ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖੀ ਸਰੋਕਾਰਾਂ ਦਾ ਸੰਕਲਪ ਅਤੇ ਮੌਜੂਦਾ ਦੌਰ

0
946

ਗੁਰੂ ਗ੍ਰੰਥ ਸਾਹਿਬ ’ਚ ਮਨੁੱਖੀ ਸਰੋਕਾਰਾਂ ਦਾ ਸੰਕਲਪ ਅਤੇ ਮੌਜੂਦਾ ਦੌਰ

ਡਾ. ਅਮਨਦੀਪ ਸਿੰਘ ਟੱਲੇਵਾਲੀਆ-98146-99446

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਸਿਰਫ਼ ਸਿੱਖਾਂ ਲਈ ਹੀ ਨਹੀਂ ਬਲਕਿ ਸਮੂਹ ਮਾਨਵ ਜਾਤੀ ਲਈ ਹੈ। ਜਿੱਥੇ ਇਸ ਵਿੱਚ ਗੁਰੂ ਸਾਹਿਬਾਨ ਜੀ ਦੀ ਬਾਣੀ ਦਰਜ ਹੈ ਉੱਥੇ ਭਗਤਾਂ, ਭੱਟਾਂ ਅਤੇ ਹੋਰ ਸੂਫ਼ੀ ਕਵੀਆਂ ਦੀ ਬਾਣੀ ਇਸ ਗੱਲ ਦਾ ਸੰਕੇਤ ਹੈ ਕਿ ਇਹ ਬਾਣੀ ਕਿਸੇ ਇੱਕ ਖ਼ਾਸ ਕੌਮ, ਮਜ਼੍ਹਬ ਜਾਂ ਜਾਤ ਦੀ ਰਹਿਨੁਮਾਈ ਹੀ ਨਹੀਂ ਕਰਦੀ ਸਗੋਂ ਇਸ ਬਾਣੀ ਵਿੱਚ ਇੱਕ ਜੀਵਨ ਜਾਚ, ਜ਼ਿੰਦਗੀ ਨੂੰ ਜਿਉਣ ਦਾ ਢੰਗ ਦਰਸਾਇਆ ਗਿਆ ਹੈ।  ਜੋ ਮਨੁੱਖ ਬਾਣੀ ਨੂੰ ਪੜ੍ਹ ਕੇ, ਉਸ ਉੱਪਰ ਅਮਲ ਕਰਕੇ ਆਪਣਾ ਜੀਵਨ ਬਤੀਤ ਕਰਦਾ ਹੈ ਉਹ ਭਵਸਾਗਰ ਨੂੰ ਪਾਰ ਕਰਦਾ ਹੈ, ਇਹ ਨਹੀਂ ਕਿ ਕੇਵਲ ਮੱਥੇ ਟੇਕਣ ਨਾਲ ਹੀ ਪਾਰ ਉਤਾਰਾ ਹੋ ਜਾਵੇਗਾ, ਸਗੋਂ ਇਹ ਬਾਣੀ ਮਨੁੱਖ ਨੂੰ ਨੇ੍ਹਰੇ ਵਿੱਚੋਂ ਕੱਢ ਕੇ ਚਾਨਣੇ ਰਾਹ ਪਾਉਂਦੀ ਹੈ।  ਬਾਣੀ ਕੋਈ ਮੰਤਰ ਜਾਪ ਨਹੀਂ ਬਲਕਿ ਇਹ ਤਾਂ ਇੱਕ ਸੇਧ ਹੈ ਜਿਸ ਰਾਹੀਂ ਮਨੁੱਖ ਆਪਣੀ ਜ਼ਿੰਦਗੀ ਦਾ ਰਾਹ ਸੁਖਾਲਾ ਬਣਾਉਂਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ 3 ਗੁਰਸਿੱਖਾਂ ਦੀ ਬਾਣੀ ਸ਼ਾਮਲ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ।  ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇਸ ਵਿੱਚ ਸ਼ਾਮਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੰਪੂਰਨ ਕੀਤੀ ਸੀ।  ਬਾਅਦ ਵਿੱਚ ਕੁਝ ਉਤਾਰੇ ਭਾਈ ਮਨੀ ਸਿੰਘ ਪਾਸੋਂ ਦਮਦਮਾ ਸਾਹਿਬ ਵਿਖੇ ਕਰਵਾਏ ਗਏ ਸਨ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਨੁੱਖੀ ਸਰੋਕਾਰਾਂ ਦਾ ਸਮੁੱਚਾ ਸੰਕਲਨ ਹੈ।

ਬਰਾਬਰਤਾ ਦਾ ਸੰਕਲਪ

ਜਿਵੇਂ ਕਿ ਉੱਪਰ ਦੱਸ ਹੀ ਚੁੱਕੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਇਸ ਗੱਲ ਦਾ ਕੋਈ ਭੇਦਭਾਵ ਜਾਂ ਵਿਤਕਰਾ ਨਹੀਂ ਕੀਤਾ ਗਿਆ ਕਿ ਕੌਣ ਕਿਸ ਜਾਤ ਨਾਲ ਸੰਬੰਧਿਤ ਹੈ, ਸਗੋਂ ਅਖੌਤੀ ਨੀਵੀਆਂ ਜਾਤਾਂ ਨਾਲ ਸੰਬੰਧਿਤ, ਬਾਣੀਕਾਰਾਂ ਦੀ ਬਾਣੀ ਸ਼ਾਮਲ ਕਰਕੇ ਬਰਾਬਰਤਾ ਦਾ ਸੰਕਲਪ ਪੇਸ਼ ਕੀਤਾ ਹੈ। ‘‘ਸਭੇ ਸਾਝੀਵਾਲ ਸਦਾਇਨਿ..॥’’ ਜਾਂ ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ॥’’ ਦੇ ਕਥਨ ਮੁਤਾਬਿਕ ਕੋਈ ਮਨੁੱਖ ਉੱਚਾ ਜਾਂ ਨੀਵਾਂ ਨਹੀਂ, ਸਗੋਂ ਗੁਰਬਾਣੀ ਵਿੱਚ ਤਾਂ ਉਸ ਮਨੁੱਖ ਨੂੰ ‘ਕਮਜਾਤਿ’ ਕਿਹਾ ਗਿਆ ਹੈ ਜੋ ਆਪਣੇ ‘ਖਸਮ’ ਭਾਵ ਪ੍ਰਮਾਤਮਾ ਨੂੰ ਵਿਸਾਰ ਦਿੰਦਾ ਹੈ। ‘‘ਖਸਮੁ ਵਿਸਾਰਹਿ ਤੇ ਕਮਜਾਤਿ॥’’ ਅਤੇ ‘‘ਅਵਲਿ ਅਲਹ ਨੂਰੁ ਉਪਾਇਆ॥’’ ਦੇ ਕਥਨ ਮੁਤਾਬਿਕ ਕੋਈ ਮਨੁੱਖ ਭਲਾ ਜਾਂ ਬੁਰਾ ਨਹੀਂ ਇਹ ਉਸ ਕਰਤੇ ਅਕਾਲਪੁਰਖ ਦੀ ਸ੍ਰਿਸ਼ਟੀ ਹੈ ਜਿਸ ਦਾ ਅਸੂਲ ਸਭ ਲਈ ਸਾਂਝਾ ਹੈ। ਇਹ ਧਰਤੀ, ਇਹ ਹਵਾ, ਇਹ ਪਾਣੀ, ਸਭ ਦਾ ਸਾਂਝਾ ਹੈ, ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ ਤਾਂ ਸਭ ਮਾਵਾਂ ਦੇ ਸਰੀਰ ਅੰਦਰ ਇੱਕੋ ਕਿਰਿਆ ਹੁੰਦੀ ਹੈ ਅਤੇ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਜਨਮ ਲੈਣ ਦਾ ਤਰੀਕਾ ਵੀ ਇੱਕੋ ਹੀ ਹੈ, ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਬ੍ਰਾਹਮਣ ਨੂੰ ਸਵਾਲ ਕਰਦਿਆਂ ਪੁੱਛਿਆ ਹੈ: ‘‘ਜੌ ਤੂੰ ਬ੍ਰਾਹਮਣੁ, ਬ੍ਰਹਮਣੀ ਜਾਇਆ (ਜੰਮਿਆ)॥ ਤਉ, ਆਨ ਬਾਟ ਕਾਹੇ ਨਹੀ ਆਇਆ ?॥ ਤੁਮ ਕਤ ਬ੍ਰਾਹਮਣ  ?  ਹਮ ਕਤ ਸੂਦ ?॥  ਹਮ ਕਤ ਲੋਹੂ ?  ਤੁਮ ਕਤ ਦੂਧ ?॥’’

ਗੁਰਬਾਣੀ ਵਿੱਚ ਤਰਕ ਦੇ ਅਧਾਰ ’ਤੇ ਗੱਲ ਕੀਤੀ ਗਈ ਹੈ। ਜਦੋਂ ਸਾਰਿਆਂ ਦੇ ਸਰੀਰ ਅੰਦਰ ਇੱਕੋ ਲਾਲ ਰੰਗ ਦਾ ਖੂਨ ਦੌੜ ਰਿਹਾ ਹੈ। ਸਭ ਮਨੁੱਖਾਂ ਨੂੰ ਕਿਰਤ ਕਰਨ ਲਈ ਹੱਥ ਅਤੇ ਸੋਚਣ ਲਈ ਦਿਮਾਗ ਦਿੱਤਾ ਹੋਇਆ ਹੈ ਤਾਂ ਸਮਾਜ ਨੂੰ ਅਸੀਂ ਕਿਵੇਂ ਵੰਡ ਸਕਦੇ ਹਾਂ  ? ਪਰ ਅਖੌਤੀ ਸ਼ੇ੍ਰਣੀਆਂ ਵਿੱਚ ਵੰਡੇ ਸਮਾਜ ਨੂੰ ਇਕ ਸਾਰ ਕਰਨ ਲਈ ਹੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ‘‘ਖਤ੍ਰੀ, ਬ੍ਰਾਹਮਣ, ਸੂਦ, ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥’’ (ਮ: ੫/੭੪੭)  ਹੈ।  ਗੁਰਬਾਣੀ ਦੇ ਬਰਾਬਰਤਾ ਦੇ ਸਿਧਾਂਤ ’ਤੇ ਪਹਿਰਾ ਦਿੰਦੇ ਹੋਏ ਹੀ ‘ਪਹਿਲੇ ਪੰਗਤ ਪਾਛੈ ਸੰਗਤ’ ਦੀ ਚੱਲ ਰਹੀ ਪ੍ਰਥਾ ਸਾਡੇ ਲਈ ਮਾਣ ਵਾਲੀ ਗੱਲ ਹੈ ਜਿੱਥੇ ਬਿਨਾਂ ਕਿਸੇ ਭੇਦਭਾਵ ਦੇ ਸਭਨਾ ਨੂੰ ਲੰਗਰ ਛਕਾਇਆ ਜਾਂਦਾ ਹੈ।

ਬਾਬੇ ਨਾਨਕ ਨਾਲ ਭਾਈ ਮਰਦਾਨਾ ਜੀ ਦਾ ਸਾਥ ‘‘ਨੀਚਾ ਅੰਦਰਿ ਨੀਚ ਜਾਤਿ॥’’ ਦੇ ਸੰਕਲਪ ਨੂੰ ਦ੍ਰਿੜ੍ਹ ਕਰਵਾਉਂਦਾ ਹੈ।  ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਇਸੇ ਗੱਲ ਦਾ ਸੰਕੇਤ ਦੇਂਦੇ ਹਨ ਕਿ ‘ਚਹੁ ਵਰਨਾ’ ਲਈ ਸਾਂਝਾ ਸਥਾਨ, ਜਿੱਥੇ ਕਿਸੇ ਵੀ ਕੌਮ ਜਾਂ ਜਾਤ-ਪਾਤ ਨਾਲ ਸੰਬੰਧਤ ਲੋਕ ਆ ਕੇ ਆਤਮਿਕ ਸ਼ਾਂਤੀ ਦਾ ਪਾਠ ਪੜ੍ਹ ਸਕਦੇ ਹਨ।  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇੱਕੋ ਬਾਟੇ ਵਿੱਚ ਅੰਮ੍ਰਿਤ ਦਾ ਛਕਾਇਆ ਜਾਣਾ ਵੀ ਇਸੇ ਗੱਲ ਦਾ ਸਬੂਤ ਹੈ।

ਅਨੰਦਪੁਰ ਸਾਹਿਬ ਦੀ ਜੰਗ ਸਮੇਂ ਭਾਈ ਘਨ੍ਹਈਆ ਜੀ ਦਾ ਦੁਸ਼ਮਣ ਦੀਆਂ ਫੌਜਾਂ ਨੂੰ ਪਾਣੀ ਪਿਆਉਣਾ ਵੀ ਸਭ ਨੂੰ ਬਰਾਬਰਤਾ ਦਾ ਅਧਿਕਾਰ ਦੇਣਾ ਹੈ: ‘‘ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ, ਹਮ ਕਉ ਬਨਿ ਆਈ ॥’’ (ਮ: ੫/੧੨੯੯)

ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਿੱਖ ਰਾਜ ਦੀ ਸਥਾਪਨਾ ਕਰਕੇ ਜਗੀਰਦਾਰਾਂ ਤੋਂ ਜ਼ਮੀਨਾ ਖੋਹ ਕੇ, ਕਿਰਤੀ ਕਾਮਿਆਂ ਨੂੰ ਉਨ੍ਹਾਂ ਜ਼ਮੀਨਾਂ ਦੀ ਮਾਲਕੀ ਬਖਸ਼ਣੀ ਕੀ ਇਹ ਬਰਾਬਰਤਾ ਜਾਂ ਜਿਸ ਨੂੰ ਅਸੀਂ ਸਮਾਜਵਾਦ ਕਹਿੰਦੇ ਹਾਂ ਉਹ ਨਹੀਂ ?  ਬੇਸ਼ੱਕ ਸਾਨੂੰ ਮਾਰਕਸਵਾਦ ਫਲਸਫੇ ਵਿੱਚ ਜਾਣ ਬੁੱਝ ਕੇ ਉਲਝਾਇਆ ਗਿਆ ਹੈ,  ਪਰ ਜਦੋਂ ਤੱਕ ਅਸੀਂ ਆਪਣੀਆਂ ਜੜ੍ਹਾਂ ਨਾਲ ਨਹੀਂ ਜੁੜਦੇ ਉਦੋਂ ਤੱਕ ਸਮਾਜਵਾਦ, ਸਾਥੋਂ ਕੋਹਾਂ ਦੂਰ ਹੀ ਰਹੇਗਾ।  ਸਮਾਜਵਾਦ ਤਾਂ ਦੂਰ ਹੁਣ ਤਾਂ ਸਾਡੇ ਗੁਰੂ ਘਰਾਂ ਵਿੱਚ ਵੀ ਮਨੂੰਵਾਦੀ ਸੋਚ ਵਾਲੇ ‘ਸੰਤਾਂ’ ਦਾ ਨਿਵਾਸ ਹੋ ਗਿਆ ਹੈ। ਜਿਨ੍ਹਾਂ ਨੇ ਵੱਡੇ ਵੱਡੇ ਚੋਲੇ ਪਹਿਨ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਤਰਾਂ ਅਤੇ ਜਾਪਾਂ ਤੱਕ ਸੀਮਤ ਕਰ ਰੱਖਿਆ ਹੈ ਅਤੇ ਇੱਕੋ ਸੰਗਤ ਅਤੇ ਪੰਗਤ ਵਿੱਚ ਬਹਿ ਕੇ ਖਾਣ ’ਤੇ ਮਨਾਹੀ ਕੀਤੀ ਹੋਈ ਹੈ। ਹੋਰ ਤਾਂ ਹੋਰ, ਹੁਣ ਜਾਤਾਂ ਦੇ ਆਧਾਰ ’ਤੇ ਗੁਰਦੁਆਰੇ ਉਸਰ ਰਹੇ ਹਨ ਅਤੇ ਬਰਾਬਰਤਾ ਦਾ ਸੰਕਲਪ ਸਾਡੇ ਮਨਾਂ ’ਚੋਂ ਖੰਭ ਲਾ ਕੇ ਉੱਡ ਰਿਹਾ ਹੈ, ਕਿਸੇ ਸੋਚੀ ਸਮਝੀ ਚਾਲ ਤਹਿਤ ਇਹ ਸਭ ਵਾਪਰ ਰਿਹਾ ਹੈ।

ਇਸਤਰੀ ਜਾਤੀ ਦਾ ਸਨਮਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸਤਰੀ ਜਾਤੀ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਵੈਸੇ ਤਾਂ ਸਾਰੀ ਗੁਰਬਾਣੀ ਵਿੱਚ ਹੀ ਜੀਵ ਆਤਮਾ ਨੂੰ ਇਸਤਰੀ ਰੂਪ (ਪਤਨੀ) ਵਿੱਚ ਉਭਾਰਿਆ ਗਿਆ ਹੈ ਅਤੇ ਪ੍ਰਭੂ ਨੂੰ ਪਤੀ ਦਾ ਦਰਜਾ ਦਿੱਤਾ ਗਿਆ ਹੈ; ਜਿਵੇਂ:  ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥’’ (ਮ: ੩/੫੯੧)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਹਾਲਾਤ ਹੀ ਅਜਿਹੇ ਸਨ ਜਦੋਂ ਇਸਤਰੀ ਨਾਲ ਮੁੱਢ ਕਦੀਮੋਂ ਹੀ ਵਿਤਕਰਾ ਹੁੰਦਾ ਆ ਰਿਹਾ ਸੀ, ਹੋਰ ਧਰਮ ਗ੍ਰੰਥਾਂ ਵਿੱਚ ਇਸਤਰੀ ਨੂੰ ਪੈਰ ਦੀ ਜੁੱਤੀ ਜਾਂ ਗੁੱਤ ਪਿਛੇ ਮੱਤ, ਕਹਿ ਕੇ ਸੰਬੋਧਿਤ ਕੀਤਾ ਜਾ ਰਿਹਾ ਸੀ ਉਸ ਵੇਲੇ ਗੁਰੂ ਸਾਹਿਬ ਨੇ ਔਰਤ ਨੂੰ ਰਾਜਿਆਂ ਦੀ ਜਣਨੀ ਕਹਿ ਕੇ ਸਤਿਕਾਰਿਆ; ਜਿਵੇਂ :  ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨੁ॥’’

ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਮਾਤਮਾ ਦੇ ਰੂਪ ਵਿੱਚ ਵੇਖਣ ਦਾ ਮਾਣ ਵੀ ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ (ਇਸਤ੍ਰੀ) ਨੂੰ ਹੀ ਪ੍ਰਾਪਤ ਹੋਇਆ ਹੈ।  ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਉਨ੍ਹਾਂ ਦੀ ਸੁਪਤਨੀ ਮਾਤਾ ਖੀਵੀ ਜੀ ਦਾ ਲੰਗਰ ਦੀ ਸੇਵਾ ਸੰਭਾਲ ਕਰਦਿਆਂ ਆਏ ਸ਼ਰਧਾਲੂਆਂ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਪਾਣੀ ਛਕਾਉਣਾ ਵੀ ਇਸੇ ਗੱਲ ਦਾ ਪ੍ਰਤੀਕ ਹੈ।  ਗੁਰੂ ਘਰ ਵਿੱਚ ਮਰਦ-ਇਸਤਰੀ ਪ੍ਰਤੀ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।  ਸ੍ਰੀ ਗੁਰੂ ਅਮਰ ਦਾਸ ਜੀ ਦੇ ਸਮੇਂ ਸਤੀ ਪ੍ਰਥਾ ਜ਼ੋਰਾਂ ਉੱਪਰ ਸੀ।  ਜਦੋਂ ਕਿਸੇ ਨਾਰ ਦਾ ਕੰਤ ਚੜਾਈ ਕਰ ਜਾਂਦਾ ਸੀ ਤਾਂ ਉਸ ਨੂੰ ਉਸ ਦੇ ਨਾਲ ਹੀ (ਚਿਖਾ ਵਿੱਚ) ਜਿਉਂਦੀ ਨੂੰ ਸਾੜ ਦਿੱਤਾ ਜਾਂਦਾ ਸੀ। ਉਸ ਸਮੇਂ ਗੁਰੂ ਸਾਹਿਬ ਨੇ ਇਸ ਸਤੀ ਪ੍ਰਥਾ ਦੇ ਵਿਰੁੱਧ ਆਵਾਜ਼ ਉਠਾਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ; ਜਿਵੇਂ: ‘‘ਸਤੀਆ ਏਹਿ ਨ ਆਖੀਅਨਿ; ਜੋ ਮੜਿਆ ਲਗਿ ਜਲੰਨਿ੍।।’’

ਸਿੱਖ ਧਰਮ ਵਿੰਚ ਜਿੰਨਾ ਸਨਮਾਨ, ਇਸ ਧਰਮ ਦੇ ਗੁਰੂਆਂ ਦਾ ਕੀਤਾ ਜਾਂਦਾ ਹੈ ਓਨਾ ਹੀ ਇਹਨਾਂ ਮਹਾਨ ਗੁਰੂਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਜਾਂ ਗੁਰੂ ਮਹਿਲਾਂ ਦਾ ਰੁਤਬਾ ਉੱਚਾ ਹੈ।  ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਔਰਤ ਨੂੰ ਮਰਦ ਦਾ ਈਮਾਨ ਦੱਸਿਆ ਹੈ ਅਤੇ ਔਰਤ ਉੱਪਰ ਹਮਲਾ ਕਰਨ ਤੋਂ ਵਰਜਿਆ ਹੈ।  ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਆਹ ਸਮੇਂ ਜਦੋਂ ਮਾਤਾ ਗੁਜਰੀ ਜੀ ਦੇ ਪਿਤਾ ਭਾਈ ਲਾਲ ਚੰਦ ਜੀ ਨੇ ਕਿਹਾ ਕਿ ਗੁਰੂ ਜੀ ਅਸੀਂ ਤਾਂ ਕੁਝ ਦੇ ਨਹੀਂ ਸਕੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜਿਸ ਨੇ ਧੀ ਦੇ ਦਿੱਤੀ ਉਸ ਨੇ ਸਭ ਕੁਝ ਦੇ ਦਿੱਤਾ।  ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਸਮੇਂ ਮਾਤਾ ਜੀਤੋ ਜੀ ਤੋਂ ਪਤਾਸੇ ਪੁਆ ਕੇ ਇਸਤ੍ਰੀ ਜਾਤੀ ਦੇ ਸਨਮਾਨ ਵਿੱਚ ਵਾਧਾ ਕੀਤਾ ਹੈ।  ਮਾਤਾ ਸਾਹਿਬ ਕੌਰ ਜੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਖਿਤਾਬ ਬਖਸ਼ਿਆ ਹੈ। ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਆਪਣੇ ਖ਼ਾਲਸੇ ਨੂੰ ਕੁੜੀਮਾਰ ਨਾਲੋਂ ਨਾਤਾ ਤੋੜ ਲੈਣਾ ਹੀ ਬੇਹਤਰ ਦੱਸਿਆ ਹੈ। ਇਸੇ ਤਰ੍ਹਾਂ ਅਜਿਹਾ ਆਦੇਸ਼ ਕਿ ਕੁੜੀਮਾਰ ਨਾਲ ਨਹੀਂ ਵਰਤਣਾ ਅਤੇ ਉਸ ਨੂੰ ਸੰਗਤ ਵਿੱਚ ਬੈਠਣ ਨਹੀਂ ਦੇਣਾ ਇਹ ਆਦੇਸ਼ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੀ ਦਿੱਤਾ ਸੀ (ਪ੍ਰਿੰ. ਸਤਿਬੀਰ ਸਿੰਘ : ਪੁਸਤਕ ਅਸ਼ਟਮ ਬਲਵੀਰਾ)। ਗੁਰੂ ਸਾਹਿਬਾਨ ਦਾ ਖਾਲਸੇ ਨੂੰ ਇੱਕ ਹੋਰ ਆਦੇਸ਼ ਵੀ ਸੀ ਕਿ ਦੁਸ਼ਮਣ ਦੀ ਇਸਤ੍ਰੀ ਉੱਪਰ ਵਾਰ ਕਰਨਾ ਤਾਂ ਦੂਰ ਦੀ ਗੱਲ ਸਗੋਂ ਉਸ ਵੱਲ ਬੁਰੀ ਨਜ਼ਰ ਨਾਲ ਵੀ ਨਹੀਂ ਵੇਖਣਾ ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਦੇ ਕਰਤਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਆਦੇਸ਼ ਨੂੰ ਇਸ ਤਰ੍ਹਾਂ ਕਲਮਬੱਧ ਕੀਤਾ ਹੈ: ‘ਜੋ ਸਿੱਖ ਤੁਰਕਨੀ ਭੋਗੇ ਜਾਈ। ਉਹ ਨਹੀਂ ਬਖਸ਼ਿਆ ਜਾਇ ਕਦਾਈ।’

ਸਿੱਖ ਧਰਮ ਵਿੱਚ ਗ੍ਰਹਿਸਥ ਜੀਵਨ ਨੂੰ ਸ੍ਰੇਸ਼ਟ ਮੰਨਿਆ ਗਿਆ ਹੈ ਅਤੇ ਗ੍ਰਹਿਸਥ ਦੇ ਤਿਆਗੀਆਂ ਨੂੰ ਭੰਡਿਆ ਗਿਆ ਹੈ।  ਗੁਰਬਾਣੀ ਵਿੱਚ ਔਰਤ ਅਤੇ ਮਰਦ ਨੂੰ ‘‘ਏਕ ਜੋਤਿ ਦੁਇ ਮੂਰਤੀ.॥’’ ਦਾ ਜਾਮਾ ਪਹਿਨਾਇਆ ਗਿਆ ਹੈ। ਜਿੱਥੇ ਗੁਰਬਾਣੀ ਵਿੱਚ ਪਰਾਈ ਇਸਤਰੀ ਦੇ ਸੰਗ ਨੂੰ ਸੱਪਾਂ ਦੇ ਸਾਥ ਦੀ ਤੁਲਨਾ ਦਿੱਤੀ ਗਈ ਹੈ; ਜਿਵੇਂ: ‘‘ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ! ਤੈਸੋ ਹੀ ਇਹੁ ਪਰ ਗ੍ਰਹਿ॥’’  ਅਤੇ ਘਰ ਦੀ ਨਾਰ ਤਿਆਗ ਕੇ ਪਰਾਈ ਇਸਤਰੀ ਭੋਗਣ ਵਾਲੇ ਨੂੰ ਅੰਨਾ ਕਿਹਾ ਗਿਆ ਹੈ ‘‘ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ॥’’ ਉੱਥੇ ਇਸਤ੍ਰੀ ਨੂੰ ਵੀ ਆਪਣਾ ਚਰਿੱਤਰ ਉੱਚਾ ਰੱਖ ਕੇ ਸੁਲੱਖਣੀ ਨਾਰ ਬਣਨ ਦੀ ਸਲਾਹ ਦਿੱਤੀ ਹੈ ਕਿਉਂਕਿ ‘‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥’’

ਅੱਜ ਜਦੋਂ ਸਮਾਜ ਵਿੱਚ ਕੁੜੀਆਂ ਨੂੰ ਕੁੱਖ ’ਚ ਮਾਰਨ ਦਾ ਰੁਝਾਨ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ ਤਾਂ ਸਾਨੂੰ ਗੁਰਬਾਣੀ ਤੋਂ ਸੇਧ ਲੈ ਕੇ ਅਜਿਹੀਆਂ ਬੁਰਾਈਆਂ ਦਾ ਨਾਸ਼ ਕਰਨਾ ਹੋਵੇਗਾ। ਅੱਜ ਸਾਡੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਬੀਬੀਆਂ ਨੂੰ ਸੇਵਾ ਕਰਨ ਅਤੇ ਕੀਰਤਨ ਕਰਨ ’ਤੇ ਪਾਬੰਦੀ ਲਾਈ ਹੋਈ ਹੈ। ਅਜਿਹੀਆਂ ਪਾਬੰਦੀਆਂ ਅਖੌਤੀ ਡੇਰਾਵਾਦੀਆਂ ਅਤੇ ਮਹੰਤਾਂ ਦੀ ਸ਼ੈਅ ਤੇ ਲਾਈਆਂ ਸਨ।  ਪਤਾ ਨਹੀਂ ਹੁਣ ਸਾਡੇ ਕੌਮ ਦੇ ਜਥੇਦਾਰਾਂ ਦੀਆਂ ਕੀ ਮਜ਼ਬੂਰੀਆਂ ਹਨ ਜੋ ਸਿੱਖ ਧਰਮ ਵਿੱਚ ਔਰਤ ਅਤੇ ਮਰਦ ਦੇ ਵਖਰੇਵੇਂ ਖੜ੍ਹੇ ਕਰ ਰਹੇ ਹਨ। ਅੱਜ ਦਹੇਜ ਪ੍ਰਥਾ ਜਾਂ ਬਲਾਤਕਾਰ ਵਰਗੀਆਂ ਘਟਨਾਵਾਂ ਕਾਰਨ ਹਾਹਾਕਾਰ ਮਚੀ ਹੋਈ ਹੈ। ਅਜਿਹੀਆਂ ਔਖੀਆਂ ਘੜੀਆਂ ਵਿੱਚ ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ। ਸਾਨੂੰ ਗੁਰਬਾਣੀ ਦਾ ਓਟ ਆਸਰਾ ਲੈਕੇ ਅਜਿਹੀਆਂ ਕੁਰੀਤੀਆਂ ਨੂੰ ਠੱਲ ਪਾਉਣ ਲਈ ਅੱਗੇ ਆਉਣਾ ਪਵੇਗਾ। ਪਰ ਬਦਕਿਸਮਤੀ ਕਿ ਸਾਡੇ ਜਥੇਦਾਰ ਤਾਂ ਸਿਆਸਤਦਾਨਾਂ ਦੀਆਂ ਕੱਠ ਪੁਤਲੀਆਂ ਬਣ ਚੁੱਕੇ ਹਨ ਜਿਵੇਂ ਉਹ ਕਹਿੰਦੇ ਹਨ ਇਹ ਨੱਚਦੇ ਹਨ।

ਸਿਹਤ ਅਤੇ ਸਿੱਖਿਆ

ਗੁਰਬਾਣੀ ਤਾਂ ਹੈ ਹੀ ਚਾਨਣ ਜੋ ਹਨੇਰੇ ਨੂੰ ਦੂਰ ਕਰਕੇ, ਆਲੇ-ਦੁਆਲੇ ਨੂੰ ਪ੍ਰਕਾਸ਼ਮਾਨ ਕਰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਜਨਤਾ ਵਹਿਮਾਂ, ਭਰਮਾਂ ਅਤੇ ਅਗਿਆਨਤਾ ਦੀ ਸ਼ਿਕਾਰ ਸੀ ਅਤੇ ਏਸੇ ਹਨੇਰੇ ਨੂੰ ਦੂਰ ਕਰਨ ਲਈ ਗੁਰੂ ਸਾਹਿਬਾਨ ਨੇ ‘ਗੁਰਬਾਣੀ ਇਸੁ ਜਗ ਮਹਿ ਚਾਨਣੁ’ ਦਾ ਪਾਠ ਪੜ੍ਹਾਇਆ। ਗੁਰੂ ਸਾਹਿਬ ਦੇ ਸਮੇਂ ਲੋਕੀ ਵਿਦੇਸ਼ੀ ਭਾਸ਼ਾ, ਸੱਭਿਆਚਾਰ ਅਤੇ ਸੰਸਿਤੀ ਦਾ ਸ਼ਿਕਾਰ ਹੋ ਚੁੱਕੇ ਸਨ। ਅਜਿਹੇ ਹਾਲਾਤਾਂ ਤੇ ਟਕੋਰ ਕਰਦਿਆਂ ਗੁਰੂ ਜੀ ਨੇ ਫੁਰਮਾਇਆ : ‘‘ਘਰਿ ਘਰਿ ਮੀਆ, ਸਭਨਾਂ ਜੀਆਂ; ਬੋਲੀ ਅਵਰ ਤੁਮਾਰੀ ॥’’ (ਮ: ੧/੧੧੯੧)

ਗੁਰੂ ਸਾਹਿਬ ਨੇ ਸਰਲ ਅਤੇ ਮਾਤ ਭਾਸ਼ਾ ਵਿੱਚ ਗੁਰਬਾਣੀ ਰਚਕੇ, ਆਮ ਲੋਕਾਂ ਨੂੰ ਗਿਆਨ ਦਾ ਵੱਡਾ ਸੋਮਾ ਬਖਸ਼ਿਆ ਹੈ। ਜਿਸ ਨੂੰ ਪੜ੍ਹ ਕੇ, ਵਿਚਾਰ ਕੇ ਮਨੁੱਖ ਆਪਣਾ ਅਤੇ ਹੋਰਨਾਂ ਦਾ ਉਧਾਰ ਕਰ ਸਕਦਾ ਹੈ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ।।’ ਸ੍ਰੀ ਗੁਰੂ ਅੰਗਦ ਦੇਵ ਜੀ ਨੇ (ਗੁਰਮੁਖੀ) ਲਿਪੀ ਵਿੱਚ ਸੁਧਾਰ ਕਰਕੇ, ਸਾਨੂੰ ਮਾਣ ਬਖਸ਼ਿਆ ਹੈ ਕਿ ਸਾਡੀ ਭਾਸ਼ਾ ਕਿੰਨੀ ਅਮੀਰ ਹੈ। ਬੱਚਿਆਂ ਨੂੰ ਵਰਣਮਾਲਾ ਸਿਖਾਉਣ ਲਈ ਪੱਟੀ ਅਤੇ ਬਾਵਨ ਅੱਖਰੀ ਦੀ ਰਚਨਾ ਕੀਤੀ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਾਧਾਰਣ ਜਨਤਾ ਨੂੰ ਸਿਖਿਅਤ ਕਰਨ ਲਈ 22 ਮੰਜੀਆਂ ਦੀ ਸਥਾਪਨਾ ਕੀਤੀ। ਗੁਰੂ ਸਾਹਿਬਾਨਾਂ ਨੇ ਮਨੁੱਖ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦਿਆਂ ਇਹ ਦ੍ਰਿੜ੍ਹ ਕਰਵਾਇਆ ਹੈ ਕਿ ਜਿਸ ਮਨੁੱਖ ਕੋਲ ਅਕਲ ਹੈ, ਸੂਝ ਹੈ, ਗਿਆਨ ਹੈ, ਉਹੀ ਮਨੁੱਖ ਪ੍ਰਮਾਤਮਾ ਦੇ ਦਰ ਦਾ ਰਸਤਾ ਲੱਭਣ ਦੇ ਸਮਰੱਥ ਹੈ ਨਹੀਂ ਤਾਂ ਲੋਕ ਵਹਿਮਾਂ, ਭਰਮਾਂ, ਪਾਖੰਡਾਂ ਵਿੱਚ ਫਸੇ ਹੀ ਆਪਣੀ ਜ਼ਿੰਦਗੀ ਬਤੀਤ ਕਰ ਲੈਂਦੇ ਹਨ  ‘‘ਅਕਲੀ ਸਾਹਿਬੁ ਸੇਵੀਐ, ਅਕਲੀ ਪਾਈਐ ਮਾਨੁ ॥’’ (ਮ: ੧/੧੨੪੫)

ਇੱਥੇ ਹੀ ਬੱਸ ਨਹੀਂ ਗੁਰਬਾਣੀ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਵਿੱਦਿਆ ਪੜ੍ਹ ਕੇ ਸਿਰਫ਼ ‘ਪੜਿ ਪੜਿ ਗਡੀ ਲਦੀਅਹਿ’ ਦੇ ਮਹਾਂਵਾਕ ਅਨੁਸਾਰ ਮਨ ਉੱਪਰ ਬੋਝ ਹੀ ਨਹੀਂ ਪਾਉਣਾ ਸਗੋਂ ਵਿੱਦਿਆ ਵੀਚਾਰ ਕੇ ਪਰਉਪਕਾਰ ਕਰਨੇ ਹਨ। ਇਹ ਵੀ ਆਦੇਸ਼ ਹੈ ਉਹ ਮਨੁੱਖ ਪੜ੍ਹ ਕੇ ਵੀ ਮੂਰਖ ਹੀ ਰਹਿੰਦਾ ਹੈ ਜਿਹੜਾ ਹੰਕਾਰ ਵਿੱਚ ਫਸ ਜਾਵੇ ‘‘ਪੜਿਆ ਮੂਰਖੁ ਆਖੀਐ; ਜਿਸੁ ਲਬੁ ਲੋਭੁ ਅਹੰਕਾਰਾ ॥’’ (ਮ: ੧/੧੪੦) ਵਿੱਦਿਆ ਪੜ੍ਹਨ ਨਾਲ ਹੀ ਸਾਹਿਤ ਦਾ ਜਨਮ ਹੁੰਦਾ ਹੈ। ਬਾਣੀ ਦੇ ਰਚਨਹਾਰੇ ਸਾਹਿਤਕਾਰ ਅਤੇ ਕਵੀ ਸਨ। ਪ੍ਰਭੂ ਭਗਤੀ ਵਿੱਚ ਰੰਗੀ ਕਵਿਤਾ ਉਨ੍ਹਾਂ ਦੀ ਆਤਮਾ ਅੰਦਰੋਂ ਫੁੱਟੀ ਹੈ। ‘ਧਨੁ ਲੇਖਾਰੀ ਨਾਨਕਾ’ ਦੇ ਕਥਨ ਅਨੁਸਾਰ ਉਨ੍ਹਾਂ ਨੇ ਲੋਕਾਂ ਵਿੱਚ ਸਾਹਿਤਕ ਰੁਚੀ ਪੈਦਾ ਕੀਤੀ। ਕਥਾ, ਕੀਰਤਨ, ਬਾਣੀ ਦੇ ਪੜ੍ਹਨ, ਸੁਣਨ, ਮੰਨਣ ਰਾਹੀਂ ਲੋਕਾਂ ਦੀਆਂ ਸਾਹਿਤਕ ਰੁਚੀਆਂ ਦੇ ਵਿਕਾਸ ਦਾ ਉਪਰਾਲਾ ਕੀਤਾ। ਪਾਉਂਟਾ ਸਾਹਿਬ ਦੀ ਧਰਤੀ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ 52 ਕਵੀਆਂ ਦੇ ਦਰਬਾਰ ਰਾਹੀਂ ਉਸ ਵੇਲੇ ਦੀ ਸਾਹ ਸਤਹੀਣ ਹੋ ਚੁੱਕੀ ਭਾਰਤੀ ਜਨਤਾ ਵਿੱਚ ਵੀਰ ਰਸੀ ਜਜ਼ਬਾ ਭਰਨ ਲਈ ਕਵੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਜਿਸ ਦੇ ਸਿੱਟੇ ਸਾਰਥਕ ਨਿਕਲੇ।

ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਸਾਨੂੰ ਮਾਤ ਭਾਸ਼ਾ, ਆਪਣੀ ਬੋਲੀ, ਵਿਰਸੇ ਅਤੇ ਸੱਭਿਆਚਾਰ ਦੇ ਲੜ੍ਹ ਲਾਇਆ, ਸਾਨੂੰ ਉਸ ਉੱਪਰ ਮਾਣ ਕਰਨਾ ਚਾਹੀਦਾ ਹੈ। ਪਰ ਸਾਡੀਆਂ ਸਰਕਾਰਾਂ ਅੱਜ ਵੀ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਕੰਨੀ ਕਤਰਾ ਰਹੀਆਂ ਹਨ। ਪਹਿਲੀ ਜਮਾਤ ਤੋਂ ਅੰਗਰੇਜ਼ੀ ਲਾਗੂ ਕਰਵਾ ਕੇ ਜਾਂ ਦਫ਼ਤਰਾਂ ਦੇ ਕੰਮਕਾਜ਼ ਅੰਗਰੇਜ਼ੀ ਵਿੱਚ ਕਰਵਾ ਕੇ ਇਹ ਸਰਕਾਰਾਂ ਪਤਾ ਨਹੀਂ ਕਿਸ ਦੀ ਖ਼ੁਸ਼ ਕਰ ਰਹੀਆਂ ਹਨ, ਜਿਸ ਕਾਰਨ ਸਾਡਾ ਮਹਾਨ ਵਿਰਸਾ ਅਤੇ ਗੁਰੂ ਸਾਹਿਬਾਨ ਦੀ ਸਿੱਖਿਆ ਨੂੰ ਬਣਦਾ ਸਨਮਾਨ ਨਹੀਂ ਮਿਲਦਾ। ਅੱਜ ਸਾਡੇ ਘਰਾਂ ਵਿੱਚ ਵੀ ਲੋਕੀ ਪੰਜਾਬੀ ਵਿੱਚ ਗੱਲ ਕਰਨ ਦੀ ਥਾਂ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲ ਕਰਨਾ ਬੇਹਤਰ ਸਮਝਦੇ ਹਨ।  ਪਰ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਮਾਤ ਭਾਸ਼ਾ ਵਿੱਚ ਕੀਤੀ ਹੋਈ ਗੱਲ ਦਾ ਸੁਆਦ ਹੀ ਕੁੱਝ ਹੋਰ ਹੁੰਦਾ ਹੈ। ਚਲੋ ਗੁਰੂ ਸੁਮੱਤ ਬਖਸ਼ੇ। ਵਿੱਦਿਆ ਅੱਜ ਵਪਾਰ ਬਣ ਚੁੱਕੀ ਹੈ। ਵਿਦਿਆ ਵੀਚਾਰ ਕੇ ਪਰਉਪਕਾਰ ਕਰਨਾ ਤਾਂ ਦੂਰ ਦੀ ਗੱਲ ਅੱਜ ਕੱਲ੍ਹ ਤਾਂ ਜਾਇਜ਼, ਨਜਾਇਜ਼ ਤਰੀਕਾ ਵਰਤਕੇ ਡਿਗਰੀਆਂ ‘ਕੱਠੀਆਂ’ ਕਰਨ ਦੀ ਹੋੜ ਨੇ ਵਿੱਦਿਆ ਵਪਾਰੀਆਂ ਦੇ ਹੌਂਸਲੇ ਵਧਾ ਦਿੱਤੇ ਹਨ। ਇਹੀ ਕਾਰਨ ਹੈ ਕਿ ਅੱਜ ਛੋਟੇ ਛੋਟੇ ਕਮਰੇ ਯੂਨੀਵਰਸਿਟੀਆਂ ਬਣੇ ਪਏ ਹਨ। ਅਜਿਹੀ ਵਿੱਦਿਆ ਪੜ੍ਹਕੇ ‘ਕੀ ਗੰਜੀ ਨਹਾਊ ਤੇ ਕੀ ਨਿਚੋੜੂ’ ਵਾਗੂੰ ਭਵਿੱਖ ਕੀ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਸਿਹਤ ਦਾ ਸੰਕਲਪ

ਤੰਦਰੁਸਤ ਮਨੁੱਖ ਹੀ ਤੰਦਰੁਸਤ ਸਮਾਜ ਸਿਰਜਣ ਦਾ ਸੁਪਨਾ ਲੈ ਸਕਦਾ ਹੈ। ਗੁਰਬਾਣੀ ਵਿੱਚ ਜਿੱਥੇ ਮਨੁੱਖ ਦੇ ਮਨੋਬਲ ਨੂੰ ਉੱਚਾ ਕਰਕੇ ਨੈਤਿਕਤਾ ਦਾ ਪਾਠ ਪੜ੍ਹਾਇਆ ਹੈ। ਉੱਥੇ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ ਦੀ ਸਿੱਖਿਆ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਵੱਲੋਂ ਪੈਦਲ ਤੁਰ ਕੇ ਲੱਖਾਂ ਮੀਲ ਪੈਂਡਾ ਤੈਅ ਕਰਨਾ ਇਸੇ ਗੱਲ ਦਾ ਪ੍ਰਮਾਣ ਹੈ ਕਿ ਤੰਦਰੁਸਤ ਮਨੁੱਖ ਹੀ ਐਨਾ ਤੁਰ ਸਕਣ ਦੇ ਸਮਰੱਥ ਹੈ। ਬੀਮਾਰ ਬੰਦੇ ਤੋਂ ਤਾਂ ਪੈਰ ਵੀ ਨਹੀਂ ਪੁੱਟਿਆ ਜਾਂਦਾ। ਕਿਰਤ ਕਰਨ ਦਾ ਸੰਦੇਸ਼ ਵੀ ਇਹ ਪ੍ਰਤੱਖ ਬਣਾਉਂਦਾ ਹੈ ਕਿ ਜਿੱਥੇ ਕਿਰਤੀ ਮਨੁੱਖ ਆਪਣੇ ਦਸਾਂ ਨਹੰੁਆਂ ਦੀ ਸੱਚੀ ਸੁੱਚੀ ਕਿਰਤ ਕਰਕੇ ਆਪਣਾ ਪਰਿਵਾਰ ਪਾਲਦਾ ਹੈ ਉੱਥੇ ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਕਿਉਂਕਿ ਵਿਹਲੜ ਮਨੁੱਖਾਂ ਲਈ ਗੁਰਮਤਿ ਵਿੱਚ ਕੋਈ ਥਾਂ ਨਹੀਂ ਜਿਵੇਂ ਕਿ ਮਾਡਰਨ ਸਾਇੰਸ ਨੇ ਬੀਮਾਰੀਆਂ ਦੇ ਕਾਰਨਾਂ ਬਾਰੇ ਦੱਸਦੇ ਹੋਏ ਲਿਖਿਆ ਹੈ ਕਿ ਸਾਡਾ ਮਨ, ਸਾਡਾ ਖਾਣਾ ਪੀਣਾ ਅਤੇ ਰਹਿਣ ਸਹਿਣ ਬੀਮਾਰੀਆਂ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਗੁਰਬਾਣੀ ਵਿੱਚ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚ ਕੇ ਰਹਿਣ ਦੀ ਸਿੱਖਿਆ ਮਿਲਦੀ ਹੈ। ਜੇਕਰ ਅੱਜ ਅਸੀਂ ਦੁਨੀਆਂ ਦੇ ਦੁੱਖਾਂ ਦੇ ਕਾਰਨਾਂ ਨੂੰ ਜਾਣੀਏ ਤਾਂ ਇਹੀ ਪੰਜ ਵਿਕਾਰ ਮਨੁੱਖ ਨੂੰ ਬੀਮਾਰੀਆਂ ਵੱਲ ਧੱਕ ਰਹੇ ਹਨ। ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਵਿਕਾਰਾਂ ਤੋਂ ਬਚਣ ਲਈ ਫੁਰਮਾਨ ਕੀਤਾ ਹੈ : ‘‘ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥  ਜਿਉ ਕੰਚਨ ਸੋਹਾਗਾ ਢਾਲੈ ॥’’ (ਮ: ੧/੯੩੨)

ਗੁਰਬਾਣੀ ਵਿੱਚ ਤਾਂ ਬੁਰੇ ਦਾ ਵੀ ਭਲਾ ਕਰਨ ਨੂੰ ਆਖਿਆ ਗਿਆ ਹੈ। ਬਾਬਾ ਫਰੀਦ ਜੀ ਦਾ ਕਥਨ ਹੈ : ‘‘ਫਰੀਦਾ  ! ਬੁਰੇ ਦਾ ਭਲਾ ਕਰਿ, ਗੁਸਾ ਮਨਿ ਨ ਹਢਾਇ ॥  ਦੇਹੀ ਰੋਗੁ ਨ ਲਗਈ, ਪਲੈ ਸਭੁ ਕਿਛੁ ਪਾਇ ॥’’ (ਬਾਬਾ ਫਰੀਦ/੧੩੮੨)

ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਮੱਲ ਅਖਾੜਿਆਂ ਦੀ ਸਥਾਪਨਾ ਕਰਨੀ ਇਸੇ ਗੱਲ ਦਾ ਸੂਚਕ ਹੈ ਕਿ ਜਿੰਨਾ ਚਿਰ ਮਨੁੱਖ ਸਰੀਰਕ ਤੌਰ ’ਤੇ ਤਕੜਾ ਨਹੀਂ ਹੁੰਦਾ ਓਨਾ ਚਿਰ ਉਹ ਕੁਝ ਵੀ ਕਰਨ ਦੇ ਸਮਰੱਥ ਨਹੀਂ। ਦੇਸ਼, ਕੌਮ ਦੀ ਰੱਖਿਆ ਕਰਨ ਲਈ ਮਾਨਸਿਕ ਤੌਰ ’ਤੇ ਸੁਚੇਤ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਹੋਣਾ ਬੜਾ ਲਾਜ਼ਮੀ ਹੈ। ਪਰ ਅੱਜ ਸਾਨੂੰ ਜਿੱਥੇ ਮਾਨਸਿਕ ਤੌਰ ’ਤੇ ਗੁਰਬਾਣੀ ਨਾਲੋਂ ਤੋੜਿਆ ਜਾ ਰਿਹਾ ਹੈ ਜਾਂ ਅਸੀਂ ਆਪਣੇ ਆਪ ਗੁਰਬਾਣੀ ਦਾ ਪੱਲਾ ਛੱਡ ਰਹੇ ਹਾਂ ਉੱਥੇ ਸਰੀਰਕ ਤੌਰ ’ਤੇ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।  ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਗਦੇ ਦਰਿਆ ਵਿੱਚ ਧੱਕਾ ਦਿੱਤਾ ਜਾ ਰਿਹਾ ਹੈ। ਸਾਡੀ ਧਰਤੀ ਉਤੇ ਧੜਾਧੜ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦਾ ਛਿੜਕਾਅ, ਸਾਡੀ ਜਰਖੇਜ਼ ਧਰਤ ਨੂੰ ਬੰਜਰ ਬਣਾ ਦੇਵੇਗਾ। ਇਸ ਜਹਿਰੀਲੀ ਧਰਤ ਵਿੱਚੋਂ ਪੈਦਾ ਹੋਣ ਵਾਲਾ ਅੰਨ ਖਾ ਕੇ ਅਸੀਂ ਕਿਵੇਂ ਸੂਰਮੇ ਬਣਾਂਗੇ। ਤਾਂ ਹੀ ਅੱਜਕੱਲ੍ਹ ਜੰਮਦੇ ਬੱਚਿਆਂ ਨੂੰ ਬੀਮਾਰੀਆਂ ਨੇ ਘੇਰ ਰੱਖਿਆ ਹੈ। ਦਵਾਈਆਂ ਉੱਤੇ ਪਲੇ ਸਰੀਰ,  ਦੇਸ਼-ਕੌਮ ਦਾ ਤਾਂ ਕੀ, ਆਪਣਾ ਵੀ ਕੁੱਝ ਨਹੀਂ ਸੰਵਾਰ ਸਕਣਗੇ। ਸਾਡਾ ਪਾਣੀ, ਸਾਡੀ ਹਵਾ ਸਭ ਕੁੱਝ ਦੂਸ਼ਿਤ ਹੋਣ ਜਾ ਰਿਹਾ ਹੈ ਅਤੇ ਅਸੀਂ ਬੇਸ਼ੱਕ ਸਵੇਰੇ ਸ਼ਾਮ ਗੁਰੂ ਘਰਾਂ ਵਿੱਚ ਇਹ ਤੁਕਾਂ ਰੋਜ਼ ਪੜ੍ਹਦੇ ਹਾਂ ‘‘ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ॥’’ ਪਰ ਅਸੀਂ ਇਹ ਧਰਤੀ, ਹਵਾ ਅਤੇ ਪਾਣੀ ਨੂੰ ਬਚਾਉਣ ਦਾ ਉਪਰਾਲਾ ਨਹੀਂ ਕਰਦੇ ਜਿਸਦੇ ਸਿੱਟੇ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣੇ ਪੈਣਗੇ।

ਗੁਰਬਾਣੀ ਵਿੱਚ ਤੰਦਰੁਸਤ ਰਹਿਣ ਲਈ ਖਾਣ-ਪੀਣ ਵੱਲ ਉਚੇਚਾ ਧਿਆਨ ਦਿਵਾਇਆ ਗਿਆ ਹੈ ਅਤੇ ਫੁਰਮਾਇਆ ਹੈ ਕਿ ਅਜਿਹੇ ਖਾਣ ਪੀਣ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਸਾਡਾ ਤਨ ਮਨ ਬੀਮਾਰ ਹੁੰਦਾ ਹੋਵੇ : ‘‘ਬਾਬਾ  ! ਹੋਰੁ ਖਾਣਾ ਖੁਸੀ ਖੁਆਰੁ ॥  ਜਿਤੁ ਖਾਧੈ, ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥’’ (ਮ: ੧/੧੬)

ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਅੱਜ ਦੀ ਪੀੜ੍ਹੀ ਖਾਲਸ ਦੁੱਧ, ਦਹੀਂ, ਲੱਸੀ ਨੂੰ ਵੇਖ ਕੇ ਤਾਂ ਨੱਕ ਚੜ੍ਹਾਉਂਦੀ ਹੈ ਪਰ ਫਾਸਟ ਫੂਡ ਜਾਂ ਠੰਢੇ ਬੱਤਿਆਂ ਨੂੰ ਰੋਟੀ ਨਾਲ ਪੀਣ ਦਾ ਵੀ ਰਿਵਾਜ਼ ਪੈ ਗਿਆ। ਅੱਜ ਕੱਲ੍ਹ ਤਾਂ ਲੋਕ ਪਾਣੀ ਦੀ ਥਾਂ ਕੋਕੇ ਕੋਲੇ ਪੀਂਦੇ ਹਨ। ਅਜਿਹਾ ਖਾਣ ਨਾਲ ਬੁੱਧੀ ਭ੍ਰਿਸ਼ਟ ਹੁੰਦੀ ਹੈ ਤੇ ਖਾ ਖਾ ਕੇ ਪੇਟ ਵਧਾਉਣ ਨਾਲ ਬੀਮਾਰੀਆਂ ਵਿੱਚ ਵਾਧਾ ਹੁੰਦਾ ਹੈ। ਰੱਜ ਕੇ ਖਾਣਾ ਖਾਣ ਨਾਲ ਸੁਸਤੀ ਪੈਂਦੀ ਹੈ ਤੇ ਮਨੁੱਖ ਖਾਣ ਪੀਣ ਅਤੇ ਸੌਣ ਦੇ ਆਹਰੇ ਲੱਗਾ ਹੋਇਆ ਪਰਮ ਪਿਤਾ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ, ਗੁਰਬਾਣੀ ਸਾਡਾ ਧਿਆਨ ਦਿਵਾਉਂਦੀ ਹੈ ‘‘ਫਿਟੁ ਇਵੇਹਾ ਜੀਵਿਆ, ਜਿਤੁ ਖਾਇ ਵਧਾਇਆ ਪੇਟੁ ॥  ਨਾਨਕ  ! ਸਚੇ ਨਾਮ ਵਿਣੁ, ਸਭੋ ਦੁਸਮਨੁ ਹੇਤੁ ॥’’ (ਮ: ੧/੭੯੦)

ਅੱਜ ਸ਼ੂਗਰ, ਬਲੱਡ ਪ੍ਰੈਸ਼ਰ, ਕੈਂਸਰ ਵਰਗੀਆਂ ਬੀਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਜਿੱਥੇ ਸਾਡਾ ਖਾਣ ਪੀਣ ਅਤੇ ਰਹਿਣ ਸਹਿਣ ਬਦਲ ਗਿਆ ਹੈ ਉਥੇ ਮਨੁੱਖ ਨੇ ਆਪਣੀਆਂ ਚਿੰਤਾਵਾਂ ਅਤੇ ਲਾਲਸਾਵਾਂ ਵਿੱਚ ਵੀ ਵਾਧਾ ਕੀਤਾ ਹੈ। ਈਰਖਾ ਵਧ ਰਹੀ ਹੈ, ਮਨੁੱਖ ਆਪਣੇ ਦੁੱਖਾਂ ਕਰਕੇ ਇੰਨਾ ਦੁਖੀ ਨਹੀਂ ਜਿੰਨਾ ਦੂਜੇ ਨੂੰ ਸੁਖੀ ਵੇਖਕੇ ਦੁਖੀ ਹੋ ਰਿਹਾ ਹੈ। ‘ਨਿਵੈ ਸੁ ਗਉਰਾ ਹੋਇ’ ਅਤੇ ‘ਮਿਠਤੁ ਨੀਵੀ ਨਾਨਕਾ’ ਦੇ ਮਹਾਵਾਕਾਂ ਨੂੰ ਅਸੀਂ ਹਿਰਦੇ ਵਿੱਚੋਂ ਭੁਲਾ ਕੇ ਆਪਣੀ ਮੱਤ ਨੀਵੀਂ ਕਰ ਲਈ ਹੈ ਅਤੇ ਆਪਣੇ ਮਨ ਦੇ ਆਖੇ ਲੱਗ ਕੇ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ।

ਅੱਜ ਏਡਜ਼ ਵਰਗੇ ਜਾਨਲੇਵਾ ਰੋਗ ਮਹਾਂਮਾਰੀ ਦਾ ਰੂਪ ਅਖ਼ਤਿਆਰ ਕਰ ਰਹੇ ਹਨ। ਸਭ ਨੂੰ ਪਤਾ ਹੀ ਹੈ ਕਿ ਏਡਜ਼ ਦਾ ਪ੍ਰਮੁੱਖ ਕਾਰਨ ‘ਕਾਮ’ ਹੀ ਹੈ। ਗੁਰਬਾਣੀ ਵਿੱਚ ਮਨੁੱਖ ਨੂੰ ਥਾਂ-ਥਾਂ ਆਪਣਾ ਆਚਰਣ ਉੱਚਾ ਰੱਖਕੇ ਚੱਲਣ ਦੀਆਂ ਨਸੀਹਤਾਂ ਦਿੱਤੀਆਂ ਹਨ।

ਸ਼ਹੀਦੀ ਸੰਕਲਪ

ਗੁਰਬਾਣੀ ਵਿੱਚ ਸੇਵਾ, ਸਿਮਰਨ ਅਤੇ ਜ਼ਬਰ ਜ਼ੁਲਮ ਦੇ ਖਿਲਾਫ਼ ਲੜ੍ਹਨ ਦਾ ਸਬਕ ਸਿਖਾਇਆ ਗਿਆ ਹੈ। ਇਸ ਜੰਗ ਵਿੱਚ ਭਾਵੇਂ ਆਪਣਾ ਆਪ ਕੁਰਬਾਨ ਕਿਉਂ ਨਾ ਕਰਨਾ ਪਵੇ ਪਰ ਇਹ ਜੰਗ ਸਚਾਈ ਦੀ ਅਤੇ ਸਰਬੱਤ ਦੇ ਭਲੇ ਦੀ ਹੋਣੀ ਚਾਹੀਦੀ ਹੈ, ਇਹ ਨਹੀਂ ਕਿ ਸਿਰਫ਼ ਆਪਣੀ ‘ਮੈਂ’ ਨੂੰ ਉੱਚਾ ਚੁੱਕਣ ਲਈ ਹੀ ਲੜ੍ਹਾਈ ਲੜੀ ਜਾਵੇ। ਗੁਰਬਾਣੀ ਵਿੱਚ ਤਾਂ ਪਿਆਰੇ ਪ੍ਰੀਤਮ ਦੇ ਰਸਤੇ ’ਤੇ ਚੱਲਣ ਲਈ ਇੰਝ ਫੁਰਮਾਨ ਕੀਤਾ ਗਿਆ ਹੈ: ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ ॥’’ (ਮ: ੧/੧੪੧੨), ‘‘ਪਹਿਲਾ ਮਰਣੁ ਕਬੂਲਿ, ਜੀਵਣ ਕੀ ਛਡਿ ਆਸ ॥’’ (ਮ: ੫/੧੧੦੨)

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇੱਕ ਯੁੱਗ ਪਲਟਾਊ ਘਟਨਾ ਸਾਬਤ ਹੋਈ। ਇਸ ਸ਼ਹੀਦੀ ਨੇ ਸਿੱਖ ਧਰਮ ਵਿੱਚ ਭਗਤੀ ਅਤੇ ਸ਼ਕਤੀ (ਮੀਰੀ ਅਤੇ ਪੀਰੀ) ਦਾ ਜੋ ਸਿਧਾਂਤ ਬਖਸ਼ਿਆ ਸੀ ਉਸ ਨੂੰ ਪ੍ਰਚੰਡ ਕਰ ਦਿੱਤਾ, ਉਸੇ ਰਾਹ ’ਤੇ ਚੱਲਦਿਆਂ ‘ਸਿੱਖਾਂ’ ਅੰਦਰ ਕੁਰਬਾਨੀ ਦਾ ਐਸਾ ਜਜ਼ਬਾ ਸਰਸ਼ਾਰ ਹੋਇਆ ਹੈ ਕਿ ‘ਸਿੱਖ ਕੌਮ’ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ਼ ਲੜਦੀ ਆਈ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਸਰੋਤ ਹੈ ਕਿ ਆਪਣੇ ਧਰਮ ਲਈ ਲੜਨਾ ਅਤੇ ਕੁਰਬਾਨ ਹੋਣਾ ਤਾਂ ਆਮ ਗੱਲ ਹੈ ਪਰ ਦੂਜੇ ਧਰਮ ਦੀ ਰੱਖਿਆ ਕਰਨ ਲਈ ਆਪਣਾ ਆਪ ਦਾਅ ’ਤੇ ਲਾ ਦੇਣਾ ਆਪਣੀ ਮਿਸਾਲ ਆਪ ਹੈ। ਇਹ ਸ਼ਹੀਦੀ ਇਸ ਗੱਲ ਦਾ ਪ੍ਰਮਾਣ ਹੈ ਕਿ ਜਦੋਂ ਕਿਸੇ ਦੀ ਸਹਾਇਤਾ ਕਰਨ ਹੀ ਲੱਗ ਜਾਈਏ ਤਾ ਫਿਰ ਅੱਧ ਵਿਚਕਾਰ ਨਾ ਛੱਡੀਏ ਸਗੋਂ ‘ਯਾਰੀ ਲਾਈਏ ਤੋੜ ਨਿਭਾਈਏ’ ਜਿਵੇਂ ਕਿ ਫੁਰਮਾਣ ਹੈ ‘‘ਸਿਰੁ ਦੀਜੈ, ਕਾਣਿ ਨ ਕੀਜੈ ॥’’ (ਮ: ੧/੧੪੧੨) ਸਿੱਖ ਇਤਿਹਾਸ ਵਿੱਚ ਜੇਕਰ ਸ਼ਹੀਦਾਂ ਦੀ ਗਿਣਤੀ ਕਰਨ ਲੱਗੀਏ ਤਾਂ ਲਿਸ਼ਟ ਬਹੁਤ ਲੰਮੀ ਹੈ ਪਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤਾਂ ਸਿੱਖ ਧਰਮ ਦੀਆਂ ਨੀਹਾਂ ਸਾਬਤ ਹੋਈ ਹੈ। ਜਿਸ ਉੱਪਰ ਸਿੱਖੀ ਦਾ ਮਹਿਲ ਉਸਰਿਆ ਹੈ ਅਤੇ ਇਹ ਸ਼ਹੀਦੀ ਇਸ ਗੱਲ ਦਾ ਵੀ ਪ੍ਰੇਰਨਾ ਸਰੋਤ ਹੈ ਕਿ ਜ਼ਬਰ ਜ਼ੁਲਮ ਅੱਗੇ ਗੋਡੇ ਟੇਕ ਦੇਣੇ ਕਾਇਰਾਂ ਦਾ ਕੰਮ ਹੈ। ਸੂਰਬੀਰ ਤਾਂ ਹੱਸ ਹੱਸ ਕੇ ਕੁਰਬਾਨ ਹੋ ਜਾਇਆ ਕਰਦੇ ਹਨ। ਦੇਸ਼ ਕੌਮ ਦੀ ਆਜ਼ਾਦੀ ਲਈ ਸਿੱਖਾਂ ਨੇ ਜਿੰਨੀਆਂ ਸ਼ਹੀਦੀਆਂ ਦਿੱਤੀਆਂ ਉਹ ਸਭ ਨੂੰ ਪਤਾ ਹੈ। ਭਾਵੇਂ ਸਿੱਖ ਘੱਟ ਗਿਣਤੀ ਕੌਮ ਵਿੱਚ ਗਿਣੇ ਜਾਂਦੇ ਹਨ ਪਰ ਜੇਕਰ ਦੇਸ਼ ਦੀ ਆਜ਼ਾਦੀ ਦੀ ਗੱਲ ਕੀਤੀ ਜਾਵੇ ਤਾਂ ਕੁਰਬਾਨੀ ਦੇਣ ਵਿੱਚ ਸਿੱਖ ਕੌਮ ਸਭ ਤੋਂ ਅੱਗੇ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿੱਖ ਇੰਨੀਆਂ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਆਜ਼ਾਦ ਹਨ ?  ਉੱਤਰ ਮਿਲਦਾ ਹੈ ਨਹੀਂ।  1984 ਦਾ ਸਿੱਖ ਕਤਲੇਆਮ ਇਸ ਦੀ ਮੂੰਹ ਬੋਲਦੀ ਤਸਵੀਰ ਹੈ। ਜਿਸ ਕੌਮ ਦੇ ਗੁਰੂ ਨੇ ਦੂਜੇ ਧਰਮ ਨੂੰ ਬਚਾਉਣ ਲਈ ‘ਦਿੱਲੀ’ ਵਿੱਚ ਆਪਣੀ ਸ਼ਹੀਦੀ ਦਿੱਤੀ ਉਸੇ ਦਿੱਲੀ ਵਿੱਚ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਅਤੇ ਗਲਾਂ ਵਿੱਚ ਟਾਇਰ ਪਾ ਕੇ ਜਿਉਂਦੇ ਸਾੜ ਦਿੱਤਾ ਕਿਉਂਕਿ ਸਿੱਖਾਂ ਦੀ ਚੜ੍ਹਤ, ਵੇਲੇ ਦੇ ਹਾਕਮਾਂ ਦੀਆਂ ਅੱਖਾਂ ਵਿੱਚ ਹਮੇਸ਼ਾਂ ਰੜਕਦੀ ਰਹੀ ਹੈ। ਸ਼ਾਇਦ ਸਮੇਂ ਦੇ ਹਾਕਮ ਭੁੱਲ ਗਏ ਕਿ ਸਿੱਖ ਤਾਂ ਉਦੋਂ ਵੀ ਨਹੀ ਸਨ ਮੁੱਕੇ ਜਦੋਂ ਮੰਨੂੰ ਇਨਾਂ ਦੇ ਸਿਰਾਂ ਦੇ ਮੁੱਲ ਪਾ ਰਿਹਾ ਸੀ। ਇਹ ਤਾਂ ਉਦੋਂ ਵੀ ਗਾਉਂਦੇ ਸਨ : ‘ਮੰਨੂੰ ਅਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ, ਜਿਉਂ ਜਿਉਂ ਮੰਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ।’

ਕੁੱਝ ਵੀ ਹੋਵੇ ਸਿੱਖ ਕੌਮ ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿੰਦੀ ਹੈ। ਗੁਰੂ ਸਾਹਿਬ ਨੇ ਹਮੇਸ਼ਾਂ ਆਪਣੇ ਸਿੱਖਾਂ ਅਤੇ ਸੰਗਤ ਨੂੰ ਦੀਨ ਦੁਖੀ ਦੀ ਸੇਵਾ ਕਰਨ ਅਤੇ ਜ਼ਬਰ ਜ਼ੁਲਮ ਦੇ ਖਿਲਾਫ਼ ਲੜ੍ਹਨ ਦੀ ਪ੍ਰੇਰਨਾ ਦਿੱਤੀ ਹੈ। ਨਾ ਹੀ ਕਿਸੇ ਕੋਲੋਂ ਡਰਨਾ ਅਤੇ ਨਾ ਹੀ ਡਰਾਉਣ ਦਾ ਸੰਕਲਪ ਸਾਡੇ ਸਾਹਮਣੇ ਰੱਖਿਆ ਹੈ: ‘‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤੁ ਆਨ॥’’

ਸੋ ਅੱਜ ਜਦੋਂ ਦੁਨੀਆਂ ’ਤੇ ਜ਼ਬਰ ਜ਼ੁਲਮ ਵੱਧ ਰਿਹਾ ਹੈ ਤਾਂ ਸਾਨੂੰ ਗੁਰੂ ਸਾਹਿਬ ਦਾ ਸੰਦੇਸ਼ ਯਾਦ ਰੱਖਣਾ ਚਾਹੀਦਾ ਹੈ ਅਤੇ ਡੱਟਕੇ ਜ਼ਬਰ ਜ਼ੁਲਮ ਦੇ ਖਿਲਾਫ਼ ਲੜਨਾ ਚਾਹੀਦਾ ਹੈ ਕਿਉਂਕਿ ਸੂਰਮਾ ਇੱਕ ਵਾਰ ਮਰਦਾ ਹੈ ਕਾਇਰ ਬਾਰ-ਬਾਰ ਮਰਦਾ ਹੈ। ਸੋ ਸਾਨੂੰ ਕਾਇਰ ਨਹੀਂ ਸਗੋਂ ਸੂਰਮੇ ਬਹਾਦਰ ਬਣ ਕੇ ਮੈਦਾਨ ਵਿੱਚ ਨਿੱਤਰਨਾ ਚਾਹੀਦਾ ਹੈ।

37080cookie-checkਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖੀ ਸਰੋਕਾਰਾਂ ਦਾ ਸੰਕਲਪ ਅਤੇ ਮੌਜੂਦਾ ਦੌਰ