ਬਾਬਾ ! ਤੇਰੇ “ੳ” “ਅ” ਨੂੰ, ਕਿਤੇ “A” “B” “C” ਨਾ ਖਾ ਜਾਵੇ ।

0
393

ਬਾਬਾ ! ਤੇਰੇ “ੳ” “ਅ” ਨੂੰ, ਕਿਤੇ “A” “B” “C” ਨਾ ਖਾ ਜਾਵੇ ।

“ਗੁਰਜੰਟ ਸਿੰਘ ਪਟਿਆਲਾ”

ਜਿੰਨ੍ਹਾਂ ਅੱਖਰਾਂ ਨਾਲ ਲਿਖੀ ਗੁਰਬਾਣੀ, ਖਤਮ ਨਾ ਹੋ ਜਾਏ ਕਿਤੇ ਕਹਾਣੀ ।
ਫੁੱਲ ਗੁਰਮੁਖੀ ਵਾਲਾ ਖਿੜਿਆ ਜੋ, ਕਿਤੇ ਐਂਵੇਂ ਨਾ ਮੁਰਝਾ ਜਾਵੇ ।
ਬਾਬਾ ! ਤੇਰੇ “ੳ” “ਅ” ਨੂੰ, ਕਿਤੇ “A” “B” “C” ਨਾ ਖਾ ਜਾਵੇ ।

ਸਾਡੇ ਘਰ ਵਿੱਚ ਸਾਡੀ ਮਾਂ ਨੂੰ, ਮਿਲਦਾ ਕਿਉਂ ਸਤਿਕਾਰ ਨਹੀਂ ?
ਮਾਂ ਬੋਲੀ ਦੇ ਜਾਇਉ ਦੱਸਦੋ, ਦਿਲ ਵਿੱਚ ਕਾਹਤੋਂ ਪਿਆਰ ਨਹੀਂ ?
ਬਾਹਰੋਂ ਆ ਕੇ ਹੋਰ ਕੋਈ ਦੂਜਾ, ਨਾ ਸਾਡੀ ਹੋਂਦ ਮਿਟਾ ਜਾਵੇ ।
ਬਾਬਾ ! ਤੇਰੇ ‘ੳ’ ‘ਅ’ ਨੂੰ, ਕਿਤੇ  “A” “B” “C” ਨਾ ਖਾ ਜਾਵੇ ।

ਕਿੱਦਾਂ ਗੀਤ ਬਣਾਵਾਂ ਬਾਬਾ !  ਲੋਕੀਂ ਆਸ਼ਿਕ ਨੇ ਅੰਗਰੇਜੀ ਦੇ ।
ਹਰ ਕੋਈ ਭੱਜਿਆ ਫਿਰਦਾ ਏਥੇ, ਸਭ  ਮੁਸਾਫਰ ਤੇਜੀ ਦੇ ।
ਇਸ ਮਾਂ ਬੋਲੀ ਪੰਜਾਬੀ ਨੂੰ, ਹਵਾ ਨਾ ਕੋਈ ਉਡਾ ਜਾਵੇ ।
ਬਾਬਾ ! ਤੇਰੇ “ੳ” “ਅ” ਨੂੰ, ਕਿਤੇ “A” “B” “C” ਨਾ ਖਾ ਜਾਵੇ ।

ਵਿੱਚ ਸਕੂਲਾਂ ਇੰਗਲਿਸ਼ ਚੱਲਦੀ, ਪੰਜਾਬੀ ਦਿਲੋਂ  ਭੁਲਾ  ਦਿੱਤੀ ।
ਮਾਂ ਬੋਲੀ ਜੋ ਮਾਖਿਉਂ ਮਿੱਠੀ, ਅੱਜ ਮਤਰੇਈ ਬਣਾ ਦਿੱਤੀ ।
ਪੈਂਤੀ ਅੱਖਰਾਂ ਦਾ ਜੋ ਬੂਟਾ, ਕਿਤੇ ਐਂਵੇਂ ਨਾ ਕੁਮਲਾ ਜਾਵੇ ।
ਬਾਬਾ ! ਤੇਰੇ “ੳ” “ਅ” ਨੂੰ, ਕਿਤੇ “A” “B” “C”  ਨਾ ਖਾ ਜਾਵੇ ।

ਮੰਨਿਆ ਵਿੱਚ ਪੜ੍ਹਾਈਆਂ ਦੇ, ਹਰ ਇੱਕ ਗਿਆਨ ਜਰੂਰੀ ਏ ।
ਮਾਂ ਬੋਲੀ ਨੂੰ ਦਿਲੋਂ ਭੁਲਾ ਦਿਉ, ਐਡੀ ਕੀ ਮਜਬੂਰੀ ਏ ?
ਮਾਂ ਬੋਲੀ ਦੀ ਜਗ੍ਹਾ ’ਤੇ ਲੋਕੋ, ਕੋਈ “ਚਾਚੀ” “ਤਾਈ” ਨਾ ਆ ਜਾਵੇ ।
ਬਾਬਾ ! ਤੇਰੇ “ੳ” “ਅ” ਨੂੰ, ਕਿਤੇ “A” “B” “C” ਨਾ ਖਾ ਜਾਵੇ ।

ਗੁਰਜੰਟ ਵੀ ਲੋਕੋ ਚਿੰਤਾ ਕਰਦਾ, ਮਾਂ ਬੋਲੀ ਪੰਜਾਬੀ ਦੀ ।
ਦੇਖਿਉ ਕਿਧਰੇ ਵਿਗੜ ਨਾ ਜਾਵੇ, ਸੋਹਣੀ ਤੋਰ ਨਵਾਬੀ ਦੀ ।
ਮਾਂ ਬੋਲੀ ਦਾ ਰੁਤਬਾ ਜਿਹੜਾ, ਕੋਈ ਇਸ ਨੂੰ ਖੋਰਾ ਨਾ ਲਾ ਜਾਵੇ ।
ਬਾਬਾ !  ਤੇਰੇ “ੳ” “ਅ” ਨੂੰ, ਕਿਤੇ “A” “B” “C” ਨਾ ਖਾ ਜਾਏ ।
ਬਾਬਾ !  ਤੇਰੇ “ੳ” “ਅ” ਨੂੰ,  ਕਿਤੇ ਅੰਗਰੇਜੀ ਨਾ ਖਾ ਜਾਏ ।