ਵੱਧ ਰਿਹਾ ਡੇਰਾਵਾਦ: ਜ਼ਿੰਮੇਵਾਰੀ ਕਿਸ ਦੀ

0
209

ਵੱਧ ਰਿਹਾ ਡੇਰਾਵਾਦ: ਜ਼ਿੰਮੇਵਾਰੀ ਕਿਸ ਦੀ

ਡਾਕਟਰ ਹਰਜਿੰਦਰ ਸਿੰਘ

ਉਹ ਕਿਹੜਾ ਬੂਟਾ ਏ  ? ਹਰ ਥਾਂ ਜੋ ਪਲਦਾ ਏ ।

ਆਰੇ ਦੇ ਦੰਦਿਆਂ ਤੇ, ਰੰਬੀਆਂ ਦੀਆਂ ਧਾਰਾਂ ਤੇ,

ਪੱਥਰ ਦਿਆਂ ਦਰਿਆਂ ਵਿੱਚ, ਸਰਸਾ ਦੀਆਂ ਲਹਿਰਾਂ ’ਤੇ,

ਸਤਲੁਜ ਦੇ ਕੰਢੇ ਤੇ, ਲੱਖੀ ਦੇ ਜੰਗਲ ਵਿੱਚ,

ਰੋੜਾਂ ਵਿੱਚ, ਰਕੜਾਂ ਵਿੱਚ, ਬੰਜਰਾਂ ਵਿੱਚ,

ਮੀਂਹਾਂ ਵਿੱਚ, ਸਰਹਿੰਦ ਦੀਆਂ ਨੀਹਾਂ ਵਿੱਚ,

ਜਿੱਥੇ ਵੀ ਲਾ ਦਈਏ, ਉੱਥੇ ਹੀ ਪਲਦਾ ਏ,

ਜਿਤਨਾ ਇਹ ਛਾਂਗ ਦਈਏ, ਉਤਨਾ ਹੀ ਫ਼ਲਦਾ ਏ।

ਪੰਜਾਬੀ ਸ਼ਾਇਰ ਪ੍ਰੋ. ਮੋਹਨ ਸਿੰਘ ਨੇ ਆਪਣੀ ਉਕਤ ਕਵਿਤਾ ‘ਸਿੱਖੀ’ ਰਾਹੀਂ ਜਿਹੜੀ ਸਿੱਖੀ ਦੀ ਗੱਲ ਕੀਤੀ ਹੈ, ਕੀ ਇਹ ਪੰਜ ਦਰਿਆਵਾਂ ਦੀ ਧਰਤੀ ਦੇ ਅੱਧੇ ਹਿੱਸੇ ਜਿੰਨੀ ਹੈ ਕਿ ਭਾਰਤੀ ਪੰਜਾਬ ਵਿੱਚ ਇਹ ਉਸੇ ਤਰ੍ਹਾਂ ਵੱਧ ਫੁੱਲ ਰਹੀ ਹੈ। ਇਹ ਸਵਾਲ ਹਰ ਸਿਆਣੇ ਅਤੇ ਗੰਭੀਰ ਸਿੱਖ ਦੇ ਮਨ ਵਿੱਚ ਆਉਂਦਾ ਹੈ। ਭਾਰਤੀ ਪੰਜਾਬ ਦੇ 12,728 ਪਿੰਡਾਂ ਵਿੱਚ 4,025 ਸੰਤ ਹਨ। 1925 ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧ ਦੇ ਨਾਲ ਨਾਲ ਸਿੱਖੀ ਦੇ ਪ੍ਰਚਾਰ ਵਿੱਚ ਲੱਗੀ ਹੋਈ ਹੈ। ਇਸ ਦੇ ਬਾਵਜੂਦ ਸਿੱਖੀ ਸਰੂਪ ਵਾਲੇ ਅਤੇ ਪ੍ਰੋ. ਮੋਹਨ ਸਿੰਘ ਦੀ ਦਿੱਤੀ ਸਿੱਖੀ ਦੀ ਪਰਿਭਾਸ਼ਾ ’ਤੇ ਖਰੇ ਉਤਰਨ ਵਾਲੇ ਸਿੱਖ ਕਿੰਨੇ ਕੁ ਨਜ਼ਰ ਆਉਂਦੇ ਹਨ। ਸਾਬਤ ਸੂਰਤ ਸਿੱਖ ਭਾਵੇਂ ਵਧਣ ਫੁੱਲਣ ਜਾਂ ਨਾ ਪਰ ਪੰਜਾਬ ਅਤੇ ਪੰਜਾਬ ਦੇ ਨਾਲ ਸਬੰਧਿਤ ਲੋਕਾਂ ਦੇ ਡੇਰੇ ਲਗਾਤਾਰ ਵੱਧ ਫੁੱਲ ਰਹੇ ਹਨ। ਡੇਰਿਆਂ ਦੇ ਫ਼ੈਲਾਅ ਵਿੱਚ ਬਾਬੇ ਨਾਨਕ ਦੇ ਵਾਰਸ ਲੱਗੇ ਹੋਏ ਹਨ।

ਡੇਰੇਦਾਰ ਸਿੱਖ ਫ਼ਲਸਫ਼ੇ ‘ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ’ ਦੀਆਂ ਧੱਜੀਆਂ ਉੱਡਾ ਰਹੇ ਹਨ। ਇੱਕ ਚੈਨਲ ਦੇ ਐਂਕਰ ਨੇ ਇਸ ਸਬੰਧੀ ਸਵਾਲ ਕਰਦੇ ਹੋਏ ਕਿਹਾ ਕਿ ‘ਕੀ ਕਾਰਨ ਹੈ ਲੋਕ ਡੇਰਿਆਂ ਵੱਲ ਨੂੰ ਵਹੀਰਾਂ ਘੱਤ ਰਹੇ ਹਨ। ਲੋਕ ਡੇਰਿਆਂ ਵੱਲ ਨੂੰ ਜਾ ਰਹੇ ਹਨ, ਖਾਸ ਤੌਰ ’ਤੇ ਸਿੱਖਾਂ ਦੀ ਵੱਡੀ ਗਿਣਤੀ ਡੇਰੇਦਾਰਾਂ ਦੀ ਭਗਤ ਬਣ ਰਹੀ ਹੈ, ਜ਼ਿੰਮੇਵਾਰੀ ਕਿਸ ਦੀ ਹੈ।’

ਬਹੁਤੇ ਡੇਰੇਦਾਰ ਸੰਤਾਂ ਦੇ ਭੇਖ ਵਿੱਚ ਹੁੰਦੇ ਹਨ। ਸਿੱਖੀ ਵਿੱਚ ਸੰਤਾਂ ਨੂੰ ਵੱਡਾ ਰੁਤਬਾ ਦਿੱਤਾ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ : ‘‘ਸੰਤ ਸਰਨਿ, ਜੋ ਜਨੁ ਪਰੈ; ਸੋ ਜਨੁ ਉਧਰਨਹਾਰ॥ ਸੰਤ ਕੀ ਨਿੰਦਾ ਨਾਨਕਾ  ! ਬਹੁਰਿ ਬਹੁਰਿ ਅਵਤਾਰ ॥’’ (ਮ: ੫/੨੭੯)

ਗੁਰੂ ਅਰਜਨ ਦੇਵ ਜੀ ਨੇ ਹੇਠ ਲਿਖੇ ਸ਼ਬਦਾਂ ਵਿੱਚ ‘ਸੰਤਾਂ’ ਦੀ ਸ਼ਲਾਘਾ ਕੀਤੀ ਹੈ : ‘‘ਸੰਤ ਜਨਾ ਮਿਲਿ; ਹਰਿ ਜਸੁ ਗਾਇਓ ॥ ਕੋਟਿ ਜਨਮ ਕੇ; ਦੂਖ ਗਵਾਇਓ ॥ (ਮ: ੫/੭੨੦)

ਸੋ ਬਹੁਤ ਸਾਰੇ ਸਿੱਖ ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ‘ਸੰਤਾਂ’ ਨੂੰ ਸਤਿਕਾਰ ਦਿੰਦੇ ਹੋਏ ਉਹਨਾਂ ਦੇ ਪਿੱਛੇ ਲੱਗ ਤੁਰਦੇ ਹਨ। ਦੂਜੇ ਪਾਸੇ ਜ਼ਿਆਦਾ ਗਿਣਤੀ ਵਿੱਚ ਡੇਰੇਦਾਰ ਸੰਤਾਂ ਦੇ ਭੇਖ ਵਿੱਚ ਭੋਲੀ ਭਾਲੀ ਸੰਗਤ ਨੂੰ ਪਿੱਛੇ ਲਾਉਣ ਵਿੱਚ ਕਾਮਯਾਬ ਵੀ ਹੋ ਜਾਂਦੇ ਹਨ। ਵੱਡੀ ਗਿਣਤੀ ਵਿੱਚ ਸੰਗਤ ਤਰਕਸ਼ੀਲ ਨਹੀਂ ਹੁੰਦੀ ਅਤੇ ਨਾ ਹੀ ਬਹੁਤੀ ਪੜ੍ਹੀ ਲਿਖੀ ਹੁੰਦੀ ਹੈ।

ਮਹਾਤਮਾ ਬੁੱਧ ਨੇ ਧੱਮਪਦ ਵਿੱਚ ਕਿਹਾ ਹੈ :

‘ਮਨ ਹੈ ਜਿਸ ਦਾ ਮੈਲਾ ਉਸ ਨੂੰ ਸਾਧ ਭੇਖ ਨ ਤਾਰੇ, ਸਾਧ ਭੇਖ ਕੇ ਯਗ ਹੈ ਉਹੀ, ਚਿੱਤ ਸੰਜਮ ਜੋ ਧਾਰੇ।

ਸਾਧ ਹੈ ਉਹੀ ਮਾਇਆ ਵਿੱਚ ਜੋ ਰਹਿੰਦਾ ਹੈ ਨਿਰਲੇਪ, ਸਾਧ ਹੈ ਉਹੀ ਸਾਸ-ਸਾਸ ਤੋਂ ਹਰਿ-ਹਰਿ ਨਾਮ ਚਿਤਾਰੇ।’

ਜ਼ਿਆਦਾਤਰ ਲੋਕਾਂ ਨੂੰ ਭੇਖੀ ਅਤੇ ਅਸਲੀ ਸੰਤਾਂ ਵਿੱਚ ਫ਼ਰਕ ਨਹੀਂ ਪਤਾ ਲੱਗਦਾ। ਮੱਧ ਸ਼੍ਰੇਣੀ, ਹੇਠਲੀ ਮੱਧ ਸ਼੍ਰੇਣੀ, ਸਮਾਜਿਕ ਤੌਰ ’ਤੇ ਪੱਛੜੀਆਂ ਸ਼੍ਰੇਣੀਆਂ ਅਤੇ ਜਾਤ ਦੇ ਆਧਾਰ ’ਤੇ ਨੀਵੀਆਂ ਕਹੀਆਂ ਜਾਣ ਵਾਲੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਅਜਿਹੇ ਭੇਖੀ ਲੋਕ ਜਲਦੀ ਅਤੇ ਆਸਾਨੀ ਨਾਲ ਪਿੱਛੇ ਲਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਜੇ ਸਿੱਖੀ ਵਿੱਚ ਗੁਰੂ ਆਸ਼ੇ ਅਨੁਸਾਰ ਜਾਤ ਪਾਤ ਦਾ ਫ਼ਰਕ ਮਿਟ ਜਾਂਦਾ ਤਾਂ ਸਥਿਤੀ ਅਜਿਹੀ ਨਹੀਂ ਹੋਣੀ ਸੀ। ਜੇ ਸਿੱਖੀ ਵਿੱਚ ਸਾਰੇ ਲੋਕਾਂ ਨੂੰ ਬਰਾਬਰ ਦਾ ਸਤਿਕਾਰ ਅਤੇ ਮੌਕੇ ਮਿਲਦੇ ਤਾਂ ਵੀ ਲੋਕ ਡੇਰਿਆਂ ਵੱਲ ਮੂੰਹ ਨਾ ਕਰਦੇ। ਜੇ ਸਿੱਖੀ ਦੇ ਪ੍ਰਚਾਰਕ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਿਭਾਉਂਦੇ ਤਾਂ ਵੀ ਇੰਨੀ ਵੱਡੀ ਗਿਣਤੀ ਵਿੱਚ ਲੋਕ ਡੇਰੇਦਾਰਾਂ ਦੇ ਮਗਰ ਨਾ ਲੱਗਦੇ। ਜੇ ਸਿਆਸੀ ਲੋਕ ਆਪਣੇ ਸਿਆਸੀ ਸਵਾਰਥ ਪੂਰੇ ਕਰਨ ਹਿਤ ਇਹਨਾਂ ਲੋਕਾਂ ਨੂੰ ਸਰਪ੍ਰਸਤੀ ਨਾ ਦਿੰਦੇ ਤਾਂ ਵੀ ਸਥਿਤੀ ਕੁਝ ਹੋਰ ਹੁੰਦੀ। ਜੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਨੂੰ ਸਹੀ ਅਤੇ ਜ਼ੋਰਦਾਰ ਤਰੀਕੇ ਨਾਲ ਕਰਦੀ ਤਾਂ ਵੀ ਸਿੱਖ ਸੰਗਤ ਭੇਖੀ ਸਾਧਾਂ ਦੇ ਮਗਰ ਨਾ ਲੱਗਦੀ, ਦਲੀਲਾਂ ਦੇ ਆਧਾਰ ’ਤੇ ਮੈਂ ਕਹਿ ਸਕਦਾ ਹਾਂ ਕਿ ਸਿੱਖ ਪ੍ਰਚਾਰਕਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਉਕਤ ਜਵਾਬ ਮੈਂ ਉਸ ਟੀ. ਵੀ. ਐਂਕਰ ਨੂੰ ਦਿੱਤਾ। ਹੁਣ ਮੈਂ ਇਹੀ ਜਵਾਬ ਤੁਹਾਡੇ ਅੱਗੇ ਰੱਖ ਰਿਹਾ ਹਾਂ। ਮੈਨੂੰ ਪੂਰਨ ਆਸ ਹੈ ਕਿ ਤੁਸੀਂ ਆਪਣੀ ਸੋਚ ਮੁਤਾਬਕ ਹੋਰ ਦਲੀਲਾਂ ਦਿਓਗੇ ਤਾਂ ਜੋ ਕਿਸੇ ਸਹੀ ਨਿਰਣੇ ’ਤੇ ਪਹੁੰਚ ਸਕੀਏ। ਉਂਝ ਇਹ ਸਵਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਗੁਰਮੀਤ ਰਾਮ ਰਹੀਮ ਵਿੱਚ ਅਜਿਹਾ ਕੀ ਸੀ ਕਿ ਉਸ ਨੇ ਲੱਖਾਂ ਲੋਕਾਂ ਨੂੰ ਆਪਣੇ ਅਨੁਯਾਈ ਬਣਾ ਰੱਖਿਆ ਸੀ ਜੋ ਉਸ ਉੱਪਰ ਜਾਨ ਵਾਰਨ ਲਈ ਤਿਆਰ ਸਨ। ਇਹ ਗੁਰਮੀਤ ਰਾਮ ਰਹੀਮ ਹੋਵੇ ਜਾਂ ਕੋਈ ਹੋਰ। ਇਹ ਸਵਾਲ ਹਮੇਸ਼ਾ ਤੁਹਾਡੇ ਸਾਹਮਣੇ ਰਹੇਗਾ। ਇੱਕ ਗੱਲ ਤਾਂ ਸਪਸ਼ਟ ਹੈ ਕਿ ਅਜਿਹੇ ਲੋਕ ਕੁਝ ਅਜਿਹਾ ਜ਼ਰੂਰ ਕਰਦੇ ਹਨ ਜਿਸ ਕਾਰਨ ਲੋਕ ਉਹਨਾਂ ਦੇ ਪਿੱਛੇ ਲੱਗ ਜਾਂਦੇ ਹਨ। ਜਿਵੇਂ ਲੰਗਰ ਪਾਣੀ ਅਤੇ ਕੁਝ ਹੋਰ ਸਹੂਲਤਾਂ ਦੇਣਾ। ਰਾਮ ਰਹੀਮ ਵਾਂਗ ਸਿਹਤ ਸਹੂਲਤਾਂ ਅਤੇ ਨਸ਼ੇ ਛੁਡਾਉਣਾ, ਆਦਿ। ਵੱਡਾ ਕਾਰਨ ਸਿਆਸੀ ਪਾਰਟੀਆਂ ਅਤੇ ਸਿਆਸੀ ਲੀਡਰਾਂ ਰਾਹੀਂ ਲੋਕਾਂ ’ਤੇ ਪ੍ਰਭਾਵ ਪਾਉਣਾ। ਅਫ਼ਸਰਸ਼ਾਹੀ ਅਤੇ ਸਰਕਾਰਾਂ ਤੋਂ ਜਾਇਜ਼-ਨਜਾਇਜ਼ ਕੰਮ ਲੈਣੇ। ਰਾਮ ਰਹੀਮ ਵਰਗੇ ਤਾਂ ਵਪਾਰ ਅਤੇ ਰੁਜ਼ਗਾਰ ਦੇ ਮਾਮਲੇ ਵਿੱਚ ਵੀ ਆਪਣੇ ਪ੍ਰੇਮੀਆਂ ਦੀ ਮਦਦ ਕਰਦਾ ਸੀ। ਸੋ ਲੋਕ ਤਾਂ ਆਪਣੇ ਸਵਾਰਥਾਂ ਨਾਲ ਜੁੜੇ ਹੁੰਦੇ ਹਨ। ਅਜਿਹੇ ਅਖੌਤੀ ਸੰਤ ਇੱਕ ਪਾਸੇ ਲੋਕਾਂ ਦੇ ਸਵਾਰਥ ਪੂਰੇ ਕਰਦੇ ਹਨ, ਦੂਜੇ ਪਾਸੇ ਉਹਨਾਂ ਦੀ ਧਾਰਮਿਕ ਸ਼ਰਧਾ ਅਤੇ ਆਸਥਾ ਪੂਰੀ ਕਰਦੇ ਹਨ। ਡੇਰਿਆਂ ਵਿੱਚ ਮਿਲਦੇ ਜਾਤ ਪਾਤ ਦੇ ਨਾਮ ’ਤੇ ਸਤਿਕਾਰ ਅਤੇ ਅਧਿਕਾਰ ਉਹਨਾਂ ਨੂੰ ਸਾਧਾਂ ਨਾਲ ਜੋੜ ਦਿੰਦੇ ਹਨ। ਬਹੁਤੀ ਅਨਪੜ੍ਹ ਜਨਤਾ ਅਜਿਹੇ ਭੇਖੀਆਂ ਦੀਆਂ ਗੱਲਾਂ ਵਿੱਚ ਆ ਜਾਂਦੀ ਹੈ। ਬਾਕੀ ਪੰਜਾਬ ਵਿਚਲੇ ਸੰਤ ਸਾਧਾਂ ਬਾਰੇ ਤਾਂ ਜੋ ਮੈਂ ਉੱਪਰ ਕਿਹਾ ਹੈ ਕਿ ਜੇ ਸਿੱਖੀ ਵਿੱਚ ਸਭ ਨੂੰ ਗੁਰੂ ਸਾਹਿਬਾਨ ਦੇ ਆਸ਼ੇ ਮੁਤਾਬਕ ਬਰਾਬਰੀ ਦਾ ਸਥਾਨ ਮਿਲਦਾ ਤਾਂ ਇਸ ਧਰਤੀ ’ਤੇ ਅਜਿਹਾ ਕੁਝ ਨਾ ਵਾਪਰਦਾ। ਸਮਾਂ ਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਡੇਰਾਵਾਦ ਵਿਰੁੱਧ ਇੱਕ ਮੁਹਿੰਮ ਚਲਾਵੇ ਪਰ ਇਹ ਕੰਮ ਹੈ ਬੜਾ ਮੁਸ਼ਕਿਲ ਕਿਉਂਕਿ ਸੈਂਕੜੇ ਸੰਤ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ ਅਤੇ ਕੋਈ ਸਿਆਸੀ ਪਾਰਟੀ ਆਪਣੇ ਅਜਿਹੇ ਸਹਿਯੋਗੀ ਨੂੰ ਨਹੀਂ ਗਵਾਉਣਾ ਚਾਹੇਗੀ।

ਕਲਮੋਂ ਨੇ ਸੱਚ ਲਿਖਾ, ਜੋ ਬਸਤੀ ਮੇਂ ਹੂਆ

ਘਰ ਜਲਾਨੇ ਕੀ ਸਾਜਿਸ਼, ਹਵਾਉਂ ਕੀ ਥੀ

ਔਰ ਅਖਬਾਰ ਮੇਂ, ਛਪ ਗਯਾ ਹਾਦਿਸਾ ।

ਸ਼ਾਇਰ ਮਹਤਾਬ ਪੈਕਰ ਆਜ਼ਮੀ ਨੇ ਉਕਤ ਸ਼ੇਅਰ ਵਿੱਚ ਮੀਡੀਆ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲਗਾਇਆ ਹੈ ਕਿ ਅੱਗ ਲਾਉਣ ਵਾਲੇ ਜਾਂ ਸਾਜਿਸ਼ਾਂ ਕਰਨ ਵਾਲੇ ਕੋਈ ਹੋਰ ਸਨ ਅਤੇ ਅਖਬਾਰਾਂ ਵਾਲਿਆਂ ਨੇ ਇਸ ਨੂੰ ਮਹਿਜ਼ ਹਾਦਸਾ ਬਣਾ ਕੇ ਪੇਸ਼ ਕਰ ਦਿੱਤਾ। ਮੀਡੀਆ ’ਤੇ ਅਜਿਹੇ ਇਲਜ਼ਾਮ ਅਕਸਰ ਲੱਗਦੇ ਆਏ ਹਨ। ਕਾਰਨ ਸਪਸ਼ਟ ਹੈ ਕਿ ਮੀਡੀਆ ਦੀ ਵਿਸ਼ਵਾਸ ਯੋਗਤਾ ਪਿਛਲੇ ਕਾਫ਼ੀ ਸਮੇਂ ਤੋਂ ਸ਼ੱਕੀ ਹੋ ਗਈ ਹੈ। ਆਮ ਲੋਕ ਸਮਝਦੇ ਹਨ ਕਿ ਪੈਸੇ ਦੇ ਜ਼ੋਰ ’ਤੇ ਮੀਡੀਆ ਵਿੱਚ ਜੋ ਚਾਹੋ ਵਿਖਾ ਸਕਦੇ ਹੋ ਅਤੇ ਜੋ ਚਾਹੋ ਛਪਵਾ ਸਕਦੇ ਹੋ। ਲੋਕਤੰਤਰ ਦੇ ਤਿੰਨ ਸਤੰਭਾਂ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਾਂਗ ਚੌਥਾ ਸਤੰਭ ਵੀ ਘਟਦੀ ਵਿਸ਼ਵਾਸਯੋਗਤਾ ਕਾਰਨ ਲੋਕਾਂ ਦੀ ਕਚਹਿਰੀ ਵਿੱਚ ਸ਼ੱਕ ਦੀ ਨਿਗ੍ਹਾ ਨਾਲ ਵੇਖਿਆ ਜਾਣ ਲੱਗਾ ਹੈ। ਕਲਮਾਂ ਵਿਕਣ ਲੱਗੀਆਂ ਹਨ, ਕਲਮਾਂ ਝੁਕਣ ਲੱਗੀਆਂ ਹਨ ਅਤੇ ਕਲਮਾਂ ਰੁਕਣ ਲੱਗੀਆਂ ਹਨ।

ਇਹ ਤਸੱਲੀ ਭਰੀ ਖੁਸ਼ੀ ਦੀ ਗੱਲ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਸਾਧਵੀ ਬਲਾਤਕਾਰ ਕੇਸ ਦੀ ਕਵਰੇਜ਼ ਕਰਦੇ ਸਮੇਂ ਪ੍ਰਿੰਟ ਅਤੇ ਬਿਜਲਈ ਮੀਡੀਆ ਨੇ ਆਪਣੀ ਵਿਸ਼ਵਾਸ ਯੋਗਤਾ ਵਿੱਚ ਢੇਰ ਵਾਧਾ ਕੀਤਾ ਹੈ। ਇਸ ਕੇਸ ਵਿੱਚ ਦੇਸ਼ ਦੇ ਲੋਕਤੰਤਰ ਦੇ ਦੋ ਸਤੰਭਾਂ ਨਿਆਂਪਾਲਿਕਾ ਅਤੇ ਮੀਡੀਆ ਨੇ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਆਪਣੇ ਲਈ ਨਾ ਸਿਰਫ਼ ਸਤਿਕਾਰ ਵਧਾਇਆ ਬਲਕਿ ਲੋਕ ਮਨਾਂ ਵਿੱਚ ਆਸ ਦੀ ਕਿਰਨ ਵੀ ਜਗਾਈ ਹੈ ਕਿ ਅਜੇ ਵੀ ਕੈਮਰੇ ਦੀ ਅੱਖ ਸੱਚ ਨੂੰ ਵੇਖਣ ਵਿਖਾਉਣ ਦੀ ਜੁਅਰਤ ਕਰ ਸਕਦੀ ਹੈ ਅਤੇ ਪੱਤਰਕਾਰ ਦੀ ਕਲਮ ਵੀ ਸੱਚ ਲਿਖਣ ਦਾ ਹੌਸਲਾ ਰੱਖਦੀ ਹੈ। ਉਂਝ ਬਲਾਤਕਾਰ ਦਾ ਸ਼ਿਕਾਰ ਸਾਧਵੀ ਦੀ ਚਿੱਠੀ ਛਾਪ ਕੇ ਪੱਤਰਕਾਰ ਛਤਰਪਤੀ ਨੇ ਨਾ ਕੇਵਲ ਪੱਤਰਕਾਰੀ ਦਾ ਧਰਮ ਨਿਭਾਇਆ ਸੀ, ਬਲਕਿ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਇਨਸਾਫ਼ ਦੀ ਲੜਾਈ ਵਿੱਚ ਆਪਣਾ ਯੋਗਦਾਨ ਵੀ ਪਾਇਆ ਸੀ। 25 ਅਗਸਤ 2017 ਦੀ ਦੁਪਹਿਰ ਤੋਂ ਬਾਅਦ ਪੰਚਕੂਲਾ ਵਿੱਚ ਜੋ ਕਹਿਰ ਵਾਪਰਿਆ, ਉਸ ਤੋਂ ਮੀਡੀਆ ਵੀ ਅਭਿੱਜ ਨਹੀਂ ਰਿਹਾ। ਦੁਨੀਆਂ ਨੇ ਵੇਖਿਆ ਕਿ ਡੇਰਾ ਮੁਖੀ ਦੇ ਪੈਰੋਕਾਰਾਂ ਨੇ ਸਭ ਤੋਂ ਪਹਿਲਾਂ ਹਮਲਾ ਮੀਡੀਆ ’ਤੇ ਹੀ ਕੀਤਾ। ਕਰੋੜਾਂ ਲੋਕਾਂ ਨੇ ਆਪਣੇ ਘਰਾਂ ਵਿੱਚ ਬੈਠਿਆਂ ਟੀ. ਵੀ. ’ਤੇ ਤਿੰਨ ਟੀ. ਵੀ. ਚੈਨਲਾਂ ਦੀਆਂ ਆਊਟਡੋਰ ਵੈਨਾਂ ਨੂੰ ਨਸ਼ਟ ਹੁੰਦੇ ਵੇਖਿਆ। ਇਹ ਸਭ ਕੁਝ ਹਰਿਆਣਾ ਦੀ ਪੁਲਿਸ ਫੋਰਸ ਦੇ ਸਾਹਮਣੇ ਹੋਇਆ। ਇੱਥੇ ਹੀ ਬੱਸ ਨਹੀਂ ਫਿਰ ਤਾਂ ਜਿੱਥੇ ਵੀ ਮੌਕਾ ਮਿਲਿਆ ਗੁੰਡਾ ਅਨਸਰਾਂ ਨੇ ਰਿਪੋਰਟਰਾਂ ਅਤੇ ਕੈਮਰਾਮੈਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਜ਼ਖਮੀ ਕੀਤਾ। ਜ਼ਖਮੀਆਂ ਵਿੱਚ ਹਰਿਆਣਾ ਅਤੇ ਪੰਜਾਬ ਦੋਵਾਂ ਪ੍ਰਾਂਤਾਂ ਦੇ ਪੱਤਰਕਾਰ ਸ਼ਾਮਲ ਸਨ। ਗੁੰਡਾਗਰਦੀ ਦਾ ਇਹ ਤਾਂਡਵ ਨਾਚ ਸਿਰਫ਼ ਪੰਚਕੂਲਾ ਵਿੱਚ ਹੀ ਨਹੀਂ ਸਗੋਂ ਸਰਸਾ ਵਿੱਚ ਵੀ ਵੇਖਣ ਨੂੰ ਮਿਲਿਆ, ਜਿੱਥੇ ਇੱਕ ਟੀ. ਵੀ. ਚੈਨਲ ਦੇ ਕੈਮਰਾਮੈਨ ਦਾ ਕੈਮਰਾ ਵੀ ਖੋਹ ਲਿਆ ਗਿਆ ਅਤੇ ਕਾਰ ਵੀ ਭਜਾ ਕੇ ਲੈ ਗਏ।

ਤਸੱਲੀ ਇਸ ਗੱਲ ਦੀ ਵੀ ਹੈ ਕਿ ਮੀਡੀਆ ਕਰਮੀ ਕਿਸੇ ਵੀ ਕਦਮ ’ਤੇ ਥਿੜਕੇ ਨਹੀਂ, ਡਰੇ ਨਹੀਂ। ਆਪਣੀ ਡਿਊਟੀ ਤਨਦੇਹੀ ਨਾਲ ਕਰਦੇ ਰਹੇ। ਨਿਰਪੱਖ ਰਿਪੋਰਟਿੰਗ ਦੀ ਇਹ ਵੱਡੀ ਉਦਾਹਰਣ ਪੇਸ਼ ਕਰਨ ਵਿੱਚ ਕਾਮਯਾਬ ਹੋਏ। ਟੀ. ਵੀ. ਚੈਨਲਾਂ ਦੇ ਕਈ ਰਿਪੋਰਟਰ ਤਾਂ 24, 25, 26 ਅਗਸਤ ਲਗਾਤਾਰ ਰਿਪੋਰਟਿੰਗ ਵਿੱਚ ਲੱਗੇ ਰਹੇ। ਉਹਨਾਂ ਆਪਣੇ ਆਰਾਮ ਅਤੇ ਸਿਹਤ ਦੀ ਪਰਵਾਹ ਨਹੀਂ ਕੀਤੀ। ਇਹ ਦਿਨ ਮੇਰੇ ਪੱਤਰਕਾਰੀ ਦੇ ਵਿਦਿਆਰਥੀਆਂ ਲਈ ਵੀ ਕਈ ਕਿਸਮ ਦੇ ਸਬਕ ਸਿੱਖਣ ਦੇ ਦਿਨ ਸਨ। ਪੱਤਰਕਾਰਾਂ ਨੂੰ ਹਰ ਕਿਸਮ ਦੇ ਖਤਰਿਆਂ ਦਾ ਮੁਕਾਬਲਾ ਕਿਵੇਂ ਕਰਨਾ ਹੈ, ਇਹ ਵੀ ਵੇਖਣ ਅਤੇ ਸਿੱਖਣ ਨੂੰ ਮਿਲਿਆ। ਇਹਨਾਂ ਦਿਨਾਂ ਵਿੱਚ ਮੀਡੀਆ ਨੇ ਆਪਣੀ ਭੂਮਿਕਾ ਨੂੰ ਬਹੁਤ ਚੰਗੇ ਢੰਗ ਨਾਲ ਨਿਭਾਇਆ। ਸੋ, ਮੀਡੀਆ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਨੀ ਹੀ ਘੱਟ ਹੈ। ਮੈਂ ਕਹਿ ਸਕਦਾ ਹਾਂ :

ਸਾਰੇ ਕੇ ਸਾਰੇ, ਆਜ ਤੋਂ ਅਖਬਾਰ ਬਿਕ ਗਏ, ਕਲਮੋਂ ਨੇ ਸੱਚ ਲਿਖਾ ਜੋ ਬਸਤੀ ਮੇਂ ਹੂਆ।