ਬੱਬਰ ਸ਼ੇਰਨੀ ਗੁਰਦੀਪ ਕੌਰ

0
263

ਬੱਬਰ ਸ਼ੇਰਨੀ ਗੁਰਦੀਪ ਕੌਰ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਮੈਂ ਇਕ ਆਮ ਔਰਤ ਹਾਂ। ਮੇਰੇ ਬਾਰੇ ਕਿਸੇ ਨੂੰ ਕੁੱਝ ਵੀ ਪਤਾ ਨਹੀਂ ਹੋਣਾ। ਮੈਂ ਸ਼ਾਇਦ ਕਦੇ ਇਤਿਹਾਸ ਦਾ ਹਿੱਸਾ ਵੀ ਨਹੀਂ ਬਣਨਾ, ਪਰ ਮੈਨੂੰ ਏਨਾ ਪਤਾ ਹੈ ਕਿ ਮੇਰੀ ਜਿੰਨੀ ਵੀ ਉਮਰ ਹੈ ਉਸ ਵਿਚ ਆਪਣੇ ਗੁਰੂ ਦੀ ਸ਼ੇਰਨੀ ਧੀ ਬਣ ਕੇ ਜੀਣਾ ਹੈ। ਮੈਨੂੰ ਬਚਪਨ ਤੋਂ ਹੀ ਅਨੇਕ ਬਹਾਦਰ ਸਿੱਖ ਬੀਬੀਆਂ ਦੀਆਂ ਜੀਵਨੀਆਂ ਸੁਣਾਈਆਂ ਗਈਆਂ ਹਨ। ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਕਦੇ ਜ਼ਿੰਦਗੀ ਵਿਚ ਤਲਵਾਰ ਚੁੱਕਣ ਦੀ ਲੋੜ ਪਏਗੀ! ਮੈਂ ਤਾਂ ਪੂਰੀ ਦਲੇਰੀ ਨਾਲ ਆਪਣੇ ਬਚਪਨ ਨੂੰ ਪੂਰ ਚੜ੍ਹਾਇਆ ਹੈ। ਮੈਂ ਵਿਆਹ ਵੀ ਫੌਜੀ ਸ੍ਰ. ਪਿਆਰਾ ਸਿੰਘ ਜੀ ਨਾਲ ਕੀਤਾ ਤਾਂ ਜੋ ਅਸੀਂ ਦੋਵੇਂ ਦਲੇਰਾਨਾ ਢੰਗ ਨਾਲ ਜੀਵਨ ਬਤੀਤ ਕਰੀਏ। ਡਰ ਭੈਅ ਤੋਂ ਮੁਕਤ ਦੋਵਾਂ ਨੇ ਯੂ. ਪੀ. ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਪਿੰਡ ਰਹਿੰਦੇ ਆਪਣੀ ਧੀ ਨੂੰ ਵੀ ਸ਼ੇਰਨੀ ਵਾਂਗ ਲੜਨ ਦੀ ਸਿੱਖਿਆ ਦਿੱਤੀ।

ਗੱਲ 1984 ਦੀ ਹੈ। ਕੱਟੜਵਾਦੀ ਸਿਰ ਫਿਰਿਆਂ ਨੇ ਚੁਣ-ਚੁਣ ਕੇ ਸਿੱਖਾਂ ਦੀਆਂ ਲਾਸ਼ਾਂ ਦੇ ਢੇਰ ਲਾ ਛੱਡੇ ਸਨ। ਸਾਡੇ ਚੁਫ਼ੇਰੇ ਸਾਰੇ ਜਣੇ ਘਰ ਬਾਰ ਛੱਡ ਕੇ ਜੰਗਲਾਂ ਵੱਲ ਦੌੜ ਗਏ ਸਨ। ਮੇਰੇ ਪਤੀ ਡਿਊਟੀ ਉੱਤੇ ਸਨ। ਘਰ ਵਿਚ ਮੇਰੀ ਧੀ ਤੇ ਮੈਂ ਸਾਂ। ਮੇਰੇ ਸਹੁਰਾ ਸਾਹਿਬ ਕਿਸੇ ਕੰਮ ਘਰੋਂ ਬਾਹਰ ਗਏ ਸਨ।

ਮੈਂ ਘਰੋਂ ਬਾਹਰ ਟਿਊਬਵੈੱਲ ਉੱਤੇ ਕਪੜੇ ਧੋ ਰਹੀ ਸੀ ਜਦੋਂ ਹੋ-ਹੱਲੇ ਦੀ ਆਵਾਜ਼ ਸੁਣੀ। ਆ ਕੇ ਵੇਖਿਆ ਤਾਂ ਸਿੱਖਾਂ ਦੇ ਖਾਲੀ ਛੱਡੇ ਘਰਾਂ ਵਿੱਚੋਂ ਸਮਾਨ ਲੁੱਟਿਆ ਜਾ ਰਿਹਾ ਸੀ। ਘਰਾਂ ਨੂੰ ਸਾੜਨ ਤੇ ਸਮਾਨ ਗੱਡਿਆਂ ਵਿੱਚ ਲੱਦਣ ਬਾਅਦ ਸਾਰਿਆਂ ਨੇ ਮੇਰੇ ਘਰ ਵੱਲ ਮੂੰਹ ਕਰ ਲਿਆ ਸੀ। ਤੇਲ ਦੀਆਂ ਕੇਨੀਆਂ, ਰਾਡਾਂ, ਡੰਡੇ, ਚੇਨਾਂ ਫੜੀ ਭੀੜ ਲਲਕਾਰੇ ਮਾਰਦੀ ਮੇਰੇ ਘਰ ਵੱਲ ਨੂੰ ਤੁਰੀ ਆ ਰਹੀ ਸੀ।

ਮੈਂ ਝਟਪਟ ਹੱਥ ਪੂੰਝੇ ਤੇ ਚੁੰਨੀ ਕਮਰ ਦੁਆਲੇ ਬੰਨ੍ਹ ਕੇ ਤਿਆਰ ਹੋ ਗਈ। ਇਕੱਲੀ ਵੀ ਤਾਂ ਮੈਂ ਸਵਾ ਲੱਖ ਦੇ ਬਰਾਬਰ ਸੀ। ਮੇਰਾ ਪਤੀ ਮੁਲਕ ਦੀ ਰਾਖੀ ਲਈ ਛਾਤੀ ਤਾਣ ਕੇ ਸਰਹੱਦ ਉੱਤੇ ਖਲੋਤਾ ਸੀ। ਕੀ ਮੈਂ ਆਪਣੀ ਤੇ ਆਪਣੀ ਬੇਟੀ ਦੀ ਰਾਖੀ ਵੀ ਨਹੀਂ ਕਰ ਸਕਦੀ ? ਜ਼ਰੂਰ ਕਰ ਸਕਦੀ ਸੀ। ਇਸੇ ਲਈ ਮੈਂ ਉੱਕਾ ਨਹੀਂ ਡਰੀ। ਭੱਜ ਕੇ ਬਾਹਰੋਂ ਗੇਟ ਬੰਦ ਕੀਤਾ ਤੇ ਅੰਦਰ ਆ ਕੇ ਅਲਮਾਰੀ ਵਿੱਚੋਂ ਰਾਈਫਲ ਕੱਢਣ ਲਈ ਚਾਬੀ ਲੱਭੀ।

ਭੀੜ ਨੇ ਮੈਨੂੰ ਇਕੱਲੀ ਨੂੰ ਵੇਖ ਲਿਆ ਸੀ। ਮੇਰੀ ਪੱਤ ਲੁੱਟਣ ਲਈ ਚੰਘਾੜੇ ਮਾਰਦੇ ਤੇ ਅਤਿ ਦੀਆਂ ਗੰਦੀਆਂ ਗਾਲ੍ਹਾਂ ਕੱਢਦੇ ਉਹ ਮੇਰੇ ਘਰ ਦੇ ਦਰਵਾਜ਼ੇ ਭੰਨਣ ਲੱਗ ਪਏ। ਮੈਨੂੰ ਦਿਸ ਰਿਹਾ ਸੀ ਕਿ ਕਿਸੇ ਵੀ ਪਲ ਧਾੜਵੀਆਂ ਦੀ ਪੂਰੀ ਟੀਮ ਅੰਦਰ ਆ ਵੜੇਗੀ। ਕਾਹਲ ’ਚ ਅਲਮਾਰੀ ਦੀ ਚਾਬੀ ਨਹੀਂ ਮਿਲੀ। ਮੈਂ ਝਟਪਟ ਆਪਣੀ ਧੀ ਰਾਣੀ ਨੂੰ ਆਵਾਜ਼ ਲਾਈ-‘ਉੱਠ ਬੱਚੀਏ ਸ਼ੇਰਨੀਏ। ਤੇਰੇ ਨਾਂ ਨਾਲ ‘ਕੌਰ’ ਲੱਗਿਐ। ਇਸ ਨੂੰ ਸਾਬਤ ਕਰਨ ਦਾ ਸਮਾਂ ਆ ਗਿਐ। ਮਨ ’ਚ ਗੁਰੂ ਸਾਹਿਬ ਨੂੰ ਧਿਆ ਤੇ ਆਹ ਚੁੱਕ ਤਲਵਾਰ।’ ਉਸ ਨੂੰ ਤਲਵਾਰ ਫੜਾ ਤੇ ਆਪ ਬਰਛਾ ਚੁੱਕ ਕੇ ਅਸੀਂ ਗੱਜ ਕੇ ਜੈਕਾਰਾ ਬੁਲਾਇਆ ਤੇ ਟੁੱਟਣ ਦੇ ਨੇੜੇ ਆਇਆ ਦਰਵਾਜ਼ਾ ਖੋਲ੍ਹ ਦਿੱਤਾ।

ਸਾਨੂੰ ਹਥਿਆਰ ਚੁੱਕੇ ਵੇਖ ਸਾਨ੍ਹਾਂ ਵਾਂਗ ਅੰਦਰ ਨੂੰ ਭੱਜੀ ਆਉਂਦੀ ਭੀੜ ਠਠੰਬਰ ਗਈ। ਸਾਡੇ ਲਲਕਾਰੇ ਨੇ ਸਾਰੇ ਮੁਸ਼ਟੰਡਿਆਂ ਨੂੰ ਪਿਛਾਂਹ ਭੱਜਣ ਉੱਤੇ ਮਜਬੂਰ ਕਰ ਦਿੱਤਾ। ਅਸੀਂ ਦੁਹਾਂ ਨੇ ਅੱਧਾ ਕਿੱਲੋਮੀਟਰ ਤਕ ਭੀੜ ਦਾ ਪਿੱਛਾ ਕੀਤਾ। ਸਾਨੂੰ ਪਤਾ ਸੀ ਕਿ ਇਹ ਭੀੜ ਪੂਰੀ ਤਿਆਰੀ ਨਾਲ ਵਾਪਸ ਆਉਣ ਵਾਲੀ ਹੈ। ਇਸੇ ਲਈ ਵਾਪਸ ਆ ਕੇ ਟਰੰਕ ’ਚੋਂ ਚਾਬੀ ਕੱਢ ਕੇ ਰਾਈਫਲ ਬਾਹਰ ਕੱਢ ਲਈ।

ਮਸਾਂ ਅੱਧਾ ਕੁ ਘੰਟਾ ਹੀ ਲੰਘਿਆ ਹੋਣੈ ਕਿ ਭੀੜ ਦੁਬਾਰਾ ਹਰਲ ਹਰਲ ਕਰਦੀ ਪਹੁੰਚ ਗਈ। ਇਸ ਵਾਰ ਉਹ ਹੋਰ ਤਿਆਰੀ ਨਾਲ ਆਏ ਸੀ। ਮੈਂ ਆਪਣੀ ਧੀ ਨਾਲ ਛੱਤ ਉੱਤੇ ਚੜ੍ਹ ਗਈ ਤੇ ਬੰਦੂਕ ਨਾਲ ਫਾਇਰ ਕੀਤਾ। ਭੀੜ ਇਕਦਮ ਸਕਤੇ ’ਚ ਆ ਗਈ ਤੇ ਕੁੱਝ ਕੁ ਪਿਛਾਂਹ ਹੋ ਗਈ। ਮੈਂ ਵੀ ਉੱਚੀ ਸਾਰੀ ਚੀਕੀ-‘ਹੈ ਕਿਸੇ ’ਚ ਦਮ ਤਾਂ ਮੇਰੀ ਬੰਦੂਕ ਦਾ ਸਾਹਮਣਾ ਕਰੇ।’ ਜਦੋਂ ਸੱਤ ਅੱਠ ਜਣੇ ਅਗਾਂਹ ਹੋਣ ਲੱਗੇ ਤਾਂ ਮੈਂ ਫੇਰ ਫਾਇਰ ਕੀਤਾ। ਦੋ ਜਣੇ ਫੱਟੜ ਹੋ ਗਏ ਤੇ ਸਾਰੇ ਪਿਛਾਂਹ ਭੱਜ ਲਏ। ਫੇਰ ਪਿਛਲੇ ਪਾਸੇ ਜਾ ਕੇ ਪਸ਼ੂਆਂ ਦੇ ਵਾੜੇ ਨੂੰ ਉਨ੍ਹਾਂ ਨੇ ਅੱਗ ਲਾ ਦਿੱਤੀ। ਮੈਂ ਆਪਣੀ ਧੀ ਨੂੰ ਤਲਵਾਰ ਦੇ ਕੇ ਵਾੜੇ ਵੱਲ ਭੇਜਿਆ ਤਾਂ ਜੋ ਬੇਜ਼ਬਾਨ ਪਸ਼ੂਆਂ ਦੇ ਰੱਸੇ ਵੱਢ ਦੇਵੇ ਤੇ ਉਨ੍ਹਾਂ ਦੀ ਜਾਨ ਬਚ ਜਾਵੇ। ਮੈਂ ਆਪ ਛੱਤ ਉੱਤੇ ਮੋਰਚਾ ਸੰਭਾਲੀ ਰੱਖਿਆ।

ਜਦੋਂ ਕੋਈ ਵਾਹ ਨਾ ਚੱਲੀ ਤਾਂ ਗੁੰਡਿਆਂ ਨੂੰ ਅਖ਼ੀਰ ਵਾਪਸ ਮੁੜਨਾ ਪਿਆ। ਵਾਪਸ ਮੁੜਦਿਆਂ ਨੂੰ ਵੀ ਬੰਦੂਕ ਦੀ ਗੋਲੀ ਨਾਲ ਮੈਂ ਭਜਾ ਦਿੱਤਾ ਤੇ ਗੱਡਿਆਂ ਉੱਤੇ ਧਰੇ ਲੁੱਟ ਦੇ ਸਮਾਨ ਨੂੰ ਵੀ ਨਾਲ ਨਾ ਲਿਜਾਉਣ ਦਿੱਤਾ। ਇੰਜ ਮੈਂ ਗਵਾਂਢੀਆਂ ਦੇ ਘਰਾਂ ਨੂੰ ਸਾੜੇ ਜਾਣ ਤੋਂ ਵੀ ਬਚਾ ਲਿਆ ਤੇ ਉਨ੍ਹਾਂ ਦਾ ਸਮਾਨ ਵੀ ਬਚਾ ਲਿਆ। ਉਨ੍ਹਾਂ ਧਾੜਵੀਆਂ ’ਚੋਂ ਕਿਸੇ ’ਚ ਏਨੀ ਹਿੰਮਤ ਨਹੀਂ ਸੀ ਕਿ ਮੇਰੀ ਬੰਦੂਕ ਦੇ ਸਾਹਮਣੇ ਹੋ ਕੇ ਗੱਡਾ ਹਿੱਕ ਕੇ ਲਿਜਾ ਸਕਦੇ।

ਇਸੇ ਕਾਰਨ ਸਦਕਾ ਪੂਰੇ ਇਲਾਕੇ ’ਚ ਹੁਣ ਤੱਕ ਮੇਰੇ ਨਾਂ ਦੀ ਦਹਿਸ਼ਤ ਹੈ ਤੇ ਮੇਰੇ ਵਾਕਫ਼ ਹਿੰਦੂ ਟੱਬਰ ਤਾਂ ਮੈਨੂੰ ਨਾਂ ਨਾਲ ਬੁਲਾਉਣ ਦੀ ਥਾਂ ‘ਬੱਬਰ ਸ਼ੇਰਨੀ’ ਕਹਿ ਕੇ ਬੁਲਾਉਂਦੇ ਹਨ। ਇਨ੍ਹਾਂ ਨੂੰ ਕੀ ਸਮਝਾਵਾਂ ਕਿ ਮੈਂ ਇਕੱਲੀ ਨਹੀਂ ਹਾਂ। ਜਿਸ ਵੀ ਕਿਸੇ ਔਰਤ ਦੇ ਨਾਂ ਪਿੱਛੇ ‘ਕੌਰ’ ਲੱਗ ਜਾਂਦਾ ਹੈ, ਉਸ ਅੰਦਰ ਏਨੀ ਹੀ ਹਿੰਮਤ ਭਰ ਜਾਂਦੀ ਹੈ। ਅਜਿਹੀਆਂ ਬੱਬਰ ਸ਼ੇਰਨੀਆਂ ਨੂੰ ਨਾ ਸਿਰਫ਼ ਆਪਣੀ ਰਾਖੀ ਆਪ ਕਰਨੀ ਆਉਂਦੀ ਹੈ, ਬਲਕਿ ਉਹ ਤਾਂ ਹੋਰਨਾਂ ਦੀ ਵੀ ਰਾਖੀ ਕਰਨ ਯੋਗ ਹੁੰਦੀਆਂ ਹਨ।

ਇਸ ਬੱਬਰ ਸ਼ੇਰਨੀ ਗੁਰਦੀਪ ਕੌਰ ਨੇ ਸਾਬਤ ਕਰ ਦਿੱਤਾ ਕਿ ਸਿੰਘਣੀਆਂ ਭਾਵੇਂ ਕਿਸੇ ਵੀ ਯੁੱਗ ਵਿਚ ਜੰਮਣ, ਉਹ ਵਾਕਈ ਗਜ਼ਬ ਦੀ ਹਿੰਮਤ ਰੱਖਦੀਆਂ ਹਨ ਤੇ ਛਾਤੀ ਉੱਤੇ ਵਾਰ ਖਾ ਕੇ ਮਰਨ ਨੂੰ ਤਰਜੀਹ ਦਿੰਦੀਆਂ ਹਨ। ਉਹ ਨਾ ਪਿੱਠ ਮੋੜ ਕੇ ਭੱਜ ਕੇ ਅਤੇ ਨਾ ਹੀ ਦੱਬੂ ਬਣ ਕੇ ਰਹਿਣ ਨੂੰ ਜੀਣਾ ਸਮਝਦੀਆਂ ਹਨ। ਉਹ ਮਰਨ ਤੋਂ ਪਹਿਲਾਂ ਦੁਸ਼ਮਨਾਂ ਨੂੰ ਮਾਰ ਕੇ ਹੀ ਮਰਨਾ ਸਫਲ ਮੰਨਦੀਆਂ ਹਨ।

ਅੱਜ ਦੇ ਦਿਨ ਵੀ ਹਰ ‘ਕੌਰ’ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਣਖ ਨਾਲ ਜੀਣਾ ਮਰਨਾ ਕਿਸ ਨੂੰ ਕਹਿੰਦੇ ਹਨ। ਜੇ ਅਜੇ ਵੀ ਕਿਸੇ ਦੇ ਮਨ ਅੰਦਰ ਡਰ ਦਾ ਰੱਤਾ ਮਾਸਾ ਵੀ ਕਿਣਕਾ ਬਚਿਆ ਹੋਇਆ ਹੈ ਤਾਂ ਉਸ ਨੂੰ ਆਪਣੇ ਨਾਂ ਅੱਗੋਂ ‘ਕੌਰ’ ਲਾਹ ਦੇਣਾ ਚਾਹੀਦਾ ਹੈ। ਆਪਣੇ ਅੰਦਰਲੀ ਹਿੰਮਤ ਪਛਾਣ ਕੇ ਜੇ ਅੱਜ ਵੀ ਸ਼ਰਾਰਤੀ ਅਨਸਰਾਂ ਦੀ ਢਾਣੀ ਨੂੰ ‘ਕੌਰ’ ਲਲਕਾਰ ਮਾਰ ਦੇਵੇ ਤਾਂ ਕੀ ਮਜਾਲ ਉਹ ਕਿਸੇ ਅਜਿਹੀ ਸ਼ੇਰਨੀ ਅੱਗੇ ਪਲ ਭਰ ਵੀ ਟਿਕ ਸਕਣਗੇ। ਲੋੜ ਹੈ ਹਰ ਬੱਚੀ ਅੰਦਰਲੀ ਇਸ ਤਾਕਤ ਨੂੰ ਉਜਾਗਰ ਕਰਨ ਦੀ, ਤਾਂ ਜੋ ਔਰਤ ਜ਼ਾਤ ਪ੍ਰਤੀ ਹੁੰਦੇ ਜੁਰਮਾਂ ਨੂੰ ਠੱਲ ਪਾਈ ਜਾ ਸਕੇ।

ਸਲਾਮ ਹੈ ਇਸ ਬੱਬਰ ਸ਼ੇਰਨੀ ਨੂੰ ਜਿਸ ਨੇ ‘ਕੌਰ’ ਸ਼ਬਦ ਦਾ ਹੱਕ ਅਦਾ ਕਰ ਦਿੱਤਾ ਭਾਵੇਂ 23 ਫਰਵਰੀ ਨੂੰ ਲਾਇਲਾਜ ਬੀਮਾਰੀ ਦੀ ਤਾਬ ਨਾ ਝੱਲਦਿਆਂ ਬੀਬੀ ਗੁਰਦੀਪ ਕੌਰ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਈ ਹੋਵੇ, ਪਰ ਇਤਿਹਾਸ ਖੁੱਲ੍ਹੀਆਂ ਬਾਹਵਾਂ ਨਾਲ ਇਸ ਬੀਬੀ ਦਾ ਸਵਾਗਤ ਕਰੇਗਾ ਤੇ ਆਉਣ ਵਾਲੀਆਂ ਪੀੜੀਆਂ ਇਸ ਬੀਬੀ ਦੀ ਦਲੇਰੀ ਉੱਤੇ ਮਾਣ ਕਰਦੀਆਂ ਰਹਿਣਗੀਆਂ ਤੇ ਇਸ ਦੀ ਯਾਦ ਕਦੇ ਮਨਾਂ ਵਿੱਚੋਂ ਮਿਟਣ ਨਹੀਂ ਦੇਣਗੀਆਂ।