ਜੀਵਨ ਲਈ ਅਹਿਮ ਜਾਣਕਾਰੀ

0
256

ਜੀਵਨ ਲਈ ਅਹਿਮ ਜਾਣਕਾਰੀ  

ਨਰਿੰਦਰ ਸਿੰਘ ‘ਕਪੂਰ’

  • ਘੱਟ ਖਾਧੇ, ਘੱਟ ਸੁਤੇ ਅਤੇ ਘੱਟ ਖਰਚੇ ਦਾ ਕਦੇ ਵੀ ਪਛਤਾਵਾ ਨਹੀਂ ਹੁੰਦਾ ।
  •  ਜੇ ਅੰਦਰ ਚਾਅ ਹੋਵੇ ਤਾਂ ਲੰਗੜੇ ਵੀ ਨੱਚਣ ਲੱਗ ਪੈਂਦੇ ਹਨ ।
  • ਜ਼ਾਲਮ ਮਰ ਜਾਂਦਾ ਹੈ ਅਤੇ ਉਸ ਦਾ ਰਾਜ ਮੁੱਕ ਜਾਂਦਾ ਹੈ, ਸ਼ਹੀਦ ਮਰ ਜਾਂਦਾ ਹੈ ਤੇ ਉਸ ਦਾ ਰਾਜ ਆਰੰਭ ਹੋ ਜਾਂਦਾ ਹੈ ।
  • ਆਕੜ ਕੇ ਨੱਚਿਆ ਨਹੀਂ ਜਾ ਸਕਦਾ, ਗੁੱਸੇ ਨਾਲ ਗਾਇਆ ਨਹੀਂ ਜਾ ਸਕਦਾ ।
  • ਅਮੀਰੀ ਇਸ ਗੱਲ ਵਿਚ ਹੁੰਦੀ ਹੈ ਕਿ ਕਿੰਨੇ ਘਰਾਂ ਦੇ ਬੂਹੇ ਤੁਹਾਡੀ ਉਡੀਕ ਵਿਚ ਖੁਲੇ ਹਨ।
  • ਆਪਣੀ ਅੰਤਿਮ ਅਰਦਾਸ ਦੇ ਭੋਗ ਵਾਲੇ ਕਾਰਡ ਤੇ ਤੁਸੀਂ ਜੋ ਛਪਵਾਉਣਾ ਪਸੰਦ ਕਰੋਗੇ ਉਸ ਨੂੰ ਧਿਆਨ ਵਿਚ ਰੱਖ ਕੇ ਜੀਉ ।
  • ਸਦਾ ਗਿਲੀ ਰਹਿਣ ਕਰ ਕੇ ਜੀਭ ਦੇ ਤਿਲਕਣ ਦਾ ਹਮੇਸ਼ਾਂ ਡਰ ਰਹਿੰਦਾ ਹੈ।
  • ਜੇ ਲੜਨਾ ਚਾਹੁੰਦੇ ਹੋ ਤਾਂ ਉਥੇ ਲੜੋ, ਜਿੱਥੇ ਤੁਸੀਂ ਲੜਨਾ ਚਾਹੁੰਦੇ ਹੋ, ਨਾ ਕਿ ਉਥੇ, ਜਿਥੇ ਵਿਰੋਧੀ ਲੜਨਾ ਚਾਹੁੰਦਾ ਹੈ।
  • ਕੁਖ ਦੇ ਵੱਡੇ ਰੂਪ ਨੂੰ ਘਰ ਕਹਿੰਦੇ ਹਨ।
  • ਆਪਣੀ ਔਕਾਤ ਨਾਲੋਂ ਮਹਿੰਗੀ ਖਰੀਦੀ ਚੀਜ਼ ਸਾਂਭੀ ਜਾਂਦੀ ਹੈ, ਵਰਤੀ ਨਹੀਂ।
  • ਜਿਸ ਨਾਲ ਦੁਰਘਟਨਾ ਵਾਪਰਦੀ ਹੈ ਉਹ ਬੇਹੋਸ਼ ਹੋ ਜਾਂਦਾ ਹੈ, ਬਾਕੀ ਸਾਰੇ ਹੋਸ਼ ਵਿਚ ਆ ਜਾਂਦੇ ਹਨ।
  • ਜੀਵਨ ਦਾ ਦੁਖਾਂਤ ਇਹ ਨਹੀਂ ਕਿ ਇਹ ਜਲਦੀ ਮੁਕ ਜਾਂਦਾ ਹੈ ਸਗੋਂ ਇਹ ਹੈ ਕਿ ਅਸੀਂ ਜਿਉਣਾ ਆਰੰਭ ਹੀ ਨਹੀਂ ਕਰਦੇ।
  • ਕਾਹਲ ਨਾ ਕਰੋ, ਜਲਦੀ ਸ਼ੂਰੂ ਕਰੋ।
  • ਜੇ ਮਹਾਨਤਾ ਨੂੰ ਅਨੁਭਵ ਕਰਨਾ ਹੋਵੇ ਤਾਂ ਕਿਸੇ ਉਸ ਨੂੰ ਗਲੇ ਲਗਾ ਕੇ ਵੇਖੋ ਜਿਸ ਨੇ ਤੁਹਾਡੇ ਨਾਲ ਵਧੀਕੀ ਕੀਤੀ ਹੋਵੇ।
  • ਗਰਮ ਦਿਮਾਗਾਂ ਅਤੇ ਠੰਡੇ ਦਿਲਾਂ ਨੇ ਅਜੇ ਤਕ ਕੋਈ ਸਮੱਸਿਆ ਹੱਲ ਨਹੀਂ ਕੀਤੀ।
  • ਲੋਕ ਚਿੰਤਾ ਕਰਦੇ ਹਨ ਕਿ ਕੱਲ ਕੀ ਹੋਵੇਗਾ ਜਦਕਿ ਚਿੰਤਾ ਇਹ ਕਰਨੀ ਚਾਹੀਦੀ ਹੈ ਕਿ ਜੋ ਅੱਜ ਕਰ ਰਹੇ ਹਾਂ ਉਸ ਦੇ ਕੱਲ ਕੀ ਸਿੱਟੇ ਨਿਕਲਣਗੇ ?
  • ਚੰਗਾ ਇਲਾਜ ਉਹ ਹੈ, ਜੋ ਮਨੁੱਖ ਨੂੰ ਰੋਗ ਤੇ ਦਵਾਈ ਦੋਹਾਂ ਤੋਂ ਮੁਕਤ ਕਰੇ।
  • ਧੀ ਮਰ ਜਾਣੀ, ਕਿਹਾਂ ਵੀ ਹੱਸਦੀ ਹੈ ਅਤੇ ਖਸਮਾਂ ਖਾਣੀਂ ਕਿਹਾਂ ਵੀ ਨੀ ਰੋਂਦੀ।
  • ਸਿਆਣਪ ਤੋਂ ਬਿਨਾਂ ਚੁੱਪ ਰਹਿਣਾਂ ਸੰਭਵ ਨਹੀਂ ਹੁੰਦਾ।
  • ਹੱਸਣਾ ਸਿੱਖੋ ਉਮਰ ਕੋਈ ਵੀ ਹੋਵੇ, ਜਵਾਨੀ ਮਹਿਸੂਸ ਕਰੋਗੇ।
  • ਜਦੋਂ ਮੌਜ ਮੇਲੇ ਦੀ ਹਿੰਮਤ ਨਹੀਂ ਰਹਿੰਦੀ ਤਾਂ ਮਨੁੱਖ ਕਹਿੰਦਾ ਹੈ ਕਿ ਸਭ ਕੁਝ ਛੱਡ ਦਿੱਤਾ ਹੈ।
  • ਜਿਹੜੇ ਸੋਚ ਦੇ ਪਖੋਂ ਜ਼ਮਾਨੇ ਨਾਲੋਂ ਅੱਗੇ ਹੁੰਦੇ ਹਨ, ਉਹਨਾਂ ਦੀ ਸੋਚ ਉਹਨਾਂ ਦੇ ਔਗੁਣ ਗਿਣੀ ਜਾਂਦੀ ਹੈ।
  • ਚੰਗਾ ਅਧਿਆਪਕ ਵਿਦਿਆਰਥੀ ਨੂੰ ਕੇਵਲ ਹਿਸਾਬ ਦੇ ਫਾਰਮੂਲੇ ਹੀ ਨਹੀਂ ਦੱਸਦਾ, ਰਿਸ਼ਤਿਆਂ ਦੀ ਜੂਮੈਟਰੀ ਤੇ ਜ਼ਿੰਦਗੀ ਦਾ ਅਲਜ਼ਬਰਾ ਵੀ ਸਮਝਾਉਂਦਾ ਹੈ।
  • ਮਨੁੱਖਾਂ ਵਾਂਗ ਪਸ਼ੂ, ਪੰਛੀ ਉਦਾਸ ਨਿਰਾਸ਼ ਨਹੀਂ ਹੁੰਦੇ ਕਿਉਂਕਿ ਉਹ ਕਿਸੇ ਨੂੰ ਪ੍ਰਭਾਵਤ ਕਰਨ ਦਾ ਯਤਨ ਨਹੀਂ ਕਰਦੇ।
  • ਜਿਹੜੇ ਬਹੁਤ ਬੋਲਦੇ ਹਨ, ਉਹ ਕਿਸੇ ਨਾਲ ਪਿਆਰ ਹੋਣ ਤੇ ਚੁੱਪ ਹੋ ਜਾਂਦੇ ਹਨ।
  • ਠੀਕ ਵਕਤ ਤੇ ਕੀਤੀ ਕੋਈ ਗਲਤੀ, ਗਲਤ ਵਕਤ ਤੇ ਕੀਤੀ ਸਿਆਣਪ ਨਾਲੋਂ ਚੰਗੀ ਹੁੰਦੀ ਹੈ।
  • ਮਹਾਨ ਕਵਿਤਾ ਨੂੰ ਸਿਰਜਦਾ ਪਾਗਲਪਣ ਹੈ, ਪਰ ਲਿਖਦੀ ਅਕਲ ਹੈ।
  • ਇਕ ਨੂੰ ਮਾਰੋਗੇ ਕਾਤਲ ਅਖਵਾਓਗੇ, ਲੱਖਾਂ ਨੂੰ ਮਾਰੋਗੇ ਜੇਤੂ ਅਖਵਾਓਗੇ, ਹਰ ਕਿਸੇ ਨੂੰ ਮਾਰੋਗੇ (ਨਕਲੀ) ਰੱਬ ਅਖਵਾਓਗੇ ।
  • ਬਹੁਤੇ ਲੋਕ ਪ੍ਰਸੰਨਤਾ ਲੱਭਣ ਵਿਚ ਲੱਗੇ ਹੋਏ ਹਨ, ਲੋੜ ਪ੍ਰਸੰਨਤਾ ਸਿਰਜਣ ਦੀ ਹੈ।
  • ਅਸੀਂ ਪ੍ਰਸ਼ੰਸ਼ਾ ਹੀ ਨਹੀਂ ਚਾਹੁੰਦੇ ਇਹ ਚਾਹੁੰਦੇ ਹਾਂ ਕਿ ਪ੍ਰਸ਼ੰਸ਼ਾ ਹੋਰਾਂ ਦੀ ਹਾਜ਼ਰੀ ਵਿਚ ਕੀਤੀ ਜਾਵੇ।
  • ਧਨ ਵਾਂਗ ਦੋਸਤੀ ਕਮਾਉਣੀ ਵੀ ਸੌਖੀ ਹੁੰਦੀ ਹੈ, ਪਰ ਸਾਂਭਣੀ ਔਖੀ ਹੁੰਦੀ ਹੈ।
  • ਜੇ ਹੀਰ ਨੇ ਮਿਰਜ਼ੇ ਨੂੰ ਪਿਆਰ ਕੀਤਾ ਹੁੰਦਾ ਤਾਂ ਪੰਜਾਬ ਵਿਚ ਪਿਆਰ ਦੀ ਪ੍ਰੰਪਰਾ ਹੋਰ ਹੋਣੀ ਸੀ।
  • ਘਾਟਿਆਂ ਦੇ ਕੁਲ ਜੋੜ ਨੂੰ ਤਜ਼ਰਬਾ ਕਹਿੰਦੇ ਹਨ।
  • ਗੁਲਾਬਾਂ ਨੂੰ ਹਸਾਉਣ ਵਾਸਤੇ ਤ੍ਰੇਲ ਆਪ ਰੋਂਦੀ ਹੈ।
  • ਹੱਸਣ ਨਾਲ ਸਿਹਤ ਠੀਕ ਰਹਿੰਦੀ ਹੈ, ਰੋਣ ਨਾਲ ਜਖਮ ਭਰ ਜਾਂਦੇ ਹਨ।
  • ਨੌਕਰ ਘੜੀ ਦੇਖ ਕੇ ਕੰਮ ਕਰਦਾ ਹੈ ਤੇ ਮਾਲਕ ਕੰਮ ਕਰਕੇ ਘੜੀ ਦੇਖਦਾ ਹੈ।
  • ਅਕਲ ਜੇ ਚੁੱਪ ਰਹੇ ਤਾਂ ਹੀ ਅਹਿਸਾਸ ਕਰਦੀ ਹੈ।
  • ਸਿੱਖ ਧਰਮ ਰਬਾਬ ਦੀ ਤਾਰ ਤੋਂ ਤੇਗ ਦੀ ਧਾਰ ਤੱਕ ਫੈਲਿਆ ਹੋਇਆ ਹੈ।
  • ਨੱਚਦੀ ਝੂਮਦੀ ਅਕਲ ਨੂੰ ਕਲਪਨਾ ਕਹਿੰਦੇ ਹਨ ।
  • ਨੌਕਰ ਨੂੰ ਇਕ ਵਾਰ ਦਿੱਤੀ ਸਹੂਲਤ ਵਾਪਸ ਨਹੀਂ ਲਈ ਜਾ ਸਕਦੀ ।
  • ਧਿਆਨ ‘ਤੂੰ’ ਨੂੰ ਕੱਟ ਦਿੰਦਾ ਹੈ, ਪ੍ਰੇਮ ‘ਮੈਂ’ ਨੂੰ ਕੱਟ ਦਿੰਦਾ ਹੈ।
  • ਜਰਮਨ ਹੈਂਕੜ,ਅਮਰੀਕੀ ਧਮਕੀ,ਅੰਗਰੇਜ਼ੀ ਰੋਅਬ, ਫਰਾਂਸੀਸੀ ਨਖਰਾ,ਇਤਾਲਵੀ ਚੁੱਪ, ਯੂਨਾਨੀ ਗੰਭੀਰਤਾ, ਤਿਬਤੀ ਨਿਮਰਤਾ, ਇਜ਼ਰਾਇਲੀ ਬਦਲਾ ਅਤੇ ਭਾਰਤੀ ਸ਼ਰਧਾ ਜਗਤ ਪ੍ਰਸਿੱਧ ਹਨ ।
  • ਵਿਸਥਾਰ ਦੀ ਲੋੜ, ਝੂਠ ਨੂੰ ਹੀ ਹੂੰਦੀ ਹੈ ਸੱਚ ਸਦਾ ਸੰਖੇਪ ਹੁੰਦਾ ਹੈ ।
  • ਡੂੰਘੇ ਵਿਚਾਰ ਚੁੱਪ ਵਿਚੋਂ ਉਪਜਦੇ ਹਨ ਅਤੇ ਚੁੱਪ ਉਪਜਾਉਂਦੇ ਹਨ।
  • ਸਾਰੇ ਯੰਤਰ ਸਾਡੀਆਂ ਇੰਦਰੀਆਂ ਦੇ ਵਿਸਥਾਰ ਹਨ ।
  • ਅਧਿਆਪਕ ਪੜਾਉਂਦੇ ਹਨ, ਗੁਰੂ ਜਗਾਉਂਦੇ ਹਨ ।
  • ਕਿਸੇ ਵਲੋਂ ਆਪਣੀ ਕਾਬਲੀਅਤ ਬਰਬਾਦ ਕਰਨਾ, ਹਰ ਕਿਸੇ ਨੂੰ ਉਦਾਸ ਕਰਦਾ ਹੈ ।
  • ਚੰਗੇ ਅਤੇ ਮਾੜੇ ਅਧਿਆਪਕ ਦੀ ਕੇਵਲ ਤਨਖਾਹ ਬਰਾਬਰ ਹੁੰਦੀ ਹੈ, ਬਾਕੀ ਹਰ ਗੱਲ ਵਖਰੀ ਹੁੰਦੀ ਹੈ ।
  • ਇਕ ਚੰਗੀ ਪੁਸਤਕ, ਮਨ ਦੀ ਕੈਦ ਵਿਚੋਂ ਹਜ਼ਾਰਾਂ ਪਰਿੰਦਿਆਂ ਨੂੰ ਅਜ਼ਾਦ ਕਰ ਦਿੰਦੀ ਹੈ ।
  • ਜਦੋਂ ਆਰੰਭ ਸੰਪੂਰਨ ਹੋ ਜਾਂਦਾ ਹੈ ਤਾਂ ਉਸ ਨੂੰ ਅੰਤ ਕਿਹਾ ਜਾਂਦਾ ਹੈ।
  • ਜਿਹੜਾ ਦੁਕਾਨਦਾਰ ਗਾਹਕਾਂ ਨੂੰ ਧੋਖਾ ਦਿੰਦਾ ਹੈ ਉਸ ਦੇ ਨੌਕਰ ਇਮਾਨਦਾਰ ਨਹੀਂ ਹੁੰਦੇ ।
  • ਅਸਲੀ ਸੋਹਣਾ ਉਹ ਹੈ ਜਿਹੜਾ ਅੰਨੇ ਨੂੰ ਵੀ ਸੋਹਣਾ ਲੱਗੇ ।
  • ਛੋਟੀ ਚੀਜ਼ ਦੇ ਵੱਡੇ ਪ੍ਰਛਾਂਵੇਂ ਨੂੰ ਚਿੰਤਾ ਕਹਿੰਦੇ ਹਨ ।
  • ਸੁੰਦਰ ਇਸਤਰੀ ਇਕ ਵੀ ਸ਼ਬਦ ਬੋਲੇ ਬਿਨਾਂ ਪੂਰਾ ਭਾਸ਼ਣ ਦੇ ਜਾਂਦੀ ਹੈ ।
  • ਜਿੰਮੇਵਾਰੀ ਸੰਭਾਲਦਿਆਂ ਹੀ ਹਿੰਮਤ, ਸੂਝ ਅਤੇ ਕਲਪਨਾ ਤਿੰਨੇ ਜਾਗ ਪੈਂਦੀਆਂ ਹਨ ।
  • ਵੱਡੇ ਖਰਚੇ ਕਰਨੇ ਸੌਖੇ ਹੁੰਦੇ ਹਨ, ਛੋਟੇ ਖਰਚੇ ਕਰਨ ਵੇਲੇ ਮਨੁੱਖ ਪੈਸੇ ਬਚਾਉਣ ਬਾਰੇ ਸੋਚਣ ਲੱਗ ਪੈਂਦਾ ਹੈ ।
  • ਯੋਗ ਵਿਗਿਆਨ ਕਹਿੰਦਾ ਹੈ, ਦਰੱਖਤ ਵਾਂਗ ਖਲੋਵੋ, ਟੱਲੀ ਵਾਂਗ ਬੈਠੋ, ਕਮਾਨ ਵਾਂਗ ਲੇਟੋ ਤੇ ਹਵਾ ਵਾਂਗ ਚੱਲੋ ।
  • ਮੱਥਾ ਘਰ ਰੱਖ ਕੇ ਗੁਰਦੁਆਰੇ ਨਹੀਂ ਜਾਈਦਾ ।
  • ਜ਼ਮਾਨੇ ਨੂੰ ਸਿਧਾਂਤ ਨਹੀਂ, ਸਖ਼ਸ਼ੀਅਤਾਂ ਬਦਲਦੀਆਂ ਹਨ ।
  • ਜੇਬ ਵਿਚ ਉਲਟਾ ਰੱਖਿਆ ਪਰਸ, ਸਕੂਟਰ ਚਾਲਕ ਨੂੰ ਵਧੇਰੇ ਸਕੂਨ ਦਿੰਦਾ ਹੈ।