉਠਾਉਣਾ ਪਏਗਾ। ਜੇ ਉਹ ਕੁਝ ਕਰ ਸਕਦੇ ਹਨ ਤਾਂ ਕਰਨਾ ਸਿਰਫ ਇਹ ਚਾਹੀਦਾ ਹੈ ਕਿ ਇਨ੍ਹਾਂ ਕਠਪੁਤਲੀ ਜਥੇਦਾਰਾਂ ਵੱਲੋਂ ਖਾਸ ਕਰਕੇ ਮਈ 2003 ਤੋਂ ਬਾਅਦ ਜਾਰੀ ਕੀਤੇ ਸਾਰੇ ਹੁਕਮਨਾਮੇ ਰੱਦ ਕਰ ਦੇਣੇ ਚਾਹੀਦੇ ਹਨ, ਅੱਗੇ ਤੋਂ ਜਦ ਤੱਕ ਜਥੇਦਾਰਾਂ ਦੀ ਨਿਯੁਕਤੀ ਅਤੇ ਬਰਖਾਸਤਗੀ ਕਿਸੇ ਪੰਥਕ ਜੁਗਤੀ ਅਧੀਨ ਕਰਨ ਲਈ ਸਰਬ ਪ੍ਰਵਾਨਤ ਵਿਧੀ ਵਿਧਾਨ ਨਹੀਂ ਬਣਦਾ ਉਸ ਸਮੇਂ ਤੱਕ ਕਿਸੇ ਵੀ ਪੰਥਕ ਫੈਸਲੇ ਲਈ ਇਨ੍ਹਾਂ ਨੂੰ ਅਪੀਲਾਂ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ; ਕਿਸੇ ਵੀ ਧਾਰਮਿਕ ਸਮਾਗਮ ਵਿੱਚ ਬੁਲਾੳਣਾ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਜਿਹੜੀ ਆਰਐੱਸਐੱਸ ਤੇ ਬਾਦਲ ਦਲ ਇਨ੍ਹਾਂ ਜਥੇਦਾਰਾਂ ਨੂੰ ਕਠਪੁਤਲੀ ਬਣਾਉਣ ਦੀਆਂ ਦੋਸ਼ੀ ਹਨ ਉਨ੍ਹਾਂ ਦੇ ਮੂੰਹ ’ਤੇ ਕਰਾਰੀ ਚਪੇੜ ਮਾਰਨ ਲਈ ਉਨ੍ਹਾਂ ਨੂੰ ਚੋਣਾਂ ਵਿੱਚ ਸਬਕ ਸਿਖਾਉਣ ਲਈ ਆਪਣੇ ਵੋਟ ਦੀ ਯੋਗ ਵਰਤੋਂ ਕਰਨ ਲਈ ਕੋਈ ਨੀਤੀ ਘੜੀ ਜਾਵੇ। ਇਹ ਤਾਂ ਲੇਖਕ ਵੱਲੋਂ ਸਿਰਫ ਸੁਝਾਉ ਹੀ ਹਨ ਬਾਕੀ ਫੈਸਲਾ ਸਮੁਚੇ ਪੰਥ ਨੇ ਪੰਥਕ ਭਾਵਨਾਵਾਂ ਨੂੰ ਮੁੱਖ ਰੱਖ ਕੇ ਆਪ ਕਰਨਾ ਹੈ।

‘ਜਥੇਦਾਰ ਜੰਜਾਲ ਮੁਕਤ ਦਿਨ’

0

‘ਜਥੇਦਾਰ ਜੰਜਾਲ ਮੁਕਤ ਦਿਨ’

ਕੁਲਵੰਤ ਸਿੰਘ ਢੇਸੀ

ਗੁਰੂ ਪਿਆਰੇ ਖਾਲਸਾ ਜੀ

ਦਾਸ ਦੀ ਤੁੱਛ ਬੁੱਧੀ ਅਨੁਸਾਰ ਬੇਹਿਸਾਬ ਕੁੜੀਆਂ ਮਾਰਨ ਵਾਲੇ ਸਿੱਖਾਂ ਨੂੰ ਇੱਕ ਅਰਦਾਸ ਦਿਨ ਵੀ ਮਨਾਉਣਾ ਚਾਹੀਦਾ ਹੈ ਤਾਂ ਕਿ ਇਸ ਗੰਭੀਰ ਗੁਨਾਹ ਤੋਂ ਤੋਬਾ ਕਰਨ ਲਈ ਅਰਦਾਸ ਕੀਤੀ ਜਾਵੇ ਅਤੇ ਇਸ ਦੇ ਨਾਲ ਨਾਲ ਨਸ਼ਾ ਜਾਗਰੂਕ ਦਿਨ, ਸਿਆਸਤਦਾਨ ਸੁਰਤ ਸੰਭਾਲ ਦਿਨ ਅਤੇ ‘ਜਥੇਦਾਰ ਜੰਜਾਲ ਮੁਕਤ ਦਿਨ’ ਵਰਗੇ ਦਿਨ ਮਨਾ ਕੇ ਵਿਆਪਕ ਚਣੌਤੀਆਂ ਨੂੰ ਸਨਮੁਖ ਹੋਣਾਂ ਚਾਹੀਦਾ ਹੈ।

ਆਪ ਗੁਰਸਿੱਖਾਂ ਦਾ ਦਾਸ ‘ਕੁਲਵੰਤ ਸਿੰਘ ਢੇਸੀ’

ਰਤ ਭਿੱਜੀਆਂ ਯਾਦਾਂ

0

ਰਤ ਭਿੱਜੀਆਂ ਯਾਦਾਂ

ਡਾ: ਹਰਸ਼ਿੰਦਰ ਕੌਰ-0175-2216783

ਮੈਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਸੀ ਜਦੋਂ ਮੇਰੀ ਇੱਕ ਸਹੇਲੀ ਦੇ ਮੰਮੀ ਕਾਫ਼ੀ ਬਿਮਾਰ ਹੋ ਗਏ। ਅਸੀਂ ਤਿੰਨ ਸਹੇਲੀਆਂ ਉਨ੍ਹਾਂ ਦਾ ਹਾਲ ਚਾਲ ਪੁੱਛਣ ਗਈਆਂ। ਅਸੀਂ ਹਾਲ ਪੁੱਛ ਕੇ ਕੋਲ ਬਹਿ ਗਏ ਅਤੇ ਅੱਗੋਂ ਕੁੱਝ ਗੱਲ ਕਰਨ ਬਾਰੇ ਹਾਲੇ ਸੋਚ ਹੀ ਰਹੇ ਸੀ ਕਿ ਆਂਟੀ ਕਹਿਣ ਲੱਗੇ: ‘ਬੱਚਿਓ ! ਤੁਸੀਂ ਬਹੁਤ ਵਧੀਆ ਸਮੇਂ ਵਿੱਚ ਪੈਦਾ ਹੋਏ ਹੋ। ਅਸੀਂ ਜਿਹੜਾ ਸਮਾਂ ਵੇਖਿਆ ਹੈ, ਉਹ ਰਬ ਕਿਸੇ ਨੂੰ ਨਾ ਵਿਖਾਏ।’

ਏਨਾ ਕਹਿੰਦੇ ਹੋਏ ਉਨ੍ਹਾਂ ਦੀਆਂ ਅੱਖਾਂ ਭਰ ਗਈਆਂ। ਮੇਰੀ ਸਹੇਲੀ ਨੇ ਟੋਕਿਆ ਕਿ ਉਹ ਆਰਾਮ ਕਰ ਲੈਣ ਪਰ ਉਹ ਸ਼ਾਇਦ ਅੰਦਰੋਂ ਭਰੇ ਪਏ ਸਨ, ਇਸੇ ਲਈ ਉਨ੍ਹਾਂ ਗੱਲ ਜਾਰੀ ਰੱਖੀ। ਸਾਨੂੰ ਸੰਬੋਧਨ ਕਰਕੇ ਉਨ੍ਹਾਂ ਪੁੱਛਿਆ ਕਿ ‘ਤੁਹਾਡੇ ਵਿੱਚੋਂ ਕਿਸੇ ਦੇ ਮਾਪੇ ਪਾਕਿਸਤਾਨ ਵਿੱਚੋਂ ਇੱਧਰ ਆ ਕੇ ਵੱਸੇ ਹਨ? ਕਿਸੇ ਦੇ ਮਾਪਿਆਂ ਨੇ 1947 ਦਾ ਕਤਲੇਆਮ ਵੇਖਿਆ ਹੈ ?’ ਮੈਂ ਹਾਮੀ ਭਰੀ ਕਿ ਮੇਰੇ ਮਾਪੇ ਪਾਕਿਸਤਾਨੋਂ ਉੱਜੜ ਕੇ ਆਏ ਸਨ ਤੇ ਬਹੁਤ ਮੁਸ਼ਕਲ ਜਾਨ ਬਚਾ ਕੇ ਇੱਧਰ ਪਹੁੰਚੇ ਸਨ। ਲਹੂ ਦੀਆਂ ਨਦੀਆਂ ਵਹੀਆਂ ਸਨ।

ਆਂਟੀ ਕਹਿਣ ਲੱਗੇ: ‘ਮੇਰੀ ਕਹਾਣੀ ਕੁੱਝ ਵੱਖ ਤਰ੍ਹਾਂ ਦੀ ਹੈ। ਮੈਂ ਉਦੋਂ ਦਸ ਵਰ੍ਹਿਆਂ ਦੀ ਸੀ ਜਦੋਂ ਮੇਰੇ ਭਰਾ, ਭੈਣ ਤੇ ਮਾਪੇ ਮੀਰਪੁਰ, ਪਾਕਿਸਤਾਨ ਤੋਂ ਉੱਜੜ ਕੇ ਰਿਫਿਊਜੀ ਕੈਂਪ ਪਹੁੰਚੇ। ਪੂਰਾ ਇੱਕ ਮਹੀਨਾ ਅਸੀਂ ਉੱਥੇ ਰੁਲੇ। ਭੁੱਖੇ ਭਾਣੇ, ਪਾਟੇ ਕੱਪੜਿਆਂ ਵਿੱਚ ਹਰ ਪਲ ਮਰ ਕੇ ਅਸੀਂ ਸਮਾਂ ਕੱਢਿਆ। ਇਹ ਵੀ ਨਹੀਂ ਸੀ ਪਤਾ ਕਿ ਕਦੋਂ ਮੁੱਲਿਆਂ ਨੇ ਹੱਲਾ ਬੋਲ ਕੇ ਸਾਨੂੰ ਵੱਢ ਸੁੱਟਣਾ ਸੀ। ਸਾਰੀਆਂ ਰਾਤਾਂ ਜਾਗ ਕੇ, ਕੰਬਦੇ, ਡਰਦੇ, ਰੱਬ ਰੱਬ ਕਰਦੇ ਅਸੀਂ ਲੰਘਾਈਆਂ। ਇੱਕ ਇੱਕ ਪਲ ਇੱਕ ਸਾਲ ਵਾਂਗ ਜਾਪਦਾ ਸੀ। ਅਸੀਂ ਅੱਠ ਭੈਣ ਭਰਾ ਸੀ ਪਰ ਸਮਾਂ ਸਾਡੇ ਉੱਤੇ ਮਿਹਰਬਾਨ ਨਹੀਂ ਸੀ।’

ਏਨਾ ਕਹਿੰਦੇ ਹੀ ਆਂਟੀ ਰੋ ਪਏ। ਅਸੀਂ ਉਨ੍ਹਾਂ ਨੂੰ ਪਾਣੀ ਪਿਆਇਆ ਤੇ ਚੁੱਪ ਹੋਣ ਲਈ ਕਿਹਾ ਪਰ ਉਹ ਬੋਲਣ ਨੂੰ ਕਾਹਲੇ ਸਨ। ਉਨ੍ਹਾਂ ਗੱਲ ਜਾਰੀ ਰੱਖੀ: ‘ਛੇ ਦਿਨਾਂ ਬਾਅਦ ਹੀ ਇੱਕ ਸ਼ਾਮ ‘ਅੱਲਾ ਹੂ’ ਦੇ ਨਾਅਰੇ ਲਾਉਂਦੀ ਭੀੜ ਸਾਡੇ ਕੈਂਪ ਉੱਤੇ ਟੁੱਟ ਪਈ। ਉਨ੍ਹਾਂ ਕਈ ਜਣਿਆਂ ਨੂੰ ਵੱਢ ਸੁੱਟਿਆ ਤੇ ਕਈ ਔਰਤਾਂ ਨੂੰ ਘੜੀਸ ਕੇ ਬਾਹਰ ਲੈ ਗਏ। ਮੇਰੀ 16 ਵਰ੍ਹਿਆਂ ਦੀ ਵੱਡੀ ਭੈਣ ਤੇ 20 ਸਾਲਾਂ ਦੀ ਭੂਆ ਨੂੰ ਇੰਜ ਧੂਇਆ, ਇੰਜ ਘੜੀਸਿਆ ਕਿ ਉਨ੍ਹਾਂ ਮੁੱਲਿਆਂ ਦੇ ਅੱਲਾ ਹੂ ਦੇ ਭਿਆਨਕ ਰੌਲੇ ਵਿੱਚ ਉਨ੍ਹਾਂ ਦੀਆਂ ਚੀਕਾਂ ਦਫ਼ਨ ਹੋ ਗਈਆਂ। ਕਿੰਨੀਆਂ ਕੁੜੀਆਂ ਉਸ ਕੈਂਪ ਵਿੱਚੋਂ ਚੁੱਕੀਆਂ ਗਈਆਂ ਸਨ। ਚੁਫੇਰੇ ਲਹੂ ਤੇ ਲਾਸ਼ਾਂ ਖਿਲਰੀਆਂ ਪਈਆਂ ਸਨ। ਮੈਨੂੰ ਇੱਕ ਕੱਪੜਿਆਂ ਦੇ ਢੇਰ ਹੇਠਾਂ ਲੁਕਾ ਦਿੱਤਾ ਹੋਇਆ ਸੀ ਤੇ ਮੇਰੇ ਮੰਮੀ ਇੱਕ ਲਾਸ਼ ਹੇਠਾਂ ਦੱਬੇ ਰਹਿਣ ਕਾਰਨ ਬਚ ਗਏ। ਮੇਰੇ ਪਿਉ ਦੀ. …।’ ਏਨਾ ਕਹਿੰਦਿਆਂ ਉਹ ਉੱਚੀ ਉੱਚੀ ਫੇਰ ਰੋਣ ਲੱਗ ਪਏ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਡੋਬੂ ਪੈਣ ਲੱਗ ਪਏ ਸਨ। ਸਾਡੀਆਂ ਵੀ ਅੱਖਾਂ ਗਿਲੀਆਂ ਹੋਈਆਂ ਪਈਆਂ ਸਨ। ਹੁਣ ਤਾਂ ਸਾਡੇ ਵਿੱਚੋਂ ਕਿਸੇ ਦੀ ਹਿੰਮਤ ਨਹੀਂ ਸੀ ਕਿ ਆਂਟੀ ਨੂੰ ਚੁੱਪ ਹੋਣ ਲਈ ਕਹਿੰਦੇ। ਸਾਡੀ ਸਹੇਲੀ ਨੇ ਸ਼ਾਇਦ ਕਈ ਵਾਰ ਇਸ ਘਟਨਾ ਬਾਰੇ ਆਪਣੀ ਮਾਂ ਕੋਲੋਂ ਸੁਣਿਆ ਸੀ, ਇਸੇ ਲਈ ਉਹ ਵੀ ਅੱਖਾਂ ਪੂੰਝਦੀ ਅੰਦਰ ਚਲੀ ਗਈ ਕਿਉਂਕਿ ਉਸ ਨੂੰ ਪਤਾ ਸੀ ਕਿ ਅਗਲੀ ਗੱਲ ਉਸ ਤੋਂ ਸੁਣੀ ਨਹੀਂ ਜਾਣੀ।

ਕਾਫ਼ੀ ਚਿਰ ਹਉਂਕੇ ਲੈਣ ਤੋਂ ਬਾਅਦ ਆਂਟੀ ਬੋਲੇ: ‘ਜਿਸ ਸਿਰ ਵੱਢੀ ਲਾਸ਼ ਹੇਠਾਂ ਮੇਰੇ ਮੰਮੀ ਦੱਬੇ ਹੋਏ ਬਚੇ ਸੀ, ਉਹ ਮੇਰੇ ਪਿਤਾ ਦੀ ਲਾਸ਼ ਸੀ। ਮੇਰਾ ਪਿਉ ਓਨ੍ਹਾਂ ਮੁੱਲਿਆਂ ਨੇ ਵੱਢ ਸੁੱਟਿਆ ਪਰ ਮਰਦੇ ਹੋਏ ਵੀ ਪਾਪਾ ਮੇਰੀ ਮਾਂ ਨੂੰ ਬਚਾ ਗਏ।’

ਆਂਟੀ ਰੋਂਦੇ ਰਹੇ ਤੇ ਗੱਲ ਸੁਣਾਉਂਦੇ ਰਹੇ। ਅਸੀਂ ਵੀ ਰੋ ਪਈਆਂ ਪਰ ਸਾਡੀ ਸਹੇਲੀ ਅੰਦਰੋਂ ਬਾਹਰ ਨਹੀਂ ਆਈ। ਆਂਟੀ ਨੇ ਦੱਸਿਆ: ‘ਉਸ ਦਿਨ ਦੀ ਯਾਦ ਮੈਂ ਭੁਲਾ ਨਹੀਂ ਸਕਦੀ। ਕੈਂਪ ਵਿਚਲੀਆਂ ਜਿੰਨੀਆਂ ਵੀ ਜਵਾਨ ਕੁੜੀਆਂ ਬਚੀਆਂ ਸਨ, ਉਨ੍ਹਾਂ ਸਾਰੀਆਂ ਨੂੰ ਰਾਤ ਇੱਕਠੀਆਂ ਕਰਕੇ ਜ਼ਹਿਰ ਪੀਣ ਲਈ ਦੇ ਦਿੱਤਾ ਗਿਆ ਤਾਂ ਜੋ ਮੁੱਲੇ ਉਨ੍ਹਾਂ ਨੂੰ ਚੁੱਕ ਕੇ ਲਿਜਾਣ ਲਈ ਦੁਬਾਰਾ ਕੈਂਪ ਉੱਤੇ ਹੱਲਾ ਨਾ ਬੋਲਣ। ਦਸ ਸਾਲਾਂ ਤੋਂ ਉੱਤੇ ਦੀਆਂ ਸਾਰੀਆਂ ਕੁੜੀਆਂ ਉਸ ਰਾਤ ਮਾਰ ਦਿੱਤੀਆਂ ਗਈਆਂ। ਉਸ ਤੋਂ ਛੋਟੀ ਉਮਰ ਦੀਆਂ ਬੱਚੀਆਂ ਨੂੰ ਮੁੱਲੇ ਹੱਥ ਨਹੀਂ ਸੀ ਲਾਉਂਦੇ। ਮੈਂ ਉਦੋਂ ਪੂਰੇ ਦਸ ਵਰ੍ਹਿਆਂ ਦੀ ਸੀ। ਇਸੇ ਲਈ ਉਸ ਰਾਤ ਮੈਂ ਬਚ ਗਈ। ਸਾਰੀ ਰਾਤ ਮੈਂ ਆਪਣੇ ਮੰਮੀ ਦੀ ਬੁੱਕਲ ਵਿੱਚ ਬਹਿ ਕੇ ਕੱਢੀ। ਸਾਡੇ ਟੱਬਰ ਦੇ ਦਸ ਜੀਆਂ ’ਚੋਂ ਅਸੀਂ ਦੋ ਹੀ ਬਚੇ ਸਾਂ। ਉਹ ਖੌਫ਼ਨਾਕ ਰਾਤ ਮੈਂ ਕਦੇ ਨਹੀਂ ਭੁਲਾ ਸਕੀ। ਅਸੀਂ ਤਾਂ ਲਹੂ ਦੀਆਂ ਨਦੀਆਂ ਪਾਰ ਕਰਕੇ ਹਿੰਦੁਸਤਾਨ ਪੁੱਜ ਗਏ ਪਰ ਲਹੂ ਲੁਹਾਨ ਹੋਇਆ ਦਿਲ ਹਾਲੇ ਵੀ ਠੀਕ ਨਹੀਂ ਹੋ ਸਕਿਆ। ਪਤਾ ਜੇ ਬੱਚਿਓ ! ਚਾਰ ਮਹੀਨਿਆਂ ਬਾਅਦ ਮੇਰੀ ਭੈਣ ਤੇ ਭੂਆ ਬਾਰੇ ਪਤਾ ਲੱਗਿਆ ਪਰ ਉਹ ਜ਼ਿੰਦਾ ਵੀ ਮੁਰਦਿਆਂ ਵਰਗੀਆਂ ਸਨ। ਉਨ੍ਹਾਂ ਦੀ ਅਜਿਹੀ ਹਾਲਤ ਹੀ ਨਹੀਂ ਸੀ ਕਿ ਇੱਧਰ ਕਿਸੇ ਨੂੰ ਮੂੰਹ ਵਿਖਾ ਸਕਦੀਆਂ। ਉੱਥੇ ਹੀ ਰੁਲ ਗਈਆਂ। ਨਾ ਉਨ੍ਹਾਂ ਦਾ ਘਰ ਵੱਸਿਆ ਤੇ ਨਾ ਸਾਡੇ ਨਾਲ ਅੱਗੋਂ ਉਨ੍ਹਾਂ ਦਾ ਸੰਪਰਕ ਬਣਿਆ। ਖ਼ੌਰੇ ਕਿਵੇਂ ਰੁਲੀਆਂ ਤੇ ਕਿਵੇਂ ਮਰੀਆਂ। ਕੀ ਕਸੂਰ ਸੀ ਉਨ੍ਹਾਂ ਦਾ ? ਦੁਸ਼ਮਣੀ ਦੇਸਾਂ ਦੀ ਤੇ ਭੁਗਤਣ ਔਰਤਾਂ! ਹਾਏ ਵੇ ਮੁੱਲਿਓ ਤੁਹਾਡਾ ਕੱਖ਼ ਨਾ ਰਹੇ।’

ਏਨਾ ਕਹਿ ਕੇ ਉਹ ਉੱਚੀ ਉੱਚੀ ਫਿਰ ਰੋਣ ਲੱਗ ਪਏ। ਸਾਨੂੰ ਸਿਰ ਫੱਟਦਾ ਹੋਇਆ ਮਹਿਸੂਸ ਹੋ ਰਿਹਾ ਸੀ। ਉੱਥੇ ਹੋਰ ਬੈਠਣਾ ਔਖਾ ਹੋਇਆ ਪਿਆ ਸੀ। ਮੈਨੂੰ ਅੱਜ ਵੀ ਯਾਦ ਹੈ ਕਿ ਉਸ ਦਿਨ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਪਾਕਿਸਤਾਨੀਆਂ ਪ੍ਰਤੀ ਮੇਰੇ ਮਨ ਵਿੱਚ ਏਨੀ ਨਫ਼ਰਤ ਭਰ ਗਈ ਕਿ ਪੁੱਛੋ ਨਾ। ਘਰ ਆ ਕੇ ਆਪਣੇ ਮੰਮੀ ਤੋਂ ਪੁੱਛਿਆ ਤਾਂ ਉਨ੍ਹਾਂ ਵੀ ਕੁੱਝ ਅਜਿਹੀਆਂ ਹੀ ਕਹਾਣੀਆਂ ਸੁਣਾਈਆਂ ਪਰ ਮੇਰੇ ਮੰਮੀ ਨੇ ਦੱਸਿਆ ਕਿ ਹਿੰਦੁਸਤਾਨ ’ਚ ਵੀ ਮੁਸਲਮਾਨ ਔਰਤਾਂ ਨਾਲ ਇਹੋ ਕੁਝ ਹੋਇਆ ਸੀ। ਸੋ ਇੱਕਤਰਫ਼ਾ ਕਹਾਣੀ ਸੁਣ ਕੇ ਆਪਣੇ ਮਨ ਨੂੰ ਨਫ਼ਰਤ ਨਾਲ ਨਹੀਂ ਭਰ ਲੈਣਾ ਚਾਹੀਦਾ।

ਅੱਜ ਦੇ ਦਿਨ ਜਿੰਨੀਆਂ ਖੌਫ਼ਨਾਕ ਘਟਨਾਵਾਂ ਪੜ੍ਹਨ ਨੂੰ ਮਿਲਦੀਆਂ ਹਨ, ਉਹ ਪਿਛਲੀਆਂ ਸਾਰੀਆਂ ਘਟਨਾਵਾਂ ਨੂੰ ਮਾਤ ਪਾਉਂਦੀਆਂ ਹਨ। ਕਦੇ ਕਦੇ ਤਾਂ ਇਹ ਜਾਪਦਾ ਹੈ ਕਿ ਅਸੀਂ ਸੰਨ 1947 ਦੀ ਵੰਡ ਵਿੱਚ ਹੋਏ ਤਸ਼ੱਦਦ ਤੋਂ ਕਈ ਗੁਣਾਂ ਉਤਾਂਹ ਟੱਪ ਚੁੱਕੇ ਹਾਂ। ਹੁਣ ਇਹ ਖ਼ਬਰ ਹੀ ਲਵੋ। ਮਲੇਰਕੋਟਲੇ ’ਚ ਇੱਕ ਸਕੇ ਚਾਚੇ ਵੱਲੋਂ ਆਪਣੀ ਹੀ ਨਾਬਾਲਗ਼ ਮੰਦਬੁੱਧ ਭਤੀਜੀ ਸਾਬਰੀ ਨੂੰ ਵਰਗਲਾ ਕੇ ਲਿਸਾੜਾ ਡਰੇਨ ਵਿਖੇ ਲਿਜਾ ਕੇ ਜਬਰ ਜ਼ਿਨਾਹ ਕਰਨ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਸਾੜਣ ਦੀ ਕੋਸ਼ਿਸ਼ ਕੀਤੀ। ਅੱਧ ਸੜੀ ਲਾਸ਼ ਨੂੰ ਡਰੇਨ ’ਚ ਸੁੱਟ ਕੇ ਚਾਚਾ ਫਰਾਰ ਹੋ ਗਿਆ। ਲਾਸ਼ ਮਿਲਣ ਬਾਅਦ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਉਸ ਨੇ ਦੱਸਿਆ ਕਿ ਪਿਉ ਦੀ ਰੰਜਿਸ਼ ਦਾ ਬਦਲਾ ਉਸ ਨੇ ਉਹਦੀ ਧੀ ਤੋਂ ਲਿਆ ਹੈ। ਇੱਕ ਹੋਰ ਖ਼ਬਰ ’ਚ ਕੋਟਕਪੂਰੇ ਦੇ ਮੌੜ ਪਿੰਡ ਦੀ ਅੱਠ ਵਰ੍ਹਿਆਂ ਦੀ ਗ਼ਰੀਬ ਬੱਚੀ ਨੂੰ ਗਵਾਂਢੀ ਨੇ ਖੇਤ ’ਚ ਲਿਜਾਕੇ ਆਪਣੇ ਦੋਸਤ ਨਾਲ ਰਲ ਕੇ ਜਬਰ ਜ਼ਿਨਾਹ ਕਰਨ ਤੋਂ ਬਾਅਦ ਗਲਾ ਘੁੱਟ ਕੇ ਮਾਰ ਦਿੱਤਾ। ਇਹੋ ਜਿਹੀਆਂ ਅਨੇਕ ਖ਼ਬਰਾਂ ਰੋਜ਼ ਛਪ ਰਹੀਆਂ ਹਨ, ਜਿਨ੍ਹਾਂ ’ਚ ਸੱਤ ਮਹੀਨਿਆਂ ਦੀ ਬੱਚੀ ਦਾ ਸਮੂਹਕ ਬਲਾਤਕਾਰ ਤੇ ਨੱਬੇ ਵਰ੍ਹਿਆਂ ਦੀ ਬਜ਼ੁਰਗ ਮਾਂ ਦਾ ਜਬਰ ਜ਼ਿਨਾਹ ਸ਼ਾਮਲ ਹਨ। ਅੱਜ ਦੇ ਦਿਨ ਮੈਨੂੰ ਇਹ ਫੈਸਲਾ ਕਰਨ ਵਿੱਚ ਦਿੱਕਤ ਮਹਿਸੂਸ ਹੋ ਰਹੀ ਹੈ ਕਿ ਵੰਡ ਦੇ ਸਮੇਂ ਦੇ ਲੋਕ ਜ਼ਿਆਦਾ ਜ਼ਾਲਮ ਸਨ, ਜਿਹੜੇ ਦਸ ਵਰ੍ਹਿਆਂ ਤੋਂ ਛੋਟੀਆਂ ਬੱਚੀਆਂ ਅਤੇ ਬਜ਼ੁਰਗ ਔਰਤਾਂ ਨੂੰ ਛੱਡ ਦਿੰਦੇ ਸਨ, ਕਿ ਅੱਜ ਦੇ ਲੋਕ ਵੱਧ ਹੈਵਾਨ ਹੋ ਚੁੱਕੇ ਹਨ, ਜੋ ਜੰਮਦੀ ਬੱਚੀ ਤੋਂ ਲੈ ਕੇ ਕਿਸੇ ਵੀ ਉਮਰ ਦੀ ਔਰਤ ਜ਼ਾਤ ਨੂੰ ਚੱਬ ਰਹੇ ਹਨ? ਅੱਜ ਉਹ ਆਂਟੀ ਇਸ ਦੁਨੀਆਂ ’ਚ ਨਹੀਂ ਰਹੇ ਪਰ, ਉਨ੍ਹਾਂ ਦੀ ਕਹੀ ਗੱਲ ਚੇਤੇ ਆ ਰਹੀ ਹੈ: ‘ਤੁਸੀਂ ਤਾਂ ਸੁਭਾਗੇ ਸਮੇਂ ’ਚ ਪੈਦਾ ਹੋਏ ਹੋ। ਤੁਹਾਨੂੰ ਤਾਂ ਕਿਸੇ ਦੁਸ਼ਮਣ ਤੋਂ ਕੋਈ ਖ਼ਤਰਾ ਨਹੀਂ।’ ਕਿਵੇਂ ਦੱਸਾਂ ਉਨ੍ਹਾਂ ਨੂੰ ਕਿ ਹੁਣ ਤਾਂ ਸਾਨੂੰ ਦੁਸ਼ਮਣਾਂ ਦੀ ਲੋੜ ਹੀ ਨਹੀਂ ਰਹੀ। ਆਪਣੇ ਹੀ ਘਰਾਂ ’ਚ ਪਲ ਰਹੀਆਂ ਨਿੱਕੀਆਂ ਕਲੀਆਂ ਨੂੰ ਵਾੜ ਹੀ ਖਾਣ ਵੱਢਣ ਲੱਗ ਪਈ ਹੈ। ਸ਼ੁਕਰ ਹੈ ਕਿ ਆਂਟੀ ਨੇ ਇਹ ਸਮਾਂ ਨਹੀ ਵੇਖਿਆ ! ਉਹ ਔਖਾ ਸਮਾਂ ਤਾਂ ਜਰ ਗਏ ਸਨ। ਪਰ ਇਹ ਭਿਆਨਕ ਕਤਲੇਆਮ, ਉਹ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਰੋਜ਼, ਆਜ਼ਾਦ ਹਿੰਦੁਸਤਾਨ ਵਿਚ, ਉਹ ਸ਼ਾਇਦ ਸਹਿ ਨਾ ਸਕਦੇ! ਮੇਰੇ ਵਿੱਚ ਤਾਂ ਹੁਣ ਹਿੰਮਤ ਨਹੀਂ ਕਿ ਆਪਣੀ ਬੇਟੀ ਨੂੰ
ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਦੇ ਨਿੱਘਰੇ ਮੌਜੂਦਾ ਹਾਲਾਤ ਬਾਰੇ ਚਾਨਣਾ ਪਾ ਕੇ ਸਮਝਾ ਸਕਾਂ ਕਿ ਅੱਗੋਂ ਆਉਣ ਵਾਲਾ ਸਮਾਂ ਕਿੰਨਾ ਭਿਆਨਕ ਹੋਣ ਵਾਲਾ ਹੈ! ਰੱਬ ਹੀ ਰਾਖਾ! ਜੇ ਧਰਤੀ ਦਾ ਅੰਤ ਨਿਸ਼ਚਿਤ ਹੈ, ਤਾਂ ਉਹ ਵੇਲਾ ਬਹੁਤਾ ਦੂਰ ਨਹੀਂ ਕਿਉਂਕਿ ਮਾਂ ਨੂੰ ਵੀ ਹੁਣ ਚੀਰਹਰਨ ਕਰਨ ਬਾਅਦ ਵੱਢ ਟੁੱਕ ਕੇ, ਸਾੜ ਕੇ, ਕੁੱਤਿਆਂ ਅੱਗੇ ਸੁੱਟ ਕੇ, ਉਸ ਦੀ ਹੋਂਦ ਖ਼ਤਮ ਕਰਨ ਦਾ ਵੱਲ ਬੰਦਿਆਂ ਨੇ ਸਿੱਖ ਲਿਆ ਹੈ! ਅੱਜ ਦੇ ਹਾਲਾਤ ਅਨੁਸਾਰ ਮੈਂ ਵੀ ਆਂਟੀ ਵਾਲੀਆਂ ਉਹੀ ਸਤਰਾਂ ਦੁਹਰਾ ਸਕਦੀ ਹਾਂ: ‘ਅਸੀਂ ਜਿਹੜਾ ਸਮਾਂ ਵੇਖਿਆ ਹੈ, ਉਹ ਰੱਬ ਕਿਸੇ ਨੂੰ ਨਾ ਵਿਖਾਏ!’

ਡਾ: ਹਰਸ਼ਿੰਦਰ ਕੌਰ, ਐਮ ਡੀ, ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)

ਤਿਆਰ ਹੋ ਕੇ ਬਾਹਰ ਨਿਕਲੋ

0

ਬਾਲ ਸੰਸਾਰ

ਤਿਆਰ ਹੋ ਕੇ ਬਾਹਰ ਨਿਕਲੋ

ਦਲੀਪ ਸਿੰਘ ਵਾਸਨ, ਐਡਵੋਕੇਟ

ਆਦਮੀ ਅਤੇ ਜਾਨਵਰ ਵਿੱਚ ਇਹ ਫ਼ਰਕ ਹੈ ਕਿ ਆਦਮੀ ਸਾਫ਼ ਸੁਥਰਾ ਹੋ ਕੇ ਅਤੇ ਕਪੜੇ ਪਾ ਕੇ ਘਰੋਂ ਬਾਹਰ ਨਿਕਲਦਾ ਹੈ। ਜਾਨਵਰ ਨੂੰ ਇਹ ਸਹੂਲਤਾਂ ਪ੍ਰਾਪਤ ਨਹੀਂ ਹਨ। ਅਸੀਂ ਬਚੇ ਹਾਂ, ਪਰ ਸਾਡੇ ਮਾਤਾ ਪਿਤਾ ਸਾਨੂੰ ਇਸ਼ਨਾਨ ਕਰਾਉਂਦੇ ਹਨ, ਸਾਡੇ ਦੰਦ, ਕੰਨ, ਹੱਥ ਪੈਰ, ਬਾਹਾਂ ਸਾਫ਼ ਕਰਕੇ ਸਾਡੇ ਵਾਲ ਸਾਫ਼ ਕਰਕੇ, ਤੇਲ ਲਗਾ ਕੇ ਅਤੇ ਕੰਘੀ ਕਰਕੇ ਸਾਨੂੰ ਤਿਆਰ ਕਰਦੇ ਹਨ। ਸਾਡੇ ਮਾਪੇ ਕਦੀ ਵੀ ਸਾਨੂੰ ਘਰੋਂ ਬਾਹਰ ਨੰਗਾ ਨਹੀਂ ਸਨ ਭੇਜਦੇ। ਇਹ ਗੱਲਾਂ ਅਸੀਂ ਯਾਦ ਰੱਖਣੀਆਂ ਹਨ। ਜਦੋਂ ਅਸੀਂ ਵਡੇ ਹੋ ਜਾਂਦੇ ਹਾਂ ਤਾਂ ਵੀ ਇਹ ਗੱਲਾਂ ਯਾਦ ਰੱਖਣੀਆਂ ਹਨ। ਅਸੀਂ ਵਕਤ ਸਿਰ ਤਿਆਰ ਹੋ ਜਾਣਾ ਹੈ। ਪਤਾ ਨਹੀਂ ਘਰੋਂ ਬਾਹਰ ਕਦੋਂ ਨਿਕਲਣਾ ਪੈ ਜਾਵੇ। ਅਗਰ ਅਸੀਂ ਤਿਆਰ ਹੋ ਕੇ ਅਤੇ ਕਪੜੇ ਪਾ ਕੇ ਬਾਹਰ ਨਹੀਂ ਨਿਕਲਾਂਗੇ ਤਾਂ ਲੋਕੀਂ ਸਾਡਾ ਮਜ਼ਾਕ ਉਡਾਉਣਗੇ। ਇਹ ਗੱਲ ਅਸੀਂ ਯਾਦ ਰਖਣੀ ਹੈ।

ਅਸੀਂ ਅਗਰ ਮਰਦ ਹਾਂ ਤਾਂ ਸਾਡੇ ਕੱਪੜੇ ਮਰਦਾ ਵਾਲੇ ਹੋਣੇ ਚਾਹੀਦੇ ਹਨ ਅਤੇ ਅਗਰ ਅਸੀਂ ਔਰਤ ਹਾਂ ਤਾਂ ਸਾਡੇ ਕਪੜੇ ਔਰਤਾਂ ਵਾਲੇ ਹੋਣੇ ਚਾਹੀਦੇ ਹਨ। ਕੱਪੜਿਆਂ ਦਾ ਰੰਗ ਅਤੇ ਸਿਲਾਈ ਸਾਡੇ ਉੱਤੇ ਜਚਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਅਸੀਂ ਕਾਰਟੂਨ ਹੀ ਲਗੀ ਜਾਈਏ। ਸਾਡੇ ਕੱਪੜੇ ਸਾਫ਼ ਹੋਣੇ ਚਾਹੀਦੇ ਹਨ ਅਤੇ ਪ੍ਰੈਸ ਕੀਤੇ ਹੋਏ ਹੋਣੇ ਚਾਹੀਦੇ ਹਨ।

ਅਸੀਂ ਆਪਣੇ ਵਾਲਾਂ ਨੂੰ ਸਾਫ਼ ਰੱਖਣਾ ਹੈ ਅਤੇ ਕੰਘੀ ਫ਼ੇਰ ਕੇ ਹੀ ਬਾਹਰ ਨਿਕਲਣਾ ਹੈ। ਅਗਰ ਅਸੀਂ ਸਿਰ ਉੱਤੇ ਪਟਕਾ ਬੰਨਦੇ ਹਾਂ ਜਾਂ ਪਗੜੀ ਬੰਨ੍ਹਦੇ ਹਾਂ ਤਾਂ ਉਹ ਵੀ ਸਹੀ ਢੰਗ ਨਾਲ ਸਜਾਈ ਹੋਣੀ ਚਾਹੀਦੀ ਹੈ ਅਤੇ ਸਾਫ਼ ਵੀ ਹੋਣੀ ਚਾਹੀਦੀ ਹੈ। ਸਾਡੇ ਕੱਪੜਿਆ ਉੱਤੇ ਕਿਸੇ ਕਿਸਮ ਦਾ ਦਾਗ਼ ਲੱਗਿਆ ਨਹੀਂ ਹੋਣਾ ਚਾਹੀਦਾ। ਅਸੀਂ ਜਿਹੜੀ ਜੁੱਤੀ ਪਹਿਨੀ ਹੋਈ ਹੈ ਉਸ ਉੱਤੇ ਵੀ ਬਰੁਸ਼ ਮਾਰਿਆ ਹੋਣਾ ਚਾਹੀਦਾ ਹੈ ਜਾਂ ਕੱਪੜਾ ਫ਼ੇਰ ਕੇ ਜੁਤਾ ਸਾਫ਼ ਕੀਤਾ ਹੋਣਾ ਚਾਹੀਦਾ ਹੈ। ਸਾਡੀਆਂ ਜੁਰਾਬਾ ਵੀ ਸਾਫ਼ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਸਾਨੂੰ ਦੇਖਣ ਵਾਲੇ ਤਾਂ ਇਹ ਵੀ ਦੇਖ ਲੈਂਦੇ ਹਨ ਕਿ ਸਾਡੀ ਜੇਬ ਵਿੱਚ ਜਿਹੜਾ ਰੁਮਾਲ ਹੈ ਉਹ ਧੋਤਾ ਹੋਇਆ ਹੈ ਜਾਂ ਅਸੀਂ ਕਈ ਦਿੰਨਾਂ ਦਾ ਮੈਲਾ ਰੁਮਾਲ ਹੀ ਜੇਬ ਵਿੱਚ ਪਾਈ ਫਿਰਦੇ ਹਾਂ।

ਵੈਸੇ ਤਾਂ ਘਰ ਵਿੱਚ ਵੀ ਸਾਫ਼ ਰਹਿਣਾ ਚਾਹੀਦਾ ਹੈ। ਪਰ ਇਹ ਗੱਲ ਜ਼ਰੂਰ ਯਾਦ ਰੱਖੋ ਕਿ ਘਰੋਂ ਬਾਹਰ ਸਜ ਕੇ ਨਿਕਲਣਾ ਹੈ। ਆਦਮੀ ਦੀ ਪਹਿਲੀ ਪਛਾਣ ਉਸ ਦੇ ਕੱਪੜਿਆਂ ਤੋਂ ਹੁੰਦੀ ਹੈ। ਸਾਡੇ ਕੱਪੜੇ ਇਹ ਦੱਸ ਸਕਦੇ ਹਨ ਕਿ ਸਾਡਾ ਸਭਿਆਚਾਰ ਕੈਸਾ ਹੈ ਅਤੇ ਅਸੀਂ ਕੈਸੇ ਖਾਨਦਾਨ ਨਾਲ ਸਬੰਧ ਰਖਦੇ ਹਾਂ। ਸਾਡੇ ਕੱਪੜੇ ਦੇਖ ਕੇ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡਾ ਖਾਨਦਾਨ ਪੜ੍ਹਿਆ ਲਿਖਿਆ ਹੈ ਜਾਂ ਅਨਪੜ੍ਹਾਂ ਦਾ ਘਰ ਹੈ। ਇਹ ਵੀ ਪਤਾ ਲਗ ਜਾਂਦਾ ਹੈ ਕਿ ਅਸੀਂ ਖਾਂਦੇ ਪੀਂਦੇ ਘਰ ਦੇ ਆਦਮੀ ਹਾਂ ਜਾਂ ਕਿਸੇ ਮਲੰਗ ਘਰ ਦੇ ਹਾਂ।

ਅਸੀਂ ਗ਼ਰੀਬ ਹਾਂ ਤਾਂ ਇਸ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ। ਸਾਡਾ ਕੋਈ ਪਿਤਰ ਸੀ ਜਿਹੜਾ ਵਿਹਲਾ ਫ਼ਿਰਦਾ ਰਿਹਾ ਸੀ ਜਾਂ ਅਫੀਮ ਵਗ਼ੈਰਾ ਖਾ ਕੇ ਸਾਰੀ ਜਾਇਦਾਦ ਖਤਮ ਕਰ ਗਿਆ ਸੀ ਅਤੇ ਉਦੋਂ ਤੋਂ ਸਾਡਾ ਖਾਨਦਾਨ ਗ਼ਰੀਬ ਹੋ ਗਿਆ ਸੀ ਅਤੇ ਮੁੜ ਖੜ੍ਹਾ ਹੀ ਨਹੀਂ ਹੋ ਸਕਿਆ। ਇਹ ਗੁਰਬਤ ਜਿਸ ਘਰ ਵਿੱਚ ਆ ਵੜੇ ਫਿਰ ਸਦੀਆਂ ਤੱਕ ਜਾਣ ਦਾ ਨਾਮ ਹੀ ਨਹੀਂ ਲੈਂਦੀ। ਇਹ ਗੱਲ ਵੀ ਅਸੀਂ ਯਾਦ ਰੱਖਣੀ ਹੈ ਅਤੇ ਅਸੀਂ ਇਹ ਪ੍ਰਣ ਕਰਨਾ ਹੈ ਕਿ ਅਸੀਂ ਆਪਣੇ ਘਰ ਦੀ ਗੁਰਬਤ ਸਦਾ ਲਈ ਮੁਕਾ ਕੇ ਜਾਵਾਂਗੇ।

ਜਦ ਆਦਮੀ ਵਧੀਆ ਕੱਪੜੇ ਪਾ ਕੇ ਜੈਂਟਲਮੈਨ ਬਣ ਹੀ ਗਿਆ ਹੈ ਤਾਂ ਉਸ ਦੀ ਬੋਲ ਚਾਲ ਅਤੇ ਵਤੀਰਾ ਵੀ ਵਧੀਆਂ ਬਣ ਜਾਣਾ ਚਾਹੀਦਾ ਹੈ। ਇਹ ਗੱਲਾਂ ਮੁਸ਼ਕਿਲ ਨਹੀਂ ਹਨ, ਹਰ ਕੋਈ ਕਰ ਸਕਦਾ ਹੈ ਤੇ ਇਨਸਾਨਾਂ ਨੇ ਹੀ ਕੀਤੀਆਂ ਹਨ।

101-ਸੀ ਵਿਕਾਸ ਕਲੋਨੀ, ਪਟਿਆਲਾ-147003

Most Viewed Posts