ਸਾਹਿਤ ਅਤੇ ਕਲਾ ਦੇ ਖੇਤਰ ਦਾ ਅਮਿੱਟ ਹਸਤਾਖ਼ਰ:- ਸੋਹਣ ਸਿੰਘ ਸੀਤਲ
ਸਾਹਿਤ ਅਤੇ ਕਲਾ ਦੇ ਖੇਤਰ ਦਾ ਅਮਿੱਟ ਹਸਤਾਖ਼ਰ:- ਸੋਹਣ ਸਿੰਘ ਸੀਤਲ
-ਰਮੇਸ਼ ਬੱਗਾ ਚੋਹਲਾ, ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)-94631-32719
ਧਾਰਮਕ ਖੇਡਰ ’ਚ ਮਾਨਸ ਜਨਮ ਨੂੰ ਬੜਾ ਦੁਰਲੱਭ ਕਹਿ ਕੇ ਵਡਿਆਇਆ ਅਤੇ ਸਲਾਹਿਆ ਗਿਆ ਹੈ। ਗੁਰਬਾਣੀ ਦੇ ਨਿਰਣੇ ਮੁਤਾਬਕ ਇਸ ਦੁਰਲੱਭ ਜਨਮ ਦੀ ਪ੍ਰਾਪਤੀ ਲਈ ਦੇਵੀ-ਦੇਵਤੇ ਅਤੇ ਰਿਸ਼ੀ-ਮੁਨੀ ਵੀ ਤਰਸਦੇ ਰਹਿੰਦੇ ਹਨ: ‘‘ਇਸ ਦੇਹੀ ਕਉ ਸਿਮਰਹਿ ਦੇਵ ॥’’ (ਭਗਤ ਕਬੀਰ/੧੧੫੯), ਪਰ ਬਹੁਤ ਸਾਰੇ ਮਨੁੱਖ ਅਜਿਹੇ ਵੀ ਹੁੰਦੇ ਹਨ, ਜੋ ਇਸ ਜਨਮ ਦੀ ਅਹਿਮੀਅਤ ਨੂੰ ਨਾ ਸਮਝਦੇ ਹੋਏ ਇਸ ਜੀਵਨ ਨੂੰ ਵਿਅਰਥ ਗੁਆ ਲੈਂਦੇ ਹਨ। ਆਪਣੇ ਪਰਿਵਾਰਕ ਅਤੇ ਸੰਸਾਰਿਕ ਝੰਮੇਲਿਆਂ ਵਿੱਚ ਉਲਝ ਕੇ ਉਹ ਆਪਣੇ ਜੀਵਨ ਦੇ ਬੇਸ਼ਕੀਮਤੀ ਪਲਾਂ ਨੂੰ ਅਜਾਈਂ ਹੀ ਗੁਆ ਦਿੰਦੇ ਹਨ। ਇਸ ਤਰ੍ਹਾਂ ਗੁਆਏ ਹੋਏ ਪਲ ਬਦਕਿਸਮਤੀ ਦੇ ਖਾਤੇ ਵਿੱਚ ਡਿਪਾਜ਼ਿਟ ਹੋ ਜਾਂਦੇ ਹਨ ਅਤੇ ਬੰਦਾ ਆਪਣੇ ਆਪ ਨੂੰ ਕੋਸਦਾ ਹੋਇਆ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਂਦਾ ਹੈ। ਮਨੁੱਖੀ ਜਨਮ ਦੀ ਮੁੜ ਪ੍ਰਾਪਤੀ ਨਾ ਹੋਣ ਕਰ ਕੇ ਹੀ ਭਗਤ ਕਬੀਰ ਜੀ ਵਚਨ ਕਰਦੇ ਹਨ: ‘‘ਕਬੀਰ ! ਮਾਨਸ ਜਨਮੁ ਦੁਲੰਭੁ ਹੈ; ਹੋਇ ਨ ਬਾਰੈ ਬਾਰ ॥ ਜਿਉ, ਬਨ ਫਲ ਪਾਕੇ ਭੁਇ ਗਿਰਹਿ; ਬਹੁਰਿ ਨ ਲਾਗਹਿ ਡਾਰ ॥’’ (ਭਗਤ ਕਬੀਰ/੧੩੬੬) ਇਨ੍ਹਾਂ ਸਤਰਾਂ ਦੀ ਰੋਸ਼ਨੀ ਵਿੱਚ ਜੇਕਰ ਦੇਖਿਆ ਜਾਵੇ ਤਾਂ ਇਨਸਾਨੀ ਜ਼ਿੰਦਗੀ ਦਾ ਮਨੋਰਥ ਕੇਵਲ ਖਾਣ-ਪੀਣ ਅਤੇ ਐਸ਼ ਆਰਾਮ ਕਰਨ ਤੱਕ ਹੀ ਸੀਮਤ ਨਹੀਂ ਰਹਿ ਜਾਂਦਾ ਸਗੋਂ ਇਸ ਦਾ ਇੱਕ ਉੱਚਾ ਅਤੇ ਸੁੱਚਾ ਮਨੋਰਥ ਖ਼ਲਕਤ ਦੀ ਸੇਵਾ ਕਰਨਾ ਵੀ ਹੁੰਦਾ ਹੈ। ਇਸ ਮਨੋਰਥ ਨੂੰ ਤਸਦੀਕ ਕਰਦੇ ਹੋਏ ਗੁਰੂ ਅੰਗਦ ਸਾਹਿਬ ਜੀ ਆਪਣੀ ਬਾਣੀ ਵਿੱਚ ਸਮਝਾਉਂਦੇ ਹਨ: ‘‘ਆਪੁ ਗਵਾਇ ਸੇਵਾ ਕਰੇ; ਤਾ ਕਿਛੁ ਪਾਏ ਮਾਨੁ ॥ ਨਾਨਕ ! ਜਿਸ ਨੋ ਲਗਾ ਤਿਸੁ ਮਿਲੈ; ਲਗਾ ਸੋ ਪਰਵਾਨੁ ॥’’ (ਮ: ੨/੪੭੪) ਪਾਵਨ ਬਚਨਾਂ ਵਾਂਗ ਹੀ ਆਪਣਾ ਆਪ ਗੁਆ (ਭਾਵ ਨਿਮਰਤਾ ’ਚ ਰਹਿ) ਕੇ ਲੋਕਾਈ ਦਾ ਪਿਆਰ ਤੇ ਸਤਿਕਾਰ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਲ ਰਹੇ ਹਨ ‘ਪੰਥਕ ਢਾਡੀ ਅਤੇ ਉੱਚ ਕੋਟੀ ਦੇ ਸਾਹਿਤਕਾਰ ਗਿਆਨੀ ਸੋਹਣ ਸਿੰਘ ਸੀਤਲ’।
ਇਹ ਪਿਆਰ ਅਤੇ ਸਤਿਕਾਰ ਕਿਸੇ ਵਿਅਕਤੀ ਵਿਸ਼ੇਸ਼ ਦੀ ਜ਼ਿੰਦਗੀ ਦਾ ਵੱਡਮੁੱਲਾ ਸਰਮਾਇਆ ਹੁੰਦਾ ਹੈ ਜਿਸ ਨੂੰ ਹਾਸਲ ਕਰਨ ਲਈ ਉਸ ਵਿਅਕਤੀ ਨੂੰ ਵਿਸ਼ੇਸ਼ ਘਾਲਣਾ ਘਾਲਣੀ ਪੈਂਦੀ ਹੈ। ਗਿਆਨੀ ਸੋਹਣ ਸਿੰਘ ਸੀਤਲ ਨੂੰ ਵੀ ਆਮ ਤੋਂ ਖਾਸ ਵਿਅਕਤੀ ਦਾ ਸਫ਼ਰ ਤਹਿ ਕਰਨ ਲਈ ਇੱਕ ਲੰਮੀ ਅਤੇ ਅਣਥੱਕ ਘਾਲਣਾ ਘਾਲਣੀ ਪਈ ਹੈ।
ਬਹੁ ਪਰਤੀ ਸ਼ਖ਼ਸੀਅਤ (ਢਾਡੀ, ਕਵੀ, ਪ੍ਰਚਾਰਕ, ਕਹਾਣੀਕਾਰ, ਗੀਤਕਾਰ, ਨਾਵਕਾਰ, ਨਾਟਕਕਾਰ ਅਤੇ ਇੱਕ ਖੋਜੀ ਇਤਹਾਸਕਾਰ) ਦੇ ਮਾਲਕ ਗਿਆਨੀ ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਈ. ਨੂੰ ਪਿੰਡ ਕਾਦੀਵਿੰਡ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿੱਚ ਸ. ਖੁਸ਼ਹਾਲ ਸਿੰਘ ਪੰਨੂ ਅਤੇ ਮਾਤਾ ਦਿਆਲ ਕੌਰ ਦੇ ਗ੍ਰਹਿ ਵਿਖੇ ਹੋਇਆ। ਭਾਵੇਂ ਰਸਮੀ ਤਲੀਮ ਹਾਸਲ ਕਰਨ ਲਈ ਸੀਤਲ ਦੇ ਮਨ ਵਿੱਚ ਇੱਕ ਤੀਬਰ ਤਾਂਘ ਸੀ ਪਰ ਉਸ ਸਮੇਂ ਸੰਸਥਾਗਤ ਵਿਦਿਆ (ਖਾਸ ਕਰ ਕੇ ਪਿੰਡਾਂ ’ਚ) ਦੀ ਕਾਫੀ ਘਾਟ ਸੀ। ਇਸ ਘਾਟ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਇਸ ਤਾਂਘ ਨੂੰ ਮੱਠੀ ਨਹੀਂ ਪੈਣ ਦਿੱਤਾ। ਕੁੱਝ ਵਿਸ਼ੇਸ਼ ਯਤਨਾਂ ਸਦਕਾ ਸੀਤਲ ਨੇ ਆਪਣੇ ਪਿੰਡ ਦੇ ਸਾਧੂ/ਗ੍ਰੰਥੀ ਹਰੀ ਦਾਸ ਪਾਸੋਂ ਗੁਰਮੁਖੀ ਵਰਣਾਂ ਦੀ ਪਹਿਚਾਣ ਕਰਨੀ ਸਿੱਖ ਲਈ। ਇਸ ਪਹਿਚਾਣ ਨੇ ਉਸ ਦੇ ਹੌਂਸਲੇ ਨੂੰ ਅਜਿਹਾ ਵਧਾਇਆ ਕਿ ਉਹ ਕੁੱਝ ਵਡੇਰੀ (14 ਸਾਲ ਦੀ) ਉਮਰ ਦਾ ਹੋ ਜਾਣ ਦੇ ਬਾਵਜੂਦ ਵੀ ਗੁਆਂਢੀ ਪਿੰਡ ‘ਵਰਨ’ ਦੀ ਪਾਠਸ਼ਾਲਾ ਵਿੱਚ ਪ੍ਰਵੇਸ਼ ਕਰ ਗਿਆ। ਪੜ੍ਹਾਈ ਵਿੱਚ ਉਸ ਦੀ ਲਗਨ ਨੂੰ ਦੇਖਦਿਆਂ ਪਾਠਸ਼ਾਲਾ ਦੇ ਸੰਚਾਲਕਾਂ ਵੱਲੋਂ ਉਸ ਨੂੰ ਕੁਝ ਜਮਾਤਾਂ ਸਾਲਾਂ ਦੀ ਬਜਾਏ ਛਿਮਾਹੀਆਂ ਵਿੱਚ ਹੀ ਪੂਰੀਆਂ ਕਰਵਾ ਦਿੱਤੀਆਂ। ਉਸਤਾਦ ਲੋਕਾਂ ਵੱਲੋਂ ਮਿਲੇ ਵਿਸ਼ੇਸ਼ ਸਹਿਯੋਗ ਸਦਕਾ ਸੀਤਲ ਨੇ ਮੈਟ੍ਰਿਕ ਪੱਧਰ ਦੀ ਪੜ੍ਹਾਈ ਅੱਵਲ ਦਰਜੇ ਵਿੱਚ ਰਹਿ ਕੇ ਪਾਸ ਕਰ ਲਈ। ਉਸ ਸਮੇਂ ਮੈਟ੍ਰਿਕ ਵਿਚ ਇਹ ਦਰਜਾ ਕਿਸੇ ਵਿਰਲੇ-ਟਾਵੇਂ ਵਿਦਿਆਰਥੀ ਨੂੰ ਹੀ ਨਸੀਬ ਹੋਇਆ ਕਰਦਾ ਸੀ।
ਇਸ ਸਿੱਖਿਆ ਪ੍ਰਾਪਤੀ ਦੇ ਦੌਰ (ਅੱਠਵੀਂ ਜਮਾਤ ਵਿੱਚ) ਦੌਰਾਨ ਹੀ ਗਿਆਨੀ ਸੋਹਣ ਸਿੰਘ ਸੀਤਲ ਦੇ ਮਾਪਿਆਂ ਵੱਲੋਂ ਉਸ ਨੂੰ ਸਮਾਜਿਕ/ਪਰਿਵਾਰਕ ਜ਼ਿੰਮੇਵਾਰੀ ਦੀ ਪੰਡ ਚੁਕਾਉਂਦੇ ਹੋਏ ਉਸ ਦਾ ਵਿਆਹ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਭੜਾਣਾ ਦੀ ਵਸਨੀਕ ਬੀਬੀ ਕਰਤਾਰ ਕੌਰ ਨਾਲ ਕਰ ਦਿੱਤਾ। ਇਨ੍ਹਾਂ ਦੇ ਘਰ ਦੋ ਪੁੱਤਰਾਂ (ਰਘਵੀਰ ਸਿੰਘ ਅਤੇ ਸੁਰਜੀਤ ਸਿੰਘ) ਅਤੇ ਇੱਕ ਪੁੱਤਰੀ ਨੇ ਜਨਮ ਲਿਆ। ਹੁਣ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਸੀਤਲ ਨੂੰ ਆਪਣੇ ਘਰ-ਪਰਿਵਾਰ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪੈਂਦਾ। ਇਸ ਧਿਆਨ ਦੇ ਵੱਧ ਜਾਣ ਕਾਰਨ ਉਨ੍ਹਾਂ ਦਾ ਪੜ੍ਹਾਈ ਵਿਚਲਾ ਧਿਆਨ ਕੁੱਝ ਪਿੱਛੇ ਪੈਣ ਲੱਗ ਪਿਆ। ਇਸ ਘਾਟ ਕਾਰਨ ਉਹ ਉਚੇਰੀ ਵਿਦਿਆ ਦੇ ਤੌਰ ’ਤੇ ਸਿਰਫ ਗਿਆਨੀ ਦਾ ਇਮਤਿਹਾਨ ਹੀ ਪਾਸ ਕਰ ਸਕਿਆ।
ਗਿਆਨੀ ਸੋਹਣ ਸਿੰਘ ਸੀਤਲ ਕੁੱਝ ਸਮਾਂ ਆਪਣੇ ਪਿਤਾ-ਪੁਰਖੀ ਕਿੱਤੇ ਖੇਤੀ ਬਾੜੀ ਨਾਲ ਵੀ ਜੁੜਿਆ ਰਿਹਾ। ਇਸ ਕਿੱਤੇ ਨੂੰ ਕਰਦਿਆਂ ਹੀ ਉਸ ਦੇ ਅੰਦਰ ਕੁੱਝ ਵੱਖਰਾ ਕਰ ਕੇ ਦਿਖਾਉਣ ਦੀ ਇੱਛਾ ਵੀ ਜਵਾਨ ਹੁੰਦੀ ਗਈ। ਜੋਬਨ ਉੱਤੇ ਆਈ ਉਸ ਦੀ ਇਸ ਇੱਛਾ ਨੇ ਇੱਕ ਦਿਨ ਉਸ ਨੂੰ ਢਾਡੀ ਕਲਾ ਵੱਲ ਨੂੰ ਮੋੜ ਦਿੱਤਾ। ਇਸ ਮੋੜ ਵੱਲ ਮੁੜਦਿਆਂ ਉਸ ਨੇ ਆਪਣਿਆਂ ਸਾਥੀਆਂ (ਗੁਰਚਰਨ ਸਿੰਘ, ਅਮਰੀਕ ਸਿੰਘ ਤੇ ਹਰਨਾਮ ਸਿੰਘ) ਨੂੰ ਨਾਲ ਲੈ ਲਿਆ ਅਤੇ ਲਲਿਆਣੀ ਦੇ ਭਰਾਈ ਬਾਬਾ ਚਿਰਾਗਦੀਨ ਕੋਲੋਂ ਸਾਰੰਗੀ ਅਤੇ ਢੱਡ ਵਜਾਉਣੀ ਸਿੱਖਣ ਲੱਗ ਪਏ। ਉਸਤਾਦ ਜੀ ਕੋਲੋਂ ਢਾਡੀ-ਕਲਾ ਦੀਆਂ ਬਰੀਕੀਆਂ ਤੋਂ ਚੰਗੀ ਤਰ੍ਹਾਂ ਗਿਆਤ ਹੋ ਕੇ ਗਿਆਨੀ ਸੋਹਣ ਸਿੰਘ ਸੀਤਲ ਦਾ ਢਾਡੀ ਜਥਾ ਦੂਰ-ਦੁਰਾਡੇ ਦੀਵਾਨਾਂ ਵਿੱਚ ਆਪਣੀ ਹਾਜ਼ਰੀ ਭਰਨ ਲੱਗ ਪਿਆ। ਉਸ ਵਕਤ ਢਾਡੀ ਕਲਾ ਦੇ ਖੇਤਰ ਵਿੱਚ ਸੋਹਣ ਸਿੰਘ ਘੁੱਕੇਵਾਲੀਆ, ਬਾਬਾ ਕਿਸ਼ਨ ਸਿੰਘ, ਸੋਹਣ ਸਿੰਘ ਭੀਲ਼ਾ ਅਤੇ ਨਿਰਵੈਰ ਸਿੰਘ ਦੁਆਬੀਆ, ਆਦਿ ਦੇ ਜਥੇ ਪ੍ਰਮੁੱਖ ਰੂਪ ਵਿੱਚ ਵਿਚਰ ਰਹੇ ਸਨ। ਸਿੱਖ ਸੰਗਤਾਂ ਵਿੱਚ ਇਨ੍ਹਾਂ ਜਥਿਆਂ ਦੀ ਚੰਗੀ ਭਲ ਸੀ। ਸ੍ਰੋਤਿਆਂ/ਦਰਸ਼ਕਾਂ ਦਾ ਧਿਆਨ ਇਨ੍ਹਾਂ ਜਥਿਆਂ ਵੱਲੋਂ ਹਟਾ ਕੇ ਆਪਣੇ ਵੱਲ ਲਗਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ, ਪਰ ਇਹ ਚਮਤਕਾਰ ਗਿਆਨੀ ਜੀ ਦੇ ਜਥੇ ਨੇ ਥੋੜ੍ਹੇ ਹੀ ਸਮੇਂ ਵਿੱਚ ਕਰ ਦਿਖਾਇਆ। ਇਸ ਚਮਤਕਾਰ ਦੇ ਕਾਰਨਾਂ ਵਿੱਚ ਸੀਤਲ ਦਾ ਵਧੇਰੇ ਤਲੀਮ-ਯਾਫ਼ਤਾ ਹੋਣਾ ਅਤੇ ਵਿਆਖਿਆ ਦੇ ਨਿਵੇਕਲੇ ਅਤੇ ਨਿਰਾਲੇ ਢੰਗ ਅਪਣਾਉਣਾ ਸੀ। ਦੇਸ਼ ਵਿਦੇਸ਼ ਵਿੱਚ ਇਸ ਢਾਡੀ ਜਥੇ ਦੀ ਇੰਨੀ ਵਡਿਆਈ ਹੋਈ ਕਿ ਸ਼ਰੀਕਾਂ ਦੀ ਨਫ਼ਰਤ ਵੀ ਪਿਆਰ ਵਿੱਚ ਬਦਲ ਗਈ। ਸੋਹਣ ਸਿੰਘ ਸੀਤਲ ਨੇ ਆਪਣੇ ਢਾਡੀ ਜਥੇ ਨਾਲ ਲੱਗਭਗ ਛੇ ਦਹਾਕਿਆਂ ਤੱਕ ਪੰਥ ਅਤੇ ਪੰਜਾਬ ਦੀ ਰੱਜਵੀਂ ਸੇਵਾ ਕੀਤੀ ਲੋਕਾਂ ਨੂੰ ਆਪਣੇ ਵਿਰਸੇ ਤੋਂ ਵਾਕਿਫ਼ ਕਰਵਾਇਆ।
ਮਨੋਵਿਗਿਆਨੀਆਂ ਨੇ ਕਿਸ਼ੋਰ ਅਵਸਥਾ ਨੂੰ ਇੱਕ ਤੂਫ਼ਾਨੀ ਅਵਸਥਾ ਮੰਨਿਆ ਹੈ। ਇਸ ਅਵਸਥਾ ਵਿੱਚ ਜਵਾਨੀ ਅੱਥਰੀ ਹੋ ਜਾਂਦੀ ਹੈ ਅਤੇ ਕਈ ਵਾਰ ਲੀਹੋਂ ਵੀ ਲਹਿ ਜਾਂਦੀ ਹੈ, ਪਰ ਗਿਆਨੀ ਸੋਹਣ ਸਿੰਘ ਸੀਤਲ ਨੇ ਇਸ ਤੂਫ਼ਾਨੀ ਅਵਸਥਾ ਨੂੰ ਠੱਲ੍ਹ ਪਾਉਣ ਲਈ ਕਲਮ ਦਾ ਸਹਾਰਾ ਲੈ ਲਿਆ। ਇਸ ਕਲਮ ਨੇ ਸੀਤਲ ਦੀਆਂ ਭਾਵਨਾਵਾਂ ਨੂੰ ਕਵਿਤਾ ਵਿੱਚ ਪਰੋ ਦਿੱਤਾ। ਉਸ ਦੀ ਪਹਿਲੀ ਕਵਿਤਾ 1924 ਈ. ਨੂੰ ‘ਅਕਾਲੀ’ ਅਖਬਾਰ ਵਿੱਚ ਛਪ ਗਈ। ਇਸ ਕਵਿਤਾ ਦੇ ਨਾਲ ਹੀ ਸੀਤਲ ਦੇ ਸਾਹਿਤਕ ਸਫ਼ਰ ਦਾ ਆਗਾਜ਼ ਹੋ ਜਾਂਦਾ ਹੈ। ਇਸ ਸਫ਼ਰ ਦੇ ਸਿੱਟੇ ਵਜੋਂ ਉਸ ਨੇ ਇੱਕ ਕਾਵਿ ਸੰਗਿ੍ਰਹ ‘ਸੱਜਰੇ ਹੰਝੂ’ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾ ਦਿੱਤਾ। ਕਵਿਤਾ ਦੇ ਨਾਲ-ਨਾਲ ਸੋਹਣ ਸਿੰਘ ਸੀਤਲ ਨੇ ਕੁੱਝ ਕਹਾਣੀਆਂ ਵੀ ਲਿਖੀਆਂ, ਜਿਨ੍ਹਾਂ ਵਿਚ ‘ਕਦਰਾਂ ਬਦਲ ਗਈਆਂ’, ‘ਅਜੇ ਦੀਵਾ ਬਲ ਰਿਹਾ ਸੀ’ ਅਤੇ ‘ਜੇਬ ਕੱਟੀ ਗਈ’ ਕਾਫੀ ਚਰਚਿਤ ਹੋਈਆਂ ਹਨ। ਇਹ ਸਿਰਜਣਾ ਭਾਵੇ ਉਨ੍ਹਾਂ ਦੇ ਸਾਹਿਤਕ ਜੀਵਨ ਦੇ ਪ੍ਰਾਇਮਰੀ ਪੜਾਅ ਦੀ ਹੀ ਸੀ ਪਰ ਉਸ ਦੇ ਚੰਗੇਰੇ ਅਤੇ ਪਕੇਰੇ ਕੱਲ੍ਹ ਨੂੰ ਤਸਦੀਕ ਕਰਦੀ ਸੀ।
ਇੱਕ ਨਾਵਲਕਾਰ ਦੇ ਤੌਰ ’ਤੇ ਵੀ ਗਿਆਨੀ ਸੋਹਣ ਸਿੰਘ ਸੀਤਲ ਦੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਮਹਾਨ ਦੇਣ ਰਹੀ ਹੈ। ਉਸ ਦੁਆਰਾ ਲਿਖੇ ਨਾਵਲਾਂ ਦੀ ਤਦਾਦ ਦੋ ਦਰਜ਼ਨਾਂ ਦੇ ਕਰੀਬ ਬਣਦੀ ਹੈ। ਸੈਕੰਡਰੀ ਜਮਾਤਾਂ ਨੂੰ ਇੱਕ ਪਾਠਕ੍ਰਮ ਦੇ ਤੌਰ ’ਤੇ ਪੜ੍ਹਾਇਆ ਗਿਆ ਉਨ੍ਹਾਂ ਦਾ ਨਾਵਲ ‘ਤੂਤਾਂ ਵਾਲਾ ਖੂਹ’ ਆਪਣੀ ਮਿਸਾਲ ਆਪ ਹੈ ਜੋ ਦੇਸ਼ ਦੀ ਵੰਡ ਨੂੰ ਕੁਰਣਾਮਈ ਢੰਗ ਨਾਲ ਬਿਆਨ ਕਰਦਾ ਹੈ। ‘ਜੁੱਗ ਬਦਲ ਗਿਆ’ ਸੀਤਲ ਦਾ ਇੱਕ ਹੋਰ ਚਰਿਚਤ ਨਾਵਲ ਹੈ ਜਿਸ ਨੂੰ 1974 ਈ. ਵਿਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਪੁਰਸਕਾਰਿਤ ਕੀਤਾ ਗਿਆ ਸੀ, ਇਨ੍ਹਾਂ ਦੋ ਨਾਵਲਾਂ ਤੋਂ ਛੁੱਟ ‘ਮੁੱਲ ਦਾ ਮਾਸ’, ‘ਜੰਗ ਜਾਂ ਅਮਨ’, ‘ਈਚੋਗਿਲ ਦੀ ਨਹਿਰ ਤੱਕ’, ‘ਵਿਯੋਗਣ’ ਅਤੇ ‘ਅੰਨੀ ਸੁੰਦਰਤਾ’ ਆਦਿ ਸੀਤਲ ਦੁਆਰਾ ਰਚਿਤ ਨਾਵਲ ਹਨ ਜਿਨ੍ਹਾਂ ਨੇ ਪੰਜਾਬੀ ਬੋਲੀ ਅਤੇ ਸਾਹਿਤ ਦਾ ਮਾਣ ਵਧਾਇਆ ਹੈ।
ਸੀਤਲ ਦੇ ਨਾਵਲਾਂ ਦੀ ਇਹ ਵੀ ਇੱਕ ਵਿਸ਼ੇਸ਼ਤਾ ਰਹੀ ਹੈ ਕਿ ਉਸ ਦੇ ਨਾਵਲਾਂ ਦੇ ਪਾਤਰ ਕਿਸੇ ਕਲਪਨਾ ਦੇ ਕਾਰਖਾਨੇ ਵਿੱਚ ਤਿਆਰ ਨਾ ਹੋ ਕਿ ਹਕੀਕੀ ਹਲਾਤਾਂ ’ਚੋ ਉਪਜਦੇ ਹਨ। ਇੱਕ ਖੋਜੀ (ਸਿੱਖ) ਇਤਹਾਸਕਾਰ ਦੇ ਤੌਰ ’ਤੇ ਸੋਹਣ ਸਿੰਘ ਸੀਤਲ ਦਾ ਇੱਕ ਅਹਿਮਤਰੀਨ ਸਥਾਨ ਹੈ। ਉਸ ਨੇ ਪਹਿਲਾਂ ਆਪ ਨਿੱਠ ਕੇ ਸਿੱਖ ਇਤਹਾਸ ਦਾ ਵਿਸ਼ਲੇਸ਼ਣ ਕੀਤਾ ਬਾਅਦ ਵਿੱਚ ਕੁਝ ਨਵੀਆਂ ਛੋਹਾਂ ਦੇ ਕੇ ਕਿਤਾਬੀ ਰੂਪ ਵਿਚ ਮੁੜ ਪ੍ਰਕਾਸ਼ਿਤ ਕਰਵਾਇਆ। ਉਸ ਦੇ ਇਸ ਉਪਰਾਲੇ ਨੇ ਜਿੱਥੇ ਸਿੱਖ ਇਤਹਾਸ ਬਾਰੇ ਪਾਏ ਜਾਂਦੇ ਕੁਝ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਉਥੇ ਸਿੱਖ ਇਤਹਾਸ ਨੂੰ ਨਵੀਂ ਦਿੱਖ ਵੀ ਪ੍ਰਦਾਨ ਕੀਤੀ। ਸੀਤਲ ਦੀਆਂ ਇਤਹਾਸਕ ਲਿਖਤਾਂ ਵਿੱਚ ‘ਸਿੱਖ ਰਾਜ ਕਿਵੇਂ ਗਿਆ’ ਇੱਕ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ। ‘ਦੁਖੀਏ ਮਾਂ ਦੇ ਪੁੱਤ’, ‘ਬੰਦਾ ਸਿੰਘ ਸ਼ਹੀਦ’, ‘ਸਿੱਖ ਮਿਸਲਾਂ ਦੇ ਸਰਦਾਰ ਘਰਾਣੇ’, ‘ਸਿੱਖ ਰਾਜ ਅਤੇ ਸ਼ੇਰੇ ਪੰਜਾਬ’ ਅਤੇ ‘ਸਿੱਖ ਸ਼ਹੀਦ ਅਤੇ ਯੋਧੇ’ ਉਸ ਦੀਆਂ ਵਰਨਣਯੋਗ ਇਤਹਾਸਕ ਕਿਤਾਬਾਂ ਹਨ।
ਸੋਹਣ ਸਿੰਘ ਸੀਤਲ ਦਾ ਵਧੇਰੇ ਤਪੱਸਵੀ ਅਤੇ ਖੋਜ ਭਰਪੂਰ ਕੰਮ ‘ਸਿੱਖ ਇਤਹਾਸ ਦੇ ਸੋਮੇ’, ਪੰਜ ਜਿਲਦਾਂ ਵਿੱਚ ਤਿਆਰ ਕਰਨੇ ਹਨ। ਸੀਤਲ ਦੀ ਇਸ ਤੱਪਸਿਆ ਨੇ ਸਿੱਖ ਇਤਹਾਸ ਨੂੰ ਕਾਫੀ ਹੱਦ ਤੱਕ ਸਰਲਤਾ ਅਤੇ ਸ਼ੁੱਧਤਾ ਪ੍ਰਦਾਨ ਕੀਤੀ ਹੈ।
ਉਪਰੋਕਤ ਸੰਖੇਪ ਵਿਚਾਰ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਇਸ ਸਿੱਟੇ ’ਤੇ ਪਹੁੰਚਦੇ ਹਾਂ ਕਿ ਗਿਆਨੀ ਸੋਹਣ ਸਿੰਘ ਸੀਤਲ ਵਰਗੇ ਬਹੁਪੱਖੀ ਪ੍ਰਤਿਭਾ ਦੇ ਮਾਲਿਕ ਅਤੇ ਨੇਕ ਦਿਲ ਵਿਅਕਤੀ ਵਿਰਲੇ ਹੀ ਪੈਦਾ ਹੁੰਦੇ ਹਨ। ਪੰਥ ਦਾ ਅਮੋਲਕ ਢਾਡੀ ਅਤੇ ਪੰਜਾਬੀ ਸਾਹਿਤ ਦਾ ਅਮਿੱਟ ਹਸਤਾਖ਼ਰ ਗਿਆਨੀ ਸੋਹਣ ਸਿੰਘ ਸੀਤਲ ਆਪਣਾ ਨੌਂ ਦਹਾਕਿਆਂ ਦਾ ਜੀਵਨ ਪੰਧ ਮੁਕਾ ਕੇ ਅਖੀਰ 23 ਸਤੰਬਰ 1998 ਈ. ਵਾਲੇ ਦਿਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਸੀਤਲ ਦੇ ਆਪਣੇ ਬੋਲ ਸਨ :
‘ਸੀਤਲ ਸਦਾ ਜਹਾਨ ਜੀਂਵਦਾ ਏ, ਜੀਹਦਾ ਮਰ ਗਿਆਂ ਦੇ ਪਿੱਛੋਂ ਜੱਸ ਹੋਵੇ।
———੦———–
ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ-ਉੱਤਰ (ਭਾਗ-ਹ) ਨਿਯਮ ਨੰ. 4,5,6
ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ-ਉੱਤਰ
(ਭਾਗ-ਹ) ਨਿਯਮ ਨੰ. 4
ਗੁਰਬਾਣੀ ਕਈ ਭਾਸ਼ਾਵਾਂ ਦਾ ਸੰਗ੍ਰਹਿ ਹੈ, ਜਿਸ ਕਾਰਨ ਇਸ ਦੀ ਲਿਖਤ ਵਿਚਾਰ ਕਰਦਿਆਂ ਕਈ ਨਿਯਮ ਬਣ ਜਾਂਦੇ ਹਨ, ਜੋ ਭਿੰਨ-ਭਿੰਨ ਭਾਸ਼ਾਂ ’ਚੋਂ ਆਏ ਸ਼ਬਦਾਂ ਨਾਲ ਸੰਬੰਧਿਤ ਹੁੰਦੇ ਹਨ, ਪਰ ਇਨ੍ਹਾਂ ਲਿਖਤ ਨਿਯਮਾਂ ਬਾਰੇ ਘੱਟ ਸਮਝ ਰੱਖਣ ਵਾਲੇ ਲਈ ਕਈ ਭਾਸ਼ਾਵਾਂ ਦੀ ਇਕ ਜਗ੍ਹਾ ਲਿਖਤ ਹੋਣ ਕਾਰਨ ਇੱਕ ਨਿਯਮ; ਦੂਸਰੇ ਨਿਯਮ ਨੂੰ ਕੱਟਦਾ ਵੀ ਪ੍ਰਤੀਤ ਹੋ ਸਕਦਾ ਹੈ।
ਪਿਛਲੇ (ਭਾਗ-ਹ) ਨਿਯਮ ਨੰ. 3 ਵਿਚ ਵਿਚਾਰ ਕੀਤੀ ਸੀ ਕਿ ਕੁਝ ਇਸਤਰੀ ਲਿੰਗ ਨਾਵਾਂ ਦਾ ਅਖੀਰਲਾ ਅੱਖਰ ਹਮੇਸ਼ਾਂ ਔਂਕੜ ਸਹਿਤ ਹੀ ਆਉਂਦਾ ਹੈ; ਬਿਲਕੁਲ ਇਸੇ ਤਰ੍ਹਾਂ ਕੁਝ ਵਿਸ਼ੇਸ਼ਣ ਵੀ ਹਨ ਜਿਨ੍ਹਾਂ ਦੇ ਅਖੀਰਲੇ ਅੱਖਰ ਨੂੰ ਆਮ ਤੌਰ ’ਤੇ ਔਂਕੜ ਲੱਗੀ ਹੁੰਦੀ ਆਉਂਦੀ ਹੈ ਭਾਵੇਂ ਕਿ ਇਨ੍ਹਾਂ ਦਾ ਨਾਉਂ ਬਹੁ ਵਚਨ ਹੋਵੇ ਜਾਂ ਇਸਤਰੀ ਲਿੰਗ ਹੋਵੇ, ਇਨ੍ਹਾਂ ਵਿਸ਼ੇਸ਼ਣਾਂ ਦੇ ਅਖੀਰਲੇ ਅੱਖਰ ਦੀ ਔਂਕੜ ਕਾਇਮ ਰਹਿੰਦੀ ਹੈ। ਅਜਿਹੇ ਵਿਸ਼ੇਸ਼ਣ ਇਸ ਤਰ੍ਹਾਂ ਹਨ: ‘ਸਾਬਤੁ, ਖੁਆਰੁ, ਥਿਰੁ, ਧਨੁ, ਪਰਵਾਣੁ, ਪਵਿਤੁ, ਬਹੁਤੁ, ਮੁਕਤੁ’, ਆਦਿ; ਜਿਵੇਂ ਕਿ
- ‘ਸਾਬਤੁ’ਪੂੰਜੀ; ਸਤਿਗੁਰ ਸੰਗਿ ॥ (ਮ: ੫/੧੮੨)
- ਨਦਰਿ ਤਿਨਾ ਕਉ ਨਾਨਕਾ ! ਜਿ‘ਸਾਬਤੁ’ ਲਾਏ ਰਾਸਿ ॥ (ਮ: ੪/੧੨੩੮)
- ਜਾ ਪਤਿ ਲੇਖੈ ਨਾ ਪਵੈ; ਸਭਾ ਪੂਜ‘ਖੁਆਰੁ’ ॥ (ਮ: ੧/੧੭)
- ਇਸਨਾਨੁ ਦਾਨੁ ਜੇਤਾ ਕਰਹਿ; ਦੂਜੈ ਭਾਇ‘ਖੁਆਰੁ’ ॥ (ਮ: ੩/੩੪)
- ‘ਥਿਰੁ’ਸੋਹਾਗਨਿ; ਸੰਗਿ ਭਤਾਰੀ ॥ (ਮ: ੫/੩੭੨)
- ਨਾਨਕ ! ਆਏ ਸੇ‘ਪਰਵਾਣੁ’ ਹਹਿ; ਜਿਨ ਗੁਰਮਤੀ ਹਰਿ ਧਿਆਇ ॥ (ਮ: ੩/੨੮)
- ‘ਪਵਿਤੁ’ਮਾਤਾ ਪਿਤਾ ਕੁਟੰਬ ਸਹਿਤ ਸਿਉ, ‘ਪਵਿਤੁ’ ਸੰਗਤਿ ਸਬਾਈਆ ॥ (ਮ: ੩/੯੧੯)
- ਕਹਦੇ‘ਪਵਿਤੁ’ਸੁਣਦੇ ‘ਪਵਿਤੁ’, ਸੇ ‘ਪਵਿਤੁ’ ਜਿਨੀ ਮੰਨਿ ਵਸਾਇਆ ॥ (ਮ: ੩/੯੧੯)
- ਜਾ ਕਉ ਚਿੰਤਾ‘ਬਹੁਤੁ ਬਹੁਤੁ’, ਦੇਹੀ ਵਿਆਪੈ ਰੋਗੁ ॥ (ਮ: ੫/੭੦)
- ‘ਬਹੁਤੁ’ਸਿਆਣਪ ਆਗਲ ਭਾਰਾ ॥ (ਮ: ੫/੧੭੮)
- ਸੇ‘ਮੁਕਤੁ’ਸੇ ‘ਮੁਕਤੁ’ ਭਏ, ਜਿਨ ਹਰਿ ਧਿਆਇਆ ਜੀ ॥ (ਮ: ੪/੧੧), ਆਦਿ।
ਉਕਤ 11 ਤੁਕਾਂ ’ਚ ਕਾਮਿਆਂ ’ਚ ਬੰਦ ਸਾਰੇ ਸ਼ਬਦ ਖ਼ਾਸ ਵਿਸ਼ੇਸ਼ਣ ਹਨ, ਜੋ ਔਂਕੜ ਸਮੇਤ ਹਨ; ਇਨ੍ਹਾਂ ਨਾਲ ਸੰਬੰਧਿਤ ਨਾਉਂ ਸ਼ਬਦ ‘ਇਸਤਰੀ ਲਿੰਗ, ਬਹੁ ਵਚਨ ਪੁਲਿੰਗ ਨਾਉਂ/ਪੜਨਾਉਂ’ ਹਨ; ਜਿਵੇਂ ਕਿ ‘ਪੂੰਜੀ, ਰਾਸਿ, ਪੂਜ, ਸੋਹਾਗਨਿ, ਸੇ, ਮਾਤਾ, ਪਿਤਾ, ਕੁਟੰਬ, ਸੰਗਤਿ, ਚਿੰਤਾ ਤੇ ਸਿਆਣਪ’ ।
(ਭਾਗ-ਹ) ਨਿਯਮ ਨੰ. 5
ਸੁਹਿਰਦ ਪਾਠਕਾਂ ਦਾ ਧਿਆਨ ਇਕ ਵਾਰ ਹੁਣ ਤੱਕ ਕੀਤੀ ਗਈ ਸਾਰੀ ਵਿਚਾਰ ਵੱਲ ਮੁੜ ਕਰਵਾਉਣਾ ਚਾਹੁੰਦਾ ਹਾਂ ਤਾਂ ਜੋ ਅਗਲੇ ਨਿਯਮਾਂ ਨੂੰ ਆਸਾਨੀ ਨਾਲ ਸਮਝਿਆ ਜਾ ਸਕੇ।
ਹੁਣ ਤੱਕ ਕੀਤੀ ਵਿਚਾਰ ਨੂੰ ਆਪਾਂ ਮੋਟੇ ਤੌਰ ’ਤੇ ਦੋ ਭਾਗਾਂ ਵਿਚ ਵੰਡ ਸਕਦੇ ਹਾਂ :
(1). ਇਕ ਵਚਨ ਪੁਲਿੰਗ ਨਾਉਂ, ਪੜਨਾਉਂ ਤੇ ਵਿਸ਼ੇਸ਼ਣ ਦੀ ਲਿਖਣਸ਼ੈਲੀ, ਜਿਸ ਵਿਚ ਸੰਬੰਧਕੀ ਤੇ ਸੰਬੋਧਨ ਸ਼ਬਦਾਂ ਨੂੰ ਵੀ ਵਿਚਾਰਿਆ ਗਿਆ ਹੈ।
(2). ਬਹੁ ਵਚਨ ਪੁਲਿੰਗ ਨਾਉਂ ਤੇ ਇਸਤਰੀ ਲਿੰਗ ਨਾਉਂ, ਜੋ ਜ਼ਿਆਦਾਤਰ ਅੰਤ ਮੁਕਤਾ ਹੁੰਦੇ ਹਨ, ਇਨ੍ਹਾਂ ਵਿਚ ਸੰਬੰਧਕੀ ਤੇ ਸੰਬੋਧਨ ਸ਼ਬਦਾਂ ਨੂੰ ਵੀ ਵਿਚਾਰਿਆ ਗਿਆ ਹੈ।
(ਨੋਟ : ਉਕਤ ਦੋਵਾਂ ਵਿਸ਼ਿਆਂ ਵਿਚ ਖ਼ਾਸ ਔਂਕੜ ਸਮੇਤ ਇਸਤਰੀ ਲਿੰਗ ਨਾਉਂ ਤੇ ਖ਼ਾਸ ਔਂਕੜ ਸਮੇਤ ਵਿਸ਼ੇਸ਼ਣ ਸ਼ਬਦ ਵੀ ਵਿਚਾਰੇ ਗਏ ਹਨ ਅਤੇ ਇੱਕ ਵਚਨ ਪੁਲਿੰਗ ਨਾਉਂ ਦੌਰਾਨ ਅੰਤ ਸਿਹਾਰੀ ਕਾਰਕ ਚਿੰਨ੍ਹ (ਕਰਤਾ ਕਾਰਕ, ਕਰਣ ਕਾਰਕ, ਅਪਾਦਾਨ ਕਾਰਕ ਤੇ ਅਧਿਕਰਣ ਕਾਰਕ) ਦੀ ਵੀ ਵਿਚਾਰ ਹੋ ਚੁੱਕੀ ਹੈ।)
ਪਿੱਛੇ ਕੀਤੀ ਗਈ ਵਿਚਾਰ ਕਿ ਗੁਰਬਾਣੀ ਵਿਚ ਵਰਤੀ ਗਈ ਲਿਪੀ ਬੇਸ਼ੱਕ ਗੁਰਮੁਖੀ ਹੈ ਪ੍ਰੰਤੂ ਕਈ ਭਾਸ਼ਾਵਾਂ ਦਾ ਸੰਗ੍ਰਹਿ ਵੀ ਹੈ, ਜਿਨ੍ਹਾਂ ਦੀ ਅੰਤ ਸਿਹਾਰੀ ਵਾਲੇ ਨਿਯਮ ਦੀ ਵੰਡ ਕਰਨ ਲਈ ਇਸ ਗਣਿਤ ਦਾ ਪ੍ਰਯੋਗ ਕਰ ਸਕਦੇ ਹਾਂ:
(1) ਲਗਭਗ 80% ਸ਼ਬਦਾਂ ਦੇ ਅੰਤ ਵਿਚ ਲੱਗੀ ਸਿਹਾਰੀ ਭਿੰਨ-ਭਿੰਨ ਪ੍ਰਕਾਰ ਦੇ ਅਰਥਾਂ (ਕਾਰਕੀ ਚਿੰਨ੍ਹਾਂ) ਦਾ ਸੂਚਕ ਹੈ ਜਿਨ੍ਹਾਂ ਨੂੰ ਆਪਾਂ ਪਿੱਛੇ ਚਾਰ ਕਾਰਕਾਂ ਰਾਹੀਂ ਵਿਚਾਰ ਆਏ ਹਾਂ ਪਰ 20% ਸ਼ਬਦਾਂ ਨੂੰ ਲੱਗੀ ਅੰਤ ਸਿਹਾਰੀ ਦਾ ਕਾਰਨ ਅਨ੍ਯ ਭਾਸ਼ਾਵਾਂ ’ਚੋਂ ਆਏ ਸ਼ਬਦ ਹਨ ਜੋ ਆਪਣੀ ਮੂਲਿਕ ਸਿਹਾਰੀ ਨਾਲ ਹੀ ਆਏ ਹਨ। ਇਹ ਅੰਤ ਸਿਹਾਰੀ ਸ਼ਬਦ ਬੇਸ਼ੱਕ ਜ਼ਿਆਦਾਤਰ ਇਸਤਰੀ ਲਿੰਗ ਹੁੰਦੇ ਹਨ ਪਰ ਕੁਝ ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ਵੀ ਸਿਹਾਰੀ ਲੱਗੀ ਹੋਈ ਮਿਲਦੀ ਹੈ; ਜਿਵੇਂ ਕਿ
(1). ਫ਼ਾਰਸੀ ਅਤੇ ਅਰਬੀ ’ਚੋਂ ਆਏ ਅੰਤ ਸਿਹਾਰੀ ਵਾਲੇ ਪੁਲਿੰਗ ਸ਼ਬਦ: ‘ਹਦਰਥਿ, ਖੁਦਾਇ, ਤਾਮਿ’, ਆਦਿਕ।
(2). ਸੰਸਕ੍ਰਿਤ ਵਿਚੋਂ ਆਏ ਪੁਲਿੰਗ ਅੰਤ ਸਿਹਾਰੀ ਵਾਲੇ ਸ਼ਬਦ: ‘ਉਦਧਿ, ਅਹਿ, ਸਸਿ, ਸਾਰਥਿ, ਕਪਿ, ਕਲਿ, ਕਵਿ, ਗੋਬਿੰਦਰਾਇ, ਗਿਰਿ, ਚਿੰਤਾਮਨਿ, ਛਤ੍ਰਪਤਿ, ਜਮਦਗਨਿ, ਜਲਧਿ, ਜਲਨਿਧਿ, ਨਰਹਰਿ, ਨਿਧਿ, ਨਰਪਤਿ, ਹਰਿ’, ਆਦਿ।
(3). ਪ੍ਰਾਕ੍ਰਿਤ ਵਿਚੋਂ ਆਏ ਪੁਲਿੰਗ ਅੰਤ ਸਿਹਾਰੀ ਵਾਲੇ ਸ਼ਬਦ: ‘ਕਬਿ, ਨਖਿਆਤਿ, ਪੰਖਿ, ਬੇਣਿ, ਬਨਰਾਇ, ਬਨਾਰਸਿ, ਰਾਇ’, ਆਦਿ।
ਕਈ ਇਸਤਰੀ ਲਿੰਗ ਸ਼ਬਦ ਵੀ ਆਪਣੇ ਨਾਲ ਅੰਤ ਸਿਹਾਰੀ ਲੈ ਕੇ ਆਏ ਹਨ; ਜਿਵੇਂ ਕਿ ‘ਭਗਤਿ, ਕਾਮਣਿ, ਦਾਸਿ, ਸੁੰਦਰਿ, ਚੰਚਲਿ, ਸੇਵਕਿ’, ਆਦਿ।
(ਭਾਗ-ਹ) ਨਿਯਮ ਨੰ. 6
ਹੇਠ ਲਿਖੇ ਸ਼ਬਦਾਂ ਵਿਚ ਅੰਤਰ ਵੇਖੋ ਤੇ ਵਿਚਾਰੋ :
- ਇਹੁ——————–ਇਹ ——————-ਏਹਿ
- ਓਹੁ ——————–ਓਹ—————— ਓਹਿ (ਆਦਿ)
ਉਪਰੋਕਤ ਸ਼ਬਦ ਗੁਰਬਾਣੀ ਵਿਚ ਪੜਨਾਂਵ ਤੇ ਵਿਸ਼ੇਸ਼ਣ ਰੂਪ ’ਚ ਦਰਜ ਹੁੰਦੇ ਹਨ। ਇਨ੍ਹਾਂ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਵੱਖ-ਵੱਖ ਮਾਤਰਾਵਾਂ ਆਈਆਂ ਹੋਈਆਂ ਹਨ, ਜਿਸ ਕਾਰਨ ਉਹ ਇਕ-ਦੂਜੇ ਤੋਂ ਅਲੱਗ ਹੋ ਗਏ ਹਨ। ਸਪਸ਼ਟ ਹੈ ਜੇ ਰੂਪ ਅਲੱਗ ਹਨ ਤਾਂ ਅਰਥ ਵੀ ਭਿੰਨ-ਭਿੰਨ ਹੀ ਹੋਣਗੇ।
ਜੇ ਅਸੀਂ ਉਕਤ ਭਾਗਾਂ ਵਿਚ ਆਈ ਗੁਰਬਾਣੀ ਵਿਆਕਰਨ ਨੂੰ ਸਮਝ ਚੁੱਕੇ ਹਾਂ ਤਾਂ ਸਹਿਜੇ ਹੀ ਪਤਾ ਲੱਗ ਜਾਵੇਗਾ ਕਿ ਜਿਨ੍ਹਾਂ ਸ਼ਬਦਾਂ ਦੇ ਅਖੀਰ ਵਿਚ ‘ਔਕੜ’ ਆਈ ਹੈ ਉਹ ਆਮ ਤੌਰ ’ਤੇ ਇਕ ਵਚਨ ਪੁਲਿੰਗ ਪੜਨਾਂਵ/ਵਿਸ਼ੇਸ਼ਣ ਹਨ। ਜਿਨ੍ਹਾਂ ਦਾ ਅਖੀਰਲਾ ਅੱਖਰ ਮੁਕਤਾ ਹੈ, ਉਹ ਇਕ ਵਚਨ ਇਸਤਰੀ ਲਿੰਗ ਪੜਨਾਂਵ/ਵਿਸ਼ੇਸ਼ਣ ਹਨ, ਪਰ ਜੋ ਅਗਾਂਹ ਇੱਕ ਹੋਰ ਨਿਯਮ ਵਿਚਾਰਨਾ ਹੈ ਉਹ ਇਹ ਹੈ ਕਿ ਜਿਨ੍ਹਾਂ ਪੜਨਾਵਾਂ ਦੇ ਅਖੀਰਲੇ ਅੱਖਰ ਨੂੰ ਸਿਹਾਰੀ ਲੱਗੀ ਹੋਈ ਹੈ, ਉਹ ਪੜਨਾਂਵ/ਵਿਸ਼ੇਸ਼ਣ ਬਹੁ-ਵਚਨ ਹੋਣਗੇ, ਜਦ ਕਿ ਕਈ ਵਾਰ ਬਹੁ ਵਚਨ ਪੁਲਿੰਗ ਨਾਂਵ ਸ਼ਬਦਾਂ ਨੂੰ ਅੰਤ ਮੁਕਤਾ ਵਿਚਾਰ ਚੁੱਕੇ ਹਾਂ। ਇਸ ਲਈ ਹੇਠਾਂ ਬਣਾਏ ਚਾਰਟ ਰਾਹੀਂ ਵਿਸ਼ੇਸ਼ ਨਿਯਮ (ਕਿ ਬਹੁ ਵਚਨ ਪੜਨਾਂਵ ਤੇ ਵਿਸ਼ੇਸ਼ਣ ਅੰਤ ਸਿਹਾਰੀ ਵੀ ਹੁੰਦਾ ਹੈ) ਨੂੰ ਸਮਝਿਆ ਜਾ ਸਕਦਾ ਹੈ।
ਇਕ ਵਚਨ ਪੁਲਿੰਗ———- ਇਸਤਰੀ ਲਿੰਗ——— ਬਹੁ ਵਚਨ ਪਲਿੰਗ
(ਵਿਸ਼ੇਸ਼ਣ/ਪੜਨਾਂਵ)———-(ਵਿਸ਼ੇਸ਼ਣ/ਪੜਨਾਂਵ)——-(ਵਿਸ਼ੇਸ਼ਣ/ਪੜਨਾਂਵ)
ਇਹੁ ———————ਇਹ—————–ਏਹਿ
ਓਹੁ———————-ਓਹ———————ਓਹਿ
ਹੋਰੁ———————-ਹੋਰ——————–ਹੋਰਿ
ਇਕੁ——————–ਇਕ———————ਇਕਿ
ਸਭੁ———————–ਸਭ———————ਸਭਿ
ਅਵਰੁ———————ਅਵਰ——————-ਅਵਰਿ
ਉਕਤ ਨਿਯਮ ਦੀ ਪੁਸ਼ਟੀ ਗੁਰਬਾਣੀ ਰਾਹੀਂ ਕਰਨ ਲਈ ਹੇਠਾਂ ਕੁਝ ਤੁਕਾਂ ਦਿੱਤੀਆਂ ਜਾ ਰਹੀਆਂ ਹਨ:
(ਇਕ ਵਚਨ ਪੁਲਿੰਗ ਪੜਨਾਉਂ/ਵਿਸ਼ੇਸ਼ਣ)
- ‘ਏਹੁ’ਜੀਉ ਬਹੁਤੇ ਜਨਮ ਭਰੰਮਿਆ.. ॥
(ਉਕਤ ਤੁਕ ’ਚ ‘ਜੀਉ’ (ਆਤਮਾ) ਇੱਕ ਹੋਣ ਕਾਰਨ ‘ਏਹੁ’ ਨੂੰ ਲੱਗੀ ਅੰਤ ਔਂਕੜ ਇੱਕ ਵਚਨ ਪੁਲਿੰਗ ਵਿਸ਼ੇਸ਼ਣ ਦਾ ਸੂਚਕ ਹੈ।
- ਨਾਮੁ ਜਪਤ‘ਉਹੁ’ਚਹੁ ਕੁੰਟ ਮਾਨੈ ॥
- ਗੁਣੁ ਏਹੋ‘ਹੋਰੁ’ਨਾਹੀ ਕੋਇ ॥
- ਸਭਨਾ ਜੀਆ ਕਾ‘ਇਕੁ’ਦਾਤਾ.. ॥
- ਹੁਕਮੈ ਅੰਦਰਿ‘ਸਭੁ’ਕੋ, ਬਾਹਰਿ ਹੁਕਮ ਨ ਕੋਇ ॥
(ਉਕਤ ਤੁਕ ’ਚ ‘ਕੋ’ ਦਾ ਅਰਥ ‘ਦਾ’ (ਸੰਬੰਧਕੀ) ਨਹੀਂ (ਕਿਉਂਕਿ ਅਗਰ ਸੰਬੰਧਕੀ ਹੁੰਦਾ ਤਾਂ ‘ਸਭੁ’ ਦਾ ਔਂਕੜ ਹਟ ਜਾਣਾ ਸੀ ਇਸ ਲਈ) ‘ਸਭੁ ਕੋ’ ਦਾ ਅਰਥ ਹੈ: ‘ਹਰ ਕੋਈ’ ਭਾਵ ਇੱਕ ਵਚਨ।)
- ਤੁਧੁ ਬਿਨੁ; ਦੂਜਾ‘ਅਵਰੁ’ਨ ਕੋਇ ॥, ਆਦਿ।
(ਇਸਤਰੀ ਲਿੰਗ ਪੜਨਾਉਂ/ਵਿਸ਼ੇਸ਼ਣ)
- ਸਤੁ ਸੰਤੋਖੁ ਦਇਆ ਕਮਾਵੈ,‘ਏਹ’ਕਰਣੀ ਸਾਰ ॥
- ਜੋ ਅਨਰੂਪਿਓ ਠਾਕੁਰਿ ਮੇਰੈ, ਹੋਇ ਰਹੀ‘ਉਹ’ਬਾਤ ॥
- ਜੇ ਜੁਗ ਚਾਰੇ ਆਰਜਾ,‘ਹੋਰ’ਦਸੂਣੀ ਹੋਇ ॥
- (ਉਕਤ ਤੁਕ ’ਚ ‘ਹੋਰ’ ਦਾ ਸੰਕੇਤ ‘ਉਮਰ’ (ਇਸਤਰੀ ਲਿੰਗ) ਵੱਲ ਹੈ।)
- ਗੁਰਾ !‘ਇਕ’ਦੇਹਿ ਬੁਝਾਈ ॥
- ‘ਸਭ’ਕੀਮਤਿ, ਮਿਲਿ ਕੀਮਤਿ ਪਾਈ ॥
- ‘ਅਵਰ’ਕਰਤੂਤਿ, ਸਗਲੀ ਜਮੁ ਡਾਨੈ ॥
(ਬਹੁ ਵਚਨ ਪੁਲਿੰਗ ਪੜਨਾਉਂ/ਵਿਸ਼ੇਸ਼ਣ)
- ਨਾਨਕ ! ਮੂਰਖ‘ਏਹਿ’ ਗੁਣ; ਬੋਲੇ ਸਦਾ ਵਿਣਾਸੁ ॥
- ਨਾ‘ਓਹਿ’ਮਰਹਿ; ਨ ਠਾਗੇ ਜਾਹਿ ॥
- ‘ਹੋਰਿ’ਕੇਤੇ; ਤੁਧ ਨੋ ਗਾਵਨਿ… ॥
- ‘ਇਕਿ’ਦਾਤੇ; ‘ਇਕਿ’ ਭੇਖਾਰੀ ਜੀ… ॥
- ‘ਸਭਿ’ਗੁਣ ਤੇਰੇ; ਮੈ ਨਾਹੀ ਕੋਇ ॥
- ‘ਅਵਰਿ’ਕਾਜ; ਤੇਰੈ ਕਿਤੈ ਨ ਕਾਮ ॥
(ਨੋਟ : ਧਿਆਨ ਰਹੇ ਕਿ
- ‘ਸਭ’ਸ਼ਬਦ ਅੰਤ ਮੁਕਤੇ ਬਾਰੇ ਅਪਵਾਦ ਹੈ ਕਿਉਂਕਿ ਇਹ ਸ਼ਬਦ ਕਈ ਵਾਰੀ ਬਹੁ ਵਚਨ ਦੇ ਅਰਥ ਲਈ ਵੀ ਵੇਖਿਆ ਜਾਂਦਾ ਹੈ, ਇਸ ਸੰਬੰਧੀ ਹੋਰ ਖੋਜ ਦੀ ਲੋੜ ਹੈ।
- ਜਿਹੜੇ ਪੜਨਾਂਵ ਸ਼ਬਦਾਂ ਦਾ ਅੰਤ ‘ਨ’ ਅੱਖਰ ਹੋਵੇ, ਉਨ੍ਹਾਂ ਲਈ ਉਕਤ ਨਿਯਮ ਬਿਲਕੁਲ ਬਦਲ ਜਾਂਦਾ ਹੈ; ਜਿਵੇਂ ਕਿ
‘ਜਿਨਿ, ਤਿਨਿ, ਇਨਿ, ਕਿਨਿ, ਉਨਿ’, ਆਦਿ ਇੱਕ ਵਚਨ ਪੜਨਾਂਵ ਹਨ ਜਿਨ੍ਹਾਂ ਦੇ ਕ੍ਰਮਵਾਰ ਅਰਥ ਹਨ: ‘ਜਿਸ ਨੇ, ਤਿਸ ਨੇ, ਇਸ ਨੇ, ਕਿਸ ਨੇ, ਉਸ ਨੇ’ ਪਰ ‘ਜਿਨ, ਤਿਨ, ਇਨ, ਕਿਨ, ਉਨ’ ਬਹੁ ਵਚਨ ਪੜਨਾਂਵ ਹੁੰਦੇ ਹਨ।)
ਗੁਰਬਾਣੀ ਦਾ ਮੂਲ ਪਾਠ (ਪੰਨਾ ਨੰਬਰ 114-117)
ਗੁਰਬਾਣੀ ਦਾ ਮੂਲ ਪਾਠ (ਪੰਨਾ ਨੰਬਰ 114-117)
(ਨੋਟ: ਇਨ੍ਹਾਂ ਅਸਟਪਦੀਆਂ ਦੀਆਂ ਕਈ ਤੁਕਾਂ ’ਚ ਅੰਤ ‘ਣਿਆ’ ਸਰੂਪ ਸ਼ਾਮਲ ਹੈ; ਜਿਵੇਂ ਕਿ ‘ਪਛੋਤਾਵਣਿਆ, ਲਹਾਵਣਿਆ, ਗਾਵਣਿਆ’ ਆਦਿ। ਇਸ ‘ਣਿਆ’ ਦਾ ਦਰੁਸਤ ਉਚਾਰਨ ‘ਣਿਆਂ’ ਵਾਙ ਹੈ, ਪਰ ‘ਙ, ਞ, ਣ, ਨ’, ਆਦਿ ਅੱਖਰ ਵੈਸੇ ਹੀ ਨਾਸਿਕੀ ਹੁੰਦੇ ਹਨ, ਜੋ ਆਪਣੇ ਤੋਂ ਅਗਲੇ ਅੱਖਰ ਉੱਤੇ ਵੀ ਥੋੜ੍ਹਾ ਅਨੁਨਾਸਕੀ ਪ੍ਰਭਾਵ ਪਾ ਦਿੰਦੇ ਹਨ, ਇਸ ਲਈ ‘ਣਿਆ’ ਨੂੰ ਵਾਧੂ ਬਿੰਦੀ ਲਗਾਉਣ ਦੀ ਕੋਈ ਖ਼ਾਸ ਜ਼ਰੂਰਤ ਨਹੀਂ ਰਹਿ ਜਾਂਦੀ।)
ਮਾਝ, ਮਹਲਾ ੩ ॥
ਆਪੇ ਰੰਗੇ, ‘ਸਹਜਿ ਸੁਭਾਏ’ ॥ ਗੁਰ ਕੈ+ਸਬਦਿ (ਰਾਹੀਂ), ਹਰਿ ਰੰਗੁ ਚੜਾਏ (ਚੜ੍ਹਾਏ)॥ ਮਨੁ ਤਨੁ ਰਤਾ (ਰੱਤਾ), ਰਸਨਾ ਰੰਗਿ (ਨਾਲ਼) ਚਲੂਲੀ (ਭਾਵ ਗੂੜ੍ਹੇ ਰੰਗ ਵਾਲ਼ੀ, ਜੋ ਕਦੇ ਨਾ ਉਤਰੇ) ; ਭੈ+ਭਾਇ (’ਚ) ਰੰਗੁ ਚੜਾਵਣਿਆ (ਚੜ੍ਹਾਵਣਿਆ) ॥੧॥ ਹਉ (ਹੌਂ ) ਵਾਰੀ ਜੀਉ ਵਾਰੀ ; ਨਿਰਭਉ (ਨੂੰ) ਮੰਨਿ (’ਚ) ਵਸਾਵਣਿਆ ॥ (ਪਰ) ਗੁਰ ਕਿਰਪਾ ਤੇ, ਹਰਿ-ਨਿਰਭਉ ਧਿਆਇਆ ; ਬਿਖੁ-ਭਉਜਲੁ, ਸਬਦਿ (ਰਾਹੀਂ) ਤਰਾਵਣਿਆ ॥੧॥ ਰਹਾਉ ॥ ਮਨਮੁਖ ਮੁਗਧ, ਕਰਹਿ (ਕਰਹਿਂ, ਕਰੈਂ) ਚਤੁਰਾਈ ॥ ਨਾਤਾ (ਨ੍ਹਾਤਾ) ਧੋਤਾ, ਥਾਇ (ਥਾਂਇ) ਨ ਪਾਈ ॥ ਜੇਹਾ ਆਇਆ, ਤੇਹਾ ਜਾਸੀ (ਭਾਵ ਜਾਏਗਾ) ; ਕਰਿ (ਕੇ) ਅਵਗਣ ਪਛੋਤਾਵਣਿਆ ॥੨॥ ਮਨਮੁਖ ਅੰਧੇ, ਕਿਛੂ ਨ ਸੂਝੈ ॥ ਮਰਣੁ ਲਿਖਾਇ (ਕੇ) ਆਏ, (ਫਿਰ ਵੀ) ਨਹੀ (ਨਹੀਂ) ਬੂਝੈ ॥ ਮਨਮੁਖ ਕਰਮ ਕਰੇ, ਨਹੀ (ਨਹੀਂ, ਗੁਰ) ਪਾਏ ; ਬਿਨੁ ਨਾਵੈ (ਨਾਵੈਂ), ਜਨਮੁ ਗਵਾਵਣਿਆ ॥੩॥ ਸਚੁ ਕਰਣੀ, ਸਬਦੁ ਹੈ ਸਾਰੁ (ਭਾਵ ਸ੍ਰੇਸ਼ਟ) ॥ ਪੂਰੈ+ਗੁਰਿ (ਰਾਹੀਂ) ਪਾਈਐ, ਮੋਖ (ਦਾ) ਦੁਆਰੁ ॥ ਅਨਦਿਨੁ, ਬਾਣੀ ਸਬਦਿ (ਰਾਹੀਂ) ਸੁਣਾਏ ; ਸਚਿ ਰਾਤੇ (ਰਾੱਤੇ) ਰੰਗਿ ਰੰਗਾਵਣਿਆ ॥੪॥ ਰਸਨਾ ਹਰਿ ਰਸਿ ਰਾਤੀ (ਰਾੱਤੀ), ਰੰਗੁ (ਭਾਵ ਪਿਆਰ) ਲਾਏ ॥ ਮਨੁ ਤਨੁ ਮੋਹਿਆ, ‘ਸਹਜਿ ਸੁਭਾਏ’ ॥ ਸਹਜੇ ਪ੍ਰੀਤਮੁ ਪਿਆਰਾ ਪਾਇਆ, ਸਹਜੇ+ਸਹਜਿ ਮਿਲਾਵਣਿਆ ॥੫॥ ਜਿਸੁ, ਅੰਦਰਿ ਰੰਗੁ; ਸੋਈ ਗੁਣ ਗਾਵੈ ॥ ਗੁਰ ਕੈ+ਸਬਦਿ, ਸਹਜੇ ਸੁਖਿ (’ਚ) ਸਮਾਵੈ ॥ ਹਉ (ਹੌਂ ) ਬਲਿਹਾਰੀ ਸਦਾ, ਤਿਨ ਵਿਟਹੁ (ਤਿਨ੍ਹ ਵਿਟੋਂ, ਜੋ); ਗੁਰ ਸੇਵਾ, ਚਿਤੁ ਲਾਵਣਿਆ ॥੬॥ (ਜੋ) ਸਚਾ ਸਚੋ, (ਉਸ) ਸਚਿ (ਨਾਲ਼) ਪਤੀਜੈ ॥ ਗੁਰ ਪਰਸਾਦੀ, ਅੰਦਰੁ (ਭਾਵ ਹਿਰਦਾ) ਭੀਜੈ ॥ ਬੈਸਿ (ਕੇ) ਸੁਥਾਨਿ (’ਚ), ਹਰਿ ਗੁਣ ਗਾਵਹਿ (ਗਾਵਹਿਂ) ; ਆਪੇ (ਸਾਬਤ) ਕਰਿ ਸਤਿ, ਮਨਾਵਣਿਆ (ਮੰਨਾਵਣਿਆ)॥੭॥ ਜਿਸ ਨੋ ਨਦਰਿ ਕਰੇ, ਸੋ ਪਾਏ ॥ ਗੁਰ ਪਰਸਾਦੀ, ਹਉਮੈ ਜਾਏ ॥ ਨਾਨਕ ! ਨਾਮੁ ਵਸੈ ਮਨ ਅੰਤਰਿ ; ਦਰਿ+ਸਚੈ (’ਤੇ) ਸੋਭਾ (ਸ਼ੋਭਾ) ਪਾਵਣਿਆ ॥੮॥੮॥੯॥
(ਨੋਟ: ਉਕਤ ਸ਼ਬਦ ਦੀ ਅਰੰਭਕ ਤੁਕ ਅਤੇ ਪੰਜਵੇਂ ਬੰਦ ’ਚ ਸੰਯੁਕਤ ਸ਼ਬਦ ਹਨ: ‘ਸਹਜਿ ਸੁਭਾਏ’, ਜੋ ਗੁਰਬਾਣੀ ’ਚ ਸੰਯੁਕਤ 27 ਵਾਰ ਦਰਜ ਹਨ। ਦਰਅਸਲ ਇਹ ਸ਼ਬਦ ਬਣਤਰ ‘ਸਹਜਿ ਸੁਭਾਇ’ ਹੈ, ਜੋ ਕਿ ਗੁਰਬਾਣੀ ’ਚ 63 ਵਾਰ ਦਰਜ ਹੈ; ਜਿਵੇਂ ਕਿ
ਜਨੁ ਨਾਨਕੁ ਜੀਵੈ ਨਾਮੁ ਲੈ; ਹਰਿ ਦੇਵਹੁ ‘ਸਹਜਿ ਸੁਭਾਇ’ ॥ (ਮ: ੩/੨੬)
ਖੇਤੀ ਜੰਮੀ ਅਗਲੀ; ਮਨੂਆ ਰਜਾ ‘ਸਹਜਿ ਸੁਭਾਇ’ ॥ (ਮ: ੩/੩੫), ਆਦਿ।
ਇਨ੍ਹਾਂ ਸ਼ਬਦਾਂ ਦੀ ਵਿਚਾਰ ਦਾ ਕਾਰਨ ਇਹ ਹੈ ਕਿ ਵਿਆਕਰਨ ਨਿਯਮ ਮੁਤਾਬਕ ‘ਸਹਜਿ+ਸੁਭਾਇ’ ਦਾ ਸੁਮੇਲ ਹੀ ਵਧੇਰੇ ਦਰੁਸਤ ਹੈ ਕਿਉਂਕਿ ਇਸ ਸਰੂਪ ’ਚ ਇਹ ਦੋਵੇਂ ਸ਼ਬਦ ਇੱਕ ਕਾਰਕ ਨਿਯਮ ’ਚ ਆ ਕੇ ਅਰਥ ਕਰ ਜਾਂਦੇ ਹਨ ‘ਸੁੱਤੇ ਸਿਧ ਕਾਰਨ ਭਾਵ ਆਪਣੀ ਮਰਜ਼ੀ ਰਾਹੀਂ (ਕਰਨ ਕਾਰਕ), ਅਡੋਲ ਸੁਭਾਅ ਵਿੱਚ (ਅਧਿਕਰਨ ਕਾਰਕ), ਆਦਿ।
ਧਿਆਨ ਰਹੇ ਕਿ ‘ਸਹਜਿ ਸੁਭਾਇ’ ਦਾ ਸਰੂਪ ‘ਸਹਜਿ ਸੁਭਾਏ’ ਤਬਦੀਲ ਹੋਣ ਦਾ ਕਾਰਨ ਕੇਵਲ ਕਾਵਿ ਤੋਲ ਦਾ ਪ੍ਰਭਾਵ ਹੈ ਤੇ ਇਹ ਬਣਤਰ ਆਮ ਤੌਰ ’ਤੇ ਪੰਕਤੀ ਦੇ ਅੰਤ ’ਚ ਹੀ ਦਰਜ ਹੁੰਦੀ ਹੈ; ਜਿਵੇਂ ਕਿ ਸੰਬੰਧਿਤ ਸ਼ਬਦ (ਸੁਭਾਏ) ਦੀਆਂ ਵਿਚਾਰ ਅਧੀਨ ਤੁਕਾਂ ਉੱਤੇ ਵੀ ਤੁਕਾਂਤ ਮੇਲ਼ ਖਾਣ ਵਾਲੀਆਂ ਦੂਸਰੀਆਂ ਤੁਕਾਂ ਦਾ ਪ੍ਰਭਾਵ ਪਿਆ ਹੈ ਭਾਵ ਇਨ੍ਹਾਂ ਦੋਵੇਂ ਤੁਕਾਂ ਦੇ ਅੰਤ ’ਚ ਦਰਜ ਸ਼ਬਦ ‘ਚੜਾਏ’ ਤੇ ‘ਲਾਏ’ ਨੇ ‘ਸੁਭਾਇ’ ਨੂੰ ‘ਸੁਭਾਏ’ ’ਚ ਬਦਲ ਦਿੱਤਾ, ਪਰ ਇਨ੍ਹਾਂ (ਸਹਜਿ ਸੁਭਾਏ) ਦੇ ਅਰਥ; ਨਿਯਮ ਮੁਤਾਬਕ ‘ਸਹਜਿ ਸੁਭਾਇ’ ਵਾਲ਼ੇ ਹੀ ਰਹਿਣਗੇ ਕਿਉਂਕਿ ਗੁਰਬਾਣੀ ਲਿਖਤ ‘ਅੰਤ ਸਿਹਾਰੀ ਸ਼ਬਦ (ਸਹਜਿ) ਤੇ ਅੰਤ ਲਾਂ ਸ਼ਬਦ’ (ਸੁਭਾਏ) ਦੀ ਸੰਧੀ ਕਰਵਾ ਕੇ ਨਵੇਂ ਅਰਥ ਮੁਹੱਈਆ ਨਹੀਂ ਕਰਵਾ ਸਕਦੀ; ਜਿਵੇਂ ਕਿ ਕਾਵਿ ਤੋਲ ਪ੍ਰਭਾਵ ਅਧੀਨ ਹੇਠਾਂ ਦਰਜ ਹੈ:
ਆਪੇ ਰੰਗੇ, ਸਹਜਿ ‘ਸੁਭਾਏ’ ॥ ਗੁਰ ਕੈ ਸਬਦਿ, ਹਰਿ ਰੰਗੁ ‘ਚੜਾਏ’॥
ਰਸਨਾ ਹਰਿ ਰਸਿ ਰਾਤੀ, ਰੰਗੁ ‘ਲਾਏ’ ॥ ਮਨੁ ਤਨੁ ਮੋਹਿਆ, ਸਹਜਿ ‘ਸੁਭਾਏ’ ॥)
ਮਾਝ, ਮਹਲਾ ੩ ॥
ਸਤਿਗੁਰੁ (ਨੂੰ) ਸੇਵਿਐ (ਨਾਲ਼), ਵਡੀ ਵਡਿਆਈ ॥ (ਕਿਉਂਕਿ) ਹਰਿ ਜੀ; ਅਚਿੰਤੁ ਵਸੈ ਮਨਿ (’ਚ) ਆਈ ॥ ਹਰਿ ਜੀਉ; ਸਫਲਿਓ ਬਿਰਖੁ ਹੈ ਅੰਮ੍ਰਿਤੁ ; ਜਿਨਿ (ਜਿਨ੍ਹ) ਪੀਤਾ; ਤਿਸੁ, ਤਿਖਾ ਲਹਾਵਣਿਆ ॥੧॥ ਹਉ (ਹਉਂ) ਵਾਰੀ ਜੀਉ ਵਾਰੀ; ਸਚੁ ਸੰਗਤਿ ਮੇਲਿ (ਮੇਲ਼) ਮਿਲਾਵਣਿਆ ॥ ਹਰਿ, ਸਤ (ਦੀ) ਸੰਗਤਿ (’ਚ) ਆਪੇ ਮੇਲੈ (ਮੇਲ਼ੈ); ਗੁਰ ਸਬਦੀ, ਹਰਿ ਗੁਣ ਗਾਵਣਿਆ ॥੧॥ ਰਹਾਉ ॥ ਸਤਿਗੁਰੁ ਸੇਵੀ (ਸੇਵੀਂ ਭਾਵ ਮੈਂ ਸਿਮਰਦਾ ਹਾਂ), ਸਬਦਿ (ਨਾਲ਼) ਸੁਹਾਇਆ ॥ ਜਿਨਿ (ਜਿਨ੍ਹ), ਹਰਿ ਕਾ ਨਾਮੁ, ਮੰਨਿ ਵਸਾਇਆ ॥ ਹਰਿ ਨਿਰਮਲੁ, ਹਉਮੈ ਮੈਲੁ (ਮੈਲ਼) ਗਵਾਏ ; ਦਰਿ+ਸਚੈ (ਉੱਤੇ), ਸੋਭਾ (ਸ਼ੋਭਾ) ਪਾਵਣਿਆ ॥੨॥ ਬਿਨੁ ਗੁਰ; ਨਾਮੁ, ਨ ਪਾਇਆ ਜਾਇ ॥ ਸਿਧ ਸਾਧਿਕ ਰਹੇ ਬਿਲਲਾਇ ॥ ਬਿਨੁ ਗੁਰ ਸੇਵੇ, ਸੁਖੁ ਨ ਹੋਵੀ ; (ਪਰ) ਪੂਰੈ+ਭਾਗਿ (ਨਾਲ਼) ਗੁਰੁ ਪਾਵਣਿਆ ॥੩॥ ਇਹੁ (ਇਹ) ਮਨੁ ਆਰਸੀ (ਭਾਵ ਸ਼ੀਸ਼ਾ), ਕੋਈ ਗੁਰਮੁਖਿ (ਭਾਵ ਗੁਰੂ ਰਾਹੀਂ, ਸ਼ੀਸ਼ੇ-ਮਨ ਨੂੰ) ਵੇਖੈ ॥ (ਫਿਰ) ਮੋਰਚਾ (ਭਾਵ ਜ਼ੰਗ) ਨ ਲਾਗੈ, ਜਾ (ਜਾਂ ਭਾਵ ਜਦੋਂ) ਹਉਮੈ ਸੋਖੈ ॥ ਅਨਹਤ ਬਾਣੀ ਨਿਰਮਲ, (ਭਾਵ ਗੁਰ) ਸਬਦੁ ਵਜਾਏ ; ਗੁਰ ਸਬਦੀ ਸਚਿ (’ਚ) ਸਮਾਵਣਿਆ ॥੪॥ ਬਿਨੁ ਸਤਿਗੁਰ, ਕਿਹੁ (ਕਿਹ, ਭਾਵ ਕਿਸੇ ਮਦਦ ਨਾਲ਼ ਵੀ, ਸ਼ੀਸ਼ਾ ਮਨ) ਨ ਦੇਖਿਆ ਜਾਇ ॥ ਗੁਰਿ (ਨੇ), ਕਿਰਪਾ ਕਰਿ; ਆਪੁ (ਭਾਵ ਆਪਣੇ ਆਪ ਨੂੰ ਜਾਂ ਆਪਣੇ ਅਨੁਭਵ ਨੂੰ) ਦਿਤਾ (ਦਿੱਤਾ) ਦਿਖਾਇ ॥ ਆਪੇ ਆਪਿ, ਆਪਿ ਮਿਲਿ ਰਹਿਆ ; ਸਹਜੇ+ਸਹਜਿ ਸਮਾਵਣਿਆ ॥੫॥ ਗੁਰਮੁਖਿ ਹੋਵੈ, ਸੁ ਇਕਸੁ ਸਿਉ (ਸਿਉਂ) ਲਿਵ ਲਾਏ ॥ ਦੂਜਾ ਭਰਮੁ, ਗੁਰ ਸਬਦਿ (ਨਾਲ਼) ਜਲਾਏ ॥ ਕਾਇਆ (ਕਾਇਆਂ) ਅੰਦਰਿ, ਵਣਜੁ ਕਰੇ ਵਾਪਾਰਾ ; ਨਾਮੁ ਨਿਧਾਨੁ ਸਚੁ ਪਾਵਣਿਆ ॥੬॥ ਗੁਰਮੁਖਿ ਕਰਣੀ, ਹਰਿ ਕੀਰਤਿ ਸਾਰੁ (ਭਾਵ ਸ੍ਰੇਸ਼ਟ)॥ ਗੁਰਮੁਖਿ ਪਾਏ ਮੋਖ (ਦਾ) ਦੁਆਰੁ ॥ ਅਨਦਿਨੁ ਰੰਗਿ ਰਤਾ (ਰੱਤਾ) ਗੁਣ ਗਾਵੈ ; ਅੰਦਰਿ (ਭਾਵ ਹਿਰਦੇ ਰੂਪੀ) ਮਹਲਿ (’ਚ) ਬੁਲਾਵਣਿਆ ॥੭॥ ਸਤਿਗੁਰੁ ਦਾਤਾ; ਮਿਲੈ, (ਪ੍ਰਭੂ ਵੱਲੋਂ) ਮਿਲਾਇਆ ॥ ਪੂਰੈ+ਭਾਗਿ, ਮਨਿ (’ਚ) ਸਬਦੁ ਵਸਾਇਆ ॥ ਨਾਨਕ ! ਨਾਮੁ ਮਿਲੈ ਵਡਿਆਈ ; ਹਰਿ ਸਚੇ ਕੇ ਗੁਣ ਗਾਵਣਿਆ ॥੮॥੯॥੧੦॥
(ਨੋਟ: ਉਕਤ ਸ਼ਬਦ ਦੇ ਪੰਜਵੇਂ ਬੰਦ ’ਚ ‘ਸਹਜੇ ਸਹਜਿ’ ਸੰਯੁਕਤ ਸ਼ਬਦ ਹਨ। ‘ਸਹਜਿ’ ਦਾ ਅਰਥ ਹੈ: ‘ਅਡੋਲਤਾ ਵਿੱਚ’ ਅਤੇ ‘ਸਹਜੇ’ ਦਾ ਅਰਥ ਹੈ: ‘ਅਡੋਲਤਾ ਵਿੱਚ ਹੀ’, ਤਾਂ ਤੇ ਸੰਯੁਕਤ ਅਰਥ ਬਣ ਗਏ: ‘ਨਿਰੋਲ ਅਡੋਲਤਾ ਵਿੱਚ ਹੀ’, ਜਿੱਥੇ ਕੋਈ ਹੋਰ ਫੁਰਨਾ ਨਾ ਜਨਮ ਲਏ ‘‘ਕਰਮ ਖੰਡ ਕੀ ਬਾਣੀ; ਜੋਰੁ ॥ ਤਿਥੈ; ਹੋਰੁ ਨ ਕੋਈ ਹੋਰੁ ॥’’ ਜਪੁ)
ਮਾਝ, ਮਹਲਾ ੩ ॥
ਆਪੁ ਵੰਞਾਏ (ਭਾਵ ਹਉਮੈ ਦੂਰ ਕਰੇ), ਤਾ (ਤਾਂ) ਸਭ ਕਿਛੁ ਪਾਏ ॥ ਗੁਰ ਸਬਦੀ, ਸਚੀ ਲਿਵ ਲਾਏ ॥ ਸਚੁ ਵਣੰਜਹਿ (ਵਣੰਜਹਿਂ), ਸਚੁ ਸੰਘਰਹਿ (ਸੰਘਰਹਿਂ) ; ਸਚੁ ਵਾਪਾਰੁ ਕਰਾਵਣਿਆ ॥੧॥ ਹਉ (ਹਉਂ) ਵਾਰੀ ਜੀਉ ਵਾਰੀ, ਹਰਿ ਗੁਣ ਅਨਦਿਨੁ ਗਾਵਣਿਆ ॥ ਹਉ (ਹੌਂ ) ਤੇਰਾ, ਤੂੰ ਠਾਕੁਰੁ ਮੇਰਾ ; ਸਬਦਿ (ਰਾਹੀਂ) ਵਡਿਆਈ ਦੇਵਣਿਆ ॥੧॥ ਰਹਾਉ ॥ ਵੇਲਾ (ਵੇਲ਼ਾ) ਵਖਤ, ਸਭਿ ਸੁਹਾਇਆ ॥ ਜਿਤੁ (ਭਾਵ ਜਿਸ ਵੇਲ਼ੇ ਜਾਂ ਵਕਤ ਵਿੱਚ); ਸਚਾ, ਮੇਰੇ ਮਨਿ ਭਾਇਆ ॥ ਸਚੇ (ਦੇ) ਸੇਵਿਐ (ਨਾਲ਼), ਸਚੁ ਵਡਿਆਈ; (ਪਰ) ਗੁਰ ਕਿਰਪਾ ਤੇ, ਸਚੁ ਪਾਵਣਿਆ ॥੨॥ ਭਾਉ ਭੋਜਨੁ, ਸਤਿਗੁਰਿ+ਤੁਠੈ (ਨਾਲ਼) ਪਾਏ ॥ ‘ਅਨ ਰਸੁ’ ਚੂਕੈ, ਹਰਿ ਰਸੁ ਮੰਨਿ (’ਚ) ਵਸਾਏ ॥ ਸਚੁ, ਸੰਤੋਖੁ, ਸਹਜ (ਦਾ) ਸੁਖੁ ਬਾਣੀ (ਇੱਥੇ ‘ਬਾਣੀ’ ਦਾ ਅਰਥ ‘ਮਿੱਠਤ ਬੋਲੀ’, ਸਹੀ ਰਹੇਗਾ); ਪੂਰੇ ਗੁਰ ਤੇ ਪਾਵਣਿਆ ॥੩॥ (ਪਰ, ਜੋ) ਸਤਿਗੁਰੁ ਨ ਸੇਵਹਿ (ਸੇਵਹਿਂ), ਮੂਰਖ ਅੰਧ ਗਵਾਰਾ ॥ ਫਿਰਿ, ਓਇ ਕਿਥਹੁ (ਕਿੱਥੋਂ) ਪਾਇਨਿ (ਪਾਇਨ੍) ਮੋਖ (ਦਾ) ਦੁਆਰਾ ? ॥ ਮਰਿ+ਮਰਿ (ਕੇ) ਜੰਮਹਿ (ਜੰਮਹਿਂ, ਜੂਨਾਂ ’ਚ), ਫਿਰਿ+ਫਿਰਿ (ਕੇ) ਆਵਹਿ (ਆਵਹਿਂ) ; ਜਮ ਦਰਿ (’ਤੇ) ਚੋਟਾ (ਚੋਟਾਂ) ਖਾਵਣਿਆ ॥੪॥ ਸਬਦੈ (ਰਾਹੀਂ), ਸਾਦੁ ਜਾਣਹਿ (ਜਾਣਹਿਂ), ਤਾ (ਤਾਂ) ਆਪੁ ਪਛਾਣਹਿ (ਪਛਾਣਹਿਂ; ‘ਆਪੁ’ ਭਾਵ ਆਪਣੀ ਹਉਮੈ ਨੂੰ)॥ ਨਿਰਮਲ ਬਾਣੀ, ਸਬਦਿ (ਰਾਹੀਂ) ਵਖਾਣਹਿ (ਵਖਾਣਹਿਂ) ॥ ਸਚੇ ਸੇਵਿ (ਕੇ) ਸਦਾ ਸੁਖੁ ਪਾਇਨਿ (ਪਾਇਨ੍) ; ਨਉ ਨਿਧਿ ਨਾਮੁ ਮੰਨਿ (’ਚ) ਵਸਾਵਣਿਆ ॥੫॥ ਸੋ ਥਾਨੁ ਸੁਹਾਇਆ; ਜੋ ਹਰਿ ਮਨਿ ਭਾਇਆ ॥ ਸਤ (ਦੀ) ਸੰਗਤਿ ਬਹਿ (ਬਹ, ਕੇ), ਹਰਿ ਗੁਣ ਗਾਇਆ ॥ ਅਨਦਿਨੁ ਹਰਿ ਸਾਲਾਹਹਿ (ਸਾਲਾਹਹਿਂ, ਸਾਲਾਹੈਂ) ਸਾਚਾ ; ਨਿਰਮਲ ਨਾਦੁ ਵਜਾਵਣਿਆ ॥ ੬॥ ਮਨਮੁਖ ਖੋਟੀ ਰਾਸਿ, ਖੋਟਾ ਪਾਸਾਰਾ ॥ ਕੂੜੁ ਕਮਾਵਨਿ, ਦੁਖੁ (ਦੁੱਖ) ਲਾਗੈ ਭਾਰਾ (ਭਾਵ ਬਹੁਤਾ)॥ ਭਰਮੇ ਭੂਲੇ, ਫਿਰਨਿ (ਫਿਰਨ੍) ਦਿਨ ਰਾਤੀ (ਰਾਤੀਂ, ਕਿਉਂਕਿ ‘ਦਿਨ’ ਬਹੁ ਵਚਨ ਸ਼ਬਦ ਹੈ) ; ਮਰਿ (ਕੇ) ਜਨਮਹਿ (ਜਨਮਹਿਂ, ਮੁੜ ਫਿਰ ਮਨੁੱਖਾ) ਜਨਮੁ ਗਵਾਵਣਿਆ ॥੭॥ ਸਚਾ ਸਾਹਿਬੁ, ਮੈ (ਭਾਵ ਮੈਨੂੰ) ਅਤਿ ਪਿਆਰਾ ॥ ਪੂਰੇ ਗੁਰ ਕੈ+ਸਬਦਿ (ਨਾਲ਼) ਅਧਾਰਾ (ਭਾਵ ਆਸਰਾ ਬਣਦਾ) ॥ ਨਾਨਕ ! ਨਾਮਿ (ਰਾਹੀਂ) ਮਿਲੈ ਵਡਿਆਈ ; ਦੁਖੁ ਸੁਖੁ ਸਮ ਕਰਿ (ਕੇ) ਜਾਨਣਿਆ ॥੮॥੧੦॥੧੧॥
(ਨੋਟ: ਉਕਤ ਸ਼ਬਦ ਦੇ ਤੀਸਰੇ ਬੰਦ ਦੀ ਤੁਕ ‘ਅਨ ਰਸੁ’ ਚੂਕੈ, ਹਰਿ ਰਸੁ ਮੰਨਿ ਵਸਾਏ ॥ ’ਚ ਦਰਜ ‘ਅਨ ਰਸੁ’ ਸ਼ਬਦ ਵਿਚਾਰਨ ਯੋਗ ਹੈ ਕਿਉਂਕਿ ਗੁਰਬਾਣੀ ’ਚ ਇਹ ਸ਼ਬਦ ਬਣਤਰ ਕੇਵਲ ਇਸੇ ਤੁਕ ’ਚ ਮਿਲਦੀ ਹੈ।
ਗੁਰਬਾਣੀ ਲਿਖਤ ਮੁਤਾਬਕ ‘ਅਨ’ ਦਾ ਅਰਥ ਹੈ: ‘ਹੋਰ’ ਭਾਵ ਇੱਕ ਤੋਂ ਵਧੀਕ (ਬਹੁ ਵਚਨ); ਤਾਂ ਤੇ ‘ਰਸੁ’ ਨੂੰ ਵੀ ਅੰਤ ਔਂਕੜ ਨਹੀਂ ਹੋਣੀ ਚਾਹੀਦੀ। ਗੁਰਬਾਣੀ ’ਚ ‘ਅਨ ਰਸ’ ਸ਼ਬਦ 14 ਵਾਰ ਦਰਜ ਹੈ, ਜੋ ਨਿਯਮਾਂ ਅਨੁਕੂਲ ਸਹੀ ਹੈ; ਜਿਵੇਂ ਕਿ
ਜਿਤਨੀ ਭੂਖ ‘ਅਨ ਰਸ’ ਸਾਦ ਹੈ; ਤਿਤਨੀ ਭੂਖ ਫਿਰਿ ਲਾਗੈ ॥ (ਮ: ੪/੧੬੭)
ਨਾਮੁ ਵਿਸਾਰਿ, ‘ਅਨ ਰਸ’ ਲੋਭਾਨੇ; ਫਿਰਿ ਪਛੁਤਾਹਿ ਅਭਾਗਾ ॥ (ਮ: ੧/੫੯੮), ਆਦਿ।
ਸੰਬੰਧਿਤ ਪੰਕਤੀ ‘ਅਨ ਰਸੁ’ ਚੂਕੈ…॥’ ’ਚ ਦਰਜ ‘ਚੂਕੈ’ (ਕਿਰਿਆ) ਵੀ ਇੱਕ ਵਚਨ ਹੈ, ਇਸ ਲਈ ‘ਰਸੁ’ (ਅੰਤ ਔਂਕੜ) ਸਰੂਪ ਨੂੰ ਗਲਤ ਨਹੀਂ ਕਿਹਾ ਜਾ ਸਕਦਾ ਪਰ ਅਗਰ ‘ਰਸੁ’ ਨੂੰ ਔਂਕੜ ਜ਼ਰੂਰੀ ਹੈ ਤਾਂ ‘ਅਨੁ’ ਵੀ ਅੰਤ ਔਕੜ ਹੋਣਾ ਚਾਹੀਏ; ਜਿਵੇਂ ਕਿ ਗੁਰਬਾਣੀ ’ਚ 5 ਵਾਰ (ਹੇਠਲੀਆਂ ਤੁਕਾਂ ’ਚ) ਦਰਜ ਹੈ:
ਜਿਸ ਕਾ ‘ਅਨੁ ਧਨੁ’ ਸਹਜਿ ਨ ਜਾਨਾ ॥ (ਮ: ੧/੪੧੪)
ਕਹਤ ਕਬੀਰ ਸੁਨਹੁ ਰੇ ਸੰਤਹੁ ! ‘ਅਨੁ ਧਨੁ’ ਕਛੂਐ ਲੈ ਨ ਗਇਓ ॥ (ਭਗਤ ਕਬੀਰ/੪੭੯)
‘ਅਨੁ ਧਨੁ’ ਉਪਜੈ, ਬਹੁ ਘਣਾ; ਕੀਮਤਿ ਕਹਣੁ ਨ ਜਾਇ ॥ (ਮ: ੩/੧੨੮੧)
ਜਿਤੁ+ਵੁਠੈ ‘ਅਨੁ ਧਨੁ’ ਬਹੁਤੁ ਊਪਜੈ; ਜਾਂ ਸਹੁ (ਥੋੜ੍ਹਾ ‘ਸ਼੍ਹਾ’ ਵਾਙ) ਕਰੇ ਰਜਾਇ ॥ (ਮ: ੩/੧੨੮੨)
‘ਅਨੁ ਧਨੁ’ ਬਹੁਤਾ ਉਪਜੈ; ਧਰਤੀ ਸੋਭਾ ਪਾਇ ॥ (ਮ: ੩/੧੪੨੦), ਇਸ ਲਈ ਸੰਬੰਧਿਤ ਪੰਕਤੀ ‘ਅਨ ਰਸੁ’ ਚੂਕੈ, ਹਰਿ ਰਸੁ ਮੰਨਿ ਵਸਾਏ ॥ ਵਿੱਚ ਵੀ ‘ਅਨੁ’ ਨੂੰ ਅੰਤ ਔਂਕੜ ਹੋਣੀ ਚਾਹੀਦੀ ਸੀ। ਸ਼ਾਇਦ ਹੱਥ ਲਿਖਤ ਉਤਾਰੇ ਕਾਰਨ ਰਹਿ ਗਈ ਹੋਵੇ।)
ਮਾਝ ਮਹਲਾ ੩ ॥
ਤੇਰੀਆ (ਤੇਰੀਆਂ) ਖਾਣੀ, ਤੇਰੀਆ (ਤੇਰੀਆਂ) ਬਾਣੀ ॥ ਬਿਨੁ ਨਾਵੈ (ਨਾਵੈਂ), ਸਭ ਭਰਮਿ (’ਚ ਪੈ ਕੇ) ਭੁਲਾਣੀ ॥ ਗੁਰ ਸੇਵਾ ਤੇ, ਹਰਿ ਨਾਮੁ ਪਾਇਆ ; ਬਿਨੁ ਸਤਿਗੁਰ, ਕੋਇ ਨ ਪਾਵਣਿਆ ॥੧॥ ਹਉ (ਹਉਂ) ਵਾਰੀ ਜੀਉ ਵਾਰੀ, ਹਰਿ ਸੇਤੀ (ਭਾਵ ਨਾਲ਼) ਚਿਤੁ ਲਾਵਣਿਆ ॥ ਹਰਿ ਸਚਾ, ਗੁਰ (ਦੀ) ਭਗਤੀ (ਕੀਤਿਆਂ) ਪਾਈਐ ; ਸਹਜੇ ਮੰਨਿ ਵਸਾਵਣਿਆ ॥੧॥ ਰਹਾਉ ॥ ਸਤਿਗੁਰੁ ਸੇਵੇ, ਤਾ (ਤਾਂ) ਸਭ ਕਿਛੁ ਪਾਏ ॥ ਜੇਹੀ ਮਨਸਾ (ਮਨਸ਼ਾ) ਕਰਿ (ਕੇ) ਲਾਗੈ, ਤੇਹਾ ਫਲੁ (ਫਲ਼) ਪਾਏ ॥ ਸਤਿਗੁਰੁ ਦਾਤਾ ਸਭਨਾ ਵਥੂ ਕਾ ; ਪੂਰੈ+ਭਾਗਿ (ਕਾਰਨ) ਮਿਲਾਵਣਿਆ ॥੨॥ ਇਹੁ (ਇਹ) ਮਨੁ ਮੈਲਾ (ਮੈਲ਼ਾ), ਇਕੁ ਨ ਧਿਆਏ ॥ ਅੰਤਰਿ ਮੈਲੁ (ਮੈਲ਼) ਲਾਗੀ, ਬਹੁ ‘ਦੂਜੈ+ਭਾਏ’ ॥ ਤਟਿ+ਤੀਰਥਿ+ਦਿਸੰਤਰਿ ਭਵੈ ਅਹੰਕਾਰੀ ; ਹੋਰੁ ਵਧੇਰੈ+ਹਉਮੈ (ਦੀ) ਮਲੁ ਲਾਵਣਿਆ ॥੩॥ ਸਤਿਗੁਰੁ ਸੇਵੇ, ਤਾ (ਤਾਂ) ਮਲੁ ਜਾਏ ॥ ਜੀਵਤੁ ਮਰੈ, ਹਰਿ ਸਿਉ (ਸਿਉਂ) ਚਿਤੁ ਲਾਏ ॥ ਹਰਿ ਨਿਰਮਲੁ, ਸਚੁ ਮੈਲੁ (ਮੈਲ਼) ਨ ਲਾਗੈ ; (ਜੋ) ਸਚਿ ਲਾਗੈ, (ਉਹ) ਮੈਲੁ (ਮੈਲ਼) ਗਵਾਵਣਿਆ ॥੪॥ ਬਾਝੁ ਗੁਰੂ; ਹੈ ਅੰਧ ਗੁਬਾਰਾ (ਗ਼ੁਬਾਰਾ)॥ ਅਗਿਆਨੀ ਅੰਧਾ, ਅੰਧੁ ਅੰਧਾਰਾ ॥ ਬਿਸਟਾ ਕੇ ਕੀੜੇ, ਬਿਸਟਾ ਕਮਾਵਹਿ (ਕਮਾਵਹਿਂ) ; ਫਿਰਿ ਬਿਸਟਾ ਮਾਹਿ (ਮਾਹਿਂ) ਪਚਾਵਣਿਆ ॥੫॥ ਮੁਕਤੇ ਸੇਵੇ, ਮੁਕਤਾ ਹੋਵੈ ॥ ਹਉਮੈ ਮਮਤਾ, ਸਬਦੇ (ਰਾਹੀਂ ਹੀ) ਖੋਵੈ ॥ ਅਨਦਿਨੁ ਹਰਿ ਜੀਉ ਸਚਾ ਸੇਵੀ (ਭਾਵ ‘ਸੇਵਿ’ ਕੇ) ; ਪੂਰੈ+ਭਾਗਿ, ਗੁਰੁ ਪਾਵਣਿਆ ॥੬॥ ਆਪੇ ਬਖਸੇ, (ਗੁਰੂ ਨਾਲ਼) ਮੇਲਿ (ਕੇ, ਆਪਣੇ ਨਾਲ਼) ਮਿਲਾਏ ॥ ਪੂਰੇ ਗੁਰ ਤੇ, ਨਾਮੁ ਨਿਧਿ ਪਾਏ ॥ ਸਚੈ+ਨਾਮਿ (ਰਾਹੀਂ), ਸਦਾ ਮਨੁ ਸਚਾ; ਸਚੁ ਸੇਵੇ, ਦੁਖੁ ਗਵਾਵਣਿਆ ॥੭॥ ਸਦਾ ਹਜੂਰਿ; ਦੂਰਿ, ਨ ਜਾਣਹੁ ॥ ਗੁਰ ਸਬਦੀ; ਹਰਿ (ਨੂੰ), ਅੰਤਰਿ ਪਛਾਣਹੁ ॥ ਨਾਨਕ ! ਨਾਮਿ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ ॥੮॥੧੧॥੧੨॥
(ਨੋਟ: ਪਿਛਲੇ ਸ਼ਬਦ ਨੰਬਰ 9 ’ਚ ਕੀਤੀ ਗਈ ‘ਸਹਜਿ ਸੁਭਾਏ’ ਸੰਯੁਕਤ ਸ਼ਬਦਾਂ ਦੀ ਵਿਚਾਰ ਵਾਙ ਉਕਤ ਸ਼ਬਦ ਦੇ ਤੀਸਰੇ ਬੰਦ ਦੀ ਤੁਕ ‘‘ਅੰਤਰਿ ਮੈਲੁ ਲਾਗੀ, ਬਹੁ ‘ਦੂਜੈ+ਭਾਏ’ ॥’’ ’ਚ ਵੀ ਦਰਜ ‘ਦੂਜਾ ਭਾਏ’ ਸੰਯੁਕਤ ਸ਼ਬਦਾਂ ਦੀ ਬਣਤਰ ਕਾਵਿ ਤੋਲ ਦੇ ਪ੍ਰਭਾਵ ਅਧੀਨ ਹੈ, ਕਿਉਂਕਿ ਇਸ ਦਾ ਤੁਕਾਂਤ ‘‘ਇਹੁ ਮਨੁ ਮੈਲਾ, ਇਕੁ ਨ ਧਿਆਏ ॥’’ ’ਚ ਦਰਜ ਅੰਤਿਮ ‘ਧਿਆਏ’ ਸ਼ਬਦ ਨਾਲ਼ ਹੈ, ਨਹੀਂ ਤਾਂ ਇੱਥੇ ਵੀ ਬਣਤਰ ‘ਦੂਜੈ+ਭਾਇ’ ਹੋਣੀ ਚਾਹੀਦੀ ਸੀ, ਜੋ ਗੁਰਬਾਣੀ ’ਚ 151 ਵਾਰ ਦਰਜ ਹੈ; ਜਿਵੇਂ ਕਿ
ਸਬਦੈ (ਦਾ) ਸਾਦੁ ਨ ਆਇਓ; ਲਾਗੇ ‘ਦੂਜੈ+ਭਾਇ’ ॥ (ਮ: ੩/੨੮)
ਭਾਈ ਰੇ ! ਜਗੁ ਦੁਖੀਆ ‘ਦੂਜੈ+ਭਾਇ’ ॥ (ਮ: ੩/੨੯), ਆਦਿ।
ਧਿਆਨ ਰਹੇ ਕਿ ਵਿਚਾਰ ਅਧੀਨ ਸ਼ਬਦ ‘ਦੂਜੈ ਭਾਏ’ ਵੀ ਗੁਰਬਾਣੀ ’ਚ ਸੰਯੁਕਤ 7 ਵਾਰ ਦਰਜ ਹਨ, ਜੋ ਆਮ ਤੌਰ ’ਤੇ ਤੁਕਾਂਤ ਮੇਲ਼ ਕਾਰਨ ਪੰਕਤੀ ਦੀ ਸਮਾਪਤੀ ’ਤੇ ਦਰਜ ਹੁੰਦਾ ਹਨ; ਜਿਵੇਂ ਕਿ
ਹਰਿ ਨਾਮੁ ਬਿਸਾਰਿਆ; ਬਹੁ ਕਰਮ ‘ਦ੍ਰਿੜਾਏ’ ॥ ਭਵਜਲਿ ਡੂਬੇ ‘ਦੂਜੈ ਭਾਏ’ ॥ (ਮ: ੩/੨੩੧)
ਮਾਇਆ ਕਰਿ ਮੂਲੁ; ਜੰਤ੍ਰ ‘ਭਰਮਾਏ’ ॥ ਹਰਿ ਜੀਉ ਵਿਸਰਿਆ; ‘ਦੂਜੈ ਭਾਏ’ ॥ (ਮ: ੩/੨੩੨), ਆਦਿ।
ਗੁਰਬਾਣੀ; ਕੇਵਲ ‘ਕਾਮ, ਕਰੋਧ, ਲੋਭ, ਮੋਹ, ਅਹੰਕਾਰ’ ਤੱਕ ਨੂੰ ਮਾਇਆ ਦਾ ਦਾਇਰਾ ਨਹੀਂ ਮੰਨਦੀ ਬਲਕਿ ‘ਦੂਜੈ ਭਾਇ’ ਭਾਵ ਰੱਬ ਤੋਂ ਬਿਨਾਂ ਹੋਰ ਸਭ ਨਾਲ਼ ਪਾਏ ਗਏ ਪਿਆਰ ਨੂੰ ਹੀ ਮਾਇਆ ਦੀ ਪਰਿਭਾਸ਼ਾ ’ਚ ਸਮੇਟ ਲੈਂਦੀ ਹੈ।
ਮਿਸਾਲ ਦੇ ਤੌਰ ’ਤੇ ਅਗਰ ਕੋਈ ਗੁਰਸਿੱਖ ਪਿਆਰਾ; ਰੁਜ਼ਾਨਾ ਸੁਭ੍ਹਾ ਨਿਤਨੇਮ ਕਰਨ ਉਪਰੰਤ ਸੰਗਤੀ ਰੂਪ ’ਚ ਹੱਥੀਂ ਸੇਵਾ ਕਰਨ ਨੂੰ ਵੀ ਬਰਾਬਰ ਮਹੱਤਵ ਦਿੰਦਾ ਹੋਵੇ ਤਾਂ ਜਦ ਉਹ ਨਿਤਨੇਮ ਕਰਦਿਆਂ ਹੱਥੀਂ ਸੇਵਾ ਵੱਲ ਆਪਣਾ ਧਿਆਨ ਵਾਰ-ਵਾਰ ਲੈ ਜਾਂਦਾ ਰਹੇ ਤਾਂ ਗੁਰਬਾਣੀ ਅਨੁਸਾਰ ਇਹ ਵੀ ਇੱਕ ਮਾਇਆ ਦਾ ਹੀ ਪ੍ਰਭਾਵ ਮੰਨਿਆ ਜਾਏਗਾ ਕਿਉਂਕਿ ਨਿਤਨੇਮ ਦੌਰਾਨ ਅਜਿਹੀ ਬਿਰਤੀ ਧਿਆਨ ਨੂੰ ਸਥਿਰ ਨਹੀਂ ਰਹਿਣ ਦਿੰਦੀ ਜਦ ਕਿ ਅਨ੍ਯ ਮਤ ਦੁਆਰਾ ਕੀਤੀ ਗਈ ਮਾਇਆ ਦੀ ਵਿਆਖਿਆ (ਕਾਮ, ਕਰੋਧ, ਲੋਭ, ਮੋਹ ਤੇ ਅਹੰਕਾਰ) ਵਾਲ਼ੇ ਦਾਇਰੇ ਤੱਕ ਇਹ ਮਾਨਸਿਕ ਫੁਰਨਾ ਨਹੀਂ ਆਉਂਦਾ, ਇਸ ਲਈ ਗੁਰਮਤ ’ਚ ਸਭ ਤੋਂ ਵੱਡੀ ਮਾਇਆ ‘ਦੂਜੈ ਭਾਇ’ ਹੈ।)
ਮਾਝ, ਮਹਲਾ ੩ ॥
ਐਥੈ ਸਾਚੇ, ਸੁ ਆਗੈ (ਆੱਗੈ) ਸਾਚੇ ॥ ਮਨੁ ਸਚਾ, ਸਚੈ+ਸਬਦਿ (’ਚ) ਰਾਚੇ ॥ ਸਚਾ ਸੇਵਹਿ (ਸੇਵਹਿਂ), ਸਚੁ ਕਮਾਵਹਿ (ਕਮਾਵਹਿਂ) ; ਸਚੋ ਸਚੁ ਕਮਾਵਣਿਆ ॥੧॥ ਹਉ (ਹਉਂ) ਵਾਰੀ ਜੀਉ ਵਾਰੀ ; ਸਚਾ ਨਾਮੁ, ਮੰਨਿ ਵਸਾਵਣਿਆ ॥ ਸਚੇ ਸੇਵਹਿ (ਸੇਵਹਿਂ), ਸਚਿ ਸਮਾਵਹਿ (ਸਮਾਵਹਿਂ) ; ਸਚੇ ਕੇ ਗੁਣ ਗਾਵਣਿਆ ॥੧॥ ਰਹਾਉ ॥ ਪੰਡਿਤ ਪੜਹਿ (ਪੜ੍ਹੈਂ, ਪਰ), ਸਾਦੁ ਨ ਪਾਵਹਿ (ਪਾਵਹਿਂ) ॥ ਦੂਜੈ+ਭਾਇ (ਕਾਰਨ), ਮਾਇਆ (’ਚ) ਮਨੁ ਭਰਮਾਵਹਿ (ਭਰਮਾਵਹਿਂ) ॥ ਮਾਇਆ ਮੋਹਿ (ਮੋਹ, ਨੇ), ਸਭ ਸੁਧਿ ਗਵਾਈ ; ਕਰਿ ਅਵਗਣ, ਪਛੋਤਾਵਣਿਆ ॥੨॥ ਸਤਿਗੁਰੁ ਮਿਲੈ, ਤਾ (ਤਾਂ) ਤਤੁ (ਨੋਟ: ‘ਤਤੁ’ ਨੂੰ ਲੱਗੀ ਅੰਤ ਔਂਕੜ ਨੂੰ ਥੋੜ੍ਹਾ ਉਚਾਰਨਾ ਜ਼ਰੂਰੀ ਹੈ ਕਿਉਂਕਿ ਇਹ ਸ਼ਬਦ ‘ਤੱਤ੍ਵ’ ਹੈ ਭਾਵ ਅਸਲੀਅਤ) ਪਾਏ ॥ ਹਰਿ ਕਾ ਨਾਮੁ, ਮੰਨਿ ਵਸਾਏ ॥ ਸਬਦਿ (ਰਾਹੀਂ, ਵਿਕਾਰਾਂ ਵੱਲੋਂ) ਮਰੈ, ਮਨੁ ਮਾਰੈ ਅਪੁਨਾ ; ਮੁਕਤੀ ਕਾ ਦਰੁ ਪਾਵਣਿਆ ॥੩॥ ਕਿਲਵਿਖ ਕਾਟੈ, ਕ੍ਰੋਧੁ ਨਿਵਾਰੇ ॥ ਗੁਰ ਕਾ ਸਬਦੁ, ਰਖੈ ‘ਉਰ’ (ਭਾਵ ਹਿਰਦੇ) ਧਾਰੇ ॥ ਸਚਿ ਰਤੇ (ਰੱਤੇ) ਸਦਾ ਬੈਰਾਗੀ, ਹਉਮੈ ਮਾਰਿ (ਕੇ) ਮਿਲਾਵਣਿਆ ॥੪॥ ਅੰਤਰਿ ਰਤਨੁ; ਮਿਲੈ, (ਗੁਰੂ ਰਾਹੀਂ) ਮਿਲਾਇਆ ॥ ਤ੍ਰਿਬਿਧਿ ਮਨਸਾ (ਮਨਸ਼ਾ), ਤ੍ਰਿਬਿਧਿ ਮਾਇਆ ॥ ਪੜਿ-ਪੜਿ (ਪੜ੍ਹ-ਪੜ੍ਹ, ਕੇ) ਪੰਡਿਤ ਮੋਨੀ ਥਕੇ (ਥੱਕੇ); ਚਉਥੇ ਪਦ ਕੀ ਸਾਰ (ਭਾਵ ਕਦਰ, ਅਨੁਭਵ) ਨ ਪਾਵਣਿਆ ॥੫॥ ਆਪੇ ਰੰਗੇ, ਰੰਗੁ ਚੜਾਏ (ਚੜ੍ਹਾਏ)॥ ਸੇ ਜਨ ਰਾਤੇ (ਰਾੱਤੇ, ਜੋ); ਗੁਰ ਸਬਦਿ (’ਚ) ਰੰਗਾਏ ॥ ਹਰਿ ਰੰਗੁ ਚੜਿਆ (ਚੜ੍ਹਿਆ) ਅਤਿ ਅਪਾਰਾ ; ਹਰਿ ਰਸਿ+ਰਸਿ (ਭਾਵ ਹਰੀ ਰਸ ਸਹਿਜੇ-ਸਹਿਜੇ ਮਾਣ ਕੇ) ਗੁਣ ਗਾਵਣਿਆ ॥੬॥ ਗੁਰਮੁਖਿ, ਰਿਧਿ ਸਿਧਿ, ਸਚੁ ਸੰਜਮੁ ਸੋਈ ॥ ਗੁਰਮੁਖਿ ਗਿਆਨੁ, ਨਾਮਿ (ਰਾਹੀਂ) ਮੁਕਤਿ ਹੋਈ ॥ ਗੁਰਮੁਖਿ ਕਾਰ ਸਚੁ ਕਮਾਵਹਿ (ਕਮਾਵਹਿਂ) ; ਸਚੇ+ਸਚਿ (’ਚ) ਸਮਾਵਣਿਆ ॥੭॥ ਗੁਰਮੁਖਿ ਥਾਪੇ, ਥਾਪਿ (ਕੇ, ਮੁੜ) ਉਥਾਪੇ (ਭਾਵ ਨਾਸ ਕਰਦਾ)॥ ਗੁਰਮੁਖਿ (ਦੀ), ਜਾਤਿ ਪਤਿ ਸਭੁ ਆਪੇ ॥ ਨਾਨਕ ! ਗੁਰਮੁਖਿ ਨਾਮੁ ਧਿਆਏ ; ਨਾਮੇ+ਨਾਮਿ (’ਚ) ਸਮਾਵਣਿਆ ॥੮॥੧੨॥੧੩॥
(ਨੋਟ: ਗੁਰਬਾਣੀ ’ਚ ‘ਉਰ’ ਸ਼ਬਦ 94 ਵਾਰ ਤੇ ‘ਉਰਿ’ 92 ਵਾਰ ਦਰਜ ਹੈ। ਦਰਅਸਲ ਇਹ ਸ਼ਬਦ ਸੰਸਕ੍ਰਿਤ ਦਾ ਨਪੁੰਸਕ ਲਿੰਗ ‘ਉਰਹ/ਉਰਸ੍’ ਹੈ, ਜਿਸ ਦਾ ਅਰਥ ਹੈ ‘ਛਾਤੀ, ਸੀਨਾ, ਹਿਰਦਾ’, ਆਦਿ। ਗੁਰਬਾਣੀ ਵਿਆਕਰਨ ਨਿਯਮ ਮੁਤਾਬਕ ‘ਉਰਿ ਧਾਰਿ’ ਜਾਂ ‘ਉਰਿ ਧਾਰੇ’ ਵਧੇਰੇ ਦਰੁਸਤ ਹੈ, ਜਿਸ ਨਾਲ ਅਰਥ ਬਣਦਾ ਹੈ: ‘ਹਿਰਦੇ ਵਿੱਚ ਧਾਰਨਾ’, ਪਰ ਕਿਉਂਕਿ ਇਹ ਸੰਸਕ੍ਰਿਤ ਦਾ ਸੰਖੇਪ ਰੂਪ ਹੈ, ਮੁਕੰਮਲ ਸ਼ਬਦ ਨਹੀਂ, ਇਸ ਲਈ ਗੁਰਬਾਣੀ ’ਚ ‘ਉਰ ਧਾਰਿ’ ਤੇ ‘ਉਰਿ ਧਾਰਿ’ ਦੋਵੇਂ ਰੂਪ ਪ੍ਰਚਲਿਤ ਹਨ; ਜਿਵੇਂ ਕਿ ਉਕਤ ਸ਼ਬਦ ਦੇ ਚੌਥੇ ਬੰਦ ਦੀ ਪੰਕਤੀ ‘‘ਗੁਰ ਕਾ ਸਬਦੁ, ਰਖੈ ‘ਉਰ ਧਾਰੇ’ ॥’’ ਸਮੇਤ ਹੇਠਾਂ ਹੋਰ ਵੀ ਦਰਜ ਹਨ:
ਸੋ ਸੇਵਕੁ ਹਰਿ ਆਖੀਐ; ਜੋ ਹਰਿ ਰਾਖੈ ‘ਉਰਿ ਧਾਰਿ’ ॥ (ਮ: ੩/੨੮)
ਆਪਣੇ ਪ੍ਰੀਤਮ ਮਿਲਿ ਰਹਾ (ਰਹਾਂ); ਅੰਤਰਿ ਰਖਾ (ਰੱਖਾਂ) ‘ਉਰਿ ਧਾਰਿ’ ॥ (ਮ: ੩/੯੦), ਆਦਿ।
ਹਉਮੈ ਮਮਤਾ ਮਾਰਿ ਕੈ; ਹਰਿ ਰਾਖਿਆ ‘ਉਰ ਧਾਰਿ’ ॥ (ਮ: ੩/੨੬)
ਗੁਰਮੁਖਿ ਸਦਾ ਸੋਹਾਗਣੀ; ਪਿਰੁ ਰਾਖਿਆ ‘ਉਰ ਧਾਰਿ’ ॥ (ਮ: ੩/੩੧), ਆਦਿ।)
ਮਾਝ, ਮਹਲਾ ੩ ॥
ਉਤਪਤਿ ਪਰਲਉ (ਪਰਲੌ), ਸਬਦੇ (ਭਾਵ ਰੱਬੀ ਹੁਕਮ ਨਾਲ਼) ਹੋਵੈ ॥ ਸਬਦੇ ਹੀ ਫਿਰਿ ਓਪਤਿ ਹੋਵੈ ॥ ਗੁਰਮੁਖਿ ਵਰਤੈ, ਸਭੁ ਆਪੇ ਸਚਾ ; ਗੁਰਮੁਖਿ ਉਪਾਇ (ਕੇ, ਆਪਣੇ ’ਚ) ਸਮਾਵਣਿਆ ॥੧॥ ਹਉ (ਹਉਂ) ਵਾਰੀ ਜੀਉ ਵਾਰੀ ; ਗੁਰੁ ਪੂਰਾ ਮੰਨਿ (’ਚ) ਵਸਾਵਣਿਆ ॥ ਗੁਰ ਤੇ ਸਾਤਿ (ਸ਼ਾਂਤਿ) ਭਗਤਿ ਕਰੇ ਦਿਨੁ ਰਾਤੀ (ਇੱਥੇ ‘ਰਾਤੀ’ ਨੂੰ ਬਿੰਦੀ ਨਹੀਂ ਲਗਾਉਣੀ ਕਿਉਂਕਿ ‘ਦਿਨੁ’ ਇੱਕ ਵਚਨ ਹੈ) ; ਗੁਣ ਕਹਿ (‘ਕਹ’, ਕੇ) ਗੁਣੀ ਸਮਾਵਣਿਆ ॥੧॥ ਰਹਾਉ ॥ ਗੁਰਮੁਖਿ (ਮੁਤਾਬਕ) ਧਰਤੀ, ਗੁਰਮੁਖਿ ਪਾਣੀ ॥ ਗੁਰਮੁਖਿ (ਮੁਤਾਬਕ), ਪਵਣੁ ਬੈਸੰਤਰੁ, ਖੇਲੈ ਵਿਡਾਣੀ ॥ ਸੋ ਨਿਗੁਰਾ, ਜੋ ਮਰਿ+ਮਰਿ (ਕੇ) ਜੰਮੈ ; ਨਿਗੁਰੇ ਆਵਣ ਜਾਵਣਿਆ ॥੨॥ ਤਿਨਿ (ਤਿਨ੍ਹ) ਕਰਤੈ (ਨੇ), ਇਕੁ ਖੇਲੁ ਰਚਾਇਆ ॥ ਕਾਇਆ (ਕਾਇਆਂ)+ਸਰੀਰੈ ਵਿਚਿ, ਸਭੁ ਕਿਛੁ ਪਾਇਆ ॥ ਸਬਦਿ (ਰਾਹੀਂ, ਕਾਇਆਂ) ਭੇਦਿ (ਕੇ), ਕੋਈ ਮਹਲੁ ਪਾਏ ; ਮਹਲੇ+ਮਹਲਿ (’ਚ) ਬੁਲਾਵਣਿਆ ॥੩॥ ਸਚਾ ਸਾਹੁ (ਸ਼ਾਹ), ਸਚੇ ਵਣਜਾਰੇ ॥ ਸਚੁ ਵਣੰਜਹਿ (ਵਣੰਜਹਿਂ) , ਗੁਰ (ਦੇ) ਹੇਤਿ ਅਪਾਰੇ (ਭਾਵ ਬਹੁਤ ਪਿਆਰ ਨਾਲ਼)॥ ਸਚੁ ਵਿਹਾਝਹਿ (ਵਿਹਾਝਹਿਂ), ਸਚੁ ਕਮਾਵਹਿ (ਕਮਾਵਹਿਂ); ਸਚੋ ਸਚੁ ਕਮਾਵਣਿਆ ॥੪॥ ਬਿਨੁ ਰਾਸੀ, ਕੋ (ਭਾਵ ਕੋਈ) ਵਥੁ ਕਿਉ (ਕਿਉਂ) ਪਾਏ ?॥ ਮਨਮੁਖ ਭੂਲੇ, ਲੋਕ ਸਬਾਏ (ਭਾਵ ਸਾਰੇ)॥ ਬਿਨੁ ਰਾਸੀ, ਸਭ ਖਾਲੀ ਚਲੇ (ਖ਼ਾਲੀ ਚੱਲੇ); ਖਾਲੀ (ਖ਼ਾਲੀ) ਜਾਇ (ਕੇ) ਦੁਖੁ ਪਾਵਣਿਆ ॥੫॥ ਇਕਿ ਸਚੁ ਵਣੰਜਹਿ (ਵਣੰਜਹਿਂ), ਗੁਰ ਸਬਦਿ ਪਿਆਰੇ (ਭਾਵ ਪਿਆਰੇ ਗੁਰੂ ਦੇ ਹੁਕਮ ਨਾਲ਼)॥ ਆਪਿ ਤਰਹਿ (ਤਰੈਂ), ਸਗਲੇ ਕੁਲ ਤਾਰੇ ॥ ਆਏ ਸੇ ਪਰਵਾਣੁ ਹੋਏ ; ਮਿਲਿ ਪ੍ਰੀਤਮ ਸੁਖੁ ਪਾਵਣਿਆ ॥ ੬॥ ਅੰਤਰਿ ਵਸਤੁ, ਮੂੜਾ (ਮੂੜ੍ਹਾ) ਬਾਹਰੁ ਭਾਲੇ (ਭਾਲ਼ੇ)॥ ਮਨਮੁਖ ਅੰਧੇ, ਫਿਰਹਿ (ਫਿਰੈਂ) ਬੇਤਾਲੇ ॥ ਜਿਥੈ (ਜਿੱਥੈ) ਵਥੁ ਹੋਵੈ, ਤਿਥਹੁ (ਤਿੱਥੋਂ) ਕੋਇ ਨ ਪਾਵੈ ; ਮਨਮੁਖ ਭਰਮਿ ਭੁਲਾਵਣਿਆ ॥੭॥ (ਪਰ ਮਨੁੱਖ ਦੇ ਵੀ ਕੀ ਵੱਸ ’ਚ ਹੈ ?) ਆਪੇ ਦੇਵੈ, ਸਬਦਿ (ਰਾਹੀਂ) ਬੁਲਾਏ (ਬੁਲਾ ਕੇ)॥ ਮਹਲੀ (ਪ੍ਰਭੂ ਦੇ) ਮਹਲਿ (’ਚ, ਰਹ ਕੇ), ਸਹਜ ਸੁਖੁ ਪਾਏ ॥ ਨਾਨਕ ! ਨਾਮਿ (ਰਾਹੀਂ) ਮਿਲੈ ਵਡਿਆਈ ; ਆਪੇ ਸੁਣਿ+ਸੁਣਿ (ਕੇ) ਧਿਆਵਣਿਆ ॥੮॥੧੩॥੧੪॥















