21.7 C
Jalandhar
Monday, April 13, 2026
spot_img
Home Blog Page 133

ਗੁਰੂ ਟੀਚਾ, ਗੁਰੂ ਦੇ ਵਜ਼ੀਰ ਦੀ ਜ਼ਿੰਮੇਵਾਰੀ ਤੇ ਅਜੋਕਾ ਸਿੱਖ

0

ਗੁਰੂ ਟੀਚਾ, ਗੁਰੂ ਦੇ ਵਜ਼ੀਰ ਦੀ ਜ਼ਿੰਮੇਵਾਰੀ ਤੇ ਅਜੋਕਾ ਸਿੱਖ

ਗਿਆਨੀ ਅਵਤਾਰ ਸਿੰਘ

ਮਨੁੱਖ ਪੈਦਾ ਹੋਣ ਲੱਗਿਆਂ ਕੋਈ ਵੀ ਇੱਛਾ (ਭਾਵਨਾ ਜਾਂ ਕਲਪਨਾ), ਆਪਣੇ ਮਨ ਵਿੱਚ ਧਾਰ ਕੇ ਸੰਸਾਰ ਵਿੱਚ ਨਹੀਂ ਆਉਂਦਾ ਅਤੇ ਅਜਿਹਾ ਨਿਰਮਲ ਕਿਰਦਾਰ ਜਦ ਵੱਡਾ ਹੁੰਦਾ ਹੈ ਉਸ ਦੀ ਮਾਤਾ, ਉਸ ਦੇ ਰਿਸ਼ਤੇ-ਨਾਤੇ ਜਾਂ ਉਸ ਦੇ ਦੋਸਤ ਹੀ ਉਸ ਦੀਆਂ ਇਛਾਵਾਂ (ਭਾਵਨਾਵਾਂ) ਨੂੰ ਹੌਲ਼ੀ-ਹੌਲ਼ੀ ਸਿਰਜਦੇ ਰਹਿੰਦੇ ਹਨ, ਜੋ ਇੱਕ ਦਿਨ ਵਧ ਕੇ ਵਿਕਰਾਲ ਰੂਪ ਧਾਰਨ ਕਰ ਲੈਂਦੀਆਂ ਹਨ। ਇਨ੍ਹਾਂ ਵਿਕਰਾਲ ਇਛਾਵਾਂ ਨੂੰ ਹੀ ਗੁਰਬਾਣੀ ਸੰਸਾਰ ਸਮੁੰਦਰ, ਭਵਸਾਗਰੁ, ਆਦਿ ਬਿਆਨ ਕਰਦੀ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਦੀ ਇਸ ਮਨੋਬਿਰਤੀ (ਕੁਬੁਧਿ, ਧੁੰਦ ਜਾਂ ਪਰਦੇ) ਨੂੰ ਸਮਝਿਆ, ਵੀਚਾਰਿਆ ਤੇ ਇਸ ਦਾ ਇਲਾਜ ਕਰਨ ਲਈ ਚਾਰੇ ਦਿਸ਼ਾਵਾਂ ਵੱਲ ਜਗਤ ਫੇਰੀਆਂ ਸ਼ੁਰੂ ਕੀਤੀਆਂ। ਇਹ ਪਰਦਾ; ਅਕਾਲ ਪੁਰਖ (ਜਗਤ ਰਚੇਤੇ) ਦੀ ਹੋਂਦ (ਮੌਜੂਦਗੀ) ਅਤੇ ਜੀਵ ਦੇ ਵਜੂਦ ਦਰਮਿਆਨ ਅਗਿਆਨਤਾ ਕਾਰਨ ਬੜਾ ਧੁੰਦਲਾ ਬਣ ਜਾਂਦਾ ਹੈ, ਜਿਸ ਕਰ ਕੇ ਖ਼ੁਦਾ ਨੂੰ ਵੇਖਣਾ, ਮਹਿਸੂਸ ਕਰਨਾ, ਉਸ ਦੀ ਹੋਂਦ ਨੂੰ ਸਵੀਕਾਰਨਾ (ਜਾਂ ਅਨੁਭਵ ਕਰਨਾ) ਅਸੰਭਵ ਹੋ ਜਾਂਦਾ ਹੈ। ਲੁਕਾਈ; ਧਰਮ ਦੇ ਨਾਮ ’ਤੇ ਆਕਾਰ ਪੂਜਕ ਬਣ ਗਈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆਂ ਚਾਰੇ ਦਿਸ਼ਾਵਾਂ ਵੱਲ ਕੀਤੀਆਂ ਸੰਸਾਰਕ ਯਾਤ੍ਰਾਵਾਂ ਦੌਰਾਨ ‘ਸ਼ਬਦ ਗੁਰੂ’ ਦੀ ਮਹੱਤਤਾ, ਮੌਜੂਦਗੀ ਭਾਵ ਅਗਵਾਈ ਨੂੰ ਮਨੁੱਖਾ ਜਨਮ ਲਈ ਅਤਿ ਉੱਤਮ ਮੰਨਿਆ।

‘ਗੁਰੂ’ ਤੋਂ ਭਾਵ ‘ਗ’ ਗ਼ੁਬਾਰ (ਹਨੇ੍ਹਰਾ, ਆਕਾਰ, ਮਾਇਆ, ਦ੍ਰਿਸ਼ਟੀਗੋਚਰ, ਨਾਸ਼ਵਾਨ ਸੰਸਾਰ) ਅਤੇ ‘ਰ’ ਰੌਸ਼ਨੀ (ਨਿਰਾਕਾਰ, ਅਦ੍ਰਿਸ਼, ਅਬਿਨਾਸ਼ੀ, ਕਰਤਾਰ) ਦਾ ਬੋਧ ਹੈ ਭਾਵ ਉਹ ਸ਼ਖ਼ਸੀਅਤ ‘ਗੁਰੂ’ (ਅਗਵਾਈ ਕਰਨ ਲਾਇਕ) ਹੈ, ਜੋ ਆਕਾਰ (ਕੁਦਰਤ) ਅਤੇ ਨਿਰਾਕਾਰ (ਕੁਦਰਤ ਦੇ ਮਾਲਕ) ਤੋਂ ਪੂਰਨ ਤੌਰ ’ਤੇ ਵਾਕਫ਼ ਹੁੰਦੀ ਹੈ। ਬਾਬਾ ਕਬੀਰ ਜੀ ਦੇ ਇਹ ਵਚਨ, ਸਾਨੂੰ ਸੇਧ ਬਖ਼ਸ਼ਦੇ ਹਨ ਕਿ ਤਦ ‘ਅਖੌਤੀ ਗੁਰੂ’ (ਅਨੁਯਾਈਆਂ ਦੇ ਰਹਿਬਰ, ਪੈਰੋਕਾਰਾਂ ਦੇ ਰਹਿਨੁਮਾ) ਬਹੁਤਾਤ ਵਿੱਚ ਸਨ, ਜੋ ਸ਼ਰਧਾਵਾਨ ਮਨੁੱਖਾਂ ਨੂੰ ਨਿਰਾਕਾਰ (ਕੇਸੋ) ਨਾਲ਼ ਜੋੜਨ ਦੀ ਬਜਾਇ ਆਪਣੇ ਨਾਲ਼ ਜੋੜ ਕੇ ਹੀ ਉਨ੍ਹਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰ ਰਹੇ ਸਨ, ‘‘ਕਬੀਰ ! ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ ਨ ਮੀਤੁ ॥ ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ॥’’ (ਭਗਤ ਕਬੀਰ/੧੩੬੯)

ਗੁਰੂ ਜੀ ਦੁਆਰਾ ਰਚੀ ਤੇ ਪ੍ਰਚਾਰੀ ਜਾ ਰਹੀ ਇਸ (‘ਸ਼ਬਦੁ ਗੁਰੂ’ ਵਾਲ਼ੀ) ਨਿਵੇਕਲੀ ਯੁਕਤੀ ਕਿ ‘‘ਸਬਦਿ ਗੁਰੂ; ਭਵਸਾਗਰੁ ਤਰੀਐ..॥ (ਅਤੇ) ਕੁਬੁਧਿ ਮਿਟੈ, ਗੁਰ ਸਬਦੁ ਬੀਚਾਰਿ ॥’’ ਨੂੰ ਮੰਨਣ ਲਈ ਜਨਮ ਜਨਮਾਂਤਰ ਦੀ ਸੰਸਕਾਰਕ ਬਿਰਤੀ ਸਾਹਮਣੇ ਕਈ ਸਵਾਲ ਉਤਪੰਨ ਹੋਣ ਲੱਗੇ। ਯੋਗੀਆਂ ਨੇ ਪੁੱਛ ਹੀ ਲਿਆ ਕਿ ਜਿਸ ‘ਸ਼ਬਦ ਗੁਰੂ’ ਨਾਲ਼ ਸੰਸਾਰਕ ਯਾਤਰਾ ਸਫਲ ਹੁੰਦੀ ਹੈ, ਉਸ ਦਾ ਨਿਵਾਸ ਸਥਾਨ ਕਿੱਥੇ ਹੈ ? ‘‘ਸੁ ਸਬਦ ਕਾ ਕਹਾ ਵਾਸੁ ਕਥੀਅਲੇ  ? ਜਿਤੁ ਤਰੀਐ, ਭਵਜਲੁ ਸੰਸਾਰੋ ॥ (ਮ: ੧/੯੪੪)

ਗੁਰੂ ਜੀ ਨੇ ਉਕਤ ਸਵਾਲ ਦਾ ਜਵਾਬ ਦਿੰਦਿਆਂ ‘ਸ਼ਬਦ ਗੁਰੂ’ ਦਾ ਨਿਵਾਸ ਸਥਾਨ ਨਿਰਾਕਾਰ ਦੀ ਹੋਂਦ ਵਾਙ ਕਣ-ਕਣ ਵਿੱਚ ਵਿਆਪਕ ਬਿਆਨ ਕੀਤਾ ‘‘ਸੁ ਸਬਦ ਕਉ, ਨਿਰੰਤਰਿ ਵਾਸੁ ਅਲਖੰ; ਜਹ ਦੇਖਾ, ਤਹ ਸੋਈ ॥’’ (ਮ: ੧/੯੪੪) ਦਰਅਸਲ, ਅਕਾਲ ਪੁਰਖ ਨਾਲ਼ ਅਭੇਦਤਾ (ਭਾਵ ਬਣ ਚੁੱਕੇ ਪਰਦੇ ਦਾ ਖ਼ਾਤਮਾ) ਉਨ੍ਹਾਂ ਦੀ ਹੀ ਸਿਫ਼ਤ ਸਾਲਾਹ ਕੀਤਿਆਂ ਹੋਣੀ ਹੈ। ਸਿਫ਼ਤ ਸਾਲਾਹ ਤੋਂ ਭਾਵ ਉਸ ਦੀ ਹੋਂਦ ਨੂੰ ਸਵੀਕਾਰਨਾ, ਹੁਕਮ ਨੂੰ ਮੰਨਣਾ ਅਤੇ ਆਪਣੀ ਹਉਮੈ ਨੂੰ ਤਿਆਗਣਾ ਹੈ, ਜੋ ਪਰਦਾ ਕਾਇਮ ਰੱਖਣ ਦਾ ਮੂਲ ਹੈ। ਗੁਰੂ ਨਾਨਕ ਸਾਹਿਬ ਜੀ ‘ਜਪੁ’ ਬਾਣੀ ਰਾਹੀਂ ਵੀ ‘‘ਕਿਵ ਕੂੜੈ ਤੁਟੈ ਪਾਲਿ  ?॥’’ ਦਾ ਜਵਾਬ ‘‘ਹੁਕਮਿ ਰਜਾਈ ਚਲਣਾ..॥’’ ਸਲਾਹ ਨਾਲ਼ ਹੀ ਦਿੰਦੇ ਹਨ।

ਇੱਕ ਮਾਲਕ, ਆਪਣੇ ਨੌਕਰ ਨੂੰ ਆਪਣੀ ਭਾਵਨਾ ਵਿਅਕਤ ਕਰਦਿਆਂ ਆਖਦਾ ਹੈ ਕਿ ਗ਼ਰਮੀ ਦੇ ਦਿਨਾਂ ਵਿੱਚ ਮੁਸਾਫ਼ਰਾਂ (ਰਾਹੀ) ਲਈ ਪਾਣੀ ਦੀ ਰੋਜ਼ਾਨਾ ਛਬੀਲ ਲਗਾਉਣੀ ਹੈ। ਮਾਲਕ ਦਾ ਇਹ ਜਿੱਥੇ ਹੁਕਮ ਹੈ ਓਥੇ ਨੌਕਰ ਲਈ ਇਸ ’ਤੇ ਪਹਿਰਾ ਦੇਣਾ ਉਸ ਦੇ ਹੁਕਮ ਵਿੱਚ ਚੱਲਣਾ ਅਖਵਾਉਂਦਾ ਹੈ। ਇਸੇ ਤਰ੍ਹਾਂ ਕੁਦਰਤ ਨੂੰ ਰਚਨਾ, ਮਾਲਕ ਦਾ ਹੁਕਮ ਹੈ ਅਤੇ ਕੁਦਰਤ ਮੁਤਾਬਕ ਵਿਚਰਨਾ, ਨੌਕਰ ਵੱਲੋਂ ਕੀਤੀ ਗਈ ਸੇਵਾ ਹੈ, ਨਮਕ ਹਲਾਲੀ ਹੈ। ਮਾਲਕ ਅਤੇ ਨੌਕਰ ਦਾ ਅਜਿਹਾ ਰਿਸ਼ਤਾ ਹੀ (ਹਉਮੈ ਦੇ) ਪਰਦੇ ਨੂੰ ਮਿਟਾਉਂਦਾ ਹੈ ਕਿਉਂਕਿ ਨੌਕਰ, ਛਬੀਲ ਲਗਾਉਣ ਦਾ ਮਹੱਤਵ ਆਪਣੇ ਮਾਲਕ ਨੂੰ ਦਿੰਦਾ ਹੈ, ਨਾ ਕਿ ਇਸ ਸੇਵਾ ਦਾ ਮਹੱਤਵ ਆਪਣੇ ਉੱਪਰ ਲੈ ਕੇ ਆਪਣੇ ਅੰਦਰ ਅਹੰਕਾਰ ਨੂੰ ਪਨਪਣ ਦਿੰਦਾ।

ਸਰਬ ਵਿਆਪਕ ਅਦ੍ਰਿਸ਼ ਸਿਰਜਣਹਾਰ ਦੀ ਹੋਂਦ ਨੂੰ ਮਹਿਸੂਸ ਕਰਨ ਨਾਲ਼ ਬਾਕੀ ਰੋਗ (ਕਮਾਦਿਕ ਵਿਕਾਰ, ਦਵੈਤ ਭਾਵਨਾ, ਲਿੰਗ ਭੇਦ ਤੇ ਅੰਧਵਿਸ਼ਵਾਸ) ਸੁੱਤੇ ਸਿੱਧ ਹੀ ਖ਼ਤਮ ਹੋ ਜਾਂਦੇ ਹਨ ਕਿਉਂਕਿ ਰੱਬੀ ਹੋਂਦ ਨੂੰ ਅਨੁਭਵ ਕੀਤਿਆਂ ਸਾਰਾ ਸਮਾਜ, ਪਰਿਵਾਰਕ ਅਟੁੱਟ ਰਿਸ਼ਤੇ ’ਚ ਬੰਧ (ਬੰਨ੍ਹ) ਜਾਂਦਾ ਹੈ, ਜੁੜ ਜਾਂਦਾ ਹੈ।

‘ਸ਼ਬਦੁ ਗੁਰੂ’ ਦੁਆਰਾ ਮਿਲਿਆ ਇਹ ਗਿਆਨ (ਭਾਵ ਸਰਲ ਯੁਕਤੀ); ਹਰ ਵਰਗ, ਹਰ ਜਾਤ, ਹਰ ਇਲਾਕੇ ਦੀ ਭਾਸ਼ਾ ਰਾਹੀਂ ਸੁਖਾਲਾ ਹੀ ਉਨ੍ਹਾਂ ਦੀ ਨਿਜੀ ਕਿਰਤ ਦੇ ਹਵਾਲਿਆਂ ਨਾਲ਼ ਸਮਝਾਇਆ ਗਿਆ ਭਾਵ ਕਿਸਾਨ ਨੂੰ ਕਿਰਸਾਨੀ ਰਾਹੀਂ, ਵਾਪਾਰੀ ਨੂੰ ਵਾਪਾਰਕ ਸਾਧਨਾਂ ਰਾਹੀਂ, ਨੌਕਰ ਨੂੰ ਨੌਕਰ ਤੇ ਮਾਲਕ ਦੇ ਸੰਬੰਧਾਂ ਰਾਹੀਂ, ਆਦਿ।

ਉਕਤ ਵਿਚਾਰ ਨੂੰ ਗੁਰਮਤਿ, ‘ਪੀਰੀ’ (ਰੂਹਾਨੀਅਤ ਸ਼ਕਤੀ) ਮੰਨਦੀ ਹੈ ਜਦਕਿ ਇੱਕ ਹੋਰ ਵਿਸ਼ਾ ‘ਮੀਰੀ’ (ਸਮਾਜਿਕ ਏਕਤਾ) ਵੀ ਹੈ। ਅਣਗਿਣਤ ਸੰਸਾਰਕ ਕਬੀਲਿਆਂ ਦੀ ਆਪੋ ਆਪਣੀ ਸੋਚ; ਉਨ੍ਹਾਂ ਦੁਆਰਾ ਨਿਸ਼ਚਿਤ ਕੀਤੇ ਗਏ ਕੌਮੀ ਸਿਧਾਂਤ ਦੇ ਦਾਇਰੇ ਅੰਦਰ ਸਿਰਜੀ ਹੁੰਦੀ ਹੈ। ‘ਗੁਰੂ’ ਸਾਹਿਬਾਨ ਦੁਆਰਾ ਰਚੀ ਤੇ ਪ੍ਰਚਾਰੀ ਗਈ ‘ਮੀਰੀ’, ਇਨ੍ਹਾਂ ਸਭ ਨਾਲ਼ੋਂ ਇੱਕ ਨਿਵੇਕਲੀ ਤੇ ਵਿਲੱਖਣ ਜੀਵਨਸ਼ੈਲੀ ਹੈ, ਜੋ ਲੁਕਾਈ ਸਾਹਮਣੇ ਆਦਰਸ਼ (ਮਾਡਲ) ਬਣੀ ਹੋਈ ਹੈ। ਇਸ ਵਿਸ਼ੇ ਦੀ ਸਪਸ਼ਟਤਾ ਲਈ ਇੱਕ ਮਿਸਾਲ ਲੈਣੀ ਪੈ ਰਹੀ ਹੈ, ‘ਕਿਸੇ ਦੇਸ਼ ਦੇ ਇੱਕ ਨਗਰ ਅੰਦਰ ਕੁੱਝ ਧਾਰਮਿਕ ਬਿਰਤੀ ਦੇ ਲੋਕ (ਹਿੰਦੂ, ਮੁਸਲਿਮ, ਈਸਾਈ, ਜੈਨੀ, ਬੋਧੀ, ਆਦਿਕ) ਇਕੱਠੇ ਹੀ ਰਹਿੰਦੇ ਹਨ, ਜਿਨ੍ਹਾਂ ਦੇ ਪੜੋਸ (ਗੁਆਂਢ) ’ਚ ਕੁੱਝ ਆਮ ਬੰਦੇ (ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲ਼ੇ) ਵੀ ਰਹਿ ਰਹੇ ਹਨ, ਜੋ ਸਮਾਜਿਕ ਬੇਇਨਸਾਫ਼ੀ ਦਾ ਮੁਕਾਬਲਾ ਕਰਨ ’ਚ ਅਸਮਰਥ ਹਨ।

ਪੀੜਤ, ਹਰ ਪੱਖੋਂ ਕਮਜ਼ੋਰ ਅਤੇ ਜ਼ਾਲਮ ਹਰ ਪੱਖੋਂ ਸ਼ਕਤੀਸ਼ਾਲੀ ਤੇ ਰਾਜ ਸੱਤਾ ’ਤੇ ਕਾਬਜ਼ ਹੁੰਦਾ ਹੈ ਜਾਂ ਸਰਕਾਰੀ ਸ਼ਹਿ ਅਧੀਨ ਵਿਚਰਦਾ ਹੈ, ਇਨ੍ਹਾਂ ’ਚ ਜ਼ਿਆਦਾਤਰ ‘ਪੂਜਾਰੀ, ਵਜ਼ੀਰ, ਰਾਜੇ, ਟਹਿਲਕਾਰ, ਆਦਿ ਹੀ ਹੁੰਦੇ ਹਨ। ਇਸ ਗੰਦੀ ਤੇ ਸਮਾਜ ਵਿਰੋਧੀ ਸੋਚ ਵਿਰੁਧ (ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ) ਹਰ ਧਰਮ ਮੌਨ ਹੈ, ਜਦ ਕਿ ਗੁਰਬਾਣੀ ਫ਼ੁਰਮਾਨ ਹਨ, ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ, ਵੇ ਲਾਲੋ ! ॥ (ਮ: ੧/੭੨੨), ਕਲਿ ਕਾਤੀ, ਰਾਜੇ ਕਾਸਾਈ; ਧਰਮੁ ਪੰਖ ਕਰਿ ਉਡਰਿਆ ॥ (ਮ: ੧/੧੪੫), ਜੁਗਹ ਜੁਗਹ ਕੇ ਰਾਜੇ; ਕੀਏ; ਗਾਵਹਿ ਕਰਿ ਅਵਤਾਰੀ ॥ (ਮ: ੩/੪੨੩), ਕਾਜੀ ਹੋਇ ਕੈ; ਬਹੈ ਨਿਆਇ ॥ ਫੇਰੇ ਤਸਬੀ; ਕਰੇ ਖੁਦਾਇ ॥ ਵਢੀ ਲੈ ਕੈ, ਹਕੁ ਗਵਾਏ ॥ ਜੇ ਕੋ ਪੁਛੈ; ਤਾ ਪੜਿ ਸੁਣਾਏ ॥…. ਚਉਕਾ ਦੇ ਕੈ, ਸੁਚਾ ਹੋਇ ॥ ਐਸਾ ਹਿੰਦੂ, ਵੇਖਹੁ ਕੋਇ ॥ (ਮ: ੧/੯੫੧), ਹਰਣਾਂ ਬਾਜਾਂ ਤੈ ਸਿਕਦਾਰਾਂ; ਏਨ੍ਾ ਪੜਿ੍ਆ ਨਾਉ ॥ ਫਾਂਧੀ ਲਗੀ, ਜਾਤਿ ਫਹਾਇਨਿ; ਅਗੈ ਨਾਹੀ ਥਾਉ ॥…. ਰਾਜੇ ਸੀਹ; ਮੁਕਦਮ ਕੁਤੇ ॥ ਜਾਇ ਜਗਾਇਨਿ੍; ਬੈਠੇ ਸੁਤੇ ॥’’ (ਮ: ੧/੧੨੮੮) ਭਾਵ ਗਿਝਾਇਆ ਹੋਇਆ ਹਿਰਨ, ਬਾਜ਼ ਅਤੇ ਚੌਧਰੀ (ਚਾਪਲੂਸੀ ਲਈ ਜਾਂ ਮੁਸੀਬਤ ਸਮੇਂ) ਆਪਣੀ ਹੀ ਜਾਤ ਬਰਾਦਰੀ (ਭਰਾਵਾਂ) ਨੂੰ ਧੋਖੇ ਨਾਲ਼ ਲਿਆ ਕੇ ਕੈਦ ਕਰਵਾ ਦਿੰਦੇ ਹਨ। ਰਾਜੇ ਮਾਨੋ ਸ਼ੇਰ ਹਨ ਤੇ ਉਨ੍ਹਾਂ ਦੇ ਅਹਿਲਕਾਰ ਕੁੱਤੇ ਹਨ, ਜਿਹੜੇ ਗ਼ਰੂਰ ’ਚ, ਸੁੱਤੀ ਪਈ ਲਾਚਾਰ ਜਨਤਾ ਨੂੰ ਆਰਾਮ ਕਰਨ ਵੀ ਨਹੀਂ ਦਿੰਦੇ ।

ਕੀ ਅਜਿਹੀ ਦ੍ਰਿੜ੍ਹਤਾ, ਬੁਲੰਦ ਆਵਾਜ਼ (ਹਿੰਮਤ) ਤੇ ਰੱਬੀ ਨਿਯਮ ’ਤੇ ਭਰੋਸਾ, ਕਿ ‘‘ਹਰਿ ਬਿਨੁ, ਕੋਈ ਮਾਰਿ ਜੀਵਾਲਿ ਨ ਸਕੈ; ਮਨ ! ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥’’ (ਮ: ੪/੫੯੪) ਅਜੋਕੇ ਕਿਸੇ ਰਹਿਨੁਮਾ (ਗੁਰੂ, ਮਹਾਤਮਾ) ’ਚ ਹੈ ?

ਉਕਤ ਵਿਚਾਰ ਦਾ ਸਾਰ ਇਹ ਹੈ ਕਿ ਸਿੱਖ, ਹਰ ਇਨਸਾਨ (ਭਾਵੇਂ ਕਿਸੇ ਵੀ ਧਰਮ ਨੂੰ ਮੰਨਦਾ ਜਾਂ ਨਾ ਮੰਨਦਾ ਹੋਵੇ) ਨਾਲ਼ ਖੜ੍ਹ ਜਾਂਦਾ ਹੈ ਅਤੇ ਅਤਿਆਚਾਰ ਵਿਰੁਧ ਮੋਰਚਾ ਲਗਾਉਣ ਨੂੰ ਆਪਣਾ ਧਰਮ ਕਰਮ ਸਮਝਦਾ ਹੈ ਭਾਵ ਸਚਾਈ ’ਤੇ ਪਹਿਰਾ ਦਿੰਦਾ ਹੈ। ਅਜਿਹੀ ਸਮਾਜਿਕ ਏਕਤਾ ਨੂੰ ‘ਮੀਰੀ’ ਸ਼ਬਦ ਰਾਹੀਂ ਪਰਿਭਾਸ਼ਿਤ ਕੀਤਾ ਗਿਆ ਕਿਉਂਕਿ ਗੁਰਮਤਿ ਅਨੁਸਾਰ ਪੂਰੇ ਸੰਸਾਰ ’ਚ ਕਰਤਾਰ ਦੀ ਮੌਜੂਦਗੀ ਹੋਣ ਕਾਰਨ ਪਰਿਵਾਰਕ ਸਾਂਝ ਹੈ ਜਦਕਿ ਬਾਕੀ ਧਰਮ, ਅਜਿਹੀ ਵਿਆਖਿਆ ਨਾ ਕਰਦੇ ਹਨ ਤੇ ਨਾ ਹੀ ਕਿਸੇ ਲਈ (ਬਿਨਾਂ ਬੁਲਾਈ) ਮੁਸੀਬਤ ਝੱਲਣ ਲਈ ਅੱਗੇ ਆਉਂਦੇ ਹਨ। ਗੁਰਬਾਣੀ ਇਸ ਜੀਵਨਸ਼ੈਲੀ ਨੂੰ ‘‘ਖੰਨਿਅਹੁ ਤਿਖੀ, ਵਾਲਹੁ ਨਿਕੀ; ਏਤੁ ਮਾਰਗਿ ਜਾਣਾ ॥’’ ਪ੍ਰਵਾਨ ਕਰਦੀ ਹੋਈ ‘‘ਕਹੈ ਨਾਨਕੁ ਚਾਲ ਭਗਤਾ; ਜੁਗਹੁ ਜੁਗੁ ਨਿਰਾਲੀ ॥ (ਮ: ੩/੯੧੯) ਬਣਾ ਲੈਂਦੀ ਹੈ।

ਇਤਿਹਾਸ ਗਵਾਹ ਹੈ ਕਿ ਗੁਰੂ ਜੀ ਮੱਕੇ ਗਏ, ਜਿੱਥੇ ਬਣੇ ਭਰਮ ਨੂੰ ਤੋੜਨ ਲਈ ਉਨ੍ਹਾਂ ਦੁਆਰਾ ਮੰਨੇ ਜਾਂਦੇ ਖ਼ੁਦਾ ਦੇ ਘਰ ਵੱਲ ਆਪਣੇ ਪੈਰ ਕਰ ਲਏ, ਹਰਦੁਆਰ ਗਏ, ਜਿੱਥੇ ਉਨ੍ਹਾਂ ਪੂਰਵ ਦੀ ਬਜਾਇ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ, ਜਗਨਨਾਥ ਪੁਰੀ ਗਏ, ਜਿੱਥੇ ਮੰਦਿਰ ਅੰਦਰ ਖੜ੍ਹ ਕੇ ਆਰਤੀ ਹੁੰਦੀ ਦੌਰਾਨ ਆਪ ਬਾਹਰ ਹੀ ਖੜ੍ਹ ਗਏ, ਤ੍ਰਿਲੋਕੀ ਦੇ ਦਰਸ਼ਨ ਹੋਣ ਦਾ ਦਾਹਵਾ ਕਰਨ ਵਾਲ਼ੇ ਪਾਖੰਡੀ ਠੱਗ ਦਾ ਕਟੋਰਾ (ਉਸ ਦੇ ਹੀ ਪਿੱਛੇ) ਛੁਪਾ ਕੇ ਠਗੀ ਜਾ ਰਹੀ ਭੋਲ਼ੀ ਭਾਲ਼ੀ ਜਨਤਾ ਸਾਹਮਣੇ ਠੱਗ ਦੀ ਲਾਲਸਾ ਪ੍ਰਤੱਖ ਉਜਾਗਰ ਕੀਤੀ, ਬੇਸਹਾਰਾ ਕਸ਼ਮੀਰੀ ਪੰਡਿਤਾਂ ਲਈ ਨਾਵੇਂ ਜਾਮੇ ’ਚ ਆਪਾ ਕੁਰਬਾਨ ਕਰਾ ਲਿਆ, ਆਦਿ। ਅਜਿਹੀ ਜੀਵਨਸ਼ੈਲੀ ਉਪਰੰਤ ਸੋਚਣਾ ਬਣਦਾ ਹੈ ਕਿ, ਕੀ ਅੱਜ ਅਜਿਹੇ ਠੱਗ ਜਾਂ ਕਰਮਕਾਂਡੀ ਨਹੀਂ ਹਨ ਜਾਂ ਇਨ੍ਹਾਂ ਵਿਰੁਧ ਬੋਲਣ ਦੀ ਹਿੰਮਤ, ਵਚਨਾਂ ਦੇ ਸੂਰੇ, ਰੱਬ ’ਤੇ ਭਰੋਸ਼ਾ ਰੱਖਣ ਵਾਲ਼ੇ ਗੁਰੂ (ਰਹਿਨੁਮਾ) ਹੀ ਮੌਜੂਦ ਨਹੀਂ ? ਇਹ ਵੀ ਸਤ੍ਯ ਹੈ ਕਿ ਅਜੋਕੇ ਦੰਭੀ ਗੁਰੂਆਂ ਦੇ ਵਚਨ ਕਿਸੇ ਸੀਮਾ ਤੱਕ ਹੀ ਨੈਤਿਕਤਾ ਦਾ ਪਾਠ ਸਮਾਜ ਨੂੰ ਪੜ੍ਹਾਉਂਦੇ ਰਹਿੰਦੇ ਹਨ।

ਸੋ, ਗੁਰੂ ਗ੍ਰੰਥ ਸਾਹਿਬ ’ਚ ਦਰਜ ਹਮਖ਼ਿਆਲੀ ਵਿਚਾਰਾਂ ਵਾਲ਼ੇ 35 ਮਹਾਂ ਪੁਰਖਾਂ ਦੇ ਭਿੰਨ-ਭਿੰਨ ਭਾਸ਼ਾਵਾਂ ’ਚ ਰਚੇ ਵਿਚਾਰਾਂ ਨੂੰ ਗੁਰਮੁਖੀ ਲਿਪੀ ’ਚ ਅੰਤ ਕਾਲ (ਕਿਆਮਤ) ਤੱਕ ਸੰਭਾਲ਼ਨਾ ਵੀ ਗੁਰੂ ਦੀ ਮਹਾਨਤਾ ਨੂੰ ਘੱਟ ਨਹੀਂ ਦਰਸਾਉਂਦਾ, ਜਿੱਥੇ ਅਖੌਤੀ ਜਾਤ-ਪਾਤ ਲਈ ਕੋਈ ਵਿਸ਼ੇਸ਼ ਜਗ੍ਹਾ ਨਹੀਂ। ਅਜਿਹੇ ਸਰਬ ਪ੍ਰਮਾਣਿਤ ਵਿਚਾਰਾਂ ਨੂੰ ਜਿੱਥੇ ਲਿਖਤ ’ਚ ਸਮੇਟਣਾ ਤੇ ਪ੍ਰਚਾਰਨਾ ਇੱਕ ਵਿਲੱਖਣ ਕਾਰਜ ਹੈ ਉੱਥੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਚੰਗੇ ਤੇ ਗੁਰੂ ਰੂਪ ਕਿਰਦਾਰਾਂ (ਪੰਜ ਪਿਆਰਿਆਂ) ਦੇ ਸਪੂਰਦ ਕਰਨਾ ਭਾਵ ਚੰਗੇ ਆਚਰਣ ਦੀ ਚੋਣ ਕਰਨਾ ਵੀ ਆਸਾਨ ਕਾਰਜ ਨਹੀਂ ਕਿਹਾ ਜਾ ਸਕਦਾ। ਸਮਾਜਿਕ ਸਮਾਨਤਾ ਨੂੰ ਮੁੱਖ ਰੱਖ ਕੇ ਰਚੀ ਗਈ ਆਪਸੀ ਪਿਆਰ ਪੈਦਾ ਕਰਨ ਵਾਲ਼ੀ ਸਿਧਾਂਤਕ ਰਚਨਾ (ਬਾਣੀ) ਦਾ ਤਦ ਤੋਂ ਹੀ ਵਿਰੋਧ ਹੁੰਦਾ ਵੇਖ, ਜਾਪਦਾ ਹੈ ਕਿ ਲੋਕ, ਸਮਾਜ ਹਿਤਕਾਰੀ ਕਾਰਜ ਚਾਹੁੰਦੇ ਹੀ ਨਹੀਂ ਹਨ। ਵੈਸੇ ਧਾਰਮਿਕ ਲਿਬਾਸ ਤੇ ਧਾਰਮਿਕ ਸਥਾਨਾਂ ਦੀ ਕਿਸੇ ਵੀ ਦੇਸ਼ ’ਚ ਕੋਈ ਕਮੀ ਵੀ ਨਹੀਂ ਹੈ।

ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੁਆਰਾ ਕੀਤੀ ਗਈ 1603 ਈਸਵੀ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਉਪਰੰਤ ਪਹਿਲਾ ਪ੍ਰਕਾਸ਼ 1604 ਈ. ’ਚ ਜਦ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਕੀਤਾ ਗਿਆ ਤਾਂ ਦਰਬਾਰ ਸਾਹਿਬ ’ਚ ਪਹਿਲੇ ਗ੍ਰੰਥੀ ਦੀ ਸੇਵਾ ਵਜੋਂ ਬਾਬਾ ਬੁੱਢਾ ਜੀ ਨੂੰ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਰਾਹੀਂ ਲਏ ਗਏ ਪਹਿਲੇ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਮੁੱਖ ਵਾਕ ’ਚ ਸ਼ਬਦ ‘‘ਸੰਤਾ ਕੇ ਕਾਰਜਿ ਆਪਿ ਖਲੋਇਆ; ਹਰਿ ਕੰਮੁ ਕਰਾਵਣਿ ਆਇਆ ਰਾਮ ॥ ਧਰਤਿ ਸੁਹਾਵੀ, ਤਾਲੁ ਸੁਹਾਵਾ; ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥’’ (ਮ: ੫/੭੮੩) ਬਖ਼ਸ਼ਸ਼ ਹੋਇਆ ਸੀ ਤਦ ਗੁਰੂ ਅਰਜਨ ਸਾਹਿਬ ਜੀ, ਜਿਨ੍ਹਾਂ ਦੁਆਰਾ ਰਚਿਆ ਇਹ ਸ਼ਬਦ ਹੈ, ਸਾਹਮਣੇ ਸੰਗਤੀ ਰੂਪ ਵਿੱਚ ਬੈਠੇ ਸਨ, ਜਿਨ੍ਹਾਂ ਬਾਬਤ ‘‘ਸੰਤਾ ਕੇ ਕਾਰਜਿ (’ਚ) ਆਪਿ (ਰੱਬ, ਗੁਰੂ ਰੂਪ ਹੋ ਕੇ) ਖਲੋਇਆ’’ ਰਾਹੀਂ ਸਪਸ਼ਟ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇੱਕ ਇਲਾਹੀ ਜੋਤ ਸੁਸ਼ੋਭਿਤ ਹੈ ਜੋ ਅੰਤਰਯਾਮੀ ਦ੍ਰਿਸ਼ਟੀ ਰਾਹੀਂ ਸੰਗਤਾਂ ਨੂੰ ਵਚਨ ਸੁਣਾਉਂਦੀ ਹੈ, ‘‘ਜੋਤਿ ਓਹਾ, ਜੁਗਤਿ ਸਾਇ; ਸਹਿ ਕਾਇਆ ਫੇਰਿ ਪਲਟੀਐ ॥’’ (ਬਲਵੰਡ ਸਤਾ/੯੬੬)

ਪਹਿਲੇ ਪਾਤਿਸ਼ਾਹ (ਗੁਰੂ ਨਾਨਕ ਸਾਹਿਬ ਜੀ) ਤੋਂ ਲੈ ਕੇ ਦਸਮੇਸ਼ ਪਿਤਾ ਤੱਕ ਆਪਣੇ ਉਤਰਾਧਿਕਾਰੀ ਦੀ ਚੋਣ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਸਿੱਖ ਕੌਮ ਦੇ ਪਹਿਲੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਨਿਯੁਕਤੀ, ਇੱਕ ਅਭੁੱਲ ਅਤੇ ਦੀਰਘਕਾਲੀ ਸੋਚ ਵਜੋਂ ਯਾਦ ਕੀਤੀ ਜਾਂਦੀ ਹੈ ਜਿੱਥੇ ਕੁਤਾਹੀ ਲਈ ਕੋਈ ਜਗ੍ਹਾ ਨਹੀਂ ਵੇਖੀ ਗਈ। ਇਹੀ ਪਰਖ 1604 ਈਸਵੀ ’ਚ ਪੰਜਵੇਂ ਪਾਤਿਸ਼ਾਹ ਦੀ ਨੇ ਬਾਬਾ ਬੁੱਢਾ ਜੀ ਦੇ ਰੂਪ ਵਿੱਚ ਕੀਤੀ ਸੀ। ਅਜਿਹਾ ਨਿਰਣਾ ਦਰਸਾਉਂਦਾ ਹੈ ਕਿ ਸਰਬ ਕਲਾ ਸੰਪੂਰਨ ਗੁਰੂ ਜੀ ਬਾਰੇ ਸਮਝ ਰੱਖਣ ਵਾਲ਼ਾ ਗੁਰੂ ਦਾ ਵਜ਼ੀਰ ਵੀ, ਗੁਰੂ ਵਾਙ ਦਿੱਬ ਦ੍ਰਿਸ਼ਟੀ ਦਾ ਮਾਲਕ ਹੁੰਦਾ ਹੈ। ਬਾਬਾ ਬੁੱਢਾ ਜੀ ਦੀ ਨਿਯੁਕਤ ਸਮੇਂ ਉਨ੍ਹਾਂ ਦੀ ਉਮਰ 98 ਸਾਲ ਸੀ, ਜਿਨ੍ਹਾਂ 27 ਸਾਲ ਹੋਰ ਗੁਰੂ ਘਰ ਦੀ ਸੇਵਾ ਨਿਭਾਉਂਦਿਆਂ 1631 ਈਸਵੀ ’ਚ ਆਪਣੀ ਸੰਸਾਰਕ ਯਾਤਰਾ ਸੰਪੂਰਨ ਕੀਤੀ।

ਆਪ ਜੀ ਦਾ ਜਨਮ 1506 ਈਸਵੀ ਨੂੰ ਪਿਤਾ ਸੁੱਖੇ ਰੰਧਾਵੇ ਦੇ ਘਰ ਮਾਤਾ ਗੌਰਾਂ ਜੀ ਦੀ ਕੁੱਖੋਂ ਪਿੰਡ ਕੱਥੂ ਨੰਗਲ (ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਹੋਇਆ ਤੇ ਇਨ੍ਹਾਂ ਦਾ ਬਚਪਨ ’ਚ ਨਾਂ ‘ਬੂੜਾ’ ਰੱਖਿਆ ਗਿਆ। ਆਪ, ਗੁਰੂ ਅੰਗਦ ਸਾਹਿਬ ਜੀ ਤੋਂ 2 ਸਾਲ ਵੱਡੇ ਸਨ। 12 ਸਾਲ ਜੀ ਉਮਰ ’ਚ ਗੁਰੂ ਨਾਨਕ ਸਾਹਿਬ ਜੀ ਨਾਲ਼ ਮਿਲਾਪ ਤਦ ਹੋਇਆ ਜਦ ਗੁਰੂ ਜੀ ਇਨ੍ਹਾਂ ਦੇ ਪਿੰਡ (ਕੱਥੂ ਨੰਗਲ) ਵੱਲ ਪ੍ਰਚਾਰਕ ਦੌਰਾ ਕਰਨ ਆਏ ਤੇ ਆਪ ਮੱਝਾ ਚਾਰਦੇ ਹੋਏ ਗੁਰੂ ਜੀ ਲਈ ਦੁੱਧ ਲੈ ਕੇ ਆਇਆ ਕਰਦੇ ਸਨ। ਇੱਕ ਦਿਨ ਗੁਰੂ ਜੀ ਨੇ ਇਨ੍ਹਾਂ ਦੀ ਦਿੱਲੀ ਇੱਛਾ ਬਾਰੇ ਜਾਣਨਾ ਚਾਹਿਆ ਤਾਂ ਇਨ੍ਹਾਂ ਨੇ ਮਨੁੱਖਾ ਜੀਵਨ ਦੇ ਗਹਿਰੇ ਰਹੱਸ ਬਾਰੇ ਬੜੇ ਹੀ ਗੰਭੀਰ ਸਵਾਲ ਪੁੱਛੇ ਤਾਂ ਗੁਰੂ ਜੀ ਨੇ ਇਨ੍ਹਾਂ ਦੀ ਵਿਵੇਕਤਾ ਨੂੰ ਵੇਖਦਿਆਂ ਆਪ ਜੀ ਦਾ ਨਾਂ ‘ਬੂੜਾ’ ਤੋਂ ‘ਬੁੱਢਾ’ਰੱਖ ਦਿੱਤਾ। ਇਸ ਘਟਨਾ ਉਪਰੰਤ ਸਿੱਖ ਸੰਗਤ ਨੇ ਆਪ ਜੀ ਨੂੰ ‘ਬਾਬਾ ਬੁੱਢਾ ਜੀ’ ਕਹਿਣਾ ਆਰੰਭ ਕਰ ਦਿੱਤਾ।

ਆਪ ਜੀ ਨੂੰ 6ਵੇਂ ਪਾਤਿਸ਼ਾਹ (ਗੁਰੂ ਹਰਗੋਬਿੰਦ ਸਾਹਿਬ) ਤੱਕ ਗੁਰੂ ਤਿਲਕ ਦੀ ਸੇਵਾ ਨਿਭਾਉਣ ਦਾ ਵੀ ਸੁਭਾਗ ਪ੍ਰਾਪਤ ਰਿਹਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਜੀ ਨੇ ਹੀ ਸ਼ਸਤਰ ਵਿਦਿਆ ਤੇ ਗੁਰਮੁਖੀ ਲਿਪੀ ਪੜ੍ਹਾਉਣ ਦੀ ਸੇਵਾ ਨਿਭਾਈ ਸੀ। ਆਪ ਜੀ ਦੀ ਦਿਲੀ ਇੱਛਾ ਅਨੁਸਾਰ ਸਰੀਰਕ ਜਾਮਾ ਤਿਆਗਣ ਸਮੇਂ ਗੁਰੂ ਜੀ ਨੇ ਆਪ ਆ ਕੇ ਦਰਸ਼ਨ ਦਿੱਤੇ ਅਤੇ ਅੰਤਿਮ ਸਸਕਾਰ ਦੀ ਸਾਰੀ ਰਸਮ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਨਿਭਾਈ ਗਈ।

ਸਾਰ: ਉਕਤ ਕੀਤੀ ਗਈ ਤਮਾਮ ਵਿਚਾਰ ਰਾਹੀਂ ਸਪਸ਼ਟ ਹੁੰਦਾ ਹੈ ਕਿ ਗੁਰੂ ਤੇ ਗੁਰਮਤ ਅਨੁਸਾਰੀ ਸਿੱਖ ਕਿਰਦਾਰਾਂ ਦਾ ਗਹਿਰਾ ਸੰਬੰਧ ਰਿਹਾ ਹੈ, ਜਿਸ ਨੂੰ ਦਿਲੀ ਪਿਆਰ ਕਹਿਣਾ ਉਚਿਤ ਹੋਵੇਗਾ, ਪਰ ਅਜੋਕਾ ਗੁਰਦੁਆਰਾ ਪ੍ਰਬੰਧਕੀ ਢਾਂਚਾ ਅਤੇ ਉਨ੍ਹਾਂ ਦੁਆਰਾ ਕੀਤੀ ਜਾਂਦੀ ਭਾਈ ਸਾਹਿਬ ਜੀ (ਗੁਰੂ ਦੇ ਵਜ਼ੀਰ) ਦੀ ਨਿਯੁਕਤੀ ਅਤਿ ਗੰਭੀਰ ਸਮੱਸਿਆ ਬਣੀ ਜਾਪਦੀ ਹੈ ਕਿਉਂਕਿ ਗੁਰੂ ਘਰ ਦੇ ਪ੍ਰਬੰਧਕਾਂ ਅਤੇ ਗ੍ਰੰਥੀ ਸਿੰਘਾਂ ਪਾਸ ਬਾਬਾ ਬੁੱਢਾ ਜੀ ਵਰਗੀ ਲਿਆਕਤ ਅਤੇ ਗੁਰੂ ਜੀ ਵਰਗੀ ਦਿੱਬ ਦ੍ਰਿਸ਼ਟੀ ਦੀ ਘਾਟ ਹੀ ਸਿੱਖ ਕੌਮ ਨੂੰ ਵਾਰ-ਵਾਰ ਸ਼ਰਮਿੰਦਗੀ ਉੱਠਾਉਣ ਲਈ ਮਜਬੂਰ ਕਰਦੀ ਆ ਰਹੀ ਹੈ। ਗੁਰੂ ਘਰਾਂ ’ਤੇ ਕਾਬਜ਼ ਹੋਣ ਲਈ ਕਿਰਦਾਰਹੀਣ ਰਾਜਨੀਤਿਕ ਬੰਦੇ, ਨਸ਼ਿਆਂ ਦੀ ਵਰਤੋਂ ਕਰਦਿਆਂ ਜ਼ਮੀਰਹੀਣ ਬੰਦੀਆਂ ਦੀ ਵੋਟ ਸ਼ਕਤੀ ਨਾਲ਼ ਕਾਬਜ਼ ਹੋਣਾ ਸਿਖ ਚੁੱਕੇ ਹਨ। ਗੁਰੂ ਸਿੱਖਿਆ ਤੋਂ ਦੂਰ ਹੁੰਦੀ ਨੌਜਵਾਨ ਪੀੜ੍ਹੀ ਤੋਂ ਆਪਣੇ ਵਿਰਸੇ ਦੀ ਸੰਭਾਲ਼ ਕਰਵਾਉਣੀ ਮੁਸ਼ਕਲ ਹੁੰਦੀ ਜਾ ਰਹੀ ਹੈ। ਮਾਨਵਤਾ ਲਈ ਹਿਤਕਾਰੀ ਸੋਮਾ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਬਾਹਰੀ ਸਤਿਕਾਰ ਤਾਂ ਵੇਖਣ ਨੂੰ ਬਹੁਤ ਮਿਲਦਾ ਹੈ ਪਰ ਜਦ ਤੱਕ ਦਿਲੀ ਪਿਆਰ ਭਾਵ ਸਹਿਜ ਪਾਠ ਰਾਹੀਂ ਪੂਰਨ ਸਿਖਿਆ ਗ੍ਰਹਿਣ ਕਰਨ ਲਈ ਨਹੀਂ ਜੁੜੀਦਾ ਤਦ ਤੱਕ ਸੁਨਹਿਰੇ ਭਵਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਸੋ, ਆਓ ਗੁਰੂ ਪਿਆਰਿਓ ! ਆਪਣੇ ਸੁਨਹਿਰੇ ਤੇ ਵਿਲੱਖਣ ਵਿਰਸੇ ਨਾਲ਼ ਜੁੜੀਏ ਤੇ ਪੰਥ ਦੋਖੀ ਸ਼ਕਤੀਆਂ ਦਾ ਮੁਕਾਬਲਾ ਕਰਦਿਆਂ ਗੁਰੂ ਟੀਚੇ ਨੂੰ ਹਰ ਮਨੁੱਖ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਤੇ ਫ਼ਰਜ਼ ਆਪਣੇ ਆਪ ਉੱਪਰ ਲੈਣਾ ਸਿਖੀਏ, ਇਹੀ ਗੁਰੂ ਜੀ ਦਾ ਅਸਲ ਸਤਿਕਾਰ ਹੈ। ਗੁਰੂ ਜੀ ਭਲੀ ਕਰਨਗੇ।

ਮੈਂ ਤੇ ਮੇਰਾ ਗੁਰੂ ਗ੍ਰੰਥ ਸਾਹਿਬ ਜੀ

0

ਮੈਂ ਤੇ ਮੇਰਾ ਗੁਰੂ ਗ੍ਰੰਥ ਸਾਹਿਬ ਜੀ

                                    ਡਾ. ਬ੍ਰਿਜਪਾਲ ਸਿੰਘ ਗ੍ਰੀਨ ਵਿਊ (ਪਟਿਆਲਾ)

– ਮੈਂ ਇਕ ਸਾਧਾਰਨ ਜਿਹਾ, ਬਹੁਤਿਆਂ ਵਰਗਿਆਂ ਹੀ, ਇਨਸਾਨ ਹਾਂ। ਕਾਮੀ ਹਾਂ, ਕ੍ਰੋਧੀ ਹਾਂ, ਲੋਭੀ ਹਾਂ, ਹੰਕਾਰੀ ਹਾਂ, ਔਗੁਣਾਂ ਨਾਲ ਭਰਿਆ ਹਾਂ, ਮੰਦਾ ਸੋਚਦਾ ਤੇ ਬੋਲਦਾ ਹਾਂ, ਪਰ ਸਿੱਖ ਅਖਵਾਉਣਾ ਮੇਰਾ ਮਾਣ ਹੈ, ਚਾਅ ਹੈ, ਮੇਰਾ ਕਲਚਰ ਹੈ, ਸਿੱਖ ਬਣਨਾ ਮੇਰੀ ਨਿਜੀ ਅਭਿਲਾਸ਼ਾ ਹੈ। ਮੇਰੇ ਜੀਵਨ ਦਾ ਮੰਤਵ ਹੈ। ਮੇਰੀ ਅਰਦਾਸ ਹੈ, ਇਸ ਲਈ ਸਦਾ ਕੋਸ਼ਿਸ਼ ਵਿਚ ਰਹਿੰਦਾ ਹੈ ਕਿ ਮੈਨੂੰ ਪਤਾ ਲੱਗੇ ਕਿ ਸਿੱਖ ਕੌਣ ਹੁੰਦਾ ਹੈ, ਕਿਵੇਂ ਦਾ ਹੁੰਦਾ ਹੈ ਤੇ ਮੈਂ ਕਿੰਝ ਸਿੱਖ ਬਣਾ  ?

 ਮੇਰੀ ਆਹ ਹੈ, ਅਫਸੋਸ ਹੈ, ਦੁਖਾਂਤ ਹੈ ਕਿ ਮੈਂ ਹਾਲੇ ਸਿੱਖ ਇਸ ਉਮਰ ਤਕ ਵੀ ਉਂਝ ਦਾ ਨਹੀਂ ਹਾਂ ਜਿਵੇਂ ਹੋਣਾ ਚਾਹੀਦਾ ਹੈ। ਮਤਲਬ, ਜਿੰਨਾ ਕੁ ਮੈਨੂੰ ਪਤਾ ਹੈ, ਹਾਲੇ ਮੈਂ ਉਤਨਾ ਕੁ ਸਿੱਖ ਵੀ ਨਹੀਂ ਬਣ ਸਕਿਆ, ਪਰ ਦੋ ਗੱਲਾਂ ਮੈਨੂੰ ਪੱਕੀਆਂ ਹਨ – ਮੇਰਾ ਗੁਰੂ, ਗੁਰੂ ਗ੍ਰੰਥ ਸਾਹਿਬ ਹੈ।  ਗੁਰੂ ਗ੍ਰੰਥ ਸਾਹਿਬ ਸਰਬ ਕਲਾ ਸਮਰਥ ਅਤੇ ਹਰ ਤਰ੍ਹਾਂ, ਹਰ ਦ੍ਰਿਸ਼ਟੀਕੋਣ ਤੋਂ ਸੰਪੂਰਨ ਹਨ। ਸੰਪੂਰਨ ਗੁਰੂ ਹਨ। ਜੋ ਮੈਂ ਹੋਣਾ ਚਾਹੁੰਦਾ ਹਾਂ, ਜੋ ਮੈਂ ਬਣਨਾ ਚਾਹੁੰਦਾ ਹਾਂ- ਉਹ ਮੈਂ ਆਪੇ ਨਹੀਂ ਬਣ ਸਕਦਾ, ਨਾ ਹੀ ਕੋਈ ਹੋਰ ਵਿਅਕਤੀ, ਸੰਤ, ਸਾਧ, ਗੁਰਮੁਖਿ, ਗਿਆਨੀ, ਲੀਡਰ, ਗਵਰਨਰ, ਚੀਫਸੈਕਟਰੀ, ਵਾਈਸਚਾਂਸ਼ਲਰ ਜਾਂ ਬਾਬਾ ਮੈਨੂੰ ਸਿਖ ਬਣਾ ਸਕਦਾ ਹੈ। ਸਿੱਖ ਬਣਨ ਦੀ ਕੋਸ਼ਿਸ਼, ਹਿੰਮਤ, ਦ੍ਰਿੜਤਾ, ਸ਼ੁਰੂਆਤ ਤੇ ਅਰਦਾਸ ਮੈਨੂੰ ਆਪ ਹੀ ਕਰਨੀ ਹੋਵੇਗੀ। ਇਹ ਯਕੀਨ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਦਿੱਤਾ ਹੈ।

-ਮੇਰੇ ਗੁਰੂ ਗ੍ਰੰਥ ਸਾਹਿਬ ਜੀ ਅਗੰਮੀ ਤੇ ਰੱਬੀ ਪਿਆਰ ਦੀ ਅਨੰਤਤਾ ਹਨ। ਉਹ ਰੱਬ ਦਾ ਉਹੀ ਪਿਆਰਾ ਸੁਨੇਹਾ ਹੈ, ਜੋ ਅਸਲੋਂ ਰੱਬ ਹੈ। ਰੱਬ ਪੂਰਨ ਹੈ।, ਰੱਬ ਅਨੰਤ ਹੈ।, ਰੱਬ ਪਿਆਰ ਹੈ।, ਨਿਰੰਕਾਰ ਹੈ ਤੇ ਸਾਕਾਰ ਵੀ ਹੈ। ਉਹ ਸਾਰੇ ਲੋਕਾਂ, ਬ੍ਰਹਿਮੰਡਾਂ, ਸਾਰੇ ਜੀਵਾਂ, ਸਾਰੀਆਂ ਵਸਤੂਆਂ ਤੇ ਸਾਰੀਆਂ ਘਟਨਾਵਾਂ ਵਿਚ, ਉਹ “ਹੋਇ ਫੈਲਿਓ ਅਨੁਰਾਗ” ਹੈ। ਗੁਰੂ ਗ੍ਰੰਥ ਸਾਹਿਬ ਜੀ ਵੀ ਇਹੀ ਹਨ।, ਇਹੀ ਸਨ। ਅਸਲ ਵਿਚ ਇਹੀ ਰਹਿਣਗੇ। ਇਨ੍ਹਾਂ ਨੂੰ ਕੋਈ ਬਣਾ ਨਹੀਂ ਸਕਿਆ, ਨਾ ਬਣਾ ਸਕਦਾ ਹੈ। ਉਹ ਸਦਾ ਸਨ, ਸਦਾ ਹਨ ਤੇ ਸਦਾ ਰਹਿਣਗੇ। ਗੁਰੂ ਗ੍ਰੰਥ ਸਾਹਿਬ ਮੇਰੇ ਰੱਬ ਹਨ। ਰੱਬ ਮੇਰਾ ਗੁਰੂ ਗ੍ਰੰਥ ਸਾਹਿਬ ਹੈ।

ਸ਼ਾਇਦ ਸਮਝਣਾ ਤੇ ਸਮਝਾਣਾ ਔਖਾ ਹੋਵੇ ਪਰ ਤੱਤ ਤੇ ਸੱਚ ਇਹ ਹੈ ਕਿ ਗੁਰੂ ਨਾਨਕ ਜੀ ਹੀ, ਗੁਰੂ ਗ੍ਰੰਥ ਸਾਹਿਬ ਸਨ । ਉਹ ਸਰੀਰ ਰੂਪ ਵਿਚ 1469 ਤੋਂ 1539 ਈਸਵੀ ਤੱਕ ਸਰੀਰ ਰੂਪ ਵਿਚ ਸੰਸਾਰ ਵਿਚ ਵਿਚਰੇ।

– ਪੰਜਾਬ ਅੱਜ ਦਾ ਪਾਕਿਸਤਾਨ, ਅੱਜ ਦਾ ਭਾਰਤ ਤੇ ਅਫਗਾਨਿਸਤਾਨ, ਤਿਬਤ, ਚੀਨ, ਭੂਟਾਨ, ਮੰਗੋਲੀਆ, ਅਰਬ, ਪੂਰਬੀ ਯੂਰਪ ਤੇ ਪਤਾ ਨਹੀਂ ਕਿਤਨੇ ਦੇਸ਼ ਆਦਿ ਪਰ ਫੇਰ ਉਹ ਗਏ ਨਹੀਂ। ਅੰਗਦ, ਅਮਰਦਾਸ, ਰਾਮਦਾਸ, ਅਰਜਨ, ਹਰਗੋਬਿੰਦ, ਹਰਿਰਾਇ, ਹਰਿਕ੍ਰਿਸ਼ਨ, ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਬਣ ਕੇ ਵਿਚਰੇ। ਇੰਜ 1708 ਤੱਕ ਸਰੀਰ ਰੂਪ ਵਿਚ ਵਿਚਰੇ– 239 ਸਾਲ । ਉਨਾਂ ਦੱਸਿਆ ਕਿ ਸਿੱਖ ਇਸ ਤਰ੍ਹਾਂ ਹੁੰਦਾ ਹੈ। ਇੰਝ ਬਣੋ – ਵਖੋ ਵਖ ਹਾਲਾਤ ਵਿਚ ਇੰਝ ਰਹੋ, ਕਰੋ, ਬਣੋ, ਵਿਚਰੋ ਜਿਵੇਂ ਕਿ 10 ਗੁਰੂ ਸਨ। ਆਪਣੇ ਸਮੇਂ ਵਿਚ ਤੇ ਉਸ ਤੋਂ ਬਾਅਦ ਵੀ ਸੈਂਕੜੇ ਸਾਲਾਂ ਤਕ ਅਜਿਹੇ ਸਿੱਖ ਬਣਾਏ। ਅੱਜ ਵੀ ਸਿਰਜ ਰਹੇ ਹਨ।

ਸਾਰੇ ਗੁਰੂ, ਸ਼ਬਦ ਗੁਰੂ ਸਨ। ਸਰੀਰ ਰੂਪ ਜੋ ਕੇ ਗੁਰੂ ਸ਼ਬਦ ਨੂੰ ਸਮਝਣਾ ਤੇ ਸ਼ਬਦ ਰੂਪ ਵਿਚ ਜੀਵਣ ਦਾ ਅਨਮੋਲ ਅਵਸਰ ਸਨ। ਸ਼ਬਦ ਰੱਬ ਦਾ ਅਨੁਭਵ ਰੱਬ ਨਾਲ ਇਕ ਮਿਕ ਹੋਣਾ ਹੈ।

ਇਸ ਸ਼ਬਦ ਰੂਪ ਗੁਰੂ ਨੂੰ 22 ਅਗਸਤ ਨੂੰ 1604 ਈਸਵੀ ਵਿਚ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਚ ਪਰਗਟ-ਪ੍ਰਕਾਸ਼ਿਤ ਕੀਤਾ ਗਿਆ। ਇੰਜ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਰੂਪ ਤੋਂ ਗੁਰੂ ਗ੍ਰੰਥ ਸਾਹਿਬ ਵਿਚ ਇਕਮਿਕ ਹੋ ਕੇ ਦੱਸਣਾ, ਦਿੱਸਣਾ ਤੇ ਵਿਚਰਨਾ ਆਰੰਭ ਹੋਇਆ। ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਪਰਕਾਸ਼ ਦਿਵਸ ਸੀ। ਬਾਣੀ ਨਿਰੰਕਾਰ ਹੋ ਕੇ, ਗੁਰੂ ਹੋ ਕੇ ਪਰਕਾਸ਼ ਵਿਚ ਆ ਗਈ।

ਗੁਰੂ ਗ੍ਰੰਥ ਸਾਹਿਬ ਦਿੱਸਣ ਰੂਪ ਵਿਚ “ਪੋਥੀ ਪਰਮੇਸਰ ਕਾ ਥਾਨੁ” ਬਣ ਗਏ। ਗੁਰਬਾਣੀ, ਗੁਰੂ ਸ਼ਬਦ ਤੇ ਨਿਰੰਕਾਰ ਜੀ, ਕਾਗਜ਼ ਤੇ ਲਿਖੇ ਸਾਡੀਆਂ ਸੰਸਾਰੀ (ਸਰੀਰਕ) ਅੱਖਾਂ ਨੂੰ ਸ਼ਬਦ ਗੁਰਬਾਣੀ ਦਿੱਸਣ ਲੱਗ ਪਏ। ਗਜ਼ਬ ਤੇ ਅਚਰਜ ਹੋਇਆ । ਅਗਾਧ ਬੋਧ, ਅਗੰਮ, ਅਗੋਚਰ, ਅਲੱਖ, ਅਪਾਰ ਸਾਹਮਣੇ ਆ ਗਿਆ। ਸੋਹਣੇ ਰੁਮਾਲੇ, ਗੱਦੀਆਂ, ਚਵਰ, ਤਖਤ, ਚੌਰ ਨਾਲ ਸੁਸ਼ੋਭਿਤ ਹੋ ਗਏ। ਇਸ ਤਰ੍ਹਾਂ ਬਣ ਕੇ ਪਰਕਾਸ਼ਤ ਹੋਏ ਤਾਂ ਨਾਮ, ਗਿਆਨ, ਗੁਰਬਾਣੀ, ਸ਼ਬਦ, ਕੀਰਤਨ, ਸਿਫਤ, ਸਲਾਹ ਬਣ ਕੇ ਪ੍ਰਫੁਲਿਤ ਹੋ ਗਏ। ਦਿੱਸ ਪਏ; ਸੁਣਾਣ ਜੋਗੇ ਹੋ ਗਏ ; ਹੱਥ ਸਪਰਸ਼ੀ ਜੋਗੇ ਹੋ ਗਏ। ਮੁਸਕ ਝਕੋਲੇ ਹੋ ਗਏ। ਰੰਗ ਰੰਗੇ ਨਿਰੰਕਾਰੀ ਬਣ ਗਏ। ਇਹ ਚਕਾਚੌਂਧ ਪਰਕਾਸ਼, ਜਗਮਗ ਨੂਰ, ਇਹ ਸੁਗੰਧ ਭੰਡਾਰ ; ਰੱਬ ਨਾਲ ਤੱਤ ਸ਼ਬਦ-ਗਿਆਨ-ਨਾਮ ਨਾਲ ਇਕ ਸੁਰ, ਇਕ ਮਨ, ਇਕਚਿਤ, ਇਕਮਿਕ ਹੋ ਕੇ ਅੰਤਹਿਕਰਣ ਵਿਚ ਰੱਬ ਨੂੰ ਵੇਖਣ ਵਸਾਉਣ ਦਾ ਸੁਹਜ ਤੇ ਸੁਖੱਲ ਭਰਿਆ ਅਵਸਰ, ਮੌਕਾ ਤੇ ਸਾਧਨ ਬਣ ਗਏ। ਇਸ ਰੂਪ ਤੋਂ, ਇਸ ਸੁਹਤਾ ਤੋਂ, ਇਸ ਸੁਖੱਲੇ ਦਿੱਸਦੇ ਗੁਰੂ ਤੋਂ “ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ”।।

ਨਾਨਕ, ਸਰੀਰ ਨਹੀਂ ਸਨ। ਗੁਰੂ ਸਨ। ਉਹ ਨਾਸ਼ਵੰਤ ਸਰੀਰ ਨਹੀਂ ਸਨ। ਸਰੀਰ ਨਾਸ਼ਵੰਤ ਹੋ ਕੇ ਸੰਸਾਰ ਛੋੜ ਗਿਆ । ਦਸ ਗੁਰੂ, ਦਸ ਸਰੀਰਾਂ ਵਿਚ ਵਿਚਰੇ। ਸਰੀਰ ਤਾਂ ਸਾਰੇ ਗੁਰੂਆਂ ਦੇ ਨਾਸ਼ਵੰਤ ਹੋ ਗਏ, ਪਰ ਗੁਰੂ ਤਾਂ ਗੁਰੂ-ਰੂਪ, ਸ਼ਬਦ-ਗਿਆਨ, ਨਾਮ ਹੈ। ਜੋ ਸਦਾ ਸੀ। ਸਦਾ ਰਹੇਗਾ। ਸਰੀਰ ਤਾਂ ਗੁਰੂ ਨੂੰ ਪਰਗਟ ਕਰਨ ਤੇ ਪਰਗਟ ਹੋ ਕੇ ਵਿਚਰਨ ਆਏ ਸਨ। ਵਿਚਰਨਾ ਖਤਮ ਹੋਇਆ। ਸਰੀਰ ਖਤਮ ਹੋਇਆ।  ਸਰੀਰ ਨਹੀਂ ਹੈ ਗੁਰੂ ।  ਸ਼ਬਦ ਹੀ ਗੁਰੂ ਸੀ। ਸ਼ਬਦ ਹੀ ਗੁਰੂ ਹੈ।

ਧੰਨ ਰੁਮਾਲੇ, ਚੌਰ, ਤਖਤ, ਭੁਗਤ, ਜੁਗਤ, ਕਾਗਜ਼, ਸਿਆਹੀ, ਛਾਪਾ, ਅੱਖਰ, ਬੋਲੀ, ਭਾਸ਼ਾ, ਵਿਆਕਰਨ – ਸਭ ਧੰਨ, ਇਨ੍ਹਾਂ ਤੋਂ ਪਿਆਰ ਉਤਪੰਨ ਹੋਇਆ। ਗੁਰੂ ਸ਼ਬਦ ਦਾ ਅੰਤਰ ਪਰਗਾਸ ਬਣੇ ਤੇ ਸਚੇ ਸਚਿਆਰ ਮਨੁੱਖ ਦੀ ਘਾੜਤ ਬਣੇ। ਸੁਰਤਿ ਮਤਿ ਮਨਿ ਬੁਧਿ ਘੜੀ ਜਾਵੇ। ਸ਼ਬਦ, ਨਾਮ, ਗਿਆਨ, ਭਰਪੂਰ ਹੋ ਕੇ ਦਿਸੇ, ਨਾਸ਼ਵੰਤ ਸਰੀਰ ਵੀ ਸਚੇ ਸਚਿਆਰ ਦੀ ਸੱਚੀ ਘਾੜਤ, “ਇਹੁ ਹਰਿ ਕਾ ਰੂਪੁ ਹੈ” ਸਭ ਦਾ ਅਨੁਭਵ ਹੋ ਜਾਵੇ । -ਇਹ ਗੁਰੂ ਨੂੰ ਭੇਟਣਾ ਹੈ, ਮਿਲਣਾ ਹੈ। ਇਹ ਅਸਲ ਹੈ, ਪਰ ਰੁਮਾਲੇ, ਚੌਰ, ਤਖਤ, ਚੰਦੋਏ ਗੁਰੂ ਪਰਗਟਾਉਣ ਦੇ ਚਿੰਨ੍ ਹਨ। ਇਹ ਗੁਰੂ ਦੇ ਹਨ ਇਨਾਂ ਨੂੰ ਪਿਆਰ ਕਰੋ। ਸਤਿਕਾਰ ਕਰੋ। ਦਰਸ਼ਨ ਕਰੋ। ਮੱਥਾ ਟੇਕੋ, ਪਰ ਇਹ ਗੁਰੂ ਨਹੀਂ ਹਨ। ਸ਼ਬਦ ਗੁਰੂ ਹੈ। ਸ਼ਬਦ ਨੂੰ ਮਨ ਵਿਚ ਵਸਾਓ। ਸ਼ਬਦ-ਨਿਰੰਕਾਰ ਦੇ ਪਿਆਰ, ਸ਼ਰਨ, ਛੁਹ ਨਾਲ ਸਚਿਆਰ ਹੋਈਏ।  ਗੁਰੂ ਸਨਮੁਖ ਹੋਈਏ। ਸਿੱਖ ਬਣੀਏ।

ਅਨੈਤਿਕਤਾ : ਅਜੋਕੇ ਪੰਜਾਬ ਦਾ ਸਭ ਤੋਂ ਵੱਡਾ ਦੁਖਾਂਤ

0

ਅਨੈਤਿਕਤਾ : ਅਜੋਕੇ ਪੰਜਾਬ ਦਾ ਸਭ ਤੋਂ ਵੱਡਾ ਦੁਖਾਂਤ

ਡਾ. ਕੁਲਵੰਤ ਕੌਰ-98156-20515

ਪੰਜਾਬ ਅੱਜ ਨੈਤਿਕ ਗਿਰਾਵਟ ਦੀ ਸਿਖ਼ਰ ’ਤੇ ਪੁੱਜ ਗਿਆ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ, ਮੇਰੀ ਜਾਚੇ, ਸਿਆਸਤ ਵਿਚਲਾ ਭ੍ਰਿਸ਼ਟਾਚਾਰ ਅਤੇ ਬੇਲਗਾਮ ਤਾਕਤ ਹੈ। ਅੱਜ ਮੈਨੂੰ ਅਮਰੀਕੀ ਲੇਖਕ ਮਾਰਕ ਟਵੇਨ ਯਾਦ ਆ ਰਿਹਾ ਹੈ ਜਿਸ ਨੇ ਕਦੇ ਕਿਹਾ ਸੀ ਕਿ ‘ਸਿਆਸਤ ਅਜਿਹੀ ਕਲਾ ਹੈ ਜਿਸ ਰਾਹੀਂ ਗ਼ਰੀਬਾਂ ਤੇ ਅਮੀਰਾਂ ਨੂੰ ਇਕ ਦੂਜੇ ਤੋਂ ਬਚਾਉਣ ਦਾ ਵਚਨ ਦਿੰਦੇ ਹੋਏ ਗ਼ਰੀਬਾਂ ਤੋਂ ਵੋਟ ਅਤੇ ਅਮੀਰਾਂ ਤੋਂ ਧਨ ਇਕੱਠਾ ਕੀਤਾ ਜਾਂਦਾ ਹੈ।’ ਇਸ ਕਥਨ ਵਿੱਚ ਰੱਤਾ ਭਰ ਵੀ ਅਤਿਕਥਨੀ ਨਹੀਂ ਹੈ ਕਿਉਂਕਿ ਸਿਆਸਤਦਾਨਾਂ ਨੇ ਆਪਣੀ ਮੱਕਾਰੀ ਨਾਲ ਹਰੇਕ ਨੂੰ ਦੁੱਧ ਤੇ ਪੁੱਤ ਦਾ ਲਾਰਾ ਲਾ ਕੇ ਆਪਣਾ ਉੱਲੂ ਸਿੱਧਾ ਕਰਨਾ ਹੁੰਦਾ ਹੈ। ਉਨ੍ਹਾਂ ਵੱਲੋਂ ਜਨਤਾ ਜਿਹੜੇ ਮਰਜ਼ੀ ਖੂਹ/ਖਾਤੇ ਵਿਚ ਡਿੱਗੇ ਜਾਂ ਡੁੱਬੇ। ਉਨ੍ਹਾਂ ਦੇ ਨੇਤਾ ਦੀ ਕੁਰਸੀ ਸਲਾਮਤ ਰਹਿਣੀ ਚਾਹੀਦੀ ਹੈ। ਅੱਜ ਪੰਜਾਬ ਵਿਚ ਇਹੋ ਮੰਜ਼ਰ ਦਿਖਾਈ ਦੇ ਰਿਹਾ ਹੈ ਜਿਸਨੂੰ ਅਸੀਂ ਹੁਣ ਗੈਂਗਸਟਰਾਂ ਦੀ ਬਸਤੀ ਜਾਂ ਖ਼ੁਦਕਸ਼ੀਆਂ ਦੀ ਧਰਤੀ ਵੀ ਕਹਿ ਸਕਦੇ ਹਾਂ। ਡਾਹਢਿਆਂ ਵੱਲੋਂ ਮਿਲੀਆਂ ਦੁਸ਼ਵਾਰੀਆਂ ਕਾਰਨ ਅੱਜ ਮੇਰੇ ਕਿੱਨੇ ਹੀ ਵੀਰ ਤੇ ਬੱਚੇ ਅਣਿਆਈ ਮੌਤ ਨੂੰ ਗਲੇ ਲਾਉਣ ਲਈ ਤਤਪਰ ਹਨ। ਰੋਜ਼ ਦਿਹਾੜੇ ਕਿਸਾਨੀ ਦੀ ਉੱਠ ਰਹੀ ਅਰਥੀ ਕਿਸੇ ਦੀ ਰੂਹ ਨੂੰ ਨਹੀਂ ਕਲਪਾ ਰਹੀ। ਹਰ ਰੋਜ਼ ਬਲ ਰਹੇ ਸਿਵੇ ਕਿਸੇ ਨੇਤਾ ਦੀ ਨੀਂਦ ਵਿਚ ਵਿਘਨ ਨਹੀਂ ਪਾ ਰਹੇ। ਪਿੰਡ ਪਿੰਡ ਵਿਛੇ ਸੱਥਰ ਕਿਸੇ ਦਾ ਅਮਨ ਚੈਨ ਨਹੀਂ ਖੋਹ ਰਹੇ। ਰਹਿ ਰਹਿ ਕੇ ਮੈਨੂੰ ਸ਼ਮਸ਼ੇਰ ਸੰਧੂ ਦੀ ਕਵਿਤਾ ਯਾਦ ਆ ਰਹੀ ਹੈ :-

ਕਿੱਥੇ ਖੋ ਗਏ ਚੱਜ ਦੇ ਬੰਦੇ। ਕਿਉਂ ਦੁਰਲੱਭ ਹੋ ਗਏ ਚੱਜ ਦੇ ਬੰਦੇ।

ਅੱਗ ਦਾ ਦਰਿਆ ਤਰ ਜਾਂਦੇ ਸੀ, ਦਿਲ ਦੀ ਪੁਸਤਕ ਪੜ੍ਹ ਜਾਂਦੇ ਸੀ।

ਹੱਸ ਕੇ ਦੁੱਖ ਨੂੰ ਜਰ ਜਾਂਦੇ ਸੀ, ਕਮਜੋਰਾਂ ਨਾਲ ਖੜ੍ਹ ਜਾਂਦੇ ਸੀ।

ਕਿੱਥੇ ਖੋ ਗਏ ਚੱਜ ਦੇ ਬੰਦੇ। ਕਿਹਨੇ ਲੁਕੋ ਲਏ ਚੱਜ ਦੇ ਬੰਦੇ।

ਸ਼ਮਸ਼ੇਰ ਕੀ ਹਰ ਸੁਹਿਰਦ ਪੰਜਾਬੀ ਅੱਜ ਖ਼ੂਨ ਦੇ ਹੰਝੂ ਰੋਣ ਲਈ ਬੇਬਸ ਹੈ ਕਿਉਂਕਿ ਉੱਚੀ ਧੌਣ ਵਾਲੇ ਪੰਜਾਬ ਦਾ ਜਲੂਸ ਉਸ ਦੇ ਆਪਣੇ ਜੰਮੇ ਜਾਇਆਂ ਨੇ ਵੀ ਕੱਢਿਆ ਹੈ (ਕੱਢ ਰਹੇ ਹਨ) ਅਤੇ ਬੇਗਾਨਿਆ ਨੇ ਵੀ। ਜੰਗ-ਏ-ਆਜ਼ਾਦੀ ਵਿਚ ਆਪਣਾ ਸਭ ਕੁਝ ਕੁਰਬਾਨ ਕਰ ਕੇ ਕਾਲੇ ਪਾਣੀਆਂ ਵਿੱਚ ਰੁਲ ਰੁਲ ਕੇ ਸ਼ਹੀਦ ਹੋਣ ਵਾਲੇ ਪੰਜਾਬੀਆਂ (ਸਿੱਖਾਂ) ਦਾ ਮੌਜੂਦਾ ਸਰਕਾਰ ਨੇ ਨਾਂ ਤੱਕ ਮਿਟਾ ਦਿੱਤਾ ਹੈ। ਗ਼ਦਰੀ ਬਣ ਕੇ ਸਿੰਘਾਪੁਰ, ਹਾਂਗਕਾਂਗ, ਅਮਰੀਕਾ, ਕੈਨੇਡਾ ਤੇ ਹੋਰ ਧਰਤੀਆਂ ’ਤੇ ਲੰਮਾ ਸੰਘਰਸ਼ ਵਿੱਢਣ ਵਾਲੇ ਸਿੱਖਾਂ ਦਾ ਵੀ ਕਿਤੇ ਜ਼ਿਕਰ ਤੱਕ ਨਹੀਂ ਕੀਤਾ ਜਾ ਰਿਹਾ। ਇਹ ਵੀ ਅਨੈਤਿਕਤਾ ਦੀ ਇੰਤਹਾ ਹੈ (ਸਰਕਾਰੀ ਅਨੈਤਿਕਤਾ) ਜਿਹੜੀ ਉਸ ਦੇ ਆਪਣੇ ਵਿਸ਼ੇਸ਼ ਕੇਡਰ (ਆਰ. ਐਸ. ਐਸ) ਦੇ ਇਸ਼ਾਰਿਆਂ ’ਤੇ ਪੂਰੇ ਧੂਮ ਧੜਾਕੇ ਨਾਲ ਹੋ ਰਹੀ ਹੈ। ਉਨ੍ਹਾਂ ਦੇ ਜਬ੍ਹਾੜਿਆਂ ਵਿੱਚ ਗ੍ਰਸੇ ਸਾਡੇ ਪੰਜਾਬ ਦੇ ਦਸ ਸਾਲ ਤੱਕ ਰੂਹੇ-ਰਵਾਂ ਰਹੇ ਵੱਡੇ ਬਾਦਲ ਸਾਹਿਬ ਦਾ ਹੁਣੇ ਆਇਆ ਬਿਆਨ ਪੜ੍ਹ ਕੇ ਬੰਦੇ ਦਾ ਤਰਾਹ ਨਿਕਲ ਜਾਂਦਾ ਹੈ ਜਦੋਂ ਉਹ ਕਹਿੰਦੇ ਹਨ ‘ਅਸੀਂ ਪੰਜਾਬ ਦਾ ਐਨਾ ਵਿਕਾਸ ਕਰ ਦਿੱਤਾ ਹੈ ਕਿ ਹੁਣ ਕੋਈ ਲੋੜ ਨਹੀਂ ਬਚੀ। ਤਿੰਨ ਮਹੀਨਿਆਂ ਵਿਚ ਗੁੰਡਾ ਗਰਦੀ ਵਧੀ ਹੈ।’ ਇਸ ਭੱਦਰ ਪੁਰਖ ਨੂੰ ਕੋਈ ਪੁੱਛੇ ਕਿ ਗੈਂਗਸਟਰਾਂ ਦੀ ਨਵੀਂ ਫ਼ੌਜ ਪੈਦਾ ਕਰ ਜਾਣ ਵਾਲਿਓ ! ਤੁਸੀਂ ਪੰਜਾਬ ਦਾ ਛੱਡਿਆ ਹੀ ਕੀ ਹੈ ? ਇਸ ਦਾ ਵਿਰਸਾ, ਸਭਿਆਚਾਰ, ਮਾਨਤਾਵਾਂ, ਮਰਯਾਦਾ, ਧਰਮ, ਮਾਂ-ਬੋਲੀ, ਭਾਈਚਾਰਾ, ਨੌਕਰੀਆਂ ਅਤੇ ਖ਼ਜਾਨਾ ਸੱਭੇ ਕੁਝ ਤਹਿਸ-ਨਹਿਸ ਕਰ ਕੇ ਆਉਣ ਵਾਲਿਆਂ ਲਈ ਸਿਵਾਏ ਭੱਖੜਿਆਂ ਦੇ ਤੁਸੀਂ ਛੱਡ ਕੇ ਹੀ ਕੀ ਗਏ ਹੋ ?

ਸਿੱਖ ਧਰਮ ਦੀ ਸੁਰਜੀਤੀ, ਤਰੱਕੀ, ਵਿਕਾਸ, ਚੜ੍ਹਦੀ ਕਲਾ ਅਤੇ ਪ੍ਰਚਾਰ- ਪ੍ਰਸਾਰ ਲਈ ਜ਼ਿੰਮੇਵਾਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਜੋ ਇਸ ਵੇਲੇ ਇਕ ਪਰਿਵਾਰ ਦੀ ਜੱਦੀ ਜਗੀਰ ਬਣ ਕੇ ਰਹਿ ਗਈ ਹੈ) ਦੇ ਮੁਖੀ ਵੱਲੋਂ ਧਰਮ-ਪ੍ਰਚਾਰ ਲਹਿਰ ਨੂੰ ਗਲੀ ਗਲੀ, ਕੂਚੇ ਕੂਚੇ ਤੱਕ ਫੈਲਾਉਣ ਦੇ ਫੋਕੇ ਦਾਅਵੇ ਅਤੇ ਸਮਾਜਿਕ ਕੁਰੀਤੀਆਂ ਖ਼ਿਲਾਫ ਜੱਦੋ ਜਹਿਦ ਦਾ ਐਲਾਨ ਮਹਿਜ ਐਲਾਨ ਹੀ ਹੈ ਕਿਉਂਕਿ ਇਨ੍ਹਾਂ ਦੇ ਆਪਣੇ ਨਿਯੁਕਤ ਬੰਦੇ ਕਿਹੋ ਜਿਹਾ ਵਿਭਚਾਰ ਫੈਲਾ ਰਹੇ ਹਨ ਉਹ ਅਗਲੇ ਪੰਨੇ ’ਤੇ ਨਸ਼ਰ ਕੀਤਾ ਜਾ ਰਿਹਾ ਹੈ। ਧਰਮ, ਫੋਕੇ ਪ੍ਰਚਾਰ ਨਾਲ ਨਹੀਂ ਫਲਦਾ-ਫੁਲਦਾ, ਜ਼ਿੰਦਗੀ ਵਾਰਿਆਂ, ਖ਼ੁਦ ਮਿਸਾਲ ਬਣਿਆਂ, ਅਵਾਮ ਨੂੰ ਨਾਲ ਤੋਰਿਆਂ ਅਤੇ ਆਪਣੇ ਖ਼ੁਦ ਦੇ ਪਾਕ-ਦਾਮਨ ਦੀ ਉਦਾਹਰਨ ਦਿੰਦਿਆਂ ਫੈਲਦਾ ਹੈ। ਪਿਛਲੇ ਮਹੀਨੇ, ਕੈਨੇਡਾ ਵਿਚ ਹੋਈ ਇਕ ਪੰਜਾਬੀ ਕਾਨਫਰੰਸ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਇਕ ਸੱਜਣ ਨੇ ‘ਪੰਜਾਬੀਆਂ ਵਿਚ ਨੈਤਿਕਤਾ’ ਵਿਸ਼ੇ ’ਤੇ ਪਰਚਾ ਪੜ੍ਹਿਆ। ਉਸ ਪਰਚੇ ਦਾ ਨਿਚੋੜ ਸੀ ਕਿ ‘ਪੰਜਾਬੀ ਭਾਈਚਾਰੇ ਵਿਚ ਨੈਤਿਕਤਾ ਉਦੋਂ ਤੱਕ ਕਾਇਮ ਰਹੇਗੀ ਜਦੋਂ ਤੱਕ ਪੰਜਾਬੀ ਭਾਈਚਾਰਾ ਅਤੇ ਸਮੁੱਚਾ ਵਿਸ਼ਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਂਦਾ ਰਹੇਗਾ।’ ਪਰੰਤੂ ਮੈਂ ਇਨ੍ਹਾਂ ਉੱਚੇ ਧਾਰਮਿਕ ਅਹੁਦਿਆਂ ’ਤੇ ਆਸੀਨ ਆਗੂਆਂ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਜਿਸ ਪਵਿੱਤਰ ਧਰਤੀ ਨੂੰ ਭਾਗ ਲਾ ਕੇ ਦਸਮੇਸ਼ ਪਿਤਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁੜ ਰਚਨਾ ਕਰਵਾਈ ਸੀ, ਉਸੇ ਪਵਿੱਤਰ ਦਮਦਮਾ ਸਾਹਿਬ ਦੇ ਛੇ ਮੁਲਾਜ਼ਮਾਂ ਵੱਲੋਂ ਉਸੇ ਮੁਕੱਦਸ ਧਰਤੀ ’ਤੇ ਰੰਗ ਰਲੀਆਂ ਮਨਾ ਕੇ ਕਿਹੜੀ ਨੈਤਿਕਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਐਨੀ ਜੁਰਅਤ ਦਿਨ ਰਾਤ ਇਸੇ ਪਾਕੀਜ਼ ਗ੍ਰੰਥ ਦਾ ਪਾਠ ਕਰਨ ਤੇ ਸੁਣਨ ਵਾਲਿਆਂ ਦੀ ? ਲੱਖ ਲਾਹਨਤ ਹੈ ਅਜਿਹੇ ਧਰਮ ਪ੍ਰਚਾਰਕਾਂ ਤੇ ਮੁਲਾਜ਼ਮਾਂ ਦੇ ਜਿਹੜੇ ਆਪਣੇ ਆਪ ਨੂੰ ਸਾਂਭ ਨਹੀਂ ਸਕਦੇ। ਬਾਕੀ ਦੁਨੀਆ ਨੂੰ ਉਪਦੇਸ਼ਣਾ ਤਾਂ ਉਸੇ ਤਰਾਂ ਹੈ :-

ਅਵਰ ਉਪਦੇਸੈ, ਆਪਿ ਨ ਕਰੈ ॥ ਆਵਤ ਜਾਵਤ, ਜਨਮੈ ਮਰੈ ॥ (ਮ: ੫/੨੬੯)

ਪਿਛਲੇ ਦਿਨੀਂ ਇਕ ਹੋਰ ਸਨਸਨੀਖੇਜ਼ ਖ਼ਬਰ ਆਈ ਕਿ ਮੁਟਿਆਰ ਸਕੂਲੀ ਵਿਦਿਆਰਥਣ ਜਦੋਂ ਪਿੰਡ ਦੇ ਗੁਰਦਵਾਰਾ ਸਾਹਿਬ ਵਿਖੇ ਮੱਥਾ ਟੇਕਣ ਗਈ ਤਾਂ ਗੁਰਦਵਾਰੇ ਦੇ ਗ੍ਰੰਥੀ ਨੇ ਉਹਦਾ ਸਤ ਭੰਗ ਕਰ ਦਿੱਤਾ। ਕੀ ਅਸੀਂ ਐਨਾ ਚਰਚਿਤ ਕਤਲ ਕਾਂਡ ਭੁੱਲ ਗਏ ਹਾਂ ਜਿੱਥੇ ਪੰਜਾਬੀ ਯੂਨੀਵਰਸਿਟੀ ਲਾਗਲੇ ਪਿੰਡ ਸ਼ੇਖੂਪੁਰੇ ਦੇ ਗੁਰਦਵਾਰੇ ਦਾ ਗ੍ਰੰਥੀ; ਜੱਜ ਅਮਰਜੀਤ ਸਿੰਘ ਦਾ ਕਾਤਲ ਇਸ ਕਰ ਕੇ ਬਣਨਾ ਮੰਨਿਆ ਕਿ ਉਸ ਦੇ, ਸੁਪਾਰੀ ਦੇ ਕੇ ਜੱਜ ਨੂੰ ਮਰਵਾਉਣ ਵਾਲੀ ਡਾਕਟਰਨੀ ਨਾਲ ਨਾਜਾਇਜ਼ ਸੰਬੰਧ ਸਨ। ਇਨ੍ਹਾਂ ਗ੍ਰੰਥੀਆਂ, ਰਾਗੀਆਂ ਤੇ ਧਾਰਮਿਕ ਕਾਰਜਾਂ ਨਾਲ ਜੁੜੇ ਹੋਰ ਅਨੇਕ ਲੋਕਾਂ ਦੀ ਅਨੈਤਿਕਤਾ ਦੇ ਕਿੱਸੇ, ਅਕਸਰ ਨਸ਼ਰ ਹੁੰਦੇ ਰਹਿੰਦੇ ਹਨ ਤੇ ਉਨ੍ਹਾਂ ਦੀ ਲੰਮੀ ਸੂਚੀ ਹੈ।

ਚਹੁਂ ਵਰਨਾਂ ਨੂੰ ਉਪਦੇਸ਼ ਦੇਣ ਵਾਲੇ ਸਾਡੇ ਮਹਾਨ ਗ੍ਰੰਥ ਦਾ ਅਦਬ ਸਤਿਕਾਰ, ਮਹਾਨਤਾ, ਅਜਮਤ ਤੇ ਕੀਮਤ ਅਸੀ ਨਹੀਂ, ਸਗੋਂ ਸੰਸਾਰ ਦੀ ਸਭ ਤੋਂ ਵੱਡੀ ਖੋਜ-ਸੰਸਥਾ ਨਾਸਾ ਦੇ ਵਿਗਿਆਨੀ ਸਮਝਦੇ ਹਨ ਜਿਹੜੇ ਇਹਦੀ ਪਾਕੀਜ਼ਗੀ ਅਤੇ ਮਹੱਤਤਾ ਨੂੰ ਧਿਆਨ ਗੋਚਰ ਰੱਖਦਿਆਂ ਨਾ ਕੇਵਲ ਇਸ ਦਾ ਵਿਸ਼ੇਸ਼ ਰੱਖ-ਰਖਾਵ ਹੀ ਕਰ ਰਹੇ ਹਨ ਬਲਕਿ ਸੰਸਾਰ ਦੇ ਮਹਾਂ ਵਿਗਿਆਨੀ ਅਤੇ ਮਨੋਵਿਗਿਆਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਲੌਕਿਕ ਦ੍ਰਿਸ਼ਟੀ ਦਾ ਫ਼ਾਇਦਾ ਲੈ ਕੇ ਆਪਣੀਆਂ ਭਵਿੱਖੀ ਯੋਜਨਾਵਾਂ ਅਤੇ ਪੁਲਾੜ-ਯਾਤਰਾਵਾਂ ਵੀ ਨਿਸ਼ਚਿਤ ਕਰ ਰਹੇ ਹਨ।

ਹਰੇਕ ਧਰਮ ਨੈਤਿਕਤਾ ਦੀ ਦੁਹਾਈ ਦਿੰਦਾ ਹੈ। ਅਨੈਤਿਕ ਕਾਰਿਆਂ ਨੂੰ ਕਿਸੇ ਧਰਮ, ਸੰਪਰਦਾ, ਫ਼ਿਰਕੇ, ਮਤਿ ਅਤੇ ਸਮਾਜ ਵਿੱਚ ਪ੍ਰਵਾਨਗੀ ਨਹੀਂ। ਬਲਾਤਕਾਰ, ਬਲਾਤਕਾਰ ਹੀ ਹੈ ਭਾਵੇਂ ਇਹ ਦਿੱਲੀ ਵਾਪਰੇ ਭਾਵੇਂ ਸ਼ਿਮਲੇ ਜਾਂ ਫਰਾਂਸ ਵਿੱਚ। ਅਵੈਧ ਸੰਬੰਧ ਹਰ ਸਮਾਜ ਵਿਚ ਵਰਜਿਤ ਹਨ। ਇਸੇ ਲਈ ਤਾਂ ਮੋਨਿਕਾ ਲਵਿੰਸਕੀ ਨਾਲ ਸਰੀਰਕ ਸੰਬੰਧ ਰੱਖਣ ਕਾਰਨ ਅਮਰੀਕਾ ਦੇ ਇਕ ਰਾਸ਼ਟਰਪਤੀ ਬਿੱਲ ਕਲਿੰਟਨ ’ਤੇ ਮਹਾਂ ਮੁਕੱਦਮਾ ਚਲਾਇਆ ਗਿਆ ਸੀ। ਆਕਸਫੋਰਡ ਰੈਫਰੈਂਸ ਡਿਕਸ਼ਨਰੀ ਵਿਚ ਮੌਰੈਲਟੀ ਤੋਂ ਭਾਵ ਸਹੀ ਤੇ ਗ਼ਲਤ ਦੇ ਫ਼ਰਕ ਵਿਚਲੇ ਨਿਯਮ ਲਾਏ ਗਏ ਹਨ ਜਿਹੜਾ ਫਰੈਂਚ ਅਤੇ ਲੈਟਿਨ ਸ਼ਬਦ ‘ਮੌਰਲ’ ਤੋਂ ਬਣਿਆ ਹੈ। ਸਿੱਖ ਸਮਾਜ ਲਈ ਵੱਖਰੀ ‘ਸਿੱਖ ਰਹਿਤ ਮਰਯਾਦਾ’ ਵੀ ਮੌਜੂਦ ਹੈ। ਇੰਝ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਪਾਤਿਸ਼ਾਹੀਆਂ ਵਿਚ ਭਰੋਸਾ ਰੱਖਣ ਵਾਲਿਆਂ ਵੱਲੋਂ ਕੀਤੇ ਕਾਰਿਆਂ (ਧਰਮ-ਕਰਮ) ਨੂੰ ਮਜ਼ਾਕ ਬਣਾ ਕੇ ਕੀਤੀ ਗੁੰਡਾਗਰਦੀ (ਅਨੈਤਿਕਤਾ) ਦੇ ਕੁਝ ਸਾਖਿਆਤ ਉਦਹਾਰਨ ਦੇ ਰਹੀ ਹਾਂ ਤਾਂ ਜੋ ਕੈਨੇਡਾ ਜਾ ਕੇ ਪੰਜਾਬੀਆਂ (ਵਿਸ਼ੇਸ਼ ਕਰਕੇ ਸਿੱਖਾਂ) ਵਿਚਲੀ ਨੈਤਿਕਤਾ ਦੇ ਸੋਹਲੇ ਗਾਉਣ ਵਾਲੇ ਵੀ ਦੇਖ-ਸੁਣ ਲੈਣ ਕਿ ਗੁਰੂ-ਵਰੋਸਾਏ ਪੰਜਾਬ ਵਿਚ ਦਰਅਸਲ ਹੋ ਕੀ ਰਿਹਾ ਹੈ।

ਪੰਜਾਂ ਪਾਣੀਆਂ ਦੀ ਇਸ ਜਰਖੇਜ਼ ਰਹੀ ਭੋਇੰ ’ਤੇ ਕਦੇ ਗੁਰਮਤਿ ਦਾ ਹੜ੍ਹ ਆਇਆ, ਅਰਸ਼ੀ ਨੂਰ ਦੇ ਦਰਿਆ ਵੱਗੇ, ਖ਼ੁਦਾਈ ਰਹਿਮਤਾਂ ਬਰਸੀਆਂ ਗੁਰੂਆਂ-ਪੀਰਾਂ ਨੇ ਇਸ ਦੀਆਂ ਫ਼ਿਜ਼ਾਵਾਂ ਨੂੰ ਮਹਿਕਾਇਆ ਅਤੇ ਹਰ ਸੱਚੇ ਸੁੱਚੇ ਇਨਸਾਨ ਦੀਆਂ ਝੋਲੀਆਂ ਭਰ ਭਰ ਡੁੱਲ੍ਹਦੀਆਂ ਰਹੀਆਂ ਪਰ ਅੱਜ ਇੱਥੇ ਚਾਰ-ਚਫ਼ੇਰੇ ਮਾਤਮ ਹੀ ਮਾਤਮ ਹੈ। ਖ਼ੁਦਕੁਸ਼ੀਆਂ ਦੀ ਲੰਮੀ ਸੂਚੀ। ਕਤਲਾਂ ਦਾ ਅਮੁੱਕ ਸਿਲਸਿਲਾ। ਲੁੱਟਾਂ ਖੋਹਾਂ ਦਾ ਆਲਮ। ਧੋਖਾਧੜੀਆਂ ਦਾ ਰੌਲਾ। ਜ਼ੋਰ-ਜ਼ਬਰਦਸਤੀ ਦੀ ਸਾਜਿਸ਼। ਬੇਰੁਜ਼ਗਾਰੀ ਦਾ ਦੈਂਤ। ਨਸ਼ਿਆਂ ਦੀ ਦਲ ਦਲ। ਰਿਸ਼ਵਤਖੋਰੀ ਦਾ ਪਾਸਾਰ। ਭ੍ਰਿਸ਼ਟਾਚਾਰ ਦੀ ਇੰਤਹਾ। ਸਾਧਾਰਨ ਜ਼ਿੰਦਗੀ ਦੀ ਰੱਜ ਕੇ ਬੇਕਦਰੀ। ਗੈਂਗਸਟਰਾਂ ਦੀ ਕਰਮ ਭੂਮੀ ਬਣ ਰਿਹਾ ਅਜੋਕਾ ਪੰਜਾਬ ਕਿਹੋ ਜਿਹੀ ਤਸਵੀਰ ਪੇਸ਼ ਕਰ ਰਿਹਾ ਹੈ, ਇਹ ਮੈਂ ਅਗਲੀਆਂ ਸਤਰਾਂ ਵਿਚ ਦੱਸਣ ਦੀ ਕੋਸ਼ਿਸ਼ ਕਰਾਂਗੀ। ਘਰ ਵਿਚ ਲਗਾਤਾਰ ਆਉਂਦੀਆਂ ਪੰਜਾਬੀ ਅਖ਼ਬਾਰਾਂ ਵਿਚੋਂ ਹਫ਼ਤੇ ਕੁ ਦੇ ਅੰਤਰਾਲ ਦੌਰਾਨ ਜੋ ਕੁਝ ਮੈਨੂੰ ਅਨੈਤਿਕ ਮਹਿਸੂਸ ਹੋਇਆ, ਉਸ ਦਾ ਜ਼ਿਕਰ ਪਾਠਕਾਂ ਨਾਲ ਕਰਨਾ ਮੈਂ ਜ਼ਰੂਰੀ ਸਮਝਦੀ ਹਾਂ:-

  1. ਪੰਜਾਬ ਅੱਜ ਖ਼ੁਦਕੁਸ਼ੀਆਂ ਦਾ ਕੇਂਦਰ ਬਣ ਚੁੱਕੈ। ਕੋਈ ਦਿਨ ਅਜਿਹਾ ਨਹੀਂ ਜਦੋਂ ਦੋ ਚਾਰ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਤੇ ਕਾਰੋਬਾਰੀਆਂ ਦੀ ਆਤਮ ਹੱਤਿਆ ਦੀ ਖ਼ਬਰ ਨਹੀਂ ਛਪਦੀ।
  2. ਜ਼ਮੀਨੀ ਝਗੜਿਆਂ, ਨਾਜਾਇਜ਼ ਕਬਜ਼ਿਆਂ, ਵੱਟਾਂ-ਬੰਨਿਆਂ ਕਾਰਨ ਹੋਣ ਵਾਲੇ ਕਤਲ ਵੀ ਅੱਜ ਇਕ ਆਮ ਗੱਲ ਹੋ ਗਈ ਹੈ।
  3. ਭੈਣ ਭਰਾ, ਮਾਂ, ਬਾਪ, ਪਿਤਾ ਪੁੱਤਰੀ, ਮਾਮੇ, ਮਾਮੀਆਂ ਤੇ ਨਾਨੇ ਨਾਨੀਆਂ ਵਿਚਲਾ ਪਿਆਰ, ਪ੍ਰਤਿਬੱਧਤਾ, ਆਪਾਵਾਰਤਾ ਅਤੇ ਵਫ਼ਾਦਾਰੀ ਖ਼ਤਮ ਹੋ ਚੁੱਕੀ ਹੈ । ਇਨ੍ਹਾਂ ਵੱਲੋਂ ਕੀਤੇ ਜਾਂਦੇ ਕਾਰੇ ਅਖਬਾਰਾਂ ਵਿਚ ਛਾਏ ਪਏ ਹਨ।
  4. ਜ਼ਮੀਨਾਂ- ਜਾਇਦਾਦਾਂ ਪਿੱਛੇ ਮਾਂ ਬਾਪਾਂ ਦੇ ਕਤਲ ਇਕ ਰੁਟੀਨ ਬਣ ਗਿਆ ਹੈ।
  5. ਬਜ਼ੁਰਗਾਂ ਨੂੰ ਘਰੋਂ ਕੱਢਣ ਦਾ ਰੁਝਾਨ ਬਿਰਧ ਆਸ਼ਰਮਾਂ ਨੂੰ ਜਨਮ ਦੇ ਰਿਹਾ ਹੈ।
  6. ਅਮੀਰੀ ਤੇ ਚੌਧਰ ਕਾਨੂੰਨ ਲਈ ਖ਼ਤਰੇ ਪੈਦਾ ਕਰ ਰਹੀ ਹੈ।
  7. ਲਾਕਾਨੂੰਨੀ ਨਿੱਤ ਦਿਹਾੜੇ ਮੌਤਾਂ ਦਾ ਸਬੱਬ ਬਣ ਰਹੀ ਹੈ।
  8. ਬਲਾਤਕਾਰਾਂ ਦੀ ਸੂਚੀ ਸ਼ੈਤਾਨ ਦੀ ਆਂਦਰ ਵਾਂਗ ਵਧ ਰਹੀ ਹੈ। ਟੋਂਬੂ (ਇਕਰਾਰ) ਟੁੱਟ ਰਹੇ ਹਨ।
  9. ਇਸ਼ਕ ਦੀ ਅਸਫ਼ਲਤਾ ਧੀਆਂ-ਭੈਣਾਂ ਲਈ ਆਫਤ ਬਣ ਕੇ ਬਰਸ ਰਹੀ ਹੈ।
  10. ਵਿਆਹ ਦੇ ਲਾਰਿਆਂ ਵਿਚ ਕੁੜੀਆਂ ਦਾ ਸ਼ਰੀਰਕ-ਸ਼ੋਸ਼ਣ ਹੋ ਰਿਹਾ ਹੈ।
  11. ਡਾਕਟਰੀ ਅਣਗਹਿਲੀ ਜੱਚਾ ਤੇ ਬੱਚਾ ਦੀ ਮੌਤ ਦਾ ਸਬੱਬ ਬਣ ਰਹੀ ਹੈ।
  12. ਚੋਰੀਆਂ, ਡਕੈਤੀਆਂ, ਲੁੱਟਾਂ-ਖੋਹਾਂ ਦਾ ਆਲਮ ਆਮ ਹੈ।
  13. ਵਿਆਹ ਬਾਹਰੇ ਸੰਬੰਧ ਆਮ ਵਰਤਾਰਾ ਬਣ ਚੁੱਕਾ ਹੈ। ਪਤਨੀਆਂ ਪ੍ਰੇਮੀਆਂ ਨਾਲ ਮਿਲ ਕੇ ਤੇ ਪਤੀ, ਯਾਰਾਂ ਬੇਲੀਆਂ ਨਾਲ ਰਲ ਕੇ ਇਕ ਦੂਜੇ ਨੂੰ ਮਾਰ ਮੁਕਾ ਰਹੇ ਹਨ।
  14. ਕਰਮ ਕਾਂਡਾ ਦਾ ਰੱਜ ਕੇ ਬੋਲਬਾਲਾ ਹੈ। ਮਾਤਾ ਗੁਜਰੀ ਕਾਲਜ ਵਿਚ ਸੰਗਰਾਂਦ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਚ ਰੰਗੋਲੀਆਂ ਤੇ ਮਹਿੰਦੀਆਂ ਦੇ ਮੁਕਾਬਲੇ ਹੋਣ ਲੱਗ ਪਏ ਹਨ।
  15. ਏ. ਟੀ. ਐਮਾਂ ਦੀ ਪੁੱਟ ਤੇ ਖੋਹ ਰੋਜ਼ ਦੀ ਗੱਲ ਬਣ ਚੁੱਕੀ ਹੈ।
  16. ਮਾਸੂਮਾਂ ਦੇ ਅਸ਼ਲੀਲ ਵੀਡੀਓ ਬਣਾਉਣੇ ਤੇ ਦੁਰਵਰਤੋਂ ਆਮ ਵਰਤਾਰਾ ਬਣ ਚੁੱਕੈ।
  17. ਉੱਪਰਲੀ ਕਮਾਈ (ਰਿਸ਼ਵਤ) ਦਾ ਚਸਕਾ ਸੇਵਾਦਾਰ ਤੋਂ ਲੈ ਕੇ ਉੱਪਰ ਤੱਕ ਪੁੱਜ ਚੁੱਕੈ।
  18. ਬੇਕਸਾਂ, ਗਰੀਬਾਂ, ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ।
  19. ਆੜ੍ਹਤੀਆਂ ਦੀ ਲੁੱਟ-ਖਸੁੱਟ ਨੇ ਕਈ ਘਰਾਂ ’ਚ ਸੱਥਰ ਵਿਛਾ ਦਿੱਤੇ ਹਨ।
  20. ਗੋਦਾਮਾਂ ਵਿਚ ਕਰੋੜਾਂ-ਅਰਬਾਂ ਦੀ ਹੇਰਾ ਫੇਰੀ ਤੇ ਚੋਰੀ ਜਾਰੀ ਹੈ।
  21. ਜੇਬ ਕਤਰਿਆਂ, ਝਪਟਮਾਰਾਂ ਤੇ ਲੁਟੇਰਿਆਂ ਦੀ ਪੁਸ਼ਤ ਪਨਾਹੀ ਸਭ ਦੇ ਸਾਹਮਣੇ ਹੈ।
  22. ਸਰਕਾਰੀ ਉਸਾਰੀਆਂ, ਪਾਰਕਾਂ ਤੇ ਸਾਂਝੇ ਸੱਥਲਾਂ ਦਾ ਭ੍ਰਿਸ਼ਟਾਚਾਰ ਮੂੰਹ ਚੜ੍ਹ ਕੇ ਬੋਲ ਰਿਹਾ ਹੈ।
  23. ਤੰਬਾਕੂਨੋਸ਼ੀ ਦੀਆਂ ਕਹਾਣੀਆਂ ਲੰਮੀਆਂ ਹਨ।
  24. ਦਾਜ ਖਾਤਿਰ ਬਹੂਆਂ ਮਾਰਨ, ਸਾੜਨ ਤੇ ਛੱਡਣ-ਕੱਢਣ ਦਾ ਸਿਲਸਿਲਾ ਜਾਰੀ ਹੈ।
  25. ਫ਼ਰਜ਼ੀ ਵਿਆਹਾਂ ਰਾਹੀਂ ਵਿਦੇਸ਼ਾਂ ਦਾ ਝਾਂਸਾ ਦੇਣ ਵਾਲੇ ਵੀ ਵਧੇਰੇ ਪੰਜਾਬੀ ਹੀ ਹਨ।
  26. ਡਾਕਟਰ ਹੋ ਕੇ ਮਰੀਜ਼-ਕੁੜੀਆਂ ਨਾਲ ਖੇਹ ਖਾਣ ਦੀਆਂ ਘਟਨਾਵਾਂ ਆਮ ਹਨ।
  27. ਗਵਾਂਢ ਵਸਦੀਆਂ ਧੀਆਂ-ਭੈਣਾਂ ਦੇ ਸਤ ਭੰਗ ਕਰਨੇ ਰੋਜ਼ ਰੋਜ਼ ਦੀ ਖ਼ਬਰ ਬਣ ਗਏ ਹਨ।
  28. ਅਧਿਆਪਕਾਂ ਵਲੋਂ ਰੋਜ਼-ਰੋਜ਼ ਸਕੂਲੀ ਬੱਚੀਆਂ ਦੀ ਇੱਜ਼ਤ ਲੁੱਟਣ ਦੀਆਂ ਘਟਨਾਵਾਂ ਵੀ ਬਹੁਤ ਵਧ ਗਈਆਂ ਹਨ।
  29. ਸਕੇ ਤੇ ਮਤਰੇਏ ਪਿਤਾਵਾਂ, ਮਾਮਿਆਂ, ਕਜ਼ਨਾਂ ਤੇ ਸਕੇ ਭਰਾਵਾਂ ਦੀ ਨਜਾਇਜ਼ ਔਲਾਦ ਜੰਮਣ ਲਈ ਮਜਬੂਰ ਪੰਜਾਬੀ ਬੱਚੀਆਂ।
  30. ਬਾਲਾਂ ਦਾ ਸ਼ੋਸ਼ਣ ਵੀ ਅਕਸਰ ਹੋ ਰਿਹਾ ਹੈ।
  31. ਨੌਕਰੀਆਂ ਦੀ ਕਾਣੀ ਵੰਡ ਜਾਰੀ ਹੈ।
  32. ਹਰੇਕ ਪਾਸੇ ਸਿਆਸਤ ਦੀ ਚੌਧਰ ਹੈ, ਜਿਸ ਕਾਰਨ ਧਰਮ ਥੱਲੇ ਦੱਬਿਆ ਪਿਆ ਹੈ।
  33. ਪਾਣੀ, ਹਵਾ, ਧਰਤੀ, ਸ਼ੋਰ ਗੱਲ ਕੀ ਹਰੇਕ ਪੱਖੀ ਪ੍ਰਦੂਸ਼ਣ ਜਾਰੀ ਹੈ।
  34. ਚੁਪਾਸੇ ਝੂਠ-ਤੂਫ਼ਾਨ ਦਾ ਬੋਲਬਾਲਾ ਹੈ।
  35. ਭਾਈ ਭਤੀਜਾਵਾਦ ਨੇ ਕਈ ਕੀਮਤੀ ਜਿੰਦੜੀਆਂ ਨਿਗਲ ਲਈਆਂ ਹਨ।
  36. ਕਿਰਤ ਤੋਂ ਕਿਨਾਰਾ ਕਰਨ ਸਦਕੇ ਨਸ਼ਿਆਂ ਦਾ ਬੋਲਬਾਲਾ ਵਧੇਰੇ ਹੈ।
  37. ਦਿਖਾਵਾ ਜ਼ੋਰਾਂ ’ਤੇ ਹੈ।
  38. ਬਜ਼ੁਰਗਾਂ ਦੀ ਅਣਦੇਖੀ ਹੈ।
  39. ਨਾਮ ਜਪਣ ਤੋਂ ਤੋਬਾ।
  40. ਵੰਡ ਛਕਣ ਦਾ ਵਿਰੋਧ।

ਬਹੁਤ ਕੁਝ ਹੋਰ ਵੀ ਹੈ ਜਿਹੜਾ ਆਪਾਂ ਹਰ ਰੋਜ਼ ਵਾਚਦੇ ਤੇ ਵਿਚਾਰਦੇ ਹਾਂ ਪਰੰਤੂ ਆਰਟੀਕਲ ਵੱਡਾ ਹੋਣ ਦੇ ਡਰੋਂ ਮੈਂ ਇੱਥੇ ਹੀ ਸਮਾਪਤ ਕਰਦੀ ਹਾਂ। ਆਓ, ਦੀਵੇ ਥੱਲੇ ਦੇ ਹਨ੍ਹੇਰੇ ਨੂੰ ਪਹਿਲਾਂ ਖ਼ਤਮ ਕਰੀਏ। ਬਾਹਰ ਡੀਂਗਾ ਮਾਰਨ ਨਾਲੋਂ ਪਹਿਲਾਂ ਘਰ ਦਾ ਫ਼ਿਕਰ ਕਰੀਏ। ਕਦੇ ਸ਼ਾਨਾਂਮੱਤੇ ਰਹੇ ਪੰਜਾਬ ਨੂੰ ਮੁੜ ਸਿਫ਼ਤੀ ਦਾ ਘਰ ਬਣਾਉਣ ਦਾ ਯਤਨ ਕਰੀਏ ।

ਬੱਬਰ ਸ਼ੇਰਨੀ ਗੁਰਦੀਪ ਕੌਰ

0

ਬੱਬਰ ਸ਼ੇਰਨੀ ਗੁਰਦੀਪ ਕੌਰ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਮੈਂ ਇਕ ਆਮ ਔਰਤ ਹਾਂ। ਮੇਰੇ ਬਾਰੇ ਕਿਸੇ ਨੂੰ ਕੁੱਝ ਵੀ ਪਤਾ ਨਹੀਂ ਹੋਣਾ। ਮੈਂ ਸ਼ਾਇਦ ਕਦੇ ਇਤਿਹਾਸ ਦਾ ਹਿੱਸਾ ਵੀ ਨਹੀਂ ਬਣਨਾ, ਪਰ ਮੈਨੂੰ ਏਨਾ ਪਤਾ ਹੈ ਕਿ ਮੇਰੀ ਜਿੰਨੀ ਵੀ ਉਮਰ ਹੈ ਉਸ ਵਿਚ ਆਪਣੇ ਗੁਰੂ ਦੀ ਸ਼ੇਰਨੀ ਧੀ ਬਣ ਕੇ ਜੀਣਾ ਹੈ। ਮੈਨੂੰ ਬਚਪਨ ਤੋਂ ਹੀ ਅਨੇਕ ਬਹਾਦਰ ਸਿੱਖ ਬੀਬੀਆਂ ਦੀਆਂ ਜੀਵਨੀਆਂ ਸੁਣਾਈਆਂ ਗਈਆਂ ਹਨ। ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਕਦੇ ਜ਼ਿੰਦਗੀ ਵਿਚ ਤਲਵਾਰ ਚੁੱਕਣ ਦੀ ਲੋੜ ਪਏਗੀ! ਮੈਂ ਤਾਂ ਪੂਰੀ ਦਲੇਰੀ ਨਾਲ ਆਪਣੇ ਬਚਪਨ ਨੂੰ ਪੂਰ ਚੜ੍ਹਾਇਆ ਹੈ। ਮੈਂ ਵਿਆਹ ਵੀ ਫੌਜੀ ਸ੍ਰ. ਪਿਆਰਾ ਸਿੰਘ ਜੀ ਨਾਲ ਕੀਤਾ ਤਾਂ ਜੋ ਅਸੀਂ ਦੋਵੇਂ ਦਲੇਰਾਨਾ ਢੰਗ ਨਾਲ ਜੀਵਨ ਬਤੀਤ ਕਰੀਏ। ਡਰ ਭੈਅ ਤੋਂ ਮੁਕਤ ਦੋਵਾਂ ਨੇ ਯੂ. ਪੀ. ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਪਿੰਡ ਰਹਿੰਦੇ ਆਪਣੀ ਧੀ ਨੂੰ ਵੀ ਸ਼ੇਰਨੀ ਵਾਂਗ ਲੜਨ ਦੀ ਸਿੱਖਿਆ ਦਿੱਤੀ।

ਗੱਲ 1984 ਦੀ ਹੈ। ਕੱਟੜਵਾਦੀ ਸਿਰ ਫਿਰਿਆਂ ਨੇ ਚੁਣ-ਚੁਣ ਕੇ ਸਿੱਖਾਂ ਦੀਆਂ ਲਾਸ਼ਾਂ ਦੇ ਢੇਰ ਲਾ ਛੱਡੇ ਸਨ। ਸਾਡੇ ਚੁਫ਼ੇਰੇ ਸਾਰੇ ਜਣੇ ਘਰ ਬਾਰ ਛੱਡ ਕੇ ਜੰਗਲਾਂ ਵੱਲ ਦੌੜ ਗਏ ਸਨ। ਮੇਰੇ ਪਤੀ ਡਿਊਟੀ ਉੱਤੇ ਸਨ। ਘਰ ਵਿਚ ਮੇਰੀ ਧੀ ਤੇ ਮੈਂ ਸਾਂ। ਮੇਰੇ ਸਹੁਰਾ ਸਾਹਿਬ ਕਿਸੇ ਕੰਮ ਘਰੋਂ ਬਾਹਰ ਗਏ ਸਨ।

ਮੈਂ ਘਰੋਂ ਬਾਹਰ ਟਿਊਬਵੈੱਲ ਉੱਤੇ ਕਪੜੇ ਧੋ ਰਹੀ ਸੀ ਜਦੋਂ ਹੋ-ਹੱਲੇ ਦੀ ਆਵਾਜ਼ ਸੁਣੀ। ਆ ਕੇ ਵੇਖਿਆ ਤਾਂ ਸਿੱਖਾਂ ਦੇ ਖਾਲੀ ਛੱਡੇ ਘਰਾਂ ਵਿੱਚੋਂ ਸਮਾਨ ਲੁੱਟਿਆ ਜਾ ਰਿਹਾ ਸੀ। ਘਰਾਂ ਨੂੰ ਸਾੜਨ ਤੇ ਸਮਾਨ ਗੱਡਿਆਂ ਵਿੱਚ ਲੱਦਣ ਬਾਅਦ ਸਾਰਿਆਂ ਨੇ ਮੇਰੇ ਘਰ ਵੱਲ ਮੂੰਹ ਕਰ ਲਿਆ ਸੀ। ਤੇਲ ਦੀਆਂ ਕੇਨੀਆਂ, ਰਾਡਾਂ, ਡੰਡੇ, ਚੇਨਾਂ ਫੜੀ ਭੀੜ ਲਲਕਾਰੇ ਮਾਰਦੀ ਮੇਰੇ ਘਰ ਵੱਲ ਨੂੰ ਤੁਰੀ ਆ ਰਹੀ ਸੀ।

ਮੈਂ ਝਟਪਟ ਹੱਥ ਪੂੰਝੇ ਤੇ ਚੁੰਨੀ ਕਮਰ ਦੁਆਲੇ ਬੰਨ੍ਹ ਕੇ ਤਿਆਰ ਹੋ ਗਈ। ਇਕੱਲੀ ਵੀ ਤਾਂ ਮੈਂ ਸਵਾ ਲੱਖ ਦੇ ਬਰਾਬਰ ਸੀ। ਮੇਰਾ ਪਤੀ ਮੁਲਕ ਦੀ ਰਾਖੀ ਲਈ ਛਾਤੀ ਤਾਣ ਕੇ ਸਰਹੱਦ ਉੱਤੇ ਖਲੋਤਾ ਸੀ। ਕੀ ਮੈਂ ਆਪਣੀ ਤੇ ਆਪਣੀ ਬੇਟੀ ਦੀ ਰਾਖੀ ਵੀ ਨਹੀਂ ਕਰ ਸਕਦੀ ? ਜ਼ਰੂਰ ਕਰ ਸਕਦੀ ਸੀ। ਇਸੇ ਲਈ ਮੈਂ ਉੱਕਾ ਨਹੀਂ ਡਰੀ। ਭੱਜ ਕੇ ਬਾਹਰੋਂ ਗੇਟ ਬੰਦ ਕੀਤਾ ਤੇ ਅੰਦਰ ਆ ਕੇ ਅਲਮਾਰੀ ਵਿੱਚੋਂ ਰਾਈਫਲ ਕੱਢਣ ਲਈ ਚਾਬੀ ਲੱਭੀ।

ਭੀੜ ਨੇ ਮੈਨੂੰ ਇਕੱਲੀ ਨੂੰ ਵੇਖ ਲਿਆ ਸੀ। ਮੇਰੀ ਪੱਤ ਲੁੱਟਣ ਲਈ ਚੰਘਾੜੇ ਮਾਰਦੇ ਤੇ ਅਤਿ ਦੀਆਂ ਗੰਦੀਆਂ ਗਾਲ੍ਹਾਂ ਕੱਢਦੇ ਉਹ ਮੇਰੇ ਘਰ ਦੇ ਦਰਵਾਜ਼ੇ ਭੰਨਣ ਲੱਗ ਪਏ। ਮੈਨੂੰ ਦਿਸ ਰਿਹਾ ਸੀ ਕਿ ਕਿਸੇ ਵੀ ਪਲ ਧਾੜਵੀਆਂ ਦੀ ਪੂਰੀ ਟੀਮ ਅੰਦਰ ਆ ਵੜੇਗੀ। ਕਾਹਲ ’ਚ ਅਲਮਾਰੀ ਦੀ ਚਾਬੀ ਨਹੀਂ ਮਿਲੀ। ਮੈਂ ਝਟਪਟ ਆਪਣੀ ਧੀ ਰਾਣੀ ਨੂੰ ਆਵਾਜ਼ ਲਾਈ-‘ਉੱਠ ਬੱਚੀਏ ਸ਼ੇਰਨੀਏ। ਤੇਰੇ ਨਾਂ ਨਾਲ ‘ਕੌਰ’ ਲੱਗਿਐ। ਇਸ ਨੂੰ ਸਾਬਤ ਕਰਨ ਦਾ ਸਮਾਂ ਆ ਗਿਐ। ਮਨ ’ਚ ਗੁਰੂ ਸਾਹਿਬ ਨੂੰ ਧਿਆ ਤੇ ਆਹ ਚੁੱਕ ਤਲਵਾਰ।’ ਉਸ ਨੂੰ ਤਲਵਾਰ ਫੜਾ ਤੇ ਆਪ ਬਰਛਾ ਚੁੱਕ ਕੇ ਅਸੀਂ ਗੱਜ ਕੇ ਜੈਕਾਰਾ ਬੁਲਾਇਆ ਤੇ ਟੁੱਟਣ ਦੇ ਨੇੜੇ ਆਇਆ ਦਰਵਾਜ਼ਾ ਖੋਲ੍ਹ ਦਿੱਤਾ।

ਸਾਨੂੰ ਹਥਿਆਰ ਚੁੱਕੇ ਵੇਖ ਸਾਨ੍ਹਾਂ ਵਾਂਗ ਅੰਦਰ ਨੂੰ ਭੱਜੀ ਆਉਂਦੀ ਭੀੜ ਠਠੰਬਰ ਗਈ। ਸਾਡੇ ਲਲਕਾਰੇ ਨੇ ਸਾਰੇ ਮੁਸ਼ਟੰਡਿਆਂ ਨੂੰ ਪਿਛਾਂਹ ਭੱਜਣ ਉੱਤੇ ਮਜਬੂਰ ਕਰ ਦਿੱਤਾ। ਅਸੀਂ ਦੁਹਾਂ ਨੇ ਅੱਧਾ ਕਿੱਲੋਮੀਟਰ ਤਕ ਭੀੜ ਦਾ ਪਿੱਛਾ ਕੀਤਾ। ਸਾਨੂੰ ਪਤਾ ਸੀ ਕਿ ਇਹ ਭੀੜ ਪੂਰੀ ਤਿਆਰੀ ਨਾਲ ਵਾਪਸ ਆਉਣ ਵਾਲੀ ਹੈ। ਇਸੇ ਲਈ ਵਾਪਸ ਆ ਕੇ ਟਰੰਕ ’ਚੋਂ ਚਾਬੀ ਕੱਢ ਕੇ ਰਾਈਫਲ ਬਾਹਰ ਕੱਢ ਲਈ।

ਮਸਾਂ ਅੱਧਾ ਕੁ ਘੰਟਾ ਹੀ ਲੰਘਿਆ ਹੋਣੈ ਕਿ ਭੀੜ ਦੁਬਾਰਾ ਹਰਲ ਹਰਲ ਕਰਦੀ ਪਹੁੰਚ ਗਈ। ਇਸ ਵਾਰ ਉਹ ਹੋਰ ਤਿਆਰੀ ਨਾਲ ਆਏ ਸੀ। ਮੈਂ ਆਪਣੀ ਧੀ ਨਾਲ ਛੱਤ ਉੱਤੇ ਚੜ੍ਹ ਗਈ ਤੇ ਬੰਦੂਕ ਨਾਲ ਫਾਇਰ ਕੀਤਾ। ਭੀੜ ਇਕਦਮ ਸਕਤੇ ’ਚ ਆ ਗਈ ਤੇ ਕੁੱਝ ਕੁ ਪਿਛਾਂਹ ਹੋ ਗਈ। ਮੈਂ ਵੀ ਉੱਚੀ ਸਾਰੀ ਚੀਕੀ-‘ਹੈ ਕਿਸੇ ’ਚ ਦਮ ਤਾਂ ਮੇਰੀ ਬੰਦੂਕ ਦਾ ਸਾਹਮਣਾ ਕਰੇ।’ ਜਦੋਂ ਸੱਤ ਅੱਠ ਜਣੇ ਅਗਾਂਹ ਹੋਣ ਲੱਗੇ ਤਾਂ ਮੈਂ ਫੇਰ ਫਾਇਰ ਕੀਤਾ। ਦੋ ਜਣੇ ਫੱਟੜ ਹੋ ਗਏ ਤੇ ਸਾਰੇ ਪਿਛਾਂਹ ਭੱਜ ਲਏ। ਫੇਰ ਪਿਛਲੇ ਪਾਸੇ ਜਾ ਕੇ ਪਸ਼ੂਆਂ ਦੇ ਵਾੜੇ ਨੂੰ ਉਨ੍ਹਾਂ ਨੇ ਅੱਗ ਲਾ ਦਿੱਤੀ। ਮੈਂ ਆਪਣੀ ਧੀ ਨੂੰ ਤਲਵਾਰ ਦੇ ਕੇ ਵਾੜੇ ਵੱਲ ਭੇਜਿਆ ਤਾਂ ਜੋ ਬੇਜ਼ਬਾਨ ਪਸ਼ੂਆਂ ਦੇ ਰੱਸੇ ਵੱਢ ਦੇਵੇ ਤੇ ਉਨ੍ਹਾਂ ਦੀ ਜਾਨ ਬਚ ਜਾਵੇ। ਮੈਂ ਆਪ ਛੱਤ ਉੱਤੇ ਮੋਰਚਾ ਸੰਭਾਲੀ ਰੱਖਿਆ।

ਜਦੋਂ ਕੋਈ ਵਾਹ ਨਾ ਚੱਲੀ ਤਾਂ ਗੁੰਡਿਆਂ ਨੂੰ ਅਖ਼ੀਰ ਵਾਪਸ ਮੁੜਨਾ ਪਿਆ। ਵਾਪਸ ਮੁੜਦਿਆਂ ਨੂੰ ਵੀ ਬੰਦੂਕ ਦੀ ਗੋਲੀ ਨਾਲ ਮੈਂ ਭਜਾ ਦਿੱਤਾ ਤੇ ਗੱਡਿਆਂ ਉੱਤੇ ਧਰੇ ਲੁੱਟ ਦੇ ਸਮਾਨ ਨੂੰ ਵੀ ਨਾਲ ਨਾ ਲਿਜਾਉਣ ਦਿੱਤਾ। ਇੰਜ ਮੈਂ ਗਵਾਂਢੀਆਂ ਦੇ ਘਰਾਂ ਨੂੰ ਸਾੜੇ ਜਾਣ ਤੋਂ ਵੀ ਬਚਾ ਲਿਆ ਤੇ ਉਨ੍ਹਾਂ ਦਾ ਸਮਾਨ ਵੀ ਬਚਾ ਲਿਆ। ਉਨ੍ਹਾਂ ਧਾੜਵੀਆਂ ’ਚੋਂ ਕਿਸੇ ’ਚ ਏਨੀ ਹਿੰਮਤ ਨਹੀਂ ਸੀ ਕਿ ਮੇਰੀ ਬੰਦੂਕ ਦੇ ਸਾਹਮਣੇ ਹੋ ਕੇ ਗੱਡਾ ਹਿੱਕ ਕੇ ਲਿਜਾ ਸਕਦੇ।

ਇਸੇ ਕਾਰਨ ਸਦਕਾ ਪੂਰੇ ਇਲਾਕੇ ’ਚ ਹੁਣ ਤੱਕ ਮੇਰੇ ਨਾਂ ਦੀ ਦਹਿਸ਼ਤ ਹੈ ਤੇ ਮੇਰੇ ਵਾਕਫ਼ ਹਿੰਦੂ ਟੱਬਰ ਤਾਂ ਮੈਨੂੰ ਨਾਂ ਨਾਲ ਬੁਲਾਉਣ ਦੀ ਥਾਂ ‘ਬੱਬਰ ਸ਼ੇਰਨੀ’ ਕਹਿ ਕੇ ਬੁਲਾਉਂਦੇ ਹਨ। ਇਨ੍ਹਾਂ ਨੂੰ ਕੀ ਸਮਝਾਵਾਂ ਕਿ ਮੈਂ ਇਕੱਲੀ ਨਹੀਂ ਹਾਂ। ਜਿਸ ਵੀ ਕਿਸੇ ਔਰਤ ਦੇ ਨਾਂ ਪਿੱਛੇ ‘ਕੌਰ’ ਲੱਗ ਜਾਂਦਾ ਹੈ, ਉਸ ਅੰਦਰ ਏਨੀ ਹੀ ਹਿੰਮਤ ਭਰ ਜਾਂਦੀ ਹੈ। ਅਜਿਹੀਆਂ ਬੱਬਰ ਸ਼ੇਰਨੀਆਂ ਨੂੰ ਨਾ ਸਿਰਫ਼ ਆਪਣੀ ਰਾਖੀ ਆਪ ਕਰਨੀ ਆਉਂਦੀ ਹੈ, ਬਲਕਿ ਉਹ ਤਾਂ ਹੋਰਨਾਂ ਦੀ ਵੀ ਰਾਖੀ ਕਰਨ ਯੋਗ ਹੁੰਦੀਆਂ ਹਨ।

ਇਸ ਬੱਬਰ ਸ਼ੇਰਨੀ ਗੁਰਦੀਪ ਕੌਰ ਨੇ ਸਾਬਤ ਕਰ ਦਿੱਤਾ ਕਿ ਸਿੰਘਣੀਆਂ ਭਾਵੇਂ ਕਿਸੇ ਵੀ ਯੁੱਗ ਵਿਚ ਜੰਮਣ, ਉਹ ਵਾਕਈ ਗਜ਼ਬ ਦੀ ਹਿੰਮਤ ਰੱਖਦੀਆਂ ਹਨ ਤੇ ਛਾਤੀ ਉੱਤੇ ਵਾਰ ਖਾ ਕੇ ਮਰਨ ਨੂੰ ਤਰਜੀਹ ਦਿੰਦੀਆਂ ਹਨ। ਉਹ ਨਾ ਪਿੱਠ ਮੋੜ ਕੇ ਭੱਜ ਕੇ ਅਤੇ ਨਾ ਹੀ ਦੱਬੂ ਬਣ ਕੇ ਰਹਿਣ ਨੂੰ ਜੀਣਾ ਸਮਝਦੀਆਂ ਹਨ। ਉਹ ਮਰਨ ਤੋਂ ਪਹਿਲਾਂ ਦੁਸ਼ਮਨਾਂ ਨੂੰ ਮਾਰ ਕੇ ਹੀ ਮਰਨਾ ਸਫਲ ਮੰਨਦੀਆਂ ਹਨ।

ਅੱਜ ਦੇ ਦਿਨ ਵੀ ਹਰ ‘ਕੌਰ’ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਣਖ ਨਾਲ ਜੀਣਾ ਮਰਨਾ ਕਿਸ ਨੂੰ ਕਹਿੰਦੇ ਹਨ। ਜੇ ਅਜੇ ਵੀ ਕਿਸੇ ਦੇ ਮਨ ਅੰਦਰ ਡਰ ਦਾ ਰੱਤਾ ਮਾਸਾ ਵੀ ਕਿਣਕਾ ਬਚਿਆ ਹੋਇਆ ਹੈ ਤਾਂ ਉਸ ਨੂੰ ਆਪਣੇ ਨਾਂ ਅੱਗੋਂ ‘ਕੌਰ’ ਲਾਹ ਦੇਣਾ ਚਾਹੀਦਾ ਹੈ। ਆਪਣੇ ਅੰਦਰਲੀ ਹਿੰਮਤ ਪਛਾਣ ਕੇ ਜੇ ਅੱਜ ਵੀ ਸ਼ਰਾਰਤੀ ਅਨਸਰਾਂ ਦੀ ਢਾਣੀ ਨੂੰ ‘ਕੌਰ’ ਲਲਕਾਰ ਮਾਰ ਦੇਵੇ ਤਾਂ ਕੀ ਮਜਾਲ ਉਹ ਕਿਸੇ ਅਜਿਹੀ ਸ਼ੇਰਨੀ ਅੱਗੇ ਪਲ ਭਰ ਵੀ ਟਿਕ ਸਕਣਗੇ। ਲੋੜ ਹੈ ਹਰ ਬੱਚੀ ਅੰਦਰਲੀ ਇਸ ਤਾਕਤ ਨੂੰ ਉਜਾਗਰ ਕਰਨ ਦੀ, ਤਾਂ ਜੋ ਔਰਤ ਜ਼ਾਤ ਪ੍ਰਤੀ ਹੁੰਦੇ ਜੁਰਮਾਂ ਨੂੰ ਠੱਲ ਪਾਈ ਜਾ ਸਕੇ।

ਸਲਾਮ ਹੈ ਇਸ ਬੱਬਰ ਸ਼ੇਰਨੀ ਨੂੰ ਜਿਸ ਨੇ ‘ਕੌਰ’ ਸ਼ਬਦ ਦਾ ਹੱਕ ਅਦਾ ਕਰ ਦਿੱਤਾ ਭਾਵੇਂ 23 ਫਰਵਰੀ ਨੂੰ ਲਾਇਲਾਜ ਬੀਮਾਰੀ ਦੀ ਤਾਬ ਨਾ ਝੱਲਦਿਆਂ ਬੀਬੀ ਗੁਰਦੀਪ ਕੌਰ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਈ ਹੋਵੇ, ਪਰ ਇਤਿਹਾਸ ਖੁੱਲ੍ਹੀਆਂ ਬਾਹਵਾਂ ਨਾਲ ਇਸ ਬੀਬੀ ਦਾ ਸਵਾਗਤ ਕਰੇਗਾ ਤੇ ਆਉਣ ਵਾਲੀਆਂ ਪੀੜੀਆਂ ਇਸ ਬੀਬੀ ਦੀ ਦਲੇਰੀ ਉੱਤੇ ਮਾਣ ਕਰਦੀਆਂ ਰਹਿਣਗੀਆਂ ਤੇ ਇਸ ਦੀ ਯਾਦ ਕਦੇ ਮਨਾਂ ਵਿੱਚੋਂ ਮਿਟਣ ਨਹੀਂ ਦੇਣਗੀਆਂ।

ਰੰਘਰੇਟੇ ਸਿੱਖ ਆਗੂ ਸ੍ਰ. ਬੀਰੂ ਸਿੰਘ ਦਾ ਕਿਰਦਾਰ ਤੇ ਪੰਥਕ ਵਿਹਾਰ ਤੇ ਸਤਿਕਾਰ

0

ਰੰਘਰੇਟੇ ਸਿੱਖ ਆਗੂ ਸ੍ਰ. ਬੀਰੂ ਸਿੰਘ ਦਾ ਕਿਰਦਾਰ ਤੇ ਪੰਥਕ ਵਿਹਾਰ ਤੇ ਸਤਿਕਾਰ

ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ (ਨਿਊਯਾਰਕ) ਮੋਬਾਈਲ: 1-516 323 9188

ਗੁਰਬਾਣੀ ਤੇ ਗੁਰ ਇਤਿਹਾਸ ਦੀ ਰੌਸ਼ਨੀ ਵਿੱਚ ਵੈਸੇ ਤਾਂ ਹਰੇਕ ‘ਗੁਰਸਿੱਖ’ ਗੁਰੂ ਕਾ ਬੇਟਾ ਹੈ, ਕਿਉਂਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਮੂਹ ਗੁਰਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਦੇ ‘ਗੁਰਸਿੱਖ ਪੁੱਤਰੋ’ ਕਹਿ ਕੇ ਸੰਬੋਧਨ ਕੀਤਾ ਹੈ, ਜਿਵੇਂ ਗੁਰਵਾਕ ਹੈ ‘‘ਜਨ ਨਾਨਕ ਕੇ ‘ਗੁਰਸਿਖ ਪੁਤਹਹੁ’ ! ਹਰਿ ਜਪਿਅਹੁ ਹਰਿ ਨਿਸਤਾਰਿਆ ॥’’ (312) ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਉਪਰੰਤ ਦਿੱਲੀ ਦਾ ਇੱਕ ਗੁਰਸਿੱਖ ਭਾਈ ਜੈਤਾ ਜੀ, ਉਨ੍ਹਾਂ ਦਾ ਲਹੂ-ਲੁਹਾਨ ਪਾਵਨ ਸੀਸ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਪਹੁੰਚਾ ਤਾਂ ਪ੍ਰੰਪਰਾਗਤ ਇਤਿਹਾਸ ਮੁਤਾਬਕ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ ਮਹਾਰਾਜ ਨੇ ਭਾਈ ਜੀ ਨੂੰ ਗਲੇ ਲਗਾਇਆ ਅਤੇ ਨਿਵਾਜ਼ਿਸ਼ ਭਰਿਆ ਵਿਸ਼ੇਸ਼ ਬਚਨ ਕੀਤਾ ‘ਰੰਘਰੇਟਾ, ਗਰੂ ਕਾ ਬੇਟਾ’ ।

ਸਭ ਤੋਂ ਪਹਿਲਾਂ ਮਾਨਵ ਦਰਦੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਪਿੰਡ ਦੇ ਮਿਰਾਸੀ ਮਰਦਾਨੇ ਨੂੰ ‘ਭਾਈ’ ਕਹਿ ਕੇ ਨਿਵਾਜਿਆ । ਉਸ ਦੀ ਰਬਾਬ ਦੇ ਸੰਗੀਤਕ ਸਹਿਯੋਗ ਸਦਕਾ ਗੁਰਬਾਣੀ ਵਿੱਚ ਜੋ ‘‘ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ ॥’’ (15) ਦਾ ਦੈਵੀ ਐਲਾਨ ਕੀਤਾ; ਉਸ ਵਿੱਚ ਭਾਰਤੀ ਮੂਲ ਦੇ ਜਿਨ੍ਹਾਂ ਗ਼ਰੀਬਾਂ ਨੂੰ ਬ੍ਰਾਹਮਣ ਨੇ ‘ਨੀਚੀ ਹੂ ਅਤਿ ਨੀਚੁ’ ਕਹਿ ਕੇ ਦੁਰਕਾਰਿਆ ਤੇ ਪੈਰਾਂ ਹੇਠ ਲਿਤਾੜਿਆ ਸੀ, ਉਹ ਬਿਪਰਵਾਦੀ ਜਾਤੀਆਂ ਹਨ ਚੂਹੜੇ, ਚਮਾਰ, ਚੰਡਾਲ ਤੇ ਰੰਘੜ ।

ਮਨੂ-ਸਿਮ੍ਰਤੀ ਆਦਿਕ ਹਿੰਦੂ ਸ਼ਾਸਤਰਾਂ ਦੀ ਵਰਣਵੰਡ ਮੁਤਾਬਕ ਚੂਹੜਿਆਂ ਦਾ ਕੰਮ ਸੀ ਬਾਕੀ ਸਾਰੇ ਵਰਗਾਂ ਦੀ ਗੰਦਗੀ ਨੂੰ ਸਾਫ਼ ਕਰਨਾ, ਚਮਾਰਾਂ ਦਾ ਕੰਮ ਸੀ ਮਰੇ ਪਸ਼ੂ ਢੋਣਾ ਅਤੇ ਉਨ੍ਹਾਂ ਦੇ ਚੰਮੜੇ ਨੂੰ ਉਤਾਰਨਾ ਤੇ ਸੰਭਾਲਣਾ । ‘ਚੰਡਾਲ’ ਉਨ੍ਹਾਂ ਲੋਕਾਂ ਨੂੰ ਆਖਿਆ ਗਿਆ ਹੈ, ਜਿਹੜੇ ਬ੍ਰਾਹਮਣੀ ਦੀ ਕੁੱਖੋਂ ਕਿਸੇ ਸ਼ੂਦਰ ਦੀ ਸੰਤਾਨ ਹੋਣ (ਵੇਖੋ- ਔਸ਼ਨਸੀ ਸਿਮ੍ਰਤੀ ਸ਼ਚ 8) ਅਤੇ ਰੰਘੜ ਉਨ੍ਹਾਂ ਨੂੰ, ਜਿਹੜੇ ਹਿੰਦੂ ਰਾਜਪੂਤ ਇਸਲਾਮ ਮਜ਼ਹਬ ਧਾਰਨ ਕਰ ਕੇ ਮੁਸਲਮਾਨ ਬਣ ਜਾਂਦੇ ਸਨ, ਜਿਵੇਂ ਅਠਾਰਵੀਂ ਸਦੀ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਬੇਅਦਬੀ ਕਰਨ ਵਾਲਾ ਮੰਡਿਆਲਾ ਨਿਵਾਸੀ ਸ੍ਰੀ ਅੰਮ੍ਰਿਤਸਰ ਪਰਗਣੇ ਦਾ ਚੌਧਰੀ ‘ਮੱਸਾ ਰੰਘੜ’; ਜਿਸ ਦਾ ਸਿਰ ਵੱਡਿਆ ਸੀ ਭਾਈ ਮਹਿਤਾਬ ਸਿੰਘ ‘ਮੀਰਾਂਕੋਟ’ ਅਤੇ ਭਾਈ ਸੁੱਖਾ ਸਿੰਘ ‘ਮਾੜੀ ਕੰਬੋ’ ਨੇ, ਪ੍ਰੰਤੂ ਜਦੋਂ ਤੋਂ ਖ਼ਾਲਸੇ ਦੇ ਸੁਆਮੀ ਦਸਵੇਂ ਪਾਤਸ਼ਾਹ ਨੇ ਪਿਆਰ ਤੇ ਸਤਿਕਾਰ ਸਹਿਤ ਭਾਈ ਜੈਤਾ ਜੀ ਨੂੰ ‘ਰੰਘਰੇਟਾ, ਗੁਰੂ ਕਾ ਬੇਟਾ’ ਕਹਿ ਕੇ ਨਿਵਾਜਿਆ; ਤਦੋਂ ਤੋਂ ਗੁਰੂ ਕੇ ਸਿੱਖਾਂ ਨੇ ਉਪਰੋਕਤ ਸ਼੍ਰੇਣੀ ਦੇ ਸਾਰੇ ਗੁਰਸਿੱਖ ਭਰਾਵਾਂ ਦੀ ਵਿਸ਼ੇਸ਼ ਪਹਿਚਾਣ ਕਰਵਾਉਣ ਦੀ ਮਜ਼ਬੂਰੀ ਵੱਸੋਂ ‘ਰੰਘਰੇਟੇ’ ਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ । ਭਾਵੇਂ ਕਿ ਪਿਛੋਂ ਜਾ ਕੇ ‘ਚੂਹੜਾ’ ਬਿਰਾਦਰੀ ਦੇ ਪਿਛੋਕੜ ਵਾਲੇ ਗੁਰਸਿੱਖ ਭਰਾਵਾਂ ਨੇ ਰੰਘਰੇਟੇ ਲਫ਼ਜ਼ ਦੀ ਥਾਂ ‘ਮਜ਼ਹਬੀ’ ਕਹਿਲਾਉਣ ਅਤੇ ਚਮਾਰ ਪਿਛੋਕੜ ਵਾਲਿਆਂ ਨੇ ਆਪਣੇ ਆਪ ਨੂੰ ਰਵਿਦਾਸੀਏ ਅਖਵਾਉਣ ਵਿੱਚ ਮਾਣ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਇਹ ਸਮਝਣ ਲੱਗ ਪਏ ਸਨ ਕਿ ਇਸ ਢੰਗ ਨਾਲ ਅਸੀਂ ਆਪਣੇ ਤੋਂ ਵੀ ਨੀਚ ਮੰਨੇ ਜਾਂਦੇ ਮੁਸਲਮਾਨ ਪਿਛੋਕੜ ਵਾਲੇ ਰੰਘੜਾਂ ਤੇ ਚੰਡਾਲਾਂ ਤੋਂ ਵੱਖਰੇ ਹੋ ਜਾਂਦੇ ਹਾਂ ।

ਇਹੀ ਕਾਰਨ ਹੈ ਕਿ ਮਿਸਲਾਂ ਦੇ ਰਾਜ-ਕਾਲ ਸਮੇਂ ਜਦੋਂ ਮਿਸਲਦਾਰ ਸਰਦਾਰਾਂ ਤੇ ਹੋਰ ਵੱਖ ਵੱਖ ਇਲਾਕਾ ਨਿਵਾਸੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ ਰਿਹਾਇਸ਼ੀ ਬੁੰਗੇ ਬਣਾਏ ਤਾਂ ਗੰਘਰੇਟੇ ਆਗੂਆਂ ਨੂੰ ਆਪਣੀ ਵਖਰੀ ਹੋਂਦ ਪ੍ਰਗਟਾਉਣ ਲਈ ਜੋ ਬੁੰਗਾ ਉਸਾਰਿਆ, ਉਸ ਦਾ ਨਾਂ ਰੱਖਿਆ ‘ਬੁੰਗਾ ਮਜ਼ਹਬੀ ਸਿੱਖਾਂ’ । ਭਾਵੇਂ ਕਿ ਇਹ ਦੋਵੇਂ ਨਾਂ ਵੀ ਪੰਜਾਬ ਵਿੱਚ ਖ਼ਾਲਸੇ ਦਾ ਦਬਦਬਾ ਕਾਇਮ ਹੋਣ ਉਪਰੰਤ ਜਾਤ ਅਭਿਮਾਨੀ ਲੋਕਾਂ ਦੇ ਓਵੇਂ ਹੀ ਦਿੱਤੇ ਹੋਏ ਹਨ, ਜਿਵੇਂ ਕਿ ਗਾਂਧੀ ਭਗਤ ਕਾਂਗਰਸੀਆਂ ਨੇ ਵੋਟਾਂ ਦੀ ਖ਼ਾਤਰ ਉਪਰੋਕਤ ਬਿਰਾਦਰੀਆਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ‘ਹਰੀਜਨ’ ਕਹਿਣਾ ਸ਼ੁਰੂ ਕਰ ਦਿੱਤਾ ਸੀ । ‘ਮਜ਼ਹਬੀ’ ਪਦ ਦਾ ਅਰਥ ਹੈ – (ਖ਼ਾਲਸਾ) ਮਜ਼ਹਬ ਨੂੰ ਧਾਰਨ ਕਰਨ ਵਾਲਾ ਅਤੇ ‘ਰਵਿਦਾਸੀਏ’ ਦਾ ਅਰਥ ਹੈ -ਭਗਤ ਰਵਿਦਾਸ ਜੀ ਦੀ ਕੁਲ ਦਾ ।

ਇਸੇ ਲਈ ਸੂਝਵਾਨ ਗੁਰਸਿੱਖ ਕਿਸੇ ਐਸੇ ਭਰਾ ਦੇ ਪਿਛੋਕੜ ਦੀ ਪਹਿਚਾਣ ਕਰਵਾਉਣ ਵਾਸਤੇ ਮਜ਼ਬੂਰੀ ਵੱਸ ਵੀ ‘ਚੂਹੜਾ’ ਜਾਂ ‘ਮਜ਼ਹਬੀ’ ਕਹਿਣ ਦੀ ਥਾਂ ਹੁਣ ਤਕ ਰੰਘਰੇਟਾ ਸਿੰਘ ਕਹਿਣਾ ਹੀ ਯੋਗ ਸਮਝਦੇ ਹਨ, ਕਿਉਂਕਿ ਇਸ ਪ੍ਰਕਾਰ ਰੰਘਰੇਟੇ ਗੁਰੂ ਕੇ ਬੇਟੇ ਜਾਣਦਿਆਂ ਉਸ ਅੰਦਰ ਭਰਾਤ੍ਰੀ ਭਾਵ ਵੀ ਵਧਦਾ ਹੈ। ਇਹੀ ਕਾਰਨ ਕਿ 19ਵੀਂ ਸਦੀ ਦੇ ਪੰਜਵੇਂ ਦਹਾਕੇ ਵਿੱਚ ਸੰਨ 1841 ਵਿਖੇ ਲਿਖੇ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਵਿੱਚ ਇਤਿਹਾਸਕ ਦ੍ਰਿਸ਼ਟੀਕੋਨ ਤੋਂ ਸਿੱਖ ਜਰਨੈਲ ਸ੍ਰ. ਬੀਰੂ ਸਿੰਘ (ਬੀਰ ਸਿੰਘ) ਦੀ ਵਿਸ਼ੇਸ਼ ਪਹਿਚਾਣ ਕਰਵਾਉਣ ਲਈ ‘ਰੰਘਰੇਟਾ’ ਵਿਸ਼ੇਸ਼ਣ ਵਰਤਿਆ ਹੈ, ਨਾ ਕਿ ‘ਚੂਹੜਾ’ ਜਾਂ ‘ਮਜ਼ਹਬੀ’ । ਹਾਂ ਇਹ ਜਾਣਕਾਰੀ ਜ਼ਰੂਰ ਦਿੱਤੀ ਹੈ ਅਨਮਤੀ ਲੋਕ (ਗੈਰ ਸਿੱਖ) ਉਸ ਨੂੰ ‘ਚੂਹੜਾ’ ਕਹਿੰਦੇ ਸਨ । ਉਸ ਪਾਸ 1300 ਘੋੜ ਸਵਾਰ ਸਿੰਘਾਂ ਦਾ ਜਥਾ ਸੀ ਅਤੇ ਉਹ ਆਪਣੇ ਜੱਥੇ ਨਿਸ਼ਾਨ ਤੇ ਨਗਾਰਾ ਵੱਖਰਾ ਰੱਖਦਾ ਸੀ । ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਪ੍ਰਕਾਸ਼ਤ ਸੰਨ 1993 ਦੀ ਨਵੀਂ ਐਡੀਸ਼ਨ ਦੀ ਲਿਖਤ ਹੈ :-

ਹੁਤ ਰੰਘਰੇਟੋ, ਚੂਹੜੋ ਕਹਿਂ, ਬੀਰੂ ਸਿੰਘ ਜਵਾਨ ।

ਸੰਗ ਤੇਰਾਂ ਸੌ ਘੋੜਾ ਚੜ੍ਹੈ, ਹੁਤ ਨਗਾਰੋ ਜੁਦੋ ਨਿਸ਼ਾਨ । (ਪੰ. 469)

ਇਹ ਵੀ ਜ਼ਿਕਰ ਹੈ ਕਿ ਕਿਸੇ ਵੇਲੇ ਤੁਰਕਾਂ ਦੀ ਚਾਲ ਵਿੱਚ ਫਸ ਕੇ ਜਥੇ ਸਮੇਤ ਉਹ ਤੁਰਕਾਂ ਨਾਲ ਜਾ ਰਲਿਆ ਤੇ ਉਨ੍ਹਾਂ ਦੀ ਨੌਕਰੀ ਕਬੂਲ ਕੇ ਆਪਣੇ ਪੰਥਕ ਭਰਾਵਾਂ ਨਾਲ ਟਕਰਨ ਲਈ ਤਿਆਰ ਹੋ ਗਿਆ । ਭਾਵੇਂ ਕਿ ਪੰਥਕ ਆਗੂਆਂ ਵੱਲੋਂ ਪਤ੍ਰਕਾ ਰਾਹੀਂ ਸਮਝਾਉਣ ਉਪਰੰਤ ਉਹ ਜੱਸਾ ਸਿੰਘ ਰਾਮਗੜੀਏ ਵਾਂਗ ਛੇਤੀ ਹੀ ਸੰਭਲ ਗਿਆ ਅਤੇ ਖ਼ਾਲਸਈ ਸਨੇਹ ਪ੍ਰਗਟਾਉਂਦਾ ਹੋਇਆ ਵਾਪਸ ਆ ਗਿਆ :

ਏਕ ਸਮੇਂ ਬੀਰੂ ਸਿੰਘ ਭੀ, ਜਾਇ ਰਲਯੋ ਤੁਰਕਨ ਕੇ ਨਾਲ ।

ਤੇਰਾਂ ਸੌ ਘੋੜ ਉਨੈਂ, ਰਖਯੋ ਚਾਕਰ ਤਤਕਾਲ । (ਪੰ. 469), ਪਰ ਅਜਿਹਾ ਹੋਣ ਦੇ ਬਾਵਜੂਦ ਵੀ ਉਸ ਦਾ ਖ਼ਾਲਸਾ ਪੰਥ ਵਿੱਚ ਕਿੰਨਾ ਸਤਿਕਾਰ ਸੀ, ਇਸ ਸਬੰਧ ਵਿੱਚ ਇੱਕ ਬੜੀ ਮਹੱਤਵ ਪੂਰਨ ਘਟਨਾ ਦਾ ਵਰਣਨ ਹੈ ‘ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ । ਲਿਖਿਆ ਗਿਆ ਹੈ ਜਦੋਂ ਕਿਤੇ ਪੰਥ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਰਾਜੇ, ਰਾਜੇ ਆਲਾ ਸਿੰਘ ਪਟਿਆਲੇ ਵਾਲੇ ਨੂੰ ਕਿਸੇ ਰਾਜਨੀਤਕ ਭੁੱਲ ਕਾਰਨ ਬਖ਼ਸ਼ਿਆ ਤਾਂ ਉਸ ਨੇ ਪੰਥਕ ਖੁਸ਼ੀ ਲਈ ਸਿੱਖ ਜਰਨੈਲਾਂ ਨੂੰ ਵਧੀਆ ਘੋੜੇ ਵੰਡੇ । ਅਜਿਹੀ ਵੰਡ ਸਮੇਂ ਜੱਸਾ ਸਿੰਘ ਆਹਲੂਵਾਲੀਆ ਵਰਗੇ ਮੋਢੀ ਤੇ ਮੁੱਖੀ ਸਰਦਾਰਾਂ ਨੂੰ ਛੱਡ ਕੇ ਸਭ ਤੋਂ ਪਹਿਲਾ ਘੋੜਾ ਸ੍ਰ. ਬੀਰੂ ਸਿੰਘ ਰੰਘਰੇਟੇ ਦੇ ਹੱਥ ਫੜਾਇਆ ਅਤੇ ਬਾਕੀਆਂ ਨੂੰ ਉਸ ਤੋਂ ਪਿੱਛੋਂ ਵੰਡੇ ਗਏ । ਉਨ੍ਹਾਂ ਦਾ ਅਜਿਹਾ ਸਤਿਕਾਰ ਸਦਾ ਇਸ ਲਈ ਕੀਤਾ ਜਾਂਦਾ ਸੀ, ਕਿਉਂਕਿ ਇਹ ਤੁਰਕਾਂ ਨਾਲ ਹੋਣ ਵਾਲੇ ਜੁੱਧਾਂ ਵਿੱਚ ਸਭ ਤੋਂ ਮੂਹਰੇ ਹੋ ਕੇ ਲੜਦਾ ਸੀ । ਉਨ੍ਹਾਂ ਦੀ ਇਸ ਦਲੇਰੀ ਨੂੰ ਪੰਥ ਕਦੇ ਵੀ ਭੁੱਲਦਾ ਨਹੀਂ ਸੀ । ਭੰਗੂ ਜੀ ਦੇ ਲਫ਼ਜ਼ ਹਨ :

ਪਹਿਲੋਂ ਘੋੜੋ ਉਸੈ ਫੜਵਾਯੋ । ਪਾਛੈ ਔਰ ਸੁ ਪੰਥ ਬਰਤਾਯੋ ।

ਸੋ ਜੰਗ ਦੌੜ ਮਧ ਮੁਹਰੇ ਰਹੇ । ਉਸ ਯਾਦ ਕਰ ਪੰਥ ਪਹਿਲੋਂ ਦਏ । (ਪੰ. 469), ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਆਪਣੇ ਆਪ ਨੂੰ ਸ਼ਹੀਦ ਬਾਬਾ ਜੀਵਨ ਸਿੰਘ ਤੇ ਸ੍ਰ ਬੀਰੂ ਸਿੰਘ ਉਰਫ਼ ਬੀਰ ਸਿੰਘ ਬੰਗਸ਼ੀ ਦੇ ਵਾਰਸ ਸਦਾਉਣ ਵਾਲੇ ਕੁਝ ਲੋਕ ਧੜੇਬੰਦੀ ਤੇ ਸੁਆਰਥ ਵੱਸ ਦਲਿਤ-ਵਿਰੋਧੀ ਤੇ ਪੰਥ-ਵਿਰੋਧੀ ਸਾਜਿਸ਼ਾਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਖ਼ਤਰਨਾਕ ਪ੍ਰਚਾਰ ਕਰ ਰਹੇ ਹਨ ਕਿ ਪੰਜਾਬ ਦੇ ਅਜੋਕੇ ਮੁੱਖ ਮੰਤਰੀ ਕੈਪਟਨ ਅਰਮਿੰਦਰ ਸਿੰਘ ਦੇ ਪੜਦਾਦਾ ਤੇ ਪਟਿਆਲਾ ਰਿਆਸਤ ਦੇ ਬਾਨੀ ਸ੍ਰ. ਆਲਾ ਸਿੰਘ ਅਤੇ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸ੍ਰ ਚੜ੍ਹਤ ਸਿੰਘ ਸ਼ੁਕਰਚਕੀਏ ਨੇ 2 ਸਤੰਬਰ 1764 ਨੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਧੋਖੇ ਨਾਲ ਜਥੇਦਾਰ ਬੀਰ ਸਿੰਘ ਬੰਗਸ਼ੀ ਸਮੇਤ 500 ਰੰਘਰੇਟੇ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ, ਜੋ ਕਿ ਬਿਲਕੁਲ ਕੋਰਾ ਤੇ ਕਲਪਤ ਝੂਠ ਹੈ । ਇਹ ਵੀ ਲਿਖਿਆ ਹੈ ਕਿ ਇਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਦੀ ਦੁਰਵਰਤੋਂ ਕਰਦਿਆਂ ਨਕਲੀ ਚਿੱਠੀ ਲਿਖ ਕੇ ਬੁਲਾਇਆ ਸੀ ਬੀਰ ਸਿੰਘ ਨੂੰ ਸ੍ਰੀ ਅੰਮ੍ਰਿਤਸਰ । ਪ੍ਰਸਿੱਧ ਇਤਿਹਾਸਕਾਰ ਡਾ. ਦਿਲਗੀਰ ਨੇ ਲਿਖਿਆ ਹੈ ਕਿ ਇਹ ਫੁੱਟ-ਪਾਊ ਗੱਪ ਕਿਸੇ ਗੁਰਨਾਮ ਸਿੰਘ ਮੁਕਤਸਰ ਨਾਂ ਦੇ ਲੇਖਕ ਨੇ ‘ਬ੍ਰੀਫ਼ ਹਿਸਟਰੀ ਆਫ਼ ਮਜ਼ਹਬੀ ਸਿਖਜ਼’ (ਮਜ਼ਹਬੀ ਸਿੱਖਾਂ ਦਾ ਇਤਿਹਾਸ) ਨਾਂ ਦੀ ਪੁਸਤਕ ਵਿੱਚ ਲਿਖੀ ਹੈ । ਸੱਚ ਤਾਂ ਇਹ ਹੈ ਕਿ ਉਸ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਜਿਹੜੇ ਅੰਤਲੇ ਦੋ ਪੰਨਿਆ ਦੀ ਲਿਖਤ ਨੂੰ ਅਧਾਰ ਬਣਾਇਆ ਹੈ, ਉਥੇ ਉਪਰੋਕਤ ਕਿਸਮ ਦਾ ਕੋਈ ਵਰਣਨ ਨਹੀਂ ਹੈ। ਨਾ ਸਥਾਨ ਦਾ, ਨਾ ਹੀ ਸ੍ਰ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਸੇ ਆਗੂ ਵੱਲੋਂ ਬਲਾਉਣ ਦਾ ਅਤੇ ਨਾ ਹੀ ਬੀਰ ਸਿੰਘ ਸਮੇਤ ਕਤਲ ਹੋਣ ਵਾਲੇ 500 ਸਿੰਘਾਂ ਦੀ ਗਿਣਤੀ ਦਾ ।

ਇਸ ਪੱਖੋਂ ਸਭ ਤੋਂ ਪਹਿਲਾ ਤੇ ਸਭ ਤੋਂ ਅਹਿਮ ਸੁਆਲ ਇਹ ਖੜ੍ਹਾ ਹੁੰਦਾ ਹੈ ਕਿ ਫਰਵਰੀ 1762 ਵਿੱਚ ਜਾਂ ਇਉਂ ਕਹੀਏ ਕਿ ਉਪਰੋਕਤ ਘਟਨਾ ਦੇ ਦਿੱਤੇ ਹੋਏ ਨਕਲੀ ਸੰਨ ਤੋਂ ਅਜੇ ਦੋ ਸਾਲ ਪਹਿਲਾਂ 30,000 ਤੋਂ ਵੱਧ ਲਗਭਗ ਅੱਧੀ ਸਿੱਖ ਕੌਮ ਦੁਸ਼ਮਣਾਂ ਵੱਲੋਂ ਸ਼ਹੀਦ ਕਰ ਦਿੱਤੀ ਗਈ ਹੋਵੇ, ਉਸ ਵੇਲੇ ਕਿਹੜਾ ਸ੍ਰ. ਚੜ੍ਹਤ ਸਿੰਘ ਵਰਗਾ ਮੁਖੀ ਸਿੱਖ ਆਗੂ ਅਜਿਹਾ ਮੂਰਖਤਾ ਭਰਿਆ ਨਿਰਦਈ ਕਾਰਾ ਕਰ ਸਕਦਾ ਹੈ  ? ਫਿਰ 500 ਸੂਰਬੀਰ ਵੀ ਉਹ ਜਿਹੜੇ ਸਭ ਤੋਂ ਮੂਹਰੇ ਹੋ ਕੇ ਜੂਝਣ ਵਾਲੇ ਹੋਣ ਅਤੇ ਜਿਨ੍ਹਾਂ ਦੀ ਸੂਰਮਗਤੀ ਪੱਖੋਂ ਰਾਜਾ ਆਲਾ ਸਿੰਘ ਸਮੇਤ ਸਾਰਾ ਪੰਥ ਸਤਿਕਾਰ ਕਰਦਾ ਹੋਵੇ । ਫਿਰ ਅਸਥਾਨ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਰਗਾ, ਜਿੱਥੇ ਸਾਰੇ ਸਿੱਖ ਜਰਨੈਲ ਇੱਕ ਦੂਜੇ ਨਾਲ ਸਿਰ ਵੱਢਵੇਂ ਵੈਰ ਹੋਣ ਦੇ ਬਾਵਜੂਦ ਵੀ ਇਤਨਾ ਵਿਸ਼ਵਾਸ ਕਰਦੇ ਹੋਣ ਕਿ ਇੱਥੇ ਕੋਈ ਵੀ ਗੁਰਸਿੱਖ ਭਰਾ ਕਿਸੇ ਦੂਜੇ ਭਰਾ ’ਤੇ ਮਾਰੂ ਵਾਰ ਨਹੀਂ ਕਰਦਾ ਸੀ।

ਉਪਰੋਕਤ ਕਿਸਮ ਦੀਆਂ ਪੰਥ ਵਿਰੋਧੀ ਤੇ ਦਲਿਤ ਵਿਰੋਧੀ ਬਿਪਰਵਾਦੀ ਸਰਕਾਰੀ ਸਾਜ਼ਸ਼ਾਂ ਦਾ ਸ਼ਿਕਾਰ ਹੋਣ ਵਾਲੇ ਰੰਘਰੇਟੇ ਵੀਰਾਂ ਨੂੰ ਗ਼ਰੀਬ ਨਿਵਾਜ਼ ਸਤਿਗੁਰੂ ਸਾਹਿਬਾਨ ਅਤੇ ਖ਼ਾਲਸਾ ਪੰਥ ਵੱਲੋਂ ਮਿਲੇ ਪਿਆਰ, ਸਤਿਕਾਰ ਅਤੇ ਆਪਣੇ ਪ੍ਰਤੀ ਖ਼ਾਲਸਈ ਉਪਕਾਰਾਂ ਨੂੰ ਚੇਤੇ ਕਰ ਕੇ ਜ਼ਰਾ ਬਿਬੇਕ ਬੁਧੀ ਨਾਲ ਵਿਚਾਰਨ ਦੀ ਲੋੜ ਹੈ ਕਿ ਉਹ ਵੇਲਾ ਸਾਰੇ ਮਿਸਲਦਾਰ ਸਰਦਾਰਾਂ ਦਾ ਆਪਸੀ ਇਲਾਕਿਆਂ ਦੇ ਕਬਜ਼ਿਆਂ ਦੀ ਖਹਿਬਾਜ਼ੀ ਤੇ ਧੜੇਬੰਦਕ ਵੈਰ-ਭਾਵ ਤਿਆਗ ਕੇ ਇਕੱਠੇ ਹੋ ਕੇ ਦੁਸ਼ਮਣਾਂ ਨੂੰ ਮੂੰਹ ਭੰਨਵਾਂ ਜਵਾਬ ਦੇਣ ਦਾ ਸੀ ਜਾਂ ਆਪਣੇ ਸੂਰਬੀਰ ਭਰਾਵਾਂ ਨੂੰ ਧੋਖੇ ਨਾਲ ਮਾਰਨ ਦਾ, ਜਿਨ੍ਹਾਂ ਦੇ ਸਿਰਾਂ ਦੇ ਇਨਾਮ, ਹਾਕਮਾਂ ਵੱਲੋਂ ਪਹਿਲਾਂ ਹੀ ਰੱਖ ਕੇ ਜਾਨਵਰਾਂ ਵਾਂਗ ਸ਼ਿਕਾਰ ਖੇਲਿਆ ਜਾ ਰਿਹਾ ਸੀ।

ਦੂਜੀ ਗੱਲ ਵਿਚਾਰਨ ਵਾਲੀ ਇਹ ਹੈ ਕਿ ਹੈ ਐਸੀ ਕੋਈ ਕੌਮ, ਜਿਸ ਦੇ ਆਗੂਆਂ ਵਿੱਚ ਮੁੱਢ ਤੋਂ ਹੀ ਰਾਜਨੀਤਕ ਸੱਤਾ ਦੀ ਲਾਲਸਾ ਅਤੇ ਨਿੱਜੀ ਜਾਂ ਜਾਤੀ ਹਉਮੈ ਵਸ ਖਹਿਬਾਜ਼ੀ ਦੀਆਂ ਆਪਸੀ ਲੜਾਈਆਂ ਸਦਾ ਤੋਂ ਚੱਲਦੀਆਂ ਆ ਰਹੀਆਂ ਹੋਣ  ? ਇਹ ਝਗੜੇ ਸਾਡੇ ਮੁੱਢਲੇ ਪੰਥਪ੍ਰਸਤ ਬਜ਼ੁਰਗ ਆਗੂਆਂ ਵਿੱਚ ਵੀ ਸਨ ਤੇ ਅਜੋਕਿਆਂ ਵਿੱਚ ਵੀ । ਐਸਾ ਵੀ ਨਹੀਂ ਕਿ ਜੱਟਾਂ ਦੀ ਈਰਖਾ ਕੇਵਲ ਦਲਿਤਾਂ ਤੇ ਭਾਪਿਆਂ ਨਾਲ ਹੀ ਹੋਵੇ ਅਤੇ ਇਨ੍ਹਾਂ ਦੋਵਾਂ ਦੀ ਜੱਟਾਂ ਨਾਲ । ਪੰਜਾਬੀ ਲਕੋਕਤੀ ਮੁਤਾਬਕ ਸੱਚ ਤਾਂ ਇਹ ਹੈ ‘ਰਾਜ ਪਿਆਰੇ ਰਾਜਿਆਂ, ਵੀਰ ਦੁਪਿਆਰੇ’। ਜੇ ਹੁਣ ਦੀ ਕਾਂਗਰਸ ਪਾਰਟੀ ਵੱਲ ਝਾਕੀਏ ਤਾਂ ਗਿਆਨੀ ਜ਼ੈਲ ਸਿੰਘ, ਸ੍ਰ. ਦਰਬਾਰਾ ਸਿੰਘ ਤੇ ਸ੍ਰ. ਬੂਟਾ ਸਿੰਘ ਵਰਗੇ ਅਤੇ ਜੇ ਅਕਾਲੀਆਂ ਵੱਲ ਤੱਕੀਏ ਤਾਂ ਬਾਦਲ, ਬਰਨਾਲਾ, ਟੋਹੜਾ ਤੇ ਤਲਵੰਡੀ ਆਦਿਕ ਸਾਰੇ ਹੀ ਇੱਕ ਦੂਜੇ ਦੀਆਂ ਲੱਤਾਂ ਹੀ ਖਿਚਦੇ ਆ ਰਹੇ ਹਨ । ਇਸ ਲਈ ਅਜਿਹੇ ਝਗੜਿਆਂ ਨੂੰ ਮਜ਼ਹਬ ਨਾਲ ਜੋੜ ਕੇ ਵਿਵਾਦ ਨਹੀਂ ਖੜ੍ਹੇ ਕਰਨੇ ਚਾਹੀਦੇ ।

ਅਠਾਰਵੀਂ ਸਦੀ ਦੇ ਇਤਿਹਾਸ ਨੂੰ ਨਿਰਪੱਖ ਹੋ ਕੇ ਜੇ ਗਹੁ ਨਾਲ ਵੀਚਾਰੀਏ ਤਾਂ ਸਪਸ਼ਟ ਹੁੰਦਾ ਹੈ ਕਿ ਰੰਗਰੇਟਾ ਬੀਰੂ ਸਿੰਘ ਹਮੇਸ਼ਾ ਯਤਨਸ਼ੀਲ ਰਿਹਾ ਕਿ ਮਜ਼ਹਬੀ ਸਿੱਖਾਂ ਦਾ ਜਥਾ ਵੱਖਰੀ ਹੋਂਦ ਵਿੱਚ ਕਾਇਮ ਰਹੇ, ਪਰ ਗੁਰਮਤਿ ਦੀ ਗਹਿਰੀ ਸੂਝ ਰੱਖਣ ਵਾਲੇ ਤੇ ਸਰਬ-ਪ੍ਰਵਾਣਿਤ ਆਗੂ ਨਵਾਬ ਕਪੂਰ ਸਿੰਘ ਤੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਇਸ ਹੱਕ ਵਿੱਚ ਨਹੀਂ ਸਨ, ਕਿਉਂਕਿ ਅਜਿਹਾ ਕਰਨ ਨਾਲ ਸਿੱਖੀ ਵਿੱਚ ਬਿਰਾਦਰੀਵਾਦ ਮੁੜ ਉਭਰੇਗਾ। ਇਹ ‘‘ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥’’ (1127) ਵਰਗੇ ਤਾੜਣਾ ਭਰੇ ਗੁਰਵਾਕਾਂ ਦੀ ਉਲੰਘਣਾ ਅਤੇ ਇੱਕ ਬਾਟੇ ਵਿੱਚ ਅੰਮ੍ਰਿਤ ਛਕਾਉਣ ਦੇ ਮਨੋਰਥ ਤੋਂ ਉੱਲਟ ਹੈ । ਇਸ ਕ੍ਰਿਆ ਦਾ ਇੱਕੋ-ਇੱਕ ਸੰਦੇਸ਼ ਸੀ ਕਿ ਅੱਜ ਤੋਂ ਸਿੱਖ ਆਪਸ ਵਿੱਚ ਊਚ-ਨੀਚ ਤੇ ਜਾਤ-ਪਾਤ ਦੇ ਭਿੰਨ-ਭੇਦ ਮਿਟਾ ਕੇ ਮਾਂ ਜਾਏ ਭਰਾਵਾਂ ਵਾਂਗ ਮਿਲ ਕੇ ਰਹਿਣਗੇ । ਮਿਸਲਾਂ ਕਾਇਮ ਹੋਣ ਵੇਲੇ ਵਧੇਰੇ ਰੰਘਰੇਟੇ ਸਿੰਘ ਨਿਸ਼ਾਨਵਾਲੀਆ ਮਿਸਲ ਵਿੱਚ ਸਮਿਲਤ ਹੋ ਗਏ, ਪ੍ਰੰਤੂ ਸ੍ਰ. ਬੀਰੂ ਸਿੰਘ ਰੰਘਰੇਟੇ ਨੇ ਆਪਣਾ ਨਿਸ਼ਾਨ ਤੇ ਨਗਾਰਾ ਵੱਖਰਾ ਰੱਖਿਆ । ਅਜਿਹਾ ਵਿਚਾਰਧਾਰਕ ਤੇ ਜਥੇਬੰਦਕ ਵਖਰੇਵਾ ਹੋਣ ਦੇ ਬਾਵਜੂਦ ਇੱਕ ਵੀ ਅਜਿਹੀ ਉਦਾਹਰਨ ਨਹੀਂ ਮਿਲਦੀ, ਜਦੋਂ ਬਾਕੀ ਦੇ ਮਿਸਲਦਾਰ ਸਰਦਾਰਾਂ ਨੇ ਇਨ੍ਹਾਂ ਦਾ ਸਤਿਕਾਰ ਨਾ ਕੀਤਾ ਹੋਵੇ ਅਤੇ ਸਿੱਖੀ ਤੇ ਕੌਮੀ ਅਜ਼ਾਦੀ ਦੇ ਸਾਂਝੇ ਦੁਸ਼ਮਣਾਂ ਖ਼ਿਲਾਫ਼ ਇੱਕ ਦੂਜੇ ਨਾਲ ਮਿਲ ਕੇ ਮੂਹਰੇ ਹੋ ਕੇ ਨਾ ਲੜੇ ਹੋਣ । ਹਾਂ ਫਿਰ ਵੀ ਜੇ ਕਿਸੇ ਵੇਲੇ ਸਿੰਘਾਂ ਦੀ ਭਾਸ਼ਾ ਵਿੱਚ ਮਾਰਾ-ਬਿਕਾਰਾ ਹੋ ਗਿਆ ਹੋਵੇ ਤਾਂ ਉਸ ਘਟਨਾ ਨੂੰ ਓਵੇਂ ਹੀ ਲੈਣ ਦੀ ਲੋੜ ਹੈ, ਜਿਵੇਂ ਦੋ ਸਕੇ ਭਰਾ ਕਿਸੇ ਪ੍ਰਕਾਰ ਦੀ ਹਉਮੈ ਵਸ ਆਪਸ ਵਿੱਚ ਖਹਿ ਪਏ ਹੋਣ ਜਾਂ ਸੰਪਤੀ ਤੇ ਰਾਜ-ਸੱਤਾ ਲਈ ਝਗੜੇ ਹੋਣ । ਐਸੀਆਂ ਲੜਾਈਆਂ ਬਾਬਾ ਬੰਦਾ ਸਿੰਘ ਦੇ ਰਾਜ ਵੇਲੇ ਵੀ ਹੋਈਆਂ, ਮਿਸਲਾਂ ਵੇਲੇ ਵੀ ਹੋਈਆਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਭਾਗ ਦਾ ਸੂਰਜ ਵੀ ਇਨ੍ਹਾਂ ਲੜਾਈਆਂ ਕਾਰਨ ਹੀ ਛਿਪਿਆ । ਐਸਾ ਵੀ ਨਹੀਂ ਕੇਵਲ ਜੱਟਾਂ ਦੀਆਂ ਰੰਘਰੇਟਿਆਂ ਜਾਂ ਰਾਮਗੜੀਆਂ ਨਾਲ ਹੀ ਲੜਾਈਆਂ ਹੋਈਆਂ, ਸਗੋਂ ਵਧੇਰੇ ਕਰ ਕੇ ਜੱਟਾਂ ਦੀਆਂ ਜੱਟਾਂ ਨਾਲ ਹੀ ਹੋਈਆਂ । ਇੱਥੋਂ ਤੱਕ ਕਿ ਇਸ ਖਹਿਬਾਜ਼ੀ ਕਾਰਨ ਜੱਸਾ ਸਿੰਘ ਰਾਮਗੜੀਆ ਕਾਂਗੜੇ ਦੇ ਰਾਜੇ ਨਾਲ ਮਿਲ ਕੇ ਰਾਣੀ ਸਦਾ ਕੌਰ ਵਾਲੀ ਕਨ੍ਹਈਆ ਮਿਸਲ ਵਿਰੁਧ ਗੋਂਦਾ ਗੁੰਦਦਾ ਰਿਹਾ ਅਤੇ ਦਿੱਲੀ ਫ਼ਤਹ ਕਰਨ ਵਾਲਾ ਕਰੋੜੀਆ ਮਿਸਲ ਦਾ ਸਰਦਾਰ ਬਘੇਲ ਸਿੰਘ ਮੁਗਲਾਂ ਨਾਲ ਮਿਲ ਕੇ ਪਟਿਆਲਾ ਪਤੀ ਸ੍ਰ. ਆਲਾ ਸਿੰਘ ਦਾ ਰਾਜ ਹੜਪਣ ਲਈ ਇੱਕ ਸਮੇਂ ਹਮਲਾਵਰ ਵੀ ਹੋਇਆ । ਇਸ ਲਈ ਦੱਬੇ ਹੋਏ ਮੁਰਦੇ ਪੁੱਟਦਿਆਂ ‘ਰਾਈ ਦਾ ਪਹਾੜ ਬਣਾ ਕੇ ਕਿਸੇ ਐਸੇ ਛੋਟੇ-ਮੋਟੇ ਝਗੜੇ ਨੂੰ ‘ਰੰਘਰੇਟਾ ਕਤਲਿਆਮ’ ਦੱਸਣਾ ਤੇ ਪੰਥ ਵਿੱਚ ਦੁਫਾੜ ਪੈਦਾ ਕਰਨੀ ਕਿੱਥੋਂ ਦੀ ਸਿਆਣਪ ਹੈ ? ਇਹ ਪੰਥ-ਦਰਦੀ ਗੁਰਸਿੱਖਾਂ ਦਾ ਵਰਤਾਰਾ ਨਹੀਂ । ਹੋ ਸਕਦਾ ਹੈ ਕਿ ਕਿਸੇ ਪੰਥ-ਵਿਰੋਧੀ ਸਾਜ਼ਸ਼ੀ ਨੇ ਇਤਿਹਾਸ ਵਿੱਚ ਐਸਾ ਕੋਈ ਫੁੱਟ-ਪਾਊ ਬੀਜ ਬੀਜਿਆ ਹੋਵੇ । ਭਾਈ ਵੀਰ ਸਿੰਘ ਜੀ ਨੇ ‘ਪ੍ਰਾਚੀਨ ਪੰਥ ਪ੍ਰਕਾਸ਼’ ਦੀ ਭੂਮਿਕਾ ਵਿੱਚ ਮੰਨਿਆ ਹੈ ਕਿ ਇਹ ਪੋਥੀ ਵੀ ਰਲੇ ਤੋਂ ਬਚ ਨਹੀਂ ਸਕੀ ।

ਮੁਕਦੀ ਗੱਲ ! ਹੁਣ ਜਦੋਂ ਭਾਜਪਾ ਦੀ ਹਿੰਦੂਤਵੀ ਕੇਂਦਰੀ ਹਕੂਮਤ ਹਿੰਦੂ-ਰਾਸ਼ਟਰ ਦੇ ਏਜੰਡੇ ਤਹਿਤ ਭਾਰਤ ਨੂੰ ਹਿੰਦੋਸਤਾਨ ਵਿੱਚ ਬਦਲਣ ਲਈ ਪੱਬਾਂ ਭਾਰ ਹੋਈ ਪਈ ਹੈ ਅਤੇ ਭਾਰਤੀ ਘਟ-ਗਿਣਤੀਆਂ ਨੂੰ ਆਪਸ ਵਿੱਚ ਉਲਝਾਉਂਦਿਆਂ ਕਮਜ਼ੋਰ ਕਰ ਕੇ ਆਪਣਾ ਮਨੋਰਥ ਪੂਰਾ ਕਰਨਾ ਚਾਹੁੰਦੀ ਹੈ ਤਦੋਂ ਲੋੜ ਤਾਂ ਸੀ ਕਿ ਅਸੀਂ ਸਾਰੇ ਇੱਕ-ਮੁੱਠ ਹੋ ਕੇ ਉਸ ਔਰੰਗਜ਼ੇਬੀ ਸੰਕੀਰਨ ਸੋਚ ਦਾ ਮੁਕਾਬਲਾ ਕਰੀਏ । ਖ਼ਾਲਸਾ ਪੰਥ ਇਸ ਦੀ ਅਗਵਾਈ ਕਰੇ, ਪਰ ਜਦੋਂ ਤੋਂ ਘੱਟ ਗਿਣਤੀਆਂ ਦੇ ਆਗੂ ਇਕੱਠੇ ਹੋਣ ਲਈ ਯਤਨਸ਼ੀਲ ਹੋਏ ਹਨ, ਉਦੋਂ ਤੋਂ ਸਰਕਾਰੀ ਏਜੰਸੀਆਂ ਵੀ ਉਨਾਂ ਨੂੰ ਰੋਕਣ ਲਈ ਸਰਗਰਮ ਹੋ ਗਈਆਂ ਹਨ। 2 ਸਤੰਬਰ ਨੂੰ ਚਾਟੀਵਿੰਡ ਸ੍ਰੀ ਅੰਮ੍ਰਿਤਸਰ ਵਿੱਚ ਹੋਣ ਵਾਲਾ ਇਕੱਠ ਵੀ ਉਨ੍ਹਾਂ ਸਰਕਾਰੀ ਸਾਜ਼ਸ਼ਾਂ ਦੀ ਇੱਕ ਖ਼ਤਰਨਾਕ ਕੜੀ ਹੈ। ਇਸ ਪ੍ਰਤੀ ਖ਼ਾਲਸਾ ਪੰਥ ਸਮੇਤ ਸਾਰੇ ਮਾਨਵ-ਦਰਦੀ ਤੇ ਸਰਬੱਤ ਦੇ ਭਲੇ ਦੀ ਸੋਚ ਰੱਖਣ ਵਾਲੇ ਸੱਜਣਾਂ ਨੂੰ ਸੁਚੇਤ ਹੋਣ ਦੀ ਲੋੜ ਹੈ, ਤਾਂ ਕਿ ਉਪਰੋਕਤ ਕਿਸਮ ਦੇ ਸਾਜ਼ਸ਼ੀ ਲੋਕ ਆਪਣੇ ਭੈੜੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕਣ ।

ਭੁੱਲ-ਚੁੱਕ ਮੁਆਫ਼ ।

ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ (ਨਿਊਯਾਰਕ) ਮੋਬਾਈਲ: 1-516 323 9188

ਰੰਘਰੇਟੇ ਸਿੱਖਾਂ ਦਾ ਪੰਥਕ ਪਿਆਰ, ਸਤਿਕਾਰ ਤੇ ਸੇਵਾ-ਸੰਭਾਲ

0

ਰੰਘਰੇਟੇ ਸਿੱਖਾਂ ਦਾ ਪੰਥਕ ਪਿਆਰ, ਸਤਿਕਾਰ ਤੇ ਸੇਵਾ-ਸੰਭਾਲ

ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ (ਨਿਊਯਾਰਕ) ਮੋਬਾਈਲ : 1-516-323-9188

ਮਹਾਨਕੋਸ਼ ਮੁਤਾਬਕ ਰੰਘਰੇਟਾ ਲਫ਼ਜ਼ ‘ਰੰਘੜੇਟਾ’ ਦਾ ਵਿਗੜਿਆ ਹੋਇਆ ਰੂਪ ਹੈ ਅਤੇ ਇਸ ਦਾ ਅਰਥ ਹੈ – ਰੰਘੜ ਦਾ ਬੇਟਾ । ਗੁਰੂ ਕਾਲ ਵੇਲੇ ‘ਰੰਘੜ’ ਭਾਵੇਂ ਉਨ੍ਹਾਂ ਰਾਜਪੂਤਾਂ ਨੂੰ ਕਿਹਾ ਜਾਂਦਾ ਸੀ, ਜਿਹੜੇ ਇਸਲਾਮ ਮਤ ਧਾਰਨ ਕਰ ਲੈਂਦੇ ਸਨ, ਜਿਵੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਕਰਨ ਵਾਲਾ ਮੰਡਿਆਲਾ ਨਿਵਾਸੀ ਸ੍ਰੀ ਅੰਮ੍ਰਿਤਸਰ ਪਰਗਣੇ ਦਾ ਚੌਧਰੀ ‘ਮੱਸਾ ਰੰਘੜ’ ਸੀ।

ਪ੍ਰੰਤੂ ਜਦੋਂ ਤੋਂ ਖ਼ਾਲਸੇ ਦੇ ਸੁਆਮੀ ਦਸਵੇਂ ਪਾਤਸ਼ਾਹ ਨੇ ਪਿਆਰ ਤੇ ਸਤਿਕਾਰ ਸਹਿਤ ਭਾਈ ਜੈਤਾ ਜੀ ਨੂੰ ‘ਰੰਘਰੇਟਾ, ਗੁਰੂ ਕਾ ਬੇਟਾ’ ਕਹਿ ਕੇ ਨਿਵਾਜਿਆ; ਤਦੋਂ ਤੋਂ ਗੁਰੂ ਕੇ ਸਿੱਖਾਂ ਵੱਲੋਂ ਉਨ੍ਹਾਂ ਸਾਰੇ ਗੁਰਸਿੱਖ ਭਰਾਵਾਂ ਦੀ ਵਿਸ਼ੇਸ਼ ਪਹਿਚਾਣ ਕਰਵਾਉਣ ਦੀ ਮਜ਼ਬੂਰੀ ਵੱਸੋਂ ‘ਰੰਘਰੇਟੇ’ ਨਾਂ ਦੀ ਵਰਤੋਂ ਕੀਤੀ ਜਾਣ ਲੱਗੀ, ਜਿਨ੍ਹਾਂ ਨੂੰ ਮੰਨੂਵਾਦੀ ਦ੍ਰਿਸ਼ਟੀਕੋਨ ਤੋਂ ਸ਼ੂਦਰਾਂ ਵਿੱਚੋਂ ਵੀ ਅਤਿ ਨੀਚ ਤੇ ਅਛੂਤ ਮੰਨ ਕੇ ਬਹੁਤ ਹੀ ਘ੍ਰਿਣਤ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ, ਜਿਵੇਂ ਰੰਘੜ, ਚੂਹੜੇ, ਚਮਾਰ ਤੇ ਚੰਡਾਲ, ਕਿਉਂਕਿ ਸੂਝਵਾਨ ਗੁਰਸਿੱਖਾਂ ਨੇ ਦਸਮੇਸ਼ ਗੁਰੂ ਦੀ ਬਖ਼ਸ਼ਿਸ਼ ਭਰੀ ਰਮਜ਼ ਨੂੰ ਸਮਝ ਲਿਆ ਸੀ । ਉਹ ਜਾਣ ਗਏ ਸਨ ਕਿ ਗੁਰੂ ਦ੍ਰਿਸ਼ਟੀ ਵਿੱਚ ‘ਰੰਘਰੇਟਾ’ ਲਫ਼ਜ਼ ਦੇ ਅਰਥ ਹੁਣ ‘ਰੰਘੜ ਦਾ ਬੇਟਾ’ ਨਹੀਂ, ਸਗੋਂ ‘ਗੁਰੂ ਕਾ ਬੇਟਾ’ ਹੋ ਗਏ ਹਨ । ਭਾਵੇਂ ਕਿ 19ਵੀਂ ਸਦੀ ਦੇ ਆਰੰਭ ਤੋਂ ਇਨ੍ਹਾਂ ਨੇ ਆਪਣੇ ਆਪ ਨੂੰ ਮਜ਼ਹਬੀ, ਰਵਿਦਾਸੀਏ, ‘ਰਾਮਦਾਸੀਏ’ ਤੇ ਰਾਮਗੜ੍ਹੀਏ ਸਦਾਉਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਇਹੀ ਉਪਨਾਮ ਵਧੇਰੇ ਪ੍ਰਚਲਿਤ ਹਨ, ਕਿਉਂਕਿ ਸਹਿਜੇ ਸਹਿਜੇ ਇਹ ਪੱਖ ਵੀ ਸਿੱਖਾਂ ਦੀ ਸਮਝ ਗੋਚਰੇ ਹੋ ਗਿਆ ਸੀ ਕਿ ਸਤਿਗੁਰਾਂ ਨੇ ਭਾਈ ਜੈਤਾ ਜੀ ਨੂੰ ਜੋ ਪਿਆਰ ਤੇ ਸਤਿਕਾਰ ਬਖ਼ਸ਼ਿਆ ਹੈ, ਉਸ ਪਿੱਛੇ ਕੇਵਲ ਭਾਈ ਜੀ ਦੀ, ਸ਼ਹੀਦ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਜਾਨ ’ਤੇ ਖੇਲ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਣ ਦੀ ਦਲੇਰੀ ਤੇ ਕੁਰਬਾਨੀ ਹੀ ਨਹੀਂ, ਸਗੋਂ ਵਿਸ਼ੇਸ਼ ਕਾਰਨ ਗੁਰੂ ਨਾਨਕ ਪਾਤਸ਼ਾਹ ਦਾ ਉਹ ਦੁਨੀਆਂ ਤੋਂ ਵਿਲੱਖਣ ਗ਼ਰੀਬ-ਨਿਵਾਜ਼ੀ ਰੱਬੀ-ਦ੍ਰਿਸ਼ਟੀਕੋਨ ਹੈ; ਜਿਸ ਅਧੀਨ ਉਨ੍ਹਾਂ ਨੇ ਰਬਾਬੀ ਮਿਰਾਸੀ ਮਰਦਾਨੇ ਨੂੰ ‘ਭਾਈ’ ਕਹਿ ਕੇ ਆਪਣਾ ਸਾਥੀ ਬਣਾਇਆ ਅਤੇ ‘‘ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ ॥’’ (ਮ:੧/15) ਦਾ ਦੈਵੀ ਐਲਾਨ ਕੀਤਾ ਸੀ।

ਕਮਾਲ ਦੀ ਗੱਲ ਇਹ ਹੈ ਕਿ ਜੇ ਗ਼ਰੀਬ-ਨਿਵਾਜ਼ ਸਤਿਗੁਰਾਂ ਨੇ ਕਥਿਤ ਸ਼ੂਦਰ ਭਗਤਾਂ ਨੂੰ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਆਪਣੇ ਬਰਾਬਰ ਰੂਹਾਨੀ ਸਿੰਘਾਸਣ ’ਤੇ ਬਿਰਾਜਮਾਨ ਕਰਕੇ ‘‘ਨੀਚਹ, ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ ਨ ਡਰੈ ॥’’ (ਭਗਤ ਰਵਿਦਾਸ/੧੧੦੬) ਦਾ ਰੱਬੀ-ਸੱਚ ਪ੍ਰਕਾਸ਼ਮਾਨ ਕੀਤਾ ਅਤੇ ਫਿਰ ਗੁਰੂ ਦੇ ਸਾਜੇ-ਨਿਵਾਜੇ ਖ਼ਾਲਸਾ ਪੰਥ ਨੇ ਉਨ੍ਹਾਂ ਦੇ ਭਾਈਚਾਰਿਆਂ ਦੇ ਅਠਾਰਵੀਂ ਸਦੀ ਵਿੱਚਲੇ ਸੂਰਬੀਰਾਂ ਅਤੇ ਅਜੋਕੇ ਆਗੂਆਂ ਨੂੰ ਸਤਾਧਾਰੀ ਸਿੰਘਾਸਣਾਂ ’ਤੇ ਬੈਠਾਅ ਕੇ ਵਿਸ਼ੇਸ਼ ਸਰਦਾਰੀਆਂ ਬਖ਼ਸ਼ੀਆਂ, ਕਿਉਂਕਿ ਖ਼ਾਲਸੇ ਦੇ ਸੁਆਮੀ ਨੇ ਇਹ ਦ੍ਰਿੜ੍ਹ ਸੰਕਲਪ ਲਿਆ ਸੀ ਕਿ ‘‘ਜਿਨ ਕੀ ਜਾਤ ਵਰਣ ਕੁਲ ਮਾਹੀਂ । ਸਰਦਾਰੀ ਨਹਿਂ ਭਈ ਕਦਾਹੀਂ । ਇਨਹੀਂ ਕੋ ਸਰਦਾਰ ਬਨਾਵਊਂ । ਤਬੈ ਗੋਬਿੰਦ ਸਿੰਘ ਨਾਮ ਕਹਾਵਊਂ ।’’ (ਪੰਥ ਪ੍ਰਕਾਸ਼-ਗਿ. ਗਿਆਨ ਸਿੰਘ) ਤਾਂ ਅਜਿਹੇ ਗ਼ਰੀਬ ਸਿੱਖੜਿਆਂ ਨੇ ਵੀ ਭਗਤ ਰਵਿਦਾਸ ਜੀ ਨਾਲ ਆਤਮਕ-ਸਾਂਝ ਪਾ ਕੇ ‘‘ਐਸੀ, ਲਾਲ ! ਤੁਝ ਬਿਨੁ ਕਉਨੁ ਕਰੈ  ?॥ ਗਰੀਬ ਨਿਵਾਜੁ ਗੁਸਈਆ ਮੇਰਾ, ਮਾਥੈ ਛਤ੍ਰੁ ਧਰੈ ॥’’ (1106) ਦਾ ਇਲਾਹੀ-ਗੀਤ ਗਾਉਂਦਿਆਂ ਗੁਰੂ ਤੇ ਪੰਥ ਤੋਂ ਆਪਣੀਆਂ ਜਿੰਦੜੀਆਂ ਅਤੇ ਆਪਣੇ ਪਰਵਾਰਾਂ ਨੂੰ ਘੋਲ ਘੁਮਾਇਆ ।

ਇਸ ਪੱਖੋਂ ‘ਪੰਜ ਪਿਆਰਿਆਂ’ ਦਾ ਸਦੀਵੀ ਰੁਤਬਾ ਹਾਸਲ ਕਰਨ ਵਾਲੇ ਦਿੱਲੀ ਤੋਂ ਭਾਈ ਧਰਮ (ਜੱਟ), ਜਗੰਨਾਥਪੁਰੀ ਤੋਂ ਹਿੰਮਤ ਸਿੰਘ (ਝੀਵਰ), ਦੁਵਾਰਕਾ ਤੋਂ ਮੁਹਕਮ ਸਿੰਘ (ਛੀਂਬਾ) ਤੇ ਬਿਦਰ ਤੋਂ ਭਾਈ ਸਾਹਿਬ (ਨਾਈ) ਸਿੰਘ ਜੀ ਦਾ ਸਿੱਖੀ ਸਿਦਕ ਸਿੱਖੀ ਦੇ ਅਕਾਸ਼ ਉੱਤੇ ਧ੍ਰੂ ਤਾਰੇ ਵਾਂਗ ਸਦਾ ਚਮਕਦਾ ਰਹੇਗਾ। ਇਸੇ ਤਰ੍ਹਾਂ ਗੁਰੂ ਦੇ ਪਿਆਰ, ਸਤਿਕਾਰ ਨੂੰ ਪ੍ਰਗਟਾਉਣ ਲਈ ਰੰਘਰੇਟੇ ਸ਼ਹੀਦ ਭਾਈ ਜੀਵਨ ਸਿੰਘ, ਰੰਘਰੇਟੇ ਪਿਉ ਪੁੱਤਰ ਭਾਈ ਬੀਰ ਸਿੰਘ ਤੇ ਧੀਰ ਸਿੰਘ ਦਾ ਨਾਂ ਸਦਾ ਸੇਧ ਬਖ਼ਸ਼ਦਾ ਰਹੇਗਾ । ਸਿੱਖ ਕੌਮ ਦੀ ਅਜ਼ਾਦ ਹਸਤੀ ਪ੍ਰਗਟਾਉਣ ਲਈ ਭਾਈ ਬੋਤਾ ਸਿੰਘ (ਸੰਧੂ ਜੱਟ) ਦਾ ਸਾਥੀ ਬਣੇ ਰੰਗਰੇਟੇ ਭਾਈ ਗਰਜਾ ਸਿੰਘ ਅਤੇ ਗੁਰੂ ਦਰਬਾਰ ਦੀ ਪਵਿਤ੍ਰਤਾ ਤੇ ਸਤਿਕਾਰ ਨੂੰ ਬਹਾਲ ਰੱਖਣ ਲਈ ਮੱਸੇ ਰੰਘੜ ਨੂੰ ਸੋਧਣ ਵਾਲੇ ਭਾਈ ਮਹਿਤਾਬ ਮੀਰਾਂ ਕੋਟ (ਭੰਗੂ ਜੱਟ) ਦਾ ਸਾਥ ਦੇਣ ਵਾਲੇ ਕਿੰਬੋਕੀ ਮਾੜੀ ਪਿੰਡ ਦੇ ਭਾਈ ਸੁੱਖਾ ਸਿੰਘ (ਕਲਸੀ ਤਰਖਾਣ) ਦਾ ਹਵਾਲਾ ਸਿੱਖੀ ਦੀ ਫੁਲਵਾੜੀ ਵਿੱਚ ਹਮੇਸ਼ਾਂ ਲਈ ਟਹਿਕਦਾ ਹੋਇਆ ਕੁਰਬਾਨੀ ਦੀ ਮਹਿਕ ਵੰਡਦਾ ਰਹੇਗਾ ।

ਇਸੇ ਤਰਜ਼ ’ਤੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਤੇ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਵਿੱਚ ਤਰਣਾ ਦਲ ਦੇ ਜਰਨੈਲਾਂ ਵੱਜੋਂ ਰੰਘਰੇਟੇ ਆਗੂ ਸ੍ਰ. ਜੀਊਣ ਸਿੰਘ, ਮਦਨ ਸਿੰਘ ਤੇ ਬੀਰੂ ਸਿੰਘ ਤੋਂ ਇਲਾਵਾ ਰਾਮਗੜੀਏ ਸ੍ਰ. ਜੱਸਾ ਸਿੰਘ, ਸੁੱਖਾ ਸਿੰਘ ਕੰਬੋਕੀ ਮਾੜੀ ਅਤੇ ਸ਼ਹੀਦ ਭਾਈ ਮਨੀ ਸਿੰਘ ਦੇ ਭਤੀਜੇ ਭਾਈ ਅਘੜ ਸਿੰਘ (ਕੰਬੋਅ) ਦੇ ਨਾਂ ਵੀ ਸਦੀਵ ਕਾਲ ਵਾਸਤੇ ਸਿੱਖਾਂ ਨੂੰ ਕੌਮੀ ਅਜ਼ਾਦੀ ਲਈ ਜੂਝਣ ਦਾ ਚਾਅ ਬਖ਼ਸ਼ਦੇ ਰਹਿਣਗੇ । ਇਹੀ ਕਾਰਨ ਹੈ ਕਿ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਈ ਰਾਜ ਵਿੱਚ ਇਨ੍ਹਾਂ ਦਲਿਤ ਭਰਾਵਾਂ ਨੇ ਸਰਦਾਰੀਆਂ ਮਾਣੀਆਂ ਤੇ ਸਰਬਪੱਖੀ ਸਨਮਾਨ ਹਾਸਲ ਕੀਤਾ, ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਆਪਣੇ ਆਪ ਨੂੰ ਸ਼ਹੀਦ ਬਾਬਾ ਜੀਵਨ ਸਿੰਘ ਤੇ ਬੀਰ ਸਿੰਘ ਬੰਗਸ਼ੀ ਦੇ ਵਾਰਸ ਸਦਾਉਣ ਵਾਲੇ ਕੁਝ ਲੋਕ ਧੜੇਬੰਦੀ ਤੇ ਸੁਆਰਥ ਵੱਸ ਦਲਿਤ-ਵਿਰੋਧੀ ਤੇ ਪੰਥ-ਵਿਰੋਧੀ ਸਾਜਿਸ਼ਾਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਖ਼ਤਰਨਾਕ ਪ੍ਰਚਾਰ ਕਰ ਰਹੇ ਹਨ ਕਿ ਪੰਜਾਬ ਦੇ ਅਜੋਕੇ ਮੁੱਖ ਮੰਤਰੀ ਕੈਪਟਨ ਅਰਮਿੰਦਰ ਸਿੰਘ ਦੇ ਪੜਦਾਦਾ ਤੇ ਪਟਿਆਲਾ ਰਿਆਸਤ ਦੇ ਬਾਨੀ ਸ੍ਰ. ਆਲਾ ਸਿੰਘ ਅਤੇ ਸ਼ੇਰਿ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸ੍ਰ ਚੜ੍ਹਤ ਸਿੰਘ ਸ਼ੁਕਰਚਕੀਏ ਨੇ 2 ਸਤੰਬਰ 1764 ਨੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਧੋਖੇ ਨਾਲ ਜਥੇਦਾਰ ਬੀਰ ਸਿੰਘ ਬੰਗਸ਼ੀ ਸਮੇਤ 500 ਰੰਘਰੇਟੇ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ ਸੀ, ਜੋ ਕਿ ਬਿਲਕੁਲ ਕੋਰਾ ਤੇ ਕਾਲਪਤ ਝੂਠ ਹੈ। ਪੰਥ-ਦਰਦੀ ਵਿਦਵਾਨਾਂ ਦੀ ਰਾਇ ਹੈ ਕਿ ਇਹ ਖ਼ਾਲਸਾ ਪੰਥ ਨੂੰ ਦੁਫਾੜ ਕਰ ਕੇ ਸਿੱਖੀ ਦੇ ਰਾਜਨੀਤਕ ਵਿਕਾਸ ਨੂੰ ਰੋਕਣ ਦੀ ਕੋਈ ਡੂੰਘੀ ਸਰਕਾਰੀ ਸਾਜਿਸ਼ ਹੈ, ਕਿਉਂਕਿ ਉਹ ਸਮਝਦੇ ਸਨ ਕਿ ਉਪਰੋਕਤ ਰਾਜ-ਘਰਾਣਿਆਂ ਦੀ ਯਾਦ ਸਿੱਖਾਂ ਅੰਦਰ ਆਪਣਾ ਰਾਜ-ਭਾਗ ਸਥਾਪਤ ਕਰਨ ਦੀ ਰੀਝ ਪੈਦਾ ਕਰਦੀ ਹੈ।

ਇਹ ਵੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਅਜੋਕੇ ਪੰਥਕ ਆਗੂਆਂ ਨੇ ਦਲਿਤ ਸਿੱਖ ਪਰਿਵਾਰਾਂ ਦੇ ਸਰਬਪੱਖੀ ਵਿਕਾਸ ਲਈ ਕੋਈ ਉਪਰਾਲੇ ਨਹੀਂ ਕੀਤੇ । ਜੱਟ ਲੋਕ ਸਾਨੂੰ ਅਜੇ ਚੂਹੜੇ-ਚਮਾਰ ਕਹਿ ਕੇ ਦੁਰਕਾਰਦੇ ਹਨ, ਪਰ ਇਥੇ ਦੋ ਪੱਖ ਸਮਝਣ ਯੋਗ ਹਨ । ਪਹਿਲਾ ਇਹ ਕਿ ਜੱਟਾਂ ਨੂੰ ਵੀ ਹਿੰਦੂ ਸ਼ਾਸਤਰਾਂ ਨੇ ਕੋਈ ਉੱਤਮ ਜਾਤੀ ਨਹੀਂ ਮੰਨਿਆ। ਇਹ ਹਲਵਾਹਕ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਨਾਲ ਜ਼ਮੀਨਾਂ ਦੇ ਮਾਲਕ ਬਣੇ ਹਨ । ਦੂਜਾ ਸਾਰੇ ਜੱਟ ਸਿਧਾਂਤਕ ਦ੍ਰਿਸ਼ਟੀਕੋਨ ਤੋਂ ਸਿੱਖ ਨਹੀਂ ਮੰਨੇ ਜਾ ਸਕਦੇ ਕਿਉਂਕਿ ਸਿੱਖ ਓਹੀ ਹਨ, ਜਿਨ੍ਹਾਂ ਨੇ ਗੁਰਮਤ ਸਿਧਾਂਤਾਂ ਨੂੰ ਸਮਝਿਆ ਤੇ ਜੀਵਨ ਵਿਹਾਰ ਵਿੱਚ ਧਾਰਨ ਕੀਤਾ ਹੈ । ਇਸ ਲਈ ਉਨ੍ਹਾਂ ਦੇ ਬਿਪਰਵਾਦੀ ਗ਼ਲਤ ਵਿਹਾਰ ਸਿੱਖਾਂ ਦੇ ਗਲ ਨਹੀਂ ਮੜ੍ਹਣਾ ਚਾਹੀਦਾ । ਇਹ ਕਹਿਣਾ ਵੀ ਦਿਨ ਨੂੰ ਰਾਤ ਕਹਿਣ ਵਾਂਗ ਝੂਠਾ ਤੇ ਗ਼ਲਤ ਹੈ ਕਿ ਪੰਥਕ ਆਗੂਆਂ ਨੇ ਕੁਝ ਨਹੀਂ ਕੀਤਾ, ਕਿਉਂਕਿ ਸੰਨ 1925 ਵਿਚ ਗੁਰਦੁਆਰਾ ਐਕਟ ਬਣਨ ਉਪਰੰਤ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਹੋਂਦ ਵਿੱਚ ਆਈ ਤਾਂ ਦਲਿਤ ਪਿਛੋਕੜ ਵਾਲੇ ਸਿੱਖ ਭਾਈਚਾਰੇ ਦੀ ਸੇਵਾ ਸੰਭਾਲ, ਸਤਿਕਾਰ ਅਤੇ ਉਨ੍ਹਾਂ ਦੀ ਸਰਬਪੱਖੀ ਉਨਤੀ ਲਈ ਚਿੰਤਾ ਪ੍ਰਗਟਾਉਂਦਿਆਂ ਜੋ ਗੁਰਮਤੇ ਪਹਿਲ ’ਤੇ ਅਧਾਰਿਤ ਪਾਸ ਕੀਤੇ ਅਤੇ ਅਮਲ ਵਿੱਚ ਲਿਆਂਦੇ ਗਏ, ਉਨ੍ਹਾਂ ਦੀ ਬਦੌਲਤ ਹੀ ਰਾਜਨੀਤਕ ਖੇਤਰ ਵਿੱਚ ਦਲਿਤ ਤੇ ਪਛੜੀਆਂ ਸ਼੍ਰੇਣੀਆਂ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣ ਕੇ ਜਥੇਦਾਰ ਕ੍ਰਿਪਾਲ ਸਿੰਘ ਬੰਡੂਗਰ ਵਾਂਗ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲੈ ਕੇ ਪੰਜਾਬ ਵਿਧਾਨ ਸਭਾ ਦੇ ਮੁੱਖ ਮੰਤ੍ਰੀ ਅਤੇ ਐਮ ਪੀ ਬਣ ਕੇ ਲੋਕ ਸਭਾ ਦੇ ਸਪੀਕਰ, ਗ੍ਰਹਿ ਮੰਤਰੀ ਤੇ ਰਾਸ਼ਟਰਪਤੀ ਦੇ ਅਹੁਦਿਆਂ ਤੱਕ ਪਹੁੰਚੇ ਤੇ ਸਰਦਾਰੀਆਂ ਮਾਣੀਆਂ, ਜਿਵੇਂ ਸ਼੍ਰੋਮਣੀ ਕਮੇਟੀ ਦੇ ਖਰਚੇ ’ਤੇ ਪਲੇ ਤੇ ਪੜ੍ਹੇ ਗਿਆਨੀ ਜੈਲ ਸਿੰਘ, ਸ੍ਰ ਬੂਟਾ ਸਿੰਘ, ਸ੍ਰ. ਧੰਨਾ ਸਿੰਘ ‘ਗੁਲਸ਼ਨ’, ਡਾ. ਚਰਨਜੀਤ ਸਿੰਘ ਅਟਵਾਲ ਅਤੇ ਗੁਲਜ਼ਾਰ ਸਿੰਘ ਰਣੀਕੇ ਤੇ ਸਰਵਣ ਸਿੰਘ ਫਲੌਰ, ਆਦਿਕ, ਕਿਉਂਕਿ 12 ਨਵੰਬਰ 1936 ਦੇ ਜਨਰਲ ਸਮਾਗਮ ਵਿਖੇ ਮਾ. ਤਾਰਾ ਸਿੰਘ ਜੀ ਦੀ ਪ੍ਰਧਾਨਗੀ ਹੇਠ ਅਪੀਲ ਰੂਪ ਮਤਾ ਹੋਇਆ ਕਿ ‘ਸ਼੍ਰੋਮਣੀ ਗੁ. ਪ੍ਰ. ਕਮੇਟੀ ਸਮੂਹ ਗੁ. ਪ੍ਰ. ਕਮੇਟੀਆਂ ਦਾ ਧਿਆਨ ਇਸ ਪਾਸੇ ਦਿਵਾਉਂਦੀ ਹੋਈ ਉਨ੍ਹਾਂ ਪਾਸੋਂ ਆਸ ਰੱਖਦੀ ਹੈ ਕਿ ਗੁਰਦੁਆਰਿਆਂ ਵਿੱਚ ਸੇਵਾਦਾਰ ਰੱਖਣ ਵੇਲੇ ਨਾਮਧਰੀਕ ਅਛੂਤਾਂ ਵਿੱਚੋਂ ਸਜੇ ਸਿੰਘਾਂ ਦਾ ਖ਼ਾਸ ਖ਼ਿਆਲ ਰੱਖਿਆ ਜਾਇਆ ਕਰੇਗਾ ।’

11 ਜੂਨ 1939 ਦਾ ਮਤਾ ਹੈ ਕਿ ‘ਗ਼ੈਰ ਸਿੱਖਾਂ ਦੇ ਗੁੰਮਰਾਹ ਕਰਨ ਵਾਲੇ ਪ੍ਰਚਾਰ ਦੇ ਕਾਰਨ ਪੰਜਾਬ ਦੇ ਅਖੌਤੀ ਅਛੂਤਾਂ ਵਿੱਚ ਸਿੱਖ ਬਣਨ ਦੀ ਲਹਿਰ ਵਿੱਚ ਰੋਕ ਪੈ ਗਈ ਅਤੇ ਇਸ ਰੋਕ ਦਾ ਕਾਰਨ ਹਿੰਦੂ ਅਛੂਤਾਂ ਨੂੰ ਵੱਖਰੀਆਂ ਸੀਟਾਂ ਦਾ ਮਿਲਣਾ ਹੈ । ਇਨ੍ਹਾਂ ਹਾਲਾਤ ਨੂੰ ਮੁਖ ਰੱਖ ਕੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਪੰਜਾਬ ਗਵਰਨਮੈਂਟ, ਹਕੂਮਤ ਹਿੰਦ ਅਤੇ ਬਿ੍ਰਟਿਸ਼ ਪਾਰਲੀਮੈਂਟ ’ਤੇ ਜ਼ੋਰ ਦਿੰਦੀ ਹੈ ਕਿ ਸ਼ਡੂਲਡ ਜਾਤੀਆਂ ਵਿੱਚੋਂ ਸਜੇ ਸਿੰਘਾਂ ਲਈ ਸਿੱਖ ਸੀਟਾਂ ਵਿੱਚੋਂ ਤਿੰਨ ਸੀਟਾਂ ਰੀਜ਼ਰਵ ਕਰ ਦੇਵੇ ਅਤੇ ਸ਼ਡੂਲ ਜਾਤੀਆਂ ਵਿੱਚੋਂ ਸਜੇ ਸਿੰਘਾਂ ਲਈ ਵੋਟਰ ਬਣਨ ਦੇ ਗੁਣ (ਕੁਆਲੀਫੀਕੇਸ਼ਨਜ਼) ਉਹੋ ਨੀਯਤ ਕੀਤੇ ਜਾਣ ਜੋ ਹੋਰ ਸ਼ਡੂਲਡ ਜਾਤੀਆਂ ਬਾਰੇ ਨੀਯਤ ਕੀਤੇ ਗਏ ਹਨ । ਇਹ ਸੀਟਾਂ ਦਸ ਸਾਲਾਂ ਵਾਸਤੇ ਰੀਜ਼ਰਵ ਰਹਿਣ ਤੇ ਫਿਰ ਆਪਣੇ ਆਪ ਰੀਜ਼ਰਵੇਸ਼ਨ ਹਟ ਜਾਏ ।’

28 ਮਈ 1948 ਦਾ ਮਤਾ ਹੈ – ‘ਪਛੜੀਆਂ ਸਿੱਖ ਸ਼੍ਰੇਣੀਆਂ, ਜਿਨ੍ਹਾਂ ਵਿੱਚ ਮਜ਼ਹਬੀ, ਰਵਿਦਾਸੀਏ ਤੇ ਕਬੀਰ ਪੰਥੀ ਆਦਿਕ ਸ਼੍ਰੇਣੀਆਂ ਸ਼ਾਮਲ ਹਨ, ਪ੍ਰਾਚੀਨ ਕਾਲ ਤੋਂ ਅਛੂਤ ਜਾਤੀਆਂ ਨਾਲ ਸਬੰਧਿਤ ਹੋਣ ਕਰ ਕੇ ਸਮਾਜਿਕ ਤੇ ਮਾਲੀ ਕਮਜ਼ੋਰੀ ਦੇ ਕਾਰਨ ਪਿੰਡਾਂ ਵਿੱਚ ਆਮ ਤੌਰ ’ਤੇ ਹਕਾਰਤ ਦੀ ਨਿਗਾਹ ਨਾਲ ਦੇਖੇ ਜਾਂਦੇ ਹਨ। ਇਸ ਲਈ ਸ਼੍ਰੋ: ਗੁ: ਪ੍ਰ: ਕਮੇਟੀ ਨੇ ਇਨ੍ਹਾਂ ਨੂੰ ਧਾਰਮਿਕ ਤੇ ਸਮਾਜਿਕ ਬਰਾਬਰੀ ਦੇਣ ਲਈ ਗੁਰਦੁਆਰਾ ਤਰਤੀਮ ਬਿੱਲ ਰਾਹੀਂ ਕਮੇਟੀ ਦੀਆਂ 12 ਸੀਟਾਂ ਇਨ੍ਹਾਂ ਵਾਸਤੇ ਰੀਜ਼ਰਵ ਕਰ ਦਿੱਤੀਆਂ ਤੇ ਇਹ ਕਰੜੀ ਰੋਕ ਲਾ ਦਿੱਤੀ ਕਿ ਇਨ੍ਹਾਂ ਪਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਨੂੰ ਹਰੀਜਨ ਕੋਈ ਨਾ ਆਖੇ । ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਚੁਣੇ ਹੋਏ ਪਛੜੀਆਂ ਸ਼੍ਰੇਣੀਆਂ ਦੇ 12 ਤੇ ਇੱਕ ਨਾਮਜ਼ਦ ਮੈਂਬਰ, ਕੁੱਲ 13 ਮੈਂਬਰ ਉਸ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਅੰਗ ਬਣ ਗਏ । ਸਰਦਾਰ ਗੁਰਬਖਸ਼ ਸਿੰਘ ‘ਰਾਹੀ’ ਜ਼ਿਲ੍ਹਾ ਲੁਧਿਆਣਾ ਨੂੰ ਕਮੇਟੀ ਵੱਲੋਂ ਇਤਫ਼ਾਕ ਰਾਇ ਨਾਲ ਅੰਤਿ੍ਰੰਗ ਕਮੇਟੀ ਦਾ ਮੈਂਬਰ ਚੁਣਿਆ ਗਿਆ ਤੇ ਇਸ ਦੇ ਨਾਲ ਹੀ ਇਨ੍ਹਾਂ ਸ਼੍ਰੇਣੀਆਂ ਵਿੱਚ ਕਮੇਟੀ ਵੱਲੋਂ ਬਾਕਾਇਦਾ ਗੁਰਮਤਿ ਪ੍ਰਚਾਰ ਦੀ ਲਹਿਰ ਚਲਾਈ ਗਈ ।’ ਇੱਥੇ ਨੋਟ ਕਰਨ ਵਾਲਾ ਵਿਸ਼ੇਸ਼ ਨੁਕਤਾ ਹੈ ਕਿ 10 ਮਾਰਚ 1945 ਦੇ ਮਤੇ ਮੁਤਾਬਿਕ ਅੰਮ੍ਰਿਤ ਸੰਚਾਰ ਲਈ ਪੰਜ ਪਿਆਰੇ ਤੇ ਪ੍ਰਚਾਰਕ ਵੀ ਮਜ਼ਹਬੀਆਂ ਤੇ ਰਵਿਦਾਸੀਆਂ ਵਿੱਚੋਂ ਰੱਖੇ ਗਏ ।

ਇਹੀ ਕਾਰਨ ਹੈ ਕਿ ਹੁਣ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੇ ਗ੍ਰੰਥੀ ਸਿੰਘ ਸਾਹਿਬਾਨਾਂ, ਕੀਰਤਨੀਆਂ ਤੇ ਲਾਂਗਰੀਆਂ ਸਮੇਤ ਸੰਸਾਰ ਭਰ ਦੇ ਗੁਰਦੁਆਰਿਆਂ ਵਿੱਚ ਸਭ ਤੋਂ ਵਧੇਰੇ ਸੇਵਾਦਾਰ ਉਪਰੋਕਤ ਕਿਸਮ ਦੀਆਂ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਸਿੱਖ ਹੀ ਨਿਯੁਕਤ ਹਨ ਅਤੇ ਉਹ ਹਰ ਪ੍ਰਕਾਰ ਦਾ ਆਦਰ ਮਾਣ ਪ੍ਰਾਪਤ ਕਰ ਰਹੇ ਹਨ । ਜਥੇਦਾਰ ਸ੍ਰੀ ਅਕਾਲ ਤਖ਼ਤ ਵਜੋਂ ਗਿ. ਸਾਧੂ ਸਿੰਘ ‘ਭੌਰਾ’, ਸ੍ਰੀ ਦਰਬਾਰ ਦੇ ਮੁਖ ਗ੍ਰੰਥੀ ਵਜੋਂ ਗਿ. ਚੈਂਚਲ ਸਿੰਘ ਜੀ ਅਤੇ ਪ੍ਰਸਿੱਧ ਕੀਰਤਨੀਆਂ ਵਜੋਂ ਭਾਈ ਸੰਤਾ ਸਿੰਘ, ਭਾਈ ਬਖ਼ਸ਼ੀਸ਼ ਸਿੰਘ, ਭਾਈ ਗੁਰਮੇਲ ਸਿੰਘ ਅਤੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਜੀ ਦੇ ਨਾਂ ਵਰਣਨ ਯੋਗ ਹਨ ।

ਸੋ ਸਪਸ਼ਟ ਹੈ ਕਿ ਬਿਪਰਵਾਦੀ ਸ਼ੂਦਰ ਤੇ ਦਲਿਤ ਪਰਿਵਾਰਾਂ ਦੇ ਪਿਛੋਕੜ ਵਾਲੇ ਗੁਰਸਿੱਖਾਂ ਨੂੰ ਜਿਤਨਾ ਮਾਣ ਸਤਿਕਾਰ ਤੇ ਪਿਆਰ ਗੁਰੂ ਸਾਹਿਬਾਨ, ਸਿੱਖ ਸੰਸਥਾਵਾਂ ਤੇ ਸਿੱਖ ਭਾਈਚਾਰੇ ਨੇ ਸੰਸਾਰ ਭਰ ਵਿੱਚ ਬਖ਼ਸ਼ਿਆ ਹੈ, ਉਸ ਦੇ ਬਰਾਬਰ ਦੀ ਕੋਈ ਹੋਰ ਮਿਸਾਲ ਲੱਭਣੀ ਅਸੰਭਵ ਹੈ, ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਭਾਰਤ ਦੇ ਮੂਲ ਨਿਵਾਸੀਆਂ ਨੂੰ ਪੈਰਾਂ ਹੇਠ ਰੋਲ਼ ਕੇ ‘ਨੀਚੀ ਹੂੰ ਅਤਿ ਨੀਚੁ’ ਦਲਿਤ ਤੇ ਅਛੂਤ ਬਣਾਇਆ । ਸ਼ੂਦਰ ਕਹਿ ਕੇ ਮੰਦਰਾਂ ’ਚੋਂ ਧੱਕੇ ਮਾਰੇ ਅਤੇ ਇਨ੍ਹਾਂ ਦਾ ਪ੍ਰਛਾਂਵਾਂ ਭਿੱਟਣਯੋਗ ਮੰਨਿਆ । ਹੁਣ ਉਨ੍ਹਾਂ ਲੋਕਾਂ ਦੀਆਂ ਸਰਕਾਰੀ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ ਹੀ ਸਾਡੇ ਹੀ ਕੁਝ (ਦਲਿਤ) ਭਰਾਵਾਂ ਨੇ ਖ਼ਾਲਸਾ-ਪੰਥ ਨੂੰ ਕਮਜ਼ੋਰ ਕਰਨ ਲਈ ਬਹੁਤ ਖ਼ਤਰਨਾਕ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ ਹਨ । ਪੰਥ-ਦਰਦੀ ਭੈਣ ਭਰਾਵਾਂ ਤੇ ਵਿਦਵਾਨਾਂ ਦਾ ਫਰਜ਼ ਹੈ ਕਿ ਅਜਿਹੇ ਲੋਕਾਂ ਨੂੰ ਗੁਰੂ ਸਾਹਿਬਾਨ ਤੇ ਖ਼ਾਲਸੇ ਦੇ ਉਪਕਾਰਾਂ ਨੂੰ ਚੇਤੇ ਕਰਾਉਣ, ਸਮਝਾਉਣ ਤੇ ਅਰਦਾਸ ਕਰਨ ਕਿ ਅਕਾਲ ਪੁਰਖ ਇਨ੍ਹਾਂ ਭੁੱਲੜ ਵੀਰਾਂ ਨੂੰ ਬਿਬੇਕ-ਬੁੱਧੀ ਬਖ਼ਸ਼ਣ ।

ਭੁੱਲ-ਚੁੱਕ ਮੁਆਫ਼ । ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ (ਨਿਊਯਾਰਕ) ਮੋਬਾਈਲ : 1-516-323-9188

ਹਰਨੇਕ ਸਿੰਘ, ਰੇਡੀਓ ਵਿਰਸਾ ਨਿਊਜ਼ੀਲੈਂਡ ਨੂੰ ਵੀਚਾਰ ਚਰਚਾ ਲਈ ਖੁੱਲ੍ਹੀ ਚੁਣੌਤੀ

0

ਹਰਨੇਕ ਸਿੰਘ, ਰੇਡੀਓ ਵਿਰਸਾ ਨਿਊਜ਼ੀਲੈਂਡ ਨੂੰ ਵੀਚਾਰ ਚਰਚਾ ਲਈ ਖੁੱਲ੍ਹੀ ਚੁਣੌਤੀ

‘ਬੂਝੜ ਕੌਣ ਹੈ ?’ ਪਛਾਨ ਕੇ ਨਕਾਬ ਉਤਾਰਨਾ- ਸਮੇਂ ਦੀ ਵੱਡੀ ਲੋੜ

ਪਛਾਣ ਕਰਨ ਦਾ ਇੱਕੋ ਪੈਮਾਨਾ- ਰੇਡੀਓ ਵਿਰਸਾ ਨਿਊਜ਼ੀਲੈਂਡ ’ਤੇ 23 ਅਗਸਤ ਨੂੰ ਤਿੰਨ ਘੰਟੇ ਦੀ ਰੀਕਾਰਡਡ ਆਡੀਓ ਧਿਆਨ ਨਾਲ ਸੁਣੋ ਅਤੇ ਉਸ ਦੇ ਅਧਾਰ ’ਤੇ ਪੁੱਛੇ ਗਏ ਸਵਾਲਾਂ ਅਤੇ ਰੇਡੀਓ ਸੰਚਾਲਕ ਵੱਲੋਂ ਦਿੱਤੇ ਜਾਣ ਵਾਲੇ ਸੰਭਾਵੀ ਜਵਾਬਾਂ ਦੀ ਗੰਭੀਰਤਾ ਨਾਲ ਚੀਰ ਫਾੜ ਕਰਕੇ ਫੈਸਲਾ ਖ਼ੁਦ ਸੰਗਤ ਕਰੇ।

ਕਿਰਪਾਲ ਸਿੰਘ ਬਠਿੰਡਾ

ਹਰ ਵਿਅਕਤੀ ਵਿੱਚ ਕੁਝ ਗੁਣ ਅਤੇ ਕੁਝ ਔਗੁਣ ਹੁੰਦੇ ਹਨ। ਇਸ ਦੁਨੀਆਂ ਵਿੱਚ ਕੋਈ ਵੀ ਐਸਾ ਵਿਅਕਤੀ ਲੱਭਣਾ ਤਾਂ ਮੁਸ਼ਕਲ ਹੈ ਜਿਸ ਵਿੱਚ ਸਾਰੇ ਗੁਣ ਹੀ ਗੁਣ ਹੋਣ ਅਤੇ ਔਗੁਣ ਇੱਕ ਵੀ ਨਾ ਹੋਵੇ; ਕਿਉਂਕਿ ਸਰਬ ਗੁਣ ਭਰਪੂਰ ਤਾਂ ਕੇਵਲ ਇੱਕ ਉਹ ਅਕਾਲ ਪੁਰਖ ਆਪ ਹੀ ਹੈ: “ਸਭ ਗੁਣ ਕਿਸ ਹੀ ਨਾਹਿ, ਹਰਿ ਪੂਰ ਭੰਡਾਰੀਆ (ਗਉੜੀ ਮਃ ੫/੨੪੧)। ਦਇਆ ਦੇ ਸੋਮੇ ਅਕਾਲ ਪੁਰਖ ਨੇ ਸਾਰੇ ਜੀਵਾਂ ਨੂੰ ਸਾਰੇ ਗੁਣ ਦੇ ਕੇ ਹੀ ਇਸ ਸੰਸਾਰ ਵਿੱਚ ਭੇਜਿਆ ਹੁੰਦਾ ਹੈ ਪਰ ਜੀਵ ਆਪ ਹੀ ਇਸ ਜਗਤ ਵਿਚ ਆ ਕੇ ਆਪਣੇ ਸੰਸਕਾਰਾਂ ਅਧੀਨ ਕੀਤੇ ਕੰਮਾਂ ਸਦਕਾ ਗੁਣਾਂ ਨੂੰ ਛੱਡ ਕੇ ਵਿਕਾਰਾਂ ਦੀ ਜ਼ਹਿਰ ਇਕੱਠੀ ਕਰ ਲੈਂਦਾ ਹੈ ਅਤੇ ਸਾਰੀ ਉਮਰ ਔਗੁਣਾਂ ਦਾ ਹੀ ਵਣਜ ਕਰਦਾ ਰਹਿੰਦਾ ਹੈ : “ਗੁਣ ਛੋਡਿ, ਬਿਖੁ ਲਦਿਆ ;  ਅਵਗੁਣ ਕਾ ਵਣਜਾਰੋ  (ਵਡਹੰਸ ਅਲਾਹਣੀਆ  ਮਃ ੧/੫੮੦)। ਇਸੇ ਤਰ੍ਹਾਂ ਐਸਾ ਵੀ ਕੋਈ ਵਿਅਕਤੀ ਨਹੀਂ ਹੋ ਸਕਦਾ ਜਿਸ ਵਿੱਚ ਕੋਈ ਵੀ ਗੁਣ ਨਾ ਹੋਵੇ ਕਿਉਂਕਿ ਅਕਾਲ ਪੁਰਖ ਨੇ ਗੁਣ ਦਿੱਤੇ ਹੀ ਇਤਨੇ ਹਨ ਕਿ ਆਪਣੀ ਬੇਵਕੂਫੀ ਸਦਕਾ ਗੁਣ ਅਜਾਂਈ ਗਵਾਉਣ ਦੇ ਬਾਵਯੂਦ ਵਿਅਕਤੀ ਕੋਲ ਕੁਝ ਨਾ ਕੁਝ ਗੁਣ, ਬਖ਼ਸ਼ਣਹਾਰ ਪ੍ਰਭੂ ਦੀ ਕ੍ਰਿਪਾ ਸਦਕਾ ਬਚ ਹੀ ਰਹਿੰਦੇ ਹਨ। ਸਿਆਣਾ ਮਨੁੱਖ ਉਹੀ ਕਿਹਾ ਜਾ ਸਕਦਾ ਹੈ ਜੋ ਦੂਸਰਿਆਂ ਦੇ ਔਗੁਣਾਂ ਨੂੰ ਨਾ ਵੀਚਾਰਦਾ ਹੋਇਆ ਗੁਰਸਿੱਖਾਂ ਨਾਲ ਗੁਣਾਂ ਦੀ ਸਾਂਝ ਪਾਉਣ ਦੇ ਹਮੇਸ਼ਾਂ ਯਤਨ ਕਰਦਾ ਰਹੇ। “ਸਾਝ ਕਰੀਜੈ, ਗੁਣਹ ਕੇਰੀ ;  ਛੋਡਿ ਅਵਗਣ ਚਲੀਐ (ਸੂਹੀ  ਮਃ ੧/ ੭੬੬)। ਇਸ ਦੇ ਉਲਟ ਸ਼ੈਤਾਨ ਕਿਸਮ ਦਾ ਮਨੁਖ ਉਹ ਹੁੰਦਾ ਹੈ ਜੋ ਗੁਰਸਿੱਖਾਂ ਨਾਲ ਮਿਲ ਕੇ ਗੁਣਾਂ ਦੀ ਸਾਂਝ ਪਾਉਣ ਵਿੱਚ ਰੁਕਾਵਟ ਪਾਉਣ ਲਈ ਉਨ੍ਹਾਂ ਗੁਰਸਿੱਖਾਂ ਵਿੱਚੋਂ ਕਿਸੇ ਦੇ ਗੁਣਾਂ ਨੂੰ ਮਾੜੀ ਨੀਅਤ ਨਾਲ ਨਜ਼ਰਅੰਦਾਜ਼ ਕਰਕੇ ਮਨਘੜਤ ਤੌਰ ’ਤੇ ਉਨ੍ਹਾਂ ਦੇ ਵੱਡੇ ਔਗੁਣ ਬਣਾ ਕੇ ਪੇਸ਼ ਕਰੇ ਅਤੇ ਉਨ੍ਹਾਂ ਦੇ ਦੂਸਰੇ ਸਾਥੀ ਗੁਰਸਿੱਖਾਂ ਦੇ ਗੁਣਾਂ ਨੂੰ ਇੰਝ ਪੇਸ਼ ਕਰੇ ਜਿਸ ਨਾਲ ਉਸ ਵਿੱਚ ਇਹ ਭਾਵਨਾ ਭਰ ਜਾਵੇ, ਕਿ ਉਹ ਤਾਂ ਔਗੁਣਾਂ ਭਰਪੂਰ ਦੂਸਰੇ ਸਾਥੀਆਂ ਨਾਲੋਂ ਬਹੁਤ ਉੱਤਮ ਹੈ, ਇਸ ਲਈ ਕਦੇ ਐਸਾ ਨਾ ਹੋਵੇ ਕਿ ਮੈਂ ਉਨ੍ਹਾਂ ਦੀ ਸੰਗਤ ਵਿੱਚ ਰਲ ਕੇ ਆਪਣੇ ਗੁਣ ਗਵਾ ਬੈਠਾਂ। ਇਹ ਭਾਵਨਾ ਗੁਰਸਿੱਖਾਂ ਦੇ ਮਿਲ ਬੈਠਣ ਵਿੱਚ ਬਹੁਤ ਵੱਡੀ ਰੁਕਾਵਟ ਬਣ ਜਾਂਦੀ ਹੈ। ਜਦੋਂ ਇਸ ਤਰ੍ਹਾਂ ਦੀ ਭਾਵਨਾ ਭਰਨ ਵਾਲਾ ਮਨੁੱਖ ਆਪਣੇ ਆਪ ਨੂੰ ਹੀ ਸਭ ਤੋਂ ਵੱਧ ਸਿਆਣਾ ਸਮਝਣ ਲੱਗ ਪਏ ਤਾਂ ਉਸ ਨੂੰ ਮਹਾਂ ਮੂਰਖ ਹੀ ਕਿਹਾ ਜਾ ਸਕਦਾ ਹੈ; ਪਰ ਜੇ ਉਹ ਮੂਰਖ ਹੋਣਾ ਵੀ ਨਾ ਮੰਨੇ ਤੇ ਸਿਰਫ ਸ਼ੈਤਾਨੀ ਵਾਲਾ ਰੋਲ ਹੀ ਨਿਭਾਉਂਦਾ ਰਹੇ ਅਤੇ ਮਸਲਾ ਵੀ ਕੌਮ ਦੀ ਭਵਿੱਖੀ ਹੋਂਦ ਨਾਲ ਸਬੰਧਤ ਹੋਵੇ ਤਾਂ ਉਸ ਨੂੰ ਬੂਝੜ ਕਿਹਾ ਜਾ ਸਕਦਾ ਹੈ ਪਰ ਜੇ ਉਹ ਆਪਣੇ ਆਪ ਨੂੰ ਬੂਝੜ ਹੋਣਾ ਵੀ ਨਾ ਮੰਨੇ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਉਹ ਕੌਮ ਵਿਰੋਧੀ ਏਜੰਸੀਆਂ ਦਾ ਪੱਕਾ ਏਜੰਟ ਕਿਹਾ ਜਾ ਸਕਦਾ ਹੈ। ਕੌਮ ਵਿਰੋਧੀ ਏਜੰਸੀਆਂ ਦਾ ਏਜੰਟ ਹੋਣ ਦਾ ਠੱਪਾਂ ਲਵਾਉਣ ਨਾਲੋਂ ਚੰਗੀ ਗੱਲ ਹੈ ਕਿ ਜਿਸ ਤੋਂ ਵੀ ਐਸੀਆਂ ਗਲਤੀਆਂ ਹੋਈਆਂ ਹਨ ਉਹ ਖੁਦ ਹੀ ਮੰਨ ਲਵੇ ਕਿ ਉਹ ਮੂਰਖ ਜਾਂ ਬੂਝੜ ਹੈ ਜਿਸ ਕਾਰਨ ਅਣਜਾਣੇ ਵਿੱਚ ਉਸ ਪਾਸੋਂ ਬਹੁਤ ਸਾਰੀਆਂ ਐਸੀਆਂ ਮੂਰਖਤਾ ਭਰੀਆਂ ਕਾਰਵਾਈਆਂ ਹੋ ਰਹੀਆਂ ਹਨ ਜਿਹੜੀਆਂ ਗੁਰਸਿੱਖਾਂ ਦੇ ਮਿਲ ਚੱਲਣ ਵਿੱਚ ਰੁਕਾਵਟ ਖੜ੍ਹੀ  ਕਰ ਰਹੀਆਂ ਹਨ। ਜਿਹੜਾ ਬੰਦਾ ਆਪਣੀ ਗਲਤੀ ਮਹਿਸੂਸ ਕਰ ਲਵੇ ਉਸ ਵਿੱਚ ਸੁਧਾਰ ਦੀ ਬਹੁਤ ਵੱਡੀ ਗੁੰਜਾਇਸ਼ ਹੁੰਦੀ ਹੈ ਪਰ ਜੇ ਕੋਈ ਆਪ ਮੰਨਣ ਨੂੰ ਤਿਆਰ ਹੀ ਨਹੀਂ ਹੈ ਤਾਂ ਮੈਨੂੰ ਤਾਂ ਐਸਾ ਕੋਈ ਅਧਿਕਾਰ ਨਹੀਂ ਹੈ ਕਿ ਮੈਂ ਆਪਣੇ ਵੱਲੋਂ ਹੀ ਕੋਈ ਫਤਵਾ ਸੁਣਾ ਦੇਵਾਂ ਇਸ ਲਈ ਇਹ ਕੌਮੀ ਚਿੰਤਕਾਂ ਅਤੇ ਸੰਗਤ ਦਾ ਫਰਜ ਹੈ ਕਿ ਸ਼ੈਤਾਨ ਅਤੇ ਬੂਝੜ ਕਿਸਮ ਦੇ ਮਨੁੱਖਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਪਰਦਾ ਫ਼ਾਸ਼ ਕਰੇ।

 ਮੈਂ ਇੱਕ ਲੇਖ : “ਕੌਮੀ ਦਰਦ ਨੂੰ ਸਮਝਣ ਵਾਲੇ ਗੁਰਸਿੱਖ ; ਇਤਿਹਾਸ ਤੋਂ ਕੁਝ ਸਿੱਖਣ” ਸਿਰਲੇਖ ਹੇਠ ਲਿਖਿਆ ਜੋ 22 ਅਗਸਤ ਨੂੰ http://gurparsad.com/gursikhs-who-understand-the-sikh-nations-anguish-should-learn-from-history/  ’ਤੇ ਪੜ੍ਹਿਆ ਜਾ ਸਕਦਾ ਹੈ। ਇਸ ਲੇਖ ’ਤੋਂ ਚਿੜ ਖਾ ਕੇ ਭਾਈ ਹਰਨੇਕ ਸਿੰਘ ਨੇ 23 ਅਗਸਤ ਨੂੰ ਰੇਡੀਓ ਵਿਰਸਾ ਨਿਊਜ਼ੀਲੈਂਡ ’ਤੇ ਆਪਣੇ ਸਾਥੀਆਂ ਨਾਲ ਤਿੰਨ ਘੰਟੇ ਦੀ ਲੰਬੀ ਲਾਈਵ ਵਿਚਾਰ ਚਰਚਾ ਕੀਤੀ, ਜਿਸ ਵਿੱਚ ਇੱਕ ਘੰਟਾ ਮੈਨੂੰ ਵੀ ਔਨ ਲਾਈਨ ਲੈ ਕੇ ਕੁਝ ਸਵਾਲ ਜਵਾਬ ਕੀਤੇ। ਮੈਂ ਤਾਂ ਸਮਝਦਾ ਸੀ ਕਿ ਮੇਰੇ ਨਾਲ ਹੋਈ ਗੱਲਬਾਤ ਦੌਰਾਨ ਭਾਵੇਂ ਜ਼ਾਹਰਾ ਤੌਰ ’ਤੇ ਨਾ ਹੀ ਸਹੀ ਪਰ ਉਸ ਨੇ ਆਪਣੇ ਅੰਦਰੇ ਅੰਦਰ ਜਰੂਰ ਮਹਿਸੂਸ ਕਰ ਲਿਆ ਹੋਵੇਗਾ ਕਿ ਉਸ ਨੇ ਬੀਤੇ ਸਮੇਂ ਵਿੱਚ ਕੁਝ ਗਲਤੀਆਂ ਜਰੂਰ ਕੀਤੀਆਂ ਹਨ ਅਤੇ ਅੱਗੇ ਉਹ ਜਰੂਰ ਸੁਧਾਰ ਕਰ ਲਵੇਗਾ। ਪਰ ਜਦ ਰੇਡੀਓ ਦੇ ਆਫੀਸ਼ਲ ਫੇਸ ਬੁੱਕ ਪੇਜ਼ ’ਤੇ ਉਸ ਸਾਰੇ ਤਿੰਨ ਘੰਟੇ ਪਰੋਗਰਾਮ ਦੀ ਤਿੰਨ ਭਾਗਾਂ ਵਿੱਚ ਰੀਕਾਰਡਿੰਗ ਸੁਣੀ ਤਾਂ ਮੈਨੂੰ ਸਮਝ ਆਈ ਕਿ ਇਹ ਆਪ ਹੁਦਰਾ ਮਨੁੱਖ, ਪੱਥਰ ਦੀ ਤਰ੍ਹਾਂ ਹੈ, ਜੋ ਪਾਣੀ ਨਾਲ ਕਦੇ ਨਹੀਂ ਭਿਜਦਾ ਭਾਵ ਕਿਸੇ ਚੰਗੀ ਸਲਾਹ ਨੂੰ ਨਹੀਂ ਮੰਨਦਾ : “ਮਨਮੁਖ ਪਥਰੁ ਸੈਲੁ ਹੈ ;  ਧ੍ਰਿਗੁ ਜੀਵਣੁ ਫੀਕਾ ਜਲ ਮਹਿ ਕੇਤਾ ਰਾਖੀਐ ;  ਅਭ ਅੰਤਰਿ ਸੂਕਾ (ਆਸਾ  ਮਃ ੧/੪੧੯)। ਉਨ੍ਹਾਂ ਤਿੰਨ ਘੰਟਿਆਂ ਵਿੱਚ ਉਸ ਨੇ ਆਪਣੇ ਆਪ ਨੂੰ ਸਭ ਤੋਂ ਸਿਆਣਾ ਸਮਝ ਕੇ ਕੌਮ ਨੂੰ ਜਿੰਨੀਆਂ ਵੀ ਨੇਕ ਸਲਾਹਾਂ ਦਿੱਤੀਆਂ, ਕੁਝ ਕੁ ਮਿੰਟਾਂ ਪਿੱਛੋਂ ਹੀ ਪਹਿਲਾਂ ਦੇ ਉਲਟ ਗੱਲਾਂ ਕਹੀਆਂ। ਕਿਸੇ ਬੰਦੇ ਦਾ ਸਮਾਂ ਪਾ ਕੇ ਨਜ਼ਰੀਆ ਬਦਲ ਜਾਣਾ ਤਾਂ ਆਮ ਗੱਲ ਹੈ ਪਰ ਜੇ ਕੋਈ ਬੰਦਾ ਇੱਕੇ ਸਾਹੇ ਬੋਲਦਾ ਜਾਵੇ ਤੇ ਹਰ ਕਹੀ ਪਹਿਲੀ ਗੱਲ ਦੇ ਦੂਸਰੀ ਉਲਟ ਕਹੀ ਜਾਵੇ ਤਾਂ ਉਸ ਸਬੰਧੀ ਕੀ ਕਹੀਏ ? ਮੈਂ ਉਸ ਪਰੋਗਰਾਮ ਵਿੱਚ ਉਨ੍ਹਾਂ ਵੱਲੋਂ ਹੀ ਕਹੀਆਂ ਗੱਲਾਂ ਵਿੱਚੋਂ ਉਨ੍ਹਾਂ ਨੂੰ ਸਵਾਲ ਕਰ ਰਿਹਾ ਹਾਂ ਜਿਨ੍ਹਾਂ ਦੇ ਉੱਤਰ ਮਿਲਣ ਉਪ੍ਰੰਤ ; ਇਹ ਸੰਗਤ ਦਾ ਕੰਮ ਹੈ ਕਿ ਮੇਰੇ ਵੱਲੋਂ ਲਿਖੇ ਉਕਤ ਵਰਨਤ ਦੋਵੇਂ ਲੇਖ ; ਇਸ ਦੇ ਅਧਾਰ ’ਤੇ ਰੇਡੀਓ ’ਤੇ ਹੋਈ ਤਿੰਨ ਘੰਟੇ ਦੀ ਪੂਰੀ ਵੀਚਾਰ ਚਰਚਾ ਦੀ ਰੀਕਾਰਡਿੰਗ ; ਜੋ ਯੂਟਿਊਬ ਲਿੰਕਾਂ 1. https://m.youtube.com/watch?v=h9SNTrmFdkY  2. https://m.youtube.com/watch?v=Iz65HDU9pc0  3. https://m.youtube.com/watch?v=0CR9uYC_Qf4  ’ਤੇ ਸੁਣੀ ਜਾ ਸਕਦੀ ਹੈ ; ਮੇਰੇ ਵੱਲੋਂ ਉਠਾਏ ਸਵਾਲ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਸਵਾਲਾਂ ਦੇ ਦਿੱਤੇ ਜਾਣ ਵਾਲੇ ਜਵਾਬਾਂ ਦੀ ਗੰਭੀਰਤਾ ਨਾਲ ਵੀਚਾਰ ਕਰਕੇ ਪਛਾਨ ਕਰੇ ਕਿ ‘ਬੂਝੜ ਕੌਣ ਹੈ’? ਪਛਾਨਣ ਉਪ੍ਰੰਤ ਉਸ ਦਾ ਨਕਾਬ ਉਤਾਰੇ ਤਾ ਕਿ ਅਨਭੋਲ ਵਿਅਕਤੀ ਖਾਸ ਕਰਕੇ ਕੌਮ ਦੇ ਮੁੱਖ ਆਗੂਆਂ ਨੂੰ ਉਹ ਗੁੰਮਰਾਹ ਕਰਕੇ ਕੌਮ ਦਾ ਹੋਰ ਨੁਕਸਾਨ ਕਰਨ ਦੇ ਕਾਬਲ ਨਾ ਰਹਿ ਸਕੇ। ਇਹੀ ਸਮੇਂ ਦੀ ਵੱਡੀ ਲੋੜ ਹੈ। ਮੇਰੇ ਵੱਲੋਂ ਹਰਨੇਕ ਸਿੰਘ ਨੂੰ ਕੀਤੇ 14 ਸਵਾਲ ਉਨ੍ਹਾਂ ਨੂੰ ਬਾਈਨੇਮ ਹੇਠ ਲਿਖੀ ਚਿੱਠੀ ਵਿੱਚ ਦਰਜ ਹਨ; ਜਿਨ੍ਹਾਂ ਦੇ ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ ਲਿਖਤੀ ਪੌਇੰਟ ਟੂ ਪੌਇੰਟ ਜਵਾਬ ਦੀ ਉਡੀਕ ਵਿੱਚ ਹਾਂ :

(ਉਕਤ ਤਿੰਨੇ ਲਿੰਕ ਹੇਠਾਂ ਵੀ ਦਿੱਤੇ ਜਾ ਰਹੇ ਹਨ।)

——–                                ———                         ———-

ਭਾਈ ਹਰਨੇਕ ਸਿੰਘ ਨਿਊਜ਼ੀਲੈਂਡ ਜੀਓ !

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਤੁਸੀਂ 23 ਅਗਸਤ ਨੂੰ ਰੇਡਿਓ ਵਿਰਸਾ ਨਿਊਜ਼ੀਲੈਂਡ ’ਤੇ ਆਪਣੇ ਸਾਥੀਆਂ ਨਾਲ ਤਿੰਨ ਘੰਟੇ ਦੀ ਲੰਬੀ ਲਾਈਵ ਵਿਚਾਰ ਚਰਚਾ ਕੀਤੀ ਜਿਸ ਵਿੱਚ ਔਨ ਲਾਈਨ ਲੈ ਕੇ ਇੱਕ ਘੰਟਾ ਤੁਸੀਂ ਮੇਰੇ ਨਾਲ ਵੀ ਗੱਲਬਾਤ ਕੀਤੀ। ਆਪਣੇ ਦੋਵਾਂ ’ਚ ਗੱਲਬਾਤ ਦਾ ਵਿਸ਼ਾ ਕੇਵਲ ਮੇਰੇ ਵੱਲੋਂ 22 ਅਗਸਤ ਨੂੰ ਲਿਖੇ ਲੇਖ ਵਿੱਚੋਂ ਇੱਕ ਦੂਸਰੇ ਦੇ ਸਵਾਲ ਜਵਾਬ ਲੈਣ ਤੱਕ ਹੀ ਤੈਅ ਹੋਇਆ ਸੀ। ਕਿਉਂਕਿ ਤਿੰਨ ਘੰਟੇ ਦਾ ਸਮਾਂ ਬਹੁਤ ਲੰਬਾ ਹੁੰਦਾ ਹੈ ਇਸ ਲਈ ਉਸ ਸਮੇਂ ਮੈਂ ਇਹ ਸਾਰੀ ਲਾਵੀਵ ਵੀਚਾਰ ਔਨ ਲਾਈਨ ਨਹੀਂ ਸੀ ਸੁਣੀ। ਬਾਅਦ ’ਚ ਜਦੋਂ ਪੂਰੀ ਵੀਚਾਰ ਚਰਚਾ ਦੀ ਰੀਕਾਰਡਿੰਗ ; ਯੂ-ਟਿਊਬ ਲਿੰਕਾਂ ’ਤੇ ਸੁਣੀ ਤਾਂ ਮਨ ਵਿੱਚ ਖ਼ਿਆਲ ਆਇਆ ਕਿ ਵੀਚਾਰ ਚਰਚਾ ਦੌਰਾਨ ਤੁਹਾਡੇ ਵੱਲੋਂ ਬੋਲੇ ਗਏ ਇੱਕ ਇੱਕ ਫਿਕਰੇ ’ਤੇ ਸਵਾਲ ਪੁੱਛਣਾ ਬਣਦਾ ਹੈ। ਭੂਸਰੇ ਹੋਏ ਅੰਨ੍ਹੇ ਝੋਟੇ ਵਰਗੇ ਬਣੇ ਹਰਨੇਕ ਸਿੰਘ ਨਿਊਜ਼ੀਲੈਂਡ ਜੀਓ ! ਵੈਸੇ ਤਾਂ ਮੇਰੇ ਸਮੇਤ ਹਰ ਮਨੁੱਖ ਤੁਹਾਡੇ ਨਾਲ ਵੀਚਾਰ ਚਰਚਾ ਕਰਨ ਤੋਂ ਇਸ ਕਾਰਨ ਦੂਰ ਰਹਿਣਾ ਚਾਹੁੰਦਾ ਸੀ ਕਿ ਇਹ ਗੰਦ ਹੈ, ਗੰਦ ਨੂੰ ਛੇੜਨ ਨਾਲ ਆਪਣੇ ’ਤੇ ਹੀ ਛਿੱਟੇ ਪੈਣੇ ਹਨ, ਪਰ ਹੁਣ ਤੁਹਾਨੂੰ ਨੱਥ ਪਾਉਣੀ ਇਸ ਲਈ ਜਰੂਰੀ ਹੋ ਗਈ ਹੈ ਤਾ ਕਿ ਜਿਸ ਤਰ੍ਹਾਂ ਅਨਭੋਲਤਾ ਵਿੱਚ ਧੂੰਦਾ ਜੀ, ਬਲਰਾਜ ਸਿੰਘ ਸਪੋਕਨ, ਵਰਿੰਦਰ ਸਿੰਘ ਗੋਲਡੀ ਆਦਿਕ ਗੁੰਮਰਾਹ ਹੋ ਗਏ ਸਨ, ਉਸੇ ਤਰ੍ਹਾਂ ਹੋਰ ਕੋਈ ਗੁੰਮਰਾਹ ਨਾ ਹੋ ਜਾਵੇ। ਸਵਾਲ ਤਾਂ ਬਥੇਰੇ ਬਣਦੇ ਹਨ ਪਰ ਕਿਉਂਕਿ ਤੁਹਾਡੇ ਸਟੂਡੀਓ ਦੀ ਮਜਲਿਸ ਵਿੱਚ ਬੈਠੇ ਤਾਂ ਤੁਸੀਂ ਗੰਭੀਰਤਾ ਨਾਲ ਕਿਸੇ ਸਵਾਲ ਦਾ ਜਵਾਬ ਦੇਣ ਦੇ ਕਾਬਲ ਹੀ ਨਹੀਂ ਹੋ; ਇਸ ਲਈ ਹਾਲ ਦੀ ਘੜੀ ਤੁਸੀਂ ਕੇਵਲ ਇਨ੍ਹਾਂ 14 ਸਵਾਲਾਂ ਦੇ ਹੀ ਲਿਖਤੀ ਰੂਪ ਵਿੱਚ ਸੋਚ ਸਮਝ ਕੇ ਜਵਾਬ ਦੇਵੋ। ਹਾਂ ਜੇ ਤੁਹਾਨੂੰ ਲਿਖਣਾ ਨਹੀਂ ਆਉਂਦਾ ਅਤੇ ਸਿਰਫ ਮੂੰਹ ਨਾਲ ਬੋਲਣਾ ਹੀ ਜਾਣਦੇ ਹੋ ਤਾਂ ਮੈਂ ਤੁਹਾਡੇ ਨਾਲ ਹਰ ਹਫਤੇ ਔਨ ਲਾਈਨ ਵੀਚਾਰ ਵਟਾਂਦਰਾ ਕਰਨ ਨੂੰ ਵੀ ਉਤਨੀ ਵਾਰ ਤਿਆਰ ਹਾਂ ਜਦ ਤੱਕ ਕਿ ਤੁਸੀਂ ਆਪਣੀ ਗਲਤੀ ਦਾ ਅਹਿਸਾਸ ਕਰਕੇ ਮੁੜ ਅਜਿਹੀਆਂ ਗਲਤੀਆਂ ਕਰਨ ਤੋਂ ਤੋਬਾ ਨਹੀ ਕਰਦੇ ; ਜਾਂ ਜਦੋਂ ਤੱਕ ਤੁਹਾਡੇ ਝੂਠ ਦਾ ਪਰਦਾ ਪੂਰੇ ਸਿੱਖ ਜਗਤ ਵਿੱਚ ਫ਼ਾਸ਼ ਨਹੀਂ ਹੁੰਦਾ। ਇਸ ਲਿਖਤੀ ਜਾਂ ਔਨ ਲਾਈਨ ਵੀਚਾਰ ਚਰਚਾ ਲਈ ਇੱਕ ਸ਼ਰਤ ਜਰੂਰੀ ਹੈ ਕਿ ਆਪਣਾ ਵੀਚਾਰ ਵਟਾਂਦਰਾ ਤੁਹਾਡੀ ਮਜਲਿਸ ਦੀ ਬਜਾਇ ਵਾਰੋ ਵਾਰੀ ਸ਼ੇਰ-ਏ-ਪੰਜਾਬ ਰੇਡੀਓ ਕੈਨੇਡਾ, ਰੇਡੀਓ ਚੰਨ ਪ੍ਰਦੇਸੀ, ਰੇਡੀਓ ਸਿੰਘ ਨਾਦ ਯੂ.ਕੇ. ਆਦਿਕ ਹੋਰ ਪੰਥਕ ਰੇਡੀਓ/ਟੀਵੀ ਚੈੱਨਲਾਂ ’ਤੇ ਹੋਵੇ; ਜਿਸ ਦਾ ਹੋਸਟ ਆਪਾਂ ਦੋਵਾਂ ਨੂੰ ਵਾਰੋ ਵਾਰੀ ਘੜੀ ਤੋਂ ਟਾਈਮ ਵੇਖ ਕੇ ਬਰਾਬਰ ਦਾ ਸਮਾਂ ਦੇਵੇ; ਆਪਣੀ ਗੱਲਬਾਤ ਦਾ ਵਿਸ਼ਾ ਨਿਸਚਿਤ ਹੋਵੇ ਜਿਸ ਤੋਂ ਬਾਹਰ ਜਾ ਕੇ ਸਮਾਂ ਖ਼ਰਾਬ ਕਰਨ ਦੀ ਕਿਸੇ ਨੂੰ ਇਜਾਜ਼ਤ ਨਾ ਹੋਵੇ, ਆਪਣੇ ਦੋਵਾਂ ਵਿੱਚੋਂ ਇੱਕ ਵੱਲੋਂ, ਪੁੱਛੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ, ਦੂਸਰੇ ਨੂੰ ਸਵਾਲ ਕਰਨ ਦਾ ਹੱਕ ਨਾ ਹੋਵੇ। ਹੋਸਟ ਦੀ ਇਜਾਜ਼ਤ ਤੋਂ ਬਿਨਾਂ ਸਾਡੇ ਦੋਵਾਂ ਵਿੱਚੋਂ ਕਿਸੇ ਨੂੰ ਵੀ ਆਪਣੀ ਮਰਜੀ ਨਾਲ ਦੂਸਰੇ ਦੀ ਚਲਦੀ ਗੱਲ ਨੂੰ ਵਿੱਚੋਂ ਟੋਕ ਕੇ ਸਮਾਂ ਖ਼ਰਾਬ ਕਰਨ ਦੀ ਇਜਾਜ਼ਤ ਨਾ ਹੋਵੇ। ਇਸ ਤਰ੍ਹਾਂ ਕਈ ਰੇਡੀਓ/ਟੀਵੀ ਚੈੱਨਲਾਂ ’ਤੇ ਜਾਣ ਨਾਲ ਤੁਹਾਨੂੰ ਰੇਡੀਓ ਹੋਸਟ ਦੇ ਫਰਜ ਨਿਭਾਉਣ ਦੀ ਅਕਲ ਸਿੱਖਣ ਦਾ ਚੰਗਾ ਮੌਕਾ ਮਿਲੇਗਾ। ਮੇਰੇ ਸਵਾਲ ਹੇਠ ਲਿਖੇ ਹਨ ਜੀ:

(1). ਤੁਸੀਂ ਕਿਹਾ “ਕਿਸੇ ਦੇ ਮਾਨ ਸਨਮਾਨ ਦੇ ਬਦਲੇ ਦੂਸਰੇ ਨੂੰ ਗਲਤ ਕਹਿਣਾ, ਗਲਤ ਹੈ।”

ਹਰਨੇਕ ਸਿੰਘ ਜੀ ! ਤੁਸੀਂ ਮੇਰੇ ਨਾਲ ਹੋਈ ਗੱਲਬਾਤ ਦੌਰਾਨ ਮੰਨ ਚੁੱਕੇ ਹੋ ਕਿ 2012 ਵਿੱਚ ਧੂੰਦਾ ਜੀ ਨੂੰ ਅਕਾਲ ਤਖ਼ਤ ’ਤੇ ਪੁਜਾਰੀਆਂ ਅੱਗੇ ਪੇਸ਼ ਹੋਣ ਦੀ ਸਲਾਹ ਤੁਸੀਂ ਦਿੱਤੀ ਸੀ। ਭਾਈ ਧੂੰਦੇ ਵੱਲੋਂ ਅਕਾਲ ਤਖ਼ਤ ’ਤੇ ਪੇਸ਼ ਹੋਣ ਨੂੰ ਸਹੀ ਸਿੱਧ ਕਰਨ ਲਈ ਤੁਸੀਂ ਪ੍ਰੋ: ਦਰਸ਼ਨ ਸਿੰਘ ਦੇ ਫੈਸਲੇ ਨੂੰ ਅੱਜ ਤੱਕ ਗਲਤ ਵੀ ਕਹਿੰਦੇ ਆ ਰਹੇ ਹੋ। ਕੀ ਤੁਸੀਂ ਆਪਣੇ ਹੀ ਕਥਨ ਅਨੁਸਾਰ ਪ੍ਰੋ: ਦਰਸ਼ਨ ਸਿੰਘ ਨੂੰ ਗਲਤ ਕਹਿਣ ਲਈ ਦੋਸ਼ੀ ਨਹੀਂ ਹੋ ?

(2). ਤੁਸੀਂ ਕਿਹਾ “1984 ਤੋਂ ਬਾਅਦ ਸਿੱਖਾਂ ਦੇ ਡਿੱਗੇ ਹੋਏ ਮਨੋਬਲ ਨੂੰ ਉੱਚਾ ਚੁੱਕਣ ਲਈ ਦਿੱਲੀ ਅਤੇ ਪੰਜਾਬ ਵਿੱਚ ਪ੍ਰੋ: ਦਰਸ਼ਨ ਸਿੰਘ ਨੂੰ ਪ੍ਰਚਾਰ ਕਰਨ ਦੀ ਆਗਿਆ ਕਿਸ ਨੇ ਦਿੱਤੀ, ਜਦੋਂ ਕਿ ਉਸ ਸਮੇਂ ਰਾਜ ਉਨ੍ਹਾਂ ਦਾ ਸੀ, ਜਿਨ੍ਹਾਂ ਨੇ ਅਕਾਲ ਤਖ਼ਤ ਨੂੰ ਢਾਹਿਆ ਸੀ ਤੇ ਸਿੱਖਾਂ ਦਾ ਕਤਲੇਆਮ ਕੀਤਾ ਸੀ।”

ਤੁਹਾਡੇ ਇਸ ਕਥਨ ਦਾ ਸਿੱਧਾ ਭਾਵ ਨਿਕਲਦਾ ਹੈ ਕਿ ਤੁਸੀਂ ਪ੍ਰੋ: ਸਾਹਿਬ ਨੂੰ ਸਰਕਾਰੀ ਏਜੰਸੀਆਂ ਦਾ ਬੰਦਾ ਸਿੱਧ ਕਰ ਰਹੇ ਹੋ। ਜੇ ਤੁਹਾਡੇ ਖਿਆਲ ਨੂੰ ਸਹੀ ਮੰਨ ਲਈਏ ਤਾਂ ਦੱਸੋ ਅੱਗੇ ਜਾ ਕੇ ਤੁਹਾਡੇ ਵੱਲੋਂ ਦੱਸੀ ਗਈ ਨੀਤੀ ਜਿਸ ਵਿੱਚ ਤੁਸੀਂ ਸਿੱਖਾਂ ਦੀ ਇੱਕ ਸੰਸਥਾ ਬਣਾ ਕੇ ਉਸ ਦੀ ਅਗਵਾਈ ਉਸੇ ਸਰਕਾਰੀ ਬੰਦੇ ਨੂੰ ਸੌਂਪਣ ਦੀ ਦਲੀਲ ਕਿਸ ਅਧਾਰ ’ਤੇ ਦੇ ਰਹੇ ਹੋ ?

(3). ਤੁਸੀਂ ਕਿਹਾ “ਭਾਈ ਪੰਥਪ੍ਰੀਤ ਸਿੰਘ ਕਹਿੰਦਾ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਤਾਂ ਹੀ ਉਨ੍ਹਾਂ ਦਾ ਭਾਈ ਹੈ ਜੇ ਉਹ ਡੇਰਾ ਛੱਡ ਕੇ ਘਰ ਆਵੇ।”। ਇਸ ਤੋਂ ਅੱਗੇ ਹੋਰ ਕਿਹਾ ਕਿ “ਪੰਥਪ੍ਰੀਤ ਦਾਹਵਾ ਤਾਂ ਇਹ ਕਰਦਾ ਹੈ ਕਿ “ਭਾਈ ਰਣਜੀਤ ਸਿੰਘ ਉਨ੍ਹਾਂ ਨੂੰ ਤਿੰਨ ਘੰਟੇ ਦੇ ਸਮੇਂ ਲਈ ਏਅਰ ਪੋਰਟ ’ਤੇ ਮਿਲੇ ਜਿੱਥੇ ਹੋਈ ਵੀਚਾਰ ਚਰਚਾ ਦੌਰਾਨ ਉਸ ਦਾ ਜੀਵਨ ਬਦਲ ਗਿਆ ਤੇ ਉਹ ਡੇਰਾਵਾਦ ’ਚੋਂ ਨਿਕਲ ਕੇ ਗੁਰਮਤਿ ਦਾ ਪ੍ਰਚਾਰ ਕਰਨ ਦੇ ਰਾਹ ਪਿਆ।” ਇਹ ਹਵਾਲਾ ਦੇਣ ਪਿੱਛੋਂ ਤੁਸੀਂ ਪੰਥਪ੍ਰੀਤ ਸਿੰਘ ਨੂੰ ਪੁੱਛਿਆ “ਓਏ ਭਲਿਆ ਮਾਣਸਾ ! ਜਿਸ ਦਾ ਤੁਸੀਂ ਜੀਵਨ ਬਦਲਿਆ ਉਸ ਨੇ ਤਾਂ ਸੱਚ ਦੇ ਰਾਹ ’ਤੇ ਤੁਰਦਿਆਂ ਆਪਣਾ ਇੱਕ ਸਾਥੀ ਵੀ ਸ਼ਹੀਦ ਕਰਵਾ ਲਿਆ ਪਰ ਕੀ ਕਾਰਣ ਹੈ, ਜੀਵਣ ਬਦਲਣ ਵਾਲੇ ਨੇ ਉਸ ਔਖੇ ਵੇਲੇ ਉਸ ਦਾ ਸਾਥ ਦੇਣ ਦੀ ਬਜਾਏ ਉਸ ਦਾ ਵਿਰੋਧ ਸ਼ੁਰੂ ਕਰ ਦਿੱਤਾ।” ਪਹਿਰੇਦਾਰ ਦੀ ਜਿਸ ਖ਼ਬਰ ਦੇ ਅਰਥ ਤੁਸੀਂ ਆਪਣੀ ਮਨਮਰਜੀ ਨਾਲ ਤ੍ਰੋੜ ਮ੍ਰੋੜ ਕੇ ਇਸ ਤਰ੍ਹਾਂ ਦੇ ਕਰ ਰਹੇ ਹੋ, ਉਸ ਤਰ੍ਹਾਂ ਦੇ ਅਰਥ ਤਾਂ ਉਸ ਦੇ ਨਿਕਲਦੇ ਨਹੀਂ ਪਰ ਜੇ ਉਸ ਤੋਂ ਇਲਾਵਾ ਤੁਹਾਡੇ ਪਾਸ ਭਾਈ ਪੰਥਪ੍ਰੀਤ ਸਿੰਘ ਦੇ ਐਸੇ ਦੋਵੇਂ ਬਿਆਨਾਂ ਦੀ ਕੋਈ ਵੀਡੀਓ ਰੀਕਾਰਡਿੰਗ ਹੈ ਜਿਸ ਵਿੱਚ ਭਾਈ ਪੰਥਪ੍ਰੀਤ ਸਿੰਘ ਨੇ ਐਸਾ ਕੁਝ ਕਿਹਾ ਹੋਵੇ; ਜਾਂ ਜਿਸ ਤਰ੍ਹਾਂ ਤੁਸੀਂ ਦਾਹਵਾ ਕਰ ਰਹੇ ਹੋ ਕਿ ਮੀਟਿੰਗ ਵਿੱਚ ਸ਼ਾਮਲ ਕਿਸੇ ਵਿਅਕਤੀ ਤੋਂ ਤੁਹਾਨੂੰ ਜਾਣਕਾਰੀ ਮਿਲੀ ਹੈ ਤਾਂ ਉਸ ਦਾ ਸਬੂਤ ਪੇਸ਼ ਕਰੋ ਨਹੀਂ ਤਾਂ ਕਬੂਲ ਕਰੋ ਕਿ ਤੁਸੀਂ ਇਹ ਮਨਘੜਤ ਦੋਸ਼ ਕੇਵਲ ਦੋ ਭਾਈਆਂ ਨੂੰ ਲੜਾਉਣ ਲਈ ਗਰਾਊਂਡ ਤਿਆਰ ਕਰਨ ਵਾਸਤੇ ਕਮੀਨਗੀ ਤੇ ਹਰਾਮਜ਼ਾਦਗੀ ਕਰ ਰਹੇ ਹੋ।

(4). ਤੁਸੀਂ ਪ੍ਰਚਾਰਕਾਂ ਵੱਲੋਂ ’ਆਪ’ ਦਾ ਸਮਰਥਨ ਕਰਨ ਦੇ ਫੈਸਲੇ ਨੂੰ ਉਨ੍ਹਾਂ ਵੱਲੋਂ ਕੀਤੀ ਵੱਡੀ ਗਲਤੀ ਦੇ ਤੌਰ ’ਤੇ ਪੇਸ਼ ਕਰਕੇ ਉਨ੍ਹਾਂ ਦੀ ਖਿੱਲੀ ਉਡਾ ਰਹੇ ਹੋ। ਮੇਰਾ ਜਵਾਬ ਹੈ ਕਿ ਤਕਰੀਬਨ ਸਾਰੀ ਕੌਮ ਇਹ ਮੰਨ ਰਹੀ ਹੈ ਕਿ ਕੌਮ ਦਾ ਜਿੰਨਾ ਨੁਕਸਾਨ ਬਾਦਲ-ਧੁੰਮਾ ਜੋੜੀ ਨੇ ਆਰਐੱਸਐੱਸ ਤੇ ਡੇਰਾਵਾਦ ਨਾਲ ਮਿਲ ਕੇ ਕੀਤਾ ਹੈ; ਇਤਨਾ ਨੁਕਸਾਨ ਅੱਜ ਤੱਕ ਹੋਰ ਕਿਸੇ ਨੇ ਨਹੀਂ ਕੀਤਾ, ਇਸ ਲਈ ਇਸ ਜੋੜੀ ਤੋਂ ਪੰਜਾਬ ਸਰਕਾਰ ਅਤੇ ਖਾਸ ਕਰਕੇ ਸ਼੍ਰੋਮਣੀ ਕਮੇਟੀ ਅਜਾਦ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਦੂਸਰੀ ਲੋੜ ਹੈ ਕਿ ਪੰਜਾਬ ਵਿੱਚ ਤੀਜਾ ਬਦਲ ਉਭਾਰਿਆ ਜਾਵੇ। ਪੰਜਾਬ ਵਿੱਚ ਕਿਉਂਕਿ ਤੀਸਰਾ ਹੋਰ ਕੋਈ ਬਦਲ ਹੈ ਹੀ ਨਹੀਂ, ਇਸ ਲਈ ਪ੍ਰਚਾਰਕਾਂ ਦੀ ਇਹ ਮਜਬੂਰੀ ਸੀ ਕਿ ਉਹ ‘ਆਪ’ ਦਾ ਸਮਰਥਨ ਕਰਨ। ਪ੍ਰਚਾਰਕਾਂ ਦੇ ਇਸ ਸਮਰਥਨ ਨੇ ਬਾਦਲ-ਧੁੰਮਾ ਜੋੜੀ ਨੂੰ ਤੀਸਰੇ ਨੰਬਰ ’ਤੇ ਧੱਕ ਕੇ ਉਨ੍ਹਾਂ ਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ਸਿੱਖ ਭਾਵਨਾਵਾਂ ਨੂੰ ਦਰਕਿਨਾਰ ਕਰਕੇ ਉਹ ਸਤਾ ’ਤੇ ਹਮੇਸ਼ਾਂ ਲਈ ਕਾਬਜ਼ ਨਹੀਂ ਰਹਿ ਸਕਦੇ। ਆਪ ਆਗੂਆਂ ਵੱਲੋਂ ਇਹ ਸਵੀਕਾਰਨਾ ਕਿ ਉਨ੍ਹਾਂ ਨੂੰ ਹਿੰਦੂਆਂ ਨੇ ਵੋਟਾਂ ਨਹੀਂ ਪਾਈਆਂ ਤਾਂ ਇਹ ਸਿੱਧ ਕਰਦਾ ਹੈ ਕਿ ਉਨ੍ਹਾਂ ਨੂੰ ਜਿਤਨੀਆਂ ਵੀ ਵੋਟਾਂ ਪਈਆਂ ਹਨ ਉਹ ਕੇਵਲ ਸਿੱਖਾਂ ਦੀਆਂ ਹਨ। ਇਹ ਤਾਂ ਸਗੋਂ ਹੋਰ ਵੀ ਵੱਡੀ ਪ੍ਰਾਪਤੀ ਹੈ ਕਿਉਂਕਿ ਇਸ ਨਾਲ ਸਾਨੂੰ ਆਪਣੀ ਸਿੱਖ ਵੋਟ ਬੈਂਕ ਦਾ ਅੰਦਾਜ਼ਾ ਹੋ ਗਿਆ ਕਿ ਸਾਡਾ ਵੋਟ ਬੈਂਕ ਕਿਤਨਾ ਹੈ ਅਤੇ ਬਾਦਲਾਂ ਨੂੰ ਅਹਿਸਾਸ ਹੋਇਆ ਹੈ ਕਿ ਸਿੱਖ ਭਾਵਨਾਵਾਂ ਨੂੰ ਦਰਕਿਨਾਰ ਕਰਕੇ ਉਨ੍ਹਾਂ ਦਾ ਸਿਆਸੀ ਭਵਿੱਖ ਸੁਰੱਖਿਅਤ ਨਹੀਂ ਰਹੇਗਾ। ਸਮੂਹ ਸਿੱਖ ਪ੍ਰਚਾਰਕਾਂ ਦੀ ਇੱਕਮੁੱਠਤਾ ਨਾਲ ਹੀ ਐਸਾ ਮਹੌਲ ਸਿਰਜਨਾ ਸੰਭਵ ਹੋ ਸਕਿਆ ਹੈ, ਜਿਸ ਵਿੱਚ ਬਾਦਲ ਦਲ ਨੂੰ ਇਹ ਸੋਚਣ ਲਈ ਮਜਬੂਰ ਹੋਣਾ ਪਿਆ। ਪਰ ਤੁਸੀਂ ਇਸ ਬਣੀ ਏਕਤਾ ਨੂੰ ਖੇਰੂੰ ਖੇਰੂੰ ਕਰਨ ਵਿੱਚ ਆਪਣਾ ਪੂਰਾ ਤਾਨ ਲਾ ਰਹੇ ਹੋ। ਤੁਹਾਡੀ ਮੰਦਭਾਵਨਾ ਇਸ ਗੱਲ ਤੋਂ ਸਿੱਧ ਹੁੰਦੀ ਹੈ ਕਿ ਹੁਣ ਤੱਕ ਜਿਤਨੀਆਂ ਵੀ ਗਲਤੀਆਂ ਦੇ ਦੋਸ਼, ਜਿਨ੍ਹਾਂ ਵਿੱਚ ‘ਆਪ’ ਦਾ ਸਮਰੱਥਨ ਕਰਨ ਦਾ ਫੈਸਲਾ; ਬਰਗਾੜੀ ਕਾਂਡ ਸਮੇਂ ਰੋਸ ਵਿੱਚ ਧਰਨੇ ਲਾਉਣੇ; ਗੁਰਬਖ਼ਸ਼ ਸਿੰਘ ਅਤੇ ਸੂਰਤ ਸਿੰਘ ਦੇ ਮਰਨ ਵਰਤ ਮੌਕੇ ਸਮਰਥਨ ਦੇਣਾ ਆਦਿਕ ਵਿੱਚ; ਭਾਈ ਰਣਜੀਤ ਸਿੰਘ ਜੀ ਵੀ ਮੁੱਖ ਤੌਰ ’ਤੇ ਸ਼ਾਮਲ ਹੁੰਦੇ ਰਹੇ ਹਨ, ਪਰ ਤੁਹਾਡੀ ਅਲੋਚਨਾ ਦਾ ਨਿਸ਼ਾਨਾ ਕੇਵਲ ਭਾਈ ਪੰਥਪ੍ਰੀਤ ਸਿੰਘ ਜੀ ਹਨ। ਤੁਹਾਡੇ ਵੱਲੋਂ ਅਪਣਾਏ ਜਾ ਰਹੇ ਪੈਂਤੜੇ ਨਾਲ ਸ਼ੱਕ ਪੈਦਾ ਹੋ ਰਹੇ ਹਨ ਕਿ ਇਹ ਏਕਤਾ ਸਥਾਈ ਚਿਰ ਲਈ ਨਹੀਂ ਰਹਿ ਸਕਦੀ। ਸਭ ਨੂੰ ਪਤਾ ਹੈ ਕਿ ਇਨ੍ਹਾਂ ਦੋਵਾਂ ਦੀ ਦਿਲੋਂ ਏਕਤਾ ਤੋਂ ਬਿਨਾਂ ਸਿਆਸੀ ਆਗੂਆਂ ਦੀ ਸੋਚ ਬਦਲਨ ਲਈ ਸਿੱਖਾਂ ਦਾ ਕੋਈ ਪ੍ਰੈੱਸ਼ਰ ਗਰੁੱਪ ਬਣ ਜਾਣਾ ਸੰਭਵ ਹੀ ਨਹੀਂ ਹੈ। ਤੁਸੀਂ ਵੀਚਾਰ ਚਰਚਾ ਦੌਰਾਨ ਇਹ ਵੀ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਆਪਣੇ ਬੰਦੇ ਖੜ੍ਹੇ ਕਰਨਾ ਤੁਹਾਡੀ ਨੀਤੀ ਦਾ ਇੱਕ ਹਿੱਸਾ ਸੀ।

ਹੁਣ ਦੱਸੋ ਕਿ ਜੇ ਸਮੁੱਚੇ ਵੱਡੇ ਪ੍ਰਚਾਰਕਾਂ ਦੀ ਏਕਤਾ ਨਾਲ ਐਸਾ ਹੋਣਾ ਸੰਭਵ ਜਾਪਣ ਲੱਗਾ ਹੈ ਤਾਂ ਤੁਹਾਡੇ ਢਿੱਡ ਪੀੜ ਕੇਵਲ ਇਸੇ ਕਰਨ ਹੋ ਰਹੀ ਹੈ ਕਿ ਏਕਤਾ ਦੀ ਲੜੀ ਵਿੱਚ ਬੱਝੇ ਰਹਿਣ ਦੇ ਚਾਹਵਾਨ ਪ੍ਰਚਾਰਕ ਤੁਹਾਡੀ ਲੱਤ ਹੇਠਾਂ ਦੀ ਲੰਘਣ ਤੋਂ ਇਨਕਾਰੀ ਕਿਉਂ ਹੋ ਰਹੇ ਹਨ? ਕੀ ਤੁਹਾਡਾ ਇਹ ਵਿਵਹਾਰ ਕਿਸੇ ਕਮੀਨਗੀ, ਬੇਈਮਾਨੀ ਅਤੇ ਹਰਾਮਜ਼ਾਦਗੀ ਤੋਂ ਘੱਟ ਹੈ ?

(5). ਤੁਸੀਂ ਆਪਣੇ ਵੱਲੋਂ ਇੱਕ ਥਾਂ ਪੇਸ਼ ਕੀਤੇ ਵੀਚਾਰ ਨੂੰ  ਅਗਲੇ ਹੀ ਪਲ ਕੱਟਣ ਲਗੇ ਬਿੱਲਕੁਲ ਨਹੀਂ ਸੋਚਦੇ ਕਿ ਇਸ ਤੋਂ ਪਹਿਲਾਂ ਤੁਸੀਂ ਕੀ ਕਹਿ ਚੁੱਕੇ ਹੋ। ਜਿਵੇਂ (੧) ਭਾਈ ਧੂੰਦਾ ਜੀ ਪ੍ਰਤੀ ਤੁਸੀਂ ਕਹਿ ਰਹੇ ਹੋ ਕਿ ਉਸ ਵਿੱਚ ਕੌਨਫੀਡੈਂਸ ਨਹੀਂ ਜਦੋਂ ਵੀ ਕਦੀ ਕੋਈ ਨਵਾਂ ਵੀਚਾਰ ਪੇਸ਼ ਕਰਨਾ ਹੋਵੇ ਤਾਂ ਪਹਿਲਾਂ ਗਿਆਨੀ ਪੰਨਵਾਂ, ਦਦੇਹਰ, ਵੀਰ ਭੂਪਿੰਦਰ, ਘੱਗਾ ਅਤੇ ਸਭਰਾ ਆਦਿਕ ਨਾਲ ਸਲਾਹ ਕਰਕੇ ਕਰਦਾ ਹੈ ਦੂਸਰੇ ਪਾਸੇ ਤੁਸੀਂ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਦੱਸ ਰਹੇ ਹੋ ਕਿ ਉਹ ਡਿਕਟੇਟਰ ਹੈ, ਹੰਕਾਰੀ ਹੈ, ਕਿਸੇ ਦੀ ਸਲਾਹ ਨਹੀਂ ਸੁਣਦਾ। ਭਾਵ ਤੁਹਾਡੀ ਨਿਗ੍ਹਾ ਵਿੱਚ ਸਲਾਹ ਕਰਨ ਵਾਲਾ ਵੀ ਦੋਸ਼ੀ ਅਤੇ ਸਲਾਹ ਨਾ ਕਰਨ ਵਾਲਾ ਵੀ ਦੋਸ਼ੀ। ਇਨ੍ਹਾਂ ਨੂੰ ਵੇਖ ਕੇ ਤਾਂ ਐਸਾ ਨਹੀਂ ਲੱਗ ਰਿਹਾ ਕਿ ਤੁਸੀਂ ਬਿਲਕੁਲ ਜੱਬਲ਼ਾਂ ਅਤੇ ਬੂਝੜਾਂ ਵਾਂਗ ਭਕਾਈ ਮਾਰ ਕੇ ਔਨ ਏਅਰ ਆਪਣਾ ਜਲੂਸ ਆਪ ਕੱਢ ਰਹੇ ਹੋ? (੨) ਜਦੋਂ ਗੁਰਪ੍ਰੀਤ ਕੈਲੇਫੋਰਨੀਆ 200-250 ਬੰਦੇ ਲੈ ਕੇ ਤੁਹਾਡੇ ਸਟੂਡੀਓ ’ਤੇ ਆਇਆ ਤਾਂ ਉਸ ਨਾਲ ਵੀਚਾਰ ਵਟਾਂਦਰਾ ਕਰਨ ਜਾਂ ਲੜਨ ਦੀ ਤੁਸੀਂ ਹਿੰਮਤ ਨਾ ਕਰ ਸਕੇ। ਆਪਣੀ ਸਿਆਣਪ ਨੂੰ ਸਹੀ ਸਿੱਧ ਲਈ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਫੈਸਲਿਆਂ ਤੋਂ ਲਈ ਦੱਸਦੇ ਹੋ ਕਿ ਚੜ੍ਹ ਕੇ ਆਏ ਦੁਸ਼ਮਣਾਂ ਨਾਲ ਕਦੋਂ ਲੜਨਾ ਹੈ ਤੇ ਕਿਸ ਸਥਾਨ ’ਤੇ ਲੜਨਾ ਹੈ ਇਸ ਦੀ ਚੋਣ ਉਨ੍ਹਾਂ ਨੇ ਆਪ ਕੀਤੀ। ਪਰ ਜਦੋਂ ਉਹੀ ਗੁਰਪ੍ਰੀਤ ਕੈਲੇਫੋਰਨੀਆ ਜਰਮਨ ਵਿਖੇ ਭਾਈ ਪੰਥਪ੍ਰੀਤ ਸਿੰਘ ਦੇ ਦੀਵਾਨ ’ਚ ਖਲਲ ਪਾਉਣ ਆਇਆ ਤਾਂ ਭਾਈ ਪੰਥਪ੍ਰੀਤ ਸਿੰਘ ਵੱਲੋਂ ਉਸ ਪ੍ਰਤੀ ਇੱਕ ਵੀ ਸ਼ਬਦ ਨਾ ਬੋਲਣ ਬਦਲੇ ਉਸ ਨੂੰ ਕਮਜੋਰ ਅਤੇ ਕਾਇਰ ਸਿੱਧ ਕਰ ਰਹੇ ਹੋ। ਹਰਨੇਕ ਸਿੰਘ ਜੀ! ਜਿਸ ਸਮੇਂ ਮਨਮਤੀਆ ਖਰੂਦੀ ਗੁਰਪ੍ਰੀਤ ਕੈਲੇਫੋਰਨੀਆਂ ਜਰਮਨ ਵਿਖੇ ਡਾਂਗਾਂ ਸੋਟਿਆਂ ਨਾਲ ਲੈਸ 200-250 ਬੰਦੇ ਲੈ ਕੇ, ਭਾਈ ਪੰਥਪ੍ਰੀਤ ਸਿੰਘ ਜੀ ਨੂੰ ਗੁਰਦੁਆਰੇ ਵਿੱਚ ਪਹੁੰਚਣ ਤੋਂ ਰੋਕਣ ਲਈ ਪਹੁੰਚ ਚੁੱਕਾ ਸੀ ਤਾਂ ਉਸ ਸਮੇਂ ਭਾਈ ਪੰਥਪ੍ਰੀਤ ਸਿੰਘ ਨੂੰ ਪਹਿਲਾਂ ਸੂਚਨਾ ਮਿਲ ਚੁੱਕੀ ਸੀ ਅਤੇ ਸਲਾਹ ਵੀ ਦਿੱਤੀ ਗਈ ਸੀ ਕਿ ਜੇ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਨਾ ਜਾਓ ਪਰ ਇਹ ਉਨ੍ਹਾਂ ਦੀ ਦਲੇਰੀ ਸੀ ਕਿ ਸੂਰਮਿਆਂ ਵਾਂਗ ਉਨ੍ਹਾਂ ਦੇ ਵਿੱਚੋਂ ਦੀ ਲੰਘ ਕੇ ਸਮੇਂ ਸਿਰ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਆਮ ਵਾਙ ਦੀਵਾਨ ਲਾਇਆ। ਜੇ ਕਿਸੇ ਨੇ ਦੂਰੋਂ ਗਮਲਾ ਉਨ੍ਹਾਂ ਵੱਲ ਸੁੱਟਿਆ ਤਾਂ ਇਹ ਬਹਾਦਰੀ ਵਾਲਾ ਨਹੀਂ ਸਗੋਂ ਕਾਇਰਤਾ ਭਰੀ ਮੂਰਖਤਾ ਸੀ। ਗੁਰਦੁਆਰੇ ਦੇ ਗੇਟ ਉੱਪਰ ਖੜ੍ਹ ਕੇ ਖਰੂਦੀਆਂ ਵਾਂਗ ਉਨ੍ਹਾਂ ’ਤੇ ਗਮਲੇ ਸੁੱਟਣੇ ਜਾਂ ਲਾਠੀਆਂ ਤਲਵਾਰਾਂ ਨਾਲ ਲੜ ਕੇ ਮਨਮਤੀਏ ਖਰੂਦੀ ਵਾਲੀ ਮੂਰਖਤਾ ਵਿਖਾਉਣੀ ਭਾਈ ਪੰਥਪ੍ਰੀਤ ਸਿੰਘ ਦੀ ਨੀਤੀ ਦਾ ਕੋਈ ਹਿੱਸਾ ਹੀ ਨਹੀਂ। ਪਰ ਦੂਸਰੇ ਪਾਸੇ ਇੱਟ ਦਾ ਜਵਾਬ ਪੱਥਰ ਵਿੱਚ ਦੇਣ ਵਾਲੇ ਤੁਸੀਂ ਤਾਂ ਉਸ ਸਮੇਂ ਆਪਣੇ ਹੀ ਸ਼ਹਿਰ ਵਿੱਚ ਸਥਿਤ ਆਪਣੇ ਸਟੂਡੀਓ ਵਿੱਚੋਂ ਬਾਹਰ ਨਿਕਲ ਕੇ ਉਨ੍ਹਾਂ ਦਾ ਸਾਹਮਣਾ ਕਰਨ ਦੀ ਹਿੰਮਤ ਵੀ ਨਾ ਕਰ ਸਕੇ ਅਤੇ ਨਾ ਹੀ ਬਾਅਦ ਵਿੱਚ ਆਪਣੀ ਮਰਜੀ ਦੇ ਸਥਾਨ ਦੀ ਚੋਣ ਕਰਕੇ ਉਸ ਮਨਮੱਤੀਏ ਖਰੂਦੀ ਨੂੰ ਅਕਲ ਸਿਖਾਉਣ ਦਾ ਕੋਈ ਕਾਰਨਾਮਾ ਵਿਖਾ ਸਕੇ। (੩) ਅੱਜ ਪ੍ਰਚਾਰ ਬੰਦ ਕਰਵਾਉਣ ’ਤੇ ਤੁਲੇ ਹੋਏ ਤੁਸੀਂ ਉਦਾਹਰਨ ਦੇ ਰਹੇ ਹੋ ਕਿ ਸਾਹਿਬਜ਼ਾਦਿਆਂ ਨੂੰ ਸਲਾਹ ਦੇਣ ਵਾਲਾ ਜੇ ਕੋਈ ਗਿਆਨੀ/ਕਥਾਕਾਰ ਹੁੰਦਾ ਤਾਂ ਉਸ ਨੇ ਸਲਾਹ ਦੇਣੀ ਸੀ ਕਿ ਇੱਦਾਂ ਮਰਨ ਦਾ ਥੋੜਾ ਫਾਇਦਾ, ਜਿਉਂਦੇ ਰਹਿ ਕੇ  ਤੁਸੀਂ ਕੌਮ ਨੂੰ ਜਾਗਰਾਤ ਕਰ ਸਕਦੇ ਹੋ ਪਰ 2012 ਵਿੱਚ ਸਾਹਿਬਾਦਿਆਂ ਦੇ ਰਾਹ ਪੈਣ ਵਾਲੇ ਪ੍ਰੋ: ਦਰਸ਼ਨ ਸਿੰਘ ਦਾ ਵਿਰੋਧ ਕਰਨ ਲਈ ਧੂੰਦੇ ਨੂੰ ਉਨ੍ਹਾਂ ਦੇ ਵਿਰੋਧ ਵਿੱਚ ਖੜ੍ਹੇ ਕਰਨ ਲਈ ਤੁਸੀਂ ਦਲੀਲ ਦੇ ਰਹੇ ਸੀ ਪਹਿਲਾਂ ਕਾਲ਼ੇ ਅਫ਼ਗਾਨੇ, ਜੋਗਿੰਦਰ ਸਿੰਘ ਸਪੋਕਸਮੈਨ ਪ੍ਰੋ: ਦਰਸ਼ਨ ਸਿੰਘ ਵੱਲੋਂ ਅਪਣਾਈ ਨੀਤੀ ਫੇਲ੍ਹ ਹੋ ਚੁੱਕੀ ਸੀ ਇਸ ਲਈ ਪ੍ਰਚਾਰ ਜਾਰੀ ਰੱਖਣ ਲਈ ਅਸੀਂ ਧੂੰਦੇ ਨੂੰ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਮੁਆਫੀ ਮੰਗਣ ਦੀ ਸਲਾਹ ਦਿੱਤੀ। ਯਾਰ ! ਇੱਕੋ ਸਮੇਂ ਹੀ ਐਸੇ ਵੱਖ ਵੱਖ ਨਜ਼ਰੀਏ ਪੇਸ਼ ਕਰਦੇ ਸਮੇਂ ਕੁਝ ਤਾਂ ਸ਼ਰਮ ਕਰਿਆ ਕਰੋ। ਪਲ ਪਲ ਤੁਹਾਡੇ ਵੱਲੋਂ ਬਦਲੇ ਜਾ ਰਹੇ ਆਪਾ ਵਿਰੋਧੀ ਫੈਸਲਿਆਂ ਨੂੰ ਵੇਖ ਕੇ ਤਾਂ ਤੁਹਾਡੇ ਸਮਰਥਕਾਂ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਕਿਸੇ ਚੰਗੇ ਸਈਕਾਲੋਜਿਸਟ ਤੋਂ ਤੁਹਾਡਾ ਦਿਮਾਗੀ ਚੈੱਕ-ਅਪ ਕਰਵਾਉਣ।ਨਹੀਂ ਤਾਂ ਪਤਾ ਨਹੀਂ ਕਿੰਨਾ ਸਮਾਂ ਆਪਣੀਆਂ ਨੇਕ ਸਲਾਹਾਂ ਨਾਲ ਇਹ ਬੂਝੜ ਬੰਦਾ ਕੌਮੀ ਆਗੂਆਂ ਨੂੰ ਜ਼ਲੀਲ ਕਰਦਾ ਰਹੇਗਾ !

(6). ਆਪਣੀ ਵੀਚਾਰ ਚਰਚਾ ਦੌਰਾਨ ਤੁਸੀਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਬੰਦੇ ਖੜ੍ਹੇ ਕਰਨ ਦੀ ਦਲੀਲ ਦੇ ਰਹੇ ਸੀ ਪਰ ਅੱਜ ਜਿਹੜੇ ਪ੍ਰਚਾਰਕ ਇਸ ਰਾਹ ਪੈਣ ਦੀ ਤਿਆਰੀ ਕਰ ਰਹੇ ਹਨ ਉਨ੍ਹਾਂ ਨੂੰ ਸਲਾਹ ਦੇ ਰਹੇ ਹੋ ਕਿ “ਸ਼੍ਰੋਮਣੀ ਕਮੇਟੀ ਤੋਂ ਤੁਸੀਂ ਕੀ ਲੈਣਾ ਹੈ ਬਰਾਬਰ ਦੀ ਆਪਣੀ ਦੂਸਰੀ ਸਟੇਜ਼ ਕਿਉਂ ਨਹੀਂ ਬਣਾ ਲੈਂਦੇ?” ਆਪਣੀ ਦਲੀਲ ਨੂੰ ਸਹੀ ਸਿੱਧ ਕਰਨ ਲਈ ਤੁਸੀਂ ਉਦਾਹਰਨ ਦਿੰਦੇ ਹੋ ਕਿ “ਗੁਰੂ ਅੰਗਦ ਸਾਹਿਬ ਜੀ ਨੇ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ ਕੇਂਦਰ ਬਣਾਇਆ, ਗੁਰੂ ਅਮਰਦਾਸ ਜੀ ਨੇ ਖਡੂਰ ਸਾਹਿਬ ਛੱਡ ਕੇ ਗਇੰਦਵਾਲ ਅਤੇ ਗੁਰੂ ਰਾਮਦਾਸ ਜੀ ਨੇ ਗੋਇੰਦਵਾਲ ਛੱਡ ਕੇ ਅੰਮ੍ਰਿਤਸਰ ਵਸਾ ਲਿਆ ਇਸੇ ਤਰ੍ਹਾਂ ਸਾਨੂੰ ਸ਼੍ਰੋਮਣੀ ਕਮੇਟੀ ਦੀ ਕੀ ਲੋੜ ਹੈ; ਬਰਾਬਰ ਦੀ ਆਪਣੀ ਨਵੀਂ ਸਟੇਜ਼ ਬਣਾਓ।” ਕੀ ਇਹ ਤੁਹਾਡਾ ਪਲ ਪਲ ਬਦਲ ਰਿਹਾ ਦੋਗਲਾਪਨ ਨਹੀਂ ਹੈ ? ਦੂਸਰਾ ਇਹ ਵੀ ਚੇਤੇ ਰੱਖਣ ਵਾਲੀ ਗੱਲ ਹੈ ਕਿ ਅੱਜ ਦੇ ਲੋਕਤੰਤਰ ਦੇ ਯੁੱਗ ਵਿੱਚ ਕੇਵਲ ਚੁਣੀ ਹੋਈ ਸੰਸਥਾ ਨੂੰ ਹੀ ਮਾਣਤਾ ਮਿਲਦੀ ਹੈ ਜੋ ਕਿ ਸਾਡੇ ਪਾਸ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਹੈ।

(7). ਪ੍ਰਚਾਰਕਾਂ ਵੱਲੋਂ ‘ਆਪ’ ਨੂੰ ਦਿੱਤੇ ਗਏ ਸਮਰਥਨ ਦੀ ਤੁਸੀਂ ਡੇਰਾਵਾਦੀਆਂ ਵੱਲੋਂ ਸਿਆਸਤਦਾਨਾਂ ਨੂੰ ਦਿੱਤੇ ਜਾ ਰਹੇ ਸਮਰਥਨ ਨਾਲ ਤੁਲਨਾ ਕਰਦੇ ਸਮੇਂ ਕੀ ਕਦੀ ਸੋਚ ਵੀਚਾਰ ਕੀਤੀ ਹੈ ਕਿ ਡੇਰੇਦਾਰਾਂ ਦੇ ਰਾਜਨੀਤਕ ਲੋਕਾਂ ਨਾਲ ਸਬੰਧ ਡੇਰਾਵਾਦ ਨੂੰ ਪ੍ਰਫੁਲਿਤ ਕਰਨ ਲਈ, ਅਨੈਤਿਕ ਕਾਰਵਾਈਆਂ ਕਰਨ ਅਤੇ ਉਨ੍ਹਾਂ ਨੂੰ ਛੁਪਾਉਣ ਲਈ ਆਪਣੇ ਸ਼ਰਧਾਲੂਆਂ ਦੇ ਵੋਟ ਬੈਂਕ ਦੀ ਦੁਰਵਰਤੋਂ ਕਰ ਰਹੇ ਹਨ; ਜਿਸ ਦੀਆਂ ਅਨੇਕਾਂ ਉਦਾਹਰਨਾਂ ਮਿਲ ਰਹੀਆਂ ਹਨ ਪਰ ‘ਆਪ’ ਨੂੰ ਸਮਰਥਨ ਦੇਣ ਵਾਲੇ ਕਿਸੇ ਇੱਕ ਵੀ ਪ੍ਰਚਾਰਕ ਦੀ ਐਸੀ ਉਦਾਹਰਨ ਦਿਓ ਜਿਸ ਤੋਂ ਐਸੀ ਝਲਕ ਮਿਲਦੀ ਹੋਵੇ ਜਿਸ ਵਿੱਚੋਂ ਉਸ ਦੇ ਨਿੱਜੀ ਸੁਆਰਥਾਂ ਦੀ ਪੂਰਤੀ ਹੁੰਦੀ ਹੋਵੇ, ਜਾਂ ਆਪਣੀਆਂ ਅਨੈਤਿਕ ਕਾਰਵਾਈਆਂ ਛੁਪਾਉਣ ਲਈ ਹੋਣ। ਜਿੰਨ੍ਹਾਂ ਨੇ ਵੀ ਸਮਰਥਨ ਦਿੱਤਾ ਹੈ ਸਭ ਨੇ ਕੌਮੀ ਹਿੱਤਾਂ ਨੂੰ ਮੁੱਖ ਰੱਖ ਕੇ ਫੈਸਲਾ ਕੀਤਾ ਹੈ। ਮੈਂ ਤੁਹਾਨੂੰ 2005 ਤੋਂ ਜਾਣਦਾ ਹਾਂ ਅਤੇ ਮੇਰੀ ਜਾਣਕਾਰੀ ਅਨੁਸਾਰ ਜਿਨ੍ਹਾਂ ਜਿਨ੍ਹਾਂ ਵਿਅਕਤੀਆਂ ਨੂੰ ਤੁਸੀਂ ਕਿਸੇ ਨਾ ਕਿਸੇ ਸਮੇਂ ਰੱਜ ਕੇ ਸਮਰਥਨ ਦਿੱਤਾ, ਕੁਝ ਸਮੇਂ ਬਾਅਦ ਬਿਨਾਂ ਸਿਰ ਪੈਰ ਦੇ, ਉਸੇ ਉਸੇ ਦਾ ਵਿਰੋਧ, ਕੀਤੇ ਸਮਰਥਨ ਨਾਲੋਂ ਵੱਧ ਜੋਰ ਸ਼ੋਰ ਨਾਲ ਕੀਤਾ। ਥੋੜ੍ਹੇ ਸਮੇਂ ਤੋਂ ਤੁਸੀਂ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦਾ ਸਮਰਥਨ ਕਰਨਾ ਸ਼ੁਰੂ ਕੀਤਾ ਹੈ ਜੋ ਮੇਰੇ ਲਈ ਵਕਤੀ ਤੌਰ ’ਤੇ ਤਾਂ ਖ਼ੁਸ਼ੀ ਦੀ ਗੱਲ ਹੈ ਪਰ ਤੁਹਾਡਾ ਪਿਛਲਾ ਇਤਿਹਾਸ ਯਾਦ ਕਰ ਕੇ ਚਿੰਤਾ ਵੀ ਸਤਾ ਰਹੀ ਹੈ ਕਿ ਹੁਣ ਇਨ੍ਹਾਂ ਦਾ ਸਮਰਥਨ ਕਦੋਂ ਤੱਕ ਰਹੇਗਾ। ਮੈਂ ਆਪਣੇ ਤਜਰਬੇ ਦੇ ਅਧਾਰ ’ਤੇ ਕਹਿ ਸਕਦਾ ਹਾਂ ਕਿ ਲੰਮੇ ਸਮੇਂ ਤੱਕ ਜਾਰੀ ਨਹੀਂ ਰਹੇਗਾ। ਕੀ ਇਸ ਤਰ੍ਹਾਂ ਕਰਕੇ ਤੁਸੀਂ ਕੌਮ ਵਿੱਚ ਬੇਵਿਸ਼ਵਾਸੀ ਦਾ ਮਹੌਲ ਨਹੀਂ ਬਣਾ ਰਹੇ? ਇਹ ਬੇਵਿਸ਼ਵਾਸੀ ਦਾ ਹੀ ਸਿੱਟਾ ਹੈ ਕਿ ਸੁਹਿਰਦਤਾ ਨਾਲ ਸਿੱਖ ਹਿੱਤਾਂ ਵਿੱਚ ਕੰਮ ਕਰਨ ਵਾਲਾ ਕੌਮ ਦਾ ਕੋਈ ਵੀ ਕੱਦਾਵਰ ਆਗੂ ਨਹੀਂ ਉੱਭਰ ਰਿਹਾ। ਬਿਨਾਂ ਵਿਸ਼ਵਾਸਯੋਗ ਆਗੂ, ਕਦੀ ਵੀ ਕੌਮੀ ਪ੍ਰਾਪਤੀਆਂ ਨਹੀਂ ਕੀਤੀਆਂ ਜਾ ਸਕਦੀਆਂ। ਬੇਵਿਸ਼ਵਾਸੀ ਦਾ ਮਹੌਲ ਪੈਦਾ ਕਰਨ ਵਾਲਿਆਂ ਦੀ ਲਿਸਟ ਵਿੱਚ ਮੈਨੂੰ ਤੁਹਾਡਾ ਨੰ: ਪਹਿਲੇ ਨੰਬਰ ’ਤੇ ਜਾਪਦਾ ਹੈ; ਬਾਕੀ ਸਹੀ ਅੰਦਾਜ਼ਾ ਸੰਗਤ ਹੀ ਲਾ ਸਕਦੀ ਹੈ।

(8).  ਧੂੰਦੇ ਨੂੰ ਅਕਾਲ ਤਖ਼ਤ ’ਤੇ ਪੇਸ਼ ਕਰਾਉਣ ਸਮੇਂ ਤੁਸੀਂ ਇਸ ਤਰ੍ਹਾਂ ਦੀ ਨੀਤੀ ਬਣਾਈ ਸੀ ਕਿ ਧੂੰਦਾ ਇੱਕ ਵਾਰ ਪੇਸ਼ ਹੋ ਕੇ ਮੁਆਫੀ ਮੰਗ ਕੇ ਤਨਖ਼ਾਹ ਲਵਾ ਲਵੇ, ਆ ਕੇ ਫਿਰ ਉਹੀ ਕੰਮ ਕਰਦਾ ਰਹੇ, ਜੇ ਦੁਬਾਰਾ ਬੁਲਾਉਣ ਫਿਰ ਚਲਾ ਜਾਵੇ ਉਸ ਪਿੱਛੋਂ ਹਰ ਮਹੀਨੇ ਆਪੇ ਹੀ ਜੀ ਜਾ ਕੇ ਮੁਆਫੀ ਮੰਗ ਆਵੇ।ਇਸ ਤਰ੍ਹਾਂ ਉਹ ਆਪੇ ਹੀ ਸੱਦਣੋਂ ਹਟ ਜਾਣਗੇ। ਹਰਨੇਕ ਸਿੰਘ ਜੀ ! ਜਾਪਦਾ ਹੈ ਕਿ ਬਾਦਲਾਂ ਨੂੰ ਵੀ ਇਹ ਨੀਤੀ ਤੁਸੀਂ ਹੀ ਸਮਝਾਈ ਹੈ ਜਿਸ ਸਦਕਾ ਉਨ੍ਹਾਂ ਦੇ ਆਗੂ ਵਾਰ ਵਾਰ ਬਲਾਤਕਾਰੀ ਸੌਦਾ ਸਾਧ ਦੇ ਦਰਬਾਰ ਵਿੱਚ ਹਾਜਰੀਆਂ ਭਰਦੇ ਰਹੇ ਤੇ ਲੋੜ ਪੈਣ ’ਤੇ ਅਕਾਲ ਤਖ਼ਤ ਦੇ ਪੁਜਾਰੀਆਂ ਅੱਗੇ ਪੇਸ਼ ਹੋ ਕੇ ਤਨਖਾਹ ਲਵਾ ਕੇ ਆਪ ਦੋਸ਼ ਮੁਕਤ ਅਤੇ ਸੌਦਾ ਸਾਧ ਤੇ ਸਿੱਖ ਧਰਮ ਵਿੱਚ ਪੁਜਾਰੀਆਂ ਨੂੰ ਤਾਕਤਵਰ ਬਣਾਉਂਦੇ ਆ ਰਹੇ ਹਨ। ਇਹ ਤੁਹਾਡੀ ਚੰਗੀ ਨੀਤੀ ਹੈ ?

(9). ਤੁਸੀਂ ਕਿਹਾ “ਪੰਥਪ੍ਰੀਤ ਤੇ ਧੂੰਦਾ ਕਿਉਂ ਨਹੀਂ ਵਿਰਸਾ ਰੇਡੀਓ ’ਤੇ ਸੱਚ ਬੋਲਦੇ?” ਅੱਗੇ ਹੋਰ ਕਿਹਾ “ਕਿਉਂਕਿ ਉਨ੍ਹਾਂ ਨੂੰ ਆਪਣੀਆਂ ਕਮਜੋਰੀਆਂ ਦਾ ਪਤਾ ਹੈ।” ਸਿਰੇ ਦੀ ਮੂਰਖਤਾ ਦੀ ਝੱਲ ਵਿੱਚ ਉਲਝੇ ਹੋਏ ਭਾਈ ਹਰਨੇਕ ਸਿੰਘ ਜੀਓ ! ਉਨ੍ਹਾਂ ਦਾ ਮੰਨਣਾ ਹੈ ਕਿ ਆਪਣੀ ਮੰਜ਼ਲ ’ਤੇ ਪਹੁੰਚਣ ਦੇ ਚਾਹਵਾਨ; ਜੇ ਰਸਤੇ ਵਿੱਚ ਭੌਂਕਣ ਵਾਲੇ ਹਰ ਕੁੱਤੇ ਦੇ ਡਲ਼ੀ ਮਾਰਨ ਲੱਗ ਪੈਣ ਤਾਂ ਉਹ ਆਪਣੀ ਮੰਜ਼ਲ ’ਤੇ ਕਦੀ ਨਹੀਂ ਪਹੁੰਚ ਸਕਦੇ। ਇਸ ਲਈ ਉਹ ਤੁਹਾਡੇ ਵਰਗੇ ਜਬਲੀਆਂ ਮਾਰਨ ਵਾਲਿਆਂ ਦੇ ਗਰੁੱਪ, ਜਿਨ੍ਹਾਂ ਵਿੱਚ ਖੁਸਰਿਆਂ ਵਾਙ ਆਪੇ ਹੀ ਗੱਲ ਕਰਕੇ ਤਾੜੀ ਮਾਰ ਕੇ ਆਪ ਹੀ ਹੱਸਣ ਵਾਲੇ ਹੋਣ, ਉਨ੍ਹਾਂ ਨਾਲ ਸਮਾਂ ਕਿਉਂ ਨਸ਼ਟ ਕਰਨ ?

(10). ਤੁਹਾਡੀ ਮਜ਼ਲਸ ਵਿੱਚ ਬੈਠੇ ਇੱਕ ਨੇ ਕਿਹਾ “ਜੇ ਅਸੀਂ ਧੂੰਦੇ ਨੂੰ ਸਮਰਥਨ ਦਿੱਤਾ ਤਾਂ ਵੀ ਅਸੀਂ ਕਸੂਰਵਾਰ, ਜੇ ਅੱਜ ਉਸ ਦਾ ਵਿਰੋਧ ਕਰ ਰਹੇ ਹਾਂ ਤਾਂ ਵੀ ਅਸੀਂ ਕਸੂਰਵਾਰ।” ਦੂਸਰਿਆਂ ਨੂੰ ਬੂਝੜ ਦੱਸਣ ਵਾਲੇ ਹਰਨੇਕ ਸਿੰਘ ਜੀਓ ! ਉਸ ਸਮੇਂ ਧੂੰਦੇ ਨੂੰ ਸਮਰਥਨ ਦੇਣ ਦਾ ਤੁਹਾਡਾ ਭਾਵ ਸੀ ਉਸ ਨੂੰ ਪ੍ਰੋ: ਦਰਸ਼ਨ ਸਿੰਘ ਦੇ ਵਿਰੋਧ ਵਿੱਚ ਖੜ੍ਹਾ ਕਰਕੇ ਜਾਗਰੂਕ ਲਹਿਰ ਨੂੰ ਕਮਜੋਰ ਕਰਨਾ ਜਿਸ ਵਿੱਚ ਤੁਸੀਂ ਸਫਲ ਵੀ ਰਹੇ। (23 ਅਗਸਤ ਦੀ ਲਾਈਵ ਚਰਚਾ ਦੌਰਾਨ ਤੁਸੀਂ ਖ਼ੁਦ ਵੀ ਧੂੰਦੇ ਦਾ ਸਮਰਥਨ ਅਤੇ ਪ੍ਰੋ: ਦਰਸ਼ਨ ਸਿੰਘ ਦਾ ਵਿਰੋਧ ਕਰਨ ਦੀ ਗਲਤੀ ਵੀ ਕਬੂਲ ਕਰ ਲਈ ਹੈ।) ਪਰ ਅੱਜ ਇਸ ਦਾ ਵਿਰੋਧ ਕਰਨ ਦਾ ਤੁਹਾਡਾ ਭਾਵ ਹੈ, ਇਸ ਨੂੰ ਭਾਈ ਰਣਜੀਤ ਸਿੰਘ ਦੇ ਵਿਰੋਧ ਵਿੱਚ ਖੜ੍ਹਾ ਕਰ ਕੇ ਦੁਬਾਰਾ ਉੱਭਰ ਰਹੀ ਜਾਗਰੂਕ ਲਹਿਰ ਨੂੰ ਕਮਜੋਰ ਕਰਨਾ। ਕਿਉਂਕ ਧੂੰਦਾ ਜੀ ਨੇ ਤਾਂ ਗੁਰ-ਸ਼ਬਦ ਤੋਂ ਸੇਧ ਲੈ ਕੇ ਤੁਹਾਡੇ ਜਾਲ਼ ’ਚੋਂ ਅਜਾਦੀ ਪ੍ਰਾਪਤ ਕਰਕੇ ‘ਦੇਰ ਆਏ ਦਰੁੱਸਤ ਆਏ’ ਹੋਣ ਦਾ ਸਬੂਤ ਦੇ ਦਿੱਤਾ ਹੈ; ਇਸ ਲਈ ਹੁਣ ਤੁਸੀਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਨਵੇਂ ਸ਼ਿਕਾਰ ਦੇ ਰੂਪ ਵਿੱਚ ਆਪਣੇ ਜਾਲ਼ ਵਿੱਚ ਫਸਾਉਣਾ ਚਾਹੁੰਦੇ ਹੋ।

(11). 2012 ਵਿੱਚ ਧੂੰਦੇ ਨੂੰ ਸਮਰਥਨ ਦੇਣ ਦੀ ਗਲਤੀ ਮੰਨਦਿਆਂ ਤੁਸੀਂ ਕਿਹਾ “ਜੇ ਧੂੰਦਾ ਗਰਕ ਗਿਆ ਤਾਂ ਅਸੀਂ ਕੀ ਕਰੀਏ ?” ਇਸੇ ਚਰਚਾ ਦੌਰਾਨ ਭਾਈ ਗੁਰਬਖ਼ਸ਼ ਸਿੰਘ ਅਤੇ ਭਾਈ ਸੂਰਤ ਸਿੰਘ ਵੱਲੋਂ ਮਰਨ ਵਰਤ ਰੱਖੇ ਜਾਣ ਸਮੇਂ ਉਨ੍ਹਾਂ ਦੇ ਸਮਰਥਨ ਵਿੱਚ ਖੜ੍ਹਨ ਵਾਲੇ ਪ੍ਰਚਾਰਕਾਂ ਦੀ ਭਾਰੀ ਅਲੋਚਨਾ ਕਰਦੇ ਸਮੇਂ ਕਹਿੰਦੇ ਹੋ ਉਸ ਸਮੇਂ ਤੁਸੀਂ “ਛੋਡਹਿ ਅੰਨੁ, ਕਰਹਿ ਪਾਖੰਡ ” ਦੀ ਵਿਆਖਿਆ ਕਿਉਂ ਨਹੀਂ ਕੀਤੀ ? ਪਹਿਲੀ ਗੱਲ ਤਾਂ ਇਹ ਹੈ ਕਿ ਜੇ ਪ੍ਰਚਾਰਕ ਤੁਹਾਡੇ ਵਾਲਾ ਜਵਾਬ ਹੀ ਦੇਣ ਕਿ ਜੇ ਗੁਰਬਖ਼ਸ਼ ਸਿੰਘ ਗਰਕ ਗਿਆ; ਭਾਈ ਸੂਰਤ ਸਿੰਘ ਦੇ ਸੰਘਰਸ਼ ਦੀ ਅਗਵਾਈ, ਪਹਿਲਾਂ ਤੋਂ ਹੀ ਗਰਕੇ ਹੋਏ ਬੰਦਿਆਂ ਦੇ ਹੱਥ ਆਉਣ ਕਾਰਨ ਕੋਈ ਸਫਲਤਾ ਨਹੀਂ ਮਿਲੀ ਤਾਂ ਅਸੀਂ ਕੀ ਕਰੀਏ? ਤਾਂ ਤੁਹਾਡੀ ਤਸੱਲੀ ਹੋ ਜਾਵੇਗੀ ? ਦੂਸਰੀ ਗੱਲ ਹੈ ਕਿ ਤੁਹਾਨੂੰ ਇੰਨੀ ਵੀ ਸਮਝ ਨਹੀਂ ਹੈ ਕਿ ਕੈਦੀ ਰਿਹਾ ਕਰਵਾਉਣ ਲਈ ਰੱਖਿਆ ਮਰਨ ਵਰਤ ਅੱਜ ਕੱਲ੍ਹ ਲੋਕਤੰਤਰ ਦੇ ਯੁੱਗ ’ਚ ਸਰਕਾਰ ’ਤੇ ਸਿਆਸੀ ਦਬਾਅ ਪਾਉਣ ਲਈ ਇੱਕ ਤਰੀਕਾ ਹੈ ਇਸ ਦਾ ਧਰਮ ਨਾਲ ਕੋਈ ਸਬੰਧ ਨਹੀਂ। ਨਾ ਹੀ ਰੱਬ ਨੂੰ ਖੁਸ਼ ਕਰਨ ਲਈ ਸੀ ਅਤੇ ਨਾ ਹੀ ਪਤੀ ਜਾਂ ਹੋਰ ਕਿਸੇ ਦੀ ਉਮਰ ਲੰਮੇਰੀ ਕਰਨ ਲਈ। ਜਿਸ ਤਰ੍ਹਾਂ ਦੀਆਂ ਦਲੀਲਾਂ ਤੁਸੀ ਦੇ ਰਹੋ ਹੋ ਇਸ ਨੂੰ ਵੇਖ ਕੇ ਤੁਹਾਡੇ ’ਤੇ ਇਹੀ ਗੁਰ ਫ਼ੁਰਮਾਨ ਪੂਰੇ ਢੁਕਦੇ ਹਨ “ਅੰਧੇ ਅਕਲੀ ਬਾਹਰੇ ;  ਮੂਰਖ ਅੰਧ ਗਿਆਨੁ ” ਅਤੇ “ਨਾਨਕ ! ਸੇ ਨਰ ਅਸਲਿ ਖਰ ;  ਜਿ ਬਿਨੁ ਗੁਣ, ਗਰਬੁ ਕਰੰਤਿ

(12). ਤੁਸੀਂ ਕਿਹਾ “ਜਦੋਂ ਰੇਡੀਓ ਸੁਣਨ ਵਾਲੇ ਸਾਰਿਆਂ ਨੇ ਕਹਿ ਦਿੱਤਾ ਕਿ ਰੇਡੀਓ ਵਾਲੇ ਗਲਤ ਹਨ ਤਾਂ ਅਸੀਂ ਸਮਝਾਂਗੇ ਕਿ ਸਾਡਾ ਜਨਮ ਸਫਲ ਹੈ। ਅਸੀਂ ਸਮਝਾਂਗੇ ਕਿ ਸਾਡਾ ਤੀਰ ਨਿਸ਼ਾਨੇ ’ਤੇ ਲੱਗ ਗਿਆ ਹੈ।” ਯਾਰ ! ਇਹ ਤਾਂ ਇਸ ਤਰ੍ਹਾਂ ਦੀ ਯਬਲੀ ਹੈ ਕਿ ਤੁਹਾਨੂੰ ਖ਼ੁਦ ਨੂੰ ਵੀ ਪਤਾ ਨਹੀਂ ਲੱਗ ਰਿਹਾ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਜੇ ਕਰ ਇੱਦਾਂ ਕਹਿੰਦੇ ਕਿ ਜਦੋਂ ਸਾਡੇ ਸਾਰੇ ਸਰੋਤਿਆਂ ਨੇ ਕਹਿ ਦਿੱਤਾ ਕਿ ਰੇਡੀਓ ਵਾਲੇ ਗਲਤ ਹਨ ਤਾਂ ਉਸ ਵੇਲੇ ਰੇਡੀਓ ਬੰਦ ਕਰ ਦੇਵਾਂਗੇ ਤਾਂ ਕੁਝ ਗੱਲ ਬਣਦੀ ਜਾਂ ਇਸ ਤਰ੍ਹਾਂ ਮੰਨ ਲਵੋ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਸ ਦਿਨ ਦੁਨੀਆਂ ਵਿੱਚ ਚੱਲ ਰਹੀ ਗੁਰਮਤਿ ਪ੍ਰਚਾਰ ਦੀ ਲਹਿਰ ਦੇ ਪ੍ਰਚਾਰਕਾਂ ਦੀ ਏਕਤਾ ਨੂੰ ਤੁਸੀਂ ਪਾਟੋਧਾੜ ਕਰਨ ਵਿੱਚ ਸਫਲ ਹੋਵੋਗੇ ਤਾਂ ਉਸ ਸਮੇ ਸਾਰੇ ਸਰੋਤਿਆਂ ਨੂੰ ਕਹਿਣਾ ਪਏਗਾ ਕਿ ਰੇਡੀਓ ਵਿਰਸਾ ਵਾਲੇ ਗਲਤ ਸੀ; ਉਸ ਦਿਨ ਤੁਹਾਡਾ ਜਨਮ ਸਫਲ ਹੋਵੇਗਾ। ਇਸ ਦਾ ਤਾਂ ਸਾਫ ਮਤਲਬ ਹੈ ਕਿ ਤੁਹਾਡੇ ਰੇਡੀਓ ਦਾ ਇੱਕੋ ਇੱਕ ਟੀਚਾ ਪ੍ਰਚਾਰ ਲਹਿਰ ਨੂੰ ਖਤਮ ਕਰਕੇ ਜੀਵਨ ਸਫਲ ਕਰਨਾ ਹੈ।

(13). ਤੁਹਾਡੀ ਅਲੋਚਨਾ ਕਰਨ ਵਾਲਿਆਂ ਨੂੰ ਮੁਖਾਤਬ ਹੁੰਦਿਆਂ ਤੁਹਾਡੇ ਵਿੱਚੋਂ ਇੱਕ ਨੇ ਕਿਹਾ: “ਯਾਰ ! ਸੋਚ ਤਾਂ ਲਵੋ ਕਿ ਤੁਹਾਨੂੰ ਦੁਨੀਆਂ ਸੁਣ ਰਹੀ ਹੈ; ਕਿਉਂ ਆਪਣਾ ਜਲੂਸ ਕੱਢ ਰਹੇ ਹੋ ?” ਆਪੇ ਗੱਲ ਕਰਕੇ ਆਪ ਹੀ ਤਾੜੀ ਮਾਰਕੇ ਹੱਸਣ ਵਾਲਿਓ ! ਕੀ ਤੁਸੀਂ ਖ਼ੁਦ ਆਪ ਸੋਚਿਆ ਹੈ ਕਿ ਦੁਨੀਆਂ ਕੇਵਲ ਤੁਹਾਡੇ ਅਲੋਚਕਾਂ ਨੂੰ ਹੀ ਨਹੀਂ, ਬਲਕਿ ਤੁਹਾਨੂੰ ਵੀ ਸੁਣ ਰਹੀ ਹੈ ਅਤੇ ਤੁਹਾਡੀ ਭਾਸ਼ਾ ਤਾਂ ਤੁਹਾਡੇ ਅਲੋਚਕਾਂ ਨਾਲੋਂ ਵੀ ਕਿਤੇ ਵੱਧ ਗੰਦੀ, ਅਸਭਿਅਕ ਤੇ ਨੀਵੀਂ ਪੱਧਰ ਦੀ ਹੈ। ਜੇ ਸੋਚਿਆ ਹੈ ਤਾਂ ਆਪਣੀ ਭਾਸ਼ਾ ਸੁਣ ਕੇ ਕਦੀ ਸ਼ਰਮ ਮਹਿਸੂਸ ਕੀਤੀ ਹੈ ?

(14). ਤੁਸੀਂ ਕਿਹਾ “ਜਿਹੜੇ ਦੋਸ਼ ਪ੍ਰੋ: ਦਰਸ਼ਨ ਸਿੰਘ ਦੇ ਸਮਰਥਕ ਸਾਡੇ ’ਤੇ ਲਾਉਂਦੇ ਸੀ; ਸਾਨੂੰ ਇਉਂ ਲਗਦਾ ਸੀ ਕਿ ਇਹ ਪ੍ਰੋ: ਦੀ ਹੀਣ ਭਾਵਨਾ ਵਿੱਚੋਂ ਨਿਕਲਦੇ ਹਨ।” ਹੁਣ ਤੁਸੀਂ 2012 ਤੋਂ 2017 ਵਿੱਚ ਪਹੁੰਚ ਚੁੱਕੇ ਹੋ, ਇਸ ਲਈ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਸਮੇਤ ਜਿਹੜੇ ਬੰਦੇ ਭਾਈ ਪੰਥਪ੍ਰੀਤ ਸਿੰਘ, ਭਾਈ ਧੂੰਦਾ ਜੀ, ਗਿਆਨੀ ਅਮਰੀਕ ਸਿੰਘ, ਭਾਈ ਮਾਝੀ, ਭਾਈ ਢਪਾਲੀ ਸਮੇਤ ਸਾਰੇ ਪ੍ਰਚਾਰਕਾਂ ’ਤੇ ਦੋਸ਼ ਲਾ ਰਹੇ ਹੋ; ਇਹ ਕਿਸ ਦੀ ਹੀਣ ਭਾਵਨਾ ਵਿੱਚੋਂ ਨਿਕਲ ਰਹੇ ਹਨ ?

ਤੁਹਾਡੇ ਜਵਾਬ ਦੀ ਉਡੀਕ ਵਿੱਚ

ਕਿਰਪਾਲ ਸਿੰਘ ਬਠਿੰਡਾ।

ਗੁਰਮੀਤ ਰਾਮ ਰਹੀਮ ਦਾ ਅਸਲ ਸੱਚ

0

ਗੁਰਪ੍ਰੀਤ ਸਿੰਘ ਨਿੱਝਰ

ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਦੇ ਦਾਮਾਦ ਸ੍ਰੀ ਵਿਸ਼ਵਾਸ ਗੁਪਤਾ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੋਸ਼ ਲਗਾਇਆ ਹੈ ਕਿ ਬਾਬਾ ਰਾਮ ਰਹੀਮ ਆਪਣੀ ਹੀ ਬੇਟੀ ਅਤੇ ਉਸ ਦੀ ਪਤਨੀ ਹਨੀਪ੍ਰੀਤ ਇੰਸਾਂ ਉਰਫ਼ ਪ੍ਰਿਅੰਕਾ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਆਪਣੀ ਹਵਸ ਪੂਰੀ ਕਰ ਰਿਹਾ ਹੈ ਜਿਸ ਕਾਰਨ ਉਸ ਨੂੰ ਡੇਰਾ ਛੱਡਣ ਲਈ ਮਜਬੂਰ ਹੋਣਾ ਪਿਆ ਹੈ, ਜਦਕਿ ਪੌਣੇ 2 ਸਾਲਾਂ ਤੋਂ ਉਸ ਪਤਨੀ ਬਾਬੇ ਦੇ ਕਬਜ਼ੇ ਵਿਚ ਹੈ। ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਆਪਣੇ ਪਿਤਾ ਸੇਵਾ-ਮੁਕਤ ਐਕਸੀਅਨ ਐਮ.ਪੀ. ਗੁਪਤਾ ਨਾਲ ਆਏ ਵਿਸ਼ਵਾਸ ਗੁਪਤਾ ਨੇ ਦੱਸਿਆ ਕਿ ਉਹ ਡੇਰੇ ਦੇ ਬਹੁਤ ਪੁਰਾਣੇ ਸ਼ਰਧਾਲੂ ਹਨ ਅਤੇ ਬਾਬਾ ਰਾਮ ਰਹੀਮ ਤੋਂ ਵੀ ਪਹਿਲਾਂ ਸ਼ਾਹ ਸਤਨਾਮ ਦੇ ਸਮੇਂ ਤੋਂ ਡੇਰੇ ਨਾਲ ਜੁੜੇ ਹੋਏ ਹਨ। ਉਸ ਦੇ ਦਾਦਾ ਰੁਲੀਆਂ ਰਾਮ ਗੁਪਤਾ ਸਾਂਝੇ ਪੰਜਾਬ ਵੇਲੇ ਘਰੌਂਦਾ ਹਲਕੇ ਤੋਂ ਵਿਧਾਇਕ ਹੁੰਦੇ ਸਨ। 1997 ਵਿਚ ਉਨ੍ਹਾਂ ਦੇ ਪਿਤਾ ਜੀ ਆਪਣੀ ਸਾਰੀ ਜ਼ਮੀਨ-ਜਾਇਦਾਦ ਵੇਚ ਕੇ ਪਰਿਵਾਰ ਸਮੇਤ ਡੇਰਾ ਸੱਚਾ ਸੌਦਾ ਵਿਚ ਹੀ ਆ ਗਏ ਸਨ ਅਤੇ ਜੋ ਵੀ ਉਨ੍ਹਾਂ ਕੋਲ ਪੈਸਾ-ਧੇਲਾ ਸੀ, ਉਨ੍ਹਾਂ ਨੇ ਡੇਰਾ ਮੁਖੀ ਨੂੰ ਸੌਂਪ ਦਿੱਤਾ ਸੀ। ਸ੍ਰੀ ਵਿਸ਼ਵਾਸ ਨੇ ਦੱਸਿਆ ਕਿ 1999 ਵਿਚ ਡੇਰਾ ਮੁਖੀ ਨੇ ਡੇਰੇ ਵਿਚ ਰਹਿੰਦੇ ਰਾਮਾ ਨੰਦ ਤਨੇਜਾ ਦੀ ਲੜਕੀ ਪ੍ਰਿਅੰਕਾ ਨਾਲ ਬਿਨਾਂ ਉਸ ਦੀ ਮਰਜ਼ੀ ਪੁੱਛੇ ਹੀ ਵਿਆਹ ਕਰਵਾ ਦਿੱਤਾ ਅਤੇ ਉਸ ਦੀ ਪਤਨੀ ਦਾ ਨਾਂਅ ਵੀ ਡੇਰਾ ਮੁਖੀ ਨੇ ਹੀ ਪ੍ਰਿਅੰਕਾ ਤੋਂ ਬਦਲ ਕੇ ਹਨੀਪ੍ਰੀਤ ਇੰਸਾਂ ਰੱਖ ਦਿੱਤਾ। ਸਾਲ 2003 ਵਿਚ ਉਸ ਨੇ ਮੈਨੂੰ ਆਪਣਾ ਪੁੱਤਰ ਬਣਾ ਲਿਆ ਅਤੇ ਦਸੰਬਰ 2009 ਵਿਚ ਮੇਰੀ ਪਤਨੀ ਹਨੀਪ੍ਰੀਤ ਨੂੰ ਆਪਣੀ ਬੇਟੀ ਬਣਾਉਣ ਦਾ ਐਲਾਨ ਕਰ ਦਿੱਤਾ। ਵਿਸ਼ਵਾਸ ਅਨੁਸਾਰ ਉਸ ਪਿੱਛੋਂ ਉਸ ਦੀ ਪਤਨੀ ਪੱਕੇ ਤੌਰ ‘ਤੇ ਹੀ ਡੇਰਾ ਮੁਖੀ ਨਾਲ ਰਹਿਣ ਲੱਗ ਪਈ ਅਤੇ ਇਕ ਦਿਨ ਵੀ ਉਸ ਨੂੰ ਉਸ ਨਾਲ ਨਹੀਂ ਰਹਿਣ ਦਿੱਤਾ। ਜਦੋਂ ਉਹ ਆਪਣੀ ਪਤਨੀ ਨੂੰ ਪੁੱਛਦਾ ਤਾਂ ਉਹ ਇਹ ਕਹਿ ਦਿੰਦੀ ਕਿ ਉਹ 24 ਘੰਟੇ ਆਪਣੇ ਪਿਤਾ ਦੀ ਸੇਵਾ ਵਿਚ ਰਹਿੰਦੀ ਹੈ। ਉਸ ਨੇ ਦੱਸਿਆ ਕਿ ਮਈ 2011 ਵਿਚ ਡੇਰਾ ਮੁਖੀ ਉਨ੍ਹਾਂ ਨੂੰ ਨਾਲ ਲੈ ਕੇ ਕੋਡਾਈ ਕਨਾਲ ਵਿਖੇ ਘੁੰਮਣ ਗਿਆ ਤਾਂ ਉੱਥੇ ਉਹ ਇਕ 5 ਸਿਤਾਰਾ ਹੋਟਲ ਵਿਚ ਠਹਿਰੇ, ਉੱਥੇ ਵੀ ਡੇਰਾ ਮੁਖੀ ਨੇ ਉਸ ਦੀ ਪਤਨੀ ਨੂੰ ਆਪਣੇ ਕਮਰੇ ਵਿਚ ਹੀ ਰੱਖਿਆ, ਜਿਸ ‘ਤੇ ਉਸ ਨੂੰ ਬਾਪ ਬੇਟੀ ਦੇ ਰਿਸ਼ਤੇ ‘ਤੇ ਸ਼ੱਕ ਹੋ ਗਿਆ। ਵਾਪਸ ਡੇਰੇ ਆਉਣ ‘ਤੇ ਇਕ ਰਾਤ ਉਹ ਜਦੋਂ ਬਿਨਾਂ ਸੂਚਨਾ ਦਿੱਤੇ ਸਿੱਧਾ ਹੀ ਡੇਰਾ ਮੁਖੀ ਦੀ ਗੁਫ਼ਾ ਵਿਚ ਗਿਆ ਤਾਂ ਉਸ ਨੇ ਆਪਣੀਆਂ ਅੱਖਾਂ ਨਾਲ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਆਪਣੀ ਮੂੰਹ ਬੋਲੀ ਬੇਟੀ ਨਾਲ ਹਮਬਿਸਤਰ ਹੁੰਦਿਆਂ ਦੇਖ ਲਿਆ। ਦੋਵਾਂ ਨੂੰ ਨਿਰਵਸਤਰ ਹਾਲਤ ਵਿਚ ਉਸ ਵੱਲੋਂ ਫੜ ਲਏ ਜਾਣ ‘ਤੇ ਡੇਰਾ ਮੁਖੀ ਨੇ ਉਸ ਨੂੰ ਕਮਰੇ ਅੰਦਰ ਬਿਠਾ ਕੇ ਬੁਰੀ ਤਰ੍ਹਾਂ ਡਰਾਇਆ-ਧਮਕਾਇਆ ਕਿ ਜੇਕਰ ਇਸ ਬਾਰੇ ਇਕ ਸ਼ਬਦ ਵੀ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਪੂਰੇ ਪਰਿਵਾਰ ਨੂੰ ਖ਼ਤਮ ਕਰਵਾ ਦੇਵੇਗਾ। ਉਸ ਨੇ ਸਾਰੀ ਘਟਨਾ ਆਪਣੇ ਪਿਤਾ ਨੂੰ ਦੱਸੀ ਤਾਂ ਸਾਨੂੰ ਪੱਕਾ ਸ਼ੱਕ ਹੋ ਗਿਆ ਕਿ ਡੇਰਾ ਮੁਖੀ ਸਾਨੂੰ ਵੀ ਡੇਰੇ ਦੇ ਮੈਨੇਜਰ ਰਣਜੀਤ ਸਿੰਘ ਅਤੇ ਪੱਤਰਕਾਰ ਛਤਰਪਤੀ ਵਾਂਗ ਚੁੱਪਚਾਪ ਮਰਵਾ ਦੇਵੇਗਾ, ਕਿਉਂਕਿ ਸਾਨੂੰ ਉਸ ਦਾ ਇੱਕ ਵੱਡਾ ਭੇਦ ਪਤਾ ਲੱਗ ਚੁੱਕਾ ਹੈ। ਇਸ ਪਿੱਛੋਂ ਉਨ੍ਹਾਂ ਜੁਲਾਈ 2011 ਵਿਚ ਡੇਰਾ ਛੱਡ ਦਿੱਤਾ ਅਤੇ ਪੰਚਕੂਲਾ ਆ ਕੇ ਰਹਿਣ ਲੱਗ ਪਏ, ਜਦਕਿ ਉਸ ਦੀ ਪਤਨੀ ਹਨੀਪ੍ਰੀਤ ਉਨ੍ਹਾਂ ਨਾਲ ਨਹੀਂ ਆਈ। ਵਿਸ਼ਵਾਸ ਗੁਪਤਾ ਨੇ ਅੱਗੇ ਦੱਸਿਆ ਕਿ ਡੇਰਾ ਛੱਡ ਕੇ ਬਾਹਰ ਆਉਣ ‘ਤੇ ਡੇਰਾ ਮੁਖੀ ਨੂੰ ਉਨ੍ਹਾਂ ਤੋਂ ਹੋਰ ਖ਼ਤਰਾ ਪੈਦਾ ਹੋ ਗਿਆ, ਜਿਸ ‘ਤੇ ਡੇਰਾ ਮੁਖੀ ਨੇ ਡੇਰੇ ਦੇ ਮੈਨੇਜਰ ਰਾਕੇਸ਼ ਕੁਮਾਰ ਅਤੇ ਪ੍ਰਦੀਪ ਕੁਮਾਰ ਨਾਂਅ ਦੇ ਇਕ ਹੋਰ ਸ਼ਰਧਾਲੂ ਨੂੰ ਉਨ੍ਹਾਂ ਦੇ ਪਿੱਛੇ ਲਾ ਦਿੱਤਾ। ਵਾਰ-ਵਾਰ ਪਿੱਛਾ ਕਰ ਰਹੇ ਪ੍ਰਦੀਪ ਕੁਮਾਰ ਅਤੇ ਉਸ ਦੇ ਸਾਥੀਆਂ ਤੋਂ ਤੰਗ ਆ ਕੇ ਉਸ ਨੇ ਪ੍ਰਦੀਪ ਕੁਮਾਰ ਨੂੰ 12 ਅਗਸਤ 2011 ਨੂੰ ਪੰਚਕੂਲਾ ਵਿਖੇ ਜੱਫਾ ਮਾਰ ਕੇ ਕਾਬੂ ਕਰ ਲਿਆ ਅਤੇ ਥਾਣਾ ਸੈਕਟਰ 15 ਪੰਚਕੂਲਾ ਹਵਾਲੇ ਕਰ ਦਿੱਤਾ। ਇਸ ਉਪਰੰਤ ਉਨ੍ਹਾਂ ਨੇ ਐਸ.ਪੀ. ਪੰਚਕੂਲਾ ਮਨੀਸ਼ ਚੌਧਰੀ ਨਾਲ ਮੁਲਾਕਾਤ ਕੀਤੀ ਤਾਂ ਪ੍ਰਦੀਪ ਦੇ 7 ਹੋਰ ਸਾਥੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਏ, ਜਦਕਿ ਉਨ੍ਹਾਂ ਵੱਲੋਂ ਡੇਰਾ ਮੁਖੀ ਅਤੇ ਮੈਨੇਜਰ ਰਾਕੇਸ਼ ਕੁਮਾਰ ਦਾ ਨਾਂਅ ਵੀ ਸ਼ਿਕਾਇਤ ਵਿਚ ਲਿਖਾਇਆ ਸੀ ਪਰ ਉਨ੍ਹਾਂ ਖਿਲਾਫ਼ ਕਾਰਵਾਈ ਨਹੀਂ ਹੋਈ। ਵਿਸ਼ਵਾਸ ਨੇ ਦੱਸਿਆ ਕਿ ਅਮਰੀਕ ਸਿੰਘ ਨਾਂਅ ਦਾ ਡੇਰੇ ਦਾ ਇਕ ਸ਼ਰਧਾਲੂ ਬਾਬੇ ਦੇ ਸ਼ੂਟਰਾਂ ਦਾ ਮੁਖੀ ਹੈ, ਜਿਸ ਦੇ ਅਧੀਨ 20 ਖੂੰਖਾਰ ਸ਼ੂਟਰ ਹਰ ਵਕਤ ਤਾਇਨਾਤ ਰਹਿੰਦੇ ਹਨ। ਉਹ ਬਾਬੇ ਦੇ ਇਸ਼ਾਰਿਆਂ ‘ਤੇ ਹੀ ਕੰਮ ਕਰਦਾ ਹੈ। ਵਿਸ਼ਵਾਸ ਨੇ ਕਿਹਾ ਕਿ ਬਾਬੇ ਦੀਆਂ ਜਦ 2 ਬੇਟੀਆਂ ਹਨ ਤਾਂ ਉਸ ਨੂੰ ਉਸ ਦੀ 29 ਸਾਲਾ ਪਤਨੀ ਨੂੰ ਬੇਟੀ ਬਣਾਉਣ ਦੀ ਕੀ ਲੋੜ ਪੈ ਗਈ ਸੀ। ਉਸ ਨੇ ਦੋਸ਼ ਲਾਇਆ ਕਿ 11 ਸਾਲ ਤੱਕ ਬਾਬਾ ਉਸ ਦੀ ਪਤਨੀ ਨੂੰ ਪਹਿਲਾਂ ਵੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ ਅਤੇ ਜਦੋਂ ਸ਼ੱਕ ਪੈਣ ਲੱਗੀ ਤਾਂ ਬੇਟੀ ਬਣਾਉਣ ਦਾ ਢੌਂਗ ਰਚ ਲਿਆ। ਉਸ ਨੇ ਕਿਹਾ ਕਿ ਬਾਬੇ ਵੱਲੋਂ ਉਸ ਦੇ ਪਿੱਛੇ ਲਾਏ ਗਏ ਪ੍ਰਦੀਪ ਕੁਮਾਰ ਕੋਲੋਂ ਪੁਲਿਸ ਨੂੰ ਇਕ ਡਾਇਰੀ ਵੀ ਬਰਾਮਦ ਹੋਈ ਹੈ ਜਿਸ ਵਿਚ ਉਨ੍ਹਾਂ ਨੂੰ ਖ਼ਤਮ ਕਰਨ ਦੀਆਂ ਯੋਜਨਾਵਾਂ ਦਾ ਖ਼ੁਲਾਸਾ ਕੀਤਾ ਗਿਆ ਹੈ। ਵਿਸ਼ਵਾਸ ਨੇ ਡੇਰਾ ਮੁਖੀ ‘ਤੇ ਇਹ ਦੋਸ਼ ਵੀ ਲਾਏ ਕਿ ਉਹ 15 ਕਰੋੜ ਰੁਪਏ ਪ੍ਰਤੀ ਮਹੀਨਾ ਸ਼ਰਧਾਲੂਆਂ ਤੋਂ ਰੱਬ ਦੇ ਨਾਂਅ ‘ਤੇ ਇਕੱਠਾ ਕਰ ਰਿਹਾ ਹੈ ਜਦੋਂ ਕਿ 5 ਕਰੋੜ ਰੁਪਏ ਪ੍ਰਤੀ ਮਹੀਨਾ ਡੇਰੇ ਵਿਚ ਥੀਏਟਰ ਬਣਾਉਣ ਦੇ ਨਾਂਅ ‘ਤੇ ਲੈ ਰਿਹਾ ਹੈ। 200 ਕਰੋੜ ਰੁਪਏ ਇੱਕੋ ਦਿਨ ਵਿਚ ਹੀ ਬਾਹਰ ਤੋਂ ਗਾਇਕਾਂ ਨੂੰ ਬੁਲਾ ਕੇ ਸ਼ਰਧਾਲੂਆਂ ਤੋਂ ਇਕੱਠੇ ਕੀਤੇ ਗਏ ਸਨ।

ਡੇਰੇ ਦੇ ਯੂਥ ਆਗੂ ਦੇ ਕਹਿਣ ‘ਤੇ ਕਰ ਰਿਹਾ ਸੀ ਗੁਪਤਾ ਦਾ ਪਿੱਛਾ-ਪ੍ਰਦੀਪ ਵਿਸ਼ਵਾਸ ਗੁਪਤਾ ਵੱਲੋਂ ਕਾਬੂ ਕਰਕੇ ਪੁਲਿਸ ਹਵਾਲੇ ਕੀਤੇ ਗਏ ਪ੍ਰਦੀਪ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਕਿਹਾ ਹੈ ਕਿ ਉਸ ਨੇ ਵਿਸ਼ਵਾਸ ਗੁਪਤਾ ਅਤੇ ਉਸ ਦੇ ਪਰਿਵਾਰ ਦਾ ਪਿੱਛਾ ਡੇਰੇ ਦੀ ਯੂਥ ਫੈਡਰੇਸ਼ਨ ਦੇ ਆਗੂ ਜੁਗਿੰਦਰ ਸਿੰਘ ਵਾਸੀ ਦੋਰਾਲਾ ਦੇ ਕਹਿਣ ‘ਤੇ ਕਰਨਾ ਸ਼ੁਰੂ ਕੀਤਾ ਸੀ। ਪ੍ਰਦੀਪ ਅਨੁਸਾਰ ਜੁਗਿੰਦਰ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਉਹ ਡੇਰਾ ਛੱਡ ਕੇ ਜਾ ਚੁੱਕੇ ਗੁਪਤਾ ਪਰਿਵਾਰ ਦੀ ਇੱਕ ਇੱਕ ਹਲਚਲ ਅਤੇ ਆਉਣ ਜਾਣ ਦੇ ਸਮੇਂ ਸਬੰਧੀ ਉਸ ਨੂੰ ਪੂਰੀ ਸੂਚਨਾ ਲਿਆ ਕੇ ਦੇਵੇ।

ਭਾਖੜਾ ਉਤੇ ਲਗਾਏ ਗਏ ਨਲਕੇ ਦਾ ਪਾਣੀ ਹੈ ਰੋਗ ਰਹਿਤ : ਡਾ. ਹਰਸ਼ਿੰਦਰ ਕੌਰ

0

ਮੀਡੀਆ ਵੈਲਫੇਅਰ ਐਸੋਸੀਏਸ਼ਨ ਵੱਲੋਂ ਭਾਖੜਾ ਪੁਲ ਤੇ ਲਗਾਇਆ ਨਲਕਾ ਕੀਤਾ ਲੋਕ ਅਰਪਣ

ਭਾਖੜਾ ਉਤੇ ਲਗਾਏ ਗਏ ਨਲਕੇ ਦਾ ਪਾਣੀ ਹੈ ਰੋਗ ਰਹਿਤ : ਡਾ. ਹਰਸ਼ਿੰਦਰ ਕੌਰ

ਸਮਾਜ ਸੇਵਾ ਵਿਚ ਯੋਗਦਾਨ ਪਾਉਣ ਲਈ ਬਲਵਿੰਦਰ ਸਿੰਘ ਜਾਤੀਵਾਲ ਦਾ ਕੀਤਾ ਸਨਮਾਨ

ਪਟਿਆਲਾ, 22 ਅਗਸਤ ”ਭਾਖੜਾ ਨੇੜੇ ਨਲਕੇ ਨਾਲ ਨਿਕਲਣ ਵਾਲਾ ਪਾਣੀ ਕੀਮਤੀ ਹੁੰਦਾ ਹੈ ਜੋ ਕਈ ਸਾਰੀਆਂ ਬਿਮਾਰੀਆਂ ਨੂੰ ਵੀ ਠੀਕ ਕਰਦਾ ਹੈ ਤੇ ਸਿਹਤ ਨੂੰ ਵੀ ਤੰਦਰੁਸਤ ਰੱਖਦਾ ਹੈ, ਇਸ ਦੇ ਉਲਟ ਬਠਿੰਡਾ ਮਾਨਸਾ ਇਲਾਕੇ ਦਾ ਪਾਣੀ ਜ਼ਹਿਰੀਲਾ ਹੋ ਗਿਆ ਹੈ ਜਿਸ ਤੋਂ ਇਨਸਾਨਾਂ ਨੂੰ ਬਚਾਉਣਾ ਜ਼ਰੂਰੀ ਹੈ” ਇਹ ਵਿਚਾਰ ਉੱਘੇ ਕਾਲਮ ਨਵੀਸ਼ ਅਤੇ ਲੇਖਕਾ ਡਾਕਟਰ ਹਰਸ਼ਿੰਦਰ ਕੌਰ ਨੇ ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ. ਵੱਲੋਂ ਅੱਜ ਸਿੱਧੂਵਾਲ ਵਿਚ ਪਾਣੀਆਂ ਪ੍ਰਤੀ ਕਰਾਏ ਗਏ ਸੈਮੀਨਾਰ ਵਿਚ ਬੋਲਦਿਆਂ ਪ੍ਰਗਟ ਕੀਤੇ। ਇਸੇ ਤਹਿਤ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿੱਤ ਨੇ ਕੁੱਝ ਜ਼ਰੂਰੀ ਕਾਰਨਾਂ ਕਰ ਕੇ ਸੈਮੀਨਾਰ ਵਿਚ ਹਾਜ਼ਰ ਨਾ ਹੋ ਕੇ ਆਪਣਾ ਸੰਦੇਸ਼ ਦਿੱਤਾ ਕਿ ਮੀਡੀਆ ਵੈਲਫੇਅਰ ਜੋ ਵੀ ਸਮਾਜ ਭਲਾਈ ਦਾ ਕੰਮ ਕਰ ਰਹੀ ਹੈ ਉਹ ਸਹੀ ਹੈ ਉਸ ਦੇ ਅਸੀਂ ਨਾਲ ਹਾਂ ਉਨ੍ਹਾਂ ਨੂੰ ਇਹ ਕੰਮ ਜਾਰੀ ਰੱਖਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਹੋਂਦ ਵਿਚ ਆਈ ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ. ਦੀ ਰਹਿਨੁਮਾਈ ਵਿਚ ਸਿੱਧੂਵਾਲ ਪਿੰਡ ਕੋਲ ਭਾਖੜਾ ਦੇ ਪੁਲ ਉਤੇ ਨਲਕਾ ਲਗਾਉਣ ਦਾ ਕੰਮ ਕੀਤਾ ਹੈ, ਜਿਸ ਲਈ ਸਹਿਯੋਗ ਮਿਲਕਫੈੱਡ ਦੇ ਸਾਬਕਾ ਜਨਰਲ ਮੈਨੇਜਰ ਸ੍ਰੀ ਬਲਵਿੰਦਰ ਸਿੰਘ ਜਾਤੀਵਾਲ ਨੇ ਕੀਤਾ ਹੈ। ਇਸ ਕਰ ਕੇ ਅੱਜ ਸ੍ਰੀ ਬਲਵਿੰਦਰ ਸਿੰਘ ਜਾਤੀਵਾਲ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਵੇਲੇ ਨਲਕੇ ਦਾ ਰਸਮੀ ਉਦਘਾਟਨ ਡਾ. ਹਰਸ਼ਿੰਦਰ ਕੌਰ ਤੋਂ ਕਰਵਾ ਕੇ ਉਹ ਆਮ ਲੋਕਾਂ ਦੇ ਅਰਪਣ ਕਰ ਦਿੱਤਾ। ਇਸ ਵੇਲੇ ਸਿੱਧੂਵਾਲ ਵਿਚ ਹੋਏ ਪਾਣੀਆਂ ਉਤੇ ਸੈਮੀਨਾਰ ਵਿਚ ਬੋਲਦਿਆਂ ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਬਠਿੰਡਾ ਤੇ ਮਾਨਸਾ ਇਲਾਕੇ ਵਿਚ ਪਾਣੀ ਜ਼ਹਿਰੀਲਾ ਹੋ ਗਿਆ ਹੈ, ਕਈ ਥਾਵਾਂ ਤੇ ਪਾਣੀ ਬਹੁਤ ਜ਼ਿਆਦਾ ਡੂੰਘਾ ਹੋ ਗਿਆ ਜਿਸ ਕਰ ਕੇ ਕਈ ਇਲਾਕਿਆਂ ਵਿਚ ਹੇਠਲਾ ਪਾਣੀ ਸੈਂਕੜੇ ਫੁੱਟ ਹੇਠਾਂ ਠੀਕ ਨਿਕਲ ਰਿਹਾ ਹੈ ਪਰ ਜੋ ਕੰਮ ਮੀਡੀਆ ਵੈਲਫੇਅਰ ਐਸੋਸੀਏਸ਼ਨ ਨੇ ਭਾਖੜਾ ਦੇ ਪੁਲ ਤੇ ਨਲਕਾ ਲਾ ਕੇ ਕੀਤਾ ਹੈ ਇਹ ਮੀਡੀਆ ਵੱਲੋਂ ਨਵੀਂ ਪਿਰਤ ਪਾਈ ਗਈ ਹੈ, ਮੀਡੀਆ ਆਮ ਤੌਰ ਤੇ ਲਿਖ ਕੇ ਲੋਕਾਂ ਨੂੰ ਜਾਗਰੂਕ ਕਰਦਾ ਹੈ ਪਰ ਇਹ ਸਮਾਜ ਭਲਾਈ ਦਾ ਕੰਮ ਕਰ ਕੇ ਮੀਡੀਆ ਨੇ ਸਿਰਫ਼ ਜਾਗਰੂਕ ਹੀ ਨਹੀਂ ਕੀਤਾ ਸਗੋਂ ਉਸ ਤੇ ਅਮਲ ਵੀ ਕੀਤਾ ਹੈ। ਇੱਥੇ ਬੋਲਦਿਆਂ ਬਲਵਿੰਦਰ ਸਿੰਘ ਜਾਤੀਵਾਲ ਨੇ ਕਿਹਾ ਕਿ ਮੀਡੀਆ ਵੈਲਫੇਅਰ ਐਸੋਸੀਏਸ਼ਨ ਨੇ ਰਵਾਇਤ ਤੋਂ ਉੱਪਰ ਉੱਠ ਕੇ ਨਲਕਾ ਲਾਉਣ ਦਾ ਕੰਮ ਕਰ ਕੇ ਨਵੇਕਲਾ ਕੰਮ ਕੀਤਾ ਹੈ। ਇਸ ਵੇਲੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਸਮਾਜ ਭਲਾਈ ਦੇ ਕੰਮ ਕਰਨ ਲਈ ਐਸੋਸੀਏਸ਼ਨ ਹਮੇਸ਼ਾ ਤਤਪਰ ਰਹੇਗੀ, ਲੋਕਾਂ ਦੀ ਆਵਾਜ਼ ਬਣ ਕੇ ਹਮੇਸ਼ਾ ਕੰਮ ਕਰੇਗੀ। ਜਿਸ ਲਈ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਵੀ ਲਈ ਜਾਵੇਗੀ। ਇਸ ਵੇਲੇ ਬੋਲਦਿਆਂ ਹਰਿੰਦਰ ਸਿੰਘ ਨਿੱਕਾ ਨੇ ਕਿਹਾ ਕਿ ਮੀਡੀਆ ਵੱਲੋਂ ਨਵੇਕਲਾ ਕੰਮ ਕਰਨ ਤੇ ਮੈਂ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ। ਇਸ ਵੇਲੇ ਧੰਨਵਾਦੀ ਸ਼ਬਦ ਮੈਂਬਰ ਸ਼੍ਰੋਮਣੀ ਕਮੇਟੀ ਸ. ਸਤਵਿੰਦਰ ਸਿੰਘ ਟੌਹੜਾ ਨੇ ਪ੍ਰਗਟ ਕਰਦਿਆਂ ਕਿਹਾ ਕਿ ਇਹ ਸੈਮੀਨਾਰ ਦੀ ਲੜੀ ਵਿਚ ਉਹ ਵੀ ਹਿੱਸਾ ਪਾਉਣਗੇ। ਇਸ ਵੇਲੇ ਇਰਵਿੰਦਰ ਸਿੰਘ ਨੇ ਸਟੇਜ ਦਾ ਕੰਮ ਸੰਭਾਲਿਆ। ਇਸ ਮੌਕੇ ਮਨਦੀਪ ਸਿੰਘ ਜੋਸਨ, ਬਲਿੰਦਰ ਸਿੰਘ, ਗੁਰਮੁਖ ਰੁਪਾਣਾ, ਸਨੀ ਸਨ ਪੰਜਾਬ, ਚਰਨਜੀਤ ਸਿੰਘ ਕੋਹਲੀ, ਇੰਦਰਪਾਲ ਸਿੰਘ, ਲਾਲੀ ਫਾਸਟਵੇਅ, ਹਰਿੰਦਰ ਸਿੰਘ ਸੇਠੀ, ਸੁਦਰਸ਼ਨ ਮਿੱਤਲ, ਪੀਐਸ ਗਰੇਵਾਲ, ਪਰਮਿੰਦਰ ਸਿੰਘ ਟਿਵਾਣਾ, ਸਰਪੰਚ ਕਰਮਜੀਤ ਸਿੰਘ ਸਿੱਧੂਵਾਲ, ਸਰਪੰਚ ਹਮੀਰ ਸਿੰਘ ਉੱਚਾ ਗਾਓਂ ਆਦਿ ਵੀ ਹਾਜ਼ਰ ਸਨ। ਸੈਮੀਨਾਰ ਤੋਂ ਬਾਅਦ ਭਾਖੜਾ ਦੇ ਪੁਲ ਤੇ ਲਗਾਏ ਗਏ ਨਲਕੇ ਦਾ ਰਸਮੀ ਉਦਘਾਟਨ ਵੀ ਕੀਤਾ ਗਿਆ।

ਸਿੱਧੂਵਾਲ ਫ਼ੋਟੋ 1: ਸ੍ਰੀ ਬਲਵਿੰਦਰ ਸਿੰਘ ਜਾਤੀਵਾਲ ਨੂੰ ਸਨਮਾਨਿਤ ਕੀਤੇ ਜਾਣ ਦੀ ਝਲਕ।

ਸਿੱਧੂਵਾਲ ਫ਼ੋਟੋ 2 : ਭਾਖੜਾ ਦੇ ਪੁਲ ਤੇ ਲਗਾਏ ਨਲਕੇ ਦਾ ਰਸਮੀ ਉਦਘਾਟਨ ਕਰਦੇ ਹੋਏ ਹਰਸ਼ਿੰਦਰ ਕੌਰ ਤੇ ਹੋਰ।

ਜਾਰੀ ਕਰਤਾ ਚਰਨਜੀਤ ਸਿੰਘ ਕੋਹਲੀ 8360146614

Most Viewed Posts