ਮੈਂ ਤੇ ਮੇਰਾ ਗੁਰੂ ਗ੍ਰੰਥ ਸਾਹਿਬ ਜੀ
ਡਾ. ਬ੍ਰਿਜਪਾਲ ਸਿੰਘ ਗ੍ਰੀਨ ਵਿਊ (ਪਟਿਆਲਾ)
– ਮੈਂ ਇਕ ਸਾਧਾਰਨ ਜਿਹਾ, ਬਹੁਤਿਆਂ ਵਰਗਿਆਂ ਹੀ, ਇਨਸਾਨ ਹਾਂ। ਕਾਮੀ ਹਾਂ, ਕ੍ਰੋਧੀ ਹਾਂ, ਲੋਭੀ ਹਾਂ, ਹੰਕਾਰੀ ਹਾਂ, ਔਗੁਣਾਂ ਨਾਲ ਭਰਿਆ ਹਾਂ, ਮੰਦਾ ਸੋਚਦਾ ਤੇ ਬੋਲਦਾ ਹਾਂ, ਪਰ ਸਿੱਖ ਅਖਵਾਉਣਾ ਮੇਰਾ ਮਾਣ ਹੈ, ਚਾਅ ਹੈ, ਮੇਰਾ ਕਲਚਰ ਹੈ, ਸਿੱਖ ਬਣਨਾ ਮੇਰੀ ਨਿਜੀ ਅਭਿਲਾਸ਼ਾ ਹੈ। ਮੇਰੇ ਜੀਵਨ ਦਾ ਮੰਤਵ ਹੈ। ਮੇਰੀ ਅਰਦਾਸ ਹੈ, ਇਸ ਲਈ ਸਦਾ ਕੋਸ਼ਿਸ਼ ਵਿਚ ਰਹਿੰਦਾ ਹੈ ਕਿ ਮੈਨੂੰ ਪਤਾ ਲੱਗੇ ਕਿ ਸਿੱਖ ਕੌਣ ਹੁੰਦਾ ਹੈ, ਕਿਵੇਂ ਦਾ ਹੁੰਦਾ ਹੈ ਤੇ ਮੈਂ ਕਿੰਝ ਸਿੱਖ ਬਣਾ ?
ਮੇਰੀ ਆਹ ਹੈ, ਅਫਸੋਸ ਹੈ, ਦੁਖਾਂਤ ਹੈ ਕਿ ਮੈਂ ਹਾਲੇ ਸਿੱਖ ਇਸ ਉਮਰ ਤਕ ਵੀ ਉਂਝ ਦਾ ਨਹੀਂ ਹਾਂ ਜਿਵੇਂ ਹੋਣਾ ਚਾਹੀਦਾ ਹੈ। ਮਤਲਬ, ਜਿੰਨਾ ਕੁ ਮੈਨੂੰ ਪਤਾ ਹੈ, ਹਾਲੇ ਮੈਂ ਉਤਨਾ ਕੁ ਸਿੱਖ ਵੀ ਨਹੀਂ ਬਣ ਸਕਿਆ, ਪਰ ਦੋ ਗੱਲਾਂ ਮੈਨੂੰ ਪੱਕੀਆਂ ਹਨ – ਮੇਰਾ ਗੁਰੂ, ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਸਰਬ ਕਲਾ ਸਮਰਥ ਅਤੇ ਹਰ ਤਰ੍ਹਾਂ, ਹਰ ਦ੍ਰਿਸ਼ਟੀਕੋਣ ਤੋਂ ਸੰਪੂਰਨ ਹਨ। ਸੰਪੂਰਨ ਗੁਰੂ ਹਨ। ਜੋ ਮੈਂ ਹੋਣਾ ਚਾਹੁੰਦਾ ਹਾਂ, ਜੋ ਮੈਂ ਬਣਨਾ ਚਾਹੁੰਦਾ ਹਾਂ- ਉਹ ਮੈਂ ਆਪੇ ਨਹੀਂ ਬਣ ਸਕਦਾ, ਨਾ ਹੀ ਕੋਈ ਹੋਰ ਵਿਅਕਤੀ, ਸੰਤ, ਸਾਧ, ਗੁਰਮੁਖਿ, ਗਿਆਨੀ, ਲੀਡਰ, ਗਵਰਨਰ, ਚੀਫਸੈਕਟਰੀ, ਵਾਈਸਚਾਂਸ਼ਲਰ ਜਾਂ ਬਾਬਾ ਮੈਨੂੰ ਸਿਖ ਬਣਾ ਸਕਦਾ ਹੈ। ਸਿੱਖ ਬਣਨ ਦੀ ਕੋਸ਼ਿਸ਼, ਹਿੰਮਤ, ਦ੍ਰਿੜਤਾ, ਸ਼ੁਰੂਆਤ ਤੇ ਅਰਦਾਸ ਮੈਨੂੰ ਆਪ ਹੀ ਕਰਨੀ ਹੋਵੇਗੀ। ਇਹ ਯਕੀਨ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਦਿੱਤਾ ਹੈ।
-ਮੇਰੇ ਗੁਰੂ ਗ੍ਰੰਥ ਸਾਹਿਬ ਜੀ ਅਗੰਮੀ ਤੇ ਰੱਬੀ ਪਿਆਰ ਦੀ ਅਨੰਤਤਾ ਹਨ। ਉਹ ਰੱਬ ਦਾ ਉਹੀ ਪਿਆਰਾ ਸੁਨੇਹਾ ਹੈ, ਜੋ ਅਸਲੋਂ ਰੱਬ ਹੈ। ਰੱਬ ਪੂਰਨ ਹੈ।, ਰੱਬ ਅਨੰਤ ਹੈ।, ਰੱਬ ਪਿਆਰ ਹੈ।, ਨਿਰੰਕਾਰ ਹੈ ਤੇ ਸਾਕਾਰ ਵੀ ਹੈ। ਉਹ ਸਾਰੇ ਲੋਕਾਂ, ਬ੍ਰਹਿਮੰਡਾਂ, ਸਾਰੇ ਜੀਵਾਂ, ਸਾਰੀਆਂ ਵਸਤੂਆਂ ਤੇ ਸਾਰੀਆਂ ਘਟਨਾਵਾਂ ਵਿਚ, ਉਹ “ਹੋਇ ਫੈਲਿਓ ਅਨੁਰਾਗ” ਹੈ। ਗੁਰੂ ਗ੍ਰੰਥ ਸਾਹਿਬ ਜੀ ਵੀ ਇਹੀ ਹਨ।, ਇਹੀ ਸਨ। ਅਸਲ ਵਿਚ ਇਹੀ ਰਹਿਣਗੇ। ਇਨ੍ਹਾਂ ਨੂੰ ਕੋਈ ਬਣਾ ਨਹੀਂ ਸਕਿਆ, ਨਾ ਬਣਾ ਸਕਦਾ ਹੈ। ਉਹ ਸਦਾ ਸਨ, ਸਦਾ ਹਨ ਤੇ ਸਦਾ ਰਹਿਣਗੇ। ਗੁਰੂ ਗ੍ਰੰਥ ਸਾਹਿਬ ਮੇਰੇ ਰੱਬ ਹਨ। ਰੱਬ ਮੇਰਾ ਗੁਰੂ ਗ੍ਰੰਥ ਸਾਹਿਬ ਹੈ।
ਸ਼ਾਇਦ ਸਮਝਣਾ ਤੇ ਸਮਝਾਣਾ ਔਖਾ ਹੋਵੇ ਪਰ ਤੱਤ ਤੇ ਸੱਚ ਇਹ ਹੈ ਕਿ ਗੁਰੂ ਨਾਨਕ ਜੀ ਹੀ, ਗੁਰੂ ਗ੍ਰੰਥ ਸਾਹਿਬ ਸਨ । ਉਹ ਸਰੀਰ ਰੂਪ ਵਿਚ 1469 ਤੋਂ 1539 ਈਸਵੀ ਤੱਕ ਸਰੀਰ ਰੂਪ ਵਿਚ ਸੰਸਾਰ ਵਿਚ ਵਿਚਰੇ।
– ਪੰਜਾਬ ਅੱਜ ਦਾ ਪਾਕਿਸਤਾਨ, ਅੱਜ ਦਾ ਭਾਰਤ ਤੇ ਅਫਗਾਨਿਸਤਾਨ, ਤਿਬਤ, ਚੀਨ, ਭੂਟਾਨ, ਮੰਗੋਲੀਆ, ਅਰਬ, ਪੂਰਬੀ ਯੂਰਪ ਤੇ ਪਤਾ ਨਹੀਂ ਕਿਤਨੇ ਦੇਸ਼ ਆਦਿ ਪਰ ਫੇਰ ਉਹ ਗਏ ਨਹੀਂ। ਅੰਗਦ, ਅਮਰਦਾਸ, ਰਾਮਦਾਸ, ਅਰਜਨ, ਹਰਗੋਬਿੰਦ, ਹਰਿਰਾਇ, ਹਰਿਕ੍ਰਿਸ਼ਨ, ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਬਣ ਕੇ ਵਿਚਰੇ। ਇੰਜ 1708 ਤੱਕ ਸਰੀਰ ਰੂਪ ਵਿਚ ਵਿਚਰੇ– 239 ਸਾਲ । ਉਨਾਂ ਦੱਸਿਆ ਕਿ ਸਿੱਖ ਇਸ ਤਰ੍ਹਾਂ ਹੁੰਦਾ ਹੈ। ਇੰਝ ਬਣੋ – ਵਖੋ ਵਖ ਹਾਲਾਤ ਵਿਚ ਇੰਝ ਰਹੋ, ਕਰੋ, ਬਣੋ, ਵਿਚਰੋ ਜਿਵੇਂ ਕਿ 10 ਗੁਰੂ ਸਨ। ਆਪਣੇ ਸਮੇਂ ਵਿਚ ਤੇ ਉਸ ਤੋਂ ਬਾਅਦ ਵੀ ਸੈਂਕੜੇ ਸਾਲਾਂ ਤਕ ਅਜਿਹੇ ਸਿੱਖ ਬਣਾਏ। ਅੱਜ ਵੀ ਸਿਰਜ ਰਹੇ ਹਨ।
ਸਾਰੇ ਗੁਰੂ, ਸ਼ਬਦ ਗੁਰੂ ਸਨ। ਸਰੀਰ ਰੂਪ ਜੋ ਕੇ ਗੁਰੂ ਸ਼ਬਦ ਨੂੰ ਸਮਝਣਾ ਤੇ ਸ਼ਬਦ ਰੂਪ ਵਿਚ ਜੀਵਣ ਦਾ ਅਨਮੋਲ ਅਵਸਰ ਸਨ। ਸ਼ਬਦ ਰੱਬ ਦਾ ਅਨੁਭਵ ਰੱਬ ਨਾਲ ਇਕ ਮਿਕ ਹੋਣਾ ਹੈ।
ਇਸ ਸ਼ਬਦ ਰੂਪ ਗੁਰੂ ਨੂੰ 22 ਅਗਸਤ ਨੂੰ 1604 ਈਸਵੀ ਵਿਚ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਚ ਪਰਗਟ-ਪ੍ਰਕਾਸ਼ਿਤ ਕੀਤਾ ਗਿਆ। ਇੰਜ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਰੂਪ ਤੋਂ ਗੁਰੂ ਗ੍ਰੰਥ ਸਾਹਿਬ ਵਿਚ ਇਕਮਿਕ ਹੋ ਕੇ ਦੱਸਣਾ, ਦਿੱਸਣਾ ਤੇ ਵਿਚਰਨਾ ਆਰੰਭ ਹੋਇਆ। ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਪਰਕਾਸ਼ ਦਿਵਸ ਸੀ। ਬਾਣੀ ਨਿਰੰਕਾਰ ਹੋ ਕੇ, ਗੁਰੂ ਹੋ ਕੇ ਪਰਕਾਸ਼ ਵਿਚ ਆ ਗਈ।
ਗੁਰੂ ਗ੍ਰੰਥ ਸਾਹਿਬ ਦਿੱਸਣ ਰੂਪ ਵਿਚ “ਪੋਥੀ ਪਰਮੇਸਰ ਕਾ ਥਾਨੁ” ਬਣ ਗਏ। ਗੁਰਬਾਣੀ, ਗੁਰੂ ਸ਼ਬਦ ਤੇ ਨਿਰੰਕਾਰ ਜੀ, ਕਾਗਜ਼ ਤੇ ਲਿਖੇ ਸਾਡੀਆਂ ਸੰਸਾਰੀ (ਸਰੀਰਕ) ਅੱਖਾਂ ਨੂੰ ਸ਼ਬਦ ਗੁਰਬਾਣੀ ਦਿੱਸਣ ਲੱਗ ਪਏ। ਗਜ਼ਬ ਤੇ ਅਚਰਜ ਹੋਇਆ । ਅਗਾਧ ਬੋਧ, ਅਗੰਮ, ਅਗੋਚਰ, ਅਲੱਖ, ਅਪਾਰ ਸਾਹਮਣੇ ਆ ਗਿਆ। ਸੋਹਣੇ ਰੁਮਾਲੇ, ਗੱਦੀਆਂ, ਚਵਰ, ਤਖਤ, ਚੌਰ ਨਾਲ ਸੁਸ਼ੋਭਿਤ ਹੋ ਗਏ। ਇਸ ਤਰ੍ਹਾਂ ਬਣ ਕੇ ਪਰਕਾਸ਼ਤ ਹੋਏ ਤਾਂ ਨਾਮ, ਗਿਆਨ, ਗੁਰਬਾਣੀ, ਸ਼ਬਦ, ਕੀਰਤਨ, ਸਿਫਤ, ਸਲਾਹ ਬਣ ਕੇ ਪ੍ਰਫੁਲਿਤ ਹੋ ਗਏ। ਦਿੱਸ ਪਏ; ਸੁਣਾਣ ਜੋਗੇ ਹੋ ਗਏ ; ਹੱਥ ਸਪਰਸ਼ੀ ਜੋਗੇ ਹੋ ਗਏ। ਮੁਸਕ ਝਕੋਲੇ ਹੋ ਗਏ। ਰੰਗ ਰੰਗੇ ਨਿਰੰਕਾਰੀ ਬਣ ਗਏ। ਇਹ ਚਕਾਚੌਂਧ ਪਰਕਾਸ਼, ਜਗਮਗ ਨੂਰ, ਇਹ ਸੁਗੰਧ ਭੰਡਾਰ ; ਰੱਬ ਨਾਲ ਤੱਤ ਸ਼ਬਦ-ਗਿਆਨ-ਨਾਮ ਨਾਲ ਇਕ ਸੁਰ, ਇਕ ਮਨ, ਇਕਚਿਤ, ਇਕਮਿਕ ਹੋ ਕੇ ਅੰਤਹਿਕਰਣ ਵਿਚ ਰੱਬ ਨੂੰ ਵੇਖਣ ਵਸਾਉਣ ਦਾ ਸੁਹਜ ਤੇ ਸੁਖੱਲ ਭਰਿਆ ਅਵਸਰ, ਮੌਕਾ ਤੇ ਸਾਧਨ ਬਣ ਗਏ। ਇਸ ਰੂਪ ਤੋਂ, ਇਸ ਸੁਹਤਾ ਤੋਂ, ਇਸ ਸੁਖੱਲੇ ਦਿੱਸਦੇ ਗੁਰੂ ਤੋਂ “ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ”।।
ਨਾਨਕ, ਸਰੀਰ ਨਹੀਂ ਸਨ। ਗੁਰੂ ਸਨ। ਉਹ ਨਾਸ਼ਵੰਤ ਸਰੀਰ ਨਹੀਂ ਸਨ। ਸਰੀਰ ਨਾਸ਼ਵੰਤ ਹੋ ਕੇ ਸੰਸਾਰ ਛੋੜ ਗਿਆ । ਦਸ ਗੁਰੂ, ਦਸ ਸਰੀਰਾਂ ਵਿਚ ਵਿਚਰੇ। ਸਰੀਰ ਤਾਂ ਸਾਰੇ ਗੁਰੂਆਂ ਦੇ ਨਾਸ਼ਵੰਤ ਹੋ ਗਏ, ਪਰ ਗੁਰੂ ਤਾਂ ਗੁਰੂ-ਰੂਪ, ਸ਼ਬਦ-ਗਿਆਨ, ਨਾਮ ਹੈ। ਜੋ ਸਦਾ ਸੀ। ਸਦਾ ਰਹੇਗਾ। ਸਰੀਰ ਤਾਂ ਗੁਰੂ ਨੂੰ ਪਰਗਟ ਕਰਨ ਤੇ ਪਰਗਟ ਹੋ ਕੇ ਵਿਚਰਨ ਆਏ ਸਨ। ਵਿਚਰਨਾ ਖਤਮ ਹੋਇਆ। ਸਰੀਰ ਖਤਮ ਹੋਇਆ। ਸਰੀਰ ਨਹੀਂ ਹੈ ਗੁਰੂ । ਸ਼ਬਦ ਹੀ ਗੁਰੂ ਸੀ। ਸ਼ਬਦ ਹੀ ਗੁਰੂ ਹੈ।
ਧੰਨ ਰੁਮਾਲੇ, ਚੌਰ, ਤਖਤ, ਭੁਗਤ, ਜੁਗਤ, ਕਾਗਜ਼, ਸਿਆਹੀ, ਛਾਪਾ, ਅੱਖਰ, ਬੋਲੀ, ਭਾਸ਼ਾ, ਵਿਆਕਰਨ – ਸਭ ਧੰਨ, ਇਨ੍ਹਾਂ ਤੋਂ ਪਿਆਰ ਉਤਪੰਨ ਹੋਇਆ। ਗੁਰੂ ਸ਼ਬਦ ਦਾ ਅੰਤਰ ਪਰਗਾਸ ਬਣੇ ਤੇ ਸਚੇ ਸਚਿਆਰ ਮਨੁੱਖ ਦੀ ਘਾੜਤ ਬਣੇ। ਸੁਰਤਿ ਮਤਿ ਮਨਿ ਬੁਧਿ ਘੜੀ ਜਾਵੇ। ਸ਼ਬਦ, ਨਾਮ, ਗਿਆਨ, ਭਰਪੂਰ ਹੋ ਕੇ ਦਿਸੇ, ਨਾਸ਼ਵੰਤ ਸਰੀਰ ਵੀ ਸਚੇ ਸਚਿਆਰ ਦੀ ਸੱਚੀ ਘਾੜਤ, “ਇਹੁ ਹਰਿ ਕਾ ਰੂਪੁ ਹੈ” ਸਭ ਦਾ ਅਨੁਭਵ ਹੋ ਜਾਵੇ । -ਇਹ ਗੁਰੂ ਨੂੰ ਭੇਟਣਾ ਹੈ, ਮਿਲਣਾ ਹੈ। ਇਹ ਅਸਲ ਹੈ, ਪਰ ਰੁਮਾਲੇ, ਚੌਰ, ਤਖਤ, ਚੰਦੋਏ ਗੁਰੂ ਪਰਗਟਾਉਣ ਦੇ ਚਿੰਨ੍ ਹਨ। ਇਹ ਗੁਰੂ ਦੇ ਹਨ ਇਨਾਂ ਨੂੰ ਪਿਆਰ ਕਰੋ। ਸਤਿਕਾਰ ਕਰੋ। ਦਰਸ਼ਨ ਕਰੋ। ਮੱਥਾ ਟੇਕੋ, ਪਰ ਇਹ ਗੁਰੂ ਨਹੀਂ ਹਨ। ਸ਼ਬਦ ਗੁਰੂ ਹੈ। ਸ਼ਬਦ ਨੂੰ ਮਨ ਵਿਚ ਵਸਾਓ। ਸ਼ਬਦ-ਨਿਰੰਕਾਰ ਦੇ ਪਿਆਰ, ਸ਼ਰਨ, ਛੁਹ ਨਾਲ ਸਚਿਆਰ ਹੋਈਏ। ਗੁਰੂ ਸਨਮੁਖ ਹੋਈਏ। ਸਿੱਖ ਬਣੀਏ।