ਕਦੀ ਰਹਿਮਤ ਹੋਵੇ ਵੀ ਤਾਂ…

0
240

ਕਦੀ ਰਹਿਮਤ ਹੋਵੇ ਵੀ ਤਾਂ…

                                -ਗੁਰਪ੍ਰੀਤ ਸਿੰਘ, U.S.A 

ਗੇਂਦੇ ਦੇ ਫੁੱਲ਼ ! ਵਾਹ, ਤੂੰ ਕਿੰਞ ਹੈ ਗੁੰਦਿਆ ? ਗੋਲ ਮੋਲ ਜਿਹਾ, ਹਰ ਅੰਗ ਹੈ ਤੇਰਾ ਫੁੱਲਿਆ ।

ਕਿਧਰੇ ਤੈਨੂੰ ਸੱਜਰੇ ਹੁਸਨ ਦਾ ਮਾਣ ਤੇ ਨਹੀਂ ? ਚੱਲ ਮੰਨਿਆਂ, ਤੂੰ ਇਸ ਰੋਗ ਤੋਂ ਅਣਜਾਣ ਸਹੀ।

ਪਰ ਐਨਾ ਲੰਬਾ ਸਮਾਂ ਖਿੜ ਕੇ, ਤੂੰ ਕੀ ਖੱਟਿਆ ?

ਕਿਧਰੇ ਸਾਨੂੰ ਵੀ ਜਿਊਣ ਦਾ ਕੋਈ ਰਾਹ ਹੈ ਦੱਸਿਆ ? ਤੇਰੇ ਤੇ ਤਾਂ ਕਸੀਰੀ ਕੰਢਿਆਂ ਦੀ ਢਾਲ ਵੀ ਨਹੀਂ !

ਫਿਰ ਕਰਦਾ ਕੀ ਤੂੰ ਸੋਹਿਣਆ ! ਆਪਣੀ ਜਾਨ ਦੇ ਲਈ ? ਸ਼ਾਇਦ ਇਹ ਤੇਰੀ ਨਿਰੰਤਰ ਖਿੜੇ ਰਹਿਣ ਦੀ ਹੈ ਚਾਹ,

ਜਿਹੜੀ ਭੌਰਿਆਂ ਨੂੰ ਪਰਾਗ ਪੀਣ ਦਾ ਸੱਦਾ ਹੈ ਦੇ ਰਹੀ।

ਜੇ ਤੇਰੇ ਤੇ ਤੇਜ ਖੁਸ਼ਬੂ ਦਾ ਗਿਲਾਫ ਚੜ੍ਹਿਆ ਹੁੰਦਾ, ਤਾਂ ਸ਼ਾਇਦ ਐਨਾ ਲੰਬਾ ਸਮਾਂ, ਤੂੰ ਜੀਅ ਨਾ ਸਕਦਾ।

ਧੱਕੜ ਜ਼ਮਾਨੇ ਦੇ ਝੱਖੜ ਵਾਰ ਨੂੰ ਤਾਂ ਕੀ ਬਚਾਉਣਾ, ਅਸਤ ਹੋਣੇ ਅੱਥਰੂ ਵੀ ਆਪਣੇ ਕਦੀ ਪੀ ਨਾ ਸਕਦਾ।

ਮਾਲਕ ਦਾ ਸ਼ੁਕਰ ਹੈ, ਤੈਨੂੰ ਖੁਸ਼ਬੂ-ਏ-ਤੇਜ ਨਹੀਂ ਬਖ਼ਸ਼ੀ। ਕਦੀ ਰਹਿਮਤ ਹੋਵੇ ਵੀ ਤਾਂ ਆਪਣੀ ਅਮਾਨਤ ਨਾ ਸਮਝੀਂ।

ਸ਼ਾਲਾ ! ਇੰਞ ਹੀ ਰਹੇ ਤੂੰ ਵਧਿਆ ਫੁੱਲਿਆ। ਗੇਂਦੇ ਦੇ ਫੁੱਲ, ਤੂੰ ਕਿੰਞ ਹੈ ਗੁੰਦਿਆ…………