ਬੂਬਨੇ ਸਾਧ ਦਾ ਕਿਰਦਾਰ

0
619

ਬੂਬਨੇ ਸਾਧ ਦਾ ਕਿਰਦਾਰ

ਹੱਟਾ ਕੱਟਾ ਬੂਬਨਾ ਸਾਡੇ ਪਿੰਡ ਆਇਆ । ਕਬਰਾਂ ਦੇ ਵਿੱਚ ਓਸ ਨੇ, ਜਾ ਧੂਣ੍ਹਾ ਲਾਇਆ ।

ਲਕੜ ਟੰਬਾ ਕੱਟ ਕੇ, ਇਕ ਢਾਂਚਾ ਖੜਿਆ ।  ਟੋਟਾ ਇੱਕ ਤਰਪਾਲ ਦਾ, ਉਹਦੇ ਉੱਤੇ ਧਰਿਆ ।

ਸਿਰ ਢਕਣ ਕਰ ਲਿਆ, ਉਹਨੇ ਕੁੱਲੀ ਪਾ ਕੇ ।  ਮਕੜ ਜਾਲ ਵਿਛਾਇਆ, ਉਸ ਸੰਖ ਵਜਾ ਕੇ ।

ਵਾਲ ਸੁਨਿਹਰੀ ਚਮਕਦੇ, ਸੋਨੇ ਦੀਆਂ ਤਾਰਾਂ । ਪੈਰਾਂ ਉੱਤੇ ਡਿਗਦੀਆਂ, ਬੁੱਢੀਆਂ, ਮੁਟਿਆਰਾਂ ।

ਪਰੌਠੇ ਦੇਸੀ ਘਿਉ ਦੇ, ਨਾਲ ਖੀਰ ਦੀ ਥਾਲੀ । ਛਕਾਵੇ ਨਾਲ ਪਰੇਮ ਦੇ, ਬੀਬੋ ਦਿੱਲੀ ਵਾਲੀ ।

ਡੋਲੂ ਕੱਚੇ ਦੁੱਧ ਦਾ, ਭਾਨੋ ਲਿਆਵੇ ਭਰ ਕੇ । ਹਲਵਾ ਤਿੰਨ ਮੇਲ ਦਾ, ਮੁੜ ਜਾਂਦੀ ਧਰ ਕੇ ।

ਖੜਕਨ ਚਿਮਟੇ ਰਾਤ ਨੂੰ, ਭੇਖੀ ਦੇ ਡੇਰੇ ।  ਸੰਬਰੇ ਡੇਰਾ ਸਾਧ ਦਾ, ਸ਼ਾਮੋ ਸ਼ਾਮ-ਸਵੇਰੇ ।

ਨਸ਼ੇੜੀ ’ਕੱਠੇ ਹੋ ਕੇ ਉੱਥੇ ਲੁੱਟਦੇ ਮੌਜਾਂ । ਬਾਟਾ ਪੀ ਕੇ ਭੰਗ ਦਾ, ਜਸ ਗਾਉਂਦੀਆਂ ਫੌਜਾਂ।

ਹੌਲੀ ਹੌਲੀ ਲੱਗ ਪਿਆ, ਓਥੇ ਚੜਨ ਚੜਾਵਾ । 

ਪੰਜ ਰਤਨੀ ਨਾਲ ਵੰਡਦਾ, ਕਾਲੀ ਦਾ ਮਾਵਾ ।

ਧਾਗੇ ਤਬੀਤ ਵਾਲਿਆਂ ਦੀ, ਡਾਰ ਲੰਮੇਰੀ । 

ਨੰਬਰ ਲਾ ਲਾ ਤੋਰਦੀ, ਬਾਬੇ ਦੀ ਚੇਰੀ ।

ਹੱਥ ਜੋੜ ਕੇ ਅਰਜਾਂ, ਇਕ ਬੀਬਾ ਕਰਦੀ । 

ਖੋਲ ਰੁਪਈਏ ਚੁੰਨੀਓਂ, ਧੂਣ੍ਹੇ ਅੱਗੇ ਧਰਦੀ ।

ਦਿਨੇ ਰਾਤ ਉਹ ਬੁੜੀ ਦੇ, ਹੀ ਸੋਹਲੇ ਗਾਵੇ । ਮੇਰੀ ਇੱਕ ਨਾ ਸੁਣਦਾ, ਵੱਢ ਖਾਣ ਨੂੰ ਆਵੇ ।

ਚੱਕਿਆ ਹੋਇਆ ਮਾਂ ਦਾ, ਨਿਤ ਕਰੇ ਕੁਟਾਪਾ । ਖੌਰੇ ਕਦੋਂ ਮੁਕਣਾ, ਸਾਡਾ ਸਿੜੀ-ਸਿਆਪਾ ।

ਦਾਸੀ ਬਣ ਕੇ ਰਹੂੰਗੀ, ਮੇਰੀ ਵੰਗ ’ਚ ਆਵੇ । ਮੇਰੇ ਵਾਂਗਰਾਂ ਉਹ ਭੀ, ਡੇਰੇ ਸੇਵ ਕਮਾਵੇ ।

ਰਾਖ ਪਿਆਦੀਂ ਓਸ ਨੂੰ, ਚਾਹ ਵਿਚ ਮਿਲਾ ਕੇ । ਭਰ ਜਾਵੀਂ ਪੰਜ ਚੌਕੀਆਂ, ਤੂੰ ’ਕੱਲੀ ਆ ਕੇ ।

ਓਹ ਚੱਲੀ, ਹੋਰ ਆ ਗਈ, ਬਾਬੇ ਦੀ ਚੇਰੀ । ਤਿਪ ਨਾ ਦੇਵੇ ਦੁੱਧ ਦੀ, ਸੱਜਰ ਸੂਈ ਮੇਰੀ ।

ਖੌਰੇ ਕੌਣ ਕਰਾ ਗਿਆ, ਤੱਤੀ ਦੇ ਵਿਹੜੇ । ਖ਼ਾਲੀ ਪੀਪੇ ਖੜਕਦੇ, ਭੰਗ ਭੁਜਦੀ ਮੇਰੇ ।

ਬਾਬੇ ਅੱਖਾ ਮੀਟ ਕੇ, ਫਿਰ ਤੁੱਕਾ ਲਾਇਆ। ਕੋਟਲੇ ਵਾਲੇ ਸ਼ੇਖ ਤੋਂ, ਕਾਲਾ ਇਲਮ ਕਰਾਇਆ।

ਨੰਨਾਂ ਲੱਗਦਾ ਨਾਉਂ ਨੂੰ, ਲੰਬੜਾਂ ਦੀ ਨਾਮੋ । ਨਾਲ ਗਈ ਸੀ ਉਸ ਦੇ, ਭੁਲਰਾਂ ਦੀ ਸ਼ਾਮੋ ।

ਉਹਦੇ ਕਾਲੇ ਇਲਮ ਨੇ, ਹੀ ਪਾਏ ਪਟਾਕੇ । ਗੁੜ ਦੇ ਵਿੱਚ ਖਵਾ ਗਈ, ਤੇਰੀ ਮੱਝ ਨੂੰ ਆ ਕੇ ।

ਭਰੀ ਭਰਾਈ ਬਾਬੇ ਦੀ, ਜਾ ਭੜਥੂ ਪਾਇਆ । ਨਾਮੋ ਦੇ ਦਰ ਜਾ ਕੇ, ਓਹਨੇ ਮਜਮਾ ਲਾਇਆ ।

ਪਰਦੇ ਫੋਲੇ ਦੋਹਾਂ ਨੇ, ਸੱਥ ਦੇ ਵਿੱਚ ਖੜ੍ਹ ਕੇ । ਨੰਗਾ ਕਰਿਆ ਢਿੱਡ ਹੀ, ਆਪੋ ਵਿੱਚ ਲੜ ਕੇ ।

ਹੌਲੀ ਹੌਲੀ ਚੱਲ ਪਈ, ਬੂਬਨੇ ਦੀ ਹੱਟੀ । 

ਮੌਜਾਂ ਖਾਣ ਪੀਣ ਨੂੰ, ਹੋਵੇ ਚੰਗੀ ਖੱਟੀ ।

ਕੋਈ ਕੰਗਣ ਚਾੜਦੀ, ਕੋਈ ਚਾੜੇ ਕੋਕਾ । 

ਬਾਬਾ ਵੰਡੀ ਜਾਂਦਾ, ਮੁੰਡਿਆਂ ਦਾ ਕੋਟਾ ।

ਪੋਹ ਮਹੀਨੇ ਉਸ ਨੇ, ਕਰਿਆ ਜਲਧਾਰਾ ।  ਰਾਸ਼ਨ ’ਕੱਠਾ ਹੋ ਗਿਆ, ਸੀ ਵਿਤੋਂ ਬਾਹਰਾ ।

ਬੋਰੇ ਕਈ ਅਨਾਜ ਦੇ, ਨਾਲੇ ਨਕਦੀ ਭਾਰੀ । ਮਾਇਆ ਉੱਤੇ ਨਾਗ ਨੇ, ਸੀ ਕੁੰਡਲੀ ਮਾਰੀ ।

ਸਵਾ ਮਹੀਨਾ ਚੱਲਿਆ, ਫਿਰ ਖੂਬ ਭੰਡਾਰਾ । ਸੇਵਾ ਦੇ ਵਿੱਚ ਜੁਟਿਆ, ਆ ਕੇ ਪਿੰਡ ਸਾਰਾ ।

ਲੀੜਾ-ਲੱਤਾ ਵੇਚਤਾ, ਸਣੇ ਅਨਾਜ ਦੇ ਬੋਰੇ । ਉਹਦੀਆਂ ਅੱਖਾਂ ਵਿੱਚ ਨੱਚਦੇ, ਸ਼ੈਤਾਨੀ ਡੋਰੇ ।

ਬੀਬੋ ਦਿੱਲੀ ਵਾਲੀ, ਬਾਬੇ ਮਨ ਭਾਈ । ਖਚਰੀ ਅੱਖ ਓਸ ਦੀ, ਉਸ ਉੱਤੇ ਆਈ ।

ਚੂਰੀ ਦੇਸੀ ਘਿਉ ਦੀ, ਬਾਬੇ ਲਈ ਆਵੇ । ਕਾੜ੍ਹੇ ਹੋਏ ਦੁੱਧ ਨਾਲ, ਬੈਹ ਬੂਬਨਾ ਖਾਵੇ ।

ਚੋਰੀ-ਸਪੋਰੀ ਮਿਲਦੇ, ਦੋਵੇਂ ਅੱਖ ਬਚਾ ਕੇ । ਕੈਦੋ ਵਾਲੀ ਅੱਖ ਨੇ, ਉਹ ਫੜਲੇ ਜਾ ਕੇ ।

ਬੀਬੋ ਅਤੇ ਬਾਬੇ ਦੀ, ਖਿੰਡ ਗਈ ਕਹਾਣੀ । ਡਾਗਾਂ ਚੱਕੀ ਫਿਰਦੀ, ਮਰਦਾਂ ਦੀ ਢਾਣੀ ।

’ਕੱਠੇ ਹੋ ਬਜੁਰਗਾਂ ਨੇ, ਮਤਾ ਪਕਾਇਆ । ਪਿੰਡੋ ਕੱਢੋ ਬੂਬਨਾ, ਗੰਦ ਇਹਨੇ ਪਾਇਆ ।

ਬੀਬੋ ਅੱਖ ਬਚਾ ਕੇ, ਚੱਲ ਕੁਟੀਆ ਆਈ । ਖਿਚੜੀ ਜਿਹੜੀ ਪੱਕਦੀ, ਬਾਬੇ ਕੰਨੀਂ ਪਾਈ ।

ਸੋਚਾਂ ਦੇ ਵਿੱਚ ਡੁਬਿਆ, ਰੰਗ ਹੋ ਗਿਆ ਪੀਲਾ । ਸਾੜ ਸਤੀ ਤੋਂ ਬੱਚਣ ਦਾ, ਕੋਈ ਕਰੀਏ ਹੀਲਾ ।

ਅੱਖੀਂ ਘੱਟਾ ਪਾਉਣ ਨੂੰ, ਉਹਨੇ ਝੁੱਗੀ ਸਾੜੀ । ਦਲੀਆ ਬਣਜੇ ਖੀਰ ਦਾ, ਜਦ ਕਿਸਮਤ ਮਾੜੀ ।

ਅੱਗ ਬੁਝਾਈ ਪਿੰਡ ਨੇ, ਫਿਰ ਢੋਲ ਵਜਾ ਕੇ । ਹੱਡ ਕੋਈ ਨਾ ਲੱਭਿਆ, ਜਦ ਫੋਲਿਆ ਜਾ ਕੇ ।

ਕਮਾਦ ਦੇ ਵਿੱਚੋਂ ਨਿਕਲਿਆ, ਕਾਲਾ ਪਰਛਾਵਾਂ । ਵਾਹ ਉਏ ਵੱਡਿਆ ਆਸ਼ਕਾ, ਤੈਤੋਂ ਸਦਕੇ ਜਾਵਾਂ ।

ਮਿਰਗਾਂ ਨੇ ਜਾ ਕੇ ਘੇਰ ਲਈ, ਬੀਬੋ ਮੁਰਗਾਬੀ । ਉਹ ਬੈਠਾ ਵਿੱਚ ਕਮਾਦ ਦੇ, ਹੋਇਆ ਸ਼ਰਾਬੀ ।

ਸੱਥ ਦੇ ਵਿੱਚ ਲਿਆ ਕੇ, ਓਹਦੀ ਭੁਗਤ ਸਵਾਰੀ । ਪੰਜ-ਪੰਜ ਮਾਰਨ ਜੁੱਤੀਆਂ, ਸਾਰੇ ਵਾਰੋ ਵਾਰੀ ।

ਭੇਜਿਆ ਚੌਕੀਦਾਰ ਨੂੰ, ਫਿਰ ਥਾਣਾ ਆਇਆ । ਊਠ ਦੇ ਵਾਂਗੂੰ ਰਿੰਙਦਾ, ਜਦ ਘੋਟਾ ਲਇਆ ।

ਨਿਤਾਰ ਲਿਆ ਥਾਣੇਦਾਰ ਨੇ, ਫਿਰ ਦੁੱਧੋਂ ਪਾਣੀ । ਖਿੱਦੋ ਵਾਂਗੂੰ ਉਦੜੀ, ਉਹਦੀ ਪਾਪ ਕਹਾਣੀ ।

ਰੰਨ ਉਧਾਲੀ ਪੱਟੀਉਂ, ਦਰਜ ਹੋਇਆ ਪਰਚਾ । ਜਾਨ ਲਕੋਂਦਾ ਫਿਰਦਾ, ਇਹ ਪੁਲਿਸ ਤੋਂ ਡਰਦਾ ।

ਭਗੌੜਾ ਹੋਇਆ ਜਦੋਂ ਦਾ, ਇਹ ਮਾਰ ਕੇ ਡਾਕਾ । ਫਰੌਤੀ ਖ਼ਾਤਰ ਮਾਰਿਆ, ਇਕ ਸ਼ਾਹ ਦਾ ਕਾਕਾ ।

ਨੂੜ ਲਿਆ ਫਿਰ ਪੁਲਸ ਨੇ, ਹੱਥ ਕੜੀਆ ਲਾ ਕੇ । ਸੁੱਟ ਲਿਆ ਵਿੱਚ ਜੀਪ ਦੇ, ਪੈਰੀਂ ਸੰਗਲ ਪਾ ਕੇ ।

ਏਹ ਭੂਸਰੇ ਹੋਏ ਸਾਹਨ ਨੇ, ਖਰੂਦ ਮਚਾਉਂਦੇ । ਭਰਮਾਂ ਦੇ ਵਿੱਚ ਪਾ ਕੇ, ਆਪ ਐਸ਼ ਉਡਾਉਂਦੇ ।

ਸ਼ਬਦ ਗੁਰੂ ਨਾਲ ਜੁੜ ਕੇ, ਸੱਚੇ ਗੁਰੂ ਨੂੰ ਪਾਵੋ । ‘ਸੇਖੋਂ’ ਇਹਨਾ ਬੂਬਨਿਆਂ ਨੂੰ, ਕਦੇ ਮੂੰਹ ਨਾ ਲਾਵੋ ।