ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 131-136)

0
885

ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 131-136)

(ਨੋਟ : ਹੇਠਾਂ ਦਿੱਤੇ ਗਏ ਗੁਰਬਾਣੀ ਪਾਠ ਬੋਧ ’ਚ ਜਦ ਦੋ ਸ਼ਬਦਾਂ ਦਰਮਿਆਨ (+) ਚਿੰਨ੍ਹ ਹੋਵੇ ਤਾਂ ਉਹ ਦੋਵੇਂ ਸ਼ਬਦਾਰਥ ਇੱਕੋ ਕਾਰਕ ’ਚ ਹੁੰਦੇ ਹੋਏ, ਸਮਾਨੰਤਰ ਲੁਪਤ ਸਬੰਧਕੀ ਅਰਥ ਦਿੰਦੇ ਹਨ; ਜਿਵੇਂ ਕਿ ਸੰਯੁਕਤ ਕਾਰਕੀ ਸ਼ਬਦਾਂ ਤੋਂ ਬਾਅਦ ਲਿਖ ਵੀ ਦਿੱਤਾ ਗਿਆ ਹੈ।)

ਮਾਝ, ਮਹਲਾ ੫ ॥

(ਜਦ ਮਾਲਕ) ਪ੍ਰਭੁ ਅਬਿਨਾਸੀ, ਤਾ (ਤਾਂ) ਕਿਆ ਕਾੜਾ (ਭਾਵ ਕਾਹਦੀ ਚਿੰਤਾ-ਫ਼ਿਕਰ) ? ॥ ਹਰਿ ਭਗਵੰਤਾ (ਸਭ ਸੁੱਖ ਦੇਣ ਵਾਲ਼ਾ), ਤਾ (ਤਾਂ) ਜਨੁ ਖਰਾ ਸੁਖਾਲਾ ॥ (ਤਾਂ ਤੇ, ਹੇ) ਜੀਅ ਪ੍ਰਾਨ ਮਾਨ (ਭਾਵ ਜਿੰਦ, ਪ੍ਰਾਣ ਤੇ ਮਨ ਲਈ) ਸੁਖਦਾਤਾ ! ਤੂੰ ਕਰਹਿ (ਕਰਹਿਂ), ਸੋਈ ਸੁਖੁ ਪਾਵਣਿਆ ॥੧॥ ਹਉ (ਹੌਂ) ਵਾਰੀ, ਜੀਉ ਵਾਰੀ ; ਗੁਰਮੁਖਿ ਮਨਿ+ਤਨਿ (’ਚ) ਭਾਵਣਿਆ (ਚੰਗਾ ਲੱਗਦਾ ਹੈ)॥ ਤੂੰ ਮੇਰਾ ਪਰਬਤੁ (ਭਾਵ ਸਥਾਈ ਟੇਕ), ਤੂੰ ਮੇਰਾ ਓਲਾ (ਓਲ਼ਾ); ਤੁਮ ਸੰਗਿ ਲਵੈ (ਭਾਵ ਹੋਰ ਕੋਈ ਬਰਾਬਰ) ਨ ਲਾਵਣਿਆ ॥੧॥ ਰਹਾਉ ॥ ਤੇਰਾ ਕੀਤਾ, ਜਿਸੁ ਲਾਗੈ ਮੀਠਾ ॥ ਘਟਿ+ਘਟਿ ਪਾਰਬ੍ਰਹਮੁ, ਤਿਨਿ+ਜਨਿ (ਨੇ) ਡੀਠਾ ॥ ਥਾਨਿ+ਥਨੰਤਰਿ (’ਚ ਭਾਵ ਹਰ ਥਾਂ ’ਚ ਅਤੇ ਕਿਸੇ ਦੋ ਥਾਵਾਂ ਵਿਚਕਾਰ) ਤੂੰ ਹੈ, ਤੂੰ ਹੈ (ਤੂੰ ਹੈਂ ਤੂੰ ਹੈਂ) ; ਇਕੋ ਇਕੁ (ਇੱਕੋ ਇੱਕ ਭਾਵ ਨਿਰੋਲ ਇੱਕ ਹੀ) ਵਰਤਾਵਣਿਆ (ਵਰਤ ਰਿਹਾ)॥੨॥ ਸਗਲ ਮਨੋਰਥ, ਤੂੰ ਦੇਵਣਹਾਰਾ ॥ ਭਗਤੀ+ਭਾਇ (ਰਾਹੀਂ), ਭਰੇ ਭੰਡਾਰਾ ॥ ਦਇਆ ਧਾਰਿ (ਕੇ) ਰਾਖੇ ਤੁਧੁ, ਸੇਈ ; ਪੂਰੈ+ਕਰਮਿ (ਨਾਲ਼, ਤੇਰੇ ’ਚ) ਸਮਾਵਣਿਆ ॥੩॥ ਅੰਧ ਕੂਪ ਤੇ, ‘ਕੰਢੈ’ (ਉੱਤੇ) ਚਾੜੇ (ਚਾੜ੍ਹੇ)॥ ਕਰਿ ਕਿਰਪਾ, ਦਾਸ ਨਦਰਿ ਨਿਹਾਲੇ ॥ ਗੁਣ ਗਾਵਹਿ (ਗਾਵਹਿਂ) ਪੂਰਨ ਅਬਿਨਾਸੀ ; ਕਹਿ+ਸੁਣਿ (ਕੇ), ਤੋਟਿ ਨ ਆਵਣਿਆ ॥੪॥ ਐਥੈ+ਓਥੈ (ਭਾਵ ਲੋਕ ਪ੍ਰਲੋਕ ’ਚ), ਤੂੰ ਹੈ (ਹੈਂ) ਰਖਵਾਲਾ॥ ਮਾਤ ਗਰਭ ਮਹਿ, ਤੁਮ ਹੀ ਪਾਲਾ ॥ ਮਾਇਆ ਅਗਨਿ ਨ ਪੋਹੈ ਤਿਨ (ਤਿਨ੍) ਕਉ ; ਰੰਗਿ ਰਤੇ (ਰੱਤੇ) ਗੁਣ ਗਾਵਣਿਆ ॥੫॥ ਕਿਆ ਗੁਣ ਤੇਰੇ, ਆਖਿ ਸਮਾਲੀ (ਸੰਮਾਲ਼ੀਂ) ? (ਭਾਵ ਕਿਹੜੇ-ਕਿਹੜੇ ਤੇਰੇ ਗੁਣ ਬਿਆਨ ਕਰ ਕੇ ਯਾਦ ਕਰਾਂ ?)॥ ਮਨ ਤਨ ਅੰਤਰਿ, ਤੁਧੁ ਨਦਰਿ ਨਿਹਾਲੀ (ਨਿਹਾਲੀਂ ਭਾਵ ਤੈਨੂੰ ਅਨੁਭਵ ਨਾਲ਼ ਵੇਖਦਾ ਹਾਂ)॥ ਤੂੰ ਮੇਰਾ ਮੀਤੁ, ਸਾਜਨੁ, ਮੇਰਾ ਸੁਆਮੀ; ਤੁਧੁ ਬਿਨੁ, ਅਵਰੁ ਨ ਜਾਨਣਿਆ ॥੬॥ ਜਿਸ ਕਉ, ਤੂੰ ਪ੍ਰਭ ! ਭਇਆ ਸਹਾਈ ॥ ਤਿਸੁ, ਤਤੀ (ਤੱਤੀ) ਵਾਉ ਨ ਲਗੈ ਕਾਈ (ਭਾਵ ਕੋਈ, ਥੋੜ੍ਹੀ ਮਾਤਰ ਵੀ) ॥ ਤੂ ਸਾਹਿਬੁ, ਸਰਣਿ (ਸ਼ਰਣਿ) ਸੁਖਦਾਤਾ; ਸਤਸੰਗਤਿ ਜਪਿ (ਕੇ) ਪ੍ਰਗਟਾਵਣਿਆ ॥੭॥ ਤੂੰ ਊਚ ਅਥਾਹੁ (ਅਥਾਹ), ਅਪਾਰੁ ਅਮੋਲਾ ॥ ਤੂੰ ਸਾਚਾ ਸਾਹਿਬੁ, ਦਾਸੁ ਤੇਰਾ ਗੋਲਾ ॥ ਤੂੰ ਮੀਰਾ (ਮੀਰਾਂ/ਮੀਰਾਨ ਭਾਵ ਬਾਦਸ਼ਾਹਾਂ ਦਾ ਬਾਦਸ਼ਾਹ) ਸਾਚੀ ਠਕੁਰਾਈ ; ਨਾਨਕ ! ਬਲਿ-ਬਲਿ ਜਾਵਣਿਆ ॥੮॥੩॥੩੭॥

ਮਾਝ ਮਹਲਾ ੫, ਘਰੁ ੨ ॥

ਨਿਤ ਨਿਤ ਦਯੁ ਸਮਾਲੀਐ (ਦਈ ਸੰਮਾਲ਼ੀਐ)) ॥ ਮੂਲਿ (ਭਾਵ ਬਿਲਕੁਲ) ਨ ਮਨਹੁ (ਮਨੋਂ) ਵਿਸਾਰੀਐ ॥ ਰਹਾਉ ॥ ਸੰਤਾ (ਸੰਤਾਂ) ਸੰਗਤਿ ਪਾਈਐ ॥ ਜਿਤੁ (ਭਾਵ ਜਿਸ ਰਾਹੀਂ), ਜਮ ਕੈ ਪੰਥਿ (’ਤੇ) ਨ ਜਾਈਐ ॥ ਤੋਸਾ (ਤੋਸ਼ਾ ਭਾਵ ਰਾਹਦਾਰੀ ਖ਼ਰਚ) ਹਰਿ ਕਾ ਨਾਮੁ ਲੈ (ਭਾਵ ਲੈ ਕੇ, ਕਿਰਿਆ ਵਿਸ਼ੇਸ਼ਣ); ਤੇਰੇ ਕੁਲਹਿ (ਵੰਸ਼ਜ ਨੂੰ) ਨ ਲਾਗੈ ਗਾਲਿ (ਗਾਲ਼ਿ) ਜੀਉ ॥੧॥ ਜੋ, ਸਿਮਰੰਦੇ ਸਾਂਈਐ (ਸਾਈਂਐ)॥ ਨਰਕਿ (’ਚ) ਨ ਸੇਈ ਪਾਈਐ ॥ ਤਤੀ (ਤੱਤੀ) ਵਾਉ ਨ ਲਗਈ (ਲਗ+ਈ); ਜਿਨ (ਜਿਨ੍) ਮਨਿ (’ਚ), ਵੁਠਾ (ਵੱਠਾ) ਆਇ (ਕੇ) ਜੀਉ ॥੨॥ ਸੇਈ ਸੁੰਦਰ ਸੋਹਣੇ ॥ ਸਾਧਸੰਗਿ ਜਿਨ (ਜਿਨ੍) ਬੈਹਣੇ ॥ ਹਰਿ ਧਨੁ ਜਿਨੀ (ਜਿਨ੍ਹੀਂ) ਸੰਜਿਆ (ਇਕੱਠਾ ਕੀਤਾ); ਸੇਈ ਗੰਭੀਰ ਅਪਾਰ ਜੀਉ ॥੩॥ ਹਰਿ ਅਮਿਉ ਰਸਾਇਣੁ ਪੀਵੀਐ ॥ ਮੁਹਿ+ਡਿਠੈ ਜਨ ਕੈ (ਮੁੰਹ ਡਿੱਠੈ ਭਾਵ ਜਨ ਕੈ ‘ਮੁਹਿ+ਡਿਠੈ’ ਨਾਲ਼), ਜੀਵੀਐ ॥ ਕਾਰਜ ਸਭਿ ਸਵਾਰਿ ਲੈ; ਨਿਤ (ਨਿੱਤ) ਪੂਜਹੁ, ਗੁਰ ਕੇ ‘ਪਾਵ’ (ਨੋਟ: ਇਹ ਸ਼ਬਦ ‘ਪਾਂਵ’ ਨਹੀਂ ਉਚਾਰਨਾ ਕਿਉਂਕਿ ਇਹ ਸੰਸਿਤ ਦੇ ‘ਪਾਦਹ’ ਦਾ ਤਦਭਵ ਹੈ, ਜਿਸ ਦਾ ਅਰਥ ਹੈ ‘ਪੈਰ, ਚਰਨ’) ਜੀਉ ॥੪॥ ਜੋ, ਹਰਿ (ਨੇ) ਕੀਤਾ ਆਪਣਾ ॥ ਤਿਨਹਿ, ਗੁਸਾਈ (ਗੁਸਾਈਂ) ਜਾਪਣਾ ॥ ਸੋ ਸੂਰਾ, ਪਰਧਾਨੁ ਸੋ ; ਮਸਤਕਿ+ਜਿਸ+ਦੈ (’ਤੇ), ਭਾਗੁ ਜੀਉ ॥੫॥ ਮਨ ਮੰਧੇ, ਪ੍ਰਭੁ ਅਵਗਾਹੀਆ (ਅਵਗਾਹੀ+ਆ)॥ ਏਹਿ (ਏਹ) ਰਸ ਭੋਗਣ, ਪਾਤਿਸਾਹੀਆ (ਪਾਤਿਸ਼ਾਹੀ+ਆ)॥ ਮੰਦਾ ਮੂਲਿ ਨ ਉਪਜਿਓ ; ਤਰੇ, ਸਚੀ ਕਾਰੈ (’ਚ) ਲਾਗਿ ਜੀਉ ॥੬॥ ਕਰਤਾ ਮੰਨਿ ਵਸਾਇਆ ॥ ਜਨਮੈ ਕਾ ਫਲੁ (ਫਲ਼) ਪਾਇਆ ॥ ਮਨਿ ਭਾਵੰਦਾ ਕੰਤੁ ਹਰਿ ; ਤੇਰਾ, ਥਿਰੁ ਹੋਆ ਸੋਹਾਗੁ ਜੀਉ ॥੭॥ ਅਟਲ (ਅ+ਟਲ) ਪਦਾਰਥੁ ਪਾਇਆ ॥ ਭੈ ਭੰਜਨ ਕੀ ਸਰਣਾਇਆ (ਸ਼ਰਣਾਇ+ਆ) ॥ ਲਾਇ (ਕੇ) ਅੰਚਲਿ, ਨਾਨਕ ! ਤਾਰਿਅਨੁ (ਭਾਵ ਉਸ ਨੇ ਤਾਰਿਆ); ਜਿਤਾ (ਜਿੱਤਾ) ਜਨਮੁ ਅਪਾਰ (ਭਾਵ ਬੜਾ ਕਠਿਨ) ਜੀਉ ॥੮॥੪॥੩੮॥

ੴ ਸਤਿ ਗੁਰ ਪ੍ਰਸਾਦਿ ॥ ਮਾਝ, ਮਹਲਾ ੫, ਘਰੁ ੩ ॥

ਹਰਿ ਜਪਿ ਜਪੇ; ਮਨੁ ਧੀਰੇ ॥੧॥ ਰਹਾਉ ॥ ਸਿਮਰਿ ਸਿਮਰਿ ਗੁਰਦੇਉ; ਮਿਟਿ ਗਏ ਭੈ, ਦੂਰੇ (ਦੂਰੀ, ਵਿਥ)॥੧॥ ਸਰਨਿ (ਸ਼ਰਨਿ) ਆਵੈ ਪਾਰਬ੍ਰਹਮ ਕੀ, ਤਾ (ਤਾਂ) ਫਿਰਿ, ਕਾਹੇ ਝੂਰੇ  ? ॥੨॥ ਚਰਨ ਸੇਵ ਸੰਤ ਸਾਧ ਕੇ, ਸਗਲ ਮਨੋਰਥ ਪੂਰੇ ॥੩॥ ਘਟਿ+ਘਟਿ ਏਕੁ ਵਰਤਦਾ, ਜਲਿ+ਥਲਿ+ਮਹੀਅਲਿ (ਭਾਵ ਅਕਾਸ਼ ’ਚ) ਪੂਰੇ ॥੪॥ ਪਾਪ ਬਿਨਾਸਨੁ ਸੇਵਿਆ, ਪਵਿਤ੍ਰ ਸੰਤਨ ਕੀ ਧੂਰੇ ॥੫॥ ਸਭ ਛਡਾਈ ਖਸਮਿ (ਨੇ), ਆਪਿ ; ਹਰਿ ਜਪਿ (ਕੇ), ਭਈ ਠਰੂਰੇ (ਸ਼ਾਂਤ)॥੬॥ ਕਰਤੈ (ਨੇ) ਕੀਆ ਤਪਾਵਸੋ (ਨਿਆਂ ਕਿ); ਦੁਸਟ (ਦੁਸ਼ਟ) ਮੁਏ, ਹੋਇ ਮੂਰੇ (ਭਾਵ ਅੰਦਰੋਂ ਖ਼ਾਲੀ ਰਹਿ ਗਏ, ਜੋ ਕੇਵਲ ਵੇਖਣ ਮਾਤਰ ਹੀ ਜਿਊਂਦੇ ਹਨ, ਇਨਸਾਨੀਅਤ ਪੱਖੋਂ ਮਰ ਗਏ)॥੭॥ ਨਾਨਕ ! ਰਤਾ ਸਚਿ+ਨਾਇ (ਰੱਤਾ ਸਚ ਨਾਇਂ ’ਚ, ਹੁਣ) ; ਹਰਿ ਵੇਖੈ, ਸਦਾ ਹਜੂਰੇ (ਹਜ਼ੂਰੇ, ਅੰਗ-ਸੰਗ)॥੮॥੫॥੩੯॥੧॥੩੨॥੧॥੫॥੩੯॥

ੴ ਸਤਿ, ਗੁਰ ਪ੍ਰਸਾਦਿ ॥

ਬਾਰਹ (ਬਾਰ੍ਹਾਂ) ਮਾਹਾ, ਮਾਂਝ, ਮਹਲਾ ੫, ਘਰੁ ੪

ਕਿਰਤਿ ਕਰਮ ਕੇ ਵੀਛੁੜੇ (‘ਛੁ’ ਦਾ ਔਂਕੜ ਉਚਾਰਨਾ ਹੈ); ਕਰਿ ਕਿਰਪਾ ਮੇਲਹੁ ਰਾਮ ॥ ਚਾਰਿ ਕੁੰਟ, ਦਹ ਦਿਸ (ਦਿਸ਼) ਭ੍ਰਮੇ ; ਥਕਿ ਆਏ, ਪ੍ਰਭ ਕੀ ਸਾਮ ॥ ਧੇਨੁ ਦੁਧੈ ਤੇ ਬਾਹਰੀ ; ਕਿਤੈ ਨ ਆਵੈ ਕਾਮ ॥ ਜਲ ਬਿਨੁ, ਸਾਖ (ਸ਼ਾਖ਼) ਕੁਮਲਾਵਤੀ ; ਉਪਜਹਿ ਨਾਹੀ (ਨਾਹੀਂ) ਦਾਮ ॥ ਹਰਿ ਨਾਹ (ਭਾਵ ਖ਼ਸਮ ਨੂੰ), ਨ ਮਿਲੀਐ ਸਾਜਨੈ (ਨੂੰ); ਕਤ ਪਾਈਐ ਬਿਸਰਾਮ  ?॥ ਜਿਤੁ+ਘਰਿ (’ਚ), ਹਰਿ ਕੰਤੁ ਨ ਪ੍ਰਗਟਈ (ਪ੍ਰਗਟ+ਈ); ਭਠਿ (ਭੱਠਿ) ਨਗਰ ਸੇ ਗ੍ਰਾਮ ॥ ਸ੍ਰਬ ਸੀਗਾਰ (ਸ਼ੀਂਗਾਰ) ਤੰਬੋਲ ਰਸ ; ਸਣੁ ਦੇਹੀ ਸਭ, ਖਾਮ (ਖ਼ਾਮ, ਭਾਵ ਕੱਚਾ) ॥ ਪ੍ਰਭ ਸੁਆਮੀ ਕੰਤ ਵਿਹੂਣੀਆ (ਵਿਹੂਣੀ+ਆ) ; ਮੀਤ ਸਜਣ (ਸੱਜਣ) ਸਭਿ, ਜਾਮ (ਭਾਵ ਯਮ ਦੇ ਅਧੀਨ)॥ ਨਾਨਕ ਕੀ ਬੇਨੰਤੀਆ (ਬੇਨੰਤੀ+ਆ) ; ਕਰਿ ਕਿਰਪਾ, ਦੀਜੈ ਨਾਮੁ ॥ ਹਰਿ ਮੇਲਹੁ ਸੁਆਮੀ ! ਸੰਗਿ ਪ੍ਰਭ, ਜਿਸ ਕਾ ਨਿਹਚਲ ਧਾਮ (ਭਾਵ ਗਤੀਹੀਣ ਟਿਕਾਣਾ, ਜੋ ‘ਆਦਿ ਸਚੁ, ਜੁਗਾਦਿ ਸਚੁ’) ॥੧॥ ਚੇਤਿ (’ਚ), ਗੋਵਿੰਦੁ ਅਰਾਧੀਐ ; ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ (ਕੇ) ਪਾਈਐ ; ਰਸਨਾ (ਨਾਲ਼) ਨਾਮੁ ਭਣਾ (ਜਪਣ, ਦੀ ਦਾਤ)॥ ਜਿਨਿ (ਜਿਨ੍) ਪਾਇਆ ਪ੍ਰਭੁ ਆਪਣਾ ; ਆਏ ਤਿਸਹਿ ਗਣਾ (ਭਾਵ ਅਸਲ ਮਨੁੱਖਾ ਜੂਨੀ ’ਚ ਆਏ ਉਨ੍ਹਾਂ ਨੂੰ ਹੀ ਮੰਨੋ, ਪਰ)॥ ਇਕੁ ਖਿਨੁ, ਤਿਸੁ ਬਿਨੁ ਜੀਵਣਾ ; ਬਿਰਥਾ ਜਨਮੁ ਜਣਾ (ਜਾਣੋ)॥ ਜਲਿ+ਥਲਿ+ਮਹੀਅਲਿ (’ਚ) ਪੂਰਿਆ (ਵਿਆਪਕ); ਰਵਿਆ ਵਿਚਿ ਵਣਾ ॥ ਸੋ ਪ੍ਰਭੁ, ਚਿਤਿ (’ਚ) ਨ ਆਵਈ (ਆਵ+ਈ); ਕਿਤੜਾ ਦੁਖੁ ਗਣਾ (ਗਿਣੀਏ) ? ॥ ਜਿਨੀ (ਜਿਨ੍ਹੀਂ) ਰਾਵਿਆ, ਸੋ ਪ੍ਰਭੂ ; ਤਿੰਨਾ (ਤਿਨ੍ਹਾਂ) ਭਾਗੁ ਮਣਾ (ਭਾਵ ਮੱਥੇ ’ਤੇ) ॥ ਹਰਿ ਦਰਸਨ ਕੰਉ ਮਨੁ ਲੋਚਦਾ ; ਨਾਨਕ ! ਪਿਆਸ ਮਨਾ ॥ ਚੇਤਿ (’ਚ), ਮਿਲਾਏ ਸੋ ਪ੍ਰਭੂ, ਤਿਸ ਕੈ+ਪਾਇ (’ਚ) ਲਗਾ (ਲੱਗਾਂ) ॥੨॥ ਵੈਸਾਖਿ (’ਚ), ਧੀਰਨਿ ਕਿਉ (ਕਿਉਂ, ਕਿਵੇਂ ਧੀਰਜ ਕਰਨ) ਵਾਢੀਆ (ਵਾਢੀਆਂ, ਪਤੀ ਤੋਂ ਵਿੱਛੜੀਆਂ) ? ਜਿਨਾ (ਜਿਨ੍ਹਾਂ), ਪ੍ਰੇਮ ਬਿਛੋਹੁ (ਬਿਛੋਹ, ਪਿਆਰ ਦੀ ਘਾਟ)॥ ਹਰਿ ਸਾਜਨੁ (ਸਾੱਜਨ) ਪੁਰਖੁ ਵਿਸਾਰਿ+ਕੈ ; ਲਗੀ ਮਾਇਆ ਧੋਹੁ (ਧੋਹ, ਭਾਵ ਦ੍ਰੋਹ, ਛਲ-ਫ਼ਰੇਬ ਰੂਪ)॥ ਪੁਤ੍ਰ ਕਲਤ੍ਰ ਨ ਸੰਗਿ ਧਨਾ ; ਹਰਿ ਅਵਿਨਾਸੀ ਓਹੁ (ਓਹ)॥ ਪਲਚਿ+ਪਲਚਿ (ਫਸ-ਫਸ ਕੇ, ਕਿਰਿਆ ਵਿਸ਼ੇਸ਼ਣ) ਸਗਲੀ ਮੁਈ ; ਝੂਠੈ+ਧੰਧੈ (ਦਾ) ਮੋਹੁ ॥ ਇਕਸੁ ਹਰਿ ਕੇ ਨਾਮ ਬਿਨੁ ; ਅਗੈ ਲਈਅਹਿ ਖੋਹਿ (ਲਈਐਂ ਖੋਹ)॥ ਦਯੁ (ਦਈ) ਵਿਸਾਰਿ (ਕੇ) ਵਿਗੁਚਣਾ (ਖ਼ੱਜਲ਼ ਹੋਣਾ); ਪ੍ਰਭ ਬਿਨੁ, ਅਵਰੁ ਨ ਕੋਇ ॥ ਪ੍ਰੀਤਮ ਚਰਣੀ, ਜੋ ਲਗੇ ; ਤਿਨ (ਤਿਨ੍) ਕੀ ਨਿਰਮਲ ਸੋਇ (ਭਾਵ ਸ਼ੋਭਾ)॥ ਨਾਨਕ ਕੀ ਪ੍ਰਭ ! ਬੇਨਤੀ ; ਪ੍ਰਭ ! ਮਿਲਹੁ ਪਰਾਪਤਿ ਹੋਇ ॥ ਵੈਸਾਖੁ ਸੁਹਾਵਾ ਤਾਂ ਲਗੈ ; ਜਾ (ਜਾਂ, ਜਦ), ਸੰਤੁ ਭੇਟੈ ਹਰਿ ਸੋਇ (ਭਾਵ ਉਹ ਹਰੀ-ਸੰਤ ਪ੍ਰਭੂ ਮਿਲ ਪਏ)॥ ੩॥ ਹਰਿ, ਜੇਠਿ (’ਚ), ਜੁੜੰਦਾ ਲੋੜੀਐ (ਭਾਵ ਜੁੜਨਾ ਚਾਹੀਦਾ ਹੈ); ਜਿਸੁ ਅਗੈ, ਸਭਿ ਨਿਵੰਨਿ (ਨਿਵੰਨ੍)॥ ਹਰਿ ਸਜਣ (ਸੱਜਣ ਦੇ) ਦਾਵਣਿ+ਲਗਿਆ (ਲੱਗਿਆਂ, ਪੱਲ਼ੇ ਲੱਗਣ ਨਾਲ਼) ; ਕਿਸੈ (ਨੂੰ) ਨ ਦੇਈ ਬੰਨਿ (ਬੰਨ੍ਹ, ਭਾਵ ਉਹ ਕਿਸੇ ਨੂੰ ਬੰਨ੍ਹ ਕੇ ਲੈ ਜਾਣ ਦੀ ਇਜਾਜ਼ਤ ਨਹੀਂ ਦਿੰਦਾ)॥ ਮਾਣਕ ਮੋਤੀ, ਨਾਮੁ ਪ੍ਰਭ ; ‘ਉਨ’ (ਉਨ੍ਹਾਂ ਰੱਬੀ ਗੁਣ ਮਾਣਕ-ਮੋਤੀਆਂ ਨੂੰ), ਲਗੈ ਨਾਹੀ ਸੰਨਿ (ਨਾਹੀਂ ਸੰਨ੍ ਭਾਵ ਪਾੜ)॥ ਰੰਗ ਸਭੇ ਨਾਰਾਇਣੈ (ਦੇ); ਜੇਤੇ, ਮਨਿ (’ਚ) ਭਾਵੰਨਿ (ਭਾਵੰਨ੍ ਭਾਵ ਪਸੰਦ ਆਉਂਦੇ)॥ ਜੋ ਹਰਿ ਲੋੜੇ (ਭਾਵ ਚਾਹੇ), ਸੋ ਕਰੇ ; ਸੋਈ, ਜੀਅ ਕਰੰਨਿ (ਕਰੰਨ੍)॥ ਜੋ, ਪ੍ਰਭਿ (ਨੇ) ਕੀਤੇ ਆਪਣੇ ; ਸੇਈ, ਕਹੀਅਹਿ ਧੰਨਿ (ਕਹੀਐਂ ਧੰਨ) ॥ ਆਪਣ ਲੀਆ ਜੇ ਮਿਲੈ ; ਵਿਛੁੜਿ (ਕੇ) ਕਿਉ ਰੋਵੰਨਿ (ਕਿਉਂ ਰੋਵੰਨ੍) ?॥ ਸਾਧੂ ਸੰਗੁ ਪਰਾਪਤੇ ; ਨਾਨਕ ! ਰੰਗ ਮਾਣੰਨਿ (ਮਾਣੰਨ੍)॥ ਹਰਿ, ਜੇਠੁ ਰੰਗੀਲਾ, ਤਿਸੁ ਧਣੀ ; ਜਿਸ ‘ਕੈ, ਭਾਗੁ ਮਥੰਨਿ’ (ਮੱਥੇ ’ਤੇ)॥੪॥

(ਨੋਟ : (1). ਉਕਤ ਬੰਦ ਦੀ ਤੁਕ ‘ਉਨ’, ਲਗੈ ਨਾਹੀ ਸੰਨਿ॥ ’ਚ ਦਰਜ ‘ਉਨ’ ਸ਼ਬਦ ਬਣਤਰ ਵਿਚਾਰਨਯੋਗ ਹੈ ਕਿਉਂਕਿ ਗੁਰਬਾਣੀ ਲਿਖਤ ਮੁਤਾਬਕ ‘ਉਨਿ’ (ਇੱਕ ਵਚਨ ਤੇ ਕਰਤਾ ਕਾਰਕ ਭਾਵ ਉਸ ਨੇ), ‘ਉਨੁ’ (ਇੱਕ ਵਚਨ) ਤੇ ‘ਉਨ’ ਬਹੁ ਵਚਨ ਪੜਨਾਂਵ ਹੋਣਾ ਚਾਹੀਦਾ ਹੈ, ਪਰ ਗੁਰਬਾਣੀ ’ਚ ‘ਉਨੁ’ (ਇੱਕ ਵਚਨ) ਸ਼ਬਦ ਬਣਤਰ ਮੌਜੂਦ ਨਹੀਂ, ‘ਉਨਿ’ (18 ਵਾਰ) ਅਤੇ ‘ਉਨ’ (39 ਵਾਰ) ਦਰਜ ਹੈ। ਜਦ ‘ਉਨਿ’ ਦੀ ਅੰਤ ਸਿਹਾਰੀ ‘ਕਰਤਾ ਕਾਰਕ’ ਹੋਵੇ ਤਾਂ ਇਸ ਦੇ ਪਿਛੇਤਰ ਕੋਈ ਸਬੰਧਕੀ ਚਿੰਨ੍ਹ (ਕੇਵਲ ਪ੍ਰਗਟ, ਨਾ ਕਿ ਲੁਪਤ) ਆਉਣ ਉਪਰੰਤ ਸ਼ਬਦ ਬਣਤਰ ‘ਉਨ’ (ਅੰਤ ਮੁਕਤਾ) ਬਹੁ ਵਚਨ ਵਾਙ ਵੀ ਰਹਿ ਜਾਂਦੀ ਹੈ, ਜਿਸ ਨੂੰ ਇੱਕ ਵਚਨ ਹੀ ਮੰਨਣਾ ਚਾਹੀਏ, ਨਾ ਕਿ ਬਹੁ ਵਚਨ, ਇਸ ਲਈ ‘ਉਨ’ ਸ਼ਬਦ ਬਣਤਰ 39 ਵਾਰ ਭਾਵ ਵਧੇਰੇ ਮਾਤਰਾ ’ਚ ਦਰਜ ਹੈ; ਜਿਵੇਂ ਕਿ

(ੳ. ਬਹੁ ਵਚਨ, ਉਨ) ‘ਉਨ’ (ਉਨ੍ਹਾਂ) ਸੰਤਨ ਕੈ, ਮੇਰਾ ਮਨੁ ਕੁਰਬਾਨੇ ॥ (ਮ: ੫/੧੦੦)

ਨਾਨਕ ਕਉ ਪ੍ਰਭ ! ਕੀਜੈ ਕਿਰਪਾ; ‘ਉਨ’ (ਉਨ੍ਹਾਂ) ਸੰਤਨ ਕੈ ਸੰਗਿ ਸੰਗੋਰੀ (ਸਾਥ ਤੇ ਸੰਗਤ ’ਚ ਰੱਖ)॥ (ਮ: ੫/੨੦੮)

‘ਉਨ’ (ਕੂੰਜ ਦੇ ਉਨ੍ਹਾਂ ਬੱਚਿਆਂ ਨੂੰ) ਕਵਨੁ ਖਲਾਵੈ  ? ਕਵਨੁ ਚੁਗਾਵੈ  ? ਮਨ ਮਹਿ ਸਿਮਰਨੁ ਕਰਿਆ ॥ (ਮ: ੫/੪੯੫), ਆਦਿ।

(ਅ, ਇੱਕ ਵਚਨ, ਪਰਗਟ ਸਬੰਧਕੀ, ਉਨ). ਦੁਹੂ ਪਾਖ ਕਾ; ਆਪਹਿ ਧਨੀ ॥ ‘ਉਨ (ਉਸ ਪ੍ਰਭੂ) ਕੀ ਸੋਭਾ’, ਉਨਹੂ ਬਨੀ ॥’’ (ਗਉੜੀ ਸੁਖਮਨੀ/ਮ: ੫/੨੯੨), ਆਦਿ (ਅਤੇ)

(ੲ, ਇੱਕ ਵਚਨ, ਕਰਤਾ ਕਾਰਕ, ਲੁਪਤ ਸਬੰਧਕੀ, ਉਨਿ). ‘ਉਨਿ’ (ਉਸ ਮਾਯਾ ਨੇ) ਸਭੁ ਜਗੁ ਖਾਇਆ, ਹਮ ਗੁਰਿ (ਨੇ) ਰਾਖੇ ਮੇਰੇ ਭਾਈ ! ॥ (ਮ: ੫/੩੯੪)

ਕਮਲ ਹੇਤਿ ਬਿਨਸਿਓ ਹੈ ਭਵਰਾ; ‘ਉਨਿ’ (ਉਸ ਭਵਰੇ ਨੇ) ਮਾਰਗੁ ਨਿਕਸਿ ਨ ਪਾਇਓ ॥ (ਮ: ੫/੬੭੦)

ਬਾਬਾ ਆਦਮ ਕਉ, ਕਿਛੁ ਨਦਰਿ ਦਿਖਾਈ ॥ ‘ਉਨਿ’ (ਉਸ ਬਾਬਾ ਆਦਮ ਨੇ) ਭੀ ਭਿਸਤਿ ਘਨੇਰੀ ਪਾਈ ! (ਭਾਵ ਸੁਰਗ ਦੇ ਬਾਗ਼ ’ਚੋਂ ਜਲਦੀ ਬਾਹਰ ਕੱਢ ਦਿੱਤਾ ਗਿਆ, ਜੋ ਆਪਣਾ ਸਥਿਰ ਨਿਵਾਸ ਮੰਨਦਾ ਸੀ)॥ (ਭਗਤ ਕਬੀਰ/੧੧੬੧), ਆਦਿ, ਪਰ ਵਿਚਾਰ ਅਧੀਨ ਤੁਕ ’ਚ ‘‘ਮਾਣਕ ਮੋਤੀ, ਨਾਮੁ ਪ੍ਰਭ ; ‘ਉਨ’, ਲਗੈ ਨਾਹੀ ਸੰਨਿ ॥’’ ’ਚ ‘ਉਨ’ ਦਾ ਇਸ਼ਾਰਾ ‘ਨਾਮੁ ਪ੍ਰਭ’ (ਇੱਕ ਵਚਨ) ਵੱਲ ਹੁੰਦਾ ਤਾਂ ਸ਼ਬਦ ਬਣਤਰ ‘ਉਨੁ’ ਚਾਹੀਦੀ ਸੀ, ਇਸ ਲਈ ਚੰਗਾ ਹੋਵੇ ਕਿ ‘ਉਨ’ ਨੂੰ ‘ਨਾਮੁ’ ਵੱਲ ਉਲਥਾਉਣ ਦੀ ਬਜਾਇ ‘ਮਾਣਕ ਮੋਤੀ’ (ਬਹੁ ਵਚਨ) ਵੱਲ ਉਲਥਾਇਆ ਜਾਵੇ; ਜਿਵੇਂ ਕਿ ਉਕਤ ਅਰਥ ਕੀਤੇ ਗਏ ਹਨ, ‘‘ਮਾਣਕ ਮੋਤੀ, ਨਾਮੁ ਪ੍ਰਭ ; ‘ਉਨ’ (ਉਨ੍ਹਾਂ ਰੱਬੀ ਗੁਣ ਭਾਵ ਮਾਣਕ-ਮੋਤੀਆਂ ਨੂੰ), ਲਗੈ ਨਾਹੀ ਸੰਨਿ (ਨਾਹੀਂ ਸੰਨ੍ ਭਾਵ ਪਾੜ)॥’’

(2). ਉਕਤ ਬੰਦ ਦੀ ਅੰਤਮ ਤੁਕ ‘‘ਹਰਿ, ਜੇਠੁ ਰੰਗੀਲਾ, ਤਿਸੁ ਧਣੀ ; ਜਿਸ ‘ਕੈ, ਭਾਗੁ ਮਥੰਨਿ’ (ਮੱਥੇ ’ਤੇ)॥੪॥’’ ’ਚ ਗੁਰਬਾਣੀ ਲਿਖਤ ਨਿਯਮ ਅਨੁਸਾਰ ‘‘ਹਰਿ, ਜੇਠੁ ਰੰਗੀਲਾ, ਤਿਸੁ ਧਣੀ ; ਜਿਸ ‘ਕੈ ਮਥੰਨਿ’ (ਮੱਥੇ ’ਤੇ), ਭਾਗੁ॥੪॥’’ ਅਰਥ ਬਣਦੇ ਹਨ ਕਿਉਂਕਿ ‘ਕੈ’ (ਦੁਲਾਵਾਂ) ਉਪਰੰਤ ਅੰਤ ਸਿਹਾਰੀ ਤੇ ਇੱਕ ਵਚਨ ਪੁਲਿੰਗ ਸ਼ਬਦ ਹੋਣਾ ਚਾਹੀਦਾ ਹੈ; ਜਿਵੇਂ ਕਿ

ਪ੍ਰਭ ‘ਕੈ ਸਿਮਰਨਿ’; ਗਰਭਿ ਨ ਬਸੈ ॥ (ਗਉੜੀ ਸੁਖਮਨੀ/ਮ: ੫/੨੬੨), ਇਸ ਲਈ ‘‘ਜਿਸ ਕੈ ਭਾਗੁ’’ ਨੂੰ ਇਕੱਠਾ ਉਚਾਰਨ ਕਰਨ ਨਾਲ਼ ‘ਕੈ’ ਉਪਰੰਤ ‘ਭਾਗੁ’ ਅੰਤ ਔਂਕੜ ਆਉਂਦਾ ਹੈ, ਜੋ ਸਹੀ ਨਹੀਂ, ਇਸ ਲਈ ਹੀ ‘ਜਿਸ ‘ਕੈ’, ਭਾਗੁ’ ਵਿਚਕਾਰ ਵਿਸਰਾਮ ਦਿੱਤਾ ਗਿਆ ਹੈ।)

ਆਸਾੜੁ ਤਪੰਦਾ ਤਿਸੁ ਲਗੈ, ਹਰਿ ਨਾਹੁ (ਨਾਹ ਭਾਵ ਖ਼ਸਮ) ਨ ਜਿੰਨਾ (ਜਿਨ੍ਹਾਂ) ਪਾਸਿ ॥ ਜਗਜੀਵਨ ਪੁਰਖੁ ਤਿਆਗਿ+ਕੈ, ਮਾਣਸ ਸੰਦੀ (ਭਾਵ ‘ਦੀ’) ਆਸ ॥ ਦੁਯੈ+ਭਾਇ (‘ਦੁਈਐ+ਭਾਇ’ ਭਾਵ ਰੱਬ ਤੋਂ ਬਿਨਾਂ ਹੋਰ ਨਾਲ਼ ਪ੍ਰੇਮ ਕੀਤਿਆਂ), ਵਿਗੁਚੀਐ ; ਗਲਿ ਪਈਸੁ (ਭਾਵ ਉਸ ਦੇ ਪਏਗੀ), ਜਮ ਕੀ ਫਾਸ ॥ ਜੇਹਾ ਬੀਜੈ, ਸੋ ਲੁਣੈ (ਭਾਵ ਵੱਢਦਾ); ਮਥੈ (’ਤੇ) ਜੋ ਲਿਖਿਆਸੁ (ਭਾਵ ਉਸ ਨੇ ਜੋ ਲਿਖਿਆ)॥ ‘ਰੈਣਿ ਵਿਹਾਣੀ’ (ਭਾਵ ਜੀਵਨ ਰੂਪੀ ਰਾਤ ਬੀਤਣ ਉਪਰੰਤ) ਪਛੁਤਾਣੀ ; ਉਠਿ ਚਲੀ ਗਈ, ਨਿਰਾਸ ॥ (ਪਰ) ਜਿਨ ਕੌ (ਕਉ) ਸਾਧੂ ਭੇਟੀਐ ; ਸੋ, ਦਰਗਹ (ਦਰਗ੍ਾ) ਹੋਇ ਖਲਾਸੁ (ਮੁਕਤ)॥ ਕਰਿ ਕਿਰਪਾ, ਪ੍ਰਭ ! ਆਪਣੀ ; ਤੇਰੇ ਦਰਸਨ (ਦੀ) ਹੋਇ ਪਿਆਸ ॥ ਪ੍ਰਭ ! ਤੁਧੁ ਬਿਨੁ, ਦੂਜਾ ਕੋ ਨਹੀ (ਨਹੀਂ); ਨਾਨਕ ਕੀ ਅਰਦਾਸਿ ॥ ਆਸਾੜੁ ਸੁਹੰਦਾ ਤਿਸੁ ਲਗੈ ; ਜਿਸੁ ਮਨਿ (’ਚ), ਹਰਿ ਚਰਣ (ਦਾ) ਨਿਵਾਸ ॥੫॥

(ਨੋਟ : ਉਕਤ ਸ਼ਬਦ ਦੀ ਤੁਕ ‘ਰੈਣਿ ਵਿਹਾਣੀ’ (ਭਾਵ ਜੀਵਨ ਰੂਪੀ ਰਾਤ ਬੀਤਣ ਉਪਰੰਤ) ਪਛੁਤਾਣੀ ; ਉਠਿ ਚਲੀ ਗਈ, ਨਿਰਾਸ ॥ ਵਾਕ ਮੁਤਾਬਕ ਅਗਰ ਗੁਰਬਾਣੀ ’ਚ ਦਰਜ ਪਹਿਲੇ ਰਾਗ ‘ਸ੍ਰੀ ਰਾਗ’ ਨੂੰ ਜੀਵਨ ਰਾਤ ਦਾ ਆਰੰਭਕ ਭਾਗ (ਹਨੇਰਾ) ਮੰਨ ਲਈਏ ਤਾਂ 30ਵਾਂ ਰਾਗ ‘ਪ੍ਰਭਾਤੀ’ (ਸੁਬ੍ਹਾ) ਜੀਵਨ ’ਚ ਰੌਸ਼ਨੀ ਨੂੰ ਦਰਸਾਉਂਦਾ ਹੋਇਆ 31ਵਾਂ ਰਾਗ ਲੋਕ-ਪ੍ਰਲੋਕ ’ਚ ‘ਜੈ ਜੈਕਾਰ’ (ਭਾਵ ਜੈਜਾਵੰਤੀ) ਕਰਵਾ ਦਿੰਦਾ ਹੈ।)

ਸਾਵਣਿ (’ਚ), ਸਰਸੀ (ਸ+ਰਸੀ) ਕਾਮਣੀ ; ਚਰਨ ਕਮਲ ਸਿਉ (ਸਿਉਂ) ਪਿਆਰੁ ॥ ਮਨੁ ਤਨੁ ਰਤਾ (ਰੱਤਾ), ਸਚ ਰੰਗਿ ; ਇਕੋ ਨਾਮੁ ਅਧਾਰੁ ॥ ਬਿਖਿਆ ਰੰਗ ਕੂੜਾਵਿਆ ; ਦਿਸਨਿ (ਦਿਸਨ੍) ਸਭੇ ਛਾਰੁ (ਸੁਆਹ)॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ ; ਮਿਲਿ ਸਾਧੂ ਪੀਵਣਹਾਰੁ ॥ ਵਣੁ+ਤਿਣੁ, ਪ੍ਰਭ ਸੰਗਿ ਮਉਲਿਆ ; ਸੰਮ੍ਰਥ ਪੁਰਖ ਅਪਾਰੁ ॥ ਹਰਿ ‘ਮਿਲਣੈ+ਨੋ’ ਮਨੁ ਲੋਚਦਾ (ਪਰ); ਕਰਮਿ (ਮਿਹਰ ਨਾਲ਼) ਮਿਲਾਵਣਹਾਰੁ ॥ ਜਿਨੀ (ਜਿਨ੍ਹੀਂ) ਸਖੀਏ, ਪ੍ਰਭੁ ਪਾਇਆ ; ਹੰਉ (ਹੌਂ); ਤਿਨ ਕੈ, ਸਦ ਬਲਿਹਾਰ ॥ ਨਾਨਕ ! ਹਰਿ ਜੀ ! ਮਇਆ ਕਰਿ ; ਸਬਦਿ (ਰਾਹੀਂ) ਸਵਾਰਣਹਾਰੁ ॥ ਸਾਵਣੁ (ਅਨੰਦਮਈ), ਤਿਨਾ ਸੁਹਾਗਣੀ ; ਜਿਨ (ਜਿਨ੍), ਰਾਮ (ਦਾ) ਨਾਮੁ (ਰੂਪੀ) ਉਰਿ (ਹਿਰਦੇ ’ਚ) ਹਾਰੁ ॥੬॥

(ਨੋਟ : ਉਕਤ ਬੰਦ ਦੀ ਤੁਕ ‘‘ਹਰਿ ‘ਮਿਲਣੈ+ਨੋ’ ਮਨੁ ਲੋਚਦਾ..॥’’ ’ਚ ‘ਨੋ’ ਸਬੰਧਕੀ ਨੇ ‘ਮਿਲਣੇ’ (ਅੰਤ ਲਾਂ) ਨੂੰ ‘ਮਿਲਣੈ’ (ਅੰਤ ਦੁਲਾਵਾਂ) ’ਚ ਤਬਦੀਲ ਕਰ ਲਿਆ ਕਿਉਂਕਿ ਸਬੰਧਕੀ ਚਿੰਨ੍ਹ ਤੋਂ ਅਗੇਤਰ ਦੀਰਘ ਮਾਤਰਾ ਹੁੰਦੀ ਹੈ, ਨਾ ਕਿ ਲਘੂ । ਧਿਆਨ ਰਹੇ ਕਿ ਪੰਜਾਬੀ ’ਚ ਲਘੂ ਮਾਤਰਾ ‘ਮੁਕਤਾ, ਸਿਹਾਰੀ ਤੇ ਔਂਕੜ’ ਹੀ ਹਨ ਜਦ ਕਿ ਅਨ ਭਾਸ਼ਾ ’ਚ ‘ਲਾਂ’ ਤੇ ‘ਹੋੜਾ’ ਵੀ ਲਘੂ ਮਾਤਰਾ ’ਚ ਆਉਂਦੇ ਹਨ, ਜਿਨ੍ਹਾਂ ਦੀ ਦੀਰਘ ਮਾਤਰਾ ‘ਲਾਂ’ ਦੀ ‘ਦੁਲਾਵਾਂ’ ਤੇ ‘ਹੋੜੇ’ ਦੀ ‘ਕਨੌੜਾ’ ਹੁੰਦੀ ਹੈ।)

ਭਾਦੁਇ (’ਚ), ਭਰਮਿ (ਰਾਹੀਂ) ਭੁਲਾਣੀਆ (ਭੁਲਾਣੀ+ਆ, ਕਿਉਂਕਿ); ਦੂਜੈ (’ਚ) ਲਗਾ ਹੇਤੁ (ਪ੍ਰੇਮ)॥ ਲਖ ਸੀਗਾਰ (ਲੱਖ ਸ਼ੀਂਗਾਰ) ਬਣਾਇਆ ; ਕਾਰਜਿ ਨਾਹੀ (ਨਾਹੀਂ) ਕੇਤੁ (ਭਾਵ ‘ਕੇਤੁ+ਕਾਰਜਿ’ ਜਾਂ ਕਿਸੇ ਕਾਰਜ ’ਚ ਨਹੀਂ)॥ ਜਿਤੁ+ਦਿਨਿ (’ਚ), ਦੇਹ ਬਿਨਸਸੀ ; ਤਿਤੁ+ਵੇਲੈ (’ਚ) ਕਹਸਨਿ (ਕਹਸਨ੍ ਭਾਵ ਕਹਿਣਗੇ)) ਪ੍ਰੇਤੁ ॥ ਪਕੜਿ ਚਲਾਇਨਿ (ਚਲਾਇਨ੍) ਦੂਤ ਜਮ (ਦੇ); ਕਿਸੈ (ਨੂੰ) ਨ ਦੇਨੀ (ਦੇਨ੍ਹੀਂ) ਭੇਤੁ ॥ ਛਡਿ ਖੜੋਤੇ ਖਿਨੈ ਮਾਹਿ (ਮਾਹਿਂ) ; ਜਿਨ ਸਿਉ ਲਗਾ (ਜਿਨ੍ ਸਿਉਂ ਲੱਗਾ) ਹੇਤੁ (ਭਾਵ ਮੋਹ)॥ ਹਥ (ਹੱਥ) ਮਰੋੜੈ ਤਨੁ ਕਪੇ (ਕੰਪੇ); ਸਿਆਹਹੁ (ਸਿਆਹੋਂ) ਹੋਆ ਸੇਤੁ ॥ ਜੇਹਾ ਬੀਜੈ, ਸੋ ਲੁਣੈ ; ਕਰਮਾ ਸੰਦੜਾ (ਭਾਵ ‘ਦਾ’) ਖੇਤੁ ॥ ਨਾਨਕ ! ਪ੍ਰਭ ਸਰਣਾਗਤੀ (ਸ਼ਰਣਾਗਤੀ) ; ਚਰਣ ਬੋਹਿਥ, ਪ੍ਰਭ ਦੇਤੁ ॥ ਸੇ, ਭਾਦੁਇ (’ਚ), ਨਰਕਿ ਨ ਪਾਈਅਹਿ (ਪਾਈਐਂ); ਗੁਰੁ ਰਖਣਵਾਲਾ (ਰੱਖਣਵਾਲ਼ਾ) ਹੇਤੁ (ਭਾਵ ਪਿਆਰਾ)॥੭॥ ਅਸੁਨਿ, ਪ੍ਰੇਮ ਉਮਾਹੜਾ ; ਕਿਉ (ਕਿਉਂ) ਮਿਲੀਐ ਹਰਿ (ਨੂੰ), ਜਾਇ (ਕੇ) ? ॥ ਮਨਿ+ਤਨਿ (’ਚ) ਪਿਆਸ ਦਰਸਨ (ਦੀ) ਘਣੀ ; ਕੋਈ, ਆਣਿ ਮਿਲਾਵੈ, ਮਾਇ ! ॥ ਸੰਤ, ਸਹਾਈ ਪ੍ਰੇਮ ਕੇ ; ਹਉ (ਹੌਂ), ਤਿਨ (ਤਿਨ੍) ਕੈ ਲਾਗਾ (ਲਾੱਗਾਂ) ਪਾਇ ॥ ਵਿਣੁ ਪ੍ਰਭ, ਕਿਉ (ਕਿਉਂ) ਸੁਖੁ ਪਾਈਐ  ? ਦੂਜੀ ਨਾਹੀ (ਨਾਹੀਂ) ਜਾਇ (ਭਾਵ ਜਗ੍ਹਾ, ਟਿਕਾਣਾ)॥ ਜਿਨ੍ਹੀਂ ਚਾਖਿਆ ਪ੍ਰੇਮ (ਦਾ) ਰਸੁ ; ਸੇ  ਤ੍ਰਿਪਤਿ ਰਹੇ ਆਘਾਇ ॥ ਆਪੁ (ਭਾਵ ਹਉਮੈ) ਤਿਆਗਿ (ਕੇ), ਬਿਨਤੀ ਕਰਹਿ (ਕਰਹਿਂ); ਲੇਹੁ (ਥੋੜ੍ਹਾ ‘ਲੇਹੁਅ’ ਵਾਙ), ਪ੍ਰਭੂ ! ਲੜਿ ਲਾਇ ॥ ਜੋ, ਹਰਿ ਕੰਤਿ (ਨੇ) ਮਿਲਾਈਆ (ਮਿਲਾਈ+ਆ); ਸਿ ਵਿਛੁੜਿ ਕਤਹਿ ਨ ਜਾਇ ॥ ਪ੍ਰਭ ਵਿਣੁ, ਦੂਜਾ ਕੋ ਨਹੀ (ਨਹੀਂ); ਨਾਨਕ ! ਹਰਿ ਸਰਣਾਇ (ਸ਼ਰਣਾਇ)॥ ਅਸੂ, ਸੁਖੀ ਵਸੰਦੀਆ (ਵਸੰਦੀਆਂ) ; ਜਿਨਾ (ਜਿਨ੍ਹਾਂ), ਮਇਆ (ਭਾਵ ਮਿਹਰ) ਹਰਿ ਰਾਇ (ਹਰੀ ਪਾਤਿਸ਼ਾਹ ਦੀ)॥੮॥ ਕਤਿਕਿ (’ਚ), ਕਰਮ ਕਮਾਵਣੇ ; ਦੋਸੁ (ਦੋਸ਼) ਨ ਕਾਹੂ ਜੋਗੁ ॥ ਪਰਮੇਸਰ ਤੇ ਭੁਲਿਆਂ ; ਵਿਆਪਨਿ ਸਭੇ ਰੋਗ ॥ ਵੇਮੁਖ ਹੋਏ ਰਾਮ ਤੇ (ਭਾਵ ਰਾਮ ‘ਤੋਂ’), ਲਗਨਿ (ਲੱਗਨ੍) ਜਨਮ ਵਿਜੋਗ ॥ ਖਿਨ ਮਹਿ, ਕਉੜੇ ਹੋਇ ਗਏ ; ਜਿਤੜੇ, ਮਾਇਆ ਭੋਗ ॥ (ਹੁਣ) ਵਿਚੁ (ਵਿਚੋਲਗਿਰੀ) ਨ ਕੋਈ ਕਰਿ ਸਕੈ ; ਕਿਸ ਥੈ (ਥਾਂ, ਭਾਵ ਕੋਲ਼) ਰੋਵਹਿ ਰੋਜ (ਰੋਵਹਿਂ ਰੋਜ਼)  ?॥ ਕੀਤਾ ਕਿਛੂ ਨ ਹੋਵਈ (ਹੋਵ+ਈ) ; ਲਿਖਿਆ ਧੁਰਿ (ਤੋਂ) ਸੰਜੋਗ ॥ ਵਡਭਾਗੀ (ਵਡਭਾਗੀਂ, ਚੰਗੇ ਨਸੀਬਾਂ ਨਾਲ਼) ਮੇਰਾ ਪ੍ਰਭੁ ਮਿਲੈ ; ਤਾਂ, ਉਤਰਹਿ (ਉਤਰਹਿਂ) ਸਭਿ ਬਿਓਗ (ਵਿਛੋੜੇ ਦੇ ਦੁੱਖ)॥ ਨਾਨਕ ਕਉ ਪ੍ਰਭ ! ਰਾਖਿ ਲੇਹਿ (ਲੇਹ); ਮੇਰੇ ਸਾਹਿਬ ਬੰਦੀ ਮੋਚ (ਹੇ ਕੈਦ ’ਚੋਂ ਅਜ਼ਾਦ ਕਰਨ ਵਾਲ਼ੇ)!॥ ਕਤਿਕ, ਹੋਵੈ ਸਾਧਸੰਗੁ ; ਬਿਨਸਹਿ (ਬਿਨਸਹਿਂ) ਸਭੇ ਸੋਚ ॥੯॥ ਮੰਘਿਰਿ+ਮਾਹਿ (ਮਾਹ ’ਚ), ਸੋਹੰਦੀਆ (ਸੋਹੰਦੀਆਂ) ; ਹਰਿ ਪਿਰ ਸੰਗਿ ਬੈਠੜੀਆਹ (ਬੈਠੜੀਆਂਹ) ॥ ਤਿਨ ਕੀ ਸੋਭਾ (ਤਿਨ੍ ਕੀ ਸ਼ੋਭਾ), ਕਿਆ ਗਣੀ (ਗਣੀਂ, ਕੀ ਦੱਸਾਂ) ? ਜਿ, ਸਾਹਿਬਿ (ਨੇ) ਮੇਲੜੀਆਹ (ਮੇਲੜੀਆਂਹ) ॥ ਤਨੁ ਮਨੁ ਮਉਲਿਆ ਰਾਮ ਸਿਉ (ਸਿਉਂ); ਸੰਗਿ ਸਾਧ ਸਹੇਲੜੀਆਹ (ਸਹੇਲੜੀਆਂਹ) ॥ ਸਾਧ ਜਨਾ ਤੇ (ਭਾਵ ਤੋਂ) ਬਾਹਰੀ ; ਸੇ, ਰਹਨਿ ਇਕੇਲੜੀਆਹ (ਰਹਨ੍ ਇਕੇਲੜੀਆਂਹ)॥ ਤਿਨ (ਤਿਨ੍), ਦੁਖੁ ਨ ਕਬਹੂ ਉਤਰੈ ; ਸੇ, ਜਮ ਕੈ ਵਸਿ (’ਚ) ਪੜੀਆਹ (ਪੜੀਆਂਹ) ॥ ਜਿਨੀ (ਜਿਨ੍ਹੀਂ) ਰਾਵਿਆ, ਪ੍ਰਭੁ ਆਪਣਾ ; ਸੇ, ਦਿਸਨਿ (ਦਿਸਨ੍) ਨਿਤ ਖੜੀਆਹ (ਖੜ੍ਹੀਆਂਹ)॥ ਰਤਨ ਜਵੇਹਰ ਲਾਲ ਹਰਿ ; ਕੰਠਿ (’ਚ) ਤਿਨਾ ਜੜੀਆਹ (ਤਿਨ੍ਹਾਂ ਜੜੀਆਂਹ) ॥ ਨਾਨਕ ! ਬਾਂਛੈ ਧੂੜਿ ਤਿਨ (ਤਿਨ੍); ਪ੍ਰਭ ਸਰਣੀ+ਦਰਿ (’ਤੇ) ਪੜੀਆਹ (ਸ਼ਰਣੀ ਦਰ ਪੜੀਆਂਹ)॥ ਮੰਘਿਰਿ (’ਚ), ਪ੍ਰਭੁ ਆਰਾਧਣਾ ; ਬਹੁੜਿ ਨ ਜਨਮੜੀਆਹ (ਜਨਮੜੀਆਂਹ) ॥੧੦॥ ਪੋਖਿ (’ਚ), ਤੁਖਾਰੁ (ਭਾਵ ਠੰਡ) ਨ ਵਿਆਪਈ (ਵਿਆਪ+ਈ) ; ਕੰਠਿ (ਨਾਲ਼) ਮਿਲਿਆ ਹਰਿ ਨਾਹੁ (ਨਾਹ, ਖ਼ਸਮ)॥ ਮਨੁ ਬੇਧਿਆ ਚਰਨਾਰਬਿੰਦ (ਸੋਹਣੇ ਚਰਨਾਂ ਨਾਲ਼); ਦਰਸਨਿ (ਭਾਵ ਤਾਂਘ ’ਚ) ਲਗੜਾ ਸਾਹੁ (ਦਮ) ॥ ਓਟ, ਗੋਵਿੰਦ ਗੋਪਾਲ ਰਾਇ ; ਸੇਵਾ ਸੁਆਮੀ, ਲਾਹੁ (ਲਾਹ ਭਾਵ ਲਾਭ)॥ ਬਿਖਿਆ ਪੋਹਿ (ਪੋਹ ਭਾਵ ਛੂਹ) ਨ ਸਕਈ (ਸਕ+ਈ) ; ਮਿਲਿ ਸਾਧੂ ਗੁਣ ਗਾਹੁ (ਗਾਹ, ਗੁਣਾਂ ਦੀ ਪਕੜ/ਸਮਝ ਹੁੰਦੀ)॥ ਜਹ (ਜ੍ਹਾਂ) ਤੇ ਉਪਜੀ, ਤਹ (ਤ੍ਹਾਂ, ਓਥੇ ਭਾਵ ਰੱਬ ਨਾਲ਼) ਮਿਲੀ ; ਸਚੀ ਪ੍ਰੀਤਿ ਸਮਾਹੁ (ਸਮਾਹ, ਸਮਾਈ)॥ ਕਰੁ ਗਹਿ (ਭਾਵ ਹੱਥ ਫੜ ਕੇ, ਆਪਣੀ ਬਣਾ ਲਈ) ਲੀਨੀ ਪਾਰਬ੍ਰਹਮਿ (ਨੇ); ਬਹੁੜਿ (ਭਾਵ ਮੁੜ) ਨ ਵਿਛੁੜੀਆਹੁ (ਵਿਛੁੜੀ+ਆਹ)॥ ਬਾਰਿ ਜਾਉ (ਜਾਉਂ) ਲਖ ਬੇਰੀਆ (ਬੇਰੀ+ਆ); ਹਰਿ ਸਜਣੁ ਅਗਮ ਅਗਾਹੁ (ਸੱਜਣ ਅਗੰਮ ਅਗਾਹ ਭਾਵ ਡੂੰਘਾ)॥ ਸਰਮ (ਸ਼ਰਮ, ਰੱਖਣੀ) ਪਈ ਨਾਰਾਇਣੈ (ਨੂੰ); ਨਾਨਕ ! (ਜੋ) ਦਰਿ ਪਈਆਹੁ (ਪਈ+ਆਹ)॥ ਪੋਖੁ ਸੁੋਹੰਦਾ (ਸੁਹੰਦਾ) ਸਰਬ ਸੁਖ ; ਜਿਸੁ ਬਖਸੇ ਵੇਪਰਵਾਹੁ (ਬਖ਼ਸ਼ੇ ਵੇਪਰਵਾਹ)॥੧੧॥

(ਨੋਟ : ਉਕਤ ਸ਼ਬਦ ’ਚ ਅੰਤਮ ਹਰ ਅੱਖਰ ‘ਹੁ’ ਹੈ; ਜਿਵੇਂ ਕਿ ‘ਨਾਹੁ, ਸਾਹੁ, ਲਾਹੁ, ਗਾਹੁ, ਸਮਾਹੁ, ਅਗਾਹੁ, ਵੇਪਰਵਾਹੁ’ ਇੱਕ ਵਚਨ ਪੁਲਿੰਗ ਨਾਂਵ ਹਨ, ਜਿਨ੍ਹਾਂ ਨਾਲ਼ ਇਕਸਾਰਤਾ ਬਣਾਏ ਰੱਖਣ ਲਈ ‘ਵਿਛੁੜੀ+ਆਹੁ, ਪਈ+ਆਹੁ’ ਇੱਕ ਵਚਨ ਕਿਰਿਆਵਾਚੀ ਸ਼ਬਦ ਹਨ, ਇਸ ਲਈ ‘ਹੁ’ ਦਾ ਉਚਾਰਨਾ ‘ਹੋ’ ਕਰਨਾ ਗ਼ਲਤ ਹੈ ।)

ਮਾਘਿ (’ਚ), ਮਜਨੁ (ਮੱਜਨ, ਗੋਤਾ ਮਾਰ) ਸੰਗਿ ਸਾਧੂਆ (ਸਾਧੂਆਂ) ; ਧੂੜੀ ਕਰਿ ਇਸਨਾਨੁ ॥ ਹਰਿ ਕਾ ਨਾਮੁ ਧਿਆਇ (ਕੇ), ਸੁਣਿ ; ਸਭਨਾ ਨੋ ਕਰਿ ਦਾਨੁ ॥ ਜਨਮ ਕਰਮ ਮਲੁ (ਮਲ਼) ਉਤਰੈ ; ਮਨ ਤੇ ਜਾਇ ਗੁਮਾਨੁ॥ ਕਾਮਿ+ਕਰੋਧਿ (’ਚ) ਨ ਮੋਹੀਐ ; ਬਿਨਸੈ, ਲੋਭੁ ਸੁਆਨੁ (ਭਾਵ ਕੁੱਤੇ ਵਰਗਾ ਲਾਲਚੀ)॥ ਸਚੈ+ਮਾਰਗਿ (’ਤੇ) ਚਲਦਿਆ (ਚਲਦਿਆਂ) ; ਉਸਤਤਿ ਕਰੇ ਜਹਾਨੁ ॥ ਅਠਸਠਿ ਤੀਰਥ, ਸਗਲ ਪੁੰਨ ; ਜੀਅ ਦਇਆ ਪਰਵਾਨੁ ॥ ਜਿਸ ਨੋ ਦੇਵੈ ਦਇਆ ਕਰਿ; ਸੋਈ ਪੁਰਖੁ ਸੁਜਾਨੁ (ਸਿਆਣਾ)॥ ਜਿਨਾ (ਜਿਨ੍ਹਾਂ) ਮਿਲਿਆ ਪ੍ਰਭੁ ਆਪਣਾ ; ਨਾਨਕ ! ਤਿਨ (ਤਿਨ੍) ਕੁਰਬਾਨੁ ॥ ਮਾਘਿ (’ਚ), ਸੁਚੇ ਸੇ ਕਾਂਢੀਅਹਿ (ਕਾਂਢੀਅਹਿਂ, ਭਾਵ ਕਹੇ ਜਾਂਦੇ ਹਨ) ; ਜਿਨ (ਜਿਨ੍), ਪੂਰਾ ਗੁਰੁ ਮਿਹਰਵਾਨੁ ॥੧੨॥ ਫਲਗੁਣਿ (’ਚ), ਅਨੰਦ ਉਪਾਰਜਨਾ ; ਹਰਿ ਸਜਣ (ਸੱਜਣ) ਪ੍ਰਗਟੇ ਆਇ ॥ ਸੰਤ ਸਹਾਈ ਰਾਮ ਕੇ ; ਕਰਿ ਕਿਰਪਾ ਦੀਆ ਮਿਲਾਇ ॥ ਸੇਜ ਸੁਹਾਵੀ ਸਰਬ ਸੁਖ ; ਹੁਣਿ, ਦੁਖਾ ਨਾਹੀ (ਦੁੱਖਾਂ ‘ਦੀ’ ਨਾਹੀਂ) ਜਾਇ (ਜਗ੍ਹਾ)॥ ਇਛ ਪੁਨੀ ਵਡਭਾਗਣੀ ; ਵਰੁ ਪਾਇਆ ਹਰਿ ਰਾਇ ॥ ਮਿਲਿ ਸਹੀਆ (ਸਹੀਆਂ) ਮੰਗਲੁ ਗਾਵਹੀ (ਗਾਵਹੀਂ) ; ਗੀਤ ਗੋਵਿੰਦ ਅਲਾਇ ॥ ਹਰਿ ਜੇਹਾ ਅਵਰੁ ਨ ਦਿਸਈ (ਦਿਸ+ਈ); ਕੋਈ ਦੂਜਾ, ਲਵੈ ਨ ਲਾਇ ॥ ਹਲਤੁ ਪਲਤੁ ਸਵਾਰਿਓਨੁ (ਉਸ ‘ਰੱਬ’ ਨੇ ਸਵਾਰੇ); ਨਿਹਚਲ ਦਿਤੀਅਨੁ ਜਾਇ (ਉਸ ਨੇ ਦਿੱਤੀ ਜਗ੍ਹਾ ਭਾਵ ਆਸਰਾ) ॥ ਸੰਸਾਰ ਸਾਗਰ ਤੇ ਰਖਿਅਨੁ (ਉਸ ਨੇ ਰੱਖੇ); ਬਹੁੜਿ ਨ ਜਨਮੈ ਧਾਇ (ਭਾਵ ਦੋੜ ਕੇ, ਭਟਕ ਕੇ)॥ ਜਿਹਵਾ ਏਕ, ਅਨੇਕ ਗੁਣ ; ਤਰੇ, ਨਾਨਕ ! ਚਰਣੀ ਪਾਇ ॥ ਫਲਗੁਣਿ (’ਚ) ਨਿਤ ਸਲਾਹੀਐ ; ਜਿਸ (ਰੱਬ) ਨੋ, ਤਿਲੁ ਨ ਤਮਾਇ (ਤਮ੍ਹਾ, ਲਾਲਚ)॥੧੩॥ ਜਿਨਿ-ਜਿਨਿ (ਜਿਨ੍-ਜਿਨ੍) ਨਾਮੁ ਧਿਆਇਆ ; ਤਿਨ (ਤਿਨ੍) ਕੇ ਕਾਜ ਸਰੇ (ਸਫਲ ਹੋ ਗਏ)॥ ਹਰਿ ਗੁਰੁ ਪੂਰਾ ਆਰਾਧਿਆ ; ਦਰਗਹ (ਦਰਗ੍ਾ)+ਸਚਿ, ਖਰੇ (ਭਾਵ ਸੁਰਖ਼ਰੂ)॥ ਸਰਬ ਸੁਖਾ (ਸੁੱਖਾਂ ‘ਦਾ’) ਨਿਧਿ, ਚਰਣ ਹਰਿ ; ਭਉਜਲੁ ਬਿਖਮੁ ਤਰੇ ॥ ਪ੍ਰੇਮ ਭਗਤਿ ਤਿਨ ਪਾਈਆ (ਤਿਨ੍ ਪਾਈ+ਆ) , ਬਿਖਿਆ ਨਾਹਿ (ਨਾਹਿਂ) ਜਰੇ (ਭਾਵ ਜਲ਼ੇ)॥ ਕੂੜ ਗਏ, ਦੁਬਿਧਾ ਨਸੀ (ਨੱਸੀ); ਪੂਰਨ ਸਚਿ (ਨਾਲ਼) ਭਰੇ ॥ ਪਾਰਬ੍ਰਹਮੁ ਪ੍ਰਭੁ ਸੇਵਦੇ ; ਮਨ ਅੰਦਰਿ ਏਕੁ ਧਰੇ (ਧਰਿ, ਟਿਕਾ ਕੇ)॥ ਮਾਹ ਦਿਵਸ ਮੂਰਤ ਭਲੇ ; ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ (ਦਾ) ਦਾਨੁ ; ਕਿਰਪਾ ਕਰਹੁ ਹਰੇ ! ॥੧੪॥੧॥

(ਨੋਟ : ਉਕਤ ਸ਼ਬਦਾਂ ’ਚ ‘ਸਵਾਰਿਓਨੁ, ਦਿਤੀਅਨੁ, ਰਖਿਅਨੁ, ਆਦਿ ਸ਼ਬਦ ਹਨ, ਜੋ ‘ਪੜਨਾਂਵ ਕਰਤਾ ਕਾਰਕ +ਕਿਰਿਆ’ ਹੁੰਦੇ ਹਨ ਭਾਵ ਅਰਥ ਹੋਣਗੇ, ‘ਉਸ ਨੇ ਸਵਾਰੇ, ਉਸ ਨੇ ਦਿੱਤੀ, ਉਸ ਨੇ ਰੱਖੇ, ਆਦਿ, ਇੱਥੇ ਇੱਕ ਹੋਰ ਵੀ ਧਿਆਨਦੇਣ ਯੋਗ ਹੈ ਕਿ ‘ਓਨੁ, ਅਨੁ’ ਆਦਿ ਤੋਂ ਪਹਿਲੇ ਅੱਖਰ ਨੂੰ ਲੱਗੀ ਸਿਹਾਰੀ ਬਹੁ ਵਚਨ ਪੁਲਿੰਗ ਅਰਥ ਦੇਵੇਗੀ; ਜਿਵੇਂ ਕਿ ‘ਸਵਾਰਿਓਨੁ, ਰਖਿਅਨੁ, ਸ਼ਬਦ ਹਨ ਅਤੇ ਬਿਹਾਰੀ ਇਸਤਰੀ ਲਿੰਗ ਅਰਥਾਂ ਲਈ ਹੈ; ਜਿਵੇਂ ਕਿ ‘ਦਿਤੀਅਨੁ’ ਹੈ।)