ਜੱਟ ਦਾ ਵਰਤ
ਡਾ. ਐਮ. ਐਸ. ਰੰਧਾਵਾ
ਇੱਕ ਵਾਰ ਮੈਂ ਦਾਣਾ ਮੰਡੀ ਦੀ ਬੋਲੀ ਵਿਚ ਫਸਿਆ ਸਾਂ ਤੇ ਇੱਕ ਵਾਰ ਵਹੁਟੀ ਦੇ ਬੋਲੀ ਮਾਰਨ ਵਿੱਚ ਫਸ ਗਿਆ।
ਦਾਣਾ ਮੰਡੀ ’ਚ ਕਣਕ ਦੇ ਢੇਰ ਦੀ ਬੋਲੀ ਹੋ ਰਹੀ ਸੀ। ਆੜ੍ਹਤੀਏ ਤੀਂਘ-ਤੀਂਘ ਇਕ ਇਕ ਪੈਸਾ ਉਤਾਂਹ ਚੜ੍ਹਾ ਰਹੇ ਸਨ। ‘‘ਦੋ ਪੈਸੇ, ਦੋ ਪੈਸੇ, ਢਾਈ ਪੈਸੇ, ਢਾਈ ਪੈਸੇ, ਤਿੰਨ ਪੈਸੇ, ਤਿੰਨ ਪੈਸੇ’’ ਉਹ ਬੋਲੀ ਦਿੰਦੇ ਗਏ। ਜਦੋਂ ‘‘ਛੋਲ੍ਹਾਂ ਪੈਸੇ ਛੋਲ੍ਹਾਂ ਪੈਸੇ’’ ਹੋਣ ਲੱਗੇ ਤਾਂ ਆੜ੍ਹਤੀਆਂ ਦੇ ਮੁੜ੍ਹਕੇ ਛੁੱਟ ਪਏ ਤੇ ਰਗਾਂ ਫੁੱਲ ਗਈਆਂ।
ਉਨ੍ਹਾਂ ਦੀਆਂ ਘਿਗੀਆਂ ਬੈਠਣ ਲੱਗੀਆਂ।
ਮੈਂ ਸੋਚਿਆ ਹੁਣ ਵੀ ਇਨ੍ਹਾਂ ’ਚੋਂ ਕੋਈ ਮਰਿਆ, ਹੁਣ ਵੀ ਕੋਈ ਮਰਿਆ।
ਮੈਂ ਕਿਹਾ ਇਹ ਬੰਦੇ ਸ਼ਰੀਫ ਲੱਗਦੇ ਹਨ, ਪਰ ਇਹ ਕੁੱਕੜ ਬਾਂਗ ਜਿਹੀ ’ਚ ਮਾਰੇ ਜਾਣੇ ਹਨ।
ਉਨ੍ਹਾਂ ਨੂੰ ਮੁਸੀਬਤ ਤੋਂ ਛੁਡਾਉਣ ਲਈ ਮੈਂ ਅੱਗੇ ਵਧਿਆ ਤੇ ਦਾਣਿਆਂ ਦੇ ਢੇਰ ਲਾਗੇ ਜਾ ਕੇ ਕਿਹਾ : ‘‘ਇਕ ਰੁਪਈਆ, ਇਕ ਰੁਪਈਆ।’’ ਮੰਡੀ ਵਿੱਚ ਛਣਾਟਾ ਛਾ ਗਿਆ।
ਸਾਰੇ ਪਸੀਨੇ ਪੂੰਝ ਕੇ ਮੇਰੇ ਵੱਲ ਤੱਕਣ ਲੱਗੇ।
ਫੇਰ ਉਨ੍ਹਾਂ ਹਿੰਮਤ ਕਰ ਕੇ ਮੈਨੂੰ ਫੜ ਲਿਆ ਤੇ ਕਹਿਣ ਲੱਗੇ, ‘‘ਸਰਦਾਰ, ਤੇਰੀ ਬੋਲੀ ਟੁੱਟ ਗਈ-ਚੁੱਕ ਸਾਰੀ ਕਣਕ। ਨੱਬੇ ਰੁਪਏ ਕੁਐਂਟਲ।’’
ਮੈਂ ਤਾਂ ਕੁਝ ਹੋਰ ਸੋਚਿਆ ਸੀ ਪਰ ਬਣ ਗਿਆ ਕੁਝ ਹੋਰ।
ਕਣਕ ਦੀ ਢੇਰੀ ਮੈਨੂੰ ਨੱਬੇ ਰੁਪਏ ਕੁਐਂਟਲ ਦੇ ਹਿਸਾਬ ਨਾਲ ਚੁੱਕਣੀ ਪੈ ਗਈ।
ਦੂਜੀ ਬੋਲੀ ਸਾਡੀ ਸ੍ਰੀ ਮਤੀ ਨੇ ਮਾਰੀ।
ਉਹ ਕਰਵਾ ਚੌਥ ਦਾ ਵਰਤ ਰੱਖਣ ਨੂੰ ਫਿਰਦੀ ਸੀ।
ਮੈਂ ਕਿਹਾ, ‘‘ਤੇਰੇ ਕੁੱਛੜ ਬੱਚਾ ਹੈ-ਤੂੰ ਵਰਤ ਰਹਿਣ ਦੇਹ। ਤੇਰੇ ਥਾਂ ਮੈ ਵਰਤ ਰੱਖ ਲਵਾਂਗਾ।’’
ਉਹ ਹੱਸ ਪਈ ਤੇ ਕਹਿਣ ਲੱਗੀ : ‘‘ਇਹ ਕਰਵਾ ਚੌਥ ਦਾ ਵਰਤ ਹੈ। ਇਸਤ੍ਰੀਆਂ ਆਪਣੇ ਸੁਹਾਗ ਦੀ ਸੁੱਖ ਮੰਗਣ ਦੇ ਤੌਰ ’ਤੇ ਵਰਤ ਰੱਖਦੀਆਂ ਹਨ।’’
‘‘ਵਾਹ ! ਹੱਦ ਹੋ ਗਈ, ਸਰਦਾਰਨੀ ! ਤੂੰ ਸਾਨੂੰ ਕੀ ਸਮਝਦੀ ਏਂ ? ਤੂੰ ਬੱਚੇ ਵਾਲੀ ਹੋ ਕੇ ਸਾਡੀ ਸੁੱਖ ਮੰਗਣ ਲਈ ਸਾਰਾ ਦਿਨ ਭੁੱਖੀ ਤਿਹਾਈ ਰਵ੍ਹੇਂ ਤੇ ਕੀ ਅਸੀਂ ਤੇਰੀ ਤੇ ਤੇਰੇ ਬੱਚੇ ਦੀ ਸੁੱਖ ਵਜੋਂ ਇਕ ਦਿਨ ਵਰਤ ਨਹੀਂ ਰੱਖ ਸਕਦੇ ? ਇਹੋ ਜਿਹੇ ਨੇਕ ਕੰਮ ਲਈ ਜੇ ਵੀਹ ਦਿਨ ਵੀ ਭੁੱਖ ਕੱਟਣੀ ਪਵੇ, ਮੈਂ ਤਦ ਵੀ ਕੱਟ ਸਕਦਾ ਹਾਂ।’’
‘‘ਨਹੀਂ ਤੁਹਾਥੋਂ ਭੁੱਖ ਨਹੀਂ ਕੱਟੀ ਜਾਵੇਗੀ। ਮੈਂ ਜਾਣਦੀ ਹਾਂ। ਤੁਸੀਂ ਮੈਨੂੰ ਹੀ ਕਰਵਾ ਚੌਥ ਦਾ ਵਰਤ ਰੱਖ ਲੈਣ ਦਿਓ। ਬੱਚੇ ਦਾ ਫ਼ਿਕਰ ਨਾ ਕਰੋ।’’ ਸ੍ਰੀ ਮਤੀ ਨੇ ਇਕ ਤਰ੍ਹਾਂ ਸਾਨੂੰ ਚੈਲੰਜ ਕੀਤਾ, ਬੋਲੀ ਮਾਰੀ। ਅੱਗੇ ਸ਼ਾਇਦ ਮੈਂ ਵਰਤ ਨਾ ਹੀ ਰੱਖਦਾ, ਪਰ ਹੁਣ ਬਿਲਕੁਲ ਤਹੱਈਆ ਕਰ ਲਿਆ ਕਿ ਮੈਂ ਕਰਵੇ ਚੌਥ ਦਾ ਵਰਤ ਰੱਖਾਂਗਾ ਤੇ ਜ਼ਰੂਰ ਰੱਖਾਂਗਾ। ਸ੍ਰੀ ਮਤੀ ਨੂੰ ਮੇਰੇ ਦ੍ਰਿੜ੍ਹ ਇਰਾਦੇ ਅੱਗੇ ਹਥਿਆਰ ਸੁੱਟਣੇ ਪਏ। ਘਰ ਵਿੱਚ ਮੇਰੇ ਵਰਤ ਰੱਖੇ ਜਾਣ ਦੀ ਤਿਆਰੀ ਹੋਣ ਲੱਗੀ।
ਸ੍ਰੀ ਮਤੀ ਨੇ ਵਾਰਨਿੰਗ ਵਜੋਂ ਮੈਨੂੰ ਸਮਝਾਇਆ ਕਿ ਸਵੇਰੇ ਤਾਰਿਆਂ ਦੀ ਛਾਵੇਂ ਜੋ ਖਾਣਾ, ਖਾ ਲਵੋ ਤੇ ਫਿਰ ਸਾਰਾ ਦਿਨ ਰੋਟੀ ਨਾ ਪਾਣੀ, ਕੁਝ ਨਹੀਂ ਛੂਹਣਾ। ਰਾਤ ਨੂੰ ਜਦੋਂ ਚੰਦ ਚੜ੍ਹੇਗਾ ਫੇਰ ਰੋਟੀ ਖਾਣੀ ਹੈ।
ਮੈਂ ਕਿਹਾ, ‘‘ਲੈ ਇਹ ਕੀ ਗੱਲ ਹੈ ? ਲੋਕ ਸੱਠ ਸੱਠ ਦਿਨਾਂ ਦਾ ਮਰਨ ਵਰਤ ਰੱਖ ਕੇ ਇਸ ਤਰ੍ਹਾਂ ਉੱਠ ਬੈਠਦੇ ਹਨ, ਜਿਵੇਂ ਰੋਟੀ ਸਿੱਧੀ ਕਰ ਕੇ ਉੱਠੀਦਾ ਹੈ। ਕੀ ਮੈਂ ਇਕ ਦਿਨ ਵੀ ਵਰਤ ਨਹੀਂ ਰੱਖ ਸਕਦਾ। ਫਜ਼ਲੂ ਜੁਲਾਹਿਆ ਮਹੀਨੇ ਮਹੀਨੇ ਵਰਤ ਰੋਜ਼ੇ ਰੱਖ ਲੈਂਦਾ ਸੀ।’’
ਤੜਕੇ ਚਾਰ ਵਜੇ ਮੇਰੀ ਪੇਟ ਪੂਜਾ ਕਰਵਾਈ ਗਈ। ਮੈਨੂੰ ਮੱਘਰ ਜੱਟ ਦੀ ਦਾਵਤ ਯਾਦ ਆਈ। ਉਸ ਨੂੰ ਇਕ ਸ਼ਹਿਰੀ ਲਾਲੇ ਨੇ ਰੋਟੀ ’ਤੇ ਸੱਦਿਆ ਸੀ। ਲਾਲਾ ਸੋਚਦਾ ਸੀ ਕਿ ਜੱਟ ਪਤਾ ਨਹੀਂ ਕਿੰਨੀਆਂ ਕੁ ਰੋਟੀਆਂ ਨਾਲ ਰੱਜੇਗਾ। ਇਕੱਲੀ ਕਣਕ ਦੀਆਂ ਪਕਾਈਆਂ ਤਾਂ ਬੋਰੀ ਬੰਨੇ ਨਾ ਲਾ ਜਾਵੇ। ਏਸ ਲਈ ਲਾਲਾ ਜੀ ਨੇ ਬਾਜਰੇ ਦੀਆਂ, ਛੋਲਿਆਂ ਦੀਆਂ, ਜਵਾਂ ਦੀਆਂ, ਕੋਧਰੇ ਦੀਆਂ, ਮੱਕੀ ਦੀਆਂ ਤੇ ਵੀਹ ਕੁ ਕਣਕ ਦੀਆਂ ਰੋਟੀਆਂ ਪਕਵਾ ਲਈਆਂ।
ਸਾਰਾ ਕੁਝ ਮੱਘਰ ਅੱਗੇ ਵੱਡੇ ਥਾਲ ’ਚ ਪਰੋਸ ਦਿੱਤਾ ਗਿਆ। ਮੱਘਰ ਨੇ ਇਕ ਹੱਥ ਨਾਲ ਕਣਕ ਦੀਆਂ ਚੁੱਕ ਕੇ ਇੱਕ ਪਾਸੇ ਰੱਖ ਦਿੱਤੀਆਂ ਤੇ ਦੂਜੀਆਂ ਸਾਫ਼ ਕਰਨ ਲੱਗ ਪਿਆ। ਬਾਜਰਾ ਖਾਹ, ਮੱਕੀ ਖਾਹ, ਛੋਲੇ ਖਾਹ ਤੇ ਉਹ ਸਾਰਾ ਕੁਝ ਖਾਂਦਾ ਗਿਆ। ਅਖੀਰ ਲਾਲੇ ਨੇ ਸੋਚਿਆ- ‘ਇਹ ਮੱਘਰ ਕਿਧਰੇ ਇਸ ਗੱਲੋਂ ਨਾ ਨਾਰਾਜ਼ ਹੋ ਗਿਆ ਹੋਵੇ ਕਿ ਉਸ ਨੂੰ ਨਿਰੀਆਂ ਕਣਕ ਦੀਆਂ ਰੋਟੀਆਂ ਕਿਉਂ ਨਾ ਦਿੱਤੀਆਂ ਗਈਆਂ।’ ਲਾਲਾ ਬੜੀ ਹਲੀਮੀ ਨਾਲ ਕਹਿਣ ਲੱਗਾ, ‘‘ਮੈਂ ਕਿਹਾ ਸਰਦਾਰ ਜੀ, ਕਣਕ ਦੀਆਂ ਰੋਟੀਆਂ ਵੀ ਖਾਓ ਨਾ, ਮਿੱਸੀਆਂ ਹੀ ਖਾਈ ਜਾਂਦੇ ਹੋ।’’
ਮੱਘਰ ਹੱਸ ਕੇ ਕਹਿਣ ਲੱਗਾ, ‘‘ਲਾਲਾ ਜੀ, ਮੈਨੂੰ ਮਿੱਸੀਆਂ ਨਬੇੜ ਹੀ ਲੈਣ ਦਿਓ। ਕਣਕ ਦੀਆਂ ਦਾ ਕੀਹ ਹੈ ? ਇਹ ਤਾਂ ਖਾਧੀਆਂ ਹੀ ਸਮਝੋ।’’
ਲਾਲਾ ਜੀ ਮੱਘਰ ਦੀ ਗੱਲ ਸੁਣ ਕੇ ਯਰਕ ਗਏ ਤੇ ਕਹਿਣ ਲੱਗੇ, ‘‘ਸਰਦਾਰ ਜੀ ! ਡਾਕਟਰ ਲੋਕ ਕਹਿੰਦੇ ਹਨ ਕਿ ਬੰਦੇ ਅੰਦਰ ਬਾਰ੍ਹਾਂ ਉਂਗਲਾਂ ਨਾਲੀ ਹੁੰਦੀ ਹੈ। ਚਾਰ ਉਂਗਲਾਂ ਨਾਲੀ ਅੰਨ ਨਾਲ, ਚਾਰ ਉਂਗਲਾਂ ਨਾਲੀ ਪਾਣੀ ਨਾਲ ਭਰਨੀ ਚਾਹੀਦੀ ਹੈ ਤੇ ਬਾਕੀ ਦੀਆਂ ਚਾਰ ਉਂਗਲਾਂ ਨਾਲੀ ਸਾਹ ਆਉਣ ਲਈ ਛੱਡਣੀ ਚਾਹੀਦੀ ਹੈ।.. .. ਅੱਗੇ ਤੁਸੀਂ ਸਿਆਣੇ ਹੋ।’’
ਮੱਘਰ ਕਹਿਣ ਲੱਗਾ, ‘‘ਲਾਲਾ ਜੀ ਜੱਟਾਂ ਦਾ ਡਾਕਟਰ ਨਾਲ ਥੋੜ੍ਹਾ ਜਿਹਾ ਮਤਭੇਦ ਹੈ। ਅਸੀਂ ਬਾਰ੍ਹਾਂ ਦੀਆਂ ਬਾਰ੍ਹਾਂ ਉਂਗਲਾਂ ਨਾਲੀ ਅੰਨ ਨਾਲ ਭਰ ਲੈਂਦੇ ਹਾਂ। ਤੇੜਾਂ ਥਾਣੀ ਪਾਣੀ ਪੈ ਜਾਂਦਾ ਹੈ। ਬਾਕੀ ਸਾਹ ਦਾ ਕੀ ਹੈ ? ਇਹ ਤਾਂ ਸਤਿਗੁਰ ਦੀ ਦੇਣ ਹੈ ? ਆਵੇ ਆਵੇ, ਨਾ ਆਵੇ, ਨਾ ਆਵੇ।’’
ਸੋ ਵਰਤ ਦਾ ਖਿਆਲ ਸਾਹਮਣੇ ਰੱਖ ਕੇ ਮੈਂ ਪੇਟ ਪੂਜਾ ਕੀਤੀ। ਪਰਾਉਂਠੇ, ਪੰਜੀਰੀ, ਦਹੀਂ, ਸਬਜ਼ੀ, ਸਾਗ, ਦੁੱਧ, ਘਿਓ, ਜਿੰਨਾ ਖਾ ਸਕਦਾ ਸਾਂ, ਖਾ ਗਿਆ। ਮੇਰੇ ਲਈ ਮੇਰੀ ਵਹੁਟੀ ਨੇ ਕੋਈ ਪਸੇਰੀ ਪੱਕੇ ਦਾ ਸੂਤਕਾ ਬਣਾਇਆ ਸੀ। ਮੈਂ ਉਹ ਵੀ ਉਂਗਲ ਨਿਗਲ ਕਰ ਕੇ ਅੰਦਰ ਸੁੱਟ ਲਿਆ।
ਸੂਤਕਾ ਢਿੱਡ ’ਚ ਕੁਝ ਏਸ ਤਰ੍ਹਾਂ ਗੜਬੜ ਕਰ ਰਿਹਾ ਸੀ, ਜਿਵੇਂ ਮੂੰਗੀ ਦੇ ਪਤੀਲੇ ’ਚ ਸੁਟਿਆ ਪੱਥਰ ਰਿੱਝਣ ’ਚ ਹੀ ਨਾ ਆਵੇ। ਮੈਨੂੰ ਸੂਤਕੇ ਦੀ ਗੱਲ ਯਾਦ ਆਈ।
ਕੁੰਭ ਦਾ ਮੇਲਾ ਲੱਗਣ ਵਾਲਾ ਸੀ। ਅਸੀਂ ਕੁਝ ਦੋਸਤ ਮਿੱਤਰ ਕੁੰਭ ’ਤੇ ਜਾਣਾ ਚਾਹੁੰਦੇ ਸਾਂ। ਸਫ਼ਰ ਵਿਚ ਖਾਣ ਲਈ ਅਸੀਂ ਸੂਤਕਾ ਪੱਲੇ ਬੰਨ੍ਹ ਲਿਆ। ਸੂਜੀ, ਸ਼ੱਕਰ, ਘਿਓ, ਚੌਲਾਂ ਦਾ ਆਟਾ ਤੇ ਕਿੰਨੀਆਂ ਚੀਜ਼ਾਂ ਹੋਰ ਕੁੱਟ ਕੇ ਸੂਤਕਾ ਬਣਾਇਆ ਜਾਂਦਾ ਹੈ। ਅਸੀਂ ਏਸ ਤਰ੍ਹਾਂ ਦੇ ਦਸ ਕੁ ਸੇਰ ਪੱਕੇ ਸੂਤਕੇ ਦਾ ਗੋਲਾ ਜਿਹਾ ਵੱਟ ਲਿਆ। ਰਸਤੇ ’ਚ ਸਾਨੂੰ ਭੁੱਖ ਲੱਗੀ-ਇਕ ਖੂਹ ’ਤੇ ਬੈਠ ਕੇ ਅਸੀਂ ਸੂਤਕਾ ਖਾਣ ਦੀ ਸੋਚੀ। ਸੂਤਕਾ ਸੀਮੈਂਟ ਤੇ ਕੰਕਰੀਟ ਵਾਂਗ ਜੁੜ ਗਿਆ ਸੀ। ਹੱਥਾਂ ਨਾਲ ਭੰਨਣ ਤੋੜਨ ਦੇ ਯਤਨ ਕੀਤੇ, ਪਰ ਕਿਧਰੋਂ ਤੋਲਾ ਮਾਸਾ ਭਰ ਵੀ ਨਾਲੋਂ ਨਾ ਭੁਰਿਆ। ਅਖ਼ੀਰ ਭਾਈ ਨਿਧਾਨ ਸਿੰਘ ਨੇ ਖੂਹ ਦੇ ਮਣ ’ਤੇ ਰੱਖ ਕੇ ਇੱਟ ਨਾਲ ਭੰਨਣਾ ਚਾਹਿਆ। ਜਦੋਂ ਬਾਈ ਨੇ ਪੱਬਾਂ ਭਾਰ ਹੋ ਕੇ ਸੂਤਕੇ ਦੇ ਇੱਟ ਮਾਰੀ ਤਾਂ ਸੂਤਕਾ ਫੁੱਟਬਾਲ ਵਾਂਗ ਰਿੜ ਕੇ ਖੂਹ ’ਚ ਡਿੱਗ ਪਿਆ। ਅਸੀਂ ਸਾਰੇ ਹੱਥ ਮਲਦੇ ਰਹਿ ਗਏ। ਬਾਰ੍ਹਾਂ ਵਰ੍ਹਿਆਂ ਮਗਰੋਂ ਫੇਰ ਕੁੰਭ ਭਰਿਆ। ਅਸੀਂ ਸਾਰੇ ਜਣੇ ਫੇਰ ਇਸ਼ਨਾਨ ਲਈ ਗਏ। ਐਤਕੀਂ ਸਾਡੇ ਪੱਲੇ ਦੋ ਕੁ ਮਣ ਪੱਕੇ ਪਰਾਉਂਠੇ ਤੇ ਪੰਜੀਰੀ ਸੀ। ਉਸੇ ਖੂਹ ’ਤੇ ਅਸੀਂ ਫੇਰ ਪਾਣੀ ਪੀਣ ਲਈ ਬੈਠੇ। ਜਦੋਂ ਥੱਲੇ ਝਾਤ ਮਾਰੀ ਤਾਂ ਕੀ ਵੇਖਦੇ ਹਾਂ ਕਿ ਸਾਡਾ ਬਾਰ੍ਹਾਂ ਸਾਲ ਪਹਿਲਾਂ ਦਾ ਡਿੱਗਿਆ ਹੋਇਆ ਸੂਤਕਾ ਨਾ ਗਲਿਆ ਸੀ ਤੇ ਨਾ ਡੱਡੂਆਂ ਤੋਂ ਟੁੱਟਿਆ ਸੀ।
ਐਸ ਵੇਲੇ ਬਾਕੀ ਸਾਰੀਆਂ ਚੀਜ਼ਾਂ ਤੋਂ ਇਲਾਵਾ ਮੇਰੇ ਢਿੱਡ ’ਚ ਸੂਤਕਾ ਵੀ ਘੁਸਿਆ ਹੋਇਆ ਸੀ। ਮੈਂ ਸ੍ਰੀਮਤੀ ਨੂੰ ਕਿਹਾ, ‘‘ਸਰਦਾਰਨੀ ! ਤੂੰ ਕਹਿੰਦੀ ਸੈਂ ਵਰਤ ਰੱਖ ਕੇ ਕੋਈ ਕੰਮ ਨਹੀਂ ਕਰਨਾ ਚਾਹੀਦਾ ਤੇ ਮੇਰੀ ਇਹ ਹਾਲਤ ਹੋ ਗਈ ਹੈ ਕਿ ਮੇਰਾ ਬੱਸ ਕੰਮ ਤਮਾਮ ਹੋਣ ਵਾਲਾ ਹੋ ਗਿਆ ਹੈ। ਅੱਜ ਜਾਂ ਸੂਤਕਾ ਹੈ ਨਹੀਂ ਤੇ ਜਾਂ ਮੈਂ ਹੈ ਨਹੀਂ।’’
ਸ੍ਰੀਮਤੀ ਕਹਿੰਦੀ, ‘‘ਰਾਮ ਰਾਮ ਕਰੋ ਜੀ-ਬਸ ਹੁਣ ਆਰਾਮ ਨਾਲ ਲੇਟ ਜਾਵੋ-ਹੋ ਸਕੇ ਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ’’
ਮੈਂ ਲੇਟ ਗਿਆ। ‘‘ਰੱਜੀ ਮਹਿੰ ਘੁਮਾਂ ਦਾ ਉਜਾੜਾ’’ ਕਿਸ ਨੂੰ ਕਹਿੰਦੇ ਸਨ, ਇਸ ਦੀ ਸਮਝ ਆਉਣ ਲੱਗੀ। ਮੈਂ ਸ੍ਰੀਮਤੀ ਨੂੰ ਕਿਹਾ, ‘‘ਹੁਣ ਦੇ ਪੰਦਰਾਂ ਵੀਹ ਦਿਨ ਮੇਰੇ ਕੋਲ ਰੋਟੀ ਪਾਣੀ ਦਾ ਨਾਂ ਲਿਆ ਤਾਂ ਮੈਥੋਂ ਬੁਰਾ ਕੋਈ ਨਹੀਂ। ਜੇ ਤੂੰ ਕੁਝ ਚੂਰਣ ਵਗੈਰਾ ਦਾ ਪ੍ਰਬੰਧ ਕਰ ਸਕੇ ਤਾਂ ਉਹਨੂੰ ਭਾਲ ਕੇ ਲਿਆ।’’
ਮੈਨੂੰ ਅੱਜ ਪ੍ਰੋਹਿਤ ਪੇਟੂ ਮੱਲ ਜੀ ਯਾਦ ਆ ਰਹੇ ਸਨ-ਉਹ ਕਿਸੇ ਦੇ ਘਰ ਸਰਾਧ ਖਾਣ ਗਏ। ਖਾ ਗਏ ਜਿੰਨਾ ਖਾ ਸਕਦੇ ਸਨ। ਕੁਝ ਵਿਤੋਂ ਵੱਧ ਹੀ ਖਾ ਗਏ। ਉਨ੍ਹਾਂ ਦਾ ਢਿੱਡ ਦੁੱਖਣ ਲੱਗ ਪਿਆ। ਹਕੀਮ ਹੋਰਾਂ ਨੂੰ ਬੁਲਾਇਆ। ਹਕੀਮ ਜੀ ਕਹਿਣ ਲੱਗੇ, ‘‘ਐਹ ਲਵੋ ਦੋ ਗੋਲੀਆਂ ਗਰਮ ਪਾਣੀ ਨਾਲ ਲੰਘਾ ਲਵੋ ਪੇਟ ਠੀਕ ਹੋ ਜਾਵੇਗਾ।’’
ਪੇਟੂ ਮੱਲ ਜੀ ਕਹਿਣ ਲੱਗੇ, ‘‘ਹਕੀਮ ਜੀ ! ਜੇ ਦੋ ਗੋਲੀਆਂ ਜੋਗੀ ਢਿੱਡ ’ਚ ਥਾਂ ਹੁੰਦੀ ਤਾਂ ਮੈਂ ਦੋ ਬੁਰਕੀਆਂ ਖੀਰ ਨਾ ਹੋਰ ਖਾ ਲੈਂਦਾ ?’’
ਬਿਲਕੁਲ ਪ੍ਰੋਹਿਤ ਵਰਗੀ ਮੇਰੀ ਹਾਲਤ ਸੀ। ਮੈਂ ਮੰਜੇ ’ਤੇ ਪਿਆ ਏਸ ਤਰ੍ਹਾਂ ਫੁੰਕਾਰੇ ਮਾਰ ਰਿਹਾ ਸਾਂ ਜਿਵੇਂ ਝੋਟੇ ਨੂੰ ਸੂਲ ਹੋ ਰਿਹਾ ਹੁੰਦਾ ਹੈ। ਕੋਈ ਦਸ ਕੁ ਵਜੇ ਜਾ ਕੇ ਡਕਾਰ ਆਏ- ਮੇਰੇ ਮਨ ਨੂੰ ਕੁਝ ਤਸੱਲੀ ਹੋਈ ਕਿ ਹੁਣ ਨਹੀਂ ਮਰਨ ਲੱਗੇ। ਮੈਂ ਮੰਜੇ ਤੋਂ ਉੱਠ ਕੇ ਬੈਠ ਗਿਆ ਤੇ ਸ੍ਰੀ ਮਤੀ ਨੂੰ ਕਿਹਾ, ‘‘ਐਸ ਵੇਲੇ ਖੇਤ ’ਚ ਰੋਟੀਆਂ ਤੇ ਲੱਸੀ ਪੁੱਜ ਜਾਂਦੀ ਹੁੰਦੀ ਸੀ।’’ ਉਹ ਮੁਸਕਰਾ ਕੇ ਕਹਿਣ ਲੱਗੀ, ‘‘ਹੁਣ ਤਾਂ ਲੱਸੀ ਕੱਲ੍ਹ ਹੀ ਮਿਲੇਗੀ।’’
ਮੈਂ ਬੁੱਲਾਂ ’ਤੇ ਜੀਭ ਫੇਰ ਕੇ ਚੁੱਪ ਕਰ ਗਿਆ। ਆਪਣੇ ਅੰਦਰ ਝਾਤ ਮਾਰੀ। ਅੰਦਰਲਾ ਕਾਇਮ ਸੀ। ਸਿਰੜ ’ਤੇ ਤੁਲਿਆ ਹੋਇਆ ਸੀ। ਕਰਦਿਆਂ ਕਰਦਿਆਂ ਬਾਰ੍ਹਾਂ ਵੱਜਣ ਵਾਲੇ ਹੋ ਗਏ- ਮੈਂ ਕਿਹਾ, ‘‘ਸਰਦਾਰਨੀ ਐਸ ਵੇਲੇ ਅਸੀਂ ਦੂਜੀ ਵਾਰ ਖਾ ਲਿਆ ਕਰਦੇ ਸਾਂ। ਤੂੰ ਆਪ ਭੱਤਾ ਢੋਂਦੀ ਰਹੀ ਏਂ। ਦਰਜਨ ਦਰਜਨ ਮਿੱਸੀਆਂ ਰੋਟੀਆਂ ਮੱਖਣ ਤੇ ਲੱਸੀ ਨਾਲ ਛਕ ਜਾਇਆ ਕਰਦੇ ਸਾਂ ਤੇ ਅੱਜ ਭੁੱਖਣ ਭਾਣੇ ਬੈਠੇ ਹਾਂ।’’ ‘‘ਕੀ ਹੋ ਗਿਆ ਤੁਹਾਨੂੰ ਚਹੁੰ ਘੰਟਿਆ ’ਚ’’-ਸਰਦਾਰਨੀ ਭੁੱਖੀ ਸ਼ੇਰਨੀ ਵਾਂਗ ਗਰਜੀ। ਮੈਂ ਉਹਨੂੰ ਠੰਡੇ ਕਰਨ ਦੇ ਹੀਲੇ ਨਾਲ ਕਿਹਾ,‘‘ਐਵੇਂ ਨਾ ਗਰਮ ਹੁੰਦੀ ਜਾਹ-ਮੈਂ ਕੁਝ ਨਹੀਂ ਮੰਗਦਾ, ਨਾ ਖਾਣ, ਨਾ ਪੀਣ ਨੂੰ। ਹੁਣ ਕੀੜੇ ਵਾਂਗ ਮੇਰਾ ਢਿੱਡ ਤਾਂ ਬੰਨ੍ਹਿਆ ਹੀ ਹੈ। ਮੂੰਹ ਨੂੰ ਵੀ ਛਿਕਲਾ ਨਾ ਮਾਰ।’’
ਅਸੀਂ ਦੋਵੇਂ ਜੀਅ ਫੇਰ ਚੁੱਪ ਕਰ ਗਏ। ਡੇਢ ਕੁ ਵਜੇ ਮੈਨੂੰ ਮਹਿਸੂਸ ਹੋਣ ਲੱਗਾ ਕਿ ਮੈਂ ਅੱਜ ਵਾਹੀਕਾਰ ਨਹੀਂ, ਸਗੋਂ ਵਰਤ-ਕਾਰ ਹਾਂ। ਮੈਨੂੰ ਵਰਤਾਂ, ਭੁੱਖ ਹੜਤਾਲਾਂ ਤੇ ਵਰਤ ਰਖਵਾਉਣ ਵਾਲਿਆਂ ’ਤੇ ਗੁੱਸਾ ਚੜ੍ਹਨ ਲੱਗਾ। ਮੈਨੂੰ ਇਸ ਤਰ੍ਹਾਂ ਜਾਪਿਆ, ਜਿਵੇਂ ਬਾਬਾ ਫ਼ਰੀਦ ਮੇਰੇ ਸਾਹਮਣੇ ਖੜ੍ਹੇ ਹਨ ਤੇ ਕਹਿ ਰਹੇ ਹੁੰਦੇ ਹਨ ‘‘ਫਰੀਦਾ ਮੌਤੋਂ ਭੁੱਖ ਬੁਰੀ, ਰਾਤੀਂ ਸੁੱਤੇ ਖਾ ਕੇ, ਸੁਬ੍ਹਾ ਫੇਰ ਖੜੀ।’’
ਤੜਕੇ ਤੇ ਰਾਤ ’ਚ ਕੀ ਫ਼ਰਕ ਹੈ ? ਮੈਂ ਤੜਕੇ ਕਾਲਜਾ ਧਾਫੜਿਆ ਸੀ ਤੇ ਭੁੱਖ ਹੁਣੇ ਤੋਂ ਭੈੜੇ ਰੂਪ ’ਚ ਮੇਰੇ ਸਾਹਮਣੇ ਖੜ੍ਹੀ ਸੀ। ਹੋਰ ਤਾਂ ਹੋਰ ਮੈਨੂੰ ਜਾਪਿਆ ਜਿਵੇਂ ਮੇਰੀ ਨਿਗਾਹ ਘਟਦੀ ਜਾ ਰਹੀ ਸੀ। ਸਿਆਣੇ ਠੀਕ ਹੀ ਕਹਿੰਦੇ ਨੇ, ‘‘ਅੰਨੇ ਖਾਧਿਆਂ ਅੱਖਾਂ ਖੁੱਲ੍ਹਦੀਆਂ ਹਨ।’’ ਮੇਰੇ ਭੁੱਖੇ ਰਹਿਣ ਕਰ ਕੇ ਅੱਖਾਂ ਮਿਚ ਰਹੀਆਂ ਸਨ। ਮੈਨੂੰ ਆਪਣਾ ਸਰੀਰ ਵੀ ਇਸ ਤਰ੍ਹਾਂ ਜਾਪਣ ਲੱਗਾ, ਜਿਵੇਂ ਇਹ ਮੇਰਾ ਨਹੀਂ, ਸਗੋਂ ਕਿਸੇ ਭੁੱਖ ਹੜਤਾਲੀਏ ਦਾ ਹੁੰਦਾ ਹੈ। ਮੈਂ ਮੰਜੇ ਤੋਂ ਉੱਠ ਕੇ ਬੈਠ ਗਿਆ ਤੇ ਸ੍ਰੀਮਤੀ ਨੂੰ ਕਿਹਾ, ‘‘ਸਰਦਾਰਨੀ ! ਇਹ ਮੁਲਕ ਤਰੱਕੀ ਕਰਦਾ ਕਰਦਾ ਰੂਸ ਤੇ ਅਮਰੀਕਾ ਤੋਂ ਵੀ ਅੱਗੇ ਨਿਕਲ ਜਾਂਦਾ ਜੇ ਏਥੇ ਵਰਤਾਂ ਤੇ ਭੁੱਖ ਹੜਤਾਲਾਂ ਦੇ ਭੈੜੇ ਰਿਵਾਜ ਨਾ ਹੁੰਦੇ।’’
ਉਹ ਮੇਰਾ ਭਾਵ ਸਮਝ ਗਈ। ਮੇਰੇ ਨਾਲ ਹਮਦਰਦੀ ਕਰਨ ਦੇ ਥਾਂ ਉਲਟਾ ਹੱਸ ਪਈ ਤੇ ਕਹਿਣ ਲੱਗੀ, ‘‘ਮੈਂ ਤੁਹਾਨੂੰ ਕਦੋਂ ਕਿਹਾ ਸੀ ਕਿ ਵਰਤ ਰੱਖੋ। ਹੁਣ ਰੱਖਿਆ ਹੈ ਤੇ ਪੂਰਾ ਕਰੋ।’’ ਫੇਰ ਉਹ ਉਸ ਕੁੜੀ ਦੀ ਸਾਖੀ ਸੁਣਾਉਣ ਲੱਗ ਪਈ, ਜਿਸ ਨੇ ਮੇਰੇ ਵਰਗੇ ਕਰਵਾ ਚੌਥ ਦਾ ਵਰਤ ਰੱਖਿਆ ਸੀ ਤੇ ਉਸ ਦੇ ਭਰਾਵਾਂ ਨੇ ਉਸ ਦੀ ਹਾਲਤ ’ਤੇ ਤਰਸ ਕਰਦਿਆਂ ਚੰਦ ਚੜ੍ਹਨ ਤੋਂ ਪਹਿਲਾਂ ਅੱਗ ਮਚਾ ਕੇ, ਅੱਗੇ ਕੰਬਲ ਕਰ ਕੇ ਉਸ ਨੂੰ ਚੰਦ ਚੜ੍ਹੇ ਦਾ ਧੋਖਾ ਦੇ ਕੇ ਰੋਟੀ ਖਵਾ ਦਿੱਤੀ ਸੀ।
ਭੁੱਲ ਉਸ ਗ਼ਰੀਬਣੀ ਤੋਂ ਕਰਵਾਈ ਗਈ, ਪਰ ਮਰ ਉਸ ਦੇ ਘਰ ਵਾਲਾ ਰਾਜਾ ਗਿਆ ਸੀ। ਫੇਰ ਇਹ ਵੀ ਦੱਸਿਆ ਕਿ ਮਰੇ ਰਾਜੇ ਦੇ ਸਰੀਰ ’ਚ ਸੂਈਆਂ ਖੁੱਭ ਗਈਆਂ ਸਨ ਕਿਉਂਕਿ ਲੜਕੀ ਦਿਨੇ ਸੂਈ ਸਲਾਈ ਦਾ ਕੰਮ ਕਰਦੀ ਰਹੀ ਸੀ ਅਤੇ ਉਸ ਨੇ ‘ਕੰਪਲੀਟ ਰੈਸਟ’’ ਨਹੀਂ ਸੀ ਕੀਤਾ। ਅਖੀਰ ਕੁੜੀ ਦੇ ਸਿਰੜ ਨੇ ਜਤ ਸਤ ਨੇ ਮਰੇ ਰਾਜੇ ਨੂੰ ਜੀਵਾਇਆ ਸੀ ਤੇ ਉਸ ਦੇ ਸਰੀਰ ’ਚੋਂ ਖੁੱਭੀਆਂ ਸੂਈਆਂ ਕਢਵਾਈਆਂ ਸਨ।
ਮਰਿਆ ਤਾਂ ਮੈਂ ਭੁੱਖ ਕਰ ਕੇ ਹੀ ਪਿਆ ਸਾਂ ਬਾਕੀ ਦਾ ਸਾਹ ਸਭ ਇਹ ਸਾਖੀ ਸੁਣ ਕੇ ਮੁੱਕ ਗਿਆ। ਮੈਂ ਮੰਜੇ ’ਤੇ ਮਰੇ ਕੱਛੂ ਕੁੰਮੇ ਵਾਂਗ ਚੁਫਾਲ ਡਿੱਗ ਪਿਆ। ਮੇਰਾ ਧਿਆਨ ਕਦੇ ਘਰ ਵੱਲ ਤੇ ਕਦੇ ਖੇਤ ਵੱਲ ਜਾਂਦਾ ਸੀ। ਐਸ ਵੇਲੇ ਨੂੰ ਵੀਹ ਵੀਹ ਤਾਂ ਛੱਲੀਆਂ ਚੱਬ ਜਾਇਆ ਕਰਦੇ ਸਾਂ। ਚਾਰ ਚਾਰ ਵਾਰੀ ਦੁੱਧ ਪੀ ਛੱਡਿਆ ਕਰਦੇ ਸਾਂ- ਅੱਜ ਵਸਦੇ ਰਸਦੇ ਘਰ ’ਚ ਬਿਹਾਰ ਦਾ ਕਾਲ ਪਿਆ ਹੋਇਆ ਸੀ ਤੇ ਮੈਂ ਭੁੱਖੇ ਬੰਗਾਲੀ ਵਾਂਗ ਤੜਫ ਰਿਹਾ ਸਾਂ। ਸਾਖੀ ਸੁਣ ਕੇ ਮੈਂ ਸੋਚਣ ਲੱਗ ਪਿਆ ਕਿ ਜੇ ਮੈਂ ਵਰਤ ਤੋੜ ਦਿੱਤਾ ਤਾਂ ਸਰਦਾਰਨੀ ਤੇ ਬੱਚੇ ਦੀ ਖ਼ੈਰ ਨਹੀਂ। ਚਾਰ ਕੁ ਵਜੇ ਦੇ ਕਰੀਬ ਮੈਨੂੰ ਇਸ ਤਰ੍ਹਾਂ ਜਾਪਿਆ, ਜਿਵੇਂ ਮੇਰਾ ਢਿੱਡ ਨਹੀਂ, ਸਗੋਂ ਚੂਹਿਆਂ ਦਾ ਪਿੰਜਰਾ ਹੁੰਦਾ ਹੈ। ਢਿੱਡ ’ਚ ਇਸ ਤਰ੍ਹਾਂ ਗੜੈਂਅ ਗੜੈਂਅ ਹੋ ਰਹੀ ਸੀ, ਜਿਵੇਂ ਖੁੱਡ ’ਚ ਪਾਣੀ ਪਾਈਦਾ ਹੈ।
ਮੈਂ ਆਪਣੇ ਆਪ ਨੂੰ ਕੋਸਣ ਲੱਗਾ। ਇਹ ਤਾਂ ਮੂਰਖ ਹੈਗੀ ਸੀ, ਮੈਂ ਕਿਉਂ ਬਣਿਆ ? ਜੇ ਭੁੱਖੇ ਰਹਿਣ ਅਤੇ ਚੰਦਾਂ ਸੂਰਜਾਂ ਦੇ ਵਰਤ ਰੱਖਣ ਨਾਲ ਹੀ ਪਤੀ ਪਤਨੀਆਂ ਦੀਆਂ ਜ਼ਿੰਦਗੀਆਂ ਖੁਸ਼ਹਾਲ ਹੋ ਸਕਦੀਆਂ ਹੋਣ ਤਾਂ ਤਲਾਕਾਂ ’ਤੇ ਖ਼ਰਚਿਆਂ ਦੇ ਝਗੜੇ ਮੁੱਕ ਜਾਣ। ਪਤੀ ਪਤਨੀਆਂ ਨੂੰ ਡਾਕਟਰੀ ਸਹਾਇਤਾ ਦੀ ਲੋੜ ਨਾ ਰਵੇ। ਪਤੀ ਦਾ ਐਕਸੀਡੈਂਟ ਹੋ ਜਾਵੇ ਤਾਂ ਉਸ ਨੂੰ ਹਸਪਤਾਲ ਲੈ ਜਾਣ ਦੇ ਥਾਂ ਉਸ ਦੀ ਪਤਨੀ ਦਾ ਕਰਵੇ ਚੌਥ ਦਾ ਵਰਤ ਰਖਵਾ ਦਿੱਤਾ ਜਾਵੇ, ਪਰ ਇਸ ਨਗਾਰ ਖ਼ਾਨੇ ’ਚ ਮੇਰੇ ਵਰਗੇ ਭੁੱਖੀ ਤੂਤੀ ਦੀ ਕੌਣ ਸੁਣਦਾ ਸੀ ?
ਮੈਨੂੰ ਇਸ ਤਰ੍ਹਾਂ ਜਾਪਣ ਲੱਗਾ ਜਿਵੇਂ ਭੁੱਖ ਨਾਲ ਮੇਰੇ ਹੱਥ ਪੈਰ ਸੌਂ ਰਹੇ ਹਨ। ਮੈਂ ਡਰਿਆ, ਕਿਧਰੇ ਫ਼ਾਲਿਜ (ਅਧਰੰਗ) ਨਾ ਹੋਣ ਲੱਗਾ ਹੋਵੇ। ਮੈਂ ਪਤਨੀ ਨੂੰ ਵਾਜ ਮਾਰੀ ਤੇ ਕਿਹਾ, ‘‘ਅੰਨ ਪਾਣੀ ਦੀ ਤਾਂ ਮਨਾਹੀ ਸਹਿ ਲੈਂਦਾ ਹਾਂ, ਫਲ ਫਰੂਟ ਦੀ ਰੋਕ ਤਾਂ ਨਹੀਂ ਹੋਣੀ ਚਾਹੀਦੀ। ਪੰਜ ਦਸ ਦਾਣੇ ਸੇਬ ਦੇ ਹੀ ਫੜ ਲਿਆ।’’ ਉਹ ਫੇਰ ਭੁੱਖੀ ਸੇਰਨੀ ਵਾਂਗ ਮੇਰੇ ਗਲ ਪਈ ਤੇ ਵਰਤ ਦਾ ਸਾਰਾ ਇਲਜ਼ਾਮ ਮੇਰੇ ਸਿਰ ਸੁਟ ਕੇ ਮੈਨੂੰ ਬੁਜ਼ਦਿਲ ਸਾਬਤ ਕਰਨ ’ਤੇ ਤੁਲ ਪਈ।
ਮੈਂ ਫਿਰ ਕਲੀਲ ਵੱਟੀ। ਵਕਤ ਵੇਖਿਆ ਸ਼ਾਮ ਦੇ ਛੇ ਵੱਜਣ ਵਾਲੇ ਸੀ। ਜ਼ਬਾਨ ਭੁੱਖ ਨਾਲ ਲੱਕੜ ਦੇ ਪਹੀਏ ਵਰਗੀ ਹੋ ਗਈ ਤੇ ਕੰਨਾਂ ਤੋਂ ਉੱਚੀ ਸੁਣਾਈ ਦੇਣ ਲੱਗਾ। ਨੈਣ ਜੋਤ ਤੋਂ ਹੀਣ ਪਹਿਲਾਂ ਹੀ ਹੁੰਦੇ ਜਾਂਦੇ ਸਨ, ਮੈਂ ਦਿਲ ਹੀ ਦਿਲ ਵਿਚ ਉਨ੍ਹਾਂ ਲੋਕਾਂ ਨੂੰ ਲਿਆਣ ਲੱਗਾ, ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਭੁੱਖ ਹੜਤਾਲਾਂ ਕੀਤੀਆਂ ਸਨ। ਇਨ੍ਹਾਂ ਭੁੱਖ ਹੜਤਾਲੀਆਂ ਵਿਚ ਇਕ ਮੇਰੇ ਵਰਗਾ ਮਿਸਟਰ ਲਾਂਬਾ ਹੁੰਦਾ ਸੀ-ਬੜਾ ਦੇਸ਼ ਭਗਤ, ਬੜਾ ਸੱਚਾ ਸੁੱਚਾ ਆਦਮੀ। ਲਾਂਬਾ, ਸਾਥੀ ਕੈਦੀਆਂ ਨੂੰ ਪਹਿਲਾਂ ਹੀ ਕਹਿ ਦਿੰਦਾ, ‘‘ਭਰਾਵੋ ! ਤੁਸੀਂ ਭੁੱਖ ਹੜਤਾਲ ਕਰਨੀ ਹੈ, ਤਾਂ ਜੰਮ ਜੰਮ ਕਰੋ-ਮੈਥੋਂ ਇਹ ਕੁਰਬਾਨੀ ਨਹੀਂ ਹੋ ਸਕਦੀ, ਉਂਜ ਕੈਦ ਬੇਸ਼ਕ ਚਾਰ ਦਿਨ ਵੱਧ ਕਟਵਾ ਲੈਣੀ। ਸਾਰੇ ਸਿਆਸੀ ਕੈਦੀਆਂ ਨੇ ਭੁੱਖ ਹੜਤਾਲ ਕਰ ਦੇਣੀ ਤੇ ਲਾਂਬੇ ਨੇ ਨਾ ਕਰਨੀ। ਕੈਦੀਆਂ ਦੀ ਭੁੱਖ ਹੜਤਾਲ ਤੋੜਨ ਲਈ ਜੇਲ੍ਹ ਵਾਲਿਆਂ ਨੇ ਵੰਨ-ਸੁਵੰਨੇ ਖਾਣੇ ਬਣਾਇਆ ਕਰਨੇ, ਕੜਾਹ ਪ੍ਰਸ਼ਾਦ, ਪਲਾਅ, ਤਸਮਈ (ਖੀਰ), ਮੀਟ ਤੇ ਕਈ ਕੁਝ ਹੋਰ। ਖਾਣਿਆਂ ਵਿਚੋਂ ਲਪਟਾਂ ਆਉਣੀਆਂ ਤਾਂ ਕਿ ਕੈਦੀਆਂ ਦੇ ਮੂੰਹ ਵਿਚ ਵਾਸ਼ਨਾ ਨਾਲ ਪਾਣੀ ਭਰ ਆਏ ਤੇ ਉਹ ਭੁੱਖ ਹੜਤਾਲ ਜਾਂ ਕਰਵੇ ਦਾ ਖਿਆਲ ਛੱਡ ਜਾਣ।
ਕੈਦੀ ਜ਼ਮੀਨ ’ਤੇ ਪਏ ਹੁੰਦੇ ਸਨ। ਜੇਲ੍ਹ ਵਾਲੇ ਹਰ ਇੱਕ ਦੇ ਸਿਰਹਾਣੇ ਪਲੇਟਾਂ ਪਰੋਸ ਕੇ ਧਰਦੇ ਜਾਂਦੇ। ਲਾਂਬੇ ਨੇ ਹਰ ਕੈਦੀ ਦੇ ਸਿਰਹਾਣੇ ਜਾ ਖੜੋਣਾ। ਉਸ ਦੀ ਪਲੇਟ ’ਚੋਂ ਤਰਦਾ ਤਰਦਾ ਮਾਲ ਖਾ ਜਾਣਾ ਤੇ ਪਲੇਟ ਭੁੱਜੇ ਰੱਖ ਦੇਣੀ। ਇਉਂ ਭੁੱਖ ਹੜਤਾਲ ਦੇ ਦਿਨਾਂ ’ਚ ਲਾਂਬੇ ਦਾ ਵਜ਼ਨ ਵਧ ਜਾਇਆ ਕਰਨਾ। ਉਸ ਨੇ ਸਿਆਸੀ ਕੈਦੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਹਿਣਾ, ‘‘ਸਾਥੀਓ ! ਡਟੇ ਰਹੋ, ਚਾਰ ਕੁ ਦਿਨ ਭੁੱਖ ਹੜਤਾਲ ਹੋਰ ਰੱਖੋ, ਬਸ ਅੰਗਰੇਜ਼ ਯਰਕਿਆ ਹੀ ਖੜ੍ਹਾ ਹੈ।’’
ਮੈਨੂੰ ਅੱਜ ਰਹਿ ਰਹਿ ਕੇ ਲਾਂਬਾ ਯਾਦ ਆ ਰਿਹਾ ਸੀ। ਜੇ ਵਰਤ ਦੀ ਟੇਢੀ ਸੜਕ ’ਤੇ ਪੈਣ ਤੋਂ ਪਹਿਲਾਂ ਯਾਦ ਆ ਜਾਂਦਾ ਤਾਂ ਮੇਰੀ ਇਹ ਦੁਰਦਸ਼ਾ ਨਾ ਹੁੰਦੀ, ਜੋ ਹੁਣ ਹੋ ਰਹੀ ਸੀ।
ਕੁਝ ਦੇਰ ਬਾਅਦ ਮੈਨੂੰ ਮਹਿਸੂਸ ਹੋਣ ਲੱਗਾ, ਜਿਵੇਂ ਮੇਰੇ ਸਰੀਰ ’ਚੋਂ ਸਾਰੀ ਸ਼ਕਤੀ ਮੁੱਕਦੀ ਜਾਂਦੀ ਹੈ। ਮੁੱਕਦੀ ਵੀ ਕਿਉਂ ਨਾ ਐਸ ਵੇਲੇ ਤਕ ਚਾਰ ਵਾਰੀ ਰੋਟੀਆਂ ਖਾਈਦੀਆਂ ਸਨ, ਛੱਲੀਆਂ ਚੱਬਦੇ ਸਾਂ, ਦੁੱਧ ਪੀਂਦੇ ਸਾਂ, ਲੱਸੀ ਪੀਂਦੇ ਸਾਂ ਤੇ ਨੌ ਬਰ ਨੌ ਰਹਿੰਦੇ ਸਾਂ। ਅੱਜ ਅਪਾਹਜਾਂ ਵਾਲੀ ਹਾਲਤ ਹੋ ਗਈ ਸੀ।
ਮੈਂ ਦੋ ਵਾਰ ਉੱਚੀ ਆਵਾਜ਼ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੂੰਹ ’ਚੋਂ ਬੋਲ ਨਿਕਲਿਆ ਨਾ। ਅਖ਼ੀਰ ਮੈਂ ਹੱਥ ਦੇ ਇਸ਼ਾਰੇ ਨਾਲ ਸ੍ਰੀ ਮਤੀ ਨੂੰ ਆਪਣੇ ਪਾਸ ਬੁਲਾਇਆ। ਐਤਕੀਂ ਉਸ ਦੇ ਚਿਹਰੇ ’ਤੇ ਕੋਈ ਸ਼ਰਾਰਤ ਨਹੀਂ ਸੀ। ਕੁਝ ਹਮਦਰਦੀ ਸੀ ਤੇ ਕੁਝ ਪਛਤਾਵਾ। ਹਮਦਰਦੀ ਤਾਂ ਇਸ ਗੱਲ ਦੀ ਕਿ ਮੈਂ ਉਸ ਦੇ ਸਾਹਮਣੇ ਕੱਟੇ ਵਾਂਗ ਮਰ ਰਿਹਾ ਸਾਂ ਤੇ ਪਛਤਾਵਾ ਇਸ ਗੱਲ ਦਾ ਸੀ ਕਿ ਉਸ ਨੇ ਮੈਨੂੰ ਵਰਤ ਰੱਖਣ ਹੀ ਕਿਉਂ ਦਿੱਤਾ। ਹੁਣ ਅਸੀਂ ਦੋਵੇਂ ਲਾਚਾਰ ਸਾਂ। ਨਾ ਉਹ ਕੁਝ ਕਰ ਸਕਦੀ ਸੀ ਤੇ ਨਾ ਮੈਂ। ਮੈਂ ਉਸ ਨੂੰ ਹੋਲੀ ਦੇ ਕਿਹਾ, ‘‘ਕਿਸੇ ਵਕੀਲ ਨੂੰ ਬੁਲਵਾ ਲੈ।’’
ਉਹ ਹੈਰਾਨੀ ਨਾਲ ਪੁੱਛਣ ਲੱਗੀ, ‘‘ਵਕੀਲ ਕਿ ਪ੍ਰੋਹਿਤ ?’’
ਮੈਂ ਕਿਹਾ, ‘‘ਪਹਿਲਾਂ ਵਕੀਲ, ਪਿਛੋਂ ਪ੍ਰੋਹਿਤ।’’
‘‘ਮੈਂ ਤੁਹਾਡਾ ਮਤਲਬ ਨਹੀਂ ਸਮਝੀ’’, ਉਸ ਨੇ ਹੋਰ ਲਾਚਾਰੀ ਪ੍ਰਗਟ ਕੀਤੀ।
ਮੈਂ ਸਾਰੀ ਸ਼ਕਤੀ ਇਕੱਠੀ ਕਰ ਕੇ ਕਿਹਾ, ‘‘ਮੈਨੂੰ ਜਾਪਦਾ ਹੈ ਹੁਣ ਕਿਸੇ ਵੇਲੇ ਵੀ ਮੇਰੀ ਫੂਕ ਨਿਕਲ ਸਕਦੀ ਹੈ। ਵਕੀਲ ਨੂੰ ਬੁਲਵਾ ਕੇ ਮੇਰੀ ਵਸੀਅਤ ਲਿਖਵਾ ਲੈ। ਮੇਰੇ ਮਗਰੋਂ ਭਰਾਵਾਂ ਨੇ ਤੈਨੂੰ ਚਾਰ ਓੜਾਂ ਜ਼ਮੀਨ ਨਹੀਂ ਛੱਡਣੀ।’’
ਉਹ ਮੇਰੇ ਮੂੰਹ ਵੱਲ ਵੇਖ ਕੇ ਅੱਖਾਂ ਭਰ ਆਈ।
ਮੈਂ ਕਿਹਾ, ‘‘ਫੇਰ ਕਿਸੇ ਚੰਗੇ ਪ੍ਰੋਹਿਤ ਨੂੰ ਮੰਗਵਾ ਕੇ ਮੇਰੀ ਕਿਰਿਆ ਕਰਮ ਕਰਵਾ ਦੇਣੀ।’’
ਉਹ ਬੱਚਿਆਂ ਵਾਂਗ ਫਿੱਸ ਪਈ ਤੇ ਮੇਰੇ ਉੱਤੇ ਇਸ ਤਰ੍ਹਾਂ ਆ ਡਿੱਗੀ, ਜਿਵੇਂ ਹਰਦੁਆਰ ਵਾਲੀ ਗੱਡੀ ’ਚੋਂ ਲੋਕ ਬਿਸਤਰਾ ਸੁੱਟਦੇ ਆ। ਕੁਝ ਚਿਰ ਡਸਕੋਰੇ ਭਰਨ ਪਿਛੋਂ ਕਹਿਣ ਲੱਗੀ, ‘‘ਤੁਸੀਂ ਮਰਦ ਹੋ, ਜਿਗਰਾ ਕਰੋ, ਜਿੱਥੇ ਸਾਰਾ ਦਿਨ ਕੱਟਿਆ ਹੈ, ਦੋ ਘੰਟੇ ਹੋਰ ਕੱਟ ਲਓ। ਮੈਨੂੰ ਵਿਸ਼ਵਾਸ ਹੈ ਧਰਮ ਦੇ ਕਾਰ ’ਚ ਰੱਬ ਕਦੇ ਕਿਸੇ ਦਾ ਵਾਲ ਵਿੰਗਾ ਨਹੀਂ ਹੋਣ ਦਿੰਦਾ।’’
ਮੈਂ ਕਿਹਾ, ‘‘ਤੂੰ ਵਾਲ ਵਿੰਗੇ ਦੀ ਗੱਲ ਕਰਦੀ ਏਂ, ਧਰਮ ਦੇ ਕਾਜ ’ਚ ਤਾਂ ਹਜ਼ਾਰਾਂ ਲੋਕ ਸ਼ਹੀਦੀਆਂ ਪਾ ਗਏ, ਬੰਦ ਬੰਦ ਕਟਵਾ ਗਏ। ਮੈਂ ਜੇ ਉਸ ਤਰ੍ਹਾਂ ਦੀ ਮੌਤ ਮਰਿਆ ਹੁੰਦਾ ਤਾਂ ਮੇਰਾ ਦੁਨੀਆਂ ’ਚ ਨਾਮ ਰਹਿ ਜਾਂਦਾ, ਮੈਨੂੰ ਤਾਂ ਮੇਰੇ ਪ੍ਰੋਹਿਤਾਂ ਨੇ ਹੀ ਕਰਵੇ ਚੌਥ ਦਾ ਸ਼ਹੀਦ ਬਣਾ ਦਿੱਤਾ।’’
‘‘ਤੁਸੀਂ ਤਗੜੇ ਹੋਵੋ ਜੀ, ਬਸ ਥੋੜ੍ਹਾ ਚਿਰ ਹੋਰ ਦੰਦ ਹੇਠ ਜੀਭ ਲਵੋ।’’ ਉਸ ਨੇ ਹੱਲਾ ਸ਼ੇਰੀ ਦਿੰਦਿਆਂ ਕਿਹਾ।
ਮੈਂ ਕਿਹਾ, ‘‘ਜੇ ਜੀਭ ਨੂੰ ਖਾ ਕੇ ਦੰਦਾਂ ਦਾ ਕੁਝ ਬਣ ਸਕਦਾ ਹੁੰਦਾ ਤਾਂ ਕਦੇ ਦੇ ਖਾ ਜਾਂਦੇ।’’ ਅਸੀਂ ਦੋ ਚਾਰ ਮਿੰਟ ਫੇਰ ਇਕ ਦੂਜੇ ਵੱਲ ਬਿਤਰ ਬਿਤਰ ਤੱਕਦੇ ਰਹੇ। ਅਖ਼ੀਰ ਮੈਨੂੰ ਇਕ ਤਜਵੀਜ਼ ਸੁਝੀ। ਮੈਂ ਕਿਹਾ, ‘‘ਭਾਗਵਾਨੇ, ਮੈਂ ਔਖਾ ਸੁਖਾਲਾ ਸਰੀਰ ਤੇ ਆਤਮਾ ਵਿਚਕਾਰ ਚੱਲ ਰਹੇ ਇਸ ਧਰਮ ਯੁੱਧ ਨੂੰ ਥੋੜ੍ਹੀ ਦੇਰ ਹੋਰ ਲਮਕਾਉਂਦਾ ਹਾਂ। ਜੇ ਰੱਬ ਨੇ ਤੇਰਾ ਸੁਹਾਗ ਬਚਾਉਣਾ ਹੋਇਆ ਤਾਂ ਆਪੇ ਕੋਈ ਵਿਧੀ ਬਣਾਏਗਾ। ਗੁਰਬਾਣੀ ਕਹਿੰਦੀ ਹੈ, ‘‘ਪ੍ਰਭ ਭਾਵੈ; ਬਿਨੁ ਸਾਸ ਤੇ ਰਾਖੈ ॥’’ (ਗਉੜੀ ਸੁਖਮਨੀ/ ਮ : ੫/੨੭੭) ਖ਼ਬਰੇ ਮੈਂ ਬਚ ਹੀ ਰਵ੍ਹਾਂ। ਜੇ ਬਚ ਰਿਹਾ, ਤਾਂ ਅੱਗੋਂ ਲਈ ਪੁੱਤਾਂ ਪੋਤਰਿਆਂ ਨੂੰ ਨਸੀਹਤ ਕਰ ਜਾਵਾਂਗਾ ਕਿ ਘਰ ਦਾਣੇ ਹੁੰਦੇ ਸੁੰਦੇ ਕਰਵਾ ਚੌਥ ਦੇ ਗੇੜ ’ਚ ਨਾ ਪੈਣ। ਤੂੰ ਇੰਜ ਕਰ ਫਟਾ ਫਟ ਰੋਟੀ ਪਕਾ ਦੇ, ਕੜਾਹ ਬਣਾ ਕੇ, ਕੁਝ ਖੀਰ ਤਿਆਰ ਕਰ ਲੈ।’’
‘‘ਪਰ ਸਰਦਾਰ ਜੀ, ਅਜੇ ਤਾਂ ਵਰਤ ਛੁਟਣ ’ਚ ਬੜਾ ਵਕਤ ਪਿਆ ਹੈ। ਓਦੋਂ ਤਕ ਸਭ ਠੰਡਾ ਹੋ ਜਾਏਗਾ।’’ ਉਸ ਨੇ ਤਰਲਾ ਮਾਰਿਆ।
‘‘ਤੂੰ ਠੰਡੇ ਤੱਤੇ ਦੀ ਪ੍ਰਵਾਹ ਨਾ ਕਰ। ਜਿੱਥੇ ਜਾਨ ਦੀ ਬਾਜ਼ੀ ਲੱਗੀ ਹੋਵੇ, ਉਥੇ ਠੰਡੇ ਤੱਤੇ ਦੇ ਰੌਲੇ ’ਚ ਨਹੀਂ ਪਈਦਾ।’’
ਉਸ ਨੇ ਸਭ ਕੁਝ ਤਿਆਰ ਕੀਤਾ। ਭੋਜਨ ਦੀਆਂ ਖ਼ੁਸ਼ਬੂਆਂ ਸਹਾਰੇ ਮੈਂ ਅੱਧਾ ਘੰਟਾ ਹੋਰ ਮੌਤ ਦਾ ਟਾਲ ਮਟੌਲਾ ਕੀਤਾ। ਮੈਂ ਸ੍ਰੀਮਤੀ ਨੂੰ ਕਿਹਾ, ‘‘ਜ਼ਰਾ ਆਂਢ-ਗੁਆਂਢ ਤੋਂ ਪੁੱਛ ਲੈ ਅੱਜ ਚੰਦ ਚੜ੍ਹੇਗਾ ਵੀ ਕਿ ਨਹੀਂ ? ਐਸਾ ਨਾ ਹੋਵੇ ਮਗਰੋਂ ਧਾਹਾਂ ਮਾਰਦੀ ਫਿਰੇਂ ਕਿ ਮੱਸਿਆ ਦੀ ਰਾਤ ਕਾਲੀ, ਹਾਏ ਵਿਛੋੜਾ ਪੈ ਗਿਆ, ਮੱਸਿਆ ਦੀ ਰਾਤ।’’
ਉਹ ਕੁਝ ਮੁਸਕਰਾਈ ਤੇ ਕਹਿਣ ਲੱਗੀ, ‘‘ਸਾਰੇ ਸ਼ਹਿਰ ਨੇ ਵਰਤ ਰੱਖਿਆ ਹੈ, ਜਦੋਂ ਚੰਦ ਚੜ੍ਹੇਗਾ ਤਾਂ ਗੁੱਝਾ ਨਹੀਂ ਰਹਿਣ ਲੱਗਾ।’’
‘‘ਭਲੀਏ ਲੋਕੇ ! ਇਹ ਜਿਹੜੇ ਸਾਇੰਸਦਾਨ, ਚੰਦ ਨੂੰ ਕਾਬੂ ਕਰਨ ’ਤੇ ਤੁਲੇ ਹੋਏ ਆ, ਪਤਾ ਨਹੀਂ ਇਨ੍ਹਾਂ ਤੋਂ ਡਰਦਾ ਚੰਦ ਕਿਧਰੇ ਦੋ ਘੰਟੇ ਅੰਡਰ-ਗਰਾਊਂਡ ਹੀ ਨਾ ਹੋ ਜਾਵੇ ਤੇ ਏਧਰ ਸਾਡਾ ਸੰਖ ਪੂਰਿਆ ਜਾਵੇ।’’
ਸ੍ਰੀਮਤੀ ਨੇ ਭੋਜਨ ਤਿਆਰ ਕਰ ਕੇ ਮੇਰੇ ਨੇੜੇ ਲਿਆ ਰੱਖਿਆ। ਮੈਂ ਕਿਹਾ, ‘‘ਰੋਟੀਆਂ ਦੀਆਂ ਬੁਰਕੀਆਂ ਕਰ ਕੇ ਰੱਖ ਦੇ। ਮੇਰੇ ਹੱਥਾਂ ’ਚ ਤਾਂ ਸਤਿਆ ਨਹੀਂ ਰਹੀ। ਚੰਦ ਚੜ੍ਹੇ ਤੋਂ ਮੇਰੇ ਕੋਲੋਂ ਬੁਰਕੀ ਨਹੀਂ ਟੁੱਟਣੀ।’’
ਸ੍ਰੀਮਤੀ ਨੇ ਮੇਰੀ ਇੱਛਿਆ ਦਾ ਪਾਲਣ ਕਰਦਿਆਂ ਰੋਟੀਆਂ ਦੀਆਂ ਬੁਰਕੀਆਂ ਕਰ ਕੇ ਮੇਰੇ ਸਿਰਹਾਣੇ ਰੱਖ ਦਿੱਤੀਆਂ, ਕੁਝ ਚੂਰੀ ਰਲਾ ਦਿੱਤੀ, ਹਲਵਾ ਨੇੜੇ ਕਰ ਕੇ ਰੱਖ ਦਿੱਤਾ।
ਭਾਵੇਂ ਸਾਰਾ ਕੁਝ ਹੁਣ ਮੇਰੇ ਨੇੜੇ ਪਿਆ ਸੀ, ਪਰ ਮੈਨੂੰ ਅਜੇ ਵੀ ਜਾਪਦਾ ਸੀ ਕਿ ਬੁੱਲ੍ਹਾਂ ਤੇ ਪਿਆਲੇ ਵਿਚਕਾਰ ਬੜਾ ਫ਼ਾਸਲਾ ਹੁੰਦਾ ਹੈ। ਮੈਨੂੰ ਕੁੜੱਲਾਂ ਪੈਣ ਲੱਗੀਆਂ। ਇੱਕ ਅਜੀਬ ਤਰ੍ਹਾਂ ਦੀ ਹਿਡਕੀ (ਹਿਚਕੀ) ਸ਼ੁਰੂ ਹੋ ਗਈ। ਮੈਂ ਸਮਝਿਆ ਮਰਨ ਵੇਲੇ ਕਫ਼ ਵਜਦੀ ਹੁੰਦੀ ਹੈ, ਇਹ ਉਹ ਹੈ। ਮੇਰਾ ਸਿਰ ਚਕਰਾ ਚੱਲਿਆ। ਅੱਖਾਂ ਅੱਗੇ ਬਿਲਕੁਲ ਹਨੇਰਾ ਹੋ ਗਿਆ। ਏਨੇ ਨੂੰ ਗਲੀ ’ਚੋਂ ਕਿਸੇ ਦੇ ਰੋਣ ਦੀ ਆਵਾਜ਼ ਆਈ। ਮੈਂ ਝੱਟ ਇਸ ਨਤੀਜੇ ’ਤੇ ਪੁੱਜਾ ਕਿ ਕਰਵਾ ਚੌਥ ਵਾਲਾ ਮਰ ਗਿਆ ਤੇ ਉਸ ਦੇ ਘਰ ਦੇ ਰੋ ਰਹੇ ਹਨ। ਇਕ ਵਰਤ ਵਾਲਾ ਮਰਿਆ ਸਮਝੋ ਦੂਜੇ ਦੀ ਵਾਰੀ ਆਈ। ਰਾਣੀ ਖੇਤ ਦੀ ਬੀਮਾਰੀ ਨਾਲ, ਜਿਵੇਂ ਮੁਰਗੇ ਮੁਰਗੀਆਂ ਮਰਦੇ ਹਨ, ਇਸੇ ਤਰ੍ਹਾਂ ਅੱਜ ਵਰਤ ਵਾਲੇ ਚੜ੍ਹਾਈਆਂ ਕਰਨਗੇ। ਇਸ ਤੋਂ ਪਹਿਲਾਂ ਕਿ ਮੌਤ ਮੇਰੀ ਗਿੱਚੀ ਦਬੋਚਦੀ, ਮੈਂ ਚੂਰੀ ਵਾਲੇ ਛੰਨੇ ਨੂੰ ਹੱਥ ਪਾ ਲਿਆ।
‘‘ਮਰ ਗਿਆ ਓਏ ਕੋਈ ਵਰਤਾਂ ਦਾ ਮਾਰਿਆ’’ ਮੈਂ ਉੱਚੀ ਸਾਰੀ ਚੀਕ ਮਾਰੀ ਤੇ ਚੂਰੀ ਦਾ ਰੁੱਗ ਭਰ ਕੇ ਮੂੰਹ ’ਚ ਪਾ ਲਿਆ। ਫੇਰ ਚੱਲ ਸੋ ਚੱਲ, ਜੋ ਸਾਹਮਣੇ ਆਇਆ ਸਮੇਟਦਾ ਗਿਆ। ਹੁਣ ਅੱਖਾਂ ਵਿੱਚ ਐਨਾ ਚਾਨਣ ਆ ਗਿਆ ਸੀ ਕਿ ਮੈਂ ਹਨੇਰੇ ’ਚ ਖੜ੍ਹੀ ਸ੍ਰੀਮਤੀ ਨੂੰ ਸਿਆਣ ਸਕਦਾ ਸਾਂ। ਜ਼ਬਾਨ ’ਚ ਬੋਲਣ ਦੀ ਸ਼ਕਤੀ ਆ ਗਈ ਸੀ। ਕੰਨ ਸੁਣ ਸਕਣ ਦੀ ਸਮਰੱਥਾ ਲੈ ਆਏ ਸਨ। ਮੈ ਸਾਹਮਣੇ ਖੜ੍ਹੀ ਡੁਸ ਡੁਸ ਕਰਦੀ ਸ੍ਰੀਮਤੀ ਦੇ ਮੂੰਹੋਂ ਸੁਣਿਆ, ‘‘ਬਸ ਪਾਤੀ ਪੂਰੀ ?’’