29.9 C
Jalandhar
Monday, April 13, 2026
spot_img
Home Blog Page 134

ਕੌਮੀ ਦਰਦ ਨੂੰ ਸਮਝਣ ਵਾਲੇ ਗੁਰਸਿੱਖ ਇਤਿਹਾਸ ਤੋਂ ਕੁਝ ਸਿੱਖਣ

1

ਕੌਮੀ ਦਰਦ ਨੂੰ ਸਮਝਣ ਵਾਲੇ ਗੁਰਸਿੱਖ ਇਤਿਹਾਸ ਤੋਂ ਕੁਝ ਸਿੱਖਣ

ਕਿਰਪਾਲ ਸਿੰਘ (ਬਠਿੰਡਾ)-88378-13661, 98554-80797

ਸਿੱਖ ਕੌਮ ਦੀ ਇਹ ਤਰਾਸਦੀ ਹੈ ਕਿ ਜਿਸ ਸਮੇਂ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਦੇ ਧਾਰਨ ਕਰਨਯੋਗ ਗੁਣਾਂ ਰੂਪੀ ਅਸਲੀ ਜਨੇਊ ਦਾ ਵਰਣਨ ਕਰ ਕੇ ਜਾਤੀ ਵੰਡ ਅਤੇ ਇਤਸਰੀ ਜਾਤੀ ਨਾਲ ਵਿਤਕਰਾ ਕਰਨ ਦੇ ਸੂਚਕ; ਪੰਡਿਤ ਵੱਲੋਂ ਪਹਿਨਾਏ ਜਾਣ ਵਾਲੇ ਸੂਤ ਦਾ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਬਿੱਪਰ ਸੋਚ ਨੇ ਉਸੇ ਸਮੇਂ ਸਮਝ ਲਿਆ ਸੀ ਕਿ ਸਿਧਾਂਤਕ ਵੀਚਾਰਾਂ ਦੇ ਅਧਾਰ ’ਤੇ ਅਸੀਂ ਨਾਨਕ ਵੀਚਾਰਧਾਰਾ ਦਾ ਟਾਕਰਾ ਨਹੀਂ ਕਰ ਸਕਦੇ; ਇਸ ਸੂਰਤ ਵਿੱਚ ਸਾਨੂੰ ਆਪਣਾ ਧਰਮ ਬਚਾਉਣ ਲਈ ਕੁਟਿਲਤਾ ਭਰਪੂਰ ਨੀਤੀ ਅਪਨਾਉਣ ਦੀ ਜਰੂਰਤ ਹੈ। ਉਹ ਨੀਤੀ ਇਹ ਸੀ ਕਿ ਸਿੱਖਾਂ ਵਿੱਚ ਫੁੱਟ ਦਾ ਐਸਾ ਬੀਜ ਬੀਜੀ ਰੱਖਣਾ ਜਿਸ ਨਾਲ ਇਹ ਕਦੀ ਵੀ ਏਕਤਾ ਦੀ ਲੜੀ ਵਿੱਚ ਇਕੱਠੇ ਨਾ ਰਹਿ ਸਕਣ। ਇਸੇ ਨੀਤੀ ਅਧੀਨ ਗੁਰੂ ਸਾਹਿਬਾਨ ਦੇ ਪੁੱਤਰਾਂ ਨੂੰ ਗੁਰੂ ਘਰ ਤੋਂ ਬਾਗੀ ਕਰਨ ਵਿੱਚ ਸਫਲਤਾ ਹਾਸਲ ਕਰਨੀ ਇੱਕ ਤਰੀਕਾ ਸੀ, ਪਰ ਗੁਰੂ ਕਾਲ ਵਿੱਚ ਇਸ ਨੀਤੀ ਨਾਲ ਬਿਪਰ ਸੋਚ ਨੂੰ ਬਹੁਤੀ ਸਫਲਤਾ ਹਾਸਲ ਨਾ ਹੋ ਸਕੀ।

ਦੂਸਰੀ ਲੰਬੇ ਸਮੇਂ ਦੀ ਨੀਤੀ ਸੀ ਜਿਸ ਅਧੀਨ ਚੁੱਪ ਚਪੀਤੇ ਮਿਲਾਵਟ ਵਾਲਾ ਐਸਾ ਸਾਹਿਤ ਤਿਆਰ ਕੀਤਾ ਜਿਸ ਨੂੰ ਬਾਅਦ ਵਿੱਚ ਗੁਰ ਇਤਿਹਾਸ ਅਤੇ ਗੁਰੂ ਸਾਹਿਬ ਜੀ ਦੀ ਆਪਣੀ ਬਾਣੀ ਕਹਿ ਕੇ ਪ੍ਰਚਾਰਿਆ ਗਿਆ। ਇਹ ਸਾਹਿਤ ਇਸ ਨੀਤੀ ਨਾਲ ਤਿਆਰ ਕੀਤਾ ਗਿਆ ਸੀ ਕਿ ਜੇ ਅੱਧੇ ਸਿੱਖ ਵੀ ਇਸ ਸਾਹਿਤ ਨੂੰ ਅਪਨਾਉਣ ਲਈ ਤਿਆਰ ਹੋ ਜਾਣ ਤਾਂ ਬਹੁਤੇ ਸਿੱਖ ਆਪਣੇ ਆਪ ਹੀ ਹਿੰਦੂ ਧਰਮ ਵਿੱਚ ਜਜ਼ਬ ਹੋ ਜਾਣਗੇ ਅਤੇ ਜਿਹੜੇ ਬਚ ਜਾਣਗੇ ਉਹ ਆਪਸੀ ਵੈਰ ਵਿਰੋਧ ਵਿੱਚ ਲੜ ਭਿੜ ਕੇ ਖਤਮ ਹੋ ਜਾਣਗੇ। ਇਸ ਨੀਤੀ ਵਿੱਚ ਬਿੱਪਰ ਪੂਰੀ ਤਰ੍ਹਾਂ ਸਫਲ ਰਿਹਾ ਹੈ। ਭਾਈ ਬਾਲੇ ਵਾਲੀ ਜਨਮ ਸਾਖੀ, ਦਸਮ ਗ੍ਰੰਥ, ਗੁਰਬਿਲਾਸ ਪਾਤਸ਼ਾਹੀ ੬, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਆਦਿਕ ਅਨੇਕਾਂ ਐਸੇ ਗ੍ਰੰਥ ਹਨ ਜਿਨ੍ਹਾਂ ਵਿੱਚ ਬਿੱਪਰ ਵੱਲੋਂ ਮਨਮਰਜੀ ਦੀ ਮਿਲਾਵਟ ਕੀਤੀ ਗਈ ਅਤੇ ਇਹੀ ਉਹ ਗ੍ਰੰਥ ਹਨ ਜਿਨ੍ਹਾਂ ਸਦਕਾ ਇੱਕ ਪਾਸੇ ਸਿੱਖ ਹੌਲ਼ੀ ਹੌਲ਼ੀ ਹਿੰਦੂ ਧਰਮ ਵਿੱਚ ਗਰਕ ਹੁੰਦੇ ਜਾ ਰਹੇ ਹਨ ਅਤੇ ਦੂਜੇ ਪਾਸੇ ਇਨ੍ਹਾਂ ਗ੍ਰੰਥਾਂ ਰਾਹੀਂ ਪੰਥ ਵਿੱਚ ਫੁੱਟ ਦਾ ਐਸਾ ਬੀਜ਼ ਬੀਜਿਆ ਜਾ ਚੁੱਕਾ ਹੈ ਕਿ ਹਾਲਾਤ ਬੜੀ ਤੇਜੀ ਨਾਲ ਉਸ ਦਿਸ਼ਾ ਵੱਲ ਵਧ ਰਹੇ ਹਨ ਕਿ ਮੁਸਲਮਾਨਾਂ ਦੇ ਸ਼ੀਆ, ਸੁੰਨੀ ਅਤੇ ਈਸਾਈਆਂ ਦੇ ਕੈਥੋਲਿਕ ਤੇ ਪ੍ਰੋਟੈਸਟੈਂਟਾਂ ਵਾਙ ਹੁਣ ਖ਼ਾਲਸਾ ਪੰਥ ਨੂੰ ਵੀ ਦੋ ਹਿੱਸਿਆਂ ਵਿੱਚ ਵੰਡੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ।

ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖੁੱਸਣ ਤੋਂ ਬਾਅਦ ਸੂਝਵਾਨਾਂ ਨੇ ਕਰਵਟ ਲਈ ਅਤੇ 1920 ਵਿੱਚ ਸਿੰਘ ਸਭਾ ਲਹਿਰ ਦਾ ਮੁੱਢ ਬੰਨ੍ਹ ਕੇ ਸੁਧਾਰ ਲਹਿਰ ਸ਼ੁਰੂ ਕੀਤੀ। ਇਸ ਵਿੱਚ ਭਾਵੇਂ ਕੁਦਰਤ ਦੀ ਮਰਜੀ ਸਮਝ ਲਵੋ ਜਾਂ ਬਿੱਪਰ ਦੀ ਚਾਲ ਅਤੇ ਜਾਂ ਸਖ਼ਸ਼ੀਅਤਾਂ ਦਾ ਟਕਰਾ; ਕਿ ਛੇਤੀ ਹੀ ਇਹ ਲਹਿਰ ਸਿੰਘ ਸਭਾ ਲਹੌਰ ਅਤੇ ਸਿੰਘ ਸਭਾ ਅੰਮ੍ਰਿਤਸਰ ਵਿੱਚ ਵੰਡੀਆਂ ਗਈਆਂ। ਉਸ ਸਮੇਂ ਚੰਗੀ ਗੱਲ ਇਹ ਸੀ ਕਿ ਦੋਵੇਂ ਸਿੰਘ ਸਭਾਵਾਂ ਭਾਵੇਂ ਵੱਖਰਾ ਵੱਖਰਾ ਰਾਹ ਅਪਨਾਉਣ ਦੇ ਹੱਕ ਵਿੱਚ ਸਨ ਪਰ ਦੋਵਾਂ ਦੀ ਨੀਅਤ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਅਤੇ ਵੀਚਾਰਧਾਰਕ ਤੌਰ ’ਤੇ ਬਹੁਤਾ ਅੰਤਰ ਨਹੀਂ ਸੀ, ਜਿਸ ਕਰ ਕੇ ਖੁੱਲ੍ਹ ਕੇ ਇੱਕ ਦੂਸਰੇ ਦੇ ਵਿਰੋਧ ਵਿੱਚ ਨਹੀਂ ਸੀ ਖੜ੍ਹੀਆਂ। ਸਿੰਘ ਸਭਾ ਲਹਿਰ ਵੱਲੋਂ ਵਿੱਢੀ ਸੁਧਾਰ ਲਹਿਰ ਸਦਕਾ ਭਾਰੀ ਕੁਰਬਾਨੀਆਂ ਉਪ੍ਰੰਤ 1925 ਈ: ’ਚ ਸਰਕਾਰੀ ਕਾਨੂੰਨ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਭਾਵੇਂ ਉਸ ਵੇਲੇ ਦੀ ਅੰਗਰੇਜ਼ ਸਰਕਾਰ ਦੀ ਮਾੜੀ ਨੀਅਤ ਕਰ ਕੇ ਸ਼੍ਰੋਮਣੀ ਕਮੇਟੀ ਦੀ ਚੋਣ ਅਤੇ ਕੰਮ ਕਰਨ ਦੇ ਢੰਗ ਅਪਨਾਉਣ ਲਈ ਤਿਆਰ ਕੀਤੇ ਕਾਨੂੰਨਾਂ ਵਿੱਚ ਭਾਰੀ ਕਮੀਆਂ ਰੱਖੀਆਂ ਪਰ ਸਿੱਖ ਕੌਮ ਲਈ ਇਹ ਇੱਕ ਪ੍ਰਾਪਤੀ ਸੀ। ਇਸ ਕਮੇਟੀ ਨੇ ਸ਼ੁਰੂ ਸ਼ੁਰੂ ਵਿੱਚ ਚੰਗੇ ਕੰਮ ਵੀ ਕੀਤੇ ਜਿਨ੍ਹਾਂ ਵਿੱਚੋਂ ਮੁੱਖ ਤੌਰ ’ਤੇ ਬਿੱਪਰ ਸੋਚ ਦਾ ਪ੍ਰਚਾਰ ਕਰ ਰਹੇ ਨਿਰਮਲੇ ਅਤੇ ਉਦਾਸੀ ਵਿਭਚਾਰੀ ਮਹੰਤਾਂ ਤੋਂ ਇਤਿਹਾਸਕ ਗੁਰਦੁਆਰੇ ਆਜ਼ਾਦ ਕਰਵਾਉਣੇ, ਗੁਰਇਤਿਹਾਸ ਵਿੱਚ ਭਾਰੀ ਮਿਲਾਵਟ ਕਰਨ ਵਾਲੀ ਗੁਰਬਿਲਾਸ ਪਾਤਸ਼ਾਹੀ ੬ ਦੀ ਮੁੜ ਛਪਵਾਈ ਅਤੇ ਗੁਰਦੁਆਰਿਆਂ ਵਿੱਚ ਇਸ ਦੀ ਕਥਾ ਬੰਦ ਕਰਵਾਉਣੀ ਅਤੇ ਵੱਖ ਵੱਖ ਧੜਿਆਂ, ਜਥੇਬੰਦੀਆਂ ਤੇ ਸੰਪ੍ਰਦਾਵਾਂ ਨੂੰ ਪੰਥਕ ਏਕਤਾ ਦੀ ਲੜੀ ਵਿੱਚ ਪ੍ਰੋਣ ਲਈ ਸਿੱਖ ਰਹਿਤ ਮਰਯਾਦਾ ਦਾ ਹੋਂਦ ਵਿੱਚ ਆਉਣਾ ਗਿਣਨਯੋਗ ਚੰਗੇ ਕਾਰਜ ਸਨ। ਸਿੱਖ ਰਹਿਤ ਮਰਯਾਦਾ ਵਿੱਚ ਵਿਸ਼ੇਸ਼ ਤੌਰ ’ਤੇ ਦਰਜ ਕੀਤਾ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਨੂੰ ਕਾਇਮ ਰੱਖਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਕਿਸੇ ਵੀ ਹੋਰ ਗ੍ਰੰਥ ਜਾਂ ਪੁਸਤਕ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਅਤੇ ਨਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਬਾਣੀ ਅਤੇ ਇਸ ਦੀ ਵਿਆਖਿਆ ਸਰੂਪ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਸਿੰਘ ਜੀ ਦੀ ਰਚਨਾ ਤੋਂ ਬਿਨਾਂ ਹੋਰ ਕਿਸੇ ਰਚਨਾ ਦਾ ਕੀਰਤਨ ਕੀਤਾ ਜਾ ਸਕਦਾ ਹੈ, ਪਰ ਛੇਤੀ ਹੀ ਸ਼੍ਰੋਮਣੀ ਕਮੇਟੀ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ ਜਦੋਂ ਕਾਨੂੰਨੀ ਖਾਮੀਆਂ ਵਾਲੇ ਚੋਣ ਕਾਨੂੰਨਾਂ ਦਾ ਸਹਾਰਾ ਲੈਂਦਿਆਂ ਸ਼੍ਰੋਮਣੀ ਕਮੇਟੀ ਵਿੱਚ ਗੁਰਮਤਿ ਦੇ ਧਾਰਨੀ ਸ਼ਰਧਾਵਾਨ ਗੁਰਸਿੱਖਾਂ ਦੀ ਥਾਂ ਸਤਾ ਦੇ ਭੁੱਖੇ ਸਿਆਸੀ ਆਗੂਆਂ ਦਾ ਦਬਦਬਾ ਵਧਣਾ ਸ਼ੁਰੂ ਹੋ ਗਿਆ ਅਤੇ ਹਾਲਾਤ ਇੱਥੋਂ ਤੱਕ ਪਹੁੰਚ ਚੁੱਕੇ ਹਨ ਕਿ ਮਹਾਨ ਕੁਰਬਾਨੀਆਂ ਉਪ੍ਰੰਤ ਹੋਂਦ ਵਿੱਚ ਆਈ ਸ਼੍ਰੋਮਣੀ ਕਮੇਟੀ ਅੱਜ ਅਸਿੱਧੇ ਰੂਪ ’ਚ ਪੰਥ ਵਿਰੋਧੀ ਜਮਾਤ ਦੇ ਕਬਜ਼ੇ ਵਿੱਚ ਆ ਚੁੱਕੀ ਹੈ। ਇਸੇ ਕਾਰਨ ਵਿਦਵਾਨਾਂ ਵੱਲੋਂ ਬੜੀ ਮਿਹਨਤ ਨਾਲ ਤਿਆਰ ਕੀਤੇ ਅਤੇ ਖੁਦ ਸ਼੍ਰੋਮਣੀ ਕਮੇਟੀ ਵੱਲੋਂ 2003 ਵਿੱਚ ਜਾਰੀ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ; ਖ਼ੁਦ ਸ਼੍ਰੋਮਣੀ ਕਮੇਟੀ ਵੱਲੋਂ ਹੀ 7 ਸਾਲ ਪਿੱਛੋਂ 2010 ਤੋਂ 2014 ਤੱਕ ਕੋਹ ਕੋਹ ਕੇ ਕਤਲ ਕਰ ਦਿੱਤਾ, ਦਸਮ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ਅਤੇ ਇਸ ਵਿੱਚ ਦਰਜ ਰਚਨਾ ਨੂੰ ਕੀਰਤਨ ਦੌਰਾਨ ਵਿਸ਼ੇਸ਼ ਤੌਰ ’ਤੇ ਗਾਉਣ ਅਤੇ ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾੳਣ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ/ ਇਸ ਵੱਲੋਂ ਨਿਯੁਕਤ ਜਥੇਦਾਰਾਂ ਵੱਲੋਂ ਵਿਸ਼ੇਸ਼ ਸਨਮਾਨ ਦੇਣਾ ਅਤੇ ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਸਟੇਜਾਂ ਤੋਂ ਸ਼ਰੇਆਮ ਦਸਮ ਗ੍ਰੰਥ ਨੂੰ ਪ੍ਰੋਮੋਟ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਖੜ੍ਹਾ ਕਰਨ ਵਾਲਿਆਂ ਦੇ ਸਮਰਥਨ ਵਿੱਚ ਖੜ੍ਹਿਆ ਜਾ ਰਿਹਾ ਹੈ। ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਸਿੱਖ ਰਹਿਤ ਮਰਯਾਦਾ, ਨਾਨਕਸ਼ਾਹੀ ਕੈਲੰਡਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਦੀ ਗੱਲ ਕਰਨ ਵਾਲੇ ਪ੍ਰਚਾਰਕਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹੀ ਪੰਥ ਵਿਰੋਧੀ ਦੱਸ ਕੇ ਉਨ੍ਹਾਂ ਦੇ ਰਾਹ ਵਿੱਚ ਕੰਡੇ ਖਿਲਾਰੇ ਜਾ ਰਹੇ ਹਨ। ਇਸ ਤਰ੍ਹਾਂ ਮਹਾਨ ਕੁਰਬਾਨੀਆਂ ਪਿੱਛੋਂ ਹੋਂਦ ਵਿੱਚ ਆਈ ਸ਼੍ਰੋਮਣੀ ਕਮੇਟੀ ਵੱਲੋਂ ਹੀ ਸਿਧਾਂਧਤਕ ਤੌਰ ’ਤੇ ਸਿੱਖ ਧਰਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ।

1955-56 ਈ: ਵਿੱਚ, ਜਿਸ ਸਮੇਂ ਕੁਝ ਵਿਦਵਾਨਾਂ, ਜਿਨ੍ਹਾਂ ਵਿੱਚੋਂ ਗਿਆਨੀ ਸੁਰਜੀਤ ਸਿੰਘ ਨਵੀਂ ਦਿੱਲੀ, ਸਵ: ਮਹਿੰਦਰ ਸਿੰਘ ਜੋਸ਼ ਅਤੇ ਸਵ: ਕੰਵਰ ਮਹਿੰਦਰਪ੍ਰਤਾਪ ਸਿੰਘ ਆਦਿਕ ਗਿਣਨਯੋਗ ਹਨ; ਨੇ ਵੇਖਿਆ ਕਿ ਸ਼੍ਰੋਮਣੀ ਕਮੇਟੀ ਦੇ ਆਗੂ ਆਪਣੇ ਅਸਲੀ ਨਿਸ਼ਾਨੇ ਤੋਂ ਭਟਕ ਕੇ ਸਤਾ ਦੀ ਕੁਰਸੀ ਹਾਸਲ ਕਰਨ ਦੇ ਰਾਹ ਪੈ ਚੁੱਕੇ ਹਨ ਤਾਂ ਉਨ੍ਹਾਂ ਮਿਸ਼ਨਰੀ ਕਾਲਜ ਨਾਮ ਦੀ ਸੰਸਥਾ ਦਾ ਮੁੱਢ ਬੰਨ੍ਹਿਆ; ਜਿਸ ਅਧੀਨ ਅੱਜ ਤਿੰਨ ਮੁੱਖ ਕਾਲਜ- ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ, ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਸਫਲਤਾ ਪੂਰਬਕ ਚੱਲ ਰਹੇ ਹਨ। ਸਿੱਖਾਂ ਵਿੱਚ ਗੁਰਬਾਣੀ ਖ਼ੁਦ ਪੜ੍ਹਨ ਸਮਝਣ ਅਤੇ ਵਿਰੋਧੀਆਂ ਵੱਲੋਂ ਵਿਗਾੜੇ ਗਏ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖਣ ਲਈ ਜਾਗਰੂਕਤਾ ਦਾ ਬੀਜ ਮਿਸ਼ਨਰੀ ਕਾਲਜਾਂ ਨੇ ਅੱਜ ਤੋਂ 60-62 ਸਾਲ ਪਹਿਲਾਂ ਬੀਜਿਆ। 20 ਕੁ ਸਾਲ ਤੋਂ ਭਾਈ ਪੰਥਪ੍ਰੀਤ ਸਿੰਘ ਜੀ ਨੇ ਬਹੁਤ ਹੀ ਯੋਜਨਾਵੱਧ ਢੰਗ ਰਾਹੀਂ ਗੁਰਮਤਿ ਪ੍ਰਚਾਰ ਦੀ ਐਸੀ ਲਹਿਰ ਚਲਾਈ ਹੋਈ ਹੈ ਕਿ ਮਿਸ਼ਨਰੀ ਲਹਿਰ ਦੁਆਰਾ ਬੀਜੇ ਬੀਜ ਰਾਹੀਂ ਉੱਗਿਆ ਪੌਦਾ ਖ਼ੂਬ ਵਧਿਆ ਫੁੱਲਿਆ, ਭਾਵੇਂ ਸ਼ੁਰੂ ਸ਼ੁਰੂ ਵਿੱਚ ਭਾਈ ਪੰਥਪ੍ਰੀਤ ਸਿੰਘ ਜੀ ਆਪਣੇ ਆਪ ’ਤੇ ਮਿਸ਼ਨਰੀ ਫੱਟਾ ਲਵਾਉਣ ਤੋਂ ਗੁਰੇਜ ਕਰਦੇ ਵੀ ਵੇਖੇ ਜਾਂਦੇ ਰਹੇ। ਤਿੰਨ ਕੁ ਸਾਲ ਪਹਿਲਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸੋਚ ਵਿੱਚ ਸ਼ਾਲਾਘਾਯੋਗ ਬਦਲਾ ਆਇਆ ਅਤੇ ਉਨ੍ਹਾਂ ਨੇ ਡੇਰਾਵਾਦੀ ਸੋਚ ਛੱਡ ਕੇ ਭਾਈ ਪੰਥਪ੍ਰੀਤ ਸਿੰਘ ਵਾਲੀ ਲਾਈਨ ਫੜ ਲਈ ਜਿਸ ਨਾਲ ਮਿਸ਼ਨਰੀ ਸੋਚ ਨੂੰ ਭਾਰੀ ਹੁਲਾਰਾ ਮਿਲਿਆ। ਦੋ ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੀ ਵਾਪਰੀ ਦੁੱਖਦਾਇਕ ਘਟਨਾ ਅਤੇ ਮਿਸ਼ਨਰੀ ਸੋਚ ਦੀ ਚੜ੍ਹਤ ਨੂੰ ਨਾ ਸਹਾਰਦੇ ਹੋਏ ਬੁਖਲਾਹਟ ਵਿੱਚ ਆਏ ਧੁੰਮਾ ਗਰੁੱਪ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਬਹੁਤ ਹੀ ਘਿਨਾਉਣੇ ਢੰਗ ਨਾਲ ਕੀਤੇ ਕਾਤਲਾਨਾ ਹਮਲੇ, ਜਿਸ ਦੌਰਾਨ ਭਾਈ ਢੱਡਰੀਆਂ ਵਾਲੇ ਦੇ ਸਾਥੀ ਭਾਈ ਭੂਪਿੰਦਰ ਸਿੰਘ ਦੀ ਕੀਮਤੀ ਜਾਨ ਚਲੇ ਜਾਣ ਉਪ੍ਰੰਤ ਗੁਰਮਤਿ ਪ੍ਰਚਾਰ ਵਿੱਚ ਜੁਟੀਆਂ ਤਿੰਨੇ ਹੀ ਮੁੱਖ ਧਿਰਾਂ ਭਾਵ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਭਾਈ ਪੰਥਪ੍ਰੀਤ ਸਿੰਘ ਅਤੇ ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕ ਇੱਕ ਸਟੇਜ ’ਤੇ ਇਕੱਠੇ ਹੋ ਗਏ ਜਿਸ ਨਾਲ ਮਿਸ਼ਨਰੀ ਸੋਚ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਅਤੇ ਦੂਸਰੀ ਸੁਧਾਰ ਲਹਿਰ ਦਾ ਮੁੱਢ ਬੰਨ੍ਹਣ ਲਈ ਪੂਰੀ ਤਰ੍ਹਾਂ ਮੈਦਾਨ ਤਿਆਰ ਹੋਣ ਲੱਗ ਪਿਆ। ਜੇ ਇਸ ਤਰ੍ਹਾਂ ਕਹਿ ਲਿਆ ਜਾਵੇ ਕਿ ਮਿਸ਼ਨਰੀ ਕਾਲਜਾਂ ਨੇ ਜਾਗਰੂਕਤਾ ਲਹਿਰ ਦਾ ਬੀਜ ਬੀਜਿਆ ਤੇ ਇਸ ਤੋਂ ਉੱਗੇ ਪੌਦੇ ਨੂੰ ਵੱਡ ਅਕਾਰੀ ਬ੍ਰਿਛ ਬਣਾਉਣ ਲਈ ਸਿਰਤੋੜ ਯਤਨ ਕੀਤੇ, ਭਾਈ ਪੰਥਪ੍ਰੀਤ ਸਿੰਘ ਦੇ ਪ੍ਰਚਾਰ ਦੀ ਬਦੌਲਤ ਜਾਗਰੂਕਤਾ ਦਾ ਇਹ ਪੌਦਾ ਬਹੁਤ ਵੱਡੇ ਬ੍ਰਿਛ ਦਾ ਰੂਪ ਧਾਰਨ ਕਰ ਗਿਆ ਅਤੇ ਭਾਈ ਢੱਡਰੀਆਂ ਵਾਲੇ ਦੇ ਨਾਲ ਮਿਲਣ ਸਦਕਾ ਜਾਗਰੂਕਤਾ ਰੂਪੀ ਇਸ ਬ੍ਰਿਛ ਨੂੰ ਫ਼ੁੱਲ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਹੁਣ ਬਹੁਤ ਹੀ ਧਿਆਨ ਨਾਲ ਇਸ ਦੀ ਦੇਖ ਭਾਲ਼ ਕਰ ਕੇ ਇਸ ਤੋਂ ਫ਼ਲ਼ ਪ੍ਰਾਪਤ ਕਰਨ ਦਾ ਢੁਕਵਾਂ ਮੌਕਾ ਹੈ, ਭਾਵ ਦੂਸਰੀ ਸੁਧਾਰ ਲਹਿਰ ਸ਼ੁਰੂ ਕਰ ਕੇ ਸ਼੍ਰੋਮਣੀ ਕਮੇਟੀ ਵਿੱਚੋਂ ਸਤਾ ਦੇ ਭੁੱਖੇ ਸਿਆਸੀ ਆਗੂਆਂ ਅਤੇ ਨਿਰਮਲੇ/ਉਦਾਸੀ ਮਹੰਤਾਂ ਦੀ ਰਹਿੰਦ ਖੂੰਹਦ ਧੁੰਮਾਂ ਐਂਡ ਪਾਰਟੀ ਨੂੰ ਬਾਹਰ ਕੱਢ ਕੇ ਗੁਰਮਤਿ ਦੇ ਗਿਆਤਾ ਅਤੇ ਗੁਰਸਿੱਖੀ ਨੂੰ ਸਮਰਪਿਤ ਸਿੱਖਾਂ ਦੇ ਹੱਥ ਇਸ ਦਾ ਪ੍ਰਬੰਧ ਸੌਂਪਣਾ ਹੈ, ਜਿਸ ਰਾਹੀਂ ਸਿੱਖੀ ਦੇ ਬੂਟੇ ’ਤੇ ਬਿੱਪਰਵਾਦ ਦੀ ਚੜ੍ਹ ਰਹੀ ਅਮਰਵੇਲ ਨੂੰ ਲਾਹੁਣ ਵਿੱਚ ਕਾਫੀ ਮਦਦ ਮਿਲ ਸਕਦੀ ਹੈ। ਜੇ ਇਹ ਮੌਕਾ ਹੱਥੋਂ ਨਿਕਲ ਗਿਆ ਤਾਂ ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ –

(1) ਪਹਿਲਾ ਤਾਂ ਇਹ ਕਿ ਤਿਨ੍ਹਾਂ ਧਿਰਾਂ ਦੇ ਮੁੱਖ ਪ੍ਰਚਾਰਕ ਮੌਕਾ ਸੰਭਾਲਣ ਵਿੱਚ ਅਸਫਲ ਰਹਿ ਸਕਦੇ ਹਨ।

(2) ਦੂਸਰਾ ਇਹ ਕਿ ਬਿੱਪਰ ਦੀ ਫੁੱਟ ਪਾਊ ਨੀਤੀ ਆਪਣਾ ਕੰਮ ਕਰਨ ਵਿੱਚ ਸਫਲ ਹੋ ਸਕਦੀ ਹੈ ਭਾਵ ਇੱਕ ਸਾਂਝੇ ਮੰਚ ’ਤੇ ਇਕੱਤਰ ਹੋਈਆਂ ਇਨ੍ਹਾਂ ਤਿੰਨਾਂ ਧਿਰਾਂ ਨੂੰ ਦੋ ਜਾਂ ਤਿੰਨ ਧੜਿਆਂ ਵਿੱਚ ਵੰਡ ਕੇ ਇੱਕਮੁਠ ਹੋਈ ਤਾਕਤ ਨੂੰ ਖੇਰੂੰ ਖੇਰੂੰ ਕਰ ਸਕਦੀ ਹੈ।

ਇਨ੍ਹਾਂ ਤਿੰਨਾਂ ਮੁੱਖ ਪ੍ਰਚਾਰਕ ਧਿਰਾਂ ਤੋਂ ਇਲਾਵਾ ਇੱਕ ਚੌਥੀ ਧਿਰ ਵੀ ਹੈ ਜਿਸ ਨੂੰ ਪੰਥਕ ਮੀਡੀਏ ਅਤੇ ਸ਼ੋਸ਼ਿਲ ਮੀਡੀਏ ਦੇ ਵਿਦਵਾਨਾਂ ਦਾ ਨਾਮ ਦਿੱਤਾ ਜਾ ਸਕਦਾ ਹੈ। ਇਸ ਨਾਜ਼ੁਕ ਸਮੇਂ ’ਤੇ ਇਸ ਮੀਡੀਏ ਗਰੁੱਪ ਵਲੋਂ ਵੀ ਉਸਾਰੂ ਰੋਲ ਨਿਭਾਉਣ ਦੀ ਭਾਰੀ ਲੋੜ ਹੈ। ਭਾਵੇਂ ਇਨ੍ਹਾਂ ਵਿੱਚੋਂ ਕਿਸੇ ’ਤੇ ਸ਼ੱਕ ਕਰਨਾ ਜਾਇਜ਼ ਨਹੀਂ ਹੈ ਅਤੇ ਮੈਂ ਕਰਦਾ ਵੀ ਨਹੀਂ ਹਾਂ ਪਰ ਮੈਂ ਵਿਰਸਾ ਰੇਡੀਓ ਦੇ ਮੁੱਖ ਸੰਚਾਲਕ ਭਾਈ ਹਰਨੇਕ ਸਿੰਘ ਨਿਊਜ਼ੀਲੈਂਡ ਦਾ ਨਾਮ ਲੈਣ ਤੋਂ ਗੁਰੇਜ਼ ਨਹੀਂ ਕਰਾਂਗਾ ਜਿਸ ਦੀਆਂ ਗਤੀਵਿਧੀਆਂ ਜਾਣੇ ਅਣਜਾਣੇ ਜਾਗਰੂਕ ਸਿੱਖਾਂ ਵਿੱਚ ਤ੍ਰੇੜਾਂ ਪਾਉਣ/ਵਧਾਉਣ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ ਸਾਬਤ ਹੋ ਰਹੀਆਂ ਹਨ। ਇਹ ਦੋਸ਼ ਮੈਂ ਮਨਘੜਤ ਨਹੀਂ ਲਾ ਰਿਹਾ, ਸਗੋਂ ਸਮੇਂ ਸਮੇਂ ’ਤੇ ਉਸ ਵੱਲੋਂ ਪਾਏ ਯੋਗਦਾਨ ਨੂੰ ਵਾਚਦਿਆਂ ਹਰ ਕੋਈ ਸਹਿਜੇ ਹੀ ਅੰਦਾਜ਼ਾ ਲਾ ਸਕਦਾ ਹੈ ਅਤੇ ਬਹੁਤ ਸਾਰੇ ਚਿੰਤਕ ਆਪੋ ਆਪਣੇ ਢੰਗ ਨਾਲ ਇਸ ਸਿੱਟੇ ’ਤੇ ਪੁੱਜ ਵੀ ਰਹੇ ਹਨ।

ਪਹਿਲੀ ਉਦਾਹਰਨ ਹੈ ਕਿ ਜਿਸ ਸਮੇਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰੋ: ਸਰਬਜੀਤ ਸਿੰਘ ਧੂੰਦਾ ਜੀ ਦੇ ਅਕਾਲ ਤਖ਼ਤ ਦੇ ਪੁਜਾਰੀਆਂ ਅੱਗੇ ਪੇਸ਼ ਹੋਣ ਦੇ ਮੁੱਦੇ ’ਤੇ ਪ੍ਰੋ: ਦਰਸ਼ਨ ਸਿੰਘ ਨਾਲ ਮੱਤਭੇਦ ਪੈਦਾ ਹੋਏ ਉਸ ਸਮੇਂ ਇਨ੍ਹਾਂ ਦੋਵਾਂ ਅਤੇ ਇਨ੍ਹਾਂ ਦੋਵਾਂ ਦੇ ਸਮਰਥਕਾਂ ਵਿੱਚ ਤ੍ਰੇੜਾਂ ਵਧਾ ਕੇ ਕੱਲ੍ਹ ਤੱਕ ਦੇ ਸਮਰਥਕਾਂ ਨੂੰ ਇੱਕ ਦੂਜੇ ਦੇ ਕੱਟੜ ਵਿਰੋਧੀਆਂ ਦੇ ਰੂਪ ਵਿੱਚ ਖੜ੍ਹੇ ਕਰਨ ਵਿੱਚ ਭਾਈ ਹਰਨੇਕ ਸਿੰਘ ਨੇ ਆਪਣਾ ਭਰਵਾਂ ਯੋਗਦਾਨ ਪਾਇਆ ਜਿਸ ਦਾ ਦੋਵਾਂ ਪਾਸਿਆਂ ਦੇ ਫੇਸਬੁੱਕੀ ਵਿਦਵਾਨ ਸਮਰਥਕਾਂ ਨੇ ਪੂਰਾ ਪੂਰਾ ਸਾਥ ਦਿੱਤਾ। ਉਸ ਸਮੇਂ ਮੈਂ ਦੋਵਾਂ ਤਰਫਾਂ ਦੇ ਫੇਸਬੁੱਕੀ ਵਿਦਵਾਨਾਂ ਨੂੰ ਸ਼ਾਂਤ ਰੱਖਣ ਲਈ ਪੂਰਾ ਤਾਨ ਲਾਇਆ ਪਰ ਮੇਲੇ ਵਿੱਚ ਚੱਕੀ ਰਾਹੇ ਦੀ ਕਿਸੇ ਨੇ ਨਾ ਸੁਣੀ। ਮੇਰਾ ਮੰਨਣਾ ਹੈ ਕਿ ਜੇ ਉਸ ਸਮੇਂ ਮਿਸ਼ਨਰੀ ਕਾਲਜਾਂ ਨੇ ਪ੍ਰੋ: ਦਰਸ਼ਨ ਸਿੰਘ ਦਾ ਸਾਥ ਦਿੱਤਾ ਹੁੰਦਾ ਤੇ ਖਾਸ ਕਰ ਕੇ ਪ੍ਰੋ: ਧੂੰਦੇ ਵਾਲਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪ੍ਰੋ: ਦਰਸ਼ਨ ਸਿੰਘ ਦੇ ਕੱਟੜ ਵਿਰੋਧ ਵਿੱਚ ਨਾ ਖੜ੍ਹਦਾ; ਤਾਂ ਉਹ ਸਿੱਖ ਰਹਿਤ ਮਰਯਾਦਾ ਨੂੰ ਸਿਰੇ ਤੋਂ ਨਕਾਰ ਕੇ ਆਪਣੀ ਵੱਖਰੀ ਰਹਿਤ ਮਰਯਾਦਾ ਬਣਾਉਣ ਦੇ ਰਾਹ ਨਾ ਪੈਂਦੇ; ਕਿਉਂਕਿ ਉਸ ਸਮੇਂ ਉਨ੍ਹਾਂ ’ਤੇ ਸਿੱਖ ਰਹਿਤ ਮਰਯਾਦਾ ਨੂੰ ਪੂਰਨ ਤੌਰ ’ਤੇ ਰੱਦ ਕਰਨ ਦਾ ਦਬਾਅ ਪਾ ਰਹੀਆਂ ਕਈ ਧਿਰਾਂ ਨੂੰ ਪ੍ਰੋ: ਦਰਸ਼ਨ ਸਿੰਘ ਵੱਲੋਂ ਦਿੱਤੀ ਜਾਂਦੀ ਇਸ ਦਲੀਲ ਨੂੰ ਮੈਂ ਕਈ ਵਾਰ ਆਪਣੇ ਕੰਨੀਂ ਸੁਣਿਆ ਸੀ ਕਿ “ਸਿੱਖ ਰਹਿਤ ਮਰਯਾਦਾ ਸਾਡਾ ਕੌਮੀ ਦਸਤਾਵੇਜ਼ ਹੈ ਜਿਸ ਨੂੰ ਇਕੱਲਾ ਕੋਈ ਵਿਅਕਤੀ ਜਾਂ ਕੁਝ ਵਿਅਕਤੀਆਂ ਦਾ ਇਕੱਠ ਰੱਦ ਨਹੀਂ ਕਰ ਸਕਦਾ; ਇਸ ਵਿੱਚ ਕੇਵਲ ਉਸੇ ਜੁਗਤ ਨਾਲ ਸੋਧ ਕੀਤੀ ਜਾ ਸਕਦੀ ਹੈ ਜਿਸ ਜੁਗਤੀ ਨਾਲ 1931 ਤੋਂ 1945 ਤੱਕ 14 ਸਾਲ ਦੀ ਲੰਬੀ ਸੋਚ ਵੀਚਾਰ ਨਾਲ ਹੋਂਦ ਵਿੱਚ ਲਿਆਂਦਾ ਸੀ ਅਤੇ ਪੰਜਾਬ ਦੀ ਵੰਡ ਉਪ੍ਰੰਤ 1952 ਵਿੱਚ ਅਰਦਾਸ ਵਿੱਚ ਇਹ ਵਾਧਾ ਕਰਨ ਲਈ ਕਿ ‘ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ-ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ।’ ਵਿੱਚ ਕੇਵਲ ਇੱਕ ਸ਼ਬਦ ‘ਬਲ’ ਜਾਂ ‘ਦਾਨ’ ਵਰਤਣ ਲਈ ਤਿੰਨ ਦਿਨ ਵਿਦਵਾਨਾਂ ਦੀ ਬਹਿਸ ਚੱਲੀ ਸੀ ਅਤੇ ਅੰਤ ‘ਦਾਨ’ ਸ਼ਬਦ ਪ੍ਰਵਾਨ ਕੀਤਾ ਗਿਆ ਸੀ।” ਉਸ ਸਮੇਂ ਪ੍ਰੋ: ਦਰਸ਼ਨ ਸਿੰਘ ਦਾ ਕਹਿਣਾ ਹੁੰਦਾ ਸੀ ਕਿ ਇਸ ਸਮੇਂ ਸ਼ਾਂਤ ਮਹੌਲ ਵਿੱਚ ਪੰਥ ਦੀਆਂ ਸਮੁੱਚੀਆਂ ਧਿਰਾਂ ਦੇ ਸੁਹਿਰਦਤਾ ਨਾਲ ਵੀਚਾਰ ਵਟਾਂਦਰੇ ਲਈ ਇੱਕ ਮੰਚ ’ਤੇ ਇਕੱਤਰ ਹੋਣਾ ਸੰਭਵ ਨਹੀਂ ਹੈ ਇਸ ਲਈ ਪਹਿਲਾਂ ਇਸ ਤਰ੍ਹਾਂ ਦੀ ਭਾਵਨਾ ਅਤੇ ਮਹੌਲ ਪੈਦਾ ਕੀਤਾ ਜਾਵੇ ਜਿਸ ਵਿੱਚ ਸਾਰੀਆਂ ਧਿਰਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਮੌਰ ਮੰਨ ਕੇ ਇਸ ਦੀ ਅਗਵਾਈ ਵਿੱਚ ਸਿਰ ਜੋੜ ਕੇ ਬੈਠਣ ਲਈ ਤਿਆਰ ਹੋ ਜਾਣ ਤਾਂ ਹੀ ਗੁਰਮਤਿ ਦੀ ਰੌਸ਼ਨੀ ਵਿੱਚ ਕੋਈ ਸੋਧ ਕੀਤੀ ਜਾ ਸਕਦੀ ਹੈ; ਪਰ ਕਿਉਂਕਿ ਅਕਾਲ ਤਖ਼ਤ ਦੀ ਦੁਰਵਰਤੋਂ ਕਰ ਕੇ ਡੇਰਾਵਾਦੀ ਸੋਚ ਨੇ ਤਾਂ ਪਹਿਲਾਂ ਹੀ ਪ੍ਰੋ: ਦਰਸ਼ਨ ਸਿੰਘ ਨੂੰ ਛੇਕ ਦਿੱਤਾ ਹੋਇਆ ਸੀ, ਸਿੱਖ ਰਹਿਤ ਮਰਯਾਦਾ ਨੂੰ ਪੂਰੀ ਤਰ੍ਹਾਂ ਸਮਰਪਿਤ ਕਹਾਉਣ ਵਾਲੇ ਮਿਸ਼ਨਰੀ ਗਰੁੱਪ ਨੇ ਵੀ ਅਸਿੱਧੇ ਰੂਪ ਵਿੱਚ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਸਿੱਧੇ ਰੂਪ ਵਿੱਚ ਉਸ ਦੇ ਵਿਰੋਧ ਵਿੱਚ ਖੜ੍ਹਨ ਦਾ ਸਿੱਟਾ ਇਹ ਨਿਕਲਿਆ ਕਿ ਪ੍ਰੋ: ਦਰਸ਼ਨ ਸਿੰਘ ਨੇ ਆਪਣਾ ਮਨ ਇਸ ਤਰ੍ਹਾਂ ਬਣਾ ਲਿਆ ਕਿ ਜਦੋਂ ਸਿੱਖ ਰਹਿਤ ਮਰਯਾਦਾ ਦੇ ਹੱਕ ਅਤੇ ਵਿਰੋਧ ਵਿੱਚ ਖੜ੍ਹੀਆਂ ਦੋਵਾਂ ਮੁੱਖ ਧਿਰ੍ਹਾਂ ਨੇ ਹੀ ਆਪਣੇ ਆਪਣੇ ਪੰਥ ਵਿੱਚੋਂ ਉਸ ਨੂੰ ਛੇਕ ਰੱਖਿਆ ਹੈ ਜਿਨ੍ਹਾਂ ਦੀ ਨੇੜਲੇ ਭਵਿੱਖ ਵਿੱਚ ਇੱਕ ਸਫ਼ਾ ’ਤੇ ਬੈਠ ਕੇ ਕੋਈ ਗੁਰਮਤਿ ਅਨੁਸਾਰੀ ਫੈਸਲਾ ਕਰ ਲੈਣ ਦੀ ਕੋਈ ਸੰਭਾਵਨਾ ਹੀ ਨਹੀਂ ਤਾਂ ਕਿਉਂ ਨਾ ਉਹ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ’ਤੇ ਅਧਾਰਿਤ ਆਪਣੀ ਵੱਖਰੀ ਰਹਿਤ ਮਰਯਾਦਾ ਬਣਾ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਣ ਦਾ ਸਬੂਤ ਦੇਵੇ। ਸੋ ਇਸ ਤਰ੍ਹਾਂ ਪੰਥ ਦੋ ਦੀ ਥਾਂ ਤਿੰਨ ਵਿਰੋਧੀ ਧਿਰਾਂ ਵਿੱਚ ਵੰਡੇ ਜਾਣ ਦੇ ਰਾਹ ਪੈ ਗਿਆ ਜਿਸ ਲਈ ਮੈਂ ਸਮਝਦਾ ਹਾਂ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੇ ਹਰਨੇਕ ਸਿੰਘ ਨਿਊਜ਼ੀਲੈਂਡ ਮੁੱਖ ਤੌਰ ’ਤੇ ਤੀਜੀ ਵੰਡ ਲਈ ਕਸੂਰਵਾਰ ਹਨ।

ਦੂਸਰੀ ਘਟਨਾ ਹੈ ਕਿ ਅਕਤੂਬਰ 2014 ਵਿੱਚ  ਸ: ਕੁਲਦੀਪ ਸਿੰਘ ਹੋਸਟ ਸ਼ੇਰੇ ਪੰਜਾਬ ਰੇਡੀਓ, ਸ: ਦਲਜੀਤ ਸਿੰਘ ਇੰਡੀਆਨਾ ਅਤੇ ਸ: ਮਲਕੀਤ ਸਿੰਘ ਬਾਸੀ ਆਦਿਕ ਨੇ ਕੁਝ ਹੋਰਨਾਂ ਨਾਲ ਮਿਲ ਕੇ ਇੰਡੀਆਨਾ ਵਿਖੇ ਵਿਸ਼ਵ ਸਿੱਖ ਕਨਵੈਂਨਸ਼ਨ ਕਰਵਾਉਣ ਦਾ ਫੈਸਲਾ ਲਿਆ, ਜਿੱਥੇ ਕਈ ਮਹੱਤਵਪੂਰਨ ਮਤੇ ਪਾਸ ਕੀਤੇ ਜਾਣੇ ਸਨ। ਉਨ੍ਹਾਂ ਨੇ ਯਤਨ ਕੀਤਾ ਕਿ ਪੰਥਕ ਸੋਚ ਰੱਖਣ ਵਾਲੇ ਵੱਖ ਵੱਖ ਧੜਿਆਂ ਦੇ ਆਗੂਆਂ/ਵਿਦਵਾਨਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇ ਤਾਂ ਕਿ ਜਿਹੜੇ ਧੜੇ ਜਾਂ ਵਿਅਕਤੀ ਕਿਸੇ ਨਾ ਕਿਸੇ ਕਾਰਨ ਇੱਕ ਦੂਜੇ ਦਾ ਵਿਰੋਧ ਕਰਦੇ ਆ ਰਹੇ ਹਨ ਉਨ੍ਹਾਂ ਨੂੰ ਇੱਕ ਸਟੇਜ਼ ’ਤੇ ਇਕੱਤਰ ਕਰ ਕੇ ਪੰਥਕ ਏਕਤਾ ਦਾ ਮੁੱਢ ਬੰਨ੍ਹਿਆ ਜਾਵੇ। ਇਸ ਲਈ ਉਨ੍ਹਾਂ ਪ੍ਰੋ: ਧੂੰਦਾ ਸਮੇਤ ਡਾ: ਅਮਰਜੀਤ ਸਿੰਘ, ਸ: ਪਾਲ ਸਿੰਘ ਪੁਰੇਵਾਲ, ਸ: ਸਰਬਜੀਤ ਸਿੰਘ ਸੈਕਰਾਮੈਂਟੋ, ਸ: ਤਰਲੋਚਨ ਸਿੰਘ ਦੁਪਾਲਪੁਰ, ਆਦਿਕ ਹੋਰ ਕਈ ਪੰਥਕ ਸੋਚ ਵਾਲੇ ਬੁਲਾਰਿਆਂ ਨੂੰ ਸੱਦਾ ਦਿੱਤਾ, ਪਰ ਇੱਥੇ ਫਿਰ ਭਾਈ ਨਿਊਜ਼ੀਲੈਂਡ ਆਪਣਾ ਜਲਵਾ ਵਿਖਾਉਂਦਿਆਂ; ਪ੍ਰੋ: ਧੂੰਦਾ ਨੂੰ ਉਸ ਕਨਵੈਂਨਸ਼ਨ ਵਿੱਚ ਸ਼ਾਮਲ ਹੋਣ ਤੋਂ ਰੋਕਣ ਵਿੱਚ ਸਫਲ ਹੋ ਗਏ। ਕਨਵੈਂਸ਼ਨ ਤਾਂ ਪ੍ਰੋ: ਧੂੰਦੇ ਦੀ ਸ਼ਮੂਲੀਅਤ ਤੋਂ ਬਿਨਾਂ ਵੀ ਸਿਰੇ ਚੜ੍ਹ ਗਈ ਪਰ ਉਸ ਤੋਂ ਅਗਲੇ ਦਿਨ ਰੰਜਸ਼ ਵਿੱਚ ਆਏ ਸ: ਕੁਲਦੀਪ ਸਿੰਘ ਅਤੇ ਸ: ਦਲਜੀਤ ਸਿੰਘ ਨੇ ‘ਰੇਡੀਓ ਚੰਨ ਪ੍ਰਦੇਸੀ’ ਅਤੇ ‘ਰੇਡੀਓ ਸ਼ੇਰ-ਏ-ਪੰਜਾਬ’  ’ਤੇ ਪ੍ਰੋ: ਧੂੰਦਾ ਅਤੇ ਉਸ ਦੇ ਕਾਲਜ ਦੀ ਉਹ ਖਿੱਲੀ ਉਡਾਈ ਕਿ ਧੂੰਦਾ ਅਤੇ ਇਸ ਦੇ ਕਾਲਜ ਦੇ ਵਕਾਰ ਦਾ ਉਸ ਤੋਂ ਕਿਤੇ ਵੱਧ ਨੁਕਸਾਨ ਕਰ ਦਿੱਤਾ ਜਿਤਨਾ ਕਿ ਹਰਨੇਕ ਸਿੰਘ ਨੇ ਉਨ੍ਹਾਂ ਦਾ ਫਾਇਦਾ ਕੀਤਾ ਹੋਵੇਗਾ। ਇਸ ਘਟਨਾ ਨੇ ਪ੍ਰੋ: ਧੂੰਦਾ ਅਤੇ ਇਸ ਦੇ ਕਾਲਜ ਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਕਰਵਾ ਦਿੱਤਾ ਪਰ ਉਸ ਸਮੇਂ ਤਾਂ ਹਰਨੇਕ ਸਿੰਘ, ਪ੍ਰੋ: ਧੂੰਦੇ ਨੂੰ ਰੱਬ ਦਾ ਦੂਜਾ ਰੂਪ ਅਤੇ ਗੁਰੂ ਤੋਂ ਦੂਸਰੇ ਨੰਬਰ ਦਾ ਬਣਾ ਕੇ ਪੇਸ਼ ਕਰ ਰਿਹਾ ਹੁੰਦਾ ਸੀ ਜਦੋਂ ਕਿ ਪ੍ਰੋ: ਦਰਸ਼ਨ ਸਿੰਘ ਤੇ ਉਸ ਦੇ ਸਮਰਥਕਾਂ ਨੂੰ ਗਾਲ਼ਾਂ ਕੱਢਣ ਅਤੇ ਨੀਵੀ ਪੱਧਰ ਦੀ ਸ਼ਬਦਾਵਲੀ ਵਰਤਣ ਤੋਂ ਕਦੀ ਵੀ ਗੁਰੇਜ਼ ਨਹੀਂ ਸੀ ਕਰਦਾ ਇਸ ਲਈ ਆਪਣੇ ਐਡੇ ਵੱਡੇ ਸਮਰਥਕ ਦੇ ਜਾਲ਼ ਵਿੱਚੋਂ ਛੇਤੀ ਕਰ ਕੇ ਨਿਕਲ ਜਾਣਾ ਪ੍ਰੋ: ਧੂੰਦੇ ਦੇ ਵੱਸ ਵਿੱਚ ਨਹੀਂ ਸੀ ਰਿਹਾ।

ਤੀਸਰੇ ਨੰਬਰ ’ਤੇ ਤਾਜਾ ਘਟਨਾਵਾਂ ਦੀ ਗੱਲ ਕਰੀਏ ਤਾਂ ਕੁਝ ਸਮਾਂ ਭਾਈ ਹਰਨੇਕ ਸਿੰਘ ਨਿਊਜੀਲੈਂਡ ਭਾਈ ਪੰਥਪ੍ਰੀਤ ਸਿੰਘ ਦੇ ਵੀ ਚੰਗੇ ਸੋਹਲੇ ਗਾਉਂਦਾ ਰਿਹਾ ਪਰ ਭਾਈ ਸਾਹਿਬ ਕੁਝ ਸੁਚੇਤ ਰਹੇ ਤੇ ਪ੍ਰੋ: ਧੂੰਦੇ ਵਾਙ ਪੂਰੀ ਤਰ੍ਹਾਂ ਉਸ ਦੀ ਝੋਲ਼ੀ ਵਿੱਚ ਨਾ ਪਏ ਤਾਂ ਹਰਨੇਕ ਸਿੰਘ ਨੇ ਉਨ੍ਹਾਂ ਪ੍ਰਤੀ ਵੀ ਮੰਦ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ। ਸ਼ਾਇਦ ਇਸ ਸਮੇਂ ਪ੍ਰੋ: ਧੂੰਦਾ ਆਪਣੀ ਪਹਿਲੀ ਗਲਤੀ ਦੁਹਰਾਉਣਾ ਨਹੀਂ ਸਨ ਚਾਹੁੰਦੇ ਇਸ ਲਈ ਉਨ੍ਹਾਂ ਅਨੁਸਾਰ ਉਨ੍ਹਾਂ ਨੇ ਹਰਨੇਕ ਸਿੰਘ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਤੁਹਾਡੇ ਇਸ ਵਤੀਰੇ ਨਾਲ ਭਾਈ ਪੰਥਪ੍ਰੀਤ ਸਿੰਘ ਇਹ ਸਮਝਣਗੇ ਕਿ ਹਰਨੇਕ ਸਿੰਘ ਪ੍ਰੋ: ਧੂੰਦਾ ਦੇ ਖਾਸ ਬੰਦੇ ਹਨ ਤੇ ਮੇਰੀ ਸਹਿਮਤੀ ਨਾਲ ਹੀ ਤੁਸੀਂ ਭਾਈ ਪੰਥਪ੍ਰੀਤ ਸਿੰਘ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਸ ਲਈ ਇਸ ਤਰ੍ਹਾਂ ਦਾ ਤੁਹਾਡਾ ਅਮਲ ਸਾਡੇ ਦੋਵਾਂ ਦੇ ਸੁਖਾਵੇਂ ਸਬੰਧਾਂ ਵਿੱਚ ਤ੍ਰੇੜਾਂ ਪੈਦਾ ਕਰ ਸਕਦਾ ਹੈ; ਜੋ ਜਾਗਰੂਕ ਲਹਿਰ ਦੇ ਪੱਖ ਵਿੱਚ ਨਹੀਂ ਹੋਵੇਗਾ। ਇਸ ਲਈ ਜਦ ਤੱਕ ਤੁਸੀਂ ਭਾਈ ਪੰਥਪ੍ਰੀਤ ਸਿੰਘ ਵਿਰੁੱਧ ਆਪਣੀ ਮੰਦਭਾਸ਼ਾ ਵਿੱਚ ਤਬਦੀਲੀ ਨਹੀਂ ਕਰਦੇ ਉਸ ਸਮੇਂ ਤੱਕ ਉਹ (ਧੂੰਦਾ) ਹਰਨੇਕ ਸਿੰਘ ਦੇ ਗੁਰਦੁਆਰੇ ਵਿੱਚ ਕਥਾ ਕਰਨ ਨਹੀਂ ਆਉਣਗੇ। ਬੱਸ ਫਿਰ ਕੀ ਸੀ ਹਰਨੇਕ ਸਿੰਘ ਜੀ ਨੇ ਧੂੰਦੇ ਦੀ ਥਾਂ ਭਾਈ ਰਣਜੀਤ ਸਿੰਘ ਢੱਡਰਰੀਆਂ ਵਾਲੇ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਅਤੇ ਪ੍ਰੋ: ਧੂੰਦਾ, ਭਾਈ ਪੰਥਪ੍ਰੀਤ ਸਿੰਘ, ਭਾਈ ਅਮਰੀਕ ਸਿੰਘ ਚੰਡੀਗੜ੍ਹ ਸਮੇਤ ਮਿਸ਼ਨਰੀ ਕਾਲਜਾਂ ਅਤੇ ਗੁਰਮਤਿ ਸੇਵਾ ਲਹਿਰ ਦੇ ਸਾਰੇ ਪ੍ਰਚਾਰਕਾਂ ਵਿਰੁੱਧ ਅਤਿ ਘਟੀਆ ਸ਼ਬਦਾਵਲੀ ਵਰਤਣ ਦੀ ਗਤੀ ਹੋਰ ਵਧਾ ਦਿੱਤੀ ਜਿਸ ਨਾਲ ਹਾਲਾਤ ਬਿਲਕੁਲ ਉਹ ਬਣਦੇ ਜਾ ਰਹੇ ਹਨ ਜਿਨ੍ਹਾਂ ਹਾਲਤਾਂ ਕਾਰਨ ਪ੍ਰੋ: ਦਰਸ਼ਨ ਸਿੰਘ ਤੇ ਗੁਰਮਤਿ ਗਿਆਨ ਦੀਆਂ ਦੂਰੀਆਂ ਵਧੀਆ ਤੇ ਫਿਰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਤੇ ਸ: ਕੁਲਦੀਪ ਸਿੰਘ, ਸ: ਦਲਜੀਤ ਸਿੰਘ ਆਦਿਕ ਵਿਚਕਾਰ ਦੂਰੀਆਂ ਵਧੀਆਂ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਰੋਲ ਬਿਨਾਂ ਸ਼ੱਕ ਸ਼ਾਲਾਘਾਯੋਗ ਹੈ ਅਤੇ ਉਸ ਦੀ ਸਿਫਤ ਕਰਨੀ ਬਣਦੀ ਹੈ ਪਰ ਉਨ੍ਹਾਂ ਦੀ ਸਿਫਤ ਕਰਨ ਵਾਲੇ ਬੰਦੇ ਵੱਲੋਂ ਉਸੇ ਵਕਤ ਉਨ੍ਹਾਂ ਦੇ ਸਾਥੀ ਮਿਸ਼ਨਰੀ ਕਾਲਜਾਂ ਅਤੇ ਗੁਰਮਤਿ ਸੇਵਾ ਲਹਿਰ ਦੇ ਪ੍ਰਚਾਰਕਾਂ ਵਿਰੁੱਧ ਅਤਿ ਘਟੀਆ ਸ਼ਬਦਾਵਲੀ ਵਰਤਨੀ ਕਦਾਚਿਤ ਪੰਥ ਅਤੇ ਜਾਗਰੂਕ ਲਹਿਰ ਦੇ ਹੱਕ ਵਿੱਚ ਨਹੀਂ ਹੈ। ਮੈਂ ਪਹਿਲਾਂ ਹੀ ਮਿਸ਼ਨਰੀ ਕਾਲਜ ਦੇ ਪ੍ਰਚਾਰਕਾਂ ਨੂੰ ਜਾਗਰੂਕਤਾ ਦਾ ਬੀਜ ਬੀਜ ਕੇ ਪੌਦਾ ਉੱਗਾਉਣ ਵਾਲਿਆਂ, ਭਾਈ ਪੰਥਪ੍ਰੀਤ ਸਿੰਘ ਅਤੇ ਉਸ ਦੀ ਸਰਪ੍ਰਸਤੀ ਹੇਠ ਗੁਰਮਤਿ ਸੇਵਾ ਲਹਿਰ ਦੇ ਪ੍ਰਚਾਰਕਾਂ ਵੱਲੋਂ ਉਸ ਪੌਦੇ ਨੂੰ ਪਾਲ਼ ਪੋਸ਼ ਕੇ ਵੱਡ ਅਕਾਰੀ ਬ੍ਰਿਛ ਬਣਾਉਣ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਉਸ ਬ੍ਰਿਛ ਨੂੰ ਫੁੱਲ ਲੱਗਣ ਤੱਕ ਪਹੁੰਚਾਉਣ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣ ਵਾਲਿਆਂ ਦੀ ਤਸ਼ਬੀਹ ਦੇ ਚੁੱਕਾ ਹਾਂ। ਇਨ੍ਹਾਂ ਤਿੰਨਾਂ ਸੰਸਥਾਵਾਂ ਵਿੱਚੋਂ ਕਿਸੇ ਇੱਕ ਦੇ ਯੋਗਦਾਨ ਨੂੰ ਘਟਾ ਕੇ ਵੇਖਣਾ ਕਿਸੇ ਦੂਸਰੇ ਵਿੱਚ ਹਉਮੈ ਦੇ ਸੂਖਮ ਬੀਜ, ਬੀਜ ਸਕਦਾ ਹੈ ਜੋ ਇਨ੍ਹਾਂ ਦੀ ਸਖ਼ਸ਼ੀਅਤ ਲਈ ਹਾਨੀਕਾਰਕ ਅਤੇ ਪੰਥਕ ਏਕਤਾ ਤੇ ਜਾਗਰੂਕ ਲਹਿਰ ਲਈ ਘਾਤਕ ਸਿੱਧ ਹੋ ਸਕਦਾ ਹੈ। ਅਸੀਂ ਅਕਸਰ ਦੋਸ਼ ਲਾਉਂਦੇ ਰਹਿੰਦੇ ਹਾਂ ਕਿ ਪੰਥ ਵਿਰੋਧੀ ਸ਼ਕਤੀਆਂ ਆਪਣੀਆਂ ਏਜੰਸੀਆਂ ਰਾਹੀਂ ਪੰਥ ਵਿੱਚ ਫੁੱਟ ਪਾ ਕੇ ਸਾਡੀ ਸ਼ਕਤੀ ਨੂੰ ਕਮਜੋਰ ਕਰ ਕੇ ਸਾਡੀ ਹੋਂਦ ਮਿਟਾਉਣ ’ਤੇ ਤੁਲੇ ਹੋਏ ਹਨ ਜਿਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ, ਪਰ ਇੱਥੇ ਕਿਹੜੀ ਉਹ ਏਜੰਸੀ ਹੈ ਜਿਸ ਨੂੰ ਪੰਥਕ ਏਕਤਾ ਦੀ ਗੱਲ ਸੁਣਦਿਆਂ ਹੀ ਢਿੱਡ ਪੀੜ ਹੋਣੀ ਸ਼ੁਰੂ ਹੋ ਜਾਂਦੀ ਹੈ ? ਜੇ ਉਹ ਆਪਣੇ ਆਪ ਨੂੰ ਪੰਥ ਹਿਤੂ ਅਖਵਾ ਰਿਹਾ ਹੈ ਤਾਂ ਪੰਥਕ ਹਿਤਾਂ ਨੂੰ ਆਪਣੇ ਆਪ ਸਮਝ ਕੇ ਆਪਣਾ ਵਤੀਰਾ ਬਦਲ ਲਵੇ ਤਾਂ ਉਸ ਦੀ ਸਿਆਣਪ ਨੂੰ ਧੰਨ ਕਹਿਣ ਦਾ ਸੁਭਾਗ ਪ੍ਰਾਪਤ ਹੋਵੇਗਾ ਪਰ ਜੇ ਉਹ ਨਹੀਂ ਸਮਝਦਾ ਤਾਂ ਸਿੱਖ ਸੰਗਤਾਂ ਨੂੰ ਖ਼ੁਦ ਪਛਾਣ ਕੇ ਉਸ ਦਾ ਕੋਈ ਹੱਲ ਲੱਭਣਾ ਚਾਹੀਦਾ ਹੈ।

5.8.2017 ਦੇ ਦੀਵਾਨ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਹ ਬਿਆਨ ਦਿੱਤਾ ਸੀ ਕਿ ਉਸ ਨੇ ਮਨ ਬਣਾ ਲਿਆ ਹੈ ਕਿ ਇੱਕ ਸਾਲ ਬਾਅਦ ਉਹ ਦੀਵਾਨ ਲਾ ਕੇ ਪ੍ਰਚਾਰ ਕਰਨਾ ਬੰਦ ਕਰ ਦੇਵੇਗਾ ਅਤੇ ਕੇਵਲ ਕੌਮ ਦੇ ਚਲੰਤ ਮਸਲਿਆਂ ’ਤੇ ਆਪਣਾ ਨਜ਼ਰੀਆ ਪੇਸ਼ ਕਰਿਆ ਕਰੇਗਾ ਕਿ ਕੀ ਗਲਤ ਹੈ ਅਤੇ ਕੀ ਠੀਕ ਹੈ ? ਕੀ ਇਸ ਦਾ ਕੌਮ ਨੂੰ ਲਾਭ ਹੋਏਗਾ ਜਾਂ ਨੁਕਸਾਨ ? ਉਨ੍ਹਾਂ ਨੇ ਦੀਵਾਨ ਨਾ ਲਾਏ ਜਾਣ ਦਾ ਕਾਰਨ ਇਹ ਦੱਸਿਆ ਸੀ ਕਿ ਇੱਕ ਸਾਲ ਬਾਅਦ ਉਸ ਨੇ ਜੋ ਕੁਝ ਕਹਿਣਾ ਹੈ ਉਹ ਧੂਤਿਆਂ ਨੂੰ ਪਸੰਦ ਨਹੀਂ ਆਉਣਾ ਜਿਸ ਕਾਰਨ ਉਨ੍ਹਾਂ ਮੈਨੂੰ ਆਸਾਨੀ ਨਾਲ ਇਹ ਦੀਵਾਨ ਲਾਉਣ ਨਹੀਂ ਦੇਣੇ। ਉਨ੍ਹਾਂ ਇਹ ਪਸ਼ੀਨਗੋਈ ਵੀ ਕੀਤੀ ਸੀ ਕਿ ਉਸ ਸਮੇਂ ਇਹ ਪ੍ਰਮੇਸ਼ਰ ਦੁਆਰ ਵੀ ਉਜੜੇਗਾ। ਭਾਈ ਹਰਨੇਕ ਸਿੰਘ, ਭਾਈ ਢੱਡਰੀਆਂ ਵਾਲੇ ਦੇ ਇਸ ਬਿਆਨ ਦੀ ਖ਼ੂਬ ਪ੍ਰਸੰਸਾ ਕਰ ਰਿਹਾ ਹੈ ਅਤੇ ਭਾਈ ਪੰਥਪ੍ਰੀਤ ਸਿੰਘ ਤੇ ਪ੍ਰੋ: ਧੂੰਦਾ ਸਮੇਤ ਗੁਰਮਤਿ ਸੇਵਾ ਲਹਿਰ ਤੇ ਮਿਸ਼ਨਰੀ ਕਾਲਜ ਦੇ ਸਮੁੱਚੇ ਪ੍ਰਚਾਰਕਾਂ ਦੀ ਭਾਰੀ ਅਲੋਚਨਾ ਕਰਦਾ ਹੋਇਆ ਉਨ੍ਹਾਂ ਨੂੰ ਵਾਰ ਵਾਰ ਇਹ ਨਿਹੋਰਾ ਮਾਰ ਰਿਹਾ ਹੈ ਕਿ ਇਹ ਪ੍ਰਚਾਰਕ ਭਾਈ ਢੱਡਰੀਆਂ ਵਾਲੇ ਵਾਙ ਅੱਪਡੇਟ ਕਿਉਂ ਨਹੀਂ ਹੁੰਦੇ। ਹੁਣ ਮੈਂ ਭਾਈ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਜਿਸ ਸਮੇਂ ਪ੍ਰੋ: ਦਰਸ਼ਨ ਸਿੰਘ ਕਹਿ ਰਹੇ ਸਨ ਕਿ ਮੌਜੂਦ ਨਿਜ਼ਾਮ, ਅਕਾਲ ਤਖ਼ਤ ਦਾ ਨਾਮ ਵਰਤ ਕੇ ਇਸ ਦੇ ਪੁਜਾਰੀਆਂ ਨੂੰ ਜਾਗਰੂਕ ਪ੍ਰਚਾਰਕਾਂ ਦੇ ਰਾਹ ਵਿੱਚ ਕੰਡੇ ਖਿਲਾਰਨ ਲਈ ਵਰਤ ਰਿਹਾ ਹੈ ਇਸ ਲਈ ਪ੍ਰੋ: ਧੂੰਦਾ ਪੁਜਾਰੀਆਂ ਅੱਗੇ ਪੇਸ਼ ਹੋ ਕੇ ਉਸ ਨਿਜ਼ਾਮ ਤੇ ਪੁਜਾਰੀਆਂ ਨੂੰ ਤਾਕਤ ਪ੍ਰਦਾਨ ਨਾ ਕਰੇ ਤਾਂ ਉਸ ਸਮੇਂ ਤਾਂ ਤੁਸੀਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੇ ਪ੍ਰੋ: ਧੂੰਦੇ ਦੀਆਂ ਸਟੇਜਾਂ ਬਚਾਉਣ ਲਈ ਉਨ੍ਹਾਂ ਦੇ ਫੈਸਲੇ ਦੀ ਡਟ ਕੇ ਹਮਾਇਤ ਕੀਤੀ ਅਤੇ ਸਟੇਜਾਂ ਬਚਾਉਣ ਦੇ ਡਰ ਤੋਂ ਉਪਰ ਉੱਠ ਕੇ ਪੁਜਾਰੀਵਾਦ ਦੇ ਵਿਰੋਧ ਵਿੱਚ ਖੜ੍ਹਨ ਵਾਲੇ ਪ੍ਰੋ: ਦਰਸ਼ਨ ਸਿੰਘ ਦੀ ਅਤਿ ਘਟੀਆ ਸ਼ਬਦਾਵਲੀ ਵਿੱਚ ਭਾਰੀ ਅਲੋਚਨਾ ਕੀਤੀ ਸੀ, ਪਰ ਅੱਜ ਤੁਸੀਂ ਪ੍ਰਮੇਸ਼ਰਦੁਆਰ ਉਜਾੜਨ ਵਾਲੇ ਅਤੇ ਦੀਵਾਨ ਬੰਦ ਕਰਨ ਦਾ ਮਨ ਬਣਾ ਬੈਠੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਉਸਤਤਿ ਦੇ ਸੋਹਲੇ ਗਾ ਰਹੋ ਹੋ ਅਤੇ ਇਹ ਰਾਹ ਅਖਤਿਆਰ ਨਾ ਕਰਨ ਵਾਲੇ ਬਾਕੀ ਪ੍ਰਚਾਰਕਾਂ ਦੀ ਭਾਰੀ ਅਲੋਚਨਾ ਕਰ ਰਹੇ ਹੋ ਤਾਂ ਦੱਸੋ ਇਹ ਤੁਹਾਡੇ ਅਪਗਰੇਡ ਹੋਣ ਦੀ ਨਿਸ਼ਾਨੀ ਹੈ ਜਾਂ ਤੀਲੀ ਲਾ ਕੇ ਤਮਾਸ਼ਾ ਵੇਖਣ ਦਾ ਚਾਅ ਪੂਰਾ ਕਰ ਰਹੇ ਹੋ ?

ਦੂਸਰਾ ਸਵਾਲ ਭਾਈ ਢੱਡਰੀਆਂ ਵਾਲਿਆਂ ਨੂੰ ਹੈ ਕਿ ਜੇ ਤੁਸੀਂ ਮੰਨ ਰਹੇ ਹੋ ਕਿ ਇੱਕ ਸਾਲ ਬਾਅਦ ਜੋ ਤੁਸੀਂ ਗੱਲਾਂ ਕਰਨੀਆਂ ਹਨ ਉਨ੍ਹਾਂ ਦਾ ਅਸਰ ਇਹ ਹੋਵੇਗਾ ਕਿ ਧੂਤੇ ਤੁਹਾਨੂੰ ਖੁਲ੍ਹੇਆਮ ਬਿਚਰਨ ਨਹੀਂ ਦੇਣਗੇ ਤੇ ਇਹ ਪ੍ਰਮੇਸ਼ਰ ਦੁਆਰ ਉਜਾੜਨਾ ਪਏਗਾ ਤਾਂ ਕ੍ਰਿਪਾ ਕਰ ਕੇ ਇਹ ਵੀ ਦੱਸੋ ਕਿ ਜਿਹੜੇ ਗੁਰਸਿੱਖ ਤੁਹਾਡੇ ਵੱਲੋਂ ਪ੍ਰਗਟ ਕੀਤੇ ਨਜ਼ਰੀਏ ’ਤੇ ਅਮਲ ਕਰਨਗੇ, ਕੀ ਉਨ੍ਹਾਂ ਨੂੰ ਇਹ ਧੂਤੇ ਖੁਲ੍ਹੇਆਮ ਵਿਚਰਨ ਦੇਣਗੇ ਜਾਂ ਉਨ੍ਹਾਂ ਨੂੰ ਵੀ ਪ੍ਰਮੇਸ਼ਰਦੁਆਰ ਵਾਙ ਆਪਣੇ ਘਰਬਾਰ ਉਜਾੜਨੇ ਪੈਣਗੇ ? ਜੇ ਸਿੱਖਾਂ ਨੇ ਤੁਹਾਡੇ ਵੱਲੋਂ ਪੇਸ਼ ਕੀਤੇ ਨਜ਼ਰੀਏ ਨੂੰ ਨਜ਼ਰਅੰਦਾਜ਼ ਹੀ ਕਰਨਾ ਹੈ ਤਾਂ ਦੱਸੋ ਉਸ ਨਜ਼ਰੀਏ ਦੀ ਕੋਈ ਬੁਕਤ ਰਹੇਗੀ ?

ਸੋ, ਮੇਰੀ ਸਾਰੀਆਂ ਧਿਰਾਂ ਨੂੰ ਬੇਨਤੀ ਹੈ ਕਿ ਜ਼ਮੀਨੀ ਹਾਲਤਾਂ ਨੂੰ ਸਮਝੋ ਕਿ ਕੌਮ ਦਾ ਭਲਾ ਇਸੇ ਵਿੱਚ ਹੈ ਕਿ ਪ੍ਰਚਾਰ ਰਾਹੀਂ ਕੌਮ ਨੂੰ ਜਾਗਰੂਕ ਕਰਨ ਦੀ ਹਾਲੀ ਬਹੁਤ ਲੋੜ ਹੈ ਤੇ ਇਹ ਜਿੰਮੇਵਾਰੀ ਨਿਭਾਉਣ ਦਾ ਹਰ ਗੁਰਸਿੱਖ ਦਾ ਮੁੱਢਲਾ ਫਰਜ਼ ਹੈ। ਇਸ ਸਮੇਂ ਸਾਰੇ ਜਾਗਰੂਕ ਪ੍ਰਚਾਰਕਾਂ ਦੀ ਦੀਰਘ ਸੋਚ ਵੀਚਾਰ ਉਪ੍ਰੰਤ ਬਣੀ ਸਾਂਝੀ ਰਾਇ ਅਨੁਸਾਰ ਹੀ ਚੱਲਣਾ ਚਾਹੀਦਾ ਹੈ। ਜੇ ਇਸ ਤਰ੍ਹਾਂ ਸੰਭਵ ਹੋ ਜਾਵੇ ਤਾਂ ਭਾਈ ਢੱਡਰੀਆਂ ਵਾਲੇ ਸਮੁੱਚੀ ਟੀਮ ਦੇ ਕਪਤਾਨ ਪ੍ਰਵਾਨੇ ਜਾ ਸਕਦੇ ਹਨ ਪਰ ਜੇ ਬਾਕੀ ਪ੍ਰਚਾਰਕ ਜਿਹੜੇ 60 ਜਾਂ 20 ਸਾਲਾਂ ਤੋਂ ਸਖਤ ਘਾਲਣਾ ਘਾਲ ਰਹੇ ਹਨ ਉਨ੍ਹਾਂ ਨੂੰ ਨੀਵਾਂ ਵਿਖਾਉਣ ਜਾਂ ਨਜ਼ਰ ਅੰਦਾਜ਼ ਕਰਨ ਦੀ ਪ੍ਰਵਿਰਤੀ ਭਾਰੂ ਰਹੀ ਤਾਂ ਮੈਨੂੰ ਨਹੀਂ ਉਮੀਦ ਕਿ ਕੋਈ ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਹੋਵੇਗਾ ? ਇਸ ਸੂਰਤ ਵਿੱਚ ਨਜ਼ਰੀਏ ਕੇਵਲ ਨਜ਼ਰੀਏ ਬਣ ਕੇ ਹੀ ਰਹਿ ਜਾਣਗੇ। ਇਸ ਨਾਲ ਨੁਕਸਾਨ ਕੇਵਲ ਭਾਈ ਰਣਜੀਤ ਸਿੰਘ, ਭਾਈ ਪੰਥਪ੍ਰੀਤ ਸਿੰਘ, ਧੂੰਦੇ ਜਾਂ ਮਿਸ਼ਨਰੀ ਕਾਲਜਾਂ ਦਾ ਨਹੀਂ ਹੋਵੇਗਾ ਬਲਕਿ ਸਮੁੱਚੀ ਸਿੱਖ ਕੌਮ ਆਪਣੇ ਦੁਰਭਾਗਾਂ ਨੂੰ ਰੋਣ ਤੋਂ ਸਿਵਾਏ ਹੋਰ ਕੁਝ ਵੀ ਕਰਨ ਤੋਂ ਅਸਮਰਥ ਹੋ ਕੇ ਰਹਿ ਜਾਵੇਗੀ।

ਸੋ, ਜੇ ਸਾਰੇ ਪ੍ਰਚਾਰਕ ਇੱਕਮੱਤ ਹੋ ਕੇ ਚਲਦੇ ਹੋਏ ਕੌਮ ਲਈ ਕੋਈ ਪ੍ਰਾਪਤੀ ਕਰ ਲੈਂਦੇ  ਹਨ ਤਾਂ ਇਸ ਪ੍ਰਾਪਤੀ ਦਾ ਸਿਹਰਾ ਵੀ ਉਨ੍ਹਾਂ ਸਿਰ ਹੀ ਬੱਝੇਗਾ ਤੇ ਜੇ ਆਪਣੀ ਹਉਮੈ ਅਧੀਨ ਦੂਸਰੇ ਨੂੰ ਨੀਵਾਂ ਵਿਖਾਉਣ ਦੇ ਯਤਨਾਂ ਵਿੱਚ ਹੀ ਰੁੱਝੇ ਰਹੇ ਤਾਂ “ਸ਼ਾਹ ਮੁਹੰਮਦਾ ! ਇੱਕ ਸਰਕਾਰ ਬਾਝ੍ਹੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ” ਵਾਲਾ ਸ਼ੇਅਰ ਵੀ ਅੱਜ ਦੇ ਪ੍ਰਚਾਰਕਾਂ ਤੇ ਹਰਨੇਕ ਸਿੰਘ ਵਰਗਿਆਂ ’ਤੇ ਪੂਰਾ ਢੁਕੇਗਾ।

ਉਪ੍ਰੋਕਤ ਵਰਣਨ ਕੀਤੀਆਂ ਚਾਰ ਧਿਰਾਂ ਤੋਂ ਇਲਾਵਾ ਇੱਕ ਪੰਜਵੀ ਧਿਰ ਵੀ ਹੈ ਜਿਸ ਨੂੰ ਸਿੱਖ ਕੌਮ ਦੇ ਸਾਰੇ ਦੁੱਖਾਂ ਦੀ ਦਾਰੂ ਖਾਲਸਤਾਨ ਹੀ ਜਾਪਦੀ ਹੈ। ਜਿਸ ਤਰ੍ਹਾਂ ਭਾਰਤ ਵਿੱਚ ਹਿੰਦੂਤਵਾ ਦਾ ਦੈਂਤ ਘੱਟ ਗਿਣਤੀਆਂ ਨੂੰ ਨਿਗਲਣ ਲਈ ਆਪਣਾ ਵੱਡਾ ਮੂੰਹ ਖੋਲ ਕੇ ਫੁਕਾਰੇ ਮਾਰ ਰਿਹਾ ਹੈ ਇਸ ਨੂੰ ਵੇਖ ਕੇ ਆਪਣੀ ਨਿਆਰੀ ਹੋਂਦ ਬਚਾਈ ਰੱਖਣ ਦਾ ਚਾਹਵਾਨ ਹਰ ਗੁਰਸਿੱਖ ਖਾਲਸਤਾਨ ਦਾ ਹਾਮੀ ਹੋ ਸਕਦਾ ਹੈ ਪਰ ਹਰ ਸੂਝਵਾਨ ਦੇ ਮਨ ਵਿੱਚ ਇਹ ਸਵਾਲ ਉਪਜ ਰਿਹਾ ਹੈ ਕਿ ਜੇ ਖ਼ਾਲਸਤਾਨ ਵਿੱਚ ਰਾਜ ਪ੍ਰਬੰਧ ਦੀ ਵਾਗਡੋਰ ਧੁੰਮਾ ਸੋਚ ਵਾਲਿਆਂ ਦੇ ਅਧੀਨ ਹੀ ਆ ਗਈ ਤਾਂ ਕੀ ਉਹ ਵਿਰੋਧੀ ਸੋਚ ਵਾਲੇ ਸਿੱਖਾਂ ਨੂੰ ।ਖ਼ਾਲਸਤਾਨ ਵਿੱਚ ਜੀਣ ਦਾ ਹੱਕ ਦੇਣਗੇ ? ਜਾਂ ਮੰਨ ਲਓ ਕਿ ਰਾਜ ਪ੍ਰਬੰਧ ਮਿਸ਼ਨਰੀ ਸੋਚ ਵਾਲਿਆਂ ਜਾਂ ਕਹਿ ਲਵੋ ਕਿ ਭਾਈ ਢੱਡਰੀਆਂ ਵਾਲਿਆਂ ਦੇ ਹੱਥ ਆ ਜਾਵੇ ਤਾਂ ਕੀ ਧੁੰਮਾ ਸੋਚ ਉਨ੍ਹਾਂ ਨੂੰ ਅਸਾਨੀ ਨਾਲ ਰਾਜ ਪ੍ਰਬੰਧ ਚਲਾਉਣ ਦੀ ਆਗਿਆ ਦੇਵੇਗੀ ਜਾਂ ਅਫਗਾਨਸਤਾਨ ਦੇ ਤਲਿਬਾਨਾਂ ਵਾਲਾ ਹਾਲ ਹੀ ਰਹੇਗਾ ? ਖ਼ਾਲਸਤਾਨ ਤੋਂ ਬਾਹਰ ਬਾਕੀ ਦੇ ਭਾਰਤ ਵਿੱਚ ਰਹਿ ਗਏ ਸਿੱਖਾਂ ਦੀ ਹੋਣੀ ਦਾ ਵੀ ਧਿਆਨ ਰੱਖਣਾ ਪਏਗਾ। ਅਜੇਹੀਆਂ ਹਾਲਤਾਂ ਨੂੰ ਕੰਟਰੋਲ ਕਰਨ ਦੀ ਜਿੰਮੇਵਾਰੀ ਕੋਈ ਵੀ ਨਹੀਂ ਦੇ ਸਕਦਾ। ਮੇਰਾ ਮੰਨਣਾ ਹੈ ਕਿ ਪਹਿਲੀ ਗੱਲ ਤਾਂ ਜਿਸ ਤਰ੍ਹਾਂ ਸਿੱਖਾਂ ਦੀ ਸੋਚ ਵਿੱਚ ਇੱਕ ਨਹੀਂ, ਸੈਂਕੜੇ ਗੰਭੀਰ ਮੱਤਭੇਦ ਹੋਣ ਕਰ ਕੇ ਸਾਡੀ ਕੌਮੀ ਏਕਤਾ ਲੀਰੋ ਲੀਰ ਹੋਈ ਪਈ ਹੈ; ਇਸ ਸਥਿਤੀ ਵਿੱਚ ਰੀਫੈਂਡਰਮ-2020 ਰਾਹੀਂ ਖਾਲਸਤਾਨ ਬਣਾਉਣ ਦੇ ਸੁਪਨੇ; ਸਿਰਫ ਸੁਪਨੇ ਬਣ ਕੇ ਹੀ ਰਹਿ ਜਾਣੇ ਹਨ, ਪਰ ਜੇ ਬਣ ਵੀ ਗਿਆ ਤਾਂ ਕੀ ਤੁਸੀਂ ਸਮਝਦੇ ਹੋ ਕਿ ਸਿੱਖ ਕੌਮ ਨੂੰ ਨਿਗਲਣ ਦੀਆ ਲੰਬੀਆਂ ਨੀਤੀਆਂ ਘੜਨ ਦੀ ਮਾਹਰ ਬਿੱਪਰ ਸੋਚ ਜਿਸ ਨੇ ਖ਼ਾਲਸਤਾਨ ਬਣਨ ਉਪ੍ਰੰਤ ਟਰਾਂਸਫਰ ਆਫ ਪਾਵਰ ਕਰਨੀ ਹੈ ਉਹ ਪਾਵਰ ਕਿਸੇ ਸਿੱਖੀ ਸੋਚ ਵਾਲੀ ਜਥੇਬੰਦੀ ਨੂੰ ਸੌਂਪੇਗੀ ? ਕਦਾਚਿਤ ਨਹੀਂ। ਯਕੀਨਨ ਤੌਰ ’ਤੇ ਧੁੰਮਾ ਸੋਚ ਜਿਹੜੀ ਕਿ ਪਹਿਲਾਂ ਹੀ ਆਪਣੇ ਗੁਰਦੁਆਰਿਆਂ ਵਿੱਚ ਹਨੂੰਮਾਨ ਦੇ ਚਾਲੀਸੇ ਕੱਟ ਰਹੇ ਹਨ, ਜਗਨਨਾਥਪੁਰੀ ਦੇ ਮੰਦਰ ਦੀ ਤਰਜ ’ਤੇ ਗੁਰਦੁਆਰਿਆਂ ਵਿੱਚ ਆਰਤੀਆਂ ਕਰ ਰਹੇ ਹਨ, ਮੱਥਿਆਂ ’ਤੇ ਤਿਲਕ ਲਗਾ ਰਹੇ ਹਨ, ਪੁਰਾਤਨ ਰਿਸ਼ੀਆਂ ਵੱਲੋਂ ਕੀਤੇ ਜਾਂਦੇ ਯੱਗਾਂ ਵਾਙ ਗੁਰਦੁਆਰਿਆਂ ਵਿਚ ਬੱਕਰਿਆਂ ਦੀਆਂ ਬਲੀਆਂ ਦੇ ਰਹੇ ਹਨ ਅਤੇ ਅਨੇਕਾਂ ਹੋਰ ਹਿੰਦੂ ਰਹੁਰੀਤਾਂ ਗੁਰਦੁਆਰਿਆਂ ਵਿੱਚ ਪ੍ਰਚਲਿਤ ਕਰੀ ਬੈਠੇ ਹਨ; ਉਨ੍ਹਾਂ ਦੇ ਹੱਥ ਦੇਵੇਗੀ ? ਅਜੇਹੀ ਸੋਚ ਯਕੀਨਨ ਤੌਰ ’ਤੇ ਖ਼ਾਲਸਤਾਨ ਵਿੱਚ ਬਿਲਕੁਲ ਭਾਜਪਾ ਦੀ ਤਰਜ ’ਤੇ ਇੱਕਸਾਰ ‘ਕੋਡ ਆਫ ਕਨਡਕਟ’ ਲਾਗੂ ਕਰਨ ਦੇ ਨਾਮ ’ਤੇ ਗੁਰਮਤਿ ਅਨੁਸਾਰੀ ਮਰਯਾਦਾ ਦਾ ਪੂਰੀ ਤਰ੍ਹਾਂ ਸਫਾਇਆ ਕਰ ਦੇਵੇਗੀ।

ਅਜੇਹੀ ਹਾਲਤ ਪੈਦਾ ਹੋਣ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਸਾਰੇ ਸਿੱਖ ਇੱਕ ਰਹਿਤ ਮਰਯਾਦਾ ਨੂੰ ਅਧਾਰ ਮੰਨ ਕੇ ਸਿਧਾਂਤਕ ਤੌਰ ’ਤੇ ਦਿਲੋਂ ਏਕਤਾ ਕਰਨ, ਤਾਂ ਜੋ ਖ਼ਾਲਸਤਾਨ ਵੀ ਸਹਿਜੇ ਹੀ ਲਿਆ ਜਾ ਸਕੇ ਅਤੇ ਖ਼ਾਲਸਤਾਨ ਮਿਲਣ ਉਪ੍ਰੰਤ ਉਸ ਦਾ ਰਾਜ ਪ੍ਰਬੰਧ ਵੀ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ ਜਿਸ ਵਿੱਚ ਹਰ ਸਿੱਖ ਅਜਾਦੀ ਦਾ ਸੁੱਖ ਮਾਣ ਸਕਦਾ ਹੋਵੇ। ਜਿਨ੍ਹਾਂ ਵੀਰਾਂ ਨੂੰ ਸਿੱਖਾਂ ਦੇ ਸਾਰੇ ਦੁੱਖਾਂ ਦੀ ਬੀਮਾਰੀ ਦਾ ਹੱਲ ਕੇਵਲ ਰਾਜ ਪ੍ਰਬੰਧ ਹਾਸਲ ਕਰਨ ਵਿੱਚ ਹੀ ਦਿੱਸ ਰਿਹਾ ਹੈ ਉਹ ਮੇਰੀ ਦਲੀਲ ਨੂੰ ਕੇਵਲ ਇਹ ਕਹਿ ਕੇ ਰੱਦ ਕਰ ਦਿੰਦੇ ਹਨ ਕਿ ਵੀਰ ਜੀ ਇਹ ਆਪਣੇ ਘਰੇਲੂ ਮਸਲੇ ਹਨ ਜਦੋਂ ਖ਼ਾਲਸਤਾਨ ਮਿਲ ਗਿਆ ਉਸ ਸਮੇਂ ਬਹਿ ਕੇ ਹੱਲ ਕਰ ਲਵਾਂਗੇ, ਪਰ ਵੀਰ ਜੀ ਐਸਾ ਨਹੀਂ ਹੋਵੇਗਾ ਕਿਉਂਕਿ ਹੁਣ ਤਾਂ ਹਿੰਦੂਤਵ ਤੇ ਕੇਂਦਰ ਸਰਕਾਰ ਦਾ ਡਰ ਵਿਖਾ ਕੇ ਸਿੱਖਾਂ ਨੂੰ ਕਦੇ ਇਕੱਠੇ ਬਿਠਾਉਣ ਦੀ ਸੱਧਰ ਪੂਰੀ ਹੋ ਹੀ ਸਕਦੀ ਹੈ ਪਰ ਜਦੋਂ ਖ਼ਾਲਸਤਾਨ ਬਣ ਗਿਆ ਉਸ ਸਮੇਂ ਤਾਂ ਸਾਨੂੰ ਆਪਸ ਵਿੱਚ ਲੜਨ ਤੋਂ ਇਲਾਵਾ ਹੋਰ ਦੂਜੀ ਗੱਲ ਹੀ ਨਹੀਂ ਸੁੱਝਣੀ। ਜੇ ਆਪਸ ਵਿੱਚ ਲੜ ਕੇ ਹੀ ਮਰਨਾ ਹੈ ਜਾਂ ਧੁੰਮਾ ਸੋਚ ਅਧੀਨ ਗੁਰਦੁਆਰਿਆਂ ਵਿੱਚ ਸਾਰੀਆਂ ਹਿੰਦੂ ਰੀਤਾਂ ਹੀ ਅਪਨਾਉਣੀਆਂ ਹਨ ਤਾਂ ਇਹ ਤਾਂ ਹੁਣ ਹਿੰਦੁਸਤਾਨ ਵਿੱਚ ਰਹਿ ਕੇ ਵੀ ਕਰ ਕੇ ਅਨੰਦ ਮਾਣ ਸਕਦੇ ਹਾਂ। ਫਿਰ ਰੌਲ਼ਾ ਕਿਸ ਗੱਲ ਦਾ ਹੈ ? ਕੇਵਲ ਰਾਜ ਪ੍ਰਬੰਧ ਦਾਹੜੀ ਕੇਸ ਤੇ ਪੱਗ ਵਾਲੇ ਦੇ ਹੱਥ ਦੇਣ ਦਾ ? ਇਸ ਤਰ੍ਹਾਂ ਵੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਤੋਂ ਚੰਗਾ ਰਾਜਾ ਖ਼ਾਲਸਤਾਨ ਨੂੰ ਨਹੀਂ ਦੇ ਸਕਦੇ। ਜੇ ਮਿਲ ਵੀ ਜਾਏ ਤਾਂ ਦੱਸੋ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਸਿਧਾਂਤਕ ਤੌਰ ’ਤੇ ਕੀ ਸਿੱਖੀ ਦਾ ਨੁਕਸਾਨ ਨਹੀਂ ਹੋਇਆ ? ਤੇ ਹੁਣ ਤੁਹਾਨੂੰ ਕੀ ਯਕੀਨ ਹੈ ਕਿ ਖਾਲਸਤਾਨ ਵਿੱਚ ਨਹੀਂ ਹੋਣ ਦਿਆਂਗੇ ?

ਰੀਫੈਂਡਰਮ-2020 ਦੀ ਮੁਹਿੰਮ ਚਲਾ ਰਹੇ ਵੀਰੋ ਖ਼ਾਲਸਤਾਨ ਤਾਂ ਹੀ ਸਾਨੂੰ ਮਿਲ ਸਕਦਾ ਹੈ; ਤਾਂ ਹੀ ਇਸ ਦਾ ਸਿੱਖ ਕੌਮ ਨੂੰ ਕੋਈ ਲਾਭ ਹੋ ਸਕਦਾ ਹੈ ਜੇ ਅਸੀਂ ਸਿਧਾਂਤਕ ਤੌਰ ’ਤੇ ਪਹਿਲਾਂ ਏਕਤਾ ਦੀ ਲੜੀ ਵਿੱਚ ਪ੍ਰੋਏ ਜਾ ਸਕੇ ਅਤੇ ਇਹ ਵੀ ਤਾਂ ਹੀ ਸੰਭਵ ਹੈ ਜੇ ਅਸੀਂ ਸਾਰੇ ਆਪਣੀ ਹਉਮੈ ਦਾ ਤਿਆਗ ਕਰ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਆਪਣੇ ਆਪਣੇ ਵੱਲੋਂ ਮੰਨੀ ਬੈਠੇ ਮਹਾਂਪੁਰਖਾਂ ਤੇ ਜਥੇਬੰਦੀਆਂ ਦੀ ਸੋਚ ਨਾਲੋਂ ਸਰਬਉਚ ਮੰਨਣ ਲਈ ਤਿਆਰ ਹੋ ਕੇ, ਸਿੱਖ ਰਹਿਤ ਮਰਯਾਦਾ ਜਿਹੜੀ ਹੋਰਨਾਂ ਡੇਰਿਆਂ ਤੇ ਜਥੇਬੰਦੀਆਂ ਦੀ ਮਰਯਾਦਾ ਨਾਲੋਂ ਘੱਟ ਨੁਕਸਦਾਰ ਕਹੀ ਜਾ ਸਕਦੀ ਹੈ, ਇਸ ਨੂੰ ਅਧਾਰ ਮੰਨ ਕੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲੇ ਆਪਣੀ ਜ਼ਿਦ ਛੱਡਣ। ਇਸ ਉਪ੍ਰੰਤ ਜਿਹੜੇ ਸਿੱਖ ਰਹਿਤ ਮਰਯਾਦਾ ਨੂੰ ਰੱਦ ਕਰ ਕੇ ਆਪਣੀ ਵੱਖਰੀ ਮਰਯਾਦਾ ਬਣਾ ਬੈਠੇ ਹਨ ਉਨ੍ਹਾਂ ਨੂੰ ਵਾਪਸ ਸਿੱਖ ਰਹਿਤ ਮਰਯਾਦਾ ਅਪਨਾਉਣ ਲਈ ਮੰਨਾਈਏ। ਇਸ ਸਮੇਂ ਧੁੰਮਾ ਸੋਚ ਵੀ ਸਿੱਖ ਰਹਿਤ ਮਰਯਾਦਾ ਵਿੱਚ ਆਪਣੇ ਹਿਸਾਬ ਨਾਲ ਤਬਦੀਲੀ ਕਰਨਾ ਚਾਹ ਰਹੀ ਹੈ ਤੇ ਦੂਸਰੇ ਪਾਸੇ ਸਿੱਖ ਰਹਿਤ ਮਰਯਾਦਾ ਨੂੰ ਰੱਦ ਕਰਨ ਵਾਲੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਾਰਿਤ ਆਪਣੇ ਹਿਸਾਬ ਨਾਲ ਤਬਦੀਲੀ ਕਰਨੀ ਚਾਹੁੰਦੇ ਹਨ। ਅਸੀਂ ਸਭ ਜਾਣਦੇ ਹਾਂ ਕਿ ਇਸ ਤਰ੍ਹਾਂ ਦੋਵੇਂ ਧਿਰਾਂ ਦੀਆਂ ਦੂਰੀਆਂ ਤਾਂ ਹੋਰ ਵਧਣਗੀਆਂ ਹੀ ਬਲਕਿ ਪੰਥ ਦੋ ਧੜਿਆਂ ਵਿੱਚ ਵੰਡਣ ਤੋਂ ਅੱਗੇ ਵੱਧ ਕੇ ਘੱਟ ਤੋਂ ਘੱਟ ਤਿੰਨ ਧੜਿਆਂ ਵਿੱਚ ਵੰਡਿਆ ਜਾਵੇਗਾ; ਤਾਂ ਵੇਖੋ ਸਾਡੀ ਹੋਣੀ ਕੀ ਹੋਵੇਗੀ ?

ਸੋ, ਜੇ ਕਿਸੇ ਨੂੰ ਕੌਮ ਦਾ ਦਿਲੋਂ ਦਰਦ ਹੈ ਤਾਂ ਸਿੱਖ ਰਹਿਤ ਮਰਯਾਦਾ, ਨਾਨਕਸ਼ਾਹੀ ਕੈਲੰਡਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਨੂੰ ਪ੍ਰਮੁਖ ਮੰਨ ਕੇ ਪੰਥਕ ਏਕਤਾ ਕਾਇਮ ਕਰਨ ਦਾ ਆਧਾਰ ਤਿਆਰ ਕਰਨ ਵੱਲ ਕੰਮ ਕਰੇ ਤੇ ਇਸ ਏਕਤਾ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਸੱਤਾ ਦੇ ਭੁੱਖੇ ਸਿਧਾਂਤਹੀਣ ਸਿਆਸੀ ਆਗੂਆਂ ਤੇ ਪੰਥ ਵਿਰੋਧੀ ਏਜੰਸੀਆਂ ਤੋਂ ਮੁਕਤ ਕਰਵਾਉਣ ਲਈ ਅੱਗੇ ਵਧੇ। ਬਾਕੀ ਖਿਆਲ ਆਪੋ ਆਪਣੇ ਹਨ, ਕਰਨੀ ਵੀ ਸਭ ਨੇ ਆਪਣੀ ਮਰਜੀ ਹੀ ਹੈ ਅਸੀਂ ਵੀ “ਫਰੀਦਾ ! ਦੁਨੀ ਵਜਾਈ ਵਜਦੀ ;  ਤੂੰ ਭੀ ਵਜਹਿ ਨਾਲਿ  ਪੜ੍ਹ ਕੇ ਸਬਰ ਦਾ ਘੁੱਟ ਭਰ ਲਿਆ ਕਰਾਂਗੇ।

ਜੱਟ ਦਾ ਵਰਤ

0

ਜੱਟ ਦਾ ਵਰਤ

ਡਾ. ਐਮ. ਐਸ. ਰੰਧਾਵਾ

ਇੱਕ ਵਾਰ ਮੈਂ ਦਾਣਾ ਮੰਡੀ ਦੀ ਬੋਲੀ ਵਿਚ ਫਸਿਆ ਸਾਂ ਤੇ ਇੱਕ ਵਾਰ ਵਹੁਟੀ ਦੇ ਬੋਲੀ ਮਾਰਨ ਵਿੱਚ ਫਸ ਗਿਆ।

ਦਾਣਾ ਮੰਡੀ ’ਚ ਕਣਕ ਦੇ ਢੇਰ ਦੀ ਬੋਲੀ ਹੋ ਰਹੀ ਸੀ। ਆੜ੍ਹਤੀਏ ਤੀਂਘ-ਤੀਂਘ ਇਕ ਇਕ ਪੈਸਾ ਉਤਾਂਹ ਚੜ੍ਹਾ ਰਹੇ ਸਨ। ‘‘ਦੋ ਪੈਸੇ, ਦੋ ਪੈਸੇ, ਢਾਈ ਪੈਸੇ, ਢਾਈ ਪੈਸੇ, ਤਿੰਨ ਪੈਸੇ, ਤਿੰਨ ਪੈਸੇ’’ ਉਹ ਬੋਲੀ ਦਿੰਦੇ ਗਏ। ਜਦੋਂ ‘‘ਛੋਲ੍ਹਾਂ ਪੈਸੇ ਛੋਲ੍ਹਾਂ ਪੈਸੇ’’ ਹੋਣ ਲੱਗੇ ਤਾਂ ਆੜ੍ਹਤੀਆਂ ਦੇ ਮੁੜ੍ਹਕੇ ਛੁੱਟ ਪਏ ਤੇ ਰਗਾਂ ਫੁੱਲ ਗਈਆਂ।

ਉਨ੍ਹਾਂ ਦੀਆਂ ਘਿਗੀਆਂ ਬੈਠਣ ਲੱਗੀਆਂ।

ਮੈਂ ਸੋਚਿਆ ਹੁਣ ਵੀ ਇਨ੍ਹਾਂ ’ਚੋਂ ਕੋਈ ਮਰਿਆ, ਹੁਣ ਵੀ ਕੋਈ ਮਰਿਆ।

ਮੈਂ ਕਿਹਾ ਇਹ ਬੰਦੇ ਸ਼ਰੀਫ ਲੱਗਦੇ ਹਨ, ਪਰ ਇਹ ਕੁੱਕੜ ਬਾਂਗ ਜਿਹੀ ’ਚ ਮਾਰੇ ਜਾਣੇ ਹਨ।

ਉਨ੍ਹਾਂ ਨੂੰ ਮੁਸੀਬਤ ਤੋਂ ਛੁਡਾਉਣ ਲਈ ਮੈਂ ਅੱਗੇ ਵਧਿਆ ਤੇ ਦਾਣਿਆਂ ਦੇ ਢੇਰ ਲਾਗੇ ਜਾ ਕੇ ਕਿਹਾ : ‘‘ਇਕ ਰੁਪਈਆ, ਇਕ ਰੁਪਈਆ।’’ ਮੰਡੀ ਵਿੱਚ ਛਣਾਟਾ ਛਾ ਗਿਆ।

ਸਾਰੇ ਪਸੀਨੇ ਪੂੰਝ ਕੇ ਮੇਰੇ ਵੱਲ ਤੱਕਣ ਲੱਗੇ।

ਫੇਰ ਉਨ੍ਹਾਂ ਹਿੰਮਤ ਕਰ ਕੇ ਮੈਨੂੰ ਫੜ ਲਿਆ ਤੇ ਕਹਿਣ ਲੱਗੇ, ‘‘ਸਰਦਾਰ, ਤੇਰੀ ਬੋਲੀ ਟੁੱਟ ਗਈ-ਚੁੱਕ ਸਾਰੀ ਕਣਕ। ਨੱਬੇ ਰੁਪਏ ਕੁਐਂਟਲ।’’

ਮੈਂ ਤਾਂ ਕੁਝ ਹੋਰ ਸੋਚਿਆ ਸੀ ਪਰ ਬਣ ਗਿਆ ਕੁਝ ਹੋਰ।

ਕਣਕ ਦੀ ਢੇਰੀ ਮੈਨੂੰ ਨੱਬੇ ਰੁਪਏ ਕੁਐਂਟਲ ਦੇ ਹਿਸਾਬ ਨਾਲ ਚੁੱਕਣੀ ਪੈ ਗਈ।

ਦੂਜੀ ਬੋਲੀ ਸਾਡੀ ਸ੍ਰੀ ਮਤੀ ਨੇ ਮਾਰੀ।

ਉਹ ਕਰਵਾ ਚੌਥ ਦਾ ਵਰਤ ਰੱਖਣ ਨੂੰ ਫਿਰਦੀ ਸੀ।

ਮੈਂ ਕਿਹਾ, ‘‘ਤੇਰੇ ਕੁੱਛੜ ਬੱਚਾ ਹੈ-ਤੂੰ ਵਰਤ ਰਹਿਣ ਦੇਹ। ਤੇਰੇ ਥਾਂ ਮੈ ਵਰਤ ਰੱਖ ਲਵਾਂਗਾ।’’

ਉਹ ਹੱਸ ਪਈ ਤੇ ਕਹਿਣ ਲੱਗੀ  : ‘‘ਇਹ ਕਰਵਾ ਚੌਥ ਦਾ ਵਰਤ ਹੈ। ਇਸਤ੍ਰੀਆਂ ਆਪਣੇ ਸੁਹਾਗ ਦੀ ਸੁੱਖ ਮੰਗਣ ਦੇ ਤੌਰ ’ਤੇ ਵਰਤ ਰੱਖਦੀਆਂ ਹਨ।’’

‘‘ਵਾਹ  ! ਹੱਦ ਹੋ ਗਈ, ਸਰਦਾਰਨੀ  ! ਤੂੰ ਸਾਨੂੰ ਕੀ ਸਮਝਦੀ ਏਂ ? ਤੂੰ ਬੱਚੇ ਵਾਲੀ ਹੋ ਕੇ ਸਾਡੀ ਸੁੱਖ ਮੰਗਣ ਲਈ ਸਾਰਾ ਦਿਨ ਭੁੱਖੀ ਤਿਹਾਈ ਰਵ੍ਹੇਂ ਤੇ ਕੀ ਅਸੀਂ ਤੇਰੀ ਤੇ ਤੇਰੇ ਬੱਚੇ ਦੀ ਸੁੱਖ ਵਜੋਂ ਇਕ ਦਿਨ ਵਰਤ ਨਹੀਂ ਰੱਖ ਸਕਦੇ ? ਇਹੋ ਜਿਹੇ ਨੇਕ ਕੰਮ ਲਈ ਜੇ ਵੀਹ ਦਿਨ ਵੀ ਭੁੱਖ ਕੱਟਣੀ ਪਵੇ, ਮੈਂ ਤਦ ਵੀ ਕੱਟ ਸਕਦਾ ਹਾਂ।’’

‘‘ਨਹੀਂ ਤੁਹਾਥੋਂ ਭੁੱਖ ਨਹੀਂ ਕੱਟੀ ਜਾਵੇਗੀ। ਮੈਂ ਜਾਣਦੀ ਹਾਂ। ਤੁਸੀਂ ਮੈਨੂੰ ਹੀ ਕਰਵਾ ਚੌਥ ਦਾ ਵਰਤ ਰੱਖ ਲੈਣ ਦਿਓ। ਬੱਚੇ ਦਾ ਫ਼ਿਕਰ ਨਾ ਕਰੋ।’’ ਸ੍ਰੀ ਮਤੀ ਨੇ ਇਕ ਤਰ੍ਹਾਂ ਸਾਨੂੰ ਚੈਲੰਜ ਕੀਤਾ, ਬੋਲੀ ਮਾਰੀ। ਅੱਗੇ ਸ਼ਾਇਦ ਮੈਂ ਵਰਤ ਨਾ ਹੀ ਰੱਖਦਾ, ਪਰ ਹੁਣ ਬਿਲਕੁਲ ਤਹੱਈਆ ਕਰ ਲਿਆ ਕਿ ਮੈਂ ਕਰਵੇ ਚੌਥ ਦਾ ਵਰਤ ਰੱਖਾਂਗਾ ਤੇ ਜ਼ਰੂਰ ਰੱਖਾਂਗਾ। ਸ੍ਰੀ ਮਤੀ ਨੂੰ ਮੇਰੇ ਦ੍ਰਿੜ੍ਹ ਇਰਾਦੇ ਅੱਗੇ ਹਥਿਆਰ ਸੁੱਟਣੇ ਪਏ। ਘਰ ਵਿੱਚ ਮੇਰੇ ਵਰਤ ਰੱਖੇ ਜਾਣ ਦੀ ਤਿਆਰੀ ਹੋਣ ਲੱਗੀ।

ਸ੍ਰੀ ਮਤੀ ਨੇ ਵਾਰਨਿੰਗ ਵਜੋਂ ਮੈਨੂੰ ਸਮਝਾਇਆ ਕਿ ਸਵੇਰੇ ਤਾਰਿਆਂ ਦੀ ਛਾਵੇਂ ਜੋ ਖਾਣਾ, ਖਾ ਲਵੋ ਤੇ ਫਿਰ ਸਾਰਾ ਦਿਨ ਰੋਟੀ ਨਾ ਪਾਣੀ, ਕੁਝ ਨਹੀਂ ਛੂਹਣਾ। ਰਾਤ ਨੂੰ ਜਦੋਂ ਚੰਦ ਚੜ੍ਹੇਗਾ ਫੇਰ ਰੋਟੀ ਖਾਣੀ ਹੈ।

ਮੈਂ ਕਿਹਾ, ‘‘ਲੈ ਇਹ ਕੀ ਗੱਲ ਹੈ ? ਲੋਕ ਸੱਠ ਸੱਠ ਦਿਨਾਂ ਦਾ ਮਰਨ ਵਰਤ ਰੱਖ ਕੇ ਇਸ ਤਰ੍ਹਾਂ ਉੱਠ ਬੈਠਦੇ ਹਨ, ਜਿਵੇਂ ਰੋਟੀ ਸਿੱਧੀ ਕਰ ਕੇ ਉੱਠੀਦਾ ਹੈ। ਕੀ ਮੈਂ ਇਕ ਦਿਨ ਵੀ ਵਰਤ ਨਹੀਂ ਰੱਖ ਸਕਦਾ। ਫਜ਼ਲੂ ਜੁਲਾਹਿਆ ਮਹੀਨੇ ਮਹੀਨੇ ਵਰਤ ਰੋਜ਼ੇ ਰੱਖ ਲੈਂਦਾ ਸੀ।’’

ਤੜਕੇ ਚਾਰ ਵਜੇ ਮੇਰੀ ਪੇਟ ਪੂਜਾ ਕਰਵਾਈ ਗਈ। ਮੈਨੂੰ ਮੱਘਰ ਜੱਟ ਦੀ ਦਾਵਤ ਯਾਦ ਆਈ। ਉਸ ਨੂੰ ਇਕ ਸ਼ਹਿਰੀ ਲਾਲੇ ਨੇ ਰੋਟੀ ’ਤੇ ਸੱਦਿਆ ਸੀ। ਲਾਲਾ ਸੋਚਦਾ ਸੀ ਕਿ ਜੱਟ ਪਤਾ ਨਹੀਂ ਕਿੰਨੀਆਂ ਕੁ ਰੋਟੀਆਂ ਨਾਲ ਰੱਜੇਗਾ। ਇਕੱਲੀ ਕਣਕ ਦੀਆਂ ਪਕਾਈਆਂ ਤਾਂ ਬੋਰੀ ਬੰਨੇ ਨਾ ਲਾ ਜਾਵੇ। ਏਸ ਲਈ ਲਾਲਾ ਜੀ ਨੇ ਬਾਜਰੇ ਦੀਆਂ, ਛੋਲਿਆਂ ਦੀਆਂ, ਜਵਾਂ ਦੀਆਂ, ਕੋਧਰੇ ਦੀਆਂ, ਮੱਕੀ ਦੀਆਂ ਤੇ ਵੀਹ ਕੁ ਕਣਕ ਦੀਆਂ ਰੋਟੀਆਂ ਪਕਵਾ ਲਈਆਂ।

ਸਾਰਾ ਕੁਝ ਮੱਘਰ ਅੱਗੇ ਵੱਡੇ ਥਾਲ ’ਚ ਪਰੋਸ ਦਿੱਤਾ ਗਿਆ। ਮੱਘਰ ਨੇ ਇਕ ਹੱਥ ਨਾਲ ਕਣਕ ਦੀਆਂ ਚੁੱਕ ਕੇ ਇੱਕ ਪਾਸੇ ਰੱਖ ਦਿੱਤੀਆਂ ਤੇ ਦੂਜੀਆਂ ਸਾਫ਼ ਕਰਨ ਲੱਗ ਪਿਆ। ਬਾਜਰਾ ਖਾਹ, ਮੱਕੀ ਖਾਹ, ਛੋਲੇ ਖਾਹ ਤੇ ਉਹ ਸਾਰਾ ਕੁਝ ਖਾਂਦਾ ਗਿਆ। ਅਖੀਰ ਲਾਲੇ ਨੇ ਸੋਚਿਆ- ‘ਇਹ ਮੱਘਰ ਕਿਧਰੇ ਇਸ ਗੱਲੋਂ ਨਾ ਨਾਰਾਜ਼ ਹੋ ਗਿਆ ਹੋਵੇ ਕਿ ਉਸ ਨੂੰ ਨਿਰੀਆਂ ਕਣਕ ਦੀਆਂ ਰੋਟੀਆਂ ਕਿਉਂ ਨਾ ਦਿੱਤੀਆਂ ਗਈਆਂ।’ ਲਾਲਾ ਬੜੀ ਹਲੀਮੀ ਨਾਲ ਕਹਿਣ ਲੱਗਾ, ‘‘ਮੈਂ ਕਿਹਾ ਸਰਦਾਰ ਜੀ, ਕਣਕ ਦੀਆਂ ਰੋਟੀਆਂ ਵੀ ਖਾਓ ਨਾ, ਮਿੱਸੀਆਂ ਹੀ ਖਾਈ ਜਾਂਦੇ ਹੋ।’’

ਮੱਘਰ ਹੱਸ ਕੇ ਕਹਿਣ ਲੱਗਾ, ‘‘ਲਾਲਾ ਜੀ, ਮੈਨੂੰ ਮਿੱਸੀਆਂ ਨਬੇੜ ਹੀ ਲੈਣ ਦਿਓ। ਕਣਕ ਦੀਆਂ ਦਾ ਕੀਹ ਹੈ ? ਇਹ ਤਾਂ ਖਾਧੀਆਂ ਹੀ ਸਮਝੋ।’’

ਲਾਲਾ ਜੀ ਮੱਘਰ ਦੀ ਗੱਲ ਸੁਣ ਕੇ ਯਰਕ ਗਏ ਤੇ ਕਹਿਣ ਲੱਗੇ, ‘‘ਸਰਦਾਰ ਜੀ  ! ਡਾਕਟਰ ਲੋਕ ਕਹਿੰਦੇ ਹਨ ਕਿ ਬੰਦੇ ਅੰਦਰ ਬਾਰ੍ਹਾਂ ਉਂਗਲਾਂ ਨਾਲੀ ਹੁੰਦੀ ਹੈ। ਚਾਰ ਉਂਗਲਾਂ ਨਾਲੀ ਅੰਨ ਨਾਲ, ਚਾਰ ਉਂਗਲਾਂ ਨਾਲੀ ਪਾਣੀ ਨਾਲ ਭਰਨੀ ਚਾਹੀਦੀ ਹੈ ਤੇ ਬਾਕੀ ਦੀਆਂ ਚਾਰ ਉਂਗਲਾਂ ਨਾਲੀ ਸਾਹ ਆਉਣ ਲਈ ਛੱਡਣੀ ਚਾਹੀਦੀ ਹੈ।.. .. ਅੱਗੇ ਤੁਸੀਂ ਸਿਆਣੇ ਹੋ।’’

ਮੱਘਰ ਕਹਿਣ ਲੱਗਾ, ‘‘ਲਾਲਾ ਜੀ ਜੱਟਾਂ ਦਾ ਡਾਕਟਰ ਨਾਲ ਥੋੜ੍ਹਾ ਜਿਹਾ ਮਤਭੇਦ ਹੈ। ਅਸੀਂ ਬਾਰ੍ਹਾਂ ਦੀਆਂ ਬਾਰ੍ਹਾਂ ਉਂਗਲਾਂ ਨਾਲੀ ਅੰਨ ਨਾਲ ਭਰ ਲੈਂਦੇ ਹਾਂ। ਤੇੜਾਂ ਥਾਣੀ ਪਾਣੀ ਪੈ ਜਾਂਦਾ ਹੈ। ਬਾਕੀ ਸਾਹ ਦਾ ਕੀ ਹੈ ? ਇਹ ਤਾਂ ਸਤਿਗੁਰ ਦੀ ਦੇਣ ਹੈ ? ਆਵੇ ਆਵੇ, ਨਾ ਆਵੇ, ਨਾ ਆਵੇ।’’

ਸੋ ਵਰਤ ਦਾ ਖਿਆਲ ਸਾਹਮਣੇ ਰੱਖ ਕੇ ਮੈਂ ਪੇਟ ਪੂਜਾ ਕੀਤੀ। ਪਰਾਉਂਠੇ, ਪੰਜੀਰੀ, ਦਹੀਂ, ਸਬਜ਼ੀ, ਸਾਗ, ਦੁੱਧ, ਘਿਓ, ਜਿੰਨਾ ਖਾ ਸਕਦਾ ਸਾਂ, ਖਾ ਗਿਆ। ਮੇਰੇ ਲਈ ਮੇਰੀ ਵਹੁਟੀ ਨੇ ਕੋਈ ਪਸੇਰੀ ਪੱਕੇ ਦਾ ਸੂਤਕਾ ਬਣਾਇਆ ਸੀ। ਮੈਂ ਉਹ ਵੀ ਉਂਗਲ ਨਿਗਲ ਕਰ ਕੇ ਅੰਦਰ ਸੁੱਟ ਲਿਆ।

ਸੂਤਕਾ ਢਿੱਡ ’ਚ ਕੁਝ ਏਸ ਤਰ੍ਹਾਂ ਗੜਬੜ ਕਰ ਰਿਹਾ ਸੀ, ਜਿਵੇਂ ਮੂੰਗੀ ਦੇ ਪਤੀਲੇ ’ਚ ਸੁਟਿਆ ਪੱਥਰ ਰਿੱਝਣ ’ਚ ਹੀ ਨਾ ਆਵੇ। ਮੈਨੂੰ ਸੂਤਕੇ ਦੀ ਗੱਲ ਯਾਦ ਆਈ।

ਕੁੰਭ ਦਾ ਮੇਲਾ ਲੱਗਣ ਵਾਲਾ ਸੀ। ਅਸੀਂ ਕੁਝ ਦੋਸਤ ਮਿੱਤਰ ਕੁੰਭ ’ਤੇ ਜਾਣਾ ਚਾਹੁੰਦੇ ਸਾਂ। ਸਫ਼ਰ ਵਿਚ ਖਾਣ ਲਈ ਅਸੀਂ ਸੂਤਕਾ ਪੱਲੇ ਬੰਨ੍ਹ ਲਿਆ। ਸੂਜੀ, ਸ਼ੱਕਰ, ਘਿਓ, ਚੌਲਾਂ ਦਾ ਆਟਾ ਤੇ ਕਿੰਨੀਆਂ ਚੀਜ਼ਾਂ ਹੋਰ ਕੁੱਟ ਕੇ ਸੂਤਕਾ ਬਣਾਇਆ ਜਾਂਦਾ ਹੈ। ਅਸੀਂ ਏਸ ਤਰ੍ਹਾਂ ਦੇ ਦਸ ਕੁ ਸੇਰ ਪੱਕੇ ਸੂਤਕੇ ਦਾ ਗੋਲਾ ਜਿਹਾ ਵੱਟ ਲਿਆ। ਰਸਤੇ ’ਚ ਸਾਨੂੰ ਭੁੱਖ ਲੱਗੀ-ਇਕ ਖੂਹ ’ਤੇ ਬੈਠ ਕੇ ਅਸੀਂ ਸੂਤਕਾ ਖਾਣ ਦੀ ਸੋਚੀ। ਸੂਤਕਾ ਸੀਮੈਂਟ ਤੇ ਕੰਕਰੀਟ ਵਾਂਗ ਜੁੜ ਗਿਆ ਸੀ। ਹੱਥਾਂ ਨਾਲ ਭੰਨਣ ਤੋੜਨ ਦੇ ਯਤਨ ਕੀਤੇ, ਪਰ ਕਿਧਰੋਂ ਤੋਲਾ ਮਾਸਾ ਭਰ ਵੀ ਨਾਲੋਂ ਨਾ ਭੁਰਿਆ। ਅਖ਼ੀਰ ਭਾਈ ਨਿਧਾਨ ਸਿੰਘ ਨੇ ਖੂਹ ਦੇ ਮਣ ’ਤੇ ਰੱਖ ਕੇ ਇੱਟ ਨਾਲ ਭੰਨਣਾ ਚਾਹਿਆ। ਜਦੋਂ ਬਾਈ ਨੇ ਪੱਬਾਂ ਭਾਰ ਹੋ ਕੇ ਸੂਤਕੇ ਦੇ ਇੱਟ ਮਾਰੀ ਤਾਂ ਸੂਤਕਾ ਫੁੱਟਬਾਲ ਵਾਂਗ ਰਿੜ ਕੇ ਖੂਹ ’ਚ ਡਿੱਗ ਪਿਆ। ਅਸੀਂ ਸਾਰੇ ਹੱਥ ਮਲਦੇ ਰਹਿ ਗਏ। ਬਾਰ੍ਹਾਂ ਵਰ੍ਹਿਆਂ ਮਗਰੋਂ ਫੇਰ ਕੁੰਭ ਭਰਿਆ। ਅਸੀਂ ਸਾਰੇ ਜਣੇ ਫੇਰ ਇਸ਼ਨਾਨ ਲਈ ਗਏ। ਐਤਕੀਂ ਸਾਡੇ ਪੱਲੇ ਦੋ ਕੁ ਮਣ ਪੱਕੇ ਪਰਾਉਂਠੇ ਤੇ ਪੰਜੀਰੀ ਸੀ। ਉਸੇ ਖੂਹ ’ਤੇ ਅਸੀਂ ਫੇਰ ਪਾਣੀ ਪੀਣ ਲਈ ਬੈਠੇ। ਜਦੋਂ ਥੱਲੇ ਝਾਤ ਮਾਰੀ ਤਾਂ ਕੀ ਵੇਖਦੇ ਹਾਂ ਕਿ ਸਾਡਾ ਬਾਰ੍ਹਾਂ ਸਾਲ ਪਹਿਲਾਂ ਦਾ ਡਿੱਗਿਆ ਹੋਇਆ ਸੂਤਕਾ ਨਾ ਗਲਿਆ ਸੀ ਤੇ ਨਾ ਡੱਡੂਆਂ ਤੋਂ ਟੁੱਟਿਆ ਸੀ।

ਐਸ ਵੇਲੇ ਬਾਕੀ ਸਾਰੀਆਂ ਚੀਜ਼ਾਂ ਤੋਂ ਇਲਾਵਾ ਮੇਰੇ ਢਿੱਡ ’ਚ ਸੂਤਕਾ ਵੀ ਘੁਸਿਆ ਹੋਇਆ ਸੀ। ਮੈਂ ਸ੍ਰੀਮਤੀ ਨੂੰ ਕਿਹਾ, ‘‘ਸਰਦਾਰਨੀ  ! ਤੂੰ ਕਹਿੰਦੀ ਸੈਂ ਵਰਤ ਰੱਖ ਕੇ ਕੋਈ ਕੰਮ ਨਹੀਂ ਕਰਨਾ ਚਾਹੀਦਾ ਤੇ ਮੇਰੀ ਇਹ ਹਾਲਤ ਹੋ ਗਈ ਹੈ ਕਿ ਮੇਰਾ ਬੱਸ ਕੰਮ ਤਮਾਮ ਹੋਣ ਵਾਲਾ ਹੋ ਗਿਆ ਹੈ। ਅੱਜ ਜਾਂ ਸੂਤਕਾ ਹੈ ਨਹੀਂ ਤੇ ਜਾਂ ਮੈਂ ਹੈ ਨਹੀਂ।’’

ਸ੍ਰੀਮਤੀ ਕਹਿੰਦੀ, ‘‘ਰਾਮ ਰਾਮ ਕਰੋ ਜੀ-ਬਸ ਹੁਣ ਆਰਾਮ ਨਾਲ ਲੇਟ ਜਾਵੋ-ਹੋ ਸਕੇ ਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ’’

ਮੈਂ ਲੇਟ ਗਿਆ। ‘‘ਰੱਜੀ ਮਹਿੰ ਘੁਮਾਂ ਦਾ ਉਜਾੜਾ’’ ਕਿਸ ਨੂੰ ਕਹਿੰਦੇ ਸਨ, ਇਸ ਦੀ ਸਮਝ ਆਉਣ ਲੱਗੀ। ਮੈਂ ਸ੍ਰੀਮਤੀ ਨੂੰ ਕਿਹਾ, ‘‘ਹੁਣ ਦੇ ਪੰਦਰਾਂ ਵੀਹ ਦਿਨ ਮੇਰੇ ਕੋਲ ਰੋਟੀ ਪਾਣੀ ਦਾ ਨਾਂ ਲਿਆ ਤਾਂ ਮੈਥੋਂ ਬੁਰਾ ਕੋਈ ਨਹੀਂ। ਜੇ ਤੂੰ ਕੁਝ ਚੂਰਣ ਵਗੈਰਾ ਦਾ ਪ੍ਰਬੰਧ ਕਰ ਸਕੇ ਤਾਂ ਉਹਨੂੰ ਭਾਲ ਕੇ ਲਿਆ।’’

ਮੈਨੂੰ ਅੱਜ ਪ੍ਰੋਹਿਤ ਪੇਟੂ ਮੱਲ ਜੀ ਯਾਦ ਆ ਰਹੇ ਸਨ-ਉਹ ਕਿਸੇ ਦੇ ਘਰ ਸਰਾਧ ਖਾਣ ਗਏ। ਖਾ ਗਏ ਜਿੰਨਾ ਖਾ ਸਕਦੇ ਸਨ। ਕੁਝ ਵਿਤੋਂ ਵੱਧ ਹੀ ਖਾ ਗਏ। ਉਨ੍ਹਾਂ ਦਾ ਢਿੱਡ ਦੁੱਖਣ ਲੱਗ ਪਿਆ। ਹਕੀਮ ਹੋਰਾਂ ਨੂੰ ਬੁਲਾਇਆ। ਹਕੀਮ ਜੀ ਕਹਿਣ ਲੱਗੇ, ‘‘ਐਹ ਲਵੋ ਦੋ ਗੋਲੀਆਂ ਗਰਮ ਪਾਣੀ ਨਾਲ ਲੰਘਾ ਲਵੋ ਪੇਟ ਠੀਕ ਹੋ ਜਾਵੇਗਾ।’’

ਪੇਟੂ ਮੱਲ ਜੀ ਕਹਿਣ ਲੱਗੇ, ‘‘ਹਕੀਮ ਜੀ  ! ਜੇ ਦੋ ਗੋਲੀਆਂ ਜੋਗੀ ਢਿੱਡ ’ਚ ਥਾਂ ਹੁੰਦੀ ਤਾਂ ਮੈਂ ਦੋ ਬੁਰਕੀਆਂ ਖੀਰ ਨਾ ਹੋਰ ਖਾ ਲੈਂਦਾ ?’’

ਬਿਲਕੁਲ ਪ੍ਰੋਹਿਤ ਵਰਗੀ ਮੇਰੀ ਹਾਲਤ ਸੀ। ਮੈਂ ਮੰਜੇ ’ਤੇ ਪਿਆ ਏਸ ਤਰ੍ਹਾਂ ਫੁੰਕਾਰੇ ਮਾਰ ਰਿਹਾ ਸਾਂ ਜਿਵੇਂ ਝੋਟੇ ਨੂੰ ਸੂਲ ਹੋ ਰਿਹਾ ਹੁੰਦਾ ਹੈ। ਕੋਈ ਦਸ ਕੁ ਵਜੇ ਜਾ ਕੇ ਡਕਾਰ ਆਏ- ਮੇਰੇ ਮਨ ਨੂੰ ਕੁਝ ਤਸੱਲੀ ਹੋਈ ਕਿ ਹੁਣ ਨਹੀਂ ਮਰਨ ਲੱਗੇ। ਮੈਂ ਮੰਜੇ ਤੋਂ ਉੱਠ ਕੇ ਬੈਠ ਗਿਆ ਤੇ ਸ੍ਰੀ ਮਤੀ ਨੂੰ ਕਿਹਾ, ‘‘ਐਸ ਵੇਲੇ ਖੇਤ ’ਚ ਰੋਟੀਆਂ ਤੇ ਲੱਸੀ ਪੁੱਜ ਜਾਂਦੀ ਹੁੰਦੀ ਸੀ।’’ ਉਹ ਮੁਸਕਰਾ ਕੇ ਕਹਿਣ ਲੱਗੀ, ‘‘ਹੁਣ ਤਾਂ ਲੱਸੀ ਕੱਲ੍ਹ ਹੀ ਮਿਲੇਗੀ।’’

ਮੈਂ ਬੁੱਲਾਂ ’ਤੇ ਜੀਭ ਫੇਰ ਕੇ ਚੁੱਪ ਕਰ ਗਿਆ। ਆਪਣੇ ਅੰਦਰ ਝਾਤ ਮਾਰੀ। ਅੰਦਰਲਾ ਕਾਇਮ ਸੀ। ਸਿਰੜ ’ਤੇ ਤੁਲਿਆ ਹੋਇਆ ਸੀ। ਕਰਦਿਆਂ ਕਰਦਿਆਂ ਬਾਰ੍ਹਾਂ ਵੱਜਣ ਵਾਲੇ ਹੋ ਗਏ- ਮੈਂ ਕਿਹਾ, ‘‘ਸਰਦਾਰਨੀ ਐਸ ਵੇਲੇ ਅਸੀਂ ਦੂਜੀ ਵਾਰ ਖਾ ਲਿਆ ਕਰਦੇ ਸਾਂ। ਤੂੰ ਆਪ ਭੱਤਾ ਢੋਂਦੀ ਰਹੀ ਏਂ। ਦਰਜਨ ਦਰਜਨ ਮਿੱਸੀਆਂ ਰੋਟੀਆਂ ਮੱਖਣ ਤੇ ਲੱਸੀ ਨਾਲ ਛਕ ਜਾਇਆ ਕਰਦੇ ਸਾਂ ਤੇ ਅੱਜ ਭੁੱਖਣ ਭਾਣੇ ਬੈਠੇ ਹਾਂ।’’ ‘‘ਕੀ ਹੋ ਗਿਆ ਤੁਹਾਨੂੰ ਚਹੁੰ ਘੰਟਿਆ ’ਚ’’-ਸਰਦਾਰਨੀ ਭੁੱਖੀ ਸ਼ੇਰਨੀ ਵਾਂਗ ਗਰਜੀ। ਮੈਂ ਉਹਨੂੰ ਠੰਡੇ ਕਰਨ ਦੇ ਹੀਲੇ ਨਾਲ ਕਿਹਾ,‘‘ਐਵੇਂ ਨਾ ਗਰਮ ਹੁੰਦੀ ਜਾਹ-ਮੈਂ ਕੁਝ ਨਹੀਂ ਮੰਗਦਾ, ਨਾ ਖਾਣ, ਨਾ ਪੀਣ ਨੂੰ। ਹੁਣ ਕੀੜੇ ਵਾਂਗ ਮੇਰਾ ਢਿੱਡ ਤਾਂ ਬੰਨ੍ਹਿਆ ਹੀ ਹੈ। ਮੂੰਹ ਨੂੰ ਵੀ ਛਿਕਲਾ ਨਾ ਮਾਰ।’’

ਅਸੀਂ ਦੋਵੇਂ ਜੀਅ ਫੇਰ ਚੁੱਪ ਕਰ ਗਏ। ਡੇਢ ਕੁ ਵਜੇ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੈਂ ਅੱਜ ਵਾਹੀਕਾਰ ਨਹੀਂ, ਸਗੋਂ ਵਰਤ-ਕਾਰ ਹਾਂ। ਮੈਨੂੰ ਵਰਤਾਂ, ਭੁੱਖ ਹੜਤਾਲਾਂ ਤੇ ਵਰਤ ਰਖਵਾਉਣ ਵਾਲਿਆਂ ’ਤੇ ਗੁੱਸਾ ਚੜ੍ਹਨ ਲੱਗਾ। ਮੈਨੂੰ ਇਸ ਤਰ੍ਹਾਂ ਜਾਪਿਆ, ਜਿਵੇਂ ਬਾਬਾ ਫ਼ਰੀਦ ਮੇਰੇ ਸਾਹਮਣੇ ਖੜ੍ਹੇ ਹਨ ਤੇ ਕਹਿ ਰਹੇ ਹੁੰਦੇ ਹਨ ‘‘ਫਰੀਦਾ ਮੌਤੋਂ ਭੁੱਖ ਬੁਰੀ, ਰਾਤੀਂ ਸੁੱਤੇ ਖਾ ਕੇ, ਸੁਬ੍ਹਾ ਫੇਰ ਖੜੀ।’’

ਤੜਕੇ ਤੇ ਰਾਤ ’ਚ ਕੀ ਫ਼ਰਕ ਹੈ ? ਮੈਂ ਤੜਕੇ ਕਾਲਜਾ ਧਾਫੜਿਆ ਸੀ ਤੇ ਭੁੱਖ ਹੁਣੇ ਤੋਂ ਭੈੜੇ ਰੂਪ ’ਚ ਮੇਰੇ ਸਾਹਮਣੇ ਖੜ੍ਹੀ ਸੀ। ਹੋਰ ਤਾਂ ਹੋਰ ਮੈਨੂੰ ਜਾਪਿਆ ਜਿਵੇਂ ਮੇਰੀ ਨਿਗਾਹ ਘਟਦੀ ਜਾ ਰਹੀ ਸੀ। ਸਿਆਣੇ ਠੀਕ ਹੀ ਕਹਿੰਦੇ ਨੇ, ‘‘ਅੰਨੇ ਖਾਧਿਆਂ ਅੱਖਾਂ ਖੁੱਲ੍ਹਦੀਆਂ ਹਨ।’’ ਮੇਰੇ ਭੁੱਖੇ ਰਹਿਣ ਕਰ ਕੇ ਅੱਖਾਂ ਮਿਚ ਰਹੀਆਂ ਸਨ। ਮੈਨੂੰ ਆਪਣਾ ਸਰੀਰ ਵੀ ਇਸ ਤਰ੍ਹਾਂ ਜਾਪਣ ਲੱਗਾ, ਜਿਵੇਂ ਇਹ ਮੇਰਾ ਨਹੀਂ, ਸਗੋਂ ਕਿਸੇ ਭੁੱਖ ਹੜਤਾਲੀਏ ਦਾ ਹੁੰਦਾ ਹੈ। ਮੈਂ ਮੰਜੇ ਤੋਂ ਉੱਠ ਕੇ ਬੈਠ ਗਿਆ ਤੇ ਸ੍ਰੀਮਤੀ ਨੂੰ ਕਿਹਾ, ‘‘ਸਰਦਾਰਨੀ  ! ਇਹ ਮੁਲਕ ਤਰੱਕੀ ਕਰਦਾ ਕਰਦਾ ਰੂਸ ਤੇ ਅਮਰੀਕਾ ਤੋਂ ਵੀ ਅੱਗੇ ਨਿਕਲ ਜਾਂਦਾ ਜੇ ਏਥੇ ਵਰਤਾਂ ਤੇ ਭੁੱਖ ਹੜਤਾਲਾਂ ਦੇ ਭੈੜੇ ਰਿਵਾਜ ਨਾ ਹੁੰਦੇ।’’

ਉਹ ਮੇਰਾ ਭਾਵ ਸਮਝ ਗਈ। ਮੇਰੇ ਨਾਲ ਹਮਦਰਦੀ ਕਰਨ ਦੇ ਥਾਂ ਉਲਟਾ ਹੱਸ ਪਈ ਤੇ ਕਹਿਣ ਲੱਗੀ, ‘‘ਮੈਂ ਤੁਹਾਨੂੰ ਕਦੋਂ ਕਿਹਾ ਸੀ ਕਿ ਵਰਤ ਰੱਖੋ। ਹੁਣ ਰੱਖਿਆ ਹੈ ਤੇ ਪੂਰਾ ਕਰੋ।’’ ਫੇਰ ਉਹ ਉਸ ਕੁੜੀ ਦੀ ਸਾਖੀ ਸੁਣਾਉਣ ਲੱਗ ਪਈ, ਜਿਸ ਨੇ ਮੇਰੇ ਵਰਗੇ ਕਰਵਾ ਚੌਥ ਦਾ ਵਰਤ ਰੱਖਿਆ ਸੀ ਤੇ ਉਸ ਦੇ ਭਰਾਵਾਂ ਨੇ ਉਸ ਦੀ ਹਾਲਤ ’ਤੇ ਤਰਸ ਕਰਦਿਆਂ ਚੰਦ ਚੜ੍ਹਨ ਤੋਂ ਪਹਿਲਾਂ ਅੱਗ ਮਚਾ ਕੇ, ਅੱਗੇ ਕੰਬਲ ਕਰ ਕੇ ਉਸ ਨੂੰ ਚੰਦ ਚੜ੍ਹੇ ਦਾ ਧੋਖਾ ਦੇ ਕੇ ਰੋਟੀ ਖਵਾ ਦਿੱਤੀ ਸੀ।

ਭੁੱਲ ਉਸ ਗ਼ਰੀਬਣੀ ਤੋਂ ਕਰਵਾਈ ਗਈ, ਪਰ ਮਰ ਉਸ ਦੇ ਘਰ ਵਾਲਾ ਰਾਜਾ ਗਿਆ ਸੀ। ਫੇਰ ਇਹ ਵੀ ਦੱਸਿਆ ਕਿ ਮਰੇ ਰਾਜੇ ਦੇ ਸਰੀਰ ’ਚ ਸੂਈਆਂ ਖੁੱਭ ਗਈਆਂ ਸਨ ਕਿਉਂਕਿ ਲੜਕੀ ਦਿਨੇ ਸੂਈ ਸਲਾਈ ਦਾ ਕੰਮ ਕਰਦੀ ਰਹੀ ਸੀ ਅਤੇ ਉਸ ਨੇ ‘ਕੰਪਲੀਟ ਰੈਸਟ’’ ਨਹੀਂ ਸੀ ਕੀਤਾ। ਅਖੀਰ ਕੁੜੀ ਦੇ ਸਿਰੜ ਨੇ ਜਤ ਸਤ ਨੇ ਮਰੇ ਰਾਜੇ ਨੂੰ ਜੀਵਾਇਆ ਸੀ ਤੇ ਉਸ ਦੇ ਸਰੀਰ ’ਚੋਂ ਖੁੱਭੀਆਂ ਸੂਈਆਂ ਕਢਵਾਈਆਂ ਸਨ।

ਮਰਿਆ ਤਾਂ ਮੈਂ ਭੁੱਖ ਕਰ ਕੇ ਹੀ ਪਿਆ ਸਾਂ ਬਾਕੀ ਦਾ ਸਾਹ ਸਭ ਇਹ ਸਾਖੀ ਸੁਣ ਕੇ ਮੁੱਕ ਗਿਆ। ਮੈਂ ਮੰਜੇ ’ਤੇ ਮਰੇ ਕੱਛੂ ਕੁੰਮੇ ਵਾਂਗ ਚੁਫਾਲ ਡਿੱਗ ਪਿਆ। ਮੇਰਾ ਧਿਆਨ ਕਦੇ ਘਰ ਵੱਲ ਤੇ ਕਦੇ ਖੇਤ ਵੱਲ ਜਾਂਦਾ ਸੀ। ਐਸ ਵੇਲੇ ਨੂੰ ਵੀਹ ਵੀਹ ਤਾਂ ਛੱਲੀਆਂ ਚੱਬ ਜਾਇਆ ਕਰਦੇ ਸਾਂ। ਚਾਰ ਚਾਰ ਵਾਰੀ ਦੁੱਧ ਪੀ ਛੱਡਿਆ ਕਰਦੇ ਸਾਂ- ਅੱਜ ਵਸਦੇ ਰਸਦੇ ਘਰ ’ਚ ਬਿਹਾਰ ਦਾ ਕਾਲ ਪਿਆ ਹੋਇਆ ਸੀ ਤੇ ਮੈਂ ਭੁੱਖੇ ਬੰਗਾਲੀ ਵਾਂਗ ਤੜਫ ਰਿਹਾ ਸਾਂ। ਸਾਖੀ ਸੁਣ ਕੇ ਮੈਂ ਸੋਚਣ ਲੱਗ ਪਿਆ ਕਿ ਜੇ ਮੈਂ ਵਰਤ ਤੋੜ ਦਿੱਤਾ ਤਾਂ ਸਰਦਾਰਨੀ ਤੇ ਬੱਚੇ ਦੀ ਖ਼ੈਰ ਨਹੀਂ। ਚਾਰ ਕੁ ਵਜੇ ਦੇ ਕਰੀਬ ਮੈਨੂੰ ਇਸ ਤਰ੍ਹਾਂ ਜਾਪਿਆ, ਜਿਵੇਂ ਮੇਰਾ ਢਿੱਡ ਨਹੀਂ, ਸਗੋਂ ਚੂਹਿਆਂ ਦਾ ਪਿੰਜਰਾ ਹੁੰਦਾ ਹੈ। ਢਿੱਡ ’ਚ ਇਸ ਤਰ੍ਹਾਂ ਗੜੈਂਅ ਗੜੈਂਅ ਹੋ ਰਹੀ ਸੀ, ਜਿਵੇਂ ਖੁੱਡ ’ਚ ਪਾਣੀ ਪਾਈਦਾ ਹੈ।

ਮੈਂ ਆਪਣੇ ਆਪ ਨੂੰ ਕੋਸਣ ਲੱਗਾ। ਇਹ ਤਾਂ ਮੂਰਖ ਹੈਗੀ ਸੀ, ਮੈਂ ਕਿਉਂ ਬਣਿਆ ? ਜੇ ਭੁੱਖੇ ਰਹਿਣ ਅਤੇ ਚੰਦਾਂ ਸੂਰਜਾਂ ਦੇ ਵਰਤ ਰੱਖਣ ਨਾਲ ਹੀ ਪਤੀ ਪਤਨੀਆਂ ਦੀਆਂ ਜ਼ਿੰਦਗੀਆਂ ਖੁਸ਼ਹਾਲ ਹੋ ਸਕਦੀਆਂ ਹੋਣ ਤਾਂ ਤਲਾਕਾਂ ’ਤੇ ਖ਼ਰਚਿਆਂ ਦੇ ਝਗੜੇ ਮੁੱਕ ਜਾਣ। ਪਤੀ ਪਤਨੀਆਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਨਾ ਰਵੇ। ਪਤੀ ਦਾ ਐਕਸੀਡੈਂਟ ਹੋ ਜਾਵੇ ਤਾਂ ਉਸ ਨੂੰ ਹਸਪਤਾਲ ਲੈ ਜਾਣ ਦੇ ਥਾਂ ਉਸ ਦੀ ਪਤਨੀ ਦਾ ਕਰਵੇ ਚੌਥ ਦਾ ਵਰਤ ਰਖਵਾ ਦਿੱਤਾ ਜਾਵੇ, ਪਰ ਇਸ ਨਗਾਰ ਖ਼ਾਨੇ ’ਚ ਮੇਰੇ ਵਰਗੇ ਭੁੱਖੀ ਤੂਤੀ ਦੀ ਕੌਣ ਸੁਣਦਾ ਸੀ ?

ਮੈਨੂੰ ਇਸ ਤਰ੍ਹਾਂ ਜਾਪਣ ਲੱਗਾ ਜਿਵੇਂ ਭੁੱਖ ਨਾਲ ਮੇਰੇ ਹੱਥ ਪੈਰ ਸੌਂ ਰਹੇ ਹਨ। ਮੈਂ ਡਰਿਆ, ਕਿਧਰੇ ਫ਼ਾਲਿਜ (ਅਧਰੰਗ) ਨਾ ਹੋਣ ਲੱਗਾ ਹੋਵੇ। ਮੈਂ ਪਤਨੀ ਨੂੰ ਵਾਜ ਮਾਰੀ ਤੇ ਕਿਹਾ, ‘‘ਅੰਨ ਪਾਣੀ ਦੀ ਤਾਂ ਮਨਾਹੀ ਸਹਿ ਲੈਂਦਾ ਹਾਂ, ਫਲ ਫਰੂਟ ਦੀ ਰੋਕ ਤਾਂ ਨਹੀਂ ਹੋਣੀ ਚਾਹੀਦੀ। ਪੰਜ ਦਸ ਦਾਣੇ ਸੇਬ ਦੇ ਹੀ ਫੜ ਲਿਆ।’’ ਉਹ ਫੇਰ ਭੁੱਖੀ ਸੇਰਨੀ ਵਾਂਗ ਮੇਰੇ ਗਲ ਪਈ ਤੇ ਵਰਤ ਦਾ ਸਾਰਾ ਇਲਜ਼ਾਮ ਮੇਰੇ ਸਿਰ ਸੁਟ ਕੇ ਮੈਨੂੰ ਬੁਜ਼ਦਿਲ ਸਾਬਤ ਕਰਨ ’ਤੇ ਤੁਲ ਪਈ।

ਮੈਂ ਫਿਰ ਕਲੀਲ ਵੱਟੀ। ਵਕਤ ਵੇਖਿਆ ਸ਼ਾਮ ਦੇ ਛੇ ਵੱਜਣ ਵਾਲੇ ਸੀ। ਜ਼ਬਾਨ ਭੁੱਖ ਨਾਲ ਲੱਕੜ ਦੇ ਪਹੀਏ ਵਰਗੀ ਹੋ ਗਈ ਤੇ ਕੰਨਾਂ ਤੋਂ ਉੱਚੀ ਸੁਣਾਈ ਦੇਣ ਲੱਗਾ। ਨੈਣ ਜੋਤ ਤੋਂ ਹੀਣ ਪਹਿਲਾਂ ਹੀ ਹੁੰਦੇ ਜਾਂਦੇ ਸਨ, ਮੈਂ ਦਿਲ ਹੀ ਦਿਲ ਵਿਚ ਉਨ੍ਹਾਂ ਲੋਕਾਂ ਨੂੰ ਲਿਆਣ ਲੱਗਾ, ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਭੁੱਖ ਹੜਤਾਲਾਂ ਕੀਤੀਆਂ ਸਨ। ਇਨ੍ਹਾਂ ਭੁੱਖ ਹੜਤਾਲੀਆਂ ਵਿਚ ਇਕ ਮੇਰੇ ਵਰਗਾ ਮਿਸਟਰ ਲਾਂਬਾ ਹੁੰਦਾ ਸੀ-ਬੜਾ ਦੇਸ਼ ਭਗਤ, ਬੜਾ ਸੱਚਾ ਸੁੱਚਾ ਆਦਮੀ। ਲਾਂਬਾ, ਸਾਥੀ ਕੈਦੀਆਂ ਨੂੰ ਪਹਿਲਾਂ ਹੀ ਕਹਿ ਦਿੰਦਾ, ‘‘ਭਰਾਵੋ  ! ਤੁਸੀਂ ਭੁੱਖ ਹੜਤਾਲ ਕਰਨੀ ਹੈ, ਤਾਂ ਜੰਮ ਜੰਮ ਕਰੋ-ਮੈਥੋਂ ਇਹ ਕੁਰਬਾਨੀ ਨਹੀਂ ਹੋ ਸਕਦੀ, ਉਂਜ ਕੈਦ ਬੇਸ਼ਕ ਚਾਰ ਦਿਨ ਵੱਧ ਕਟਵਾ ਲੈਣੀ। ਸਾਰੇ ਸਿਆਸੀ ਕੈਦੀਆਂ ਨੇ ਭੁੱਖ ਹੜਤਾਲ ਕਰ ਦੇਣੀ ਤੇ ਲਾਂਬੇ ਨੇ ਨਾ ਕਰਨੀ। ਕੈਦੀਆਂ ਦੀ ਭੁੱਖ ਹੜਤਾਲ ਤੋੜਨ ਲਈ ਜੇਲ੍ਹ ਵਾਲਿਆਂ ਨੇ ਵੰਨ-ਸੁਵੰਨੇ ਖਾਣੇ ਬਣਾਇਆ ਕਰਨੇ, ਕੜਾਹ ਪ੍ਰਸ਼ਾਦ, ਪਲਾਅ, ਤਸਮਈ (ਖੀਰ), ਮੀਟ ਤੇ ਕਈ ਕੁਝ ਹੋਰ। ਖਾਣਿਆਂ ਵਿਚੋਂ ਲਪਟਾਂ ਆਉਣੀਆਂ ਤਾਂ ਕਿ ਕੈਦੀਆਂ ਦੇ ਮੂੰਹ ਵਿਚ ਵਾਸ਼ਨਾ ਨਾਲ ਪਾਣੀ ਭਰ ਆਏ ਤੇ ਉਹ ਭੁੱਖ ਹੜਤਾਲ ਜਾਂ ਕਰਵੇ ਦਾ ਖਿਆਲ ਛੱਡ ਜਾਣ।

ਕੈਦੀ ਜ਼ਮੀਨ ’ਤੇ ਪਏ ਹੁੰਦੇ ਸਨ। ਜੇਲ੍ਹ ਵਾਲੇ ਹਰ ਇੱਕ ਦੇ ਸਿਰਹਾਣੇ ਪਲੇਟਾਂ ਪਰੋਸ ਕੇ ਧਰਦੇ ਜਾਂਦੇ। ਲਾਂਬੇ ਨੇ ਹਰ ਕੈਦੀ ਦੇ ਸਿਰਹਾਣੇ ਜਾ ਖੜੋਣਾ। ਉਸ ਦੀ ਪਲੇਟ ’ਚੋਂ ਤਰਦਾ ਤਰਦਾ ਮਾਲ ਖਾ ਜਾਣਾ ਤੇ ਪਲੇਟ ਭੁੱਜੇ ਰੱਖ ਦੇਣੀ। ਇਉਂ ਭੁੱਖ ਹੜਤਾਲ ਦੇ ਦਿਨਾਂ ’ਚ ਲਾਂਬੇ ਦਾ ਵਜ਼ਨ ਵਧ ਜਾਇਆ ਕਰਨਾ। ਉਸ ਨੇ ਸਿਆਸੀ ਕੈਦੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਹਿਣਾ, ‘‘ਸਾਥੀਓ ! ਡਟੇ ਰਹੋ, ਚਾਰ ਕੁ ਦਿਨ ਭੁੱਖ ਹੜਤਾਲ ਹੋਰ ਰੱਖੋ, ਬਸ ਅੰਗਰੇਜ਼ ਯਰਕਿਆ ਹੀ ਖੜ੍ਹਾ ਹੈ।’’

ਮੈਨੂੰ ਅੱਜ ਰਹਿ ਰਹਿ ਕੇ ਲਾਂਬਾ ਯਾਦ ਆ ਰਿਹਾ ਸੀ। ਜੇ ਵਰਤ ਦੀ ਟੇਢੀ ਸੜਕ ’ਤੇ ਪੈਣ ਤੋਂ ਪਹਿਲਾਂ ਯਾਦ ਆ ਜਾਂਦਾ ਤਾਂ ਮੇਰੀ ਇਹ ਦੁਰਦਸ਼ਾ ਨਾ ਹੁੰਦੀ, ਜੋ ਹੁਣ ਹੋ ਰਹੀ ਸੀ।

ਕੁਝ ਦੇਰ ਬਾਅਦ ਮੈਨੂੰ ਮਹਿਸੂਸ ਹੋਣ ਲੱਗਾ, ਜਿਵੇਂ ਮੇਰੇ ਸਰੀਰ ’ਚੋਂ ਸਾਰੀ ਸ਼ਕਤੀ ਮੁੱਕਦੀ ਜਾਂਦੀ ਹੈ। ਮੁੱਕਦੀ ਵੀ ਕਿਉਂ ਨਾ ਐਸ ਵੇਲੇ ਤਕ ਚਾਰ ਵਾਰੀ ਰੋਟੀਆਂ ਖਾਈਦੀਆਂ ਸਨ, ਛੱਲੀਆਂ ਚੱਬਦੇ ਸਾਂ, ਦੁੱਧ ਪੀਂਦੇ ਸਾਂ, ਲੱਸੀ ਪੀਂਦੇ ਸਾਂ ਤੇ ਨੌ ਬਰ ਨੌ ਰਹਿੰਦੇ ਸਾਂ। ਅੱਜ ਅਪਾਹਜਾਂ ਵਾਲੀ ਹਾਲਤ ਹੋ ਗਈ ਸੀ।

ਮੈਂ ਦੋ ਵਾਰ ਉੱਚੀ ਆਵਾਜ਼ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੂੰਹ ’ਚੋਂ ਬੋਲ ਨਿਕਲਿਆ ਨਾ। ਅਖ਼ੀਰ ਮੈਂ ਹੱਥ ਦੇ ਇਸ਼ਾਰੇ ਨਾਲ ਸ੍ਰੀ ਮਤੀ ਨੂੰ ਆਪਣੇ ਪਾਸ ਬੁਲਾਇਆ। ਐਤਕੀਂ ਉਸ ਦੇ ਚਿਹਰੇ ’ਤੇ ਕੋਈ ਸ਼ਰਾਰਤ ਨਹੀਂ ਸੀ। ਕੁਝ ਹਮਦਰਦੀ ਸੀ ਤੇ ਕੁਝ ਪਛਤਾਵਾ। ਹਮਦਰਦੀ ਤਾਂ ਇਸ ਗੱਲ ਦੀ ਕਿ ਮੈਂ ਉਸ ਦੇ ਸਾਹਮਣੇ ਕੱਟੇ ਵਾਂਗ ਮਰ ਰਿਹਾ ਸਾਂ ਤੇ ਪਛਤਾਵਾ ਇਸ ਗੱਲ ਦਾ ਸੀ ਕਿ ਉਸ ਨੇ ਮੈਨੂੰ ਵਰਤ ਰੱਖਣ ਹੀ ਕਿਉਂ ਦਿੱਤਾ। ਹੁਣ ਅਸੀਂ ਦੋਵੇਂ ਲਾਚਾਰ ਸਾਂ। ਨਾ ਉਹ ਕੁਝ ਕਰ ਸਕਦੀ ਸੀ ਤੇ ਨਾ ਮੈਂ। ਮੈਂ ਉਸ ਨੂੰ ਹੋਲੀ ਦੇ ਕਿਹਾ, ‘‘ਕਿਸੇ ਵਕੀਲ ਨੂੰ ਬੁਲਵਾ ਲੈ।’’

ਉਹ ਹੈਰਾਨੀ ਨਾਲ ਪੁੱਛਣ ਲੱਗੀ, ‘‘ਵਕੀਲ ਕਿ ਪ੍ਰੋਹਿਤ  ?’’

ਮੈਂ ਕਿਹਾ, ‘‘ਪਹਿਲਾਂ ਵਕੀਲ, ਪਿਛੋਂ ਪ੍ਰੋਹਿਤ।’’

‘‘ਮੈਂ ਤੁਹਾਡਾ ਮਤਲਬ ਨਹੀਂ ਸਮਝੀ’’, ਉਸ ਨੇ ਹੋਰ ਲਾਚਾਰੀ ਪ੍ਰਗਟ ਕੀਤੀ।

ਮੈਂ ਸਾਰੀ ਸ਼ਕਤੀ ਇਕੱਠੀ ਕਰ ਕੇ ਕਿਹਾ, ‘‘ਮੈਨੂੰ ਜਾਪਦਾ ਹੈ ਹੁਣ ਕਿਸੇ ਵੇਲੇ ਵੀ ਮੇਰੀ ਫੂਕ ਨਿਕਲ ਸਕਦੀ ਹੈ। ਵਕੀਲ ਨੂੰ ਬੁਲਵਾ ਕੇ ਮੇਰੀ ਵਸੀਅਤ ਲਿਖਵਾ ਲੈ। ਮੇਰੇ ਮਗਰੋਂ ਭਰਾਵਾਂ ਨੇ ਤੈਨੂੰ ਚਾਰ ਓੜਾਂ ਜ਼ਮੀਨ ਨਹੀਂ ਛੱਡਣੀ।’’

ਉਹ ਮੇਰੇ ਮੂੰਹ ਵੱਲ ਵੇਖ ਕੇ ਅੱਖਾਂ ਭਰ ਆਈ।

ਮੈਂ ਕਿਹਾ, ‘‘ਫੇਰ ਕਿਸੇ ਚੰਗੇ ਪ੍ਰੋਹਿਤ ਨੂੰ ਮੰਗਵਾ ਕੇ ਮੇਰੀ ਕਿਰਿਆ ਕਰਮ ਕਰਵਾ ਦੇਣੀ।’’

ਉਹ ਬੱਚਿਆਂ ਵਾਂਗ ਫਿੱਸ ਪਈ ਤੇ ਮੇਰੇ ਉੱਤੇ ਇਸ ਤਰ੍ਹਾਂ ਆ ਡਿੱਗੀ, ਜਿਵੇਂ ਹਰਦੁਆਰ ਵਾਲੀ ਗੱਡੀ ’ਚੋਂ ਲੋਕ ਬਿਸਤਰਾ ਸੁੱਟਦੇ ਆ। ਕੁਝ ਚਿਰ ਡਸਕੋਰੇ ਭਰਨ ਪਿਛੋਂ ਕਹਿਣ ਲੱਗੀ, ‘‘ਤੁਸੀਂ ਮਰਦ ਹੋ, ਜਿਗਰਾ ਕਰੋ, ਜਿੱਥੇ ਸਾਰਾ ਦਿਨ ਕੱਟਿਆ ਹੈ, ਦੋ ਘੰਟੇ ਹੋਰ ਕੱਟ ਲਓ। ਮੈਨੂੰ ਵਿਸ਼ਵਾਸ ਹੈ ਧਰਮ ਦੇ ਕਾਰ ’ਚ ਰੱਬ ਕਦੇ ਕਿਸੇ ਦਾ ਵਾਲ ਵਿੰਗਾ ਨਹੀਂ ਹੋਣ ਦਿੰਦਾ।’’

ਮੈਂ ਕਿਹਾ, ‘‘ਤੂੰ ਵਾਲ ਵਿੰਗੇ ਦੀ ਗੱਲ ਕਰਦੀ ਏਂ, ਧਰਮ ਦੇ ਕਾਜ ’ਚ ਤਾਂ ਹਜ਼ਾਰਾਂ ਲੋਕ ਸ਼ਹੀਦੀਆਂ ਪਾ ਗਏ, ਬੰਦ ਬੰਦ ਕਟਵਾ ਗਏ। ਮੈਂ ਜੇ ਉਸ ਤਰ੍ਹਾਂ ਦੀ ਮੌਤ ਮਰਿਆ ਹੁੰਦਾ ਤਾਂ ਮੇਰਾ ਦੁਨੀਆਂ ’ਚ ਨਾਮ ਰਹਿ ਜਾਂਦਾ, ਮੈਨੂੰ ਤਾਂ ਮੇਰੇ ਪ੍ਰੋਹਿਤਾਂ ਨੇ ਹੀ ਕਰਵੇ ਚੌਥ ਦਾ ਸ਼ਹੀਦ ਬਣਾ ਦਿੱਤਾ।’’

‘‘ਤੁਸੀਂ ਤਗੜੇ ਹੋਵੋ ਜੀ, ਬਸ ਥੋੜ੍ਹਾ ਚਿਰ ਹੋਰ ਦੰਦ ਹੇਠ ਜੀਭ ਲਵੋ।’’ ਉਸ ਨੇ ਹੱਲਾ ਸ਼ੇਰੀ ਦਿੰਦਿਆਂ ਕਿਹਾ।

ਮੈਂ ਕਿਹਾ, ‘‘ਜੇ ਜੀਭ ਨੂੰ ਖਾ ਕੇ ਦੰਦਾਂ ਦਾ ਕੁਝ ਬਣ ਸਕਦਾ ਹੁੰਦਾ ਤਾਂ ਕਦੇ ਦੇ ਖਾ ਜਾਂਦੇ।’’ ਅਸੀਂ ਦੋ ਚਾਰ ਮਿੰਟ ਫੇਰ ਇਕ ਦੂਜੇ ਵੱਲ ਬਿਤਰ ਬਿਤਰ ਤੱਕਦੇ ਰਹੇ। ਅਖ਼ੀਰ ਮੈਨੂੰ ਇਕ ਤਜਵੀਜ਼ ਸੁਝੀ। ਮੈਂ ਕਿਹਾ, ‘‘ਭਾਗਵਾਨੇ, ਮੈਂ ਔਖਾ ਸੁਖਾਲਾ ਸਰੀਰ ਤੇ ਆਤਮਾ ਵਿਚਕਾਰ ਚੱਲ ਰਹੇ ਇਸ ਧਰਮ ਯੁੱਧ ਨੂੰ ਥੋੜ੍ਹੀ ਦੇਰ ਹੋਰ ਲਮਕਾਉਂਦਾ ਹਾਂ। ਜੇ ਰੱਬ ਨੇ ਤੇਰਾ ਸੁਹਾਗ ਬਚਾਉਣਾ ਹੋਇਆ ਤਾਂ ਆਪੇ ਕੋਈ ਵਿਧੀ ਬਣਾਏਗਾ। ਗੁਰਬਾਣੀ ਕਹਿੰਦੀ ਹੈ, ‘‘ਪ੍ਰਭ ਭਾਵੈ; ਬਿਨੁ ਸਾਸ ਤੇ ਰਾਖੈ ॥’’ (ਗਉੜੀ ਸੁਖਮਨੀ/ ਮ : ੫/੨੭੭) ਖ਼ਬਰੇ ਮੈਂ ਬਚ ਹੀ ਰਵ੍ਹਾਂ। ਜੇ ਬਚ ਰਿਹਾ, ਤਾਂ ਅੱਗੋਂ ਲਈ ਪੁੱਤਾਂ ਪੋਤਰਿਆਂ ਨੂੰ ਨਸੀਹਤ ਕਰ ਜਾਵਾਂਗਾ ਕਿ ਘਰ ਦਾਣੇ ਹੁੰਦੇ ਸੁੰਦੇ ਕਰਵਾ ਚੌਥ ਦੇ ਗੇੜ ’ਚ ਨਾ ਪੈਣ। ਤੂੰ ਇੰਜ ਕਰ ਫਟਾ ਫਟ ਰੋਟੀ ਪਕਾ ਦੇ, ਕੜਾਹ ਬਣਾ ਕੇ, ਕੁਝ ਖੀਰ ਤਿਆਰ ਕਰ ਲੈ।’’

‘‘ਪਰ ਸਰਦਾਰ ਜੀ, ਅਜੇ ਤਾਂ ਵਰਤ ਛੁਟਣ ’ਚ ਬੜਾ ਵਕਤ ਪਿਆ ਹੈ। ਓਦੋਂ ਤਕ ਸਭ ਠੰਡਾ ਹੋ ਜਾਏਗਾ।’’ ਉਸ ਨੇ ਤਰਲਾ ਮਾਰਿਆ।

‘‘ਤੂੰ ਠੰਡੇ ਤੱਤੇ ਦੀ ਪ੍ਰਵਾਹ ਨਾ ਕਰ। ਜਿੱਥੇ ਜਾਨ ਦੀ ਬਾਜ਼ੀ ਲੱਗੀ ਹੋਵੇ, ਉਥੇ ਠੰਡੇ ਤੱਤੇ ਦੇ ਰੌਲੇ ’ਚ ਨਹੀਂ ਪਈਦਾ।’’

ਉਸ ਨੇ ਸਭ ਕੁਝ ਤਿਆਰ ਕੀਤਾ। ਭੋਜਨ ਦੀਆਂ ਖ਼ੁਸ਼ਬੂਆਂ ਸਹਾਰੇ ਮੈਂ ਅੱਧਾ ਘੰਟਾ ਹੋਰ ਮੌਤ ਦਾ ਟਾਲ ਮਟੌਲਾ ਕੀਤਾ। ਮੈਂ ਸ੍ਰੀਮਤੀ ਨੂੰ ਕਿਹਾ, ‘‘ਜ਼ਰਾ ਆਂਢ-ਗੁਆਂਢ ਤੋਂ ਪੁੱਛ ਲੈ ਅੱਜ ਚੰਦ ਚੜ੍ਹੇਗਾ ਵੀ ਕਿ ਨਹੀਂ  ? ਐਸਾ ਨਾ ਹੋਵੇ ਮਗਰੋਂ ਧਾਹਾਂ ਮਾਰਦੀ ਫਿਰੇਂ ਕਿ ਮੱਸਿਆ ਦੀ ਰਾਤ ਕਾਲੀ, ਹਾਏ ਵਿਛੋੜਾ ਪੈ ਗਿਆ, ਮੱਸਿਆ ਦੀ ਰਾਤ।’’

ਉਹ ਕੁਝ ਮੁਸਕਰਾਈ ਤੇ ਕਹਿਣ ਲੱਗੀ, ‘‘ਸਾਰੇ ਸ਼ਹਿਰ ਨੇ ਵਰਤ ਰੱਖਿਆ ਹੈ, ਜਦੋਂ ਚੰਦ ਚੜ੍ਹੇਗਾ ਤਾਂ ਗੁੱਝਾ ਨਹੀਂ ਰਹਿਣ ਲੱਗਾ।’’

‘‘ਭਲੀਏ ਲੋਕੇ  ! ਇਹ ਜਿਹੜੇ ਸਾਇੰਸਦਾਨ, ਚੰਦ ਨੂੰ ਕਾਬੂ ਕਰਨ ’ਤੇ ਤੁਲੇ ਹੋਏ ਆ, ਪਤਾ ਨਹੀਂ ਇਨ੍ਹਾਂ ਤੋਂ ਡਰਦਾ ਚੰਦ ਕਿਧਰੇ ਦੋ ਘੰਟੇ ਅੰਡਰ-ਗਰਾਊਂਡ ਹੀ ਨਾ ਹੋ ਜਾਵੇ ਤੇ ਏਧਰ ਸਾਡਾ ਸੰਖ ਪੂਰਿਆ ਜਾਵੇ।’’

ਸ੍ਰੀਮਤੀ ਨੇ ਭੋਜਨ ਤਿਆਰ ਕਰ ਕੇ ਮੇਰੇ ਨੇੜੇ ਲਿਆ ਰੱਖਿਆ। ਮੈਂ ਕਿਹਾ, ‘‘ਰੋਟੀਆਂ ਦੀਆਂ ਬੁਰਕੀਆਂ ਕਰ ਕੇ ਰੱਖ ਦੇ। ਮੇਰੇ ਹੱਥਾਂ ’ਚ ਤਾਂ ਸਤਿਆ ਨਹੀਂ ਰਹੀ। ਚੰਦ ਚੜ੍ਹੇ ਤੋਂ ਮੇਰੇ ਕੋਲੋਂ ਬੁਰਕੀ ਨਹੀਂ ਟੁੱਟਣੀ।’’

ਸ੍ਰੀਮਤੀ ਨੇ ਮੇਰੀ ਇੱਛਿਆ ਦਾ ਪਾਲਣ ਕਰਦਿਆਂ ਰੋਟੀਆਂ ਦੀਆਂ ਬੁਰਕੀਆਂ ਕਰ ਕੇ ਮੇਰੇ ਸਿਰਹਾਣੇ ਰੱਖ ਦਿੱਤੀਆਂ, ਕੁਝ ਚੂਰੀ ਰਲਾ ਦਿੱਤੀ, ਹਲਵਾ ਨੇੜੇ ਕਰ ਕੇ ਰੱਖ ਦਿੱਤਾ।

ਭਾਵੇਂ ਸਾਰਾ ਕੁਝ ਹੁਣ ਮੇਰੇ ਨੇੜੇ ਪਿਆ ਸੀ, ਪਰ ਮੈਨੂੰ ਅਜੇ ਵੀ ਜਾਪਦਾ ਸੀ ਕਿ ਬੁੱਲ੍ਹਾਂ ਤੇ ਪਿਆਲੇ ਵਿਚਕਾਰ ਬੜਾ ਫ਼ਾਸਲਾ ਹੁੰਦਾ ਹੈ। ਮੈਨੂੰ ਕੁੜੱਲਾਂ ਪੈਣ ਲੱਗੀਆਂ। ਇੱਕ ਅਜੀਬ ਤਰ੍ਹਾਂ ਦੀ ਹਿਡਕੀ (ਹਿਚਕੀ) ਸ਼ੁਰੂ ਹੋ ਗਈ। ਮੈਂ ਸਮਝਿਆ ਮਰਨ ਵੇਲੇ ਕਫ਼ ਵਜਦੀ ਹੁੰਦੀ ਹੈ, ਇਹ ਉਹ ਹੈ। ਮੇਰਾ ਸਿਰ ਚਕਰਾ ਚੱਲਿਆ। ਅੱਖਾਂ ਅੱਗੇ ਬਿਲਕੁਲ ਹਨੇਰਾ ਹੋ ਗਿਆ। ਏਨੇ ਨੂੰ ਗਲੀ ’ਚੋਂ ਕਿਸੇ ਦੇ ਰੋਣ ਦੀ ਆਵਾਜ਼ ਆਈ। ਮੈਂ ਝੱਟ ਇਸ ਨਤੀਜੇ ’ਤੇ ਪੁੱਜਾ ਕਿ ਕਰਵਾ ਚੌਥ ਵਾਲਾ ਮਰ ਗਿਆ ਤੇ ਉਸ ਦੇ ਘਰ ਦੇ ਰੋ ਰਹੇ ਹਨ। ਇਕ ਵਰਤ ਵਾਲਾ ਮਰਿਆ ਸਮਝੋ ਦੂਜੇ ਦੀ ਵਾਰੀ ਆਈ। ਰਾਣੀ ਖੇਤ ਦੀ ਬੀਮਾਰੀ ਨਾਲ, ਜਿਵੇਂ ਮੁਰਗੇ ਮੁਰਗੀਆਂ ਮਰਦੇ ਹਨ, ਇਸੇ ਤਰ੍ਹਾਂ ਅੱਜ ਵਰਤ ਵਾਲੇ ਚੜ੍ਹਾਈਆਂ ਕਰਨਗੇ। ਇਸ ਤੋਂ ਪਹਿਲਾਂ ਕਿ ਮੌਤ ਮੇਰੀ ਗਿੱਚੀ ਦਬੋਚਦੀ, ਮੈਂ ਚੂਰੀ ਵਾਲੇ ਛੰਨੇ ਨੂੰ ਹੱਥ ਪਾ ਲਿਆ।

‘‘ਮਰ ਗਿਆ ਓਏ ਕੋਈ ਵਰਤਾਂ ਦਾ ਮਾਰਿਆ’’ ਮੈਂ ਉੱਚੀ ਸਾਰੀ ਚੀਕ ਮਾਰੀ ਤੇ ਚੂਰੀ ਦਾ ਰੁੱਗ ਭਰ ਕੇ ਮੂੰਹ ’ਚ ਪਾ ਲਿਆ। ਫੇਰ ਚੱਲ ਸੋ ਚੱਲ, ਜੋ ਸਾਹਮਣੇ ਆਇਆ ਸਮੇਟਦਾ ਗਿਆ। ਹੁਣ ਅੱਖਾਂ ਵਿੱਚ ਐਨਾ ਚਾਨਣ ਆ ਗਿਆ ਸੀ ਕਿ ਮੈਂ ਹਨੇਰੇ ’ਚ ਖੜ੍ਹੀ ਸ੍ਰੀਮਤੀ ਨੂੰ ਸਿਆਣ ਸਕਦਾ ਸਾਂ। ਜ਼ਬਾਨ ’ਚ ਬੋਲਣ ਦੀ ਸ਼ਕਤੀ ਆ ਗਈ ਸੀ। ਕੰਨ ਸੁਣ ਸਕਣ ਦੀ ਸਮਰੱਥਾ ਲੈ ਆਏ ਸਨ। ਮੈ ਸਾਹਮਣੇ ਖੜ੍ਹੀ ਡੁਸ ਡੁਸ ਕਰਦੀ ਸ੍ਰੀਮਤੀ ਦੇ ਮੂੰਹੋਂ ਸੁਣਿਆ, ‘‘ਬਸ ਪਾਤੀ ਪੂਰੀ ?’’

ਕਿਉਂ ਏਨੇ ਸਮਾਰਟ ਹਨ, ਯਹੂਦੀ ?

0

ਕਿਉਂ ਏਨੇ ਸਮਾਰਟ ਹਨ, ਯਹੂਦੀ ? 

ਖੋਜਕਾਰ- ਡਾ: ਸਟੀਫਨ ਕਾਰ ਲਿਓਨ ਅਨੁਵਾਦ- ਗੁਰਬਾਜ ਛੀਨਾ

ਅਨੁਵਾਦ – ਗੁਰਬਾਜ ਛੀਨਾ  82643-88598

ਆਪਣੀ ਇੰਨਟਰਨਸ਼ਿਪ ਦੌਰਾਨ ਮੈਂ ਤਿੰਨ ਸਾਲ ਇਜਰਾਈਲ ਦੇ ਕਈ ਹਸਪਤਾਲਾਂ ਵਿੱਚ ਕੰਮ ਕੀਤਾ ਤਾਂ ਮੇਰੇ ਦਿਮਾਗ ਵਿੱਚ ਇਹ ਜਾਨਣ ਦਾ ਵਿਚਾਰ ਆਇਆ ਕਿ ਯਹੂਦੀ ਏਨੇ ਪ੍ਰਤਿਭਾਸ਼ਾਲੀ ਕਿਉਂ ਹੁੰਦੇ ਹਨ ?

ਇਸ ਵਿੱਚ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਯਹੂਦੀ ਜਿੰਦਗੀ ਦੇ ਬਹੁਤ ਪੱਖਾਂ ਵਿੱਚ ਦੂਜਿਆਂ ਨਾਲੋਂ ਅੱਗੇ ਹਨ । ਇੰਨਜੀਨੀਅਰਿੰਗ , ਮੈਡੀਕਲ, ਸੰਗੀਤ, ਵਿਗਿਆਨ ਅਤੇ ਸਭ ਤੋਂ ਵੱਧ ਵਪਾਰ ਵਿੱਚ, ਦੁਨੀਆਂ ਭਰ ਦੇ ਬਿਜਨਸ ਦੇ ਲਗਭਗ 70% ਤੇ ਯਹੂਦੀਆਂ ਦਾ ਨਿਯੰਤਰਨ ਹੈ, ਜਿਵੇਂ ਕਾਸਮੈਟਿਕ (ਸ਼ਿੰਗਾਰ ਸਮਗਰੀ), ਭੋਜਨ, ਫੈਸ਼ਨ, ਹਥਿਆਰ, ਹੋਟਲ ਅਤੇ ਫਿਲਮ ਇੰਡਸਟਰੀ, ਆਦਿ।

ਮੇਰੇ ਦੂਜੇ ਸਾਲ ’ਚ ਕੈਲੀਫੋਰਨਆਂ ਆਉਂਦਿਆਂ ਮੇਰੇ ਦਿਮਾਗ ਵਿੱਚ ਹੈਰਾਨੀ ਭਰਿਆ ਵਿਚਾਰ ਸੀ ਕਿ ਰੱਬ ਨੇ ਯਹੂਦੀਆਂ ਨੂੰ ਹੀ ਕਿਉਂ ਏਨੀ ਯੋਗਤਾ ਅਤੇ ਪ੍ਰਤਿਭਾ ਦਾ ਤੋਹਫਾ ਦਿੱਤਾ ਹੈ ?  ਕੀ ਇਹ ਸੰਯੋਗ ਵੱਸ ਹੀ ਹੈ ?  ਜਾਂ ਫਿਰ ਬੰਦੇ ਦੇ ਦਖਲ ਨਾਲ ਫੈਕਟਰੀਆਂ ਵਿੱਚ ਵਧੀਆ ਚੀਜਾਂ ਤਿਆਰ ਕਰਨ ਵਾਂਗ ਸੀ ?  ਮੇਰੀ ਇਸ ਖੋਜ ਨੂੰ ਅੱਠ ਸਾਲ ਲੱਗੇ ਜਿਸ ਵਿੱਚ ਮੈਂ ਸੰਭਵ ਤੌਰ ਉਝ ਜਾਣਕਾਰੀਆਂ ਹਾਸਲ ਕਰਨ ਵਿੱਚ ਸਫਲ ਹੋਇਆ ਜਿੰਨਾ ਨਾਲ ਉਹਨਾਂ ਦਾ ਖਾਣ-ਪੀਣ, ਰਹਿਣ-ਸਹਿਣ,  ਸਭਿਆਚਾਰ, ਧਰਮ ਅਤੇ ਬੱਚਾ ਪੈਦਾ ਹੋਣ ਤੋਂ ਪਹਿਲਾਂ ਦੀਆਂ ਤਿਆਰੀਆਂ ਦਾ ਬਾਕੀ ਮਨੁੱਖੀ ਜਾਤੀਆਂ ਨਾਲ ਤੁਲਨਾ ਕਰ ਸਕਦਾ ਸਾਂ।

ਆਉ, ਬੱਚੇ ਦੇ ਜਨਮ ਤੋਂ ਦੀ ਤਿਆਰੀ ਬਾਰੇ ਗੱਲ ਕਰਦੇ ਹਾਂ, ਪਹਿਲੀ ਗੱਲ ਮੈਂ ਇਜਰਾਈਲ ਵਿੱਚ ਇਹ ਵੇਖੀ ਕਿ ਗਰਭਵਤੀ ਔਰਤ ਹਮੇਸ਼ਾਂ ਪਿਆਨੋ ਵਜਾਉਂਦੀ ਅਤੇ ਗੀਤ ਗਾਉਂਦੀ ਹੈ ਅਤੇ ਆਪਣੇ ਪਤੀ ਨਾਲ ਮਿਲ ਕੇ ਗਣਿਤ ਦੇ ਸਵਾਲਾਂ ਅਤੇ ਪਹੇਲੀਆਂ ਨੂੰ ਹੱਲ ਕਰਦੀ ਹੈ।  ਮੈਂ ਹੈਰਾਨ ਹੋਇਆ ਕਿ ਹਰੇਕ ਗਰਭਵਤੀ ਔਰਤ ਆਪਣੇ ਨਾਲ ਗਣਿਤ (Mathematic) ਦੀ ਕਿਤਾਬ ਰੱਖਦੀ ਹੈ । ਕਈ ਵਾਰ ਮੈਂ ਕਈ ਔਰਤਾਂ ਦੀ ਸਵਾਲ ਹੱਲ ਕਰਨ ਵਿੱਚ ਮਦਦ ਵੀ ਕੀਤੀ, ਮੈਂ ਪੁਛਿਆ ਕਿ ਕੀ ਇਹ ਤੁਹਾਡੇ ਗਰਭ ਵਿਚਲੇ ਬੱਚੇ ਲਈ ਹੈ ?  ਤਾਂ ਉਹਨਾਂ ਕਿਹਾ, “ਹਾਂ, ਇਹ ਗਰਭ ਵਿਚਲੇ ਬੱਚੇ ਨੂੰ ਟਰੇਂਡ ਕਰਨ ਲਈ ਹੈ“ ਇਸ ਨਾਲ ਉਹ ਪ੍ਰਤਿਭਾਸ਼ਾਲੀ ਤੇ ਹੁਸ਼ਿਆਰ ਹੋਵੇਗਾ (genius and intelligent ) ਹੋਵੇਗਾ।  ਉਹ ਔਰਤਾਂ ਬੱਚਾ ਪੈਦਾ ਹੋਣ ਤੱਕ ਗਣਿਤ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਨਹੀਂ ਛੱਡਦੀਆਂ ।

ਫਿਰ ਮੈਂ ਉਹਨਾਂ ਦੇ ਖਾਣ, ਪੀਣ ਤੇ ਧਿਆਨ ਦਿੱਤਾ , ਗਰਭਵਤੀ ਔਰਤਾਂ ਦੁੱਧ ਨਾਲ ਬਦਾਮ ਖਾਣਾ ਬਹੁਤ ਪਸੰਦ ਕਰਦੀਆਂ ਹਨ। ਦੁਪਹਿਰ ਦੇ ਭੋਜਨ ਵਿੱਚ ਉਹ ਬਰੈਡ, ਮੱਛੀ (ਬਿਨਾ ਸਿਰ ਤੋਂ), ਸਲਾਦ, ਬਦਾਮ ਅਤੇ ਹੋਰ ਸੁੱਕੇ ਮੇਵਿਆਂ ਦੀ ਵਰਤੋਂ ਕਰਦੀਆਂ ਹਨ। ਉਹਨਾਂ ਦਾ ਵਿਸ਼ਵਾਸ ਹੈ ਕਿ ਮੱਛੀ ਦਿਮਾਗ ਦੇ ਵਿਕਾਸ ਲਈ ਬਹੁਤ ਵਧੀਆ ਹੈ ਪਰ ਮੱਛੀ ਦਾ ਸਿਰ ਦਿਮਾਗ ਦੇ ਵਿਕਾਸ ਲਈ ਠੀਕ ਨਹੀਂ ਹੁੰਦਾ। ਸਭਿਆਚਾਰਕ ਤੌਰ ’ਤੇ ਯਹੂਦੀਆਂ ਵਿੱਚ ਕੌਡ (ਮੱਛੀ ਦੀ ਕਿਸਮ) ਦੇ ਜਿਗਰ ਦਾ ਤੇਲ ਗਰਭਵਤੀ ਔਰਤਾਂ ਦੀ ਖੁਰਾਕ ਦਾ ਹਿੱਸਾ ਹੁੰਦਾ ਹੈ।

ਜਦੋਂ ਵੀ ਮੈਨੂੰ ਰਾਤ ਦੇ ਖਾਣੇ ’ਤੇ ਬੁਲਾਇਆ ਗਿਆ, ਮੈਂ ਵੇਖਿਆ ਕਿ ਉਹ ਮੱਛੀ ਦੇ ਵੱਖ ਵੱਖ ਪਕਵਾਨਾ ਨੂੰ ਪਸੰਦ ਕਰਦੇ ਹਨ ਪਰ ਮੀਟ ਨਹੀਂ । ਉਹਨਾਂ ਦਾ ਵਿਸ਼ਵਾਸ ਹੈ ਕਿ ਮੱਛੀ ਅਤੇ ਮੀਟ ਦੋਵੇਂ ਇਕੱਠੇ ਸਰੀਰ ਲਈ ਲਾਭਦਾਇਕ ਨਹੀਂ ਹਨ ।  ਸਲਾਦ ਅਤੇ ਸੁੱਕੇ ਮੇਵੇ (ਖਾਸ ਕਰ ਕੇ ਬਦਾਮ) ਉਹਨਾਂ ਦੇ ਭੋਜਨ ਦਾ ਜਰੂਰੀ ਅੰਗ ਹਨ। ਉਹ ਫਲਾਂ ਨੂੰ ਹਮੇਸ਼ਾਂ ਮੁੱਖ ਭੋਜਨ (ਰੋਟੀ ਅਤੇ ਚੌਲ) ਤੋਂ ਪਹਿਲਾਂ ਖਾਂਦੇ ਹਨ । ਉਹਨਾਂ ਅਨੁਸਾਰ ਜੇ ਤੁਸੀਂ ਫਲਾਂ ਨੂੰ ਭੋਜਨ ਤੋਂ ਬਾਅਦ ਖਾਂਦੇ ਹੋ ਤਾਂ ਸੁਸਤੀ ਅਤੇ ਉਨੀਂਦਰਾ ਮਹਿਸੂਸ ਕਰਦੇ ਹੋ ਜਿਸ ਨਾਲ ਸਕੂਲ ਵਿੱਚ ਪਾਠਕ੍ਰਮ ਸਮਝਣ ਵਿੱਚ ਮੁਸ਼ਕਿਲ ਆਉਂਦੀ ਹੈ ।

 ਇਜਰਾਈਲ ਵਿੱਚ ਸਿਗਰਟ ਨੋਸ਼ੀ ਮਨਾ ਹੈ ਜੇਕਰ ਤੁਸੀਂ ਮਹਿਮਾਨ ਹੋ ਤਾਂ ਤੁਹਾਨੂੰ ਬੜੀ ਨਿਮਰਤਾ ਨਾਲ ਸਿਗਰਟਨੋਸ਼ੀ ਲਈ ਘਰ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਜਾਂਦਾ ਹੈ। ਇਜਰਾਈਲ ਦੀਆਂ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਅਨੁਸਾਰ ਨਿਕੋਟੀਨ ਦਿਮਾਗ ਦੇ ਸੈਲਾਂ ਨੂੰ ਤਬਾਹ ਕਰਦੀ ਹੈ, ਇਸ ਨਾਲ ਜੀਨਜ ਅਤੇ ਡੀ. ਐਨ. ਏ ’ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਨਵੀਂ ਨਸਲ ਸਿੱਧੜ ਅਤੇ ਅਵਿਕਸਤ ਦਿਮਾਗ ਵਾਲੀ ਹੋ ਸਕਦੀ ਹੈ ।

ਉਥੇ ਬੱਚੇ ਨੂੰ ਭੋਜਨ ਮਾਪਿਆਂ ਦੀ ਨਿਰਦੇਸ਼ ਅਨੁਸਾਰ ਦਿੱਤਾ ਜਾਂਦਾ ਹੈ । ਫਲ, ਬਦਾਮ ਅਤੇ ਕੋਡ ਲਿਵਰ ਤੇਲ ਤੋਂ ਬਣੇ ਪਦਾਰਥ ਭੋਜਨ ਦੇ ਜਰੂਰੀ ਅੰਗ ਹਨ।  ਮੇਰੀ ਖੋਜ ਮੁਤਾਬਕ ਬਹੁਤੇ ਯਹੂਦੀ ਬੱਚੇ ਘੱਟੋ ਘੱਟ ਤਿੰਨ ਭਾਸ਼ਾਵਾਂ ਜਾਣਦੇ ਹਨ , ਯਹੂਦੀ, ਅਰਬੀ ਅਤੇ ਅੰਗਰੇਜੀ। ਬਚਪਨ ਤੋਂ ਹੀ ਪਿਆਨੋ ਵਜਾਉਣਾ ਜਰੂਰ ਸਿਖਾਇਆ ਜਾਂਦਾ ਹੈ ।

ਉਹਨਾਂ ਦਾ ਵਿਸ਼ਵਾਸ ਹੈ ਕਿ ਪਿਆਨੋ ਵਜਾਉਣ ਦਾ ਅਭਿਆਸ ਉਹਨਾਂ ਵਿੱਚ ਬੁਧੀ ਕੁਸ਼ਲਤਾ (I. Q.) ਵਧਾਉਂਦਾ ਹੈ ਅਤੇ ਬੱਚੇ ਨੂੰ ਵਧੇਰੇ ਪ੍ਰਤਿਭਾਵਾਨ ਬਣਾਉਂਦਾ ਹੈ। ਯਹੂਦੀ ਵਿਗਿਆਨੀਆਂ ਅਨੁਸਾਰ ਸੰਗੀਤ ਵਿਚਲੀ ਕੰਪਨਤਾ ਬੱਚੇ ਦੇ ਦਿਮਾਗ ਨੂੰ ਪ੍ਰੇਰਿਤ ਕਰਦੀ ਹੈ ਅਤੇ ਇਸੇ ਕਰ ਕੇ ਯਹੂਦੀਆਂ ਵਿੱਚ ਪ੍ਰਤਿਭਾਸ਼ਾਲੀਆਂ ਦੀ ਬਹੁਤਾਤ ਹੈ।

ਪਹਿਲੀ ਤੋਂ ਛੇਵੀਂ ਦੇ ਬੱਚੇ ਨੂੰ ਵਪਾਰਕ ਗਣਿਤ (Business mathematic) ਪੜਾਇਆ ਜਾਂਦਾ ਹੈ ਵਿਗਿਆਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਸੀਂ ਵੇਖ ਸਕਦੇ ਹਾਂ ਕਿ ਕੈਲੀਫੋਰਨੀਆਂ ਵਿਚ ਬੱਚਿਆਂ ਦੀ ਬੁਧੀ ਕੁਸ਼ਲਤਾ (ਆਈ ਕਿਉ) ਛੇ ਸਾਲ ਕਿਉਂ ਪਿੱਛੇ ਹੈ । ਯਹੂਦੀ ਬੱਚੇ ਅਥਲੈਟਿਕਸ ਵਿੱਚ ਤੀਰ ਅੰਦਾਜੀ, ਨਿਸ਼ਾਨੇ ਬਾਜੀ ਅਤੇ ਦੌੜ ਆਦਿ ਖੇਡਾਂ ਵਿੱਚ ਹਿੱਸਾ ਲੈਂਦੇ ਹਨ। ਉਹਨਾਂ ਅਨੁਸਾਰ ਤੀਰ ਅੰਦਾਜੀ ਅਤੇ ਨਿਸ਼ਾਨੇ ਬਾਜੀ ਵਰਗੀਆਂ ਖੇਡਾਂ ਦਿਮਾਗ ਦੀ ਇਕਾਗਰ ਸ਼ਕਤੀ ਅਤੇ ਫੈਸਲਾ ਲੈਣ ਦੀ ਸ਼ਕਤੀ ਨੂੰ ਵਧਾਉਂਦੀਆਂ ਹਨ।

ਹਾਈ ਸਕੂਲਾਂ ਵਿੱਚ ਬਹੁਤੇ ਵਿਦਿਆਰਥੀ ਵਿਗਿਆਨ ਦੀ ਪੜਾਈ ਲਈ ਤਿਆਰ ਕੀਤੇ ਜਾਂਦੇ ਹਨ । ਉਹਨਾਂ ਨੂੰ ਪ੍ਰੋਜੈਕਟਾਂ ਵਿੱਚ ਉਤਪਾਦ ਤਿਆਰ ਕਰਨ ਲਈ ਦਿੱਤੇ ਜਾਂਦੇ ਹਨ ਉਹਨਾਂ ਦੇ ਹਰ ਪ੍ਰੋਜੈਕਟ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਜਾਂਦਾ ਹੈ।  ਵਧੇਰੇ ਕਰਕੇ ਉਦੋਂ ਜਦੋਂ ਉਹ ਹਥਿਆਰਾਂ, ਦਵਾਈ ਅਤੇ ਇੰਨਜੀਅਰਿੰਗ ਨਾਲ ਸਬੰਧਤ ਹੋਣ। ਕਾਮਯਾਬ ਪ੍ਰੋਜੈਕਟ ਜਾਂ ਵਿਚਾਰਾਂ ਦੀ ਜਾਣ ਪਛਾਣ ਉਚੇਰੀ ਵਿਦਿਆ ਦੀਆਂ ਸੰਸਥਾਵਾਂ ਜਿਵੇਂ ਬਹੁ ਤਕਨੀਕੀ ਕਾਲਜ ਅਤੇ ਯੂਨੀਵਰਸਿਟੀਆਂ ’ਚ ਕਰਵਾਈ ਜਾਣੀ ਹੁੰਦੀ ਹੈ।

ਯੂਨੀਵਰਸਿਟੀਆਂ ਦੇ ਆਖਰੀ ਸਾਲ ਵਿੱਚ ਬਿਜਨਸ ਵਿਭਾਗ (Business faculty) ਨੂੰ ਤਰਜੀਹ ਦਿੱਤੀ ਜਾਂਦੀ ਹੈ । ਬਿਜਨਸ ਸਟੱਡੀ ਦੇ ਵਿਦਿਆਰਥੀਆਂ ਨੂੰ ਗਰੁੱਪ ਬਣਾ ਕੇ ਪ੍ਰੋਜੈਕਟ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਤਾਂ ਹੀ ਪਾਸ ਕੀਤਾ ਜਾਂਦਾ ਹੈ ਜੇਕਰ ਉਹਨਾਂ ਦਾ ਗਰੁੱਪ (ਜੋ ਲਗਭਗ ਦਸ ਵਿਦਿਆਰਥੀਆਂ ਦਾ ਹੁੰਦਾ ਹੈ) ਇੱਕ ਮਿਲੀਅਨ ਅਮਰੀਕੀ ਡਾਲਰ ਮੁਨਾਫਾ ਕਮਾ ਸਕਦਾ ਹੈ।

 ਹੈਰਾਨ ਨਾ ਹੋਵੋ ਇਹ ਸਚਾਈ ਹੈ । ਇਸੇ ਕਰ ਕੇ ਦੁਨੀਆ ਭਰ ਦਾ ਅੱਧਾ ਬਿਜਨਸ ਯਹੂਦੀਆਂ ਵੱਲੋਂ ਕੰਟਰੋਲ ਕੀਤਾ ਜਾ ਰਿਹਾ ਹੈ। ਉਦਾਹਰਨ ਵਜੋਂ ਲੈਵਿਸ (Lavis) ਦਾ ਸਭ ਤੋਂ ਨਵਾਂ (Latest) ਡਿਜਾਈਨ ਕਿਸ ਨੇ ਤਿਆਰ ਕੀਤਾ ਹੈ ?…..ਇਹ ਇਜਰਾਈਲ ਯੂਨੀਵਰਸਿਟੀ ਦੇ ਬਿਜਨਸ ਅਤੇ ਫੈਸ਼ਨ ਵਿਭਾਗ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਹੈ। ਕੀ ਤੁਸੀਂ ਵੇਖਿਆ ਹੈ ਕਿ ਉਹ ਪ੍ਰਾਥਨਾ ਕਿਵੇਂ ਕਰਦੇ ਹਨ ?  ਉਹ ਹਮੇਸ਼ਾਂ ਸਿਰ ਹਿਲਾਉਂਦੇ ਹਨ । ਉਹਨਾਂ ਦਾ ਵਿਸ਼ਵਾਸ ਹੈ ਕਿ ਇਹ ਗਤੀ ਵਿਧੀ ਦਿਮਾਗ ਨੂੰ ਪ੍ਰੇਰਿਤ ਕਰਦੀ ਹੈ ਅਤੇ ਦਿਮਾਗ ਨੂੰ ਜਿਆਦਾ ਆਕਸੀਜਨ ਮੁਹਈਆ ਕਰਵਾਉਂਦੀ ਹੈ । ਜਪਾਨੀਆਂ ਵੱਲ ਵੇਖੋ ਉਹ ਆਪਣੇ ਸਭਿਆਚਾਰ ਅਨੁਸਾਰ ਹਮੇਸ਼ਾਂ ਸਿਰ ਝੁਕਾਉਂਦੇ ਹਨ ਉਹਨਾਂ ਵਿੱਚੋਂ ਬਹੁਤੇ ਤੇਜ ਦਿਮਾਗ ਹਨ, ਉਹ ਸ਼ੂਸ਼ੀ (ਤਾਜਾ ਮੱਛੀ) ਪਸੰਦ ਕਰਦੇ ਹਨ – ਕੀ ਇਹ ਸੰਯੋਗਵੱਸ ਹੈ ?

ਅਮਰੀਕਾ ਵਿਚ ਨਿਊਯਾਰਕ ਵਿਚਲੇ ਯਹੂਦੀਆਂ ਵਾਸਤੇ ਟ੍ਰੇਡਿੰਗ ਸੈਂਟਰ ਕੇਵਲ ਯਹੂਦੀਆਂ ਵਾਸਤੇ ਸਾਰੇ ਪ੍ਰਬੰਧ ਕਰਦਾ ਹੈ । ਜੇ ਕਿਸੇ ਯਹੂਦੀ ਕੋਲ ਕੋਈ ਨਵਾਂ ਆਈਡੀਆ ਹੋਵੇ ਤਾਂ ਕੰਪਨੀ ਉਸ ਨੂੰ ਬਿਜਨਸ ਕਰਨ ਦੇ ਸਮਰੱਥ ਬਣਾਉਣ ਲਈ ਵਿਆਜ ਰਹਿਤ ਕਰਜ ਦਿੰਦੀ ਹੈ। ਇਸੇ ਤਰਾਂ ਯਹੂਦੀ ਕੰਪਨੀਆਂ ਜਿਵੇਂ ਸਟਾਰਬਕਸ, ਡੈਲ ਕੰਪਿਊਟਰ, ਕੋਕਾ ਕੋਲਾ, ਓਰੈਕਲ, ਲੈਵਿਸ, ਡੰਕਿਨ ਡੋਨਟ,ਹਾਲੀਵੁਡ ਫਿਲਮਾਂ ਅਤੇ ਸੈਂਕੜੇ ਹੋਰ ਵਪਾਰਿਕ ਅਦਾਰਿਆਂ ਨੂੰ ਫਰੀ ਸਪਾਂਸਰਸ਼ਿਪ ਦਿੱਤੀ ਗਈ ਹੈ।

ਯਹੂਦੀ ਮੈਡੀਕਲ ਸਨਾਤਕਾਂ (Medical graduates ) ਨੂੰ ਆਪਣੇ ਨਾਲ ਰਜਿਸਟਰ ਕਰ ਕੇ ਲਈ ਵਿਆਜ ਮੁਕਤ ਕਰਜ ਦੇ ਕੇ ਪ੍ਰਾਈਵੇਟ ਪ੍ਰੈਕਟਿਸ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਹੁਣ ਮੈਂ ਜਾਣਿਆ ਕਿ ਕੈਲੀਫਰਨੀਆਂ ਦੇ ਹਸਪਤਾਲਾਂ ਵਿੱਚ ਸਪੈਸ਼ਲਿਸਟ ਡਾਕਟਰਾਂ ਦੀ ਕਿਉਂ ਘਾਟ ਰਹਿੰਦੀ ਹੈ ।

ਸਿਗਰਟ ਨੋਸ਼ੀ ਘੱਟ ਦਿਮਾਗ ਵਾਲੀਆਂ ਪੀੜੀਆਂ (Generations) ਲੈ ਕੇ ਆਵੇਗੀ । ਮੇਰੀ ਸਿੰਘਾਪੁਰ ਯਾਤਰਾ ਦੌਰਾਨ ਮੈਨੂੰ ਵੇਖ ਕੇ ਹੈਰਾਨੀ ਹੋਈ ਕਿ ਸਿਗਰਟ ਪੀਣ ਵਾਲੇ ਨਾਲ ਕੁਜਾਤ (Outcast) ਵਾਂਗ ਵਿਹਾਰ ਕੀਤਾ ਜਾਂਦਾ ਹੈ ਅਤੇ ਸਿਗਰਟ ਦੇ ਪੈਕਟ ਦੀ ਕੀਮਤ 7 ਅਮਰੀਕੀ ਡਾਲਰ ਹੈ, ਜਿਵੇਂ ਇਜਰਾਈਲ ਵਿੱਚ ਮਨਾਹੀ ਹੈ, ਸਿੰਘਾਪੁਰ ਸਰਕਾਰ ਦੀ ਬਣਤਰ ਵੀ ਇਜਰਾਈਲ ਸਰਕਾਰ ਵਾਂਗ ਹੈ ਇਥੇ ਹਾਈ ਸਟੈਂਡਰਡ ਯੂਨੀਵਰਸਿਟੀਆਂ ਹਨ। ਜਦੋਂ ਕਿ ਸਿੰਘਾਪੁਰ ਦਾ ਖੇਤਰ ਮਸਾਂ ਮਾਨਹੈਟਨ ਜਿੰਨਾ ਹੈ।

ਇੰਡੋਨੇਸ਼ੀਆ ਵੱਲ ਵੇਖੋ ਹਰ ਥਾਂ ਲੋਕ ਸਿਗਰਟ ਪੀ ਰਹੇ ਹਨ। ਸਿਗਰਟ ਦਾ ਪੈਕਟ ਬਹੁਤ ਸਸਤਾ ਹੈ ਸਿਰਫ ਪੌਣੇ ਅਮਰੀਕੀ ਡਾਲਰ ਦਾ।  ਕਈ ਮਿਲੀਅਨ ਲੋਕਾਂ ਵਿੱਚੋਂ ਬਹੁਤ ਥੋੜੇ ਪ੍ਰਤਿਭਾਸ਼ਾਲੀ ਹਨ । ਗਿਣਤੀ ਦੀਆਂ ਯੂਨੀਵਰਸਿਟੀਆਂ ਤੇ ਉਹ ਵੀ ਜੋ ਉਤਪਾਦ ਕਰ ਰਹੀਆਂ ਹਨ, ਕੀ ਉਹ ਮਾਣਯੋਗ ਹੈ ? ਨੀਵੇਂ ਦਰਜੇ ਦਾ ਤਕਨੀਕੀ ਗਿਆਨ, ਆਪਣੀ ਬੋਲੀ ਤੋਂ ਇਲਾਵਾ ਹੋਰ ਕੋਈ ਬੋਲੀ ਨਾ ਬੋਲ ਸਕਣਾ,  ਉਦਾਹਰਨ ਵਜੋਂ:- ਕਿਉਂ ਉਹਨਾਂ ਨੂੰ ਅੰਗਰੇਜੀ ਵਿੱਚ ਮਾਸਟਰ ਡਿਗਰੀ ਕਰਨਾ ਏਨਾਂ ਮੁਸ਼ਕਿਲ ਲਗਦਾ ਹੈ । ਇਹ ਸਭ ਸਿਗਰਟਨੋਸ਼ੀ ਅਤੇ ਸਭਿਆਚਾਰ ਕਰ ਕੇ ਹੀ ਹੈ।

ਮੇਰੀ ਖੋਜ ਵਿੱਚ ਮੈਂ ਕਿਸੇ ਧਰਮ ਜਾਂ ਜਾਤ ’ਤੇ ਉਂਗਲ ਨਹੀਂ ਚੁਕਦਾ – ਕਿਉਂ ਯਹੂਦੀ ਇੰਨੇ ਆਤਮ ਵਿਸ਼ਵਾਸੀ ਹਨ ਕਿ ਉਹ ਫਿਰੌਣਾ ਤੋਂ ਹਿਟਲਰ ਤੱਕ ਖਦੇੜੇ ਜਾਂਦੇ ਰਹੇ ਮੇਰੇ ਵਾਸਤੇ ਇਹ ਰਾਜਨੀਤਕ ਅਤੇ ਅਸਥਿਤਵ ਕਾਰਨਾਂ ਕਰ ਕੇ ਹੈ, ਪਰ ਸਿੱਟੇ ਦੀ ਗੱਲ ਹੈ ਕਿ :- ਕੀ ਅਸੀਂ ਬਿਲਕੁਲ ਯਹੂਦੀਆਂ ਵਾਂਗ ਬੁਧੀਮਾਨ ਪੀੜੀ ਪੈਦਾ ਕਰ ਸਕਾਂਗੇ ? ?

ਉੱਤਰ “ਹਾਂ” ਹੋ ਸਕਦਾ ਹੈ।  ਸਾਨੂੰ ਖਾਣ ਪੀਣ ਦੀਆਂ ਰੋਜਾਨਾ ਆਦਤਾਂ ਅਤੇ ਬੱਚਿਆਂ ਨੂੰ ਪਾਲਣ ਪੋਸ਼ਨ ਦੇ ਤਰੀਕੇ ਬਦਲਣ ਦੀ ਲੋੜ ਹੈ ਅਤੇ ਸ਼ਾਇਦ ਇਹ ਪ੍ਰਾਪਤੀ ਤਿੰਨ ਪੀੜੀਆਂ (three generations) ’ਚ ਹੋਵੇਗੀ । ਇਹ ਮੈਂ ਆਪਣੇ ਪੋਤਰੇ ’ਚ ਵੇਖ ਸਕਾਂਗਾ।  ਉਦਾਹਰਨ – ਉਹ ਨੌ ਸਾਲ ਦੀ ਉਮਰ ਵਿੱਚ ਪੰਜ ਸਫਿਆਂ ਦਾ ਲੇਖ “ਮੈਨੂੰ ਟਮਾਟਰ ਕਿਉਂ ਪਸੰਦ ਹਨ” ਦੇ ਵਿਸ਼ੇ ਤੇ ਲਿਖ ਸਕਦਾ ਹੋਵੇਗਾ।

 ਦੁਆ ਹੈ ਅਸੀਂ ਸਾਰੇ ਅਮਨ ਸ਼ਾਂਤੀ ਵਿੱਚ ਹੋਈਏ ਅਤੇ ਮਨੁੱਖਤਾ ਦੀ ਭਲਾਈ ਵਾਸਤੇ ਭਵਿਖ ਵਿੱਚ ਪ੍ਰਤਿਭਾਸ਼ਾਲੀ ਪੀੜੀ ਪੈਦਾ ਕਰਨ ਵਿੱਚ ਕਾਮਯਾਬ ਹੋਈਏ। ਇਹ ਕੋਈ ਮਸਲਾ ਨਹੀਂ ਕਿ ਤੁਸੀਂ ਕੌਣ ਹੋ ..

ਰੰਗਰੇਟਾ ਕਤਲਿਆਮ ਦਿਵਸ’ ਮਨਾਉਣਾ ‘ਰੰਘਰੇਟੇ ਗੁਰੂ ਕੇ ਬੇਟਿਆਂ’ ਨੂੰ ਖ਼ਾਲਸਾ ਪੰਥ ਨਾਲੋਂ ਤੋੜਣ ਤੇ ਦੁਸ਼ਮਣ ਬਨਾਉਣ ਦੀ ਖ਼ਤਰਨਾਕ ਸਰਕਾਰੀ ਸਾਜਿਸ਼ : ਗਿ. ਜਾਚਕ

0

ਰੰਗਰੇਟਾ ਕਤਲਿਆਮ ਦਿਵਸ’ ਮਨਾਉਣਾ ‘ਰੰਘਰੇਟੇ ਗੁਰੂ ਕੇ ਬੇਟਿਆਂ’ ਨੂੰ ਖ਼ਾਲਸਾ ਪੰਥ ਨਾਲੋਂ ਤੋੜਣ ਤੇ ਦੁਸ਼ਮਣ ਬਨਾਉਣ ਦੀ ਖ਼ਤਰਨਾਕ ਸਰਕਾਰੀ ਸਾਜਿਸ਼ : ਗਿ. ਜਾਚਕ

ਨਿਊਯਾਰਕ, 18 ਅਗਸਤ ਖ਼ਾਲਸੇ ਦੇ ਸੁਆਮੀ ਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ‘ਰੰਘਰੇਟੇ ਗੁਰੂ ਕੇ ਬੇਟੇ’ ਕਹਿ ਕੇ ਸਨਮਾਨੇ ਅਤੇ ਖ਼ਾਲਸਾ ਪੰਥ ਦੀਆਂ ਮੋਹਰੀਆਂ ਸਫਾਂ ਵਿੱਚ ਲੜਣ ਵਾਲੇ ਤੇ ਵੱਡੀਆਂ ਮੁਹਿੰਮਾ ਸਰ ਕਰਨ ਵਾਲੇ ਰੰਘਰੇਟੇ ਵੀਰਾਂ ਦੇ ਨਾਮ ਹੇਠਾਂ 2 ਸਤੰਬਰ 2017 ਨੂੰ ਚਾਟੀਵਿੰਡ, ਸ੍ਰੀ ਅੰਮ੍ਰਿਤਸਰ ਵਿਖੇ ‘ਰੰਘਰੇਟਾ ਕਤਲਿਆਮ ਦਿਵਸ’ ਮਨਾਉਣ ਬਾਰੇ ਇਸ਼ਤਿਹਾਰ ਜਾਰੀ ਕਰਨਾ ਤੇ ਸੋਸ਼ਲ ਮੀਡੀਏ ਰਾਹੀਂ ਪ੍ਰਚਾਰਨਾ ਇੱਕ ਅਤਿਅੰਤ ਖ਼ਤਰਨਾਕ ਸਰਕਾਰੀ ਸਾਜਿਸ਼ ਹੈ ਕਿਉਂਕਿ ਇਸ ਮੂਲੋਂ ਝੂਠੇ ਪ੍ਰਾਪੇਗੰਡੇ ਦਾ ਮੁਖ ਮਨੋਰਥ ਸਾਡੇ ਰੰਘਰੇਟੇ ਭਰਾਵਾਂ ਨੂੰ ਖ਼ਾਲਸਾ ਪੰਥ ਨਾਲੋਂ ਤੋੜਣਾ ਤੇ ਉਨ੍ਹਾਂ ਅੰਦਰ ਦੁਸ਼ਮਣੀ ਭਾਵ ਪੈਦਾ ਕਰ ਕੇ ਪੰਥ ਦੇ ਟਾਕਰੇ ’ਤੇ ਖੜਾ ਕਰ ਕੇ ਲੜਾਉਣਾ ਹੈ । ਇਸ ਪ੍ਰਤੀ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਮੂਹ ਸਿੱਖ ਜਥੇਬੰਦੀਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਦਲਿਤ ਵਿਰੋਧੀ ਤੇ ਪੰਥ ਵਿਰੋਧੀ ਤਾਕਤਾਂ ਆਪਣੇ ਮਨਸੂਬੇ ਵਿੱਚ ਸਫਲ ਨਾ ਹੋ ਸਕਣ । ਇਹ ਲਫ਼ਜ਼ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਜਾਰੀ ਕੀਤੇ ਪ੍ਰੈਸ-ਨੋਟ ਰਾਹੀਂ ਕਹੇ ਹਨ ।

ਉਨ੍ਹਾਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੇ 64 ਸਾਲਾਂ ਵਿੱਚ ਹੁਣ ਤੱਕ ਸਿੱਖ ਇਤਿਹਾਸ ਨਾਲ ਸਬੰਧਤ ਕਿਸੇ ਵੀ ਪੁਸਤਕ ਵਿੱਚ ਪੰਥਕ ਇਤਿਹਾਸ ਨੂੰ ਕਲੰਕਤ ਕਰਨ ਵਾਲਾ ਉਹ ਝੂਠਾ ਪੱਖ ਕਿਤੇ ਨਹੀਂ ਪੜ੍ਹਿਆ, ਜਿਹੜਾ ‘ਫੋਰਸ ਵੰਨ’ ਨਾਂ ਦੀ ਰੰਘਰੇਟਾ ਸਿੱਖ ਜਥੇਬੰਦੀ ਵੱਲੋਂ 17 ਅਗਸਤ 2017 ਨੂੰ ਪਿੰਡ ਰਾਜਾਂਵਾਲਾ ਵਿਖੇ ਮੀਟਿੰਗ ਕਰ ਕੇ ਜਾਰੀ ਕੀਤੇ ਉਪਰੋਕਤ ਇਸ਼ਤਿਹਾਰ ਵਿੱਚ ਪ੍ਰਗਟ ਕੀਤਾ ਗਿਆ ਹੈ। ਲਿਖਿਆ ਹੈ ਕਿ “ 2 ਸਤੰਬਰ 1764 ਨੂੰ ਤੇਰਵੀਂ ਮਿਸਲ ਦੇ ਮੁਖੀ ਰੰਘਰੇਟੇ ਬਾਬਾ ਬੀਰ ਸਿੰਘ ਬੰਗਸ਼ੀ ਜੀ ਨੂੰ 500 ਘੋੜ ਸਵਾਰ ਮਜ਼ਹਬੀ ਸਿੰਘਾਂ ਸਮੇਤ ਸਿੱਖ ਧਰਮੀ ਭਰਾਵਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪੰਜ ਪੰਜ ਸਿੰਘਾਂ ਦੇ ਰੂਪ ਵਿੱਚ ਧੋਖੇ ਨਾਲ ਬੁਲਾ ਕੇ ਕਤਲ ਕਰ ਦਿੱਤਾ ਸੀ ।”  ਗੁਰਮਤ ਸਿਧਾਂਤਾਂ ਤੇ ਖ਼ਾਲਸਈ ਪਰੰਪਰਾ ਦੇ ਵਿਪਰੀਤ ਅਜਿਹੀ ਨਿਰਦਈ ਤੇ ਫੁੱਟ ਪਾਊ ਘਟਨਾ, ਇਸ ਲਈ ਵੀ ਨਾ ਮੰਨਣਯੋਗ ਹੈ ਕਿਉਂਕਿ ਉਸ ਵੇਲੇ ਤਾਂ ਅਜੇ ਦੋ ਸਾਲ ਹੋਏ ਸਨ ਅਬਦਾਲੀ ਦੀ ਕਮਾਂਡ ਹੇਠ ਵਾਪਰੇ ਵੱਡੇ ਘਲੂਘਾਰੇ ਨੂੰ, ਜਿਸ ਵਿੱਚ 30000 ਤੋਂ ਵੱਧ ਸਿੰਘ ਸਿੰਘਣੀਆਂ ਤੇ ਬੱਚੇ ਪਹਿਲਾਂ ਹੀ ਸ਼ਹੀਦ ਹੋ ਚੁਕੇ ਸਨ । ਪੰਥਕ ਆਗੂਆਂ ਲਈ ਉਹ ਵੇਲਾ ਤਾਂ ਸੀ ਆਪਣੇ ਛੋਟੇ-ਮੋਟੇ ਜਥੇਬੰਦਕ ਮਤਭੇਦ ਭੁਲਾ ਕੇ ਮੁੜ ਗਲਵਕੜੀਆਂ ਪਾਉਣ ਦਾ ਨਾ ਕਿ ਆਪਣੇ ਸੂਰਬੀਰ ਭਰਾਵਾਂ ਨੂੰ ਧੋਖੇ ਨਾਲ ਕਤਲ ਕਰਨ ਦਾ ਅਤੇ ਉਹ ਵੀ ਸ੍ਰੀ ਦਰਬਾਰ ਸਾਹਿਬ ਵਿੱਚ ।

ਪੰਥ ਨੂੰ ਇਹ ਵੀ ਗਿਆਤ ਹੋਵੇ ਕਿ ਉਪਰੋਕਤ ਝੂਠਾ ਪ੍ਰਾਪੇਗੰਡਾ ਕਰਨ ਵਾਲੀ ‘ਫੋਰਸ ਵੰਨ’ ਜਥੇਬੰਦੀ ਦੇ ਸੰਸਥਾਪਕ ਹਨ ਸਾਬਕਾ ਆਈ. ਏ. ਐਸ. ਅਫ਼ਸਰ ਡਾ. ਸਵਰਨ ਸਿੰਘ, ਜੋ ਕਾਂਗਰਸ ਦੇ ਸਾਬਕਾ ਕੇਂਦਰੀ ਮੰਤ੍ਰੀ ਰਹੇ ਸ੍ਰ. ਬੂਟਾ ਸਿੰਘ ਦੇ ਨਿਕਟਵਰਤੀ ਸਬੰਧੀ ਹਨ । ਦੁਖਦਾਈ ਖ਼ਬਰ ਇਹ ਹੈ ਕਿ ਇਸ ਸਰਕਾਰੀ ਟੋਲੇ ਨੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ਸਤਿਕਾਰਯੋਗ ਬਾਬਾ ਮੇਜਰ ਸਿੰਘ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ । ਸੁਣਿਆ ਹੈ ਕਿ ਬਾਦਲ ਦਲ ਵੱਲੋਂ ਦਲਿਤ ਭਾਈਚਾਰੇ ਦੇ ਮੁਖੀਆਂ ਵਜੋਂ ਪੰਜਾਬ ਤੇ ਕੇਂਦਰ ਵਿੱਚ ਮੰਤਰੀ ਰਹਿ ਚੁੱਕੇ ਦੋ ਸਿੱਖ ਆਗੂਆਂ ਦਾ ਵੀ ਇਸ ਟੋਲੇ ਨੂੰ ਥਾਪੜਾ ਮਿਲ ਚੁੱਕਾ ਹੈ । ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਾਹੀਦਾ ਹੈ ਕਿ ਸਿੱਖ ਇਤਿਹਾਸਕਾਰਾਂ ਨੂੰ ਬੁਲਾ ਕੇ ਇਸ ਵਿਸ਼ੇ ’ਤੇ ਜਲਦੀ ਸੈਮੀਨਾਰ ਕਰਵਾਇਆ ਜਾਏ ਅਤੇ ਫਿਰ ਅਜਿਹਾ ਝੂਠਾ ਤੇ ਗੁੰਮਰਾਹਕੁਨ ਪ੍ਰਚਾਰ ਕਰਨ ਵਾਲਿਆਂ ਪ੍ਰਤੀ ਕਾਨੂੰਨੀ ਕਾਰਵਾਈ ਕਰ ਕੇ ਅਦਾਲਤ ਰਾਹੀਂ ਵੀ ਘਸੀਟਿਆ ਜਾਏ । ਆਸ ਹੈ ਕਿ ਰੰਘਰੇਟੇ ਗੁਰੂ ਕੇ ਬੇਟੇ ਤੇ ਪੰਥ-ਦਰਦੀ ਆਗੂ ਉਪਰੋਕਤ ਜਥੇਬੰਦੀ ਨੂੰ ਆਪਣੇ ਘਨਾਉਣੇ ਮਨਸੂਬਿਆਂ ਵਿਚ ਸਫਲ ਨਹੀਂ ਹੋਣ ਦੇਣਗੇ ।

ਨੋਟ : ਸੋਸ਼ਲ ਮੀਡੀਏ ਮੁਤਾਬਿਕ ਉਪਰੋਕਤ ਇਸ਼ਤਿਹਾਰ ਜਾਰੀ ਕਰਨ ਵੇਲੇ 17-8-2017 ਨੂੰ ਪਿੰਡ ਰਾਜਾਂਵਾਲੇ ਵਿਖੇ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ ਮੈਂਬਰਾਂ ਦੇ ਨਾਮ ਇਸ ਪ੍ਰਕਾਰ ਹਨ : ਡਾ. ਜੱਗਾ ਸਿੰਘ ਕਾਦਰ ਵਾਲਾ, ਲੈਕਚਰਾਰ ਸੁਖਵਿੰਦਰ ਸਿੰਘ, ਰਜਿੰਦਰ ਸਿੰਘ ਰਿਆੜ, ਬੀਬੀ ਬਲਵੀਰ ਕੌਰ, ਬੀਬੀ ਪਰਮਜੀਤ ਕੌਰ, ਸ੍ਰ. ਗੁਰਮੁਖ ਸਿੰਘ ਤੇ ਨੌਨਿਹਾਲ ਸਿੰਘ ਖ਼ਾਲਸਾ ।

ਇਸ਼ਤਿਹਾਰ ਜਾਰੀ ਕਰਨ ਦੀ ਫੋਟੋ ਵੀ ਪ੍ਰੈਸਨੋਟ ਨਾਲ ਅਟੈਚ ਕੀਤੀ ਗਈ ਹੈ ।

ਸੰਗਰਾਂਦ ਤੋਂ ਕੀ ਭਾਵ ਹੈ ਤੇ ਸਿੱਖ ਧਰਮ ਵਿੱਚ ਇਸ ਦਾ ਕੀ ਮਹੱਤਵ ਹੈ ?

0

ਸੰਗਰਾਂਦ ਤੋਂ ਕੀ ਭਾਵ ਹੈ ਤੇ ਸਿੱਖ ਧਰਮ ਵਿੱਚ ਇਸ ਦਾ ਕੀ ਮਹੱਤਵ ਹੈ ?

ਅਵਤਾਰ ਸਿੰਘ ਮਿਸ਼ਨਰੀ

ਉੱਤਰ: ਸੰਗਰਾਂਦ ਸ਼ਬਦ ਸੰਸਕ੍ਰਿਤ ਦੇ ਸੰਕ੍ਰਾਂਤਿ ਸ਼ਬਦ ਦਾ ਪੰਜਾਬੀ ਰੂਪ ਹੈ । ਇਸ ਦਾ ਅਰਥ ਹੈ ਉਹ ਦਿਨ, ਜਿਸ ਵਿੱਚ ਸੂਰਜ ਨਵੀਂ ਰਾਸ਼ਿ ਪੁਰ ਸੰਕ੍ਰਮਣ (ਸੂਰਜ ਦਾ ਇੱਕ ਰਾਸ਼ਿ ਤੋਂ ਦੂਜੀ ’ਤੇ ਪਹੁੰਚਣਾ) ਕਰੇ; ਸੂਰਜ ਮਹੀਨੇ ਦਾ ਪਹਿਲਾ ਦਿਨ (ਮਹਾਨ ਕੋਸ਼) । ਜੇਹੜੇ ਲੋਕ ਸੂਰਜ ਦੀ ਪੂਜਾ ਕਰਦੇ ਹਨ, ਉਹ ਇਸ ਦਿਨ ਨੂੰ ਬੜਾ ਪਵਿੱਤ੍ਰ ਦਿਨ ਸਮਝਦੇ ਹਨ । ਇਸ ਦੀ ਪੂਜਾ ਆਦਿ ਕਰ ਕੇ ਪ੍ਰਾਰਥਨਾ ਕਰਦੇ ਹਨ ਕਿ ਹੇ ਸੂਰਜ ਦੇਵਤਾ ! ਸਾਡਾ ਇਹ ਮਹੀਨਾ ਸੁਖੀਂ ਸਾਂਦੀ ਲੰਘਾਵੀਂ ।

ਗੁਰੂ ਗਰੰਥ ਸਾਹਿਬ ਵਿੱਚ ਸੰਗ੍ਰਾਂਦ ਸ਼ਬਦ ਭਾਂਵੇ ਕਿਧਰੇ ਨਹੀਂ ਆਇਆ ਪਰ ਫਿਰ ਵੀ ਇਸ ਦਿਹਾੜੇ ਦੇ ਸਬੰਧ ਵਿੱਚ ਗੁਰਮਤਿ ਦੀ ਸੋਝੀ ਨਾ ਹੋਣ ਕਾਰਨ ਸਾਡੇ ਵਿੱਚ ਵੀ ਕਈ ਤਰ੍ਹਾਂ ਦੇ ਵਹਿਮ ਭਰਮ ਪ੍ਰਚਲਿਤ ਹਨ, ਜਿਵੇਂ ਕਿ ਮਹੀਨੇ ਦਾ ਨਾਮ ਇਸਤ੍ਰੀ ਦੇ ਮੁਹੋਂ ਨਹੀਂ ਸੁਣਨਾ ਚਾਹੀਦਾ, ਕਿਸੇ ਸਿਆਣੇ (ਪੁਰਸ਼) ਦੇ ਮੁੰਹੋਂ ਸੁਣਨਾ ਚਾਹੀਦਾ ਹੈ, ਆਦਿ ।

ਸਿੱਖ ਧਰਮ ਵਿੱਚ ਪੂਜਾ ਅਕਾਲ ਕੀ, ਦਾ ਸਿਧਾਂਤ ਹੈ, ਪਰ ਗੁਰੂ ਕਾਲ ਤੋਂ ਬਾਅਦ ਛੇਤੀ ਹੀ ਸਿੱਖਾਂ ਵਿੱਚ ਵੀ ਕਰਮਕਾਂਡਾਂ ਦਾ ਬੋਲ ਬਾਲਾ ਸ਼ੁਰੂ ਹੋ ਗਿਆ । ਚੂੰਕਿ ਖ਼ਾਲਸਾ ਪੰਥ ਨੂੰ ਆਪਣੀ ਹੋਂਦ ਨੂੰ ਬਚਾਉਣ ਲਈ ਭਾਰੀ ਸੰਘਰਸ਼ ਕਰਨਾ ਪਿਆ, ਜਿਸ ਕਾਰਨ ਪ੍ਰਚਾਰ ਵੱਲ ਇਤਨਾ ਧਿਆਨ ਨਾ ਦੇ ਸਕਿਆ । ਜਦ ਮਿਸਲਾਂ ਦਾ ਸਮਾਂ ਆਇਆ ਤਾਂ ਉਸ ਸਮੇਂ ਵੀ ਸਿੱਖ ਸਰਦਾਰਾਂ ਨੇ ਆਪਣੇ ਰਾਜ ਭਾਗ ਦੀਆਂ ਹੱਦਾਂ ਵਧਾਉਣ ਲਈ ਯਤਨ ਜ਼ਰੂਰ ਕੀਤਾ, ਪਰੰਤੂ ਸਿੱਖੀ ਦੇ ਪਰਚਾਰ ਵੱਲ ਧਿਆਨ ਨਾ ਦਿੱਤਾ ਗਿਆ । ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਮਹਾਰਾਜੇ ਨੇ ਜਾਗੀਰਾਂ ਤਾਂ ਗੁਰਦੁਆਰਿਆਂ ਨਾਲ ਬਹੁਤ ਲਗਵਾਈਆਂ ਪਰ ਪਰਚਾਰ ਦੇ ਖੇਤਰ ਵਿੱਚ ਕੋਈ ਉਸਾਰੂ ਕੰਮ ਨਹੀਂ ਹੋਇਆ । ਧਾਰਮਿਕ ਰਹੁ ਰੀਤਾਂ `ਚੋਂ ਗੁਰਮਤਿ ਦੀ ਖ਼ੁਸ਼ਬੋ ਦੀ ਥਾਂ ਕਰਮਕਾਂਡ ਦੀ ਸੜਾਂਦ ਪਹਿਲਾਂ ਵਾਂਗ ਹੀ ਬਰਕਰਾਰ ਰਹੀ । ਸਿੱਟੇ ਵਜੋਂ ਸਿੱਖਾਂ ਵਿੱਚ ਕਰਮਕਾਂਡਾਂ ਦਾ ਬੋਲਬਾਲਾ ਦਿਨ ਪ੍ਰਤੀ ਦਿਨ ਵਧਦਾ ਹੀ ਚਲਾ ਗਿਆ । ਗੁਰਦੁਆਰੇ ਕੇਵਲ ਕਹਿਣ ਨੂੰ ਗੁਰਦੁਆਰੇ ਸਨ, ਪਰ ਸਹੀ ਅਰਥਾਂ ਵਿੱਚ ਕਰਮਕਾਂਡ ਦਾ ਕੇਂਦਰ ਬਣ ਚੁਕੇ ਸਨ । ਖ਼ਾਲਸਾ ਪੰਥ ਵਹਿਮਾਂ ਭਰਮਾਂ ਦੀ ਦਲਦਲ ਵਿੱਚ ਕਿੱਥੋਂ ਤੱਕ ਫਸ ਚੁਕਾ ਸੀ, ਇਸ ਦੀ ਇੱਕ ਉਦਾਹਰਣ ਦਿੱਤੀ ਜਾ ਰਹੀ ਹੈ । ਅਕਤੂਬਰ 1856 ਨੂੰ ਦਰਬਾਰ ਸਾਹਿਬ ਦੇ ਮੁੱਖ ਗਰੰਥੀ ਭਾਈ ਜੱਸਾ ਸਿੰਘ ਹੁਰਾਂ ਦਾ ਦੇਹਾਂਤ ਮੰਜੀ ਉਤੇ ਹੋ ਜਾਣ ਕਾਰਨ ਪੁਜਾਰੀਆਂ ਨੇ ਭਾਈ ਸਾਹਿਬ ਬਾਰੇ ਇਹ ਗੱਲ ਧੁੰਮਾ ਦਿੱਤੀ ਕਿ ਉਹ ਬੇ ਗਤੇ ਮਰੇ ਹਨ । ਹਰਿਦੁਆਰ ਜਾ ਕੇ ਉਹਨਾਂ ਦੀ ਗਤੀ ਕਰਾਉਣ ਦੀਆਂ ਸਲਾਹਾਂ ਦਿੱਤੀਆਂ ਜਾਣ ਲੱਗ ਪਈਆਂ । ਬਾਬਾ ਦਰਬਾਰਾ ਸਿੰਘ ਜੀ ਨੇ ਬਾਬਾ ਬਿਕਰਮ ਸਿੰਘ (ਬੇਦੀ), ਜੋ ਅਕਾਲ ਤਖ਼ਤ ਦੇ ਪੁਜਾਰੀ ਸਨ ਅਤੇ ਹੋਰ ਅਜੇਹੀ ਸੋਚ ਰੱਖਣ ਵਾਲਿਆ ਨੂੰ ਸਮਝਾਇਆ ਕਿ ਜੇਕਰ ਗੁਰੂ ਗਰੰਥ ਸਾਹਿਬ ਦੀ ਸੇਵਾ ਸੰਭਾਲ, ਸਿੱਖੀ ਦਾ ਨਿਤਨੇਮ, ਰਹਿਣੀ ਆਦਿ ਕਰਮ ਉਹਨਾਂ ਦੀ ਗਤੀ ਨਹੀਂ ਕਰਾ ਸਕਦੇ ਤਾਂ ਕੀ ਬ੍ਰਾਹਮਣਾਂ ਦਾ ਕਰਮਕਾਂਡ ਵਧੇਰੇ ਮਹੱਤਤਾ ਰੱਖਦਾ ਹੈ ਜਿਹੜਾ ਭਾਈ ਸਾਹਿਬ ਦੀ ਗਤੀ ਕਰਾ ਦੇਵੇਗਾ ? ਬਾਬਾ ਬਿਕਰਮ ਸਿੰਘ ਹੁਰਾਂ ਦਾ ਉੱਤਰ ਸੀ ਕਿ ਬਰਾਦਰੀ ਤੇ ਜਨਤਾ ਨਾਲ ਮੇਲ ਮਿਲਾਪ ਕਾਇਮ ਰੱਖਣ ਲਈ ਲੋਕਾਚਾਰੀ ਨੂੰ ਨਿਭਾਉਣਾ ਅੱਵਸ਼ਕ ਹੈ । ਪਾਠਕ ਜਨ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਸਾਡੇ ਧਾਰਮਿਕ ਆਗੂ ਗੁਰਮਤਿ ਦੇ ਕਿੰਨੇ ਕੁ ਗਿਆਤਾ ਸਨ ਅਤੇ ਕਿਹੋ ਜੇਹਾ ਇਹਨਾਂ ਗੁਰਧਾਮਾਂ `ਤੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਸਨ । (ਨੋਟ: ਅੱਜ ਦੇ ਧਾਰਮਿਕ ਆਗੂਆਂ ਦੀ ਹਾਲਤ ਕਈ ਪੱਖਾਂ ਤੋਂ ਪਹਿਲਾਂ ਨਾਲੋਂ ਵੀ ਭੈੜੀ ਹੋ ਗਈ ਹੈ ।) ਅਜੇਹੀ ਸਥਿੱਤੀ ਵਿੱਚ ਆਮ ਸੰਗਤਾਂ ਤੋਂ ਗੁਰਮਤਿ ਸਿਧਾਂਤਾਂ ਦੀ ਸੋਝੀ ਦੀ ਕੀ ਆਸ ਰੱਖੀ ਜਾ ਸਕਦੀ ਸੀ ? ਕੁੱਝ ਸੁਧਾਰਕ ਲਹਿਰਾਂ ਚੱਲੀਆਂ ਜਿਹਨਾਂ ਨੇ ਆਪੋ ਆਪਣੀ ਵਿਤ ਅਨੁਸਾਰ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ ਚੰਗਾ ਯੋਗਦਾਨ ਪਾਇਆ  । ਇਹਨਾਂ ਵਿੱਚ ਨਿਰੰਕਾਰੀ ਲਹਿਰ, ਸਿੰਘ ਸਭਾ ਲਹਿਰ ਆਦਿ ਦੇ ਨਾਮ ਵਿਸ਼ੇਸ਼ ਤੌਰ `ਤੇ ਵਰਣਨ ਯੋਗ ਹਨ । ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਪੰਥ ਦੇ ਹੱਥਾਂ `ਚ ਆਉਣ ਨਾਲ ਭਾਵੇਂ ਗੁਰਦੁਆਰਿਆਂ ਵਿੱਚ ਕੁੱਝ ਕੁ ਸੁਧਾਰ ਜ਼ਰੂਰ ਹੋਇਆ ਪਰ ਜਿਤਨਾ ਹੋਣਾ ਚਾਹੀਦਾ ਸੀ ਉਤਨਾ ਨਾ ਹੋ ਸਕਿਆ । ਜਿਵੇਂ ਜਿਵੇਂ ਸਮਾਂ ਗੁਜ਼ਰਦਾ ਗਿਆ ਗੁਰਦੁਆਰਿਆਂ ਦੀ ਹਾਲਤ ਸੁਧਰਨ ਦੀ ਥਾਂ ਵਿਗੜਦੀ ਚਲੀ ਗਈ ਅਤੇ ਦਿਨ ਪ੍ਰਤੀ ਦਿਨ ਹੋਰ ਵਿਗੜਦੀ ਹੀ ਜਾ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਦੁਆਰਿਆਂ ਦੀਆਂ ਇਮਾਰਤਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁੰਦਰ ਬਣ ਗਈਆਂ ਹਨ, ਸੰਗਤਾਂ ਦੀ ਰਿਹਾਇਸ਼ ਆਦਿ ਦੇ ਪ੍ਰਬੰਧ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਹਨ, ਇਸ ਦੇ ਨਾਲ ਲੰਗਰ ਆਦਿ ਦਾ ਪ੍ਰਬੰਧ ਵੀ ਪਹਿਲਾਂ ਨਾਲੋਂ ਚੰਗੇਰਾ ਹੈ ਅਤੇ ਕਥਾ ਕੀਰਤਨ ਦੇ ਪ੍ਰਵਾਹ ਦੇ ਨਾਲ ਅਖੰਡ ਪਾਠਾਂ ਦੀਆਂ ਲੜੀਆਂ ਵੀ ਅਤੁੱਟ ਚਲ ਰਹੀਆਂ ਹਨ, ਪਰੰਤੂ ਫਿਰ ਵੀ ਕਰਮਕਾਂਡ ਘਟਨ ਦੀ ਬਜਾਇ ਦਿਨ ਪ੍ਰਤੀ ਦਿਨ ਵਧਦੇ ਹੀ ਜਾ ਰਹੇ ਹਨ । ਜਿਸ ਦਾ ਮੁੱਖ ਕਾਰਨ ਇਹ ਹੈ ਕਿ ਇਹਨਾਂ ਉਪਰਾਲਿਆਂ ਰਾਹੀਂ ਗੁਰਮਤਿ ਦੀਆਂ ਕਦਰਾਂ ਕੀਮਤਾਂ ਨੂੰ ਪ੍ਰਚਾਰਨਾ ਨਹੀਂ ਬਲਕਿ ਇਹਨਾਂ ਰਾਹੀਂ ਮਾਇਕ ਪੱਖ ਨੂੰ ਮਜ਼ਬੂਤ ਕਰਨਾ ਹੈ ।

ਖ਼ੈਰ, ਗੁਰੂ ਗਰੰਥ ਸਾਹਿਬ ਵਿੱਚ ਦੋ ਬਾਰਹ ਮਾਹਾਂ ਹਨ, ਇੱਕ ਮਾਝ ਰਾਗ ਵਿੱਚ ਗੁਰੂ ਅਰਜਨ ਸਾਹਿਬ ਦਾ ਉਚਾਰਿਆ ਹੋਇਆ ਅਤੇ ਦੂਜਾ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ । ਇਹਨਾਂ ਦੋਹਾਂ ਬਾਰਹ ਮਾਹਾਂ ਦਾ ਸੰਗਰਾਂਦ ਨਾਲ ਕੋਈ ਸਬੰਧ ਨਹੀਂ ਹੈ । ਬਾਰਹ ਮਾਹਾਂ ਲੋਕ ਕਾਵਿ ਦਾ ਇੱਕ ਰੂਪ ਹੈ ਜਿਸ ਵਿੱਚ ਬਾਰਾਂ ਮਹੀਨਿਆਂ ਦੇ ਅਧਾਰ ਉੱਤੇ ਕਾਵਿ ਸਿਰਜਣਾ ਕੀਤੀ ਗਈ ਗਈ ਹੈ । ਗੁਰੂ ਗਰੰਥ ਸਾਹਿਬ ਵਿੱਚ ਰੁੱਤਾਂ ਦੇ ਅਧਾਰ ’ਤੇ ਕੇਵਲ ਬਾਰਹ ਮਾਹਾਂ ਹੀ ਨਹੀਂ ਬਲਕਿ ‘ਦਿਨ ਰੈਣ, ਥਿਤੀ, ਵਾਰ ਸਤ ਅਤੇ ਰੁਤੀ ‘ਦੇ ਸਿਰਲੇਖਾਂ ਹੇਠਾਂ ਵੀ ਬਾਣੀ ਉਚਾਰਨ ਕੀਤੀ ਗਈ ਹੈ । ਗੁਰੂ ਗਰੰਥ ਸਾਹਿਬ ਵਿੱਚ ਕਿਸੇ ਵੀ ਸ਼ਬਦ ਵਿੱਚ ਕਿਸੇ ਵੀ ਦਿਨ ਬਾਰੇ ਇਹ ਨਹੀਂ ਆਖਿਆ ਗਿਆ ਕਿ ਅਮਕਾ ਦਿਨ ਆਪਣੇ ਆਪ ਵਿੱਚ ਚੰਗਾ ਜਾਂ ਮਾੜਾ ਹੈ । ਹਾਂ, ਇਹ ਜ਼ਰੂਰ ਆਖਿਆ ਗਿਆ ਹੈ ਕਿ ਆਮ ਸਾਧਾਰਨ ਦਿਨ ਨੂੰ ਚੰਗਾ ਅਥਵਾ ਸਫਲ ਕਿਵੇਂ ਬਣਾਇਆ ਜਾ ਸਕਦਾ ਹੈ । ਗੁਰੂ ਨਾਨਕ ਜੋਤ ਦੇ ਪੰਜਵੇਂ ਪ੍ਰਕਾਸ਼ ਇਸ ਸਬੰਧ `ਚ ਫ਼ਰਮਾਉਂਦੇ ਹਨ, “ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ”॥੧॥ {ਪੰਨਾ 318}

ਕਈ ਸੱਜਣ ਇਹ ਕਹਿੰਦੇ ਹਨ ਕਿ ਜੀ ਸੰਗਰਾਂਦ ਦੇ ਬਹਾਨੇ ਨਾਲ ਲੋਕੀਂ ਗੁਰਦੁਆਰੇ ਮੱਥਾ ਟੇਕਣ ਆ ਜਾਂਦੇ ਹਨ । ਇਸ ਲਈ ਇਸ ਵਿੱਚ ਮਾੜਾ ਵੀ ਕੀ ਹੈ ? ਅਜੇਹੇ ਸੱਜਣ ਇਸ ਗੱਲ ਨੂੰ ਨਹੀਂ ਵਿਚਾਰਦੇ ਕਿ ਗੁਰਦੁਆਰੇ ਪੂਜਾ ਸਥਾਨ ਨਹੀਂ ਬਲਕਿ ਸਿੱਖ ਧਰਮ ਦੇ ਪ੍ਰਚਾਰ- ਪਸਾਰ ਦਾ ਧੁਰਾ ਹਨ । ਗੁਰਮਤਿ ਨੂੰ ਸਮਝਣ ਦਾ ਕੇਂਦਰ ਹਨ, ਜਿੱਥੋਂ ਅਸੀਂ ਗੁਰਮਤਿ ਨੂੰ ਸਮਝਣਾ ਹੈ; ਜੇਕਰ ਗੁਰਦੁਆਰੇ ਕਿਸੇ ਵਹਿਮ ਭਰਮ ਅਧੀਨ ਜਾਂਦੇ ਹਾਂ ਜਾਂ ਹੋਰ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਕੇ ਮੁੜਦੇ ਹਾਂ ਤਾਂ ਹੋਰ ਕੇਹੜਾ ਥਾਂ ਹੈ ਜਿਸ ਥਾਂ ’ਤੇ ਜਾ ਕੇ ਅਸੀਂ ਗੁਰਮਤਿ ਨੂੰ ਸਮਝਣਾ ਹੈ । ਇਸ ਪਾਠਸ਼ਾਲਾ `ਚੋਂ ਹੀ ਤਾਂ ਅਸੀਂ ਅਗਿਆਨਤਾ ਦੇ ਅੰਧੇਰੇ ਨੂੰ ਗੁਰੂ ਗਿਆਨ ਦੇ ਪ੍ਰਕਾਸ਼ ਨਾਲ ਮਿਟਾਉਣਾ ਹੈ। ਭਰਮ ਦਾ ਸ਼ਿਕਾਰ ਹੋਣ ਕਾਰਨ ਹੀ ਅਸੀਂ ਜਾਣੇ ਅਣਜਾਣੇ ਬਾਣੀ ਵਿੱਚ ਫ਼ਰਕ ਕਰਨ ਲੱਗ ਪੈਂਦੇ ਹਾਂ । ਸਾਡਾ ਧਿਆਨ ਮਹੀਨੇ ਦੇ ਨਾਮ ਵਲ ਹੀ ਲਗਿਆ ਹੁੰਦਾ ਹੈ ਅਤੇ ਕਈ ਵਾਰ ਤਾਂ ਅਜੇਹਾ ਵੇਖਣ ਨੂੰ ਮਿਲਦਾ ਹੈ ਕਿ ਮਹੀਨੇ ਦਾ ਨਾਂ ਸੁਣ ਕੇ ਅਗਲੀਆਂ ਪੰਗਤੀਆਂ ਸੁਣਨ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ ਜਾਂਦੀ । ਕਈ ਵਾਰ ਤਾਂ ਕਈ ਸੱਜਣ ਘੰਟਾ ਦੋ ਘੰਟੇ ਪਾਠ ਜਾਂ ਕੀਰਤਨ ਆਦਿ ਸੁਣਨ ਉਪਰੰਤ ਵੀ ਮਹੀਨੇ ਦਾ ਨਾਮ ਜੇਕਰ ਨਾ ਸੁਣ ਸਕਣ ਤਾਂ ਡਾਢੇ ਮਾਯੂਸ ਹੋ ਜਾਂਦੇ ਹਨ । ਇਸ ਨਿਰਾਸਤਾ ਦਾ ਕਾਰਨ ਸੰਗਰਾਂਦ ਬਾਰੇ ਭਰਮ ਹੀ ਹੈ ।

(ਨੋਟ: ਸ਼ਾਇਦ ਇਹੀ ਕਾਰਨ ਹੈ ਕਿ ਗੁਰਮਤਿ ਦੀ ਸੋਝੀ ਰੱਖਣ ਵਾਲੇ ਸੱਜਣ ਸਾਡੇ ਧਾਰਮਿਕ ਸਥਾਨਾਂ ਵਿੱਚ ਕਰਮਕਾਂਡਾਂ ਦਾ ਬੋਲਬਾਲਾ ਦੇਖ ਕੇ, ਇਹਨਾਂ ਧਾਰਮਿਕ ਸਥਾਨਾਂ ਵਿੱਚ ਗੁਰਮਤਿ ਦੇ ਪ੍ਰਚਾਰ ਦੀ ਆਸ ਲਾਹ ਕੇ, ਗੁਰਮਤਿ ਦੇ ਪ੍ਰਚਾਰ ਲਈ ਹੋਰ ਸਾਧਨ ਅਪਣਾਉਣ ਲਈ ਮਜਬੂਰ ਹੋ ਗਏ ਹਨ ।)

ਗੁਰਦੁਆਰੇ ਤਾਂ ਸਿੱਖੀ ਦੀ ਟਕਸਾਲ ਹਨ ਜਿੱਥੋਂ ਅਸੀਂ ਸਿੱਖੀ ਜੀਵਨ ਜਾਚ ਸਿੱਖਣੀ ਹੈ; ਗੁਰਮਤਿ ਨੂੰ ਸਮਝਣਾ ਹੈ। ਜੇਕਰ ਇਹਨਾਂ ਸਿੱਖੀ ਦੇ ਸੋਮਿਆਂ `ਚ ਅਸੀਂ ਇਹੋ ਜੇਹੇ ਕਰਮਕਾਂਡਾਂ ਕਾਰਨ ਹੀ ਹਾਜ਼ਰੀ ਭਰਦੇ ਰਹੇ ਜਾਂ ਸਾਡੇ ਇਹ ਗੁਰਧਾਮ ਕਰਮਕਾਂਡਾ ਨੂੰ ਬਢਾਵਾ ਦੇਂਦੇ ਰਹੇ, ਤਾਂ ਫਿਰ ਅਸੀਂ ਗੁਰਮਤਿ ਦੀ ਪ੍ਰੇਰਨਾ ਹੋਰ ਕਿੱਥੋਂ ਲਵਾਂਗੇ ?  ਭਾਈ ਗੁਰਦਾਸ ਜੀ ਸਾਨੂੰ ਮਾਇਆ ਦੇ ਮੋਹ ਵਿੱਚ ਘੂਕ ਸੁੱਤਿਆਂ ਨੂੰ ਝੰਝੋੜ ਕੇ ਜਗਾਉਂਦਿਆਂ ਹੋਇਆਂ, ਗੁਰਦੁਆਰੇ ਦੀ ਮਹੱਤਤਾ ਨੂੰ ਇਸ ਤਰ੍ਹਾਂ ਦਰਸਾਉਂਦੇ ਹਨ:-ਬਾਹਰ ਕੀ ਅਗਨਿ ਬੁਝਤ ਜਲ ਸਰਿਤਾ ਕੈ, ਨਾਉ ਮੈ ਜੌ ਆਗ ਲਾਗੈ ਕੈਸੇ ਕੈ ਬੁਝਾਈਐ ?  ।  ਬਾਹਰ ਸੇ ਭਾਗ ਓਟ ਲੀਜੀਅਤ ਕੋਟ ਗੜ੍ਹ, ਗੜ੍ਹ ਮੈ ਜੌ ਲੂਟ ਲੀਜੈ ਲਹੋ ਕਤ ਜਾਈਐ ? ਚੋਰਨ ਕੇ ਤ੍ਰਾਸ ਜਾਇ ਸਰਨ ਗਹੇ ਨਰਿੰਦ, ਮਾਰੇ ਮਹੀਪਤਿ ਜੀਉ ਕੈਸੇ ਕੈ ਬਚਾਈਐ ? ਮਾਯਾ ਡਰ ਡਰਪਤ ਹਾਰ ਗੁਰੁਦੁਆਰੇ ਜਾਵੈ, ਤਹਾਂ ਜੌ ਮਾਯਾ ਬਿਆਪੈ ਕਹਾਂ ਠਹਿਰਾਈਐ ? ਮਾਯਾ ਤੋਂ ਭਾਵ ਉਸ ਰਹਿਣੀ, ਵਿਸ਼ਵਾਸ, ਸੋਚ ਅਤੇ ਪਕੜ ਆਦਿ ਤੋਂ ਹੈ, ਜਿਸ ਦੇ ਪ੍ਰਭਾਵ ਕਾਰਨ ਅਸੀਂ ਗੁਰਮਤਿ ਦਾ ਲੜ ਛੱਡ ਕੇ ਮਨਮਤਿ ਅਥਵਾ ਮਨਮੁੱਖਤਾ ਦੇ ਦਾਮਨ ਨੂੰ ਘੁੱਟ ਕੇ ਫੜ ਲੈਂਦੇ ਹਾਂ । ਅਸੀਂ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਕੇ ਗੁਰਮਤਿ ਦੇ ਗਾਡੀ ਮਾਰਗ ਤੋਂ ਭਟਕ ਕੇ ਕਰਮਕਾਂਡ ਦੇ ਰਸਤੇ ਨੂੰ ਅਪਣਾ ਲੈਂਦੇ ਹਾਂ ਅਤੇ ਇਸ ਕਰਮਕਾਂਡ ਵਾਲੇ ਮਾਰਗ ਨੂੰ ਹੀ ਗੁਰਮਤਿ ਦਾ ਮਾਰਗ ਸਮਝ ਕੇ ਅੱਖਾਂ ਮੀਚ ਕੇ ਤੁਰੇ ਜਾਂਦੇ ਹਾਂ ।

ਸਾਨੂੰ ਇੱਕ ਭੁਲੇਖਾ ਇਹ ਪਿਆ ਹੋਇਆ ਹੈ ਕਿ ਗੁਰਦੁਆਰੇ ਆਉਣ ਵਾਲੇ ਸ਼ਰਧਾਲੂਆਂ ਦੀ ਸ਼ਰਧਾ ਨੂੰ ਠੇਸ ਨਾ ਪੁੱਜੇ । ਇਸ ਡਰ ਅਤੇ ਧਾਰਨਾ ਕਾਰਨ ਹੀ ਧਾਰਮਿਕ ਅਸਥਾਨਾਂ `ਚ ਆਉਣ ਜਾਣ ਵਾਲੇ ਸ਼ਰਧਾਲੂਆਂ ਦੀ ਅਜੇਹੀ ਸ਼ਰਧਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗੁਰਮਤਿ ਗਿਆਨ ਦੀ ਸਾਂਝ ਪਾਉਣ ਤੋਂ ਸੰਕੋਚ ਕੀਤਾ ਜਾਂਦਾ ਹੈ । ਸਾਨੂੰ ਸ਼ਰਧਾ ਬਾਰੇ ਗੁਰਮਤਿ ਦਾ ਪੱਖ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਗਰੰਥ ਸਾਹਿਬ ਅਨੁਸਾਰ ਸ਼ਰਧਾ ਦਾ ਸਰੂਪ ਕੀ ਹੈ । ਜਦ ਅਸੀਂ ਗੁਰਮਤਿ ਦਾ ਸ਼ਰਧਾ ਵਾਲਾ ਪੱਖ ਸਮਝ ਲਵਾਂਗੇ ਤਾਂ ਸਾਨੂੰ ਸਮਝ ਆ ਜਾਵੇਗੀ ਕਿ ਗੁਰਦੁਆਰੇ ਸ਼ਰਧਾਲੂਆਂ ਦੀ ਅਗਿਆਨਮਈ ਸ਼ਰਧਾ ਦੀ ਪੂਰਤੀ ਲਈ ਨਹੀਂ ਬਲਕਿ ਇਸ ਅਗਿਆਨਤਾ ਤੋਂ ਛੁਟਕਾਰਾ ਦਿਵਾਉਣ ਲਈ ਹੋਂਦ ਵਿੱਚ ਆਏ ਸਨ । ਗੁਰਦੁਆਰੇ ਭਰਮ ਦੇ ਛਉੜ ਕੱਟਣ ਲਈ ਹਨ ਨਾ ਕਿ ਇਹਨਾਂ ਵਿੱਚ ਸ਼ਰਧਾਲੂਆਂ ਨੂੰ ਫਸਾਉਣ ਲਈ । ਗੁਰੂ ਸਾਹਿਬ ਪਾਸ ਗੁਰੂ ਦੀ ਮਤਿ ਲੈਣ ਲਈ ਜਾਈਦਾ ਹੈ ਨਾ ਕਿ ਆਪਣੀ ਅਗਿਆਨਤਾ ਅਥਵਾ ਅੰਧਕਾਰ ਨੂੰ ਹੋਰ ਮਜ਼ਬੂਤ ਕਰਨ ਲਈ । ਗੁਰੂ ਗਰੰਥ ਸਾਹਿਬ ਸਾਨੂੰ ਥਿੱਤਾਂ ਵਾਰਾਂ ਆਦਿ ਨਾਲ ਜੁੜੇ ਹੋਏ ਵਹਿਮਾਂ ਭਰਮਾਂ ਤੋਂ ਉਪਰ ਉਠਾਉਂਦੇ ਹੋਏ ਫਿਰ ਅਜੇਹਾ ਆਖਦੇ ਹਨ: ‘ਥਿਤੀ ਵਾਰ ਸੇਵਹਿ ਮੁਗਧ ਗਵਾਰ॥’ ਪਰ ਕੀ ਅਸੀਂ ਉਹਨਾਂ ਦੀ ਹਜ਼ੂਰੀ ਵਿੱਚ ਹੀ ਇੰਝ ਆਖ ਕੇ ਕਿ ਅੱਜ ਬੜਾ ਪਵਿਤ੍ਰ ਅਥਵਾ ਸ਼ੁਭ ਦਿਹਾੜਾ ਹੈ, ਗੁਰੂ ਸਾਹਿਬ ਦੀ ਬਖ਼ਸ਼ਿਸ਼ ਕੀਤੀ ਵਿਚਾਰਧਾਰਾ ਦਾ ਮਜ਼ਾਕ ਨਹੀਂ ਉਡਾ ਰਹੇ ਹੁੰਦੇ ਹਾਂ ? ਇਹ ਕਿਹੋ ਜੇਹੀ ਗੁਰੂ ਦੀ ਉਪਮਾ ਕਰ ਰਹੇ ਹਾਂ । ਪ੍ਰਚਾਰਕ ਸ਼੍ਰੇਣੀ ਅਤੇ ਪ੍ਰਬੰਧਕ ਸੱਜਣਾਂ ਨੂੰ, ਇਸ ਗੱਲ ਨੂੰ ਹਮੇਸ਼ਾਂ ਹੀ ਮੁੱਖ ਰੱਖ ਕੇ ਗੁਰਮਤਿ ਸਿਧਾਂਤਾ ਉੱਤੇ ਪਹਿਰਾ ਦੇਣਾ ਚਾਹੀਦਾ ਹੈ ਕਿ ਗੁਰਦੁਆਰੇ ਗੁਰੂ ਦੀ ਮੱਤ ਦੇ ਪ੍ਰਚਾਰਨ ਦੇ ਸਥਾਨ ਹਨ ਨਾ ਕਿ ਮਨਮਤਿ ਨੂੰ ਦ੍ਰਿੜ ਕਰਾਉਣ ਜਾਂ ਮਾਇਕ ਪੱਖ ਜਾਂ ਆਮ ਮਨੁੱਖ ਦੀ ਨਰਾਜ਼ਗੀ ਜਾਂ ਪ੍ਰਸੰਨਤਾ ਨੂੰ ਮੁੱਖ ਰੱਖ ਕੇ ਗੁਰਮਤਿ ਦੇ ਸਿਧਾਂਤਾ ਨਾਲ ਖਿਲਵਾੜ ਕਰਨ ਦੇ । ਸਾਨੂੰ ਗੁਰਦੁਆਰਿਆਂ ਦੀ ਮਹੱਤਤਾ ਨੂੰ ਸਮਝ ਕੇ ਗੁਰੂ ਦਰਬਾਰ ਦੀ ਹਾਜ਼ਰੀ ਜੇਕਰ ਸੰਭਵ ਹੋਵੇ ਤਾਂ ਹਰ ਹੋਜ਼ ਹੀ ਭਰਨੀ ਚਾਹੀਦੀ ਹੈ । ਗੁਰਦੁਆਰੇ ਸਿੱਖ ਸੰਗਤਾਂ ਦੇ ਮਿਲ ਬੈਠਣ ਲਈ ਹੀ ਬਣਾਏ ਗਏ ਹਨ, ਜੇਕਰ ਸਿੱਖ ਸੰਗਤਾਂ ਹੀ ਇਹਨਾਂ ਸਥਾਨਾਂ `ਚ ਨਹੀਂ ਆਉਣਗੀਆਂ ਤਾਂ ਅਨਮਤਾਂ ਵਾਲਿਆਂ ਨੇ ਤਾਂ ਗੁਰਦੁਆਰੇ ਨਹੀਂ ਆਉਣਾ, ਸਿੱਖ ਸੰਗਤਾਂ ਨੇ ਹੀ ਆਉਣਾ ਹੈ । ਇਸ ਲਈ ਸਾਨੂੰ ਗੁਰਦੁਆਰਿਆਂ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਲਗਦੀ ਵਾਹੇ ਹਰੇਕ ਦਿਨ ਹੀ ਗੁਰਦੁਆਰਾ ਸਾਹਿਬ ਹਾਜ਼ਰੀ ਭਰਨੀ ਚਾਹੀਦੀ ਹੈ। ਕਿਸੇ ਵਹਿਮ ਭਰਮ ਆਦਿ ਨੂੰ ਮੁੱਖ ਰੱਖ ਕੇ ਕਿਸੇ ਵਿਸ਼ੇਸ਼ ਦਿਨ ਦੀ ਉਡੀਕ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਕਿਸੇ ਦਿਨ ਦੀ ਵਿਸ਼ੇਸ਼ ਮਹੱਤਤਾ ਜਾਂ ਮਹਾਤਮ ਵਾਲੇ ਭਰਮ ਵਿੱਚ ਵਿਸ਼ਵਾਸ ਕਰਨ ਦੀ ਲੋੜ ਹੈ। ਸਾਨੂੰ ਸੰਗਤ ਦੀ ਮਹੱਤਤਾ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਸਮਝਣ ਦੀ ਲੋੜ ਹੈ । ਅੰਤ ਵਿੱਚ ਭਾਈ ਗੁਰਦਾਸ ਜੀ ਵਲੋਂ, ਜੋ ਗੁਰਸਿੱਖਾਂ ਦੇ ਨਿਤ ਕਰਮ ਦਾ ਵਰਣਨ ਕੀਤਾ ਗਿਆ ਹੈ, ਉਸ ਵਲ ਪਾਠਕਾਂ ਦਾ ਧਿਆਨ ਦਿਵਾਇਆ ਜਾ ਰਿਹਾ ਹੈ: “ਗੁਰੁ ਸਿਖੀ ਦਾ ਦੇਖਣਾ, ਗੁਰਮੁਖਿ ਸਾਧ ਸੰਗਤਿ ਗੁਰਦੁਆਰਾ॥ ਗੁਰੁ ਸਿਖੀ ਦਾ ਚਖਣਾ, ਸਾਧ ਸੰਗਤਿ ਗੁਰੁ ਸਬਦੁ ਵੀਚਾਰਾ॥” (ਵਾਰ 28 ਵੀਂ ਪਉੜੀ 7)

ਸੋ, ਸੰਗਰਾਂਦ ਦਾ ਸਿੱਖ ਮੱਤ ਵਿੱਚ ਕੋਈ ਮਹੱਤਵ ਨਹੀਂ ਹੈ ਅਤੇ ਨਾ ਹੀ ਇਸ ਨੂੰ ਦੂਜਿਆਂ ਦਿਹਾੜਿਆਂ ਨਾਲੋਂ ਪਵਿੱਤਰ ਸਮਝਿਆ ਗਿਆ ਹੈ । ਇਸ ਦੇ ਪ੍ਰਚਲਿਤ ਹੋਣ ਦੇ ਕਈ ਕਾਰਨਾਂ `ਚੋਂ ਕੁੱਝ ਕੁ ਇਹ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਲੰਬਾ ਸਮਾਂ ਖ਼ਾਲਸਾ ਪੰਥ ਨੂੰ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਜੱਦੋ -ਜਹਿਦ ਕਰਦਿਆਂ ਜੰਗਲਾਂ, ਪਹਾੜਾਂ, ਰੇਗਿਸਤਾਨ ਆਦਿ `ਚ ਦਿਨ ਕੱਟੀ ਕਰਨ ਲਈ ਮਜਬੂਰ ਹੋਣ ਕਾਰਨ ਗੁਰਦੁਆਰਿਆਂ ਦੀ ਸੇਵਾ ਸੰਭਾਲ ਨੂੰ ਆਪ ਨਾ ਸੰਭਾਲ ਸਕਣ ਦੀ ਹਾਲਤ `ਚ, ਨਿਰਮਲੇ ਅਤੇ ਉਦਾਸੀਆਂ ਦਾ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨਾ ਅਤੇ ਗੁਰੂ ਗਰੰਥ ਸਾਹਿਬ ਦੀ ਕਥਾ ਵਿਚਾਰ ਦੇ ਜਗ੍ਹਾ ਗੁਰਮਤਿ ਵਿਰੋਧੀ ਪੁਸਤਕਾਂ ਦੀ ਕਥਾ ਦਾ ਪ੍ਰਾਰੰਭ ਹੋਣਾ, ਸਿੱਟੇ ਵਜੋਂ ਗੁਰਮਤਿ ਰਹਿਣੀ ਨੂੰ ਉਸ ਰਹੁ ਰੀਤ ਵਿੱਚ ਰੰਗ ਕੇ ਪੇਸ਼ ਕੀਤਾ ਜਾਣਾ, ਜਿਸ `ਚੋਂ ਗੁਰੂ ਸਾਹਿਬ ਨੇ ਬਾਹਰ ਕੱਢਿਆ ਸੀ, ਹਨ । ਜ਼ੁੰਮੇਵਾਰ ਸੱਜਣਾਂ ਨੂੰ ਭਾਵੇਂ ਉਹ ਪ੍ਰਬੰਧਕ ਦੇ ਰੂਪ `ਚ ਹਨ, ਚਾਹੇ ਗ੍ਰੰਥੀ ਸਿੰਘ ਜਾਂ ਪ੍ਰਚਾਰਕ ਦੇ ਰੂਪ ਵਿਚ, ਨੂੰ ਚਾਹੀਦਾ ਹੈ ਕਿ ਉਹ ਸੰਗਰਾਂਦ ਵਾਲੇ ਦਿਨ ਸੱਜਣ ਵਾਲੇ ਦੀਵਾਨ ਨੂੰ ਸੰਗਰਾਂਦ ਮਣਾਈ ਜਾਵੇਗੀ ਆਦਿ ਗੁਰਮਤਿ ਵਿਰੋਧੀ ਸ਼ਬਦ ਵਰਤਣ ਤੋਂ ਸੰਕੋਚ ਕਰ ਕੇ ਗੁਰ ਸ਼ਬਦ ਦੀ ਮਹਤੱਤਾ ਉੱਤੇ ਜ਼ੋਰ ਦੇ ਕੇ ਖ਼ਾਲਸੇ ਦੇ ਨਿਆਰੇਪਣ ਦੀ ਰਹਿਣੀ ਦਾ ਪ੍ਰਮਾਣ ਪੇਸ਼ ਕਰਨ। ਗੁਰਮਤਿ ਦੇ ਇਸ ਪੱਖ ਨੂੰ ਹੀ ਉਜਾਗਰ ਕਰਨ ਉੱਤੇ ਜ਼ੋਰ ਦੇਣ ਕਿ, “ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ, ਕਿਰਪਾ ਕਰਹੁ ਹਰੇ ॥” {ਪੰਨਾ 136}

ਅਰਥ: ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ (ਆਪਣੇ ਨਾਮ ਦੀ ਦਾਤਿ ਦੇਂਦਾ ਹੈ) ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਸੁਲੱਖਣੇ ਹਨ (ਸੰਗ੍ਰਾਂਦ ਆਦਿਕ ਦੀ ਪਵਿਤ੍ਰਤਾ ਦੇ ਭਰਮ-ਭੁਲੇਖੇ ਉਹਨਾਂ ਨੂੰ ਨਹੀਂ ਪੈਂਦੇ) । ਹੇ ਹਰੀ ! (ਮੇਰੇ ਉੱਤੇ) ਮਿਹਰ ਕਰ, ਮੈਂ ਨਾਨਕ (ਤੇਰੇ ਦਰ ਤੋਂ ਤੇਰੇ) ਦੀਦਾਰ ਦੀ ਦਾਤਿ ਮੰਗਦਾ ਹਾਂ ।

ਨਾਂ ਵਿਚ ਕੀ ਪਿਆ ਹੈ ?

0

ਨਾਂ ਵਿਚ ਕੀ ਪਿਆ ਹੈ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਚਿਰਾਂ ਤੋਂ ਸੁਣਦੇ ਆਏ ਹਾਂ-ਨਾਂ ਵਿਚ ਕੀ ਪਿਆ ਹੈ ? ਕਿਸੇ ਨੂੰ ਕਿਸੇ ਹੀ ਨਾਂ ਨਾਲ ਬੁਲਾ ਲਵੋ, ਕੀ ਫ਼ਰਕ ਪੈਂਦਾ ਹੈ ! ਵਿਗਿਆਨਿਕ ਪੱਖੋਂ ਅੱਜ ਵੇਖੀਏ ਕਿ ਨਾਂ ਵਿਚ ਅਸਲ ਵਿਚ ਕੀ ਪਿਆ ਹੈ ?

ਕਿਵੇਂ ਫ਼ਰਕ ਪੈਂਦਾ ਹੈ ਜਦੋਂ ਕਿਸੇ ਨੂੰ ਐਵੇਂ ਹੀ ‘ਕਾਕਾ’, ‘ਬੇਬੀ’, ‘ਗੁੱਡੀ’ ਜਾਂ ਫਿਰ ਉਸ ਦੇ ਸਹੀ ਨਾਂ ਨਾਲ ਬੁਲਾਇਆ ਜਾਵੇ ? ਦਿਮਾਗ਼ ਬਹੁਤ ਗੁੰਝਲਦਾਰ ਅੰਗ ਹੈ। ਇਸ ਉੱਤੇ ਕਿਸੇ ਨੂੰ ਉਸ ਦਾ ਨਾਂ ਲੈ ਕੇ ਬੁਲਾਉਂਦੇ ਸਾਰ ਬਹੁਤ ਹਿੱਸਿਆਂ ਵਿਚ ਹਲਚਲ ਹੋਣ ਲੱਗ ਪੈਂਦੀ ਹੈ।

ਦਿਮਾਗ਼ ਦੇ ਖੱਬੇ ਪਾਸੇ ਵਿਚ ਵਿਚਕਾਰਲੇ ਫਰੰਟਲ ਕੌਰਟੈਕਸ, ਟੈਂਪੋਰਲ ਕੌਰਟੈਕਸ ਤੇ ਕਿਊਨੀਅਸ ਹਿੱਸਿਆਂ ਵਿਚ ਸਿਰਫ਼ ਆਪਣਾ ਨਾਂ ਸੁਣਦੇ ਸਾਰ ਸਾਰੇ ਸੈੱਲ ਹਰਕਤ ਵਿਚ ਆ ਜਾਂਦੇ ਹਨ।

ਜਨਮ ਤੋਂ ਪਹਿਲੇ ਸਾਲ ਦੇ ਅੰਦਰ ਹੀ ਬੱਚੇ ਦਾ ਦਿਮਾਗ਼ ਬੁਲਾਏ ਜਾ ਰਹੇ ਨਾਂ ਨੂੰ ਸਮੋਣਾ ਸ਼ੁਰੂ ਕਰ ਦਿੰਦਾ ਹੈ। ਦੂਜੇ ਸਾਲ ਦੇ ਅੱਧ ਤੋਂ ਬਾਅਦ ਉਹ ਆਪਣੇ ਆਪ ਨੂੰ ਪਛਾਨਣਾ ਸ਼ੁਰੂ ਕਰਦਾ ਹੈ ਤੇ ਆਪਣੇ ਆਪ ਨੂੰ ਵੀ ਆਪਣੇ ਨਾਂ ਨਾਲ ਸੰਬੋਧਨ ਕਰਨ ਲੱਗ ਪੈਂਦਾ ਹੈ। ਮਸਲਨ, ਫ਼ੋਨ ਚੁੱਕ ਕੇ ਕਹਿਣਾ, ‘‘ਮੈਂ ਜੌਲੀ ਬੋਲਦਾਂ,’’ ‘‘ਜੌਲੀ ਨੇ ਖਾਣੈ’’, ਆਦਿ।

ਇਸ ਪਛਾਣ ਦੇ ਨਾਲ ਬੱਚੇ ਦੇ ਦਿਮਾਗ਼ ਦੇ ਖੱਬੇ ਹਿੱਸੇ ਦਾ ਵਿਕਾਸ ਛੇਤੀ ਹੋਣ ਲੱਗ ਪੈਂਦਾ ਹੈ। ਇਸੇ ਹਿੱਸੇ ਨਾਲ ਅੱਗੋਂ ਜਾ ਕੇ ਵਿਸ਼ਵਾਸ ਤੇ ਤਰਕ ਵੱਲ ਰੁਚੀ ਵੱਧਦੀ ਹੈ।

ਬੱਚਾ ਸ਼ੀਸ਼ੇ ਵਿਚ ਆਪਣੇ ਆਪ ਨੂੰ ਨਿਹਾਰ ਕੇ, ਆਪਣੇ ਨਾਂ ਨਾਲ ਜੋੜ ਕੇ, ਆਪਣੀ ਪਛਾਣ ਬਣਾਉਂਦਾ ਹੈ। ਯਾਨੀ ਇਹ ਤਾਂ ਸਪਸ਼ਟ ਹੋ ਗਿਆ ਕਿ ਬੱਚੇ ਨੂੰ ਸਿਰਫ਼ ਗੁਗਲੂ, ਮੁਗਲੂ ਕਹਿਣ ਨਾਲੋਂ, ਨਾਂ ਨਾਲ ਸੰਬੋਧਨ ਕਰਨਾ ਪਹਿਲੇ ਸਾਲ ਤੋਂ ਹੀ ਬਹੁਤ ਜ਼ਰੂਰੀ ਹੈ। ਕੁੱਝ ਬੱਚਿਆਂ ਨੂੰ ਨੀਮ ਬੇਹੋਸ਼ ਕਰ ਕੇ, 1995 ਵਿਚ ਡਾ. ਮੇਰੋਲਾ ਨੇ ਐਮ. ਆਰ. ਆਈ. ਸਕੈਨ ਕਰ ਕੇ ਉਨ੍ਹਾਂ ਦੇ ਨਾਂ ਨਾਲ ਬੁਲਾਉਣ ਬਾਅਦ ਦਿਮਾਗ਼ ਦੇ ਕਈ ਹਿੱਸਿਆਂ ਵਿਚ ਹਲਚਲ ਰਿਕਾਰਡ ਕੀਤੀ। ਡਾ. ਸੋਵੀਡੇਨ ਨੇ 1999 ਵਿਚ ਅਜਿਹੀ ਹੀ ਖੋਜ ਰਾਹੀਂ ਸਾਬਤ ਕੀਤਾ ਕਿ ਪੂਰੇ ਨਾਂ ਦੀ ਥਾਂ ਜੇ ਘਰ ਵਿਚਲਾ ਛੋਟਾ ਨਾਂ ਵੀ ਮਾਪਿਆਂ ਵੱਲੋਂ ਲਾਡ ਨਾਲ ਬੁਲਾਇਆ ਜਾਵੇ, ਜਿਵੇਂ ਪਾਲੀ, ਨਾਨੂ, ਆਦਿ ਤਾਂ ਬੱਚੇ ਦੇ ਦਿਮਾਗ਼ ਵਿਚ ਹਲਚਲ ਰਿਕਾਰਡ ਹੋ ਜਾਂਦੀ ਹੈ ਪਰ ਕਿਸੇ ਹੋਰ ਦੇ ਨਾਂ ਨਾਲ ਬੁਲਾਉਣ ਉੱਤੇ ਉੱਕਾ ਹੀ ਕੋਈ ਹਲਚਲ ਨਹੀਂ ਹੁੰਦੀ।

ਵੱਡਿਆਂ ਵਿਚ ਹੋਏ ਪੈੱਟ ਸਕੈਨ ਰਾਹੀਂ ਪਤਾ ਲੱਗਿਆ ਕਿ ਸਿਰਫ਼ ਨਾਂ ਲੈ ਕੇ ਬੁਲਾਉਣ ਉੱਤੇ ਦਿਮਾਗ਼ ਦੇ ਮੀਡੀਅਲ ਪ੍ਰੀਫਰੰਟਲ ਕੌਰਟੈਕਸ, ਟੈਂਪੋਰੋ ਪੈਰਾਈਟਲ ਜੋੜ, ਸੂਪੀਰੀਅਰ ਟੈਂਪੋਰਲ ਗਾਇਰਸ, ਮੀਡੀਅਲ ਫਰੰਟਲ ਗਾਇਰਸ, ਖੱਬੇ ਪਾਸੇ ਦਾ ਸੁਪੀਰੀਅਰ ਟੈਂਪੋਰਲ ਕੌਰਟੈਕਸ, ਇਨਫੀਰੀਅਰ ਪੈਰਾਈਟਲ ਕੌਰਟੈਕਸ, ਸੁਪੀਰੀਅਰ ਫਰੰਟਲ ਗਾਇਰਸ ਤੇ ਮੀਡੀਅਲ ਫਰੰਟਲ ਕੌਰਟੈਕਸ ਹਿੱਸਿਆਂ ਦੇ ਲਗਭਗ ਸਾਰੇ ਹੀ ਸੈੱਲ ਰਵਾਂ ਹੋਏ ਲੱਭੇ।

ਇਹ ਸਾਰੇ ਹਿੱਸੇ ਮਿਲਾ ਕੇ ਦਿਮਾਗ਼ ਦਾ ਏਨਾ ਵੱਡਾ ਹਿੱਸਾ ਬਣ ਜਾਂਦਾ ਹੈ ਕਿ ਨੀਮ ਬੇਹੋਸ਼ ਆਦਮੀ ਵੀ ਆਪਣਾ ਨਾਂ ਸੁਣ ਕੇ ਉਸ ਦੀ ਹਾਮੀ ਭਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਦਾ ਸੁਸਤ ਪਿਆ ਦਿਮਾਗ਼ ਰਵਾਂ ਹੋਣ ਲੱਗ ਪੈਂਦਾ ਹੈ।

ਖੋਜ ਰਾਹੀਂ ਪਤਾ ਲੱਗਿਆ ਹੈ ਕਿ ਇਹ ਸਾਰੇ ਦੇ ਸਾਰੇ ਹਿੱਸੇ ਕਿਸੇ ਨੂੰ ਵੀ ਫੈਸਲਾ ਲੈਣ, ਆਤਮ ਪੜਚੋਲ ਕਰਨ ਤੇ ਤਰਕ ਦੇ ਆਧਾਰ ਉੱਤੇ ਗੱਲ ਕਰਨ ਯੋਗ ਬਣਾਉਂਦੇ ਹਨ।

1998 ਵਿਚ ਟੂਰਨੋ ਨੇ ਇਕ ਵਖਰੀ ਕਿਸਮ ਦੀ ਖੋਜ ਵਿਚ ਦਿਮਾਗ਼ ਦੇ ਇਨ੍ਹਾਂ ਸਾਰੇ ਵੱਖ-ਵੱਖ ਹਿੱਸਿਆਂ ਦੀ ਹਰਕਤ ਮਾਪੀ। ਸਾਰੇ ਹੀ ਹਿੱਸੇ ਆਪਣਾ ਨਾਂ ਬੁਲਾਏ ਜਾਣ ਉੱਤੇ ਬੇਹੋਸ਼ ਇਨਸਾਨ ਵਿਚ ਵੀ ਹਰਕਤ ਵਿਚ ਦਿਸੇ ਜਦਕਿ ਹੋਸ਼ੋ ਹਵਾਸ ਵਿਚ ਬੈਠੇ ਲੋਕਾਂ ਦੀ ਵੀ ਕਿਸੇ ਹੋਰ ਨਾਂ ਨਾਲ ਬੁਲਾਏ ਜਾਣ ਉੱਤੇ ਕੋਈ ਹਰਕਤ ਨਹੀਂ ਲੱਭੀ।

ਫੇਰ ਪੂਰੇ ਨਾਵਾਂ ਦੀ ਥਾਂ ਉਨ੍ਹਾਂ ਦੀਆਂ ਮਾਵਾਂ ਵੱਲੋਂ ਪਿਆਰ ਦੁਲਾਰ ਨਾਲ ਬੁਲਾਏ ਨਾਂ ਨਾਲ ਤਬਦੀਲ ਕਰ ਕੇ ਸੱਦਿਆ ਗਿਆ। ਮਸਲਨ, ‘ਦੁਲਾਰ ਸਿੰਘ’ ਨੂੰ ‘ਮੇਰਿਆ ਪਿਆਰਿਆ ਦੁੱਲਿਆ’ ਜਾਂ ‘ਟੈਨਸ਼ੌਕ’ ਨੂੰ ‘ਡੀਅਰ ਲਵਲੀ ਟੈਨੀ’ ਕਹਿ ਕੇ ਜਦੋਂ ਮਾਂ ਵੱਲੋਂ ਸੰਬੋਧਨ ਕੀਤਾ ਗਿਆ ਤਾਂ ਨਾ ਸਿਰਫ਼ ਦਿਮਾਗ਼ ਦੇ ਸਾਰੇ ਹਿੱਸੇ ਝਟਪਟ ਰਵਾਂ ਹੋ ਗਏ, ਬਲਕਿ ਧੜਕਨ ਵੀ ਵਧ ਗਈ ਤੇ ਸਿਰ ਵੱਲ ਜਾਂਦਾ ਲਹੂ ਵੀ ਵਧਿਆ।

ਜਦੋਂ ਬੇਹੋਸ਼ ਪਏ ਬੰਦੇ ਨਾਲ ਇਹੀ ਕੁੱਝ ਕੀਤਾ ਗਿਆ ਅਤੇ ਉਸ ਦੇ ਹੱਥ ਨਾਲ ਮਾਂ ਦਾ ਹੱਥ ਵੀ ਛੋਹਿਆ ਗਿਆ ਤਾਂ ਦਿਮਾਗ਼ ਵਿਚਲੇ ਸੈੱਲਾਂ ਤੋਂ ਹੱਥਾਂ ਵੱਲ ਸੁਣੇਹਾ ਵੀ ਜਾਂਦਾ ਲੱਭਿਆ। ਹੱਥ ਦੀ ਹਲਕੀ ਹਿਲਜੁਲ ਵੀ ਹੋ ਗਈ। ਅਜਿਹਾ ਕੁੱਝ ਵੀ ਕਿਸੇ ਹੋਰ ਨਾਂ ਨਾਲ ਬੁਲਾਉਣ ਉੱਤੇ ਨਹੀਂ ਲੱਭਿਆ ਗਿਆ।

ਨਾ ਸਿਰਫ਼ ਦਿਮਾਗ਼ ਦੀ ਉੱਪਰੀ ਪਰਤ ਬਲਕਿ ਡੂੰਘੀਆਂ ਪਰਤਾਂ ਤਕ ਦੀ ਹਿਲਜੁਲ ਰਿਕਾਰਡ ਕੀਤੀ ਗਈ ਤੇ ਇਹ ਹਿਲਜੁਲ ਦਾ ਪੂਰਾ ਸਰਕਟ ਨਾਂ ਬੁਲਾਏ ਜਾਣ ਤੋਂ ਅੱਧਾ ਘੰਟਾ ਬਾਅਦ ਤਕ ਜਾਰੀ ਰਿਹਾ।

ਇੱਕ ਹੋਰ ਨੁਕਤਾ ਵੀ ਲੱਭਿਆ ਗਿਆ। ਜਦੋਂ ਸਾਹਮਣੇ ਖੜ੍ਹਾ ਕੋਈ ਸਾਡੇ ਨਾਂ ਨਾਲ ਸਾਨੂੰ ਬੁਲਾਉਂਦਾ ਹੈ ਤਾਂ ਦਿਮਾਗ਼ ਵਿਚ ਉਸ ਬੰਦੇ ਦੀ ਤਸਵੀਰ ਵੀ ਨਾਲੋ ਨਾਲ ਛਪਣ ਲੱਗ ਪੈਂਦੀ ਹੈ ਤੇ ਦਿਮਾਗ਼ ਉਸ ਬੰਦੇ ਨੂੰ ਆਪਣਾ ਮੰਨ ਕੇ ਇਕ ਸਾਂਝ ਜਿਹੀ ਗੰਢ ਲੈਂਦਾ ਹੈ। ਇਸ ਨੂੰ ‘ਮੈਂਟਾਲਾਈਜ਼ਿੰਗ’ ਕਹਿੰਦੇ ਹਨ।

ਸਿਰਫ਼ ਨਾਂ ਨਾਲ ਬੁਲਾਏ ਜਾਣ ਉੱਤੇ ਇਸ ਤਰ੍ਹਾਂ ਦੀ ਅਜੀਬ ਜਿਹੀ ਨਿੱਘੀ ਸਾਂਝ ਨਾ ਸਿਰਫ਼ ਸਾਹਮਣੇ ਖੜ੍ਹੇ ਬੰਦੇ ਨਾਲ, ਬਲਕਿ ਟੈਲੀਫ਼ੋਨ ਉੱਤੇ ਨਾਂ ਸੁਣਨ ਨਾਲ ਵੀ ਗੰਢੀ ਜਾਂਦੀ ਹੈ।

ਖੋਜੀ ਪਲੈਟਿਕ ਨੇ ਸੰਨ 2004 ਵਿਚ ਇਹ ਸਾਬਤ ਕੀਤਾ ਕਿ ਸਾਹਮਣੇ ਬੈਠੇ ਬੰਦੇ ਨੂੰ ਨਾਂ ਨਾਲ ਬੁਲਾਉਣ ਉੱਤੇ ਦਿਮਾਗ਼ ਦੇ ਅਗ਼ਲੇ ਸਿਰੇ, ਮੀਡੀਅਲ ਪ੍ਰੀਫਰੰਟਲ ਹਿੱਸੇ ਵਿਚਲੀ ਹਲਚਲ ਰਾਹੀਂ ਬੰਦੇ ਦੇ ਹੱਥ ਵੀ ਹਲਕੀ ਹਰਕਤ ਕਰਨ ਲੱਗ ਜਾਂਦੇ ਹਨ। ਅਜਿਹਾ ਨਾਂ ਨਾਲ ਨਾ ਬੁਲਾਏ ਜਾਣ ਉੱਤੇ ਆਮ ਤੌਰ ’ਤੇ ਦਿਮਾਗ਼ ਨੂੰ ਸੁਣੇਹਾ ਘੱਲਣ ਅਤੇ ਹੱਥ ਹਿਲਾਉਣ ਵਾਸਤੇ ਕਹਿਣ ਲਈ ਪੜਚੋਲ ਕਰਨ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ।

ਇਕ ਹੋਰ ਖੋਜ ਵਿਚ ਬੰਦੇ ਨੂੰ ਉਸ ਦੇ ਆਖ਼ਰੀ ਨਾਂ ਯਾਨੀ ਉਪਨਾਮ ਨਾਲ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ। ਮਸਲਨ, ਰੰਧਾਵਾ, ਸਚਦੇਵਾ, ਢੀਂਡਸਾ, ਆਦਿ। ਇਹ ਵੇਖਣ ਵਿਚ ਆਇਆ ਕਿ ਦਿਮਾਗ਼ ਦੇ ਅੱਧ ਤੋਂ ਵੱਧ ਹਿੱਸਿਆਂ ਵਿਚ ਹਰਕਤ ਨਹੀਂ ਹੋਈ।

ਫੇਰ ਕੁੱਝ ਦਫ਼ਤਰਾਂ ਵਿਚ ਕਾਮਿਆਂ ਵੱਲੋਂ ਅਫ਼ਸਰਾਂ ਨੂੰ ‘ਸਰ’ ਜਾਂ ‘ਬੌਸ’ ਕਹਿ ਕੇ ਸੰਬੋਧਨ ਕਰਵਾਇਆ ਗਿਆ ਤੇ ਕੁੱਝ ਥਾਵਾਂ ਉੱਤੇ ਉਨ੍ਹਾਂ ਦਾ ਨਾਂ ਜਿਵੇਂ ਜੌਨ, ਸੁਰਿੰਦਰ, ਬ੍ਰਹਮ ਆਦਿ ਕਹਿ ਕੇ ਬੁਲਾਉਣ ਨੂੰ ਕਿਹਾ ਗਿਆ। ਇਹ ਵੇਖਣ ਵਿਚ ਆਇਆ ਕਿ ਜਿੱਥੇ ਅਫ਼ਸਰ ਨੂੰ ‘ਸਰ’ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਸੀ, ਉੱਥੇ ਅਫ਼ਸਰਾਂ ਦਾ ਰਵੱਈਆ ਵੀ ਕਾਮਿਆਂ ਪ੍ਰਤੀ ਕੁੱਝ ਸਖ਼ਤ ਦਿਸਿਆ ਤੇ ਕਾਮੇ ਵੀ ਕੰਮ ਨੂੰ ਬੋਝ ਮੰਨ ਕੇ ਕਰਦੇ ਲੱਭੇ।

ਜਦੋਂ ਅਫ਼ਸਰ ਨੂੰ ਨਾਂ ਨਾਲ ਬੁਲਾਇਆ ਗਿਆ ਤੇ ਅਫ਼ਸਰ ਵੀ ਆਪਣੇ ਤੋਂ ਹੇਠਲਿਆਂ ਨੂੰ ਨਾਂ ਨਾਲ ਬੁਲਾਉਣ ਲੱਗਿਆ ਤਾਂ ਕੰਮ ਕਾਰ ਵਾਲੀ ਥਾਂ ਕਾਫ਼ੀ ਸੁਹਿਰਦ ਲੱਭੀ। ਅਜਿਹੇ ਦਫ਼ਤਰਾਂ ਵਿਚ ਸਾਰੇ ਭੱਜ ਦੌੜ ਕੇ, ਬਿਨਾਂ ਥਕਾਵਟ ਦੁਗਣਾ ਕੰਮ ਕਰ ਸਕਦੇ ਸਨ ਤੇ ਉਨ੍ਹਾਂ ਦੇ ਦਿਮਾਗ਼ ਉੱਤੇ ਵੀ ਥਕਾਨ ਦੇ ਕੋਈ ਲੱਛਣ ਨਹੀਂ ਲੱਭੇ। ਲਗਭਗ ਸਾਰੇ ਹੀ ਇਹੋ ਜਿਹੀ ਥਾਂ ਉੱਤੇ ਕੰਮ ਕਰਨ ਵਾਲਿਆਂ ਦੀ ਘਰ ਵਾਪਸ ਜਾ ਕੇ ਵੀ ਘਰ ਵਿਚ ਲੜਾਈ ਨਾ ਬਰਾਬਰ ਹੋਈ ਤੇ ਘੱਟ ਥੱਕੇ ਟੁੱਟੇ ਘਰ ਮੁੜੇ। ਬਹੁਤਿਆਂ ਨੇ ਕੰਮ ਕਾਰ ਤੋਂ ਵਾਪਸ ਜਾ ਕੇ ਆਪਣੇ ਬੱਚਿਆਂ ਨਾਲ ਵੀ ਹੱਸ ਖੇਡ ਕੇ ਸਮਾਂ ਬਿਤਾਇਆ।

ਡੂੰਘੀ ਸੋਚ ਵਿਚਾਰ ਕਰਨ ਵਿਚ ਲੱਗੇ ਹਿੱਸੇ (ਖੱਬਾ ਵਿਚਕਾਰਲਾ ਤੇ ਉੱਪਰਲਾ ਟੈਂਪੋਰਲ ਕੌਰਟੈਕਸ) ਵੀ ਨਾਂ ਨਾਲ ਬੁਲਾਏ ਜਾਣ ਉੱਤੇ ਕਾਫ਼ੀ ਚਿਰ ਹਰਕਤ ਕਰਦੇ ਰਹਿੰਦੇ ਹਨ। ਬੱਚਿਆਂ ਵਿਚ ਇਹ ਹਿੱਸੇ ਅੱਖਰ ਪਛਾਨਣ ਵਿਚ ਮਦਦ ਕਰਦੇ ਹਨ।

ਪਿਛਲਾ ਸਿੰਗੂਲੇਟ ਹਿੱਸਾ ਦੂਜੇ ਬਾਰੇ ਨਿਰਣਾ ਕਰਨ ਵਿਚ ਮਦਦ ਕਰਦਾ ਹੈ ਜੋ ਸਿਰਫ਼ ਨਾਂ ਨਾਲ ਬੁਲਾਉਣ ਉੱਤੇ ਹੀ ਰਵਾਂ ਹੋ ਜਾਂਦਾ ਹੈ।

ਯਾਦ ਸ਼ਕਤੀ, ਚਿਹਰਿਆਂ ਨੂੰ ਯਾਦ ਰੱਖ ਸਕਣਾ, ਲੈਅ ਬੰਨ੍ਹ ਸਕਣਾ, ਸੰਗੀਤ ਦੀ ਪ੍ਰਸੰਸਾ ਕਰਨਾ, ਚੀਜ਼ਾਂ ਤਰਤੀਬਵਾਰ ਯਾਦ ਰੱਖਣੀਆਂ, ਕੰਨਾਂ ਰਾਹੀਂ ਸੁਣੀ ਚੀਜ਼ ਯਾਦ ਰੱਖਣੀ, ਔਖੀ ਗੱਲਬਾਤ ਸਮਝ ਸਕਣੀ, ਖੁਸ਼ਬੂ ਯਾਦ ਰੱਖਣੀ, ਵੇਖੀ ਚੀਜ਼ ਦਿਮਾਗ਼ ਵਿਚ ਛਪਣੀ, ਜਜ਼ਬਾਤ ਉਘਾੜਨੇ, ਠਹਿਰਾਓ ਮਹਿਸੂਸ ਕਰਨਾ, ਆਦਿ ਕੰਮ ਕਰਨ ਵਾਲੇ ਸਾਰੇ ਹੀ ਦਿਮਾਗ਼ ਦੇ ਹਿੱਸਿਆਂ ਵਿਚ ਸਿਰਫ਼ ਨਾਂ ਨਾਲ ਬੁਲਾਏ ਜਾਣ ਨਾਲ ਹਲਚਲ ਹੁੰਦੀ ਲੱਭੀ।

ਇਹ ਵੀ ਖੋਜ ਰਾਹੀਂ ਲੱਭਿਆ ਗਿਆ ਕਿ ਜਦੋਂ ਕੋਈ ਜਣਾ ਔਖਾ ਕੰਮ ਕਰਨ ਦਾ ਢੰਗ ਨਾ ਸਮਝ ਸਕਦਾ ਹੋਵੇ ਤਾਂ ਉਸ ਕੰਮ ਨੂੰ ਸਮਝਾਉਣ ਲੱਗਿਆਂ ਜੇ ਵਾਰ-ਵਾਰ ਉਸ ਨੂੰ ਨਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਹੋਵੇ ਤਾਂ ਉਹ ਸੌਖਿਆਂ ਸਮਝ ਲੈਂਦਾ ਹੈ।

ਇਹ ਸਭ ਦਿਮਾਗ਼ ਵਿਚਲੇ ‘ਰਿਵਾਰਡ ਸਿਸਟਮ’ ਅਨੁਸਾਰ ਚਲਦਾ ਹੈ ਜਿਸ ਵਿਚ ਆਪਣੀ ਪਛਾਣ ਮਿਲ ਜਾਣ ਦਾ ਇਹਸਾਸ ਦਿਮਾਗ਼ ਰਵਾਂ ਕਰ ਕੇ ਦੁਗਣਾ ਕੰਮ ਕਰਨ ਦੀ ਤਾਕਤ ਬਖ਼ਸ਼ ਦਿੰਦਾ ਹੈ।

ਬੱਚਿਆਂ ਵਿਚ ਵੀ ਨਾਂ ਲਏ ਬਗ਼ੈਰ ਬੁਲਾਉਣ ਉੱਤੇ ਅਜਿਹੇ ਕਿਸੇ ਹਿੱਸੇ ਵਿਚ ਕੋਈ ਹਰਕਤ ਹੁੰਦੀ ਨਹੀਂ ਲੱਭੀ ਗਈ। ਲਗਭਗ 1000 ਬੱਚਿਆਂ ਨੂੰ ਨਾਂ ਨਾਲ ਬੁਲਾਏ ਜਾਣ ਉੱਤੇ ਜਦੋਂ ਉਨ੍ਹਾਂ ਨੂੰ ਪਛਾਣ ਮਿਲ ਗਈ ਤਾਂ ਉਨ੍ਹਾਂ ਬੱਚਿਆਂ ਦਾ ਦਿਮਾਗ਼ ਜ਼ਿਆਦਾ ਪ੍ਰਫੁਲਿਤ ਹੁੰਦਾ ਲੱਭਿਆ ਤੇ ਉਨ੍ਹਾਂ ਵਿਚ ਆਪਸੀ ਨਿੱਘ ਵਾਲਾ ਰਿਸ਼ਤਾ ਵੀ ਜੁੜਿਆ, ਪਰ ਇਹ ਵੇਖਣ ਵਿਚ ਆਇਆ ਕਿ ਮਾਂ ਜਾਂ ਪਿਓ ਵੱਲੋਂ ਰੱਖਿਆ ਪਿਆਰ ਭਿੱਜਿਆ ਨਾਂ ਬੱਚੇ ਦੇ ਮਨ ਅੰਦਰ ਵਾਧੂ ਕੁਤਕਤਾਰੀਆਂ ਪੈਦਾ ਕਰਦਾ ਹੈ। ਵੱਡੇ ਹੋ ਜਾਣ ਉੱਤੇ ਤੇ ਨੀਮ ਬੇਹੋਸ਼ੀ ਵਿਚ ਵੀ ਉਹੀ ਪਿਆਰ ਭਿੱਜਿਆ ਨਾਂ ਬੁਲਾਉਣ ਉੱਤੇ ਦਿਮਾਗ਼ ਵਿਚ ਹੁੰਦੀ ਹਰਕਤ ਨੇ ਇਹ ਸਭ ਸਾਬਤ ਕਰ ਦਿੱਤਾ ਹੈ।

ਮਾਪਿਆਂ ਵੱਲੋਂ ਸਿਰਫ਼ ‘ਬੱਚਿਆ’, ‘ਕਾਕਾ’ ਵਰਗੇ ਸ਼ਬਦ ਜਿਨ੍ਹਾਂ ਨਾਲ ਹੋਰਨਾਂ ਨੂੰ ਵੀ ਸੰਬੋਧਨ ਕੀਤਾ ਜਾ ਰਿਹਾ ਹੋਵੇ, ਕਹਿਣ ਨਾਲ ਹਰਕਤ ਨਾ ਬਰਾਬਰ ਹੁੰਦੀ ਲੱਭੀ। ਇਸ ਦਾ ਸਪਸ਼ਟ ਮਤਲਬ ਨਿਕਲਦਾ ਹੈ ਕਿ ਸਭ ਕੁੱਝ ਨਾਂ ਵਿਚ ਹੀ ਪਿਆ ਹੈ।

ਨਵੀਂ ਖੋਜ :- ਚਾਰ ਜਵਾਨ, 22, 30, 31 ਤੇ 32 ਸਾਲਾਂ ਦੇ ਬੰਦੇ ਚੁਣੇ ਗਏ। ਉਨ੍ਹਾਂ ਦੇ ਨਾਂ ਡੈਨ, ਜੇਅ, ਮਾਈਕ ਤੇ ਸੌਲ ਸਨ। ਇਨ੍ਹਾਂ ਸਾਰਿਆਂ ਦੇ ਨਾਂ ਪਹਿਲਾਂ ਤੋਂ ਰਿਕਾਰਡ ਕਰ ਕੇ 15 ਸਕਿੰਟ ਲਈ ਉਨ੍ਹਾਂ ਨੂੰ ਸੁਣਾਏ ਗਏ। ਫੇਰ 12 ਸਕਿੰਟ ਕੋਈ ਆਵਾਜ਼ ਨਾ ਕੱਢ ਕੇ ਬਾਕੀਆਂ ਦੇ ਨਾਂ ਸੁਣਾਏ ਗਏ। ਅਜਿਹਾ 6 ਵਾਰ ਕੀਤਾ ਗਿਆ। ਸਾਰੀ ਖੋਜ 678 ਸਕਿੰਟ ਵਿਚ ਪੂਰੀ ਕੀਤੀ ਗਈ। ਨਾਲੋਂ ਨਾਲ ਸਿਰ ਦੀ ਸਕੈਨਿੰਗ ਵੀ ਕੀਤੀ ਗਈ।

ਕਮਾਲ ਦੀ ਗੱਲ ਇਹ ਸੀ ਕਿ ਇਨ੍ਹਾਂ ਵਿੱਚੋਂ ਕੋਈ ਵੀ ਆਪਣਾ ਨਾਂ ਵਾਰ-ਵਾਰ ਸੁਣਨ ਨਾਲ ਔਖਾ ਨਹੀਂ ਹੋਇਆ ਤੇ ਹਰ ਵਾਰ ਦਿਮਾਗ਼ ਦੇ ਸਾਰੇ ਹਿੱਸੇ ਉਸੇ ਤਰ੍ਹਾਂ ਹਰਕਤ ਵਿਚ ਆਉਂਦੇ ਰਹੇ, ਪਰ ਜਿੰਨੀ ਵਾਰ ਦੂਜਿਆਂ ਦਾ ਨਾਂ ਸੁਣਿਆ ਤਾਂ ਉਨ੍ਹਾਂ ਦੇ ਦਿਮਾਗ਼ ਵਿਚ ਕੋਈ ਹਰਕਤ ਨਾ ਦਿਸੀ।

ਨਤੀਜਾ :- ਇਸ ਖੋਜ ਨੇ ਸਾਬਤ ਕਰ ਦਿੱਤਾ ਕਿ ਨਾਂ ਨਾਲ ਬੁਲਾਉਣ ਦੀ ਬਹੁਤ ਭਾਰੀ ਅਹਿਮੀਅਤ ਹੈ। ਵਿਕਸਿਤ ਦੇਸਾਂ ਵਿਚ ਇਨ੍ਹਾਂ ਖੋਜਾਂ ਦੇ ਆਧਾਰ ਉੱਤੇ ਸਾਰੇ ਬੱਚਿਆਂ ਨੂੰ ਨਾਵਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ ਤੇ ‘ਸਰ’ ਜਾਂ ‘ਬੌਸ’ ਛੱਡ ਕੇ ਆਪਣੇ ਅਧਿਆਪਿਕਾਂ ਤੇ ਅਫ਼ਸਰਾਂ ਨੂੰ ਵੀ ਨਾਂ ਨਾਲ ਹੀ ਸੰਬੋਧਨ ਕੀਤਾ ਜਾਣ ਲੱਗ ਪਿਆ ਹੈ। ਇਸ ਤਰ੍ਹਾਂ ਕੰਮ ਕਾਰ ਵਾਲੀ ਥਾਂ ਸੁਖਾਵੀਂ ਜਾਪਦੀ ਹੈ ਤੇ ਕੰਮ ਦਾ ਭਾਰ ਵੀ ਨਹੀਂ ਮਹਿਸੂਸ ਹੁੰਦਾ।

ਇਸ ਲੇਖ ਦਾ ਮਕਸਦ ਸੀ, ਨਾਂ ਦੀ ਅਹਿਮੀਅਤ ਸਮਝਾਉਣੀ ਤਾਂ ਜੋ ਆਪਣੇ ਬੱਚਿਆਂ ਨਾਲ ਤਾਂ ਨਿੱਘਾ ਰਿਸ਼ਤਾ ਗੰਢੀਏ ਹੀ, ਉਨ੍ਹਾਂ ਨੂੰ ਲਾਇਕ ਵੀ ਬਣਾਈਏ, ਪਰ ਕੰਮ ਕਾਰ ਵਾਲੀ ਥਾਂ ਉੱਤੇ ਵੀ ‘ਸਰ’, ‘ਜੀ ਹਜ਼ੂਰ’ ਕਹਿਣਾ ਛੱਡ ਕੇ ‘ਸੁਰਿੰਦਰ ਜੀ’, ‘ਸੰਗੀਤਾ ਜੀ’, ਬੇਅੰਤ ਭਾਜੀ, ਰੁਪਿੰਦਰ ਭੈਣਜੀ, ਕਹਿ ਕੇ ਬੁਲਾਉਣਾ ਸ਼ੁਰੂ ਕਰੀਏ ਤਾਂ ਜੋ ਕਮਾਲ ਵਾਪਰੇਗਾ, ਉਹ ਤੁਸੀਂ ਪ੍ਰਤੱਖ ਵੇਖ ਸਕੋਗੇ !

ਇਕ ਆਖ਼ਰੀ ਗੱਲ ਇਹ ਹੈ- ਓਏ, ਗਧੇ, ਕੁੱਤੇ, ਖੋਤੇ ਦੇ ਪੁੱਤਰ, ਵਿਚਾਰੀ, ਕੁਲਿਹਣੀ, ਕੁਲੱਛਣੀ, ਬਥੇਰੀ, ਆਦਿ ਵਰਗੇ ਸੰਬੋਧਨ ਉੱਕਾ ਹੀ ਛੱਡਣੇ ਪੈਣੇ ਹਨ। ਇਹ ਸਿਰਫ਼ ਪਾੜ ਪਾਉਂਦੇ ਹਨ ਤੇ ਦਿਮਾਗ਼ ਵਿਕਸਿਤ ਵੀ ਨਹੀਂ ਹੋਣ ਦਿੰਦੇ।

ਸ਼ੁਰੂ ਅੱਜ ਤੋਂ ਹੀ ਕਰ ਵੇਖੀਏ ! ਕਿਸੇ ਨੂੰ ਫ਼ੋਨ ਮਿਲਾਓ ਤੇ ਲਓ ਇੱਜ਼ਤ ਨਾਲ ਉਸ ਦਾ ਪੂਰਾ ਨਾਂ ਤੇ ਵੇਖੋ ਕਿਵੇਂ ਅੱਗੋਂ ਜਵਾਬੀ ਹੁੰਗਾਰਾ ਮੋਹ ਭਿੱਜਿਆ ਮਿਲਦਾ ਹੈ !

ਹੁਣ ਤਾਂ ਮੰਨ ਗਏ ਨਾ ਕਿ ‘ਨਾਂ’ ਵਿਚ ਬਹੁਤ ਕੁੱਝ ਪਿਆ ਹੈ !

ਕੀ ਪੰਜਾਬ ਭਾਰਤ ਦਾ ਹਿੱਸਾ ਨਹੀਂ ?

0

ਕੀ ਪੰਜਾਬ ਭਾਰਤ ਦਾ ਹਿੱਸਾ ਨਹੀਂ ?

ਆਧਾਰ ਕਾਰਡਾਂ ਉੱਪਰ ਪੰਜਾਬੀ ਕੱਟ ਕੇ ਹਿੰਦੀ ਲਿਖੇ ਜਾਣ ਵਿਰੁੱਧ ਇਕਜੁੱਟ ਸੰਘਰਸ਼ ਦਾ ਹੋਕਾ

ਕੇਂਦਰੀ ਪੰਜਾਬੀ ਲੇਖਕ ਸਭਾ ਨੇ ਪੁੱਛਿਆ, ਕਿ ਕੀ ਪੰਜਾਬ ਭਾਰਤ ਦਾ ਹਿੱਸਾ ਨਹੀਂ ?

ਚੰਡੀਗੜ੍ਹ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਕੇਂਦਰ ਸਰਕਾਰ ਵੱਲੋਂ ਹਰ ਭਾਰਤੀ ਵਿਅਕਤੀ ਦੀ ਪਛਾਣ ਵਾਸਤੇ ਜਾਰੀ ਕੀਤੇ ਜਾਣ ਵਾਲੇ ਆਧਾਰ ਕਾਰਡ ਉੱਪਰ ਪੰਜਾਬ ‘ਚ ਪੰਜਾਬੀ ਦੀ ਥਾਂ ਹਿੰਦੀ ਭਾਸ਼ਾ ‘ਚ ਵੇਰਵੇ ਲਿਖੇ ਜਾਣ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਵੱਲੋਂ ਇਥੋਂ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ ‘ਚ ਕਿਹਾ ਗਿਆ ਹੈ ਕਿ ਹੁਣ ਤਕ ਪੰਜਾਬ ‘ਚ ਜਾਰੀ ਕੀਤੇ ਜਾਂਦੇ ਆਧਾਰ ਕਾਰਡਾਂ ਉੱਪਰ ਅੰਗਰੇਜ਼ੀ ਦੇ ਨਾਲ ਪੰਜਾਬੀ ‘ਚ ਸਾਰੇ ਵੇਰਵੇ ਦਰਜ ਕੀਤੇ ਜਾਂਦੇ ਸਨ, ਪਰ ਇੰਨੀਂ ਦਿਨੀਂ ਅਚਾਨਕ ਹੀ ਬਿਨਾਂ ਸੂਚਨਾ ਦਿੰਦਿਆਂ ਨਵਿਆਏ ਜਾ ਰਹੇ ਆਧਾਰ ਕਾਰਡਾਂ ਅਤੇ ਜਾਰੀ ਕੀਤੇ ਜਾ ਰਹੇ ਨਵੇਂ ਆਧਾਰ ਕਾਰਡਾਂ ਉੱਪਰ ਅੰਗਰੇਜ਼ੀ ਦੇ ਨਾਲ ਪੰਜਾਬੀ ਦੀ ਥਾਂ ਹਿੰਦੀ ਭਾਸ਼ਾ ‘ਚ ਸਾਰੇ ਵੇਰਵੇ ਦਰਜ ਕੀਤੇ ਜਾ ਰਹੇ ਹਨ, ਜੋ ਕਿ ਸਿੱਧੇ ਤੌਰ ‘ਤੇ ਪੰਜਾਬੀ ਭਾਸ਼ਾ ਉੱਪਰ ਨਰਿੰਦਰ ਮੋਦੀ ਦੀ ਅਗਵਾਈ ‘ਚ ਚਲ ਰਹੀ ਕੇਂਦਰ ਸਰਕਾਰ ਦਾ ਨਾਬਰਦਾਸ਼ਤ ਕਰਨ ਯੋਗ ਹਮਲਾ ਹੈ। ਲੇਖਕ ਆਗੂਆਂ ਨੇ ਕੇਂਦਰੀ ਹਾਕਮਾਂ ਤੋਂ ਪੁੱਛਿਆ ਹੈ, ਕਿ ਕੀ ਪੰਜਾਬ ਅਤੇ ਪੰਜਾਬੀ ਭਾਰਤ ਦਾ ਹਿੱਸਾ ਹਨ ਜਾਂ ਨਹੀਂ ?

ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਉੱਪਰ ਇਸ ਹਮਲੇ ਨੂੰ ਆਰ.ਐਸ.ਐਸ. ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਵੱਲੋਂ ‘ਇਕ ਮੁਲਕ, ਇਕ ਭਾਸ਼ਾ ਅਤੇ ਇਕ ਸੱਭਿਆਚਾਰ’ ਨੂੰ ਸਾਰੇ ਮੁਲਕ ਉੱਪਰ ਥੋਪੇ ਜਾਣ ਦੀ ਲੜੀ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਭਾਸ਼ਾਈ ਸਾਮਰਾਜਵਾਦ ਦਾ ਇਹ ਹਮਲਾ ਕੇਵਲ ਪੰਜਾਬੀ ਉੱਪਰ ਹੀ ਨਹੀਂ ਹੈ, ਆਉਂਦੇ ਦਿਨੀਂ ਹੋਰਨਾਂ ਲੋਕ ਅਤੇ ਇਲਾਕਾਈ ਭਾਸ਼ਾਵਾਂ ਉੱਪਰ ਵੀ ਇਸ ਤਰ੍ਹਾਂ ਦੇ ਹਮਲੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲਗਾਤਾਰ ਚਲ ਰਹੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਲੱਗ ਰਿਹਾ ਹੈ ਕਿ ਉਸ ਨੂੰ ਮੁਲਕ ਦੀ ਏਕਤਾ ਅਤੇ ਅਖੰਡਤਾ ਦੀ ਕੋਈ ਚਿੰਤਾ ਨਹੀਂ ਹੈ। ਇਸ ਲਈ ਕੇਵਲ ਪੰਜਾਬੀ ਹੀ ਨਹੀਂ, ਸਗੋਂ ਬਾਕੀ ਇਲਾਕਾਈ ਅਤੇ ਲੋਕ ਭਾਸ਼ਾਵਾਂ ਦੇ ਲੇਖਕਾਂ, ਚਿੰਤਕਾਂ, ਵਿਦਵਾਨਾਂ, ਸਿੱਖਿਆ ਸ਼ਾਸ਼ਤਰੀਆਂ ਅਤੇ ਆਮ ਲੋਕਾਂ ਨੂੰ ਇਸ ਵਿਰੁੱਧ ਜਨਤਕ ਲਾਮਬੰਦੀ ਲਈ ਕਮਰਕੱਸੇ ਕਰ ਲੈਣ ਦੀ ਜ਼ਰੂਰਤ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ ਨੇ ਆਪਣੇ ਬਿਆਨ ‘ਚ ਅੱਗੇ ਕਿਹਾ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਹਰ ਪੱਧਰ ‘ਤੇ ਸੌ ਫੀਸਦੀ ਲਾਗੂ ਕੀਤੇ ਜਾਣ ਦੀ ਲੜਾਈ ਪਹਿਲਾਂ ਹੀ ਲੜੀ ਜਾ ਰਹੀ ਹੈ। ਪੰਜਾਬ ਸਰਕਾਰ ਇਸ ਪਾਸੇ ਵੱਲ ਬਿਲਕੁਲ ਤਵੱਜੋ ਨਹੀਂ ਦੇ ਰਹੀ ਅਤੇ ਹੁਣ ਆਧਾਰ ਕਾਰਡਾਂ ਉੱਪਰ ਪੰਜਾਬੀ ਕੱਟ ਕੇ ਹਿੰਦੀ ਭਾਸ਼ਾ ‘ਤੇ ਵੇਰਵੇ ਦਰਜ ਕਰਨ ਦੇ ਨਾਲ ਇਹ ਲੜਾਈ ਹੋਰ ਤਿੱਖੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬੀ, ਪੰਜਾਬ ਦੀ ਰਾਜ ਭਾਸ਼ਾ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ‘ਚ ਵੱਟੀ ਗਈ ਚੁੱਪ ਹੋਰ ਵੀ ਜ਼ਿਆਦਾ ਮੁਜ਼ਰਮਾਨਾ ਹੈ। ਲੇਖਕ ਆਗੂਆਂ ਨੇ ਕੇਂਦਰੀ ਸਭਾ ਨਾਲ ਸਬੰਧਿਤ ਸਾਹਿਤ ਸਭਾਵਾਂ ਅਤੇ ਪੰਜਾਬੀ ਭਾਸ਼ਾ ਤੇ ਬੋਲੀ ਲਈ ਸੰਘਰਸ਼ਸ਼ੀਲ ਹੋਰਨਾਂ ਸਾਹਿਤ ਅਤੇ ਸੱਭਿਆਚਾਰਕ ਅਦਾਰਿਆਂ ਨੂੰ ਇਸ ਤਾਜ਼ਾ ਹਮਲੇ ਵਿਰੁੱਧ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਹੋਕਾ ਦਿਤਾ ਹੈ।

ਜਾਰੀ ਕਰਤਾ

ਸੁਸ਼ੀਲ ਦੁਸਾਂਝ, ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਸੰਪਰਕ : 98887-99870

ਜੀਵਨ ਲਈ ਅਹਿਮ ਜਾਣਕਾਰੀ

0

ਜੀਵਨ ਲਈ ਅਹਿਮ ਜਾਣਕਾਰੀ  

ਨਰਿੰਦਰ ਸਿੰਘ ‘ਕਪੂਰ’

  • ਘੱਟ ਖਾਧੇ, ਘੱਟ ਸੁਤੇ ਅਤੇ ਘੱਟ ਖਰਚੇ ਦਾ ਕਦੇ ਵੀ ਪਛਤਾਵਾ ਨਹੀਂ ਹੁੰਦਾ ।
  •  ਜੇ ਅੰਦਰ ਚਾਅ ਹੋਵੇ ਤਾਂ ਲੰਗੜੇ ਵੀ ਨੱਚਣ ਲੱਗ ਪੈਂਦੇ ਹਨ ।
  • ਜ਼ਾਲਮ ਮਰ ਜਾਂਦਾ ਹੈ ਅਤੇ ਉਸ ਦਾ ਰਾਜ ਮੁੱਕ ਜਾਂਦਾ ਹੈ, ਸ਼ਹੀਦ ਮਰ ਜਾਂਦਾ ਹੈ ਤੇ ਉਸ ਦਾ ਰਾਜ ਆਰੰਭ ਹੋ ਜਾਂਦਾ ਹੈ ।
  • ਆਕੜ ਕੇ ਨੱਚਿਆ ਨਹੀਂ ਜਾ ਸਕਦਾ, ਗੁੱਸੇ ਨਾਲ ਗਾਇਆ ਨਹੀਂ ਜਾ ਸਕਦਾ ।
  • ਅਮੀਰੀ ਇਸ ਗੱਲ ਵਿਚ ਹੁੰਦੀ ਹੈ ਕਿ ਕਿੰਨੇ ਘਰਾਂ ਦੇ ਬੂਹੇ ਤੁਹਾਡੀ ਉਡੀਕ ਵਿਚ ਖੁਲੇ ਹਨ।
  • ਆਪਣੀ ਅੰਤਿਮ ਅਰਦਾਸ ਦੇ ਭੋਗ ਵਾਲੇ ਕਾਰਡ ਤੇ ਤੁਸੀਂ ਜੋ ਛਪਵਾਉਣਾ ਪਸੰਦ ਕਰੋਗੇ ਉਸ ਨੂੰ ਧਿਆਨ ਵਿਚ ਰੱਖ ਕੇ ਜੀਉ ।
  • ਸਦਾ ਗਿਲੀ ਰਹਿਣ ਕਰ ਕੇ ਜੀਭ ਦੇ ਤਿਲਕਣ ਦਾ ਹਮੇਸ਼ਾਂ ਡਰ ਰਹਿੰਦਾ ਹੈ।
  • ਜੇ ਲੜਨਾ ਚਾਹੁੰਦੇ ਹੋ ਤਾਂ ਉਥੇ ਲੜੋ, ਜਿੱਥੇ ਤੁਸੀਂ ਲੜਨਾ ਚਾਹੁੰਦੇ ਹੋ, ਨਾ ਕਿ ਉਥੇ, ਜਿਥੇ ਵਿਰੋਧੀ ਲੜਨਾ ਚਾਹੁੰਦਾ ਹੈ।
  • ਕੁਖ ਦੇ ਵੱਡੇ ਰੂਪ ਨੂੰ ਘਰ ਕਹਿੰਦੇ ਹਨ।
  • ਆਪਣੀ ਔਕਾਤ ਨਾਲੋਂ ਮਹਿੰਗੀ ਖਰੀਦੀ ਚੀਜ਼ ਸਾਂਭੀ ਜਾਂਦੀ ਹੈ, ਵਰਤੀ ਨਹੀਂ।
  • ਜਿਸ ਨਾਲ ਦੁਰਘਟਨਾ ਵਾਪਰਦੀ ਹੈ ਉਹ ਬੇਹੋਸ਼ ਹੋ ਜਾਂਦਾ ਹੈ, ਬਾਕੀ ਸਾਰੇ ਹੋਸ਼ ਵਿਚ ਆ ਜਾਂਦੇ ਹਨ।
  • ਜੀਵਨ ਦਾ ਦੁਖਾਂਤ ਇਹ ਨਹੀਂ ਕਿ ਇਹ ਜਲਦੀ ਮੁਕ ਜਾਂਦਾ ਹੈ ਸਗੋਂ ਇਹ ਹੈ ਕਿ ਅਸੀਂ ਜਿਉਣਾ ਆਰੰਭ ਹੀ ਨਹੀਂ ਕਰਦੇ।
  • ਕਾਹਲ ਨਾ ਕਰੋ, ਜਲਦੀ ਸ਼ੂਰੂ ਕਰੋ।
  • ਜੇ ਮਹਾਨਤਾ ਨੂੰ ਅਨੁਭਵ ਕਰਨਾ ਹੋਵੇ ਤਾਂ ਕਿਸੇ ਉਸ ਨੂੰ ਗਲੇ ਲਗਾ ਕੇ ਵੇਖੋ ਜਿਸ ਨੇ ਤੁਹਾਡੇ ਨਾਲ ਵਧੀਕੀ ਕੀਤੀ ਹੋਵੇ।
  • ਗਰਮ ਦਿਮਾਗਾਂ ਅਤੇ ਠੰਡੇ ਦਿਲਾਂ ਨੇ ਅਜੇ ਤਕ ਕੋਈ ਸਮੱਸਿਆ ਹੱਲ ਨਹੀਂ ਕੀਤੀ।
  • ਲੋਕ ਚਿੰਤਾ ਕਰਦੇ ਹਨ ਕਿ ਕੱਲ ਕੀ ਹੋਵੇਗਾ ਜਦਕਿ ਚਿੰਤਾ ਇਹ ਕਰਨੀ ਚਾਹੀਦੀ ਹੈ ਕਿ ਜੋ ਅੱਜ ਕਰ ਰਹੇ ਹਾਂ ਉਸ ਦੇ ਕੱਲ ਕੀ ਸਿੱਟੇ ਨਿਕਲਣਗੇ ?
  • ਚੰਗਾ ਇਲਾਜ ਉਹ ਹੈ, ਜੋ ਮਨੁੱਖ ਨੂੰ ਰੋਗ ਤੇ ਦਵਾਈ ਦੋਹਾਂ ਤੋਂ ਮੁਕਤ ਕਰੇ।
  • ਧੀ ਮਰ ਜਾਣੀ, ਕਿਹਾਂ ਵੀ ਹੱਸਦੀ ਹੈ ਅਤੇ ਖਸਮਾਂ ਖਾਣੀਂ ਕਿਹਾਂ ਵੀ ਨੀ ਰੋਂਦੀ।
  • ਸਿਆਣਪ ਤੋਂ ਬਿਨਾਂ ਚੁੱਪ ਰਹਿਣਾਂ ਸੰਭਵ ਨਹੀਂ ਹੁੰਦਾ।
  • ਹੱਸਣਾ ਸਿੱਖੋ ਉਮਰ ਕੋਈ ਵੀ ਹੋਵੇ, ਜਵਾਨੀ ਮਹਿਸੂਸ ਕਰੋਗੇ।
  • ਜਦੋਂ ਮੌਜ ਮੇਲੇ ਦੀ ਹਿੰਮਤ ਨਹੀਂ ਰਹਿੰਦੀ ਤਾਂ ਮਨੁੱਖ ਕਹਿੰਦਾ ਹੈ ਕਿ ਸਭ ਕੁਝ ਛੱਡ ਦਿੱਤਾ ਹੈ।
  • ਜਿਹੜੇ ਸੋਚ ਦੇ ਪਖੋਂ ਜ਼ਮਾਨੇ ਨਾਲੋਂ ਅੱਗੇ ਹੁੰਦੇ ਹਨ, ਉਹਨਾਂ ਦੀ ਸੋਚ ਉਹਨਾਂ ਦੇ ਔਗੁਣ ਗਿਣੀ ਜਾਂਦੀ ਹੈ।
  • ਚੰਗਾ ਅਧਿਆਪਕ ਵਿਦਿਆਰਥੀ ਨੂੰ ਕੇਵਲ ਹਿਸਾਬ ਦੇ ਫਾਰਮੂਲੇ ਹੀ ਨਹੀਂ ਦੱਸਦਾ, ਰਿਸ਼ਤਿਆਂ ਦੀ ਜੂਮੈਟਰੀ ਤੇ ਜ਼ਿੰਦਗੀ ਦਾ ਅਲਜ਼ਬਰਾ ਵੀ ਸਮਝਾਉਂਦਾ ਹੈ।
  • ਮਨੁੱਖਾਂ ਵਾਂਗ ਪਸ਼ੂ, ਪੰਛੀ ਉਦਾਸ ਨਿਰਾਸ਼ ਨਹੀਂ ਹੁੰਦੇ ਕਿਉਂਕਿ ਉਹ ਕਿਸੇ ਨੂੰ ਪ੍ਰਭਾਵਤ ਕਰਨ ਦਾ ਯਤਨ ਨਹੀਂ ਕਰਦੇ।
  • ਜਿਹੜੇ ਬਹੁਤ ਬੋਲਦੇ ਹਨ, ਉਹ ਕਿਸੇ ਨਾਲ ਪਿਆਰ ਹੋਣ ਤੇ ਚੁੱਪ ਹੋ ਜਾਂਦੇ ਹਨ।
  • ਠੀਕ ਵਕਤ ਤੇ ਕੀਤੀ ਕੋਈ ਗਲਤੀ, ਗਲਤ ਵਕਤ ਤੇ ਕੀਤੀ ਸਿਆਣਪ ਨਾਲੋਂ ਚੰਗੀ ਹੁੰਦੀ ਹੈ।
  • ਮਹਾਨ ਕਵਿਤਾ ਨੂੰ ਸਿਰਜਦਾ ਪਾਗਲਪਣ ਹੈ, ਪਰ ਲਿਖਦੀ ਅਕਲ ਹੈ।
  • ਇਕ ਨੂੰ ਮਾਰੋਗੇ ਕਾਤਲ ਅਖਵਾਓਗੇ, ਲੱਖਾਂ ਨੂੰ ਮਾਰੋਗੇ ਜੇਤੂ ਅਖਵਾਓਗੇ, ਹਰ ਕਿਸੇ ਨੂੰ ਮਾਰੋਗੇ (ਨਕਲੀ) ਰੱਬ ਅਖਵਾਓਗੇ ।
  • ਬਹੁਤੇ ਲੋਕ ਪ੍ਰਸੰਨਤਾ ਲੱਭਣ ਵਿਚ ਲੱਗੇ ਹੋਏ ਹਨ, ਲੋੜ ਪ੍ਰਸੰਨਤਾ ਸਿਰਜਣ ਦੀ ਹੈ।
  • ਅਸੀਂ ਪ੍ਰਸ਼ੰਸ਼ਾ ਹੀ ਨਹੀਂ ਚਾਹੁੰਦੇ ਇਹ ਚਾਹੁੰਦੇ ਹਾਂ ਕਿ ਪ੍ਰਸ਼ੰਸ਼ਾ ਹੋਰਾਂ ਦੀ ਹਾਜ਼ਰੀ ਵਿਚ ਕੀਤੀ ਜਾਵੇ।
  • ਧਨ ਵਾਂਗ ਦੋਸਤੀ ਕਮਾਉਣੀ ਵੀ ਸੌਖੀ ਹੁੰਦੀ ਹੈ, ਪਰ ਸਾਂਭਣੀ ਔਖੀ ਹੁੰਦੀ ਹੈ।
  • ਜੇ ਹੀਰ ਨੇ ਮਿਰਜ਼ੇ ਨੂੰ ਪਿਆਰ ਕੀਤਾ ਹੁੰਦਾ ਤਾਂ ਪੰਜਾਬ ਵਿਚ ਪਿਆਰ ਦੀ ਪ੍ਰੰਪਰਾ ਹੋਰ ਹੋਣੀ ਸੀ।
  • ਘਾਟਿਆਂ ਦੇ ਕੁਲ ਜੋੜ ਨੂੰ ਤਜ਼ਰਬਾ ਕਹਿੰਦੇ ਹਨ।
  • ਗੁਲਾਬਾਂ ਨੂੰ ਹਸਾਉਣ ਵਾਸਤੇ ਤ੍ਰੇਲ ਆਪ ਰੋਂਦੀ ਹੈ।
  • ਹੱਸਣ ਨਾਲ ਸਿਹਤ ਠੀਕ ਰਹਿੰਦੀ ਹੈ, ਰੋਣ ਨਾਲ ਜਖਮ ਭਰ ਜਾਂਦੇ ਹਨ।
  • ਨੌਕਰ ਘੜੀ ਦੇਖ ਕੇ ਕੰਮ ਕਰਦਾ ਹੈ ਤੇ ਮਾਲਕ ਕੰਮ ਕਰਕੇ ਘੜੀ ਦੇਖਦਾ ਹੈ।
  • ਅਕਲ ਜੇ ਚੁੱਪ ਰਹੇ ਤਾਂ ਹੀ ਅਹਿਸਾਸ ਕਰਦੀ ਹੈ।
  • ਸਿੱਖ ਧਰਮ ਰਬਾਬ ਦੀ ਤਾਰ ਤੋਂ ਤੇਗ ਦੀ ਧਾਰ ਤੱਕ ਫੈਲਿਆ ਹੋਇਆ ਹੈ।
  • ਨੱਚਦੀ ਝੂਮਦੀ ਅਕਲ ਨੂੰ ਕਲਪਨਾ ਕਹਿੰਦੇ ਹਨ ।
  • ਨੌਕਰ ਨੂੰ ਇਕ ਵਾਰ ਦਿੱਤੀ ਸਹੂਲਤ ਵਾਪਸ ਨਹੀਂ ਲਈ ਜਾ ਸਕਦੀ ।
  • ਧਿਆਨ ‘ਤੂੰ’ ਨੂੰ ਕੱਟ ਦਿੰਦਾ ਹੈ, ਪ੍ਰੇਮ ‘ਮੈਂ’ ਨੂੰ ਕੱਟ ਦਿੰਦਾ ਹੈ।
  • ਜਰਮਨ ਹੈਂਕੜ,ਅਮਰੀਕੀ ਧਮਕੀ,ਅੰਗਰੇਜ਼ੀ ਰੋਅਬ, ਫਰਾਂਸੀਸੀ ਨਖਰਾ,ਇਤਾਲਵੀ ਚੁੱਪ, ਯੂਨਾਨੀ ਗੰਭੀਰਤਾ, ਤਿਬਤੀ ਨਿਮਰਤਾ, ਇਜ਼ਰਾਇਲੀ ਬਦਲਾ ਅਤੇ ਭਾਰਤੀ ਸ਼ਰਧਾ ਜਗਤ ਪ੍ਰਸਿੱਧ ਹਨ ।
  • ਵਿਸਥਾਰ ਦੀ ਲੋੜ, ਝੂਠ ਨੂੰ ਹੀ ਹੂੰਦੀ ਹੈ ਸੱਚ ਸਦਾ ਸੰਖੇਪ ਹੁੰਦਾ ਹੈ ।
  • ਡੂੰਘੇ ਵਿਚਾਰ ਚੁੱਪ ਵਿਚੋਂ ਉਪਜਦੇ ਹਨ ਅਤੇ ਚੁੱਪ ਉਪਜਾਉਂਦੇ ਹਨ।
  • ਸਾਰੇ ਯੰਤਰ ਸਾਡੀਆਂ ਇੰਦਰੀਆਂ ਦੇ ਵਿਸਥਾਰ ਹਨ ।
  • ਅਧਿਆਪਕ ਪੜਾਉਂਦੇ ਹਨ, ਗੁਰੂ ਜਗਾਉਂਦੇ ਹਨ ।
  • ਕਿਸੇ ਵਲੋਂ ਆਪਣੀ ਕਾਬਲੀਅਤ ਬਰਬਾਦ ਕਰਨਾ, ਹਰ ਕਿਸੇ ਨੂੰ ਉਦਾਸ ਕਰਦਾ ਹੈ ।
  • ਚੰਗੇ ਅਤੇ ਮਾੜੇ ਅਧਿਆਪਕ ਦੀ ਕੇਵਲ ਤਨਖਾਹ ਬਰਾਬਰ ਹੁੰਦੀ ਹੈ, ਬਾਕੀ ਹਰ ਗੱਲ ਵਖਰੀ ਹੁੰਦੀ ਹੈ ।
  • ਇਕ ਚੰਗੀ ਪੁਸਤਕ, ਮਨ ਦੀ ਕੈਦ ਵਿਚੋਂ ਹਜ਼ਾਰਾਂ ਪਰਿੰਦਿਆਂ ਨੂੰ ਅਜ਼ਾਦ ਕਰ ਦਿੰਦੀ ਹੈ ।
  • ਜਦੋਂ ਆਰੰਭ ਸੰਪੂਰਨ ਹੋ ਜਾਂਦਾ ਹੈ ਤਾਂ ਉਸ ਨੂੰ ਅੰਤ ਕਿਹਾ ਜਾਂਦਾ ਹੈ।
  • ਜਿਹੜਾ ਦੁਕਾਨਦਾਰ ਗਾਹਕਾਂ ਨੂੰ ਧੋਖਾ ਦਿੰਦਾ ਹੈ ਉਸ ਦੇ ਨੌਕਰ ਇਮਾਨਦਾਰ ਨਹੀਂ ਹੁੰਦੇ ।
  • ਅਸਲੀ ਸੋਹਣਾ ਉਹ ਹੈ ਜਿਹੜਾ ਅੰਨੇ ਨੂੰ ਵੀ ਸੋਹਣਾ ਲੱਗੇ ।
  • ਛੋਟੀ ਚੀਜ਼ ਦੇ ਵੱਡੇ ਪ੍ਰਛਾਂਵੇਂ ਨੂੰ ਚਿੰਤਾ ਕਹਿੰਦੇ ਹਨ ।
  • ਸੁੰਦਰ ਇਸਤਰੀ ਇਕ ਵੀ ਸ਼ਬਦ ਬੋਲੇ ਬਿਨਾਂ ਪੂਰਾ ਭਾਸ਼ਣ ਦੇ ਜਾਂਦੀ ਹੈ ।
  • ਜਿੰਮੇਵਾਰੀ ਸੰਭਾਲਦਿਆਂ ਹੀ ਹਿੰਮਤ, ਸੂਝ ਅਤੇ ਕਲਪਨਾ ਤਿੰਨੇ ਜਾਗ ਪੈਂਦੀਆਂ ਹਨ ।
  • ਵੱਡੇ ਖਰਚੇ ਕਰਨੇ ਸੌਖੇ ਹੁੰਦੇ ਹਨ, ਛੋਟੇ ਖਰਚੇ ਕਰਨ ਵੇਲੇ ਮਨੁੱਖ ਪੈਸੇ ਬਚਾਉਣ ਬਾਰੇ ਸੋਚਣ ਲੱਗ ਪੈਂਦਾ ਹੈ ।
  • ਯੋਗ ਵਿਗਿਆਨ ਕਹਿੰਦਾ ਹੈ, ਦਰੱਖਤ ਵਾਂਗ ਖਲੋਵੋ, ਟੱਲੀ ਵਾਂਗ ਬੈਠੋ, ਕਮਾਨ ਵਾਂਗ ਲੇਟੋ ਤੇ ਹਵਾ ਵਾਂਗ ਚੱਲੋ ।
  • ਮੱਥਾ ਘਰ ਰੱਖ ਕੇ ਗੁਰਦੁਆਰੇ ਨਹੀਂ ਜਾਈਦਾ ।
  • ਜ਼ਮਾਨੇ ਨੂੰ ਸਿਧਾਂਤ ਨਹੀਂ, ਸਖ਼ਸ਼ੀਅਤਾਂ ਬਦਲਦੀਆਂ ਹਨ ।
  • ਜੇਬ ਵਿਚ ਉਲਟਾ ਰੱਖਿਆ ਪਰਸ, ਸਕੂਟਰ ਚਾਲਕ ਨੂੰ ਵਧੇਰੇ ਸਕੂਨ ਦਿੰਦਾ ਹੈ।

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ।– ਭਾਗ ਦੂਜਾ–

0

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ।

ਭਾਗ ਦੂਜਾ

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ।—ਭਾਗ ਪਹਿਲਾ—

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। (ਭਾਗ ਤੀਜਾ)

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। (ਭਾਗ ਚੌਥਾ)

ਕਿਰਪਾਲ ਸਿੰਘ (ਬਠਿੰਡਾ)- 98554-80797

ਪਿਛਲੇ ਭਾਗ ਵਿੱਚ ਕੀਤੀ ਗਈ ਤਮਾਮ ਵਿਚਾਰ ’ਚ ਉਨ੍ਹਾਂ ‘ਨਾਂਵ, ਵਿਸ਼ੇਸ਼ਣ, ਪੜਨਾਂਵ, ਪੜਨਾਂਵੀ ਵਿਸ਼ੇਸ਼ਣ ਅਤੇ ਹੁਕਮੀ ਭਵਿੱਖਤ ਕਾਲ ਕਿਰਿਆਵਾਂ’ ਦੇ ਲਿਖਤ ਨਿਯਮ ਨੂੰ ਆਧਾਰ ਬਣਾਇਆ ਗਿਆ ਸੀ, ਜਿਨ੍ਹਾਂ ਦੇ ਅੰਤ ‘ਔਂਕੜ’ ਹੁੰਦੀ ਹੈ। ਇਸ ਭਾਗ ਵਿੱਚ ਅੰਤ ਸਿਹਾਰੀ ਨਿਯਮ ਨੂੰ ਸੰਖੇਪ ’ਚ ਵਿਚਾਰਿਆ ਜਾ ਰਿਹਾ ਹੈ। ਅਨ੍ਯ ਭਾਸ਼ਾਵਾਂ ਦੇ ਕੁਝ ਸ਼ਬਦ ਆਪਣੀ ਅੰਤ ਸਿਹਾਰੀ ਨਾਲ ਹੀ ਲੈ ਕੇ ਆਉਂਦੇ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :

(1). ਗੁਰਬਾਣੀ ਵਿੱਚ ਕਿਉਂਕਿ ਕਈ ਭਾਸ਼ਾਵਾਂ (ਲਗਭਗ 12) ਵਰਤੀਆਂ ਗਈਆਂ ਹਨ ਇਸ ਲਈ ਕੁਝ ਅਨ੍ਯ ਭਾਸ਼ਾਵਾਂ ਦੇ ਸ਼ਬਦ ਆਪਣੀ ਅੰਤ ਸਿਹਾਰੀ ਵੀ ਨਾਲ ਲੈ ਕੇ ਆਏ ਹਨ; ਜਿਵੇਂ ਕਿ ‘ਭਗਤਿ, ਕਾਮਣਿ, ਮੂਰਤਿ, ਹਰਿ, ਆਦਿ, ਜੁਗਾਦਿ’, ਆਦਿਕ, ਇਹ ਨਿਯਮ ਅਜੋਕੀ ਪੰਜਾਬੀ ਲਿਖਤ ਵਿੱਚ ਪ੍ਰਚਲਿਤ ਨਹੀਂ ਹੈ ਜਦ ਕਿ ਗੁਰਬਾਣੀ ਵਿੱਚ ਕੁਝ ਇਸਤਰੀ ਲਿੰਗ ਨਾਂਵ ਸ਼ਬਦ ਅੰਤ ਸਿਹਾਰੀ ਹੁੰਦੇ ਹਨ, ਜਿਵੇਂ ਕਿ ‘ਕਾਮਣਿ, ਨਾਰਿ, ਸੁਹਾਗਣਿ, ਦੋਹਾਗਣਿ, ਬਨਜਾਰਨਿ, ਸੇਵਕਿ, ਭਗਤਿ, ਰੈਣਿ, ਰੈਨਿ, ਕਰਤੂਤਿ, ਮਸੀਤਿ, ਇਲਤਿ, ਜੁਗਤਿ, ਅਕਲਿ, ਸਾਬਾਸਿ, ਖਬਰਿ, ਬੇਲਿ, ਵੇਲਿ, ਭੀਤਿ, ਦਾਤਿ, ਰੁਤਿ, ਨਦਰਿ, ਡੋਰਿ, ਜੁਗਤਿ, ਧੁਨਿ, ਭੂਮਿ, ਧਰਤਿ, ਪ੍ਰੀਤਿ, ਰੀਤਿ, ਦ੍ਰਿਸਟਿ, ਰਿਧਿ, ਸਿਧਿ, ਨਿਧਿ, ਸਰਣਿ, ਮੂਰਤਿ, ਬਿਭੂਤਿ, ਆਦਿ ਸਭ ਇਸਤਰੀ ਲਿੰਗ ਇੱਕ ਬਚਨ ਨਾਂਵ ਹਨ।

ਕਈ ਮਿਸ਼ਨਰੀ ਸੋਚ ਵਾਲੇ ਵਿਦਵਾਨਾਂ ਦੀ ਰਾਇ ਹੈ ਕਿ ਦੂਸਰੀਆਂ ਭਾਸ਼ਾਵਾਂ ਵਿੱਚੋਂ ਆਏ ਇਨ੍ਹਾਂ ਤਤਸਮ ਸ਼ਬਦਾਂ ਦੀ ਬਣਤਰ ਭਾਵ ਅੰਤ ਸਿਹਾਰੀ ਉਚਾਰਨ ਦਾ ਭਾਗ ਹੋਣਾ ਜ਼ਰੂਰੀ ਹੈ ਕਿਉਂਕਿ ਅੰਤ ਸਿਹਾਰੀ ਤੇ ਅੰਤ ਮੁਕਤ ਸ਼ਬਦ, ਪਿੰਗਲ ਨਿਯਮ ਅਨੁਸਾਰ ਲਘੂ ਮਾਤਰਾ (ਪਿੰਗਲ ਅੰਕ 1 ’ਚ) ਹੀ ਆਉਂਦੇ ਹਨ। ਧਿਆਨ ਰਹੇ ਕਿ ਸਿਹਾਰੀ ਨੂੰ ਬਿਹਾਰੀ (ਪਿੰਗਲ ਅੰਕ 2, ਦੀਰਘ ਮਾਤਰਾ) ਵਾਂਗ ਨਾ ਉਚਾਰਿਆ ਜਾਵੇ। ਗੁਰਬਾਣੀ ਵਿੱਚ ਕਾਵਿ ਤੋਲ ਦੇ ਪ੍ਰਭਾਵ ਕਾਰਨ ਹੀ ਇਨ੍ਹਾਂ ਨੂੰ ਅੰਤ ਸਿਹਾਰੀ ਲੱਗੀ ਹੁੰਦੀ ਹੈ, ਵੈਸੇ ਇਨ੍ਹਾਂ ਸ਼ਬਦਾਂ ਵਿੱਚੋਂ ਕਈਆਂ ਨੂੰ ਗੁਰਬਾਣੀ ਲਿਖਤ ’ਚ ਦੀਰਘ ਮਾਤਰ (ਅੰਤ ਬਿਹਾਰੀ) ਵੀ ਦਰਜ ਹੈ; ਜਿਵੇਂ ਕਿ ‘ਕਾਮਣੀ, ਨਾਰੀ, ਸੁਹਾਗਣੀ, ਦੋਹਾਗਣੀ’, ਆਦਿਕ ਪਰ ਜ਼ਿਆਦਾਤਰ ਮਿਸ਼ਨਰੀ ਸੱਜਣ ਵੀ ਅੰਤ ਸਿਹਾਰੀ ਵਾਲੇ ਸ਼ਬਦਾਂ ਨੂੰ ਅੰਤ ਮੁਕਤਾ ਪੜ੍ਹਨ ਦੇ ਸਮੱਰਥਕ ਹਨ ਭਾਵੇਂ ਕਿ ਅੰਤ ਸਿਹਾਰੀ ਇਨ੍ਹਾਂ (ਤਤਸਮ) ਸ਼ਬਦਾਂ ਦੀ ਮੂਲਕ ਹੀ ਕਿਉਂ ਨਾ ਹੋਵੇ।

ਮੇਰੀ ਨਿੱਜ ਰਾਇ ਮੁਤਾਬਕ ਜੇ ਕਰ ਕੋਈ ਵਿਅਕਤੀ ਅੰਤ ਸਿਹਾਰੀ ਦਾ ਸ਼ੁੱਧ ਉਚਾਰਨ ਕਰ ਸਕਦਾ ਹੋਵੇ ਤਾਂ ਉਸ ਲਈ ਇਨ੍ਹਾਂ ਸਭਨਾਂ ਦਾ ਉਚਾਰਨ ਸੰਬੰਧਿਤ ਭਾਸ਼ਾਵਾਂ ਦੇ ਉਚਾਰਨ ਨਿਯਮ ਵਾਂਗ ਭਾਵ ਅੰਤ ਸਿਹਾਰੀ ਸਮੇਤ ਕਰਨਾ ਹੀ ਯੋਗ ਹੋ ਸਕਦਾ ਹੈ ਕਿਉਂਕਿ ਅੰਤ ਸਿਹਾਰੀ ਦਾ ਉਚਾਰਨ, ਨਾ ਕਰਨ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ; ਜਿਵੇਂ ‘ਭਗਤਿ’ ਦਾ ਅਰਥ ਹੈ ‘ਭਗਤੀ’ ਅਤੇ ‘ਭਗਤ’ ਦਾ ਅਰਥ ਹੈ ‘ਭਗਤੀ ਕਰਨ ਵਾਲਾ’, ‘ਕਾਮਣਿ’ ਦਾ ਅਰਥ ਹੈ ‘ਇਸਤ੍ਰੀ’ ਅਤੇ ‘ਕਾਮਣ’ ਦਾ ਅਰਥ ਹੈ ‘ਯਾਦੂ-ਟੂਣੇ’, ਇਤਿਆਦਿਕ।

ਜਿਸ ਤਰ੍ਹਾਂ ‘ਕਿਸ, ਜਿਸ, ਤਿਸ’ ਦਾ ਉਚਾਰਨ ਨਾ ਤਾਂ ‘ਕੇਸ, ਜੇਸ, ਤੇਸ’ ਵਾਙ (ਭਾਵ ਸਿਹਾਰੀ ਦਾ ਉਚਾਰਨ ਲਾਂ ਵੱਲ) ਕੀਤਾ ਜਾ ਸਕਦਾ ਹੈ ਅਤੇ ਨਾ ਹੀ ਅੰਤ ਸਿਹਾਰੀ ਨੂੰ ਬਿਹਾਰੀ ਵਾਂਗ ‘ਕੀਸ, ਜੀਸ, ਤੀਸ’ ਵਾਙ; ਇਸੇ ਤਰ੍ਹਾਂ ਇਨ੍ਹਾਂ (ਅੰਤ ਸਿਹਾਰੀ ਵਾਲੇ) ਸ਼ਬਦਾਂ ਨੂੰ ਅੰਤ ਲਾਂ ਵਾਂਗ ‘ਭਗਤੇ, ਕਾਮਣੇ, ਮੂਰਤੇ, ਹਰੇ, ਆਦੇ, ਜੁਗਾਦੇ’ ਉਚਾਰਨਾ ਜਾਂ ਅੰਤ ਸਿਹਾਰੀ ਵਾਲੇ ਸ਼ਬਦਾਂ ਨੂੰ ਅੰਤ ਬਿਹਾਰੀ ਵਾਂਗ ‘ਭਗਤੀ, ਕਾਮਣੀ, ਮੂਰਤੀ, ਹਰੀ, ਆਦੀ, ਜੁਗਾਦੀ’ ਉਚਾਰਨ ਕਰਨਾ ਗਲਤ ਹੋਵੇਗਾ ਕਿਉਂਕਿ ਸਿਹਾਰੀ (ਲਘੂ ਮਾਤਰਾ) ਦਾ ਉਚਾਰਨ ਲਾਂ ਜਾਂ ਸਿਹਾਰੀ (ਦੀਰਘ ਮਾਤਰਾ) ਵਾਲਾ ਕਦੇ ਵੀ ਨਹੀਂ ਹੋ ਸਕਦਾ ਪਰ ਬਿਨਾਂ ਸੋਚੇ ਸਮਝੇ ਕਈ ਥਾਂਈ ਕੀਤਾ ਜਾ ਰਿਹਾ ਹੈ; ਜਿਵੇਂ ਕਿ (੨੪ ਅਵਤਾਰ ਰਾਮ/ ਦਸਮ ਗ੍ਰੰਥ ’ਚੋਂ ਲਈ ਗਈ) ਰਹਰਾਸਿ ਵਿੱਚ (‘ਬਾਂਹਿ’ ਗਹੇ ਕੀ ਲਾਜ ਅਸਿ; ਗੋਬਿੰਦ ਦਾਸ ਤੁਹਾਰ ॥੮੬੪॥ ਤੁਕ ’ਚ ਪਹਿਲਾਂ ਤਾਂ ‘ਬਾਂਹ’ ਨੂੰ ਸਿਹਾਰੀ ਅੰਤ ‘ਬਾਂਹਿ’ ਲਿਖਣਾ ਹੀ ਗਲਤ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਲਿਖਤ ਵਿੱਚ ‘ਬਾਂਹ’ 4 ਵਾਰ ਅਤੇ ‘ਬਾਹ’ 29 ਵਾਰ ਭਾਵ ‘ਹ’ ਅੰਤ ਮੁਕਤਾ ਹੀ ਹਰ ਵਾਰ ਦਰਜ ਹੈ, ਨਾ ਕਿ ‘ਬਾਹਿ’ ਜਾਂ ‘ਬਾਂਹਿ’; ਜਿਵੇਂ ਕਿ

“ਮੋਹ ਚੀਕੜਿ ਫਾਥੇ, ਨਿਘਰਤ ਹਮ ਜਾਤੇ; ਹਰਿ ‘ਬਾਂਹ’ ਪ੍ਰਭੂ ਪਕਰਾਇ ਜੀਉ ॥” (ਮ: ੪/੪੪੬)

“ਪ੍ਰਭਿ ਬਾਂਹ ਪਕਰਾਈ, ਊਤਮ ਮਤਿ ਪਾਈ ; ਗੁਰ ਚਰਣੀ ਜਨੁ ਲਾਗਾ (ਮ: ੪/੪੪੬)

“ਵੈਦੁ ਬੁਲਾਇਆ ਵੈਦਗੀ; ਪਕੜਿ ਢੰਢੋਲੇ ਬਾਂਹ (ਮ: ੧/੧੨੭੯) , ਆਦਿ।

“ਸੁਣਿ ਸੁਣਿ ਕਾਮ ਗਹੇਲੀਏ ! ਕਿਆ ਚਲਹਿ ਬਾਹ ਲੁਡਾਇ ? (ਮ: ੩/੩੭)

ਬਾਹ ਪਕੜਿ ਤਿਸੁ ਸੁਆਮੀ ਮੇਲੈ; ਜਿਸ ਕੈ ਮਸਤਕਿ ਲਹਣਾ ॥” (ਮ: ੫/੧੦੯)

“ਅੰਧ ਕੂਪ ਮਹਾ ਘੋਰ ਤੇ; ਬਾਹ ਪਕਰਿ ਗੁਰਿ ਕਾਢਿ ਲੀਏ ॥” (ਮ: ੫/੩੮੩)

“ਨਾਨਕ ! ਬਾਹ ਪਕਰਿ, ਸਤਿਗੁਰਿ ਨਿਸਤਾਰਾ ॥” (ਮ: ੫/੮੦੪), ਆਦਿ। ਇਸ (ਬਾਂਹ) ਦਾ ਅਰਥ ਹੈ ਵਾਜੂ, ਭੁਜਾ।

ਗੁਰਬਾਣੀ ਲਿਖਤ ਦੀ ਇਹ ਵਿਲੱਖਣਤਾ ਰਹੀ ਹੈ ਕਿ ਉਚਾਰਨ ਸੇਧ ਵਾਲੇ ਸ਼ਬਦ ਘੱਟ ਗਿਣਤੀ ਵਿੱਚ ਆਏ ਹੁੰਦੇ ਹਨ ਜਦ ਕਿ ਇਨ੍ਹਾਂ ਤੋਂ ਸੇਧ ਲੈ ਕੇ ਦਰੁਸਤ ਪਾਠ ਕਰਨ ਵਾਲੇ ਸ਼ਬਦ ਬਹੁਤਾਤ ਵਿੱਚ ਦਰਜ ਕੀਤੇ ਹੁੰਦੇ ਹਨ। ਇਸੇ ਤਰ੍ਹਾਂ ‘ਬਾਂਹ’ (4 ਵਾਰ) ਤੋਂ ਸੇਧ ਲੈ ਕੇ ‘ਬਾਹ’ (29 ਵਾਰ) ਦੇ ਉਚਾਰਨ ਨੂੰ ਦਰੁਸਤ ਪਾਠ ‘ਬਾਂਹ’ ਕਰਨਾ ਹੈ।

ਇਸਤਰੀ ਲਿੰਗ ਸ਼ਬਦ ‘ਬਾਂਹ’ ਦੇ ਅਰਥ ਦੇਣ ਲਈ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਵੀ ਸਿਹਾਰੀ ਅੰਤ ਸ਼ਬਦ ‘ਬਾਂਹਿ’ ਨਹੀਂ ਆਇਆ। ਇਸ ਲਈ ਪਹਿਲੀ ਗਲਤੀ ਤਾਂ ‘ਬਾਂਹ’ ਨੂੰ ਬਾਂਹਿ’ ਲਿਖ ਕੇ ਕੀਤੀ ਗਈ ਹੈ। ਸ਼ਾਇਦ ਇਹ ਇਸ ਕਾਰਨ ਹੋਵੇ ਕਿ ਇਸ ਦਾ ਮੂਲ ਸ੍ਰੋਤ ਦਸਮ ਗ੍ਰੰਥ ਵਿੱਚ ਦਰਜ ਰਾਮਾਇਣ ਕਥਾ ’ਚੋਂ ਲਿਆ ਗਿਆ ਹੋਵੇ: ਦੋਹਰਾ- “ਸਗਲ ਦੁਆਰ ਕਉ ਛਾਡਿ ਕੈ, ਗਹਯੋ ਤੁਹਾਰੋ ਦੁਆਰ ॥ ‘ਬਾਂਹਿ’ ਗਹੇ ਕੀ ਲਾਜ ਅਸਿ, ਗੋਬਿੰਦ ਦਾਸ ਤੁਹਾਰ ॥੮੬੪॥” (ਇਤਿ ਸ੍ਰੀ ਰਾਮਾਇਣ ਸਮਾਪਤਮ ਸਤੁ ਸੁਭਮ ਸਤੁ ॥)

ਗੁਰੂ ਗ੍ਰੰਥ ਸਾਹਿਬ ਵਾਂਗ ਦਸਮ ਗ੍ਰੰਥ ਦੀ ਕੋਈ ਵੀ ਬੀੜ ਪ੍ਰਮਾਣਿਕ ਸ਼ੁਧਤਾ ਵਾਲੀ ਨਹੀਂ ਮਿਲ ਰਹੀ ਇਨ੍ਹਾਂ ਵਿੱਚ ਬਹੁਤ ਹੀ ਪਾਠੰਤਰ ਭੇਦ ਹਨ। ਇਸ ਲਈ ਸਿਹਾਰੀ ਅੰਤ ‘ਬਾਂਹਿ’ ਸ਼ੁੱਧ ਨਹੀਂ ਮੰਨਿਆ ਜਾ ਸਕਦਾ ਅਤੇ ਦੂਜੀ ਵੱਡੀ ਗਲਤੀ ‘ਬਾਂਹ’ ਨੂੰ ‘ਬਾਂਹੇਂ’ ਉਚਾਰਨਾ, ਅਰਥਾਂ ਦੇ ਅਨਰਥ ਕਰਨਾ ਹੈ ਕਿਉਂਕਿ ਪੰਜਾਬੀ ਵਿੱਚ ‘ਬਾਂਹਾ’ ਇੱਕ ਵਚਨ ਸ਼ਬਦ ਹੈ ਜਿਸ ਦਾ ਅਰਥ ਹੈ, ਕਿਸੇ ਔਜਾਰ ਦਾ ਦਸਤਾ ਅਤੇ ਇਸ ਦਾ ਬਹੁ ਵਚਨ ਹੈ ‘ਬਾਂਹੇਂ’ ਜਿਸ ਦਾ ਅਰਥ ਹੈ- ਦਸਤੇ, ਹੱਥੇ।

ਗੁਰਬਾਣੀ ਵਿੱਚ ਇਨ੍ਹਾਂ ਅਨ੍ਯ ਭਾਸ਼ਾਵਾਂ ਦੇ ਅੰਤ ਸਿਹਾਰੀ ਇਸਤ੍ਰੀ ਲਿੰਗ ਅਤੇ ਅੰਤ ਮੁਕਤਾ ਸ਼ਬਦਾਂ ਦੀ ਵਰਤੋਂ ਇਉਂ ਕੀਤੀ ਹੋਈ ਮਿਲਦੀ ਹੈ:

“ਵਿਣੁ ਗੁਣ ਕੀਤੇ; ‘ਭਗਤਿ’ ਨ ਹੋਇ (ਜਪੁ)

“ਅਸੰਖ ‘ਭਗਤ’; ਗੁਣ ਗਿਆਨ ਵੀਚਾਰ ॥” (ਜਪੁ)

“ਰਸੁ ਸੁਇਨਾ, ਰਸੁ ਰੁਪਾ ‘ਕਾਮਣਿ’; ਰਸੁ ਪਰਮਲ ਕੀ ਵਾਸੁ ॥” (ਮ: ੧/੧੫)

“ਗੁਣ ‘ਕਾਮਣ’ ਕਰਿ; ਕੰਤੁ ਰੀਝਾਇਆ ॥” (ਮ: ੫/੭੩੭), ਆਦਿ।

(2). ਅੰਤ ਸਿਹਾਰੀ ਵਾਲੇ ਇਸਤ੍ਰੀ ਲਿੰਗ ਸ਼ਬਦਾਂ ਦੇ ਵਿਸ਼ੇਸ਼ਣ ਸ਼ਬਦ ਵੀ ਅੰਤ ਸਿਹਾਰੀ ਹੀ ਹੁੰਦੇ ਹਨ; ਜਿਵੇਂ ਕਿ ‘ਸੁਘਰਿ, ਨਿਰਗੁਨਿ, ਪਰਧਾਨਿ, ਕਰੂਪਿ, ਸਰੂਪਿ, ਬੇਪੀਰਿ (ਭਾਵ ਨਿਗੁਰੀ), ਚੰਚਲਿ, ਸੁੰਦਰਿ, ਸੁਜਾਣਿ, ਚਤੁਰਿ, ਬਿਚਖਨਿ, ਆਦਿਕ; ਜਿਵੇਂ “ਸੋਹਨੀ ਸਰੂਪਿ, ਸੁਜਾਣਿ ਬਿਚਖਨਿ  (ਮ: ੫/੩੭੪)

(3). ‘ਪਾਂਚ, ਦਸ, ਗਿਆਰਹ, ਬਾਰਹ, ਬੀਸ, ਸਉ, ਲਖ, ਲਾਖ’ ਆਦਿਕ ਕੁਝ ਕੁ ਸੰਖਿਆ ਵਾਚਕ ਸ਼ਬਦਾਂ ਨੂੰ ਛੱਡ ਕੇ ਤਕਰੀਬਨ ਬਾਕੀ ਦੇ ਸਾਰੇ ਗਿਣਤੀ ਵਾਚਕ ਸ਼ਬਦ ਅੰਤ ਸਿਹਾਰੀ ਹੁੰਦੇ ਹਨ; ਜਿਵੇਂ ਕਿ ‘ਦੁਇ, ਤੀਨਿ, ਚਾਰਿ, ਪੰਜਿ, ਅਠਿ, ਸਠਿ, ਅਠਸਠਿ, ਕਰੋੜਿ, ਕ੍ਰੋੜਿ, ਆਦਿਕ; ਜਿਵੇਂ ‘ਤੀਨਿ’ ਸੇਰ ਕਾ, ਦਿਹਾੜੀ ਮਿਹਮਾਨੁ ॥ (ਮ: ੫/੩੭੪)

(ਨੋਟ: ਧਿਆਨ ਰਹੇ ਕਿ ‘ਇਕਿ’ ਦਾ ਅਰਥ ‘ਕਈ’, ‘ਇਕੁ’ ਦਾ ਅਰਥ ‘ਪੁਲਿੰਗ ਇੱਕ’ ਅਤੇ ‘ਇਕ’ ਦਾ ਅਰਥ ‘ਇਸਤ੍ਰੀ ਲਿੰਗ ਇੱਕ’ ਹੁੰਦਾ ਹੈ।)

ਇਕਿ ਦਾਤੇ, ਇਕਿ ਭੇਖਾਰੀ ਜੀ !   ਸਭਿ ਤੇਰੇ ਚੋਜ ਵਿਡਾਣਾ  (ਸੋ ਪੁਰਖੁ ਆਸਾ ਮਃ ੪/ ਅੰਕ੧੧)

ਇਕਿ ਆਵਹਿ, ਇਕਿ ਜਾਹਿ ਉਠਿ;   ਰਖੀਅਹਿ ਨਾਵ ਸਲਾਰ (ਸਿਰੀਰਾਗੁ ਮਃ ੧/ਅੰਕ ੧੬)

“ਸਭਨਾ ਜੀਆ ਕਾ ਇਕੁ ਦਾਤਾ;   ਸੋ ਮੈ ਵਿਸਰਿ ਨ ਜਾਈ (ਜਪੁ /ਅੰਕ ੨)

ਇਕੁ ਸੰਸਾਰੀ, ਇਕੁ ਭੰਡਾਰੀ;   ਇਕੁ ਲਾਏ ਦੀਬਾਣੁ (ਜਪੁ/ਅੰਕ ੭)

“ਸਹਸ ਸਿਆਣਪਾ ਲਖ ਹੋਹਿ;   ਤ ਇਕ ਨ ਚਲੈ ਨਾਲਿ (ਜਪੁ/ਅੰਕ ੧)

“ਓੜਕ ਓੜਕ ਭਾਲਿ ਥਕੇ;   ਵੇਦ ਕਹਨਿ ਇਕ ਵਾਤ  (ਜਪੁ/ਅੰਕ ੫)

(4). ਸੰਬੰਧਕੀ ਪਦ; ਜਿਵੇਂ ਕਿ ‘ਵਿਚਿ, ਉਪਰਿ, ਊਪਰਿ, ਹੇਠਿ, ਨਾਲਿ, ਅੰਦਰਿ, ਅੰਤਰਿ, ਬਾਹਰਿ, ਭੀਤਰਿ, ਬੀਚਿ, ਮੰਝਾਰਿ, ਸੰਗਿ, ਵਲਿ, ਮਹਿ, ਮਾਹਿ, ਪਾਸਿ, ਦੁਆਸਿ, ਪਹਿ (ਭਾਵ ਅੱਗੇ), ਪਾਰਿ, ਨਿਕਟਿ, ਬਰਾਬਰਿ, ਸਾਥਿ, ਨਜੀਕਿ, ਤੁਲਿ (ਭਾਵ ਬਰਾਬਰ), ਅੰਤਿ’, ਆਦਿਕ ਦੇ ਅੰਤਲੇ ਅੱਖਰਾਂ ਨਾਲ ਆਮ ਤੌਰ ’ਤੇ ‘ਅੰਤ ਸਿਹਾਰੀ’ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ ‘‘ਓਨਾ ਪਾਸਿ ਦੁਆਸਿ ਨ ਭਿਟੀਐ; ਜਿਨ ਅੰਤਰਿ  ਕ੍ਰੋਧੁ ਚੰਡਾਲ ॥’’ (ਮ: ੪/੪੦)

(5). ‘ਬੈਠ ਕੇ ਪਾਠ ਸੁਣ।’ ਵਾਕ ’ਚ ਮੂਲ ਕਿਰਿਆ ‘ਸੁਣ’ ਹੈ, ਜਿਸ ਦੀ ਮਦਦ ਲਈ ‘ਬੈਠ ਕੇ’ (ਕਿਰਿਆ ਵਿਸ਼ੇਸ਼ਣ) ਵੀ ਦਰਜ ਕੀਤਾ ਗਿਆ ਹੈ ਪਰ ਗੁਰਬਾਣੀ ’ਚ ਇਹੀ ਵਾਕ ‘ਬੈਠਿ (ਕੇ), ਪਾਠੁ ਸੁਣੁ’ ਹੋਵੇਗਾ ਕਿਉਂਕਿ ‘ਪਾਠੁ’ ਇੱਕ ਵਚਨ ਪੁਲਿੰਗ ਨਾਂਵ, ‘ਬੈਠਿ’ (ਕਿਰਿਆ ਵਿਸ਼ੇਸ਼ਣ) ਤੇ ‘ਸੁਣੁ’ ਹੁਕਮੀ ਭਵਿੱਖ ਕਾਲ (ਮੂਲ) ਕਿਰਿਆ ਹੈ। ਇਸ ਵਿਚਾਰ ਦਾ ਮਤਲਬ ਇਹ ਦਰਸਾਉਣਾ ਹੈ ਕਿ ਮੂਲ ਕਿਰਿਆ ਦੀ ਮਦਦ ਲਈ ਆਇਆ ‘ਕਿਰਿਆ ਵਿਸ਼ੇਸ਼ਣ’ ਸ਼ਬਦ ਵੀ ਅੰਤ ਸਿਹਾਰੀ ਹੀ ਹੁੰਦਾ ਹੈ; ਜਿਵੇਂ ਕਿ:

ਸੁਣਿ (ਕੇ), ਵਡਾ ਆਖੈ ਸਭੁ ਕੋਇ ॥” (ਸੋ ਦਰੁ, ਮ: ੧/੯)

“ਸਾਲਾਹੀ ਸਾਲਾਹਿ (ਕੇ); ਏਤੀ ਸੁਰਤਿ ਨ ਪਾਈਆ ॥” (ਜਪੁ)

ਸੁਨਿ (ਕੇ); ਅੰਧਾ, ਕੈਸੇ ਮਾਰਗੁ ਪਾਵੈ ? (ਮ: ੫/੨੬੭)ਆਦਿ ਵਾਕਾਂ ’ਚ ‘ਆਖੈ, ਪਾਈਆ, ਪਾਵੈ’ ਮੂਲ ਕਿਰਿਆਵਾਂ ਹਨ, ਜਿਨ੍ਹਾਂ ਦੀ ਮਦਦ ਲਈ ‘ਸੁਣਿ, ਸਾਲਾਹਿ, ਸੁਨਿ’ (ਕਿਰਿਆ ਵਿਸ਼ੇਸ਼ਣ) ਅੰਤ ਸਿਹਾਰੀ ਦਰਜ ਕੀਤੇ ਗਏ । ਧਿਆਨ ਰਹੇ ਕਿ ਇਨ੍ਹਾਂ ਦੀ ਅੰਤ ਸਿਹਾਰੀ ਉਚਾਰਨ ਦਾ ਭਾਗ ਨਹੀਂ, ਕੇਵਲ ਅਰਥ ਕਰਨ ਲਈ ਸਹਾਇਕ ਹੁੰਦੀ ਹੈ।

(6). ਉਕਤ ਇਸ ਵਿਸ਼ੇ ਦੇ ਪਹਿਲੇ ਭਾਗ (ਨੰਬਰ 6) ’ਚ ਕੀਤੀ ਗਈ ਵਿਚਾਰ ਕਿ ‘ਹੁਕਮੀ ਭਵਿੱਖ ਕਾਲ ਕਿਰਿਆ’ ਨੂੰ ਅੰਤ ਔਂਕੜ (ਰਖੁ, ਸੁਣੁ, ਆਦਿ) ਹੁੰਦਾ ਹੈ, ਜਿਨ੍ਹਾਂ ਦਾ ਅਰਥ ਬਣਦਾ ਹੈ: ‘ਤੂੰ ਰੱਖ, ਤੂੰ ਸੁਣ’, ਆਦਿ। ਇਸੇ ਤਰ੍ਹਾਂ ‘ਹੁਕਮੀ ਭਵਿੱਖ ਕਾਲ ਕਿਰਿਆ’ ਸ਼ਬਦਾਂ ਨੂੰ ਅੰਤ ਸਿਹਾਰੀ ਵੀ ਹੁੰਦੀ ਹੈ ਤੇ ਅਰਥ ਅੰਤ ਔਂਕੜ ਵਾਂਗ ਹੀ ਬਣਦੇ ਹਨ; ਜਿਵੇਂ ਕਿ ਇੱਕ ਤੁਕ ’ਚ ਹੀ ਦੋਵੇਂ ਲਿਖਤ ਨਿਯਮ ਦਰਜ ਹਨ :- “ਸੁਣਿ  ਮਨ ਮਿਤ੍ਰ ਪਿਆਰਿਆ ! ਮਿਲੁ  ਵੇਲਾ ਹੈ ਏਹ ॥ (ਮ: ੧/੨੦) ਇਸ ਵਾਕ ’ਚ ਦੋ ਹੁਕਮੀ ਭਵਿੱਖ ਕਾਲ ਕਿਰਿਆਵਾਂ ਹਨ ‘ਸੁਣਿ’ ਤੇ ‘ਮਿਲੁ’ ਅਤੇ ਦੋਹਾਂ ਦਾ ਅਰਥ ਹੈ: (ਹੇ ਮਨ ਪਿਆਰਿਆ!) ‘ਤੂੰ ਸੁਣ, ਤੂੰ ਮਿਲ’, ਪਰ ਲਿਖਤ ਨਿਯਮ ਦੋ ਪ੍ਰਕਾਰ ਭਾਵ ਅੰਤ ਸਿਹਾਰੀ ਤੇ ਅੰਤ ਔਂਕੜ ਹਨ। ਅਜਿਹੀਆਂ ਤੁਕਾਂ ’ਚ ਜ਼ਿਆਦਾਤਰ ਇੱਕ ਵਚਨ ਨਾਂਵ ਨੂੰ ਸੰਬੋਧਨ ਹੋਵੇਗਾ; ਜਿਵੇਂ ਕਿ ‘ਹੇ ਭਾਈ !, ਹੇ ਮਨ !, ਹੇ ਜੀਵ !, ਹੇ ਪਰਾਨੀ !’; ਜਿਵੇਂ “ਰਮਈਆ ਕੇ ਗੁਨ, ਚੇਤਿ ਪਰਾਨੀ! ॥” (ਮ: ੫/੨੬੬), ਵਾਕ ’ਚ ‘ਹੇ ਪ੍ਰਾਣੀ!’ ਸੰਬੋਧਨ ਸਮੇਤ ‘ਚੇਤਿ’ ਭਾਵ ਹੈ ਤੂੰ ਚੇਤੇ ਕਰ, ਤੂੰ ਯਾਦ ਕਰ’ ਹੁਕਮੀ ਭਵਿੱਖ ਕਾਲ ਕਿਰਿਆ (ਅੰਤ ਸਿਹਾਰੀ), ਆਦਿ।

(7). ਨਿਸ਼ਚੇਵਾਚਕ ਪੜਨਾਂਵ ਜਾਂ ਵਿਸ਼ੇਸ਼ਣਾਂ ਦੇ ਅੰਤਲੇ ਅੱਖਰਾਂ ਨੂੰ ਵੀ ਲੱਗੀ ਸਿਹਾਰੀ ਬਹੁ ਵਚਨੀ ਅਰਥਾਂ ਦੀ ਸੂਚਕ ਹੁੰਦੀ ਹੈ। ਇਨ੍ਹਾਂ ਨਾਲ ਕਿਰਿਆ ਵੀ ਬਹੁ ਵਚਨ ਹੋਵੇਗੀ; ਜਿਵੇਂ ਮੌਜੂਦਾ ਪੰਜਾਬੀ ਵਿੱਚ ਲਿਖਿਆ ਜਾਂਦਾ ਹੈ: ‘ਹੇ ਨਾਨਕ ! ਇਹੀ ਗੁਣ ਮੂਰਖਾਂ ਦੇ ਹਨ, ਕਿਤਨੀ ਮਤ ਦਿਓ, ਉਹ ਜਦੋਂ ਭੀ ਬੋਲਦੇ ਹਨ ਸਦਾ ਉਹੀ ਬੋਲਦੇ ਹਨ ਜਿਸ ਨਾਲ ਕਿਸੇ ਦਾ ਨੁਕਸਾਨ ਹੀ ਹੋਵੇ।’ ਇਸ ਨੂੰ ਗੁਰਬਾਣੀ ਵਿੱਚ ਲਿਖਿਆ ਜਾਵੇਗਾ: “ਨਾਨਕ ! ਮੂਰਖ  ਏਹਿ ਗੁਣ ; ਬੋਲੇ, ਸਦਾ ਵਿਣਾਸੁ ॥” (ਮ ੧/੧੪੩), ਵਾਕ ’ਚ ‘ਗੁਣ’ (ਅੰਤ ਮੁਕਤਾ) ਬਹੁ ਵਚਨ ਨਾਂਵ ਹੈ, ਜਿਸ ਦੀ ਮਦਦ ਲਈ ‘ਏਹਿ’ (ਅੰਤ ਸਿਹਾਰੀ) ਵੀ ਬਹੁ ਵਚਨ ਪੜਨਾਂਵੀ ਵਿਸ਼ੇਸ਼ਣ ਹੀ ਹੈ।

ਜਿਹਨਾਂ ਪੜਨਾਵਾਂ/ਵਿਸ਼ੇਸ਼ਣਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਲੱਗੀ ਹੋਵੇ ਉਹ ਇੱਕ ਵਚਨ ਪੁਲਿੰਗ ਹੁੰਦੇ ਹਨ, ਮੁਕਤਾ ਅੰਤ ਵਾਲੇ ਇਸਤਰੀ ਲਿੰਗ ਅਤੇ ਅੰਤ ਸਿਹਾਰੀ ਵਾਲੇ ਬਹੁ ਵਚਨ ਪੁਲਿੰਗ ਦੇ ਲਖਾਇਕ ਹੁੰਦੇ ਹਨ; ਜਿਵੇਂ ਕਿ

ਇੱਕ ਵਚਨ ਪੁਲਿੰਗ—-ਇਸਤਰੀ ਲਿੰਗ——–ਬਹੁ ਵਚਨ (ਪੁਲਿੰਗ) ——ਉਚਾਰਨ

       ਇਹੁ————ਇਹ—————ਇਹਿ——————-ਇਹ

       ਓਹੁ————–ਓਹ————–ਓਹਿ——————–ਓਹ

       ਹੋਰੁ————–ਹੋਰ—————ਹੋਰਿ——————–ਹੋਰ

      ਇਕੁ————-ਇਕ————–ਇਕਿ——————-ਇੱਕ

       ਸਭੁ————–ਸਭ————–ਸਭਿ——————–ਸਭ

     ਅਵਰੁ————-ਅਵਰ————-ਅਵਰਿ——————ਅਵਰ

(ਨੋਟ: ‘ਸਭ’ ਸ਼ਬਦ ਅੰਤ ਮੁਕਤਾ ਬਾਰੇ ਅਪਵਾਦ ਹੈ ਕਿਉਂਕਿ ਇਹ ਸ਼ਬਦ ਕਈ ਵਾਰ ਬਹੁ ਵਚਨ ਦੇ ਅਰਥ ਵੀ ਦੇ ਰਿਹਾ ਹੈ ਤੇ ਇਸਤ੍ਰੀ ਲਿੰਗ ਅਰਥ ਵੀ; ਇਸ ਸੰਬੰਧੀ ਹੋਰ ਖੋਜ ਦੀ ਲੋੜ ਹੈ।

ਇੱਥੇ ਇਹ ਵੀ ਚੇਤੇ ਰੱਖਣਯੋਗ ਹੈ ਕਿ ਉਕਤ ਪੜਨਾਵਾਂ ’ਚੋਂ ਜੋ ਸ਼ਬਦ ਅੰਤ ‘ਨ’ ਅੱਖਰ ਹੁੰਦੇ ਹਨ; ਜਿਵੇਂ ‘ਜਿਨ, ਉਨ, ਤਿਨ, ਇਨ’, ਆਦਿ ਤਾਂ ਉਕਤ ਦਰਸਾਏ ਨਿਯਮ ਬਦਲ ਜਾਂਦੇ ਹਨ ਭਾਵ ਮੁਕਤਾ ਅੰਤ ‘ਨ’ ਬਹੁ ਵਚਨ ਪੜਨਾਂਵ (ਨਾ ਕਿ ਇਸਤਰੀ ਲਿੰਗ) ਤੇ ਸਿਹਾਰੀ ਅੰਤ ‘ਨ’ ਇੱਕ ਵਚਨ ਪੜਨਾਂਵ (ਨਾ ਕਿ ਬਹੁ ਵਚਨ) ਹੋ ਜਾਂਦੇ ਹਨ; ਜਿਵੇਂ ‘ਜਿਨਿ, ਉਨਿ, ਤਿਨਿ, ਇਨਿ, ਆਦਿ ਦੀ ਮਿਸਾਲ ਇਸ ਪ੍ਰਕਾਰ ਹੈ:

ਜਿਨਿ ਸੇਵਿਆ; ਤਿਨਿ  ਪਾਇਆ ਮਾਨੁ ॥” (ਜਪੁ)

ਜਿਨ ਹਰਿ ਹਰਿ, ਹਰਿ ਰਸੁ ਨਾਮੁ ਨ ਪਾਇਆ; ਤੇ ਭਾਗਹੀਣ ਜਮ ਪਾਸਿ ॥” (ਸੋ ਪੁਰਖੁ/ਮ: ੪/੧੦)

ਜਿਨ ਨਿਰਭਉ,  ਜਿਨ ਹਰਿ ਨਿਰਭਉ ਧਿਆਇਆ ਜੀ !  ਤਿਨ ਕਾ ਭਉ ਸਭੁ ਗਵਾਸੀ ॥” (ਸੋ ਪੁਰਖੁ/ ਮ: ੪/੧੧), ਆਦਿ।

ਚੇਤੇ ਰਹੇ ਕਿ ‘ਜਿਨਿ’ (ਇੱਕ ਵਚਨ) ਨਾਲ ਸੰਬੰਧਕੀ ਸ਼ਬਦ ਆਇਆਂ ਵੀ ‘ਜਿਨ’ (ਅੰਤ ਮੁਕਤਾ ਨ) ਬਣ ਜਾਂਦਾ ਹੈ, ਜੋ ਇੱਕ ਵਚਨ ਪੜਨਾਂਵ ਹੀ ਹੁੰਦਾ ਹੈ; ਜਿਵੇਂ :

ਜਿਨ ਕੈ ਰਾਮੁ ਵਸੈ; ਮਨ ਮਾਹਿ ॥” (ਜਪੁ), ਇਸ ਤੁਕ ’ਚ ‘ਕੈ’ ਨੇ ‘ਜਿਨਿ’ ਨੂੰ ‘ਜਿਨ’ ਬਣਾ ਦਿੱਤਾ, ਇਸ ਲਈ ਇੱਥੇ ਅੰਤ ਮੁਕਤ ‘ਜਿਨ’ ਬਹੁ ਵਚਨ ਦਾ ਲਖਾਇਕ ਨਹੀਂ।

(8). ਗੁਰਬਾਣੀ ਦੀ ਲਿਖਤ ਵਿੱਚ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਦੇ ਅਖੀਰਲੇ ਅੱਖਰ ਨੂੰ ਵੀ ਚਾਰ ਕਾਰਕ (ਕੇਸਾਂ) ਵਿੱਚ ਸਿਹਾਰੀ ਅੰਤ ਲੱਗ ਜਾਂਦੀ ਹੈ, ਜੋ ਕਾਰਕੀ ਅਰਥ (ਨੇ, ਨਾਲ, ਵਿੱਚ, ਤੋਂ) ਦਿੰਦੀ ਹੈ ; ਜਿਵੇਂ

(ੳ). ਕਰਤਾ ਕਾਰਕ (ਕਾਰਜ ਕਰਨ ਵਾਲਾ, ਇਸ ਦਾ ਚਿੰਨ੍ਹ ਹੈ: ‘ਨੇ’): ਜਿਵੇਂ ਅੱਜ ਕੱਲ ਦੀ ਪੰਜਾਬੀ ਵਿੱਚ ਲਿਖਾਂਗੇ ‘ਗੁਰੂ ਨੂੰ ਮਿਲ ਕੇ ਨਾਨਕ ਨੇ (ਭੀ) ਉਸ ਖਸਮ-ਪ੍ਰਭੂ ਨੂੰ ਸਿਮਰਿਆ ਹੈ ।’ ਇਹੀ ਭਾਵਨਾ ਗੁਰਬਾਣੀ ਵਿੱਚ ਇਉਂ ਦਰਜ ਹੈ: “ਗੁਰ ਮਿਲਿ,  ਨਾਨਕਿ  (ਨੇ), ਖਸਮੁ ਧਿਆਇਆ ॥” (ਮ: ੫/੧੧੮੪)

(ਅ). ਕਰਣ ਕਾਰਕ (ਜਿਸ ਦੀ ਸਹਾਇਤਾ ਨਾਲ ਕੰਮ ਹੋਵੇ, ਇਸ ਦਾ ਚਿੰਨ੍ਹ ਹੈ: ‘ਨਾਲ, ਰਾਹੀਂ, ਦੁਆਰਾ’): ਅਜੋਕੀ ਪੰਜਾਬੀ ਦਾ ਵਾਕ ਹੈ, ‘ਸਾਬਣ ਨਾਲ’ ਕੱਪੜੇ ਸਾਫ਼-ਸੁਥਰੇ ਹੋ ਜਾਂਦੇ ਹਨ।’ ਇਸ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਜਾਏਗਾ, “ਜਿਉ ਸਾਬੁਨਿ (ਨਾਲ), ਕਾਪਰ ਊਜਲ ਹੋਤ ॥” (ਮ ੫ /੯੧੪)

(ੲ). ਅਧਿਕਰਣ ਕਾਰਕ (‘ਅਧਿ’ ਦਾ ਅਰਥ ਹੁੰਦਾ ਹੈ ‘ਦੋ ਚੀਜ਼ਾਂ ਦੇ ਵਿਚਕਾਰ’ ਤੇ ਇਸ ਦਾ ਚਿੰਨ੍ਹ ਹੈ: ‘ਅੰਦਰ’, ਵਿੱਚ, ਉੱਤੇ’), ਜਿਵੇਂ ਕਿ ਪੰਜਾਬੀ ਵਾਕ ਹੈ ‘ਰਾਜ-ਦਰਬਾਰਾਂ ਵਿਚ’ ਪੰਚ ਜਨ ਸੋਭਦੇ ਹਨ, ਇਸ ਨੂੰ ਗੁਰਬਾਣੀ ਲਿਖਤ ਮੁਤਾਬਕ ਲਿਖਿਆ ਜਾਏਗਾ: “ਪੰਚੇ ਸੋਹਹਿ,  ਦਰਿ (ਵਿੱਚ ਜਾਂ ਉੱਤੇ) ਰਾਜਾਨੁ ॥” (ਜਪੁ) ਭਾਵ ਰਾਜਿਆਂ ਦੇ ਦਰਬਾਰ ਵਿੱਚ ਜਾਂ ਦਰ ਉੱਤੇ।

(ਸ). ਅਪਾਦਾਨ ਕਾਰਕ (ਇੱਕ ਚੀਜ ਤੋਂ ਦੂਜੀ ਵੱਖਰੀ ਕਰਨਾ, ਜਿਸ ਦਾ ਚਿੰਨ੍ਹ ਹੈ: ‘ਤੋਂ, ਉੱਤੋਂ, ਵਿੱਚੋਂ’), ਜਿਵੇਂ ਪੰਜਾਬੀ ਵਾਕ ਹੈ ਜਿਸ ਹਿਰਦੇ ਪਰਮਾਤਮਾ ਦਾ ਨਾਮ-ਰਸ ਰਚ ਗਿਆ, ਉਹਨਾਂ ਦੇ ‘ਮਨ ਵਿੱਚੋਂ’ ਅਹੰਕਾਰ ਦੂਰ ਹੋ ਗਿਆ, ਇਸ ਮੁਹਾਵਰੇ ਨੂੰ ਗੁਰਬਾਣੀ ਵਿੱਚ ਲਿਖਿਆ ਜਾਏਗਾ: “ਅੰਤਰਿ ਹਰਿ ਰਸੁ ਰਵਿ ਰਹਿਆ ; ਚੂਕਾ ਮਨਿ (ਤੋਂ, ਵਿੱਚੋਂ) ਅਭਿਮਾਨੁ ॥ (ਮ ੩ /੨੬)

ਜਿਸ ਤਰ੍ਹਾਂ ਅਜੋਕੀ ਪੰਜਾਬੀ ਦਾ ‘ਪੰਡਿਤ’ ਸ਼ਬਦ, ਗੁਰਬਾਣੀ ਲਿਖਤ ’ਚ ‘ਪੰਡਿਤੁ’ (ਇੱਕ ਵਚਨ), ‘ਪੰਡਿਤ’ (ਬਹੁ ਵਚਨ), ‘ਪੰਡਿਤ ਦਾ’ (ਉਪਦੇਸ਼, ਸੰਬੰਧਕੀ ਜਾਂ) ‘ਪੰਡਿਤ ਦੀ’ (ਮੈਲ਼, ਸੰਬੰਧਕੀ) ਅਤੇ ‘ਪੰਡਿਤ’ (ਭਾਵ ਹੇ ਪੰਡਿਤ ! ਸੰਬੋਧਨ) ਵੀ ਵਰਤਿਆ ਜਾਂਦਾ ਹੈ, ਪਰ ਹਰ ਜਗ੍ਹਾ ਦਰੁਸਤ ਉਚਾਰਨ ਬਿਨਾਂ ਔਂਕੜ ‘ਪੰਡਿਤ’ ਹੀ ਹੋਵੇਗਾ, ਇਸੇ ਤਰ੍ਹਾਂ ਉਕਤ ਵਿਚਾਰ ਉਪਰੰਤ ‘ਨਾਨਕ, ਨਾਨਕੁ, ਨਾਨਕਿ’ ਸ਼ਬਦਾਂ ਦਾ ਸਹੀ ਉਚਾਰਨ ਵੀ ‘ਨਾਨਕ’ ਹੈ ਅਤੇ ਅਰਥ ਬਣਦੇ ਹਨ :

ਨਾਨਕੁ ਨੀਚੁ, ਕਹੈ ਵੀਚਾਰੁ ॥” (ਜਪੁ) ਭਾਵ ਨਿਮਾਣਾ ਨਾਨਕ (ਤਾਂ ਕੁਦਰਤ ਬਾਰੇ ਇਤਨੀ ਕੁ ਹੀ) ਵਿਚਾਰ ਕਰ ਸਕਦਾ ਹੈ।

“ਹੈ ਭੀ ਸਚੁ,  ਨਾਨਕ ! ਹੋਸੀ ਭੀ ਸਚੁ ॥” (ਜਪੁ) ਭਾਵ ਹੇ ਨਾਨਕ ! (ਸੰਬੋਧਨ) ਅਕਾਲ ਪੁਰਖ ਹੁਣ ਵੀ ਹੈ ਤੇ ਸਦਾ ਰਹੇਗਾ।

“ਜਨ ਨਾਨਕਿ  ਕਮਲੁ ਪਰਗਾਸਿਆ; ਮਨਿ, ਹਰਿ ਹਰਿ ਵੁਠੜਾ ਹੇ ॥” (ਮ: ੪/੮੨) ਭਾਵ ਨਾਨਕ ਰਾਹੀਂ (ਕਰਣ ਕਾਰਕ) ਦਾਸ ਦਾ ਹਿਰਦਾ (ਕੌਲ) ਖਿੜ੍ਹ ਪਿਆ ਹੈ ਕਿਉਂਕਿ ਮਨ ਵਿੱਚ ਹਰੀ ਆ ਵਸਿਆ।

“ਗੁਰ ਪਰਸਾਦਿ  ਅਕਥੁ; ਨਾਨਕਿ ਵਖਾਣਿਆ ॥” (ਮ: ੫/੩੯੭) ਭਾਵ ਗੁਰੂ ਦੀ ਕਿਰਪਾ ਨਾਲ ‘ਨਾਨਕ ਨੇ’ (ਕਰਤਾ ਕਾਰਕ) ਅਕਥ (ਅਕਾਲ ਪੁਰਖ) ਨੂੰ ਬਿਆਨ ਕੀਤਾ, ਆਦਿ।

ਉਕਤ ਤਮਾਮ ਵਿਚਾਰ ਉਪਰੰਤ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਅਨ੍ਯ ਭਾਸ਼ਾਵਾਂ ਦੀ ਅੰਤ ਸਿਹਾਰੀ ਤੋਂ ਬਿਨਾਂ ਕਾਰਕੀ ਚਿੰਨ੍ਹਾਂ ਨੂੰ ਪ੍ਰਗਟਾਉਣ ਵਾਲੀ ਅੰਤ ਸਿਹਾਰੀ ਤਮਾਮ ਸ਼ਬਦਾਂ ਦੀ ਉਚਾਰਨ ਦਾ ਭਾਗ ਨਹੀਂ ਹੁੰਦੀ, ਪਰ ਜੇ ਬਿਨਾਂ ਗੁਰਬਾਣੀ ਵਿਆਕਰਨ ਦੇ ਨਿਯਮਾਂ ਨੂੰ ਵੀਚਾਰਿਆਂ, ਸਾਰੀਆਂ ਹੀ ਲਗਾਂ ਮਾਤਰਾਂ ਪੜ੍ਹਨ ਦੀ ਜ਼ਿੱਦ ਕਰੀਏ ਤਾਂ ‘ਨਾਨਕੁ, ਨਾਨਕ, ਨਾਨਕਿ’ ਨੂੰ ਕ੍ਰਮਵਾਰ ‘ਨਾਨਕੋ, ਨਾਨਕ ਅਤੇ ਨਾਨਕੇ’ ਪੜ੍ਹਾਂਗੇ, ਜੋ ਉਚਾਰਨ ਗ਼ਲਤ ਹੋਵੇਗਾ।

ਕੁਝ ਸੰਪ੍ਰਦਾਈ ਲੋਕ, ਜੋ ਗੁਰਬਾਣੀ ਲਿਖਤ ਦੇ ਇਨ੍ਹਾਂ ਨਿਯਮਾਂ ਨੂੰ ਸਮਝਾਉਣ ਦਾ ਵਿਰੋਧ ਕਰਦੇ ਹਨ ਉਹ ਇੱਕ ਤਾਂ ਗੁਰਬਾਣੀ ਦੀ ਲਿਖਤ ਦਾ ਵਿਰੋਧ ਕਰ ਰਹੇ ਹੁੰਦੇ ਹਨ ਅਤੇ ਦੂਸਰਾ ਕੇਵਲ ਅੰਤ ‘ਹੁ, ਹਿ’ (2) ਲਗਾਂ ਨੂੰ ਹੀ ਉਚਾਰਦੇ ਵੇਖੇ ਜਾ ਸਕਦੇ ਹਨ; ‘ਵਾਹੁ’ ਨੂੰ ‘ਵਾਹੋ’, ‘ਰਾਹੁ’ ਨੂੰ ‘ਰਾਹੋ’, ‘ਵੀਆਹੁ’ ਨੂੰ ‘ਵੀਆਹੋ’, ‘ਰਾਹਿ’ ਨੂੰ ‘ਰਾਹੇ’, ‘ਵੀਆਹਿ’ ਨੂੰ ‘ਵੀਆਹੇ’, ਆਦਿ, ਜਦੋਂ ਕਿ ਇਹ ਸ਼ਬਦ-ਉਚਾਰਨ ਕਿਸੇ ਵੀ ਭਾਸ਼ਾ ਦੇ ਕੋਸ਼ ਵਿੱਚ ਦਰਜ ਨਹੀਂ ਹੈ।

ਗੁਰਮੁਖੀ ਭਾਸ਼ਾ ਵਾਂਗ ਅੰਗਰੇਜੀ ਵਿੱਚ ਵੀ ਕੁਝ ਅੱਖਰ ਸਾਈਲੈਂਟ ਹੁੰਦੇ ਹਨ ਭਾਵ ਆਪਣੀ ਆਵਾਜ਼ ਨਹੀਂ ਦਿੰਦੇ, ਜਿਵੇਂ ਕਿ ‘Know’ ਵਿੱਚ ‘K’ ਸਾਈਲੈਂਟ ਹੈ; ‘Here’ ਵਿੱਚ ਪਿਛੇਤਰ ‘e’ ਸਾਈਲੈਂਟ ਹੈ। ਹੁਣ ਜੇ ਸੰਪ੍ਰਦਾਈ ਸਿੱਖ ਗੁਰਬਾਣੀ ਦੀ ਸਾਈਲੈਂਟ ਮਾਤਰਾ ‘ਅੰਤ ਔਂਕੜ’ ਤੇ ‘ਅੰਤ ਸਿਹਾਰੀ’ ਦੇ ਉਚਾਰਨ ਵਾਂਗ ਅੰਗਰੇਜ਼ ਦੇ ਵੀ ਲਿਖਤ ਵਿੱਚ ਸਾਈਲੈਂਟ ਅੱਖਰਾਂ ਦੀ ਵਰਤੋਂ ਕਰਨੀ ਬੰਦ ਕਰ ਦੇਣ ਤਾਂ ਕੀ ਅੱਜ ਦੇ ਅੰਗਰੇਜ਼ ਵੀ ਪੁਰਾਣੀਆਂ ਲਿਖਤਾਂ ਵਿੱਚ ਸਾਈਲੈਂਟ ਅੱਖਰਾਂ ਦਾ ਉਚਾਰਨ ਵੀ ਸ਼ੁਰੂ ਕਰ ਦੇਣਗੇ ਭਾਵ ਤਾਂ ਕੀ ਹਜ਼ਾਰਾਂ ਸਾਲ ਪਹਿਲਾਂ ਦੀ ਅੰਗਰੇਜ਼ੀ ਲਿਖਤ ਵਿੱਚ ਲਿਖੇ ‘Know’ ਨੂੰ ‘ਕਨੋਅ’ ਅਤੇ ‘Here’ ਨੂੰ ‘ਹੇਰੇ’ ਪੜ੍ਹਨਾ ਪਵੇਗੇ। ਇਸੇ ਤਰ੍ਹਾਂ ਅੰਗਰੇਜ਼ੀ ਦੇ ਚਾਰ ਸ਼ਬਦ ਹਨ- Wright, Write, Right ਅਤੇ Rite. ਅੰਗਰੇਜ਼ੀ ਵਿੱਚ ਇਨ੍ਹਾਂ ਚਾਰਾਂ ਦਾ ਉਚਾਰਨ ਇੱਕ ਸਮਾਨ ਹੈ – ‘ਰਾਈਟ’ ਪਰ ਇਨ੍ਹਾਂ ਚਾਰਾਂ ਹੀ ਸ਼ਬਦਾਂ ਦੀ ਲਿਖਤ ਅਨੁਸਾਰ ਉਨ੍ਹਾਂ ਦੇ ਅਰਥ ਕਰਮਵਾਰ ਵੱਖੋ ਵੱਖਰੇ ਹਨ।

Wright ਦਾ ਅਰਥ ਹੈ ਨਿਰਮਾਤਾ, ਕਾਰੀਗਰ; Write ਦਾ ਅਰਥ ਹੈ ਲਿਖਣਾ; Right ਦਾ ਅਰਥ ਹੈ ਸੱਜਾ ਪਾਸਾ, ਠੀਕ ਜਾਂ 90 ਦਰਜੇ ਦਾ ਕੋਣ, ਆਦਿਕ ਅਤੇ Rite ਦਾ ਅਰਥ ਹੈ ਧਾਰਮਿਕ ਰਸਮੋ ਰਿਵਾਜ਼, ਸੰਸਕਾਰ। ਬਿਨਾਂ ਅੰਗਰੇਜ਼ੀ ਦੀ ਲਿਖਣਸ਼ੈਲੀ ਅਤੇ ਅਰਥਾਂ ਨੂੰ ਵਿਚਾਰਿਆਂ; ਜਿਵੇਂ ਲਿਖਿਆ ਹੈ ਤਿਵੇਂ ਪੜ੍ਹਨ ਦੀ ਜ਼ਿੱਦ ਕਰਨ ਵਾਲੇ ਕੀ ਇਨ੍ਹਾਂ ਨੂੰ ਕਰਮਵਾਰ ‘ਵਰਿਘਟ, ਵਰਾਈਟੇ, ਰਿਘਟ ਅਤੇ ਰਿਟੇ ਪੜ੍ਹਨਗੇ! ਅਜਿਹੇ ਸੈਂਕੜੇ ਹੋਰ ਸਾਈਲੈਂਟ ਸ਼ਬਦ ਹਨ ਜਿਨ੍ਹਾਂ ਨੂੰ ਜੇ ਅੱਜ ਦੀ ਲਿਖਤ ਵਿੱਚ ਪੜ੍ਹਨ ਦੀ ਜ਼ਿੱਦ ਕਰੀਏ ਤਾਂ ਉਹ ਪੁਰਾਤਨ ਲਿਖਤ ਨੂੰ ਵਿਗਾੜ ਦੇਣਗੇ ।

———–ਚਲਦਾ———-

Most Viewed Posts