21.2 C
Jalandhar
Monday, April 13, 2026
spot_img
Home Blog Page 128

ਨਫ਼ਾ ਖੱਟਣਾ

0

(ਕਾਵਿ-ਵਿਅੰਗ)

ਨਫ਼ਾ ਖੱਟਣਾ

ਚੰਗੀਆਂ ਲੱਗਦੀਆਂ ਸੁਣਨ-ਸੁਣਾਉਣ ਨੂੰ ਉਹ, ਗੱਲਾਂ ਹੁੰਦੀਆਂ ਜੋ ਪ੍ਰਚਾਰ ਦੇ ਵਿਚ।

ਉਸੇ ਵਕਤ ਹੈ ਉਨ੍ਹਾਂ ਦਾ ਮੁੱਲ ਪੈਂਦਾ, ਵਰਤੀਆਂ ਜਾਂਦੀਆਂ ਜਦੋਂ ਵਿਵਹਾਰ ਦੇ ਵਿਚ।

ਕਹਿੰਦਾ ਹੋਰ ਤੇ ਕਰੇ ਕੁੱਝ ਹੋਰ ਜਿਹੜਾ, ਬੰਦਾ ਹੁੰਦਾ ਨਹੀਂ ਉਹ ਇਤਬਾਰ ਦੇ ਵਿਚ।

‘ਚੋਹਲੇ’ ਵਾਲਿਆ ਛੱਡ ਚਲਾਕੀਆਂ ਨੂੰ, ਨਫ਼ਾ ਖੱਟਣਾ ਜੇ ਕਿਸੇ ਪਿਆਰ ਦੇ ਵਿਚ।

—-0—- –

ਰਮੇਸ਼ ਬੱਗਾ ਚੋਹਲਾ

(ਕਾਵਿ-ਵਿਅੰਗ)

ਕਾਲਜ

ਮੁੰਡਾ ਬਾਪੂ ਤੋਂ ਬੁਲਟ ਦੀ ਮੰਗ ਕਰਦਾ, ਵਿਚ ਕਾਲਜ ਦੇ ਜਦੋਂ ਹੈ ਪ੍ਰਵੇਸ਼ ਕਰਦਾ।

ਹੁੰਦੀ ਦਿਸਦੀ ਨਾ ਜਦੋਂ ਡਿਮਾਂਡ ਪੂਰੀ, ਘਰਵਾਲਿਆਂ ਨਾਲ ਉਹ ਕਲੇਸ਼ ਕਰਦਾ।

ਸਦਕੇ ਜਾਣ ਲਈ ਨੱਢੀ ਦੇ ਨਖ਼ਰਿਆਂ ਤੋਂ, ਆਪਣੇ ਆਪ ਨੂੰ ਸਦਾ ਹੈ ਪੇਸ਼ ਕਰਦਾ।

ਨੇੜੇ ਸੱਚ ਦੇ ਹੁੰਦੀ ਉਹ ਗੱਲ ‘ਚੋਹਲਾ’, ਵਿਚ ਵਿਅੰਗ ਦੇ ਜੋ ‘ਰਮੇਸ਼’ ਕਰਦਾ।

—–0—

-ਰਮੇਸ਼ ਬੱਗਾ ਚੋਹਲਾ, ਡਬਲ ਐਮ. ਏ., ਐਮ. ਐਡ, 1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ: 94631-32719

ਪੰਜਾਬੀਓ, ਜ਼ਰਾ ਕੰਨ ਧਰਿਓ !

0

ਪੰਜਾਬੀਓ, ਜ਼ਰਾ ਕੰਨ ਧਰਿਓ !

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ) ਫੋਨ ਨੰ: 0175-2216783

ਪਹਿਲਾਂ ਨਜ਼ਰ ਮਾਰੀਏ ਕਿ ਕਿਸੇ ਵੀ ਕੌਮ ਨੂੰ ਖ਼ਤਮ ਕਰਨ ਦੇ ਢੰਗ ਕੀ ਹੁੰਦੇ ਹਨ :-

  1. ਉਸ ਕੌਮ ਵਿਚਲੇ ਸਾਰੇ ਸਿਆਣੇ ਤੇ ਬਜ਼ੁਰਗ ਕਿਨਾਰੇ ਕਰ ਦਿੱਤੇ ਜਾਣ।
  2. ਛੋਟੇ ਬੱਚਿਆਂ ਨੂੰ ਧਮਕਾ ਕੇ ਭੈ-ਭੀਤ ਕਰ ਦਿੱਤਾ ਜਾਵੇ।
  3. ਨੌਜਵਾਨਾਂ ਨੂੰ ਆਰਥਿਕ ਪੱਖੋਂ ਨਿਤਾਣਾ ਕਰ ਦਿੱਤਾ ਜਾਵੇ ਤੇ ਨਸ਼ਿਆਂ ਵੱਲ ਧੱਕ ਦਿੱਤਾ ਜਾਵੇ।
  4. ਔਰਤਾਂ ਦੀ ਕੁੱਖ ਵਿਚ ਕਿਸੇ ਹੋਰ ਕੌਮ ਦਾ ਬੀਜ ਬੋ ਦਿੱਤਾ ਜਾਵੇ।
  5. ਜਿਸ ਥਾਂ ਨਾਲ ਕੌਮ ਦੀ ਪਛਾਣ ਜੁੜੀ ਹੋਵੇ, ਉਸ ਥਾਂ ਨੂੰ ਬੰਜਰ ਬਣਾ ਕੇ ਵਸੋਂ ਨੂੰ ਉੱਥੋਂ ਹੋਰ ਪਾਸੇ ਵੱਲ ਖਿੰਡਾ ਦਿੱਤਾ ਜਾਵੇ।
  6. ਜ਼ਬਾਨ ਤੇ ਸੱਭਿਆਚਾਰ ਉੱਤੇ ਮਾਰੂ ਟੱਕ ਲਾ ਦਿੱਤਾ ਜਾਵੇ। ਸਰਕਾਰੇ ਦਰਬਾਰੇ ਜ਼ਬਾਨ ਨੂੰ ਮਾਨਤਾ ਨਾ ਦਿੱਤੀ ਜਾਵੇ। ਇੰਜ ਉਸ ਕੌਮ ਦਾ ਸਾਹਿਤ ਮਰ ਮੁੱਕ ਜਾਂਦਾ ਹੈ।
  7. ਸਿਹਤ ਦਾ ਨਾਸ ਮਾਰ ਦਿੱਤਾ ਜਾਵੇ।

ਜੇ ਸਿਹਤ ਪੱਖੋਂ ਗੱਲ ਕਰੀਏ ਤਾਂ ਪੰਜਾਬੀ ਸੈਂਕੜੇ ਸਾਲਾਂ ਤੋਂ ਮੱਕੀ, ਬਾਜਰਾ, ਜੌਂ, ਸੱਤੂ, ਰਾਗੀ ਤੇ ਵੇਸਣ ਵਰਤਦੇ ਆਏ ਹਨ। ਇਨ੍ਹਾਂ ਵਿਚ ਸਿਹਤਮੰਦ ਰਹਿਣ ਦੇ ਗੁਰ ਲੁਕੇ ਹੋਏ ਹਨ। ਇਸੇ ਲਈ ਬਲੱਡ ਪ੍ਰੈੱਸ਼ਰ, ਸ਼ੱਕਰ ਰੋਗ ਤੇ ਮੋਟਾਪਾ ਪੰਜਾਬੀਆਂ ਦੇ ਨੇੜੇ ਤੇੜੇ ਨਹੀਂ ਸੀ ਢੁੱਕਦਾ।

ਅੱਜ ਬਾਜਰੇ ਬਾਰੇ ਗੱਲ ਕਰੀਏ :-

ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਇਹ ਸਿਰਫ਼ ਫਾਇਦਾ ਹੀ ਪਹੁੰਚਾਉਂਦਾ ਹੈ। ਬਹੁਤ ਘੱਟ ਪਾਣੀ ਨਾਲ ਉੱਗਣ ਵਾਲਾ ਬਾਜਰਾ ਕਣਕ ਤੋਂ ਹੋ ਰਹੀ ਐਲਰਜੀ ਵਾਲਿਆਂ ਲਈ ਬਿਹਤਰੀਨ ਸਾਬਤ ਹੋ ਚੁੱਕਿਆ ਹੈ।

ਬਾਜਰੇ ਵਿਚਲੇ ਫਾਈਟਿਕ ਏਸਿਡ ਤੇ ਨਾਇਆਸਿਨ ਹੋਰ ਕਿਸੇ ਅੰਨ ਵਿਚ ਨਹੀਂ ਮਿਲਦੇ। ਪੋ੍ਰਟੀਨ ਤੇ ਫਾਈਬਰ ਭਰਪੂਰ ਬਾਜਰੇ ਵਿਚ ਫੌਸਫੋਰਸ ਤੇ ਜ਼ਿੰਕ ਵੀ ਭਰੇ ਪਏ ਹਨ। ਲੋਹ ਕਣਾਂ ਨਾਲ ਲਬਾਲਬ ਬਾਜਰਾ ਧਰਤੀ ਹੇਠਲਾ ਪਾਣੀ ਵੀ ਜ਼ਿਆਦਾ ਨਹੀਂ ਮੰਗਦਾ।

ਸਭ ਤੋਂ ਵੱਧ ਪ੍ਰੋਟੀਨ, ਮੈਗਨੀਸ਼ੀਅਮ, ਅਮਾਈਨੋ ਏਸਿਡ, ਵਿਟਾਮਿਨ ਹੋਣ ਸਦਕਾ ਇਹ ਸਰੀਰ ਲਈ ਅਤਿ ਦਾ ਲਾਹੇਵੰਦ ਹੈ।

ਬਾਜਰੇ ਦੀ ਰੋਟੀ ਰੈਗੂਲਰ ਤੌਰ ਉੱਤੇ ਖਾਣ ਵਾਲਿਆਂ ਨੂੰ :-

  1. ਤੇਜ਼ਾਬੀ ਮਾਦਾ ਨਹੀਂ ਵਧਦਾ ਤੇ ਢਿੱਡ ਵਿਚਲੇ ਅਲਸਰ ਨਹੀਂ ਬਣਦੇ ਕਿਉਂਕਿ ਇਹ ਤੇਜ਼ਾਬ ਘਟਾਉਂਦਾ ਹੈ।
  2. ਜੇ ਪੰਜਾਬੀਆਂ ਨੂੰ ਦਿਲ ਦੇ ਰੋਗਾਂ ਤੋਂ ਕੋਈ ਖ਼ੁਰਾਕ ਬਚਾਉਂਦੀ ਰਹੀ ਹੈ, ਤਾਂ ਉਹ ਹੈ ਬਾਜਰੇ ਦੀ ਰੋਟੀ। ਇਸ ਵਿਚਲਾ ਢੇਰਾਂ ਦਾ ਢੇਰ ਮੈਗਨੀਸ਼ੀਅਮ ਬਲੱਡ ਪ੍ਰੈੱਸ਼ਰ ਕਾਬੂ ਵਿਚ ਰੱਖਦਾ ਹੈ ਤੇ ਦਿਲ ਉੱਤੇ ਤਣਾਓ ਦਾ ਅਸਰ ਘਟਾਉਂਦਾ ਹੈ।
  3. ਮੈਗਨੀਸ਼ੀਅਮ ਸਦਕਾ ਹੀ ਸਾਹ ਦੀਆਂ ਬੀਮਾਰੀਆਂ ਘੱਟ ਹੁੰਦੀਆਂ ਹਨ ਤੇ ਦਮਾ ਵੀ ਘੱਟ ਹੁੰਦਾ ਹੈ। ਬਾਜਰਾ ਸਿਰ ਪੀੜ ਤੇ ਮਾਈਗਰੇਨ ਪੀੜ ਵੀ ਘਟਾ ਦਿੰਦਾ ਹੈ।
  4. ਬਾਜਰੇ ਵਿਚਲੇ ਫਾਸਫੋਰਸ ਨਾਲ ਜਿੱਥੇ ਹੱਡੀਆਂ ਤੰਦਰੁਸਤ ਰਹਿੰਦੀਆਂ ਹਨ, ਉੱਥੇ ਛੇਤੀ ਖ਼ੁਰਦੀਆਂ ਵੀ ਨਹੀਂ ਤੇ ਸਰੀਰ ਨੂੰ ਲੋੜੀਂਦੀ ਤਾਕਤ ਵੀ ਮਿਲਦੀ ਰਹਿੰਦੀ ਹੈ ਜਿਸ ਨਾਲ ਸਾਰਾ ਦਿਨ ਕੰਮ ਕਰ ਕੇ ਵੀ ਥਕਾਵਟ ਮਹਿਸੂਸ ਨਹੀਂ ਹੁੰਦੀ।
  5. ਕੈਂਸਰ ਹੋਣ ਦੇ ਆਸਾਰ ਕਾਫ਼ੀ ਘੱਟ ਹੋ ਜਾਂਦੇ ਹਨ। ਇਹ ਅਸਰ ਵੀ ਮੈਗਨੀਸ਼ੀਅਮ ਤੇ ਫਾਈਟੇਟ ਸਦਕਾ ਹੁੰਦਾ ਹੈ।
  6. ਬਾਜਰਾ ਖਾਣ ਨਾਲ ਮੋਟਾਪਾ ਨਹੀਂ ਹੁੰਦਾ। ਇਸ ਵਿਚਲਾ ਫਾਈਬਰ ਦੇਰ ਤੱਕ ਭਰੇ ਹੋਏ ਢਿੱਡ ਦਾ ਇਹਸਾਸ ਦਵਾਉਂਦਾ ਰਹਿੰਦਾ ਹੈ।
  7. ਜੇ ਪਹਿਲਾਂ ਪੰਜਾਬੀ ਸ਼ੱਕਰ ਰੋਗ ਤੋਂ ਬਚੇ ਰਹਿੰਦੇ ਸਨ ਤਾਂ ਉਹ ਸਿਰਫ਼ ਬਾਜਰੇ ਦੀਆਂ ਰੋਟੀਆਂ ਸਦਕਾ ਹੀ ਸੀ। ਸ਼ੱਕਰ ਦੀ ਮਾਤਰਾ ਲਹੂ ਵਿਚ ਦੇਰ ਤੱਕ ਸਹਿਜ ਰੱਖਣਾ ਬਾਜਰੇ ਸਦਕਾ ਹੀ ਸੰਭਵ ਹੋ ਸਕਿਆ ਹੈ।
  8. ਕਣਕ ਤੇ ਚੌਲ ਖਾਣ ਵਾਲਿਆਂ ਨੂੰ ਆਮ ਹੀ ਕਣਕ ਤੋਂ ਹੋ ਰਹੀ ਐਲਰਜੀ ਨਾਲ ਜੂਝਣਾ ਪੈਂਦਾ ਹੈ। ਉਨ੍ਹਾਂ ਲਈ ਬਾਜਰੇ ਅਤੇ ਰਾਗੀ ਤੋਂ ਵਧੀਆ ਹੋਰ ਕੋਈ ਅੰਨ ਨਹੀਂ। ਜਦੋਂ ਪਿੰਡਾਂ ਵਿਚ ਬਾਜਰੇ ਅਤੇ ਰਾਗੀ ਦੀਆਂ ਮੋਟੀਆਂ ਰੋਟੀਆਂ ਖਾਧੀਆਂ ਜਾਂਦੀਆਂ ਸਨ, ਉਦੋਂ ਕਣਕ ਦੀ ਐਲਰਜੀ ਦੀ ਬੀਮਾਰੀ ਬਾਰੇ ਕਦੇ ਕਿਸੇ ਨੇ ਸੁਣਿਆ ਵੀ ਨਹੀਂ ਸੀ। ਜਦੋਂ ਤੋਂ ਖਾਣ ਪੀਣ ਦੀਆਂ ਆਦਤਾਂ ਬਦਲ ਕੇ ਪੱਛਮੀ ਸੱਭਿਅਤਾ ਨੂੰ ਅਪਣਾਉਣਾ ਸ਼ੁਰੂ ਕੀਤਾ ਹੈ, ਪੰਜਾਬੀਆਂ ਦੀਆਂ ਅੰਤੜੀਆਂ ਦਾ ਤੇ ਸਰੀਰ ਦਾ ਨਾਸ ਵੱਜ ਗਿਆ ਹੈ। ਕਣਕ ਤੇ ਚੌਲਾਂ ਲਈ ਧਰਤੀ ਹੇਠੋਂ ਪਾਣੀ ਮੁਕਾ ਕੇ, ਸਰੀਰ ਨੂੰ ਨਿਰੀ ਰੋਗਾਂ ਦੀ ਪੰਡ ਬਣਾ ਕੇ, ਕੈਂਸਰ, ਸ਼ੱਕਰ ਰੋਗ, ਮੋਟਾਪਾ, ਬਲੱਡ ਪ੍ਰੈੱਸ਼ਰ, ਹਾਰਟ ਅਟੈਕ ਤੇ ਤਣਾਓ ਨਾਲ ਉਮਰ ਛੋਟੀ ਕਰ ਕੇ, ਆਪਣੇ ਜੁੱਸੇ ਦਾ ਨਾਸ ਮਾਰ ਲਿਆ ਹੈ। ਕਮਜ਼ੋਰ ਹੱਡੀਆਂ, ਘੱਟਦੀ ਲੰਬਾਈ, ਛਲਣੀ ਸਰੀਰ, ਘਟਦੀ ਯਾਦਾਸ਼ਤ, ਸਰੀਰਕ ਕਮਜ਼ੋਰੀ ਤੇ ਸ਼ਕਰਾਣੂਆਂ ਦੀ ਕਮੀ ਨਾਲ ਜੂਝਦੇ ਪੰਜਾਬੀਆਂ ਨੂੰ ਇਹ ਸਮਝ ਹੀ ਨਹੀਂ ਆ ਰਹੀ ਕਿ ਬਾਜਰੇ ਨੂੰ ਤਿਆਗ ਕੇ ਕਣਕ, ਚੌਲ ਖਾਣ ਨਾਲ ਉਹ ਕਿਵੇਂ ਹੌਲੀ-ਹੌਲੀ ਪੂਰੀ ਕੌਮ ਨੂੰ ਤਬਾਹੀ ਵੱਲ ਤੋਰ ਰਹੇ ਹਨ।
  9. ਕੋਲੈਸਟਰੋਲ ਦੀਆਂ ਬੀਮਾਰੀਆਂ ਕਦੇ ਹੱਟੇ ਕੱਟੇ ਪੰਜਾਬੀਆਂ ਵਿਚ ਹੁੰਦੀਆਂ ਹੀ ਨਹੀਂ ਸਨ ਕਿਉਂਕਿ ਬਾਜਰੇ ਵਿਚਲੇ ਫਾਈਟਿਕ ਏਸਿਡ ਦਾ ਕੰਮ ਹੀ ਕੋਲੈਸਟਰੋਲ ਨੂੰ ਖੋਰਨਾ ਹੈ।
  10. ਬਾਜਰੇ ਵਿਚ ਸਰੀਰ ਨੂੰ ਲੋੜੀਂਦੇ ਸਾਰੇ ਹੀ ਅਮਾਈਨੋ ਏਸਿਡ ਹਨ, ਜੋ ਅੱਜ ਮਹਿੰਗੀਆਂ ਦਵਾਈਆਂ ਰਾਹੀਂ ਖਾਧੇ ਜਾ ਰਹੇ ਹਨ।
  11. ਪੰਜਾਬੀਆਂ ਵਿਚ ਥੈਲਾਸੀਮੀਆ ਜੀਨ ਪ੍ਰਚਲਿਤ ਹੈ, ਜਿਸ ਵਿਚ ਸਾਰੀ ਉਮਰ ਲਹੂ ਚੜ੍ਹਾਉਣਾ ਪੈਂਦਾ ਹੈ ਤੇ ਪਿੱਤੇ ਵਿਚ ਪਥਰੀਆਂ ਵੀ ਬਣ ਜਾਂਦੀਆਂ ਹਨ। ਇਨ੍ਹਾਂ ਪਥਰੀਆਂ ਨੂੰ ਸਿਰਫ਼ ਅਪਰੇਸ਼ਨ ਰਾਹੀਂ ਹੀ ਕੱਢਣਾ ਪੈਂਦਾ ਹੈ।

ਪਿੱਤੇ ਦੀਆਂ ਪਥਰੀਆਂ ਦਾ ਰੋਗ ਪੇਂਡੂ ਰਿਹਾਇਸ਼ ਵਾਲਿਆਂ ਵਿਚ ਨਾ ਬਰਾਬਰ ਹੁੰਦਾ ਸੀ। ਟੈਸਟ ਕਰ ਕੇ ਪਤਾ ਲੱਗਿਆ ਹੈ ਕਿ ਬਾਜਰੇ ਵਿਚਲਾ ਫਾਈਬਰ ਵਾਧੂ ਬਾਈਲ ਰਸ ਬਣਨ ਹੀ ਨਹੀਂ ਦਿੰਦਾ ਤੇ ਇਹੀ ਕਾਰਨ ਹੈ ਕਿ ਪੰਜਾਬੀਆਂ ਵਿਚ ਪਹਿਲਾਂ ਪਿੱਤੇ ਦੀਆਂ ਪਥਰੀਆਂ ਘੱਟ ਬਣਦੀਆਂ ਸਨ। ਹੁਣ ਕਣਕ, ਚੌਲ ਦੇ ਚੱਕਰ ਨੇ ਹਰ ਪੰਜਵੇਂ, ਛੇਵੇਂ ਪੰਜਾਬੀ ਨੂੰ ਪਿੱਤੇ ਦੀ ਪਥਰੀ ਦਾ ਰੋਗੀ ਬਣਾ ਦਿੱਤਾ ਹੈ।

  1. ਐਲਰਜੀਆਂ ਅੱਗੇ ਕਦੇ ਕਦਾਈਂ ਹੀ ਵੇਖਣ ਵਿਚ ਆਉਂਦੀਆਂ ਸਨ ਜਦੋਂ ਸਾਰੇ ਬਾਜਰਾ ਖਾਂਦੇ ਹੁੰਦੇ ਸਨ।

ਬਾਜਰੇ ਦਾ ਦਲੀਆ ਤੇ ਖੀਰ ਬਹੁਤ ਸੁਆਦਲੇ ਹੁੰਦੇ ਸਨ। ਇਸ ਦੇ ਏਨੇ ਫ਼ਾਇਦੇ ਵੇਖਦੇ ਹੋਏ ਪੱਛਮੀ ਲੋਕਾਂ ਨੇ ਹੌਲੀ-ਹੌਲੀ ਬਾਜਰੇ ਦੇ ਬਿਸਕੁਟ, ਬਰੈੱਡ, ਕੇਕ, ਮੱਫਿਨ, ਆਦਿ ਬਣਾ ਕੇ ਆਪਣੇ ਲੋਕਾਂ ਨੂੰ ਬਾਜਰਾ ਖਾਣ ਲਈ ਪ੍ਰੋਤਸਾਹਿਤ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਅਸੀਂ, ਪੰਜਾਬੀਆਂ ਨੇ ਚੰਗੇ ਭਲੇ ਬਾਜਰੇ ਦੀ ਵਰਤੋਂ ਛੱਡ ਕੇ, ਆਪਣੇ ਆਪ ਨੂੰ ਅਗਾਂਹਵਧੂ ਸਾਬਤ ਕਰਨ ਲਈ ਕਣਕ, ਮੈਦੇ, ਚੌਲਾਂ ਵਿਚ ਰੋਲ ਲਿਆ ਹੈ ਤੇ ਸਰੀਰਾਂ ਨੂੰ ਰੋਗਾਂ ਦੀ ਪੰਡ ਵਿਚ ਤਬਦੀਲ ਕਰ ਲਿਆ ਹੈ। ਇਉਂ ਨਾ ਸਿਰਫ਼ ਸਰੀਰ ਦਾ ਬਲਕਿ ਪੰਜਾਬ ਦੀ ਧਰਤੀ ਹੇਠਲੇ ਪਾਣੀ ਨੂੰ ਕਣਕਾਂ, ਚੌਲਾਂ ਵਿਚ ਮੁਕਾ ਕੇ ਸੱਭਿਆਚਾਰ ਦੇ ਖ਼ਾਤਮੇ ਵੱਲ ਵੀ ਚਾਲੇ ਪਾ ਲਏ ਹਨ ਕਿਉਂਕਿ ਬੰਜਰ ਜ਼ਮੀਨ ਉੱਤੇ ਕੋਈ ਕੌਮ ਪਨਪ ਹੀ ਨਹੀਂ ਸਕਦੀ।

  1. ਬੱਚਿਆਂ ਦੀ ਲਿਸ਼ਕਦੀ ਚਮੜੀ ਤੇ ਲਹਿ ਲਹਾਉਂਦੇ ਲੰਮੇ ਵਾਲਾਂ ਲਈ ਬਾਜਰਾ ਬਹੁਤ ਗੁਣਕਾਰੀ ਹੈ। ਦੇਰ ਤੱਕ ਚਮੜੀ ਉੱਤੇ ਝੁਰੜੀਆਂ ਤੋਂ ਬਚਾਓ ਲਈ ਬਾਜਰਾ ਬਾਕਮਾਲ ਹੈ।
  2. ਮਾਂ ਦਾ ਦੁੱਧ ਵਧਾਉਣ ਲਈ ਬਾਜਰਾ ਉੱਤਮ ਹੈ ਤੇ ਢਿੱਡ ਅੰਦਰ ਪਲ ਰਹੇ ਬੱਚੇ ਦੇ ਵਿਕਾਸ ਲਈ ਵੀ।
  3. ਹੁਣ ਤਾਂ ਇਹ ਸਾਬਤ ਹੋ ਚੁੱਕਿਆ ਹੈ ਕਿ ਸ਼ੱਕਰ ਰੋਗ ਤੋਂ ਬਚਾਓ ਵਾਸਤੇ ਬਾਜਰਾ ਨੰਬਰ ਵੰਨ ਹੈ। ਜੇ ਸ਼ੱਕਰ ਰੋਗ ਹੋ ਚੁੱਕਿਆ ਹੈ ਤਾਂ ਵੀ ਦਵਾਈਆਂ ਤੇ ਟੀਕਿਆਂ ਦੀ ਮਾਤਰਾ ਘਟਾਉਣ ਲਈ ਰੋਜ਼ ਬਾਜਰੇ ਦੀ ਰੋਟੀ ਖਾਣੀ ਚਾਹੀਦੀ ਹੈ।
  4. ਅਮਰੀਕਾ ਦੇ ਚੋਟੀ ਦੇ ਗੈਸਟਰੋਐਨਟਰੌਲੋਜੀ ਜਰਨਲ ਵਿਚ 16 ਸਾਲ ਵਿਚ 69,000 ਔਰਤਾਂ ਉੱਤੇ ਖੋਜ ਕਰਨ ਬਾਅਦ ਇਹ ਗੱਲ ਸਾਹਮਣੇ ਆਈ ਕਿ ਬਾਜਰਾ ਖਾਣ ਵਾਲਿਆਂ ਨੂੰ ਪਿੱਤੇ ਦੀ ਪੱਥਰੀ ਨਹੀਂ ਬਣਦੀ।
  5. ਇਹ ਵੀ ਤੱਥ ਸਾਹਮਣੇ ਆਇਆ ਕਿ ਬਾਜਰੇ ਵਿਚਲੇ ਮੈਗਨੀਸ਼ੀਅਮ ਤੇ ਮਿਨਰਲ ਸਰੀਰ ਅੰਦਰਲੇ 300 ਰਸ ਬਣਾਉਣ ਵਿਚ ਮਦਦ ਕਰਦੇ ਹਨ ਜਿਨ੍ਹਾਂ ਵਿਚ ਗਲੂਕੋਜ਼ ਤੇ ਇਨਸੂਲਿਨ ਵੀ ਹਨ। ਇਹੀ ਕਾਰਨ ਹੈ ਕਿ ਬਾਜਰਾ ਖਾਣ ਵਾਲੇ ਸ਼ੱਕਰ ਰੋਗ ਹੋਣ ਤੋਂ ਬਚ ਜਾਂਦੇ ਹਨ ਤੇ ਜਿਨ੍ਹਾਂ ਨੂੰ ਸ਼ੱਕਰ ਰੋਗ ਹੋ ਚੁੱਕਿਆ ਹੈ, ਉਨ੍ਹਾਂ ਨੂੰ ਵੀ ਲੋੜੀਂਦੇ ਕੈਲਸ਼ੀਅਮ ਤੇ ਮੈਗਨੀਸ਼ੀਅਮ ਮਿਲ ਜਾਣ ਸਦਕਾ ਦਿਲ ਦੇ ਰੋਗ ਨਹੀਂ ਹੁੰਦੇ।
  6. ਖੋਜ ਰਾਹੀਂ ਸਾਹਮਣੇ ਆਏ ਤੱਥਾਂ ਵਿੱਚੋਂ ਪਤਾ ਲੱਗਿਆ ਹੈ ਕਿ ਔਰਤਾਂ ਵਿਚ ਛਾਤੀ ਦੇ ਕੈਂਸਰ ਹੋਣ ਤੋਂ ਬਚਾਓ ਵਿਚ ਵੀ 52 ਫੀਸਦੀ ਫਾਇਦਾ ਦਿਸਿਆ ਤੇ ਮੰਨ ਲਿਆ ਗਿਆ ਕਿ ਜਿਹੜੀਆਂ ਔਰਤਾਂ ਰੈਗੂਲਰ ਤੌਰ ਉੱਤੇ ਬਾਜਰਾ ਖਾਂਦੀਆਂ ਰਹਿਣ, ਉਨ੍ਹਾਂ ਨੂੰ ਛਾਤੀ ਦਾ ਕੈਂਸਰ ਨਹੀਂ ਹੁੰਦਾ। ਜੇ ਸ਼ੁਰੂ ਹੋ ਗਿਆ ਹੈ, ਤਾਂ ਵੀ ਇਲਾਜ ਦੇ ਨਾਲ ਬਾਜਰਾ ਖਾਂਦੇ ਰਹਿਣ ਨਾਲ ਬਚਣ ਦੇ ਆਸਾਰ ਵੱਧ ਜਾਂਦੇ ਹਨ।
  7. ਕਬਜ਼ ਤੋਂ ਆਰਾਮ ਤਾਂ ਮਿਲਦਾ ਹੀ ਹੈ, ਪਰ ਇਸ ਵਿਚਲਾ ਵਿਟਾਮਿਨ ਬੀ ਦਿਮਾਗ਼ ਦੇ ਕੰਮ ਕਾਰ ਨੂੰ ਵੀ ਲੰਮੇ ਸਮੇਂ ਤੱਕ ਠੀਕ ਠਾਕ ਰੱਖਦਾ ਹੈ ਤੇ ਸੱਤਰਿਆ ਬਹੱਤਰਿਆ ਹੋਣ ਤੋਂ ਵੀ ਬਚਾਉਂਦਾ ਹੈ। ਬਾਜਰੇ ਵਿਚਲਾ ਫਾਸਫੋਰਸ ਥਿੰਦੇ ਨੂੰ ਖੋਰਨ ਦਾ ਕੰਮ ਕਰਦਾ ਹੈ।
  8. ਪੁਰਾਣੇ ਜ਼ਖ਼ਮਾਂ ਦੇ ਬਣੇ ਨਿਸ਼ਾਨ ਵੀ ਲਗਾਤਾਰ ਬਾਜਰਾ ਖਾਂਦੇ ਰਹਿਣ ਨਾਲ ਫਿੱਕੇ ਪੈਣ ਲੱਗ ਜਾਂਦੇ ਹਨ ਜੋ ਕਿ ਇਸ ਵਿਚਲੇ ਏਲੀਅਮ ਸਦਕਾ ਹੈ। ਬਾਜਰੇ ਵਿਚਲੇ ਅਮਾਈਨੋ ਏਸਿਡ ਕੋਲਾਜਨ ਤੇ ਈਲਾਸਟਿਨ ਬਣਾ ਦਿੰਦੇ ਹਨ ਜੋ ਝੁਰੜੀਆਂ ਨਹੀਂ ਪੈਣ ਦਿੰਦੇ ਤੇ ਬਣ ਚੁੱਕੀਆਂ ਹਲਕੀਆਂ ਝੁਰੜੀਆਂ ਨੂੰ ਵੀ ਠੀਕ ਕਰ ਦਿੰਦੇ ਹਨ।
  9. ਬਾਜਰੇ ਵਿਚ ਸੀਲੀਨੀਅਮ, ਵਿਟਾਮਿਨ ਈ ਤੇ ਸੀ ਚਮੜੀ ਨੂੰ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦੇ ਹਨ ਤੇ ਰੰਗ ਵੀ ਸਾਫ਼ ਕਰ ਦਿੰਦੇ ਹਨ। ਇਸ ਵਿਚਲੇ ਲਾਈਪੌਇਕ ਏਸਿਡ ਸਦਕਾ ਕਿੱਲ-ਮੁਹਾਂਸੇ ਵੀ ਨਹੀਂ ਹੁੰਦੇ।
  10. ਐਗਜ਼ੀਮਾ ਤੇ ਸੋਰਾਇਸਿਸ ਵਰਗੀਆਂ ਬੀਮਾਰੀਆਂ ਵੀ ਰੈਗੂਲਰ ਤੌਰ ਉੱਤੇ ਬਾਜਰਾ ਖਾਣ ਵਾਲਿਆਂ ਨੂੰ ਨਹੀਂ ਹੁੰਦੀਆਂ।
  11. ਬਾਜਰੇ ਵਿਚਲੇ ਲਿਗਨੈਨ ਉੱਤੇ ਹੋਈ ਖੋਜ ਰਾਹੀਂ ਪਤਾ ਲੱਗਿਆ ਕਿ ਇਨ੍ਹਾਂ ਸਦਕਾ ਹੀ ਛਾਤੀ ਦਾ ਕੈਂਸਰ ਨਹੀਂ ਹੁੰਦਾ ਤੇ ਦਿਲ ਦੇ ਰੋਗ ਵੀ ਵਡੇਰੀ ਉਮਰ ਤੱਕ ਨਹੀਂ ਹੁੰਦੇ। ਇਹੀ ਲਿਗਨੈਨ ਹਰੀਆਂ ਸਬਜ਼ੀਆਂ, ਫਲਾਂ, ਬੈਰੀਜ਼ ਤੇ ਸੁੱਕੇ ਮੇਵਿਆਂ ਵਿਚ ਵੀ ਹੁੰਦੇ ਹਨ।

ਹੁਣ ਕੋਈ ਸਮਝਾਏ ਕਿ ਵਿਟਾਮਿਨ ਬੀ, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਲੋੜੀਂਦਾ ਥਿੰਦਾ, ਸਟਾਰਚ, ਬਾਇਓਟਿਨ, ਕੋਲੀਨ, ਫੋਲੇਟ, ਪੈਂਟੋਥੀਨਿਕ ਏਸਿਡ, ਰੈਟੀਨਾਇਡ, ਕੈਰੋਟੀਨਾਇਡ, ਵਿਟਾਮਿਨ ਸੀ, ਬੀਟਾ ਕੈਰੋਟੀਨ, ਲਾਈਕੋਪੀਨ, ਲਿਊਸੀਨ, ਵਿਟਾਮਿਨ ਡੀ, ਕੇ, ਈ, ਸੀਲੀਨੀਅਮ, ਫਾਸਫੋਰਸ, ਸੋਡੀਅਮ, ਆਇਓਡੀਨ, ਕੌਪਰ, ਕਰੋਮੀਅਮ, ਕੈਲਸ਼ੀਅਮ, ਬੋਰੋਨ, ਫਲੋਰਾਈਡ, ਓਮੇਗਾ ਤਿੰਨ ਤੇ ਛੇ ਫੈਟੀ ਏਸਿਡ, ਲਿਨੋਲਿਨੀਕ ਏਸਿਡ, ਓਲੀਕ ਏਸਿਡ ਨਾਲ ਲਬਾਲਬ ਬਾਜਰਾ ਜੇ ਢੇਰਾਂ ਦੇ ਢੇਰ ਰੋਗਾਂ ਤੋਂ ਬਚਾ ਕੇ ਲੰਮੀ ਤੇ ਸਿਹਤਮੰਦ ਜ਼ਿੰਦਗੀ ਦੇ ਰਿਹਾ ਹੈ ਅਤੇ ਧਰਤੀ ਹੇਠਲਾ ਪਾਣੀ ਵੀ ਬਚਾ ਰਿਹਾ ਹੈ ਤਾਂ ਕਿਸ ਕਰ ਕੇ ਪੰਜਾਬੀ ਕਣਕਾਂ, ਚੌਲਾਂ ਦੇ ਚੱਕਰ ਵਿਚ ਫਸ ਕੇ ਨਾ ਸਿਰਫ਼ ਰੋਗੀ ਸਰੀਰਾਂ ਦਾ ਢੇਰ ਲਾ ਰਹੇ ਹਨ, ਬਲਕਿ ਖ਼ੁਦਕੁਸ਼ੀਆਂ ਵੀ ਕਰ ਰਹੇ ਹਨ ਤੇ ਜ਼ਮੀਨ ਵੀ ਬੰਜਰ ਬਣਾ ਰਹੇ ਹਨ ?

ਇਸ ਕੌਮ ਨੂੰ ਪੀਹਣ ਵਿਚ ਪਾ ਕੇ ਆਖਰ ਕੌਣ ਪੰਜਾਬੀਆਂ ਨੂੰ ਤਬਾਹ ਕਰਨ ਉੱਤੇ ਤੁਲਿਆ ਹੋਇਆ ਹੈ ?

ਕੀ ਅਸੀਂ ਆਪ ਹੀ ਆਪਣੇ ਪੈਰਾਂ ਉੱਤੇ ਕੁਹਾੜਾ ਮਾਰ ਰਹੇ ਹਾਂ ? ਕਣਕਾਂ, ਚੌਲਾਂ ਨਾਲ ਤਾਂ ਸਰੀਰ ਗਲਿਆ ਹੀ ਹੈ ਪਰ ਹੁਣ ਸਪਰੇਆਂ ਨਾਲ ਵੀ ਨਸਲਾਂ ਤਬਾਹ ਕਰ ਰਹੇ ਹਾਂ।

ਹਾਲੇ ਵੀ ਵੇਲਾ ਹੈ। ਸੰਭਲ ਜਾਈਏ। ਬਰੈੱਡ, ਪਿਜ਼ਾ, ਬਰਗਰ, ਠੰਡੇ ਛੱਡ ਕੇ ਨਾਸ਼ਤੇ ਵਿਚ ਸੱਤੂ ਤੇ ਸ਼ਕਰਕੰਦੀ ਖਾਣੀ ਸ਼ੁਰੂ ਕਰੀਏ। ਦੁਪਹਿਰੇ ਬਾਜਰੇ ਦੀ ਰੋਟੀ, ਦਹੀਂ ਤੇ ਹਰੀ ਸਬਜ਼ੀ। ਰਾਤ ਨੂੰ ਰਾਗੀ ਦੀ ਰੋਟੀ ਤੇ ਛੋਲਿਆਂ ਦੀ ਦਾਲ, ਕਾਲੇ ਛੋਲੇ, ਰਾਜਮਾਂਹ, ਰੌਂਗੀ ਜਾਂ ਸੋਇਆਬੀਨ! ਫੇਰ ਵੇਖੋ ਦੁਬਾਰਾ ਪੰਜਾਬ ਵਿਚ ਲਹਿ ਲਹਾਉਂਦੇ ਖੇਤ, ਖ਼ੁਦਕੁਸ਼ੀਆਂ ਤੋਂ ਬਚੇ ਕਿਸਾਨ, ਸਿਹਤਮੰਦ ਤੇ ਤਗੜੇ ਜੁੱਸੇ ਵਾਲੇ ਪੰਜਾਬੀ, ਜੋ ਭਰੀ ਕਣਕ ਦੀ ਬੋਰੀ ਅਸਾਨੀ ਨਾਲ ਪਿੱਠ ਉੱਤੇ ਚੁੱਕ ਸਕਣਗੇ ਤੇ ਭੰਗੜੇ ਪਾਉਂਦੇ 60 ਸਾਲਾਂ ਦੇ ਨੌਜਵਾਨਾਂ ਨਾਲ 55 ਵਰ੍ਹਿਆਂ ਦੀਆਂ ਗੁਟਕਦੀਆਂ ਮੁਟਿਆਰਾਂ ਦਾ ਗਿੱਧਾ ਵੇਖਣ ਨੂੰ ਮਿਲੇਗਾ।

ਸੰਤੁਲਿਤ ਖ਼ੁਰਾਕ ਹੀ ਹੈ ਲੰਮੀ ਤੇ ਸਿਹਤਮੰਦ ਜ਼ਿੰਦਗੀ ਦਾ ਰਾਜ਼, ਕਿਸਾਨ ਵੀਰੋ ! ਤੁਹਾਡੀ ਬੰਦ ਮੁੱਠੀ ਵਿਚ ਆਉਣ ਵਾਲੀ ਕੌਮ ਦੀ ਸਿਹਤ ਲੁਕੀ ਜੇ। ਬਚਾ ਸਕਦੇ ਹੋ ਤਾਂ ਬਚਾ ਲਓ! ਕਣਕ ਤੇ ਚੌਲ ਦੇ ਚੱਕਰਵਿਊ ਵਿੱਚੋਂ ਜਿੰਨੀ ਛੇਤੀ ਨਿਕਲ ਸਕਦੇ ਹੋ, ਨਿਕਲ ਜਾਓ!

ਬਾਬਾ ! ਤੇਰੇ “ੳ” “ਅ” ਨੂੰ, ਕਿਤੇ “A” “B” “C” ਨਾ ਖਾ ਜਾਵੇ ।

0

ਬਾਬਾ ! ਤੇਰੇ “ੳ” “ਅ” ਨੂੰ, ਕਿਤੇ “A” “B” “C” ਨਾ ਖਾ ਜਾਵੇ ।

“ਗੁਰਜੰਟ ਸਿੰਘ ਪਟਿਆਲਾ”

ਜਿੰਨ੍ਹਾਂ ਅੱਖਰਾਂ ਨਾਲ ਲਿਖੀ ਗੁਰਬਾਣੀ, ਖਤਮ ਨਾ ਹੋ ਜਾਏ ਕਿਤੇ ਕਹਾਣੀ ।
ਫੁੱਲ ਗੁਰਮੁਖੀ ਵਾਲਾ ਖਿੜਿਆ ਜੋ, ਕਿਤੇ ਐਂਵੇਂ ਨਾ ਮੁਰਝਾ ਜਾਵੇ ।
ਬਾਬਾ ! ਤੇਰੇ “ੳ” “ਅ” ਨੂੰ, ਕਿਤੇ “A” “B” “C” ਨਾ ਖਾ ਜਾਵੇ ।

ਸਾਡੇ ਘਰ ਵਿੱਚ ਸਾਡੀ ਮਾਂ ਨੂੰ, ਮਿਲਦਾ ਕਿਉਂ ਸਤਿਕਾਰ ਨਹੀਂ ?
ਮਾਂ ਬੋਲੀ ਦੇ ਜਾਇਉ ਦੱਸਦੋ, ਦਿਲ ਵਿੱਚ ਕਾਹਤੋਂ ਪਿਆਰ ਨਹੀਂ ?
ਬਾਹਰੋਂ ਆ ਕੇ ਹੋਰ ਕੋਈ ਦੂਜਾ, ਨਾ ਸਾਡੀ ਹੋਂਦ ਮਿਟਾ ਜਾਵੇ ।
ਬਾਬਾ ! ਤੇਰੇ ‘ੳ’ ‘ਅ’ ਨੂੰ, ਕਿਤੇ  “A” “B” “C” ਨਾ ਖਾ ਜਾਵੇ ।

ਕਿੱਦਾਂ ਗੀਤ ਬਣਾਵਾਂ ਬਾਬਾ !  ਲੋਕੀਂ ਆਸ਼ਿਕ ਨੇ ਅੰਗਰੇਜੀ ਦੇ ।
ਹਰ ਕੋਈ ਭੱਜਿਆ ਫਿਰਦਾ ਏਥੇ, ਸਭ  ਮੁਸਾਫਰ ਤੇਜੀ ਦੇ ।
ਇਸ ਮਾਂ ਬੋਲੀ ਪੰਜਾਬੀ ਨੂੰ, ਹਵਾ ਨਾ ਕੋਈ ਉਡਾ ਜਾਵੇ ।
ਬਾਬਾ ! ਤੇਰੇ “ੳ” “ਅ” ਨੂੰ, ਕਿਤੇ “A” “B” “C” ਨਾ ਖਾ ਜਾਵੇ ।

ਵਿੱਚ ਸਕੂਲਾਂ ਇੰਗਲਿਸ਼ ਚੱਲਦੀ, ਪੰਜਾਬੀ ਦਿਲੋਂ  ਭੁਲਾ  ਦਿੱਤੀ ।
ਮਾਂ ਬੋਲੀ ਜੋ ਮਾਖਿਉਂ ਮਿੱਠੀ, ਅੱਜ ਮਤਰੇਈ ਬਣਾ ਦਿੱਤੀ ।
ਪੈਂਤੀ ਅੱਖਰਾਂ ਦਾ ਜੋ ਬੂਟਾ, ਕਿਤੇ ਐਂਵੇਂ ਨਾ ਕੁਮਲਾ ਜਾਵੇ ।
ਬਾਬਾ ! ਤੇਰੇ “ੳ” “ਅ” ਨੂੰ, ਕਿਤੇ “A” “B” “C”  ਨਾ ਖਾ ਜਾਵੇ ।

ਮੰਨਿਆ ਵਿੱਚ ਪੜ੍ਹਾਈਆਂ ਦੇ, ਹਰ ਇੱਕ ਗਿਆਨ ਜਰੂਰੀ ਏ ।
ਮਾਂ ਬੋਲੀ ਨੂੰ ਦਿਲੋਂ ਭੁਲਾ ਦਿਉ, ਐਡੀ ਕੀ ਮਜਬੂਰੀ ਏ ?
ਮਾਂ ਬੋਲੀ ਦੀ ਜਗ੍ਹਾ ’ਤੇ ਲੋਕੋ, ਕੋਈ “ਚਾਚੀ” “ਤਾਈ” ਨਾ ਆ ਜਾਵੇ ।
ਬਾਬਾ ! ਤੇਰੇ “ੳ” “ਅ” ਨੂੰ, ਕਿਤੇ “A” “B” “C” ਨਾ ਖਾ ਜਾਵੇ ।

ਗੁਰਜੰਟ ਵੀ ਲੋਕੋ ਚਿੰਤਾ ਕਰਦਾ, ਮਾਂ ਬੋਲੀ ਪੰਜਾਬੀ ਦੀ ।
ਦੇਖਿਉ ਕਿਧਰੇ ਵਿਗੜ ਨਾ ਜਾਵੇ, ਸੋਹਣੀ ਤੋਰ ਨਵਾਬੀ ਦੀ ।
ਮਾਂ ਬੋਲੀ ਦਾ ਰੁਤਬਾ ਜਿਹੜਾ, ਕੋਈ ਇਸ ਨੂੰ ਖੋਰਾ ਨਾ ਲਾ ਜਾਵੇ ।
ਬਾਬਾ !  ਤੇਰੇ “ੳ” “ਅ” ਨੂੰ, ਕਿਤੇ “A” “B” “C” ਨਾ ਖਾ ਜਾਏ ।
ਬਾਬਾ !  ਤੇਰੇ “ੳ” “ਅ” ਨੂੰ,  ਕਿਤੇ ਅੰਗਰੇਜੀ ਨਾ ਖਾ ਜਾਏ ।

ਵੱਧ ਰਿਹਾ ਡੇਰਾਵਾਦ: ਜ਼ਿੰਮੇਵਾਰੀ ਕਿਸ ਦੀ

0

ਵੱਧ ਰਿਹਾ ਡੇਰਾਵਾਦ: ਜ਼ਿੰਮੇਵਾਰੀ ਕਿਸ ਦੀ

ਡਾਕਟਰ ਹਰਜਿੰਦਰ ਸਿੰਘ

ਉਹ ਕਿਹੜਾ ਬੂਟਾ ਏ  ? ਹਰ ਥਾਂ ਜੋ ਪਲਦਾ ਏ ।

ਆਰੇ ਦੇ ਦੰਦਿਆਂ ਤੇ, ਰੰਬੀਆਂ ਦੀਆਂ ਧਾਰਾਂ ਤੇ,

ਪੱਥਰ ਦਿਆਂ ਦਰਿਆਂ ਵਿੱਚ, ਸਰਸਾ ਦੀਆਂ ਲਹਿਰਾਂ ’ਤੇ,

ਸਤਲੁਜ ਦੇ ਕੰਢੇ ਤੇ, ਲੱਖੀ ਦੇ ਜੰਗਲ ਵਿੱਚ,

ਰੋੜਾਂ ਵਿੱਚ, ਰਕੜਾਂ ਵਿੱਚ, ਬੰਜਰਾਂ ਵਿੱਚ,

ਮੀਂਹਾਂ ਵਿੱਚ, ਸਰਹਿੰਦ ਦੀਆਂ ਨੀਹਾਂ ਵਿੱਚ,

ਜਿੱਥੇ ਵੀ ਲਾ ਦਈਏ, ਉੱਥੇ ਹੀ ਪਲਦਾ ਏ,

ਜਿਤਨਾ ਇਹ ਛਾਂਗ ਦਈਏ, ਉਤਨਾ ਹੀ ਫ਼ਲਦਾ ਏ।

ਪੰਜਾਬੀ ਸ਼ਾਇਰ ਪ੍ਰੋ. ਮੋਹਨ ਸਿੰਘ ਨੇ ਆਪਣੀ ਉਕਤ ਕਵਿਤਾ ‘ਸਿੱਖੀ’ ਰਾਹੀਂ ਜਿਹੜੀ ਸਿੱਖੀ ਦੀ ਗੱਲ ਕੀਤੀ ਹੈ, ਕੀ ਇਹ ਪੰਜ ਦਰਿਆਵਾਂ ਦੀ ਧਰਤੀ ਦੇ ਅੱਧੇ ਹਿੱਸੇ ਜਿੰਨੀ ਹੈ ਕਿ ਭਾਰਤੀ ਪੰਜਾਬ ਵਿੱਚ ਇਹ ਉਸੇ ਤਰ੍ਹਾਂ ਵੱਧ ਫੁੱਲ ਰਹੀ ਹੈ। ਇਹ ਸਵਾਲ ਹਰ ਸਿਆਣੇ ਅਤੇ ਗੰਭੀਰ ਸਿੱਖ ਦੇ ਮਨ ਵਿੱਚ ਆਉਂਦਾ ਹੈ। ਭਾਰਤੀ ਪੰਜਾਬ ਦੇ 12,728 ਪਿੰਡਾਂ ਵਿੱਚ 4,025 ਸੰਤ ਹਨ। 1925 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧ ਦੇ ਨਾਲ ਨਾਲ ਸਿੱਖੀ ਦੇ ਪ੍ਰਚਾਰ ਵਿੱਚ ਲੱਗੀ ਹੋਈ ਹੈ। ਇਸ ਦੇ ਬਾਵਜੂਦ ਸਿੱਖੀ ਸਰੂਪ ਵਾਲੇ ਅਤੇ ਪ੍ਰੋ. ਮੋਹਨ ਸਿੰਘ ਦੀ ਦਿੱਤੀ ਸਿੱਖੀ ਦੀ ਪਰਿਭਾਸ਼ਾ ’ਤੇ ਖਰੇ ਉਤਰਨ ਵਾਲੇ ਸਿੱਖ ਕਿੰਨੇ ਕੁ ਨਜ਼ਰ ਆਉਂਦੇ ਹਨ। ਸਾਬਤ ਸੂਰਤ ਸਿੱਖ ਭਾਵੇਂ ਵਧਣ ਫੁੱਲਣ ਜਾਂ ਨਾ ਪਰ ਪੰਜਾਬ ਅਤੇ ਪੰਜਾਬ ਦੇ ਨਾਲ ਸਬੰਧਿਤ ਲੋਕਾਂ ਦੇ ਡੇਰੇ ਲਗਾਤਾਰ ਵੱਧ ਫੁੱਲ ਰਹੇ ਹਨ। ਡੇਰਿਆਂ ਦੇ ਫ਼ੈਲਾਅ ਵਿੱਚ ਬਾਬੇ ਨਾਨਕ ਦੇ ਵਾਰਸ ਲੱਗੇ ਹੋਏ ਹਨ।

ਡੇਰੇਦਾਰ ਸਿੱਖ ਫ਼ਲਸਫ਼ੇ ‘ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ’ ਦੀਆਂ ਧੱਜੀਆਂ ਉੱਡਾ ਰਹੇ ਹਨ। ਇੱਕ ਚੈਨਲ ਦੇ ਐਂਕਰ ਨੇ ਇਸ ਸਬੰਧੀ ਸਵਾਲ ਕਰਦੇ ਹੋਏ ਕਿਹਾ ਕਿ ‘ਕੀ ਕਾਰਨ ਹੈ ਲੋਕ ਡੇਰਿਆਂ ਵੱਲ ਨੂੰ ਵਹੀਰਾਂ ਘੱਤ ਰਹੇ ਹਨ। ਲੋਕ ਡੇਰਿਆਂ ਵੱਲ ਨੂੰ ਜਾ ਰਹੇ ਹਨ, ਖਾਸ ਤੌਰ ’ਤੇ ਸਿੱਖਾਂ ਦੀ ਵੱਡੀ ਗਿਣਤੀ ਡੇਰੇਦਾਰਾਂ ਦੀ ਭਗਤ ਬਣ ਰਹੀ ਹੈ, ਜ਼ਿੰਮੇਵਾਰੀ ਕਿਸ ਦੀ ਹੈ।’

ਬਹੁਤੇ ਡੇਰੇਦਾਰ ਸੰਤਾਂ ਦੇ ਭੇਖ ਵਿੱਚ ਹੁੰਦੇ ਹਨ। ਸਿੱਖੀ ਵਿੱਚ ਸੰਤਾਂ ਨੂੰ ਵੱਡਾ ਰੁਤਬਾ ਦਿੱਤਾ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ : ‘‘ਸੰਤ ਸਰਨਿ, ਜੋ ਜਨੁ ਪਰੈ; ਸੋ ਜਨੁ ਉਧਰਨਹਾਰ॥ ਸੰਤ ਕੀ ਨਿੰਦਾ ਨਾਨਕਾ  ! ਬਹੁਰਿ ਬਹੁਰਿ ਅਵਤਾਰ ॥’’ (ਮ: ੫/੨੭੯)

ਗੁਰੂ ਅਰਜਨ ਦੇਵ ਜੀ ਨੇ ਹੇਠ ਲਿਖੇ ਸ਼ਬਦਾਂ ਵਿੱਚ ‘ਸੰਤਾਂ’ ਦੀ ਸ਼ਲਾਘਾ ਕੀਤੀ ਹੈ : ‘‘ਸੰਤ ਜਨਾ ਮਿਲਿ; ਹਰਿ ਜਸੁ ਗਾਇਓ ॥ ਕੋਟਿ ਜਨਮ ਕੇ; ਦੂਖ ਗਵਾਇਓ ॥ (ਮ: ੫/੭੨੦)

ਸੋ ਬਹੁਤ ਸਾਰੇ ਸਿੱਖ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ‘ਸੰਤਾਂ’ ਨੂੰ ਸਤਿਕਾਰ ਦਿੰਦੇ ਹੋਏ ਉਹਨਾਂ ਦੇ ਪਿੱਛੇ ਲੱਗ ਤੁਰਦੇ ਹਨ। ਦੂਜੇ ਪਾਸੇ ਜ਼ਿਆਦਾ ਗਿਣਤੀ ਵਿੱਚ ਡੇਰੇਦਾਰ ਸੰਤਾਂ ਦੇ ਭੇਖ ਵਿੱਚ ਭੋਲੀ ਭਾਲੀ ਸੰਗਤ ਨੂੰ ਪਿੱਛੇ ਲਾਉਣ ਵਿੱਚ ਕਾਮਯਾਬ ਵੀ ਹੋ ਜਾਂਦੇ ਹਨ। ਵੱਡੀ ਗਿਣਤੀ ਵਿੱਚ ਸੰਗਤ ਤਰਕਸ਼ੀਲ ਨਹੀਂ ਹੁੰਦੀ ਅਤੇ ਨਾ ਹੀ ਬਹੁਤੀ ਪੜ੍ਹੀ ਲਿਖੀ ਹੁੰਦੀ ਹੈ।

ਮਹਾਤਮਾ ਬੁੱਧ ਨੇ ਧੱਮਪਦ ਵਿੱਚ ਕਿਹਾ ਹੈ :

‘ਮਨ ਹੈ ਜਿਸ ਦਾ ਮੈਲਾ ਉਸ ਨੂੰ ਸਾਧ ਭੇਖ ਨ ਤਾਰੇ, ਸਾਧ ਭੇਖ ਕੇ ਯਗ ਹੈ ਉਹੀ, ਚਿੱਤ ਸੰਜਮ ਜੋ ਧਾਰੇ।

ਸਾਧ ਹੈ ਉਹੀ ਮਾਇਆ ਵਿੱਚ ਜੋ ਰਹਿੰਦਾ ਹੈ ਨਿਰਲੇਪ, ਸਾਧ ਹੈ ਉਹੀ ਸਾਸ-ਸਾਸ ਤੋਂ ਹਰਿ-ਹਰਿ ਨਾਮ ਚਿਤਾਰੇ।’

ਜ਼ਿਆਦਾਤਰ ਲੋਕਾਂ ਨੂੰ ਭੇਖੀ ਅਤੇ ਅਸਲੀ ਸੰਤਾਂ ਵਿੱਚ ਫ਼ਰਕ ਨਹੀਂ ਪਤਾ ਲੱਗਦਾ। ਮੱਧ ਸ਼੍ਰੇਣੀ, ਹੇਠਲੀ ਮੱਧ ਸ਼੍ਰੇਣੀ, ਸਮਾਜਿਕ ਤੌਰ ’ਤੇ ਪੱਛੜੀਆਂ ਸ਼੍ਰੇਣੀਆਂ ਅਤੇ ਜਾਤ ਦੇ ਆਧਾਰ ’ਤੇ ਨੀਵੀਆਂ ਕਹੀਆਂ ਜਾਣ ਵਾਲੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਅਜਿਹੇ ਭੇਖੀ ਲੋਕ ਜਲਦੀ ਅਤੇ ਆਸਾਨੀ ਨਾਲ ਪਿੱਛੇ ਲਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਜੇ ਸਿੱਖੀ ਵਿੱਚ ਗੁਰੂ ਆਸ਼ੇ ਅਨੁਸਾਰ ਜਾਤ ਪਾਤ ਦਾ ਫ਼ਰਕ ਮਿਟ ਜਾਂਦਾ ਤਾਂ ਸਥਿਤੀ ਅਜਿਹੀ ਨਹੀਂ ਹੋਣੀ ਸੀ। ਜੇ ਸਿੱਖੀ ਵਿੱਚ ਸਾਰੇ ਲੋਕਾਂ ਨੂੰ ਬਰਾਬਰ ਦਾ ਸਤਿਕਾਰ ਅਤੇ ਮੌਕੇ ਮਿਲਦੇ ਤਾਂ ਵੀ ਲੋਕ ਡੇਰਿਆਂ ਵੱਲ ਮੂੰਹ ਨਾ ਕਰਦੇ। ਜੇ ਸਿੱਖੀ ਦੇ ਪ੍ਰਚਾਰਕ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾਉਂਦੇ ਤਾਂ ਵੀ ਇੰਨੀ ਵੱਡੀ ਗਿਣਤੀ ਵਿੱਚ ਲੋਕ ਡੇਰੇਦਾਰਾਂ ਦੇ ਮਗਰ ਨਾ ਲੱਗਦੇ। ਜੇ ਸਿਆਸੀ ਲੋਕ ਆਪਣੇ ਸਿਆਸੀ ਸਵਾਰਥ ਪੂਰੇ ਕਰਨ ਹਿਤ ਇਹਨਾਂ ਲੋਕਾਂ ਨੂੰ ਸਰਪ੍ਰਸਤੀ ਨਾ ਦਿੰਦੇ ਤਾਂ ਵੀ ਸਥਿਤੀ ਕੁਝ ਹੋਰ ਹੁੰਦੀ। ਜੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਨੂੰ ਸਹੀ ਅਤੇ ਜ਼ੋਰਦਾਰ ਤਰੀਕੇ ਨਾਲ ਕਰਦੀ ਤਾਂ ਵੀ ਸਿੱਖ ਸੰਗਤ ਭੇਖੀ ਸਾਧਾਂ ਦੇ ਮਗਰ ਨਾ ਲੱਗਦੀ, ਦਲੀਲਾਂ ਦੇ ਆਧਾਰ ’ਤੇ ਮੈਂ ਕਹਿ ਸਕਦਾ ਹਾਂ ਕਿ ਸਿੱਖ ਪ੍ਰਚਾਰਕਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਉਕਤ ਜਵਾਬ ਮੈਂ ਉਸ ਟੀ. ਵੀ. ਐਂਕਰ ਨੂੰ ਦਿੱਤਾ। ਹੁਣ ਮੈਂ ਇਹੀ ਜਵਾਬ ਤੁਹਾਡੇ ਅੱਗੇ ਰੱਖ ਰਿਹਾ ਹਾਂ। ਮੈਨੂੰ ਪੂਰਨ ਆਸ ਹੈ ਕਿ ਤੁਸੀਂ ਆਪਣੀ ਸੋਚ ਮੁਤਾਬਕ ਹੋਰ ਦਲੀਲਾਂ ਦਿਓਗੇ ਤਾਂ ਜੋ ਕਿਸੇ ਸਹੀ ਨਿਰਣੇ ’ਤੇ ਪਹੁੰਚ ਸਕੀਏ। ਉਂਝ ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਗੁਰਮੀਤ ਰਾਮ ਰਹੀਮ ਵਿੱਚ ਅਜਿਹਾ ਕੀ ਸੀ ਕਿ ਉਸ ਨੇ ਲੱਖਾਂ ਲੋਕਾਂ ਨੂੰ ਆਪਣੇ ਅਨੁਯਾਈ ਬਣਾ ਰੱਖਿਆ ਸੀ ਜੋ ਉਸ ਉੱਪਰ ਜਾਨ ਵਾਰਨ ਲਈ ਤਿਆਰ ਸਨ। ਇਹ ਗੁਰਮੀਤ ਰਾਮ ਰਹੀਮ ਹੋਵੇ ਜਾਂ ਕੋਈ ਹੋਰ। ਇਹ ਸਵਾਲ ਹਮੇਸ਼ਾ ਤੁਹਾਡੇ ਸਾਹਮਣੇ ਰਹੇਗਾ। ਇੱਕ ਗੱਲ ਤਾਂ ਸਪਸ਼ਟ ਹੈ ਕਿ ਅਜਿਹੇ ਲੋਕ ਕੁਝ ਅਜਿਹਾ ਜ਼ਰੂਰ ਕਰਦੇ ਹਨ ਜਿਸ ਕਾਰਨ ਲੋਕ ਉਹਨਾਂ ਦੇ ਪਿੱਛੇ ਲੱਗ ਜਾਂਦੇ ਹਨ। ਜਿਵੇਂ ਲੰਗਰ ਪਾਣੀ ਅਤੇ ਕੁਝ ਹੋਰ ਸਹੂਲਤਾਂ ਦੇਣਾ। ਰਾਮ ਰਹੀਮ ਵਾਂਗ ਸਿਹਤ ਸਹੂਲਤਾਂ ਅਤੇ ਨਸ਼ੇ ਛੁਡਾਉਣਾ, ਆਦਿ। ਵੱਡਾ ਕਾਰਨ ਸਿਆਸੀ ਪਾਰਟੀਆਂ ਅਤੇ ਸਿਆਸੀ ਲੀਡਰਾਂ ਰਾਹੀਂ ਲੋਕਾਂ ’ਤੇ ਪ੍ਰਭਾਵ ਪਾਉਣਾ। ਅਫ਼ਸਰਸ਼ਾਹੀ ਅਤੇ ਸਰਕਾਰਾਂ ਤੋਂ ਜਾਇਜ਼-ਨਜਾਇਜ਼ ਕੰਮ ਲੈਣੇ। ਰਾਮ ਰਹੀਮ ਵਰਗੇ ਤਾਂ ਵਪਾਰ ਅਤੇ ਰੁਜ਼ਗਾਰ ਦੇ ਮਾਮਲੇ ਵਿੱਚ ਵੀ ਆਪਣੇ ਪ੍ਰੇਮੀਆਂ ਦੀ ਮਦਦ ਕਰਦਾ ਸੀ। ਸੋ ਲੋਕ ਤਾਂ ਆਪਣੇ ਸਵਾਰਥਾਂ ਨਾਲ ਜੁੜੇ ਹੁੰਦੇ ਹਨ। ਅਜਿਹੇ ਅਖੌਤੀ ਸੰਤ ਇੱਕ ਪਾਸੇ ਲੋਕਾਂ ਦੇ ਸਵਾਰਥ ਪੂਰੇ ਕਰਦੇ ਹਨ, ਦੂਜੇ ਪਾਸੇ ਉਹਨਾਂ ਦੀ ਧਾਰਮਿਕ ਸ਼ਰਧਾ ਅਤੇ ਆਸਥਾ ਪੂਰੀ ਕਰਦੇ ਹਨ। ਡੇਰਿਆਂ ਵਿੱਚ ਮਿਲਦੇ ਜਾਤ ਪਾਤ ਦੇ ਨਾਮ ’ਤੇ ਸਤਿਕਾਰ ਅਤੇ ਅਧਿਕਾਰ ਉਹਨਾਂ ਨੂੰ ਸਾਧਾਂ ਨਾਲ ਜੋੜ ਦਿੰਦੇ ਹਨ। ਬਹੁਤੀ ਅਨਪੜ੍ਹ ਜਨਤਾ ਅਜਿਹੇ ਭੇਖੀਆਂ ਦੀਆਂ ਗੱਲਾਂ ਵਿੱਚ ਆ ਜਾਂਦੀ ਹੈ। ਬਾਕੀ ਪੰਜਾਬ ਵਿਚਲੇ ਸੰਤ ਸਾਧਾਂ ਬਾਰੇ ਤਾਂ ਜੋ ਮੈਂ ਉੱਪਰ ਕਿਹਾ ਹੈ ਕਿ ਜੇ ਸਿੱਖੀ ਵਿੱਚ ਸਭ ਨੂੰ ਗੁਰੂ ਸਾਹਿਬਾਨ ਦੇ ਆਸ਼ੇ ਮੁਤਾਬਕ ਬਰਾਬਰੀ ਦਾ ਸਥਾਨ ਮਿਲਦਾ ਤਾਂ ਇਸ ਧਰਤੀ ’ਤੇ ਅਜਿਹਾ ਕੁਝ ਨਾ ਵਾਪਰਦਾ। ਸਮਾਂ ਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਡੇਰਾਵਾਦ ਵਿਰੁੱਧ ਇੱਕ ਮੁਹਿੰਮ ਚਲਾਵੇ ਪਰ ਇਹ ਕੰਮ ਹੈ ਬੜਾ ਮੁਸ਼ਕਿਲ ਕਿਉਂਕਿ ਸੈਂਕੜੇ ਸੰਤ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਕੋਈ ਸਿਆਸੀ ਪਾਰਟੀ ਆਪਣੇ ਅਜਿਹੇ ਸਹਿਯੋਗੀ ਨੂੰ ਨਹੀਂ ਗਵਾਉਣਾ ਚਾਹੇਗੀ।

ਕਲਮੋਂ ਨੇ ਸੱਚ ਲਿਖਾ, ਜੋ ਬਸਤੀ ਮੇਂ ਹੂਆ

ਘਰ ਜਲਾਨੇ ਕੀ ਸਾਜਿਸ਼, ਹਵਾਉਂ ਕੀ ਥੀ

ਔਰ ਅਖਬਾਰ ਮੇਂ, ਛਪ ਗਯਾ ਹਾਦਿਸਾ ।

ਸ਼ਾਇਰ ਮਹਤਾਬ ਪੈਕਰ ਆਜ਼ਮੀ ਨੇ ਉਕਤ ਸ਼ੇਅਰ ਵਿੱਚ ਮੀਡੀਆ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਗਾਇਆ ਹੈ ਕਿ ਅੱਗ ਲਾਉਣ ਵਾਲੇ ਜਾਂ ਸਾਜਿਸ਼ਾਂ ਕਰਨ ਵਾਲੇ ਕੋਈ ਹੋਰ ਸਨ ਅਤੇ ਅਖਬਾਰਾਂ ਵਾਲਿਆਂ ਨੇ ਇਸ ਨੂੰ ਮਹਿਜ਼ ਹਾਦਸਾ ਬਣਾ ਕੇ ਪੇਸ਼ ਕਰ ਦਿੱਤਾ। ਮੀਡੀਆ ’ਤੇ ਅਜਿਹੇ ਇਲਜ਼ਾਮ ਅਕਸਰ ਲੱਗਦੇ ਆਏ ਹਨ। ਕਾਰਨ ਸਪਸ਼ਟ ਹੈ ਕਿ ਮੀਡੀਆ ਦੀ ਵਿਸ਼ਵਾਸ ਯੋਗਤਾ ਪਿਛਲੇ ਕਾਫ਼ੀ ਸਮੇਂ ਤੋਂ ਸ਼ੱਕੀ ਹੋ ਗਈ ਹੈ। ਆਮ ਲੋਕ ਸਮਝਦੇ ਹਨ ਕਿ ਪੈਸੇ ਦੇ ਜ਼ੋਰ ’ਤੇ ਮੀਡੀਆ ਵਿੱਚ ਜੋ ਚਾਹੋ ਵਿਖਾ ਸਕਦੇ ਹੋ ਅਤੇ ਜੋ ਚਾਹੋ ਛਪਵਾ ਸਕਦੇ ਹੋ। ਲੋਕਤੰਤਰ ਦੇ ਤਿੰਨ ਸਤੰਭਾਂ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਾਂਗ ਚੌਥਾ ਸਤੰਭ ਵੀ ਘਟਦੀ ਵਿਸ਼ਵਾਸਯੋਗਤਾ ਕਾਰਨ ਲੋਕਾਂ ਦੀ ਕਚਹਿਰੀ ਵਿੱਚ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹੈ। ਕਲਮਾਂ ਵਿਕਣ ਲੱਗੀਆਂ ਹਨ, ਕਲਮਾਂ ਝੁਕਣ ਲੱਗੀਆਂ ਹਨ ਅਤੇ ਕਲਮਾਂ ਰੁਕਣ ਲੱਗੀਆਂ ਹਨ।

ਇਹ ਤਸੱਲੀ ਭਰੀ ਖੁਸ਼ੀ ਦੀ ਗੱਲ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਸਾਧਵੀ ਬਲਾਤਕਾਰ ਕੇਸ ਦੀ ਕਵਰੇਜ਼ ਕਰਦੇ ਸਮੇਂ ਪ੍ਰਿੰਟ ਅਤੇ ਬਿਜਲਈ ਮੀਡੀਆ ਨੇ ਆਪਣੀ ਵਿਸ਼ਵਾਸ ਯੋਗਤਾ ਵਿੱਚ ਢੇਰ ਵਾਧਾ ਕੀਤਾ ਹੈ। ਇਸ ਕੇਸ ਵਿੱਚ ਦੇਸ਼ ਦੇ ਲੋਕਤੰਤਰ ਦੇ ਦੋ ਸਤੰਭਾਂ ਨਿਆਂਪਾਲਿਕਾ ਅਤੇ ਮੀਡੀਆ ਨੇ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਆਪਣੇ ਲਈ ਨਾ ਸਿਰਫ਼ ਸਤਿਕਾਰ ਵਧਾਇਆ ਬਲਕਿ ਲੋਕ ਮਨਾਂ ਵਿੱਚ ਆਸ ਦੀ ਕਿਰਨ ਵੀ ਜਗਾਈ ਹੈ ਕਿ ਅਜੇ ਵੀ ਕੈਮਰੇ ਦੀ ਅੱਖ ਸੱਚ ਨੂੰ ਵੇਖਣ ਵਿਖਾਉਣ ਦੀ ਜੁਅਰਤ ਕਰ ਸਕਦੀ ਹੈ ਅਤੇ ਪੱਤਰਕਾਰ ਦੀ ਕਲਮ ਵੀ ਸੱਚ ਲਿਖਣ ਦਾ ਹੌਸਲਾ ਰੱਖਦੀ ਹੈ। ਉਂਝ ਬਲਾਤਕਾਰ ਦਾ ਸ਼ਿਕਾਰ ਸਾਧਵੀ ਦੀ ਚਿੱਠੀ ਛਾਪ ਕੇ ਪੱਤਰਕਾਰ ਛਤਰਪਤੀ ਨੇ ਨਾ ਕੇਵਲ ਪੱਤਰਕਾਰੀ ਦਾ ਧਰਮ ਨਿਭਾਇਆ ਸੀ, ਬਲਕਿ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਇਨਸਾਫ਼ ਦੀ ਲੜਾਈ ਵਿੱਚ ਆਪਣਾ ਯੋਗਦਾਨ ਵੀ ਪਾਇਆ ਸੀ। 25 ਅਗਸਤ 2017 ਦੀ ਦੁਪਹਿਰ ਤੋਂ ਬਾਅਦ ਪੰਚਕੂਲਾ ਵਿੱਚ ਜੋ ਕਹਿਰ ਵਾਪਰਿਆ, ਉਸ ਤੋਂ ਮੀਡੀਆ ਵੀ ਅਭਿੱਜ ਨਹੀਂ ਰਿਹਾ। ਦੁਨੀਆਂ ਨੇ ਵੇਖਿਆ ਕਿ ਡੇਰਾ ਮੁਖੀ ਦੇ ਪੈਰੋਕਾਰਾਂ ਨੇ ਸਭ ਤੋਂ ਪਹਿਲਾਂ ਹਮਲਾ ਮੀਡੀਆ ’ਤੇ ਹੀ ਕੀਤਾ। ਕਰੋੜਾਂ ਲੋਕਾਂ ਨੇ ਆਪਣੇ ਘਰਾਂ ਵਿੱਚ ਬੈਠਿਆਂ ਟੀ. ਵੀ. ’ਤੇ ਤਿੰਨ ਟੀ. ਵੀ. ਚੈਨਲਾਂ ਦੀਆਂ ਆਊਟਡੋਰ ਵੈਨਾਂ ਨੂੰ ਨਸ਼ਟ ਹੁੰਦੇ ਵੇਖਿਆ। ਇਹ ਸਭ ਕੁਝ ਹਰਿਆਣਾ ਦੀ ਪੁਲਿਸ ਫੋਰਸ ਦੇ ਸਾਹਮਣੇ ਹੋਇਆ। ਇੱਥੇ ਹੀ ਬੱਸ ਨਹੀਂ ਫਿਰ ਤਾਂ ਜਿੱਥੇ ਵੀ ਮੌਕਾ ਮਿਲਿਆ ਗੁੰਡਾ ਅਨਸਰਾਂ ਨੇ ਰਿਪੋਰਟਰਾਂ ਅਤੇ ਕੈਮਰਾਮੈਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਜ਼ਖਮੀ ਕੀਤਾ। ਜ਼ਖਮੀਆਂ ਵਿੱਚ ਹਰਿਆਣਾ ਅਤੇ ਪੰਜਾਬ ਦੋਵਾਂ ਪ੍ਰਾਂਤਾਂ ਦੇ ਪੱਤਰਕਾਰ ਸ਼ਾਮਲ ਸਨ। ਗੁੰਡਾਗਰਦੀ ਦਾ ਇਹ ਤਾਂਡਵ ਨਾਚ ਸਿਰਫ਼ ਪੰਚਕੂਲਾ ਵਿੱਚ ਹੀ ਨਹੀਂ ਸਗੋਂ ਸਰਸਾ ਵਿੱਚ ਵੀ ਵੇਖਣ ਨੂੰ ਮਿਲਿਆ, ਜਿੱਥੇ ਇੱਕ ਟੀ. ਵੀ. ਚੈਨਲ ਦੇ ਕੈਮਰਾਮੈਨ ਦਾ ਕੈਮਰਾ ਵੀ ਖੋਹ ਲਿਆ ਗਿਆ ਅਤੇ ਕਾਰ ਵੀ ਭਜਾ ਕੇ ਲੈ ਗਏ।

ਤਸੱਲੀ ਇਸ ਗੱਲ ਦੀ ਵੀ ਹੈ ਕਿ ਮੀਡੀਆ ਕਰਮੀ ਕਿਸੇ ਵੀ ਕਦਮ ’ਤੇ ਥਿੜਕੇ ਨਹੀਂ, ਡਰੇ ਨਹੀਂ। ਆਪਣੀ ਡਿਊਟੀ ਤਨਦੇਹੀ ਨਾਲ ਕਰਦੇ ਰਹੇ। ਨਿਰਪੱਖ ਰਿਪੋਰਟਿੰਗ ਦੀ ਇਹ ਵੱਡੀ ਉਦਾਹਰਣ ਪੇਸ਼ ਕਰਨ ਵਿੱਚ ਕਾਮਯਾਬ ਹੋਏ। ਟੀ. ਵੀ. ਚੈਨਲਾਂ ਦੇ ਕਈ ਰਿਪੋਰਟਰ ਤਾਂ 24, 25, 26 ਅਗਸਤ ਲਗਾਤਾਰ ਰਿਪੋਰਟਿੰਗ ਵਿੱਚ ਲੱਗੇ ਰਹੇ। ਉਹਨਾਂ ਆਪਣੇ ਆਰਾਮ ਅਤੇ ਸਿਹਤ ਦੀ ਪਰਵਾਹ ਨਹੀਂ ਕੀਤੀ। ਇਹ ਦਿਨ ਮੇਰੇ ਪੱਤਰਕਾਰੀ ਦੇ ਵਿਦਿਆਰਥੀਆਂ ਲਈ ਵੀ ਕਈ ਕਿਸਮ ਦੇ ਸਬਕ ਸਿੱਖਣ ਦੇ ਦਿਨ ਸਨ। ਪੱਤਰਕਾਰਾਂ ਨੂੰ ਹਰ ਕਿਸਮ ਦੇ ਖਤਰਿਆਂ ਦਾ ਮੁਕਾਬਲਾ ਕਿਵੇਂ ਕਰਨਾ ਹੈ, ਇਹ ਵੀ ਵੇਖਣ ਅਤੇ ਸਿੱਖਣ ਨੂੰ ਮਿਲਿਆ। ਇਹਨਾਂ ਦਿਨਾਂ ਵਿੱਚ ਮੀਡੀਆ ਨੇ ਆਪਣੀ ਭੂਮਿਕਾ ਨੂੰ ਬਹੁਤ ਚੰਗੇ ਢੰਗ ਨਾਲ ਨਿਭਾਇਆ। ਸੋ, ਮੀਡੀਆ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਨੀ ਹੀ ਘੱਟ ਹੈ। ਮੈਂ ਕਹਿ ਸਕਦਾ ਹਾਂ :

ਸਾਰੇ ਕੇ ਸਾਰੇ, ਆਜ ਤੋਂ ਅਖਬਾਰ ਬਿਕ ਗਏ, ਕਲਮੋਂ ਨੇ ਸੱਚ ਲਿਖਾ ਜੋ ਬਸਤੀ ਮੇਂ ਹੂਆ।

ਸਿੱਖ ਧਰਮ ਵਿਚ ਵੱਧ ਰਿਹਾ ਡੇਰਾਵਾਦ ਦਾ ਜਾਲ

0

ਸਿੱਖ ਧਰਮ ਵਿਚ ਵੱਧ ਰਿਹਾ ਡੇਰਾਵਾਦ ਦਾ ਜਾਲ

ਹਰਮਿੰਦਰ ਸਿੰਘ, ਬਿਸਨਗੜ੍ਹ (ਬਈਏਵਾਲ) ਸੰਗਰੂਰ- 99140-62205

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਬਾਬੇ ਨਾਨਕ ਨੇ ਸੱਚੇ ਸੌਦੇ ਦੀ ਗੱਲ ਕੀਤੀ ਤੇਰਾ-ਤੇਰਾ ਬੋਲ ਸਭ ਨੂੰ ਬਰਾਬਰ ਤੋਲਿਆ, ਨਾ ਹੀ ਬਾਬੇ ਨਾਨਕ ਨੇ ਕਿਸੇ ਕੋਲੋਂ ਰਿਸ਼ਵਤ ਲਈ ਤੇ ਨਾ ਹੀ ਮੱਥਾ ਟਿਕਾਇਆ। ਸਰਬ ਧਰਮਾਂ ਨੂੰ ਏਕਤਾ ਦਾ ਸੰਦੇਸ ਦੇਣ ਵਾਲੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦਾ ਸਬੰਧ ਤਾਂ ਸਿੱਧਾ ਰੂਹਾਨੀਅਤ ਨਾਲ ਹੈ। ਬਾਬੇ ਨਾਨਕ ਨੇ ਪੰਡਤਾਂ ਨੂੰ ਸੂਰਜ ਲਈ ਪਾਣੀ ਦੇਣ ਤੋ ਵਰਜਿਆ, ਪਰ ਅਜੋਕੇ ਸਮੇਂ ਦਾ ਸਿੱਖ ਤਾਂ ਜਿਹੜੇ ਵੀ ਤੀਰਥ ਅਸਥਾਨਾਂ ’ਤੇ ਜਾਂਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਏ ਤੋਂ ਬਿਨਾਂ ਸਰੋਵਰ ਵਿਚੋਂ ਇਸ਼ਨਾਨ ਕਰ ਸਰੋਵਰ ਤੋਂ ਹੀ ਜਲ ਦੀ ਕੈਂਨੀ ਭਰ ਲੈਂਦੇ ਹਨ। ਸਿੱਖੀ ਨਾਲ ਸਬੰਧਿਤ ਇਤਿਹਾਸਿਕ ਥਾਵਾਂ ’ਤੇ ਇਹੋ ਜਿਹਾ ਇਤਿਹਾਸ ਨਿਰੰਤਰ ਸਿਰਜਿਆ ਜਾ ਰਿਹਾ ਹੈ। ਜਿਸ ਨਾਲ ਸਿੱਖ ਇਤਿਹਾਸ ਦਾ ਝੁਕਾਅ ਬ੍ਰਾਹਮਣਵਾਦ ਤੇ ਪਰੋਹਤਵਾਦ ਵੱਲ ਨੂੰ ਜਾਂਦਾ ਸਿੱਧਾ ਨਜ਼ਰ ਆਉਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤਾਂ ਪਾਂਡੇ ਨੂੰ ਇਹੋ ਜਿਹਾ ਜਨੇਊ ਪਾਉਣ ਲਈ ਕਿਹਾ ਸੀ ਜਿਸ ਵਿਚ ਸਬਰ, ਸੰਤੋਖ ਹੋਵੇ ਪਰ ਅੱਜ ਦਾ ਸਿੱਖ ਤਾਂ ਸਿੱਧਾ ਹੀ ਬਾਣੀ ਤੇ ਬਾਣੇ ਦਾ ਘਾਣ ਕਰਦਾ ਨਜ਼ਰ ਆਉਂਦਾ ਹੈ। ਕਈ ਗੁਰਧਾਮਾਂ ਤੇ ਗੁਰਦੁਆਰਿਆਂ ਵਿਚ ਆਮ ਤੌਰ ’ਤੇ ਹੀ ਦੇਖਣ ਨੂੰ ਮਿਲ ਜਾਂਦਾ ਹੈ ਕਿ ਪੂਰੇ ਸਿੰਘ ਸੱਜੇ ਗ੍ਰੰਥੀ ਸਿੰਘ ਹੀ ਲੋਕਾਂ ਨੂੰ ਧੂਫ਼, ਪੇੜੇ, ਮਿਸ਼ਰੀ ਤੇ ਇਲਾਇਚੀ ਆਦਿ ਕਰ ਕੇ ਦਿੰਦੇ ਦੇਖੇ ਜਾ ਸਕਦੇ ਹਨ ਇਹ ਦੇਖ ਗੁਰੂ ਦੇ ਪੂਰਨ ਰਹਿਤ ਮਰਿਆਦਾ ਵਾਲੇ ਸਿੱਖ ਨੂੰ ਤਾਂ ਬੜਾ ਦੁੱਖ ਹੁੰਦਾ ਹੋਵੇਗਾ। ਇੰਜ ਜਾਪਦਾ ਹੈ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਅਜੋਕਾ ਸਿੱਖ ਆਪਣੀ ਤੋਰੀ ਫੁਲਕਾ ਚਲਾਉਣ ਲਈ ਇਹੋ ਜਿਹਾ ਢੌਂਗ ਵੀ ਰਚਾਉਂਦਾ ਜਾ ਰਿਹਾ ਹੈ।

ਅਸੀਂ ਵਿਗਿਆਨ ਦੇ ਯੁੱਗ ਵਿਚ ਜੀਅ ਰਹੇ ਹਾਂ ਜੋ ਕਿ ਤਕਨਾਲੋਜੀ ਦੇ ਯੁੱਗ ਵਜੋਂ ਜਾਣਿਆ ਜਾਂਦਾ ਹੈ ਆਦਮੀ/ਮਨੁੱਖ ਨੇ ਮੰਗਲ ਗ੍ਰਹਿ ਤੇ ਧਰਤੀ ਦੇ ਪਾਣੀ ਦੀ ਖੋਜ ਤੱਕ ਕਰ ਲਈ ਹੈ ਪਰ ਫੇਰ ਵੀ ਅਜੋਕੀ ਨਵੀਂ ਪੜ੍ਹੀ ਲਿਖੀ ਸਿੱਖ ਨੋਜੁਆਨ ਪੀੜੀ ਵਹਿਮਾਂ ਭਰਮਾਂ ਵਿਚ ਫਸ ਡੇਰਾਵਾਦ ਦੇ ਪਿੱਛੇ ਲੱਗ ਤੁਰੀ ਹੈ। ਥਾਂ ਥਾਂ ’ਤੇ ਇਨ੍ਹਾਂ ਠੱਗਾਂ ਨੇ ਧਰਮ ਦੇ ਨਾਂ ’ਤੇ ਆਪਣੀਆਂ ਦੁਕਾਨਾਂ ਖੋਲ੍ਹ ਰੱਖੀਆਂ ਹਨ। ਮਾਮੂਲੀ ਜ਼ਿੰਦਗੀ ਤੋਂ ਦੁਖੀ ਹੋਇਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਪਰੇਸ਼ਾਨ ਕਰਨ ਵਾਲਾ ਆਮ ਆਦਮੀ ਅੱਜ ਭਗਵਾਨ ਦਾ ਦਰਜਾ ਪ੍ਰਾਪਤ ਕਰੀ ਬੈਠਾ ਹੈ। ਅਜਿਹੇ ਅਖੌਤੀ ਬਾਬਿਆਂ ਨੂੰ ਮਿਲਣ ਲਈ ਮੂਰਖ ਲੋਕ ਲੱਖਾਂ ਰੁਪਏ ਬਰਬਾਦ ਕਰਦੇ ਜਾ ਰਹੇ ਹਨ ਅਜਿਹੇ ਅਖੌਤੀ ਬਾਬੇ ਜੋ ਆਪਣੀ ਜ਼ਿੰਦਗੀ ਤੇ ਆਪਣਿਆਂ ਨੂੰ ਪਰੇਸ਼ਾਨ ਕਰਨ ਵਾਲੇ, ਕੰਮ ਤੋਂ ਵਿਹਲਿਆਂ ਨੇ ਅਣਖੀ ਸਿੱਖ ਨੌਜੁਆਨ ਪੀੜੀ ਨੂੰ ਡੇਰਾਵਾਦ ਵੱਲ ਭਰਮਾਉਣ ਦਾ ਬਾਖ਼ੂਬੀ ਰੋਲ ਨਿਭਾਇਆ ਹੈ। ਇਹ ਅਖੌਤੀ ਬਾਬੇ ਦੋ ਵੇਲੇ ਦੀ ਰੋਟੀ ਤੋਂ ਭੁੱਖੇ ਅੱਜ ਅਰਬਾਂ ਪਤੀ ਬਣੇ ਪਏ ਹਨ। ਇਹਨਾਂ ਦੀਆਂ ਇਹ ਦੁਕਾਨਾਂ ਸ਼ਹਿਰਾਂ ਤੇ ਪਿੰਡਾਂ ਵਿਚ ਆਪਣਾ ਰੋਲ ਬਾਖ਼ੂਬੀ ਨਿਭਾ ਰਹੀਆਂ ਹਨ। ਜੇਕਰ ਇਹਨਾਂ ਦੇ ਚਰਿੱਤਰ ਵੱਲ ਜਾਂ ਪਿਛੋਕੜ ਵੱਲ ਧਿਆਨ ਦਿੱਤਾ ਜਾਵੇ ਤਾਂ ਉਹ ਵੀ ਕੋਈ ਜ਼ਿਆਦਾ ਚੰਗਾ ਨਹੀਂ ਹੁੰਦਾ। ਸਿੱਖ ਪੀੜੀ ਦਾ ਝੁਕਾਅ ਦਿਨ ਪ੍ਰਤੀ ਦਿਨ ਇਹਨਾਂ ਵੱਲ ਵਧਦਾ ਜਾ ਰਿਹਾ ਹੈ ਜੋ ਕਿ ਅਤਿ ਚਿੰਤਾ ਦਾ ਵਿਸ਼ਾ ਹੈ ਅੱਜ ਡੇਰਿਆਂ ਵਿਚ ਲੱਖਾਂ ਪੜ੍ਹੇ ਲਿਖੇ ਤੇ ਅੰਮ੍ਰਿਤਧਾਰੀ ਸਿੱਖ ਤੇ ਬੀਬੀਆਂ ਆਮ ਹੀ ਅਜਿਹੇ ਅਖੌਤੀ ਬਾਬਿਆਂ ਦੇ ਗੋਡੇ ਘੁੱਟਦੇ ਨਜ਼ਰ ਆਉਂਦੇ ਹਨ ਕਿਸੇ ਨੇ ਬਾਹਰ ਜਾਣਾ ਹੋਵੇ, ਵਿਆਹ ਨਾ ਹੁੰਦਾ ਹੋਵੇ , ਨੌਕਰੀ ਵਿਚ ਤਰੱਕੀ ਨਾ ਹੁੰਦੀ ਹੋਵੇ ਆਦਿ ਹੋਰ ਕੰਮਾਂ ਲਈ ਥਾਂ ਥਾਂ ਖੁੱਲ੍ਹੇ ਜੋਤਿਸ਼ ਕੇਂਦਰਾਂ ਵਿਚ ਜਨਤਾ ਦਾ ਇਕੱਠ ਆਮ ਦੇਖਣ ਨੂੰ ਮਿਲ ਜਾਂਦਾ ਹੈ ਜਿਸ ਵਿਚ ਵੱਡੀ ਗਿਣਤੀ ਗੁਰੂ ਦੇ ਸਜੇ ਸਿੰਘਾਂ ਦੀ ਵੀ ਹੁੰਦੀ ਹੈ। ਚਾਰ ਕਿਤਾਬਾਂ ਲਈ ਬੈਠੇ ਪਾਂਡੇ ਕਾਗਜ਼ ਤੇ ਪੈੱਨ ਨਾਲ ਚਾਰ ਲੀਕਾਂ ਵਾਹ ਅਜਿਹੇ ਭਰਮਾਂ ਵਿਚ ਪਾਉਂਦੇ ਹਨ ਕਿ ਉਸ ਤੋਂ ਬਾਅਦ ਬੰਦੇ ਦੀ ਪੂਰੀ ਮੁੰਜ ਲਾ ਛੱਡਦੇ ਹਨ। ਇਸੇ ਕਾਰਨ ਕਰ ਕੇ ਸਿੱਖ ਪਰਿਵਾਰਾਂ ਦਾ ਝੁਕਾਅ ਬ੍ਰਾਹਮਣਵਾਦ ਡੇਰਾਵਾਦ ਵੱਲ ਵਧਦਾ ਜਾਣਾ ਦੁੱਖ ਜਾ ਵਿਸ਼ਾ ਬਣਦਾ ਜਾ ਰਿਹਾ ਹੈ। ਕੀ ਸਾਡਾ ਬਾਬੇ ਨਾਨਕ ਦੀ ਬਾਣੀ ਉੱਤੋਂ ਵਿਸ਼ਵਾਸ ਤੇ ਯਕੀਨ ਹੀ ਉੱਠ ਚੁੱਕਾ ਹੈ ?

ਡੇਰਾਵਾਦ ਵੱਲ ਝੁਕਾਅ ਕਾਰਨ ਪਿਛਲੇ ਕਈ ਸਾਲਾਂ ਵਿਚ ਮੰਗਤਾਵਾਦ ਵਿਚ ਵੀ ਬਹੁਤ ਵਾਧਾ ਹੋਇਆ ਹੈ ਪਿੰਡਾ ਤੇ ਸ਼ਹਿਰਾਂ ਵਿਚ ਜਾਤ ਪਾਤ ਬਰਾਦਰੀਆਂ ਦੇ ਆਪਣੇ ਅਲੱਗ-ਅਲੱਗ ਗੁਰੂ ਘਰ ਹਨ ਇਹਨਾਂ ਗੁਰਦੁਆਰਿਆਂ ਦੇ ਨਾਮ ’ਤੇ ਅਸੀਂ ਆਮ ਦੇਖਦੇ ਹਾਂ ਕਿ ਪਿੰਡਾ ਤੇ ਸ਼ਹਿਰਾਂ ਵਿਚ ਵੱਖ ਵੱਖ ਸੁਸਾਇਟੀਆਂ ਵਾਲੇ ਚੰਦਾ ਇਕੱਠਾ ਕਰਦੇ ਹਨ। ਕੀ ਇਕੱਠਾ ਹੋਇਆ ਚੰਦਾ ਅਨਾਜ ਕੱਪੜਾ-ਲੱਤਾ ਉਨ੍ਹਾਂ ਗੁਰਦੁਆਰਿਆਂ ਵਿਚ ਹੀ ਲਗਾਇਆ ਜਾਂਦਾ ਹੈ ? ਜਵਾਬ ਹੋਵੇਗਾ ਨਹੀਂ….। ਸਾਡੇ ਬਾਬੇ ਨਾਨਕ ਨੇ ਤਾਂ ਮਿਹਨਤ ਕਰ ਤੇ ਵੰਡ ਛੱਕਣ ਦਾ ਫੁਰਮਾਣ ਦਿੱਤਾ, ਨਾ ਕਿ ਮੰਗ ਕੇ ਖਾਣ ਦਾ……। ਕੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਸਿੰਘ ਡੇਰਾਵਾਦ ਦਾ ਪ੍ਰੇਮੀ ਹੁੰਦਾ ਜਾ ਰਿਹਾ ਹੈ ? ਗੁਰੂ ਜੀ ਨੇ ਤਾਂ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾਉਣ ਲਈ ਕਿਹਾ ਹੈ ਫਿਰ ਉਸ ਦਾ ਸਿੱਖ ਕਿਉਂ ਮੜ੍ਹੀਆਂ ਮਸਾਣੀਆਂ ਦਾ ਪੁਜਾਰੀ ਬਣਦਾ ਜਾ ਰਿਹਾ ਹੈ ? ਕਿਉਂ ਬ੍ਰਾਹਮਣਾਂ ਤੇ ਪੰਡਤਾਂ ਦੇ ਚੱਕਰ ਕੱਢ ਰਿਹਾ ਹੈ  ? ਇਸ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਅਜੋਕੇ ਯੁੱਗ ਵਿਚ ਕਿਸੇ ਕੋਲ ਇੰਨਾ ਸਮਾਂ ਹੀ ਨਹੀਂ ਕਿ ਉਹ ਗੁਰੂ ਜੀ ਦੇ ਪੰਜ ਕੱਕੇ ਧਾਰਨ ਕਰ ਸਕੇ, ਰਹਿਤ ਮਰਿਆਦਾ ਰੱਖ ਸਕੇ, ਦਸਵੰਧ ਕੱਢ ਸਕੇ, ਨਸ਼ੇ ਤਿਆਗ ਸਕੇ, ਸਵੇਰੇ ਉੱਠ ਪੰਜਾਂ ਬਾਣੀਆਂ ਦਾ ਪਾਠ ਕਰ ਸਕੇ, ਸ਼ਾਮ ਨੂੰ ਚੈਨ ਨਾਲ ਬੈਠ ਰਹਰਾਸਿ ਸਾਹਿਬ ਦਾ ਪਾਠ ਕਰ ਸਕੇ ਪਰ ਡੇਰਾਵਾਦ ਵਿਚ ਕੁੱਝ ਵੀ ਵਰਜਿਤ ਨਹੀਂ। ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਕੌਮ ਦੇ ਜਥੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਸੀ ਲੜਾਈ ਤੇ ਰਾਜਨੀਤੀ ਨੂੰ ਪਹਿਲ ਦੇਣ ਦੀ ਥਾਂ ਧਰਮ-ਪ੍ਰਚਾਰ ਵੱਲ ਧਿਆਨ ਦੇਣ। ਸਿੱਖ ਮਰਿਆਦਾ ਨੂੰ ਸਭ ਤੋਂ ਵੱਧ ਠੇਸ ਉਦੋਂ ਪਹੁੰਚਦੀ ਹੈ ਜਦੋਂ ਗੁਰਦੁਆਰਿਆਂ ਅੰਦਰ ਹੀ ਵੱਖ ਵੱਖ ਥਾਵਾਂ ’ਤੇ ਅਲੱਗ ਜਗਾ ਬਣਾ ਕਰਮਕਾਂਡ ਤੇ ਪਾਖੰਡ ਬਣਾਏ ਜਾਂਦੇ ਹਨ । ਗੁਰਦੁਆਰਿਆਂ ਅੰਦਰ ਗੁਰੂ ਗ੍ਰੰਥ ਸਾਹਿਬ ਵਾਂਗ ਹੀ ਜੁੱਤੀਆਂ ਚੋਲ੍ਹਿਆਂ ਅਤੇ ਹੋਰ ਸਮਾਨ ਨੂੰ ਮਨਮਤ ਅਨੁਸਾਰ ਪੂਜਿਆ ਜਾਂਦਾ ਹੈ ਇਹ ਚੀਜ਼ਾਂ ਇਤਿਹਾਸ ਵਾਂਗ ਸਜਾ ਕੇ ਰੱਖੀਆਂ ਜਾਂਦੀਆਂ ਹਨ। ਸ਼੍ਰੋਮਣੀ ਕਮੇਟੀ ਦੇ ਹੇਠਾਂ ਚੱਲ ਰਹੀਆਂ ਬੇਅੰਤ ਕਮੇਟੀਆਂ ਵੱਲੋਂ ਵੀ ਕਈ ਅਜਿਹੇ ਕਦਮ ਚੁੱਕੇ ਗਏ ਜਿਸ ਨੇ ਸਿੱਖ ਨੂੰ ਸਿੱਖੀ ਤੋਂ ਦੂਰ ਕਰਨ ਵਿਚ ਅਹਿਮ ਰੋਲ ਨਿਭਾਇਆ ਹੈ । ਇਨ੍ਹਾਂ ਕਮੇਟੀਆਂ ਨੇ ਮਰਿਆਦਾ ਨਾ ਨਿਭਾਏ ਜਾਣ ਦੇ ਨਾਂ ’ਤੇ ਕਈ ਸਿੱਖ ਪਰਿਵਾਰਾਂ ਦੇ ਘਰੋਂ ਗੁਰੂ ਸਾਹਿਬ ਦੇ ਸਰੂਪ ਚੁੱਕੇ ਤੇ ਪਰਿਵਾਰਾਂ ਨੂੰ ਬੇਇੱਜ਼ਤ ਵੀ ਕੀਤਾ। ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਸੰਸਾਰ ਵਿਚ ਕਿੰਨੇ ਸਿੱਖ ਪਰਿਵਾਰ ਸਿੱਖੀ ਨਾਲ ਜੁੜ ਸਕਣਗੇ, ਜੋ ਪੂਰੀ ਸਿੱਖ ਰਹਿਤ ਮਰਿਆਦਾ ਨਿਭਾ ਸਕਣ ? ਸੰਗਤ ਜੀ ਕਹਿਣ ਦੇਣਾ ਬਲਕਿ ਹੋਣਾ ਤਾਂ ਇੰਜ ਚਾਹੀਦਾ ਸੀ ਕਿ ਹਰ ਸਿੱਖ ਦੇ ਘਰ ਗੁਰੂ ਸਾਹਿਬ ਦਾ ਸਰੂਪ ਹੋਵੇ ਚਾਹੇ ਉਹ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਤੇ ਚਾਹੇ ਸੈਂਚੀਆਂ ਦੇ ਰੂਪ ਵਿਚ ਹੀ ਅਤੇ ਉਸ ਦੀ ਸਾਂਭ ਸੰਭਾਲ ਲਈ ਪੂਰਨ ਮਰਿਆਦਾ ਦੀ ਜਾਣਕਾਰੀ ਦੇਣਾ ਪਹਿਲ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ। ਉਸ ਦੇ ਰੱਖਣ ਲਈ ਸਾਫ਼ ਸੁਥਰੇ ਰੁਮਾਲੇ ਉਚਿਤ ਸਾਫ਼ ਸੁਥਰੇ ਅਸਥਾਨ ਵਾਲਾ ਕਮਰਾ। ਡੇਰਾਵਾਦ ਦੁਆਰਾ ਹੋ ਰਿਹਾ ਸਿੱਖੀ ਦਾ ਘਾਣ ਰੋਕਣ ਲਈ ਹਰ ਅਹਿਮ ਕਦਮ ਉੱਠਾਏ ਜਾਣੇ ਚਾਹੀਦੇ ਹਨ ਇਸ ਸਬੰਧੀ ਸਿੱਖ ਕੌਮ ਨੂੰ ਜਾਗਰਿਤ ਕਰਨ ਲਈ ਢਾਡੀ ਵਾਰਾਂ, ਵੀਰ-ਰਸ ਨਾਟਕ ਕਰਵਾਏ ਜਾਣੇ ਚਾਹੀਦੇ ਹਨ । ਬਾਬੇ ਨਾਨਕ ਦੇ ਸੱਚੇ ਸੌਦੇ ਵਾਲੀ ਦੁਕਾਨ ਤੋਂ ਭਟਕੇ ਸਿੱਖਾਂ ਤੋਂ ਡੇਰਾਵਾਦ, ਵਹਿਮ, ਭਰਮ, ਧਾਗੇ, ਤਵੀਤ, ਕਾਲੇ ਜਾਦੂ ਵਰਗੇ ਸੌਦੇ ਲੈਣ ਤੋਂ ਰੋਕਿਆ ਜਾਵੇ ਤੇ ਇਹ ਕਦਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਦੁਆਰਾ ਜਾਂ ਸਿੱਖ ਪ੍ਰਚਾਰਕਾਂ ਦੁਆਰਾ ਸਿੱਖੀ ਮਰਿਆਦਾ, ਸਿੱਖੀ ਇਤਿਹਾਸ ਬਾਰੇ ਜਾਗਰੂਕ ਕਰਨ ਦੇ ਫ਼ੈਸਲਿਆਂ ਉੱਪਰ ਨਿਰਭਰ ਕਰਦਾ ਹੈ। ਜੇਕਰ ਕੌਮ ਨੂੰ ਦਿਸ਼ਾ ਦੇਣ ਵਾਲੇ ਜਥੇਦਾਰਾਂ ਤੇ ਪ੍ਰਚਾਰਕਾਂ ਵੱਲੋਂ ਸਖ਼ਤ ਫ਼ੈਸਲੇ ਲਏ ਜਾਣ ਤਾਂ ਹੀ ਸਿੱਖਾਂ ਨੂੰ ਡੇਰਾਵਾਦ ਤੇ ਪੰਡਿਤ ਵਾਦ ਤੋਂ ਮੋੜਿਆ ਜਾ ਸਕਦਾ ਹੈ। ਸਿੱਖ ਸੰਗਤ ਨੂੰ ਬੇਨਤੀ ਹੈ ਕਿ ਡੇਰਾਵਾਦ ਤੇ ਪੰਡਤ ਵਾਦ ਤੋਂ ਮੁਕਤ ਹੋ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਬਾਣੀ ਦੁਆਰਾ ਆਪਣੀਆਂ ਸਮੱਸਿਆਵਾਂ ਦਾ ਹੱਲ, ਰੱਬੀ ਭਾਣੇ ਵਿਚ ਰਹਿ ਕਿ ਲੱਭਣਾ ਚਾਹੀਦਾ ਹੈ।

ਬੂਬਨੇ ਸਾਧ ਦਾ ਕਿਰਦਾਰ

0

ਬੂਬਨੇ ਸਾਧ ਦਾ ਕਿਰਦਾਰ

ਹੱਟਾ ਕੱਟਾ ਬੂਬਨਾ ਸਾਡੇ ਪਿੰਡ ਆਇਆ । ਕਬਰਾਂ ਦੇ ਵਿੱਚ ਓਸ ਨੇ, ਜਾ ਧੂਣ੍ਹਾ ਲਾਇਆ ।

ਲਕੜ ਟੰਬਾ ਕੱਟ ਕੇ, ਇਕ ਢਾਂਚਾ ਖੜਿਆ ।  ਟੋਟਾ ਇੱਕ ਤਰਪਾਲ ਦਾ, ਉਹਦੇ ਉੱਤੇ ਧਰਿਆ ।

ਸਿਰ ਢਕਣ ਕਰ ਲਿਆ, ਉਹਨੇ ਕੁੱਲੀ ਪਾ ਕੇ ।  ਮਕੜ ਜਾਲ ਵਿਛਾਇਆ, ਉਸ ਸੰਖ ਵਜਾ ਕੇ ।

ਵਾਲ ਸੁਨਿਹਰੀ ਚਮਕਦੇ, ਸੋਨੇ ਦੀਆਂ ਤਾਰਾਂ । ਪੈਰਾਂ ਉੱਤੇ ਡਿਗਦੀਆਂ, ਬੁੱਢੀਆਂ, ਮੁਟਿਆਰਾਂ ।

ਪਰੌਠੇ ਦੇਸੀ ਘਿਉ ਦੇ, ਨਾਲ ਖੀਰ ਦੀ ਥਾਲੀ । ਛਕਾਵੇ ਨਾਲ ਪਰੇਮ ਦੇ, ਬੀਬੋ ਦਿੱਲੀ ਵਾਲੀ ।

ਡੋਲੂ ਕੱਚੇ ਦੁੱਧ ਦਾ, ਭਾਨੋ ਲਿਆਵੇ ਭਰ ਕੇ । ਹਲਵਾ ਤਿੰਨ ਮੇਲ ਦਾ, ਮੁੜ ਜਾਂਦੀ ਧਰ ਕੇ ।

ਖੜਕਨ ਚਿਮਟੇ ਰਾਤ ਨੂੰ, ਭੇਖੀ ਦੇ ਡੇਰੇ ।  ਸੰਬਰੇ ਡੇਰਾ ਸਾਧ ਦਾ, ਸ਼ਾਮੋ ਸ਼ਾਮ-ਸਵੇਰੇ ।

ਨਸ਼ੇੜੀ ’ਕੱਠੇ ਹੋ ਕੇ ਉੱਥੇ ਲੁੱਟਦੇ ਮੌਜਾਂ । ਬਾਟਾ ਪੀ ਕੇ ਭੰਗ ਦਾ, ਜਸ ਗਾਉਂਦੀਆਂ ਫੌਜਾਂ।

ਹੌਲੀ ਹੌਲੀ ਲੱਗ ਪਿਆ, ਓਥੇ ਚੜਨ ਚੜਾਵਾ । 

ਪੰਜ ਰਤਨੀ ਨਾਲ ਵੰਡਦਾ, ਕਾਲੀ ਦਾ ਮਾਵਾ ।

ਧਾਗੇ ਤਬੀਤ ਵਾਲਿਆਂ ਦੀ, ਡਾਰ ਲੰਮੇਰੀ । 

ਨੰਬਰ ਲਾ ਲਾ ਤੋਰਦੀ, ਬਾਬੇ ਦੀ ਚੇਰੀ ।

ਹੱਥ ਜੋੜ ਕੇ ਅਰਜਾਂ, ਇਕ ਬੀਬਾ ਕਰਦੀ । 

ਖੋਲ ਰੁਪਈਏ ਚੁੰਨੀਓਂ, ਧੂਣ੍ਹੇ ਅੱਗੇ ਧਰਦੀ ।

ਦਿਨੇ ਰਾਤ ਉਹ ਬੁੜੀ ਦੇ, ਹੀ ਸੋਹਲੇ ਗਾਵੇ । ਮੇਰੀ ਇੱਕ ਨਾ ਸੁਣਦਾ, ਵੱਢ ਖਾਣ ਨੂੰ ਆਵੇ ।

ਚੱਕਿਆ ਹੋਇਆ ਮਾਂ ਦਾ, ਨਿਤ ਕਰੇ ਕੁਟਾਪਾ । ਖੌਰੇ ਕਦੋਂ ਮੁਕਣਾ, ਸਾਡਾ ਸਿੜੀ-ਸਿਆਪਾ ।

ਦਾਸੀ ਬਣ ਕੇ ਰਹੂੰਗੀ, ਮੇਰੀ ਵੰਗ ’ਚ ਆਵੇ । ਮੇਰੇ ਵਾਂਗਰਾਂ ਉਹ ਭੀ, ਡੇਰੇ ਸੇਵ ਕਮਾਵੇ ।

ਰਾਖ ਪਿਆਦੀਂ ਓਸ ਨੂੰ, ਚਾਹ ਵਿਚ ਮਿਲਾ ਕੇ । ਭਰ ਜਾਵੀਂ ਪੰਜ ਚੌਕੀਆਂ, ਤੂੰ ’ਕੱਲੀ ਆ ਕੇ ।

ਓਹ ਚੱਲੀ, ਹੋਰ ਆ ਗਈ, ਬਾਬੇ ਦੀ ਚੇਰੀ । ਤਿਪ ਨਾ ਦੇਵੇ ਦੁੱਧ ਦੀ, ਸੱਜਰ ਸੂਈ ਮੇਰੀ ।

ਖੌਰੇ ਕੌਣ ਕਰਾ ਗਿਆ, ਤੱਤੀ ਦੇ ਵਿਹੜੇ । ਖ਼ਾਲੀ ਪੀਪੇ ਖੜਕਦੇ, ਭੰਗ ਭੁਜਦੀ ਮੇਰੇ ।

ਬਾਬੇ ਅੱਖਾ ਮੀਟ ਕੇ, ਫਿਰ ਤੁੱਕਾ ਲਾਇਆ। ਕੋਟਲੇ ਵਾਲੇ ਸ਼ੇਖ ਤੋਂ, ਕਾਲਾ ਇਲਮ ਕਰਾਇਆ।

ਨੰਨਾਂ ਲੱਗਦਾ ਨਾਉਂ ਨੂੰ, ਲੰਬੜਾਂ ਦੀ ਨਾਮੋ । ਨਾਲ ਗਈ ਸੀ ਉਸ ਦੇ, ਭੁਲਰਾਂ ਦੀ ਸ਼ਾਮੋ ।

ਉਹਦੇ ਕਾਲੇ ਇਲਮ ਨੇ, ਹੀ ਪਾਏ ਪਟਾਕੇ । ਗੁੜ ਦੇ ਵਿੱਚ ਖਵਾ ਗਈ, ਤੇਰੀ ਮੱਝ ਨੂੰ ਆ ਕੇ ।

ਭਰੀ ਭਰਾਈ ਬਾਬੇ ਦੀ, ਜਾ ਭੜਥੂ ਪਾਇਆ । ਨਾਮੋ ਦੇ ਦਰ ਜਾ ਕੇ, ਓਹਨੇ ਮਜਮਾ ਲਾਇਆ ।

ਪਰਦੇ ਫੋਲੇ ਦੋਹਾਂ ਨੇ, ਸੱਥ ਦੇ ਵਿੱਚ ਖੜ੍ਹ ਕੇ । ਨੰਗਾ ਕਰਿਆ ਢਿੱਡ ਹੀ, ਆਪੋ ਵਿੱਚ ਲੜ ਕੇ ।

ਹੌਲੀ ਹੌਲੀ ਚੱਲ ਪਈ, ਬੂਬਨੇ ਦੀ ਹੱਟੀ । 

ਮੌਜਾਂ ਖਾਣ ਪੀਣ ਨੂੰ, ਹੋਵੇ ਚੰਗੀ ਖੱਟੀ ।

ਕੋਈ ਕੰਗਣ ਚਾੜਦੀ, ਕੋਈ ਚਾੜੇ ਕੋਕਾ । 

ਬਾਬਾ ਵੰਡੀ ਜਾਂਦਾ, ਮੁੰਡਿਆਂ ਦਾ ਕੋਟਾ ।

ਪੋਹ ਮਹੀਨੇ ਉਸ ਨੇ, ਕਰਿਆ ਜਲਧਾਰਾ ।  ਰਾਸ਼ਨ ’ਕੱਠਾ ਹੋ ਗਿਆ, ਸੀ ਵਿਤੋਂ ਬਾਹਰਾ ।

ਬੋਰੇ ਕਈ ਅਨਾਜ ਦੇ, ਨਾਲੇ ਨਕਦੀ ਭਾਰੀ । ਮਾਇਆ ਉੱਤੇ ਨਾਗ ਨੇ, ਸੀ ਕੁੰਡਲੀ ਮਾਰੀ ।

ਸਵਾ ਮਹੀਨਾ ਚੱਲਿਆ, ਫਿਰ ਖੂਬ ਭੰਡਾਰਾ । ਸੇਵਾ ਦੇ ਵਿੱਚ ਜੁਟਿਆ, ਆ ਕੇ ਪਿੰਡ ਸਾਰਾ ।

ਲੀੜਾ-ਲੱਤਾ ਵੇਚਤਾ, ਸਣੇ ਅਨਾਜ ਦੇ ਬੋਰੇ । ਉਹਦੀਆਂ ਅੱਖਾਂ ਵਿੱਚ ਨੱਚਦੇ, ਸ਼ੈਤਾਨੀ ਡੋਰੇ ।

ਬੀਬੋ ਦਿੱਲੀ ਵਾਲੀ, ਬਾਬੇ ਮਨ ਭਾਈ । ਖਚਰੀ ਅੱਖ ਓਸ ਦੀ, ਉਸ ਉੱਤੇ ਆਈ ।

ਚੂਰੀ ਦੇਸੀ ਘਿਉ ਦੀ, ਬਾਬੇ ਲਈ ਆਵੇ । ਕਾੜ੍ਹੇ ਹੋਏ ਦੁੱਧ ਨਾਲ, ਬੈਹ ਬੂਬਨਾ ਖਾਵੇ ।

ਚੋਰੀ-ਸਪੋਰੀ ਮਿਲਦੇ, ਦੋਵੇਂ ਅੱਖ ਬਚਾ ਕੇ । ਕੈਦੋ ਵਾਲੀ ਅੱਖ ਨੇ, ਉਹ ਫੜਲੇ ਜਾ ਕੇ ।

ਬੀਬੋ ਅਤੇ ਬਾਬੇ ਦੀ, ਖਿੰਡ ਗਈ ਕਹਾਣੀ । ਡਾਗਾਂ ਚੱਕੀ ਫਿਰਦੀ, ਮਰਦਾਂ ਦੀ ਢਾਣੀ ।

’ਕੱਠੇ ਹੋ ਬਜੁਰਗਾਂ ਨੇ, ਮਤਾ ਪਕਾਇਆ । ਪਿੰਡੋ ਕੱਢੋ ਬੂਬਨਾ, ਗੰਦ ਇਹਨੇ ਪਾਇਆ ।

ਬੀਬੋ ਅੱਖ ਬਚਾ ਕੇ, ਚੱਲ ਕੁਟੀਆ ਆਈ । ਖਿਚੜੀ ਜਿਹੜੀ ਪੱਕਦੀ, ਬਾਬੇ ਕੰਨੀਂ ਪਾਈ ।

ਸੋਚਾਂ ਦੇ ਵਿੱਚ ਡੁਬਿਆ, ਰੰਗ ਹੋ ਗਿਆ ਪੀਲਾ । ਸਾੜ ਸਤੀ ਤੋਂ ਬੱਚਣ ਦਾ, ਕੋਈ ਕਰੀਏ ਹੀਲਾ ।

ਅੱਖੀਂ ਘੱਟਾ ਪਾਉਣ ਨੂੰ, ਉਹਨੇ ਝੁੱਗੀ ਸਾੜੀ । ਦਲੀਆ ਬਣਜੇ ਖੀਰ ਦਾ, ਜਦ ਕਿਸਮਤ ਮਾੜੀ ।

ਅੱਗ ਬੁਝਾਈ ਪਿੰਡ ਨੇ, ਫਿਰ ਢੋਲ ਵਜਾ ਕੇ । ਹੱਡ ਕੋਈ ਨਾ ਲੱਭਿਆ, ਜਦ ਫੋਲਿਆ ਜਾ ਕੇ ।

ਕਮਾਦ ਦੇ ਵਿੱਚੋਂ ਨਿਕਲਿਆ, ਕਾਲਾ ਪਰਛਾਵਾਂ । ਵਾਹ ਉਏ ਵੱਡਿਆ ਆਸ਼ਕਾ, ਤੈਤੋਂ ਸਦਕੇ ਜਾਵਾਂ ।

ਮਿਰਗਾਂ ਨੇ ਜਾ ਕੇ ਘੇਰ ਲਈ, ਬੀਬੋ ਮੁਰਗਾਬੀ । ਉਹ ਬੈਠਾ ਵਿੱਚ ਕਮਾਦ ਦੇ, ਹੋਇਆ ਸ਼ਰਾਬੀ ।

ਸੱਥ ਦੇ ਵਿੱਚ ਲਿਆ ਕੇ, ਓਹਦੀ ਭੁਗਤ ਸਵਾਰੀ । ਪੰਜ-ਪੰਜ ਮਾਰਨ ਜੁੱਤੀਆਂ, ਸਾਰੇ ਵਾਰੋ ਵਾਰੀ ।

ਭੇਜਿਆ ਚੌਕੀਦਾਰ ਨੂੰ, ਫਿਰ ਥਾਣਾ ਆਇਆ । ਊਠ ਦੇ ਵਾਂਗੂੰ ਰਿੰਙਦਾ, ਜਦ ਘੋਟਾ ਲਇਆ ।

ਨਿਤਾਰ ਲਿਆ ਥਾਣੇਦਾਰ ਨੇ, ਫਿਰ ਦੁੱਧੋਂ ਪਾਣੀ । ਖਿੱਦੋ ਵਾਂਗੂੰ ਉਦੜੀ, ਉਹਦੀ ਪਾਪ ਕਹਾਣੀ ।

ਰੰਨ ਉਧਾਲੀ ਪੱਟੀਉਂ, ਦਰਜ ਹੋਇਆ ਪਰਚਾ । ਜਾਨ ਲਕੋਂਦਾ ਫਿਰਦਾ, ਇਹ ਪੁਲਿਸ ਤੋਂ ਡਰਦਾ ।

ਭਗੌੜਾ ਹੋਇਆ ਜਦੋਂ ਦਾ, ਇਹ ਮਾਰ ਕੇ ਡਾਕਾ । ਫਰੌਤੀ ਖ਼ਾਤਰ ਮਾਰਿਆ, ਇਕ ਸ਼ਾਹ ਦਾ ਕਾਕਾ ।

ਨੂੜ ਲਿਆ ਫਿਰ ਪੁਲਸ ਨੇ, ਹੱਥ ਕੜੀਆ ਲਾ ਕੇ । ਸੁੱਟ ਲਿਆ ਵਿੱਚ ਜੀਪ ਦੇ, ਪੈਰੀਂ ਸੰਗਲ ਪਾ ਕੇ ।

ਏਹ ਭੂਸਰੇ ਹੋਏ ਸਾਹਨ ਨੇ, ਖਰੂਦ ਮਚਾਉਂਦੇ । ਭਰਮਾਂ ਦੇ ਵਿੱਚ ਪਾ ਕੇ, ਆਪ ਐਸ਼ ਉਡਾਉਂਦੇ ।

ਸ਼ਬਦ ਗੁਰੂ ਨਾਲ ਜੁੜ ਕੇ, ਸੱਚੇ ਗੁਰੂ ਨੂੰ ਪਾਵੋ । ‘ਸੇਖੋਂ’ ਇਹਨਾ ਬੂਬਨਿਆਂ ਨੂੰ, ਕਦੇ ਮੂੰਹ ਨਾ ਲਾਵੋ ।

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। (ਭਾਗ ਚੌਥਾ)

2

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। (ਭਾਗ ਚੌਥਾ)

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ।–ਭਾਗ ਪਹਿਲਾ—

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ।– ਭਾਗ ਦੂਜਾ–

ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। —ਭਾਗ ਤੀਜਾ—

ਪਿਛਲੇ ਭਾਗ ਵਿੱਚ ਨਾਂਵ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਲੱਗੇ ਕੰਨੇ ਨੂੰ ਬਿੰਦੀ ਸਹਿਤ ਜਾਂ ਬਿੰਦੀ ਰਹਿਤ ਉਚਾਰਨ ਬਾਰੇ ਵੀਚਾਰ ਕੀਤੀ ਗਈ ਸੀ ਤੇ ਇਸ ਹਥਲੇ ਭਾਗ ਵਿੱਚ ਨਾਂਵ ਸ਼ਬਦਾਂ ਦੇ ਅੰਤਿਮ ਅੱਖਰ ਨੂੰ ਲੱਗੀ ਬਿਹਾਰੀ ਨੂੰ ਬਿੰਦੀ ਸਹਿਤ ਜਾਂ ਬਿੰਦੀ ਰਹਿਤ ਉਚਾਰਨ ਬਾਰੇ ਵਿਚਾਰ ਕੀਤੀ ਜਾਏਗੀ ।

ਪੰਜਾਬੀ ਵਿੱਚ ਕੁਝ ਇੱਕ-ਵਚਨ ਪੁਲਿੰਗ ਨਾਂਵ ਸ਼ਬਦ ਅੰਤ ਕੰਨੇ ਨਾਲ ਲਿਖੇ ਜਾਂਦੇ ਹਨ ਪਰ ਜੇ ਅੰਤਲੇ ਕੰਨੇ ਨੂੰ ਹਟਾ ਕੇ ਬਿਹਾਰੀ ਲੱਗ ਜਾਵੇ ਤਾਂ ਉਹ ਇਸਤ੍ਰੀ ਲਿੰਗ ਸ਼ਬਦ ਬਣ ਜਾਂਦੇ ਹਨ; ਜਿਵੇਂ ‘ਚਾਚਾ = ਚਾਚੀ, ਘੋੜਾ = ਘੋੜੀ, ਵੱਛਾ = ਵੱਛੀ’ ਆਦਿਕ ਪਰ ਗੁਰਬਾਣੀ ਵਿੱਚ ਜਦੋਂ ਬਹੁ-ਵਚਨ ਪੁਲਿੰਗ ਸ਼ਬਦਾਂ ਦੇ ਪਿਛੇਤਰ – ਨੇ, ਨੂੰ (ਲੁਪਤ) ਅਤੇ ‘ਨਾਲ, ਰਾਹੀਂ, ਵਿਚਿ, ਉਪਰਿ’ ਆਦਿਕ (ਪ੍ਰਗਟ ਤੌਰ ’ਤੇ) ਕਾਰਕੀ ਚਿੰਨ੍ਹ ਮਿਲਦੇ ਹੋਣ ਜਾਂ ਇਸ ਤਰ੍ਹਾਂ ਦੇ ਕਾਰਕੀ ਅਰਥ ਬਣਦੇ ਹੋਣ ਤਾਂ ਅੰਤ ਬਿੰਦੀ ਸਮੇਤ ਬਿਹਾਰੀ ਨਾਲ ਲਿਖੇ ਹੋਏ ਮਿਲਦੇ ਹਨ। ਕਈ ਥਾੲੀਂ ਓਹੀ ਅੰਤ ਬਿਹਾਰੀ ਵਾਲੇ ਸ਼ਬਦ ਬਿਨਾਂ ਬਿੰਦੀ ਤੋਂ ਵੀ ਲਿਖੇ ਗਏ ਹਨ, ਜਿਨ੍ਹਾਂ ਨੂੰ ਪ੍ਰਸੰਗ ਮੁਤਾਬਕ ਨਾਸਕੀ ਧੁਨੀ ਸਮੇਤ ਉਚਾਰਨਾ ਠੀਕ ਹੁੰਦਾ ਹੈ। ਅੰਤਲੇ ਅੱਖਰ ਨੂੰ ਲੱਗੀ ਬਿਹਾਰੀ ਵੇਖ ਕੇ ਇਨ੍ਹਾਂ ਸਾਰਿਆਂ ਨੂੰ ਇਸਤ੍ਰੀ ਲਿੰਗ ਵੀ ਨਹੀਂ ਸਮਝ ਲੈਣਾ ਚਾਹੀਦਾ ਕਿਉਂਕਿ ਇਨ੍ਹਾਂ ਵਿੱਚੋਂ ਕੁਝ ਪੁਲਿੰਗ ਸ਼ਬਦ ਵੀ ਹੁੰਦੇ ਹਨ। ਸੋ, ਚਲਦੇ ਪ੍ਰਸੰਗ ਅਨੁਸਾਰ ਅਰਥ ਭਰਪੂਰ ਤੇ ਉਚਾਰਨ ਪੱਖੋਂ ਧਿਆਨ ਰੱਖਣਾ ਅਤਿ ਜ਼ਰੂਰ ਹੁੰਦਾ ਹੈ; ਜਿਵੇਂ ਕਿ

(ੳ) ਕਰਤਾ ਕਾਰਕ: ਜਿਸ ਦਾ ਚਿੰਨ੍ਹ ਹੈ, ਨੇ ।

(1) ਏਨੀ ਠਗੀਂ, ਜਗੁ ਠਗਿਆ ; ਕਿਨੈ ਨ ਰਖੀ ਲਜ ॥ (ਮ: 1/1288) ਇਸ ਤੁਕ ਵਿੱਚ ‘ਠਗੀਂ’ ਸ਼ਬਦ ਬਿੰਦੀ ਸਹਿਤ ਲਿਖਿਆ ਹੋਇਆ ਹੈ; ਜਿਸ ਦਾ ਅਰਥ ਹੈ = ਠੱਗਾਂ ਨੇ। ਪੂਰੀ ਤੁਕ ਦਾ ਅਰਥ ਹੈ : ਇਹਨਾਂ ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ (ਜੋ ਭੀ ਇਹਨਾਂ ਦੇ ਢਹੇ ਚੜ੍ਹਿਆ, ਉਨ੍ਹਾਂ ’ਚੋਂ) ਕੋਈ ਵੀ (ਇਹਨਾਂ ਪਾਸੋਂ) ਆਪਣੀ ਇੱਜ਼ਤ ਨਾ ਬਚਾ ਸਕਿਆ।

(2) ਜਿਨੀ ਠਗੀ, ਜਗੁ ਠਗਿਆ ; ਸੇ ਤੁਧੁ ਮਾਰਿ ਨਿਵਾੜਾ ॥ (ਮ: 5/1097) ਅਰਥ ਹਨ : (ਹੇ ਪ੍ਰਭੂ  !) ਜਿਨ੍ਹਾਂ (ਕਾਮਾਦਿਕ) ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ, ਉਹ ਸਭ ਤੈਂ (ਮੇਰੇ ਅੰਦਰੋਂ) ਮਾਰ ਕੇ ਭਜਾ ਦਿੱਤੇ ਹਨ। (ਇਸ ਤੁਕ ਵਿੱਚ ਆਇਆ ਸ਼ਬਦ ‘ਠੱਗੀ’ ਗੁਰਬਾਣੀ ਵਿੱਚ ਲਿਖਿਆ ਤਾਂ ਬਿਨਾਂ ਬਿੰਦੀ ਤੋਂ ਹੈ ਪਰ ਅਰਥ ਇਸ ਤੁਕ ਵਿੱਚ ਵੀ ‘ਠੱਗਾਂ ਨੇ’ (ਪਹਿਲੀ ਤੁਕ ਵਾਙ) ਹੀ ਬਹੁ ਵਚਨ ਤੇ ਕਰਤਾ ਕਾਰਕ ਨਿਕਲਦੇ ਹਨ, ਇਸ ਲਈ ਤੁਕ ਨੰ: (1) ਤੋਂ ਸੇਧ ਲੈ ਕੇ ਇੱਥੇ ਵੀ ਬਿੰਦੀ ਸਹਿਤ ‘ਠਗੀਂ’ ਉਚਾਰਨ ਠੀਕ ਹੋਏਗਾ।)

ਉਪਰੋਕਤ ਮਿਸਾਲ ਤੋਂ ਸਪਸ਼ਟ ਹੈ ਕਿ ਗੁਰਬਾਣੀ ਲਿਖਤ ਵਿੱਚ ਇੱਕ (ਬਿੰਦੀ ਰਹਿਤ) ਸ਼ਬਦ ਦੇ ਉਚਾਰਨ ਲਈ ਦੂਸਰੇ ਬਿੰਦੀ ਸਹਿਤ ਲਿਖਤੀ ਸਰੂਪ ਤੋਂ ਸੇਧ ਲੈਣੀ ਗ਼ਲਤ ਨਹੀਂ ਹੈ ਪਰ ਹਰ ਨਾਂਵ ਸ਼ਬਦ ਨੂੰ ਅੰਤ ਬਿਹਾਰੀ ਲੱਗੀ ਵੇਖ ਬਿੰਦੀ ਲਗਾਉਣਾ ਵੀ ਠੀਕ ਨਹੀਂ; ਜਿਵੇਂ ਕਿ

(3) ਕੂੜੁ ਠਗੀ ਗੁਝੀ ਨਾ ਰਹੈ ; ਮੁਲੰਮਾ ਪਾਜੁ ਲਹਿ ਜਾਇ ॥ (ਮ: 4/303) ਅਰਥ :- ਕੂੜ ਤੇ ਠੱਗੀ ਲੁਕੀ ਛਿਪੀ ਨਹੀਂ ਰਹਿ ਸਕਦੀ ਉਨ੍ਹਾਂ ਦਾ ਮੁਲੰਮਾ ਪਾਜ (ਦਿਖਾਵਾ) ਲਹਿ ਹੀ ਜਾਂਦਾ ਹੈ। (ਅਤੇ)

(4) ਜਿ ਠਗੀ ਆਵੈ, ਠਗੀ ਉਠਿ ਜਾਇ; ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥ (ਮ: 4/317) ਅਰਥ :- ਜੋ (ਠੱਗ), ਠੱਗੀ ਲਈ ਦੋਸਤੀ ਗੰਢਣ ਆਉਂਦਾ ਹੈ ਅਤੇ ਠੱਗੀ ਲਈ ਹੀ ਖੜ੍ਹਾ ਹੋ ਕੇ ਤੁਰ ਜਾਂਦਾ ਹੈ, ਉਸ ਦੇ ਲਾਗੇ ਗੁਰੂ ਦਾ ਸਿੱਖ ਉੱਕਾ ਹੀ ਨਹੀਂ ਠਹਿਰਦਾ ਭਾਵ ਉਸ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਤੋਂ ਨਹੀਂ ਪਤੀਜਦਾ।

ਉਪਰੋਕਤ ਤੁਕ ਨੰਬਰ 3 ਤੇ ਨੰਬਰ 4 ਵਿੱਚ ‘ਠਗੀ’ ਸ਼ਬਦ ਦਾ ਅਰਥ ਹੈ ‘ਠੱਗੀ’ (ਇਸਤ੍ਰੀ ਲਿੰਗ, ਇੱਕ ਵਚਨ), ਨਾ ਕਿ ਤੁਕ ਨੰਬਰ 1 ਤੇ 2 ਵਾਙ ‘ਠੱਗਾਂ ਨੇ’ ਭਾਵ ਬਹੁ ਵਚਨ ਤੇ ਕਰਤਾ ਕਾਰਕ, ਇਸ ਲਈ ਤੁਕ ਨੰਬਰ 3 ਤੇ 4 ’ਚ ‘ਠੱਗੀਂ’ (ਬਿੰਦੀ ਸਮੇਤ) ਉਚਾਰਨ ਗ਼ਲਤ ਹੋਏਗਾ ਤੇ ਸਹੀ ਉਚਾਰਨ ਹੈ : ‘ਠੱਗੀ’ (ਬਿਨਾਂ ਬਿੰਦੀ ਤੋਂ)।

(ਅ) ਅਧਿਕਰਣ ਕਾਰਕ: ਜਿਸ ਦਾ ਚਿੰਨ੍ਹ ਹੈ, ਵਿਚਿ, ਅੰਦਰਿ, ਬਾਹਰਿ, ਉਪਰਿ (ਉੱਤੇ ਜਾਂ ’ਤੇ), ਹੇਠਿ, ਇਤਿਆਦਿਕ ।

(1). ਰੂਖਂੀ ਬਿਰਖਂੀ ਊਡਉ, ਭੂਖਾ ; ਪੀਵਾ ਨਾਮੁ ਸੁਭਾਈ  (ਮ: 1/1274) ਇਸ ਤੁਕ ਵਿੱਚ ‘ਰੂਖਂੀ’ ਅਤੇ ‘ ਬਿਰਖਂੀ’ ਸ਼ਬਦਾਂ ਵਿੱਚ ਬਿਹਾਰੀ ਤੋਂ ਪਹਿਲਾਂ ਬਿੰਦੀ ਲੱਗੀ ਹੋਈ ਹੈ; ਕ੍ਰਮਵਾਰ ਅਰਥ ਹਨ ‘ਰੁੱਖਾਂ ਉੱਪਰ, ਬਿਰਖਾਂ ਉੱਤੇ ਭਾਵ ਮੈਂ ਰੁੱਖਾਂ ਬਿਰਖਾਂ ’ਤੇ ਉੱਡ ਉੱਡ ਕੇ ਜਾਂਦਾ ਹਾਂ ਪਰ (ਸ੍ਵਾਂਤੀ ਬੂੰਦ ਤੋਂ ਸੱਖਣਾ) ਭੁੱਖਾ (ਪਿਆਸਾ) ਹੀ ਰਹਿੰਦਾ ਹਾਂ ! (ਬਬੀਹੇ ਦੀ ਅਜਿਹੀ ਵਿਲਕਣੀ ਵਾਙ ਹੁਣ ਮੈ ਵੀ ਮਾਇਆ ਦੀ ਆਸਾ ਮਨਸ਼ਾ ਮਗਰ ਦੌੜਦਾ ਨਹੀਂ ਬਲਕਿ) ਬੜੇ ਪਿਆਰ ਨਾਲ ਪਰਮਾਤਮਾ (ਪਤੀ) ਦਾ ਨਾਮ-ਅੰਮ੍ਰਿਤ ਪੀਂਦਾ ਹਾਂ।

(ਨੋਟ: ਅਜੋਕੀ ਪੰਜਾਬੀ ’ਚ ਬਿਹਾਰੀ ਤੋਂ ਪਹਿਲਾਂ (ਖੱਬੇ ਪਾਸੇ) ਬਿੰਦੀ ਜਾਂ ਟਿੱਪੀ ਅਤੇ ਬਿਹਾਰੀ ਤੋਂ ਬਾਅਦ (ਸੱਜੇ ਪਾਸੇ) ਟਿੱਪੀ ਲਗਾਉਣ ਦਾ ਰਿਵਾਜ ਨਹੀਂ ਜਦ ਕਿ ਗੁਰਬਾਣੀ ਵਿੱਚ ਇਸ ਨਿਯਮ ਦੀ ਵਰਤੋਂ ਕੀਤੀ ਹੋਈ ਮਿਲਦੀ ਹੈ; ਜਿਵੇਂ ਕਿ ਉਪਰੋਕਤ ‘ਰੂਖਂੀ ਬਿਰਖਂੀ’ ਵਾਙ ਹੀ ਇਸ ਤੁਕ ‘ੲੰੀਧਨ’ ਤੇ ਬੈਸੰਤਰੁ ਭਾਗੈ ॥ ਮਾਟੀ ਕਉ, ਜਲੁ ਦਹ ਦਿਸ ਤਿਆਗੈ ॥ (ਮ: ੫/੯੦੦) ’ਚ ਦਰਜ ‘ੲੰੀਧਨ’ ਸ਼ਬਦ ਦੀ ਬਿਹਾਰੀ ਤੋਂ ਪਹਿਲਾਂ ਟਿੱਪੀ ਦੀ ਵੀ ਵਰਤੋਂ ਕੀਤੀ ਗਈ ਹੈ, ਜੋ ਕਿ ਅਜੋਕੀ ਪੰਜਾਬੀ ’ਚ ਪ੍ਰਚਲਿਤ ਨਹੀਂ।)

(2). ਨਾ ਸਤਿ ਰੁਖੀਬਿਰਖੀ, ਪਥਰ ; ਆਪੁ ਤਛਾਵਹਿ ਦੁਖ ਸਹਹਿ ॥ (ਮ: 3/952) ਅਰਥ:- ਰੁੱਖਾਂ, ਬਿਰਖਾਂ ਤੇ ਪੱਥਰਾਂ ਦੀਆਂ ਗੁਫ਼ਾਵਾਂ ਵਿੱਚ ਵੀ ਸਿੱਧੀ ਨਹੀਂ ਹੈ ਭਾਵ ਇਨ੍ਹਾਂ ਦੀ ਟੇਕ ਲੈਣੀ ਵੀ ਨਿਰਮੂਲ ਹੈ। ਇਹ ਖ਼ੁਦ ਵੀ ਆਪਣੇ ਆਪ ਨੂੰ ਕਟਾਂਦੇ ਹਨ ਤੇ (ਕਈ ਕਿਸਮ ਦੇ) ਦੁੱਖ ਸਹਾਰਦੇ ਹਨ। (ਇਸ ਤੁਕ ਵਿੱਚ – ਰੁਖੀ, ਬਿਰਖੀ, ਬਿਨਾਂ ਬਿੰਦੀ ਤੋਂ ਲਿਖੇ ਹੋਏ ਹਨ ਪਰ ਅਰਥ ਤੁਕ ਨੰ: 1 ਵਾਲੇ ਅਧਿਕਰਣ ਕਾਰਕ ’ਚ ਹੀ ਹਨ, ਇਸ ਲਈ ਇਨ੍ਹਾਂ ਦਾ ਉਚਾਰਨ ਤੁਕ ਨੰ: 1 ਤੋਂ ਸੇਧ ਲੈ ਕੇ ਬਿੰਦੀ ਸਹਿਤ ਕਰਨਾ ਹੀ ਠੀਕ ਹੈ= ਰੁੱਖੀਂ, ਬਿਰਖੀਂ।)

ਉਪਰੋਕਤ ਸ਼ਬਦਾਂ ਵਾਙ ਹੀ ਕੁਝ ਕਾਰਕੀ ਤੇ ਬਹੁ ਵਚਨ ਸ਼ਬਦਾਂ ਦੀ ਬਿੰਦੀ ਸਹਿਤ ਵਿਚਾਰ ਹੇਠਾਂ ਕੀਤੀ ਜਾ ਰਹੀ ਹੈ :

(3). ਗਿਆਨ ਅੰਜਨੁ, ਜਾ ਕੀ ਨੇਤ੍ਰੀ ਪੜਿਆ; ਤਾ ਕਉ ਸਰਬ ਪ੍ਰਗਾਸਾ ॥ (ਮ: 5/610) ਭਾਵ ਹੇ ਭਾਈ  ! ਆਤਮਕ ਜੀਵਨ ਦੀ ਸੂਝ ਵਾਲਾ ਸੁਰਮਾ ਜਿਸ ਮਨੁੱਖ ਦੀਆਂ ਅੱਖਾਂ ਵਿਚ ਪੈ ਜਾਂਦਾ ਹੈ, ਉਸ ਨੂੰ ਸਾਰੀ ਸਮਝ ਪੈ ਜਾਂਦੀ ਹੈ। (ਇਸ ਤੁਕ ਵਿੱਚ ‘ਨੇਤ੍ਰੀ’ (ਇਸਤ੍ਰੀ ਲਿੰਗ, ਬਹੁ ਵਚਨ) ਦਾ ਅਰਥ ਹੈ= ‘ਅੱਖਾਂ ਵਿੱਚ’ (ਅਧਿਕਰਣ ਕਾਰਕ) ਅਤੇ ਉਚਾਰਨ ਬਿੰਦੀ ਸਹਿਤ ਹੈ= ਨੇਤ੍ਰੀਂ।)

(4). ਨਾਰੀ ਅੰਦਰਿ ਸੋਹਣੀ ; ਮਸਤਕਿ ਮਣੀ ਪਿਆਰੁ ॥ (ਮ: 1/54) ਭਾਵ ਇਸਤ੍ਰੀਆਂ ਵਿੱਚ ਉਹੀ ਸੁੰਦਰ ਹੈ ਜਿਸ ਨੇ ਆਪਣੇ ਮੱਥੇ ਉੱਤੇ ਪ੍ਰਭੂ ਦੇ ਪਿਆਰ ਵਾਲਾ ਟਿੱਕਾ ਲਾਇਆ ਹੋਇਆ ਹੈ। (ਇਸ ਤੁਕ ਵਿੱਚ ‘ਨਾਰੀ’ ਇਸਤ੍ਰੀ ਲਿੰਗ ਬਹੁ-ਵਚਨ ਤੇ ਅਧਿਕਰਣ ਕਾਰਕ ਹੈ, ਜਿਸ ਦਾ ਅਰਥ ਹੈ= ਇਸਤ੍ਰੀਆਂ ਵਿੱਚ, ਤਾਂ ਤੇ ਉਚਾਰਨ ਹੋਏਗਾ ਬਿੰਦੀ ਸਹਿਤ= ਨਾਰੀਂ।)

ਧਿਆਨ ਰਹੇ ਕਿ ਗੁਰਬਾਣੀ ’ਚ ‘ਨਾਰੀ’ ਦਾ ਅਰਥ ‘ਔਰਤ’ (ਇੱਕ ਵਚਨ, ਕਾਰਕ ਰਹਿਤ) ਵੀ ਹੈ, ਜਿਸ ਦਾ ਅਰਥ ਹੈ, ‘ਇਸਤ੍ਰੀ’, ਨਾ ਕਿ ‘ਇਸਤ੍ਰੀਆਂ ਨੇ ਜਾਂ ਇਸਤ੍ਰੀਆਂ ਵਿੱਚ’, ਆਦਿ ਕਾਰਕੀ ਤੇ ਬਹੁ ਵਚਨ ਅਰਥ; ਜਿਵੇਂ ਕਿ

ਜੋ ਤਨੁ ਤੈ ਅਪਨੋ ਕਰਿ ਮਾਨਿਓ; ਅਰੁ ਸੁੰਦਰ ਗ੍ਰਿਹ ‘ਨਾਰੀ’ ॥ (ਮ: ੯/੨੨੦) ਤੁਕ ’ਚ ਦਰਜ ‘ਨਾਰੀ’ ਇੱਕ ਵਚਨ ਹੈ ਤੇ ਉਚਾਰਨ ਹੋਏਗਾ ‘ਨਾਰੀ’ (ਬਿੰਦੀ ਰਹਿਤ), ਇਸੇ ਤਰ੍ਹਾਂ ਕੁਝ ਅੰਤ ਬਿਹਾਰੀ ਤੇ ਬਿੰਦੀ ਰਹਿਤ ਸ਼ਬਦ ਹੇਠਾਂ ਦਿੱਤੇ ਜਾ ਰਹੇ ਹਨ ਤਾਂ ਜੋ ਕਾਰਕੀ, ਬਹੁ ਵਚਨ ਤੇ ਇੱਕ ਵਚਨ, ਕਾਰਕ ਰਹਿਤ ਸ਼ਬਦਾਂ ਦਾ ਅੰਤਰ ਸਮਝਿਆ ਜਾ ਸਕੇ :

ਰੁਖੀ ਸੁਖੀ ਖਾਇ ਕੈ ; ਠੰਢਾ ਪਾਣੀ ਪੀਉ ॥ (ਬਾਬਾ ਫਰੀਦ ਜੀ/1379) ਭਾਵ ਹੇ ਫਰੀਦ ! (ਮਿਹਨਤ ਵਾਲੀ ਕਮਾਈ ਦੀ) ਰੁੱਖੀ-ਮਿੱਸੀ (ਰੋਟੀ) ਖਾ ਕੇ ਠੰਢਾ ਪਾਣੀ ਪੀ ਲੈ। (ਇਸ ਤੁਕ ਵਿੱਚ ‘ਰੁਖੀ’ ਪੁਲਿੰਗ ਸ਼ਬਦ ‘ਰੁੱਖ’ ਦਾ ਬਹੁ ਵਚਨ ਨਹੀਂ ਹੈ ਬਲਕਿ ਇਸਤ੍ਰੀ ਲਿੰਗ (ਇੱਕ ਵਚਨ) ਸ਼ਬਦ ਰੋਟੀ ਦਾ ਵਿਸ਼ੇਸ਼ਣ ਹੈ ਇਸ ਲਈ ਇੱਥੇ ਬਿੰਦੀ ਲਾ ਕੇ ਪਾਠ ਕਰਨਾ ਗ਼ਲਤ ਹੋਵੇਗਾ; ਸਹੀ ਪਾਠ ਹੈ= ਰੁੱਖੀ-ਸੁੱਖੀ।)

(ੲ) ਕਰਣ ਕਾਰਕ : ਜਿਸ ਦਾ ਚਿਨ੍ਹ ਹੈ, ‘ਨਾਲ, ਦੁਆਰਾ, ਰਾਹੀਂ’।

(1). ਤੂ ‘ਨੇਤ੍ਰੀ’ ਦੇਖਿ ; ਚਲਿਆ ਮਾਇਆ ਬਿਉਹਾਰੀ ਰਾਮ ॥ (ਮ: 5/547) ਭਾਵ ਹੇ ਭਾਈ ! ਆਪਣੀਆਂ ਅੱਖਾਂ ਨਾਲ (ਧਿਆਨ ਨਾਲ) ਵੇਖ; (ਨਿਰਾ) ਮਾਇਆ ਦਾ ਹੀ ਵਿਹਾਰ ਕਰਨ ਵਾਲਾ (ਇੱਥੋਂ ਖ਼ਾਲੀ ਹੱਥ ਹੀ) ਤੁਰ ਪੈਂਦਾ ਹੈ। (ਇਸ ਤੁਕ ਵਿੱਚ ‘ਨੇਤ੍ਰੀ’ ਦਾ ਅਰਥ ਹੈ= ਅੱਖਾਂ ਨਾਲ ਤੇ ਉਚਾਰਨ ਹੋਏਗਾ= ਬਿੰਦੀ ਸਹਿਤ= ਨੇਤ੍ਰੀਂ (ਅੱਖਾਂ ਨਾਲ)।

(2). ਲਖ ਲਸਕਰ, ਲਖ ਵਾਜੇ ਨੇਜੇ ; ਲਖੀ ‘ਘੋੜੀ’ ਪਾਤਿਸਾਹ ॥ (ਮ: 1/12870) ਭਾਵ ਲੱਖਾਂ ਸਿਪਾਹੀਆਂ ਦੀਆਂ ਫ਼ੌਜਾਂ ਹੋਣ, ਉਨ੍ਹਾਂ ਅੱਗੇ ਲੱਖਾਂ ਹੀ ਵਾਜੇ ਵੱਜਦੇ ਹੋਣ, ਲੱਖਾਂ ਹੀ ਨੇਜ਼ੇ-ਬਰਦਾਰ ਹੋਣ, ਲੱਖਾਂ ਘੋੜਿਆਂ ਵਾਲੇ ਮਾਲਕ ਬਾਦਸ਼ਾਹ ਹੋਣ। (ਇਸ ਤੁਕ ਵਿੱਚ ‘ਘੋੜੀ’ ਇਸਤ੍ਰੀ ਲਿੰਗ ਨਹੀਂ ਬਲਕਿ ਪੁਲਿੰਗ ਬਹੁ ਵਚਨ ਤੇ ਸਬੰਧ ਕਾਰਕੀ ਹੈ, ਜਿਸ ਦਾ ਅਰਥ ਹੈ, ‘ਲੱਖਾਂ ਘੋੜਿਆਂ ਦੇ ਪਾਤਿਸ਼ਾਹ। ਉਚਾਰਨ ਹੋਏਗਾ= ਬਿੰਦੀ ਸਹਿਤ- ‘ਘੋੜੀਂ’। (ਪਰ)

(3) ਦੇਹ ‘ਘੋੜੀ’ ਜੀ  ! ਜਿਤੁ, ਹਰਿ ਪਾਇਆ ਰਾਮ ॥ (ਮ: 4/576) ਭਾਵ ਹੇ ਭਾਈ  ! ਸਰੀਰ ਇਕ ਘੋੜੀ ਹੈ, ਜਿਸ ’ਤੇ ਚੜ੍ਹ ਕੇ ਪਰਮਾਤਮਾ ਦਾ ਮਿਲਾਪ ਹਾਸਲ ਹੁੰਦਾ ਹੈ । (ਇਸ ਤੁਕ ਵਿੱਚ ‘ਘੋੜੀ’ ਇੱਕ ਵਚਨ ਇਸਤ੍ਰੀ ਲਿੰਗ ਹੈ, ਇਸ ਲਈ ਉਚਾਰਨ ਹੋਏਗਾ ‘ਘੋੜੀ’ (ਬਿਨਾਂ ਬਿੰਦੀ ਤੋਂ)।

(ਸ) ਕਰਮ ਕਾਰਕ : ਜਿਸ ਦਾ ਚਿੰਨ੍ਹ ਹੈ, ‘ਨੂੰ’।

(1). ਮੰਤ੍ਰੀ ਹੋਇ ਅਠੂਹਿਆ ; ਨਾਗੀ ਲਗੈ ਜਾਇ ॥ (ਮ: 1/148) ਭਾਵ ਅਠੂਹਿਆਂ ਦਾ ਮਾਂਦਰੀ ਹੋ ਕੇ (ਜੋ ਮਨੁੱਖ) ਸੱਪਾਂ ਨੂੰ ਜਾ ਹੱਥ ਪਾਂਦਾ ਹੈ। (ਇਸ ਤੁਕ ਵਿੱਚ ‘ਨਾਗੀ’ ਬਹੁ ਵਚਨ ਕਾਰਕੀ ਹੈ ਤੇ ਅਰਥ ਹਨ = ਨਾਗਾਂ ਨੂੰ, ਸੱਪਾਂ ਨੂੰ, ਇਸ ਲਈ ਉਚਾਰਨ ਹੋਏਗਾ= ਨਾਗੀਂ।)

(2). ਤਗੁ ਨ ਇੰਦ੍ਰੀ, ਤਗੁ ਨ ਨਾਰੀ  (ਮ: 1/471) ਭਾਵ (ਪੰਡਤ ਨੇ ਆਪਣੇ) ਇੰਦਰਿਆਂ ਤੇ ਨਾੜੀਆਂ ਨੂੰ (ਇਹੋ ਜਿਹਾ) ਜਨੇਊ ਨਹੀਂ ਪਾਇਆ (ਕਿ ਉਹ ਇੰਦ੍ਰੇ ਵਿਕਾਰਾਂ ਵੱਲ ਨਾ ਜਾਣ)। (ਇਸ ਤੁਕ ਵਿੱਚ ਸ਼ਬਦ ‘ਇੰਦ੍ਰੀ’ ਅਤੇ ‘ਨਾਰੀ’ ਬਹੁ ਵਚਨ ਅਤੇ ਕਰਮ ਕਾਰਕ ਹਨ, ਇਨ੍ਹਾਂ ਦੇ ਅਰਥਾਂ ਹਨ, ‘ਇੰਦਰਿਆਂ ਨੂੰ’ ਉਚਾਰਨ ਹੈ= ਇੰਦ੍ਰੀਂ ਅਤੇ ‘ਨਾਰੀ’ ਦਾ ਅਰਥ ਹੈ= ਨਾੜੀਆਂ ਨੂੰ, ਉਚਾਰਨ ਹੈ= ਨਾਰੀਂ। (ਪਰ)

(3). ਜਿਹਵਾ ਇੰਦ੍ਰੀ, ਏਕੁ ਸੁਆਉ ॥ (ਮ: 1/153) ਭਾਵ ਜੀਭ ਸਮੇਤ ਹਰੇਕ ਇੰਦ੍ਰੀ ਨੂੰ ਆਪੋ ਆਪਣਾ (ਭਾਵ ਭਿੰਨ-ਭਿੰਨ) ਚਸਕਾ ਹੈ। (ਇੱਥੇ ‘ਇੰਦ੍ਰੀ’ ਇੱਕ ਵਚਨ ਇਸਤ੍ਰੀ ਲਿੰਗ ਹੈ ਤੇ ਉਚਾਰਨ ਹੋਏਗਾ= ਬਿਨਾਂ ਬਿੰਦੀ ਤੋਂ ‘ਇੰਦ੍ਰੀ’)

(ਹ) ਸਬੰਧ ਕਾਰਕ : ਇਸ ਦਾ ਚਿੰਨ੍ਹ ਹੈ, ‘ਦਾ, ਦੀ, ਦੈ, ਕਾ, ਕੀ, ਕੇ, ਕੈ, ਕੋ’ ।

(1). ਮਾਟੀ ਕੇ ਕਰਿ ਦੇਵੀ ਦੇਵਾ ; ਤਿਸੁ ਆਗੈ ਜੀਉ ਦੇਹੀ ॥ (ਭਗਤ ਕਬੀਰ ਜੀ/332) ਭਾਵ ਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਲੋਕ ਦੇਵੀ-ਦੇਵਤਿਆਂ ਅੱਗੇ ਜੀਉਂਦੇ ਜੀਵਾਂ (ਮੁਰਗੇ, ਬੱਕਰੇ ਆਦਿਕ) ਦੀ ਕੁਰਬਾਨੀ ਦੇਂਦੇ ਹਨ। (ਇੱਥੇ ‘ਮਾਟੀ’ ਇੱਕ ਵਚਨ ਇਸਤ੍ਰੀ ਲਿੰਗ ਹੈ ਅਤੇ ਇਸ ਦੇ ਪਿੱਛੇ ਸਬੰਧਕੀ ਚਿੰਨ੍ਹ ‘ਕੇ’ ਆਉਣ ਕਰ ਕੇ, ਸਬੰਧ ਕਾਰਕੀ ਅਰਥ ਵਿੱਚ ਹੈ। ਉਚਾਰਨ ਹੋਏਗਾ, ਬਿਨਾਂ ਬਿੰਦੀ ਤੋਂ= ‘ਮਾਟੀ’।)

(3). ਅਖਂੀ ਪਰਣੈ ਜੇ ਫਿਰਾਂ ; ਦੇਖਾਂ ਸਭੁ ਆਕਾਰੁ ॥ (ਮ: 4/1241) ਭਾਵ ਜੇਕਰ ਮੈਂ ਅੱਖਾਂ ਦੇ ਭਾਰ ਹੋ ਕੇ ਫਿਰਾਂ ਤੇ ਸਾਰਾ ਜਗਤ (ਫਿਰ ਕੇ) ਵੇਖ ਲਵਾਂ ਭਾਵ ਸਿਰ ਨੀਵਾਂ ਰੱਖਾਂ। (ਇਸ ਤੁਕ ਵਿੱਚ ਭਾਵੇਂ ਪ੍ਰਤੱਖ ਤੌਰ ’ਤੇ ਕੋਈ ਸਬੰਧਕੀ ਪਦ ਨਹੀਂ ਆਇਆ ਪਰ ‘ ਅਖਂੀ ਪਰਣੈ’ ਦਾ ਸੰਯੁਕਤ ਅਰਥ ਹੈ= ਅੱਖਾਂ ਦੇ ਭਾਰ; ਜੋ ਕਿ ਸਬੰਧ ਚਿੰਨ੍ਹ ‘ਦੇ/ਕੇ’ ਦੇਂਦਾ ਹੈ, ਜਿਸ ਕਾਰਨ ਬਿਹਾਰੀ ਤੋਂ ਪਹਿਲਾਂ ਬਿੰਦੀ ਸਮੇਤ ਲਿਖਿਆ ਗਿਆ ਹੈ।)

(ਕ) ਅਪਾਦਾਨ ਕਾਰਕ : ਜਿਸ ਦਾ ਚਿੰਨ੍ਹ ਹੈ, ‘ਤੋਂ, ਪਾਸੋਂ, ਉੱਪਰੋਂ’।

(1). ਅਖੀ ਬਾਝਹੁ ਵੇਖਣਾ ; ਵਿਣੁ ਕੰਨਾ ਸੁਨਣਾ ॥ (ਮ: 1/139) ਭਾਵ ਜੇ ਅੱਖਾਂ ਬਿਨਾਂ ਵੇਖੀਏ (ਭਾਵ ਪਰਾਇਆ ਰੂਪ ਤੱਕਣ ਦੀ ਵਾਦੀ ਵੱਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾਂ ਸੁਣੀਏ (ਭਾਵ ਨਿੰਦਾ ਜਾਂ ਦੂਸਰੇ ਦੇ ਗੁਣਾਂ ਨੂੰ ਘਟਾ ਕੇ ਬਿਆਨ ਕਰਨ ਵਾਲੇ ਪਾਸੋਂ ਦੂਰ ਰਹੀਏ)। (ਇਸ ਤੁਕ ਵਿੱਚ ‘ਅਖੀ ਬਾਝਹੁ’ ਦਾ ਅਰਥ ਹੈ= ਅੱਖਾਂ ਤੋਂ ਬਿਨਾਂ ਤੇ ਉਚਾਰਨ ਹੋਏਗਾ, ਬਿੰਦੀ ਸਮੇਤ= ਅੱਖੀਂ (ਭਾਵੇਂ ਕਿ ਗੁਰਬਾਣੀ ’ਚ ਬਿੰਦੀ ਲੱਗੀ ਹੋਈ ਨਹੀਂ ਹੈ)।

(ਖ) ਸੰਬੋਧਨ ਕਾਰਕ: ਜਿਸ ਦਾ ਚਿੰਨ੍ਹ ਹੈ, ‘ਹੇ !, ਰੇ !, ਰੀ !’।

(1). ਨਾਮੇ ਚੇ ਸੁਆਮੀ  ! ਬਖਸੰਦ ਤੂੰ, ਹਰੀ  !  (ਭਗਤ ਨਾਮਦੇਵ ਜੀ/727) ਭਾਵ ਹੇ ਨਾਮਦੇਵ ਦੇ ਮਾਲਕ  ! ਹੇ ਹਰੀ  ! ਤੂੰ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈਂ।

(2). ਸੁਨਿ ਰੀ ਸਖੀ  ! ਇਹ ਹਮਰੀ ਘਾਲ ॥ ਪ੍ਰਭਿ ਆਪਿ ਸੀਗਾਰਿ ਸਵਾਰਨਹਾਰ ॥ (ਮ: 5/384) ਭਾਵ ਹੇ ਸਹੇਲੀ  ! ਤੂੰ ਧਿਆਨ ਨਾਲ ਸੁਣ ਜੋ ਸਾਡੀ ਅਸਲ ਮਿਹਨਤ (ਕਮਾਈ) ਹੈ, ਮਾਲਕ ਸਵਾਰਨਯੋਗ ਨੇ ਆਪਣੀ ਮਿਹਰ ਕਰ ਕੇ ਸਾਨੂੰ (ਮਨੁੱਖਾ ਜੂਨੀ ਤੇ ਗੁਰੂ ਰਾਹੀਂ ਗੁਣਾਂ ਨਾਲ) ਸ਼ਿੰਗਾਰਿਆ ਹੈ।

ਇਨ੍ਹਾਂ ਦੋਵੇਂ ਤੁਕਾਂ ਵਿੱਚ ‘ਸੁਆਮੀ  ! , ਹਰੀ  !, ਰੀ ਸਖੀ  !’ (ਤਿੰਨੇ) ਸ਼ਬਦ ਹੀ ਸੰਬੋਧਨ ਕਾਰਕ ਵਿੱਚ ਹਨ। ਸੰਬੋਧਨ ਕਾਰਕ ਦਾ ਇਹ ਨਿਯਮ ਹੈ ਕਿ ਸ਼ਬਦ ਦਾ ਅੰਤਲਾ ਅੱਖਰ ਭਾਵੇਂ ਮੁਕਤਾ ਹੋਵੇ ਭਾਵੇਂ ਅੰਤ ਵਿੱਚ ਕੰਨਾ, ਸਿਹਾਰੀ, ਬਿਹਾਰੀ, ਲਾਂ, ਹੋੜਾ ਜਾਂ ਔਂਕੜ (ਹੁ) ਲੱਗਿਆ ਹੋਵੇ, ਕਿਸੇ ਵੀ ਲਗ ਨਾਲ ਬਿੰਦੀ ਨਹੀਂ ਲੱਗਦੀ ਤਾਂ ਤੇ ਇਨ੍ਹਾਂ ਸਾਰੇ ਸ਼ਬਦਾਂ ਦੀ ਅੰਤਲੀ ਬਿਹਾਰੀ, ਬਿਨਾਂ ਬਿੰਦੀ ਤੋਂ ਹੀ ਉਚਾਰਨ ਹੋਵੇਗੀ।

(ਗ) ਆਮ ਪੰਜਾਬੀ ਬੋਲੀ :

‘ਅੱਖ’ ਇੱਕ ਵਚਨ ਇਸਤ੍ਰੀ ਲਿੰਗ ਦਾ ਬਹੁ ਵਚਨ ‘ਅੱਖਾਂ’ ਹੁੰਦਾ ਹੈ ਭਾਵ ‘ਖਾਂ’ ਦੇ ਕੰਨੇ ਉੱਤੇ ਬਿੰਦੀ ਕਿਸੇ ਸਬੰਧਕੀ ਚਿਨ੍ਹ ਤੋਂ ਬਿਨਾਂ ਹੀ ਆ ਜਾਂਦੀ ਹੈ ਪਰ ਇੱਕ ਵਚਨ ਪੁਲਿੰਗ ‘ਸਿਰ’ ਦਾ ਬਹੁ ਵਚਨ ‘ਸਿਰਾਂ’ ਨਹੀਂ ਹੋ ਸਕਦਾ ਜਦ ਤੱਕ ਇਸ ਨਾਲ਼ ਕੋਈ ਸਬੰਧਕੀ ਚਿੰਨ੍ਹ ਨਾ ਹੋਵੇ ਭਾਵ ਬਹੁ ਵਚਨ ਪੁਲਿੰਗ ਦੇ ਅੰਤ ’ਚ ਨਾਸਿਕੀ ਧੁਨੀ ਪ੍ਰਗਟ ਕਰਨ ਲਈ ਸੰਬੰਧਕੀ ਚਿੰਨ੍ਹ ਦਾ ਹੋਣ ਅਤਿ ਜ਼ਰੂਰੀ ਹੁੰਦਾ ਹੈ; ਜਿਵੇਂ ਕਿ ‘ਸਿਰਾਂ ਦੇ ਮੁੱਲ ਪੈਂਦੇ ਹਨ।’ ਵਾਕ ’ਚ ‘ਦੇ’ ਸਬੰਧਕੀ ਚਿੰਨ੍ਹ ਨੇ ‘ਸਿਰਾਂ’ ਸ਼ਬਦ ਦੇ ਅੰਤਿਮ ਕੰਨੇ (ਲਗ) ਧੁਨੀ ਨੂੰ ਨਾਸਿਕੀ ਕਰ ਦਿੱਤਾ ਹੈ, ਇਸੇ ਤਰ੍ਹਾਂ ‘ਭਗਤ’ ਦਾ ਬਹੁ ਵਚਨ ਤੇ ਨਾਸਿਕੀ ਧੁਨੀ ਕਿਸੇ ਸਬੰਧਕੀ ਚਿੰਨ੍ਹ ਲੁਪਤ ਜਾਂ ਪ੍ਰਗਟ ਨਾਲ ਇਉਂ ਬਣਦੀ ਹੈ, ‘ਨਾਨਕ  ! ਭਗਤਾ (ਭਗਤਾਂ ਦੇ ਅੰਦਰਿ) ਸਦਾ ਵਿਗਾਸੁ॥’’ ਤੁਕ ’ਚ ‘ਦੇ’ ਲੁਪਤ ਨੇ ‘ਭਗਤਾ’ ਨੂੰ ‘ਭਗਤਾਂ’ ਬਣਾ ਦਿੱਤਾ, ਇਸੇ ਲਈ ਸਿਰਲੇਖ ‘‘ਰਾਗੁ ਆਸਾ ਬਾਣੀ ਭਗਤਾ ਕੀ ॥’’ ਜਾਂ ‘‘ਤਿਲੰਗ ਬਾਣੀ ਭਗਤਾ ਕੀ ਕਬੀਰ ਜੀ’’ ਨਾਲ ਸਬੰਧਕੀ ‘ਕੀ’ ਲਿਖਿਆ ਗਿਆ ਤਾਂ ਜੋ ‘ਭਗਤਾਂ’ ਪੜਿਆ ਜਾ ਸਕੇ, ਨਾ ਕਿ ‘ਭਗਤਾ’ ਜਦ ਕਿ ਇਸਤ੍ਰੀ ਲਿੰਗ ਸ਼ਬਦ ਬਿਨਾਂ ਸਬੰਧਕੀ ਅਤੇ ਅੰਤ ਬਿਹਾਰੀ ਵੀ ਨਾਸਿਕੀ ਹੋ ਜਾਂਦੇ ਹਨ; ਜਿਵੇਂ ਕਿ

(1). ਨਾਨਕ, ਜਿਨਿ ‘ਅਖੀ’ ਲੀਤੀਆ ; ਸੋਈ ਸਚਾ ਦੇਇ ॥ (ਮ: 4/83) ਭਾਵ ਹੇ ਨਾਨਕ  ! (ਮਾਇਆ ਵਿਚ ਫਸਾ ਕੇ) ਜਿਸ ਪ੍ਰਭੂ ਨੇ (ਸਮਝ ਵਾਲੀਆਂ) ਅੱਖਾਂ ਲੈ ਲਈਆਂ ਸਨ ਭਾਵ ਅੰਨ੍ਹਾ ਕੀਤਾ ਸੀ, ਉਹੀ ਸਦਾ-ਥਿਰ ਪ੍ਰਭੂ ਮੁੜ ਅੱਖਾਂ ਦੇਂਦਾ ਹੈ।

(2). ‘ਅਖੀ’ ਮੀਟਿ ਚਲਿਆ ਅੰਧਿਆਰਾ ; ਘਰੁ ਦਰੁ ਦਿਸੈ ਨ ਭਾਈ  ! (ਮ: 1/596) ਭਾਵ ਹੇ ਭਾਈ  ! ਉਹ ਬੰਦਾ ਆਪਣੇ ਨੇਤਰ ਬੰਦ ਕਰ ਕੇ ਹਨ੍ਹੇਰੇ (ਅਗਿਆਨਤਾ) ਵਿੱਚ ਤੁਰਦਾ ਹੈ, ਜਿਸ ਕਾਰਨ ਉਸ ਨੂੰ ਆਪਣਾ ਅਸਲ ਘਰ-ਬਾਰ (ਰੱਬੀ ਆਸਰਾ) ਨਹੀਂ ਦਿੱਸਦਾ।

(3) ਜਿਨਿ ਕਨ ਕੀਤੇ ‘ਅਖੀ’ ਨਾਕੁ ॥ (ਮ: 1/661) ਭਾਵ ਜਿਸ (ਪ੍ਰਭੂ) ਨੇ ਕੰਨ, ਅੱਖਾਂ, ਨੱਕ, ਆਦਿ ਦਿੱਤਾ।

ਉਪਰੋਕਤ ਤਿੰਨੇ ਹੀ ਤੁਕਾਂ ਵਿੱਚ ‘ਅੱਖੀ’ (ਇਸਤ੍ਰੀ ਲਿੰਗ, ਬਹੁ ਵਚਨ) ਦਾ ਉਚਾਰਨ ਹੈ, ਬਿੰਦੀ ਸਹਿਤ= ਅੱਖੀਂ।

ਉਕਤ ਸਾਰੀ ਵਿਚਾਰ ਰਾਹੀਂ ਗੁਰਬਾਣੀ ਲਿਖਤ ਦੇ ਹੇਠ ਲਿਖੇ ਤਿੰਨ ਨਿਯਮ ਸਪਸ਼ਟ ਹੋ ਜਾਂਦੇ ਹਨ :-

(1). ਅੰਤ ਬਿਹਾਰੀ ਵਾਲੇ ਬਹੁ ਵਚਨ ਸ਼ਬਦਾਂ ਉਪਰੰਤ ਲੁਪਤ ਜਾਂ ਪ੍ਰਗਟ ਕੋਈ ਸਬੰਧਕੀ ਜਾਂ ਕਾਰਕੀ ਚਿੰਨ੍ਹ ‘ਨੇ, ਨੂੰ, ਦਾ, ਦੀ, ਦੈ, ਕਾ, ਕੀ, ਕੇ, ਕੈ, ਕਉ, ਵਿਚਿ, ਅੰਦਰਿ, ਉਪਰਿ, ਹੇਠਿ, ਆਦਿ ਮਿਲਦੇ ਹੋਣ ਤਾਂ ਬੇਸ਼ਕ ਉਹ ਬਹੁ ਵਚਨ ਪੁਲਿੰਗ ਹੋਣ ਜਾਂ ਬਹੁ ਵਚਨ ਇਸਤ੍ਰੀ ਲਿੰਗ, ਉਨ੍ਹਾਂ ਸ਼ਬਦਾਂ ਨੂੰ ਲੱਗੀ ਅੰਤ ਬਿਹਾਰੀ, ਬਿੰਦੀ ਸਹਿਤ ਹੀ ਉਚਾਰੀ ਜਾਵੇਗੀ।

(2). ਅੰਤ ਬਿਹਾਰੀ ਵਾਲੇ ਇੱਕ ਵਚਨ ਪੁਲਿੰਗ ਅਤੇ ਇੱਕ ਵਚਨ ਇਸਤ੍ਰੀ ਲਿੰਗ ਸ਼ਬਦਾਂ ਦੀ ਅੰਤ ਬਿਹਾਰੀ ਬਿੰਦੀ ਤੋਂ ਬਿਨਾਂ ਉਚਾਰੀ ਜਾਵੇਗੀ।

(3). ਅੰਤ ਬਿਹਾਰੀ ਵਾਲੇ ਬਹੁ ਵਚਨ ਇਸਤ੍ਰੀ ਲਿੰਗ ਸ਼ਬਦਾਂ ਉਪਰੰਤ ਕੋਈ ਸਬੰਧਕੀ (ਜਾਂ ਕਾਰਕੀ) ਹੋਵੇ ਜਾਂ ਨਾ ਹੋਵੇ ਉਚਾਰਨ ਬਿੰਦੀ ਸਮੇਤ ਹੀ ਹੋਵੇਗਾ।

——–ਚਲਦਾ ———–

ਕਰਤਾਰ ਸਿੰਘ ਸਰਾਭਾ ਗ਼ਦਰ ਲਹਿਰ ਦਾ ਚਮਕਦਾ ਸਿਤਾਰਾ

0

ਕਰਤਾਰ ਸਿੰਘ ਸਰਾਭਾ ਗ਼ਦਰ ਲਹਿਰ ਦਾ ਚਮਕਦਾ ਸਿਤਾਰਾ

16 ਨਵੰਬਰ ਸ਼ਹੀਦੀ ਨੂੰ ਸਮਰਪਿਤ

ਡਾ. ਅਮਨਦੀਪ ਸਿੰਘ ਟੱਲੇਵਾਲੀਆ-98146-99446

ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ,

ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,

ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,

ਉਨ੍ਹਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ।

ਇਨ੍ਹਾਂ ਸਤਰਾਂ ਨੂੰ ਗਾਉਦਿਆਂ ਅਤੇ ਇਨ੍ਹਾਂ ਉੱਪਰ ਅਮਲ ਕਰਦਿਆਂ ਆਪਣੀ ਜਾਨ ਉੱਤੇ ਲੱਖਾਂ ਮੁਸੀਬਤਾਂ ਨੂੰ ਝਲਦਿਆਂ ਦੇਸ਼ ਦੀ ਸੇਵਾ ਕਰਨ ਵਾਲਾ ਨੌਜਵਾਨ, ਜਿਹਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਆਪਣਾ ਆਦਰਸ਼ ਮੰਨਦਾ ਸੀ। ਗ਼ਦਰ ਲਹਿਰ ਦੇ ਹਰ ਕੰਮ ਵਿੱਚ ਮੋਢੀ ਬਣ ਕੇ ਰੋਲ ਅਦਾ ਕਰਨ ਵਾਲਾ ਅਤੇ ਸਿਰਫ਼ 19 ਕੁ ਸਾਲਾਂ ਦੀ ਉਮਰ ਵਿਚ ਹੱਸ-ਹੱਸ ਕੇ ਫਾਂਸੀ ਦਾ ਰੱਸਾ ਆਪਣੇ ਗਲ਼ ਵਿਚ ਪਾਉਣ ਵਾਲਾ ਉੱਦਮੀ ਨੌਜਵਾਨ ਹੈ ‘ਕਰਤਾਰ ਸਿੰਘ’, ਜਿਸ ਨੇ ਆਪਣੇ ਨਾਮ ਨਾਲ ਆਪਣੇ ਪਿੰਡ ਦਾ ਤਖ਼ੱਲਸ ਲਾ ਕੇ ‘ਸਰਾਭੇ’ ਪਿੰਡ ਨੂੰ ਦੁਨੀਆਂ ਵਿੱਚ ਚਮਕਾ ਦਿੱਤਾ। ਸਰਾਭਾ ਰਾਏਕੋਟ ਤੋਂ ਲਗਭਗ 12-15 ਕਿਲੋਮੀਟਰ ਅਤੇ ਲੁਧਿਆਣੇ ਤੋਂ ਲਗਭਗ 28 ਕਿਲੋਮੀਟਰ ਦੂਰ ਘੁੱਗ ਵਸਦਾ ਪਿੰਡ ਹੈ, ਜਿੱਥੇ ਕਰਤਾਰ ਸਿੰਘ (ਸਰਾਭੇ) ਨੇ ਪਿਤਾ ਸ. ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਜੀ ਦੀ ਕੁੱਖੋਂ 23 ਮਈ 1896 ਨੂੰ ਜਨਮ ਲਿਆ। ਬਚਪਨ ਵਿੱਚ ਹੀ ਮਾਂ-ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ। ਕਰਤਾਰ ਸਿੰਘ ਦੀ ਪਾਲਣਾ ਉਨ੍ਹਾਂ ਦੇ ਦਾਦੇ ਸ. ਬਦਨ ਸਿੰਘ ਜੀ ਦੀ ਦੇਖ-ਰੇਖ ਹੇਠ ਹੋਈ। ਕਰਤਾਰ ਸਿੰਘ ਦੀ ਇਕ ਭੈਣ ਸੀ, ਜਿਸ ਦਾ ਨਾਮ ਬੀਬੀ ਧੰਨ ਕੌਰ ਸੀ।

ਕਰਤਾਰ ਸਿੰਘ ਦਾ ਆਪਣੇ ਦਾਦੇ ਨਾਲ ਅੰਤਾਂ ਦਾ ਪਿਆਰ ਸੀ। ਦਾਦਾ ਬਦਨ ਸਿੰਘ ਜੀ ਵੀ ਕਰਤਾਰ ਸਿੰਘ ਨੂੰ ਕੋਈ ਵੱਡਾ ਅਫ਼ਸਰ ਬਣਿਆ ਵੇਖਣਾ ਚਾਹੁੰਦੇ ਸਨ। ਇਸੇ ਲਈ ਕਰਤਾਰ ਸਿੰਘ ਦੀ ਪੜ੍ਹਾਈ ’ਤੇ ਪੂਰਾ ਤਾਣ ਲਾਇਆ ਗਿਆ। ਮੁੱਢਲੀ ਸਿੱਖਿਆ ਗੁੱਜਰਵਾਲ ਦੇ ਮਿਡਲ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਕਰਤਾਰ ਸਿੰਘ ਨੇ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਦਾਖ਼ਲਾ ਲੈ ਲਿਆ। ਦਸਵੀਂ ਜਮਾਤ ਕਰਤਾਰ ਸਿੰਘ ਨੇ ਆਪਣੇ ਚਾਚੇ ਬਖ਼ਸ਼ੀਸ਼ ਸਿੰਘ ਕੋਲ ਉੜੀਸਾ ਵਿੱਚ ਪਾਸ ਕੀਤੀ। ਸਕੂਲ ਸਮੇਂ ਦੌਰਾਨ ਕਰਤਾਰ ਸਿੰਘ ਆਪਣੇ ਜਮਾਤੀਆਂ ਵਿੱਚ ਬਹੁਤ ਹਰਮਨ ਪਿਆਰਾ ਬਣ ਕੇ ਰਿਹਾ ਕਿਉਕਿ ਉਹ ਚੁਸਤ, ਚਲਾਕ ਅਤੇ ਮਜ਼ਾਕੀਆ ਲਹਿਜ਼ੇ ਦਾ ਹੋਣ ਕਰ ਕੇ ਉਸ ਦੇ ਸਾਥੀ ਵਿਦਿਆਰਥੀ ਉਸ ਨੂੰ ‘ਅਫਲਾਤੂ’ (ਉੱਚੀ ਪਦਵੀ ਵਾਲਾ ਮਹਾਤਮਾ) ਵੀ ਕਹਿ ਦਿੰਦੇ ਸਨ ਅਤੇ ਕਈ ਮਿੱਤਰ-ਬੇਲੀ ਉਸ ਦੀ ਚੁਸਤੀ-ਫੁਰਤੀ ਨੂੰ ਦੇਖ ਕੇ ਉਸ ਨੂੰ ‘ਉੱਡਣਾ ਸੱਪ’ ਨਾਲ ਵੀ ਸੰਬੋਧਿਤ ਹੁੰਦੇ ਸਨ।

ਚਾਚੇ ਕੋਲ ਰਹਿੰਦਿਆਂ ਕਰਤਾਰ ਸਿੰਘ ਨੇ ਅੰਗਰੇਜ਼ੀ ਬੋਲਣ ਅਤੇ ਲਿਖਣ ਦਾ ਅਭਿਆਸ ਵੀ ਚੰਗੀ ਤਰ੍ਹਾਂ ਸਿੱਖ ਲਿਆ ਸੀ। ਉਹ ਨਵੇਂ ਦਿਸਹੱਦੇ (ਉੱਚੇ ਲਕਸ਼) ਸਥਾਪਿਤ ਕਰਨਾ ਚਾਹੁੰਦਾ ਸੀ। ਇਸੇ ਲਈ ਉਹ ਰਸਾਇਣ ਵਿਗਿਆਨ ਦੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਅਮਰੀਕਾ ਰਵਾਨਾ ਹੋ ਗਿਆ। ਉੱਥੇ ਪਹੁੰਚਣ ’ਤੇ ਕਰਤਾਰ ਸਿੰਘ ਦੀ ਸਖ਼ਤ ਪੁੱਛਗਿੱਛ (ਇੰਟਰਵਿਊ) ਹੋਈ। ਇੰਨੀ ਸਖ਼ਤ ਲਹਿਜ਼ੇ ’ਚ ਹੋਈ ਪੁੱਛਗਿੱਛ ਤੋਂ ਸਰਾਭਾ ਹੈਰਾਨ ਹੋ ਗਿਆ ਸੀ। ਜਦੋਂ ਉਸ ਨੇ ਹੋਰ ਇੰਮੀਗ੍ਰੇਟਾਂ ਤੋਂ ਇਸ ਬਾਬਤ ਜਾਣਕਾਰੀ ਪ੍ਰਾਪਤ ਕੀਤੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਗੁਲਾਮ ਦੇਸ਼ (ਭਾਰਤ) ਦਾ ਵਾਸੀ ਹੋਣ ਕਰ ਕੇ ਮੇਰੇ ਨਾਲ ਅਜਿਹਾ ਸਲੂਕ ਕੀਤਾ ਗਿਆ, ਜਿਸ ਨੂੰ ਉਹ ਕਦੇ ਵੀ ਭੁਲਾ ਨਾ ਸਕਿਆ ਅਤੇ ਇੱਥੋਂ ਹੀ ਪੈਦਾ ਹੋਇਆ ਉਸ ਅੰਦਰ ਆਜ਼ਾਦੀ ਲਈ ਜੂਝਣ ਦਾ ਜਨੂੰਨ।

ਅਮਰੀਕਾ ਵਿੱਚ ਪੁੱਜ ਕੇ ਉਸ ਨੇ ਬਰਕਲੇ ਯੂਨੀਵਰਸਿਟੀ ਵਿੱਚ ਰਸਾਇਣ ਵਿਗਿਆਨ ਦੀ ਸਿੱਖਿਆ ਪ੍ਰਾਪਤ ਕਰਨ ਲਈ ਦਾਖ਼ਲਾ ਲੈ ਲਿਆ। ਪਹਿਲਾਂ-ਪਹਿਲ ਉਹ ਕਿਰਾਏਦਾਰ ਬਣ ਕੇ ਕਿਸੇ ਪਰਿਵਾਰ ਵਿੱਚ ਰਹਿਣ ਲੱਗ ਪਿਆ। ਇੱਕ ਦਿਨ ਉਸ ਨੇ ਉਸ ਘਰ ਦੀ ਔਰਤ ਨੂੰ ਅਮਰੀਕਾ ਦੇ ਆਜ਼ਾਦੀ ਦਿਹਾੜੇ ਨੂੰ ਮਨਾਉਣ ਲਈ, ਆਜ਼ਾਦੀ ਖ਼ਾਤਰ ਜੂਝਣ ਵਾਲੇ ਨੌਜਵਾਨਾਂ ਦੀਆਂ ਤਸਵੀਰਾਂ ਨੂੰ ਫੁੱਲਾਂ ਨਾਲ ਸਜਾਇਆ ਹੋਇਆ, ਵੇਖਿਆ। ਇਹ ਸਭ ਕੁਝ ਵੇਖ ਕੇ ਸਰਾਭੇ ਨੇ ਉਸ ਨੂੰ ਪੁੱਛਿਆ ਕਿ ਇਹ ਕੀ ਹੈ ? ਤਾਂ ਉਸ ਦਾ ਉੱਤਰ ਸੁਣ ਕੇ ਸਰਾਭੇ ਨੇ ਹਉਕਾ ਲਿਆ ਅਤੇ ਸੋਚਿਆ ਕਿ ਅਸੀਂ ਕਦੋਂ ਆਜ਼ਾਦ ਹੋਵਾਂਗੇ ? ਕੀ ਸਾਡਾ ਦੇਸ਼ ਵੀ ਇਸ ਤਰ੍ਹਾਂ ਆਜ਼ਾਦੀ ਦਾ ਜਸ਼ਨ ਮਨਾਏਗਾ ?

ਯੂਨੀਵਰਸਿਟੀ ਵਿੱਚ ਪੜ੍ਹਦਿਆਂ ਸਰਾਭੇ ਦਾ ਮੇਲ਼ ਹੋਰ ਭਾਰਤੀ ਨੌਜਵਾਨਾਂ, ਜਿਹੜੇ ਵੱਖ-ਵੱਖ ਸੂਬਿਆਂ ਜਿਵੇਂ ਕਿ ਬੰਗਾਲ, ਮਦਰਾਸ ਅਤੇ ਪੰਜਾਬ ਤੋਂ ਗਏ ਸਨ, ਨਾਲ ਹੋਇਆ। ਇਹ ਸਾਰੇ ਵਿਦਿਆਰਥੀ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸੁਪਨਾ ਆਪਣੇ-ਆਪਣੇ ਮਨਾਂ ਵਿੱਚ ਪਾਲ਼ ਰਹੇ ਸਨ। ਸਰਾਭੇ ਸਮੇਤ ਸਾਰੇ ਪੰਜਾਬੀ ਨੌਜਵਾਨਾਂ ਦਾ ਮੱਤ ਸੀ ਕਿ ਆਜ਼ਾਦੀ ਹਥਿਆਰਬੰਦ ਘੋਲ ਲੜ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਦੋਂ ਕਿ ਬੰਗਾਲੀ ਅਤੇ ਮਦਰਾਸੀ ਵਿਦਿਆਰਥੀ ਅਹਿੰਸਾਵਾਦੀ ਸਨ। ਕੁੱਝ ਵੀ ਹੋਵੇ, ਦੇਸ਼ ਨੂੰ ਆਜ਼ਾਦ ਹੁੰਦਾ ਵੇਖਣਾ ਹਰ ਕੋਈ ਚਾਹੁੰਦਾ ਸੀ। ਇਨਕਲਾਬੀ ਵਿਚਾਰਾਂ ਦੇ ਧਾਰਨੀ ਵਿਦਿਆਰਥੀ, ਜਿਨ੍ਹਾਂ ਵਿੱਚ ਕਰਤਾਰ ਸਿੰਘ ਸਰਾਭਾ ਮੋਢੀ ਰੂਪ ਵਿੱਚ ਆਗੂ ਦਾ ਰੂਪ ਅਖ਼ਤਿਆਰ ਕਰ ਚੁੱਕਾ ਸੀ, ਉਹ ਹੋਰਾਂ ਦੇਸ਼ਾਂ ਵਿੱਚ ਹੋ ਰਹੇ ਇਨਕਲਾਬ ਬਾਰੇ ਵੀ ਪੜ੍ਹਦਾ-ਸੁਣਦਾ ਰਹਿੰਦਾ ਸੀ ਅਤੇ ਆਪਣੇ ਸਾਥੀਆਂ ਨਾਲ ਵਿਚਾਰ-ਵਟਾਂਦਰਾ ਵੀ ਕਰਦਾ ਰਹਿੰਦਾ। ਜਿੱਥੇ ਸਰਾਭੇ ਨੇ ਫਰਾਂਸ, ਇਟਲੀ ਜਾਂ ਹੋਰ ਦੇਸ਼ਾਂ ਦੇ ਇਨਕਲਾਬੀਆਂ ਦੀਆਂ ਲਿਖਤਾਂ ਜਾਂ ਜੀਵਨੀਆਂ ਪੜ੍ਹੀਆਂ, ਉੱਥੇ ਉਹ ਆਪਣੀ ਸਰਜ਼ਮੀਂ ਦੇ ਮਹਾਨ ਆਗੂ ਗੁਰੂ ਗੋਬਿੰਦ ਸਿੰਘ ਜੀ ਤੋਂ ਵੀ ਬਹੁਤ ਪ੍ਰਭਾਵਤ ਸੀ।

ਇਸ ਪ੍ਰਕਾਰ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਨੌਜਵਾਨਾਂ ਦਾ ਕਾਫ਼ਲਾ ਵਧਦਾ ਗਿਆ ਅਤੇ ਇਸੇ ਏਕੇ ਦੀ ਲਹਿਰ ’ਚੋਂ ਗ਼ਦਰ ਲਹਿਰ ਦਾ ਜਨਮ ਹੋਇਆ। ਬੇਸ਼ੱਕ ਇਸ ਪਾਰਟੀ ਦਾ ਪਹਿਲਾ ਨਾਂਅ ‘ਹਿੰਦੀ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ’ ਸੀ ਪਰ ‘ਗ਼ਦਰ’ ਅਖ਼ਬਾਰ ਦੀ ਪ੍ਰਕਾਸ਼ਨਾ ਨਾਲ ਪਾਰਟੀ ਦਾ ਨਾਂਅ ਵੀ ‘ਗ਼ਦਰ ਪਾਰਟੀ’ ਪੈ ਗਿਆ, ਜੋ ਹੌਲ਼ੀ-ਹੌਲ਼ੀ ਪਾਰਟੀ ਤੋਂ ਲਹਿਰ ਵਿੱਚ ਤਬਦੀਲ ਹੋ ਗਿਆ।

ਕਰਤਾਰ ਸਿੰਘ ਸਰਾਭਾ ਗ਼ਦਰ ਲਹਿਰ ਦਾ ਚਮਕਦਾ ਸਿਤਾਰਾ ਸੀ। ਗ਼ਦਰ ਅਖ਼ਬਾਰ ਦੀ ਪ੍ਰਕਾਸ਼ਨਾ ਵਿੱਚ ਵੀ ਕਰਤਾਰ ਸਿੰਘ ਦੇ ਨਿਭਾਏ ਰੋਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਜਦੋਂ ਕੋਈ ਲਹਿਰ ਚਲਦੀ ਹੈ ਤਾਂ ਉਸ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੋਈ ‘ਨੈੱਟਵਰਕ’ ਜ਼ਰੂਰ ਸਥਾਪਿਤ ਕਰਨਾ ਪੈਂਦਾ ਹੈ, ਜੋ ਕਿ ‘ਗ਼ਦਰ’ ਅਖ਼ਬਾਰ ਦੀ ਪ੍ਰਕਾਸ਼ਨਾ ਨਾਲ ਸਿਰੇ ਚੜ੍ਹ ਚੁੱਕਿਆ ਸੀ। ‘ਗ਼ਦਰ’ ਅਖ਼ਬਾਰ ਨੂੰ ਕਈ ਥਾਂਵੇਂ ‘ਗ਼ਦਰ ਦੀ ਗੂੰਜ’ ਲਿਖਿਆ ਵੀ ਮਿਲਦਾ ਹੈ। ਉਸ ਲਹਿਰ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸਿਹਰਾ ਵੀ ਸਰਾਭੇ ਦੇ ਸਿਰ ਬੱਝਦਾ ਹੈ। ਸਰਾਭੇ ਦਾ ਇਹ ਮੱਤ ਬੜਾ ਧਿਆਨ ਭਾਲ਼ਦਾ ਹੈ ਕਿ ਸੁਨੇਹਾ ਲੋਕ ਬੋਲੀ ਵਿੱਚ ਹੀ ਦਿੱਤਾ ਜਾ ਸਕਦਾ ਹੈ, ਜਿਸ ਤਰ੍ਹਾਂ ਬੁੱਧ ਨੇ ਆਪਣਾ ਸੁਨੇਹਾ ਲੋਕ ਬੋਲੀ ‘ਪਾਲੀ’ ਵਿੱਚ ਅਤੇ ਗੁਰੂ ਸਹਿਬਾਨ ਨੇ ਆਪਣਾ ਸੁਨੇਹਾ ਪੰਜਾਬੀ ਲੋਕ ਬੋਲੀ ਵਿੱਚ ਦਿੱਤਾ। ਇਸੇ ਤਰ੍ਹਾਂ ਸਰਾਭੇ ਦਾ ਮੱਤ ਸੀ ਕਿ ‘ਗ਼ਦਰ’ ਲਹਿਰ ਦਾ ਸੁਨੇਹਾ ਪੰਜਾਬੀਆਂ ਲਈ ਪੰਜਾਬੀ ਵਿੱਚ ਹੀ ਹੋਣਾ ਚਾਹੀਦਾ ਹੈ ਅਤੇ ਹੋਰਨਾਂ ਸੂਬਿਆਂ ਵਿੱਚ ਉਨ੍ਹਾਂ ਲੋਕਾਂ ਦੀ ਭਾਸ਼ਾ ਵਿੱਚ ਇਹ ਅਖ਼ਬਾਰ 11 (ਗਿਆਰਾਂ) ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੁੰਦਾ ਰਿਹਾ।

ਕਿਸੇ ਵੀ ਲਹਿਰ ਦਾ ਦੂਜਾ ਪੱਖ ਹੁੰਦਾ ਹੈ, ਲਹਿਰ ਨੂੰ ਚਲਾਉਣ ਲਈ ਮਾਇਆ (ਧਨ) ਦੀ ਲੋੜ। ਬੇਸ਼ੱਕ ਜੁਝਾਰੂ ਸੂਰਮੇ ਆਪਣਾ ਤਨ ਅਤੇ ਮਨ ਲੋਕ ਲਹਿਰਾਂ ਨੂੰ ਸਮਰਪਿਤ ਕਰ ਚੁੱਕੇ ਹੁੰਦੇ ਹਨ ਪਰ ਹਾਲਾਤ ਇਸ ਤਰ੍ਹਾਂ ਬਣ ਜਾਂਦੇ ਹਨ ਕਿ ‘ਲਹਿਰਾਂ’ ਪੈਸੇ ਬਗੈਰ ਆਪਣੇ ਕਾਰਜ ਨੂੰ ਨਿਭਾਉਣ ਵਿਚ ਅਸਮਰੱਥ ਹੋ ਜਾਂਦੀਆਂ ਹਨ। ਅਜਿਹਾ ਕੁੱਝ ਹੀ ਸਰਾਭੇ ਵੇਲੇ ਵਾਪਰਿਆ। ਇਸ ਖੱਪੇ ਨੂੰ ਪੂਰਾ ਕਰਨ ਲਈ ਦੇਸ਼ ਭਗਤਾਂ ਨੂੰ ਡਾਕੇ ਵੀ ਮਾਰਨੇ ਪਏ।

ਸਰਾਭੇ ਦੀ ਉੱਚੀ-ਸੁੱਚੀ ਸ਼ਖ਼ਸੀਅਤ ਦਾ ਪ੍ਰਭਾਵ ਵੇਖਣ ਲਈ ਇਕ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ। ਸਰਾਭਾ ਆਪਣੇ ਸਾਥੀਆਂ ਸਮੇਤ ਕਿਸੇ ਘਰ ਡਾਕਾ ਮਾਰਨ ਗਿਆ। ਸਰਾਭੇ ਦੇ ਦੂਜੇ ਸਾਥੀ ਨੇ ਉਸ ਘਰ ਦੀ ਸੁਨੱਖੀ ਮੁਟਿਆਰ ਦਾ ਹੱਥ ਫੜ ਲਿਆ। ਉਸ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਸਰਾਭੇ ਨੇ ਇਹ ਸਭ ਤੱਕਿਆ ਤਾਂ ਉਸ ਨੇ ਆਪਣੇ ਸਾਥੀ ਦੇ ਮੱਥੇ ’ਤੇ ਪਿਸਤੌਲ ਤਣ ਲਿਆ ਅਤੇ ਗਰਜ ਕੇ ਬੋਲਿਆ, ‘‘ਤੂੰ ਮੌਤ ਦਾ ਹੱਕਦਾਰ ਹੈਂ। ਛੇਤੀ ਕਰ, ਜਾਂ ਤਾਂ ਇਸ ਕੁੜੀ ਦੇ ਪੈਰਾਂ ’ਚ ਡਿੱਗ ਕੇ ਮਾਫ਼ੀ ਮੰਗ ਲੈ, ਨਹੀਂ ਮਰਨ ਲਈ ਤਿਆਰ ਹੋ ਜਾ।’’

ਅਜਿਹੇ ਘਟਨਾਕ੍ਰਮ ਨੂੰ ਵੇਖ ਕੇ ਉਸ ਕੁੜੀ ਦੀ ਮਾਂ ਨੇ ਸਰਾਭੇ ਨੂੰ ਕਿਹਾ ਕਿ ਪੁੱਤਰ ਲਗਦੇ ਤਾਂ ਤੁਸੀਂ ਬੜੇ ਸੂਝਵਾਨ ਹੋ ਪਰ ਇਹ ਡਾਕੇ ਮਾਰਨੇ ਤੁਹਾਡੇ ਵਰਗਿਆਂ ਲਈ ਸ਼ੋਭਦੇ ਨਹੀਂ, ਤਾਂ ਸਰਾਭੇ ਨੇ ਦੇਸ਼ ਖ਼ਾਤਰ ਆਪਣੀ ਜ਼ਿੰਦਗੀ ਦਾਅ ’ਤੇ ਲਾਉਣ ਦੀ ਸਾਰੀ ਗੱਲ ਉਸ ਮਾਤਾ ਨੂੰ ਸਮਝਾਈ।

ਜਿਸ ਘਰ ਵਿੱਚ ਡਾਕਾ ਮਾਰਿਆ, ਉੱਥੇ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ। ਕੁੜੀ ਦੀ ਮਾਂ ਹੱਥ ਜੋੜ ਕੇ ਸਰਾਭੇ ਕੋਲ ਖੜ੍ਹ ਗਈ, ‘‘ਪੁੱਤ ਆਹ ਕੁੜੀ ਦੇ ਹੱਥ ਪੀਲੇ ਕਰਨ ਲਈ ਇਹ ਸਮਾਨ ਮਸਾਂ ਜੋੜਿਆ ਸੀ।’’

ਐਨਾ ਕਹਿਣ ਦੀ ਦੇਰ ਸੀ ਕਿ ਸਰਾਭੇ ਦਾ ਮਨ ਪਿਘਲ ਗਿਆ। ਇਹ ਨਹੀਂ ਕਿ ਪਹਿਲਾਂ ਸਰਾਭਾ ਪੱਥਰ ਦਿਲ ਸੀ ਪਰ ਮਜ਼ਬੂਰੀਆਂ ਕਾਰਨ ਉਨ੍ਹਾਂ ਨੂੰ ਇਹ ਰਸਤਾ ਅਖ਼ਤਿਆਰ ਕਰਨਾ ਪੈ ਰਿਹਾ ਸੀ। ਸਰਾਭੇ ਨੇ ਚੁੱਕਿਆ ਹੋਇਆ ਸਮਾਨ ਉਸ ਮਾਈ ਨੂੰ ਵਾਪਸ ਕਰ ਦਿੱਤਾ ਪਰ ਅੱਗੋਂ ਮਾਈ ਨੇ ਖ਼ੁਸ਼ ਹੋ ਕੇ ਸਰਾਭੇ ਦੀ ਝੋਲ਼ੀ ਵਿਚ ਕੁਝ ਵਸਤਾਂ ਪਾ ਦਿੱਤੀਆਂ ਅਤੇ ਕਾਮਯਾਬੀ ਲਈ ਆਸ਼ੀਰਵਾਦ ਦਿੱਤਾ।

ਸਰਾਭੇ ਦੇ ਦਿਲ ਵਿੱਚ ਦੇਸ਼ ਤੋਂ ਕੁਰਬਾਨ ਹੋ ਜਾਣ ਦਾ ਜਜ਼ਬਾ ਕਿੰਨਾ ਕੁੱਟ-ਕੁੱਟ ਭਰਿਆ ਸੀ, ਉਹ ਇਸ ਗੱਲ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਜੇਲ੍ਹ ਵਿੱਚ ਮੁਲਾਕਾਤ ਲਈ ਆਇਆ ਸਰਾਭੇ ਦਾ ਦਾਦਾ ਬਦਨ ਸਿੰਘ ਉਸ ਨੂੰ ਕਹਿਣ ਲੱਗਿਆ, ‘‘ਕਰਤਾਰ ਪੁੱਤਰ ! ਤੂੰ ਛੱਡ ਦੇਸ਼ ਭਗਤੀ ਦੀਆਂ ਗੱਲਾਂ….ਕਿਉ ਆਪਣੀ ਜਾਨ ਅਜਾਈਂ ਗੁਆ ਰਿਹੈਂ ?।’’

ਇਸ ਤਰ੍ਹਾਂ ਦੀਆਂ ਗੱਲਾਂ ਕਰ ਕੇ ਦਾਦਾ ਆਪਣੇ ਪਿਆਰ ਦਾ ਸਬੂਤ ਦੇ ਰਿਹਾ ਸੀ। ਗੱਲਾਂ ਕਰਦਿਆਂ-ਕਰਦਿਆਂ ਕਰਤਾਰ ਸਿੰਘ ਨੇ ਆਪਣੇ ਦਾਦੇ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ, ‘‘ਦਾਦਾ ਜੀ  ! ਫਲਾਣੇ ਦਾ ਕੀ ਹਾਲ ਹੈ ?’’

ਦਾਦਾ ਕਹਿੰਦਾ, ‘‘ਪੁੱਤਰਾ ! ਉਹ ਤਾਂ ਪਲੇਗ ਨਾਲ ਮਰ ਗਿਆ।’’

ਕਰਤਾਰ ਸਿੰਘ ਨੇ ਫੇਰ ਪੁੱਛਿਆ, ‘‘ਦਾਦਾ ਜੀ  ! ਫਲਾਣੇ ਦਾ ਕੀ ਹਾਲ ਹੈ ?’’

ਤਾਂ ਦਾਦਾ ਬੋਲਿਆ, ‘‘ਪੁੱਤਰਾ  ! ਉਹ ਤਾਂ ਹਾਦਸੇ ’ਚ ਮਰ ਗਿਆ।’’

ਬੱਸ ਅਜਿਹੀਆਂ ਤਿੰਨ-ਚਾਰ ਮੌਤਾਂ ਬਾਰੇ ਸੁਣ ਕੇ ਸਰਾਭਾ ਬੋਲਿਆ, ‘‘ਦਾਦਾ ਜੀ  ! ਇਕ ਦਿਨ ਸਭ ਨੇ ਮਰ ਜਾਣੈ….ਜਿਹੜਾ ਪਲੇਗ ਨਾਲ ਜਾਂ ਕਿਸੇ ਹੋਰ ਬਿਮਾਰੀ ਨਾਲ ਮਰ ਗਿਆ, ਉਹਨੂੰ ਕੀਹਨੇ ਯਾਦ ਕਰਨਾ ਹੈ ਪਰ ਕਰਤਾਰ ਸਿੰਘ ਨੂੰ ਦੁਨੀਆਂ ਯਾਦ ਕਰੇਗੀ। ਮੈਂ ਇਕੱਲਾ ਨਹੀਂ, ਮੇਰੇ ਨਾਲ ਦੇ ਹੋਰ ਦੇਸ਼ ਭਗਤ ਅਜਿਹੀਆਂ ਪੈੜਾਂ ਪਾ ਕੇ ਜਾ ਰਹੇ ਹਨ, ਜਿਨ੍ਹਾਂ ਨੂੰ ਲੋਕ ਯਾਦ ਰੱਖਣਗੇ।’’ ਸਰਾਭੇ ਦੇ ਇਸ ਉੱਤਰ ਨੇ ਆਪਣੇ ਦਾਦੇ ਨੂੰ ਨਿਰਉੱਤਰ ਕਰ ਦਿੱਤਾ।

ਸਰਾਭੇ ਦੀ ਸਮੁੱਚੀ ਜੀਵਨੀ ’ਚੋਂ ਜੋ ਸੇਧ ਮਿਲਦੀ ਹੈ, ਉਹ ਇਸ ਗੱਲ ਦਾ ਪ੍ਰਗਟਾਵਾ ਕਰਦੀ ਹੈ ਕਿ ਹਥਿਆਰਬੰਦ ਘੋਲਾਂ ਬਿਨਾਂ ਆਜ਼ਾਦੀ ਪ੍ਰਾਪਤ ਨਹੀਂ ਹੋ ਸਕਦੀ। ਲੋਕਾਂ ਉੱਤੇ ਜ਼ੁਲਮ ਢਾਹੁਣ ਵਾਲੇ ਕਦੇ ਵੀ ਮਿੰਨਤਾਂ-ਤਰਲੇ ਕਰਿਆਂ ਤੋਂ ਆਪਣੇ ਜ਼ੁਲਮ ਬੰਦ ਨਹੀਂ ਕਰਦੇ, ਸਗੋਂ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਲੇ ਹੀ ਆਪਣੇ ਸੰਘਰਸ਼ ਵਿੱਚ ਕਾਮਯਾਬ ਹੁੰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨੂੰ ਪ੍ਰਣਾਇਆ ਸਰਾਭਾ ਇਸੇ ਗੱਲ ਦਾ ਧਾਰਨੀ ਸੀ ਕਿ ਜਦੋਂ ਦਲੀਲ, ਅਪੀਲ ਰੱਦ ਹੋ ਜਾਵੇ ਅਤੇ ਜ਼ੁਲਮ ਦੀ ਅੱਤ ਹੋ ਜਾਵੇ, ਉਦੋਂ ਤਲਵਾਰ ਉੱਠਾ ਲੈਣੀ ਚਾਹੀਦੀ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਣਾਇਆ ਹੋਇਆ ਸਰਾਭਾ ਆਪਣੇ ਲੋਕ ਨਾਇਕਾਂ ਦਾ ਕਦਰਦਾਨ ਹੈ ਅਤੇ ਪੰਜਾਬੀ ਮਾਂ-ਬੋਲੀ ਨੂੰ ਸਤਿਕਾਰ ਦਿੰਦਾ ਹੋਇਆ ਉਹ ਅਖ਼ਬਾਰ ਦੀ ਸੰਪਾਦਨਾ ਦਾ ਕਾਰਜ ਪੰਜਾਬੀ ਵਿੱਚ ਕਰਦਾ ਹੈ ਪਰ ਅਫ਼ਸੋਸ, ਕੁਝ ਅਖੌਤੀ ਬੁੱਧੀਜੀਵੀਆਂ ਨੂੰ ਕਰਤਾਰ ਸਿੰਘ ਸਰਾਭੇ ਦੇ ਸਿਰ ਸਜਿਆ ਪੰਜਾਬੀਅਤ ਦਾ ਮਾਣ ‘ਪੱਗ’ ਰਾਸ ਨਹੀਂ ਆਈ। ਪਿਛਲੇ ਸਾਲਾਂ ਵਿੱਚ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਨਾਲ ਸਬੰਧਿਤ ਦੋ-ਚਾਰ ਕਿਤਾਬਾਂ ਪੜ੍ਹਨ ਨੂੰ ਮਿਲੀਆਂ, ਜਿਸ ਦੇ ਟਾਈਟਲ ਪੇਜ ਉੱਪਰ ਬਿਨਾਂ ਪੱਗ ਤੋਂ ਸਰਾਭੇ ਦੀ ਫੋਟੋ ਦੇਖ ਕੇ ਦਿਲ ਨੂੰ ਧੂਹ ਜਿਹੀ ਪੈਂਦੀ ਹੈ ਅਤੇ ਇੰਞ ਲਗਦਾ ਹੈ ਕਿ ਜਿਵੇਂ ਇਹ ਕੋਈ ਨਕਲੀ ਸਰਾਭਾ ਹੋਵੇ। ਪੱਗ ਪੰਜਾਬੀਅਤ ਦੀ ਪਛਾਣ ਹੈ। ਕਰਤਾਰ ਸਿੰਘ ਸਰਾਭਾ ਪੰਜਾਬ ਦਾ ਮਾਣ ਹੈ। ਉਹਦੇ ਸਿਰ ਤੋਂ ਪੱਗ ਲਾਹੁਣੀ ਸ਼ਹੀਦ ਦਾ ਅਪਮਾਨ ਹੈ। ਅਖੌਤੀ ਬੁੱਧੀਜੀਵੀ ਭਰਾਵਾਂ ਨੂੰ ਬੇਨਤੀ ਹੈ ਕਿ ਸਰਾਭੇ ਦੇ ਸਿਰ ਦਾ ਤਾਜ ਉਸ ਤਰ੍ਹਾਂ ਹੀ ਰਹਿਣ ਦਿਓ। ਤੁਹਾਡੇ ਵੱਲੋਂ ਕੀਤੀ ਹੋਈ ਭੁੱਲ ਇਤਿਹਾਸ ਵਿੱਚ ਨਾ-ਬਖ਼ਸ਼ਣਯੋਗ ਹੋਵੇਗੀ।

ਅੰਤ ਵਿਚ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਅੱਜ ਵੀ ਸਾਡੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਮੂੰਹ ਅੱਡੀ ਖੜ੍ਹੀਆਂ ਹਨ। ਸਾਡੇ ਦੇਸ਼ ਦੇ ਹਾਕਮ, ਲੋਕਾਂ ਦੇ ਲਹੂ ਨੂੰ ਪਾਣੀ ਵਾਂਗ ਪੀ ਰਹੇ ਹਨ। ਯਾਦ ਰੱਖਣਾ, ਸਰਾਭੇ ਦੇ ਆਪਣੇ ਦਾਦੇ ਨੂੰ ਪੁੱਛੇ ਸਵਾਲ, ‘ਕੋਈ ਪਲੇਗ ਨਾਲ ਮਰ ਗਿਆ, ਕੋਈ ਕਿਸੇ ਹੋਰ ਬਿਮਾਰੀ ਨਾਲ’, ਅੱਜ ਵੀ ਕੋਈ ਡੇਂਗੂ ਨਾਲ ਮਰ ਰਿਹਾ ਹੈ, ਕੋਈ ਕੈਂਸਰ ਨਾਲ ਅਤੇ ਬਹੁਤ ਸਾਰੇ ਲੋਕ ਖ਼ੁਦਕੁਸ਼ੀਆਂ ਕਰ ਕੇ ਆਪਣੇ ਜੀਵਨ ਦਾ ਅੰਤ ਕਰ ਰਹੇ ਹਨ। ਅਜਿਹੀਆਂ ਮੌਤਾਂ ਨਾਲ ਇਤਿਹਾਸ ਨਹੀਂ ਸਿਰਜਿਆ ਜਾਂਦਾ।

ਆਓ, ਕਰਤਾਰ ਸਿੰਘ ਸਰਾਭੇ ਦੀ ਸੋਚ ’ਤੇ ਪਹਿਰਾ ਦਿੰਦੇ ਹੋਏ ਲਾਮਬੰਦ ਹੋ ਕੇ ਇਨਸਾਫ਼ ਤੇ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ਪਈਏ।

ਜਰੂਰੀ ਸੂਚਨਾ

0

ਜਰੂਰੀ ਸੂਚਨਾ

ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ (ਰੋਪੜ) ਵਿਖੇ ਬੱਚਿਆਂ ਨੂੰ ਗੁਰਮਤਿ ਪੜਾਉਣ ਲਈ ਸਮਰਪਿਤ ਭਾਵਨਾ ਵਾਲੇ ਪੜ੍ਹੇ ਲਿਖੇ ਵੀਰਾਂ ਦੀ ਲੋੜ ਹੈ, ਜੋ ਗੁਰਮਤਿ ਸਬੰਧੀ ਮਿਸ਼ਨਰੀ ਦ੍ਰਿਸ਼ਟੀਕੋਣ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣ। ਇਸ ਸੇਵਾ ਲਈ ਬੇਨਤੀ ਪੱਤਰ ਹੇਠ ਲਿਖੇ ਪਤੇ ਜਾਂ ਈਮੇਲ ਉੱਤੇ ਹੀ ਭੇਜੇ ਜਾਣ, ਜੀ।

ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਪਿੰਡ ਚੌਤਾਂ ਕਲਾਂ, ਡਾਕਖ਼ਾਨਾ ਝੱਲੀਆਂ ਖੁਰਦ, ਜ਼ਿਲ੍ਹਾ ਰੋਪੜ-140001

Email id. sjsgmcropar@gmail.com

 mpsropar@gmail.com

Most Viewed Posts