32.2 C
Jalandhar
Sunday, April 12, 2026
spot_img
Home Blog Page 123

ਨਵੇਂ ਸਾਲ ਦੀਆਂ ਵਧਾਈਆਂ

0

ਨਵੇਂ ਸਾਲ ਦੀਆਂ ਵਧਾਈਆਂ 

ਗੱਲਾਂ ਨਵੇਂ ਸਾਲ ਦੀਆਂ ਕੀ ਕੀ ਕਰੀਏ ਅਸੀਂ ?
ਕੀ ਬੀਤਿਆ ਕਿਵੇਂ ਬੀਤਿਆ ਜਾਣਦੇ ਹੋ ਤੁਸੀਂ  ?
ਹਾਲ ਦੇਖੋ ਜਨਤਾ ਦਾ ਪਾਉਂਦਾ ਹੈ ਦੁਹਾਈਆਂ,
ਕਿਵੇਂ ਦੇ ਦਈਏ ਨਵੇਂ ਸਾਲ ਦੀਆਂ ਵਧਾਈਆਂ  ?

ਸਭ ਤੋਂ ਵੱਡੀ ਮਾਰ ਮਹਿੰਗਾਈ ਦੀ ਡੰਗੇ,
ਉਹ ਇੱਥੇ ਕੀ ਕਰਨ ਜੋ ਪਹਿਲੋਂ ਹੀ ਜੇਬੋਂ ਨੰਗੇ।
ਫਿਰ ਵੀ ਆਸਾਂ ਹਨ ਇੱਧਰ ਉੱਧਰ ਲਾਈਆਂ,
ਕਿਵੇਂ ਦੇ ਦਈਏ, ਨਵੇਂ ਸਾਲ ਦੀਆਂ ਵਧਾਈਆਂ  ?

ਲੰਮੇ ਸਮੇਂ ਤੋਂ ਨਾ ਦਿਸਣ ਸਰਕਾਰਾਂ ਨੂੰ ਗਰੀਬ,
ਇਸ ਤੋਂ ਵੱਡੇ ਹੋਰ ਕੀ ਹੋਣਗੇ ਸਾਡੇ ਨਸੀਬ ।
ਸਾਡੇ ਤੱਕ ਨਾ ਪੁੱਜਣ ਸਕੀਮਾਂ ਸਾਡੇ ਲਈ ਬਣਾਈਆਂ,
ਕਿਵੇਂ ਦੇ ਦਈਏ ਨਵੇਂ ਸਾਲ ਦੀਆਂ ਵਧਾਈਆਂ  ?

ਧਰਮ ਦੇ ਨਾਂ ’ਤੇ ਬਹੁਤਾ ਹੀ ਸਰਮਾਇਆ ’ਕੱਠਾ ਕਰਦੇ,
ਇੱਕ ਪਾਸੇ ਦੇਖੇ ਲੋਕੀ ਕਈ, ਭੁੱਖਣ ਭਾਣੇ ਮਰਦੇ ।
ਗੁਰਦੁਆਰੇ ਮੰਦਰਾਂ ’ਚੋਂ, ਖਾਨਾਂ ਸੋਨੇ ਦੀਆਂ ਥਿਆਈਆਂ,
ਕਿਵੇਂ ਦੇ ਦਈਏ, ਨਵੇਂ ਸਾਲ ਦੀਆਂ ਵਧਾਈਆਂ  ?

ਨਸ਼ਿਆਂ ਵਿੱਚ ਨਵੀਂ ਪੀੜੀ ਹੋਈ ਪਈ ਹੈ ਗਲਤਾਨ,
ਨੇਤਾ ਕਹਿਣ ਬਸ ਕਰੀ ਜਾਵੋ ਵੋਟਾਂ ਦਾ ਭੁਗਤਾਨ । 
ਵੋਟਾਂ ਵੇਲੇ ਨਸ਼ਿਆਂ ਦੀਆਂ ਭਰ ਭਰ ਗੱਡੀਆਂ ਆਈਆਂ,
ਕਿਵੇਂ ਦੇ ਦਈਏ ਨਵੇਂ ਸਾਲ ਦੀਆਂ ਵਧਾਈਆਂ  ?

ਨਵੇਂ ਨਵੇਂ ਕਈ ਟੈਕਸ ਲੱਗੇ ਸਮਝ ਕੋਈ ਨਾ ਆਵੇ,
ਕੀ ਬਣੇਗਾ ਦੇਸ਼ ਮੇਰੇ ਦਾ, ਝੋਰਾ ਇਹੋ ਖਾਵੇ ।
ਜੀ ਐੱਸ ਟੀ ਸਮਝ ਨਾ ਆਈ, ਬੁਝਾਰਤਾਂ ਨਵੀਆਂ ਪਾਈਆਂ,
ਕਿਵੇਂ ਦੇ ਦਈਏ, ਨਵੇਂ ਸਾਲ ਦੀਆਂ ਵਧਾਈਆਂ  ?

ਪੁਰਾਣਿਆਂ ਨੂੰ ਛੱਡ, ਲਾਈ ਸੀ ਨਵਿਆਂ ਸੰਗ ਯਾਰੀ,
ਘੱਟ ਕਿਸੇ ਨਾ ਕੀਤੀ, ਚਲਾਈ ਦੱਬ ਕੇ ਆਰੀ ।
ਲੱਗਦਾ ਲਗਾਮਾਂ ਸਾਡੀਆਂ, ਗਲਤ ਬੰਦਿਆਂ ਹੱਥ ਫੜਾਈਆਂ,
ਕਿਵੇਂ ਦੇ ਦਈਏ, ਨਵੇਂ ਸਾਲ ਦੀਆਂ ਵਧਾਈਆਂ  ?

ਸਹਿਣਸ਼ੀਲਤਾ ਨਾ ਦਿਸਦੀ ਕਿਧਰੇ, ਵੰਡੇ ਧਰਮ ਤੇ ਜਾਤਾਂ ਪਾਤਾਂ,
ਰਗੜੇ ਕਈਆਂ ਨੂੰ ਲੱਗ ਰਹੇ ਨੇ, ਨਾ ਦਿਨ ਦੇਖੇ ਨਾ ਰਾਤਾਂ ।
ਧਰਮ ਗੁਰੂਆਂ ਦੇ ਬੋਲਾਂ ਨੇ, ਅੱਜ ਨਫਰਤਾਂ ਫਲਾਈਆਂ,
ਕਿਵੇਂ ਦੇ ਦਈਏ, ਨਵੇਂ ਸਾਲ ਦੀਆਂ ਵਧਾਈਆਂ  ?

ਗੱਲ ਜੋ ਹੱਕ ਸੱਚ ਦੀ ਕਰਦਾ, ਕੱਢ ਕੇ ਪਾਸੇ ਮਾਰੋ,
ਆ ਹੀ ਤਾਂ ਇੱਕ ਮੌਕਾ ਹੈ, ਹੱਥ ਸਾਡੇ ਵਿੱਚ ਯਾਰੋ ।
ਬਹੁਤ ਕੁਝ ਹੈ ਹਾਲੇ ਬਾਕੀ, ਕੁਝ ਨੇ ਬੱਬੀ ਤੋਂ ਲਿਖਾਈਆਂ,
ਕਿਵੇਂ ਦੇ ਦਈਏ, ਨਵੇਂ ਸਾਲ ਦੀਆਂ ਵਧਾਈਆਂ  ?
************************************

ਬਲਬੀਰ ਸਿੰਘ ਬੱਬੀ, ਪੰਜਾਬੀ ਸਾਹਿਤ ਸਭਾ, ਸਮਰਾਲਾ- 70091-07300

ਸਿੱਖ ਖ਼ਬਰਨਾਮਾ – 2017

0

ਸਿੱਖ ਖ਼ਬਰਨਾਮਾ – 2017

– ਇਕਵਾਕ ਸਿੰਘ ਪੱਟੀ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ-ਮੋ. 98150 24920

ਜਨਵਰੀ

– ਏਅਰ ਮਾਰਸ਼ਲ ਬੀਰੇਂਦਰ ਸਿੰਘ ਧਨੋਆ ਭਾਰਤੀ ਹਵਾਈ ਫ਼ੌਜ ਦੇ ਮੁਖੀ ਬਣੇ

– ਦੇਸ਼ ਦੇ ਦੂਜੇ ਸੀਨੀਅਰ ਜੱਜ ਜਗਦੀਸ਼ ਸਿੰਘ ਖੇਹਰ ਨੇ ਭਾਰਤ ਦੇ 44ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ

– ਅਮਰੀਕਾ ਵਿੱਚ ਫ਼ੌਜੀਆਂ ਲਈ ਦਸਤਾਰ, ਦਾੜ੍ਹੀ ਨੂੰ ਪ੍ਰਵਾਨਗੀ

– ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਭਾਰਤ ਸਰਕਾਰ ਵੱਲੋਂ ਡਾਕ ਟਿਕਟ ਜਾਰੀ

– ਲੁਧਿਆਣਾ ਬੈਂਕ ਡਕੈਤੀ ਮਾਮਲੇ ਵਿੱਚ 30 ਸਾਲਾਂ ਬਾਅਦ 10 ਸਿੱਖ ਮੁਲਜ਼ਮ ਬਰੀ

– ਅਮਰੀਕਾ ਦੇ ਵਰਜ਼ੀਨੀਆ ਸੂਬੇ ਦੀ ਵਿਧਾਨ ਸਭਾ ਵਿੱਚ 12 ਸਤੰਬਰ ਨੂੰ ਸਾਰਾਗੜ੍ਹੀ ਦਿਵਸ ਮਨਾਉਣ ਸਬੰਧੀ ਬਿੱਲ ਪੇਸ਼ ਕੀਤਾ ਗਿਆ

– ਸਮਰਾਲਾ ਦੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ਼ੇਰ ਜੰਗ ਸਿੰਘ ਦਾ ਚੇਨੱਈ ਵਿੱਚ ‘ਡਾ. ਏ. ਪੀ. ਜੇ ਅਬਦੁਲ ਕਲਾਮ ਆਊਟਸਟੈਂਡਿੰਗ ਪ੍ਰਿੰਸੀਪਲ -2017’ ਐਵਾਰਡ ਨਾਲ ਸਨਮਾਨ

– ਧਰਮ ਪ੍ਰਚਾਰ ਲਹਿਰ ਮੁੱਖੀ ਭਾਈ ਬਲਦੇਵ ਸਿੰਘ (ਅਖੰਡ ਕੀਰਤਨੀ ਜੱਥਾ) ਅਕਾਲਾ ਚਲਾਣਾ ਕਰ ਗਏ

– ਅਸਟ੍ਰੇਲੀਆ ਵਿੱਚ ਸਿੱਖ ਬੱਚੇ ਨੂੰ ਦਸਤਾਰ ਕਾਰਨ ਸਕੂਲ ਵਿੱਚ ਦਾਖਲਾ ਦੇਣ ਤੋਂ ਇਨਕਾਰ

– ਅੰਮ੍ਰਿਤਸਰ ਦੇ ਉੱਘੇ ਸਰਜਨ ਅਤੇ ਕੈਂਸਰ ਰੋਗ ਮਾਹਿਰ ਡਾ. ਗੁਰਜੀਤ ਸਿੰਘ ਦਾ ਦਿਹਾਂਤ

– ਹਾਂਗਕਾਂਗ ਵਿਖੇ ਹੋਈ 58 ਕਿਲੋ ਵਰਗ ਦੀ ਈ-1 ਚੈਂਪੀਅਨਸ਼ਿਪ 2017, 15 ਸਾਲਾਂ ਦੇ ਤਕਦੀਰ ਸਿੰਘ ਨੇ ਜਿੱਤੀ

– ਸਵਿਟਜ਼ਰਲੈਂਡ ਦੀ ਓਮੇਗਾ ਕੰਪਨੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਵੱਡ ਆਕਾਰੀ 10 ਸੁਨਿਹਰੀ ਰੰਗ ਦੀਆਂ ਕੰਧ ਘੜੀਆਂ ਭੇਟ ਕੀਤੀਆਂ ਗਈਆਂ

– ਅਧਿਆਪਕ ਦਲ ਦੇ ਬਾਨੀ ਨਛੱਤਰ ਸਿੰਘ ਜਹਾਂਗੀਰ ਦਾ ਦਿਹਾਂਤ ਹੋਇਆ

– ਦਿੱਲੀ ਜਲ ਬੋਰਡ ਦੀ ਲਾਪਰਵਾਹੀ ਕਾਰਨ ਗੁਰਦੁਆਰਾ ਬਾਲਾ ਸਾਹਿਬ ਦੀ 300 ਫੁੱਟ ਲੰਮੀ ਕੰਧ ਨੁਕਸਾਨੀ ਗਈ, ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਮੁਆਵਜ਼ੇ ਦੀ ਮੰਗ

– ਨਿਊਜ਼ੀਲੈਂਡ ਦੇ ਆਕਲੈਂਡ ਤੋਂ 430 ਕਿਲੋਮੀਟਰ ਦੂਰ 70,000 ਤੋਂ ਵੱਧ ਅਬਾਦੀ ਵਾਲੇ ਹੇਸਟਿੰਗਜ਼ ਸ਼ਹਿਰ ਵਿੱਚ ਪਹਿਲੀ ਵਾਰ ਸਜਾਇਆ ਗਿਆ ਨਗਰ ਕੀਰਤਨ, ਹਜ਼ਾਰਾਂ ਸਿੱਖ ਸੰਗਤਾਂ ਹੋਈਆਂ ਸ਼ਾਮਲ

– ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਮੌਕੇ ’ਤੇ ਕਾਬੂ

– ਅਮਰੀਕਾ ਦੀ ਵੈਸਟ ਵਰਜੀਨੀਆ ਯੂਨੀਵਰਸਿਟੀ ਦੇ ਖੋਜੀਆਂ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਕੀਰਤਨ ਅਤੇ ਸੰਗੀਤ ਨਾਲ ਵੱਧ ਸਕਦੀ ਹੈ ਯਾਦਦਾਸ਼ਤ

– ਧਾਰਮਕ ਪਹਿਚਾਣ ਦੇ ਨਾਲ ਸਾਬਤ ਸੂਰਤ ਪੰਜ ਸਿੱਖ ਅਮਰੀਕੀ ਸੈਨਾ ਵਿੱਚ ਸ਼ਾਮਲ ਕੀਤੇ ਗਏ

– ਭਾਈ ਜਗਤਾਰ ਸਿੰਘ ਹਵਾਰਾ ਇੱਕ ਕਤਲ ਮਾਮਲੇ ਵਿੱਚੋਂ ਬਰੀ ਹੋਏ

– ਪ੍ਰਸਿੱਧ ਨਾਵਲਕਾਰ ਦਰਸ਼ਨ ਸਿੰਘ ਦਾ ਦੇਹਾਂਤ ਹੋਇਆ

– ਸੱਤ ਇਸਲਾਮਿਕ ਦੇਸ਼ਾਂ ਦੇ ਲੋਕਾਂ ਦਾ ਅਮਰੀਕਾ ਵਿੱਚ ਦਾਖ਼ਲਾ ਬੰਦ ਕੀਤੇ ਜਾਣ ਵਿਰੁੱਧ ਡਟਿਆ ਸਿੱਖ ਨੌਜਵਾਨ

ਫਰਵਰੀ

– ਫੀਬਾ ਵੱਲੋਂ ਸਿੱਖ ਖਿਡਾਰੀਆਂ ਨੂੰ ਦਸਤਾਰ ਸਜਾ ਕੇ ਬਾਸਕਟ ਬਾਲ ਦੇ ਕੌਮਾਂਤਰੀ ਮੈਚ ਖੇਡਣ ਦੀ ਇਜਾਜ਼ਤ ਮਿਲੀ

– ਪਾਕਿਸਤਾਨ ਸੁਪਰੀਮ ਕੋਰਟ ਵੱਲੋਂ ਗੁਰਦੁਆਰਾ ਅਰਾਮ ਬਾਗ਼ ਸਿੱਖ ਸੰਗਤ ਨੂੰ ਸੌਂਪਿਆ ਗਿਆ

– ਉੱਘੇ ਤਬਲਾ ਵਾਦਕ ਭਾਈ ਹਰਜੀਤ ਸਿੰਘ ਬਿੱਟੂ ਦਾ ਦਿਹਾਂਤ ਹੋਇਆ

– ਜਗਜੀਤ ਸਿੰਘ ਨੇ ਸੱਤ ਦਿਨਾਂ ਵਿੱਚ, ਸੱਤ ਮਹਾਂਦੀਪਾਂ ਵਿੱਚ, ਸੱਤ ਮੈਰਾਥਨ ਦੌੜ ਕੇ ਇਤਿਹਾਸ ਸਿਰਜਿਆ

– ਬਰਤਾਨੀਆ ’ਚ ਰੈਫਰੀ ਨੇ ਸਿੱਖ ਫੁਟਬਾਲ ਖਿਡਾਰੀ ਨੂੰ ਪਟਕਾ ਬੰਨ੍ਹ ਕੇ ਖੇਡਣ ਤੋਂ ਰੋਕਿਆ

– ਸਿੱਖ ਜਥੇਬੰਦੀਆਂ ਵੱਲੋਂ ਸਾਕਾ ਨੀਲਾ ਤਾਰਾ ਸਬੰਧੀ ਇੰਗਲੈਂਡ ਦੀ ਭੂਮਿਕਾ ਬਾਰੇ ਜਾਂਚ ਦੀ ਮੰਗ ਕੀਤੀ ਗਈ

– ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਚੱਲ ਰਹੇ ਰੋਸ ਪ੍ਰਦਰਸ਼ਣ ਦੌਰਾਨ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਵਾਰਸਾਂ ਵੱਲੋਂ ਦੋਸੀਆਂ ਨੂੰ ਸਜ਼ਾ ਦਿਵਾਉਣ ਲਈ ਅਦਾਲਤ ’ਚ ਕੀਤੀ ਗਈ ਸ਼ਿਕਾਇਤ

– ਫਤਹਿਗੜ੍ਹ ਸਾਹਿਬ ਦੀ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਹਾਕੀ ਖਿਡਾਰੀ ਸੰਦੀਪ ਸਿੰਘ ਨੂੰ ਡਾਕਟਰੇਟ ਦੀ ਉਪਾਧੀ ਦਿੱਤੀ ਗਈ

– ਤਿੰਨ ਸਦੀਆਂ ਤੋਂ ਵਧੇਰੇ ਦਾ ਇਤਿਹਾਸ ਸਮੋਈ ਬੈਠਾ ਅੰਮ੍ਰਿਤਸਰ ਦਾ ਕਿਲ੍ਹਾ ਗੋਬਿੰਦਗੜ੍ਹ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ

– ਸਿੱਖਾਂ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ‘ਗੁਰੂ ਪਿਆਰਾ’ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ

– ਨਨਕਾਣਾ ਸਾਹਿਬ ਵਿਖੇ ਸਿੱਖ ਬੱਚਿਆਂ ਨੂੰ ਰਾਗਾਂ ਦੀ ਸਿਖਲਾਈ ਦਾ ਪ੍ਰਬੰਧ

– ਕੈਨੇਡਾ ਵਿੱਚ ਅੰਮ੍ਰਿਤਧਾਰੀ ਬੀਬੀ ਨਾਲ ਪੁਲਿਸ ਅਫ਼ਸਰਾਂ ਵੱਲੋਂ ਬਦਤਮੀਜ਼ੀ ਕੀਤੀ ਗਈ, ਮਾਮਲਾ ਦਰਜ ਹੋਇਆ

– ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਵਿੱਚ ਸੇਵਾ ਲਈ ਲਾਜ਼ਮੀ ਕੀਤਾ ਗਿਆ ‘ਪਹਿਚਾਣ ਪੱਤਰ’

– ਬਰਤਾਨੀਆਂ ਦੇ ਸਿੱਖਾਂ ਨੂੰ ਕੰਮ ਵਾਲੀ ਥਾਂ ’ਤੇ ਕਿਰਪਾਨ ਧਾਰਨ ਦੀ ਆਗਿਆ ਮਿਲੀ

– ਡਾ. ਨਿਰੰਕਾਰ ਸਿੰਘ ਨੇਕੀ ਆਨਰੇਰੀ ਐਡੀਟਰ ਨਿਯੁਕਤ

– ਪਿਸ਼ਾਵਰ ਵਿੱਚ ਸਿੱਖ ਸਕੂਲਾਂ ਵੱਲੋਂ ਬੱਚਿਆਂ ਨੂੰ ਪੰਜਾਬੀ ਵਰਣਮਾਲਾ ਰਾਹੀਂ ਦਿੱਤੀ ਜਾ ਰਹੀ ਸਿੱਖੀ ਬਾਰੇ ਸਿੱਖਿਆ

– ਕੈਨੇਡਾ ਦਾ ਸਿੱਖ ਪੁਲਿਸ ਅਫਸਰ ਸੁਖਦੀਪ ਸਿੰਘ ਤੂਰ ਵੱਲੋਂ ਡਿਊਟੀ ਦੌਰਾਨ ਅਪਾਹਜ ਵਿਅਕਤੀ ਦੀ ਮੱਦਦ ਕਰਨ ਕਰ ਕੇ ਰਿਹਾ ਚਰਚਾ ਦਾ ਵਿਸ਼ਾ

– ਭਾਈ ਜਗਤਾਰ ਸਿੰਘ ਹਵਾਰਾ ਵਿਰੁੱਧ ਸੱਤ ਮਾਮਲੇ ਖਤਮ ਹੋਏ

– 1947 ਦੀ ਭਾਰਤ-ਪਕਿ ਵੰਡ ਵੇਲੇ ਤੋਂ ਬੰਦ ਪਏ ਪਾਕਿਸਤਾਨ ਵਿੱਚ ਤਿੰਨ ਇਤਿਹਾਸਕ ਗੁਰਦੁਆਰਾ ਸਾਹਿਬ ਸੰਗਤਾਂ ਲਈ ਖੋਲ੍ਹੇ ਗਏ

– ਕੌਮਾਂਤਰੀ ਫੁਟਬਾਲ ਮੈਚ ਵਿੱਚ 10 ਸਾਲਾ ਇਸ਼ਵੀਰ ਸਿੰਘ ਦੀ ਚੌਣ

– ਪਾਕਿਸਤਾਨ ਵਿੱਚ ਸਿੱਖ ਨੌਜਵਾਨ ਹਰਮੀਤ ਸਿੰਘ ਦੀ ਨਿਊਜ਼ ਚੈਨਲ ’ਤੇ ਖ਼ਬਰਾਂ ਪੜ੍ਹਨ ਲਈ ਚੋਣ

ਮਾਰਚ

– ਨਿਊਜ਼ੀਲੈਂਡ ਵਿੱਚ ਸਿੱਖ ਨੌਜਵਾਨ ਬਿਕਰਮਜੀਤ ਸਿੰਘ ’ਤੇ ਨਸਲੀ ਹਮਲਾ ਕੀਤਾ ਗਿਆ

– ਇੰਡੀਅਨ ਇੰਸਟੀਚਿਊਟ ਆਫ ਹੈਰੀਟੇਜ ਵੱਲੋਂ 40ਵੇਂ ਇੰਟਰਨੈਸ਼ਨਲ ਓਰੀਐਂਟਲ ਹੈਰੀਟੇਜ ਸਮਾਗਮ ਦੌਰਾਨ ਡਾ. ਸਰੂਪ ਸਿੰਘ ਅਲੱਗ ਨੂੰ ‘ਸੇਂਟ ਮਦਰ ਟੈਰੇਸਾ ਐਵਾਰਡ ਆਫ ਐਕਸੀਲੈਂਸ ਕੋਲਕਾਤਾ’ ਨਾਲ ਸਨਮਾਨਿਤ ਕੀਤਾ ਗਿਆ

– ਇੰਗਲੈਂਡ ਦੀ ਮਹਾਰਾਣੀ ਵੱਲੋਂ ਸਰਦਾਰ ਅਫਸਰ ਪ੍ਰਿਥੀਪਾਲ ਸਿੰਘ ਕੰਗ ਨੂੰ ‘ਬ੍ਰਿਟਿਸ਼ ਐਂਪਾਇਰ ਐਵਾਰਡ’ ਨਾਲ ਸਨਮਾਨਿਆ ਗਿਆ

– ਕਤਲੋਨੀਆ ਦਾ ਸਲਾਨਾ ਰਾਸ਼ਟਰੀ ਪੁਰਸਕਾਰ ਭਾਈ ਗਗਨਦੀਪ ਸਿੰਘ ਖਾਲਸਾ ਦੀ ਮਿਹਨਤ ਸਦਕਾ ਸਿੱਖ ਕੌਮ ਦੀ ਝੋਲੀ ਪਿਆ

– ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅਮਨਪ੍ਰੀਤ ਸਿੰਘ ਨੇ ਵਿਸ਼ਵ ਕੱਪ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ

– ਅਮਰੀਕਾ ਵਿੱਚ ਸਿੱਖ ਨੌਜਵਾਨ ਦੀਪ ਰਾਇ ਸਿੰਘ ਨਸਲੀ ਹਮਲੇ ਦਾ ਸ਼ਿਕਾਰ ਹੋਇਆ, ਗੋਲੀ ਮਾਰ ਕੇ ਕੀਤੀ ਗਈ ਹੱਤਿਆ

– ਸਿੱਖ ਕ੍ਰਿਕਟਰ ਮਹਿੰਦਰ ਸਿੰਘ ਨੇ ਪਾਕਿਸਤਾਨ ਦੇ ਘਰੇਲੂ ਲੀਗ ਮੈਚਾਂ ਵਿੱਚ ਖੇਡ ਕੇ ਰਚਿਆ ਇਤਿਹਾਸ

– ਕੈਲਗਰੀ ਦੀ 9 ਸਾਲਾਂ ਦੀ ਮੇਹਰ ਕੌਰ ਵਿਲਖੂ ਨੇ 4000 ਬੱਚਿਆਂ ਵਿੱਚੋਂ ਪਿਆਨੋ ਵਜਾ ਕੇ 20ਵਾਂ ਸਥਾਨ ਹਾਸਲ ਕੀਤਾ

– ਸਾਬਕਾ ਭਾਰਤੀ ਟਵਿੱਟਰ ਪ੍ਰਬੰਧਕ ਪਰਮਿੰਦਰ ਸਿੰਘ ਸਿੰਘਾਪੁਰ ਦੀ ਮੀਡੀਆਕੋਰਪ ਦਾ ਹਿੱਸਾ ਬਣੇ

– ਸੁਪਰੀਮ ਕੋਰਟ ਨੇ 1984 ਦੇ 199 ਬੰਦ ਮਾਮਲਿਆਂ ਦੀਆਂ ਫਾਈਲਾਂ ਮੰਗੀਆਂ

– ਸਿੱਖ ਇਹਿਤਾਸ ਅਸਟ੍ਰੇਲੀਆਈ ਸਕੂਲਾਂ ਦੇ ਪਾਠਕ੍ਰਮ ਵਿੱਚ ਹੋਇਆ ਸ਼ਾਮਲ

– ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰਪਾਉ ਦੀ ਵੰਡ ’ਤੇ ਲਗਾਈ ਗਈ ਰੋਕ

– 1984 ਸਿੱਖ ਕਤਲੇਆਮ ਸਬੰਧੀ ਪੰਜ ਮਾਮਲਿਆਂ ’ਤੇ ਮੁੜ ਸੁਣਵਾਈ ਸ਼ੁਰੂ ਕਰਨ ਦਾ ਐਲਾਨ

– ਆਲ ਇੰਡੀਆ ਸਿੱਖ ਸਟੁਡੈਂਟਸ ਵੱਲੋਂ ਸ਼ਹੀਦ ਭਾਈ ਜਸਪਾਲ ਸਿੰਘ ਐਵਾਰਡ ਨਾਲ ਚਾਰ ਵਿਦਿਆਰਥੀ ਸਨਮਾਨਤ

– ਮਨਜੀਤ ਸਿੰਘ ਜੀ. ਕੇ. ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ

– ਵਾਤਾਵਰਨ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ‘ਪਦਮਸ਼੍ਰੀ ਪੁਰਸਕਾਰ’ ਨਾਲ ਸਨਮਾਨਿਤ

– 38ਵੇਂ ਕੌਮੀ ਮਾਸਟਰ ਅਥਲੈਟਿਕਸ ਮੁਕਾਬਲਿਆਂ ਵਿੱਚ ਬਰਨਾਲਾ ਦੇ ਪਿੰਡ ਭੱਠਲ ਦੇ ਗੁਰਮੇਲ ਸਿੰਘ ਭੱਠਲ ਨੇੇ ਜਿੱਤਿਆ ਸੋਨ ਤਮਗਾ

ਅਪ੍ਰੈਲ

– ਪਟਿਆਲਾ ਦਾ ਸਿੱਖ ਲੜਕਾ ਅਰਸ਼ਦੀਪ ਸਿੰਘ ਧੰਜੂ ਕੈਨੇਡਾ ਦੀ ‘ਰੌਇਲ ਕੈਨੇਡੀਅਨ ਏਅਰਫੋਰਸ’ ’ਚ ਬਤੌਰ ਅਫਸਰ ਨਿਯੁਕਤ।

– ਨਿਊਜ਼ੀਲੈਂਡ ਦਾ 24 ਸਾਲਾਂ ਸਿੱਖ ਨੌਜਵਾਨ ਅਰਵਿੰਦਰ ਸਿੰਘ ਡਰਾਈਵਰਾਂ ਦੇ ਹੁਨਰ ਮੁਕਾਬਲੇ ‘ਗੋ ਬੱਸ ਡਰਾਈਵਰ ਆਫ ਦਾ ਯੀਅਰ’ ਦਾ ਬਣਿਆ ਉੱਪ-ਜੇਤੂ

– ਕੈਲਗਰੀ ਵਿੱਚ ‘ਮਾਤਾ ਤ੍ਰਿਪਤਾ ਜੀ’ ਜੀ ਦੇ ਨਾਂ ’ਤੇ ਬੱਚਿਆਂ ਲਈ ‘ਇੰਟੈਸਿਵ ਕੇਅਰ ਯੂਨਿਟ’ ਸਥਾਪਤ ਕੀਤਾ ਗਿਆ

– ਗੁ. ਗਿਆਨ ਗੋਦੜੀ ਦੀ ਮੁੜ ਸਥਾਪਤੀ ਲਈ ਸ੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਉਤਰਾਖੰਡ ਦੇ ਮੁੱਖ ਮੰਤਰੀ ਨੂੰ ਲਿਖਿਆ ਗਿਆ ਪੱਤਰ

– ਨਸਲ਼ੀ ਹਮਲਿਆ, ਹਿੰਸਾ ਅਤੇ ਨਫ਼ਰਤ ਵਿਰੁੱਧ 23 ਸਾਲਾ ਸਿੱਖ ਨੌਜਵਾਨ ਨੇ ਨਿਊਗ਼ਾਰਕ ਟਾਈਮਜ਼ ਸਕੁਏਅਰ ’ਤੇ ਸਾਰਿਆਂ ਸਾਹਮਣੇ ਪੱਗ ਬੰਨ੍ਹ ਕੇ ਕੀਤਾ ‘ਪਗੜੀ ਪ੍ਰੋਟੈਸਟ’, ਵੀਡੀਉ ਹੋਇਆ ਵਾਇਰਲ

– ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਹੋਏ 106 ਸਾਲਾਂ ਦੇ

– ਯੂ. ਕੇ ਦੀ ‘ਰਿੱਚਫੋਪੀਆ ਕੰਪਨੀ’ ਵੱਲੋਂ ਜਾਰੀ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚ ਲੁਧਿਆਣਾ ਵਾਸੀ ‘ਹਰਜਿੰਦਰ ਸਿੰਘ ਕੁਕਰੇਜਾ’ ਦਾ ਨਾਂ ਸ਼ਾਮਲ

– ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਪ੍ਰਬੰਧਕ ਅਤੇ ਸਮਾਜ ਸੇਵੀ ਐੱਸ. ਪੀ. ਓਬਰਾਏ ਨੂੰ ‘ਗਲਫ ਨਿਊਜ਼’ ਵੱਲੋਂ ‘ਸੇਵੀਓਰ ਸਿੰਘ’ ਦੇ ਨਾਂ ਨਾਲ ਸਨਮਾਨਿਆ ਗਿਆ

– ਅਮਰੀਕਾ ਦੇ ਸਿਟੀ ਆਫ ਨਾਰਵਿਚ, ਕਨੈਕਟੀਕਟ ’ਚ ਖ਼ਾਲਸਾ ਪੰਥ ਦੇ ਸਿਰਜਣਾ ਦਿਵਸ ਨੂੰ ‘ਸਿੱਖ ਨੈਸ਼ਨਲ ਡੇਅ’ ਵਜੋਂ ਮਿਲੀ ਮਾਨਤਾ

– ਕੈਨੇਡਾ ਦੀ ਉਂਟਾਰੀਓ ਸਰਕਾਰ ਵੱਲੋਂ 1984 ਸਿੱਖ ਨਸਲਕੁਸ਼ੀ ਨੂੰ ਮਾਨਤਾ ਸਬੰਧੀ ਮਤਾ ਪਾਸ

– ਕੈਪਟਨ ਅਮਰਿੰਦਰ ਸਿੰਘ ਵਲੋਂ ਸਾਰਾਗੜ੍ਹੀ ਦੀ ਲੜਾਈ ਬਾਰੇ ਲਿਖੀ ਕਿਤਾਬ ਪਾਠਕਾਂ ਦੇ ਰੂ-ਬਰੂ

– ਡਾ. ਗੁਰਮੋਹਨ ਸਿੰਘ ਵਾਲੀਆ ‘ਖ਼ਾਲਸਾ ਯੂਨੀਵਰਸਿਟੀ’ ਦੇ ਉਪ ਕੁਲਪਤੀ ਨਿਯੁਕਤ ਹੋਏ

– ਅਲਬਰਟਾ (ਅਮਰੀਕਾ) ਸਰਕਾਰ ਨੇ ਅਪ੍ਰੈਲ ਮਹੀਨੇ ਨੂੰ ‘ਸਿੱਖ ਵਿਰਾਸਤ ਮਹੀਨਾ’ ਐਲਾਨਿਆ

– ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਸਿੱਖ ਸੰਸਥਾਵਾਂ ਵੱਲੋਂ ‘ਗੁਰੂ ਪਿਆਰਾ’ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ

– ਪਠਾਨਕੋਟ ਦੀ ਜਨਵੀਰ ਕੌਰ ਨੇ ਜਿੱਤਿਆ ‘ਇੰਡੀਆਜ਼ ਸਰਦਾਰਨੀ’ ਦਾ ਖਿਤਾਬ

– ਫਾਂਸੀ ਦੀ ਸਜ਼ਾ ਦੇ ਫੈਸਲੇ ਸਬੰਧੀ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਹਾਈਕੋਰਟ ਦੇ ਚੀਫ ਜਸਟਿਸ ਨੂੰ ਲਿਖਿਆ ਗਿਆ ਪੱਤਰ

– ‘ਦੂਜੇ ਰਾਸ਼ਟਰੀ ਪੰਜਾਬ ਸਿੱਖਿਆ ਤੇ ਸਨਮਾਨ ਸੰਮੇਲਨ 2017’ ਵਿੱਚ ‘ਖ਼ਾਲਸਾ ਕਾਲਜ ਅੰਮ੍ਰਿਤਸਰ’ ਨੂੰ ਮਿਲਿਆ ਸਰਬੋਤਮ ਸਨਮਾਨ

– ਇੱਕੋ ਸਮੇਂ 101 ਦੇਸ਼ਾਂ ਦੇ 600 ਲੋਕਾਂ ਨੂੰ ਇੱਕ ਘੰਟੇ ਵਿੱਚ ਲੰਗਰ ਛਕਾਉਣ ਕਰ ਕੇ ਦੁਬਈ ਦੇ ‘ਗੁਰਦੁਆਰਾ ਗੁਰੂ ਨਾਨਕ ਦਰਬਾਰ’ ਦਾ ਨਾਂਅ ‘ਗਿੰਨਿਜ ਬੁੱਕ’ ’ਚ ਹੋਇਆ ਸ਼ਾਮਲ

– ਅਮਰੀਕਾ ਵਿੱਚ ‘ਦ ਸਿੱਖ ਆਫ ਨਿਊਯਾਰਕ’ ਸੰਸਥਾ ਵੱਲੋਂ ‘ਦਸਤਾਰ ਦਿਵਸ’ ਮਨਾਉਂਦੇ ਹੋਏ 8 ਹਜ਼ਾਰ ਅਮਰੀਕੀਆਂ ਦੇ ਬੰਨ੍ਹੀਆਂ ਦਸਤਾਰਾਂ

– ਪੰਜਾਬੀ ਕਲਚਰਲ ਹੈਰੀਟੇਜ ਬੋਰਡ ਵੱਲੋਂ ਸੋਸ਼ਲ ਮੀਡੀਆ ਤੋਂ ਮਸ਼ਹੂਰ ਹੋਈ ਗੁਰਮੇਹਰ ਕੌਰ ਨੂੰ ਆਪਣੀ ਆਵਾਜ਼ ਬੁਲੰਦ ਕਰਨ ਬਦਲੇ ‘ਕਰੇਜੀਅਸ ਯੂਥ ਪੰਜਾਬੀ ਆਈਕਨ ਐਵਾਰਡ’ ਨਾਲ ਸਨਮਾਨਿਆ ਗਿਆ

– ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਸਵੀਰ ‘ਅੰਤਰਰਾਸ਼ਟਰੀ ਹਵਾਈ ਅੱਡੇ (ਰਾਜਾਸਾਂਸੀ), ਅੰਮ੍ਰਿਤਸਰ ਵਿਖੇ ਸੁਸ਼ੋਭਿਤ ਕੀਤੀ ਗਈ

– ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਖਿਡਾਰੀਆਂ ਲਈ ਵੱਖਰਾ ਡਾਇਰੈਕਟੋਰੇਟ ਬਣਾਇਆ ਗਿਆ

– ਨਕੋਦਰ ਵਿਖੇ 1986 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੱਧ ਰੋਸ ਪ੍ਰਗਟ ਕਰਦੇ ਸ਼ਹੀਦ ਚਾਰ ਨੌਜਵਾਨਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ ਕੀਤੀਆਂ ਗਈਆਂ।

– ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਟੇਕਿਆ ਸ੍ਰੀ ਦਰਬਾਰ ਸਾਹਿਬ ਮੱਥਾ, ਸ੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ

– ਤੇਰਾ ਏਕ ਨਾਮ ਤਾਰੇ ਸੰਸਾਰ ਨਾਮੀ ਸੰਸਥਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁੱਚੇ ਮੋਤੀਆਂ ਦੀ ਮਾਲਾ, ਸੋਨੇ ਦੀ ਕਲਗੀ ਅਤੇ ਸੋਨੇ ਦੀ ਮੁੱਠ ਵਾਲਾ ਚੌਰ ਸਾਹਿਬ ਭੇਟ ਕੀਤਾ ਗਿਆ

– ਗਿਆਨੀ ਗੁਰਮੁੱਖ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਦੇ ਅਹੁਦੇ ਤੋਂ ਹਟਾਇਆ ਅਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਗਿਆ

– ਕਾਲੀ ਸੂਚੀ ਵਿੱਚੋਂ ਸਿੱਖਾਂ ਦੇ ਨਾਂ ਹਟਾਉਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਤੱਕ ਕੀਤੀ ਪਹੁੰਚ

– ਕੈਨੇਡਾ ਵਿੱਚ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਵੇਲੇ ਹੈਲਮਟ ਤੋਂ ਮਿਲੀ ਰਾਹਤ

– ਨਵੀਂ ਦਿੱਲੀ ਵਿਖੇ ਸਮਾਗਮ ਦੌਰਾਨ ਰਘਬੀਰ ਸਿੰਘ ਜੌੜਾ ‘ਭਾਰਤ ਸਨਮਾਨ ਐਵਾਰਡ’ ਨਾਲ ਸਨਮਾਨਿਤ

– ਅਰਸ਼ਦੀਪ ਸਿੰਘ ‘ਪੁੱਕੀ ਮੈਟਰੋ ਕ੍ਰਿਕਟ ਕਲੱਬ ਆਕਲੈਂਡ’ ਦਾ ਸਾਲ ਦਾ ਹੋਣਹਾਰ ਖਿਡਾਰੀ ਬਣਿਆ

– ਨਿਊਜ਼ੀਲੈਂਡ ਤੋਂ ਮੈਂਬਰ ਆਫ ਪਾਰਲੀਮੈਂਟ ਕੰਵਲਜੀਤ ਸਿੰਘ ਬਖਸ਼ੀ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

– ਅਮਰੀਕਾ ਦੇ ਸੂਬੇ ਇੰਡੀਆਨਾ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਵਾਲਾ ਮਤਾ ਪਾਸ

– ਨਿਊਜ਼ੀਲੈਂਡ ਵਿੱਚ ਹੋਈਆਂ ‘ਵਰਲਡ ਮਾਸਟਰਜ਼ ਗੇਮਜ਼’ ਵਿੱਚ 101 ਸਾਲਾ ਬੇਬੇ ਮਾਨ ਕੌਰ ਨੇ ਦੌੜ ਵਿੱਚ ਜਿੱਤਿਆ ਸੋਨੇ ਦਾ ਤਗਮਾ

– ਗੁ. ਸੀਸ ਗੰਜ ਸਾਹਿਬ ਦਿੱਲੀ ਦੇ ਮੁੱਖ ਗ੍ਰੰਥੀ ‘ਭਾਈ ਹਰਨਾਮ ਸਿੰਘ’ ਦਾ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਰਿਚਮੰਡ ਹਿੱਲ ਵਿਖੇ ‘ਗੋਲਡ ਮੈਡਲ’ ਨਾਲ ਸਨਮਾਨ

– ਬ੍ਰਿਟਿਸ਼ ਸਿੱਖ ਬੈਰਿਸਟਰ ਜਸਵੀਰ ਸਿੰਘ ਲੰਡਨ ਦੇ ਬਕਿੰਘਮ ਪੈਲੇਸ ਵਿੱਚ ਰਾਜਕੁਮਾਰ ਵਿਲੀਅਮ ਵੱਲੋਂ ‘ਆਰਡਰ ਆਫ ਬ੍ਰਿਟਿਸ਼ ਅੰਪਾਇਰ’ ਐਵਾਰਡ ਨਾਲ ਸਨਮਾਨਿਤ

– ਅਮਨਦੀਪ ਸਿੰਘ ਸਿੱਧੂ ਆਸਟ੍ਰੇਲੀਅਨ ਸਿੱਖ ਖੇਡਾਂ ਲਈ ਬਣੀ ਸੰਸਥਾ ਦੇ ਤੀਜੀ ਵਾਰ ਪ੍ਰਧਾਨ ਬਣੇ

– ਗ੍ਰੇਵਜ਼ੈਂਡ ਵਾਸੀ ਪ੍ਰਿਥੀਪਾਲ ਸਿੰਘ ਕੰਗ ਨੇ ਸ਼ਾਹੀ ਐਵਾਰਡ ਬੀ. ਈ. ਐੱਮ ਕੀਤਾ ਪ੍ਰਾਪਤ

– ਨਿਊਯਾਰਕ ਵਿਖੇ 101 ਸਾਲਾ ਬੇਬੇ ਮਾਨ ਕੌਰ ਨੇ ‘ਸਕਾਈ ਵਾਕ’ ਵਿੱਚ ਬਣਾਇਆ ਵਿਸ਼ਵ ਰਿਕਾਰਡ

ਮਈ

– ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਸਾਲਾਨਾ ਵਿਰਾਸਤੀ ਨਗਰ ਕੀਰਤਨ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਮੂਲੀਅਤ ਕੀਤੀ

– ਮਲੇਸ਼ੀਆ ਵਿਖੇ ‘ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ’ ਵਿੱਚ ਮਨਦੀਪ ਸਿੰਘ ਦੀ ਹੈਟ੍ਰਿਕ ਸਦਕਾ ਭਾਰਤ ਨੇ ਜਾਪਾਨ ਨੂੰ 4-3 ਨਾਲ ਹਰਾਇਆ

– ਹਾਂਗਕਾਂਗ ਵਿੱਚ ਅੰਮ੍ਰਿਤਧਾਰੀ ਸਿੰਘਾਂ ਨੇ ਇੱਕ ਚੀਨੀ ਲੜਕੀ ਨੂੰ ਬਚਾ ਕੇ ਲੁਟੇਰਾ ਪੁਲਿਸ ਹਵਾਲੇ ਕੀਤਾ

– ਇੰਟਰਨੈਸ਼ਨਲ ਬਾਸਕਿਟਬਾਲ ਫੈਡਰੇਸ਼ਨ (ਫੀਬਾ) ਨੇ ਦਸਤਾਰ ਅਤੇ ਹਿਜਾਬ ਤੋਂ ਹਟਾਈ ਪਾਬੰਦੀ

– ਦਿੱਲੀ ਦੇ ਲਲਿਤ ਭਸੀਨ ਦੇ ਪਰਵਾਰ ਵੱਲੋਂ ਦਰਬਾਰ ਸਾਹਿਬ ਵਿਖੇ 25 ਤੋਲੇ ਸੋਨੇ ਨਾਲ ਬਣਿਆ ਚੌਰ ਸਾਹਿਬ ਭੇਟ

– ਅਨੰਦਪੁਰ ਸਾਹਿਬ ਸਪੋਰਟਸ ਐਂਡ ਕਲਚਰਲ ਕਲੱਬ ਯੂ. ਕੇ. ਵੱਲੋਂ ਸਮਾਜ ਸੇਵੀ ਕੁਲਵੰਤ ਸਿੰਘ ਧਾਲੀਵਾਲ ਨੂੰ ‘ਭਾਈ ਘਨੱਈਆ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ

– ਲੰਡਨ ਵਿੱਚ 80 ਵਰ੍ਹਿਆਂ ਦੇ ਗੁਰਬਾਣੀ ਕੀਰਤਨੀਏ ਪ੍ਰੋ. ਸੀਤਲ ਸਿੰਘ ਸਿਤਾਰਾ ਸ਼ਾਹੀ ਐਵਾਰਡ ਐੱਮ. ਬੀ. ਈ. ਨਾਲ ਸਨਮਾਨਿਤ

– ਅਮਰੀਕਾ ਦੇ ਇੰਡੀਆਨਾ ਸੂਬੇ ਦੀ ਪੁਲਿਸ ਵਿੱਚ ਭਰਤੀ ਹੋਣ ਵਾਲਾ ਪਹਿਲਾ ਸਿੱਖ ਅਫਸਰ ਬਣਿਆ ਮਿਤਾਨ ਸਿੰਘ

– ਪਾਕਿਸਤਾਨ ਵਿੱਚ ਪਹਿਲੀ ਵਾਰ ਕਰਵਾਇਆ ਗਿਆ ‘ਸਿੱਖ ਬ੍ਰਾਈਡਗਰੂਮ ਸ਼ੋਅ’

– ਪਾਕਿਸਤਾਨ ਸਿੱਖਾਂ ਵੱਲੋਂ ਸਰਕਾਰ ਕੋਲ ਕੀਤੀ ‘ਗੁਰਦੁਆਰਾ ਭਾਈ ਬੰਨੂ ਦੀ ਨਵ-ਉਸਾਰੀ’ ਦੀ ਮੰਗ

– ‘ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਯੂ. ਕੇ. ਵੱਲੋਂ ਕਰਵਾਏ ਸਮਾਗਮ ਦੌਰਾਨ ਪ੍ਰਸਿੱਧ ਫਿਲਮਕਾਰ ਗੁਰਿੰਦਰ ਕੌਰ ਚੱਢਾ, ਕਾਰੋਬਾਰੀ ਜਸਮਿੰਦਰ ਸਿੰਘ ਅਤੇ ਕੈਪਟਨ ਜਗਜੀਤ ਸਿੰਘ ਸੋਹਲ ‘ਸਿੱਖ ਜਿਊਲ ਐਵਾਰਡ’ ਨਾਲ ਸਨਮਾਨਿਤ

– 63 ਸਾਲਾਂ ਉੱਘੇ ਸਿੱਖ ਸਕਾਲਰ ਡਾ. ਗੁਲਜ਼ਾਰ ਸਿੰਘ ਕੰਗ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

– ਲੰਡਨ ਵਿੱਚ ਸਲੋਹ ਸ਼ਹਿਰ ਦੇ ਡਿਪਟੀ ਮੇਅਰ ਬਣੇ ਫਰੀਦਕੋਟ ਦੇ ਜੰਮਪਲ ਹਰਮੁਹਿੰਦਰਪਾਲ ਸਿੰਘ ਸਹੋਤਾ

– ਥਾਈਲੈਂਡ ਵਿਖੇ ਹੋਈ ਏਸ਼ੀਅਨ ਯੂਥ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਗੁਰਿੰਦਰਬੀਰ ਸਿੰਘ ਬਣਿਆ ਏਸ਼ੀਆ ਦਾ ਸੱਭ ਤੋਂ ਤੇਜ਼ ਦੌੜਾਕ

– ਆਸਟ੍ਰੇਲੀਆਈ ਏਅਰ ਫੋਰਸ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਵਿਕਰਮ ਸਿੰਘ ਗਰੇਵਾਲ ਦੀ ਚੋਣ ਹੋਈ

– ਲਾਹੌਰ ਮਿਊਜ਼ੀਅਮ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ

– ਸਿੱਖ ਵਿਰੋਧੀ ਦੇ ਤੌਰ ’ਤੇ ਜਾਣੇ ਜਾਂਦੇ ਪੰਜਾਬ ਦੇ ਸਾਬਕਾ ਡੀ. ਜੀ. ਪੀ., ਕੇ. ਪੀ. ਐੱਸ. ਗਿੱਲ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ

– ਸਰਕਾਰ ਕੋਲੋਂ ਪਾਕਿਸਤਾਨ ਸਿੱਖਾਂ ਵੱਲੋਂ ਛੇਵੇਂ ਪਾਤਸ਼ਾਹ ਵੇਲੇ ਉਸਾਰੇ ਗਏ ਗੁਰਦੁਆਰਾ ਲਾਲ ਹਵੇਲੀ ਦੀ ਨਵ-ਉਸਾਰੀ ਦੀ ਮੰਗ

– ਨੈਸ਼ਨਲ ਆਰਮ-ਰੈਸਲਿੰਗ ਚੈਂਪੀਅਨਸ਼ਿਪ ’ਚ ਜਗਤੇਸ਼ਵਰ ਸਿੰਘ ਨੇ ਜਿਤਿਆ ਸੋਨੇ ਦਾ ਤਮਗਾ

ਜੂਨ

– ਯੂ. ਪੀ. ਐੱਸ. ਸੀ. ਦੀਆਂ ਸਿਵਲ ਸੇਵਾਵਾਂ ਪ੍ਰੀਖਿਆ ਵਿੱਚੋਂ ਅਨਮੋਲ ਸ਼ੇਰ ਸਿੰਘ ਬੇਦੀ ਨੇ ਦੇਸ਼ ਭਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ

– ਯੂ. ਕੇ. ਦੀ ਲੇਬਰ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਵਿੱਚ ਪੰਜ ਕਕਾਰ ਪਹਿਣ ਦੀ ਖੁੱਲ੍ਹ ਦੇਣ ਦਾ ਵਾਅਦਾ

– ਬਠਿੰਡੇ ਦੀ ਅਦਾਲਤ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਿਛਲੇ ਸੱਤ ਸਾਲਾਂ ਤੋਂ ਕੋਮਾ ਵਿੱਚ ਰਹਿ ਰਹੇ ਪਿਤਾ ਸ. ਬਲਵੰਤ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ

– ਗ਼ੈਰ ਸਰਕਾਰੀ ਸੰਸਥਾ ਜਸਟਿਸ ਫਾਉਂਡੇਸ਼ਨ ਵੱਲੋਂ ਪਾਈ ਗਈ ਆਰ. ਟੀ. ਆਈ. ਦੇ ਪ੍ਰਗਟਾਵੇ ਵਿੱਚ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਅਤਿਵਾਦੀ ਨਹੀਂ, ਆਮ ਇਨਸਾਨ ਸਨ

– ਆਲ ਇੰਡੀਆ ਰੇਡੀਉ ਤੋਂ ਖ਼ਬਰਾਂ ਸੁਣਾਉਣ ਵਾਲੇ ਸੁਖਵੰਤ ਸਿੰਘ ਢਿਲੋਂ ਦਾ 92 ਸਾਲਾਂ ਦੀ ਉਮਰ ਵਿੱਚ ਦੇਹਾਂਤ ਹੋਇਆ

– ਸ੍ਰੀਨਗਰ ਕੰਟਰੋਲ ਰੇਖਾ ’ਤੇ ਹੋਈ ਗੋਲੀਬਾਰੀ ਦੌਰਾਨ ਸਿੱਖ ਡਰਾਈਵਰ ਨੇ ਆਪਣੀ ਦਸਤਾਰ ਉਤਾਰ ਕੇ ਆਪਣੇ ਜ਼ਖਮੀ ਸਾਥੀ ਦਾ ਵਗਦਾ ਲਹੂ ਰੋਕਿਆ

– ਮਲੇਸ਼ੀਆ ਦੀ ਇੱਕ ਨਿੱਜੀ ਕੰਪਨੀ ਵੱਲੋਂ ਚੱਪਲਾਂ ਉੱਤੇ ਸਿੱਖ ਚਿੰਨ੍ਹ ‘ਖੰਡਾ’ ਛਾਪਿਆ ਗਿਆ, ਸ਼ਿਕਾਇਤ ਹੋਈ ਦਰਜ

– ਇਟਲੀ ਵਿੱਚ ਸਿੱਖ ਧਰਮ ਰਜਿਸਟਰ ਹੋਣ ਦੇ ਬਣੇ ਆਸਾਰ

– ਲੰਡਨ ਵਿੱਚ ਅੱਤਵਾਦੀ ਹਮਲੇ ਦੌਰਾਨ ਫਸੇ ਹੋਏ ਪੀੜ੍ਹਿਤਾਂ ਲਈ ਗੁਰਦੁਆਰਾ ਸਾਹਿਬਾਨ ਆਸਰਾ ਬਣੇ

– ਜੰਮੂ ਕਸ਼ਮੀਰ ਦੀ ਸਿਆਸਤ ਅਤੇ ਸਿੱਖ ਮਸਲਿਆ ਸਬੰਧੀ ਜੂਝਣ ਵਾਲੇ ਸਾਬਕਾ ਵਿੱਦਿਆ ਮੰਤਰੀ ਸਿੱਖ ਆਗੂ ਐਡਵੋਕੇਟ ਰੰਗੀਲ ਸਿੰਘ ਦਾ ਦਿਹਾਂਤ ਹੋਇਆ

– ਜੂਨ 1984 ਦੇ ਸਬੰਧ ਵਿੱਚ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਵੀ ਮਨਾਇਆ ਗਿਆ ਘੱਲੂਘਾਰਾ ਦਿਵਸ

– ਸ੍ਰੋਮਣੀ ਕਮੇਟੀ ਵੱਲੋਂ ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਜੰਮੂ-ਕਸ਼ਮੀਰ ਵਿੱਚ ਸਰਕਾਰੀ ਛੁੱਟੀ ਦੀ ਮੰਗ ਕੀਤਾ ਗਈ

– ਜੂਨ 84 ਦੌਰਾਨ ਸ਼ਹੀਦ ਹੋਏ 706 ਸਿੱਖਾਂ ਬਾਰੇ ਤਿਆਰ ਸੂਚੀ ਯੂ. ਕੇ. ਵਿੱਚ ਜਾਰੀ ਕੀਤੀ ਗਈ

– ਬ੍ਰਿਟੇਨ ਵਿੱਚ ਸਿੱਖ ਬੱਚਿਆਂ ਨੂੰ ਕ੍ਰਿਪਾਨ ਪਾ ਕੇ ਥੀਮ ਪਾਰਕ ਵਿੱਚ ਜਾਣ ਤੋਂ ਰੋਕਿਆ ਗਿਆ

– ਬਰਤਾਨੀਆ ਦੇ ਚੌਣ ਨਤੀਜਿਆਂ ਵਿੱਚ ਪ੍ਰੀਤ ਕੌਰ ਪਹਿਲੀ ਮਹਿਲਾ ਸਿੱਖ ਐੱਮ. ਪੀ. ਬਣੀ ਅਤੇ ਤਨਮਨਜੀਤ ਸਿੰਘ ਢੇਸੀ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਚੁਣੇ ਗਏ।

– ਕਾਂਗਰਸ ਦੇ ਰਾਸ਼ਟਰੀ ਉੱਪ ਪ੍ਰਧਾਨ ਰਾਹੁਲ ਗਾਂਧੀ ਬਿਨ੍ਹਾਂ ਲਾਮ ਲਸ਼ਕਰ ਤੋਂ ਆਮ ਸ਼ਰਧਾਲੂ ਵਾਂਙ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨਤਮਸਤਕ ਹੋਏ।

– ਗੁਰਦੇਵ ਸਿੰਘ ਕੰਗ ਨਿਊਯਾਰਕ ਵਿੱਚ ‘ਸਿਟੀ ਕਮਿਸ਼ਨਰ ਆਪ ਹਿਊਮਨ ਰਾਈਟਸ’ ਨਿਯੁਕਤ

– ਸ਼ੱਕ ਦੇ ਆਧਾਰ ’ਤੇ ਅਮਰੀਕਾ ਵਿੱਚ ਕ੍ਰਿਪਾਨ ਪਹਿਨਣ ਕਾਰਨ ਸਿੱਖ ਨੂੰ ਗਿ੍ਰਫਤਾਰ ਕੀਤਾ ਗਿਆ, ਫਿਰ ਕੀਤਾ ਰਿਹਾਅ

– 74 ਸਾਲਾਂ ਹਾਕੀ ਉਲੰਪੀਅਨ ਜਗਜੀਤ ਸਿੰਘ ਜੱਸੀ ਕੁਲਾਰ ਦਾ ਦਿਹਾਂਤ

– ਸਿੰਗਾਪੁਰ ਦੀ ਹਵਾਈ ਫ਼ੌਜ ਵਿੱਚ ਐੱਫ-16 ਲੜਾਕੂ ਜਹਾਜ਼ ਉਡਾਉਣ ਵਾਲਾ ਪਹਿਲੇ ਸਿੱਖ ਪਾਈਲਟ ਬਣੇ ਬ੍ਰਿਗੇਡੀਅਰ ਜਨਰਲ ਸਰਬਜੀਤ ਸਿੰਘ

– ਭਾਰਤੀ ਫੌਜ ਵਿੱਚ ਨਾਇਕ ਬਖਤਾਵਰ ਸਿੰਘ ਨੌਸ਼ਹਿਰਾ ਸੈਕਟਰ ਵਿੱਚ ਪਾਕਿਸਤਾਨੀ ਗੋਲਬਾਰੀ ਦੌਰਾਨ ਸ਼ਹੀਦ

– ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੜਤਾਲੀਆ ਕਮੇਟੀ ਵੱਲੋਂ ਪ੍ਰਸਿੱਧ ਵਿਦਵਾਨ ਅਤੇ ਸਿੱਖ ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੂੰ ਦੋਸ਼ੀ ਗਰਦਾਨਿਆ ਗਿਆ

– ਯੂ. ਏ. ਈ. ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਵਿਖੇ ਇਫ਼ਤਾਰ ਪਾਰਟੀ ਦਿੱਤੀ

– ਉਘੇ ਸ਼ਾਇਰ, ਨਾਵਲਕਾਰ. ਕਵੀਸ਼ਰ ਅਤੇ ਲੇਖਕ ਇਕਬਾਲ ਰਾਮੂਵਾਲੀਆ ਦਾ ਦਿਹਾਂਤ ਹੋਇਆ

– ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿ. ਗੁਰਮੁਖ ਸਿੰਘ ਨੂੰ ਮਿਲੇ ਧਮਕੀ ਭਰੇ ਪੱਤਰ

– ਪਾਕਿਸਤਾਨ ਸਿੱਖਾਂ ਵੱਲੋਂ ਔਕਾਫ ਬੋਰਡ ਕੋਲ ਲਾਹੌਰ ਦੇ ਚੁਹੱਟਾ ਮੁਫਤੀ ਬਾਕਰ ਵਿਲੇ ਗੁਰਦੁਆਰੇ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ

– ਅਮਰੀਕਾ ਵਸੇ ਖਾਲਿਸਤਾਨੀ ਆਗੂ ਡਾ. ਗੁਰਮੀਤ ਸਿੰਘ ਦਾ ਦਿਹਾਂਤ ਹੋਇਆ

– ਇਟਲੀ ਦੀ ਰਾਜਦਾਨੀ ਰੋਮ ਵਿੱਚ ਕਿਰਾਏ ’ਤੇ ਟੈਕਸੀ ਚਲਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਪਰਮਜੀਤ ਕੌਰ

– ਨੀਟ (ਨੈਸ਼ਨਲ ਇਲਜੇਬਿਲਟੀ ਐਂਟਰਸ ਟੈੱਸਟ) ਵਿੱਚ ਸ੍ਰੀ ਮੁਕਤਸਰ ਸਾਹਿਬ ਦਾ ਨਵਦੀਪ ਸਿੰਘ ਅਵੱਲ ਆਇਆ

– ਜਲੰਧਰ ਦੀ ਦਸਤਾਰਧਾਰੀ ਧੀ ਪਲਵਿੰਦਰ ਕੌਰ ਸ਼ੇਰਗਿੱਲ ਬ੍ਰਿਟਿਸ਼ ਕੋਲੰਬੀਆ ਵਿੱਚ ਬਣੀ ਜੱਜ

– ਪਾਕਿਸਤਾਨ ਦੇ ਸਿੱਖ ਭਾਈਚਾਰੇ ਵੱਲੋਂ ਲਾਹੌਰ ਅਜਾਇਬ ਘਰ ਨੂੰ ਪਾਲੀ ਸਾਹਿਬ ਭੇਟ

– ਵਿਨੀਪੈਗ ਦੇ ਕਿਲਰੇਨੀ ਮੈਨੀਟੋਬਾ ਵਿਖੇ ਹੋਈ 35ਵੀਂ ਸਾਲਾਨਾ ਮੈਨੀਟੋਬਾ 55 ਪਲੱਸ ਖੇਡਾਂ ਵਿੱਚ ਕੌਰ ਸਿੰਘ ਸਿੱਧੂ ਨੇ ਜਿੱਤੇ ਸੋਨੇ ਦੇ ਚਾਰ ਤਮਗੇ

– ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਹਿਲਾਦ ਸਿੰਘ ਚੰਢੋਕ ਦਾ ਦਿਹਾਂਤ ਹੋਇਆ

– ਭਾਜਪਾ ਆਗੂ ਡਾ. ਸੁਬਰਾਮਨੀਅਨ ਵੱਲੋਂ ਮੰਨਿਆ ਗਿਆ ਕਿ ਦਰਬਾਰ ਸਾਹਿਬ ’ਤੇ ਫੌਜੀ ਕਾਰਵਾਈ ਗਲਤ ਸੀ

– ਕਸ਼ਮੀਰ ਵਿੱਚ ਪੰਜਾਬੀ ਬੋਲੀ ਨੂੰ ਲਾਜ਼ਮੀ ਬਣਾਉਣ ਲਈ ਸਿੱਖ ਸੰਸਥਾਵਾਂ ਵੱਲੋਂ ਰੋਸ਼ ਵਿਖਾਵਾ

ਜੁਲਾਈ

– ਇਟਲੀ ਵਿੱਚ ਸਿੱਖੀ ਸਰੂਪ ਵਿੱਚ ਸਜੀ ਨਵਨਪ੍ਰੀਤ ਕੌਰ ਤੋਂ ਪ੍ਰਭਾਵਿਤ ਹੋ ਕੇ ਇੱਕ ਡਾਕੂਮੈਂਟਰੀ ਇਟਾਲੀਅਨ ਫਿਲਮ ‘ਆਮੋਰੇ ਇਨ ਚੀਤਾ’ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਗਿਆ

– ਸਿੱਖ ਨੌਜਵਾਨ ਜੇ. ਜੇ. ਸਿੰਘ ਕਪੂਰ ਨੂੰ ਮਿਲਿਆ ਅਮਰੀਕਾ ਦੇ ਬਿਹਤਰੀਨ ਬੁਲਾਰੇ ਦਾ ਖਿਤਾਬ

– ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਸੇਵਾ ਦੌਰਾਨ ਲਾਂਗਰੀ ਭਾਈ ਚਰਨਜੀਤ ਸਿੰਘ ਕੜਾਹੇ ਵਿੱਚ ਡਿੱਗਣ ਕਰ ਕੇ 70ਪ੍ਰਤੀਸ਼ਤ ਝੁਲਸ ਗਿਆ

– ਬਰਕਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਣਦੀਪ ਸਿੰਘ ਕੋਹਲੀ ਰਾਸ਼ਟਰੀ ਐਕਸੀਲੈਂਸ ਐਵਾਰਡ ਨਾਲ ਸਨਮਾਨਤ

– ਏਸ਼ੀਆਈ ਅਥਲੈਟਿਕਸ ਖੇਡਾਂ ਵਿੱਚ ਪਟਿਆਲੇ ਦੀ ਮਨਪ੍ਰੀਤ ਕੌਰ ਨੇ ਸੋਨ ਤਗਮਾ ਜਿੱਤਿਆ

– ਬੱਚਿਆਂ ਦੇ ਦਿਲ ਦੇ ਰੋਗਾਂ ਦੇ ਮਾਹਰ ਅਤੇ ਚਿੱਤਰਕਾਰ ਡਾ. ਸ਼ਿਵਦੇਵ ਸਿੰਘ ਸਿੱਧੂ ਦਾ ਦਿਹਾਂਤ ਹੋਇਆ

– ਇਟਲੀ ਦੀ ਗੁਰਪ੍ਰੀਤ ਕੌਰ ਨੇ ਗ੍ਰੈਜੁਏਸ਼ਨ ਵਿੱਚੋਂ 99 ਫੀਸਦੀ ਨੰਬਰ ਪ੍ਰਾਪਤ ਕੀਤੇ

– ਸਮਾਜ ਸੇਵਿਕਾ ਬੀਬੀ ਜਤਿੰਦਰ ਕੌਰ ਖਾਲਸਾ ਆਸਟ੍ਰੇਲੀਅਨ ਪੈਰੋਲ ਬੋਰਡ ਦੀ ਮੈਂਬਰ ਨਿਯੁਕਤ

– ਸਿੱਖ ਪ੍ਰਤੀਨਿਧ ਬੋਰਡ ਉੜੀਸਾ ਦੇ ਮੈਂਬਰ ਸਤਪਾਲ ਸਿੰਘ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ

– ਸਿੱਖ ਵਿਦਿਆਰਥੀ ਜਸਕੀਰਤ ਸਿੰਘ ਨੇ ਸਵਿਟਰਜ਼ਲੈਂਡ ਦੀ ਯੂਰਿਕ ਯੂਨੀਵਰਸਿਟੀ ਵਿੱਚ ਇਲੈਕਟ੍ਰਾਨਿਕ ਇੰਜੀਨੀਅਰਰਿੰਗ ਵਿੱਚੋਂ 96ਫੀਸਦੀ ਨੰਬਰ ਲੈ ਕੇ ਕੀਤਾ ਟਾਪ

– ਸੜਕ ਹਾਦਸੇ ਦੌਰਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਪ੍ਰਚਾਰਕ ਭਾਈ ਦਲਬੀਰ ਸਿੰਘ ਦੀ ਮੌਤ

– ਨਿਊਜ਼ੀਲੈਂਡ ਵਿੱਚ ਅਪਰਾਧ ਰੋਕਣ ਲਈ ਪਰਮਦੀਪ ਸਿੰਘ ਨੇ ‘ਪਲੀਜ਼ ਹੈਲਪ’ ਨਾਂ ਦਾ ਐਪ ਕੀਤਾ ਤਿਆਰ

– ਆਸਟ੍ਰੇਲੀਅਨ ਫੋਜ ਵਿੱਚ ਅਮਰਿੰਦਰ ਸਿੰਘ ਘੁੰਮਣ ਦੇ ਰਿਹਾ ਹੈ ਗੋਰਿਆਂ ਨੂੰ ਸਿਖਲਾਈ

– ਕਿਸੇ ਦੀ ਜਾਨ ਬਚਾਉਣ ਕਰ ਕੇ ਨਿਊਜ਼ੀਲੈਂਡ ਦੀ ਪੁਲਿਸ ਅਫ਼ਸਰ ਲਵਲੀਨ ਕੌਰ ‘ਸ਼ਲਾਘਾ ਪੱਤਰ’ ਨਾਲ ਸਨਮਾਨਿਤ

– ਹਰਿੰਦਪਾਲ ਸਿੰਘ ਸੰਧੂ ਨੇ ਜਿੱਤਿਆ ‘ਵਿਕਟੋਰੀਆਂ ਓਪਨ ਖਿਤਾਬ’

– ਅੰਬਾਲਾ ਵਿਖੇ ਸਿੱਖ ਨੌਜਵਾਨ ਦੀ ਕੁਟਮਾਰ, ਵੀਡੀਉ ਵਾਇਰਲ

– ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ‘ਮਹਾਨ ਕੋਸ਼’ ਦੇ ਵਿਵਾਦਤ ਐਡੀਸ਼ਨ ਦੀ ਵਿਕਰੀ ’ਤੇ ਪਾਬੰਦੀ

– ਪ੍ਰੀਤ ਕੌਰ ਗਿੱਲ ਬਰਤਾਨਵੀ ਸੰਸਦ ਦੀ ਉੱਚ ਤਾਕਤੀ ਕਮੇਟੀ ਦੀ ਮੈਂਬਰ ਬਣੀ

– ਵਿਦੇਸ਼ੀ ਮੀਟ ਮਸਾਲਾ ਕੰਪਨੀ ਵੱਲੋਂ ਪੈਕੇਟ ’ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪੇ ਜਾਣ ’ਤੇ ਚਰਚਾ

– ਮਹਿਲਾ ਵਿਸ਼ਵ ਕੱਪ ਵਿੱਚ ਹਰਮਨਪ੍ਰੀਤ ਕੌਰ ਦੀ ਪਾਰੀ (171 ਦੌੜਾਂ) ਸਦਕਾ ਭਾਰਤ ਫਾਈਨਲ ’ਚ ਹੋਇਆ ਸ਼ਾਮਲ

– ਸਰੀ ਕੈਨੇਡਾ ਦੀ ‘ਖ਼ਾਲਸਾ ਲਾਇਬ੍ਰੇਰੀ’ ਬਣੀ ਡਿਜੀਟਲ

– ‘ਦ ਬਲੈਕ ਪ੍ਰਿੰਸ’ ਫਿਲਮ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪੰਜਾਬ ਲਿਜਾਉਣ ਲਈ ਮੁੱਦਾ ਮੁੜ ਗਰਮਾਇਆ

– ਸਰ ਰਾਬਿੰਦਰ ਸਿੰਘ ਬਰਤਾਨੀਆ ਦੀ ‘ਕੋਰਟ ਆਫ ਅਪੀਲ’ ਦੇ ਪਹਿਲੇ ਸਿੱਖ ਜੱਜ ਬਣੇ

– ‘ਦੀ ਚਾਰਲਸ ਸਟੂਅਰਟ ਯੂਨੀਵਰਸਿਟੀ’ ਮੈਲਬੌਰਨ ਵੱਲੋਂ ਜਤਿੰਦਰ ਪਾਲ ਸਿੰਘ ਵੜੈਚ ‘ਸਰਬੋਤਮ ਲੈਕਚਰਾਰ ਪੁਰਸਕਾਰ’ ਨਾਲ ਸਨਮਾਨਿਤ

– ਪਟਿਆਲੇ ਦੀ ਰਾਜਮਾਤਾ ਮਹਿੰਦਰ ਕੌਰ ਦਾ ਦਿਹਾਂਤ

ਅਗਸਤ

– ਲੰਡਨ ਵਿੱਚ ਸਿੱਖ ਕੌਂਸਲਰ ਚੈਜ਼ ਸਿੰਘ ਹੋਇਆ ਨਸਲੀ ਗਾਲ੍ਹਾਂ ਦਾ ਸ਼ਿਕਾਰ

– ਆਸਟ੍ਰੇਲੀਆ ਦੇ ਸਰਕਾਰੀ ਵਿਭਾਗਾਂ ਵਿੱਚ ਸਿੱਖੀ ਸਬੰਧੀ ਜਾਗਰੂਕ ਕਰਨ ਹਿੱਤ ਮੁਹਿੰਮ ਸ਼ੁਰੂ

– ਟਾਇਪੂ ਮੈਰਾਥਨ ਦੌੜ ’ਚ ਗੁਰਜੋਤ ਸਿੰਘ ਨੇ ਵਧਾਈ ਪੰਜਾਬੀਆਂ ਦੀ ਸ਼ਾਨ

– ਸਿਡਨੀ ’ਚ ਛਪਣ ਵਾਲੇ ਚੀਨੀ ਅਖਬਾਰ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਭਾਵਤ ਚੀਨੀ ਲੇਖਕ ਹਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਵਿਰਾਸਤ ਅਤੇ ਖਾਸੀਅਤ ਸਬੰਧੀ ਵਿਸ਼ੇਸ਼ ਲੇਖ ਛਪਿਆ

– ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪੁੱਜਣ ਵਾਲਾ ਪਹਿਲਾ ਭਾਰਤੀ ਬਣਿਆ ਦਵਿੰਦਰ ਸਿੰਘ

– ਮਹਾਨ ਦੌੜਾਕ ਉੱਡਣਾ ਸਿੱਖ ਮਿਲਖਾ ਸਿੰਘ ਵਿਸ਼ਵ ਸਿਹਤ ਸੰਗਠਨ ਦੇ ਸਦਭਾਵਨਾ ਦੂਤ ਵਜੋਂ ਨਿਯੁਕਤ

– ਵਿਸ਼ਵ ਪੁਲਿਸ ਖੇਡਾਂ ਵਿੱਚ ਪੰਜਾਬ ਪੁਲਿਸ ਦੇ ਤੈਰਾਕ ਰਾਜਵੀਰ ਸਿੰਘ ਨੇ ਜਿੱਤੇ 8 ਤਗਮੇ, ਬਿਕਰਮਜੀਤ ਸਿੰਘ ਨੇ ਲੰਮੀ ਛਾਲ ਵਿੱਚ ਜਿੱਤਿਆ ਸੋਨੇ ਦਾ ਤਗਮਾ, ਬਲਵਿੰਦਰ ਸਿੰਘ ਅਤੇ ਹਰਭਜਨ ਸਿੰਘ ਨੇ ਜਿਤੇ 2-2 ਤਗਮੇ

– ਅੱਖਾਂ ’ਤੇ ਪੱਟੀ ਬੰਨ੍ਹ ਕੇ ਬਿਨ੍ਹਾਂ ਸ਼ੀਸ਼ਾ ਦੇਖੇ ਦਸਤਾਰ ਸਜਾਉਣ ਵਾਲੇ ਅਵਤਾਰ ਸਿੰਘ ਨੂੰ ਸ੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ

– ਪੰਜਾਬੀ ਜਾਗਰਣ ਅਖਬਾਰ ਅਤੇ ਜਾਗਰਣ ਗਰੁੱਪ ਵੱਲੋਂ ਕਰਾਇਆ ਗਿਆ ‘ਦਸਤਾਰ ਸਜਾਉ’ ਮੁਕਾਬਲਾ ਜੇਤੂਆਂ ਦੇ ਦਿੱਤੇ ਨਗਦੀ ਇਨਾਮ

– ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਮੱਲ ਸਿੰਘ ਦਾ ਦਿਹਾਂਤ

– ਕਾਨਪੁਰ ਸਿੱਖ ਕਤਲੇਆਮ ਮਾਮਲੇ ਸਬੰਧੀ ਸੁਪਰੀਮ ਕੌਰਟ ਵੱਲੋਂ ਯੂ. ਪੀ. ਅਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ

– ਅਜ਼ਾਦੀ ਦਿਹਾੜੇ ਤਹਿਸੀਲ ਦਫ਼ਤਰ ਮਾਲੇਰਕੋਟਲਾ ਦੇ ਕਲਰਕ ਸ. ਮਨਪ੍ਰੀਤ ਸਿੰਘ ਕੋਹਲੀ ਅਪਣੀ ਇਮਾਨਦਾਰੀ ਕਰ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ

– ਵਿਸ਼ਵ ਪੁਲਿਸ ਖੇਡਾਂ ਵਿੱਚ ਜਸਪ੍ਰੀਤ ਕੌਰ ਨੇ ਜਿੱਤੇ ਸੋਨੇ ਅਤੇ ਕਾਂਸੇ ਦੇ ਮੈਡਲ

– ‘ਇਤਿਹਾਸ ਵਿੱਚ ਸਿੱਖ’ ਨਾਮੀ ਪ੍ਰਸਿੱਧ ਪੁਸਤਕ ਦੇ ਕਰਤਾ ਇਤਿਹਾਸਕਾਰ ਡਾ. ਸੰਗਤ ਸਿੰਘ ਦਾ ਦੇਹਾਂਤ

– ਸਿੱਕਮ ਵਿਖੇ ਸਥਿਤ ਗੁ. ਗੁਰੂ ਡਾਂਗਮਾਰ ਤੋਂ ਪਾਵਨ ਸਰੂਪ ਅਤੇ ਹੋਰ ਸਮਾਨ ਕੱਢ ਕੇ ਸੁੱਟੇ ਜਾਣ ਸਬੰਧੀ ਵਿਵਾਦ ਭਖਿਆ

– ਇਟਲੀ ਦੇ ਗੁਰਦੁਆਰਿਆਂ ਵਿੱਚ ਬਲਵਿੰਦਰ ਸਿੰਘ ਚਾਹਲ ਦੀ ਲਿਖੀ ‘ਇਟਲੀ ਵਿੱਚ ਸਿੱਖ ਫ਼ੌਜੀ’ ਕਿਤਾਬ ਜਾਰੀ

– ਸ਼ਲਾਘਯੋਗ ਸੇਵਾਵਾਂ ਬਦਲੇ ਸਮਾਜ ਸੇਵਿਕਾ ਅਤੇ ਲੈਕਚਰਾਰ ਹਰਮੇਸ਼ ਕੌਰ ਯੋਧੇ ਸਨਮਾਨਿਤ

– ਡਾ. ਜਤਿੰਦਰ ਸਿੰਘ ਸਿੱਧੂ ਸ੍ਰੋਮਣੀ ਕਮੇਟੀ ਦੇ ਡਾਇਰੈਕਟਰ ਸਿੱਖਿਆ ਨਿਯੁਕਤ

– ਕੀ. ਵੀ. ਕੈਪਸ ਇੰਡੀਆ ਟੂਰ -2018 ਲਈ ਆਕਲੈਂਡ ਦਾ 14 ਸਾਲਾ ਜਸਕਰਨ ਸਿੰਘ (ਜੈਸੀ) ਦੀ ਚੋਣ

– ਨਿਹੰਗ ਜਥੇਬੰਦੀ ਦੇ ਆਗੂ ਬਹਾਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ

– ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੇ ਮੁੱਢਲੇ ਮੈਂਬਰਾਂ ਵਿੱਚੋਂ ਡਾ. ਰਾਜਵੰਤ ਕੌਰ ਦਾ ਦੇਹਾਂਤ

– ਬ੍ਰਿਟੇਨ ਪੁਲਿਸ ਵੱਲੋਂ ਗ਼ਲਤਫਹਿਮੀ ’ਚ ਲਗਾਈਆਂ ਇੱਕ ਸਿੱਖ ਨੂੰ ਹੱਥਕੜੀਆਂ, ਬਾਅਦ ’ਚ ਮੰਗੀ ਮੁਆਫ਼ੀ

– ਰਾਸ਼ਟਰੀ ਖੇਡ ਦਿਵਸ ਮੌਕੇ ਹਾਕੀ ਖਿਡਾਰੀ ਸਰਦਾਰਾ ਸਿੰਘ, ਕ੍ਰਿਕਟਰ ਹਰਮਨਜੀਤ ਕੌਰ ਅਤੇ ਐਥਲੀਟ ਖੁਸ਼ਬੀਰ ਕੌਰ ਅਰਜੁਨ ਪੁਰਸਕਾਰ ਨਾਲ ਸਨਮਾਨਿਤ

– ਫਰਿਜ਼ਨੋ ਵਿੱਚ ਪੰਜਾਬੀ ਸੇਵਾ ਬਦਲੇ ਜਗਜੀਤ ਸਿੰਘ ਥਿੰਦ ਦਾ ਗੁਰੂ ਘਰ ਸਿੰਘ ਸਭਾ ਵੱਲੋਂ ਸਨਮਾਨ

– ਸਿਡਨੀ ਕਿੰਗਜ਼ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਬਾਸਕਿਟਬਾਲ ਟੀਮ ਵਿੱਚ ਸ਼ਾਮਲ ਕੀਤਾ

– ਸਿਮਰਨਜੀਤ ਸਿੰਘ ਨੇ ਬੈਕਾਂਕ ਕੌਮਾਂਤਰੀ ਤਾਇਕਵਾਂਡੋ ਕੱਪ ਵਿੱਚ ਜਿੱਤਿਆ ਸੋਨੇ ਦਾ ਤਗਮਾ

ਸਤੰਬਰ

– ਲੰਡਨ ਵਿੱਚ ਡਰੇਟਨ ਮੈਨਰ ਪਾਰਕ ਨੇ ਸਿੱਖਾਂ ਵੱਲੋਂ ਕਿਰਪਾਨ ਪਹਿਨ ਕੇ ਪਾਰਕ ਵਿੱਚ ਆਉਣ ਦੀ ਪਾਬੰਦੀ ਹਟਾਈ

– ਸਿੱਖ ਵਿਰੋਧੀ ਦੰਗਿਆਂ ਦੇ 199 ਮਾਮਲਿਆਂ ਦੀ ਸਮੀਖਿਆ ਲਈ ਸੁਪਰੀਮ ਕੋਰਟ ਨੇ ਬਣਾਈ ਕਮੇਟੀ

– ਬਾਰਿਸ਼ ਦੇ ਚੱਲਦੇ, ਈਦ-ਉੱਲ-ਅਜ਼ਹਾ ਮੌਕੇ ਚਮੋਲੀ ਦੇ ਗੁਰਦੁਆਰਾ ਸਾਹਿਬ ’ਚ ਅਦਾ ਕੀਤੀ ਗਈ ਨਮਾਜ਼

– ਕੈਲੀਫੋਰਨੀਆਂ (ਫਰਜ਼ਿਨੋ) ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਂ ’ਤੇ ਰੱਖਿਆ ਗਿਆ ਪਾਰਕ ਦਾ ਨਾਂ

– ਕੈਲਗਰੀ ਵਿੱਚ ਰਵਿੰਦਰ ਸਿੰਘ ਸੈਸਕਾਟੂਨ ਨੇ ਜਿੱਤਿਆ ‘ਸਰਦਾਰ ਜੀ 2017’ ਪੁਰਸਕਾਰ

– ਵਿਦੇਸ਼ ਨੀਤੀ ਤੇ ਰਾਸ਼ਟਰੀ ਸੁਰੱਖਿਆ ਦੇ ਮਾਹਰ ਹਰਦੀਪ ਸਿੰਘ ਪੁਰੀ ਬਣੇ ਮੋਦੀ ਸਰਕਾਰ ਦੇ ਪਹਿਲੇ ਦਸਤਾਰਧਾਰੀ ਸਿੱਖ ਮੰਤਰੀ

– ਹਰਵਿੰਦਰ ਸਿੰਘ ਸਰਨਾ ਤਖ਼ਤ ਸ੍ਰੀ ਪਟਨਾ ਸਾਹਬਿ ਕਮੇਟੀ ਦੇ ਪ੍ਰਧਾਨ ਬਣੇ

– ਅਮਰੀਕਾ ਦੇ ਗੁਰਦੁਆਰੇ ਦੀ ਕੰਧ ’ਤੇ ਲਿਖੀ ਨਫ਼ਰਤ ਭਰੀਆਂ ਟਿੱਪਣੀਆਂ

– 101 ਸਾਲਾ ਮਾਤਾ ਮਾਨ ਕੌਰ ਲਉਰੀਅਸ ਵਰਲਡ ਐਵਾਰਡ ਲਈ ਨਾਮਜ਼ਦ

– ਚੀਫ ਖਾਲਸਾ ਦੀਵਾਨ ਦੇ ਡਾਇਰੈਕਟਰ ਐਜੁਕੇਸ਼ਨ ਡਾ. ਧਰਮਵੀਰ ਸਿੰਘ ‘ਡਾ. ਰਾਧਾਕ੍ਰਿਸ਼ਨ ਮੈਮੋਰੀਅਲ ਨੈਸ਼ਨਲ ਐਵਾਰਡ’ ਨਾਲ ਸਨਮਾਨਿਤ

– ਕੈਪਟਨ ਅਮਰਿੰਦਰ ਸਿੰਘ, ਭਾਰਤੀ ਹਾਈ ਕਮਿਸ਼ਨਰ ਵਾਈ ਕੇ. ਸਿਨਹਾ, ਫੀਲ਼ਡ ਮਾਰਸ਼ਲ ਸਰ ਜੌਹਨ ਚੈਪਲ ਜੀ. ਸੀ. ਬੀ ਵੱਲੋਂ ਲੰਡਨ ਵਿਖੇ ਸਾਰਾਗੜੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ

– ਐਮ. ਪੀ. ਪ੍ਰੀਤ ਕੌਰ ਗਿੱਲ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਜਲਿਆਵਾਲੇ ਬਾਗ ਦੇ ਖੂਨੀ ਸਾਕੇ ਅਤੇ 1984 ਦੇ ਸਾਕੇ ਸਬੰਧੀ ਮੁੱਦਾ ਉਠਾਇਆ

– ਝਾਰਖੰਡ ਵਿੱਚ ਅਨੰਦ ਮੈਰਿਜ ਐਕਟ ਲਾਗੂ ਹੋਇਆ

– ਭਾਰਤੀ ਹਵਾਈ ਸੈਨਾ ਦੇ ਇੱਕੋ ਇੱਕ ਪੰਜ ਸਿਤਾਰਾ ਰੈਂਕ ਦੇ ਅਧਿਕਾਰੀ ਅਤੇ ਜੰਗੀ ਨਾਇਕ ਮਾਰਸ਼ਲ ਅਰਜਨ ਸਿੰਘ ਦਾ ਦੇਹਾਂਤ

– ਸੰਸਾਰ ਪ੍ਰਸਿੱਧ ਗੁਰਦਾ ਰੋਗ ਮਾਹਰ ਪਦਮਸ਼੍ਰੀ ਡਾ. ਕੇ. ਐੱਸ. ਚੁੱਖ ਦਾ ਦੇਹਾਂਤ

– ਬੁਤਾਲਾ ਦਾ ਨੌਜਵਾਨ ਵਰਿੰਦਰਪਾਲ ਸਿੰਘ ਫੋਜ ਦਾ ਲੈਫਟੀਨੈਂਟ ਬਣਿਆ

– ਅੰਮ੍ਰਿਤਸਰ ਦੀ ਅਮਨਪ੍ਰੀਤ ਕੌਰ ਬਣੀ ਪਾਇਲਟ

– ਚੰਡੀਗੜ੍ਹ ਦੇ ਸਿੱਖ ਮਿਸ਼ਨਰੀ ਸ. ਗੁਰਬੀਰ ਸਿੰਘ ਦਾ ਅਸਟ੍ਰੇਲੀਆ ਵਿੱਚ ਇੱਕ ਸੜਕ ਹਾਦਸੇ ਦੌਰਾਨ ਦੇਹਾਂਤ

– ਹਿਮਾਚਲ ਅਤੇ ਉੜੀਸਾ ਵਿੱਚ ਅਨੰਦ ਮੈਰਿਜ ਐਕਟ ਹੋਇਆ ਲਾਗੂ

– ਕੰਵਲਜੀਤ ਸਿੰਘ ਬਖਸ਼ੀ ਚੌਥੀ ਵਾਰ ਅਤੇ ਡਾ. ਪਰਮਜੀਤ ਕੌਰ ਪਰਮਾਰ ਦੂਜੀ ਵਾਰ ਬਣੇ ਨਿਊਜ਼ੀਲੈਂਡ ਦੇ ਮੈਂਬਰ ਆਫ ਪਾਰਲੀਮੈਂਟ

– ਉਡਣੇ ਸਿੱਖ ਮਿਲਖਾ ਸਿੰਘ ਵੱਲੋਂ ਮੈਡਮ ਤੁਸ਼ਾਦ ਮੋਮ ਅਜਾਇਬ ਘਰ ਵਿੱਚ ਲੱਗੇ ਆਪਣੇ ਪੁਤਲੇ ਦੀ ਕੀਤੀ ਘੁੰਡ ਚੁਕਾਈ

– ਸ੍ਰੀ ਨਨਕਾਣਾ ਸਾਹਿਬ ਦੇ ਮਹਿੰਦਰਪਾਲ ਸਿੰਘ ਦੀ ਗੁਜਰਾਂਵਾਲਾ ਟੀਮ ਲਾਹੌਰ ਕਲੰਦਰ ਲਈ ਚੋਣ

– ਪੱਤਰਕਾਰ ਹਰਸ਼ਰਨ ਕੌਰ ਨਾਲ ਬ੍ਰਿਟਿਸ਼ ਏਅਰਵੇਜ਼ ਵੱਲੋਂ ਕੀਤੀ ਗਈ ਬਦਸਲੂਕੀ, ਮੁਆਵਜ਼ੇ ਦੀ ਪੇਸ਼ਕਸ਼

ਅਕਤੂਬਰ

– ਚੀਨ ਵਿੱਚ ਹੋਈ 20ਵੀਂ ਏਸ਼ੀਅਨ ਮਾਸਟਰਜ਼ ਅਥਲੈਟਿਕਸ ਮੀਟ ਵਿੱਚ ਵੈਟਰਨ ਅਥਲੀਟ ਕੈਪਟਨ ਗੁਰਜੀਵਨ ਸਿੰਘ ਸਿੱਧੂ ਨੇ 3 ਸੋਨੇ ਦੇ ਤਗਮੇ ਜਿੱਤੇ

– ਲੰਡਨ ਵਿਖੇ ‘ਹਾਊਸ ਆਫ ਲਾਰਡ’ ਵਿੱਚ ਇੱਕ ਸਮਾਗਮ ਦੌਰਾਨ ਕਮਲਪ੍ਰੀਤ ਸਿੰਘ ਧਾਲੀਵਾਲ ‘ਮਹਾਤਮਾ ਗਾਂਧੀ ਪ੍ਰਵਾਸੀ ਪੁਰਸਕਾਰ’ ਨਾਲ ਸਨਮਾਨਤ

– ਜਲੰਧਰ ਦੀ 19 ਸਾਲਾਂ ਪ੍ਰਭਦੀਪ ਕੌਰ ਬਾਜਵਾ ਨਿਊਜ਼ੀਲੈਂਡ ਪੁਲਿਸ ਵਿੱਚ ਹੋਈ ਸ਼ਾਮਲ

– ਭਾਰਤ ਸਰਕਾਰ ਦੇ ਪੀਣ ਯੋਗ ਪਾਣੀ ਅਤੇ ਸਫਾਈ ਮਹਿਕਮੇ ਵੱਲੋਂ ਸ੍ਰੀ ਦਰਬਾਰ ਸਾਹਿਬ ਨੂੰ ਸਫਾਈ ਲਈ ਕੀਤੇ ਗਏ ਕਾਰਜਾਂ ਬਦਲੇ ‘ਕੌਮੀ ਸਵੱਛ ਭਾਰਤ ਪੁਰਸਕਾਰ -2017’ ਦਿੱਤਾ ਗਿਆ।

– ਕੈਨੇਡਾ ਦੀ ਸਿਆਸਤ ਵਿੱਚ ਅੰਮ੍ਰਿਤਧਾਰੀ ਜਗਮੀਤ ਸਿੰਘ ਬਣੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ

– ਮਾਨਸਾ ਵਿਖੇ ਤੇਜਿੰਦਰ ਸਿੰਘ ਖਾਲਸਾ ਵੱਲੋਂ ਮੁਫਤ ਪੱਗਾਂ ਦੇਣ ਲਈ ਖੋਲ੍ਹਿਆ ਗਿਆ ਟਰਬਨ ਬੈਂਕ

– ਇੰਗਲੈਂਡ ਦੇ ਇੱਕ ਪ੍ਰਾਈਮਰੀ ਸਕੂਲ ਵੱਲੋਂ ਸਿੱਖ ਬੱਚੇ ਨੂੰ ਕੜਾ ਪਾਉਣ ਤੋਂ ਰੋਕਿਆ ਗਿਆ

– ਸ੍ਰੋਮਣੀ ਕਮੇਟੀ ਕਾਲਜ ਦੀ ਵਿਦਿਆਰਥਣ ਰਮਨਦੀਪ ਕੌਰ ਨੇ 29 ਰਾਜਾਂ ਵਿੱਚ ਹੋਏ ਨਿਬੰਧ ਮੁਕਾਬਲਿਆਂ ਵਿੱਚੋਂ ਜਿੱਤਿਆ ਪਹਿਲਾ ਰਾਸ਼ਟਰੀ ਪੁਰਸਕਾਰ

– ਬਲਵਿੰਦਰ ਸਿੰਘ ਚਾਹਲ ਦੀ ਕਿਤਾਬ ‘ਇਟਲੀ ਵਿੱਚ ਸਿੱਖ ਫੌਜੀ’ ਹੋਈ ਰਿਲੀਜ਼

– ਨਿਊਜ਼ੀਲੈਂਡ ਦੇ ਸਿੱਖ ਟੈਕਸੀ ਡਰਾਈਵਰ ਅੰਗਰੇਜ਼ ਸਿੰਘ ਕੰਗ ਨੇ ਖਾਤੇ ਵਿੱਚ ਵਾਧੂ ਆਏ 69,333 ਡਾਲਰ ਕੰਪਨੀ ਨੂੰ ਮੋੜੇ

– ਘਿਨਾਉਣੀ ਹਰਕਤ ਕਰ ਕੇ ਸ੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚੋਂ ਛੇਕਿਆ ਗਿਆ

– ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਦੀ ਸਜਾਵਟ ਲਈ ਵੱਖ ਵੱਖ ਦੇਸ਼ਾਂ ਤੋਂ 15 ਕਿਸਮਾਂ ਦੇ 8 ਟਨ ਫੁੱਲਾਂ ਦਾ ਕੀਤਾ ਗਿਆ ਇਸਤੇਮਾਲ

– ਯੂ. ਕੇ. ਵਿੱਚ ਸਿੱਖ ਵਿਦਵਾਨ ਲੇਖਕ ਪ੍ਰੋ. ਪਿਆਰਾ ਸਿੰਘ ਪਦਮ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ

– ਦਲਵਿੰਦਰ ਸਿੰਘ ਓਪਨ ਨੈਸ਼ਨਲ ਟੈਨਿਸ ਚੈਂਪੀਅਨਸ਼ਿਪ ਜਿੱਤ ਕੇ ਬਣਿਆ ‘ਕੌਮੀ ਚੈਂਪੀਅਨ’

– ਆਸਟ੍ਰੇਲੀਆਈ ਸੰਸਦ ਮੈਂਬਰ ਜੂਡਿਥ ਗਰਾਲੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਨਤਮਸਤਕ

– ਕੇਰਲ, ਮੱਧ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ ਅਨੰਦ ਮੈਰਿਜ ਅੇਕਟ ਹੋਇਆ ਲਾਗੂ

– ਅੰਮ੍ਰਿਤਸਰ ਦੇ ਉਘੇ ਡਾ. ਹਰਜੋਤ ਸਿੰਘ ‘ਇੰਡੀਆ ਹੈਲਥ ਕੇਅਰ ਸਬਮਿਟ -2017’ ਨਾਲ ਸਨਮਾਨਿਤ

– 15 ਸਾਲਾਂ ਦੀ ਅਵਨੀਤ ਕੋਮਲ ਕੌਰ ਆਸਟ੍ਰੇਲੀਆ ਦੀ ਪਹਿਲੀ ਸਿੱਖ ਸੋਲੋ ਪਾਇਲਟ ਬਣੀ

– ਬੀਬੀ ਸੁਰਜੀਤ ਕੌਰ ਵੱਲੋਂ ਦਰਬਾਰ ਸਾਹਿਬ ਲਈ ਦੋ ਸੋਨੇ ਦੇ ਹਾਰ ਭੇਟ

– ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੇ ਖਾਲਸਾ ਪੰਜਾਬੀ ਸਕੂਲ ਦੇ ਨਤੀਜਿਆਂ ਵਿੱਚ ਜਸਕੀਰਤ ਕੌਰ ਨੂੰ ਐਲਾਨਿਆ ਗਿਆ ਸਰਬੋਤਮ ਵਿਦਿਅਰਥਣ

– ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿੰਨ ਰੋਜ਼ਾ ‘ਖ਼ਾਲਸਾਈ ਖ਼ੇਡ ਉਤਸਵ’ ਕਰਵਾਇਆ ਗਿਆ

– ਪੰਜਾਬ ਦੀ ਗੁਰਮੇਹਰ ਕੌਰ ਨੂੰ ‘ਟਾਈਮ ਮੈਗਜ਼ੀਨ’ ਵੱਲੋਂ ਮਿਲਿਆ ‘ਫ੍ਰੀ ਸਪੀਚ ਵਾਰੀਅਰ’ ਦਾ ਟਾਈਟਲ

– ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਬ੍ਰਿਟੇਨ ਦੀ ਸੰਸਦ ਵਿੱਚ ਸਨਮਾਨਤ

– ਨਿਊਜ਼ੀਲੈਂਡ ਦੀ ਜਸਦੀਪ ਕੌਰ ਬਸਰਾ ‘ਮਿਸ ਅਸਟ੍ਰੇਲੀਆ 2017’ ਬਣੀ

– ਇਫਕੋ ਵੱਲੋਂ ਦਰਬਾਰ ਸਾਹਿਬ ਵਿਖੇ 250 ਕੰਧ ਘੜੀਆਂ ਦੀ ਸੇਵਾ

– ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ ਦਿੱਤੀ ਗਈ।

– ਪਾਕਿਸਤਾਨ ਔਕਾਫ ਬੋਰਡ ਵੱਲੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਪੁੱਜਣ ਵਾਲੇ ਸਿੱਖ ਸ਼ਰਧਾਲੂਆਂ ਦਾ ਬੱਸ ਅਤੇ ਰੇਲਵੇ ਕਿਰਾਇਆ ਮੁਆਫ ਕੀਤਾ ਗਿਆ

– ਲਹਿੰਦੇ ਪੰਜਾਬ ਦੀ ਵਿਧਾਨ ਸਭਾ ਵਿੱਚ ‘ਸਿੱਖ ਮੈਰਿਜ ਐਕਟ’ ਖਰੜਾ ਪੇਸ਼ ਕੀਤਾ ਗਿਆ

– ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚਲੇ 52 ਕਵੀਆਂ ਨੂੰ ਸਮਰਪਤ ਕਵੀ ਦਰਬਾਰ ਕਰਵਾਇਆ ਗਿਆ ਅਤੇ 52 ਨੌਜਵਾਨ ਕਵੀ ਸੱਦੇ ਗਏ

– ਯੁਰਪੀਅਨ ਦੇਸ਼ਾਂ ਦੀ ਮੋਟਾਪਾ ਸਰਜਰੀ ਸੰਸਥਾ ‘ਯੂਰਪੀਅਨ ਐਕ੍ਰੇਡੀਟੇਸ਼ਨ ਕੌਂਸਲ ਆਫ ਬੈਰੀਐਟਿਕ ਸਰਜਰੀ’ ਵੱਲੋਂ ‘ਸਰਜਨ ਆਫ ਐਕਸੀਲੈਂਸ’ ਦਾ ਦਰਜਾ ਪ੍ਰਾਪਤ ਕਰ ਕੇ ਡਾ. ਕੁਲਦੀਪ ਸਿੰਘ ਕੁਲਾਰ ਭਾਰਤ ਦੇ ਪਹਿਲੇ ਮੋਟਾਪਾ ਸਰਜਨ ਬਣੇ

– ਗੁਰਸਿੱਖ ਬਾਡੀ ਬਿਲਡਰ ਨੌਜਵਾਨ ਸੰਤੋਖ ਸਿੰਘ ਨੇ ਮੁੰਬਈ ਵਿਖੇ ਹੋਈ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

– ਮਨਜੀਤ ਸਿੰਘ ਰਾਏ ਆਲ ਇੰਡੀਆ ਘੱਟ ਗਿਣਤੀ ਕਮਿਸ਼ਨ ਦੇ 6ਵੇਂ ਮੈਂਬਰ ਵੱਜੋਂ ਨਿਯੁਕਤ

– ਵਿਸ਼ਵ ਦੀ ਨਾਮਵਰ ਸੰਸਥਾ ‘ਬੀ. ਬੀ. ਸੀ’ ਵੱਲੋਂ ਬੀ. ਬੀ. ਸੀ ਪੰਜਾਬੀ ਦੀ ਸ਼ੁਰੂਆਤ

– ਆਈ. ਐੱਸ. ਐੱਸ. ਐਫ. ਵਿਸ਼ਵ ਕੱਪ ਵਿੱਚ ਨਿਸ਼ਾਨੇਬਾਜ਼ ਅਮਨਪ੍ਰੀਤ ਸਿੰਘ ਨੇ ਜਿੱਤਿਆ ਕਾਂਸੀ ਦਾ ਤਗਮਾ

– ਰਣਜੀ ਟਰਾਫੀ ਸੀਜ਼ਨ 2017 ਦੌਰਾਨ ਜੀਵਨਜੋਤ ਸਿੰਘ ਬਣਿਆ ‘ਮੈਨ ਆਫ ਦਾ ਮੈਚ’

– ਰੋਇਲ ਬੈਂਕ ਆਫ ਕੈਨੇਡਾ ਵੱਲੋਂ ਪਰਮਿੰਦਰ ਸਿੰਘ ਮਾਂਗਟ ‘ਚੇਅਰਮੈਨਜ਼ ਰਾਊਂਡ ਟੇਬਲ’ ਪੁਰਸਕਾਰ ਨਾਲ ਸਨਮਾਨਿਤ

– ਪ੍ਰਬੰਧਕੀ ਝਗੜਿਆਂ ਕਾਰਨ ਗੁਰਦੁਆਰਾ ਛੋਟਾ ਘਲੂਘਾਰਾ ਵਿਵਾਦਾਂ ਵਿੱਚ ਰਿਹਾ

– ਆਪਣੀ ਬਹਾਦਰੀ ਕਰ ਕੇ ਇੰਸਪੈਕਟਰ ਬਲਬੀਰ ਸਿੰਘ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ

– ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਉ ਪ੍ਰੋਗ੍ਰਾਮ ‘ਮਨ ਕੀ ਬਾਤ’ ਦੌਰਾਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈ ਦਿੰਦੇ ਕਿਹਾ, ‘ਗੁਰੂ ਨਾਨਕ ਸਾਹਿਬ ਸਿੱਖਾਂ ਦੇ ਹੀ ਨਹੀਂ, ਬਲਕਿ ਜਗਤ ਗੁਰੂ ਹਨ’ ਅਤੇ ਉਹਨਾਂ ਵੱਲੋਂ ਸ਼ੁਰੂ ਕੀਤੀ ‘ਲੰਗਰ ਦੀ ਪ੍ਰਥਾ ਨੇ ਏਕਤਾ ਅਤੇ ਬਰਾਬਰੀ ਦੀ ਭਾਵਨਾ ਪੈਦਾ ਕੀਤੀ’ ਸੀ।

– ਆਕਲੈਂਡ ਮੈਰਾਥਨ ਦੌੜਾਂ ਵਿੱਚ 78 ਸਾਲਾ ਬਲਬੀਰ ਸਿੰਘ ਬਸਰਾ ਅਤੇ 34 ਸਾਲਾ ਗੁਰਜੋਤ ਸਿੰਘ ਸਮਰਾ ਨੇ ਜਿੱਤੇ ਤਮਗੇ।

ਨਵੰਬਰ

– ਗੁਰੂ ਨਾਨਕ ਦੇਵ ਇੰਟਰਨੈਸ਼ਨਲ ਯੂਨੀਵਰਸਿਟੀ ਸ੍ਰੀ ਨਨਕਾਣਾ ਸਾਹਿਬ ’ਚ ਬਣਾਉਣ ਦਾ ਐਲਾਨ

– ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਦਾ ਥਾਈਲੈਂਡ ਤੋਂ ਵਾਪਸੀ ਮੌਕੇ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੇ ਪਾਸਪੋਰਟ ਜ਼ਬਤ

– ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਨਰਲ ਹਰਬਖਸ਼ ਸਿੰਘ, ਲੈਫਨੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਮਾਰਸ਼ਲ ਅਰਜਨ ਸਿੰਘ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈਆਂ ਗਈਆਂ

– ਬਿੱਕਰ ਸਿੰਘ ਸੰਧੂ ਕੈਨੇਡਾ ਦੇ ਮਾਨਯੋਗ ਲੈਫਟੀਨੈਂਟ ਗਵਰਨਰ ਜਨਰਲ ਲੁਇਸ ਮਿਚੇਲ ਵੱਲੋਂ ਸਨਮਾਨਿਤ

– ਉਘੇ ਪੰਜਾਬੀ ਪੱਤਰਕਾਰ ਪ੍ਰਿਤਪਾਲ ਸਿੰਘ ਦਾ ਦੇਹਾਂਤ

– ਆਸਟ੍ਰੇਲੀਆ ਦੇ ਮੈਲਬੌਰਨ ਇਲਾਕੇ ਵਿੱਚ 1984 ਦੀ ਸਿੱਖ ਨਸਲਕੁਸ਼ੀ ਦੇ ਰੋਸ ਵਜੋਂ ਕੱਢਿਆ ਗਿਆ ਵਿਸ਼ਾਲ ਮਾਰਚ

– ਡਾ. ਰੂਪ ਸਿੰਘ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਨਿਯੁਕਤ

– ਰਵਿੰਦਰ ਸਿੰਘ ਭੱਲਾ ਅਮਰੀਕਾ ਵਿੱਚ ਨਿਊਜਰਸੀ ਦੇ ਹੋਬੋਕੇਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਨਿਯੁਤਕ

– ਕਵੀਸ਼ਰੀ ਜਗਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਉਘੇ ਕਵਿਸ਼ਰ ਜੋਗਾ ਸਿੰਘ ਜੋਗੀ ਦਾ 85 ਵਰ੍ਹਿਆਂ ਦੀ ਉਮਰ ਵਿੱਚ ਦਿਹਾਂਤ

– ਇੰਗਲੈਂਡ ਵਾਸੀ ਬਜ਼ੁਰਗ ਜਗਜੀਤ ਸਿੰਘ ਨੇ 87 ਹਫਤਿਆਂ ਅਤੇ 4 ਦਿਨਾਂ ਵਿੱਚ 100 ਮੈਰਾਥਨ ਦੌੜਾਂ ਵਿੱਚ ਹਿੱਸਾ ਲੈ ਕੇ ਇਤਿਹਾਸ ਸਿਰਜਿਆ

– ਪ੍ਰਸਿੱਧ ਸਿੱਖ ਇਤਿਹਾਸਕਾਰ ਅਤੇ ਲੇਖਕ ਡਾ. ਹਰਜਿੰਦਰ ਸਿੰਘ ਦਿਲਗੀਰ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰਾਂ ਵੱਲੋਂ ਉਸ ਵਿਰੁੱਧ ਲਏ ਗਏ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੋਤੀ

– ਬਰਤਾਨੀਆ ਦੀ ਪਹਿਲੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਭਾਰਤ ਦੌਰੇ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਈ ਨਤਮਸਤਕ, ਗੁਰਦੁਆਰਾ ਕਮੇਟੀ ਵੱਲੋਂ ਕੀਤਾ ਗਿਆ ਸਨਮਾਨ

– ਘਰ ਵਿੱਚ ਸਬਜ਼ੀਆਂ ਉਗਾ ਕੇ ਨਿਊਜ਼ੀਲੈਂਡ ਵਿੱਚ ਮਹਾਂਬੀਰ ਸਿੰਘ ਨੇ ਜਿੱਤਿਆ ‘ਬੈਸਟ ਵੈਜੀਟੇਬਲ ਗਾਰਡਨ’ ਦਾ ਪਹਿਲਾ ਇਨਾਮ

– ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੋਏ ਨਤਮਸਤਕ, ਛਕਿਆ ਲੰਗਰ

– ਸਿੱਖ ਨੈਸ਼ਨਲ ਸੰਸਥਾ ਵੱਲੋਂ ਲਗਾਏ ਗਏ ਖ਼ੂਨਦਾਨ ਕੈਂਪ ਨੇ ਤੋੜੇ ਕੋਲੰਬੀਆ ਸੂਬੇ ਦੇ ਸਾਰੇ ਰਿਕਾਰਡ

– ਪ੍ਰਿੰਸ ਵਿਲੀਅਮ ਵੱਲੋਂ ਸੁਰਿੰਦਰ ਸਿੰਘ ਜੰਡੂ ਦਾ ਸ਼ਾਹੀ ਖ਼ਿਤਾਬ ਐਮ. ਬੀ. ਈ. ਨਾਲ ਸਨਮਾਨ

– ਗੁਰਮਤਿ ਸੰਗੀਤ ਦੇ ਵਿਕਾਸ ਨੂੰ ਸਮਰਪਤ ਬੀਬੀ ਜਸਬੀਰ ਕੌਰ ਦਾ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ

– ਦਲ ਖ਼ਾਲਸਾ ਦੇ ਮੋਢੀ ਮੈਂਬਰਾਂ ਵਿੱਚੋਂ ਜਲਾਵਤਨ 70 ਸਾਲਾਂ ਸਿੱਖ ਆਗੂ ਮਨਮੋਹਨ ਸਿੰਘ ਖਾਲਸਾ ਦਾ ਦੇਹਾਂਤ ਹੋਇਆ

– ਬ੍ਰਿਸਬੇਨ ’ਚ ਹੋਈ ਇੱਕ ਪ੍ਰਤੀਯੋਗਤਾ ਵਿੱਚ ਜਸਪ੍ਰੀਤ ਕੌਰ ਬਣੀ ‘ਮਿਸ ਪੰਜਾਬਣ ਕੁਈਨਸਲੈਂਡ ਆਸਟ੍ਰੇਲੀਆ’

– ਯੂ. ਕੇ. ਦੀ ‘ਵਰਲਡ ਬੁੱਕ ਆਫ ਕਿਰਾਰਡ’ ਸੰਸਥਾ ਵੱਲੋਂ ਸ੍ਰੀ ਦਰਬਾਰ ਸਾਹਿਬ ਲਈ ‘ਮੋਸਟ ਵਿਜ਼ਿਟਡ ਪਲੇਸ ਆਫ ਦਾ ਵਰਲਡ’ ਪੁਰਸਕਾਰ ਭੇਟ

– 78 ਸਾਲਾਂ ਹਰਭਜਨ ਸਿੰਘ ਔਲਖ ਨੇ ਆਸਟ੍ਰੇਲੀਅਨ ਮਾਸਟਰ ਖੇਡਾਂ ਵਿੱਚ 9 ਸੋਨ ਤਗਮੇ ਜਿੱਤੇ

– ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਂਰਾਸ਼ਟਰ ਵਾਸੀ ਜਸਪਾਲ ਸਿੰਘ ਚਾਵਲਾ ਪੰਥਕ ਕਾਰਜਾਂ ਬਦਲੇ ਸਨਮਾਨਤ

– ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਬਾ ਬਲਬੀਰ ਸਿੰਘ ‘ਸ੍ਰੋਮਣੀ ਸੇਵਾ ਰਤਨ’ ਅਤੇ ਸਾਬਕਾ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ‘ਸ਼ਰੋਮਣੀ ਰਾਗੀ’ ਦੀ ਉਪਾਧੀ ਨਾਲ ਸਨਮਾਨਤ

– ਗੋਬਿੰਦ ਸਿੰਘ ਲੌਂਗੋਵਾਲ ਸ੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਣੇ।

– ਲੰਡਨ ਵਿੱਚ ਸਿੱਖ ਪ੍ਰਚਾਰਕ ਨੌਜਵਾਨ ਮਨਿੰਦਰਦੀਪ ਸਿੰਘ ਨੇ ਹਾਸਲ ਕੀਤੀ ਐੱਲ. ਐੱਲ. ਬੀ. ਦੀ ਡਿਗਰੀ

– ਉਘੇ ਗਾਇਕ ਅਤੇ ਲੇਖਕ ਗੁਰਪਾਲ ਸਿੰਘ ਪਾਲ ਦਾ 83 ਵਰ੍ਹਿਆਂ ਦੀ ਉਮਰ ਵਿੱਚ ਦੇਹਾਂਤ

ਦਸੰਬਰ

– 75 ਸਾਲ ਤੋਂ ਵੱਧ ਉਮਰ ਦੀ ‘ਪੰਜਾਬ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ’ ਵਿੱਚ ਸੇਵਾ ਮੁਕਤ ਅਧਿਆਪਕ ਅਜੀਤ ਸਿੰਘ ਨੇ ਜਿੱਤੇ ਸੋਨੇ ਦੇ ਤਿੰਨ ਤਮਗੇ

– ਸਿੱਖ ਹਿਊਮਨ ਡਿਵਲੈਪਮੈਂਟ ਫਾਉਂਡੇਸ਼ਨ ਵੱਲੋਂ ਅਮਰੀਕਾ ਦੇ ਸਿੱਖਾਂ ਦੇ ਸਹਿਯੋਗ ਨਾਲ ਲੋੜਵੰਦ ਬੱਚਿਆਂ ਲਈ 2,10,00 ਡਾਲਰ ਦੀ ਰਾਸ਼ੀ ਇਕੱਤਰ ਕੀਤੀ।

– ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਲੁਧਿਆਣਾ ਵੱਲੋਂ ਸ੍ਰੋਮਣੀ ਰਾਗੀ ਭਾਈ ਜਸਵੰਤ ਸਿੰਘ ਦਾ ਗੋਲਡ ਮੈਡਲ ਨਾਲ ਸਨਮਾਨ

– ਸੂਬਾ ਪੱਧਰੀ ਸਕੂਲ ਤਾਈਕਵਾਂਡੋਂ ਖੇਡਾਂ ਵਿੱਚ ਪਟਿਆਲਾ ਦਾ ਸੋਨ ਤਮਗਾ ਜੇਤੂ ਹਰਗੁਨਪ੍ਰੀਤ ਸਿੰਘ ਦੀ ਕੌਮੀ ਸਕੂਲ ਤਾਈਕਵਾਂਡੋਂ ਖੇਡਾਂ ਲਈ ਚੋਣ

– ਅਮਰੀਕਾ ਵਿੱਚ ਪਹਿਲੇ ਸਿੱਖ ਅਟਾਰਨੀ ਜਨਰਲ ਬਣਨ ਲਈ ਗੁਰਬੀਰ ਸਿੰਘ ਗਰੇਵਾਲ ਨਿਊਜ਼ਰਸੀ ਤੋਂ ਨਾਮਜ਼ਦ

– 67 ਸਾਲਾਂ ਅਰਜੁਨ ਐਵਾਰਡੀ ਸਾਬਕਾ ਫੁੱਟਬਾਲ ਕਪਤਾਨ ਗੁਰਦੇਵ ਸਿੰਘ ਦਾ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਵੱਲੋਂ ਸਨਮਾਨ

– ਗੁਰਦੁਆਰਾ ਪੰਜਾ ਸਾਹਿਬ ਵਿਖੇ 23 ਦੇਸ਼ਾਂ ਦੇ ਰਾਜਪੂਤ ਹੋਏ ਨਤਮਸਤਕ, ਪਾਕਿਸਤਾਨ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਗਿਆ ਸਨਮਾਨਤ

– ਕੈਲੀਫੋਰਨੀਆ ਦੇ ਸਿੱਖਾਂ ਨੇ ਲੌੜਵੰਦ ਗਰੀਬ ਬੱਚਿਆਂ ਨੂੰ ਇੱਕ ਹਜ਼ਾਰ ਤੋਂ ਵੱਧ ਸਾਈਕਲ ਕੀਤੇ ਭੇਂਟ

– ਪਾਕਿਸਤਾਨ ਵਿੱਚ ਲਾਹੌਰ ਸ਼ਹਿਰ ਤੋਂ 250 ਕਿਲੋਮੀਟਰ ਦੂਰ ਸਾਹੀਵਾਲ ਸ਼ਹਿਰ ਵਿੱਚ ਭੂ-ਮਾਫੀਆ ਵੱਲੋਂ ਪਲਾਜ਼ਾ ਬਣਾਉਣ ਲਈ ਪੁਰਾਤਨ ਗੁਰਦੁਆਰਾ ਸਾਹੀਵਾਲ ਦੀ ਇਮਾਰਤ ਢਾਹੀ ਗਈ

– ਬਨੂੜ ਦਾ ਸਿੱਖ ਨੌਜਵਾਨ ਅਤਪ੍ਰੀਤਇੰਦਰ ਸਿੰਘ ਬਣਿਆ ਅਮਰੀਕੀ ਫ਼ੌਜ ਦਾ ਸਾਰਜੈਂਟ, ਵਾਸ਼ਿੰਗਟਨ ’ਚ ਹੋਈ ਪੋਸਟਿੰਗ

– ਸਕੂਲ ਗੇਮਜ਼ ਫੇਡਰੇਸ਼ਨ ਵੱਲੋਂ ਕਰਵਾਈਆਂ ਗਈਆਂ 63ਵੀਆਂ ਨੈਸ਼ਨਲ ਸਕੂਲ ਗੇਮਾਂ ਵਿੱਚੋਂ ਪੰਜਾਬ ਦੇ ਅਥਲੀਟ ਦਮਨੀਤ ਸਿੰਘ ਨੇ ਹੈਮਰ ਥਰੋਅ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਅਤੇ ਅਥਲੀਟ ਅਕਾਸ਼ਦੀਪ ਸਿੰਘ ਨੇ ਪੈਦਲ ਚਾਲ ਮੁਕਾਬਲੇ ਵਿੱਚੋਂ ਜਿੱਤਿਆ ਚਾਂਦੀ ਦਾ ਤਮਗਾ

– ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦੀ ਤਜਵੀਜ਼ ਰੱਦ

– ਪਾਕਿਸਤਾਨ ਵਿੱਚ ਸਿੱਖਾਂ ਦੇ ਜ਼ਬਰੀਂ ਧਰਮ ਪਰਿਵਰਤਨ ਦੀਆਂ ਖ਼ਬਰਾਂ ਉੱਠਣ ਤੋਂ ਬਾਅਦ ਸਬੰਧਿਤ ਪੁਲਿਸ ਅਧਿਕਾਰੀ ਮੁਅੱਤਲ

– ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਵੱਲੋਂ ਸੈਂਟਰਲ ਲੰਡਨ ’ਚ ‘ਰਾਸ਼ਟਰੀ ਸਿੱਖ ਜੰਗੀ ਯਾਦਗਾਰ’ ਬਣਾਉਣ ਸਬੰਧੀ ਪੇਸ਼ ਕੀਤੇ ਗਏ ਮਤੇ ਨੂੰ 150 ਸੰਸਦ ਮੈਂਬਰਾਂ ਦਾ ਸਮਰਥਨ ਮਿਲਿਆ

– ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁ. ਫਤਹਿਗੜ੍ਹ ਸਾਹਿਬ ਸਰਹੰਦ ਵਿਖੇ ਇਸ ਸਾਲ ਸਿਆਸੀ ਕਾਨਫਰੰਸਾਂ ’ਤੇ ਪਾਬੰਦੀ ਲੱਗੀ

– ਨੈਸ਼ਨਲ ਕੌਂਸਲ ਆਫ ਐਜੁਕੇਸ਼ਨ ਰਿਸਰਚ ਟ੍ਰੇਨਿੰਗ (ਐੱਨ. ਸੀ. ਆਰ. ਟੀ.) ਵੱਲੋਂ ਅਗਲੇ ਵਰ੍ਹੇ ਆਪਣੇ ਸਿਲੇਬਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਸ਼ਾਮਲ ਕਰਨ ਦੀ ਪ੍ਰਵਾਨਗੀ

– ਗੁਰੂ ਗੋਬਿੰਦ ਸਿੰਘ ਜੀ ਦੇ 351ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਚਮਕੌਰ ਸਾਹਿਬ ਬਣ ਰਹੀ ਸਕਿੱਲ ਯੂਨੀਵਰਸਿਟੀ ਦਾ ਨਾਂ ‘ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ’ ਰੱਖਣ ਦਾ ਐਲਾਨ ਕੀਤਾ ਗਿਆ।

ਕਦੀ ਰਹਿਮਤ ਹੋਵੇ ਵੀ ਤਾਂ…

0

ਕਦੀ ਰਹਿਮਤ ਹੋਵੇ ਵੀ ਤਾਂ…

                                -ਗੁਰਪ੍ਰੀਤ ਸਿੰਘ, U.S.A 

ਗੇਂਦੇ ਦੇ ਫੁੱਲ਼ ! ਵਾਹ, ਤੂੰ ਕਿੰਞ ਹੈ ਗੁੰਦਿਆ ? ਗੋਲ ਮੋਲ ਜਿਹਾ, ਹਰ ਅੰਗ ਹੈ ਤੇਰਾ ਫੁੱਲਿਆ ।

ਕਿਧਰੇ ਤੈਨੂੰ ਸੱਜਰੇ ਹੁਸਨ ਦਾ ਮਾਣ ਤੇ ਨਹੀਂ ? ਚੱਲ ਮੰਨਿਆਂ, ਤੂੰ ਇਸ ਰੋਗ ਤੋਂ ਅਣਜਾਣ ਸਹੀ।

ਪਰ ਐਨਾ ਲੰਬਾ ਸਮਾਂ ਖਿੜ ਕੇ, ਤੂੰ ਕੀ ਖੱਟਿਆ ?

ਕਿਧਰੇ ਸਾਨੂੰ ਵੀ ਜਿਊਣ ਦਾ ਕੋਈ ਰਾਹ ਹੈ ਦੱਸਿਆ ? ਤੇਰੇ ਤੇ ਤਾਂ ਕਸੀਰੀ ਕੰਢਿਆਂ ਦੀ ਢਾਲ ਵੀ ਨਹੀਂ !

ਫਿਰ ਕਰਦਾ ਕੀ ਤੂੰ ਸੋਹਿਣਆ ! ਆਪਣੀ ਜਾਨ ਦੇ ਲਈ ? ਸ਼ਾਇਦ ਇਹ ਤੇਰੀ ਨਿਰੰਤਰ ਖਿੜੇ ਰਹਿਣ ਦੀ ਹੈ ਚਾਹ,

ਜਿਹੜੀ ਭੌਰਿਆਂ ਨੂੰ ਪਰਾਗ ਪੀਣ ਦਾ ਸੱਦਾ ਹੈ ਦੇ ਰਹੀ।

ਜੇ ਤੇਰੇ ਤੇ ਤੇਜ ਖੁਸ਼ਬੂ ਦਾ ਗਿਲਾਫ ਚੜ੍ਹਿਆ ਹੁੰਦਾ, ਤਾਂ ਸ਼ਾਇਦ ਐਨਾ ਲੰਬਾ ਸਮਾਂ, ਤੂੰ ਜੀਅ ਨਾ ਸਕਦਾ।

ਧੱਕੜ ਜ਼ਮਾਨੇ ਦੇ ਝੱਖੜ ਵਾਰ ਨੂੰ ਤਾਂ ਕੀ ਬਚਾਉਣਾ, ਅਸਤ ਹੋਣੇ ਅੱਥਰੂ ਵੀ ਆਪਣੇ ਕਦੀ ਪੀ ਨਾ ਸਕਦਾ।

ਮਾਲਕ ਦਾ ਸ਼ੁਕਰ ਹੈ, ਤੈਨੂੰ ਖੁਸ਼ਬੂ-ਏ-ਤੇਜ ਨਹੀਂ ਬਖ਼ਸ਼ੀ। ਕਦੀ ਰਹਿਮਤ ਹੋਵੇ ਵੀ ਤਾਂ ਆਪਣੀ ਅਮਾਨਤ ਨਾ ਸਮਝੀਂ।

ਸ਼ਾਲਾ ! ਇੰਞ ਹੀ ਰਹੇ ਤੂੰ ਵਧਿਆ ਫੁੱਲਿਆ। ਗੇਂਦੇ ਦੇ ਫੁੱਲ, ਤੂੰ ਕਿੰਞ ਹੈ ਗੁੰਦਿਆ…………

ਤੈਨੂੰ ਮਿਲਣ ਲਈ ਬਹੁਤ ਸੋਚਿਆ

0

ਤੈਨੂੰ ਮਿਲਣ ਲਈ ਬਹੁਤ ਸੋਚਿਆ

ਕਾਵਿ-ਕਿਆਰੀਆਂ

– ਗੁਰਪ੍ਰੀਤ ਸਿੰਘ ( ਯੂ. ਐਸ. ਏ )

ਤੈਨੂੰ ਮਿਲਣ ਲਈ ਬਹੁਤ ਸੋਚਿਆ, ਹਰ ਸੋਚ ਨਚਾਇਆ, ਨਵੇਂ ਮੋਜਿਆਂ ।

ਤਨ ਸੁੱਕੇ ਤੇ ਹੀ ਨਿਕਲੀ ਹੂਕ, ‘ਪ੍ਰੀਤ’ ਦਿਲ ਕਿਉਂ ਨਹੀਂ ਖੋਜਿਆ  ?

…………

ਤੇਰੇ ਦਰ ਭਿਖਾਰੀਆਂ ਦੀ ਕਮੀ ਨਹੀਂ ਕੋਈ, ਢੀਠ ਭਿਖਾਰੀ ਹੋਵੇ, ਝੋਲੀ ਭਰਦਾ ਸੋਈ ।

ਢੀਠ ਬਣਿਆਂ ਵੀ, ਖੈਰ ਨੀ ਮਿਲੀ ‘ਪ੍ਰੀਤ’ ਪਾਖੰਡ ਬਥੇਰੇ ਕੀਤੇ, ਭੁੱਲ ਗਿਆ ਅਰਜ਼ੋਈ ।

……………

ਸਾਂਈ  ! ਤੂੰ ਏਨਾ ਵੀ ਤੜਫਾਇਆ ਨਾ ਕਰ, ਇੱਕ ਦੱਸ, ਬਹੁਤੇ ਚੱਕਰਾਂ ’ਚ ਪਾਇਆ ਨਾ ਕਰ।

ਤੇਰੇ ਲਈ, ਬਥੇਰੇ ਨੇ ਹੋਰ ਚੋਜ਼ ਤਮਾਸ਼ੇ, ਸਭ ਨੂੰ ਆਪਣਾ ਹੀ, ਨਾਮ ਜਪਾਇਆ ਕਰ।

………….

ਮੇਰਾ ਵੀ ਕੱਟਦੇ ਰੋਗ ਸਾਂਈਆਂ  ! ਇਹ ਕੇਹਾ ਹੈ ਸੋਗ ਸਾਂਈਆਂ  !

ਨਹੀਂ ਸਹਿਆ ਜਾਂਦਾ ਵਿਯੋਗ ਸਾਂਈਆਂ  ! ਲਿਖਦੇ ਮੇਰਾ ਵੀ ਸੰਯੋਗ ਸਾਂਈਆਂ  !

ਬਠਿੰਡਾ ਸ਼ਹਿਰ ਦੇ ਸਭ ਮੁੱਖ ਗੁਰਦੁਆਰਿਆਂ ਦੀ ਸੰਗਤ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਦਿੱਤੀ ਮਾਨਤਾ

0

ਬਠਿੰਡਾ ਸ਼ਹਿਰ ਦੇ ਸਭ ਮੁੱਖ ਗੁਰਦੁਆਰਿਆਂ ਦੀ ਸੰਗਤ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਦਿੱਤੀ ਮਾਨਤਾ

ਵੱਡੀ ਗਿਣਤੀ ਪ੍ਰਭਾਤ ਫੇਰੀਆਂ ਨੇ ਸ਼ਹਿਰ ਦੇ ਕੇਂਦਰੀ ਸਥਾਨ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਲਵਾਈ ਹਾਜ਼ਰੀ

ਬਠਿੰਡਾ, 3 ਜਨਵਰੀ (ਕਿਰਪਾਲ ਸਿੰਘ): ਬਠਿੰਡਾ ਸ਼ਹਿਰ ਦੇ ਸਾਰੇ ਹੀ ਮੁੱਖ ਗੁਰਦੁਆਰਿਆਂ ਦੀ ਸੰਗਤ ਨੇ ਵੱਡੀ ਗਿਣਤੀ ਵਿੱਚ ਪ੍ਰਭਾਤ ਫੇਰੀਆਂ ਦੇ ਰੂਪ ਵਿੱਚ ਸ਼ਹਿਰ ਦੇ ਕੇਂਦਰੀ ਸਥਾਨ ਖ਼ਾਲਸਾ ਦੀਵਾਨ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਆਪਣੀ ਹਾਜ਼ਰੀ ਲਵਾ ਕੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਬਿਕ੍ਰਮੀ ਕੈਲੰਡਰ ਨੂੰ ਰੱਦ ਕਰਦਿਆਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦੇ ਦਿੱਤੀ ਗਈ ਹੈ।

ਇਹ ਦੱਸਣ ਯੋਗ ਹੈ ਕਿ ਚਿਰਾਂ ਤੋਂ ਚੱਲੀ ਆ ਰਹੀ ਮਰਿਆਦਾ ਅਨੁਸਾਰ ਗੁਰ ਪੁਰਬਾਂ ਮੌਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਕਿਲ੍ਹਾ ਮੁਬਾਰਕ, ਜਿਸ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਹੇਠ ਹੈ; ਵਿਖੇ ਸਮੁੱਚੇ ਸ਼ਹਿਰ ਦੇ ਗੁਰਦੁਆਰਿਆਂ ਦੀਆਂ ਪ੍ਰਭਾਤ ਫੇਰੀਆਂ ਇਕੱਤਰ ਹੋਇਆ ਕਰਦੀਆਂ ਸਨ, ਪਰ ਇਸ ਵਾਰ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰਨ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਤਾਂ ਮੁੱਖ ਗੁਰਦੁਆਰਿਆਂ ਦੇ ਸਮੁੱਚੇ ਪ੍ਰਬੰਧਕਾਂ ਨੇ ਐਨ ਮੌਕੇ ’ਤੇ ਪ੍ਰੋਗਰਾਮ ਉਲੀਕ ਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰ ਪੁਰਬ ਨਾਨਕਸ਼ਾਹੀ ਕੈਲੰਡਰ ਅਨੁਸਾਰ 23 ਪੋਹ, ਜੋ ਹਰ ਸਾਲ 5 ਜਨਵਰੀ ਨੂੰ ਹੀ ਆਉਂਦਾ ਹੈ, ਨੂੰ ਮਨਾਇਆ ਜਾਵੇ ਅਤੇ ਗੁਰ ਪੁਰਬ ਦੇ ਸਬੰਧ ਵਿੱਚ ਸ਼ਹਿਰ ਦੀਆਂ ਸਮੁੱਚੀਆਂ ਪ੍ਰਭਾਤ ਫੇਰੀਆਂ, ਸ਼ਹਿਰ ਦੇ ਕੇਂਦਰੀ ਸਥਾਨ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ 21 ਪੋਹ/3 ਜਨਵਰੀ ਨੂੰ ਇਕੱਤਰ ਹੋਣ। ਉਲੀਕੇ ਗਏ ਇਸ ਪ੍ਰੋਗਰਾਮ ਅਨੁਸਾਰ ਅੱਜ ਸਵੇਰੇ 4.00 ਵਜੇ ਤੋਂ 8.00 ਵਜੇ ਤੱਕ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ, ਜੋਗੀ ਨਗਰ ; ਗੁਰਦੁਆਰਾ ਗੁਰੂ ਅਰਜਨ ਸਾਹਿਬ ਜੀ, ਕੈਂਟ ਰੋਡ, ਧੋਬੀਆਨਾ ; ਗੁਰਦੁਆਰਾ ਤੁੰਗਵਾਲੀ, ਪ੍ਰਤਾਪ ਨਗਰ ; ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹੀ ਦਸਵੀਂ, ਧੋਬੀਆਨਾ ; ਗੁਰਦੁਆਰਾ ਸ਼ਹੀਦ ਭਾਈ ਮਤੀਦਾਸ ਜੀ, ਭਾਈ ਮਤੀਦਾਸ ਨਗਰ ; ਗੁਰਦੁਆਰਾ ਸੰਗਤ ਸਿਵਲ ਸਟੇਸ਼ਨ ; ਗੁਰਦੁਆਰਾ ਗੁਰੂ ਅਮਰਦਾਸ ਜੀ, ਅਮਰਪੁਰਾ ਬਸਤੀ ; ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਹਾਜ਼ੀ ਰਤਨ ; ਗੁਰਦੁਆਰਾ ਨਾਨਕਸਰ, ਚੰਦਸਰ ਬਸਤੀ, ਬੀਬੀਵਾਲਾ ਮੇਨ ਰੋਡ ਅਤੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਸਮੇਤ 11 ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਭਾਤ ਫੇਰੀਆਂ ਗੁਰਬਾਣੀ ਦੇ ਸ਼ਬਦ ਪੜ੍ਹਦੀਆਂ ਆਈਆਂ ਅਤੇ ਸਭਨਾਂ ਪ੍ਰਭਾਤ ਫੇਰੀਆਂ ਦੇ ਜਥਿਆਂ ਨੇ ਵਾਰੋ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ਼ਬਦ ਗਾਇਨ ਕਰ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੀ ਪ੍ਰਭਾਤ ਫੇਰੀ ਦੇ ਜਥਿਆਂ ਨੇ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ’ਤੇ ਸ਼ਬਦ ਗਾਇਨ ਕੀਤੇ ਅਤੇ ਸਭਨਾਂ ਪ੍ਰਭਾਤ ਫੇਰੀਆਂ ਨੂੰ ਜੀ ਆਇਆਂ ਕਿਹਾ ਅਤੇ ਅਖੀਰ ’ਤੇ ਦਰਬਾਰ ਹਾਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਸ਼ਬਦ ਗਾਇਨ ਕਰਨ ਉਪਰੰਤ ਅਨੰਦ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰ ਕੇ ਪੂਰੇ ਸਮਾਗਮ ਦੀ ਸਮਾਪਤੀ ਕੀਤੀ ਗਈ।

ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਸਿੱਧੂ, ਭਾਈ ਸੁਖਦੇਵ ਸਿੰਘ ਐੱਸ. ਐੱਮ. ਬੈਟਰੀਜ਼, ਭਾਈ ਕਿਰਪਾਲ ਸਿੰਘ, ਭਾਈ ਜਗਤਾਰ ਸਿੰਘ ਖ਼ਾਲਸਾ, ਭਾਈ ਗੁਰਮੇਲ ਸਿੰਘ ਸੇਵਾ ਮੁਕਤ ਐੱਸ. ਡੀ. ਓ., ਭਾਈ ਮੇਜਰ ਸਿੰਘ, ਭਾਈ ਦਰਸ਼ਨ ਸਿੰਘ ਸੇਵਾ ਮੁਕਤ ਐੱਸ. ਡੀ. ਓ., ਨੇ ਪਹੁੰਚੇ ਸਭਨਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੁਖੀਆਂ ਅਤੇ ਪ੍ਰਭਾਤ ਫੇਰੀਆਂ ਦੇ ਇੰਚਾਰਜਾਂ; ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਕੈਪਟਨ ਮੱਲ ਸਿੰਘ, ਭਾਈ ਮਾਨ ਸਿੰਘ, ਭਾਈ ਭੁਪਿੰਦਰ ਸਿੰਘ ਚਹਿਲ, ਭਾਈ ਨੈਬ ਸਿੰਘ, ਭਾਈ ਪਿਆਰਾ ਸਿੰਘ, ਭਾਈ ਗੁਰਦਰਸ਼ਨ ਸਿੰਘ ਮਾਖਾ, ਭਾਈ ਦਵਿੰਦਰ ਸਿੰਘ, ਭਾਈ ਪ੍ਰੀਤਮ ਸਿੰਘ ਮੋਦੀ, ਭਾਈ ਰਾਜਾ ਸਿੰਘ, ਲੱਕੀ, ਭਾਈ ਗੁਰਮੀਤ ਸਿੰਘ, ਡਾ: ਬਚਿੱਤਰ ਸਿੰਘ, ਭਾਈ ਮਿੱਠੂ ਸਿੰਘ, ਬੀਬੀ ਮਨਿੰਦਰ ਕੌਰ, ਬੀਬੀ ਸੁਰਜੀਤ ਕੌਰ, ਬੀਬੀ ਬਲਦੇਵ ਕੌਰ, ਆਦਿ ਸ਼ਾਮਲ ਸਨ, ਨੂੰ ਗੁਰੂ ਘਰ ਦੀ ਬਖ਼ਸ਼ਸ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬਠਿੰਡਾ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ’ਚ ਸਥਿਤ ਸਮੂਹ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸਾਂਝੇ ਤੌਰ ’ਤੇ ਪਬਲਿਸ਼ ਕਰਵਾਇਆ ਗਿਆ, ਨਾਨਕਸ਼ਾਹੀ ਕੈਲੰਡਰ ਸੰਮਤ 550 (2018-19) ਰੀਲੀਜ਼ ਕੀਤਾ ਗਿਆ ਅਤੇ ਸੰਗਤ ਵਿੱਚ ਵੰਡਿਆ ਵੀ ਗਿਆ।

ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਭਵਿੱਖ ਵਿੱਚ ਹਰ ਸਾਲ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਗੁਰ ਪੁਰਬ 23 ਪੋਹ/5 ਜਨਵਰੀ ਨੂੰ ਹੀ ਮਨਾਇਆ ਜਾਇਆ ਕਰੇਗਾ ਅਤੇ 21 ਪੋਹ/ 3 ਜਨਵਰੀ ਨੂੰ ਇਸੇ ਸਥਾਨ ’ਤੇ ਸਮੁੱਚੇ ਸ਼ਹਿਰ ਦੇ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਭਾਤ ਫੇਰੀਆਂ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਇਕੱਤਰ ਕਰਨ ਦਾ ਪ੍ਰਬੰਧ ਕੀਤਾ ਜਾਇਆ ਕਰੇਗਾ। ਉਨ੍ਹਾਂ ਸਮੁੱਚੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਅਤੇ ਪ੍ਰਭਾਤ ਫੇਰੀਆਂ ਦੇ ਇੰਚਾਰਜਾਂ ਨੂੰ ਬੇਨਤੀ ਕੀਤੀ ਕਿ ਉਹ ਪ੍ਰਭਾਤ ਫੇਰੀਆਂ ਦੀ ਬੁਕਿੰਗ ਕਰਦੇ ਸਮੇਂ ਹਰ ਸਾਲ 21 ਪੋਹ/3 ਜਨਵਰੀ ਦਾ ਦਿਨ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਲਈ ਰਾਖਵਾਂ ਰੱਖਣ ਦੀ ਕਿਰਪਾਲਤਾ ਕਰਨ।

ਇਸ ਉਪਰੰਤ ਸਵੇਰੇ 10 ਵਜੇ ਗੁਰ ਪੁਰਬ ਦੇ ਸਬੰਧ ’ਚ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਅਰੰਭ ਕੀਤਾ ਗਿਆ ਜਿਸ ਦਾ ਭੋਗ 23 ਪੋਹ/ 5 ਜਨਵਰੀ ਨੂੰ ਸਵੇਰੇ 10 ਵਜੇ ਪਾਇਆ ਜਾਵੇਗਾ ਅਤੇ 10.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਦੀਬਾਨ ਸਜਾਏ ਜਾਣਗੇ। ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਇਲਾਵਾ ਸ਼ਹਿਰ ਦੇ ਤਕਰੀਬਨ ਇੱਕ ਦਰਜਨ ਅਤੇ ਪਿੰਡਾਂ ਦੇ 90% ਤੋਂ ਵੱਧ ਗੁਰਦੁਆਰਾ ਸਾਹਿਬਾਨਾਂ ਵਿੱਚ ਵੀ ਗੁਰ ਪੁਰਬ ਦੇ ਸਬੰਧ ਵਿੱਚ ਅੱਜ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਅਤੇ 23 ਪੋਹ/ 5 ਜਨਵਰੀ ਨੂੰ ਭੋਗ ਉਪਰੰਤ ਉਚੇਚੇ ਦੀਵਾਨ ਸਜਾ ਕੇ ਗੁਰ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।

ਜਾਰੀ ਕਰਤਾ: ਰਾਜਿੰਦਰ ਸਿੰਘ ਸਿੱਧੂ (ਬਠਿੰਡਾ) ਫੋਨ ਨੰ: 94171-02476

ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 131-136)

0

ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 131-136)

(ਨੋਟ : ਹੇਠਾਂ ਦਿੱਤੇ ਗਏ ਗੁਰਬਾਣੀ ਪਾਠ ਬੋਧ ’ਚ ਜਦ ਦੋ ਸ਼ਬਦਾਂ ਦਰਮਿਆਨ (+) ਚਿੰਨ੍ਹ ਹੋਵੇ ਤਾਂ ਉਹ ਦੋਵੇਂ ਸ਼ਬਦਾਰਥ ਇੱਕੋ ਕਾਰਕ ’ਚ ਹੁੰਦੇ ਹੋਏ, ਸਮਾਨੰਤਰ ਲੁਪਤ ਸਬੰਧਕੀ ਅਰਥ ਦਿੰਦੇ ਹਨ; ਜਿਵੇਂ ਕਿ ਸੰਯੁਕਤ ਕਾਰਕੀ ਸ਼ਬਦਾਂ ਤੋਂ ਬਾਅਦ ਲਿਖ ਵੀ ਦਿੱਤਾ ਗਿਆ ਹੈ।)

ਮਾਝ, ਮਹਲਾ ੫ ॥

(ਜਦ ਮਾਲਕ) ਪ੍ਰਭੁ ਅਬਿਨਾਸੀ, ਤਾ (ਤਾਂ) ਕਿਆ ਕਾੜਾ (ਭਾਵ ਕਾਹਦੀ ਚਿੰਤਾ-ਫ਼ਿਕਰ) ? ॥ ਹਰਿ ਭਗਵੰਤਾ (ਸਭ ਸੁੱਖ ਦੇਣ ਵਾਲ਼ਾ), ਤਾ (ਤਾਂ) ਜਨੁ ਖਰਾ ਸੁਖਾਲਾ ॥ (ਤਾਂ ਤੇ, ਹੇ) ਜੀਅ ਪ੍ਰਾਨ ਮਾਨ (ਭਾਵ ਜਿੰਦ, ਪ੍ਰਾਣ ਤੇ ਮਨ ਲਈ) ਸੁਖਦਾਤਾ ! ਤੂੰ ਕਰਹਿ (ਕਰਹਿਂ), ਸੋਈ ਸੁਖੁ ਪਾਵਣਿਆ ॥੧॥ ਹਉ (ਹੌਂ) ਵਾਰੀ, ਜੀਉ ਵਾਰੀ ; ਗੁਰਮੁਖਿ ਮਨਿ+ਤਨਿ (’ਚ) ਭਾਵਣਿਆ (ਚੰਗਾ ਲੱਗਦਾ ਹੈ)॥ ਤੂੰ ਮੇਰਾ ਪਰਬਤੁ (ਭਾਵ ਸਥਾਈ ਟੇਕ), ਤੂੰ ਮੇਰਾ ਓਲਾ (ਓਲ਼ਾ); ਤੁਮ ਸੰਗਿ ਲਵੈ (ਭਾਵ ਹੋਰ ਕੋਈ ਬਰਾਬਰ) ਨ ਲਾਵਣਿਆ ॥੧॥ ਰਹਾਉ ॥ ਤੇਰਾ ਕੀਤਾ, ਜਿਸੁ ਲਾਗੈ ਮੀਠਾ ॥ ਘਟਿ+ਘਟਿ ਪਾਰਬ੍ਰਹਮੁ, ਤਿਨਿ+ਜਨਿ (ਨੇ) ਡੀਠਾ ॥ ਥਾਨਿ+ਥਨੰਤਰਿ (’ਚ ਭਾਵ ਹਰ ਥਾਂ ’ਚ ਅਤੇ ਕਿਸੇ ਦੋ ਥਾਵਾਂ ਵਿਚਕਾਰ) ਤੂੰ ਹੈ, ਤੂੰ ਹੈ (ਤੂੰ ਹੈਂ ਤੂੰ ਹੈਂ) ; ਇਕੋ ਇਕੁ (ਇੱਕੋ ਇੱਕ ਭਾਵ ਨਿਰੋਲ ਇੱਕ ਹੀ) ਵਰਤਾਵਣਿਆ (ਵਰਤ ਰਿਹਾ)॥੨॥ ਸਗਲ ਮਨੋਰਥ, ਤੂੰ ਦੇਵਣਹਾਰਾ ॥ ਭਗਤੀ+ਭਾਇ (ਰਾਹੀਂ), ਭਰੇ ਭੰਡਾਰਾ ॥ ਦਇਆ ਧਾਰਿ (ਕੇ) ਰਾਖੇ ਤੁਧੁ, ਸੇਈ ; ਪੂਰੈ+ਕਰਮਿ (ਨਾਲ਼, ਤੇਰੇ ’ਚ) ਸਮਾਵਣਿਆ ॥੩॥ ਅੰਧ ਕੂਪ ਤੇ, ‘ਕੰਢੈ’ (ਉੱਤੇ) ਚਾੜੇ (ਚਾੜ੍ਹੇ)॥ ਕਰਿ ਕਿਰਪਾ, ਦਾਸ ਨਦਰਿ ਨਿਹਾਲੇ ॥ ਗੁਣ ਗਾਵਹਿ (ਗਾਵਹਿਂ) ਪੂਰਨ ਅਬਿਨਾਸੀ ; ਕਹਿ+ਸੁਣਿ (ਕੇ), ਤੋਟਿ ਨ ਆਵਣਿਆ ॥੪॥ ਐਥੈ+ਓਥੈ (ਭਾਵ ਲੋਕ ਪ੍ਰਲੋਕ ’ਚ), ਤੂੰ ਹੈ (ਹੈਂ) ਰਖਵਾਲਾ॥ ਮਾਤ ਗਰਭ ਮਹਿ, ਤੁਮ ਹੀ ਪਾਲਾ ॥ ਮਾਇਆ ਅਗਨਿ ਨ ਪੋਹੈ ਤਿਨ (ਤਿਨ੍) ਕਉ ; ਰੰਗਿ ਰਤੇ (ਰੱਤੇ) ਗੁਣ ਗਾਵਣਿਆ ॥੫॥ ਕਿਆ ਗੁਣ ਤੇਰੇ, ਆਖਿ ਸਮਾਲੀ (ਸੰਮਾਲ਼ੀਂ) ? (ਭਾਵ ਕਿਹੜੇ-ਕਿਹੜੇ ਤੇਰੇ ਗੁਣ ਬਿਆਨ ਕਰ ਕੇ ਯਾਦ ਕਰਾਂ ?)॥ ਮਨ ਤਨ ਅੰਤਰਿ, ਤੁਧੁ ਨਦਰਿ ਨਿਹਾਲੀ (ਨਿਹਾਲੀਂ ਭਾਵ ਤੈਨੂੰ ਅਨੁਭਵ ਨਾਲ਼ ਵੇਖਦਾ ਹਾਂ)॥ ਤੂੰ ਮੇਰਾ ਮੀਤੁ, ਸਾਜਨੁ, ਮੇਰਾ ਸੁਆਮੀ; ਤੁਧੁ ਬਿਨੁ, ਅਵਰੁ ਨ ਜਾਨਣਿਆ ॥੬॥ ਜਿਸ ਕਉ, ਤੂੰ ਪ੍ਰਭ ! ਭਇਆ ਸਹਾਈ ॥ ਤਿਸੁ, ਤਤੀ (ਤੱਤੀ) ਵਾਉ ਨ ਲਗੈ ਕਾਈ (ਭਾਵ ਕੋਈ, ਥੋੜ੍ਹੀ ਮਾਤਰ ਵੀ) ॥ ਤੂ ਸਾਹਿਬੁ, ਸਰਣਿ (ਸ਼ਰਣਿ) ਸੁਖਦਾਤਾ; ਸਤਸੰਗਤਿ ਜਪਿ (ਕੇ) ਪ੍ਰਗਟਾਵਣਿਆ ॥੭॥ ਤੂੰ ਊਚ ਅਥਾਹੁ (ਅਥਾਹ), ਅਪਾਰੁ ਅਮੋਲਾ ॥ ਤੂੰ ਸਾਚਾ ਸਾਹਿਬੁ, ਦਾਸੁ ਤੇਰਾ ਗੋਲਾ ॥ ਤੂੰ ਮੀਰਾ (ਮੀਰਾਂ/ਮੀਰਾਨ ਭਾਵ ਬਾਦਸ਼ਾਹਾਂ ਦਾ ਬਾਦਸ਼ਾਹ) ਸਾਚੀ ਠਕੁਰਾਈ ; ਨਾਨਕ ! ਬਲਿ-ਬਲਿ ਜਾਵਣਿਆ ॥੮॥੩॥੩੭॥

ਮਾਝ ਮਹਲਾ ੫, ਘਰੁ ੨ ॥

ਨਿਤ ਨਿਤ ਦਯੁ ਸਮਾਲੀਐ (ਦਈ ਸੰਮਾਲ਼ੀਐ)) ॥ ਮੂਲਿ (ਭਾਵ ਬਿਲਕੁਲ) ਨ ਮਨਹੁ (ਮਨੋਂ) ਵਿਸਾਰੀਐ ॥ ਰਹਾਉ ॥ ਸੰਤਾ (ਸੰਤਾਂ) ਸੰਗਤਿ ਪਾਈਐ ॥ ਜਿਤੁ (ਭਾਵ ਜਿਸ ਰਾਹੀਂ), ਜਮ ਕੈ ਪੰਥਿ (’ਤੇ) ਨ ਜਾਈਐ ॥ ਤੋਸਾ (ਤੋਸ਼ਾ ਭਾਵ ਰਾਹਦਾਰੀ ਖ਼ਰਚ) ਹਰਿ ਕਾ ਨਾਮੁ ਲੈ (ਭਾਵ ਲੈ ਕੇ, ਕਿਰਿਆ ਵਿਸ਼ੇਸ਼ਣ); ਤੇਰੇ ਕੁਲਹਿ (ਵੰਸ਼ਜ ਨੂੰ) ਨ ਲਾਗੈ ਗਾਲਿ (ਗਾਲ਼ਿ) ਜੀਉ ॥੧॥ ਜੋ, ਸਿਮਰੰਦੇ ਸਾਂਈਐ (ਸਾਈਂਐ)॥ ਨਰਕਿ (’ਚ) ਨ ਸੇਈ ਪਾਈਐ ॥ ਤਤੀ (ਤੱਤੀ) ਵਾਉ ਨ ਲਗਈ (ਲਗ+ਈ); ਜਿਨ (ਜਿਨ੍) ਮਨਿ (’ਚ), ਵੁਠਾ (ਵੱਠਾ) ਆਇ (ਕੇ) ਜੀਉ ॥੨॥ ਸੇਈ ਸੁੰਦਰ ਸੋਹਣੇ ॥ ਸਾਧਸੰਗਿ ਜਿਨ (ਜਿਨ੍) ਬੈਹਣੇ ॥ ਹਰਿ ਧਨੁ ਜਿਨੀ (ਜਿਨ੍ਹੀਂ) ਸੰਜਿਆ (ਇਕੱਠਾ ਕੀਤਾ); ਸੇਈ ਗੰਭੀਰ ਅਪਾਰ ਜੀਉ ॥੩॥ ਹਰਿ ਅਮਿਉ ਰਸਾਇਣੁ ਪੀਵੀਐ ॥ ਮੁਹਿ+ਡਿਠੈ ਜਨ ਕੈ (ਮੁੰਹ ਡਿੱਠੈ ਭਾਵ ਜਨ ਕੈ ‘ਮੁਹਿ+ਡਿਠੈ’ ਨਾਲ਼), ਜੀਵੀਐ ॥ ਕਾਰਜ ਸਭਿ ਸਵਾਰਿ ਲੈ; ਨਿਤ (ਨਿੱਤ) ਪੂਜਹੁ, ਗੁਰ ਕੇ ‘ਪਾਵ’ (ਨੋਟ: ਇਹ ਸ਼ਬਦ ‘ਪਾਂਵ’ ਨਹੀਂ ਉਚਾਰਨਾ ਕਿਉਂਕਿ ਇਹ ਸੰਸਿਤ ਦੇ ‘ਪਾਦਹ’ ਦਾ ਤਦਭਵ ਹੈ, ਜਿਸ ਦਾ ਅਰਥ ਹੈ ‘ਪੈਰ, ਚਰਨ’) ਜੀਉ ॥੪॥ ਜੋ, ਹਰਿ (ਨੇ) ਕੀਤਾ ਆਪਣਾ ॥ ਤਿਨਹਿ, ਗੁਸਾਈ (ਗੁਸਾਈਂ) ਜਾਪਣਾ ॥ ਸੋ ਸੂਰਾ, ਪਰਧਾਨੁ ਸੋ ; ਮਸਤਕਿ+ਜਿਸ+ਦੈ (’ਤੇ), ਭਾਗੁ ਜੀਉ ॥੫॥ ਮਨ ਮੰਧੇ, ਪ੍ਰਭੁ ਅਵਗਾਹੀਆ (ਅਵਗਾਹੀ+ਆ)॥ ਏਹਿ (ਏਹ) ਰਸ ਭੋਗਣ, ਪਾਤਿਸਾਹੀਆ (ਪਾਤਿਸ਼ਾਹੀ+ਆ)॥ ਮੰਦਾ ਮੂਲਿ ਨ ਉਪਜਿਓ ; ਤਰੇ, ਸਚੀ ਕਾਰੈ (’ਚ) ਲਾਗਿ ਜੀਉ ॥੬॥ ਕਰਤਾ ਮੰਨਿ ਵਸਾਇਆ ॥ ਜਨਮੈ ਕਾ ਫਲੁ (ਫਲ਼) ਪਾਇਆ ॥ ਮਨਿ ਭਾਵੰਦਾ ਕੰਤੁ ਹਰਿ ; ਤੇਰਾ, ਥਿਰੁ ਹੋਆ ਸੋਹਾਗੁ ਜੀਉ ॥੭॥ ਅਟਲ (ਅ+ਟਲ) ਪਦਾਰਥੁ ਪਾਇਆ ॥ ਭੈ ਭੰਜਨ ਕੀ ਸਰਣਾਇਆ (ਸ਼ਰਣਾਇ+ਆ) ॥ ਲਾਇ (ਕੇ) ਅੰਚਲਿ, ਨਾਨਕ ! ਤਾਰਿਅਨੁ (ਭਾਵ ਉਸ ਨੇ ਤਾਰਿਆ); ਜਿਤਾ (ਜਿੱਤਾ) ਜਨਮੁ ਅਪਾਰ (ਭਾਵ ਬੜਾ ਕਠਿਨ) ਜੀਉ ॥੮॥੪॥੩੮॥

ੴ ਸਤਿ ਗੁਰ ਪ੍ਰਸਾਦਿ ॥ ਮਾਝ, ਮਹਲਾ ੫, ਘਰੁ ੩ ॥

ਹਰਿ ਜਪਿ ਜਪੇ; ਮਨੁ ਧੀਰੇ ॥੧॥ ਰਹਾਉ ॥ ਸਿਮਰਿ ਸਿਮਰਿ ਗੁਰਦੇਉ; ਮਿਟਿ ਗਏ ਭੈ, ਦੂਰੇ (ਦੂਰੀ, ਵਿਥ)॥੧॥ ਸਰਨਿ (ਸ਼ਰਨਿ) ਆਵੈ ਪਾਰਬ੍ਰਹਮ ਕੀ, ਤਾ (ਤਾਂ) ਫਿਰਿ, ਕਾਹੇ ਝੂਰੇ  ? ॥੨॥ ਚਰਨ ਸੇਵ ਸੰਤ ਸਾਧ ਕੇ, ਸਗਲ ਮਨੋਰਥ ਪੂਰੇ ॥੩॥ ਘਟਿ+ਘਟਿ ਏਕੁ ਵਰਤਦਾ, ਜਲਿ+ਥਲਿ+ਮਹੀਅਲਿ (ਭਾਵ ਅਕਾਸ਼ ’ਚ) ਪੂਰੇ ॥੪॥ ਪਾਪ ਬਿਨਾਸਨੁ ਸੇਵਿਆ, ਪਵਿਤ੍ਰ ਸੰਤਨ ਕੀ ਧੂਰੇ ॥੫॥ ਸਭ ਛਡਾਈ ਖਸਮਿ (ਨੇ), ਆਪਿ ; ਹਰਿ ਜਪਿ (ਕੇ), ਭਈ ਠਰੂਰੇ (ਸ਼ਾਂਤ)॥੬॥ ਕਰਤੈ (ਨੇ) ਕੀਆ ਤਪਾਵਸੋ (ਨਿਆਂ ਕਿ); ਦੁਸਟ (ਦੁਸ਼ਟ) ਮੁਏ, ਹੋਇ ਮੂਰੇ (ਭਾਵ ਅੰਦਰੋਂ ਖ਼ਾਲੀ ਰਹਿ ਗਏ, ਜੋ ਕੇਵਲ ਵੇਖਣ ਮਾਤਰ ਹੀ ਜਿਊਂਦੇ ਹਨ, ਇਨਸਾਨੀਅਤ ਪੱਖੋਂ ਮਰ ਗਏ)॥੭॥ ਨਾਨਕ ! ਰਤਾ ਸਚਿ+ਨਾਇ (ਰੱਤਾ ਸਚ ਨਾਇਂ ’ਚ, ਹੁਣ) ; ਹਰਿ ਵੇਖੈ, ਸਦਾ ਹਜੂਰੇ (ਹਜ਼ੂਰੇ, ਅੰਗ-ਸੰਗ)॥੮॥੫॥੩੯॥੧॥੩੨॥੧॥੫॥੩੯॥

ੴ ਸਤਿ, ਗੁਰ ਪ੍ਰਸਾਦਿ ॥

ਬਾਰਹ (ਬਾਰ੍ਹਾਂ) ਮਾਹਾ, ਮਾਂਝ, ਮਹਲਾ ੫, ਘਰੁ ੪

ਕਿਰਤਿ ਕਰਮ ਕੇ ਵੀਛੁੜੇ (‘ਛੁ’ ਦਾ ਔਂਕੜ ਉਚਾਰਨਾ ਹੈ); ਕਰਿ ਕਿਰਪਾ ਮੇਲਹੁ ਰਾਮ ॥ ਚਾਰਿ ਕੁੰਟ, ਦਹ ਦਿਸ (ਦਿਸ਼) ਭ੍ਰਮੇ ; ਥਕਿ ਆਏ, ਪ੍ਰਭ ਕੀ ਸਾਮ ॥ ਧੇਨੁ ਦੁਧੈ ਤੇ ਬਾਹਰੀ ; ਕਿਤੈ ਨ ਆਵੈ ਕਾਮ ॥ ਜਲ ਬਿਨੁ, ਸਾਖ (ਸ਼ਾਖ਼) ਕੁਮਲਾਵਤੀ ; ਉਪਜਹਿ ਨਾਹੀ (ਨਾਹੀਂ) ਦਾਮ ॥ ਹਰਿ ਨਾਹ (ਭਾਵ ਖ਼ਸਮ ਨੂੰ), ਨ ਮਿਲੀਐ ਸਾਜਨੈ (ਨੂੰ); ਕਤ ਪਾਈਐ ਬਿਸਰਾਮ  ?॥ ਜਿਤੁ+ਘਰਿ (’ਚ), ਹਰਿ ਕੰਤੁ ਨ ਪ੍ਰਗਟਈ (ਪ੍ਰਗਟ+ਈ); ਭਠਿ (ਭੱਠਿ) ਨਗਰ ਸੇ ਗ੍ਰਾਮ ॥ ਸ੍ਰਬ ਸੀਗਾਰ (ਸ਼ੀਂਗਾਰ) ਤੰਬੋਲ ਰਸ ; ਸਣੁ ਦੇਹੀ ਸਭ, ਖਾਮ (ਖ਼ਾਮ, ਭਾਵ ਕੱਚਾ) ॥ ਪ੍ਰਭ ਸੁਆਮੀ ਕੰਤ ਵਿਹੂਣੀਆ (ਵਿਹੂਣੀ+ਆ) ; ਮੀਤ ਸਜਣ (ਸੱਜਣ) ਸਭਿ, ਜਾਮ (ਭਾਵ ਯਮ ਦੇ ਅਧੀਨ)॥ ਨਾਨਕ ਕੀ ਬੇਨੰਤੀਆ (ਬੇਨੰਤੀ+ਆ) ; ਕਰਿ ਕਿਰਪਾ, ਦੀਜੈ ਨਾਮੁ ॥ ਹਰਿ ਮੇਲਹੁ ਸੁਆਮੀ ! ਸੰਗਿ ਪ੍ਰਭ, ਜਿਸ ਕਾ ਨਿਹਚਲ ਧਾਮ (ਭਾਵ ਗਤੀਹੀਣ ਟਿਕਾਣਾ, ਜੋ ‘ਆਦਿ ਸਚੁ, ਜੁਗਾਦਿ ਸਚੁ’) ॥੧॥ ਚੇਤਿ (’ਚ), ਗੋਵਿੰਦੁ ਅਰਾਧੀਐ ; ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ (ਕੇ) ਪਾਈਐ ; ਰਸਨਾ (ਨਾਲ਼) ਨਾਮੁ ਭਣਾ (ਜਪਣ, ਦੀ ਦਾਤ)॥ ਜਿਨਿ (ਜਿਨ੍) ਪਾਇਆ ਪ੍ਰਭੁ ਆਪਣਾ ; ਆਏ ਤਿਸਹਿ ਗਣਾ (ਭਾਵ ਅਸਲ ਮਨੁੱਖਾ ਜੂਨੀ ’ਚ ਆਏ ਉਨ੍ਹਾਂ ਨੂੰ ਹੀ ਮੰਨੋ, ਪਰ)॥ ਇਕੁ ਖਿਨੁ, ਤਿਸੁ ਬਿਨੁ ਜੀਵਣਾ ; ਬਿਰਥਾ ਜਨਮੁ ਜਣਾ (ਜਾਣੋ)॥ ਜਲਿ+ਥਲਿ+ਮਹੀਅਲਿ (’ਚ) ਪੂਰਿਆ (ਵਿਆਪਕ); ਰਵਿਆ ਵਿਚਿ ਵਣਾ ॥ ਸੋ ਪ੍ਰਭੁ, ਚਿਤਿ (’ਚ) ਨ ਆਵਈ (ਆਵ+ਈ); ਕਿਤੜਾ ਦੁਖੁ ਗਣਾ (ਗਿਣੀਏ) ? ॥ ਜਿਨੀ (ਜਿਨ੍ਹੀਂ) ਰਾਵਿਆ, ਸੋ ਪ੍ਰਭੂ ; ਤਿੰਨਾ (ਤਿਨ੍ਹਾਂ) ਭਾਗੁ ਮਣਾ (ਭਾਵ ਮੱਥੇ ’ਤੇ) ॥ ਹਰਿ ਦਰਸਨ ਕੰਉ ਮਨੁ ਲੋਚਦਾ ; ਨਾਨਕ ! ਪਿਆਸ ਮਨਾ ॥ ਚੇਤਿ (’ਚ), ਮਿਲਾਏ ਸੋ ਪ੍ਰਭੂ, ਤਿਸ ਕੈ+ਪਾਇ (’ਚ) ਲਗਾ (ਲੱਗਾਂ) ॥੨॥ ਵੈਸਾਖਿ (’ਚ), ਧੀਰਨਿ ਕਿਉ (ਕਿਉਂ, ਕਿਵੇਂ ਧੀਰਜ ਕਰਨ) ਵਾਢੀਆ (ਵਾਢੀਆਂ, ਪਤੀ ਤੋਂ ਵਿੱਛੜੀਆਂ) ? ਜਿਨਾ (ਜਿਨ੍ਹਾਂ), ਪ੍ਰੇਮ ਬਿਛੋਹੁ (ਬਿਛੋਹ, ਪਿਆਰ ਦੀ ਘਾਟ)॥ ਹਰਿ ਸਾਜਨੁ (ਸਾੱਜਨ) ਪੁਰਖੁ ਵਿਸਾਰਿ+ਕੈ ; ਲਗੀ ਮਾਇਆ ਧੋਹੁ (ਧੋਹ, ਭਾਵ ਦ੍ਰੋਹ, ਛਲ-ਫ਼ਰੇਬ ਰੂਪ)॥ ਪੁਤ੍ਰ ਕਲਤ੍ਰ ਨ ਸੰਗਿ ਧਨਾ ; ਹਰਿ ਅਵਿਨਾਸੀ ਓਹੁ (ਓਹ)॥ ਪਲਚਿ+ਪਲਚਿ (ਫਸ-ਫਸ ਕੇ, ਕਿਰਿਆ ਵਿਸ਼ੇਸ਼ਣ) ਸਗਲੀ ਮੁਈ ; ਝੂਠੈ+ਧੰਧੈ (ਦਾ) ਮੋਹੁ ॥ ਇਕਸੁ ਹਰਿ ਕੇ ਨਾਮ ਬਿਨੁ ; ਅਗੈ ਲਈਅਹਿ ਖੋਹਿ (ਲਈਐਂ ਖੋਹ)॥ ਦਯੁ (ਦਈ) ਵਿਸਾਰਿ (ਕੇ) ਵਿਗੁਚਣਾ (ਖ਼ੱਜਲ਼ ਹੋਣਾ); ਪ੍ਰਭ ਬਿਨੁ, ਅਵਰੁ ਨ ਕੋਇ ॥ ਪ੍ਰੀਤਮ ਚਰਣੀ, ਜੋ ਲਗੇ ; ਤਿਨ (ਤਿਨ੍) ਕੀ ਨਿਰਮਲ ਸੋਇ (ਭਾਵ ਸ਼ੋਭਾ)॥ ਨਾਨਕ ਕੀ ਪ੍ਰਭ ! ਬੇਨਤੀ ; ਪ੍ਰਭ ! ਮਿਲਹੁ ਪਰਾਪਤਿ ਹੋਇ ॥ ਵੈਸਾਖੁ ਸੁਹਾਵਾ ਤਾਂ ਲਗੈ ; ਜਾ (ਜਾਂ, ਜਦ), ਸੰਤੁ ਭੇਟੈ ਹਰਿ ਸੋਇ (ਭਾਵ ਉਹ ਹਰੀ-ਸੰਤ ਪ੍ਰਭੂ ਮਿਲ ਪਏ)॥ ੩॥ ਹਰਿ, ਜੇਠਿ (’ਚ), ਜੁੜੰਦਾ ਲੋੜੀਐ (ਭਾਵ ਜੁੜਨਾ ਚਾਹੀਦਾ ਹੈ); ਜਿਸੁ ਅਗੈ, ਸਭਿ ਨਿਵੰਨਿ (ਨਿਵੰਨ੍)॥ ਹਰਿ ਸਜਣ (ਸੱਜਣ ਦੇ) ਦਾਵਣਿ+ਲਗਿਆ (ਲੱਗਿਆਂ, ਪੱਲ਼ੇ ਲੱਗਣ ਨਾਲ਼) ; ਕਿਸੈ (ਨੂੰ) ਨ ਦੇਈ ਬੰਨਿ (ਬੰਨ੍ਹ, ਭਾਵ ਉਹ ਕਿਸੇ ਨੂੰ ਬੰਨ੍ਹ ਕੇ ਲੈ ਜਾਣ ਦੀ ਇਜਾਜ਼ਤ ਨਹੀਂ ਦਿੰਦਾ)॥ ਮਾਣਕ ਮੋਤੀ, ਨਾਮੁ ਪ੍ਰਭ ; ‘ਉਨ’ (ਉਨ੍ਹਾਂ ਰੱਬੀ ਗੁਣ ਮਾਣਕ-ਮੋਤੀਆਂ ਨੂੰ), ਲਗੈ ਨਾਹੀ ਸੰਨਿ (ਨਾਹੀਂ ਸੰਨ੍ ਭਾਵ ਪਾੜ)॥ ਰੰਗ ਸਭੇ ਨਾਰਾਇਣੈ (ਦੇ); ਜੇਤੇ, ਮਨਿ (’ਚ) ਭਾਵੰਨਿ (ਭਾਵੰਨ੍ ਭਾਵ ਪਸੰਦ ਆਉਂਦੇ)॥ ਜੋ ਹਰਿ ਲੋੜੇ (ਭਾਵ ਚਾਹੇ), ਸੋ ਕਰੇ ; ਸੋਈ, ਜੀਅ ਕਰੰਨਿ (ਕਰੰਨ੍)॥ ਜੋ, ਪ੍ਰਭਿ (ਨੇ) ਕੀਤੇ ਆਪਣੇ ; ਸੇਈ, ਕਹੀਅਹਿ ਧੰਨਿ (ਕਹੀਐਂ ਧੰਨ) ॥ ਆਪਣ ਲੀਆ ਜੇ ਮਿਲੈ ; ਵਿਛੁੜਿ (ਕੇ) ਕਿਉ ਰੋਵੰਨਿ (ਕਿਉਂ ਰੋਵੰਨ੍) ?॥ ਸਾਧੂ ਸੰਗੁ ਪਰਾਪਤੇ ; ਨਾਨਕ ! ਰੰਗ ਮਾਣੰਨਿ (ਮਾਣੰਨ੍)॥ ਹਰਿ, ਜੇਠੁ ਰੰਗੀਲਾ, ਤਿਸੁ ਧਣੀ ; ਜਿਸ ‘ਕੈ, ਭਾਗੁ ਮਥੰਨਿ’ (ਮੱਥੇ ’ਤੇ)॥੪॥

(ਨੋਟ : (1). ਉਕਤ ਬੰਦ ਦੀ ਤੁਕ ‘ਉਨ’, ਲਗੈ ਨਾਹੀ ਸੰਨਿ॥ ’ਚ ਦਰਜ ‘ਉਨ’ ਸ਼ਬਦ ਬਣਤਰ ਵਿਚਾਰਨਯੋਗ ਹੈ ਕਿਉਂਕਿ ਗੁਰਬਾਣੀ ਲਿਖਤ ਮੁਤਾਬਕ ‘ਉਨਿ’ (ਇੱਕ ਵਚਨ ਤੇ ਕਰਤਾ ਕਾਰਕ ਭਾਵ ਉਸ ਨੇ), ‘ਉਨੁ’ (ਇੱਕ ਵਚਨ) ਤੇ ‘ਉਨ’ ਬਹੁ ਵਚਨ ਪੜਨਾਂਵ ਹੋਣਾ ਚਾਹੀਦਾ ਹੈ, ਪਰ ਗੁਰਬਾਣੀ ’ਚ ‘ਉਨੁ’ (ਇੱਕ ਵਚਨ) ਸ਼ਬਦ ਬਣਤਰ ਮੌਜੂਦ ਨਹੀਂ, ‘ਉਨਿ’ (18 ਵਾਰ) ਅਤੇ ‘ਉਨ’ (39 ਵਾਰ) ਦਰਜ ਹੈ। ਜਦ ‘ਉਨਿ’ ਦੀ ਅੰਤ ਸਿਹਾਰੀ ‘ਕਰਤਾ ਕਾਰਕ’ ਹੋਵੇ ਤਾਂ ਇਸ ਦੇ ਪਿਛੇਤਰ ਕੋਈ ਸਬੰਧਕੀ ਚਿੰਨ੍ਹ (ਕੇਵਲ ਪ੍ਰਗਟ, ਨਾ ਕਿ ਲੁਪਤ) ਆਉਣ ਉਪਰੰਤ ਸ਼ਬਦ ਬਣਤਰ ‘ਉਨ’ (ਅੰਤ ਮੁਕਤਾ) ਬਹੁ ਵਚਨ ਵਾਙ ਵੀ ਰਹਿ ਜਾਂਦੀ ਹੈ, ਜਿਸ ਨੂੰ ਇੱਕ ਵਚਨ ਹੀ ਮੰਨਣਾ ਚਾਹੀਏ, ਨਾ ਕਿ ਬਹੁ ਵਚਨ, ਇਸ ਲਈ ‘ਉਨ’ ਸ਼ਬਦ ਬਣਤਰ 39 ਵਾਰ ਭਾਵ ਵਧੇਰੇ ਮਾਤਰਾ ’ਚ ਦਰਜ ਹੈ; ਜਿਵੇਂ ਕਿ

(ੳ. ਬਹੁ ਵਚਨ, ਉਨ) ‘ਉਨ’ (ਉਨ੍ਹਾਂ) ਸੰਤਨ ਕੈ, ਮੇਰਾ ਮਨੁ ਕੁਰਬਾਨੇ ॥ (ਮ: ੫/੧੦੦)

ਨਾਨਕ ਕਉ ਪ੍ਰਭ ! ਕੀਜੈ ਕਿਰਪਾ; ‘ਉਨ’ (ਉਨ੍ਹਾਂ) ਸੰਤਨ ਕੈ ਸੰਗਿ ਸੰਗੋਰੀ (ਸਾਥ ਤੇ ਸੰਗਤ ’ਚ ਰੱਖ)॥ (ਮ: ੫/੨੦੮)

‘ਉਨ’ (ਕੂੰਜ ਦੇ ਉਨ੍ਹਾਂ ਬੱਚਿਆਂ ਨੂੰ) ਕਵਨੁ ਖਲਾਵੈ  ? ਕਵਨੁ ਚੁਗਾਵੈ  ? ਮਨ ਮਹਿ ਸਿਮਰਨੁ ਕਰਿਆ ॥ (ਮ: ੫/੪੯੫), ਆਦਿ।

(ਅ, ਇੱਕ ਵਚਨ, ਪਰਗਟ ਸਬੰਧਕੀ, ਉਨ). ਦੁਹੂ ਪਾਖ ਕਾ; ਆਪਹਿ ਧਨੀ ॥ ‘ਉਨ (ਉਸ ਪ੍ਰਭੂ) ਕੀ ਸੋਭਾ’, ਉਨਹੂ ਬਨੀ ॥’’ (ਗਉੜੀ ਸੁਖਮਨੀ/ਮ: ੫/੨੯੨), ਆਦਿ (ਅਤੇ)

(ੲ, ਇੱਕ ਵਚਨ, ਕਰਤਾ ਕਾਰਕ, ਲੁਪਤ ਸਬੰਧਕੀ, ਉਨਿ). ‘ਉਨਿ’ (ਉਸ ਮਾਯਾ ਨੇ) ਸਭੁ ਜਗੁ ਖਾਇਆ, ਹਮ ਗੁਰਿ (ਨੇ) ਰਾਖੇ ਮੇਰੇ ਭਾਈ ! ॥ (ਮ: ੫/੩੯੪)

ਕਮਲ ਹੇਤਿ ਬਿਨਸਿਓ ਹੈ ਭਵਰਾ; ‘ਉਨਿ’ (ਉਸ ਭਵਰੇ ਨੇ) ਮਾਰਗੁ ਨਿਕਸਿ ਨ ਪਾਇਓ ॥ (ਮ: ੫/੬੭੦)

ਬਾਬਾ ਆਦਮ ਕਉ, ਕਿਛੁ ਨਦਰਿ ਦਿਖਾਈ ॥ ‘ਉਨਿ’ (ਉਸ ਬਾਬਾ ਆਦਮ ਨੇ) ਭੀ ਭਿਸਤਿ ਘਨੇਰੀ ਪਾਈ ! (ਭਾਵ ਸੁਰਗ ਦੇ ਬਾਗ਼ ’ਚੋਂ ਜਲਦੀ ਬਾਹਰ ਕੱਢ ਦਿੱਤਾ ਗਿਆ, ਜੋ ਆਪਣਾ ਸਥਿਰ ਨਿਵਾਸ ਮੰਨਦਾ ਸੀ)॥ (ਭਗਤ ਕਬੀਰ/੧੧੬੧), ਆਦਿ, ਪਰ ਵਿਚਾਰ ਅਧੀਨ ਤੁਕ ’ਚ ‘‘ਮਾਣਕ ਮੋਤੀ, ਨਾਮੁ ਪ੍ਰਭ ; ‘ਉਨ’, ਲਗੈ ਨਾਹੀ ਸੰਨਿ ॥’’ ’ਚ ‘ਉਨ’ ਦਾ ਇਸ਼ਾਰਾ ‘ਨਾਮੁ ਪ੍ਰਭ’ (ਇੱਕ ਵਚਨ) ਵੱਲ ਹੁੰਦਾ ਤਾਂ ਸ਼ਬਦ ਬਣਤਰ ‘ਉਨੁ’ ਚਾਹੀਦੀ ਸੀ, ਇਸ ਲਈ ਚੰਗਾ ਹੋਵੇ ਕਿ ‘ਉਨ’ ਨੂੰ ‘ਨਾਮੁ’ ਵੱਲ ਉਲਥਾਉਣ ਦੀ ਬਜਾਇ ‘ਮਾਣਕ ਮੋਤੀ’ (ਬਹੁ ਵਚਨ) ਵੱਲ ਉਲਥਾਇਆ ਜਾਵੇ; ਜਿਵੇਂ ਕਿ ਉਕਤ ਅਰਥ ਕੀਤੇ ਗਏ ਹਨ, ‘‘ਮਾਣਕ ਮੋਤੀ, ਨਾਮੁ ਪ੍ਰਭ ; ‘ਉਨ’ (ਉਨ੍ਹਾਂ ਰੱਬੀ ਗੁਣ ਭਾਵ ਮਾਣਕ-ਮੋਤੀਆਂ ਨੂੰ), ਲਗੈ ਨਾਹੀ ਸੰਨਿ (ਨਾਹੀਂ ਸੰਨ੍ ਭਾਵ ਪਾੜ)॥’’

(2). ਉਕਤ ਬੰਦ ਦੀ ਅੰਤਮ ਤੁਕ ‘‘ਹਰਿ, ਜੇਠੁ ਰੰਗੀਲਾ, ਤਿਸੁ ਧਣੀ ; ਜਿਸ ‘ਕੈ, ਭਾਗੁ ਮਥੰਨਿ’ (ਮੱਥੇ ’ਤੇ)॥੪॥’’ ’ਚ ਗੁਰਬਾਣੀ ਲਿਖਤ ਨਿਯਮ ਅਨੁਸਾਰ ‘‘ਹਰਿ, ਜੇਠੁ ਰੰਗੀਲਾ, ਤਿਸੁ ਧਣੀ ; ਜਿਸ ‘ਕੈ ਮਥੰਨਿ’ (ਮੱਥੇ ’ਤੇ), ਭਾਗੁ॥੪॥’’ ਅਰਥ ਬਣਦੇ ਹਨ ਕਿਉਂਕਿ ‘ਕੈ’ (ਦੁਲਾਵਾਂ) ਉਪਰੰਤ ਅੰਤ ਸਿਹਾਰੀ ਤੇ ਇੱਕ ਵਚਨ ਪੁਲਿੰਗ ਸ਼ਬਦ ਹੋਣਾ ਚਾਹੀਦਾ ਹੈ; ਜਿਵੇਂ ਕਿ

ਪ੍ਰਭ ‘ਕੈ ਸਿਮਰਨਿ’; ਗਰਭਿ ਨ ਬਸੈ ॥ (ਗਉੜੀ ਸੁਖਮਨੀ/ਮ: ੫/੨੬੨), ਇਸ ਲਈ ‘‘ਜਿਸ ਕੈ ਭਾਗੁ’’ ਨੂੰ ਇਕੱਠਾ ਉਚਾਰਨ ਕਰਨ ਨਾਲ਼ ‘ਕੈ’ ਉਪਰੰਤ ‘ਭਾਗੁ’ ਅੰਤ ਔਂਕੜ ਆਉਂਦਾ ਹੈ, ਜੋ ਸਹੀ ਨਹੀਂ, ਇਸ ਲਈ ਹੀ ‘ਜਿਸ ‘ਕੈ’, ਭਾਗੁ’ ਵਿਚਕਾਰ ਵਿਸਰਾਮ ਦਿੱਤਾ ਗਿਆ ਹੈ।)

ਆਸਾੜੁ ਤਪੰਦਾ ਤਿਸੁ ਲਗੈ, ਹਰਿ ਨਾਹੁ (ਨਾਹ ਭਾਵ ਖ਼ਸਮ) ਨ ਜਿੰਨਾ (ਜਿਨ੍ਹਾਂ) ਪਾਸਿ ॥ ਜਗਜੀਵਨ ਪੁਰਖੁ ਤਿਆਗਿ+ਕੈ, ਮਾਣਸ ਸੰਦੀ (ਭਾਵ ‘ਦੀ’) ਆਸ ॥ ਦੁਯੈ+ਭਾਇ (‘ਦੁਈਐ+ਭਾਇ’ ਭਾਵ ਰੱਬ ਤੋਂ ਬਿਨਾਂ ਹੋਰ ਨਾਲ਼ ਪ੍ਰੇਮ ਕੀਤਿਆਂ), ਵਿਗੁਚੀਐ ; ਗਲਿ ਪਈਸੁ (ਭਾਵ ਉਸ ਦੇ ਪਏਗੀ), ਜਮ ਕੀ ਫਾਸ ॥ ਜੇਹਾ ਬੀਜੈ, ਸੋ ਲੁਣੈ (ਭਾਵ ਵੱਢਦਾ); ਮਥੈ (’ਤੇ) ਜੋ ਲਿਖਿਆਸੁ (ਭਾਵ ਉਸ ਨੇ ਜੋ ਲਿਖਿਆ)॥ ‘ਰੈਣਿ ਵਿਹਾਣੀ’ (ਭਾਵ ਜੀਵਨ ਰੂਪੀ ਰਾਤ ਬੀਤਣ ਉਪਰੰਤ) ਪਛੁਤਾਣੀ ; ਉਠਿ ਚਲੀ ਗਈ, ਨਿਰਾਸ ॥ (ਪਰ) ਜਿਨ ਕੌ (ਕਉ) ਸਾਧੂ ਭੇਟੀਐ ; ਸੋ, ਦਰਗਹ (ਦਰਗ੍ਾ) ਹੋਇ ਖਲਾਸੁ (ਮੁਕਤ)॥ ਕਰਿ ਕਿਰਪਾ, ਪ੍ਰਭ ! ਆਪਣੀ ; ਤੇਰੇ ਦਰਸਨ (ਦੀ) ਹੋਇ ਪਿਆਸ ॥ ਪ੍ਰਭ ! ਤੁਧੁ ਬਿਨੁ, ਦੂਜਾ ਕੋ ਨਹੀ (ਨਹੀਂ); ਨਾਨਕ ਕੀ ਅਰਦਾਸਿ ॥ ਆਸਾੜੁ ਸੁਹੰਦਾ ਤਿਸੁ ਲਗੈ ; ਜਿਸੁ ਮਨਿ (’ਚ), ਹਰਿ ਚਰਣ (ਦਾ) ਨਿਵਾਸ ॥੫॥

(ਨੋਟ : ਉਕਤ ਸ਼ਬਦ ਦੀ ਤੁਕ ‘ਰੈਣਿ ਵਿਹਾਣੀ’ (ਭਾਵ ਜੀਵਨ ਰੂਪੀ ਰਾਤ ਬੀਤਣ ਉਪਰੰਤ) ਪਛੁਤਾਣੀ ; ਉਠਿ ਚਲੀ ਗਈ, ਨਿਰਾਸ ॥ ਵਾਕ ਮੁਤਾਬਕ ਅਗਰ ਗੁਰਬਾਣੀ ’ਚ ਦਰਜ ਪਹਿਲੇ ਰਾਗ ‘ਸ੍ਰੀ ਰਾਗ’ ਨੂੰ ਜੀਵਨ ਰਾਤ ਦਾ ਆਰੰਭਕ ਭਾਗ (ਹਨੇਰਾ) ਮੰਨ ਲਈਏ ਤਾਂ 30ਵਾਂ ਰਾਗ ‘ਪ੍ਰਭਾਤੀ’ (ਸੁਬ੍ਹਾ) ਜੀਵਨ ’ਚ ਰੌਸ਼ਨੀ ਨੂੰ ਦਰਸਾਉਂਦਾ ਹੋਇਆ 31ਵਾਂ ਰਾਗ ਲੋਕ-ਪ੍ਰਲੋਕ ’ਚ ‘ਜੈ ਜੈਕਾਰ’ (ਭਾਵ ਜੈਜਾਵੰਤੀ) ਕਰਵਾ ਦਿੰਦਾ ਹੈ।)

ਸਾਵਣਿ (’ਚ), ਸਰਸੀ (ਸ+ਰਸੀ) ਕਾਮਣੀ ; ਚਰਨ ਕਮਲ ਸਿਉ (ਸਿਉਂ) ਪਿਆਰੁ ॥ ਮਨੁ ਤਨੁ ਰਤਾ (ਰੱਤਾ), ਸਚ ਰੰਗਿ ; ਇਕੋ ਨਾਮੁ ਅਧਾਰੁ ॥ ਬਿਖਿਆ ਰੰਗ ਕੂੜਾਵਿਆ ; ਦਿਸਨਿ (ਦਿਸਨ੍) ਸਭੇ ਛਾਰੁ (ਸੁਆਹ)॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ ; ਮਿਲਿ ਸਾਧੂ ਪੀਵਣਹਾਰੁ ॥ ਵਣੁ+ਤਿਣੁ, ਪ੍ਰਭ ਸੰਗਿ ਮਉਲਿਆ ; ਸੰਮ੍ਰਥ ਪੁਰਖ ਅਪਾਰੁ ॥ ਹਰਿ ‘ਮਿਲਣੈ+ਨੋ’ ਮਨੁ ਲੋਚਦਾ (ਪਰ); ਕਰਮਿ (ਮਿਹਰ ਨਾਲ਼) ਮਿਲਾਵਣਹਾਰੁ ॥ ਜਿਨੀ (ਜਿਨ੍ਹੀਂ) ਸਖੀਏ, ਪ੍ਰਭੁ ਪਾਇਆ ; ਹੰਉ (ਹੌਂ); ਤਿਨ ਕੈ, ਸਦ ਬਲਿਹਾਰ ॥ ਨਾਨਕ ! ਹਰਿ ਜੀ ! ਮਇਆ ਕਰਿ ; ਸਬਦਿ (ਰਾਹੀਂ) ਸਵਾਰਣਹਾਰੁ ॥ ਸਾਵਣੁ (ਅਨੰਦਮਈ), ਤਿਨਾ ਸੁਹਾਗਣੀ ; ਜਿਨ (ਜਿਨ੍), ਰਾਮ (ਦਾ) ਨਾਮੁ (ਰੂਪੀ) ਉਰਿ (ਹਿਰਦੇ ’ਚ) ਹਾਰੁ ॥੬॥

(ਨੋਟ : ਉਕਤ ਬੰਦ ਦੀ ਤੁਕ ‘‘ਹਰਿ ‘ਮਿਲਣੈ+ਨੋ’ ਮਨੁ ਲੋਚਦਾ..॥’’ ’ਚ ‘ਨੋ’ ਸਬੰਧਕੀ ਨੇ ‘ਮਿਲਣੇ’ (ਅੰਤ ਲਾਂ) ਨੂੰ ‘ਮਿਲਣੈ’ (ਅੰਤ ਦੁਲਾਵਾਂ) ’ਚ ਤਬਦੀਲ ਕਰ ਲਿਆ ਕਿਉਂਕਿ ਸਬੰਧਕੀ ਚਿੰਨ੍ਹ ਤੋਂ ਅਗੇਤਰ ਦੀਰਘ ਮਾਤਰਾ ਹੁੰਦੀ ਹੈ, ਨਾ ਕਿ ਲਘੂ । ਧਿਆਨ ਰਹੇ ਕਿ ਪੰਜਾਬੀ ’ਚ ਲਘੂ ਮਾਤਰਾ ‘ਮੁਕਤਾ, ਸਿਹਾਰੀ ਤੇ ਔਂਕੜ’ ਹੀ ਹਨ ਜਦ ਕਿ ਅਨ ਭਾਸ਼ਾ ’ਚ ‘ਲਾਂ’ ਤੇ ‘ਹੋੜਾ’ ਵੀ ਲਘੂ ਮਾਤਰਾ ’ਚ ਆਉਂਦੇ ਹਨ, ਜਿਨ੍ਹਾਂ ਦੀ ਦੀਰਘ ਮਾਤਰਾ ‘ਲਾਂ’ ਦੀ ‘ਦੁਲਾਵਾਂ’ ਤੇ ‘ਹੋੜੇ’ ਦੀ ‘ਕਨੌੜਾ’ ਹੁੰਦੀ ਹੈ।)

ਭਾਦੁਇ (’ਚ), ਭਰਮਿ (ਰਾਹੀਂ) ਭੁਲਾਣੀਆ (ਭੁਲਾਣੀ+ਆ, ਕਿਉਂਕਿ); ਦੂਜੈ (’ਚ) ਲਗਾ ਹੇਤੁ (ਪ੍ਰੇਮ)॥ ਲਖ ਸੀਗਾਰ (ਲੱਖ ਸ਼ੀਂਗਾਰ) ਬਣਾਇਆ ; ਕਾਰਜਿ ਨਾਹੀ (ਨਾਹੀਂ) ਕੇਤੁ (ਭਾਵ ‘ਕੇਤੁ+ਕਾਰਜਿ’ ਜਾਂ ਕਿਸੇ ਕਾਰਜ ’ਚ ਨਹੀਂ)॥ ਜਿਤੁ+ਦਿਨਿ (’ਚ), ਦੇਹ ਬਿਨਸਸੀ ; ਤਿਤੁ+ਵੇਲੈ (’ਚ) ਕਹਸਨਿ (ਕਹਸਨ੍ ਭਾਵ ਕਹਿਣਗੇ)) ਪ੍ਰੇਤੁ ॥ ਪਕੜਿ ਚਲਾਇਨਿ (ਚਲਾਇਨ੍) ਦੂਤ ਜਮ (ਦੇ); ਕਿਸੈ (ਨੂੰ) ਨ ਦੇਨੀ (ਦੇਨ੍ਹੀਂ) ਭੇਤੁ ॥ ਛਡਿ ਖੜੋਤੇ ਖਿਨੈ ਮਾਹਿ (ਮਾਹਿਂ) ; ਜਿਨ ਸਿਉ ਲਗਾ (ਜਿਨ੍ ਸਿਉਂ ਲੱਗਾ) ਹੇਤੁ (ਭਾਵ ਮੋਹ)॥ ਹਥ (ਹੱਥ) ਮਰੋੜੈ ਤਨੁ ਕਪੇ (ਕੰਪੇ); ਸਿਆਹਹੁ (ਸਿਆਹੋਂ) ਹੋਆ ਸੇਤੁ ॥ ਜੇਹਾ ਬੀਜੈ, ਸੋ ਲੁਣੈ ; ਕਰਮਾ ਸੰਦੜਾ (ਭਾਵ ‘ਦਾ’) ਖੇਤੁ ॥ ਨਾਨਕ ! ਪ੍ਰਭ ਸਰਣਾਗਤੀ (ਸ਼ਰਣਾਗਤੀ) ; ਚਰਣ ਬੋਹਿਥ, ਪ੍ਰਭ ਦੇਤੁ ॥ ਸੇ, ਭਾਦੁਇ (’ਚ), ਨਰਕਿ ਨ ਪਾਈਅਹਿ (ਪਾਈਐਂ); ਗੁਰੁ ਰਖਣਵਾਲਾ (ਰੱਖਣਵਾਲ਼ਾ) ਹੇਤੁ (ਭਾਵ ਪਿਆਰਾ)॥੭॥ ਅਸੁਨਿ, ਪ੍ਰੇਮ ਉਮਾਹੜਾ ; ਕਿਉ (ਕਿਉਂ) ਮਿਲੀਐ ਹਰਿ (ਨੂੰ), ਜਾਇ (ਕੇ) ? ॥ ਮਨਿ+ਤਨਿ (’ਚ) ਪਿਆਸ ਦਰਸਨ (ਦੀ) ਘਣੀ ; ਕੋਈ, ਆਣਿ ਮਿਲਾਵੈ, ਮਾਇ ! ॥ ਸੰਤ, ਸਹਾਈ ਪ੍ਰੇਮ ਕੇ ; ਹਉ (ਹੌਂ), ਤਿਨ (ਤਿਨ੍) ਕੈ ਲਾਗਾ (ਲਾੱਗਾਂ) ਪਾਇ ॥ ਵਿਣੁ ਪ੍ਰਭ, ਕਿਉ (ਕਿਉਂ) ਸੁਖੁ ਪਾਈਐ  ? ਦੂਜੀ ਨਾਹੀ (ਨਾਹੀਂ) ਜਾਇ (ਭਾਵ ਜਗ੍ਹਾ, ਟਿਕਾਣਾ)॥ ਜਿਨ੍ਹੀਂ ਚਾਖਿਆ ਪ੍ਰੇਮ (ਦਾ) ਰਸੁ ; ਸੇ  ਤ੍ਰਿਪਤਿ ਰਹੇ ਆਘਾਇ ॥ ਆਪੁ (ਭਾਵ ਹਉਮੈ) ਤਿਆਗਿ (ਕੇ), ਬਿਨਤੀ ਕਰਹਿ (ਕਰਹਿਂ); ਲੇਹੁ (ਥੋੜ੍ਹਾ ‘ਲੇਹੁਅ’ ਵਾਙ), ਪ੍ਰਭੂ ! ਲੜਿ ਲਾਇ ॥ ਜੋ, ਹਰਿ ਕੰਤਿ (ਨੇ) ਮਿਲਾਈਆ (ਮਿਲਾਈ+ਆ); ਸਿ ਵਿਛੁੜਿ ਕਤਹਿ ਨ ਜਾਇ ॥ ਪ੍ਰਭ ਵਿਣੁ, ਦੂਜਾ ਕੋ ਨਹੀ (ਨਹੀਂ); ਨਾਨਕ ! ਹਰਿ ਸਰਣਾਇ (ਸ਼ਰਣਾਇ)॥ ਅਸੂ, ਸੁਖੀ ਵਸੰਦੀਆ (ਵਸੰਦੀਆਂ) ; ਜਿਨਾ (ਜਿਨ੍ਹਾਂ), ਮਇਆ (ਭਾਵ ਮਿਹਰ) ਹਰਿ ਰਾਇ (ਹਰੀ ਪਾਤਿਸ਼ਾਹ ਦੀ)॥੮॥ ਕਤਿਕਿ (’ਚ), ਕਰਮ ਕਮਾਵਣੇ ; ਦੋਸੁ (ਦੋਸ਼) ਨ ਕਾਹੂ ਜੋਗੁ ॥ ਪਰਮੇਸਰ ਤੇ ਭੁਲਿਆਂ ; ਵਿਆਪਨਿ ਸਭੇ ਰੋਗ ॥ ਵੇਮੁਖ ਹੋਏ ਰਾਮ ਤੇ (ਭਾਵ ਰਾਮ ‘ਤੋਂ’), ਲਗਨਿ (ਲੱਗਨ੍) ਜਨਮ ਵਿਜੋਗ ॥ ਖਿਨ ਮਹਿ, ਕਉੜੇ ਹੋਇ ਗਏ ; ਜਿਤੜੇ, ਮਾਇਆ ਭੋਗ ॥ (ਹੁਣ) ਵਿਚੁ (ਵਿਚੋਲਗਿਰੀ) ਨ ਕੋਈ ਕਰਿ ਸਕੈ ; ਕਿਸ ਥੈ (ਥਾਂ, ਭਾਵ ਕੋਲ਼) ਰੋਵਹਿ ਰੋਜ (ਰੋਵਹਿਂ ਰੋਜ਼)  ?॥ ਕੀਤਾ ਕਿਛੂ ਨ ਹੋਵਈ (ਹੋਵ+ਈ) ; ਲਿਖਿਆ ਧੁਰਿ (ਤੋਂ) ਸੰਜੋਗ ॥ ਵਡਭਾਗੀ (ਵਡਭਾਗੀਂ, ਚੰਗੇ ਨਸੀਬਾਂ ਨਾਲ਼) ਮੇਰਾ ਪ੍ਰਭੁ ਮਿਲੈ ; ਤਾਂ, ਉਤਰਹਿ (ਉਤਰਹਿਂ) ਸਭਿ ਬਿਓਗ (ਵਿਛੋੜੇ ਦੇ ਦੁੱਖ)॥ ਨਾਨਕ ਕਉ ਪ੍ਰਭ ! ਰਾਖਿ ਲੇਹਿ (ਲੇਹ); ਮੇਰੇ ਸਾਹਿਬ ਬੰਦੀ ਮੋਚ (ਹੇ ਕੈਦ ’ਚੋਂ ਅਜ਼ਾਦ ਕਰਨ ਵਾਲ਼ੇ)!॥ ਕਤਿਕ, ਹੋਵੈ ਸਾਧਸੰਗੁ ; ਬਿਨਸਹਿ (ਬਿਨਸਹਿਂ) ਸਭੇ ਸੋਚ ॥੯॥ ਮੰਘਿਰਿ+ਮਾਹਿ (ਮਾਹ ’ਚ), ਸੋਹੰਦੀਆ (ਸੋਹੰਦੀਆਂ) ; ਹਰਿ ਪਿਰ ਸੰਗਿ ਬੈਠੜੀਆਹ (ਬੈਠੜੀਆਂਹ) ॥ ਤਿਨ ਕੀ ਸੋਭਾ (ਤਿਨ੍ ਕੀ ਸ਼ੋਭਾ), ਕਿਆ ਗਣੀ (ਗਣੀਂ, ਕੀ ਦੱਸਾਂ) ? ਜਿ, ਸਾਹਿਬਿ (ਨੇ) ਮੇਲੜੀਆਹ (ਮੇਲੜੀਆਂਹ) ॥ ਤਨੁ ਮਨੁ ਮਉਲਿਆ ਰਾਮ ਸਿਉ (ਸਿਉਂ); ਸੰਗਿ ਸਾਧ ਸਹੇਲੜੀਆਹ (ਸਹੇਲੜੀਆਂਹ) ॥ ਸਾਧ ਜਨਾ ਤੇ (ਭਾਵ ਤੋਂ) ਬਾਹਰੀ ; ਸੇ, ਰਹਨਿ ਇਕੇਲੜੀਆਹ (ਰਹਨ੍ ਇਕੇਲੜੀਆਂਹ)॥ ਤਿਨ (ਤਿਨ੍), ਦੁਖੁ ਨ ਕਬਹੂ ਉਤਰੈ ; ਸੇ, ਜਮ ਕੈ ਵਸਿ (’ਚ) ਪੜੀਆਹ (ਪੜੀਆਂਹ) ॥ ਜਿਨੀ (ਜਿਨ੍ਹੀਂ) ਰਾਵਿਆ, ਪ੍ਰਭੁ ਆਪਣਾ ; ਸੇ, ਦਿਸਨਿ (ਦਿਸਨ੍) ਨਿਤ ਖੜੀਆਹ (ਖੜ੍ਹੀਆਂਹ)॥ ਰਤਨ ਜਵੇਹਰ ਲਾਲ ਹਰਿ ; ਕੰਠਿ (’ਚ) ਤਿਨਾ ਜੜੀਆਹ (ਤਿਨ੍ਹਾਂ ਜੜੀਆਂਹ) ॥ ਨਾਨਕ ! ਬਾਂਛੈ ਧੂੜਿ ਤਿਨ (ਤਿਨ੍); ਪ੍ਰਭ ਸਰਣੀ+ਦਰਿ (’ਤੇ) ਪੜੀਆਹ (ਸ਼ਰਣੀ ਦਰ ਪੜੀਆਂਹ)॥ ਮੰਘਿਰਿ (’ਚ), ਪ੍ਰਭੁ ਆਰਾਧਣਾ ; ਬਹੁੜਿ ਨ ਜਨਮੜੀਆਹ (ਜਨਮੜੀਆਂਹ) ॥੧੦॥ ਪੋਖਿ (’ਚ), ਤੁਖਾਰੁ (ਭਾਵ ਠੰਡ) ਨ ਵਿਆਪਈ (ਵਿਆਪ+ਈ) ; ਕੰਠਿ (ਨਾਲ਼) ਮਿਲਿਆ ਹਰਿ ਨਾਹੁ (ਨਾਹ, ਖ਼ਸਮ)॥ ਮਨੁ ਬੇਧਿਆ ਚਰਨਾਰਬਿੰਦ (ਸੋਹਣੇ ਚਰਨਾਂ ਨਾਲ਼); ਦਰਸਨਿ (ਭਾਵ ਤਾਂਘ ’ਚ) ਲਗੜਾ ਸਾਹੁ (ਦਮ) ॥ ਓਟ, ਗੋਵਿੰਦ ਗੋਪਾਲ ਰਾਇ ; ਸੇਵਾ ਸੁਆਮੀ, ਲਾਹੁ (ਲਾਹ ਭਾਵ ਲਾਭ)॥ ਬਿਖਿਆ ਪੋਹਿ (ਪੋਹ ਭਾਵ ਛੂਹ) ਨ ਸਕਈ (ਸਕ+ਈ) ; ਮਿਲਿ ਸਾਧੂ ਗੁਣ ਗਾਹੁ (ਗਾਹ, ਗੁਣਾਂ ਦੀ ਪਕੜ/ਸਮਝ ਹੁੰਦੀ)॥ ਜਹ (ਜ੍ਹਾਂ) ਤੇ ਉਪਜੀ, ਤਹ (ਤ੍ਹਾਂ, ਓਥੇ ਭਾਵ ਰੱਬ ਨਾਲ਼) ਮਿਲੀ ; ਸਚੀ ਪ੍ਰੀਤਿ ਸਮਾਹੁ (ਸਮਾਹ, ਸਮਾਈ)॥ ਕਰੁ ਗਹਿ (ਭਾਵ ਹੱਥ ਫੜ ਕੇ, ਆਪਣੀ ਬਣਾ ਲਈ) ਲੀਨੀ ਪਾਰਬ੍ਰਹਮਿ (ਨੇ); ਬਹੁੜਿ (ਭਾਵ ਮੁੜ) ਨ ਵਿਛੁੜੀਆਹੁ (ਵਿਛੁੜੀ+ਆਹ)॥ ਬਾਰਿ ਜਾਉ (ਜਾਉਂ) ਲਖ ਬੇਰੀਆ (ਬੇਰੀ+ਆ); ਹਰਿ ਸਜਣੁ ਅਗਮ ਅਗਾਹੁ (ਸੱਜਣ ਅਗੰਮ ਅਗਾਹ ਭਾਵ ਡੂੰਘਾ)॥ ਸਰਮ (ਸ਼ਰਮ, ਰੱਖਣੀ) ਪਈ ਨਾਰਾਇਣੈ (ਨੂੰ); ਨਾਨਕ ! (ਜੋ) ਦਰਿ ਪਈਆਹੁ (ਪਈ+ਆਹ)॥ ਪੋਖੁ ਸੁੋਹੰਦਾ (ਸੁਹੰਦਾ) ਸਰਬ ਸੁਖ ; ਜਿਸੁ ਬਖਸੇ ਵੇਪਰਵਾਹੁ (ਬਖ਼ਸ਼ੇ ਵੇਪਰਵਾਹ)॥੧੧॥

(ਨੋਟ : ਉਕਤ ਸ਼ਬਦ ’ਚ ਅੰਤਮ ਹਰ ਅੱਖਰ ‘ਹੁ’ ਹੈ; ਜਿਵੇਂ ਕਿ ‘ਨਾਹੁ, ਸਾਹੁ, ਲਾਹੁ, ਗਾਹੁ, ਸਮਾਹੁ, ਅਗਾਹੁ, ਵੇਪਰਵਾਹੁ’ ਇੱਕ ਵਚਨ ਪੁਲਿੰਗ ਨਾਂਵ ਹਨ, ਜਿਨ੍ਹਾਂ ਨਾਲ਼ ਇਕਸਾਰਤਾ ਬਣਾਏ ਰੱਖਣ ਲਈ ‘ਵਿਛੁੜੀ+ਆਹੁ, ਪਈ+ਆਹੁ’ ਇੱਕ ਵਚਨ ਕਿਰਿਆਵਾਚੀ ਸ਼ਬਦ ਹਨ, ਇਸ ਲਈ ‘ਹੁ’ ਦਾ ਉਚਾਰਨਾ ‘ਹੋ’ ਕਰਨਾ ਗ਼ਲਤ ਹੈ ।)

ਮਾਘਿ (’ਚ), ਮਜਨੁ (ਮੱਜਨ, ਗੋਤਾ ਮਾਰ) ਸੰਗਿ ਸਾਧੂਆ (ਸਾਧੂਆਂ) ; ਧੂੜੀ ਕਰਿ ਇਸਨਾਨੁ ॥ ਹਰਿ ਕਾ ਨਾਮੁ ਧਿਆਇ (ਕੇ), ਸੁਣਿ ; ਸਭਨਾ ਨੋ ਕਰਿ ਦਾਨੁ ॥ ਜਨਮ ਕਰਮ ਮਲੁ (ਮਲ਼) ਉਤਰੈ ; ਮਨ ਤੇ ਜਾਇ ਗੁਮਾਨੁ॥ ਕਾਮਿ+ਕਰੋਧਿ (’ਚ) ਨ ਮੋਹੀਐ ; ਬਿਨਸੈ, ਲੋਭੁ ਸੁਆਨੁ (ਭਾਵ ਕੁੱਤੇ ਵਰਗਾ ਲਾਲਚੀ)॥ ਸਚੈ+ਮਾਰਗਿ (’ਤੇ) ਚਲਦਿਆ (ਚਲਦਿਆਂ) ; ਉਸਤਤਿ ਕਰੇ ਜਹਾਨੁ ॥ ਅਠਸਠਿ ਤੀਰਥ, ਸਗਲ ਪੁੰਨ ; ਜੀਅ ਦਇਆ ਪਰਵਾਨੁ ॥ ਜਿਸ ਨੋ ਦੇਵੈ ਦਇਆ ਕਰਿ; ਸੋਈ ਪੁਰਖੁ ਸੁਜਾਨੁ (ਸਿਆਣਾ)॥ ਜਿਨਾ (ਜਿਨ੍ਹਾਂ) ਮਿਲਿਆ ਪ੍ਰਭੁ ਆਪਣਾ ; ਨਾਨਕ ! ਤਿਨ (ਤਿਨ੍) ਕੁਰਬਾਨੁ ॥ ਮਾਘਿ (’ਚ), ਸੁਚੇ ਸੇ ਕਾਂਢੀਅਹਿ (ਕਾਂਢੀਅਹਿਂ, ਭਾਵ ਕਹੇ ਜਾਂਦੇ ਹਨ) ; ਜਿਨ (ਜਿਨ੍), ਪੂਰਾ ਗੁਰੁ ਮਿਹਰਵਾਨੁ ॥੧੨॥ ਫਲਗੁਣਿ (’ਚ), ਅਨੰਦ ਉਪਾਰਜਨਾ ; ਹਰਿ ਸਜਣ (ਸੱਜਣ) ਪ੍ਰਗਟੇ ਆਇ ॥ ਸੰਤ ਸਹਾਈ ਰਾਮ ਕੇ ; ਕਰਿ ਕਿਰਪਾ ਦੀਆ ਮਿਲਾਇ ॥ ਸੇਜ ਸੁਹਾਵੀ ਸਰਬ ਸੁਖ ; ਹੁਣਿ, ਦੁਖਾ ਨਾਹੀ (ਦੁੱਖਾਂ ‘ਦੀ’ ਨਾਹੀਂ) ਜਾਇ (ਜਗ੍ਹਾ)॥ ਇਛ ਪੁਨੀ ਵਡਭਾਗਣੀ ; ਵਰੁ ਪਾਇਆ ਹਰਿ ਰਾਇ ॥ ਮਿਲਿ ਸਹੀਆ (ਸਹੀਆਂ) ਮੰਗਲੁ ਗਾਵਹੀ (ਗਾਵਹੀਂ) ; ਗੀਤ ਗੋਵਿੰਦ ਅਲਾਇ ॥ ਹਰਿ ਜੇਹਾ ਅਵਰੁ ਨ ਦਿਸਈ (ਦਿਸ+ਈ); ਕੋਈ ਦੂਜਾ, ਲਵੈ ਨ ਲਾਇ ॥ ਹਲਤੁ ਪਲਤੁ ਸਵਾਰਿਓਨੁ (ਉਸ ‘ਰੱਬ’ ਨੇ ਸਵਾਰੇ); ਨਿਹਚਲ ਦਿਤੀਅਨੁ ਜਾਇ (ਉਸ ਨੇ ਦਿੱਤੀ ਜਗ੍ਹਾ ਭਾਵ ਆਸਰਾ) ॥ ਸੰਸਾਰ ਸਾਗਰ ਤੇ ਰਖਿਅਨੁ (ਉਸ ਨੇ ਰੱਖੇ); ਬਹੁੜਿ ਨ ਜਨਮੈ ਧਾਇ (ਭਾਵ ਦੋੜ ਕੇ, ਭਟਕ ਕੇ)॥ ਜਿਹਵਾ ਏਕ, ਅਨੇਕ ਗੁਣ ; ਤਰੇ, ਨਾਨਕ ! ਚਰਣੀ ਪਾਇ ॥ ਫਲਗੁਣਿ (’ਚ) ਨਿਤ ਸਲਾਹੀਐ ; ਜਿਸ (ਰੱਬ) ਨੋ, ਤਿਲੁ ਨ ਤਮਾਇ (ਤਮ੍ਹਾ, ਲਾਲਚ)॥੧੩॥ ਜਿਨਿ-ਜਿਨਿ (ਜਿਨ੍-ਜਿਨ੍) ਨਾਮੁ ਧਿਆਇਆ ; ਤਿਨ (ਤਿਨ੍) ਕੇ ਕਾਜ ਸਰੇ (ਸਫਲ ਹੋ ਗਏ)॥ ਹਰਿ ਗੁਰੁ ਪੂਰਾ ਆਰਾਧਿਆ ; ਦਰਗਹ (ਦਰਗ੍ਾ)+ਸਚਿ, ਖਰੇ (ਭਾਵ ਸੁਰਖ਼ਰੂ)॥ ਸਰਬ ਸੁਖਾ (ਸੁੱਖਾਂ ‘ਦਾ’) ਨਿਧਿ, ਚਰਣ ਹਰਿ ; ਭਉਜਲੁ ਬਿਖਮੁ ਤਰੇ ॥ ਪ੍ਰੇਮ ਭਗਤਿ ਤਿਨ ਪਾਈਆ (ਤਿਨ੍ ਪਾਈ+ਆ) , ਬਿਖਿਆ ਨਾਹਿ (ਨਾਹਿਂ) ਜਰੇ (ਭਾਵ ਜਲ਼ੇ)॥ ਕੂੜ ਗਏ, ਦੁਬਿਧਾ ਨਸੀ (ਨੱਸੀ); ਪੂਰਨ ਸਚਿ (ਨਾਲ਼) ਭਰੇ ॥ ਪਾਰਬ੍ਰਹਮੁ ਪ੍ਰਭੁ ਸੇਵਦੇ ; ਮਨ ਅੰਦਰਿ ਏਕੁ ਧਰੇ (ਧਰਿ, ਟਿਕਾ ਕੇ)॥ ਮਾਹ ਦਿਵਸ ਮੂਰਤ ਭਲੇ ; ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ (ਦਾ) ਦਾਨੁ ; ਕਿਰਪਾ ਕਰਹੁ ਹਰੇ ! ॥੧੪॥੧॥

(ਨੋਟ : ਉਕਤ ਸ਼ਬਦਾਂ ’ਚ ‘ਸਵਾਰਿਓਨੁ, ਦਿਤੀਅਨੁ, ਰਖਿਅਨੁ, ਆਦਿ ਸ਼ਬਦ ਹਨ, ਜੋ ‘ਪੜਨਾਂਵ ਕਰਤਾ ਕਾਰਕ +ਕਿਰਿਆ’ ਹੁੰਦੇ ਹਨ ਭਾਵ ਅਰਥ ਹੋਣਗੇ, ‘ਉਸ ਨੇ ਸਵਾਰੇ, ਉਸ ਨੇ ਦਿੱਤੀ, ਉਸ ਨੇ ਰੱਖੇ, ਆਦਿ, ਇੱਥੇ ਇੱਕ ਹੋਰ ਵੀ ਧਿਆਨਦੇਣ ਯੋਗ ਹੈ ਕਿ ‘ਓਨੁ, ਅਨੁ’ ਆਦਿ ਤੋਂ ਪਹਿਲੇ ਅੱਖਰ ਨੂੰ ਲੱਗੀ ਸਿਹਾਰੀ ਬਹੁ ਵਚਨ ਪੁਲਿੰਗ ਅਰਥ ਦੇਵੇਗੀ; ਜਿਵੇਂ ਕਿ ‘ਸਵਾਰਿਓਨੁ, ਰਖਿਅਨੁ, ਸ਼ਬਦ ਹਨ ਅਤੇ ਬਿਹਾਰੀ ਇਸਤਰੀ ਲਿੰਗ ਅਰਥਾਂ ਲਈ ਹੈ; ਜਿਵੇਂ ਕਿ ‘ਦਿਤੀਅਨੁ’ ਹੈ।)

ਨਹੀਂ ਸਹਿਆ ਜਾਂਦਾ ਵਿਯੋਗ ਸਾਂਈਆਂ !

0

ਕਾਵਿ-ਕਿਆਰੀਆਂ

– ਗੁਰਪ੍ਰੀਤ ਸਿੰਘ ( ਯੂ. ਐਸ. ਏ )

ਤੈਨੂੰ ਮਿਲਣ ਲਈ ਬਹੁਤ ਸੋਚਿਆ, ਹਰ ਸੋਚ ਨਚਾਇਆ, ਨਵੇਂ ਮੋਜਿਆਂ ।

ਤਨ ਸੁੱਕੇ ਤੇ ਹੀ ਨਿਕਲੀ ਹੂਕ, ‘ਪ੍ਰੀਤ’ ਦਿਲ ਕਿਉਂ ਨਹੀਂ ਖੋਜਿਆ  ?

…………

ਤੇਰੇ ਦਰ ਭਿਖਾਰੀਆਂ ਦੀ ਕਮੀ ਨਹੀਂ ਕੋਈ, ਢੀਠ ਭਿਖਾਰੀ ਹੋਵੇ, ਝੋਲੀ ਭਰਦਾ ਸੋਈ ।

ਢੀਠ ਬਣਿਆਂ ਵੀ, ਖੈਰ ਨੀ ਮਿਲੀ ‘ਪ੍ਰੀਤ’ ਪਾਖੰਡ ਬਥੇਰੇ ਕੀਤੇ, ਭੁੱਲ ਗਿਆ ਅਰਜ਼ੋਈ ।

……………

ਸਾਂਈ  ! ਤੂੰ ਏਨਾ ਵੀ ਤੜਫਾਇਆ ਨਾ ਕਰ, ਇੱਕ ਦੱਸ, ਬਹੁਤੇ ਚੱਕਰਾਂ ’ਚ ਪਾਇਆ ਨਾ ਕਰ।

ਤੇਰੇ ਲਈ, ਬਥੇਰੇ ਨੇ ਹੋਰ ਚੋਜ਼ ਤਮਾਸ਼ੇ, ਸਭ ਨੂੰ ਆਪਣਾ ਹੀ, ਨਾਮ ਜਪਾਇਆ ਕਰ।

………….

ਮੇਰਾ ਵੀ ਕੱਟਦੇ ਰੋਗ ਸਾਂਈਆਂ  ! ਇਹ ਕੇਹਾ ਹੈ ਸੋਗ ਸਾਂਈਆਂ  !

ਨਹੀਂ ਸਹਿਆ ਜਾਂਦਾ ਵਿਯੋਗ ਸਾਂਈਆਂ  ! ਲਿਖਦੇ ਮੇਰਾ ਵੀ ਸੰਯੋਗ ਸਾਂਈਆਂ  !

ਗੁਰਬਾਣੀ ਦਾ ਸ਼ੁੱਧ ਉਚਾਰਨ

0

ਗੁਰਬਾਣੀ ਦਾ ਸ਼ੁੱਧ ਉਚਾਰਨ

(ਅੰਤਲੇ ਅੱਖਰ ਨੂੰ ਲੱਗੀ ਸਿਹਾਰੀ ਦਾ ਨਾਸਕੀ ਉਚਾਰਨ)

ਸ. ਕਿਰਪਾਲ ਸਿੰਘ (ਬਠਿੰਡਾ)-98554-80797

-ਕਿਸ਼ਤ ਨੰ: 5-

ਪਿੱਛਲੇ ਭਾਗ ਵਿੱਚ ਨਾਂਵ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਲੱਗੀ ਬਿਹਾਰੀ ਨੂੰ ਬਿੰਦੀ ਸਹਿਤ ਜਾਂ ਬਿੰਦੀ ਰਹਿਤ ਉਚਾਰਨ ਦੇ ਸਬੰਧੀ ਵਿਚਾਰ ਕੀਤੀ ਗਈ ਸੀ, ਉਨ੍ਹਾਂ ਨਿਯਮਾਂ ਨੂੰ ਸਾਹਮਣੇ ਰੱਖਦਿਆਂ ਇਸ ਦਾ ਬਾਕੀ ਭਾਗ ਇਸ ਅੰਕ ਵਿੱਚ ਦਿੱਤਾ ਜਾ ਰਿਹਾ ਹੈ। ਪਿਛਲੇ ਅੰਕ ’ਚ ਦਿੱਤੀਆਂ ਉਦਾਹਰਨਾਂ ਤੋਂ ਮੁੱਖ ਤੌਰ ’ਤੇ ਹੇਠ ਲਿਖੇ ਤਿੰਨ ਨਿਯਮ ਸਾਹਮਣੇ ਆਏ ਸਨ :

(1). ਅੰਤ ਬਿਹਾਰੀ ਵਾਲੇ ਬਹੁ ਬਚਨੀ ਸ਼ਬਦ, ਜਿਨ੍ਹਾਂ ਦੇ ਪਿਛੇਤਰ ਸਬੰਧਕੀ ਚਿੰਨ੍ਹ (ਨੇ, ਨੂੰ, ਨਾਲ, ਰਾਹੀਂ, ਵਿਚ, ਉੱਪਰ, ਆਦਿਕ) ਲੱਗੇ ਹੋਣ ਜਾਂ ਲੁਪਤ ਕਾਰਕੀ ਅਰਥ ਮਿਲਦੇ ਹੋਣ ਤਦ ਅੰਤ ਬਿਹਾਰੀ ਬਿੰਦੀ ਸਹਿਤ ਉਚਾਰਨ ਕਰਨੀ ਚਾਹੀਦੀ ਹੈ ਭਾਵੇਂ ਉਹ ਸ਼ਬਦ ਪੁਲਿੰਗ ਹੋਣ ਜਾਂ ਇਸਤਰੀ ਲਿੰਗ।

(2). ਜਦ ਅੰਤ ਬਿਹਾਰੀ ਵਾਲੇ ਸ਼ਬਦ, ਬਹੁ ਬਚਨ ਇਸਤਰੀ ਲਿੰਗ ਹੋਣ ਬੇਸ਼ੱਕ ਉਨ੍ਹਾਂ ਦੇ ਪਿਛੇਤਰ ਕੋਈ ਸਬੰਧਕੀ ਚਿੰਨ੍ਹ ਨਾ ਵੀ ਹੋਣ, ਉਨ੍ਹਾਂ ਦੀ ਅੰਤ ਬਿਹਾਰੀ ਬਿੰਦੀ ਸਹਿਤ ਉਚਾਰਨ ਕਰਨੀ ਚਾਹੀਦੀ ਹੈ।

(3) ਜਦ ਅੰਤ ਬਿਹਾਰੀ ਵਾਲੇ , ਇੱਕ ਵਚਨ ਇਸਤਰੀ ਲਿੰਗ ਹੋਣ ਤੇ ਉਨ੍ਹਾਂ ਦੇ ਪਿਛੇਤਰ ਕੋਈ ਸਬੰਧਕੀ ਚਿੰਨ੍ਹ (ਲੁਪਤ ਜਾਂ ਪ੍ਰਗਟ) ਨਾ ਮਿਲਦੇ ਹੋਣ, ਉਨ੍ਹਾਂ ਦੀ ਅੰਤ ਬਿਹਾਰੀ, ਬਿੰਦੀ ਤੋਂ ਬਿਨਾਂ ਉਚਾਰਨ ਕਰਨੀ ਚਾਹੀਦੀ ਹੈ।

ਉਕਤ ਵਿਚਾਰ ਉਪਰੰਤ ਹੇਠਲੀਆਂ ਤੁਕਾਂ ’ਚ ਇੱਕੋ ਜਿਹੇ ਸ਼ਬਦ-ਜੋੜਾਂ ਵਾਲੇ, ਪਰ ਵੱਖ ਵੱਖ ਅਰਥਾਂ ਵਿੱਚ ਵਰਤੇ ਗਏ ਕੁਝ ਸ਼ਬਦਾਂ ਇਸ ਤਰ੍ਹਾਂ ਹਨ :

ਗਲਂੀ, ਗਲੀ

(ੳ). ਗਲਂੀ ਅਸੀ ਚੰਗੀਆ ; ਆਚਾਰੀ ਬੁਰੀਆਹ ॥ (ਮ 4/85) ਭਾਵ ਅਸੀਂ ਜ਼ਬਾਨੀ ਗੱਲਾਂ ਵਿੱਚ ਸੁਚੱਜੀਆਂ ਬਣਦੀਆਂ (ਹਾਂ, ਭਾਵੇਂ ਅੰਦਰੋਂ) ਆਚਰਨ ਦੀਆਂ ਮਾੜੀਆਂ ਹੀ ਹਾਂ।

(ਨੋਟ : ਉਕਤ ਤੁਕ ਵਿੱਚ ‘ਗਲਂੀ’ ਸ਼ਬਦ ਦੇ ਅੰਤ ਬਿਹਾਰੀ ਤੋਂ ਪਹਿਲਾਂ ਬਿੰਦੀ ਹੈ, ਜਿਸ ਦਾ ਉਚਾਰਨ ਹੈ= ਗੱਲੀਂ, ਪਰ)

(ਅ). ਗਲੀ ਭਿਸਤਿ ਨ ਜਾਈਐ ; ਛੁਟੈ ਸਚੁ ਕਮਾਇ ॥ (ਮ 1/141) ਭਾਵ ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ (ਸਵਰਗ, ਜੰਨਤ) ਵਿੱਚ ਨਹੀਂ ਪਹੁੰਚਿਆਂ ਜਾ ਸਕਦਾ। ਸੱਚ ਨੂੰ (ਭਾਵ ਅਸਲ ਮਾਲਕ ਦੇ ਨਾਮ ਨੂੰ) ਅਮਲੀ ਜੀਵਨ ਵਿਚ ਕਮਾ ਕੇ ਹੀ ਨਜਾਤ (ਮੁਕਤੀ) ਮਿਲਦੀ ਹੈ।

(ਨੋਟ : ਉਕਤ ਤੁਕ ਵਿੱਚ ‘ਗਲੀ’ ਸ਼ਬਦ ਬਿਨਾਂ ਬਿੰਦੀ ਤੋਂ ਦਰਜ ਹੈ, ਜਿਸ ਦੇ ਅਰਥ ਉਕਤ ‘ੳ’ ਤੁਕ ਵਾਙ ਹੀ ਮਿਲਦੇ ਹਨ = ਗੱਲਾਂ ਨਾਲ। ਇਸ ਲਈ ਉਚਾਰਨ ਵੀ ‘ੳ’ ਨਿਯਮ ਵਾਙ ‘ਬਿੰਦੀ ਸਹਿਤ ਹੀ ਹੋਵੇਗਾ= ਗੱਲੀਂ।)

(ੲ). ਇਕਨਾ ਗਲੀਂ ਜੰਜੀਰ ; ਬੰਦਿ ਰਬਾਣੀਐ ॥ (ਮ 1/1287) ਭਾਵ (ਜੋ ‘ਬਿਖਿਆ’ ਵਿਚ ਲੱਗੇ ਰਹੇ) ਉਹਨਾਂ ਦੇ ਗਲਾਂ ਵਿਚ (ਮਾਇਆ ਦੇ ਮੋਹ ਦੇ ਬੰਧਨ-ਰੂਪ) ਜ਼ੰਜੀਰ ਪਏ ਹੋਏ ਹਨ, ਉਹ, (ਮਾਨੋ,) ਰੱਬ ਦੇ ਬੰਦੀਖ਼ਾਨੇ ਵਿਚ (ਕੈਦ) ਹਨ।

(ਨੋਟ : ਉਕਤ ਤੁਕ ਵਿੱਚ ‘ਗਲੀਂ’ ਬਿੰਦੀ ਸਹਿਤ ਲਿਖਿਆ ਹੋਇਆ ਹੈ ਤੇ ਅਰਥ ਹਨ = ਗਲ਼ਾਂ ਵਿੱਚ। ਉਚਾਰਨ ‘ਲ’ ਦੇ ਪੈਰ ਵਿੱਚ ਬਿੰਦੀ ਲਾ ਕੇ ਚਾਹੀਦਾ ਹੈ= ਗਲ਼ੀਂ, ਪਰ)

(ਸ). ਇਕਨ੍ਾ ਗਲੀ ਜੰਜੀਰੀਆ ; ਇਕਿ ਤੁਰੀ ਚੜਹਿ ਬਿਸੀਆਰ ॥ (ਮ 1/475) ਭਾਵ ਕਈ ਜੀਵਾਂ ਦੇ ਗਲ਼ਾਂ ਵਿੱਚ ਜ਼ੰਜੀਰੀਆਂ ਪਈਆਂ ਹੋਈਆਂ ਹਨ (ਭਾਵ ਕਈ ਗ਼ੁਲਾਮੀ, ਆਰਥਿਕ ਤੰਗੀ ਆਦਿਕ ਕਸ਼ਟ ਸਹਿ ਰਹੇ ਹਨ) ਅਤੇ ਅਨੇਕਾਂ ਮਨੁੱਖ ਘੋੜਿਆਂ ’ਤੇ ਚੜ੍ਹ ਰਹੇ ਹਨ (ਭਾਵ ਮਾਇਆ ਤੇ ਅਜ਼ਾਦੀ ਦੀਆਂ ਮੌਜਾਂ ਲੈ ਰਹੇ ਹਨ)।

(ਨੋਟ : ਉਕਤ ਤੁਕ ’ਚ ‘ਗਲੀ’ ਸ਼ਬਦ ਬਿਨਾਂ ਬਿੰਦੀ ਤੋਂ ਹੈ ਪਰ ਅਰਥ ਉਕਤ ‘ੲ’ ਨਿਯਮ ਵਾਲੇ ਹੀ ਹਨ= ਗਲ਼ਾਂ ਵਿੱਚ। ਇਸ ਲਈ ਦਰੁਸਤ ਉਚਾਰਨ ਵੀ ਹੋਏਗਾ= ਗਲ਼ੀਂ। ‘ਤੁਰੀ’ ਭਾਵ ਘੋੜਿਆਂ ’ਤੇ, ਇਸ ਲਈ ਉਚਾਰਨ ਬਿੰਦੀ ਸਹਿਤ ਹੋਵੇਗਾ= ਤੁਰੀਂ, ਪਰ)

(ਹ). ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ (ਮ 1/1412) ਭਾਵ (ਆਪਣਾ) ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿਚ ਆਓ (ਭਾਵ ਲੋਕ-ਲਾਜ ਛੱਡ ਕੇ ਹਉਮੈ ਦੂਰ ਕਰ ਕੇ ਆਓ)।

(ਨੋਟ : ਉਕਤ ਤੁਕ ਵਿੱਚ ‘ਗਲੀ’ ਦਾ ਅਰਥ ਹੈ=ਗਲ਼ੀ (ਭੀੜਾ ਰਸਤਾ), ਇਸ ਲਈ ਇਸ ਦਾ ਉਚਾਰਨ ‘ਗੱਲੀ, ਗੱਲੀਂ ਜਾਂ ਗਲੀਂ’ ਨਹੀਂ ਬਲਕਿ ਦਰੁਸਤ ਉਚਾਰਨ ਹੈ= ਗਲ਼ੀ), ਆਦਿ।

ਸਿਫਤਂੀ, ਸਿਫਤੀ

(1). ਆਖਹਿ, ਥਕਹਿ ਆਖਿ ਆਖਿ ; ਕਰਿ ‘ਸਿਫਤਂੀ’ ਵੀਚਾਰ ॥ ਤ੍ਰਿਣੁ ਨ ਪਾਇਓ ਬਪੁੜੀ; ਨਾਨਕੁ ਕਹੈ ਗਵਾਰ ॥’’ (ਮ: ੧/੧੨੪੧) ਭਾਵ ਪਰਮਾਤਮਾ ਦੀਆਂ ਸਿਫ਼ਤਾਂ ਨੂੰ ਭਗਤ ਉਚਾਰਦੇ-ਉਚਾਰਦੇ, ਉਸ ਦੀਆਂ ਵਡਿਆਈਆਂ ਦੀ ਮੁੜ ਮੁੜ ਵਿਚਾਰ (ਕਰ-ਕਰ ਕੇ) ਥੱਕ ਜਾਂਦੇ ਹਨ ਫਿਰ ਵੀ ਵਿਚਾਰਿਆਂ ਨੇ ਉਸ ਦਾ ਅੰਤ ਨਹੀਂ ਪਾ ਸਕਦੇ, ਇਹ ਵਿਚਾਰ ਨਿਮਾਣਾ ਨਾਨਕ ਬਿਆਨ ਕਰਦਾ ਹੈ।

(ਨੋਟ : ਉਕਤ ਤੁਕ ਵਿੱਚ ‘ਸਿਫਤਂੀ’ ਸ਼ਬਦ, ਇਸਤਰੀ ਲਿੰਗ ਬਹੁ ਬਚਨ ਤੇ ਅੰਤ ਬਿੰਦੀ ਹੈ, ਜਿਸ ਦਾ ਅਰਥ ਹੈ= ਪਰਮਾਤਮਾ ਦੀਆਂ ਸਿਫ਼ਤਾਂ, ਭਾਵੇਂ ਇਸ ਸ਼ਬਦ ਨੂੰ ਅੰਤ ਬਿਹਾਰੀ ਤੋਂ ਪਹਿਲਾਂ ਬਿੰਦੀ (ਸਿਫਤਂੀ) ਲੱਗੀ ਹੋਈ ਹੈ ਫਿਰ ਵੀ ਉਚਾਰਨ ਹੈ= ਸਿਫਤੀਂ।)

(2). ਅੰਤੁ ਨ ਸਿਫਤੀ, ਕਹਣਿ ਨ ਅੰਤੁ ॥ (ਜਪੁ ਮ 1/5) ਭਾਵ (ਅਕਾਲ ਪੁਰਖ ਦੇ) ਗੁਣਾਂ ਦਾ ਕੋਈ ਹੱਦ-ਬੰਨਾ ਨਹੀਂ ਹੈ, ਗਿਣਨ ਨਾਲ ਭੀ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਭਾਵ ਗਿਣੇ ਨਹੀਂ ਜਾ ਸਕਦੇ।

(ਨੋਟ : ਇਸ ਤੁਕ ਵਿੱਚ ‘ਸਿਫਤੀ’ ਸ਼ਬਦ ਲੁਪਤ ਸਬੰਧਕੀ ਚਿੰਨ੍ਹ ਸਮੇਤ ਬਹੁ ਬਚਨ ਹੈ, ਜਿਸ ਦੇ ਅਰਥ ਹਨ (ਅਕਾਲ ਪੁਰਖ ਦੇ) ਗੁਣਾਂ ਦਾ; ਇਸ ਲਈ ਦਰੁਸਤ ਉਚਾਰਨ ਹੈ= ਸਿਫਤੀਂ, ਪਰ)

(3). ਧਾਤੁ ਮਿਲੈ ਫੁਨਿ ਧਾਤੁ ਕਉ ; ਸਿਫਤੀ ਸਿਫਤਿ ਸਮਾਇ ॥ (ਮ 1/18) ਭਾਵ ਜਿਵੇਂ (ਸੋਨਾ, ਚਾਂਦੀ ਆਦਿਕ ਧਾਤੂ ਦਾ ਬਣਿਆ ਕੋਈ ਗਹਿਣਾ, ਜ਼ੇਵਰ ਅੱਗ ਦੇ ਸੇਕ ਨਾਲ ਢਲ਼ ਕੇ) ਮੁੜ (ਉਸੇ) ਧਾਤ (ਡਲ਼ੀ) ਨਾਲ ਇੱਕ-ਰੂਪ ਹੋ ਜਾਂਦਾ ਹੈ, ਉਸੇ ਤਰ੍ਹਾਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਭਗਤ ਵੀ ਗੁਣਾਂ ਦੇ ਮਾਲਕ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ।

(ਨੋਟ: ਇਸ ਤੁਕ ਵਿੱਚ ‘ਸਿਫਤੀ’ ਇੱਕ ਵਚਨ ਪੁਲਿੰਗ ਹੈ, ਜਿਸ ਦਾ ਅਰਥ ਹੈ= ਸਿਫਤਾਂ ਦਾ ਮਾਲਕ ਪ੍ਰਭੂ। ਇਸ ਲਈ ਉਚਾਰਨ ਹੋਏਗਾ ‘ਸਿਫਤੀ’ ਭਾਵ ਬਿੰਦੀ ਤੋਂ ਬਿਨਾਂ, ਅਤੇ)

(4). ਇਕਿ, ਆਪਣੀ ਸਿਫਤੀ ਲਾਇਅਨੁ ; ਦੇ ਸਤਿਗੁਰ ਮਤੀ ॥ (ਮ 3/948) ਭਾਵ ਕਈ ਮਨੁੱਖਾਂ ਨੂੰ ਸਤਿਗੁਰੂ ਦੀ ਮੱਤ ਦੇ ਕੇ ਉਸ (ਮਾਲਕ ਨੇ) ਆਪਣੀ ਸਿਫ਼ਤ-ਸਾਲਾਹ ਕਰਨ ਵਿਚ ਲਾਇਆ ਹੋਇਆ ਹੈ।

(ਨੋਟ : ਇਸ ਤੁਕ ਵਿੱਚ ‘ਸਿਫਤੀ’ ਅਤੇ ‘ਮਤੀ’ ਦੋਵੇਂ ਹੀ ਇੱਕ ਵਚਨ ਇਸਤਰੀ ਲਿੰਗ ਸ਼ਬਦ ਹਨ ਅਤੇ ਇਨ੍ਹਾਂ ਦੇ ਪਿਛੇਤਰ ਕੋਈ ਵੀ ਸਬੰਧਕੀ ਚਿੰਨ੍ਹ (ਦਾ, ਕੇ, ਦੀ, ਵਿਚਿ, ਅੰਦਰਿ, ਆਦਿ) ਨਹੀਂ ਹੈ ਅਤੇ ਨਾ ਹੀ ਇਨ੍ਹਾਂ ਦੇ ਕੋਈ ਸਬੰਧਕੀ ਲੁਪਤ ਕਾਰਕੀ ਅਰਥ ਨਿਕਲਦੇ ਹਨ ਇਸ ਲਈ ਉਚਾਰਨ ਬਿਨਾਂ ਬਿੰਦੀ ਤੋਂ ਹੋਵੇਗਾ ‘ਸਿਫਤੀ, ਮਤੀ’)

ਦਾਤਂੀ, ਦਾਤੀ

  1. ਨ ਭੀਜੈ, ਦਾਤਂੀ ਕੀਤੈ ਪੁੰਨਿ ॥ (ਮ 4/1237) ਭਾਵ ਦਾਨ-ਪੁੰਨ ਕੀਤਿਆਂ ਭੀ ਰੱਬ ਨਹੀਂ ਰੀਝਦਾ (ਦਾਤਂੀ = ਦਾਨ ਦਿੱਤਿਆਂ। ਇੱਥੇ ‘ਦਾਤਂੀ’ ਸ਼ਬਦ ਦੀ ਸਿਹਾਰੀ ਤੋਂ ਪਹਿਲਾਂ ਬਿੰਦੀ ਹੈ, ਜਿਸ ਕਾਰਨ ਉਚਾਰਨ ਹੋਏਗਾ = ਦਾਤੀਂ )
  2. ਤਾ ਮੁਖੁ ਹੋਵੈ ਉਜਲਾ; ਲਖ ਦਾਤੀ ਇਕ ਦਾਤਿ ॥ (ਮ 1/16) ਭਾਵ ਰੱਬੀ ਦਰ ਤੋਂ ਪ੍ਰਾਪਤ ਹੋਣ ਵਾਲੀਆਂ ਸਭ ਪਦਾਰਥਕ ਦਾਤਾਂ ਦੇ ਮੁਕਾਬਲੇ ਪਰਮਾਤਮਾ ਦਾ ਨਾਮ (ਸਿਫ਼ਤ-ਸਾਲਾਹ) ਜਪਣ ਵਾਲੀ ਦਾਤ, ਸਰਬੋਤਮ ਦਾਤ ਹੁੰਦੀ ਹੈ ਕਿਉਂਕਿ ਇਸ ਦਾਤ ਉਪਰੰਤ (ਭਾਵ ਤਦ ਹੀ) ਮਨੁੱਖ ਦਾ ਜੀਵਨ ਸਮਾਜ ਲਈ ਆਦਰਸ਼ ਬਣਦਾ ਹੈ। (ਦਾਤੀ = ਬਹੁ ਵਚਨ ਇਸਤਰੀ ਲਿੰਗ ਹੋਣ ਕਾਰਨ, ਅਰਥ ਹੈ= ਦਾਤਾਂ (ਬਿਨਾਂ ਕਿਸੇ ਸਬੰਧਕੀ ਚਿੰਨ੍ਹ (ਦਾ, ਦੇ, ਦੀ, ਵਿਚ, ਅੰਦਰ) ਤੋਂ) ਭਾਵੇਂ ਇਸ ਤੁਕ ’ਚ ਵੀ ਸ਼ਬਦ ਬਿਨਾਂ ਬਿੰਦੀ ਤੋਂ ਦਰਜ ਹੈ, ਫਿਰ ਵੀ ਉਚਾਰਨ ਬਿੰਦੀ ਸਹਿਤ ਹੀ ਹੋਵੇਗਾ= ਦਾਤੀਂ)
  3. ਹਰਿ ਕੀ ਭਗਤਿ, ਫਲ ਦਾਤੀ ॥ (ਮ 5/628) ਭਾਵ ਹੇ ਭਾਈ ! ਪਰਮਾਤਮਾ ਦੀ ਭਗਤੀ ਸਾਰੇ ਫਲ਼ ਦੇਣ ਵਾਲੀ ਹੈ। (ਫਲ ਦਾਤੀ= ਸਾਰੇ ਫਲ਼ ਦੇਣ ਵਾਲੀ; ਇਸਤਰੀ ਲਿੰਗ ਇੱਕ ਵਚਨ। ਉਚਾਰਨ ਬਿਨਾਂ ਬਿੰਦੀ ਤੋਂ ‘ਦਾਤੀ’ ਹੋਵੇਗਾ)

ਥਿਤਂੀ, ਥਿਤੀ

  1. ਪੰਦ੍ਰਹ ਥਿਤਂੀ ਤੈ ਸਤ ਵਾਰ ॥ ਦਿਨਸੁ ਰੈਣਿ; ਤਿਵੈ ਸੰਸਾਰੁ ॥ (ਮ: ੩/੮੪੨) ਭਾਵ ਹੇ ਭਾਈ ! (ਜਿਵੇਂ) ਪੰਦ੍ਰਾਂ ਥਿੱਤਾਂ, ਸੱਤ ਵਾਰ, ਦਿਨ ਤੇ ਰਾਤ (ਚਲਾਇਮਾਨ ਹਨ ਇਉਂ ਹੀ) ਜਗਤ ਰਚਨਾ ਨਾਸਵਾਨ ਹੈ, (ਥਿਤਂੀ = ਥਿੱਤਾਂ, ਬਹੁ ਵਚਨ। ਉਦਾਹਰਨ ਵਜੋਂ ਇੱਥੇ ਬਿਹਾਰੀ ਤੋਂ ਪਹਿਲਾਂ ਬਿੰਦੀ ਲਗਾਈ ਗਈ ਹੈ, ਪਰ)
  2. ਪੰਦ੍ਰਹ ਥਿਤੰੀ, ਸਾਤ ਵਾਰ ॥ ਕਹਿ ਕਬੀਰ, ਉਰਵਾਰ ਨ ਪਾਰ ॥ (ਕਬੀਰ ਜੀ/343) ਭਾਵ (ਭਰਮੀ ਲੋਕ ਤਾਂ ਵਰਤ, ਸ਼ੁਭ-ਅਸ਼ੁੱਭ ਦਿਨ ਆਦਿਕ ਮਿੱਥ ਕੇ) ਪੰਦ੍ਰਹ ਥਿੱਤਾਂ ਤੇ ਸੱਤ ਵਾਰ (ਨੂੰ ਸ਼ੁੱਭ-ਅਸ਼ੁੱਭ ਕਰ ਮਨਾਉਂਦੇ ਹਨ, ਪਰ ਕਬੀਰ ਦੇ ਸੁਆਮੀ ਦੀ ਕੋਈ ਸੀਮਾ ਨਹੀਂ, (ਥਿਤੰੀ= ਥਿਤਾਂ, ਬਹੁ ਵਚਨ।

ਗੁਰਬਾਣੀ ਵਿੱਚ ਕਈ ਥਾਵਾਂ ’ਤੇ ਬਿੰਦੀ ਦੀ ਥਾਂ ਟਿੱਪੀ ਦੀ ਵਰਤੋਂ ਕੀਤੀ ਹੋਈ ਮਿਲਦੀ ਹੈ। ਇੱਥੇ ਵੀ ਬਿਹਾਰੀ ਤੋਂ ਪਹਿਲਾਂ (ਬਿੰਦੀ ਦੀ ਬਜਾਇ) ਟਿੱਪੀ ਦਰਜ ਹੈ, ਜਿਸ ਦਾ ਉਚਾਰਨ ਵੀ ਬਿੰਦੀ ਵਾਙ ਹੀ ਦਰੁਸਤ ਹੋਵੇਗਾ = ਥਿਤੀਂ, ਪਰ)

  1. ਥਿਤੀ ਵਾਰ, ਸਭਿ ਆਵਹਿ ਜਾਹਿ ॥ (ਮ 3/842) ਭਾਵ ਸਾਰੀਆਂ ਥਿੱਤਾਂ ਤੇ ਸਾਰੇ ਦਿਨ ਮੁੜ ਮੁੜ ਆਉਂਦੇ ਰਹਿੰਦੇ ਹਨ ਅਤੇ ਲੰਘਦੇ ਰਹਿੰਦੇ ਹਨ। (ਥਿਤੀ =ਥਿਤਾਂ, ਬਹੁ ਵਚਨ। ਤੁਕ ਨੰਬਰ (1) ਤੇ (2) ਤੋਂ ਸੇਧ ਲੈ ਕੇ ਇੱਥੇ ‘ਥਿਤੀ’ ਦਾ ਉਚਾਰਨ ਵੀ ਬਿੰਦੀ ਸਮੇਤ ਹੋਵੇਗਾ= ਥਿਤੀਂ)

ਮਤਂੀ, ਮਤੀ

  1. ਰਾਜਾ ਜਨਮੇਜਾ ਦੇ ਮਤਂੀ; ਬਰਜਿ, ਬਿਆਸਿ, ਪੜ੍ਹ੍ਹਾਇਆ ॥ (ਮ 1/1344) ਭਾਵ ਬਿਆਸ ਰਿਸ਼ੀ ਨੇ ਮੱਤਾਂ ਦੇ ਕੇ ਰਾਜਾ ਜਨਮੇਜੇ ਨੂੰ ਸਮਝਾਇਆ ਤੇ (ਗ਼ਲਤ ਕੰਮ ਕਰਨ ਤੋਂ) ਵਰਜਿਆ। (ਇੱਥੇ ਬਿੰਦੀ ਸਹਿਤ ‘ਮਤਂੀ’ ਦਰਜ ਹੈ, ਜਿਸ ਦਾ ਅਰਥ ਹੈ= ਮੱਤਾਂ, ਬਹੁ ਵਚਨ; ਉਚਾਰਨ ਅੱਧਕ ਸਹਿਤ ਹੋਵੇਗਾ= ਮੱਤੀਂ, ਪਰ)
  2. ਅਨ ਕਉ ਮਤੀ ਦੇ ਚਲਹਿ ; ਮਾਇਆ ਕਾ ਵਾਪਾਰੁ ॥ (ਮ 1/56) ਭਾਵ (ਮਨਮੁਖ ਲੋਕ) ਹੋਰਨਾਂ ਨੂੰ ਹੀ ਮੱਤਾਂ ਦੇ ਕੇ (ਜਗਤ ਤੋਂ) ਚਲੇ ਜਾਂਦੇ ਹਨ (ਉਹਨਾਂ ਦਾ ਇਹ ਸਾਰਾ ਉੱਦਮ) ਮਾਇਆ ਕਮਾਉਣ ਲਈ ਵਪਾਰ ਹੀ ਬਣ ਕੇ ਰਹਿ ਜਾਂਦਾ ਹੈ। (ਇੱਥੇ ‘ਮਤੀ’ ਬਿਨਾਂ ਬਿੰਦੀ ਤੋਂ ਦਰਜ ਹੈ ਪਰ ਅਰਥ ਇੱਥੇ ਵੀ ਹਨ= ਮੱਤਾਂ, ਬਹੁ ਵਚਨ, ਇਸ ਲਈ ਬਿੰਦੀ ਸਹਿਤ ਹੀ ਉਚਾਰਨ ਹੋਵੇਗਾ= ਮੱਤੀਂ)
  3. ਜੋਗੀ ! ਹਰਿ ਦੇਹੁ ਮਤੀ ਉਪਦੇਸੁ ॥ (ਮ 4/368) ਭਾਵ ਹੇ ਜੋਗੀ ! ਤੁਸੀ (ਆਪਣੇ ਮਨ ਨੂੰ) ਹਰਿ-ਨਾਮ ਸਿਮਰਨ ਦੀ ਅਕਲ ਸਿੱਖਿਆ ਦਿਆ ਕਰੋ। (ਮਤੀ= ਮੱਤ, ਅਕਲ, ਇਕ ਵਚਨ ਇਸਤਰੀ ਲਿੰਗ; ਉਚਾਰਨ= ਮੱਤੀ, ਬਿੰਦੀ ਰਹਿਤ)
  4. ਮਤੀ ਮਰਣੁ ਵਿਸਾਰਿਆ ; ਖੁਸੀ ਕੀਤੀ ਦਿਨ ਚਾਰਿ ॥ (ਮ 1/15) ਭਾਵ ਮਸਤ ਹੋਈ (ਜਿੰਦ) ਨੇ ਮੌਤ ਭੁਲਾ ਦਿੱਤੀ ਹੈ, ਚਾਰ ਦਿਨ ਜ਼ਿੰਦਗੀ ਵਿੱਚ ਰੰਗ-ਰਲੀਆਂ ਮਾਣ ਰਹੀ ਹੈ। (ਮਤੀ= ਮਸਤ ਹੋਈ ਨੇ। ਉਚਾਰਨ ਬਿਨਾਂ ਬਿੰਦੀ ਤੋਂ ਪਰ ਅੱਧਕ ਸਹਿਤ= ਮੱਤੀ)

ਵਡਭਾਗਂੀ, ਬਡਭਾਗਂੀ, ਵਡਭਾਗੀ, ਬਡਭਾਗੀ

(1) ਕਹੁ ਨਾਨਕ  ! ਪਾਈਐ ਵਡਭਾਗਂੀ; ਮਨ ਤਨ ਹੋਇ ਬਿਗਾਸਾ ॥ (ਮ 5/1208) ਭਾਵ ਹੇ ਨਾਨਕ  ! ਆਖ- (ਇਹ ਸਿਫ਼ਤ-ਸਾਲਾਹ) ਵੱਡੇ ਭਾਗਾਂ ਨਾਲ ਮਿਲਦੀ ਹੈ (ਜਿਨ੍ਹਾਂ ਨੂੰ ਮਿਲਦੀ ਹੈ, ਉਹਨਾਂ ਦੇ) ਮਨਾਂ ਵਿਚ, ਸਰੀਰ ਅੰਦਰ ਖਿੜਾਅ ਪੈਦਾ ਹੋ ਜਾਂਦਾ ਹੈ। (ਇੱਥੇ ‘ਵਡਭਾਗਂੀ’ ਬਿੰਦੀ ਸਹਿਤ ਲਿਖਿਆ ਹੋਇਆ ਹੈ, ਅਰਥ ਹਨ= ਵੱਡੇ ਭਾਗਾਂ ਨਾਲ, ਉਚਾਰਨ ਹੋਏਗਾ ‘ਵਡਭਾਗੀਂ)

(2) ਉਦਮੁ ਕਰਿ ਹਰਿ ਜਾਪਣਾ ; ਵਡਭਾਗੀ ਧਨੁ ਖਾਟਿ ॥ (ਮ 5/48) ਭਾਵ ਉੱਦਮ ਕਰ ਕੇ ਪਰਮਾਤਮਾ ਦਾ ਨਾਮ ਸਿਮਰ, ਵੱਡੇ ਭਾਗਾਂ ਨਾਲ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ। (ਵਡਭਾਗੀ= ਵੱਡੇ ਭਾਗਾਂ ਨਾਲ, ਉਚਾਰਨ ਹੋਏਗਾ ਬਿੰਦੀ ਸਹਿਤ= ਵਡਭਾਗੀਂ)

(3) ਬ੍ਰਹਮ ਗਿਆਨੀ ਕਾ ਦਰਸੁ, ਬਡਭਾਗੀ ਪਾਈਐ ॥ (ਮ 5/273) ਭਾਵ ਬ੍ਰਹਮਗਿਆਨੀ ਦਾ ਦੀਦਾਰ ਵੱਡੇ ਭਾਗਾਂ ਨਾਲ ਪਾਈਦਾ ਹੈ। (ਬਡਭਾਗੀ= ਵੱਡੇ ਭਾਗਾਂ ਨਾਲ; ਉਚਾਰਨ ਬਡਭਾਗੀਂ)

(4) ਧੰਨੁ ਧੰਨੁ ਵਡਭਾਗੀ ਨਾਨਕਾ  ! ਜਿਨਾ ਸਤਿਗੁਰੁ ਲਏ ਮਿਲਾਇ ॥ (ਮ 4/40) ਭਾਵ ਹੇ ਨਾਨਕ  ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਧੰਨ ਹਨ, ਧੰਨਤਾਯੋਗ ਹਨ, ਜਿਨ੍ਹਾਂ ਨੂੰ ਸਤਿਗੁਰੂ (ਪ੍ਰਭੂ-ਚਰਨਾਂ ’ਚ) ਮਿਲਾ ਲੈਂਦਾ ਹੈ। (ਵਡਭਾਗੀ= ਬਹੁ ਵਚਨ- ਵੱਡੇ ਭਾਗਾਂ ਵਾਲੇ; ਉਚਾਰਨ ਬਿਨਾਂ ਬਿੰਦੀ ਤੋਂ ‘ਵਡਭਾਗੀ’ ਕਿਉਂਕਿ ਕੋਈ ਸਬੰਧਕੀ ਚਿੰਨ੍ਹ ‘ਦਾ, ਕਾ, ਵਿਚ, ਨਾਲ’ ਆਦਿ ਨਹੀਂ ਮਿਲਦਾ)

(5) ਜਨ ਪਗ ਰੇਣੁ, ਵਡਭਾਗੀ ਪਾਵੈ ॥ (ਮ 4/164) (ਪਰਮਾਤਮਾ ਦੇ) ਭਗਤ-ਜਨਾਂ ਦੇ ਪੈਰਾਂ ਦੀ ਖ਼ਾਕ ਕੋਈ ਵੱਡੇ ਭਾਗਾਂ ਵਾਲਾ ਮਨੁੱਖ (ਹੀ) ਹਾਸਲ ਕਰਦਾ ਹੈ। (ਵਡਭਾਗੀ= ਇੱਕ ਵਚਨ- ਵੱਡੇ ਭਾਗਾਂ ਵਾਲਾ; ਉਚਾਰਨ ਬਿਨਾਂ ਬਿੰਦੀ ਤੋਂ ‘ਵਡਭਾਗੀ’)

(6) ਇਹੁ ਮਨੁ ਦੇਇ, ਕੀਏ ਸੰਤ ਮੀਤਾ ; ਕ੍ਰਿਪਾਲ ਭਏ ਬਡਭਾਗਂੀ ॥ (ਮ 5/1267) ਭਾਵ (ਆਪਣਾ) ਇਹ ਮਨ (ਭਗਤ-ਜਨਾਂ ਦੇ) ਹਵਾਲੇ ਕਰ ਕੇ ਸੰਤ ਜਨਾਂ ਨੂੰ ਮਿੱਤਰ ਬਣਾ ਲਈਦਾ ਹੈ, (ਸੰਤ ਜਨ) ਵੱਡੇ ਭਾਗਾਂ ਵਾਲਿਆਂ ਉੱਤੇ ਦਇਆਵਾਨ ਹੋ ਜਾਂਦੇ ਹਨ। (ਬਡਭਾਗਂੀ= ਵੱਡੇ ਭਾਗਾਂ ਵਾਲਿਆਂ ਉੱਤੇ= ਅਧਿਕਰਣ ਕਾਰਕ ਚਿੰਨ੍ਹ ਮਿਲਣ ਕਾਰਨ, ਇੱਥੇ ਬਿੰਦੀ ਸਹਿਤ ਲਿਖਿਆ ਹੋਇਆ ਹੈ ਇਸ ਲਈ ਉਚਾਰਨ ਬਿੰਦੀ ਸਮੇਤ ‘ ਬਡਭਾਗੀਂ’ ਹੋਏਗਾ)

ਨੋਟ:- ਉਕਤ ਉਦਾਹਰਨਾਂ ਤੋਂ ਇਹ ਨਿਯਮ ਸਪਸ਼ਟ ਹੁੰਦਾ ਹੈ ਕਿ ਜਦੋਂ ‘ਵਡਭਾਗੀ’ ਦੇ ਕਾਰਕੀ ਅਰਥ ਨਿਕਲਦੇ ਹੋਣ= ‘ਵੱਡੇ ਭਾਗਾਂ ਨਾਲ’, ਤਾਂ ਇਸ ਦਾ ਉਚਾਰਨ ਬਿੰਦੀ ਸਹਿਤ ਹੋਵੇਗਾ। ‘ਜਦੋਂ ਵਡਭਾਗੀ’ ਦੇ ਅਰਥ ਸਧਾਰਨ ਰੂਪ ਵਿੱਚ ਨਿਕਲਦੇ ਹੋਣ= ‘ਵੱਡੇ ਭਾਗਾਂ ਵਾਲਾ ਜਾਂ ਵਾਲੇ (ਭਾਵ ਭਾਵੇਂ ਇਕ ਵਚਨ ਹੋਵੇ ਜਾਂ ਬਹੁ ਵਚਨ)’, ਤਾਂ ਇਸ ਦਾ ਉਚਾਰਨ ਬਿੰਦੀ ਤੋਂ ਬਿਨਾਂ ਹੋਵੇਗਾ ਪਰ ਜਦੋਂ ਇਸੇ ਤਰ੍ਹਾਂ ਦੇ ਅਰਥਾਂ ਵਾਲਾ ਬਹੁ ਵਚਨ ਸ਼ਬਦ ਕਾਰਕੀ (ਲੁਪਤ ਸਬੰਧਕੀ) ਅਰਥ ਵੀ ਦਿੰਦਾ ਹੋਵੇ ਜਿਵੇਂ ਕਿ ਤੁਕ ਨੰ: (6) ਵਿੱਚ ਹੈ ਤਾਂ ਇਹ ਬਿੰਦੀ ਸਹਿਤ ਉਚਾਰਿਆ ਜਾਵੇਗਾ।

ਭਾਂਤੀਂ, ਭਾਤੀ

(1) ਆਪੇ ਰੂਪ ਕਰੇ ਬਹੁ ਭਾਂਤੀਂ ; ਨਾਨਕੁ ਬਪੁੜਾ, ਏਵ ਕਹੈ ॥ (ਮ 1/350) ਭਾਵ ਇਹ ਭਾਂਤ ਭਾਂਤ ਦੇ ਰੂਪ ਭੀ ਪ੍ਰਭੂ ਆਪ ਹੀ ਬਣਾ ਰਿਹਾ ਹੈ (ਭਾਵੇਂ ਇਹ ਗੱਲ ਅਲੌਕਿਕ ਜਾਪਦੀ ਹੈ; ਪਰ ਉਸ ਪ੍ਰਭੂ ਨੂੰ ਹਰ ਚੰਗੇ ਮੰਦੇ ਵਿਚ ਵਿਆਪਕ ਵੇਖ ਕੇ) ਵਿਚਾਰਾ ਨਾਨਕ ਇਹੀ ਆਖ ਸਕਦਾ ਹੈ। (ਭਾਂਤੀਂ= ਕਈ ਭਾਂਤਾਂ ਦੇ, ਭਾਵ ਲੁਪਤ ਸਬੰਧਕੀ ‘ਦੇ’ ਕਾਰਕੀ ਹੋਣ ਕਾਰਨ ਬਿੰਦੀ ਸਹਿਤ ਦਰਜ ਹੈ।)

(2) ਵਰਤ ਨੇਮ ਕਰੈ ਬਹੁ ਭਾਤੀ ॥ (ਮ 5/265) ਭਾਵ ਕਈ ਕਿਸਮਾਂ ਦੇ ਵਰਤਾਂ ਦੇ ਬੰਧੇਜ ਕਰਦਾ ਹੈ; (ਭਾਂਤੀ= ਕਈ ਤਰੀਕਿਆਂ ਨਾਲ, ਬਹੁ ਵਚਨ ਕਾਰਕੀ ਅਰਥ, ਉਚਾਰਨ ਬਿੰਦੀ ਸਹਿਤ ਹੋਵੇਗਾ= ਭਾਂਤੀਂ)

(3) ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ; ਜਨਮ ਮਰਨ ਫਿਰਿ ਤਾਨਿਆ ॥ (ਧੰਨਾ ਜੀ/487) ਭਾਵ ਰੱਬੀ ਗੁਣ ਗਾਉਣ ਵੱਲੋਂ ਹਟ ਕੇ ਹੋਰ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵਧ ਰਹੀ ਹੈ, ਜਿਸ ਕਾਰਨ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ। (ਭਾਂਤੀ= ਕਿਸਮ, ਇੱਕ ਵਚਨ, ਉਚਾਰਨ ਬਿੰਦੀ ਰਹਿਤ ਹੋਵੇਗਾ= ਭਾਂਤੀ)

(4) ਜਿਸ ਕਾ ਸਾ, ਤਿਨ ਹੀ ਰਖਿ ਲੀਆ ; ਪੂਰਨ ਪ੍ਰਭ ਕੀ ਭਾਤੀ॥ (ਮ 5/681) ਭਾਵ ਪ੍ਰਭੂ ਦਾ (ਜੀਵਾਂ ਨੂੰ ਦੁੱਖਾਂ ਰੋਗਾਂ ਤੋਂ) ਬਚਾਉਣ ਦਾ ਤਰੀਕਾ ਪੂਰਨ ਤੌਰ ’ਤੇ ਉੱਤਮ ਹੈ; (ਮੈਂ) ਜਿਸ ਦਾ ਸੇਵਕ ਹਾਂ ਉਸ (ਪ੍ਰਭੂ) ਨੇ ਹੀ ਮੈਨੂੰ ਵਿਕਾਰਾਂ ਤੋਂ ਬਚਾ ਕੇ ਰੱਖ ਲਿਆ ਹੈ। (ਭਾਂਤੀ= ਤਰੀਕਾ, ਇੱਕ ਵਚਨ, ਉਚਾਰਨ ਕੰਨਾ ਬਿੰਦੀ ਸਮੇਤ ਅਤੇ ਬਿਹਾਰੀ ਬਿਨਾਂ ਬਿੰਦੀ ਤੋਂ= ਭਾਂਤੀ।)

ਪਾੲਂੀ, ਪਾਈਂ, ਪਾਂਈ, ਪਾਈ

  1. ਸੂਰੁ ਚਰ੍ਹੈ, ਪ੍ਰਿਉ ਦੇਖੈ ਨੈਨੀ; ਨਿਵਿ ਨਿਵਿ ਲਾਗੈ ਪਾਂਈ ॥ (ਮ 1/1273) ਭਾਵ ਜਦੋਂ ਸੂਰਜ ਚੜ੍ਹਦਾ ਹੈ, ਚਕਵੀ ਆਪਣੇ ਪਿਆਰੇ (ਚਕਵੇ) ਨੂੰ ਅੱਖੀਂ ਵੇਖਦੀ ਹੈ, ਲਿਫ ਲਿਫ ਕੇ ਉਸ ਦੇ ਪੈਰੀਂ ਲੱਗਦੀ ਹੈ। (ਪਾਂਈ = ਪੈਰੀਂ, ਉਚਾਰਨ ਬਿੰਦੀ ਸਹਿਤ= ਪਾਂਈਂ, ਨੈਨੀ= ਅੱਖਾਂ ਨਾਲ; ਉਚਾਰਨ ਬਿੰਦੀ ਸਹਿਤ= ਨੈਨੀਂ)
  2. ਗਤਿ ਹੋਵੈ, ਸੰਤਹ ਲਗਿ ਪਾੲਂੀ ॥ (ਮ 5/386) ਭਾਵ ਸੰਤ ਜਨਾਂ ਦੀ ਚਰਨੀਂ ਲੱਗ ਕੇ ਉੱਚੀ ਆਤਮਕ ਅਵਸਥਾ ਹੋ ਜਾਂਦੀ ਹੈ। (ਸੰਤਹ ਪਾੲਂੀ = ਸੰਤ ਜਨਾਂ ਦੀ ਚਰਨੀਂ; ਉਚਾਰਨ= ਪਾਂਈਂ)
  3. ਨਿਵਿ ਨਿਵਿ ਲਾਗਾ, ਤੇਰੀ ਪਾਈ ॥ (ਮ 5/106) ਭਾਵ ਮੈਂ ਸਦਾ ਨਿਊਂ ਨਿਊਂ ਕੇ ਤੇਰੀ ਪੈਰੀਂ ਲੱਗਦਾ ਹਾਂ। (ਪਾਈ=ਪੈਰੀਂ; ਉਚਾਰਨ= ਪਾਂਈਂ)
  4. ਜੇ ਬਹੁਤੇਰਾ ਪੜਿਆ ਹੋਵਹਿ ; ਕੋ ਰਹੈ ਨ ਭਰੀਐ ਪਾਈ ॥ (ਮ 1/24) ਭਾਵ ਭਾਵੇਂ ਤੂੰ ਕਿਤਨਾ ਹੀ (ਮਜ਼ਹਬੀ ਕਿਤਾਬਾਂ) ਪੜ੍ਹ ਜਾਏਂ (ਮੌਤ ਫਿਰ ਭੀ ਨਹੀਂ ਟਲੇਗੀ), ਜਿਵੇਂ ਪਨ ਘੜੀ ਵਾਲੀ ਪਾਈ ਜਦੋਂ ਪਾਣੀ ਨਾਲ ਭਰ ਜਾਂਦੀ ਹੈ ਤਾਂ ਪਾਣੀ ਵਿੱਚ ਤੈਰਦੀ ਨਹੀਂ ਰਹਿ ਸਕਦੀ ਭਾਵ ਡੁੱਬ ਜਾਂਦੀ ਹੈ, ਇਸੇ ਤਰ੍ਹਾਂ ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਕੋਈ ਇੱਥੇ ਰਹਿ ਨਹੀਂ ਸਕਦਾ। (ਪਾਈ= ਇੱਕ ਵਚਨ ਹੈ ਅਤੇ ਕੋਈ ਵੀ ਕਾਰਕੀ (ਲੁਪਤ ਸਬੰਧਕੀ) ਅਰਥ ਨਹੀਂ ਨਿਕਲਦੇ, ਇਸ ਲਈ ਉਚਾਰਨ ਬਿਨਾਂ ਬਿੰਦੀ ਤੋਂ ਹੋਵੇਗਾ ‘ਪਾਈ’)

ਠਾੲਂੀ, ਠਾਂਈ, ਠਾਈ

(1) ਸੰਗਿ ਸਹਾਈ, ਛੋਡਿ ਨ ਜਾਈ ; ਪ੍ਰਭੁ ਦੀਸੈ ਸਭਨੀ ਠਾੲਂੀ ॥ (ਮ 5/1269) ਭਾਵ ਹੇ ਭਾਈ  ! ਉਹ ਪ੍ਰਭੂ ਹਰੇਕ ਦੇ ਨਾਲ ਸਾਥੀ ਹੈ, ਜੋ ਛੱਡ ਕੇ ਨਹੀਂ ਜਾਂਦਾ ਭਾਵ ਧੋਖਾ ਨਹੀਂ ਦਿੰਦਾ ਕਿਉਂਕਿ ਸਭ ਥਾਂਈਂ ਵੱਸਦਾ ਦਿੱਸਦਾ ਹੈ । (ਠਾੲਂੀ = ਥਾਂਈਂ, ਬਿੰਦੀ ਸਹਿਤ ਉਚਾਰਨ= ਠਾਂਈਂ। ਜਾਈ= ਜਾਂਦਾ, ਇੱਕ ਵਚਨ, ਅਨ ਪੁਰਖ ਦੀ ਕਿਰਿਆ; ਉਚਾਰਨ ਬਿਨਾਂ ਬਿੰਦੀ ਤੋਂ= ਜਾਈ)

(2) ਗੁਰ ਦ੍ਰਿਸਟਾਇਆ, ਸਭਨੀ ਠਾਂਈ ॥ (ਮ 5/1075) ਭਾਵ ਗੁਰੂ ਨੇ (ਹੀ ਸੇਵਕ ਨੂੰ ਪਰਮਾਤਮਾ) ਸਭਨੀਂ ਥਾਂਈਂ ਵਸਦਾ ਵਿਖਾਇਆ ਹੈ। (ਠਾਂਈ= ਥਾਂਈਂ, ਬਿੰਦੀ ਸਹਿਤ ਉਚਾਰਨ ਹੈ= ਠਾਂਈਂ)

(3) ਸਾਂਤਿ ਭਈ, ਬੁਝੀ ਸਭ ਤ੍ਰਿਸਨਾ ; ਅਨਦੁ ਭਇਆ ਸਭ ਠਾਈ ਜੀਉ ॥ (ਮ 5/106) ਭਾਵ (ਜੀਵਾਂ ਦੇ ਅੰਦਰ) ਠੰਢ ਪੈ ਗਈ, ਸਾਰੀ ਤ੍ਰੇਹ ਮਿਟ ਗਈ ਤੇ ਸਭ ਥਾਂਈਂ ਖ਼ੁਸ਼ੀ ਹੀ ਖ਼ੁਸ਼ੀ ਹੋ ਗਈ, ਸਭ ਦੇ ਹਿਰਦਿਆਂ ਵਿਚ ਆਨੰਦ ਪੈਦਾ ਹੋ ਗਿਆ)। (ਠਾਈ= ਥਾਂਈਂ, ਕੰਨਾ ਤੇ ਬਿਹਾਰੀ ਦੋਵਾਂ ’ਤੇ ਬਿੰਦੀ; ਉਚਾਰਨ ਹੈ= ਠਾਂਈਂ)

ਨੋਟ:- ਇਸੇ ਤਰ੍ਹਾਂ ਇਨ੍ਹਾਂ ਹੀ ਅਰਥਾਂ ਵਿੱਚ ਵਰਤੇ ਗਏ ਸ਼ਬਦ ‘ਥਾਈ’ ਅਤੇ ‘ਜਾਈ’ ਵੀ ਕੰਨਾ ਤੇ ਬਿਹਾਰੀ ਦੋਵਾਂ ’ਤੇ ਬਿੰਦੀ ਲਗਾ ਕੇ ਉਚਾਰਨ ਹੋਏਗਾ ‘ਥਾਂਈਂ, ਜਾਂਈਂ’।

ਨਾਂਈਂ, ਨਾਂਈ, ਨਾਈ

  1. ਨਾਨਕ ! ਸਚਾ, ਸਚੀ ਨਾਂਈ ; ਸਚੁ ਪਵੈ ਧੁਰਿ ਲੇਖੈ ॥ (ਮ 4/1242) ਭਾਵ ਹੇ ਨਾਨਕ ! ਸਦਾ-ਥਿਰ ਮਾਲਕ ਹੈ ਤੇ ਉਸ ਦੀ ਵਡਿਆਈ (ਨਾਮ, ਮਹਿਮਾ) ਵੀ ਸਦਾ ਕਾਇਮ ਰਹਿਣ ਵਾਲੀ ਹੈ, ਪਰ ਇਹ ਸਚ ਨਾਮ-ਵਡਿਆਈ ਉਸ ਦੇ ਹਿਰਦੇ ’ਚ ਹੀ ਵਸਦੀ ਹੈ, ਜਿਸ ਦੇ ਭਾਗ ’ਚ ਧੁਰ ਤੋਂ ਲਿਖਿਆ ਹੋਇਆ ਹੁੰਦਾ ਹੈ। (ਨਾਂਈ = ਵਡਿਆਈ। ਕੰਨੇ ’ਤੇ ਲੱਗੀ ਬਿੰਦੀ ਦਾ ਉਚਾਰਨ ਹੋਵੇਗਾ ‘ਨਾਂਈ’, ਨਾ ਕਿ ਨਾਈਂ’।)
  2. ਸਚਾ ਸਾਹਿਬੁ, ਸਚੀ ਨਾਈ ॥ (ਮ 3/1048) ਭਾਵ ਸਦਾ-ਥਿਰ ਮਾਲਕ ਹੈ ਤੇ ਉਸ ਦੀ ਵਡਿਆਈ ਵੀ ਸਦਾ-ਥਿਰ ਰਹਿਣ ਵਾਲੀ ਹੈ। (ਇੱਥੇ ਵੀ ‘ਨਾਈ’ ਦਾ ਅਰਥ ਹੈ ‘ਵਡਿਆਈ’, ਇਸ ਲਈ ਉਚਾਰਨ ਵੀ ਨੰਬਰ 1. ਤੁਕ ਵਾਙ ਹੀ ਹੋਵੇਗਾ= ਨਾਂਈ)
  3. ਸਭਿ ਦੁਖ ਮੇਟੇ, ਸਾਚੈ ਨਾਈ ॥ (ਮ 1/412) ਭਾਵ ਸਾਰੇ ਦੁਖ ਸਚੇ ਨਾਮ ਦੁਆਰਾ ਮਿਟ ਜਾਂਦੇ ਹਨ। (ਨਾਈ = ਨਾਮ ਦੀ ਰਾਹੀਂ= ਵਡਿਆਈ ਦੀ ਰਾਹੀਂ; ਉਚਾਰਨ ਹੈ= ਨਾਂਈਂ)
  4. ਸੈਨੁ ਨਾਈ ਬੁਤਕਾਰੀਆ ; ਓਹੁ ਘਰਿ ਘਰਿ ਸੁਨਿਆ ॥ (ਮ 5/487) ਭਾਵ ਸੈਣ (ਜਾਤਿ ਦਾ) ਨਾਈ, ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ, ਜਿਸ ਦੀ ਪ੍ਰਸਿੱਧੀ ਘਰ ਘਰ ’ਚ ਹੋਣ ਲੱਗੀ। (ਉਚਾਰਨ ਬਿਨਾਂ ਬਿੰਦੀ ਤੋਂ ਹੋਵੇਗਾ= ਨਾਈ)

ਆਖੀਂ, ਆਖੀ

  1. ਆਖੀਂ ਸੇਖਾ ! ਬੰਦਗੀ ; ਚਲਣੁ ਅਜੁ ਕਿ ਕਲਿ ॥ (ਸਲੋਕ ਫਰੀਦ ਜੀ/1383) ਭਾਵ ਹੇ ਸ਼ੇਖ਼ (ਫਰੀਦ) ! (ਰੱਬ ਦੀ) ਬੰਦਗੀ ਕਰ (ਇਹਨਾਂ ਮਹਲ-ਮਾੜੀਆਂ ਤੋਂ) ਅੱਜ ਭਲਕੇ ਕੂਚ ਕਰਨਾ ਹੋਵੇਗਾ। (ਆਖੀਂ= ਤੂੰ ਆਖ; ਮੱਧਮ ਪੁਰਖ ਇੱਕ ਵਚਨ ਦੀ ਕਿਰਿਆ ਹੋਣ ਕਰ ਕੇ ਬਿੰਦੀ ਸਹਿਤ ਦਰਜ ਹੈ, ਜੋ ਉਚਾਰਨ ਦਾ ਭਾਗ ਹੈ, ਪਰ।
  2. ਜਿਨਿ ਆਖੀ, ਸੋਈ ਕਰੇ ; ਜਿਨਿ ਕੀਤੀ ਤਿਨੈ ਥਟੀਐ ॥ (ਵਾਰ ਬਲਵੰਡ ਸਤਾ/967) ਭਾਵ ਜਿਸ ਗੁਰੂ ਨਾਨਕ ਨੇ ਇਹ ਰਜ਼ਾ-ਮੰਨਣ ਦਾ ਹੁਕਮ ਫੁਰਮਾਇਆ, ਉਹ ਆਪ ਹੀ ਕਾਰ ਕਰਨ ਵਾਲਾ ਸੀ, ਜਿਸ ਨੇ ਇਹ (ਹੁਕਮ-ਖੇਡ) ਰਚੀ, ਉਸ ਨੇ ਆਪ ਹੀ ਬਾਬਾ ਲਹਿਣਾ ਜੀ ਨੂੰ ਹੁਕਮ ਮੰਨਣ ਦੇ) ਸਮਰੱਥ ਬਣਾਇਆ। (ਆਖੀ = (ਹੁਕਮ ਮੰਨਣ ਦੀ ਸਿੱਖਿਆ) ਦੱਸੀ। ਅਨ ਪੁਰਖ ਇੱਕ ਵਚਨ ਦੀ ਕਿਰਿਆ ਹੋਣ ਕਰ ਕੇ ਇੱਥੇ ਉਚਾਰਨ ਬਿਨਾਂ ਬਿੰਦੀ ਤੋਂ ਹੋਵੇਗਾ= ਆਖੀ)
  3. ਮੂਰਖੁ ਹੋਇ, ਨ ਆਖੀ ਸੂਝੈ ॥ (ਮ 1/414) ਭਾਵ ਉਹ ਮਨੁੱਖ ਮੂਰਖ ਹੈ ਜਿਹੜਾ (ਅੰਦਰੂਨੀ) ਅੱਖਾਂ ਨਾਲ (ਪ੍ਰਭੂ ਸਬੰਧੀ ਕੋਈ) ਸੂਝ ਨਹੀਂ ਰੱਖਦਾ/(ਪ੍ਰਭੂ) ਨਹੀਂ ਦਿਸਦਾ । (ਆਖੀ = ਅੱਖਾਂ ਨਾਲ; ਉਚਾਰਨ= ਆੱਖੀਂ। ਨ ਸੂਝੈ =ਨ ਸੁੱਝਦਾ, ਨਾ ਦਿੱਸਦਾ।
  4. ਕਬੀਰ ! ਆਖੀ ਕੇਰੇ ਮਾਟੁਕੇ ; ਪਲੁ ਪਲੁ ਗਈ ਬਿਹਾਇ ॥ (ਸਲੋਕ ਕਬੀਰ ਜੀ/1376) ਭਾਵ ਹੇ ਕਬੀਰ ! ਅੱਖਾਂ ਦੇ ਝਮਕਣ ਜਿਤਨਾ ਸਮਾਂ ਤੇ ਪਲ ਪਲ ਕਰ ਕੇ (ਉਮਰ) ਬੀਤ ਰਹੀ ਹੈ। (ਆਖੀ ਕੇਰੇ ਮਾਟੁਕੇ = ਅੱਖਾਂ ਦੇ ਝਮਕਣ ਜਿਤਨਾ ਸਮਾ; ਉਚਾਰਨ= ਆੱਖੀਂ। ਗਈ ਬਿਹਾਇ = (ਉਮਰ) ਬੀਤ ਰਹੀ ਹੈ। ‘ਗਈ’ ਅਨ ਪੁਰਖ ਇੱਕ ਵਚਨ ਦੀ ਕਿਰਿਆ ਹੋਣ ਕਰ ਕੇ ਬਿਨਾਂ ਬਿੰਦੀ ਤੋਂ ਉਚਾਰੀ ਜਾਵੇਗੀ= ਗਈ)

ਹਾਥੀ, ਹਥੀ

  1. ਕਹਾ ਭਇਓ ਦਰਿ ਬਾਂਧੇ ਹਾਥੀ ? ਖਿਨ ਮਹਿ ਭਈ ਪਰਾਈ ॥ (ਭਗਤ ਨਾਮਦੇਵ ਜੀ/693) ਭਾਵ ਕੀ ਹੋਇਆ ਜੇ (ਉਸ ਦੇ ਮਹਿਲਾਂ ਦੇ) ਦਰਵਾਜ਼ੇ (ਬੂਹੇ) ਉੱਤੇ ਹਾਥੀ ਬੱਝੇ ਹੋਏ ਹਨ ? ਇਕ ਪਲ ਵਿਚ ਸਭ ਕੁਝ ਪਰਾਇਆ ਹੋ ਗਿਆ। (ਹਾਥੀ= ਬਹੁ ਵਚਨ ਪੁਲਿੰਗ ਸ਼ਬਦ ਹੈ, ਜੋ ਬਿਨਾਂ ਬਿੰਦੀ ਤੋਂ ਉਚਾਰਿਆ ਜਾਵੇਗਾ= ਹਾਥੀ, ਕਿਉਂਕਿ ਕੋਈ ਸਬੰਧਕੀ ਚਿੰਨ੍ਹ ਜਾਂ ਲੁਪਤ ਕਾਰਕ ਨਹੀਂ ਮਿਲਦਾ; ਜਿਵੇਂ ਕਿ ਹਾਥੀ ਦਾ, ਹਾਥੀ ਵਿੱਚ, ਆਦਿ।)
  2. ਹਰਿ ਹੈ ਖਾਂਡੁ, ਰੇਤੁ ਮਹਿ ਬਿਖਰੀ ; ਹਾਥੀ ਚੁਨੀ ਨ ਜਾਇ ॥ (ਸਲੋਕ ਕਬੀਰ ਜੀ/1377 ਭਾਵ ਪਰਮਾਤਮਾ ਦਾ ਨਾਮ, ਮਾਨੋ, ਖੰਡ ਵਾਙ ਬਾਰੀਕ ਹੈ ਜੋ ਰੇਤ (ਸਮਾਜਿਕ ਵਿਸ਼ਾਲਤਾ) ਵਿਚ ਖਿੱਲਰੀ ਹੋਈ ਹੈ, ਹਾਥੀ (ਅਹੰਕਾਰ) ਪਾਸੋਂ ਇਹ ਖੰਡ, ਰੇਤ ਵਿੱਚੋਂ ਚੁਣੀ ਨਹੀਂ ਜਾ ਸਕਦੀ। (ਹਾਥੀ = ਹਾਥੀ ਪਾਸੋਂ। ਇੱਕ ਵਚਨ ਪੁਲਿੰਗ ਸ਼ਬਦ ਹੋਣ ਕਰ ਕੇ ਉਚਾਰਨ ਬਿਨਾਂ ਬਿੰਦੀ ਤੋਂ= ਹਾਥੀ)
  3. ਤ੍ਰਾਹਿ ਤ੍ਰਾਹਿ, ਸਰਨਿ ਜਨ ਆਏ ; ਗੁਰੁ ਹਾਥੀ ਦੇ ਨਿਕਲਾਵੈਗੋ ॥ (ਮ 4/1311) ਭਾਵ ਜਦ ਆਦਮੀ ‘ਮੇਰੀ ਰੱਖਿਆ ਕਰੋ, ਮੇਰੀ ਰੱਖਿਆ ਕਰੋ’ ਕਹਿੰਦਾ ਹੋਇਆ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਤਾਂ ਗੁਰੂ ਜੀ ਆਪਣਾ ਹੱਥ ਦੇ ਕੇ ਉਸ ਨੂੰ ਬਾਹਰ ਕੱਢ ਲੈਂਦੇ ਹਨ। (ਹਾਥੀ = ਹੱਥ।, ਦੇ = ਦੇ ਕੇ। ਉਚਾਰਨ ਬਿਨਾਂ ਬਿੰਦੀ ਤੋਂ= ਹਾਥੀ, ਇੱਕ ਵਚਨ)
  4. ਹਥੀ ਦਿਤੀ, ਪ੍ਰਭਿ ਦੇਵਣਹਾਰੈ ॥ (ਮ 5/106) ਭਾਵ ਹਥੀ = ਤਲੀ, ਫੱਕੀ (ਘਰ ਵਿਚ ਨਿਆਣਿਆਂ ਲਈ ਮਾਵਾਂ ਜਵੈਣ ਸੌਂਫ ਆਦਿਕ ਦੀ ਫੱਕੀ ਬਣਾ ਕੇ ਰੱਖਦੀਆਂ ਹਨ, ਜੋ ਵੇਲੇ ਕੁਵੇਲੇ ਬਾਲਾਂ ਨੂੰ ਤਲੀ ਦੇ ਦੇਂਦੀਆਂ ਹਨ) ਉਚਾਰਨ= ਹੱਥੀ। ਪੂਰੀ ਤੁਕ ਦੇ ਅਰਥ : (ਪ੍ਰਭੂ ਦੀ ਸਿਫ਼ਤ-ਸਾਲਾਹ, ਮਾਨੋ, ਇਕ ਫੱਕੀ ਹੈ) ਦੇਵਣਹਾਰ ਪ੍ਰਭੂ ਨੇ ਇਸ ਜੀਵ-ਬਾਲ ਨੂੰ (ਇਸ ਫੱਕੀ ਦੀ) ਤਲੀ ਦਿੱਤੀ।
  5. ਹਥੀ ਪਉਦੀ, ਕਾਹੇ ਰੋਵੈ ? ॥ (ਮ 1/989) ਭਾਵ ਹਥੀ ਪਉਦੀ = ਜਦੋਂ (ਜਮਾਂ ਦੇ) ਹੱਥ ਪੈਂਦੇ ਹਨ। ਕਾਹੇ ਰੋਵੈ = ਕਿਉਂ ਰੋਂਦਾ ਹੈ ? ਰੋਣ ਦਾ ਕੋਈ ਲਾਭ ਨਹੀਂ ਹੁੰਦਾ। ਉਚਾਰਨ= ਹੱਥੀ (ਕਿਉਂਕਿ ਕੋਈ ਸਬੰਧਕੀ ਚਿੰਨ੍ਹ ਨਹੀਂ)।
  6. ਆਪਣ ਹਥੀ ਆਪਣਾ; ਆਪੇ ਹੀ ਕਾਜੁ ਸਵਾਰੀਐ ॥ (ਮ 1/474) ਭਾਵ ਆਪਣੇ ਹੱਥਾਂ ਨਾਲ ਆਪਣਾ ਕੰਮ ਆਪ ਹੀ ਸੁਆਰਨਾ ਚਾਹੀਦਾ ਹੈ (ਭਾਵ ਮਨੁੱਖਾ-ਜਨਮ ਹਰੀ ਦੇ ਸਿਮਰਨ ਨਾਲ ਸਫਲ ਕਰਨਾ ਚਾਹੀਦਾ ਹੈ)। (‘ਹਥੀ’ ਬਹੁ ਵਚਨ ਅਤੇ ਕਾਰਕੀ ਅਰਥ (ਨਾਲ) ਦੇਣ ਕਰ ਕੇ ਇੱਥੇ ਉਚਾਰਨ ਹੈ ਬਿੰਦੀ ਸਹਿਤ= ਹੱਥੀਂ ਭਾਵ ਹੱਥਾਂ ਨਾਲ)

ਕਾਜੀ

  1. ਕਾਜੀ ਸੋ, ਜੋ ਉਲਟੀ ਕਰੈ ॥ (ਮ 1/662) ਭਾਵ ਕਾਜ਼ੀ ਉਹ ਹੈ, ਜੋ ਸੁਰਤਿ ਨੂੰ ਹਰਾਮ ਦੇ ਮਾਲ ਵੱਲੋਂ ਮੋੜਦਾ ਹੈ।
  2. ਕਾਜੀ ! ਤੈ ਕਵਨ ਕਤੇਬ ਬਖਾਨੀ ? ॥ ਪੜ੍ਹਤ ਗੁਨਤ ਐਸੇ ਸਭ ਮਾਰੇ; ਕਿਨਹੂੰ ਖਬਰਿ ਨ ਜਾਨੀ ॥ (ਭਗਤ ਕਬੀਰ/477) ਭਾਵ ਹੇ ਕਾਜ਼ੀ ! ਤੂੰ ਕਿਹੜੀ ਕਿਤਾਬ ਵਿੱਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਕ ਮਿਲੇਗਾ) ? ਤੇਰੇ ਵਰਗੇ ਜੋ ਮਨੁੱਖ ਤਅੱਸਬ ਦੀ ਪੱਟੀ ਅੱਖਾਂ ’ਤੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ ਖ਼ੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ। (ਉਕਤ ਦੋਵਾਂ ਤੁਕਾਂ ਵਿੱਚ ਉਚਾਰਨ ਹੈ= ਕਾਜ਼ੀ)
  3. ਕਹੁ ਨਾਨਕ ! ਅਪਰੰਪਰ ਸੁਆਮੀ ; ਕੀਮਤਿ ਅਪੁਨੇ ਕਾਜੀ ॥ (ਮ 5/206) ਭਾਵ ਹੇ ਨਾਨਕ ਆਖ ਕਿ ਉਹ ਪਰਮਾਤਮਾ ਪਰੇ ਤੋਂ ਪਰੇ ਹੈ, (ਸਾਰੀ ਰਚਨਾ ਦਾ) ਮਾਲਕ ਹੈ ਤੇ ਉਹ ਆਪਣੇ ਕੰਮਾਂ ਦੀ ਕਦਰ ਆਪ ਹੀ ਜਾਣਦਾ ਹੈ। (ਕੀਮਤ ਅਪੁਨੈ ਕਾਜੀ = ਆਪਣੇ ਕਾਜਾਂ (ਕੰਮਾਂ) ਦੀ ਕੀਮਤ। ਉਚਾਰਨ ਬਿੰਦੀ ਸਹਿਤ= ਕਾਜੀਂ)

ਮੋਰੀ

  1. ਗੁਰਿ ਦਿਖਲਾਈ ਮੋਰੀ ॥ ਜਿਤੁ, ਮਿਰਗ ਪੜਤ ਹੈ ਚੋਰੀ ॥ (ਭਗਤ ਕਬੀਰ ਜੀ/656) ਭਾਵ ਗੁਰੂ ਸਾਹਿਬਾਂ ਨੇ ਮੈਨੂੰ ਉਹ ਮੋਰੀ ਵਿਖਾਲ ਦਿੱਤੀ ਹੈ, ਜਿਸ ਦੇ ਰਾਹੀਂ (ਵਿਕਾਰ ਰੂਪੀ) ਹਰਨ ਚੋਰੀਓਂ ਅੰਦਰ ਵੜਦੇ ਹਨ। (ਮੋਰੀ= ਗਲ਼ੀ/ਸੁਰਾਖ। ਉਚਾਰਨ= ਬਿਨਾਂ ਬਿੰਦੀ ਤੋਂ= ਮੋਰੀ)
  2. ਕਹੁ ਨਾਨਕ ! ਮੋਰੀ ਪੂਰਨ ਆਸਾ ॥ (ਮ 5/394) ਭਾਵ ਹੇ ਨਾਨਕ ! ਆਖ ਕਿ ਹੁਣ ਮੇਰੀ ਖਾਹਿਸ਼ ਪੂਰੀ ਹੋ ਗਈ ਹੈ। (ਮੋਰੀ= ਮੇਰੀ, ਪੜਨਾਂਵ। ਉਚਾਰਨ ਬਿਨਾਂ ਬਿੰਦੀ ਤੋਂ= ਮੋਰੀ)
  3. ਮੋਰੀ ਰੁਣ ਝੁਣ ਲਾਇਆ; ਭੈਣੇ ! ਸਾਵਣੁ ਆਇਆ ॥ (ਮ 1/557) ਭਾਵ ਹੇ ਭੈਣੇ ! ਬਰਸਾਤ ਦਾ ਮਹੀਨਾ ‘ਸਾਉਣ’ ਆ ਗਿਆ ਹੈ। ਮੋਰਾਂ ਨੇ ਪੈਲਾਂ (ਮਿੱਠੇ ਗੀਤ) ਪਾਉਣੀਆਂ ਸ਼ੁਰੂ ਕਰ ਦਿੱਤੀਆਂ । (ਮੋਰੀ= ਕਰਤਾ ਕਾਰਕ, ਬਹੁ ਵਚਨ= ਮੋਰਾਂ ਨੇ। ਉਚਾਰਨ= ਮੋਰੀਂ)

ਗੋਰੀ

  1. ਛੈਲ ਲੰਘੰਦੇ ਪਾਰਿ, ਗੋਰੀ ਮਨੁ ਧੀਰਿਆ ॥ (ਭਗਤ ਫਰੀਦ ਜੀ/488) ਭਾਵ (ਕਿਸੇ ਦਰਿਆ ਤੋਂ) ਤੈਰਾਕ ਜੁਆਨਾਂ ਨੂੰ (ਨਦੀ, ਸੰਸਾਰ ਸਮੁੰਦਰ)) ਪਾਰ ਲੰਘਦਿਆਂ ਵੇਖ ਕੇ ਸੁੰਦਰ ਮੁਟਿਆਰ (ਗੁਰਮੁਖ) ਦਾ ਦਿਲ ਹੌਸਲਾ ਫੜ ਲੈਂਦਾ ਹੈ (ਤੇ ਲੰਘਣ ਦਾ ਹੀਆ ਕਰਦੀ ਹੈ) । (ਗੋਰੀ= ਇੱਕ ਵਚਨ ਇਸਤਰੀ ਲਿੰਗ ਨਾਂਵ= ਸੁੰਦਰ ਮੁਟਿਆਰ। ਉਚਾਰਨ ਬਿਨਾਂ ਬਿੰਦੀ ਤੋਂ= ਗੋਰੀ)
  2. ਪਾਨੀ ਮੈਲਾ, ਮਾਟੀ ਗੋਰੀ ॥ (ਭਗਤ ਕਬੀਰ ਜੀ/336) ਭਾਵ ਮਾਟੀ ਗੋਰੀ= ਲਾਲ ਮਿੱਟੀ, ਮਾਂ ਦੀ ਰਕਤ-ਰੂਪ ਧਰਤੀ ਜਿਸ ਵਿਚ ਪਿਤਾ ਦਾ ਬੀਰਜ-ਰੂਪ (ਮੈਲਾ ਪਾਨੀ) ਬੀਜ ਉੱਗਦਾ ਹੈ। (ਗੋਰੀ= ਵਿਸ਼ੇਸ਼ਣ, ਲਾਲ ਸੁਰਖ ਰੰਗ। ਉਚਾਰਨ= ਬਿਨਾਂ ਬਿੰਦੀ= ਗੋਰੀ)
  3. ਕੂੜਾ ਸਉਦਾ ਕਰਿ ਗਏ ; ਗੋਰੀ ਆਇ ਪਏ ॥ (ਸਲੋਕ ਫਰੀਦ ਜੀ/1380) ਭਾਵ (ਮਨਮੁਖਾਂ ਨੇ) ਝੂਠਾ ਵਣਜ ਵਿਹਾਝਿਆ ਅਤੇ ਅੰਤ ਕਬਰਾਂ ਵਿੱਚ ਆ ਡਿੱਗੇ। (ਗੋਰੀ = ਫਾਰਸੀ ਦੇ ਸ਼ਬਦ ‘ਗੋਰ’/ਕਬਰ ਦਾ ਬਹੁ ਵਚਨ ਹੈ ਅਤੇ ਕਾਰਕੀ ਅਰਥ ਦਿੰਦਾ ਹੈ। ਉਚਾਰਨ= ਗੋਰੀਂ= ਕਬਰਾਂ ਵਿਚ), ਆਦਿ।

ਸੰਖੇਪ ’ਚ ਦਿੱਤੀਆਂ ਗਈਆਂ ਉਕਤ ਸਾਰੀਆਂ ਉਦਾਹਰਨਾਂ ਤੋਂ ਅਸੀਂ ਵੇਖ ਚੁੱਕੇ ਹਾਂ ਕਿ ਗੁਰਬਾਣੀ ਵਿੱਚ ਅੰਤ ਬਿਹਾਰੀ ਸਹਿਤ ਕੁਝ ਕੁ ਥਾਂਵਾਂ ’ਤੇ ਬਹੁ ਵਚਨ ਇਸਤਰੀ ਲਿੰਗ/ਪੁਲਿੰਗ ਨਾਂਵ ਸ਼ਬਦਾਂ, ਜਿਨ੍ਹਾਂ ਦੇ ਪਿੱਛੇ ਸਬੰਧਕੀ ਜਾਂ ਕਾਰਕੀ ਸ਼ਬਦ ਲੱਗੇ ਹੋਣ ਜਾਂ ਲੁਪਤ ਤੌਰ ’ਤੇ ਕਾਰਕੀ ਚਿੰਨ੍ਹ ਮਿਲਦੇ ਹੋਣ ਤਾਂ ਉਸ ਬਿਹਾਰੀ ਤੋਂ ਪਹਿਲਾਂ ਜਾਂ ਬਾਅਦ ’ਚ ਬਿੰਦੀ ਲੱਗੀ ਹੋਈ ਹੈ; (ਕਈ ਥਾਂਈ ਬਿੰਦੀ ਦੇ ਥਾਂ ਟਿੱਪੀ ਵੀ ਲੱਗੀ ਹੋਈ ਹੈ, ਜੋ ਤਤਕਾਲੀ ਲਿਖਤ ਮੁਤਾਬਕ ਹੈ; ਜਿਸ ਤੋਂ ਸਾਨੂੰ ਇਹ ਸੇਧ ਮਿਲਦੀ ਹੈ ਕਿ ਇਨ੍ਹਾਂ ਹੀ ਵਰਗੇ ਅਰਥਾਂ ਵਿੱਚ ਜਦੋਂ ਅੰਤ ਬਿਹਾਰੀ (ਬਿੰਨਾਂ ਬਿੰਦੀ) ਵਾਲੀ ਧੁਨੀ ਹੋਵੇ ਤਾਂ ਉਨ੍ਹਾਂ ਦਾ ਬਿੰਦੀ ਸਹਿਤ ਉਚਾਰਨ ਕਰਨਾ ਵਾਜਬ ਹੁੰਦਾ ਹੈ, ਪਰ ਇਹ ਖਿਆਲ ਰੱਖਣਾ ਜ਼ਰੂਰੀ ਹੈ ਕਿ ਗੁਰ ਪ੍ਰਸਾਦੀ, ਗੁਰਮਤੀ, ਗੁਰ ਸਬਦੀ, ਆਦਿਕ ਸ਼ਬਦ ਕਦੀ ਵੀ ਬਿੰਦੀ ਸਹਿਤ ਉਚਾਰਨ ਨਹੀਂ ਹੁੰਦੇ, ਇਨ੍ਹਾਂ ਸ਼ਬਦਾਂ ਦੇ ਬਿੰਦੀ ਰਹਿਤ ਉਚਾਰੇ ਜਾਣ ਦੇ ਦੋ ਕਾਰਨ ਹਨ :

(1). ਇਹ ਕਿ ਇਹ ਸ਼ਬਦ ਗੁਰਮਤਿ ਫ਼ਲਸਫ਼ੇ ਵਿੱਚ ਹਮੇਸ਼ਾਂ ਹੀ ਇੱਕ ਵਚਨ ਦੇ ਅਰਥਾਂ ’ਚ ਵਰਤੇ ਜਾਂਦੇ ਹਨ, ਜਿਵੇਂ: ਗੁਰ ਪ੍ਰਸਾਦੀ= ਗੁਰੂ ਦੀ ਕਿਰਪਾ ਦੁਆਰਾ। ਗੁਰਮਤੀ= ਗੁਰੂ ਦੀ ਮੱਤ ਦੁਆਰਾ। ਗੁਰ ਸਬਦੀ= ਗੁਰੂ ਦੇ ਸ਼ਬਦ ਦੁਆਰਾ।

(2). ਗੁਰਬਾਣੀ ਲਿਖਤ ਵਿੱਚ ਇਹ ਜ਼ਿਆਦਾਤਰ ਸਿਹਾਰੀ ਅੰਤ ਲਿਖੇ ਹੋਏ ਹਨ; ਜਿਵੇਂ ਕਿ ‘ਗੁਰ ਪ੍ਰਸਾਦਿ= ਗੁਰੂ ਦੀ ਕਿਰਪਾ ਦੁਆਰਾ।, ਗੁਰਮਤਿ= ਗੁਰੂ ਦੀ ਮੱਤ ਦੁਆਰਾ।, ਗੁਰ ਸਬਦਿ= ਗੁਰੂ ਦੇ ਸ਼ਬਦ ਦੁਆਰਾ।, ਆਦਿ। ਕਾਵਿ ਰਚਨਾ ਨੂੰ ਧਿਆਨ ਵਿੱਚ ਰੱਖਦਿਆਂ ਕਈ ਥਾਂਈਂ ਜਿੱਥੇ ਸ਼ਬਦ ਦੀ ਮਾਤਰਾ ਵਧਾਉਣ ਦੀ ਲੋੜ ਹੋਵੇ ਉੱਥੇ ਸਿਹਾਰੀ ਨੂੰ ਬਿਹਾਰੀ ’ਚ ਬਦਲ ਦਿੱਤਾ ਹੁੰਦਾ ਹੈ (ਕਿਉਂਕਿ ਸਿਹਾਰੀ ਲਘੂ ਮਾਤਰਾ ਹੈ ਤੇ ਬਿਹਾਰੀ ਦੀਰਘ ਮਾਤਰਾ, ਜਿਸ ਦਾ ਵਜ਼ਨ ਲਘੂ ਮਾਤਰਾ ਨਾਲੋਂ ਦੁੱਗਣਾ ਹੁੰਦਾ ਹੈ) ਜਦ ਕਿ ਸਿਹਾਰੀ ਅੰਤ ਜਾਂ ਬਿਹਾਰੀ ਅੰਤ ਨਾਲ ਅਰਥਾਂ ਵਿੱਚ ਕੋਈ ਖ਼ਾਸ ਤਬਦੀਲੀ ਨਹੀਂ ਆਉਂਦੀ।

ਸੋ, ਜਦ ਇਹੀ ਸ਼ਬਦ ਸਮਾਨ ਅਰਥਾਂ ਵਿੱਚ ਸਿਹਾਰੀ ਅੰਤ ਬਿਨਾਂ ਬਿੰਦੀ ਪੜ੍ਹੇ ਅਤੇ ਲਿਖੇ ਜਾਂਦੇ ਹਨ ਤਾਂ ਸਿਹਾਰੀ (ਲਘੂ ਮਾਤਰਾ) ਨੂੰ ਬਿਹਾਰੀ (ਦੀਰਘ ਮਾਤਰਾ) ਵਿੱਚ ਬਦਲਣ ’ਤੇ ਬਿੰਦੀ ਲਗਾਉਣ ਦੀ ਵੀ ਕੋਈ ਲੋੜ ਨਹੀਂ ਰਹਿ ਜਾਂਦੀ।

—————ਚਲਦਾ—————–

ਭਰਾ ਮਾਰੂ ਜੰਗ ਹਰ ਘਰ, ਹਰ ਕੌਮ ਜਾਂ ਹਰ ਦੇਸ਼ ਦਾ ਸਰਬ-ਨਾਸ ਕਰਨ ਲਈ ਕਾਫ਼ੀ !

0

ਭਰਾ ਮਾਰੂ ਜੰਗ ਹਰ ਘਰ, ਹਰ ਕੌਮ ਜਾਂ ਹਰ ਦੇਸ਼ ਦਾ ਸਰਬ-ਨਾਸ ਕਰਨ ਲਈ ਕਾਫ਼ੀ  !

ਅਮਰਜੀਤ ਸਿੰਘ (ਵਾਇਸ ਚੇਅਰਮੈਨ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਰੋਪੜ)-98157-03806

‘ਮਨ’ ਦੋ ਸ਼ਕਤੀਆਂ (ਸੰਕਲਪ ਤੇ ਵਿਕਲਪ) ਦਾ ਸੰਗ੍ਰਹਿ ਹੁੰਦਾ ਹੈ, ਜਿਨ੍ਹਾਂ ਵਿੱਚੋਂ ‘ਸੰਕਲਪ ਸ਼ਕਤੀ’ ਕੋਈ ਨਵਾਂ ਫੁਰਨਾ ਪੈਦਾ ਕਰਦੀ ਰਹਿੰਦੀ ਹੈ ਅਤੇ ‘ਵਿਕਲਪ ਸ਼ਕਤੀ’ ਉਸ ਨੂੰ ਮਿਟਾਉਂਦੀ ਦਿੰਦੀ ਹੈ ਭਾਵ ਇੱਕ ਵਿਅਕਤੀ, ਜਿਸ ਅੰਦਰ ‘ਮਨ’ ਹੈ, ਉਹ ਆਪਣੇ ਆਪ ਨਾਲ ਵੀ 100% ਸਹਿਮਤ ਨਹੀਂ ਹੋ ਸਕਦਾ। ‘ਮਨ’ ਦੀ ਇਸ ਆਪਸੀ ਅਸਹਿਮਤੀ ਨੂੰ ‘ਦੁਬਿਧਾ, ਚੰਚਲਤਾ, ਭਟਕਣਾ’, ਆਦਿ ਕਿਹਾ ਜਾਂਦਾ ਹੈ, ਇਸ ਯੁਕਤੀ ਨੂੰ ਸੰਖੇਪ ’ਚ ਸਮਝਾਉਂਦੇ ਹੋਏ ਗੁਰੂ ਤੇਗ਼ ਬਹਾਦਰ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ਇਹ ‘ਮਨ’ ਚੰਚਲ ਹੋਣ ਕਾਰਨ ਸਥਿਰਤਾ ਕਾਇਮ ਨਹੀਂ ਰੱਖ ਸਕਦਾ ਭਾਵ ਆਪਣੇ ਆਪ ਨਾਲ ਇੱਕ ਮਤਿ ਨਹੀਂ ਹੋ ਸਕਦਾ, ‘‘ਮਨੁ ਚੰਚਲੁ; ਯਾ ਤੇ ਗਹਿਓ ਨ ਜਾਇ ॥੧॥ ਰਹਾਉ ॥’’ (ਮ: ੯/੧੧੮੬)

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਗਰ ‘ਮਨ’ ਆਪਣੇ ਆਪ ਨਾਲ ਵੀ ਇੱਕ ਮਤ ਨਹੀਂ ਹੋ ਸਕਦਾ ਤਾਂ ਕੀ ਕਿਸੇ ਨਾਲ ਵਿਚਾਰ ਸਾਂਝੇ ਕਰਨੇ ਛੱਡ ਦੇਈਏ, ਇਸ ਦਾ ਜਵਾਬ ਗੁਰਬਾਣੀ ਇਉਂ ਦਿੰਦੀ ਹੈ, ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ, ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ॥’’ (ਮ: ੫/੧੧੮੫) ਇਸ ਵਾਕ ਰਾਹੀਂ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੇ ਮਿਲ ਬੈਠ ਕੇ ‘ਦੁਬਿਧਾ, ਚੰਚਲਤਾ’ ਘੱਟ (ਦੂਰ) ਕਰਨ ਦੀ ਗੱਲ ਕਹੀ ਹੈ ਉੱਥੇ ‘ਲਿਵ ਲਾਇ, ਹਰਿ ਨਾਮੈ ਕੇ ਹੋਵਹੁ ਜੋੜੀ ਤੇ ਗੁਰਮਖਿ’ ਬਣਨ ਵਾਲੀ ਸ਼ਰਤ ਵੀ ਲਗਾ ਦਿੱਤੀ ਹੈ।

ਗੁਰੂ ਅਮਰਦਾਸ ਜੀ ਆਪਣੇ ਜੀਵਨ ਦੇ ਤੱਤ ’ਚੋਂ ਵਿਚਾਰ ਪ੍ਰਗਟ ਕਰਦੇ ਹੋਏ ਉਪਦੇਸ਼ ਕਰਦੇ ਹਨ ਕਿ ਪਤੀ-ਪਤਨੀ ਦੀ ਸਹਿਮਤੀ ਵੀ ਤਾਂ ਹੀ ਬਣਦੀ ਹੈ ਜੇ ਵਿਚਾਰਕ ਸਾਂਝ (ਏਕ ਜੋਤਿ) ਬਣੇ, ਜੋ ਕਿ ਕਿਸੇ ਇੱਕ ਸ਼ਕਤੀ ‘ਗੁਰੂ’ ਤੋਂ ਲਈ ਰੌਸ਼ਨੀ ਦੁਆਰਾ ਹੀ ਹੋ ਸਕਦੀ ਹੈ, ‘‘ਏਕ ਜੋਤਿ, ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥’’ (ਮ: ੩/੭੮੮)

ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਹਰ ਗੁਰਸਿੱਖ ਦਾ ਮੁੱਢਲਾ ਫਰਜ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਆਪ ਗੁਰੂ ਨਾਲ ਜੁੜਨ ਉਪਰੰਤ ਆਪਣੇ ਵਿਚਾਰਾਂ ਦੀ ਸਾਂਝ ਸਮਾਜ ਨਾਲ ਵੀ ਕਰਦਾ ਰਹੇ ਤੇ ਆਪਣੇ ਗੁਰੂ ਦੁਆਰਾ ਦਰਸਾਏ ਗਏ ਸਰਲ ਤੇ ਸਰਬ ਪ੍ਰਮਾਣਿਤ ਉਪਦੇਸ਼ਾਂ ਤੋਂ ਲੁਕਾਈ ਨੂੰ ਜਾਣੂ ਕਰਵਾਏ।

ਪੁਰਾਤਨ ਸਮਿਆਂ ਵਿੱਚ ਵੀ ਵਿਚਾਰ-ਚਰਚਾ ਹੋਣ ਦੇ ਸਬੂਤ ਮਿਲਦੇ ਹਨ, ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਮੱਕੇ ਗਏ, ਹਰਿਦੁਆਰਾ ਗਏ, ਜਗਨਨਾਥ ਪੁਰੀ ਗਏ, ਜਿੱਥੇ ਪਹਿਲਾਂ ਤੋਂ ਹੀ ਕੋਈ ਨਾ ਕੋਈ ਧਾਰਮਕ ਰਸਮੋ ਰਿਵਾਜ ਪ੍ਰਚਲਿਤ ਸੀ, ਜਿਨ੍ਹਾਂ ਨੇ ਗੁਰੂ ਜੀ ਨਾਲ ਮਿਲ-ਬੈਠ ਕੇ ਸੰਵਾਦ ਕੀਤਾ। ਅਗਰ ਗੁਰਮਤਿ ਨੂੰ ਸਮਾਜਿਕ ਧਰਮ ਮੰਨ ਲਿਆ ਜਾਏ ਤਾਂ ਦਰੁਸਤ ਹੋਏਗਾ ਕਿਉਂਕਿ ਇਸ ਦੀ ਰਚਨਾ ਕਿਸੇ ਬੰਦ ਕਮਰੇ ’ਚ ਬੈਠ ਕੇ ਨਹੀਂ ਕੀਤੀ ਗਈ ਬਲਕਿ ਜੋਗੀਆਂ ਨਾਲ ਪਹਾੜਾਂ ’ਤੇ, ਸਮੁੰਦਰ ਦੇ ਟਾਪੂਆਂ ’ਚ, ਜੰਗਲਾਂ ’ਚ ਤੁਰਦਿਆਂ ਫਿਰਦਿਆਂ ਜ਼ਿੰਦਗੀ ’ਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਅੰਮ੍ਰਿਤ ਮਈ (ਪਿਆਰ ਭਰੀ ਬੋਲੀ ’ਚ) ਬਚਨ ਉਚਾਰੇ ਗਏ ਹਨ। ਕਿਸਾਨ ਨੂੰ ਕਿਸਾਨ ਦੀ ਬੋਲੀ ’ਚ, ਵਪਾਰੀ ਨੂੰ ਵਪਾਰੀ ਦੀ ਭਾਸ਼ਾ ’ਚ, ਨੌਕਰ ਨੂੰ ਨੌਕਰੀ ਦੀ ਉਦਾਹਰਨ ਦੇ ਕੇ ਬੜੀ ਹੀ ਸਰਲ ਯੁਕਤੀ ਨਾਲ ਵਿਤਕਰਾ ਰਹਿਤ ਜੀਵਨਸ਼ੈਲੀ ਅਪਣਾਉਣ ਨੂੰ ਤਰਜੀਹ ਦਿੱਤੀ ਗਈ ਹੈ।

ਉਕਤ ਵਿਚਾਰਾਂ ਦਾ ਮਤਲਬ ਸਿਰਫ਼ ਇਸ ਪਾਸੇ ਧਿਆਨ ਨੂੰ ਕੇਂਦ੍ਰਿਤ ਕਰਨਾ ਹੈ ਕਿ ਅਜੋਕੇ ਆਧੁਨਿਕ ਯੁੱਗ ਵਿੱਚ ਤਕਨੀਕੀ ਸਾਧਨਾ ਦੀ ਕਮੀ ਨਹੀਂ ਹੈ ਬਲਕਿ ਸਾਡੀ ਆਪਣੀ ਵਿਚਾਰਕ ਸਾਂਝ ਦੀ ਅਣਹੋਂਦ ਹੀ ਗੁਰਮਤਿ ਦੇ ਵਿਕਾਸ ’ਚ ਰੁਕਾਵਟ ਬਣ ਰਹੀ ਹੈ। ਇਸ ਰੁਕਾਵਟ ਦਾ ਮੂਲ ਕਾਰਨ ਗੁਰਬਾਣੀ ਤੋਂ ਸੇਧ ਲੈਣ ਦੀ ਬਜਾਇ ਸੰਤ, ਮਹਾ ਪੁਰਸ਼ਾਂ ਦੇ ਬਚਨਾਂ ਨੂੰ ਗੁਰਬਾਣੀ ਜਿੰਨਾ ਮਹੱਤਵ ਦੇਣ ਨਾਲ ਟਕਰਾਅ ਪੈਦਾ ਹੋਇਆ ਹੈ। ਇੱਕ ਧਿਰ ਨਿਰੋਲ ਗੁਰਮਤਿ ਦੀ ਗੱਲ ਕਰਦੀ ਹੈ ਦੂਸਰੀ ਧਿਰ ਪ੍ਰਚਲਿਤ ਰਵਾਇਤਾਂ ਨੂੰ ਆਧਾਰ ਬਣਾ ਕੇ ਆਪਣੀਆਂ ਸੰਸਥਾਂਵਾਂ ਵੱਲੋਂ ਬਣਾਏ ਗਏ ਅਣਗਿਣਤ ਮਹਾਂ ਪੁਰਸ਼ਾਂ ਦੇ ਗੁਰਮਤਿ ਵਿਰੋਧੀ ਬਚਨਾਂ ਦੇ ਨਿਰਾਦਰ ਨੂੰ ਵੀ ਗੁਰੂ ਉਪਦੇਸ਼ ਦਾ ਨਿਰਾਦਰ ਮੰਨਦੀ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਦਾ ਬਹੁਤਾ ਸਮਾਂ ਜੰਗਲਾਂ ’ਚ ਸੰਘਰਸ਼ ਕਰਦਿਆਂ ਬੀਤਿਆ ਹੈ ਤੇ ਆਰਜ਼ੀ ਤੌਰ ’ਤੇ ਗੁਰੂ ਘਰਾਂ ਦੀ ਸੇਵਾ ਸੰਭਾਲ ਉਸ ਵਰਗ ਨੇ ਕੀਤੀ ਜੋ ਗੁਰੂ ਪ੍ਰਤੀ ਸ਼ਰਧਾ ਰੱਖਦਾ ਸੀ ਪਰ ਉਸ ਤੋਂ ਤਤਕਾਲੀ ਸਰਕਾਰਾਂ ਨੂੰ ਕੋਈ ਖ਼ਤਰਾ ਨਹੀਂ ਸੀ। ਜ਼ਰੂਰੀ ਹੈ ਕਿ ਉਹ ਵਰਗ ਸਮਝੌਤਾ ਕਰਦਿਆਂ ਸਮਾਂ ਬਤੀਤ ਕਰਦਾ ਰਿਹਾ ਹੈ, ਜਿਵੇਂ ਕਿ ਅਜੋਕੇ ਹਾਲਾਤਾਂ ’ਚ ਵੀ ਸਰਕਾਰਾਂ ਨਾਲ ਇਨ੍ਹਾਂ ਦੀ ਸਹਿਮਤੀ ਇਹੀ ਸੰਕੇਤ ਦਿੰਦੀ ਹੈ। ਗੁਰਮਤਿ ਤੇ ਸਰਕਾਰੀ ਨੀਤੀ ਦਾ ਵਿਰੋਧ, ਗੁਰਬਾਣੀ ਇਨ੍ਹਾਂ ਬਚਨਾਂ ਰਾਹੀਂ ਕਰਦੀ ਆ ਰਹੀ ਹੈ, ‘‘ਪਾਪ ਕੀ ਜੰਞ, ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ ॥ (ਮ: ੧/੭੨੨), ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥’’ (ਮ: ੧/੧੨੮੮), ਆਦਿ।

ਇੱਕ ਕੌਮ ’ਚ ਪੈਦਾ ਹੋਇਆ ਵਿਚਾਰਕ ਟਕਰਾਅ, ਅਗਰ ਜਲਦੀ ਖ਼ਤਮ ਨਾ ਹੋਵੇ ਤਾਂ ਕੁਝ ਸਿਆਸੀ ਤੇ ਪੰਥ ਦੌਖੀ ਸ਼ਕਤੀਆਂ ਇਸ ਲੜਾਈ ਦਾ ਫ਼ਾਇਦਾ ਉੱਠਾ ਕੇ ਆਪਣੀ ਬਦਨੀਤੀ ਨੂੰ ਸਫਲ ਬਣਾਉਣ ਦਾ ਯਤਨ ਕਰਦੀਆਂ ਹਨ, ਜਿਵੇਂ ਕਿ ਅਜੋਕੇ ਸਮੇਂ ’ਚ ਸਿੱਖ ਕੌਮ ਨਾਲ ਹੋ ਰਿਹਾ ਹੈ। ਇੱਕ ਦੂਸਰੇ ਦੀਆਂ ਗੁਰੂ ਜੀ ਦੀ ਹਜ਼ੂਰੀ ’ਚ ਪੱਗਾਂ ਉਤਾਰ ਦਿੱਤੀਆਂ ਜਾਂਦੀਆਂ ਹਨ, ਇੱਕ ਦੂਸਰੇ ਨੂੰ ਅਸਭਿਅਕ ਸ਼ਬਦਾਵਲੀ ਬੋਲੀ ਜਾਂਦੀ ਹੈ, ਇਸ ਟਕਰਾਅ ’ਚ ਉਹ ਧਿਰਾ ਹਮਲਾਵਰ ਬਣ ਕੇ ਆ ਰਹੀਆਂ ਹਨ, ਜਿੰਨ੍ਹਾਂ ਨੇ ਗੁਰਮਤਿ ਅਨੁਸਾਰੀ ਹੋ ਰਹੇ ਪ੍ਰਚਾਰ ਦਾ ਵਿਰੋਧ ਇਸ ਲਈ ਕੀਤਾ ਕਿ ਇਸ ਵਿਚਾਰਧਾਰਾ ਨਾਲ ਸਾਡੇ ਮਹਾਂ ਪੁਰਸ਼ਾਂ ਦਾ ਨਿਰਾਦਰ ਹੋ ਰਿਹਾ ਹੈ। ਇਹ ਲੋਕ ਇੱਕ ਤਰਫ਼ ਸਰਕਾਰਾਂ ਨਾਲ ਮਿਲ ਬੈਠੇ ਹੋਏ ਹਨ ਦੂਸਰੇ ਪਾਸੇ ਸਿਧਾਂਤਕ ਗੱਲ ਕਰਨ ਵਾਲੀ ਦੀ ਬੇਇੱਜ਼ਤੀ ਕਰ ਰਹੇ ਹਨ। ਇਨ੍ਹਾਂ ਅਨੁਸਾਰ ਗੁਰੂ ਸਾਹਿਬ ਜੀ ਨੇ ਗੁਰਮਤਿ ਦੀ ਸਹੀ ਜਾਣਕਾਰੀ ਇਨ੍ਹਾਂ ਦੇ ਮਹਾਂ ਪੁਰਸ਼ਾਂ ਰਾਹੀਂ ਇਨ੍ਹਾਂ ਨੂੰ ਹੀ ਦਿੱਤੀ ਹੋਈ ਹੈ ਜਦ ਕਿ ਗੁਰੂ ਸਾਹਿਬਾਨ, ਸ਼ਖ਼ਸੀ ਗੁਰੂ ਡੰਮ, ਸੰਤ ਮਹਾਤਮਾ, ਮਸੰਦ, ਆਦਿ ਲਿਬਾਸਧਾਰੀ ਪਦਵੀਆਂ ਨੂੰ ਆਪਣੇ ਸਮੇਂ ਦੌਰਾਨ ਹੀ ਖ਼ਤਮ ਕਰ ਗਏ ਸਨ।

ਸੋ, ਹਰ ਗੁਰਸਿੱਖ ਦਾ ਫਰਜ ਬਣਦਾ ਹੈ ਕਿ ਉਹ ਗੁਰਬਾਣੀ ਦਾ ਸਹਿਜਪਾਠ ਜਾਰੀ ਰੱਖੇ ਅਤੇ ਗੁਰਬਾਣੀ ਦੇ ਕੀਤੇ ਜਾ ਰਹੇ ਅਰਥਾਂ ਨੂੰ ਸਹੀ ਜਾਂ ਗਲਤ ਸਮਝ ਕੇ ਆਪਣੀ ਆਵਾਜ਼ ਬੁਲੰਦ ਕਰੇ ਤਾਂ ਜੋ ਬ੍ਰਾਹਮਵਾਦੀ ਸੋਚ ਕਿਸੇ ਸੰਤ, ਮਹਾਤਮਾ ਦੇ ਰੂਪ ’ਚ ਸਾਡੇ ਵਿਹੜੇ ਵਿੱਚ ਨਾ ਆ ਜਾਵੇ।

Most Viewed Posts