ਨਵੇਂ ਸਾਲ ਦੀਆਂ ਵਧਾਈਆਂ

0
302

ਨਵੇਂ ਸਾਲ ਦੀਆਂ ਵਧਾਈਆਂ 

ਗੱਲਾਂ ਨਵੇਂ ਸਾਲ ਦੀਆਂ ਕੀ ਕੀ ਕਰੀਏ ਅਸੀਂ ?
ਕੀ ਬੀਤਿਆ ਕਿਵੇਂ ਬੀਤਿਆ ਜਾਣਦੇ ਹੋ ਤੁਸੀਂ  ?
ਹਾਲ ਦੇਖੋ ਜਨਤਾ ਦਾ ਪਾਉਂਦਾ ਹੈ ਦੁਹਾਈਆਂ,
ਕਿਵੇਂ ਦੇ ਦਈਏ ਨਵੇਂ ਸਾਲ ਦੀਆਂ ਵਧਾਈਆਂ  ?

ਸਭ ਤੋਂ ਵੱਡੀ ਮਾਰ ਮਹਿੰਗਾਈ ਦੀ ਡੰਗੇ,
ਉਹ ਇੱਥੇ ਕੀ ਕਰਨ ਜੋ ਪਹਿਲੋਂ ਹੀ ਜੇਬੋਂ ਨੰਗੇ।
ਫਿਰ ਵੀ ਆਸਾਂ ਹਨ ਇੱਧਰ ਉੱਧਰ ਲਾਈਆਂ,
ਕਿਵੇਂ ਦੇ ਦਈਏ, ਨਵੇਂ ਸਾਲ ਦੀਆਂ ਵਧਾਈਆਂ  ?

ਲੰਮੇ ਸਮੇਂ ਤੋਂ ਨਾ ਦਿਸਣ ਸਰਕਾਰਾਂ ਨੂੰ ਗਰੀਬ,
ਇਸ ਤੋਂ ਵੱਡੇ ਹੋਰ ਕੀ ਹੋਣਗੇ ਸਾਡੇ ਨਸੀਬ ।
ਸਾਡੇ ਤੱਕ ਨਾ ਪੁੱਜਣ ਸਕੀਮਾਂ ਸਾਡੇ ਲਈ ਬਣਾਈਆਂ,
ਕਿਵੇਂ ਦੇ ਦਈਏ ਨਵੇਂ ਸਾਲ ਦੀਆਂ ਵਧਾਈਆਂ  ?

ਧਰਮ ਦੇ ਨਾਂ ’ਤੇ ਬਹੁਤਾ ਹੀ ਸਰਮਾਇਆ ’ਕੱਠਾ ਕਰਦੇ,
ਇੱਕ ਪਾਸੇ ਦੇਖੇ ਲੋਕੀ ਕਈ, ਭੁੱਖਣ ਭਾਣੇ ਮਰਦੇ ।
ਗੁਰਦੁਆਰੇ ਮੰਦਰਾਂ ’ਚੋਂ, ਖਾਨਾਂ ਸੋਨੇ ਦੀਆਂ ਥਿਆਈਆਂ,
ਕਿਵੇਂ ਦੇ ਦਈਏ, ਨਵੇਂ ਸਾਲ ਦੀਆਂ ਵਧਾਈਆਂ  ?

ਨਸ਼ਿਆਂ ਵਿੱਚ ਨਵੀਂ ਪੀੜੀ ਹੋਈ ਪਈ ਹੈ ਗਲਤਾਨ,
ਨੇਤਾ ਕਹਿਣ ਬਸ ਕਰੀ ਜਾਵੋ ਵੋਟਾਂ ਦਾ ਭੁਗਤਾਨ । 
ਵੋਟਾਂ ਵੇਲੇ ਨਸ਼ਿਆਂ ਦੀਆਂ ਭਰ ਭਰ ਗੱਡੀਆਂ ਆਈਆਂ,
ਕਿਵੇਂ ਦੇ ਦਈਏ ਨਵੇਂ ਸਾਲ ਦੀਆਂ ਵਧਾਈਆਂ  ?

ਨਵੇਂ ਨਵੇਂ ਕਈ ਟੈਕਸ ਲੱਗੇ ਸਮਝ ਕੋਈ ਨਾ ਆਵੇ,
ਕੀ ਬਣੇਗਾ ਦੇਸ਼ ਮੇਰੇ ਦਾ, ਝੋਰਾ ਇਹੋ ਖਾਵੇ ।
ਜੀ ਐੱਸ ਟੀ ਸਮਝ ਨਾ ਆਈ, ਬੁਝਾਰਤਾਂ ਨਵੀਆਂ ਪਾਈਆਂ,
ਕਿਵੇਂ ਦੇ ਦਈਏ, ਨਵੇਂ ਸਾਲ ਦੀਆਂ ਵਧਾਈਆਂ  ?

ਪੁਰਾਣਿਆਂ ਨੂੰ ਛੱਡ, ਲਾਈ ਸੀ ਨਵਿਆਂ ਸੰਗ ਯਾਰੀ,
ਘੱਟ ਕਿਸੇ ਨਾ ਕੀਤੀ, ਚਲਾਈ ਦੱਬ ਕੇ ਆਰੀ ।
ਲੱਗਦਾ ਲਗਾਮਾਂ ਸਾਡੀਆਂ, ਗਲਤ ਬੰਦਿਆਂ ਹੱਥ ਫੜਾਈਆਂ,
ਕਿਵੇਂ ਦੇ ਦਈਏ, ਨਵੇਂ ਸਾਲ ਦੀਆਂ ਵਧਾਈਆਂ  ?

ਸਹਿਣਸ਼ੀਲਤਾ ਨਾ ਦਿਸਦੀ ਕਿਧਰੇ, ਵੰਡੇ ਧਰਮ ਤੇ ਜਾਤਾਂ ਪਾਤਾਂ,
ਰਗੜੇ ਕਈਆਂ ਨੂੰ ਲੱਗ ਰਹੇ ਨੇ, ਨਾ ਦਿਨ ਦੇਖੇ ਨਾ ਰਾਤਾਂ ।
ਧਰਮ ਗੁਰੂਆਂ ਦੇ ਬੋਲਾਂ ਨੇ, ਅੱਜ ਨਫਰਤਾਂ ਫਲਾਈਆਂ,
ਕਿਵੇਂ ਦੇ ਦਈਏ, ਨਵੇਂ ਸਾਲ ਦੀਆਂ ਵਧਾਈਆਂ  ?

ਗੱਲ ਜੋ ਹੱਕ ਸੱਚ ਦੀ ਕਰਦਾ, ਕੱਢ ਕੇ ਪਾਸੇ ਮਾਰੋ,
ਆ ਹੀ ਤਾਂ ਇੱਕ ਮੌਕਾ ਹੈ, ਹੱਥ ਸਾਡੇ ਵਿੱਚ ਯਾਰੋ ।
ਬਹੁਤ ਕੁਝ ਹੈ ਹਾਲੇ ਬਾਕੀ, ਕੁਝ ਨੇ ਬੱਬੀ ਤੋਂ ਲਿਖਾਈਆਂ,
ਕਿਵੇਂ ਦੇ ਦਈਏ, ਨਵੇਂ ਸਾਲ ਦੀਆਂ ਵਧਾਈਆਂ  ?
************************************

ਬਲਬੀਰ ਸਿੰਘ ਬੱਬੀ, ਪੰਜਾਬੀ ਸਾਹਿਤ ਸਭਾ, ਸਮਰਾਲਾ- 70091-07300