ਗੁਰਬਾਣੀ ਦਾ ਮੂਲ ਪਾਠ (ਪੰਨਾ ਨੰਬਰ 114-117)

0
467

ਗੁਰਬਾਣੀ ਦਾ ਮੂਲ ਪਾਠ (ਪੰਨਾ ਨੰਬਰ 114-117)

(ਨੋਟ: ਇਨ੍ਹਾਂ ਅਸਟਪਦੀਆਂ ਦੀਆਂ ਕਈ ਤੁਕਾਂ ’ਚ ਅੰਤ ‘ਣਿਆ’ ਸਰੂਪ ਸ਼ਾਮਲ ਹੈ; ਜਿਵੇਂ ਕਿ ‘ਪਛੋਤਾਵਣਿਆ, ਲਹਾਵਣਿਆ, ਗਾਵਣਿਆ’ ਆਦਿ। ਇਸ ‘ਣਿਆ’ ਦਾ ਦਰੁਸਤ ਉਚਾਰਨ ‘ਣਿਆਂ’ ਵਾਙ ਹੈ, ਪਰ ‘ਙ, ਞ, ਣ, ਨ’, ਆਦਿ ਅੱਖਰ ਵੈਸੇ ਹੀ ਨਾਸਿਕੀ ਹੁੰਦੇ ਹਨ, ਜੋ ਆਪਣੇ ਤੋਂ ਅਗਲੇ ਅੱਖਰ ਉੱਤੇ ਵੀ ਥੋੜ੍ਹਾ ਅਨੁਨਾਸਕੀ ਪ੍ਰਭਾਵ ਪਾ ਦਿੰਦੇ ਹਨ, ਇਸ ਲਈ ‘ਣਿਆ’ ਨੂੰ ਵਾਧੂ ਬਿੰਦੀ ਲਗਾਉਣ ਦੀ ਕੋਈ ਖ਼ਾਸ ਜ਼ਰੂਰਤ ਨਹੀਂ ਰਹਿ ਜਾਂਦੀ।)

ਮਾਝ, ਮਹਲਾ ੩ ॥

ਆਪੇ ਰੰਗੇ, ‘ਸਹਜਿ ਸੁਭਾਏ’ ॥ ਗੁਰ ਕੈ+ਸਬਦਿ (ਰਾਹੀਂ), ਹਰਿ ਰੰਗੁ ਚੜਾਏ (ਚੜ੍ਹਾਏ)॥ ਮਨੁ ਤਨੁ ਰਤਾ (ਰੱਤਾ), ਰਸਨਾ ਰੰਗਿ (ਨਾਲ਼) ਚਲੂਲੀ (ਭਾਵ ਗੂੜ੍ਹੇ ਰੰਗ ਵਾਲ਼ੀ, ਜੋ ਕਦੇ ਨਾ ਉਤਰੇ) ; ਭੈ+ਭਾਇ (’ਚ) ਰੰਗੁ ਚੜਾਵਣਿਆ (ਚੜ੍ਹਾਵਣਿਆ) ॥੧॥ ਹਉ (ਹੌਂ ) ਵਾਰੀ ਜੀਉ ਵਾਰੀ ; ਨਿਰਭਉ (ਨੂੰ) ਮੰਨਿ (’ਚ) ਵਸਾਵਣਿਆ ॥ (ਪਰ) ਗੁਰ ਕਿਰਪਾ ਤੇ, ਹਰਿ-ਨਿਰਭਉ ਧਿਆਇਆ ; ਬਿਖੁ-ਭਉਜਲੁ, ਸਬਦਿ (ਰਾਹੀਂ) ਤਰਾਵਣਿਆ ॥੧॥ ਰਹਾਉ ॥ ਮਨਮੁਖ ਮੁਗਧ, ਕਰਹਿ (ਕਰਹਿਂ, ਕਰੈਂ) ਚਤੁਰਾਈ ॥ ਨਾਤਾ (ਨ੍ਹਾਤਾ) ਧੋਤਾ, ਥਾਇ (ਥਾਂਇ) ਨ ਪਾਈ ॥ ਜੇਹਾ ਆਇਆ, ਤੇਹਾ ਜਾਸੀ (ਭਾਵ ਜਾਏਗਾ) ; ਕਰਿ (ਕੇ) ਅਵਗਣ ਪਛੋਤਾਵਣਿਆ ॥੨॥ ਮਨਮੁਖ ਅੰਧੇ, ਕਿਛੂ ਨ ਸੂਝੈ ॥ ਮਰਣੁ ਲਿਖਾਇ (ਕੇ) ਆਏ, (ਫਿਰ ਵੀ) ਨਹੀ (ਨਹੀਂ) ਬੂਝੈ ॥ ਮਨਮੁਖ ਕਰਮ ਕਰੇ, ਨਹੀ (ਨਹੀਂ, ਗੁਰ) ਪਾਏ ; ਬਿਨੁ ਨਾਵੈ (ਨਾਵੈਂ), ਜਨਮੁ ਗਵਾਵਣਿਆ ॥੩॥ ਸਚੁ ਕਰਣੀ, ਸਬਦੁ ਹੈ ਸਾਰੁ (ਭਾਵ ਸ੍ਰੇਸ਼ਟ) ॥ ਪੂਰੈ+ਗੁਰਿ (ਰਾਹੀਂ) ਪਾਈਐ, ਮੋਖ (ਦਾ) ਦੁਆਰੁ ॥ ਅਨਦਿਨੁ, ਬਾਣੀ ਸਬਦਿ (ਰਾਹੀਂ) ਸੁਣਾਏ ; ਸਚਿ ਰਾਤੇ (ਰਾੱਤੇ) ਰੰਗਿ ਰੰਗਾਵਣਿਆ ॥੪॥ ਰਸਨਾ ਹਰਿ ਰਸਿ ਰਾਤੀ (ਰਾੱਤੀ), ਰੰਗੁ (ਭਾਵ ਪਿਆਰ) ਲਾਏ ॥ ਮਨੁ ਤਨੁ ਮੋਹਿਆ, ‘ਸਹਜਿ ਸੁਭਾਏ’ ॥ ਸਹਜੇ ਪ੍ਰੀਤਮੁ ਪਿਆਰਾ ਪਾਇਆ, ਸਹਜੇ+ਸਹਜਿ ਮਿਲਾਵਣਿਆ ॥੫॥ ਜਿਸੁ, ਅੰਦਰਿ ਰੰਗੁ; ਸੋਈ ਗੁਣ ਗਾਵੈ ॥ ਗੁਰ ਕੈ+ਸਬਦਿ, ਸਹਜੇ ਸੁਖਿ (’ਚ) ਸਮਾਵੈ ॥ ਹਉ (ਹੌਂ ) ਬਲਿਹਾਰੀ ਸਦਾ, ਤਿਨ ਵਿਟਹੁ (ਤਿਨ੍ਹ ਵਿਟੋਂ, ਜੋ); ਗੁਰ ਸੇਵਾ, ਚਿਤੁ ਲਾਵਣਿਆ ॥੬॥ (ਜੋ) ਸਚਾ ਸਚੋ, (ਉਸ) ਸਚਿ (ਨਾਲ਼) ਪਤੀਜੈ ॥ ਗੁਰ ਪਰਸਾਦੀ, ਅੰਦਰੁ (ਭਾਵ ਹਿਰਦਾ) ਭੀਜੈ ॥ ਬੈਸਿ (ਕੇ) ਸੁਥਾਨਿ (’ਚ), ਹਰਿ ਗੁਣ ਗਾਵਹਿ (ਗਾਵਹਿਂ) ; ਆਪੇ (ਸਾਬਤ) ਕਰਿ ਸਤਿ, ਮਨਾਵਣਿਆ (ਮੰਨਾਵਣਿਆ)॥੭॥ ਜਿਸ ਨੋ ਨਦਰਿ ਕਰੇ, ਸੋ ਪਾਏ ॥ ਗੁਰ ਪਰਸਾਦੀ, ਹਉਮੈ ਜਾਏ ॥ ਨਾਨਕ ! ਨਾਮੁ ਵਸੈ ਮਨ ਅੰਤਰਿ ; ਦਰਿ+ਸਚੈ (’ਤੇ) ਸੋਭਾ (ਸ਼ੋਭਾ) ਪਾਵਣਿਆ ॥੮॥੮॥੯॥

(ਨੋਟ: ਉਕਤ ਸ਼ਬਦ ਦੀ ਅਰੰਭਕ ਤੁਕ ਅਤੇ ਪੰਜਵੇਂ ਬੰਦ ’ਚ ਸੰਯੁਕਤ ਸ਼ਬਦ ਹਨ: ‘ਸਹਜਿ ਸੁਭਾਏ’, ਜੋ ਗੁਰਬਾਣੀ ’ਚ ਸੰਯੁਕਤ 27 ਵਾਰ ਦਰਜ ਹਨ। ਦਰਅਸਲ ਇਹ ਸ਼ਬਦ ਬਣਤਰ ‘ਸਹਜਿ ਸੁਭਾਇ’ ਹੈ, ਜੋ ਕਿ ਗੁਰਬਾਣੀ ’ਚ 63 ਵਾਰ ਦਰਜ ਹੈ; ਜਿਵੇਂ ਕਿ

ਜਨੁ ਨਾਨਕੁ ਜੀਵੈ ਨਾਮੁ ਲੈ; ਹਰਿ ਦੇਵਹੁ ‘ਸਹਜਿ ਸੁਭਾਇ’ ॥ (ਮ: ੩/੨੬)

ਖੇਤੀ ਜੰਮੀ ਅਗਲੀ; ਮਨੂਆ ਰਜਾ ‘ਸਹਜਿ ਸੁਭਾਇ’ ॥ (ਮ: ੩/੩੫), ਆਦਿ।

ਇਨ੍ਹਾਂ ਸ਼ਬਦਾਂ ਦੀ ਵਿਚਾਰ ਦਾ ਕਾਰਨ ਇਹ ਹੈ ਕਿ ਵਿਆਕਰਨ ਨਿਯਮ ਮੁਤਾਬਕ ‘ਸਹਜਿ+ਸੁਭਾਇ’ ਦਾ ਸੁਮੇਲ ਹੀ ਵਧੇਰੇ ਦਰੁਸਤ ਹੈ ਕਿਉਂਕਿ ਇਸ ਸਰੂਪ ’ਚ ਇਹ ਦੋਵੇਂ ਸ਼ਬਦ ਇੱਕ ਕਾਰਕ ਨਿਯਮ ’ਚ ਆ ਕੇ ਅਰਥ ਕਰ ਜਾਂਦੇ ਹਨ ‘ਸੁੱਤੇ ਸਿਧ ਕਾਰਨ ਭਾਵ ਆਪਣੀ ਮਰਜ਼ੀ ਰਾਹੀਂ (ਕਰਨ ਕਾਰਕ), ਅਡੋਲ ਸੁਭਾਅ ਵਿੱਚ (ਅਧਿਕਰਨ ਕਾਰਕ), ਆਦਿ।

ਧਿਆਨ ਰਹੇ ਕਿ ‘ਸਹਜਿ ਸੁਭਾਇ’ ਦਾ ਸਰੂਪ ‘ਸਹਜਿ ਸੁਭਾਏ’ ਤਬਦੀਲ ਹੋਣ ਦਾ ਕਾਰਨ ਕੇਵਲ ਕਾਵਿ ਤੋਲ ਦਾ ਪ੍ਰਭਾਵ ਹੈ ਤੇ ਇਹ ਬਣਤਰ ਆਮ ਤੌਰ ’ਤੇ ਪੰਕਤੀ ਦੇ ਅੰਤ ’ਚ ਹੀ ਦਰਜ ਹੁੰਦੀ ਹੈ; ਜਿਵੇਂ ਕਿ ਸੰਬੰਧਿਤ ਸ਼ਬਦ (ਸੁਭਾਏ) ਦੀਆਂ ਵਿਚਾਰ ਅਧੀਨ ਤੁਕਾਂ ਉੱਤੇ ਵੀ ਤੁਕਾਂਤ ਮੇਲ਼ ਖਾਣ ਵਾਲੀਆਂ ਦੂਸਰੀਆਂ ਤੁਕਾਂ ਦਾ ਪ੍ਰਭਾਵ ਪਿਆ ਹੈ ਭਾਵ ਇਨ੍ਹਾਂ ਦੋਵੇਂ ਤੁਕਾਂ ਦੇ ਅੰਤ ’ਚ ਦਰਜ ਸ਼ਬਦ ‘ਚੜਾਏ’ ਤੇ ‘ਲਾਏ’ ਨੇ ‘ਸੁਭਾਇ’ ਨੂੰ ‘ਸੁਭਾਏ’ ’ਚ ਬਦਲ ਦਿੱਤਾ, ਪਰ ਇਨ੍ਹਾਂ (ਸਹਜਿ ਸੁਭਾਏ) ਦੇ ਅਰਥ; ਨਿਯਮ ਮੁਤਾਬਕ ‘ਸਹਜਿ ਸੁਭਾਇ’ ਵਾਲ਼ੇ ਹੀ ਰਹਿਣਗੇ ਕਿਉਂਕਿ ਗੁਰਬਾਣੀ ਲਿਖਤ ‘ਅੰਤ ਸਿਹਾਰੀ ਸ਼ਬਦ (ਸਹਜਿ) ਤੇ ਅੰਤ ਲਾਂ ਸ਼ਬਦ’ (ਸੁਭਾਏ) ਦੀ ਸੰਧੀ ਕਰਵਾ ਕੇ ਨਵੇਂ ਅਰਥ ਮੁਹੱਈਆ ਨਹੀਂ ਕਰਵਾ ਸਕਦੀ; ਜਿਵੇਂ ਕਿ ਕਾਵਿ ਤੋਲ ਪ੍ਰਭਾਵ ਅਧੀਨ ਹੇਠਾਂ ਦਰਜ ਹੈ:

ਆਪੇ ਰੰਗੇ, ਸਹਜਿ ‘ਸੁਭਾਏ’ ॥ ਗੁਰ ਕੈ ਸਬਦਿ, ਹਰਿ ਰੰਗੁ ‘ਚੜਾਏ’

ਰਸਨਾ ਹਰਿ ਰਸਿ ਰਾਤੀ, ਰੰਗੁ ‘ਲਾਏ’ ॥ ਮਨੁ ਤਨੁ ਮੋਹਿਆ, ਸਹਜਿ ‘ਸੁਭਾਏ’ ॥)

ਮਾਝ, ਮਹਲਾ ੩ ॥

ਸਤਿਗੁਰੁ (ਨੂੰ) ਸੇਵਿਐ (ਨਾਲ਼), ਵਡੀ ਵਡਿਆਈ ॥ (ਕਿਉਂਕਿ) ਹਰਿ ਜੀ; ਅਚਿੰਤੁ ਵਸੈ ਮਨਿ (’ਚ) ਆਈ ॥ ਹਰਿ ਜੀਉ; ਸਫਲਿਓ ਬਿਰਖੁ ਹੈ ਅੰਮ੍ਰਿਤੁ ; ਜਿਨਿ (ਜਿਨ੍ਹ) ਪੀਤਾ; ਤਿਸੁ, ਤਿਖਾ ਲਹਾਵਣਿਆ ॥੧॥ ਹਉ (ਹਉਂ) ਵਾਰੀ ਜੀਉ ਵਾਰੀ; ਸਚੁ ਸੰਗਤਿ ਮੇਲਿ (ਮੇਲ਼) ਮਿਲਾਵਣਿਆ ॥ ਹਰਿ, ਸਤ (ਦੀ) ਸੰਗਤਿ (’ਚ) ਆਪੇ ਮੇਲੈ (ਮੇਲ਼ੈ); ਗੁਰ ਸਬਦੀ, ਹਰਿ ਗੁਣ ਗਾਵਣਿਆ ॥੧॥ ਰਹਾਉ ॥ ਸਤਿਗੁਰੁ ਸੇਵੀ (ਸੇਵੀਂ ਭਾਵ ਮੈਂ ਸਿਮਰਦਾ ਹਾਂ), ਸਬਦਿ (ਨਾਲ਼) ਸੁਹਾਇਆ ॥ ਜਿਨਿ (ਜਿਨ੍ਹ), ਹਰਿ ਕਾ ਨਾਮੁ, ਮੰਨਿ ਵਸਾਇਆ ॥ ਹਰਿ ਨਿਰਮਲੁ, ਹਉਮੈ ਮੈਲੁ (ਮੈਲ਼) ਗਵਾਏ ; ਦਰਿ+ਸਚੈ (ਉੱਤੇ), ਸੋਭਾ (ਸ਼ੋਭਾ) ਪਾਵਣਿਆ ॥੨॥ ਬਿਨੁ ਗੁਰ; ਨਾਮੁ, ਨ ਪਾਇਆ ਜਾਇ ॥ ਸਿਧ ਸਾਧਿਕ ਰਹੇ ਬਿਲਲਾਇ ॥ ਬਿਨੁ ਗੁਰ ਸੇਵੇ, ਸੁਖੁ ਨ ਹੋਵੀ ; (ਪਰ) ਪੂਰੈ+ਭਾਗਿ (ਨਾਲ਼) ਗੁਰੁ ਪਾਵਣਿਆ ॥੩॥ ਇਹੁ (ਇਹ) ਮਨੁ ਆਰਸੀ (ਭਾਵ ਸ਼ੀਸ਼ਾ), ਕੋਈ ਗੁਰਮੁਖਿ (ਭਾਵ ਗੁਰੂ ਰਾਹੀਂ, ਸ਼ੀਸ਼ੇ-ਮਨ ਨੂੰ) ਵੇਖੈ ॥ (ਫਿਰ) ਮੋਰਚਾ (ਭਾਵ ਜ਼ੰਗ) ਨ ਲਾਗੈ, ਜਾ (ਜਾਂ ਭਾਵ ਜਦੋਂ) ਹਉਮੈ ਸੋਖੈ ॥ ਅਨਹਤ ਬਾਣੀ ਨਿਰਮਲ, (ਭਾਵ ਗੁਰ) ਸਬਦੁ ਵਜਾਏ ; ਗੁਰ ਸਬਦੀ ਸਚਿ (’ਚ) ਸਮਾਵਣਿਆ ॥੪॥ ਬਿਨੁ ਸਤਿਗੁਰ, ਕਿਹੁ (ਕਿਹ, ਭਾਵ ਕਿਸੇ ਮਦਦ ਨਾਲ਼ ਵੀ, ਸ਼ੀਸ਼ਾ ਮਨ) ਨ ਦੇਖਿਆ ਜਾਇ ॥ ਗੁਰਿ (ਨੇ), ਕਿਰਪਾ ਕਰਿ; ਆਪੁ (ਭਾਵ ਆਪਣੇ ਆਪ ਨੂੰ ਜਾਂ ਆਪਣੇ ਅਨੁਭਵ ਨੂੰ) ਦਿਤਾ (ਦਿੱਤਾ) ਦਿਖਾਇ ॥ ਆਪੇ ਆਪਿ, ਆਪਿ ਮਿਲਿ ਰਹਿਆ ; ਸਹਜੇ+ਸਹਜਿ ਸਮਾਵਣਿਆ ॥੫॥ ਗੁਰਮੁਖਿ ਹੋਵੈ, ਸੁ ਇਕਸੁ ਸਿਉ (ਸਿਉਂ) ਲਿਵ ਲਾਏ ॥ ਦੂਜਾ ਭਰਮੁ, ਗੁਰ ਸਬਦਿ (ਨਾਲ਼) ਜਲਾਏ ॥ ਕਾਇਆ (ਕਾਇਆਂ) ਅੰਦਰਿ, ਵਣਜੁ ਕਰੇ ਵਾਪਾਰਾ ; ਨਾਮੁ ਨਿਧਾਨੁ ਸਚੁ ਪਾਵਣਿਆ ॥੬॥ ਗੁਰਮੁਖਿ ਕਰਣੀ, ਹਰਿ ਕੀਰਤਿ ਸਾਰੁ (ਭਾਵ ਸ੍ਰੇਸ਼ਟ)॥ ਗੁਰਮੁਖਿ ਪਾਏ ਮੋਖ (ਦਾ) ਦੁਆਰੁ ॥ ਅਨਦਿਨੁ ਰੰਗਿ ਰਤਾ (ਰੱਤਾ) ਗੁਣ ਗਾਵੈ ; ਅੰਦਰਿ (ਭਾਵ ਹਿਰਦੇ ਰੂਪੀ) ਮਹਲਿ (’ਚ) ਬੁਲਾਵਣਿਆ ॥੭॥ ਸਤਿਗੁਰੁ ਦਾਤਾ; ਮਿਲੈ, (ਪ੍ਰਭੂ ਵੱਲੋਂ) ਮਿਲਾਇਆ ॥ ਪੂਰੈ+ਭਾਗਿ, ਮਨਿ (’ਚ) ਸਬਦੁ ਵਸਾਇਆ ॥ ਨਾਨਕ ! ਨਾਮੁ ਮਿਲੈ ਵਡਿਆਈ ; ਹਰਿ ਸਚੇ ਕੇ ਗੁਣ ਗਾਵਣਿਆ ॥੮॥੯॥੧੦॥

(ਨੋਟ: ਉਕਤ ਸ਼ਬਦ ਦੇ ਪੰਜਵੇਂ ਬੰਦ ’ਚ ‘ਸਹਜੇ ਸਹਜਿ’ ਸੰਯੁਕਤ ਸ਼ਬਦ ਹਨ। ‘ਸਹਜਿ’ ਦਾ ਅਰਥ ਹੈ: ‘ਅਡੋਲਤਾ ਵਿੱਚ’ ਅਤੇ ‘ਸਹਜੇ’ ਦਾ ਅਰਥ ਹੈ: ‘ਅਡੋਲਤਾ ਵਿੱਚ ਹੀ’, ਤਾਂ ਤੇ ਸੰਯੁਕਤ ਅਰਥ ਬਣ ਗਏ: ‘ਨਿਰੋਲ ਅਡੋਲਤਾ ਵਿੱਚ ਹੀ’, ਜਿੱਥੇ ਕੋਈ ਹੋਰ ਫੁਰਨਾ ਨਾ ਜਨਮ ਲਏ ‘‘ਕਰਮ ਖੰਡ ਕੀ ਬਾਣੀ; ਜੋਰੁ ॥ ਤਿਥੈ; ਹੋਰੁ ਨ ਕੋਈ ਹੋਰੁ ॥’’ ਜਪੁ)

ਮਾਝ, ਮਹਲਾ ੩ ॥

ਆਪੁ ਵੰਞਾਏ (ਭਾਵ ਹਉਮੈ ਦੂਰ ਕਰੇ), ਤਾ (ਤਾਂ) ਸਭ ਕਿਛੁ ਪਾਏ ॥ ਗੁਰ ਸਬਦੀ, ਸਚੀ ਲਿਵ ਲਾਏ ॥ ਸਚੁ ਵਣੰਜਹਿ (ਵਣੰਜਹਿਂ), ਸਚੁ ਸੰਘਰਹਿ (ਸੰਘਰਹਿਂ) ; ਸਚੁ ਵਾਪਾਰੁ ਕਰਾਵਣਿਆ ॥੧॥ ਹਉ (ਹਉਂ) ਵਾਰੀ ਜੀਉ ਵਾਰੀ, ਹਰਿ ਗੁਣ ਅਨਦਿਨੁ ਗਾਵਣਿਆ ॥ ਹਉ (ਹੌਂ ) ਤੇਰਾ, ਤੂੰ ਠਾਕੁਰੁ ਮੇਰਾ ; ਸਬਦਿ (ਰਾਹੀਂ) ਵਡਿਆਈ ਦੇਵਣਿਆ ॥੧॥ ਰਹਾਉ ॥ ਵੇਲਾ (ਵੇਲ਼ਾ) ਵਖਤ, ਸਭਿ ਸੁਹਾਇਆ ॥ ਜਿਤੁ (ਭਾਵ ਜਿਸ ਵੇਲ਼ੇ ਜਾਂ ਵਕਤ ਵਿੱਚ); ਸਚਾ, ਮੇਰੇ ਮਨਿ ਭਾਇਆ ॥ ਸਚੇ (ਦੇ) ਸੇਵਿਐ (ਨਾਲ਼), ਸਚੁ ਵਡਿਆਈ; (ਪਰ) ਗੁਰ ਕਿਰਪਾ ਤੇ, ਸਚੁ ਪਾਵਣਿਆ ॥੨॥ ਭਾਉ ਭੋਜਨੁ, ਸਤਿਗੁਰਿ+ਤੁਠੈ (ਨਾਲ਼) ਪਾਏ ॥ ‘ਅਨ ਰਸੁ’ ਚੂਕੈ, ਹਰਿ ਰਸੁ ਮੰਨਿ (’ਚ) ਵਸਾਏ ॥ ਸਚੁ, ਸੰਤੋਖੁ, ਸਹਜ (ਦਾ) ਸੁਖੁ ਬਾਣੀ (ਇੱਥੇ ‘ਬਾਣੀ’ ਦਾ ਅਰਥ ‘ਮਿੱਠਤ ਬੋਲੀ’, ਸਹੀ ਰਹੇਗਾ); ਪੂਰੇ ਗੁਰ ਤੇ ਪਾਵਣਿਆ ॥੩॥ (ਪਰ, ਜੋ) ਸਤਿਗੁਰੁ ਨ ਸੇਵਹਿ (ਸੇਵਹਿਂ), ਮੂਰਖ ਅੰਧ ਗਵਾਰਾ ॥ ਫਿਰਿ, ਓਇ ਕਿਥਹੁ (ਕਿੱਥੋਂ) ਪਾਇਨਿ (ਪਾਇਨ੍) ਮੋਖ (ਦਾ) ਦੁਆਰਾ  ? ॥ ਮਰਿ+ਮਰਿ (ਕੇ) ਜੰਮਹਿ (ਜੰਮਹਿਂ, ਜੂਨਾਂ ’ਚ), ਫਿਰਿ+ਫਿਰਿ (ਕੇ) ਆਵਹਿ (ਆਵਹਿਂ) ; ਜਮ ਦਰਿ (’ਤੇ) ਚੋਟਾ (ਚੋਟਾਂ) ਖਾਵਣਿਆ ॥੪॥ ਸਬਦੈ (ਰਾਹੀਂ), ਸਾਦੁ ਜਾਣਹਿ (ਜਾਣਹਿਂ), ਤਾ (ਤਾਂ) ਆਪੁ ਪਛਾਣਹਿ (ਪਛਾਣਹਿਂ; ‘ਆਪੁ’ ਭਾਵ ਆਪਣੀ ਹਉਮੈ ਨੂੰ)॥ ਨਿਰਮਲ ਬਾਣੀ, ਸਬਦਿ (ਰਾਹੀਂ) ਵਖਾਣਹਿ (ਵਖਾਣਹਿਂ) ॥ ਸਚੇ ਸੇਵਿ (ਕੇ) ਸਦਾ ਸੁਖੁ ਪਾਇਨਿ (ਪਾਇਨ੍) ; ਨਉ ਨਿਧਿ ਨਾਮੁ ਮੰਨਿ (’ਚ) ਵਸਾਵਣਿਆ ॥੫॥ ਸੋ ਥਾਨੁ ਸੁਹਾਇਆ; ਜੋ ਹਰਿ ਮਨਿ ਭਾਇਆ ॥ ਸਤ (ਦੀ) ਸੰਗਤਿ ਬਹਿ (ਬਹ, ਕੇ), ਹਰਿ ਗੁਣ ਗਾਇਆ ॥ ਅਨਦਿਨੁ ਹਰਿ ਸਾਲਾਹਹਿ (ਸਾਲਾਹਹਿਂ, ਸਾਲਾਹੈਂ) ਸਾਚਾ ; ਨਿਰਮਲ ਨਾਦੁ ਵਜਾਵਣਿਆ ॥ ੬॥ ਮਨਮੁਖ ਖੋਟੀ ਰਾਸਿ, ਖੋਟਾ ਪਾਸਾਰਾ ॥ ਕੂੜੁ ਕਮਾਵਨਿ, ਦੁਖੁ (ਦੁੱਖ) ਲਾਗੈ ਭਾਰਾ (ਭਾਵ ਬਹੁਤਾ)॥ ਭਰਮੇ ਭੂਲੇ, ਫਿਰਨਿ (ਫਿਰਨ੍) ਦਿਨ ਰਾਤੀ (ਰਾਤੀਂ, ਕਿਉਂਕਿ ‘ਦਿਨ’ ਬਹੁ ਵਚਨ ਸ਼ਬਦ ਹੈ) ; ਮਰਿ (ਕੇ) ਜਨਮਹਿ (ਜਨਮਹਿਂ, ਮੁੜ ਫਿਰ ਮਨੁੱਖਾ) ਜਨਮੁ ਗਵਾਵਣਿਆ ॥੭॥ ਸਚਾ ਸਾਹਿਬੁ, ਮੈ (ਭਾਵ ਮੈਨੂੰ) ਅਤਿ ਪਿਆਰਾ ॥ ਪੂਰੇ ਗੁਰ ਕੈ+ਸਬਦਿ (ਨਾਲ਼) ਅਧਾਰਾ (ਭਾਵ ਆਸਰਾ ਬਣਦਾ) ॥ ਨਾਨਕ ! ਨਾਮਿ (ਰਾਹੀਂ) ਮਿਲੈ ਵਡਿਆਈ ; ਦੁਖੁ ਸੁਖੁ ਸਮ ਕਰਿ (ਕੇ) ਜਾਨਣਿਆ ॥੮॥੧੦॥੧੧॥

(ਨੋਟ: ਉਕਤ ਸ਼ਬਦ ਦੇ ਤੀਸਰੇ ਬੰਦ ਦੀ ਤੁਕ ‘ਅਨ ਰਸੁ’ ਚੂਕੈ, ਹਰਿ ਰਸੁ ਮੰਨਿ ਵਸਾਏ ॥ ’ਚ ਦਰਜ ‘ਅਨ ਰਸੁ’ ਸ਼ਬਦ ਵਿਚਾਰਨ ਯੋਗ ਹੈ ਕਿਉਂਕਿ ਗੁਰਬਾਣੀ ’ਚ ਇਹ ਸ਼ਬਦ ਬਣਤਰ ਕੇਵਲ ਇਸੇ ਤੁਕ ’ਚ ਮਿਲਦੀ ਹੈ।

ਗੁਰਬਾਣੀ ਲਿਖਤ ਮੁਤਾਬਕ ‘ਅਨ’ ਦਾ ਅਰਥ ਹੈ: ‘ਹੋਰ’ ਭਾਵ ਇੱਕ ਤੋਂ ਵਧੀਕ (ਬਹੁ ਵਚਨ); ਤਾਂ ਤੇ ‘ਰਸੁ’ ਨੂੰ ਵੀ ਅੰਤ ਔਂਕੜ ਨਹੀਂ ਹੋਣੀ ਚਾਹੀਦੀ। ਗੁਰਬਾਣੀ ’ਚ ‘ਅਨ ਰਸ’ ਸ਼ਬਦ 14 ਵਾਰ ਦਰਜ ਹੈ, ਜੋ ਨਿਯਮਾਂ ਅਨੁਕੂਲ ਸਹੀ ਹੈ; ਜਿਵੇਂ ਕਿ

ਜਿਤਨੀ ਭੂਖ ‘ਅਨ ਰਸ’ ਸਾਦ ਹੈ; ਤਿਤਨੀ ਭੂਖ ਫਿਰਿ ਲਾਗੈ ॥ (ਮ: ੪/੧੬੭)

ਨਾਮੁ ਵਿਸਾਰਿ, ‘ਅਨ ਰਸ’ ਲੋਭਾਨੇ; ਫਿਰਿ ਪਛੁਤਾਹਿ ਅਭਾਗਾ ॥ (ਮ: ੧/੫੯੮), ਆਦਿ।

ਸੰਬੰਧਿਤ ਪੰਕਤੀ ‘ਅਨ ਰਸੁ’ ਚੂਕੈ…॥’ ’ਚ ਦਰਜ ‘ਚੂਕੈ’ (ਕਿਰਿਆ) ਵੀ ਇੱਕ ਵਚਨ ਹੈ, ਇਸ ਲਈ ‘ਰਸੁ’ (ਅੰਤ ਔਂਕੜ) ਸਰੂਪ ਨੂੰ ਗਲਤ ਨਹੀਂ ਕਿਹਾ ਜਾ ਸਕਦਾ ਪਰ ਅਗਰ ‘ਰਸੁ’ ਨੂੰ ਔਂਕੜ ਜ਼ਰੂਰੀ ਹੈ ਤਾਂ ‘ਅਨੁ’ ਵੀ ਅੰਤ ਔਕੜ ਹੋਣਾ ਚਾਹੀਏ; ਜਿਵੇਂ ਕਿ ਗੁਰਬਾਣੀ ’ਚ 5 ਵਾਰ (ਹੇਠਲੀਆਂ ਤੁਕਾਂ ’ਚ) ਦਰਜ ਹੈ:

ਜਿਸ ਕਾ ‘ਅਨੁ ਧਨੁ’ ਸਹਜਿ ਨ ਜਾਨਾ ॥ (ਮ: ੧/੪੧੪)

ਕਹਤ ਕਬੀਰ ਸੁਨਹੁ ਰੇ ਸੰਤਹੁ ! ‘ਅਨੁ ਧਨੁ’ ਕਛੂਐ ਲੈ ਨ ਗਇਓ ॥ (ਭਗਤ ਕਬੀਰ/੪੭੯)

‘ਅਨੁ ਧਨੁ’ ਉਪਜੈ, ਬਹੁ ਘਣਾ; ਕੀਮਤਿ ਕਹਣੁ ਨ ਜਾਇ ॥ (ਮ: ੩/੧੨੮੧)

ਜਿਤੁ+ਵੁਠੈ ‘ਅਨੁ ਧਨੁ’ ਬਹੁਤੁ ਊਪਜੈ; ਜਾਂ ਸਹੁ (ਥੋੜ੍ਹਾ ‘ਸ਼੍ਹਾ’ ਵਾਙ) ਕਰੇ ਰਜਾਇ ॥ (ਮ: ੩/੧੨੮੨)

‘ਅਨੁ ਧਨੁ’ ਬਹੁਤਾ ਉਪਜੈ; ਧਰਤੀ ਸੋਭਾ ਪਾਇ ॥ (ਮ: ੩/੧੪੨੦), ਇਸ ਲਈ ਸੰਬੰਧਿਤ ਪੰਕਤੀ ‘ਅਨ ਰਸੁ’ ਚੂਕੈ, ਹਰਿ ਰਸੁ ਮੰਨਿ ਵਸਾਏ ॥ ਵਿੱਚ ਵੀ ‘ਅਨੁ’ ਨੂੰ ਅੰਤ ਔਂਕੜ ਹੋਣੀ ਚਾਹੀਦੀ ਸੀ। ਸ਼ਾਇਦ ਹੱਥ ਲਿਖਤ ਉਤਾਰੇ ਕਾਰਨ ਰਹਿ ਗਈ ਹੋਵੇ।)

ਮਾਝ ਮਹਲਾ ੩ ॥

ਤੇਰੀਆ (ਤੇਰੀਆਂ) ਖਾਣੀ, ਤੇਰੀਆ (ਤੇਰੀਆਂ) ਬਾਣੀ ॥ ਬਿਨੁ ਨਾਵੈ (ਨਾਵੈਂ), ਸਭ ਭਰਮਿ (’ਚ ਪੈ ਕੇ) ਭੁਲਾਣੀ ॥ ਗੁਰ ਸੇਵਾ ਤੇ, ਹਰਿ ਨਾਮੁ ਪਾਇਆ ; ਬਿਨੁ ਸਤਿਗੁਰ, ਕੋਇ ਨ ਪਾਵਣਿਆ ॥੧॥ ਹਉ (ਹਉਂ) ਵਾਰੀ ਜੀਉ ਵਾਰੀ, ਹਰਿ ਸੇਤੀ (ਭਾਵ ਨਾਲ਼) ਚਿਤੁ ਲਾਵਣਿਆ ॥ ਹਰਿ ਸਚਾ, ਗੁਰ (ਦੀ) ਭਗਤੀ (ਕੀਤਿਆਂ) ਪਾਈਐ ; ਸਹਜੇ ਮੰਨਿ ਵਸਾਵਣਿਆ ॥੧॥ ਰਹਾਉ ॥ ਸਤਿਗੁਰੁ ਸੇਵੇ, ਤਾ (ਤਾਂ) ਸਭ ਕਿਛੁ ਪਾਏ ॥ ਜੇਹੀ ਮਨਸਾ (ਮਨਸ਼ਾ) ਕਰਿ (ਕੇ) ਲਾਗੈ, ਤੇਹਾ ਫਲੁ (ਫਲ਼) ਪਾਏ ॥ ਸਤਿਗੁਰੁ ਦਾਤਾ ਸਭਨਾ ਵਥੂ ਕਾ ; ਪੂਰੈ+ਭਾਗਿ (ਕਾਰਨ) ਮਿਲਾਵਣਿਆ ॥੨॥ ਇਹੁ (ਇਹ) ਮਨੁ ਮੈਲਾ (ਮੈਲ਼ਾ), ਇਕੁ ਨ ਧਿਆਏ ॥ ਅੰਤਰਿ ਮੈਲੁ (ਮੈਲ਼) ਲਾਗੀ, ਬਹੁ ‘ਦੂਜੈ+ਭਾਏ’ ॥ ਤਟਿ+ਤੀਰਥਿ+ਦਿਸੰਤਰਿ ਭਵੈ ਅਹੰਕਾਰੀ ; ਹੋਰੁ ਵਧੇਰੈ+ਹਉਮੈ (ਦੀ) ਮਲੁ ਲਾਵਣਿਆ ॥੩॥ ਸਤਿਗੁਰੁ ਸੇਵੇ, ਤਾ (ਤਾਂ) ਮਲੁ ਜਾਏ ॥ ਜੀਵਤੁ ਮਰੈ, ਹਰਿ ਸਿਉ (ਸਿਉਂ) ਚਿਤੁ ਲਾਏ ॥ ਹਰਿ ਨਿਰਮਲੁ, ਸਚੁ ਮੈਲੁ (ਮੈਲ਼) ਨ ਲਾਗੈ ; (ਜੋ) ਸਚਿ ਲਾਗੈ, (ਉਹ) ਮੈਲੁ (ਮੈਲ਼) ਗਵਾਵਣਿਆ ॥੪॥ ਬਾਝੁ ਗੁਰੂ; ਹੈ ਅੰਧ ਗੁਬਾਰਾ (ਗ਼ੁਬਾਰਾ)॥ ਅਗਿਆਨੀ ਅੰਧਾ, ਅੰਧੁ ਅੰਧਾਰਾ ॥ ਬਿਸਟਾ ਕੇ ਕੀੜੇ, ਬਿਸਟਾ ਕਮਾਵਹਿ (ਕਮਾਵਹਿਂ) ; ਫਿਰਿ ਬਿਸਟਾ ਮਾਹਿ (ਮਾਹਿਂ) ਪਚਾਵਣਿਆ ॥੫॥ ਮੁਕਤੇ ਸੇਵੇ, ਮੁਕਤਾ ਹੋਵੈ ॥ ਹਉਮੈ ਮਮਤਾ, ਸਬਦੇ (ਰਾਹੀਂ ਹੀ) ਖੋਵੈ ॥ ਅਨਦਿਨੁ ਹਰਿ ਜੀਉ ਸਚਾ ਸੇਵੀ (ਭਾਵ ‘ਸੇਵਿ’ ਕੇ) ; ਪੂਰੈ+ਭਾਗਿ, ਗੁਰੁ ਪਾਵਣਿਆ ॥੬॥ ਆਪੇ ਬਖਸੇ, (ਗੁਰੂ ਨਾਲ਼) ਮੇਲਿ (ਕੇ, ਆਪਣੇ ਨਾਲ਼) ਮਿਲਾਏ ॥ ਪੂਰੇ ਗੁਰ ਤੇ, ਨਾਮੁ ਨਿਧਿ ਪਾਏ ॥ ਸਚੈ+ਨਾਮਿ (ਰਾਹੀਂ), ਸਦਾ ਮਨੁ ਸਚਾ; ਸਚੁ ਸੇਵੇ, ਦੁਖੁ ਗਵਾਵਣਿਆ ॥੭॥ ਸਦਾ ਹਜੂਰਿ; ਦੂਰਿ, ਨ ਜਾਣਹੁ ॥ ਗੁਰ ਸਬਦੀ; ਹਰਿ (ਨੂੰ), ਅੰਤਰਿ ਪਛਾਣਹੁ ॥ ਨਾਨਕ ! ਨਾਮਿ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ ॥੮॥੧੧॥੧੨॥

(ਨੋਟ: ਪਿਛਲੇ ਸ਼ਬਦ ਨੰਬਰ 9 ’ਚ ਕੀਤੀ ਗਈ ‘ਸਹਜਿ ਸੁਭਾਏ’ ਸੰਯੁਕਤ ਸ਼ਬਦਾਂ ਦੀ ਵਿਚਾਰ ਵਾਙ ਉਕਤ ਸ਼ਬਦ ਦੇ ਤੀਸਰੇ ਬੰਦ ਦੀ ਤੁਕ ‘‘ਅੰਤਰਿ ਮੈਲੁ ਲਾਗੀ, ਬਹੁ ‘ਦੂਜੈ+ਭਾਏ’ ॥’’ ’ਚ ਵੀ ਦਰਜ ‘ਦੂਜਾ ਭਾਏ’ ਸੰਯੁਕਤ ਸ਼ਬਦਾਂ ਦੀ ਬਣਤਰ ਕਾਵਿ ਤੋਲ ਦੇ ਪ੍ਰਭਾਵ ਅਧੀਨ ਹੈ, ਕਿਉਂਕਿ ਇਸ ਦਾ ਤੁਕਾਂਤ ‘‘ਇਹੁ ਮਨੁ ਮੈਲਾ, ਇਕੁ ਨ ਧਿਆਏ ॥’’ ’ਚ ਦਰਜ ਅੰਤਿਮ ‘ਧਿਆਏ’ ਸ਼ਬਦ ਨਾਲ਼ ਹੈ, ਨਹੀਂ ਤਾਂ ਇੱਥੇ ਵੀ ਬਣਤਰ ‘ਦੂਜੈ+ਭਾਇ’ ਹੋਣੀ ਚਾਹੀਦੀ ਸੀ, ਜੋ ਗੁਰਬਾਣੀ ’ਚ 151 ਵਾਰ ਦਰਜ ਹੈ; ਜਿਵੇਂ ਕਿ

ਸਬਦੈ (ਦਾ) ਸਾਦੁ ਨ ਆਇਓ; ਲਾਗੇ ‘ਦੂਜੈ+ਭਾਇ’ ॥ (ਮ: ੩/੨੮)

ਭਾਈ ਰੇ ! ਜਗੁ ਦੁਖੀਆ ‘ਦੂਜੈ+ਭਾਇ’ ॥ (ਮ: ੩/੨੯), ਆਦਿ।

ਧਿਆਨ ਰਹੇ ਕਿ ਵਿਚਾਰ ਅਧੀਨ ਸ਼ਬਦ ‘ਦੂਜੈ ਭਾਏ’ ਵੀ ਗੁਰਬਾਣੀ ’ਚ ਸੰਯੁਕਤ 7 ਵਾਰ ਦਰਜ ਹਨ, ਜੋ ਆਮ ਤੌਰ ’ਤੇ ਤੁਕਾਂਤ ਮੇਲ਼ ਕਾਰਨ ਪੰਕਤੀ ਦੀ ਸਮਾਪਤੀ ’ਤੇ ਦਰਜ ਹੁੰਦਾ ਹਨ; ਜਿਵੇਂ ਕਿ

ਹਰਿ ਨਾਮੁ ਬਿਸਾਰਿਆ; ਬਹੁ ਕਰਮ ‘ਦ੍ਰਿੜਾਏ’ ॥ ਭਵਜਲਿ ਡੂਬੇ ‘ਦੂਜੈ ਭਾਏ’ ॥ (ਮ: ੩/੨੩੧)

ਮਾਇਆ ਕਰਿ ਮੂਲੁ; ਜੰਤ੍ਰ ‘ਭਰਮਾਏ’ ॥ ਹਰਿ ਜੀਉ ਵਿਸਰਿਆ; ‘ਦੂਜੈ ਭਾਏ’ ॥ (ਮ: ੩/੨੩੨), ਆਦਿ।

ਗੁਰਬਾਣੀ; ਕੇਵਲ ‘ਕਾਮ, ਕਰੋਧ, ਲੋਭ, ਮੋਹ, ਅਹੰਕਾਰ’ ਤੱਕ ਨੂੰ ਮਾਇਆ ਦਾ ਦਾਇਰਾ ਨਹੀਂ ਮੰਨਦੀ ਬਲਕਿ ‘ਦੂਜੈ ਭਾਇ’ ਭਾਵ ਰੱਬ ਤੋਂ ਬਿਨਾਂ ਹੋਰ ਸਭ ਨਾਲ਼ ਪਾਏ ਗਏ ਪਿਆਰ ਨੂੰ ਹੀ ਮਾਇਆ ਦੀ ਪਰਿਭਾਸ਼ਾ ’ਚ ਸਮੇਟ ਲੈਂਦੀ ਹੈ।

ਮਿਸਾਲ ਦੇ ਤੌਰ ’ਤੇ ਅਗਰ ਕੋਈ ਗੁਰਸਿੱਖ ਪਿਆਰਾ; ਰੁਜ਼ਾਨਾ ਸੁਭ੍ਹਾ ਨਿਤਨੇਮ ਕਰਨ ਉਪਰੰਤ ਸੰਗਤੀ ਰੂਪ ’ਚ ਹੱਥੀਂ ਸੇਵਾ ਕਰਨ ਨੂੰ ਵੀ ਬਰਾਬਰ ਮਹੱਤਵ ਦਿੰਦਾ ਹੋਵੇ ਤਾਂ ਜਦ ਉਹ ਨਿਤਨੇਮ ਕਰਦਿਆਂ ਹੱਥੀਂ ਸੇਵਾ ਵੱਲ ਆਪਣਾ ਧਿਆਨ ਵਾਰ-ਵਾਰ ਲੈ ਜਾਂਦਾ ਰਹੇ ਤਾਂ ਗੁਰਬਾਣੀ ਅਨੁਸਾਰ ਇਹ ਵੀ ਇੱਕ ਮਾਇਆ ਦਾ ਹੀ ਪ੍ਰਭਾਵ ਮੰਨਿਆ ਜਾਏਗਾ ਕਿਉਂਕਿ ਨਿਤਨੇਮ ਦੌਰਾਨ ਅਜਿਹੀ ਬਿਰਤੀ ਧਿਆਨ ਨੂੰ ਸਥਿਰ ਨਹੀਂ ਰਹਿਣ ਦਿੰਦੀ ਜਦ ਕਿ ਅਨ੍ਯ ਮਤ ਦੁਆਰਾ ਕੀਤੀ ਗਈ ਮਾਇਆ ਦੀ ਵਿਆਖਿਆ (ਕਾਮ, ਕਰੋਧ, ਲੋਭ, ਮੋਹ ਤੇ ਅਹੰਕਾਰ) ਵਾਲ਼ੇ ਦਾਇਰੇ ਤੱਕ ਇਹ ਮਾਨਸਿਕ ਫੁਰਨਾ ਨਹੀਂ ਆਉਂਦਾ, ਇਸ ਲਈ ਗੁਰਮਤ ’ਚ ਸਭ ਤੋਂ ਵੱਡੀ ਮਾਇਆ ‘ਦੂਜੈ ਭਾਇ’ ਹੈ।)

ਮਾਝ, ਮਹਲਾ ੩ ॥

ਐਥੈ ਸਾਚੇ, ਸੁ ਆਗੈ (ਆੱਗੈ) ਸਾਚੇ ॥ ਮਨੁ ਸਚਾ, ਸਚੈ+ਸਬਦਿ (’ਚ) ਰਾਚੇ ॥ ਸਚਾ ਸੇਵਹਿ (ਸੇਵਹਿਂ), ਸਚੁ ਕਮਾਵਹਿ (ਕਮਾਵਹਿਂ) ; ਸਚੋ ਸਚੁ ਕਮਾਵਣਿਆ ॥੧॥ ਹਉ (ਹਉਂ) ਵਾਰੀ ਜੀਉ ਵਾਰੀ ; ਸਚਾ ਨਾਮੁ, ਮੰਨਿ ਵਸਾਵਣਿਆ ॥ ਸਚੇ ਸੇਵਹਿ (ਸੇਵਹਿਂ), ਸਚਿ ਸਮਾਵਹਿ (ਸਮਾਵਹਿਂ) ; ਸਚੇ ਕੇ ਗੁਣ ਗਾਵਣਿਆ ॥੧॥ ਰਹਾਉ ॥ ਪੰਡਿਤ ਪੜਹਿ (ਪੜ੍ਹੈਂ, ਪਰ), ਸਾਦੁ ਨ ਪਾਵਹਿ (ਪਾਵਹਿਂ) ॥ ਦੂਜੈ+ਭਾਇ (ਕਾਰਨ), ਮਾਇਆ (’ਚ) ਮਨੁ ਭਰਮਾਵਹਿ (ਭਰਮਾਵਹਿਂ) ॥ ਮਾਇਆ ਮੋਹਿ (ਮੋਹ, ਨੇ), ਸਭ ਸੁਧਿ ਗਵਾਈ ; ਕਰਿ ਅਵਗਣ, ਪਛੋਤਾਵਣਿਆ ॥੨॥ ਸਤਿਗੁਰੁ ਮਿਲੈ, ਤਾ (ਤਾਂ) ਤਤੁ (ਨੋਟ: ‘ਤਤੁ’ ਨੂੰ ਲੱਗੀ ਅੰਤ ਔਂਕੜ ਨੂੰ ਥੋੜ੍ਹਾ ਉਚਾਰਨਾ ਜ਼ਰੂਰੀ ਹੈ ਕਿਉਂਕਿ ਇਹ ਸ਼ਬਦ ‘ਤੱਤ੍ਵ’ ਹੈ ਭਾਵ ਅਸਲੀਅਤ) ਪਾਏ ॥ ਹਰਿ ਕਾ ਨਾਮੁ, ਮੰਨਿ ਵਸਾਏ ॥ ਸਬਦਿ (ਰਾਹੀਂ, ਵਿਕਾਰਾਂ ਵੱਲੋਂ) ਮਰੈ, ਮਨੁ ਮਾਰੈ ਅਪੁਨਾ ; ਮੁਕਤੀ ਕਾ ਦਰੁ ਪਾਵਣਿਆ ॥੩॥ ਕਿਲਵਿਖ ਕਾਟੈ, ਕ੍ਰੋਧੁ ਨਿਵਾਰੇ ॥ ਗੁਰ ਕਾ ਸਬਦੁ, ਰਖੈ ‘ਉਰ’ (ਭਾਵ ਹਿਰਦੇ) ਧਾਰੇ ॥ ਸਚਿ ਰਤੇ (ਰੱਤੇ) ਸਦਾ ਬੈਰਾਗੀ, ਹਉਮੈ ਮਾਰਿ (ਕੇ) ਮਿਲਾਵਣਿਆ ॥੪॥ ਅੰਤਰਿ ਰਤਨੁ; ਮਿਲੈ, (ਗੁਰੂ ਰਾਹੀਂ) ਮਿਲਾਇਆ ॥ ਤ੍ਰਿਬਿਧਿ ਮਨਸਾ (ਮਨਸ਼ਾ), ਤ੍ਰਿਬਿਧਿ ਮਾਇਆ ॥ ਪੜਿ-ਪੜਿ (ਪੜ੍ਹ-ਪੜ੍ਹ, ਕੇ) ਪੰਡਿਤ ਮੋਨੀ ਥਕੇ (ਥੱਕੇ); ਚਉਥੇ ਪਦ ਕੀ ਸਾਰ (ਭਾਵ ਕਦਰ, ਅਨੁਭਵ) ਨ ਪਾਵਣਿਆ ॥੫॥ ਆਪੇ ਰੰਗੇ, ਰੰਗੁ ਚੜਾਏ (ਚੜ੍ਹਾਏ)॥ ਸੇ ਜਨ ਰਾਤੇ (ਰਾੱਤੇ, ਜੋ); ਗੁਰ ਸਬਦਿ (’ਚ) ਰੰਗਾਏ ॥ ਹਰਿ ਰੰਗੁ ਚੜਿਆ (ਚੜ੍ਹਿਆ) ਅਤਿ ਅਪਾਰਾ ; ਹਰਿ ਰਸਿ+ਰਸਿ (ਭਾਵ ਹਰੀ ਰਸ ਸਹਿਜੇ-ਸਹਿਜੇ ਮਾਣ ਕੇ) ਗੁਣ ਗਾਵਣਿਆ ॥੬॥ ਗੁਰਮੁਖਿ, ਰਿਧਿ ਸਿਧਿ, ਸਚੁ ਸੰਜਮੁ ਸੋਈ ॥ ਗੁਰਮੁਖਿ ਗਿਆਨੁ, ਨਾਮਿ (ਰਾਹੀਂ) ਮੁਕਤਿ ਹੋਈ ॥ ਗੁਰਮੁਖਿ ਕਾਰ ਸਚੁ ਕਮਾਵਹਿ (ਕਮਾਵਹਿਂ) ; ਸਚੇ+ਸਚਿ (’ਚ) ਸਮਾਵਣਿਆ ॥੭॥ ਗੁਰਮੁਖਿ ਥਾਪੇ, ਥਾਪਿ (ਕੇ, ਮੁੜ) ਉਥਾਪੇ (ਭਾਵ ਨਾਸ ਕਰਦਾ)॥ ਗੁਰਮੁਖਿ (ਦੀ), ਜਾਤਿ ਪਤਿ ਸਭੁ ਆਪੇ ॥ ਨਾਨਕ ! ਗੁਰਮੁਖਿ ਨਾਮੁ ਧਿਆਏ ; ਨਾਮੇ+ਨਾਮਿ (’ਚ) ਸਮਾਵਣਿਆ ॥੮॥੧੨॥੧੩॥

(ਨੋਟ: ਗੁਰਬਾਣੀ ’ਚ ‘ਉਰ’ ਸ਼ਬਦ 94 ਵਾਰ ਤੇ ‘ਉਰਿ’ 92 ਵਾਰ ਦਰਜ ਹੈ। ਦਰਅਸਲ ਇਹ ਸ਼ਬਦ ਸੰਸਕ੍ਰਿਤ ਦਾ ਨਪੁੰਸਕ ਲਿੰਗ ‘ਉਰਹ/ਉਰਸ੍’ ਹੈ, ਜਿਸ ਦਾ ਅਰਥ ਹੈ ‘ਛਾਤੀ, ਸੀਨਾ, ਹਿਰਦਾ’, ਆਦਿ। ਗੁਰਬਾਣੀ ਵਿਆਕਰਨ ਨਿਯਮ ਮੁਤਾਬਕ ‘ਉਰਿ ਧਾਰਿ’ ਜਾਂ ‘ਉਰਿ ਧਾਰੇ’ ਵਧੇਰੇ ਦਰੁਸਤ ਹੈ, ਜਿਸ ਨਾਲ ਅਰਥ ਬਣਦਾ ਹੈ: ‘ਹਿਰਦੇ ਵਿੱਚ ਧਾਰਨਾ’, ਪਰ ਕਿਉਂਕਿ ਇਹ ਸੰਸਕ੍ਰਿਤ ਦਾ ਸੰਖੇਪ ਰੂਪ ਹੈ, ਮੁਕੰਮਲ ਸ਼ਬਦ ਨਹੀਂ, ਇਸ ਲਈ ਗੁਰਬਾਣੀ ’ਚ ‘ਉਰ ਧਾਰਿ’ ਤੇ ‘ਉਰਿ ਧਾਰਿ’ ਦੋਵੇਂ ਰੂਪ ਪ੍ਰਚਲਿਤ ਹਨ; ਜਿਵੇਂ ਕਿ ਉਕਤ ਸ਼ਬਦ ਦੇ ਚੌਥੇ ਬੰਦ ਦੀ ਪੰਕਤੀ ‘‘ਗੁਰ ਕਾ ਸਬਦੁ, ਰਖੈ ‘ਉਰ ਧਾਰੇ’ ॥’’ ਸਮੇਤ ਹੇਠਾਂ ਹੋਰ ਵੀ ਦਰਜ ਹਨ:

ਸੋ ਸੇਵਕੁ ਹਰਿ ਆਖੀਐ; ਜੋ ਹਰਿ ਰਾਖੈ ‘ਉਰਿ ਧਾਰਿ’ ॥ (ਮ: ੩/੨੮)

ਆਪਣੇ ਪ੍ਰੀਤਮ ਮਿਲਿ ਰਹਾ (ਰਹਾਂ); ਅੰਤਰਿ ਰਖਾ (ਰੱਖਾਂ) ‘ਉਰਿ ਧਾਰਿ’ ॥ (ਮ: ੩/੯੦), ਆਦਿ।

ਹਉਮੈ ਮਮਤਾ ਮਾਰਿ ਕੈ; ਹਰਿ ਰਾਖਿਆ ‘ਉਰ ਧਾਰਿ’ ॥ (ਮ: ੩/੨੬)

ਗੁਰਮੁਖਿ ਸਦਾ ਸੋਹਾਗਣੀ; ਪਿਰੁ ਰਾਖਿਆ ‘ਉਰ ਧਾਰਿ’ ॥ (ਮ: ੩/੩੧), ਆਦਿ।)

ਮਾਝ, ਮਹਲਾ ੩ ॥

ਉਤਪਤਿ ਪਰਲਉ (ਪਰਲੌ), ਸਬਦੇ (ਭਾਵ ਰੱਬੀ ਹੁਕਮ ਨਾਲ਼) ਹੋਵੈ ॥ ਸਬਦੇ ਹੀ ਫਿਰਿ ਓਪਤਿ ਹੋਵੈ ॥ ਗੁਰਮੁਖਿ ਵਰਤੈ, ਸਭੁ ਆਪੇ ਸਚਾ ; ਗੁਰਮੁਖਿ ਉਪਾਇ (ਕੇ, ਆਪਣੇ ’ਚ) ਸਮਾਵਣਿਆ ॥੧॥ ਹਉ (ਹਉਂ) ਵਾਰੀ ਜੀਉ ਵਾਰੀ ; ਗੁਰੁ ਪੂਰਾ ਮੰਨਿ (’ਚ) ਵਸਾਵਣਿਆ ॥ ਗੁਰ ਤੇ ਸਾਤਿ (ਸ਼ਾਂਤਿ) ਭਗਤਿ ਕਰੇ ਦਿਨੁ ਰਾਤੀ (ਇੱਥੇ ‘ਰਾਤੀ’ ਨੂੰ ਬਿੰਦੀ ਨਹੀਂ ਲਗਾਉਣੀ ਕਿਉਂਕਿ ‘ਦਿਨੁ’ ਇੱਕ ਵਚਨ ਹੈ) ; ਗੁਣ ਕਹਿ (‘ਕਹ’, ਕੇ) ਗੁਣੀ ਸਮਾਵਣਿਆ ॥੧॥ ਰਹਾਉ ॥ ਗੁਰਮੁਖਿ (ਮੁਤਾਬਕ) ਧਰਤੀ, ਗੁਰਮੁਖਿ ਪਾਣੀ ॥ ਗੁਰਮੁਖਿ (ਮੁਤਾਬਕ), ਪਵਣੁ ਬੈਸੰਤਰੁ, ਖੇਲੈ ਵਿਡਾਣੀ ॥ ਸੋ ਨਿਗੁਰਾ, ਜੋ ਮਰਿ+ਮਰਿ (ਕੇ) ਜੰਮੈ ; ਨਿਗੁਰੇ ਆਵਣ ਜਾਵਣਿਆ ॥੨॥ ਤਿਨਿ (ਤਿਨ੍ਹ) ਕਰਤੈ (ਨੇ), ਇਕੁ ਖੇਲੁ ਰਚਾਇਆ ॥ ਕਾਇਆ (ਕਾਇਆਂ)+ਸਰੀਰੈ ਵਿਚਿ, ਸਭੁ ਕਿਛੁ ਪਾਇਆ ॥ ਸਬਦਿ (ਰਾਹੀਂ, ਕਾਇਆਂ) ਭੇਦਿ (ਕੇ), ਕੋਈ ਮਹਲੁ ਪਾਏ ; ਮਹਲੇ+ਮਹਲਿ (’ਚ) ਬੁਲਾਵਣਿਆ ॥੩॥ ਸਚਾ ਸਾਹੁ (ਸ਼ਾਹ), ਸਚੇ ਵਣਜਾਰੇ ॥ ਸਚੁ ਵਣੰਜਹਿ (ਵਣੰਜਹਿਂ) , ਗੁਰ (ਦੇ) ਹੇਤਿ ਅਪਾਰੇ (ਭਾਵ ਬਹੁਤ ਪਿਆਰ ਨਾਲ਼)॥ ਸਚੁ ਵਿਹਾਝਹਿ (ਵਿਹਾਝਹਿਂ), ਸਚੁ ਕਮਾਵਹਿ (ਕਮਾਵਹਿਂ); ਸਚੋ ਸਚੁ ਕਮਾਵਣਿਆ ॥੪॥ ਬਿਨੁ ਰਾਸੀ, ਕੋ (ਭਾਵ ਕੋਈ) ਵਥੁ ਕਿਉ (ਕਿਉਂ) ਪਾਏ  ?॥ ਮਨਮੁਖ ਭੂਲੇ, ਲੋਕ ਸਬਾਏ (ਭਾਵ ਸਾਰੇ)॥ ਬਿਨੁ ਰਾਸੀ, ਸਭ ਖਾਲੀ ਚਲੇ (ਖ਼ਾਲੀ ਚੱਲੇ); ਖਾਲੀ (ਖ਼ਾਲੀ) ਜਾਇ (ਕੇ) ਦੁਖੁ ਪਾਵਣਿਆ ॥੫॥ ਇਕਿ ਸਚੁ ਵਣੰਜਹਿ (ਵਣੰਜਹਿਂ), ਗੁਰ ਸਬਦਿ ਪਿਆਰੇ (ਭਾਵ ਪਿਆਰੇ ਗੁਰੂ ਦੇ ਹੁਕਮ ਨਾਲ਼)॥ ਆਪਿ ਤਰਹਿ (ਤਰੈਂ), ਸਗਲੇ ਕੁਲ ਤਾਰੇ ॥ ਆਏ ਸੇ ਪਰਵਾਣੁ ਹੋਏ ; ਮਿਲਿ ਪ੍ਰੀਤਮ ਸੁਖੁ ਪਾਵਣਿਆ ॥ ੬॥ ਅੰਤਰਿ ਵਸਤੁ, ਮੂੜਾ (ਮੂੜ੍ਹਾ) ਬਾਹਰੁ ਭਾਲੇ (ਭਾਲ਼ੇ)॥ ਮਨਮੁਖ ਅੰਧੇ, ਫਿਰਹਿ (ਫਿਰੈਂ) ਬੇਤਾਲੇ ॥ ਜਿਥੈ (ਜਿੱਥੈ) ਵਥੁ ਹੋਵੈ, ਤਿਥਹੁ (ਤਿੱਥੋਂ) ਕੋਇ ਨ ਪਾਵੈ ; ਮਨਮੁਖ ਭਰਮਿ ਭੁਲਾਵਣਿਆ ॥੭॥ (ਪਰ ਮਨੁੱਖ ਦੇ ਵੀ ਕੀ ਵੱਸ ’ਚ ਹੈ ?) ਆਪੇ ਦੇਵੈ, ਸਬਦਿ (ਰਾਹੀਂ) ਬੁਲਾਏ (ਬੁਲਾ ਕੇ)॥ ਮਹਲੀ (ਪ੍ਰਭੂ ਦੇ) ਮਹਲਿ (’ਚ, ਰਹ ਕੇ), ਸਹਜ ਸੁਖੁ ਪਾਏ ॥ ਨਾਨਕ ! ਨਾਮਿ (ਰਾਹੀਂ) ਮਿਲੈ ਵਡਿਆਈ ; ਆਪੇ ਸੁਣਿ+ਸੁਣਿ (ਕੇ) ਧਿਆਵਣਿਆ ॥੮॥੧੩॥੧੪॥