ਨਾਂ ਵਿਚ ਕੀ ਪਿਆ ਹੈ ?

0
296

ਨਾਂ ਵਿਚ ਕੀ ਪਿਆ ਹੈ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਚਿਰਾਂ ਤੋਂ ਸੁਣਦੇ ਆਏ ਹਾਂ-ਨਾਂ ਵਿਚ ਕੀ ਪਿਆ ਹੈ ? ਕਿਸੇ ਨੂੰ ਕਿਸੇ ਹੀ ਨਾਂ ਨਾਲ ਬੁਲਾ ਲਵੋ, ਕੀ ਫ਼ਰਕ ਪੈਂਦਾ ਹੈ ! ਵਿਗਿਆਨਿਕ ਪੱਖੋਂ ਅੱਜ ਵੇਖੀਏ ਕਿ ਨਾਂ ਵਿਚ ਅਸਲ ਵਿਚ ਕੀ ਪਿਆ ਹੈ ?

ਕਿਵੇਂ ਫ਼ਰਕ ਪੈਂਦਾ ਹੈ ਜਦੋਂ ਕਿਸੇ ਨੂੰ ਐਵੇਂ ਹੀ ‘ਕਾਕਾ’, ‘ਬੇਬੀ’, ‘ਗੁੱਡੀ’ ਜਾਂ ਫਿਰ ਉਸ ਦੇ ਸਹੀ ਨਾਂ ਨਾਲ ਬੁਲਾਇਆ ਜਾਵੇ ? ਦਿਮਾਗ਼ ਬਹੁਤ ਗੁੰਝਲਦਾਰ ਅੰਗ ਹੈ। ਇਸ ਉੱਤੇ ਕਿਸੇ ਨੂੰ ਉਸ ਦਾ ਨਾਂ ਲੈ ਕੇ ਬੁਲਾਉਂਦੇ ਸਾਰ ਬਹੁਤ ਹਿੱਸਿਆਂ ਵਿਚ ਹਲਚਲ ਹੋਣ ਲੱਗ ਪੈਂਦੀ ਹੈ।

ਦਿਮਾਗ਼ ਦੇ ਖੱਬੇ ਪਾਸੇ ਵਿਚ ਵਿਚਕਾਰਲੇ ਫਰੰਟਲ ਕੌਰਟੈਕਸ, ਟੈਂਪੋਰਲ ਕੌਰਟੈਕਸ ਤੇ ਕਿਊਨੀਅਸ ਹਿੱਸਿਆਂ ਵਿਚ ਸਿਰਫ਼ ਆਪਣਾ ਨਾਂ ਸੁਣਦੇ ਸਾਰ ਸਾਰੇ ਸੈੱਲ ਹਰਕਤ ਵਿਚ ਆ ਜਾਂਦੇ ਹਨ।

ਜਨਮ ਤੋਂ ਪਹਿਲੇ ਸਾਲ ਦੇ ਅੰਦਰ ਹੀ ਬੱਚੇ ਦਾ ਦਿਮਾਗ਼ ਬੁਲਾਏ ਜਾ ਰਹੇ ਨਾਂ ਨੂੰ ਸਮੋਣਾ ਸ਼ੁਰੂ ਕਰ ਦਿੰਦਾ ਹੈ। ਦੂਜੇ ਸਾਲ ਦੇ ਅੱਧ ਤੋਂ ਬਾਅਦ ਉਹ ਆਪਣੇ ਆਪ ਨੂੰ ਪਛਾਨਣਾ ਸ਼ੁਰੂ ਕਰਦਾ ਹੈ ਤੇ ਆਪਣੇ ਆਪ ਨੂੰ ਵੀ ਆਪਣੇ ਨਾਂ ਨਾਲ ਸੰਬੋਧਨ ਕਰਨ ਲੱਗ ਪੈਂਦਾ ਹੈ। ਮਸਲਨ, ਫ਼ੋਨ ਚੁੱਕ ਕੇ ਕਹਿਣਾ, ‘‘ਮੈਂ ਜੌਲੀ ਬੋਲਦਾਂ,’’ ‘‘ਜੌਲੀ ਨੇ ਖਾਣੈ’’, ਆਦਿ।

ਇਸ ਪਛਾਣ ਦੇ ਨਾਲ ਬੱਚੇ ਦੇ ਦਿਮਾਗ਼ ਦੇ ਖੱਬੇ ਹਿੱਸੇ ਦਾ ਵਿਕਾਸ ਛੇਤੀ ਹੋਣ ਲੱਗ ਪੈਂਦਾ ਹੈ। ਇਸੇ ਹਿੱਸੇ ਨਾਲ ਅੱਗੋਂ ਜਾ ਕੇ ਵਿਸ਼ਵਾਸ ਤੇ ਤਰਕ ਵੱਲ ਰੁਚੀ ਵੱਧਦੀ ਹੈ।

ਬੱਚਾ ਸ਼ੀਸ਼ੇ ਵਿਚ ਆਪਣੇ ਆਪ ਨੂੰ ਨਿਹਾਰ ਕੇ, ਆਪਣੇ ਨਾਂ ਨਾਲ ਜੋੜ ਕੇ, ਆਪਣੀ ਪਛਾਣ ਬਣਾਉਂਦਾ ਹੈ। ਯਾਨੀ ਇਹ ਤਾਂ ਸਪਸ਼ਟ ਹੋ ਗਿਆ ਕਿ ਬੱਚੇ ਨੂੰ ਸਿਰਫ਼ ਗੁਗਲੂ, ਮੁਗਲੂ ਕਹਿਣ ਨਾਲੋਂ, ਨਾਂ ਨਾਲ ਸੰਬੋਧਨ ਕਰਨਾ ਪਹਿਲੇ ਸਾਲ ਤੋਂ ਹੀ ਬਹੁਤ ਜ਼ਰੂਰੀ ਹੈ। ਕੁੱਝ ਬੱਚਿਆਂ ਨੂੰ ਨੀਮ ਬੇਹੋਸ਼ ਕਰ ਕੇ, 1995 ਵਿਚ ਡਾ. ਮੇਰੋਲਾ ਨੇ ਐਮ. ਆਰ. ਆਈ. ਸਕੈਨ ਕਰ ਕੇ ਉਨ੍ਹਾਂ ਦੇ ਨਾਂ ਨਾਲ ਬੁਲਾਉਣ ਬਾਅਦ ਦਿਮਾਗ਼ ਦੇ ਕਈ ਹਿੱਸਿਆਂ ਵਿਚ ਹਲਚਲ ਰਿਕਾਰਡ ਕੀਤੀ। ਡਾ. ਸੋਵੀਡੇਨ ਨੇ 1999 ਵਿਚ ਅਜਿਹੀ ਹੀ ਖੋਜ ਰਾਹੀਂ ਸਾਬਤ ਕੀਤਾ ਕਿ ਪੂਰੇ ਨਾਂ ਦੀ ਥਾਂ ਜੇ ਘਰ ਵਿਚਲਾ ਛੋਟਾ ਨਾਂ ਵੀ ਮਾਪਿਆਂ ਵੱਲੋਂ ਲਾਡ ਨਾਲ ਬੁਲਾਇਆ ਜਾਵੇ, ਜਿਵੇਂ ਪਾਲੀ, ਨਾਨੂ, ਆਦਿ ਤਾਂ ਬੱਚੇ ਦੇ ਦਿਮਾਗ਼ ਵਿਚ ਹਲਚਲ ਰਿਕਾਰਡ ਹੋ ਜਾਂਦੀ ਹੈ ਪਰ ਕਿਸੇ ਹੋਰ ਦੇ ਨਾਂ ਨਾਲ ਬੁਲਾਉਣ ਉੱਤੇ ਉੱਕਾ ਹੀ ਕੋਈ ਹਲਚਲ ਨਹੀਂ ਹੁੰਦੀ।

ਵੱਡਿਆਂ ਵਿਚ ਹੋਏ ਪੈੱਟ ਸਕੈਨ ਰਾਹੀਂ ਪਤਾ ਲੱਗਿਆ ਕਿ ਸਿਰਫ਼ ਨਾਂ ਲੈ ਕੇ ਬੁਲਾਉਣ ਉੱਤੇ ਦਿਮਾਗ਼ ਦੇ ਮੀਡੀਅਲ ਪ੍ਰੀਫਰੰਟਲ ਕੌਰਟੈਕਸ, ਟੈਂਪੋਰੋ ਪੈਰਾਈਟਲ ਜੋੜ, ਸੂਪੀਰੀਅਰ ਟੈਂਪੋਰਲ ਗਾਇਰਸ, ਮੀਡੀਅਲ ਫਰੰਟਲ ਗਾਇਰਸ, ਖੱਬੇ ਪਾਸੇ ਦਾ ਸੁਪੀਰੀਅਰ ਟੈਂਪੋਰਲ ਕੌਰਟੈਕਸ, ਇਨਫੀਰੀਅਰ ਪੈਰਾਈਟਲ ਕੌਰਟੈਕਸ, ਸੁਪੀਰੀਅਰ ਫਰੰਟਲ ਗਾਇਰਸ ਤੇ ਮੀਡੀਅਲ ਫਰੰਟਲ ਕੌਰਟੈਕਸ ਹਿੱਸਿਆਂ ਦੇ ਲਗਭਗ ਸਾਰੇ ਹੀ ਸੈੱਲ ਰਵਾਂ ਹੋਏ ਲੱਭੇ।

ਇਹ ਸਾਰੇ ਹਿੱਸੇ ਮਿਲਾ ਕੇ ਦਿਮਾਗ਼ ਦਾ ਏਨਾ ਵੱਡਾ ਹਿੱਸਾ ਬਣ ਜਾਂਦਾ ਹੈ ਕਿ ਨੀਮ ਬੇਹੋਸ਼ ਆਦਮੀ ਵੀ ਆਪਣਾ ਨਾਂ ਸੁਣ ਕੇ ਉਸ ਦੀ ਹਾਮੀ ਭਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਦਾ ਸੁਸਤ ਪਿਆ ਦਿਮਾਗ਼ ਰਵਾਂ ਹੋਣ ਲੱਗ ਪੈਂਦਾ ਹੈ।

ਖੋਜ ਰਾਹੀਂ ਪਤਾ ਲੱਗਿਆ ਹੈ ਕਿ ਇਹ ਸਾਰੇ ਦੇ ਸਾਰੇ ਹਿੱਸੇ ਕਿਸੇ ਨੂੰ ਵੀ ਫੈਸਲਾ ਲੈਣ, ਆਤਮ ਪੜਚੋਲ ਕਰਨ ਤੇ ਤਰਕ ਦੇ ਆਧਾਰ ਉੱਤੇ ਗੱਲ ਕਰਨ ਯੋਗ ਬਣਾਉਂਦੇ ਹਨ।

1998 ਵਿਚ ਟੂਰਨੋ ਨੇ ਇਕ ਵਖਰੀ ਕਿਸਮ ਦੀ ਖੋਜ ਵਿਚ ਦਿਮਾਗ਼ ਦੇ ਇਨ੍ਹਾਂ ਸਾਰੇ ਵੱਖ-ਵੱਖ ਹਿੱਸਿਆਂ ਦੀ ਹਰਕਤ ਮਾਪੀ। ਸਾਰੇ ਹੀ ਹਿੱਸੇ ਆਪਣਾ ਨਾਂ ਬੁਲਾਏ ਜਾਣ ਉੱਤੇ ਬੇਹੋਸ਼ ਇਨਸਾਨ ਵਿਚ ਵੀ ਹਰਕਤ ਵਿਚ ਦਿਸੇ ਜਦਕਿ ਹੋਸ਼ੋ ਹਵਾਸ ਵਿਚ ਬੈਠੇ ਲੋਕਾਂ ਦੀ ਵੀ ਕਿਸੇ ਹੋਰ ਨਾਂ ਨਾਲ ਬੁਲਾਏ ਜਾਣ ਉੱਤੇ ਕੋਈ ਹਰਕਤ ਨਹੀਂ ਲੱਭੀ।

ਫੇਰ ਪੂਰੇ ਨਾਵਾਂ ਦੀ ਥਾਂ ਉਨ੍ਹਾਂ ਦੀਆਂ ਮਾਵਾਂ ਵੱਲੋਂ ਪਿਆਰ ਦੁਲਾਰ ਨਾਲ ਬੁਲਾਏ ਨਾਂ ਨਾਲ ਤਬਦੀਲ ਕਰ ਕੇ ਸੱਦਿਆ ਗਿਆ। ਮਸਲਨ, ‘ਦੁਲਾਰ ਸਿੰਘ’ ਨੂੰ ‘ਮੇਰਿਆ ਪਿਆਰਿਆ ਦੁੱਲਿਆ’ ਜਾਂ ‘ਟੈਨਸ਼ੌਕ’ ਨੂੰ ‘ਡੀਅਰ ਲਵਲੀ ਟੈਨੀ’ ਕਹਿ ਕੇ ਜਦੋਂ ਮਾਂ ਵੱਲੋਂ ਸੰਬੋਧਨ ਕੀਤਾ ਗਿਆ ਤਾਂ ਨਾ ਸਿਰਫ਼ ਦਿਮਾਗ਼ ਦੇ ਸਾਰੇ ਹਿੱਸੇ ਝਟਪਟ ਰਵਾਂ ਹੋ ਗਏ, ਬਲਕਿ ਧੜਕਨ ਵੀ ਵਧ ਗਈ ਤੇ ਸਿਰ ਵੱਲ ਜਾਂਦਾ ਲਹੂ ਵੀ ਵਧਿਆ।

ਜਦੋਂ ਬੇਹੋਸ਼ ਪਏ ਬੰਦੇ ਨਾਲ ਇਹੀ ਕੁੱਝ ਕੀਤਾ ਗਿਆ ਅਤੇ ਉਸ ਦੇ ਹੱਥ ਨਾਲ ਮਾਂ ਦਾ ਹੱਥ ਵੀ ਛੋਹਿਆ ਗਿਆ ਤਾਂ ਦਿਮਾਗ਼ ਵਿਚਲੇ ਸੈੱਲਾਂ ਤੋਂ ਹੱਥਾਂ ਵੱਲ ਸੁਣੇਹਾ ਵੀ ਜਾਂਦਾ ਲੱਭਿਆ। ਹੱਥ ਦੀ ਹਲਕੀ ਹਿਲਜੁਲ ਵੀ ਹੋ ਗਈ। ਅਜਿਹਾ ਕੁੱਝ ਵੀ ਕਿਸੇ ਹੋਰ ਨਾਂ ਨਾਲ ਬੁਲਾਉਣ ਉੱਤੇ ਨਹੀਂ ਲੱਭਿਆ ਗਿਆ।

ਨਾ ਸਿਰਫ਼ ਦਿਮਾਗ਼ ਦੀ ਉੱਪਰੀ ਪਰਤ ਬਲਕਿ ਡੂੰਘੀਆਂ ਪਰਤਾਂ ਤਕ ਦੀ ਹਿਲਜੁਲ ਰਿਕਾਰਡ ਕੀਤੀ ਗਈ ਤੇ ਇਹ ਹਿਲਜੁਲ ਦਾ ਪੂਰਾ ਸਰਕਟ ਨਾਂ ਬੁਲਾਏ ਜਾਣ ਤੋਂ ਅੱਧਾ ਘੰਟਾ ਬਾਅਦ ਤਕ ਜਾਰੀ ਰਿਹਾ।

ਇੱਕ ਹੋਰ ਨੁਕਤਾ ਵੀ ਲੱਭਿਆ ਗਿਆ। ਜਦੋਂ ਸਾਹਮਣੇ ਖੜ੍ਹਾ ਕੋਈ ਸਾਡੇ ਨਾਂ ਨਾਲ ਸਾਨੂੰ ਬੁਲਾਉਂਦਾ ਹੈ ਤਾਂ ਦਿਮਾਗ਼ ਵਿਚ ਉਸ ਬੰਦੇ ਦੀ ਤਸਵੀਰ ਵੀ ਨਾਲੋ ਨਾਲ ਛਪਣ ਲੱਗ ਪੈਂਦੀ ਹੈ ਤੇ ਦਿਮਾਗ਼ ਉਸ ਬੰਦੇ ਨੂੰ ਆਪਣਾ ਮੰਨ ਕੇ ਇਕ ਸਾਂਝ ਜਿਹੀ ਗੰਢ ਲੈਂਦਾ ਹੈ। ਇਸ ਨੂੰ ‘ਮੈਂਟਾਲਾਈਜ਼ਿੰਗ’ ਕਹਿੰਦੇ ਹਨ।

ਸਿਰਫ਼ ਨਾਂ ਨਾਲ ਬੁਲਾਏ ਜਾਣ ਉੱਤੇ ਇਸ ਤਰ੍ਹਾਂ ਦੀ ਅਜੀਬ ਜਿਹੀ ਨਿੱਘੀ ਸਾਂਝ ਨਾ ਸਿਰਫ਼ ਸਾਹਮਣੇ ਖੜ੍ਹੇ ਬੰਦੇ ਨਾਲ, ਬਲਕਿ ਟੈਲੀਫ਼ੋਨ ਉੱਤੇ ਨਾਂ ਸੁਣਨ ਨਾਲ ਵੀ ਗੰਢੀ ਜਾਂਦੀ ਹੈ।

ਖੋਜੀ ਪਲੈਟਿਕ ਨੇ ਸੰਨ 2004 ਵਿਚ ਇਹ ਸਾਬਤ ਕੀਤਾ ਕਿ ਸਾਹਮਣੇ ਬੈਠੇ ਬੰਦੇ ਨੂੰ ਨਾਂ ਨਾਲ ਬੁਲਾਉਣ ਉੱਤੇ ਦਿਮਾਗ਼ ਦੇ ਅਗ਼ਲੇ ਸਿਰੇ, ਮੀਡੀਅਲ ਪ੍ਰੀਫਰੰਟਲ ਹਿੱਸੇ ਵਿਚਲੀ ਹਲਚਲ ਰਾਹੀਂ ਬੰਦੇ ਦੇ ਹੱਥ ਵੀ ਹਲਕੀ ਹਰਕਤ ਕਰਨ ਲੱਗ ਜਾਂਦੇ ਹਨ। ਅਜਿਹਾ ਨਾਂ ਨਾਲ ਨਾ ਬੁਲਾਏ ਜਾਣ ਉੱਤੇ ਆਮ ਤੌਰ ’ਤੇ ਦਿਮਾਗ਼ ਨੂੰ ਸੁਣੇਹਾ ਘੱਲਣ ਅਤੇ ਹੱਥ ਹਿਲਾਉਣ ਵਾਸਤੇ ਕਹਿਣ ਲਈ ਪੜਚੋਲ ਕਰਨ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ।

ਇਕ ਹੋਰ ਖੋਜ ਵਿਚ ਬੰਦੇ ਨੂੰ ਉਸ ਦੇ ਆਖ਼ਰੀ ਨਾਂ ਯਾਨੀ ਉਪਨਾਮ ਨਾਲ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ। ਮਸਲਨ, ਰੰਧਾਵਾ, ਸਚਦੇਵਾ, ਢੀਂਡਸਾ, ਆਦਿ। ਇਹ ਵੇਖਣ ਵਿਚ ਆਇਆ ਕਿ ਦਿਮਾਗ਼ ਦੇ ਅੱਧ ਤੋਂ ਵੱਧ ਹਿੱਸਿਆਂ ਵਿਚ ਹਰਕਤ ਨਹੀਂ ਹੋਈ।

ਫੇਰ ਕੁੱਝ ਦਫ਼ਤਰਾਂ ਵਿਚ ਕਾਮਿਆਂ ਵੱਲੋਂ ਅਫ਼ਸਰਾਂ ਨੂੰ ‘ਸਰ’ ਜਾਂ ‘ਬੌਸ’ ਕਹਿ ਕੇ ਸੰਬੋਧਨ ਕਰਵਾਇਆ ਗਿਆ ਤੇ ਕੁੱਝ ਥਾਵਾਂ ਉੱਤੇ ਉਨ੍ਹਾਂ ਦਾ ਨਾਂ ਜਿਵੇਂ ਜੌਨ, ਸੁਰਿੰਦਰ, ਬ੍ਰਹਮ ਆਦਿ ਕਹਿ ਕੇ ਬੁਲਾਉਣ ਨੂੰ ਕਿਹਾ ਗਿਆ। ਇਹ ਵੇਖਣ ਵਿਚ ਆਇਆ ਕਿ ਜਿੱਥੇ ਅਫ਼ਸਰ ਨੂੰ ‘ਸਰ’ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਸੀ, ਉੱਥੇ ਅਫ਼ਸਰਾਂ ਦਾ ਰਵੱਈਆ ਵੀ ਕਾਮਿਆਂ ਪ੍ਰਤੀ ਕੁੱਝ ਸਖ਼ਤ ਦਿਸਿਆ ਤੇ ਕਾਮੇ ਵੀ ਕੰਮ ਨੂੰ ਬੋਝ ਮੰਨ ਕੇ ਕਰਦੇ ਲੱਭੇ।

ਜਦੋਂ ਅਫ਼ਸਰ ਨੂੰ ਨਾਂ ਨਾਲ ਬੁਲਾਇਆ ਗਿਆ ਤੇ ਅਫ਼ਸਰ ਵੀ ਆਪਣੇ ਤੋਂ ਹੇਠਲਿਆਂ ਨੂੰ ਨਾਂ ਨਾਲ ਬੁਲਾਉਣ ਲੱਗਿਆ ਤਾਂ ਕੰਮ ਕਾਰ ਵਾਲੀ ਥਾਂ ਕਾਫ਼ੀ ਸੁਹਿਰਦ ਲੱਭੀ। ਅਜਿਹੇ ਦਫ਼ਤਰਾਂ ਵਿਚ ਸਾਰੇ ਭੱਜ ਦੌੜ ਕੇ, ਬਿਨਾਂ ਥਕਾਵਟ ਦੁਗਣਾ ਕੰਮ ਕਰ ਸਕਦੇ ਸਨ ਤੇ ਉਨ੍ਹਾਂ ਦੇ ਦਿਮਾਗ਼ ਉੱਤੇ ਵੀ ਥਕਾਨ ਦੇ ਕੋਈ ਲੱਛਣ ਨਹੀਂ ਲੱਭੇ। ਲਗਭਗ ਸਾਰੇ ਹੀ ਇਹੋ ਜਿਹੀ ਥਾਂ ਉੱਤੇ ਕੰਮ ਕਰਨ ਵਾਲਿਆਂ ਦੀ ਘਰ ਵਾਪਸ ਜਾ ਕੇ ਵੀ ਘਰ ਵਿਚ ਲੜਾਈ ਨਾ ਬਰਾਬਰ ਹੋਈ ਤੇ ਘੱਟ ਥੱਕੇ ਟੁੱਟੇ ਘਰ ਮੁੜੇ। ਬਹੁਤਿਆਂ ਨੇ ਕੰਮ ਕਾਰ ਤੋਂ ਵਾਪਸ ਜਾ ਕੇ ਆਪਣੇ ਬੱਚਿਆਂ ਨਾਲ ਵੀ ਹੱਸ ਖੇਡ ਕੇ ਸਮਾਂ ਬਿਤਾਇਆ।

ਡੂੰਘੀ ਸੋਚ ਵਿਚਾਰ ਕਰਨ ਵਿਚ ਲੱਗੇ ਹਿੱਸੇ (ਖੱਬਾ ਵਿਚਕਾਰਲਾ ਤੇ ਉੱਪਰਲਾ ਟੈਂਪੋਰਲ ਕੌਰਟੈਕਸ) ਵੀ ਨਾਂ ਨਾਲ ਬੁਲਾਏ ਜਾਣ ਉੱਤੇ ਕਾਫ਼ੀ ਚਿਰ ਹਰਕਤ ਕਰਦੇ ਰਹਿੰਦੇ ਹਨ। ਬੱਚਿਆਂ ਵਿਚ ਇਹ ਹਿੱਸੇ ਅੱਖਰ ਪਛਾਨਣ ਵਿਚ ਮਦਦ ਕਰਦੇ ਹਨ।

ਪਿਛਲਾ ਸਿੰਗੂਲੇਟ ਹਿੱਸਾ ਦੂਜੇ ਬਾਰੇ ਨਿਰਣਾ ਕਰਨ ਵਿਚ ਮਦਦ ਕਰਦਾ ਹੈ ਜੋ ਸਿਰਫ਼ ਨਾਂ ਨਾਲ ਬੁਲਾਉਣ ਉੱਤੇ ਹੀ ਰਵਾਂ ਹੋ ਜਾਂਦਾ ਹੈ।

ਯਾਦ ਸ਼ਕਤੀ, ਚਿਹਰਿਆਂ ਨੂੰ ਯਾਦ ਰੱਖ ਸਕਣਾ, ਲੈਅ ਬੰਨ੍ਹ ਸਕਣਾ, ਸੰਗੀਤ ਦੀ ਪ੍ਰਸੰਸਾ ਕਰਨਾ, ਚੀਜ਼ਾਂ ਤਰਤੀਬਵਾਰ ਯਾਦ ਰੱਖਣੀਆਂ, ਕੰਨਾਂ ਰਾਹੀਂ ਸੁਣੀ ਚੀਜ਼ ਯਾਦ ਰੱਖਣੀ, ਔਖੀ ਗੱਲਬਾਤ ਸਮਝ ਸਕਣੀ, ਖੁਸ਼ਬੂ ਯਾਦ ਰੱਖਣੀ, ਵੇਖੀ ਚੀਜ਼ ਦਿਮਾਗ਼ ਵਿਚ ਛਪਣੀ, ਜਜ਼ਬਾਤ ਉਘਾੜਨੇ, ਠਹਿਰਾਓ ਮਹਿਸੂਸ ਕਰਨਾ, ਆਦਿ ਕੰਮ ਕਰਨ ਵਾਲੇ ਸਾਰੇ ਹੀ ਦਿਮਾਗ਼ ਦੇ ਹਿੱਸਿਆਂ ਵਿਚ ਸਿਰਫ਼ ਨਾਂ ਨਾਲ ਬੁਲਾਏ ਜਾਣ ਨਾਲ ਹਲਚਲ ਹੁੰਦੀ ਲੱਭੀ।

ਇਹ ਵੀ ਖੋਜ ਰਾਹੀਂ ਲੱਭਿਆ ਗਿਆ ਕਿ ਜਦੋਂ ਕੋਈ ਜਣਾ ਔਖਾ ਕੰਮ ਕਰਨ ਦਾ ਢੰਗ ਨਾ ਸਮਝ ਸਕਦਾ ਹੋਵੇ ਤਾਂ ਉਸ ਕੰਮ ਨੂੰ ਸਮਝਾਉਣ ਲੱਗਿਆਂ ਜੇ ਵਾਰ-ਵਾਰ ਉਸ ਨੂੰ ਨਾਂ ਨਾਲ ਸੰਬੋਧਨ ਕੀਤਾ ਜਾ ਰਿਹਾ ਹੋਵੇ ਤਾਂ ਉਹ ਸੌਖਿਆਂ ਸਮਝ ਲੈਂਦਾ ਹੈ।

ਇਹ ਸਭ ਦਿਮਾਗ਼ ਵਿਚਲੇ ‘ਰਿਵਾਰਡ ਸਿਸਟਮ’ ਅਨੁਸਾਰ ਚਲਦਾ ਹੈ ਜਿਸ ਵਿਚ ਆਪਣੀ ਪਛਾਣ ਮਿਲ ਜਾਣ ਦਾ ਇਹਸਾਸ ਦਿਮਾਗ਼ ਰਵਾਂ ਕਰ ਕੇ ਦੁਗਣਾ ਕੰਮ ਕਰਨ ਦੀ ਤਾਕਤ ਬਖ਼ਸ਼ ਦਿੰਦਾ ਹੈ।

ਬੱਚਿਆਂ ਵਿਚ ਵੀ ਨਾਂ ਲਏ ਬਗ਼ੈਰ ਬੁਲਾਉਣ ਉੱਤੇ ਅਜਿਹੇ ਕਿਸੇ ਹਿੱਸੇ ਵਿਚ ਕੋਈ ਹਰਕਤ ਹੁੰਦੀ ਨਹੀਂ ਲੱਭੀ ਗਈ। ਲਗਭਗ 1000 ਬੱਚਿਆਂ ਨੂੰ ਨਾਂ ਨਾਲ ਬੁਲਾਏ ਜਾਣ ਉੱਤੇ ਜਦੋਂ ਉਨ੍ਹਾਂ ਨੂੰ ਪਛਾਣ ਮਿਲ ਗਈ ਤਾਂ ਉਨ੍ਹਾਂ ਬੱਚਿਆਂ ਦਾ ਦਿਮਾਗ਼ ਜ਼ਿਆਦਾ ਪ੍ਰਫੁਲਿਤ ਹੁੰਦਾ ਲੱਭਿਆ ਤੇ ਉਨ੍ਹਾਂ ਵਿਚ ਆਪਸੀ ਨਿੱਘ ਵਾਲਾ ਰਿਸ਼ਤਾ ਵੀ ਜੁੜਿਆ, ਪਰ ਇਹ ਵੇਖਣ ਵਿਚ ਆਇਆ ਕਿ ਮਾਂ ਜਾਂ ਪਿਓ ਵੱਲੋਂ ਰੱਖਿਆ ਪਿਆਰ ਭਿੱਜਿਆ ਨਾਂ ਬੱਚੇ ਦੇ ਮਨ ਅੰਦਰ ਵਾਧੂ ਕੁਤਕਤਾਰੀਆਂ ਪੈਦਾ ਕਰਦਾ ਹੈ। ਵੱਡੇ ਹੋ ਜਾਣ ਉੱਤੇ ਤੇ ਨੀਮ ਬੇਹੋਸ਼ੀ ਵਿਚ ਵੀ ਉਹੀ ਪਿਆਰ ਭਿੱਜਿਆ ਨਾਂ ਬੁਲਾਉਣ ਉੱਤੇ ਦਿਮਾਗ਼ ਵਿਚ ਹੁੰਦੀ ਹਰਕਤ ਨੇ ਇਹ ਸਭ ਸਾਬਤ ਕਰ ਦਿੱਤਾ ਹੈ।

ਮਾਪਿਆਂ ਵੱਲੋਂ ਸਿਰਫ਼ ‘ਬੱਚਿਆ’, ‘ਕਾਕਾ’ ਵਰਗੇ ਸ਼ਬਦ ਜਿਨ੍ਹਾਂ ਨਾਲ ਹੋਰਨਾਂ ਨੂੰ ਵੀ ਸੰਬੋਧਨ ਕੀਤਾ ਜਾ ਰਿਹਾ ਹੋਵੇ, ਕਹਿਣ ਨਾਲ ਹਰਕਤ ਨਾ ਬਰਾਬਰ ਹੁੰਦੀ ਲੱਭੀ। ਇਸ ਦਾ ਸਪਸ਼ਟ ਮਤਲਬ ਨਿਕਲਦਾ ਹੈ ਕਿ ਸਭ ਕੁੱਝ ਨਾਂ ਵਿਚ ਹੀ ਪਿਆ ਹੈ।

ਨਵੀਂ ਖੋਜ :- ਚਾਰ ਜਵਾਨ, 22, 30, 31 ਤੇ 32 ਸਾਲਾਂ ਦੇ ਬੰਦੇ ਚੁਣੇ ਗਏ। ਉਨ੍ਹਾਂ ਦੇ ਨਾਂ ਡੈਨ, ਜੇਅ, ਮਾਈਕ ਤੇ ਸੌਲ ਸਨ। ਇਨ੍ਹਾਂ ਸਾਰਿਆਂ ਦੇ ਨਾਂ ਪਹਿਲਾਂ ਤੋਂ ਰਿਕਾਰਡ ਕਰ ਕੇ 15 ਸਕਿੰਟ ਲਈ ਉਨ੍ਹਾਂ ਨੂੰ ਸੁਣਾਏ ਗਏ। ਫੇਰ 12 ਸਕਿੰਟ ਕੋਈ ਆਵਾਜ਼ ਨਾ ਕੱਢ ਕੇ ਬਾਕੀਆਂ ਦੇ ਨਾਂ ਸੁਣਾਏ ਗਏ। ਅਜਿਹਾ 6 ਵਾਰ ਕੀਤਾ ਗਿਆ। ਸਾਰੀ ਖੋਜ 678 ਸਕਿੰਟ ਵਿਚ ਪੂਰੀ ਕੀਤੀ ਗਈ। ਨਾਲੋਂ ਨਾਲ ਸਿਰ ਦੀ ਸਕੈਨਿੰਗ ਵੀ ਕੀਤੀ ਗਈ।

ਕਮਾਲ ਦੀ ਗੱਲ ਇਹ ਸੀ ਕਿ ਇਨ੍ਹਾਂ ਵਿੱਚੋਂ ਕੋਈ ਵੀ ਆਪਣਾ ਨਾਂ ਵਾਰ-ਵਾਰ ਸੁਣਨ ਨਾਲ ਔਖਾ ਨਹੀਂ ਹੋਇਆ ਤੇ ਹਰ ਵਾਰ ਦਿਮਾਗ਼ ਦੇ ਸਾਰੇ ਹਿੱਸੇ ਉਸੇ ਤਰ੍ਹਾਂ ਹਰਕਤ ਵਿਚ ਆਉਂਦੇ ਰਹੇ, ਪਰ ਜਿੰਨੀ ਵਾਰ ਦੂਜਿਆਂ ਦਾ ਨਾਂ ਸੁਣਿਆ ਤਾਂ ਉਨ੍ਹਾਂ ਦੇ ਦਿਮਾਗ਼ ਵਿਚ ਕੋਈ ਹਰਕਤ ਨਾ ਦਿਸੀ।

ਨਤੀਜਾ :- ਇਸ ਖੋਜ ਨੇ ਸਾਬਤ ਕਰ ਦਿੱਤਾ ਕਿ ਨਾਂ ਨਾਲ ਬੁਲਾਉਣ ਦੀ ਬਹੁਤ ਭਾਰੀ ਅਹਿਮੀਅਤ ਹੈ। ਵਿਕਸਿਤ ਦੇਸਾਂ ਵਿਚ ਇਨ੍ਹਾਂ ਖੋਜਾਂ ਦੇ ਆਧਾਰ ਉੱਤੇ ਸਾਰੇ ਬੱਚਿਆਂ ਨੂੰ ਨਾਵਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ ਤੇ ‘ਸਰ’ ਜਾਂ ‘ਬੌਸ’ ਛੱਡ ਕੇ ਆਪਣੇ ਅਧਿਆਪਿਕਾਂ ਤੇ ਅਫ਼ਸਰਾਂ ਨੂੰ ਵੀ ਨਾਂ ਨਾਲ ਹੀ ਸੰਬੋਧਨ ਕੀਤਾ ਜਾਣ ਲੱਗ ਪਿਆ ਹੈ। ਇਸ ਤਰ੍ਹਾਂ ਕੰਮ ਕਾਰ ਵਾਲੀ ਥਾਂ ਸੁਖਾਵੀਂ ਜਾਪਦੀ ਹੈ ਤੇ ਕੰਮ ਦਾ ਭਾਰ ਵੀ ਨਹੀਂ ਮਹਿਸੂਸ ਹੁੰਦਾ।

ਇਸ ਲੇਖ ਦਾ ਮਕਸਦ ਸੀ, ਨਾਂ ਦੀ ਅਹਿਮੀਅਤ ਸਮਝਾਉਣੀ ਤਾਂ ਜੋ ਆਪਣੇ ਬੱਚਿਆਂ ਨਾਲ ਤਾਂ ਨਿੱਘਾ ਰਿਸ਼ਤਾ ਗੰਢੀਏ ਹੀ, ਉਨ੍ਹਾਂ ਨੂੰ ਲਾਇਕ ਵੀ ਬਣਾਈਏ, ਪਰ ਕੰਮ ਕਾਰ ਵਾਲੀ ਥਾਂ ਉੱਤੇ ਵੀ ‘ਸਰ’, ‘ਜੀ ਹਜ਼ੂਰ’ ਕਹਿਣਾ ਛੱਡ ਕੇ ‘ਸੁਰਿੰਦਰ ਜੀ’, ‘ਸੰਗੀਤਾ ਜੀ’, ਬੇਅੰਤ ਭਾਜੀ, ਰੁਪਿੰਦਰ ਭੈਣਜੀ, ਕਹਿ ਕੇ ਬੁਲਾਉਣਾ ਸ਼ੁਰੂ ਕਰੀਏ ਤਾਂ ਜੋ ਕਮਾਲ ਵਾਪਰੇਗਾ, ਉਹ ਤੁਸੀਂ ਪ੍ਰਤੱਖ ਵੇਖ ਸਕੋਗੇ !

ਇਕ ਆਖ਼ਰੀ ਗੱਲ ਇਹ ਹੈ- ਓਏ, ਗਧੇ, ਕੁੱਤੇ, ਖੋਤੇ ਦੇ ਪੁੱਤਰ, ਵਿਚਾਰੀ, ਕੁਲਿਹਣੀ, ਕੁਲੱਛਣੀ, ਬਥੇਰੀ, ਆਦਿ ਵਰਗੇ ਸੰਬੋਧਨ ਉੱਕਾ ਹੀ ਛੱਡਣੇ ਪੈਣੇ ਹਨ। ਇਹ ਸਿਰਫ਼ ਪਾੜ ਪਾਉਂਦੇ ਹਨ ਤੇ ਦਿਮਾਗ਼ ਵਿਕਸਿਤ ਵੀ ਨਹੀਂ ਹੋਣ ਦਿੰਦੇ।

ਸ਼ੁਰੂ ਅੱਜ ਤੋਂ ਹੀ ਕਰ ਵੇਖੀਏ ! ਕਿਸੇ ਨੂੰ ਫ਼ੋਨ ਮਿਲਾਓ ਤੇ ਲਓ ਇੱਜ਼ਤ ਨਾਲ ਉਸ ਦਾ ਪੂਰਾ ਨਾਂ ਤੇ ਵੇਖੋ ਕਿਵੇਂ ਅੱਗੋਂ ਜਵਾਬੀ ਹੁੰਗਾਰਾ ਮੋਹ ਭਿੱਜਿਆ ਮਿਲਦਾ ਹੈ !

ਹੁਣ ਤਾਂ ਮੰਨ ਗਏ ਨਾ ਕਿ ‘ਨਾਂ’ ਵਿਚ ਬਹੁਤ ਕੁੱਝ ਪਿਆ ਹੈ !