ਭਰਾ ਮਾਰੂ ਜੰਗ ਹਰ ਘਰ, ਹਰ ਕੌਮ ਜਾਂ ਹਰ ਦੇਸ਼ ਦਾ ਸਰਬ-ਨਾਸ ਕਰਨ ਲਈ ਕਾਫ਼ੀ !

0
211

ਭਰਾ ਮਾਰੂ ਜੰਗ ਹਰ ਘਰ, ਹਰ ਕੌਮ ਜਾਂ ਹਰ ਦੇਸ਼ ਦਾ ਸਰਬ-ਨਾਸ ਕਰਨ ਲਈ ਕਾਫ਼ੀ  !

ਅਮਰਜੀਤ ਸਿੰਘ (ਵਾਇਸ ਚੇਅਰਮੈਨ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਰੋਪੜ)-98157-03806

‘ਮਨ’ ਦੋ ਸ਼ਕਤੀਆਂ (ਸੰਕਲਪ ਤੇ ਵਿਕਲਪ) ਦਾ ਸੰਗ੍ਰਹਿ ਹੁੰਦਾ ਹੈ, ਜਿਨ੍ਹਾਂ ਵਿੱਚੋਂ ‘ਸੰਕਲਪ ਸ਼ਕਤੀ’ ਕੋਈ ਨਵਾਂ ਫੁਰਨਾ ਪੈਦਾ ਕਰਦੀ ਰਹਿੰਦੀ ਹੈ ਅਤੇ ‘ਵਿਕਲਪ ਸ਼ਕਤੀ’ ਉਸ ਨੂੰ ਮਿਟਾਉਂਦੀ ਦਿੰਦੀ ਹੈ ਭਾਵ ਇੱਕ ਵਿਅਕਤੀ, ਜਿਸ ਅੰਦਰ ‘ਮਨ’ ਹੈ, ਉਹ ਆਪਣੇ ਆਪ ਨਾਲ ਵੀ 100% ਸਹਿਮਤ ਨਹੀਂ ਹੋ ਸਕਦਾ। ‘ਮਨ’ ਦੀ ਇਸ ਆਪਸੀ ਅਸਹਿਮਤੀ ਨੂੰ ‘ਦੁਬਿਧਾ, ਚੰਚਲਤਾ, ਭਟਕਣਾ’, ਆਦਿ ਕਿਹਾ ਜਾਂਦਾ ਹੈ, ਇਸ ਯੁਕਤੀ ਨੂੰ ਸੰਖੇਪ ’ਚ ਸਮਝਾਉਂਦੇ ਹੋਏ ਗੁਰੂ ਤੇਗ਼ ਬਹਾਦਰ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ਇਹ ‘ਮਨ’ ਚੰਚਲ ਹੋਣ ਕਾਰਨ ਸਥਿਰਤਾ ਕਾਇਮ ਨਹੀਂ ਰੱਖ ਸਕਦਾ ਭਾਵ ਆਪਣੇ ਆਪ ਨਾਲ ਇੱਕ ਮਤਿ ਨਹੀਂ ਹੋ ਸਕਦਾ, ‘‘ਮਨੁ ਚੰਚਲੁ; ਯਾ ਤੇ ਗਹਿਓ ਨ ਜਾਇ ॥੧॥ ਰਹਾਉ ॥’’ (ਮ: ੯/੧੧੮੬)

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਗਰ ‘ਮਨ’ ਆਪਣੇ ਆਪ ਨਾਲ ਵੀ ਇੱਕ ਮਤ ਨਹੀਂ ਹੋ ਸਕਦਾ ਤਾਂ ਕੀ ਕਿਸੇ ਨਾਲ ਵਿਚਾਰ ਸਾਂਝੇ ਕਰਨੇ ਛੱਡ ਦੇਈਏ, ਇਸ ਦਾ ਜਵਾਬ ਗੁਰਬਾਣੀ ਇਉਂ ਦਿੰਦੀ ਹੈ, ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ, ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ॥’’ (ਮ: ੫/੧੧੮੫) ਇਸ ਵਾਕ ਰਾਹੀਂ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੇ ਮਿਲ ਬੈਠ ਕੇ ‘ਦੁਬਿਧਾ, ਚੰਚਲਤਾ’ ਘੱਟ (ਦੂਰ) ਕਰਨ ਦੀ ਗੱਲ ਕਹੀ ਹੈ ਉੱਥੇ ‘ਲਿਵ ਲਾਇ, ਹਰਿ ਨਾਮੈ ਕੇ ਹੋਵਹੁ ਜੋੜੀ ਤੇ ਗੁਰਮਖਿ’ ਬਣਨ ਵਾਲੀ ਸ਼ਰਤ ਵੀ ਲਗਾ ਦਿੱਤੀ ਹੈ।

ਗੁਰੂ ਅਮਰਦਾਸ ਜੀ ਆਪਣੇ ਜੀਵਨ ਦੇ ਤੱਤ ’ਚੋਂ ਵਿਚਾਰ ਪ੍ਰਗਟ ਕਰਦੇ ਹੋਏ ਉਪਦੇਸ਼ ਕਰਦੇ ਹਨ ਕਿ ਪਤੀ-ਪਤਨੀ ਦੀ ਸਹਿਮਤੀ ਵੀ ਤਾਂ ਹੀ ਬਣਦੀ ਹੈ ਜੇ ਵਿਚਾਰਕ ਸਾਂਝ (ਏਕ ਜੋਤਿ) ਬਣੇ, ਜੋ ਕਿ ਕਿਸੇ ਇੱਕ ਸ਼ਕਤੀ ‘ਗੁਰੂ’ ਤੋਂ ਲਈ ਰੌਸ਼ਨੀ ਦੁਆਰਾ ਹੀ ਹੋ ਸਕਦੀ ਹੈ, ‘‘ਏਕ ਜੋਤਿ, ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥’’ (ਮ: ੩/੭੮੮)

ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਹਰ ਗੁਰਸਿੱਖ ਦਾ ਮੁੱਢਲਾ ਫਰਜ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਆਪ ਗੁਰੂ ਨਾਲ ਜੁੜਨ ਉਪਰੰਤ ਆਪਣੇ ਵਿਚਾਰਾਂ ਦੀ ਸਾਂਝ ਸਮਾਜ ਨਾਲ ਵੀ ਕਰਦਾ ਰਹੇ ਤੇ ਆਪਣੇ ਗੁਰੂ ਦੁਆਰਾ ਦਰਸਾਏ ਗਏ ਸਰਲ ਤੇ ਸਰਬ ਪ੍ਰਮਾਣਿਤ ਉਪਦੇਸ਼ਾਂ ਤੋਂ ਲੁਕਾਈ ਨੂੰ ਜਾਣੂ ਕਰਵਾਏ।

ਪੁਰਾਤਨ ਸਮਿਆਂ ਵਿੱਚ ਵੀ ਵਿਚਾਰ-ਚਰਚਾ ਹੋਣ ਦੇ ਸਬੂਤ ਮਿਲਦੇ ਹਨ, ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਮੱਕੇ ਗਏ, ਹਰਿਦੁਆਰਾ ਗਏ, ਜਗਨਨਾਥ ਪੁਰੀ ਗਏ, ਜਿੱਥੇ ਪਹਿਲਾਂ ਤੋਂ ਹੀ ਕੋਈ ਨਾ ਕੋਈ ਧਾਰਮਕ ਰਸਮੋ ਰਿਵਾਜ ਪ੍ਰਚਲਿਤ ਸੀ, ਜਿਨ੍ਹਾਂ ਨੇ ਗੁਰੂ ਜੀ ਨਾਲ ਮਿਲ-ਬੈਠ ਕੇ ਸੰਵਾਦ ਕੀਤਾ। ਅਗਰ ਗੁਰਮਤਿ ਨੂੰ ਸਮਾਜਿਕ ਧਰਮ ਮੰਨ ਲਿਆ ਜਾਏ ਤਾਂ ਦਰੁਸਤ ਹੋਏਗਾ ਕਿਉਂਕਿ ਇਸ ਦੀ ਰਚਨਾ ਕਿਸੇ ਬੰਦ ਕਮਰੇ ’ਚ ਬੈਠ ਕੇ ਨਹੀਂ ਕੀਤੀ ਗਈ ਬਲਕਿ ਜੋਗੀਆਂ ਨਾਲ ਪਹਾੜਾਂ ’ਤੇ, ਸਮੁੰਦਰ ਦੇ ਟਾਪੂਆਂ ’ਚ, ਜੰਗਲਾਂ ’ਚ ਤੁਰਦਿਆਂ ਫਿਰਦਿਆਂ ਜ਼ਿੰਦਗੀ ’ਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਅੰਮ੍ਰਿਤ ਮਈ (ਪਿਆਰ ਭਰੀ ਬੋਲੀ ’ਚ) ਬਚਨ ਉਚਾਰੇ ਗਏ ਹਨ। ਕਿਸਾਨ ਨੂੰ ਕਿਸਾਨ ਦੀ ਬੋਲੀ ’ਚ, ਵਪਾਰੀ ਨੂੰ ਵਪਾਰੀ ਦੀ ਭਾਸ਼ਾ ’ਚ, ਨੌਕਰ ਨੂੰ ਨੌਕਰੀ ਦੀ ਉਦਾਹਰਨ ਦੇ ਕੇ ਬੜੀ ਹੀ ਸਰਲ ਯੁਕਤੀ ਨਾਲ ਵਿਤਕਰਾ ਰਹਿਤ ਜੀਵਨਸ਼ੈਲੀ ਅਪਣਾਉਣ ਨੂੰ ਤਰਜੀਹ ਦਿੱਤੀ ਗਈ ਹੈ।

ਉਕਤ ਵਿਚਾਰਾਂ ਦਾ ਮਤਲਬ ਸਿਰਫ਼ ਇਸ ਪਾਸੇ ਧਿਆਨ ਨੂੰ ਕੇਂਦ੍ਰਿਤ ਕਰਨਾ ਹੈ ਕਿ ਅਜੋਕੇ ਆਧੁਨਿਕ ਯੁੱਗ ਵਿੱਚ ਤਕਨੀਕੀ ਸਾਧਨਾ ਦੀ ਕਮੀ ਨਹੀਂ ਹੈ ਬਲਕਿ ਸਾਡੀ ਆਪਣੀ ਵਿਚਾਰਕ ਸਾਂਝ ਦੀ ਅਣਹੋਂਦ ਹੀ ਗੁਰਮਤਿ ਦੇ ਵਿਕਾਸ ’ਚ ਰੁਕਾਵਟ ਬਣ ਰਹੀ ਹੈ। ਇਸ ਰੁਕਾਵਟ ਦਾ ਮੂਲ ਕਾਰਨ ਗੁਰਬਾਣੀ ਤੋਂ ਸੇਧ ਲੈਣ ਦੀ ਬਜਾਇ ਸੰਤ, ਮਹਾ ਪੁਰਸ਼ਾਂ ਦੇ ਬਚਨਾਂ ਨੂੰ ਗੁਰਬਾਣੀ ਜਿੰਨਾ ਮਹੱਤਵ ਦੇਣ ਨਾਲ ਟਕਰਾਅ ਪੈਦਾ ਹੋਇਆ ਹੈ। ਇੱਕ ਧਿਰ ਨਿਰੋਲ ਗੁਰਮਤਿ ਦੀ ਗੱਲ ਕਰਦੀ ਹੈ ਦੂਸਰੀ ਧਿਰ ਪ੍ਰਚਲਿਤ ਰਵਾਇਤਾਂ ਨੂੰ ਆਧਾਰ ਬਣਾ ਕੇ ਆਪਣੀਆਂ ਸੰਸਥਾਂਵਾਂ ਵੱਲੋਂ ਬਣਾਏ ਗਏ ਅਣਗਿਣਤ ਮਹਾਂ ਪੁਰਸ਼ਾਂ ਦੇ ਗੁਰਮਤਿ ਵਿਰੋਧੀ ਬਚਨਾਂ ਦੇ ਨਿਰਾਦਰ ਨੂੰ ਵੀ ਗੁਰੂ ਉਪਦੇਸ਼ ਦਾ ਨਿਰਾਦਰ ਮੰਨਦੀ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਦਾ ਬਹੁਤਾ ਸਮਾਂ ਜੰਗਲਾਂ ’ਚ ਸੰਘਰਸ਼ ਕਰਦਿਆਂ ਬੀਤਿਆ ਹੈ ਤੇ ਆਰਜ਼ੀ ਤੌਰ ’ਤੇ ਗੁਰੂ ਘਰਾਂ ਦੀ ਸੇਵਾ ਸੰਭਾਲ ਉਸ ਵਰਗ ਨੇ ਕੀਤੀ ਜੋ ਗੁਰੂ ਪ੍ਰਤੀ ਸ਼ਰਧਾ ਰੱਖਦਾ ਸੀ ਪਰ ਉਸ ਤੋਂ ਤਤਕਾਲੀ ਸਰਕਾਰਾਂ ਨੂੰ ਕੋਈ ਖ਼ਤਰਾ ਨਹੀਂ ਸੀ। ਜ਼ਰੂਰੀ ਹੈ ਕਿ ਉਹ ਵਰਗ ਸਮਝੌਤਾ ਕਰਦਿਆਂ ਸਮਾਂ ਬਤੀਤ ਕਰਦਾ ਰਿਹਾ ਹੈ, ਜਿਵੇਂ ਕਿ ਅਜੋਕੇ ਹਾਲਾਤਾਂ ’ਚ ਵੀ ਸਰਕਾਰਾਂ ਨਾਲ ਇਨ੍ਹਾਂ ਦੀ ਸਹਿਮਤੀ ਇਹੀ ਸੰਕੇਤ ਦਿੰਦੀ ਹੈ। ਗੁਰਮਤਿ ਤੇ ਸਰਕਾਰੀ ਨੀਤੀ ਦਾ ਵਿਰੋਧ, ਗੁਰਬਾਣੀ ਇਨ੍ਹਾਂ ਬਚਨਾਂ ਰਾਹੀਂ ਕਰਦੀ ਆ ਰਹੀ ਹੈ, ‘‘ਪਾਪ ਕੀ ਜੰਞ, ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ ॥ (ਮ: ੧/੭੨੨), ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥’’ (ਮ: ੧/੧੨੮੮), ਆਦਿ।

ਇੱਕ ਕੌਮ ’ਚ ਪੈਦਾ ਹੋਇਆ ਵਿਚਾਰਕ ਟਕਰਾਅ, ਅਗਰ ਜਲਦੀ ਖ਼ਤਮ ਨਾ ਹੋਵੇ ਤਾਂ ਕੁਝ ਸਿਆਸੀ ਤੇ ਪੰਥ ਦੌਖੀ ਸ਼ਕਤੀਆਂ ਇਸ ਲੜਾਈ ਦਾ ਫ਼ਾਇਦਾ ਉੱਠਾ ਕੇ ਆਪਣੀ ਬਦਨੀਤੀ ਨੂੰ ਸਫਲ ਬਣਾਉਣ ਦਾ ਯਤਨ ਕਰਦੀਆਂ ਹਨ, ਜਿਵੇਂ ਕਿ ਅਜੋਕੇ ਸਮੇਂ ’ਚ ਸਿੱਖ ਕੌਮ ਨਾਲ ਹੋ ਰਿਹਾ ਹੈ। ਇੱਕ ਦੂਸਰੇ ਦੀਆਂ ਗੁਰੂ ਜੀ ਦੀ ਹਜ਼ੂਰੀ ’ਚ ਪੱਗਾਂ ਉਤਾਰ ਦਿੱਤੀਆਂ ਜਾਂਦੀਆਂ ਹਨ, ਇੱਕ ਦੂਸਰੇ ਨੂੰ ਅਸਭਿਅਕ ਸ਼ਬਦਾਵਲੀ ਬੋਲੀ ਜਾਂਦੀ ਹੈ, ਇਸ ਟਕਰਾਅ ’ਚ ਉਹ ਧਿਰਾ ਹਮਲਾਵਰ ਬਣ ਕੇ ਆ ਰਹੀਆਂ ਹਨ, ਜਿੰਨ੍ਹਾਂ ਨੇ ਗੁਰਮਤਿ ਅਨੁਸਾਰੀ ਹੋ ਰਹੇ ਪ੍ਰਚਾਰ ਦਾ ਵਿਰੋਧ ਇਸ ਲਈ ਕੀਤਾ ਕਿ ਇਸ ਵਿਚਾਰਧਾਰਾ ਨਾਲ ਸਾਡੇ ਮਹਾਂ ਪੁਰਸ਼ਾਂ ਦਾ ਨਿਰਾਦਰ ਹੋ ਰਿਹਾ ਹੈ। ਇਹ ਲੋਕ ਇੱਕ ਤਰਫ਼ ਸਰਕਾਰਾਂ ਨਾਲ ਮਿਲ ਬੈਠੇ ਹੋਏ ਹਨ ਦੂਸਰੇ ਪਾਸੇ ਸਿਧਾਂਤਕ ਗੱਲ ਕਰਨ ਵਾਲੀ ਦੀ ਬੇਇੱਜ਼ਤੀ ਕਰ ਰਹੇ ਹਨ। ਇਨ੍ਹਾਂ ਅਨੁਸਾਰ ਗੁਰੂ ਸਾਹਿਬ ਜੀ ਨੇ ਗੁਰਮਤਿ ਦੀ ਸਹੀ ਜਾਣਕਾਰੀ ਇਨ੍ਹਾਂ ਦੇ ਮਹਾਂ ਪੁਰਸ਼ਾਂ ਰਾਹੀਂ ਇਨ੍ਹਾਂ ਨੂੰ ਹੀ ਦਿੱਤੀ ਹੋਈ ਹੈ ਜਦ ਕਿ ਗੁਰੂ ਸਾਹਿਬਾਨ, ਸ਼ਖ਼ਸੀ ਗੁਰੂ ਡੰਮ, ਸੰਤ ਮਹਾਤਮਾ, ਮਸੰਦ, ਆਦਿ ਲਿਬਾਸਧਾਰੀ ਪਦਵੀਆਂ ਨੂੰ ਆਪਣੇ ਸਮੇਂ ਦੌਰਾਨ ਹੀ ਖ਼ਤਮ ਕਰ ਗਏ ਸਨ।

ਸੋ, ਹਰ ਗੁਰਸਿੱਖ ਦਾ ਫਰਜ ਬਣਦਾ ਹੈ ਕਿ ਉਹ ਗੁਰਬਾਣੀ ਦਾ ਸਹਿਜਪਾਠ ਜਾਰੀ ਰੱਖੇ ਅਤੇ ਗੁਰਬਾਣੀ ਦੇ ਕੀਤੇ ਜਾ ਰਹੇ ਅਰਥਾਂ ਨੂੰ ਸਹੀ ਜਾਂ ਗਲਤ ਸਮਝ ਕੇ ਆਪਣੀ ਆਵਾਜ਼ ਬੁਲੰਦ ਕਰੇ ਤਾਂ ਜੋ ਬ੍ਰਾਹਮਵਾਦੀ ਸੋਚ ਕਿਸੇ ਸੰਤ, ਮਹਾਤਮਾ ਦੇ ਰੂਪ ’ਚ ਸਾਡੇ ਵਿਹੜੇ ਵਿੱਚ ਨਾ ਆ ਜਾਵੇ।