ਅਨੈਤਿਕਤਾ : ਅਜੋਕੇ ਪੰਜਾਬ ਦਾ ਸਭ ਤੋਂ ਵੱਡਾ ਦੁਖਾਂਤ

0
640

ਅਨੈਤਿਕਤਾ : ਅਜੋਕੇ ਪੰਜਾਬ ਦਾ ਸਭ ਤੋਂ ਵੱਡਾ ਦੁਖਾਂਤ

ਡਾ. ਕੁਲਵੰਤ ਕੌਰ-98156-20515

ਪੰਜਾਬ ਅੱਜ ਨੈਤਿਕ ਗਿਰਾਵਟ ਦੀ ਸਿਖ਼ਰ ’ਤੇ ਪੁੱਜ ਗਿਆ ਹੈ ਜਿਸ ਦਾ ਸਭ ਤੋਂ ਵੱਡਾ ਕਾਰਨ, ਮੇਰੀ ਜਾਚੇ, ਸਿਆਸਤ ਵਿਚਲਾ ਭ੍ਰਿਸ਼ਟਾਚਾਰ ਅਤੇ ਬੇਲਗਾਮ ਤਾਕਤ ਹੈ। ਅੱਜ ਮੈਨੂੰ ਅਮਰੀਕੀ ਲੇਖਕ ਮਾਰਕ ਟਵੇਨ ਯਾਦ ਆ ਰਿਹਾ ਹੈ ਜਿਸ ਨੇ ਕਦੇ ਕਿਹਾ ਸੀ ਕਿ ‘ਸਿਆਸਤ ਅਜਿਹੀ ਕਲਾ ਹੈ ਜਿਸ ਰਾਹੀਂ ਗ਼ਰੀਬਾਂ ਤੇ ਅਮੀਰਾਂ ਨੂੰ ਇਕ ਦੂਜੇ ਤੋਂ ਬਚਾਉਣ ਦਾ ਵਚਨ ਦਿੰਦੇ ਹੋਏ ਗ਼ਰੀਬਾਂ ਤੋਂ ਵੋਟ ਅਤੇ ਅਮੀਰਾਂ ਤੋਂ ਧਨ ਇਕੱਠਾ ਕੀਤਾ ਜਾਂਦਾ ਹੈ।’ ਇਸ ਕਥਨ ਵਿੱਚ ਰੱਤਾ ਭਰ ਵੀ ਅਤਿਕਥਨੀ ਨਹੀਂ ਹੈ ਕਿਉਂਕਿ ਸਿਆਸਤਦਾਨਾਂ ਨੇ ਆਪਣੀ ਮੱਕਾਰੀ ਨਾਲ ਹਰੇਕ ਨੂੰ ਦੁੱਧ ਤੇ ਪੁੱਤ ਦਾ ਲਾਰਾ ਲਾ ਕੇ ਆਪਣਾ ਉੱਲੂ ਸਿੱਧਾ ਕਰਨਾ ਹੁੰਦਾ ਹੈ। ਉਨ੍ਹਾਂ ਵੱਲੋਂ ਜਨਤਾ ਜਿਹੜੇ ਮਰਜ਼ੀ ਖੂਹ/ਖਾਤੇ ਵਿਚ ਡਿੱਗੇ ਜਾਂ ਡੁੱਬੇ। ਉਨ੍ਹਾਂ ਦੇ ਨੇਤਾ ਦੀ ਕੁਰਸੀ ਸਲਾਮਤ ਰਹਿਣੀ ਚਾਹੀਦੀ ਹੈ। ਅੱਜ ਪੰਜਾਬ ਵਿਚ ਇਹੋ ਮੰਜ਼ਰ ਦਿਖਾਈ ਦੇ ਰਿਹਾ ਹੈ ਜਿਸਨੂੰ ਅਸੀਂ ਹੁਣ ਗੈਂਗਸਟਰਾਂ ਦੀ ਬਸਤੀ ਜਾਂ ਖ਼ੁਦਕਸ਼ੀਆਂ ਦੀ ਧਰਤੀ ਵੀ ਕਹਿ ਸਕਦੇ ਹਾਂ। ਡਾਹਢਿਆਂ ਵੱਲੋਂ ਮਿਲੀਆਂ ਦੁਸ਼ਵਾਰੀਆਂ ਕਾਰਨ ਅੱਜ ਮੇਰੇ ਕਿੱਨੇ ਹੀ ਵੀਰ ਤੇ ਬੱਚੇ ਅਣਿਆਈ ਮੌਤ ਨੂੰ ਗਲੇ ਲਾਉਣ ਲਈ ਤਤਪਰ ਹਨ। ਰੋਜ਼ ਦਿਹਾੜੇ ਕਿਸਾਨੀ ਦੀ ਉੱਠ ਰਹੀ ਅਰਥੀ ਕਿਸੇ ਦੀ ਰੂਹ ਨੂੰ ਨਹੀਂ ਕਲਪਾ ਰਹੀ। ਹਰ ਰੋਜ਼ ਬਲ ਰਹੇ ਸਿਵੇ ਕਿਸੇ ਨੇਤਾ ਦੀ ਨੀਂਦ ਵਿਚ ਵਿਘਨ ਨਹੀਂ ਪਾ ਰਹੇ। ਪਿੰਡ ਪਿੰਡ ਵਿਛੇ ਸੱਥਰ ਕਿਸੇ ਦਾ ਅਮਨ ਚੈਨ ਨਹੀਂ ਖੋਹ ਰਹੇ। ਰਹਿ ਰਹਿ ਕੇ ਮੈਨੂੰ ਸ਼ਮਸ਼ੇਰ ਸੰਧੂ ਦੀ ਕਵਿਤਾ ਯਾਦ ਆ ਰਹੀ ਹੈ :-

ਕਿੱਥੇ ਖੋ ਗਏ ਚੱਜ ਦੇ ਬੰਦੇ। ਕਿਉਂ ਦੁਰਲੱਭ ਹੋ ਗਏ ਚੱਜ ਦੇ ਬੰਦੇ।

ਅੱਗ ਦਾ ਦਰਿਆ ਤਰ ਜਾਂਦੇ ਸੀ, ਦਿਲ ਦੀ ਪੁਸਤਕ ਪੜ੍ਹ ਜਾਂਦੇ ਸੀ।

ਹੱਸ ਕੇ ਦੁੱਖ ਨੂੰ ਜਰ ਜਾਂਦੇ ਸੀ, ਕਮਜੋਰਾਂ ਨਾਲ ਖੜ੍ਹ ਜਾਂਦੇ ਸੀ।

ਕਿੱਥੇ ਖੋ ਗਏ ਚੱਜ ਦੇ ਬੰਦੇ। ਕਿਹਨੇ ਲੁਕੋ ਲਏ ਚੱਜ ਦੇ ਬੰਦੇ।

ਸ਼ਮਸ਼ੇਰ ਕੀ ਹਰ ਸੁਹਿਰਦ ਪੰਜਾਬੀ ਅੱਜ ਖ਼ੂਨ ਦੇ ਹੰਝੂ ਰੋਣ ਲਈ ਬੇਬਸ ਹੈ ਕਿਉਂਕਿ ਉੱਚੀ ਧੌਣ ਵਾਲੇ ਪੰਜਾਬ ਦਾ ਜਲੂਸ ਉਸ ਦੇ ਆਪਣੇ ਜੰਮੇ ਜਾਇਆਂ ਨੇ ਵੀ ਕੱਢਿਆ ਹੈ (ਕੱਢ ਰਹੇ ਹਨ) ਅਤੇ ਬੇਗਾਨਿਆ ਨੇ ਵੀ। ਜੰਗ-ਏ-ਆਜ਼ਾਦੀ ਵਿਚ ਆਪਣਾ ਸਭ ਕੁਝ ਕੁਰਬਾਨ ਕਰ ਕੇ ਕਾਲੇ ਪਾਣੀਆਂ ਵਿੱਚ ਰੁਲ ਰੁਲ ਕੇ ਸ਼ਹੀਦ ਹੋਣ ਵਾਲੇ ਪੰਜਾਬੀਆਂ (ਸਿੱਖਾਂ) ਦਾ ਮੌਜੂਦਾ ਸਰਕਾਰ ਨੇ ਨਾਂ ਤੱਕ ਮਿਟਾ ਦਿੱਤਾ ਹੈ। ਗ਼ਦਰੀ ਬਣ ਕੇ ਸਿੰਘਾਪੁਰ, ਹਾਂਗਕਾਂਗ, ਅਮਰੀਕਾ, ਕੈਨੇਡਾ ਤੇ ਹੋਰ ਧਰਤੀਆਂ ’ਤੇ ਲੰਮਾ ਸੰਘਰਸ਼ ਵਿੱਢਣ ਵਾਲੇ ਸਿੱਖਾਂ ਦਾ ਵੀ ਕਿਤੇ ਜ਼ਿਕਰ ਤੱਕ ਨਹੀਂ ਕੀਤਾ ਜਾ ਰਿਹਾ। ਇਹ ਵੀ ਅਨੈਤਿਕਤਾ ਦੀ ਇੰਤਹਾ ਹੈ (ਸਰਕਾਰੀ ਅਨੈਤਿਕਤਾ) ਜਿਹੜੀ ਉਸ ਦੇ ਆਪਣੇ ਵਿਸ਼ੇਸ਼ ਕੇਡਰ (ਆਰ. ਐਸ. ਐਸ) ਦੇ ਇਸ਼ਾਰਿਆਂ ’ਤੇ ਪੂਰੇ ਧੂਮ ਧੜਾਕੇ ਨਾਲ ਹੋ ਰਹੀ ਹੈ। ਉਨ੍ਹਾਂ ਦੇ ਜਬ੍ਹਾੜਿਆਂ ਵਿੱਚ ਗ੍ਰਸੇ ਸਾਡੇ ਪੰਜਾਬ ਦੇ ਦਸ ਸਾਲ ਤੱਕ ਰੂਹੇ-ਰਵਾਂ ਰਹੇ ਵੱਡੇ ਬਾਦਲ ਸਾਹਿਬ ਦਾ ਹੁਣੇ ਆਇਆ ਬਿਆਨ ਪੜ੍ਹ ਕੇ ਬੰਦੇ ਦਾ ਤਰਾਹ ਨਿਕਲ ਜਾਂਦਾ ਹੈ ਜਦੋਂ ਉਹ ਕਹਿੰਦੇ ਹਨ ‘ਅਸੀਂ ਪੰਜਾਬ ਦਾ ਐਨਾ ਵਿਕਾਸ ਕਰ ਦਿੱਤਾ ਹੈ ਕਿ ਹੁਣ ਕੋਈ ਲੋੜ ਨਹੀਂ ਬਚੀ। ਤਿੰਨ ਮਹੀਨਿਆਂ ਵਿਚ ਗੁੰਡਾ ਗਰਦੀ ਵਧੀ ਹੈ।’ ਇਸ ਭੱਦਰ ਪੁਰਖ ਨੂੰ ਕੋਈ ਪੁੱਛੇ ਕਿ ਗੈਂਗਸਟਰਾਂ ਦੀ ਨਵੀਂ ਫ਼ੌਜ ਪੈਦਾ ਕਰ ਜਾਣ ਵਾਲਿਓ ! ਤੁਸੀਂ ਪੰਜਾਬ ਦਾ ਛੱਡਿਆ ਹੀ ਕੀ ਹੈ ? ਇਸ ਦਾ ਵਿਰਸਾ, ਸਭਿਆਚਾਰ, ਮਾਨਤਾਵਾਂ, ਮਰਯਾਦਾ, ਧਰਮ, ਮਾਂ-ਬੋਲੀ, ਭਾਈਚਾਰਾ, ਨੌਕਰੀਆਂ ਅਤੇ ਖ਼ਜਾਨਾ ਸੱਭੇ ਕੁਝ ਤਹਿਸ-ਨਹਿਸ ਕਰ ਕੇ ਆਉਣ ਵਾਲਿਆਂ ਲਈ ਸਿਵਾਏ ਭੱਖੜਿਆਂ ਦੇ ਤੁਸੀਂ ਛੱਡ ਕੇ ਹੀ ਕੀ ਗਏ ਹੋ ?

ਸਿੱਖ ਧਰਮ ਦੀ ਸੁਰਜੀਤੀ, ਤਰੱਕੀ, ਵਿਕਾਸ, ਚੜ੍ਹਦੀ ਕਲਾ ਅਤੇ ਪ੍ਰਚਾਰ- ਪ੍ਰਸਾਰ ਲਈ ਜ਼ਿੰਮੇਵਾਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਜੋ ਇਸ ਵੇਲੇ ਇਕ ਪਰਿਵਾਰ ਦੀ ਜੱਦੀ ਜਗੀਰ ਬਣ ਕੇ ਰਹਿ ਗਈ ਹੈ) ਦੇ ਮੁਖੀ ਵੱਲੋਂ ਧਰਮ-ਪ੍ਰਚਾਰ ਲਹਿਰ ਨੂੰ ਗਲੀ ਗਲੀ, ਕੂਚੇ ਕੂਚੇ ਤੱਕ ਫੈਲਾਉਣ ਦੇ ਫੋਕੇ ਦਾਅਵੇ ਅਤੇ ਸਮਾਜਿਕ ਕੁਰੀਤੀਆਂ ਖ਼ਿਲਾਫ ਜੱਦੋ ਜਹਿਦ ਦਾ ਐਲਾਨ ਮਹਿਜ ਐਲਾਨ ਹੀ ਹੈ ਕਿਉਂਕਿ ਇਨ੍ਹਾਂ ਦੇ ਆਪਣੇ ਨਿਯੁਕਤ ਬੰਦੇ ਕਿਹੋ ਜਿਹਾ ਵਿਭਚਾਰ ਫੈਲਾ ਰਹੇ ਹਨ ਉਹ ਅਗਲੇ ਪੰਨੇ ’ਤੇ ਨਸ਼ਰ ਕੀਤਾ ਜਾ ਰਿਹਾ ਹੈ। ਧਰਮ, ਫੋਕੇ ਪ੍ਰਚਾਰ ਨਾਲ ਨਹੀਂ ਫਲਦਾ-ਫੁਲਦਾ, ਜ਼ਿੰਦਗੀ ਵਾਰਿਆਂ, ਖ਼ੁਦ ਮਿਸਾਲ ਬਣਿਆਂ, ਅਵਾਮ ਨੂੰ ਨਾਲ ਤੋਰਿਆਂ ਅਤੇ ਆਪਣੇ ਖ਼ੁਦ ਦੇ ਪਾਕ-ਦਾਮਨ ਦੀ ਉਦਾਹਰਨ ਦਿੰਦਿਆਂ ਫੈਲਦਾ ਹੈ। ਪਿਛਲੇ ਮਹੀਨੇ, ਕੈਨੇਡਾ ਵਿਚ ਹੋਈ ਇਕ ਪੰਜਾਬੀ ਕਾਨਫਰੰਸ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਇਕ ਸੱਜਣ ਨੇ ‘ਪੰਜਾਬੀਆਂ ਵਿਚ ਨੈਤਿਕਤਾ’ ਵਿਸ਼ੇ ’ਤੇ ਪਰਚਾ ਪੜ੍ਹਿਆ। ਉਸ ਪਰਚੇ ਦਾ ਨਿਚੋੜ ਸੀ ਕਿ ‘ਪੰਜਾਬੀ ਭਾਈਚਾਰੇ ਵਿਚ ਨੈਤਿਕਤਾ ਉਦੋਂ ਤੱਕ ਕਾਇਮ ਰਹੇਗੀ ਜਦੋਂ ਤੱਕ ਪੰਜਾਬੀ ਭਾਈਚਾਰਾ ਅਤੇ ਸਮੁੱਚਾ ਵਿਸ਼ਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਂਦਾ ਰਹੇਗਾ।’ ਪਰੰਤੂ ਮੈਂ ਇਨ੍ਹਾਂ ਉੱਚੇ ਧਾਰਮਿਕ ਅਹੁਦਿਆਂ ’ਤੇ ਆਸੀਨ ਆਗੂਆਂ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਜਿਸ ਪਵਿੱਤਰ ਧਰਤੀ ਨੂੰ ਭਾਗ ਲਾ ਕੇ ਦਸਮੇਸ਼ ਪਿਤਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁੜ ਰਚਨਾ ਕਰਵਾਈ ਸੀ, ਉਸੇ ਪਵਿੱਤਰ ਦਮਦਮਾ ਸਾਹਿਬ ਦੇ ਛੇ ਮੁਲਾਜ਼ਮਾਂ ਵੱਲੋਂ ਉਸੇ ਮੁਕੱਦਸ ਧਰਤੀ ’ਤੇ ਰੰਗ ਰਲੀਆਂ ਮਨਾ ਕੇ ਕਿਹੜੀ ਨੈਤਿਕਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਐਨੀ ਜੁਰਅਤ ਦਿਨ ਰਾਤ ਇਸੇ ਪਾਕੀਜ਼ ਗ੍ਰੰਥ ਦਾ ਪਾਠ ਕਰਨ ਤੇ ਸੁਣਨ ਵਾਲਿਆਂ ਦੀ ? ਲੱਖ ਲਾਹਨਤ ਹੈ ਅਜਿਹੇ ਧਰਮ ਪ੍ਰਚਾਰਕਾਂ ਤੇ ਮੁਲਾਜ਼ਮਾਂ ਦੇ ਜਿਹੜੇ ਆਪਣੇ ਆਪ ਨੂੰ ਸਾਂਭ ਨਹੀਂ ਸਕਦੇ। ਬਾਕੀ ਦੁਨੀਆ ਨੂੰ ਉਪਦੇਸ਼ਣਾ ਤਾਂ ਉਸੇ ਤਰਾਂ ਹੈ :-

ਅਵਰ ਉਪਦੇਸੈ, ਆਪਿ ਨ ਕਰੈ ॥ ਆਵਤ ਜਾਵਤ, ਜਨਮੈ ਮਰੈ ॥ (ਮ: ੫/੨੬੯)

ਪਿਛਲੇ ਦਿਨੀਂ ਇਕ ਹੋਰ ਸਨਸਨੀਖੇਜ਼ ਖ਼ਬਰ ਆਈ ਕਿ ਮੁਟਿਆਰ ਸਕੂਲੀ ਵਿਦਿਆਰਥਣ ਜਦੋਂ ਪਿੰਡ ਦੇ ਗੁਰਦਵਾਰਾ ਸਾਹਿਬ ਵਿਖੇ ਮੱਥਾ ਟੇਕਣ ਗਈ ਤਾਂ ਗੁਰਦਵਾਰੇ ਦੇ ਗ੍ਰੰਥੀ ਨੇ ਉਹਦਾ ਸਤ ਭੰਗ ਕਰ ਦਿੱਤਾ। ਕੀ ਅਸੀਂ ਐਨਾ ਚਰਚਿਤ ਕਤਲ ਕਾਂਡ ਭੁੱਲ ਗਏ ਹਾਂ ਜਿੱਥੇ ਪੰਜਾਬੀ ਯੂਨੀਵਰਸਿਟੀ ਲਾਗਲੇ ਪਿੰਡ ਸ਼ੇਖੂਪੁਰੇ ਦੇ ਗੁਰਦਵਾਰੇ ਦਾ ਗ੍ਰੰਥੀ; ਜੱਜ ਅਮਰਜੀਤ ਸਿੰਘ ਦਾ ਕਾਤਲ ਇਸ ਕਰ ਕੇ ਬਣਨਾ ਮੰਨਿਆ ਕਿ ਉਸ ਦੇ, ਸੁਪਾਰੀ ਦੇ ਕੇ ਜੱਜ ਨੂੰ ਮਰਵਾਉਣ ਵਾਲੀ ਡਾਕਟਰਨੀ ਨਾਲ ਨਾਜਾਇਜ਼ ਸੰਬੰਧ ਸਨ। ਇਨ੍ਹਾਂ ਗ੍ਰੰਥੀਆਂ, ਰਾਗੀਆਂ ਤੇ ਧਾਰਮਿਕ ਕਾਰਜਾਂ ਨਾਲ ਜੁੜੇ ਹੋਰ ਅਨੇਕ ਲੋਕਾਂ ਦੀ ਅਨੈਤਿਕਤਾ ਦੇ ਕਿੱਸੇ, ਅਕਸਰ ਨਸ਼ਰ ਹੁੰਦੇ ਰਹਿੰਦੇ ਹਨ ਤੇ ਉਨ੍ਹਾਂ ਦੀ ਲੰਮੀ ਸੂਚੀ ਹੈ।

ਚਹੁਂ ਵਰਨਾਂ ਨੂੰ ਉਪਦੇਸ਼ ਦੇਣ ਵਾਲੇ ਸਾਡੇ ਮਹਾਨ ਗ੍ਰੰਥ ਦਾ ਅਦਬ ਸਤਿਕਾਰ, ਮਹਾਨਤਾ, ਅਜਮਤ ਤੇ ਕੀਮਤ ਅਸੀ ਨਹੀਂ, ਸਗੋਂ ਸੰਸਾਰ ਦੀ ਸਭ ਤੋਂ ਵੱਡੀ ਖੋਜ-ਸੰਸਥਾ ਨਾਸਾ ਦੇ ਵਿਗਿਆਨੀ ਸਮਝਦੇ ਹਨ ਜਿਹੜੇ ਇਹਦੀ ਪਾਕੀਜ਼ਗੀ ਅਤੇ ਮਹੱਤਤਾ ਨੂੰ ਧਿਆਨ ਗੋਚਰ ਰੱਖਦਿਆਂ ਨਾ ਕੇਵਲ ਇਸ ਦਾ ਵਿਸ਼ੇਸ਼ ਰੱਖ-ਰਖਾਵ ਹੀ ਕਰ ਰਹੇ ਹਨ ਬਲਕਿ ਸੰਸਾਰ ਦੇ ਮਹਾਂ ਵਿਗਿਆਨੀ ਅਤੇ ਮਨੋਵਿਗਿਆਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਲੌਕਿਕ ਦ੍ਰਿਸ਼ਟੀ ਦਾ ਫ਼ਾਇਦਾ ਲੈ ਕੇ ਆਪਣੀਆਂ ਭਵਿੱਖੀ ਯੋਜਨਾਵਾਂ ਅਤੇ ਪੁਲਾੜ-ਯਾਤਰਾਵਾਂ ਵੀ ਨਿਸ਼ਚਿਤ ਕਰ ਰਹੇ ਹਨ।

ਹਰੇਕ ਧਰਮ ਨੈਤਿਕਤਾ ਦੀ ਦੁਹਾਈ ਦਿੰਦਾ ਹੈ। ਅਨੈਤਿਕ ਕਾਰਿਆਂ ਨੂੰ ਕਿਸੇ ਧਰਮ, ਸੰਪਰਦਾ, ਫ਼ਿਰਕੇ, ਮਤਿ ਅਤੇ ਸਮਾਜ ਵਿੱਚ ਪ੍ਰਵਾਨਗੀ ਨਹੀਂ। ਬਲਾਤਕਾਰ, ਬਲਾਤਕਾਰ ਹੀ ਹੈ ਭਾਵੇਂ ਇਹ ਦਿੱਲੀ ਵਾਪਰੇ ਭਾਵੇਂ ਸ਼ਿਮਲੇ ਜਾਂ ਫਰਾਂਸ ਵਿੱਚ। ਅਵੈਧ ਸੰਬੰਧ ਹਰ ਸਮਾਜ ਵਿਚ ਵਰਜਿਤ ਹਨ। ਇਸੇ ਲਈ ਤਾਂ ਮੋਨਿਕਾ ਲਵਿੰਸਕੀ ਨਾਲ ਸਰੀਰਕ ਸੰਬੰਧ ਰੱਖਣ ਕਾਰਨ ਅਮਰੀਕਾ ਦੇ ਇਕ ਰਾਸ਼ਟਰਪਤੀ ਬਿੱਲ ਕਲਿੰਟਨ ’ਤੇ ਮਹਾਂ ਮੁਕੱਦਮਾ ਚਲਾਇਆ ਗਿਆ ਸੀ। ਆਕਸਫੋਰਡ ਰੈਫਰੈਂਸ ਡਿਕਸ਼ਨਰੀ ਵਿਚ ਮੌਰੈਲਟੀ ਤੋਂ ਭਾਵ ਸਹੀ ਤੇ ਗ਼ਲਤ ਦੇ ਫ਼ਰਕ ਵਿਚਲੇ ਨਿਯਮ ਲਾਏ ਗਏ ਹਨ ਜਿਹੜਾ ਫਰੈਂਚ ਅਤੇ ਲੈਟਿਨ ਸ਼ਬਦ ‘ਮੌਰਲ’ ਤੋਂ ਬਣਿਆ ਹੈ। ਸਿੱਖ ਸਮਾਜ ਲਈ ਵੱਖਰੀ ‘ਸਿੱਖ ਰਹਿਤ ਮਰਯਾਦਾ’ ਵੀ ਮੌਜੂਦ ਹੈ। ਇੰਝ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਪਾਤਿਸ਼ਾਹੀਆਂ ਵਿਚ ਭਰੋਸਾ ਰੱਖਣ ਵਾਲਿਆਂ ਵੱਲੋਂ ਕੀਤੇ ਕਾਰਿਆਂ (ਧਰਮ-ਕਰਮ) ਨੂੰ ਮਜ਼ਾਕ ਬਣਾ ਕੇ ਕੀਤੀ ਗੁੰਡਾਗਰਦੀ (ਅਨੈਤਿਕਤਾ) ਦੇ ਕੁਝ ਸਾਖਿਆਤ ਉਦਹਾਰਨ ਦੇ ਰਹੀ ਹਾਂ ਤਾਂ ਜੋ ਕੈਨੇਡਾ ਜਾ ਕੇ ਪੰਜਾਬੀਆਂ (ਵਿਸ਼ੇਸ਼ ਕਰਕੇ ਸਿੱਖਾਂ) ਵਿਚਲੀ ਨੈਤਿਕਤਾ ਦੇ ਸੋਹਲੇ ਗਾਉਣ ਵਾਲੇ ਵੀ ਦੇਖ-ਸੁਣ ਲੈਣ ਕਿ ਗੁਰੂ-ਵਰੋਸਾਏ ਪੰਜਾਬ ਵਿਚ ਦਰਅਸਲ ਹੋ ਕੀ ਰਿਹਾ ਹੈ।

ਪੰਜਾਂ ਪਾਣੀਆਂ ਦੀ ਇਸ ਜਰਖੇਜ਼ ਰਹੀ ਭੋਇੰ ’ਤੇ ਕਦੇ ਗੁਰਮਤਿ ਦਾ ਹੜ੍ਹ ਆਇਆ, ਅਰਸ਼ੀ ਨੂਰ ਦੇ ਦਰਿਆ ਵੱਗੇ, ਖ਼ੁਦਾਈ ਰਹਿਮਤਾਂ ਬਰਸੀਆਂ ਗੁਰੂਆਂ-ਪੀਰਾਂ ਨੇ ਇਸ ਦੀਆਂ ਫ਼ਿਜ਼ਾਵਾਂ ਨੂੰ ਮਹਿਕਾਇਆ ਅਤੇ ਹਰ ਸੱਚੇ ਸੁੱਚੇ ਇਨਸਾਨ ਦੀਆਂ ਝੋਲੀਆਂ ਭਰ ਭਰ ਡੁੱਲ੍ਹਦੀਆਂ ਰਹੀਆਂ ਪਰ ਅੱਜ ਇੱਥੇ ਚਾਰ-ਚਫ਼ੇਰੇ ਮਾਤਮ ਹੀ ਮਾਤਮ ਹੈ। ਖ਼ੁਦਕੁਸ਼ੀਆਂ ਦੀ ਲੰਮੀ ਸੂਚੀ। ਕਤਲਾਂ ਦਾ ਅਮੁੱਕ ਸਿਲਸਿਲਾ। ਲੁੱਟਾਂ ਖੋਹਾਂ ਦਾ ਆਲਮ। ਧੋਖਾਧੜੀਆਂ ਦਾ ਰੌਲਾ। ਜ਼ੋਰ-ਜ਼ਬਰਦਸਤੀ ਦੀ ਸਾਜਿਸ਼। ਬੇਰੁਜ਼ਗਾਰੀ ਦਾ ਦੈਂਤ। ਨਸ਼ਿਆਂ ਦੀ ਦਲ ਦਲ। ਰਿਸ਼ਵਤਖੋਰੀ ਦਾ ਪਾਸਾਰ। ਭ੍ਰਿਸ਼ਟਾਚਾਰ ਦੀ ਇੰਤਹਾ। ਸਾਧਾਰਨ ਜ਼ਿੰਦਗੀ ਦੀ ਰੱਜ ਕੇ ਬੇਕਦਰੀ। ਗੈਂਗਸਟਰਾਂ ਦੀ ਕਰਮ ਭੂਮੀ ਬਣ ਰਿਹਾ ਅਜੋਕਾ ਪੰਜਾਬ ਕਿਹੋ ਜਿਹੀ ਤਸਵੀਰ ਪੇਸ਼ ਕਰ ਰਿਹਾ ਹੈ, ਇਹ ਮੈਂ ਅਗਲੀਆਂ ਸਤਰਾਂ ਵਿਚ ਦੱਸਣ ਦੀ ਕੋਸ਼ਿਸ਼ ਕਰਾਂਗੀ। ਘਰ ਵਿਚ ਲਗਾਤਾਰ ਆਉਂਦੀਆਂ ਪੰਜਾਬੀ ਅਖ਼ਬਾਰਾਂ ਵਿਚੋਂ ਹਫ਼ਤੇ ਕੁ ਦੇ ਅੰਤਰਾਲ ਦੌਰਾਨ ਜੋ ਕੁਝ ਮੈਨੂੰ ਅਨੈਤਿਕ ਮਹਿਸੂਸ ਹੋਇਆ, ਉਸ ਦਾ ਜ਼ਿਕਰ ਪਾਠਕਾਂ ਨਾਲ ਕਰਨਾ ਮੈਂ ਜ਼ਰੂਰੀ ਸਮਝਦੀ ਹਾਂ:-

 1. ਪੰਜਾਬ ਅੱਜ ਖ਼ੁਦਕੁਸ਼ੀਆਂ ਦਾ ਕੇਂਦਰ ਬਣ ਚੁੱਕੈ। ਕੋਈ ਦਿਨ ਅਜਿਹਾ ਨਹੀਂ ਜਦੋਂ ਦੋ ਚਾਰ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਤੇ ਕਾਰੋਬਾਰੀਆਂ ਦੀ ਆਤਮ ਹੱਤਿਆ ਦੀ ਖ਼ਬਰ ਨਹੀਂ ਛਪਦੀ।
 2. ਜ਼ਮੀਨੀ ਝਗੜਿਆਂ, ਨਾਜਾਇਜ਼ ਕਬਜ਼ਿਆਂ, ਵੱਟਾਂ-ਬੰਨਿਆਂ ਕਾਰਨ ਹੋਣ ਵਾਲੇ ਕਤਲ ਵੀ ਅੱਜ ਇਕ ਆਮ ਗੱਲ ਹੋ ਗਈ ਹੈ।
 3. ਭੈਣ ਭਰਾ, ਮਾਂ, ਬਾਪ, ਪਿਤਾ ਪੁੱਤਰੀ, ਮਾਮੇ, ਮਾਮੀਆਂ ਤੇ ਨਾਨੇ ਨਾਨੀਆਂ ਵਿਚਲਾ ਪਿਆਰ, ਪ੍ਰਤਿਬੱਧਤਾ, ਆਪਾਵਾਰਤਾ ਅਤੇ ਵਫ਼ਾਦਾਰੀ ਖ਼ਤਮ ਹੋ ਚੁੱਕੀ ਹੈ । ਇਨ੍ਹਾਂ ਵੱਲੋਂ ਕੀਤੇ ਜਾਂਦੇ ਕਾਰੇ ਅਖਬਾਰਾਂ ਵਿਚ ਛਾਏ ਪਏ ਹਨ।
 4. ਜ਼ਮੀਨਾਂ- ਜਾਇਦਾਦਾਂ ਪਿੱਛੇ ਮਾਂ ਬਾਪਾਂ ਦੇ ਕਤਲ ਇਕ ਰੁਟੀਨ ਬਣ ਗਿਆ ਹੈ।
 5. ਬਜ਼ੁਰਗਾਂ ਨੂੰ ਘਰੋਂ ਕੱਢਣ ਦਾ ਰੁਝਾਨ ਬਿਰਧ ਆਸ਼ਰਮਾਂ ਨੂੰ ਜਨਮ ਦੇ ਰਿਹਾ ਹੈ।
 6. ਅਮੀਰੀ ਤੇ ਚੌਧਰ ਕਾਨੂੰਨ ਲਈ ਖ਼ਤਰੇ ਪੈਦਾ ਕਰ ਰਹੀ ਹੈ।
 7. ਲਾਕਾਨੂੰਨੀ ਨਿੱਤ ਦਿਹਾੜੇ ਮੌਤਾਂ ਦਾ ਸਬੱਬ ਬਣ ਰਹੀ ਹੈ।
 8. ਬਲਾਤਕਾਰਾਂ ਦੀ ਸੂਚੀ ਸ਼ੈਤਾਨ ਦੀ ਆਂਦਰ ਵਾਂਗ ਵਧ ਰਹੀ ਹੈ। ਟੋਂਬੂ (ਇਕਰਾਰ) ਟੁੱਟ ਰਹੇ ਹਨ।
 9. ਇਸ਼ਕ ਦੀ ਅਸਫ਼ਲਤਾ ਧੀਆਂ-ਭੈਣਾਂ ਲਈ ਆਫਤ ਬਣ ਕੇ ਬਰਸ ਰਹੀ ਹੈ।
 10. ਵਿਆਹ ਦੇ ਲਾਰਿਆਂ ਵਿਚ ਕੁੜੀਆਂ ਦਾ ਸ਼ਰੀਰਕ-ਸ਼ੋਸ਼ਣ ਹੋ ਰਿਹਾ ਹੈ।
 11. ਡਾਕਟਰੀ ਅਣਗਹਿਲੀ ਜੱਚਾ ਤੇ ਬੱਚਾ ਦੀ ਮੌਤ ਦਾ ਸਬੱਬ ਬਣ ਰਹੀ ਹੈ।
 12. ਚੋਰੀਆਂ, ਡਕੈਤੀਆਂ, ਲੁੱਟਾਂ-ਖੋਹਾਂ ਦਾ ਆਲਮ ਆਮ ਹੈ।
 13. ਵਿਆਹ ਬਾਹਰੇ ਸੰਬੰਧ ਆਮ ਵਰਤਾਰਾ ਬਣ ਚੁੱਕਾ ਹੈ। ਪਤਨੀਆਂ ਪ੍ਰੇਮੀਆਂ ਨਾਲ ਮਿਲ ਕੇ ਤੇ ਪਤੀ, ਯਾਰਾਂ ਬੇਲੀਆਂ ਨਾਲ ਰਲ ਕੇ ਇਕ ਦੂਜੇ ਨੂੰ ਮਾਰ ਮੁਕਾ ਰਹੇ ਹਨ।
 14. ਕਰਮ ਕਾਂਡਾ ਦਾ ਰੱਜ ਕੇ ਬੋਲਬਾਲਾ ਹੈ। ਮਾਤਾ ਗੁਜਰੀ ਕਾਲਜ ਵਿਚ ਸੰਗਰਾਂਦ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਚ ਰੰਗੋਲੀਆਂ ਤੇ ਮਹਿੰਦੀਆਂ ਦੇ ਮੁਕਾਬਲੇ ਹੋਣ ਲੱਗ ਪਏ ਹਨ।
 15. ਏ. ਟੀ. ਐਮਾਂ ਦੀ ਪੁੱਟ ਤੇ ਖੋਹ ਰੋਜ਼ ਦੀ ਗੱਲ ਬਣ ਚੁੱਕੀ ਹੈ।
 16. ਮਾਸੂਮਾਂ ਦੇ ਅਸ਼ਲੀਲ ਵੀਡੀਓ ਬਣਾਉਣੇ ਤੇ ਦੁਰਵਰਤੋਂ ਆਮ ਵਰਤਾਰਾ ਬਣ ਚੁੱਕੈ।
 17. ਉੱਪਰਲੀ ਕਮਾਈ (ਰਿਸ਼ਵਤ) ਦਾ ਚਸਕਾ ਸੇਵਾਦਾਰ ਤੋਂ ਲੈ ਕੇ ਉੱਪਰ ਤੱਕ ਪੁੱਜ ਚੁੱਕੈ।
 18. ਬੇਕਸਾਂ, ਗਰੀਬਾਂ, ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ।
 19. ਆੜ੍ਹਤੀਆਂ ਦੀ ਲੁੱਟ-ਖਸੁੱਟ ਨੇ ਕਈ ਘਰਾਂ ’ਚ ਸੱਥਰ ਵਿਛਾ ਦਿੱਤੇ ਹਨ।
 20. ਗੋਦਾਮਾਂ ਵਿਚ ਕਰੋੜਾਂ-ਅਰਬਾਂ ਦੀ ਹੇਰਾ ਫੇਰੀ ਤੇ ਚੋਰੀ ਜਾਰੀ ਹੈ।
 21. ਜੇਬ ਕਤਰਿਆਂ, ਝਪਟਮਾਰਾਂ ਤੇ ਲੁਟੇਰਿਆਂ ਦੀ ਪੁਸ਼ਤ ਪਨਾਹੀ ਸਭ ਦੇ ਸਾਹਮਣੇ ਹੈ।
 22. ਸਰਕਾਰੀ ਉਸਾਰੀਆਂ, ਪਾਰਕਾਂ ਤੇ ਸਾਂਝੇ ਸੱਥਲਾਂ ਦਾ ਭ੍ਰਿਸ਼ਟਾਚਾਰ ਮੂੰਹ ਚੜ੍ਹ ਕੇ ਬੋਲ ਰਿਹਾ ਹੈ।
 23. ਤੰਬਾਕੂਨੋਸ਼ੀ ਦੀਆਂ ਕਹਾਣੀਆਂ ਲੰਮੀਆਂ ਹਨ।
 24. ਦਾਜ ਖਾਤਿਰ ਬਹੂਆਂ ਮਾਰਨ, ਸਾੜਨ ਤੇ ਛੱਡਣ-ਕੱਢਣ ਦਾ ਸਿਲਸਿਲਾ ਜਾਰੀ ਹੈ।
 25. ਫ਼ਰਜ਼ੀ ਵਿਆਹਾਂ ਰਾਹੀਂ ਵਿਦੇਸ਼ਾਂ ਦਾ ਝਾਂਸਾ ਦੇਣ ਵਾਲੇ ਵੀ ਵਧੇਰੇ ਪੰਜਾਬੀ ਹੀ ਹਨ।
 26. ਡਾਕਟਰ ਹੋ ਕੇ ਮਰੀਜ਼-ਕੁੜੀਆਂ ਨਾਲ ਖੇਹ ਖਾਣ ਦੀਆਂ ਘਟਨਾਵਾਂ ਆਮ ਹਨ।
 27. ਗਵਾਂਢ ਵਸਦੀਆਂ ਧੀਆਂ-ਭੈਣਾਂ ਦੇ ਸਤ ਭੰਗ ਕਰਨੇ ਰੋਜ਼ ਰੋਜ਼ ਦੀ ਖ਼ਬਰ ਬਣ ਗਏ ਹਨ।
 28. ਅਧਿਆਪਕਾਂ ਵਲੋਂ ਰੋਜ਼-ਰੋਜ਼ ਸਕੂਲੀ ਬੱਚੀਆਂ ਦੀ ਇੱਜ਼ਤ ਲੁੱਟਣ ਦੀਆਂ ਘਟਨਾਵਾਂ ਵੀ ਬਹੁਤ ਵਧ ਗਈਆਂ ਹਨ।
 29. ਸਕੇ ਤੇ ਮਤਰੇਏ ਪਿਤਾਵਾਂ, ਮਾਮਿਆਂ, ਕਜ਼ਨਾਂ ਤੇ ਸਕੇ ਭਰਾਵਾਂ ਦੀ ਨਜਾਇਜ਼ ਔਲਾਦ ਜੰਮਣ ਲਈ ਮਜਬੂਰ ਪੰਜਾਬੀ ਬੱਚੀਆਂ।
 30. ਬਾਲਾਂ ਦਾ ਸ਼ੋਸ਼ਣ ਵੀ ਅਕਸਰ ਹੋ ਰਿਹਾ ਹੈ।
 31. ਨੌਕਰੀਆਂ ਦੀ ਕਾਣੀ ਵੰਡ ਜਾਰੀ ਹੈ।
 32. ਹਰੇਕ ਪਾਸੇ ਸਿਆਸਤ ਦੀ ਚੌਧਰ ਹੈ, ਜਿਸ ਕਾਰਨ ਧਰਮ ਥੱਲੇ ਦੱਬਿਆ ਪਿਆ ਹੈ।
 33. ਪਾਣੀ, ਹਵਾ, ਧਰਤੀ, ਸ਼ੋਰ ਗੱਲ ਕੀ ਹਰੇਕ ਪੱਖੀ ਪ੍ਰਦੂਸ਼ਣ ਜਾਰੀ ਹੈ।
 34. ਚੁਪਾਸੇ ਝੂਠ-ਤੂਫ਼ਾਨ ਦਾ ਬੋਲਬਾਲਾ ਹੈ।
 35. ਭਾਈ ਭਤੀਜਾਵਾਦ ਨੇ ਕਈ ਕੀਮਤੀ ਜਿੰਦੜੀਆਂ ਨਿਗਲ ਲਈਆਂ ਹਨ।
 36. ਕਿਰਤ ਤੋਂ ਕਿਨਾਰਾ ਕਰਨ ਸਦਕੇ ਨਸ਼ਿਆਂ ਦਾ ਬੋਲਬਾਲਾ ਵਧੇਰੇ ਹੈ।
 37. ਦਿਖਾਵਾ ਜ਼ੋਰਾਂ ’ਤੇ ਹੈ।
 38. ਬਜ਼ੁਰਗਾਂ ਦੀ ਅਣਦੇਖੀ ਹੈ।
 39. ਨਾਮ ਜਪਣ ਤੋਂ ਤੋਬਾ।
 40. ਵੰਡ ਛਕਣ ਦਾ ਵਿਰੋਧ।

ਬਹੁਤ ਕੁਝ ਹੋਰ ਵੀ ਹੈ ਜਿਹੜਾ ਆਪਾਂ ਹਰ ਰੋਜ਼ ਵਾਚਦੇ ਤੇ ਵਿਚਾਰਦੇ ਹਾਂ ਪਰੰਤੂ ਆਰਟੀਕਲ ਵੱਡਾ ਹੋਣ ਦੇ ਡਰੋਂ ਮੈਂ ਇੱਥੇ ਹੀ ਸਮਾਪਤ ਕਰਦੀ ਹਾਂ। ਆਓ, ਦੀਵੇ ਥੱਲੇ ਦੇ ਹਨ੍ਹੇਰੇ ਨੂੰ ਪਹਿਲਾਂ ਖ਼ਤਮ ਕਰੀਏ। ਬਾਹਰ ਡੀਂਗਾ ਮਾਰਨ ਨਾਲੋਂ ਪਹਿਲਾਂ ਘਰ ਦਾ ਫ਼ਿਕਰ ਕਰੀਏ। ਕਦੇ ਸ਼ਾਨਾਂਮੱਤੇ ਰਹੇ ਪੰਜਾਬ ਨੂੰ ਮੁੜ ਸਿਫ਼ਤੀ ਦਾ ਘਰ ਬਣਾਉਣ ਦਾ ਯਤਨ ਕਰੀਏ ।