32.2 C
Jalandhar
Sunday, April 12, 2026
spot_img
Home Blog Page 121

ਨਾਨਕਸ਼ਾਹੀ ਕੈਲੰਡਰ

0

ਨਾਨਕਸ਼ਾਹੀ ਕੈਲੰਡਰ

ਪ੍ਰੀਤਮ ਸਿੰਘ (ਕਰਨਾਲ)-94164-05173

ਗੁਰੂ ਸਾਹਿਬਾਨ ਦੇ ਪੁਰਬਾਂ ਬਾਰੇ ਸਿੱਖ ਕੌਮ ਵਿਚ ਇਕ ਬੜੀ ਵੱਡੀ ਦੁਬਿਧਾ ਖੜ੍ਹੀ ਹੋ ਗਈ ਹੈ। ਅਕਾਲ ਤਖ਼ਤ ਤੋਂ ਕੁਝ ਫ਼ੁਰਮਾਨ ਜਾਰੀ ਹੁੰਦੇ ਹਨ, ਬੁਧੀਜੀਵੀ ਤੇ ਮਿਸ਼ਨਰੀ ਕਾਲਜ ਜਾਂ ਹੋਰ ਕਈ ਸੰਸਥਾਂਵਾਂ ਕੁਝ ਹੋਰ ਦਿਨ ਮਿੱਥ ਕੇ ਪੁਰਬ ਮਨਾਂਦੇ ਹਨ ਤੇ ਮੰਨਾਉਣ ਲਈ ਜ਼ੋਰ ਪਾਉਂਦੇ ਹਨ। ਇਕ ਕੈਲੰਡਰ ਸਰਦਾਰ ਪੁਰੇਵਾਲ ਸਾਹਿਬ ਨੇ ਬਣਾਇਆ ਸੀ, ਜਿਸ ਦਾ ਨਾਮ ਨਾਨਕਸ਼ਾਹੀ ਕੈਲੰਡਰ ਰੱਖਿਆ ਗਿਆ।  ਇਹ ਕੈਲੰਡਰ ਬਾਕਾਇਦਾ ਪੂਰੀ ਖੋਜ ਪੜ੍ਹਤਾਲ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਾਸ ਹੋ ਕੇ ਕਮੇਟੀ ਵੱਲੋਂ ਹੀ 2003 ਵਿਚ  ਜਾਰੀ  ਕੀਤਾ ਗਿਆ। ਇਹ ਕੈਲੰਡਰ ਪੰਜ ਸਾਲ ਤੱਕ ਸਾਰੀ ਸਿੱਖ ਕੌਮ ਵਿਚ ਬੜੀ ਸ਼ਾਨੋ ਸ਼ੌਕਤ ਨਾਲ ਜਾਰੀ ਰਿਹਾ।  ਸਿਆਸਤ ਨੇ ਆਪਣਾ ਰੰਗ ਦਿਖਾਇਆ। ਵੋਟਾਂ ਬਟੋਰਨ ਲਈ ਕੁਛ ਤੰਗ ਸੋਚ ਵਾਲਿਆਂ ਦੇ ਜ਼ੋਰ ਦੇਣ ਤੇ 2008 ਵਿਚ ਇਸ ਵਿਚ ਤਬਦੀਲੀ ਲਿਆਂਦੀ ਗਈ ਅਤੇ 2013 ਵਿਚ ਇਸ ਨੂੰ ਫੇਰ ਬਦਲ ਦਿੱਤਾ ਗਿਆ।  ਪੁਰਾਣੇ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਕਦੀ ਸਾਲ ਵਿਚ ਦੋ ਵਾਰੀ ਆ ਜਾਂਦਾ ਸੀ ਤੇ ਕਦੇ ਇਕ ਵਾਰੀ। ਕਿਸੇ ਸਾਲ ਆਉਂਦਾ ਵੀ ਨਹੀਂ ਸੀ।

ਇਹ ਕਿਉਂ ਹੁੰਦਾ ਸੀ, ਇਸ ਦੀ ਤਹਿ ਤੱਕ ਜਾਣ ਲਈ ਸਾਨੂੰ ਭਾਰਤ ਵਿਚ ਖਾਸ ਕਰ ਕੇ ਉਤਰੀ ਭਾਰਤ ਵਿਚ ਚੱਲ ਰਹੇ ਵਰਤਮਾਨ ਕੈਲੰਡਰਾਂ ਨੂੰ ਦੇਖਣਾ ਪਏਗਾ। ਜੋ ਇਸ ਵਕਤ ਕੈਲੰਡਰ ਵਰਤੋਂ ਵਿਚ ਆ ਰਹੇ ਹਨ, ਉਹ ਇਹ ਹਨ:

(1). ਗ੍ਰੈਗੋਰੀਅਨ ਕੈਲੰਡਰ, ਜਿਸ ਨੂੰ ਅਸੀਂ ਅੰਗਰੇਜ਼ੀ ਕੈਲੰਡਰ ਵੀ ਆਖਦੇ ਹਾਂ। ਇਹ ਸੂਰਜ ’ਤੇ ਆਧਾਰਿਤ ਹੈ।

(2). ਹਿਜਰੀ ਕੈਲੰਡਰ, ਇਹ ਪੂਰੀ ਤਰ੍ਹਾਂ ਚੰਨ ’ਤੇ ਆਧਾਰਿਤ ਹੈ। ਇਸਲਾਮਿਕ ਦੇਸ਼ ਹਿਜਰੀ ਕੈਲੰਡਰ ਦੀ ਵਰਤੋਂ ਕਰਦੇ ਹਨ।

(3). ਬਿਕਰਮੀ ਕੈਲੰਡਰ, ਜਿਸ ਨੂੰ ਅਸੀਂ ਦੇਸੀ ਕੈਲੰਡਰ ਵੀ ਆਖਦੇ ਹਾਂ। ਇਹ ਸੂਰਜ ਅਤੇ ਚੰਨ ਦੋਵਾਂ ’ਤੇ ਆਧਾਰਿਤ ਹੈ।

ਭਾਰਤ ਵਿਚ ਬਿਕਰਮੀ ਕੈਲੰਡਰ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਮਹੀਨਿਆਂ ਦੇ ਨਾਂ ਚੇਤ ਤੋਂ ਫੱਗਣ ਤੱਕ ਚੱਲਦੇ ਹਨ। ਹਿੰਦੂ ਸਿੱਖ ਦੋਨੋ ਇਸੇ ਕੈਲੰਡਰ ਨੂੰ ਵਰਤਦੇ ਹਨ।

ਇਹ ਸਾਨੂੰ ਸਭ ਨੂੰ ਪਤਾ ਹੈ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਤੇ ਇਕ ਸਾਲ ਵਿੱਚ ਪੂਰਾ ਚੱਕਰ ਲਾ ਲੈਂਦੀ ਹੈ। ਕੈਲੰਡਰ ਨੂੰ ਇਸ ਹਿਸਾਬ ਨਾਲ ਬਣਾਇਆ ਜਾਂਦਾ ਹੈ ਕਿ ਇਹ ਧਰਤੀ ਦੇ ਸੂਰਜ ਦੁਆਲੇ ਚੱਕਰ ਪੂਰਾ ਕਰਨ ਨਾਲ ਪੂਰੀ ਤਰ੍ਹਾਂ ਮਿਲਦਾ ਹੋਵੇ। ਇਸ ਵੇਲੇ ਗ੍ਰੈਗੋਰੀਅਨ ਕੈਲੰਡਰ ਸਭ ਤੋਂ ਐਕੋਰੇਟ (ਸਹੀ) ਹੈ। ਇਸ ਹਿਸਾਬ ਨਾਲ ਸਾਲ 365 ਦਿਨ ਤੇ 6 ਕੁ ਘੰਟੇ ਦਾ ਸਾਲ ਬਣਦਾ ਹੈ।  ਅਸੀਂ ਜਦੋਂ ਪੂਰੇ ਸਾਲ ਦੇ ਦਿਨਾਂ ਦਾ ਜੋੜ ਕਰਦੇ ਹਾਂ ਤਾਂ 365 ਦਿਨ ਬਣਦਾ ਹੈ।  6 ਘੰਟੇ ਚਾਰ ਸਾਲ ਬਾਅਦ 24 ਘੰਟੇ ਹੋ ਜਾਂਦੇ ਹਨ ਤੇ ਫਰਵਰੀ ਦਾ ਮਹੀਨਾ 29 ਦਿਨ ਦਾ ਕਰ ਕੇ ਘਾਟਾ ਪੂਰਾ ਕਰ ਲਿਆ ਜਾਂਦਾ ਹੈ।

ਬਿਕਰਮੀ ਕੈਲੰਡਰ, ਸਾਲ ਤੋਂ 20 ਮਿੰਟ ਅੱਗੇ ਹੈ। ਇਸ ਹਿਸਾਬ ਨਾਲ 61 ਸਾਲਾਂ ਬਾਅਦ ਸਾਲ ਇੱਕ ਦਿਨ ਅੱਗੇ ਚਲਾ ਜਾਂਦਾ ਹੈ। ਸਾਡੇ ਸਾਹਮਣੇ ਤੱਥ ਮੌਜੂਦ ਹਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਖ਼ਾਲਸਾ ਸਾਜਿਆ ਉਸ ਦਿਨ 1 ਵਿਸਾਖ ਸੀ ਤੇ ਉਹ ਦਿਨ 30 ਮਾਰਚ ਦਾ ਦਿਨ ਸੀ।  1 ਵਿਸਾਖ, ਜਿਹੜਾ ਪਿਛਲੀ ਸਦੀ ਵਿਚ 13 ਅਪ੍ਰੈਲ ਤੇ ਹੁਣ ਇਹ 14 ਅਪ੍ਰੈਲ ਨੂੰ ਆਉਣ ਲੱਗ ਪਿਆ ਹੈ। ਇਹ ਇਸੇ 20 ਮਿੰਟ ਅੱਗੇ ਹੋਣ ਦਾ ਅਸਰ ਹੈ।  ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਕੁਝ ਹਜ਼ਾਰ ਸਾਲਾਂ ਬਾਅਦ 1 ਵਿਸਾਖ ਅਕਤੂਬਰ ਵਿੱਚ ਚਲਾ ਜਾਵੇਗਾ। ਵਿਸਾਖ ਵਿੱਚ ਕਣਕ ਵੱਢੀ ਜਾਂਦੀ ਹੈ ਪਰ ਅਕਤੂਬਰ ਵਿੱਚ ਕਣਕ ਦੀ ਬੀਜਾਈ ਸ਼ੁਰੂ ਹੋ ਜਾਂਦੀ ਹੈ। ਜਦੋਂ ਸਾਡੀ ਉਸ ਵਕਤ ਦੀ ਪੀੜੀ ਅਕਤੂਬਰ ਵਿਸਾਖੀ ਆਉਣ ਤੇ ਬਾਰਹਾ ਮਾਹ ਦਾ ਪਾਠ ਕਰੇਗੀ, ‘‘ਵੈਸਾਖਿ ਧੀਰਨ ਕਿਉ ਵਾਢੀਆ; ਜਿਨਾ ਪ੍ਰੇਮ ਬਿਛੋਹੁ’’ ਤਾਂ ਪਰੇਸ਼ਾਨ ਹੋ ਜਾਣਗੇ ਕਿ ਹੁਣ ਤਾਂ ਕਣਕ ਦੀ ਬੀਜਾਈ ਦਾ ਵਕਤ ਹੈ।  ਬਿਕ੍ਰਮੀ ਕੈਲੰਡਰ 1964 ਤੋਂ ਪਹਿਲੇ 24 ਮਿੰਟ ਅੱਗੇ ਸੀ।  1964 ਵਿਚ ਹਿੰਦੂ ਸਕਾਲਰਾਂ ਨੇ ਆਪਸ ਵਿੱਚ ਇੱਕ ਮੀਟਿੰਗ ਕਰ ਕੇ ਇਸ ਦੀ ਸੁਧਾਈ ਕੀਤੀ ਤੇ ਇਸ ਨੂੰ ਜ਼ਿਆਦਾ ਤਾਂ ਨਹੀਂ ਕੁਝ ਕਰ ਸਕੇ ਪਰ 4 ਮਿੰਟ ਛੋਟਾ ਕਰ ਜ਼ਰੂਰ ਦਿੱਤਾ।  ਜਿਹੜਾ ਪਹਿਲੇ 71 ਸਾਲਾਂ ਬਾਅਦ ਇਕ ਦਿਨ ਅੱਗੇ ਜਾਂਦਾ ਸੀ, ਉਸ ਵਿੱਚ ਦਸ ਸਾਲ ਫ਼ਰਕ ਪੈ ਗਿਆ ਤੇ ਹੁਣ ਇਹ ੬੧ ਸਾਲ ਬਾਅਦ ਇਕ ਦਿਨ ਅੱਗੇ ਜਾਂਦਾ ਹੈ।

ਜੇ ਅਸੀਂ ਅੰਗਰੇਜ਼ੀ ਕੈਲੰਡਰ ਦਾ ਇਤਿਹਾਸ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਇਸ ਵਿੱਚ ਵੀ ਸੋਧ ਕੀਤੀ ਗਈ ਹੈ। ਸੰਨ 1582 ਵਿਚ ਪੋਪ ਗ੍ਰੈਗੋਰੀਅਨ ਨੇ ਅੰਗਰੇਜ਼ੀ ਸਾਲ ਦੀ ਸੋਧ ਕੀਤੀ ਸੀ, ਜੋ 4 ਅਕਤੂਬਰ ਤੋਂ ਬਾਅਦ ਸਿੱਧਾ 15 ਅਕਤੂਬਰ ਲੈ ਲਿਆ ਗਿਆ ਸੀ।  ਅਕਤੂਬਰ ਦਾ ਮਹੀਨਾ 11 ਦਿਨ ਛੋਟਾ ਕਰ ਦਿੱਤਾ ਸੀ।  ਉਸ ਵੇਲੇ ਵੀ ਉਨ੍ਹਾਂ ’ਚ ਪੁਰਾਣੀ ਤੇ ਪੱਛੜੀ ਸੋਚ ਰੱਖਣ ਵਾਲਿਆਂ ਧਾਰਮਿਕ ਆਗੂਆਂ ਨੇ ਬੜਾ ਰੌਲਾ ਪਾਇਆ ਸੀ, ਜਿਸ ਕਾਰਨ ਇੰਗਲੈਂਡ ਵਾਲਿਆਂ ਨੇ ਇਸ ਨੂੰ ਨਹੀਂ ਮੰਨਿਆ ਸੀ। ਜਦੋਂ ਉਨਾਂ ਨੂੰ ਇਸ ਸਚਾਈ ਦਾ ਅਹਿਸਾਸ ਹੋਇਆ ਤਾਂ 1752 ਵਿਚ ਉਨਾਂ ਨੇ ਵੀ 2 ਸਤੰਬਰ ਤੋਂ ਸਿੱਧਾ 14 ਸਿਤੰਬਰ ਕਰ ਕੇ ਸਤੰਬਰ ਦਾ ਮਹੀਨਾ 12 ਦਿਨ ਛੋਟਾ ਕਰ ਕੇ ਗ੍ਰੈਗੋਰੀਅਨ ਦੇ ਸਾਲ ਨਾਲ ਬਰਾਬਰ ਕਰ ਦਿੱਤਾ ਸੀ।

ਪੁਰੇਵਾਲ ਸਾਹਿਬ ਨੇ 31 ਸਾਲ ਲਾ ਕੇ ਜੋ ਕੈਲੰਡਰ ਤਿਆਰ ਕੀਤਾ ਹੈ, ਉਹ ਬਿਕ੍ਰਮੀ ਕੈਲੰਡਰ ਵਿੱਚ ਸੋਧ ਕਰ ਕੇ ਕੀਤਾ ਹੈ, ਜਿਸ ਦਾ ਫ਼ਰਕ ਹੁਣ ਸਿਰਫ਼ 20 ਮਿੰਟ ਦੀ ਬਜਾਇ ਮਾਤਰ 30 ਸੈਕੰਡ ਦਾ ਰਹਿ ਗਿਆ ਹੈ। ਇਸ ਹਿਸਾਬ ਨਾਲ 3340 ਸਾਲ ਬਾਅਦ ਇਕ ਦਿਨ ਅੱਗੇ ਜਾਏਗਾ ਜੋ ਕਿ ਇਸ ਵਕਤ 61 ਸਾਲ ਬਾਅਦ ਅੱਗੇ ਜਾਂਦਾ ਹੈ।  ਕਿੰਨੀ ਅਜੀਬ ਗੱਲ ਹੈ ਕਿ ਅੰਗ੍ਰੇਜ਼ੀ ਕੈਲੰਡਰ ’ਚ ਸੋਧ ਹੋਵੇ ਸਾਨੂੰ ਮਨਜ਼ੂਰ ਹੈ, ਇਸੇ ਬਿਕ੍ਰਮੀ ਕੈਲੰਡਰ ਦੀ ਹੋਈ 1964 ਵਾਲੀ ਸੋਧ ਵੀ ਸਾਨੂੰ ਮਨਜ਼ੂਰ ਹੈ, ਪਰ ਇਕ ਸਿੱਖ ਵਿਦਵਾਨ ਅਗਰ ਸੋਧ ਕਰੇ ਜੋ ਕਿ ਜ਼ਿਆਦਾ ਐਕੋਰੇਟ (ਸਹੀ) ਹੈ, ਉਹ ਸਾਨੂੰ ਮਨਜ਼ੂਰ ਨਹੀਂ।

ਜੇ ਚੰਨ ਦੇ ਹਿਸਾਬ ਨਾਲ ਚੱਲੀਏ ਤਾਂ ਸਾਲ ਦੇ 354 ਦਿਨ ਬਣਦੇ ਹਨ ਅਤੇ ਹਰ ਸਾਲ 11 ਦਿਨ ਘਟ ਜਾਂਦੇ ਹਨ, ਜਿਸ ਨੂੰ ਪੂਰਾ ਕਰਨ ਲਈ ਤੀਸਰੇ ਸਾਲ ਨੂੰ 13 ਮਹੀਨਿਆ ਦਾ ਸਾਲ ਕਰ ਕੇ ਪੂਰਾ ਕੀਤਾ ਜਾਂਦਾ ਹੈ। ਇਸਲਾਮੀ ਕੈਲੰਡਰ ਹਿਜਰੀ ਕੈਲੰਡਰ ਹੈ। ਉਹ ਇਸੇ ਉੱਤੇ ਨਿਰਭਰ ਕਰਦੇ ਹਨ ਕਿਉਂਕਿ ਉਨ੍ਹਾਂ ਕੋਲ ਕਰੋਨੋਗਰਾਫਿਕ ਫੇਸ ਨਹੀਂ ਹੈ ਭਾਵ ਕਿ ਇਤਿਹਾਸਕ ਦਿਹਾੜੇ ਦੀਆਂ ਤਰੀਕਾਂ ਨਹੀਂ ਹਨ। ਜੇ ਹੈਨ ਤਾਂ ਉਨ੍ਹਾਂ ਦਾ ਬੇਸ ਵੀ ਚੰਨ ਦੇ ਘੱਟਣ ਵੱਧਣ ਉੱਪਰ ਆਧਾਰਿਤ ਹੈ, ਇਹੀ ਕਾਰਨ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਦਿਨ ਕਦੀ ਸਰਦੀਆਂ ਵਿਚ ਆ ਜਾਂਦਾ ਹੈ ਤੇ ਕਦੀ ਗਰਮੀਆਂ ਵਿਚ।  ਅਸੀਂ ਸਾਰੇ ਜਾਣਦੇ ਹਾਂ ਕਿ ਰੋਜ਼ੇ ਕਦੀ ਸਰਦੀਆਂ ਵਿਚ ਆਉਂਦੇ ਹਨ ਤੇ ਕਦੇ ਗਰਮੀਆਂ ਵਿਚ। ਇਕ ਆਮ ਕਹਾਵਤ ਵੀ ਬਣੀ ਹੋਈ ਹੈ ਕਿ ਗ਼ਰੀਬਾਂ ਰੋਜ਼ੇ ਰੱਖੇ ਦਿਨ ਵਡੇ ਹੋ ਗਏ। ਗਰਮੀਆਂ ਵਿੱਚ ਦਿਨ ਵੱਡੇ ਹੁੰਦੇ ਹਨ ਅਤੇ ਸਰਦੀਆਂ ਵਿੱਚ ਛੋਟੇ।

ਸਿੱਖ ਆਪਣਾ ਕੈਲੰਡਰ ਚੰਨ ’ਤੇ ਆਧਾਰਿਤ ਨਹੀਂ ਕਰ ਸਕਦੇ ਕਿਉਂਕਿ ਪਹਿਲੀ ਗੱਲ ਅਸੀਂ ਨਾ ਚੰਨ ਦੇ ਪੂਜਾਰੀ ਹਾਂ ਤੇ ਨਾ ਸੂਰਜ ਦੇ। ਦੂਸਰਾ ਸਾਡੇ ਕੋਲ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖਾਂ ਮੌਜੂਦ ਹਨ। ਅਸੀਂ ਗ੍ਰੈਗੋਰੀਅਨ ਕੈਲੰਡਰ ਦੀ ਵਰਤੋਂ ਵੀ ਨਹੀਂ ਕਰ ਸਕਦੇ ਕਿਉਂਕਿ ਗੁਰਬਾਣੀ ਵਿੱਚ ਚੇਤ ਤੋਂ ਲੈ ਕੇ ਫੱਗਣ ਤੱਕ ਦੇ ਮਹੀਨਿਆਂ ਦਾ ਜ਼ਿਕਰ ਹੈ। ਅੰਗਰੇਜ਼ੀ ਮਹੀਨਿਆਂ ਦਾ ਨਹੀਂ।  ਦੂਸਰਾ ਕਾਰਨ ਗੁਰਬਾਣੀ ਵਿੱਚ ਸਾਲ ਦੀਆਂ ਰੁੱਤਾਂ ਦਾ ਜ਼ਿਕਰ ਵੀ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਹੈ।

ਸਾਨੂੰ ਦੇਸੀ ਮਹੀਨਿਆਂ ਵਾਲਾ ਬਿਕਰਮੀ ਕੈਲੰਡਰ ਹੀ ਠੀਕ ਬੈਠਦਾ ਹੈ, ਪਰ ਇਸ ਵਿਚ ਇਕ ਕਮੀ ਹੈ ਕਿ ਮੌਸਮੀ ਸਾਲ ਤੋਂ 20 ਮਿੰਟ ਅੱਗੇ ਹੈ। ਇਸ ਹਿਸਾਬ ਨਾਲ 71 ਸਾਲ ਬਾਅਦ ਇਕ ਦਿਨ ਅੱਗੇ ਚਲਾ ਜਾਂਦਾ ਹੈ। ਇਸ ਨੂੰ ਪੂਰੀ ਤਰ੍ਹਾਂ ਠੀਕ ਕਰਨ ਲਈ ਪੁਰੇਵਾਲ ਸਾਹਿਬ ਨੇ ਆਪਣੀ ਜ਼ਿੰਦਗੀ 31 ਸਾਲ ਲਾ ਕੇ ਬਿਕਰਮੀ ਕੈਲੰਡਰ ਦੀ ਸੋਧ ਕੀਤੀ ਹੈ ਜਿਸ ਨਾਲ ਇਹ ਫ਼ਰਕ ਹੁਣ ਸਿਰਫ਼ 30 ਸੈਕੰਡ ਦਾ ਰਹਿ ਗਿਆ ਤੇ ਇਹ ਕੈਲੰਡਰ ਅੰਗਰੇਜ਼ੀ ਕੈਲੰਡਰ ਨਾਲੋਂ ਵੀ ਜ਼ਿਆਦਾ ਮੌਸਮੀ ਕੈਲੰਡਰ ਦੇ ਨੇੜੇ ਹੈ ਕਿਉਂਕਿ ਇਹ 3340 ਸਾਲ ਬਾਅਦ ਇਕ ਦਿਨ ਅੱਗੇ ਜਾਏਗਾ ਜਦੋਂ ਕਿ ਅੰਗਰੇਜ਼ੀ ਕੈਲੰਡਰ ਹਰ ਚਾਰ ਸਾਲ ਬਾਅਦ ਇਕ ਦਿਨ ਪਿੱਛੇ ਰਹਿੰਦਾ ਹੈ, ਜਿਸ ਨੂੰ ਫ਼ਰਵਰੀ ਦਾ ਇਕ ਦਿਨ ਵਧਾ ਕੇ ਪੂਰ ਕੀਤਾ ਜਾਂਦਾ ਹੈ।

ਹੁਣ ਆਓ, ਅਸੀਂ ਉਪਰਲੀ ਸਾਰੀ ਵਿਚਾਰ ਨੂੰ ਆਧਾਰ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀਆਂ ਤਰੀਕਾਂ ਦੀ ਗੱਲ ਕਰੀਏ।  ਸਾਡੇ ਕੋਲ ਇਤਿਹਾਸਕ ਤੱਥ ਮੌਜੂਦ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 23 ਪੋਹ ਨੂੰ ਹੋਇਆ ਸੀ। ਅਸੀਂ 23 ਪੋਹ ’ਤੇ ਟਿਕੀਏ ਤੇ ਦੇਖੀਏ ਕਿ ਹੁਣ ਦੇ ਬਿਕਰਮੀ ਸਾਲ ਵਿਚ 23 ਪੋਹ ਕਦੋਂ ਆਉਂਦਾ ਹੈ। ਇਹ 5 ਜਨਵਰੀ ਹੀ ਬਣਦਾ ਹੈ, ਨਾ ਕਿ 25 ਦਸੰਬਰ।

ਜਦੋਂ ਅਸੀਂ ਚੰਨ ਦੀ ਪੋਹ ਸੁਧੀ 7 ਦੇਖਦੇ ਹਾਂ ਤਾਂ ਇਹ ਵਖਰੇਵਾਂ ਪੈਂਦਾ ਹੈ। ਅਸੀਂ ਚੰਨ ਦੇ ਪੂਜਾਰੀ ਹੀ ਨਹੀਂ ਤੇ ਸਾਡੇ ਕੋਲ ਕਰੋਗ੍ਰਾਫਿਕ ਫੇਸ ਵੀ ਹੈ ਤਾਂ ਅਸੀਂ ਕਿਉਂ ਸੁਧੀ/ਵਦੀ ਦੇ ਚੱਕਰ ਵਿਚ ਪਈਏ। ਹੁਣ ਦੇ ਬਿਕਰਮੀ ਸਾਲ ਅਨੁਸਾਰ ਇਹ 71 ਸਾਲ ਬਾਅਦ ਇਕ ਦਿਨ ਅੱਗੇ ਚਲਾ ਜਾਵੇਗਾ, ਪਰ ਪੁਰੇਵਾਲ ਸਾਹਿਬ ਦੇ ਸੋਧੇ ਬਿਕਰਮੀ ਸਾਲ ਦੇ ਹਿਸਾਬ ਨਾਲ ਇਹ 3340 ਸਾਲ ਤਕ 23 ਪੋਹ 5 ਜਨਵਰੀ ਨੂੰ ਹੀ ਆਵੇਗਾ। ਕਿਤਨੀ ਐਕੋਰੇਟ ਸੋਧ ਹੋ ਗਈ ਹੈ।

ਵਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹੜਾ 7 ਪੋਹ  ਹੈ ਤੇ ਛੋਟਿਆਂ ਦਾ 13 ਪੋਹ ।  ਜੋ ਕਰਮਵਾਰ 21 ਦਸੰਬਰ ਤੇ 17 ਦਸੰਬਰ ਬਣਦਾ ਹੈ। ਜਦੋਂ ਅਸੀਂ 23 ਪੋਹ, ਜੋ ਅਸਲੀ ਤਾਰੀਖ਼ ਹੈ, ਨੂੰ ਛੱਡ ਕੇ ਸੁਧੀ ਵਦੀ ਦੇ ਚੱਕਰ ਵਿੱਚ ਪੈਂਦੇ ਹਾਂ, ਜੋ ਚੰਨ ਦਾ ਬੇਸ ਹੈ ਤਾਂ ਹਰ ਸਾਲ 11 ਦਿਨਾਂ ਦਾ ਫ਼ਰਕ ਪੈ ਜਾਂਦਾ ਹੈ।  ਸਾਨੂੰ 23 ਪੋਹ ਛੱਡਣ ਦੀ ਕੀ ਮਜਬੂਰੀ ਹੈ, ਜਦੋਂ ਕਿ ਅਸਲ ਤਾਰੀਕ ਸਾਡੇ ਕੋਲ ਹੈ।  ਜੇ ਗੌਰ ਕੀਤੀ ਜਾਵੇ  ਤਾਂ ਪਤਾ ਚਲੇਗਾ ਕਿ ਸਾਡਾ ਆਪਣਾ ਕੋਈ ਸਟੈਂਡ ਹੈ ਹੀ ਨਹੀਂ।  ‘ਜਿਸ ਨੇ ਲਾਈ ਗੱਲੀਂ, ਉਸੇ ਨਾਲ ਉੱਠ ਚਲੀ’ ਵਾਲੀ ਗੱਲ ਬਣੀ ਪਈ ਹੈ। ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਨੂੰ 23 ਪੋਹ ਨੂੰ ਛੱਡ ਕੇ ਪੋਹ ਸੁਧੀ 7 ਨਾਲ ਜੋੜਦੇ ਹਾਂ ਤਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 7 ਪੋਹ ਤੇ 13 ਪੋਹ ਕਿਉਂ ਰੱਖੇ ਹੋਏ ਹਨ ?  ਜੇ ਇਹ ਦਿਹਾੜੇ ਵੀ ਸੁਧੀ/ਵਦੀ ਨਾਲ ਜੋੜ ਦੇਈਏ ਤਾਂ ਇਕ ਸਾਲ 11 ਦਿਨ ਪਹਿਲੇ ਆ ਜਾਣਗੇ ਤੇ ਦੂਜੇ ਸਾਲ 22 ਦਿਨ ਪਹਿਲੇ। 

ਸੰਨ 1984 ’ਚ ਜਦੋਂ ਦਰਬਾਰ ਸਾਹਿਬ ’ਤੇ ਫ਼ੌਜੀ ਹਮਲਾ ਕੀਤਾ ਗਿਆ, ਉਸ ਸਾਲ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 5 ਜੂਨ ਦਾ ਸੀ ਤੇ ਸੰਗਤਾਂ ਇਹ ਦਿਨ ਮਨਾ ਰਹੀਆਂ ਸਨ।  6 ਜੂਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਹੋਈ ਸੀ। ਦੋਨੋਂ ਤਾਰੀਖ਼ਾਂ ਨਾਲੋ ਨਾਲ ਸਨ। ਸੰਤ ਜਰਨੈਲ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਤਾਂ ਅਸੀਂ 6 ਜੂਨ ਹੀ ਰੱਖਿਆ ਹੋਇਆ ਹੈ, ਜੋ ਕਿ ਅੰਗਰੇਜ਼ੀ ਕੈਲੰਡਰ ਮੁਤਾਬਕ ਹੈ, ਪਰ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਬਿਕ੍ਰਮੀ ਕੈਲੰਡਰ ਅਨੁਸਾਰ ਹੋਣ ਕਰ ਕੇ ਅੱਗੇ ਪਿੱਛੇ ਆਉਂਦਾ ਹੈ। ਕਦੀ ਅਸੀਂ ਸੋਚਿਆ ਹੈ ਕਿ 1984 ਵਿਚ ਦੋਨਾਂ ਦੇ ਸ਼ਹੀਦੀ ਦਿਹਾੜੇ ਨਾਲੋ ਨਾਲ ਸਨ, ਹੁਣ ਕਿਉਂ ਨਹੀਂ।  ਅਸੀਂ ਅੰਗਰੇਜ਼ੀ ਕੈਲੰਡਰ ਦੀ 6 ਜੂਨ ਕਿਉਂ ਨਿਰਧਾਰਿਤ ਕੀਤੀ ਹੋਈ ਹੈ। ਉਸ ਦਿਨ ਜੇਠ ਮਹੀਨੇ ਦੀ ਜੋ ਤਾਰੀਕ ਸੀ ਉਹ ਕਿਉਂ ਨਹੀਂ ਰੱਖੀ ?  ਜੇ ਜੇਠ ਮਹੀਨੇ ਦੀ ਉਹੀ ਤਾਰੀਕ ਰੱਖੀਏ ਤਾਂ ਹੁਣ ਵੀ ਦੋਨੋਂ ਸ਼ਹੀਦੀ ਦਿਹਾੜੇ ਨਾਲੋ ਨਾਲ ਆਉਣਗੇ।  ਅਸੀਂ ਆਪਣਾ ਮਜ਼ਾਕ ਆਪ ਬਣਾ ਰਹੇ ਹਾਂ।

ਸੋ, ਸਾਨੂੰ ਢੁੱਚਰਾਂ ਛੱਡ ਕੇ ਸਾਰਥਕ ਵਿਚਾਰ ਰੱਖਣੇ ਚਾਹੀਦੇ ਹਨ, ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ !  ਦੁਬਿਧਾ ਦੂਰ ਕਰੋ ਲਿਵ ਲਾਇ’’ ਦੇ ਹੁਕਮ ਅਨੁਸਾਰ ਚੱਲਣਾ ਚਾਹੀਦਾ ਹੈ। ਸਿਆਸੀ ਸਿਆਸੀ ਫ਼ਾਇਦੇ ਤੇ ਮਨੋਰਥ ਛੱਡ ਕੇ ਧਰਮ ਨੂੰ ਮੁੱਖ ਰੱਖ ਕੇ ਫ਼ੈਸਲੇ ਕਰਨੇ ਚਾਹੀਦੇ ਹਨ।

ਸੰਪੂਰਨ ਹੋਵੇਗੀ ਤੇਰੀ ਖੋਜ !

0

ਸੰਪੂਰਨ ਹੋਵੇਗੀ ਤੇਰੀ ਖੋਜ !

         – ਗੁਰਪ੍ਰੀਤ ਸਿੰਘ, (U.S.A)

ਦੁਨੀਆ ਦੀ ਹਰ ਇੱਕ ਚੀਜ਼,

ਲੱਭਣ ਵਾਲਾ ਇਨਸਾਨ ਅੱਜ,

ਖੁਦ ਹੈ ਗੁਆਚਿਆ ਹੋਇਆ।

ਗੁਆਚਿਆ ਕਿਸੇ ਦਾ ਸੁੱਖ, ਗੈਰਤ

ਕਿਧਰੇ ਦੌਲਤ, ਕਿਸੇ ਦੀ ਇੱਜ਼ਤ

ਹਰ ਮਨੁੱਖ ਹੈ, ਤਿਹਾਇਆ ਹੋਇਆ।

ਕੌਣ ਕਰ ਸਕਦਾ ਅੱਜ ਦਾਅਵਾ ?

ਮੈ ਤਾਂ ਨਹੀਂ ਕੁਝ ਗੁਆਇਆ,

ਕਿੱਥੋਂ ਬੋਲੇ ਸੱਚ, ਸ਼ਰਮਾਇਆ ਹੋਇਆ।

ਗੁਆ ਤਾਂ ਆਇਆ ਹਰ ਕੋਈ,

ਮਾਂ ਦੇ ਪੇਟ ‘ਚੋਂ ਨਿਕਲਦੇ ਹੀ,

ਐਵੇਂ ਨਾ ਗੌਲ਼ੇ ਸੱਚ, ਤਜਾਇਆ ਹੋਇਆ।

ਉਹ ਸੀ ਨਗੀਨਾ, ਜਰੀਨਾ, ਖਜੀਨਾ,

ਕਿਸੇ ਦੀ ਭਾਵੇਂ ਨਾ ਮੰਨ,

ਤੇਰਾ ਵੀ ਸੀ, ਅਜ਼ਮਾਇਆ ਹੋਇਆ।

ਮਾਰੇ ਨਿੱਤ ਨਵੀਂ ਮੱਲ ਤੂੰ,

ਖੱਟੇ ਨਿੱਤ ਨਵੀਂ ਭੱਲ ਤੂੰ,

ਖੁਦ ਨੂੰ ਚਾਹੇ, ਹਰਾਇਆ ਹੋਇਆ।

ਤੂੰ ਕੋਈ ਨਿਰਮਾਤਾ ਤਾਂ ਨਹੀਂ,

ਤੂੰ ਤਾਂ ਹੈ ਕੇਵਲ ਖੋਜਿਆ,

ਕਰਤੇ ਜੋ ਹੈ, ਬਣਾਇਆ ਹੋਇਆ।

ਹੇ ਖੋਜੀ ਇਨਸਾਨ ! ਕੀ ਤੂੰ ?

ਕਦੀ ਆਪਣਾ ਆਪ ਵੀ ਖੋਜੇਂਗਾ ?

ਸੰਭਾਲ਼ੇਂਗਾ ਮੌਕਾ ਹੱਥ, ਆਇਆ ਹੋਇਆ ?

ਸੰਪੂਰਨ ਹੋਵੇਗੀ ਫਿਰ ਤੇਰੀ ਖੋਜ,

ਜੇ ਤੂੰ ਖੋਜੇਂਗਾ ਦਿਲ ਰੋਜ਼,

ਇਸ ਲਈ ਤੂੰ, ਪਠਾਇਆ ਹੋਇਆ।

ਸੱਚ ਦੇ ਹੀ ਰਾਹ ਤੁਰ,

ਸੱਚ ਦਾ ਹੀ ਰਾਗ ਸੁਣ,

ਕਰਤੇ ਜੋ ਹੈ, ਵਜਾਇਆ ਹੋਇਆ।

ਨਿੱਖਰੇਗਾ “ਪ੍ਰੀਤ” ਤੇਰਾ ਰੂਪ ਤਦ,

ਬਣੇਗਾ ਤੇਰਾ ਵੀ ਸਰੂਪ ਤਦ,

ਰੰਗ ਹੋਵੇਗਾ ਇੱਕ, ਛਾਇਆ ਹੋਇਆ।

ਭੋਲੀ ਮਾਂ

0

(ਮਿੰਨੀ ਕਹਾਣੀ)

ਭੋਲੀ ਮਾਂ

ਅੱਜ ਮਾਂ ਨੇ ਦਿਨ ਚੜ੍ਹਦੇ ਦੇ ਨਾਲ ਹੀ ਭੂਆ ਦੇ ਪਿੰਡ ਜਾਣਾ ਸੀ, ਜਾਣਾ ਹੀ ਪੈਣਾ ਸੀ ਕਿਉਂਕਿ ਛੋਟੀ ਭੂਆ ਦੀ ਚੜ੍ਹਾਈ ਕੀਤੀ ਸੱਸ ਦਾ ਭੋਗ ਸੀ। ਮਾਂ-ਬਾਪ ਤੇ ਹੋਰ ਸ਼ਰੀਕੇ ’ਚੋਂ ਵੀ ਕਈਆਂ ਨੇ ਜਾਣਾ ਸੀ। ਜਾਣ ਲੱਗੀ ਮਾਂ ਕਹਿੰਦੀ “ਪੁੱਤ ! ਤੇਰੇ ਲਈ ਮੈਂ ਰੋਟੀਆਂ ਪਕਾ ਦਿੰਦੀ ਹਾਂ” ਮੈਂ ਕਿਹਾ “ਮਾਂ! ਤੂੰ ਫਿਕਰ ਨਾ ਕਰ, ਮੈਂ ਆਪੇ ਰੋਟੀਆਂ ਪਕਾਅ ਲੈਣੀਆਂ, ਕੌਲੀ ਵਿੱਚ ਆਟਾ ਤਾਂ ਗੁੱਝਾ ਪਿਐ ਹੀ ਆ” ਮਾਂ ਕਹਿਣ ਲੱਗੀ “ਤੂੰ ਤਾਂ ਦੋ-ਤਿੰਨ ਰੋਟੀਆਂ ਬਣਾਵੇਗਾ ਤੇ ਮੈਂ ਪੰਜ-ਛੇ ਬਣਾ ਦੇਣੀਆ, ਰੱਜ ਕੇ ਖਾ ਤਾਂ ਲਵੇਗਾ। ਮੈ ਸੋਚਿਆ “ਮਾਂ ਵੀ ਕਿੰਨੀ ਭੋਲੀ ਹੈ ਮੇਰੀ, ਕੌਲੀ ਵਿੱਚ ਪਏ ਆਟੇ ਨੇ ਹੀ ਭੁੱਖ ਮਿਟਾਉਣੀ ਹੈ। ਉਸ ਨਾਲ ਚਾਹੇ ਮੈਂ ਦੋ-ਤਿੰਨ ਰੋਟੀਆਂ ਪਕਾਵਾਂ ਜਾਂ ਮਾਂ ਪੰਜ-ਛੇ”।

ਗੁਰਜੀਤ ਸਿੰਘ ਗੀਤੂ, ਪਿੰਡ ਤੇ ਡਾਕ ਕੋਲਿਆਂ ਵਾਲੀ, ਤਹਿ. ਮਲੋਟ, (152107, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋਬਾ. 94653-10052

Truth About Dhadrian Wale (By Gurpreet Singh Tallewal)

0

ਦਰਅਸਲ, ਜੋ ਜਮੀਨ ਸਿੱਖ ਸਮਾਜ ਵਿਚ ਮਿਸ਼ਨਰੀਆਂ ਨੇ ਸਿਰਜੀ ਹੈ ਭਾਈ ਰਣਜੀਤ ਸਿੰਘ ਕਿਸੇ ਨਾਲ ਚੱਲ ਕੇ ਉਸ ਉਪਰ ਕਾਬਜ ਨਹੀਂ ਹੋ ਸਕਦਾ, ਇਸ ਲਈ ਇਕੱਲਾ ਚੱਲਣਾ ਉਸ ਦੀ ਮਜਬੂਰੀ ਜਾਪਦਾ ਹੈ, ਪਰ ਪਤਾ ਨਹੀਂ ਬੰਦੇ ਨੂੰ ਕਿੰਨੇ ਕੁ ਸਤਿਕਾਰ ਦੀ ਭੁੱਖ ਬਾਕੀ ਰਹਿ ਜਾਂਦੀ ਹੈ ?

ਹੋਰ ਵੀ ਹੋ ਜਾਣਾ ਸੀ ਬੱਲੀ ਦਾ ਬਚਾਅ ਜੇ ਕਰ .. ..

0

ਹੋਰ ਵੀ ਹੋ ਜਾਣਾ ਸੀ ਬੱਲੀ ਦਾ ਬਚਾਅ ਜੇ ਕਰ .. ..

ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719

ਕੋਚਿੰਗ ਸੈਂਟਰ ਵਿੱਚ ਪਹੁੰਚਣ ਲਈ ਦੇਰ ਹੋ ਜਾਣ ਦੇ ਡਰੋਂ ਬੱਲੀ ਰੋਟੀ ਵੀ ਚੰਗੀ ਤਰ੍ਹਾਂ ਨਹੀਂ ਖਾ ਸਕਿਆ। ਅੱਧ-ਪਚੱਧੀ ਰੋਟੀ ਖਾ ਕੇ ਉਸ ਨੇ ਅਚੀਵਰ ਮੋਟਰ-ਸਾਇਕਲ ਚੁੱਕਿਆ ਅਤੇ ਅੱਖ ਝੱਪਕਦਿਆਂ ਹੀ ਅੱਖਾਂ ਤੋਂ ਉਹਲੇ ਹੋ ਗਿਆ। ਸੈਂਟਰ ਤੱਕ ਪਹੁੰਚਣ ਲਈ ਘੱਟੋ-ਘੱਟ 15 ਮਿੰਟ ਦਾ ਸਮਾਂ ਚਾਹੀਦਾ ਸੀ ਪਰ ਉਸ ਦੇ ਕੋਲ ਸਿਰਫ਼ 10 ਕੁ ਮਿੰਟ ਹੀ ਬਚੇ ਸਨ। ਰਸਤੇ ਵਿੱਚੋਂ ਉਸ ਨੇ ਆਪਣੇ ਇੱਕ ਦੋਸਤ ਨੂੰ ਵੀ ਨਾਲ ਲੈਣਾ ਸੀ ਜਿਸ ਲਈ ਇੱਕ ਜਾਂ ਦੋ ਮਿੰਟ ਦਾ ਸਮਾਂ ਹੋਰ ਵੀ ਖਪਤ ਹੋ ਸਕਦਾ ਸੀ। ਇਸ ਤਰ੍ਹਾਂ ਕੋਚਿੰਗ ਸੈਂਟਰ ਤੱਕ ਪਹੁੰਚ ਕਰਨ ਲਈ ਉਸ ਦੇ ਕੋਲ ਸਿਰਫ਼ 8-9 ਮਿੰਟ ਹੀ ਬਕਾਇਆ ਸਨ। ਮੋਟਰ-ਸਾਇਕਲ ਦੀ ਤੇਜ਼-ਰਫ਼ਤਾਰੀ ਤੋਂ ਬਗ਼ੈਰ 5-6 ਮਿੰਟ ਦੀ ਲੇਟ ਨਹੀਂ ਨਿਕਲ ਸਕਦੀ ਸੀ। ਸਮੇਂ ਸਿਰ ਸੈਂਟਰ ਪਹੁੰਚਣ ਦਾ ਹੁਣ ਇਹ ਹੀ ਇੱਕੋ-ਇੱਕ ਹੱਲ ਸੀ ਪਰ ਇਸ ਸਮੇਂ ਦੌਰਾਨ ਮਹਾਂ ਨਗਰ ਦੀਆਂ ਸੜਕਾਂ ’ਤੇ ਆਵਾਜਾਈ ਵੀ ਕਾਫ਼ੀ ਸਰਗਰਮ ਹੋ ਚੱਕੀ ਸੀ।

ਇੱਧਰ ਬੱਲੀ ਨੂੰ ਕਾਹਲੇਪਣ ਵਿੱਚ ਘਰੋਂ ਨਿਕਲਦੇ ਨੂੰ ਦੇਖ ਉਸ ਦੀ ਮਾਂ (ਸ਼੍ਰੀਮਤੀ ਜੀ) ਵੀ ਕਾਫ਼ੀ ਪ੍ਰੇਸ਼ਾਨ ਹੋ ਰਹੀ ਸੀ ਅਤੇ ਕਿਸੇ ਅਣਸੁਖਾਂਵੀ ਘਟਨਾ ਨੂੰ ਚਿੱਤਵ ਕੇ ਉਸ ਦੇ ਜ਼ਿਹਨ ਵਿੱਚ ਕਈ ਤਰ੍ਹਾਂ ਦੇ ਨਾਕਾਰਾਤਮਕ ਖਿਆਲ ਆਈ ਜਾ ਰਹੇ ਸਨ। ਅਸੀਂ ਦੋਵੇ ਜਣੇ ਆਪੋ-ਆਪਣੇ ਖਿਆਲਾਂ ਵਿੱਚ ਖੋਹੇ ਹੀ ਹੋਏ ਸਾਂ ਕਿ ਮੇਰੇ ਮੋਬਾਇਲ ਫੋਨ ਦੀ ਘੰਟੀ ਵੱਜ ਗਈ। ਇਹ ਫੋਨ ਬੱਲੀ ਦਾ ਹੀ ਸੀ ਪਰ ਉਸ ਵਿੱਚੋਂ ਆਵਾਜ਼ ਕੋਈ ਨਹੀਂ ਆ ਰਹੀ ਸੀ। ਵਾਰ-ਵਾਰ ਹੈਲੋ ਕਹਿਣ ’ਤੇ ਵੀ ਜਦੋਂ ਕੋਈ ਨਾ ਬੋਲਿਆ ਸ਼੍ਰੀਮਤੀ ਦਾ ਡਰ ਯਕੀਨ ਵਿੱਚ ਬਦਲਣ ਲੱਗਾ। ਉਸ ਨੂੰ ਲੱਗਣ ਲੱਗਾ ਕਿ ਕਾਹਲੀ ਵਿੱਚ ਗਏ ਉਸ ਦੇ ਪੁੱਤ ਨਾਲ ਜ਼ਰੂਰ ਕੋਈ ਭਾਣਾ ਵਰਤ ਗਿਆ ਹੋਵੇਗਾ, ਨਹੀਂ ਤਾਂ ਇਸ ਤਰ੍ਹਾਂ ਫੋਨ ਆਉਣ ਦਾ ਹੋਰ ਕੋਈ ਸਬੱਬ ਨਹੀਂ ਹੋ ਸਕਦਾ। ਉਸ ਨੂੰ ਹੌਂਸਲਾ ਦੇਣ ਲਈ ਮੈਂ ਕਹਿ ਦਿੱਤਾ ਸੀ ਕਿ ਉਸ (ਬੱਲੀ) ਦੇ ਫੋਨ ਵਿੱਚ ਕੋਈ ਖ਼ਰਾਬੀ ਹੈ, ਅੱਗੇ ਵੀ ਕਈ ਵਾਰ ਫੋਨ ਇਸ ਤਰ੍ਹਾਂ ਮਿਲ ਜਾਂਦਾ ਹੁੰਦਾ ਹੈ ਪਰ ਗੱਲ ਕੋਈ ਨਹੀਂ ਹੁੰਦੀ। ਮੈਂ ਅਜੇ ਉਸ ਨੂੰ ਹੌਂਸਲਾ ਦੇ ਹੀ ਰਿਹਾ ਸੀ ਕਿ ਮੇਰੇ ਫੋਨ ਉੱਪਰ ਕਿਸੇ ਅਣਜਾਣ ਨੰਬਰ ਤੋਂ ਕਾਲ ਆ ਗਈ।

ਫੋਨ ਕਰਨ ਵਾਲਾ ਭਲਾ ਪੁਰਖ ਕਹਿ ਰਿਹਾ ਸੀ ਕਿ ‘ਕੀ ਤੁਸੀਂ ਬਲਜੀਵਨ (ਬੱਲੀ ਦਾ ਕਾਗਜ਼ੀ ਨਾਮ) ਦੇ ਪਾਪਾ ਬੋਲ ਰਹੇ ਹੋ ? ’

ਮੇਰੇ ਹਾਂ ਵਿੱਚ ਜਵਾਬ ਦੇਣ ’ਤੇ ਉਸ ਨੇ ਕਿਹਾ ਕਿ ਤੁਹਾਡੇ ਬੇਟੇ ਦਾ ਮਲਹਾਰ ਰੋਡ ’ਤੇ ਐਕਸੀਡੈਂਟ ਹੋ ਗਿਆ ਹੈ। ਘਬਰਾਉਣ ਦੀ ਲੋੜ ਨਹੀਂ ਪਰ ਜਲਦੀ ਆ ਜਾਉ।

ਘਬਰਾਹਟ ਤਾਂ ਫੋਨ ਕਰਨ ਵਾਲੇ ਦੇ ਪਹਿਲੇ ਪ੍ਰਸ਼ਨ ਨਾਲ ਹੀ ਹੋ ਗਈ ਸੀ ਪਰ ਐਕਸੀਡੈਂਟ ਦੀ ਖ਼ਬਰ ਨੇ ਹੱਥਾਂ-ਪੈਰਾਂ ਦੀ ਵੀ ਪਾ ਕੇ ਰੱਖ ਦਿੱਤੀ। ਖ਼ਬਰ ਸੁਣ ਕੇ ਅਸੀਂ ਦੋਵੇ ਜਣੇ (ਜਿਹੋ ਜੀ ਹਾਲਤ ਵਿੱਚ ਸਾਂ ਉਸੇ ਤਰ੍ਹਾਂ ਹੀ) ਐਕਟਿਵਾ ’ਤੇ ਸਵਾਰ ਹੋ ਕੇ ਦੱਸੀ ਹੋਈ ਦਿਸ਼ਾ ਵੱਲ ਨੂੰ ਹੋ ਤੁਰੇ। ਰਸਤੇ ਵਿਚ ਸਾਨੂੰ ਕਈ ਤਰ੍ਹਾਂ ਦੇ ਬੁਰੇ ਖ਼ਿਆਲ ਵੀ ਆਈ ਜਾ ਰਹੇ ਸਨ। ਜਦੋਂ ਅਸੀਂ ਐਕਸੀਡੈਂਟ ਵਾਲੀ ਥਾਂ ’ਤੇ ਪਹੁੰਚੇ ਤਾਂ ਉਥੇ ਸਿਰਫ ਚਕਨਾਚੂਰ ਹੋਇਆ ਮੋਟਰ-ਸਾਇਕਲ ਹੀ ਖੜ੍ਹਾ ਸੀ। ਮੋਟਰ-ਸਾਇਕਲ ਦੀ ਤਰਸਯੋਗ ਹਾਲਤ ਨੂੰ ਦੇਖ ਕੇ ਸਾਨੂੰ ਫ਼ੋਨ ਕਰਨ ਵਾਲੇ ਦਾ ‘ਘਬਰਾਉਣ ਦੀ ਲੋੜ ਨਹੀਂ’ ਵਾਲਾ ਵਾਕ ਕੇਵਲ ਇੱਕ ਦਿਲਾਸਾ ਜਿਹਾ ਹੀ ਲੱਗਿਆ।

ਡਾਵਾਂਡੋਲ ਹੋ ਰਹੀ ਅਵਸਥਾ ਵਿੱਚ ਜਦੋਂ ਮੈਂ ਉਸ ਨੂੰ ਦੁਬਾਰਾ ਫੋਨ ਕੀਤਾ ਤਾਂ ਉਸ ਨੇ ਮੈਨੂੰ ਨਜਦੀਕ ਲੱਗਦੇ ਇੱਕ ਨਿੱਜੀ ਹਸਪਤਾਲ ਵਿੱਚ ਆਉਣ ਲਈ ਕਿਹਾ। ਹਸਪਤਾਲ ਦਾ ਨਾਮ ਸੁਣ ਕੇ ਸਾਡੀ ਚਿੰਤਾ ਦਾ ਪੱਧਰ ਹੋਰ ਵੀ ਵੱਧ ਗਿਆ। ‘ਪਤਾ ਨਹੀਂ ਕੀ ਹੋਇਆ ਹੋਵੇਗਾ’ ਦੀ ਧਾਰਨਾ ਨੂੰ ਲੈ ਕੇ ਜਦੋਂ ਅਸੀਂ ਉਸ ਹਸਪਤਾਲ ਪਹੁੰਚੇ ਤਾਂ ਹਸਪਤਾਲ ਵਾਲਿਆਂ ਨੇ ਸਾਨੂੰ ਐਮਰਜੈਂਸੀ ਵਿੱਚ ਜਾਣ ਲਈ ਕਹਿ ਦਿੱਤਾ। ਐਮਰਜੈਂਸੀ ਸ਼ਬਦ ਨੇ ਸਾਨੂੰ ਹੋਰ ਵੀ ਹਿਲਾ ਕੇ ਰੱਖ ਦਿੱਤਾ ਅਤੇ ਅਸੀਂ ਕਾਹਲੇ ਕਦਮੀਂ ਉਧਰ ਵੱਲ ਨੂੰ ਹੋ ਤੁਰੇ, ਜਿਧਰ ਮੋਟੇ ਤੇ ਲਾਲ ਅੱਖਰਾਂ ਵਿਚ ਐਮਰਜੈਂਸੀ ਲਿਖਿਆ ਹੋਇਆ ਸੀ।

ਜਦ ਅਸੀਂ ਅੰਦਰ ਗਏ ਤਾਂ ਦੇਖਿਆ ਕਿ ਬੱਲੀ ਦਾ ਅੱਧਾ ਸਿਰ ਖੁੱਲ੍ਹਿਆ (ਪਾਟਿਆ) ਹੋਇਆ ਸੀ ਅਤੇ ਖੂਨ ਵਗ ਰਿਹਾ ਸੀ। ਜ਼ਖ਼ਮ ਭਾਵੇਂ ਵੱਡਾ ਸੀ ਪਰ ਡੂੰਘਾ ਨਾ ਹੋਣ ਕਾਰਨ ਉਹ ਪੂਰੀ ਤਰ੍ਹਾਂ ਹੋਸ਼ ਵਿਚ ਸੀ। ਉਸ ਦਾ ਦੋਸਤ ਪਿੱਛੇ ਬੈਠਾ ਹੋਣ ਕਾਰਨ ਉਸ ਨੂੰ ਕੁੱਝ ਮਮੂਲੀ ਸੱਟਾਂ ਹੀ ਲੱਗੀਆਂ ਸਨ।

ਸਾਡੇ ਦੋਵਾਂ ਦੇ ਉੱਥੇ ਪਹੁੰਚਣ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਕੁੱਝ ਕਾਗਜ਼ੀ ਕਾਰਵਾਈ ਕੀਤੀ ਅਤੇ ਪੈਸੇ ਜਮ੍ਹਾਂ ਕਰਵਾਉਣ ਤੋਂ ਬਾਅਦ ਇਲਾਜ ਸ਼ੁਰੂ ਕਰ ਦਿੱਤਾ। ਸ਼ੰਕਿਆਂ ਦੀ ਨਿਵਰਤੀ ਲਈ ਸਬੰਧਿਤ ਡਾਕਟਰ ਸਾਹਿਬ ਵੱਲੋਂ ਕੁੱਝ ਟੈਸਟ ਵੀ ਕਰਵਾਏ ਗਏ ਪਰ ਉਨ੍ਹਾਂ ਦੀਆਂ ਰਿਪੋਰਟਾਂ ਕਾਫ਼ੀ ਹੱਦ ਤੱਕ ਖ਼ਤਰਿਆਂ ਤੋਂ ਖਾਲੀ ਹੀ ਆਈਆਂ।  22 ਜਨਵਰੀ 2017 ਦੇ ਇਸ ਖ਼ਤਰੇ ਅਤੇ ਨੁਕਸਾਨ ਨੂੰ ਵੀ ਟਲਿਆ ਜਾ ਸਕਦਾ ਸੀ ਜੇਕਰ ਬੱਲੀ ਨੇ ਮੋਟਰ-ਸਾਇਕਲ ਚਲਾਉਂਦੇ ਸਮੇਂ ਉਸ ਹੈਲਮੈੱਟ ਨੂੰ ਆਪਣੇ ਸਿਰ ਉਪਰ ਪਾਇਆ ਹੁੰਦਾ, ਜਿਹੜਾ ਉਸ ਨੇ ਆਪਣੇ ਪਿੱਛੇ ਬੈਠੇ ਦੋਸਤ ਨੂੰ ਫੜ੍ਹਾਇਆ ਹੋਇਆ ਸੀ ਅਤੇ ਉਸ ਨੇ ਵੀ ਸਿਰਫ ਬਾਂਹ ’ਤੇ ਹੀ ਲਟਕਾਇਆ ਹੋਇਆ ਸੀ, ਪਰ ਜਵਾਨੀ ਕੋਲੋਂ ਇਸ ਅਕਲਮੰਦੀ ਦੀ ਆਸ ਕਿੱਥੋਂ ?

ਕਬਿੱਤ ਨੰਬਰ 45 (ਭਾਈ ਗੁਰਦਾਸ ਜੀ)

0

ਕਬਿੱਤ ਨੰਬਰ 45 (ਭਾਈ ਗੁਰਦਾਸ ਜੀ)

ਦ੍ਰਿਸਟਿ ਮੈ ਦਰਸ, ਦਰਸ ਮੈ ਦ੍ਰਿਸਟਿ ਦ੍ਰਿਗ; ਦ੍ਰਿਸਟਿ ਦਰਸ ਅਦਰਸ ਗੁਰ ਧਿਆਨ ਹੈ।

ਸਬਦ ਮਹ ਸੁਰਤਿ, ਸੁਰਤਿ ਮਹ ਸਬਦ ਧੁਨਿ; ਸਬਦ ਸੁਰਤਿ ਅਗਮਿਤਿ ਗੁਰ ਗਿਆਨ ਹੈ।

ਗਿਆਨ ਧਿਆਨ ਕਰਨੀ ਕੈ ਪ੍ਰਗਟਤ ਪ੍ਰੇਮ ਰਸੁ; ਗੁਰਮਤਿ ਗਤਿ ਪ੍ਰੇਮ ਨੇਮ ਨਿਰਬਾਨ ਹੈ।

ਪਿੰਡ ਪ੍ਰਾਨ ਪ੍ਰਾਨਪਤਿ ਬੀਸ ਕੋ ਬਰਤਮਾਨ; ਗੁਰਮੁਖ ਸੁਖ ਇਕ ਈਸ ਮੋ ਨਿਧਾਨ ਹੈ ॥੪੫॥ (ਭਾਈ ਗੁਰਦਾਸ ਜੀ : ਕਬਿੱਤ ੪੫)

ਪਦ ਅਰਥ :ਦ੍ਰਿਗ=ਨੇਤਰ, ਅੱਖਾਂ। ਅਗਮਿਤਿ=ਪਹੁੰਚ ਤੋਂ ਪਾਰ। ਪਿੰਡ=ਸਰੀਰ। ਬੀਸ=ਸੰਸਾਰ। ਬਰਤਮਾਨ=ਵਰਤਣ ਵਾਲਾ। ਨਿਧਾਨ=ਖ਼ਜ਼ਾਨਾ।

ਅਰਥ : ਨੇਤਰਾਂ ਦੀ ਨਜ਼ਰ ਵਿੱਚ ਤਾਂ ਦਰਸ਼ਨ ਹੈ ਤੇ ਦਰਸ਼ਨ ਵਿੱਚ ਨੇਤਰਾਂ ਦੀ ਨਿਗ੍ਹਾ ਹੈ, ਪਰ ਗੁਰੂ ਦਾ ਧਿਆਨ, ਦ੍ਰਿਸ਼ਟੀ ਅਤੇ ਦਰਸ਼ਨ ਤੋਂ ਰਹਿਤ ਹੈ ਭਾਵ ਕਿ ਗੁਰੂ ਦਾ ਦਰਸ਼ਨ ਸੁਰਤਿ ਕਰ ਕੇ ਹੈ ਨਾ ਕਿ ਅੱਖਾਂ ਕਰ ਕੇ।  ਇਹ ਰੀਤ ਸੰਸਾਰ ਤੋਂ ਵੱਖਰੀ ਹੈ।  ਗੁਰੂ ਦੇ ਸ਼ਬਦ ਵਿੱਚ ਸੁਰਤਿ ਅਤੇ ਸੁਰਤਿ ਵਿੱਚ ਸ਼ਬਦ ਦੀ ਧੁਨਿ ਸਮਾਈ ਹੁੰਦੀ ਹੈ ਪਰ ਸ਼ਬਦ ਤੇ ਸੁਰਤਿ ਦੇ ਮੇਲ ਤੋਂ ਉਪਜਿਆ ਗਿਆਨ ਆਮ ਮਨੁੱਖ ਦੀ ਪਹੁੰਚ ਅੰਦਰ ਨਹੀਂ।  ਗੁਰੂ ਦੇ ਉਪਦੇਸ਼ ਵਿਚ ਧਿਆਨ ਜੋੜ ਕੇ ਆਪਣਾ ਜੀਵਨ ਆਚਰਨ ਬਣਾਉਣ ਨਾਲ ਪ੍ਰਭੂ ਪ੍ਰਤੀ ਪ੍ਰੇਮ ਰਸ ਪੈਦਾ ਹੁੰਦਾ ਹੈ ਅਤੇ ਪ੍ਰੇਮ ਨੂੰ ਨਿਬਾਹੁਣ ਸਦਕਾ ਨਿਰਬਾਨ ਪਦ ਦੀ ਪ੍ਰਾਪਤੀ ਹੁੰਦੀ ਹੈ।  ਗੁਰੂ ਦਾ ਸਿੱਖ ਸੰਸਾਰ ਵਿੱਚ ਵਿਚਰਦਾ ਹੋਇਆ ਆਪਣਾ ਸਰੀਰ ਤੇ ਪ੍ਰਾਣ ਆਪਣੇ ਨਾ ਜਾਣ ਕੇ ਪ੍ਰਭੂ ਦੀ ਦਿੱਤੀ ਦਾਤ ਹੀ ਜਾਣਦਾ ਹੈ, ਜਿਸ ਕਰ ਕੇ ਉਹ ਸੁਖਾਂ ਦੇ ਖ਼ਜ਼ਾਨੇ ਪ੍ਰਮਾਤਮਾ ਨਾਲ ਇਕ ਮਿਕ ਹੋਇਆ ਰਹਿੰਦਾ ਹੈ।

 ਭਾਈ ਗੁਰਦਾਸ ਜੀ ਆਪ ਗੁਰ ਸ਼ਬਦ ਨਾਲ ਜੁੜੇ ਹੋਏ ਹੋਣ ਕਰ ਕੇ ਸ਼ਬਦ ਦੀ ਵੀਚਾਰ ਬੜੀ ਗਹਿਰਾਈ ਨਾਲ ਕਰਦੇ ਹਨ। ਉਹਨਾਂ ਦਾ ਇਸ ਕਬਿੱਤ ਰਾਹੀਂ ਸਮਝਾਣਾ ਹੈ ਕਿ ਗੁਰੂ, ਜੋ ਕਿ ਪ੍ਰਮਾਤਮਾ ਦਾ ਹੀ ਰੂਪ ਹੈ, ਦੇ ਦਰਸ਼ਨ ਸਰੀਰਕ ਅੱਖਾਂ ਨਾਲ ਨਹੀਂ, ਸੁਰਤਿ ਦੀਆਂ ਅੱਖਾਂ ਨਾਲ ਹੁੰਦੇ ਹਨ।  ਸਰੀਰਕ ਅੱਖਾਂ ਨਾਲ ਤਾਂ ਗੁਰੂ ਦੀ ਦੇਹ ਦੇ ਦੀਦਾਰ ਕੀਤੇ ਜਾ ਸਕਦੇ ਹਨ, ਪਰ ਅਸਲ ਦੀਦਾਰੇ ਤਾਂ ਗੁਰੂ ਦੇ ਸ਼ਬਦ ਦੀ ਵੀਚਾਰ ਕਰਨ ਨਾਲ ਹੀ ਹੁੰਦੇ ਹਨ।  ਗੁਰਬਾਣੀ ਫ਼ਰਮਾਨ ਹੈ, ‘‘ਸਤਿਗੁਰ ਨੋ ਸਭ ਕੋ ਵੇਖਦਾ; ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ; ਜਿਚਰੁ ਸਬਦਿ ਨ ਕਰੇ ਵੀਚਾਰੁ॥’’ (ਮ:੩/੫੯੪) ਗੁਰੂ ਅਰਜੁਨ ਦੇਵ ਜੀ ਇਕ ਸਲੋਕ ਵਿੱਚ ਇਸੇ ਗੱਲ ਦੀ ਪ੍ਰੋੜ੍ਹਤਾ ਕਰਦੇ ਹਨ, ‘‘ਲੋਇਣ ਲੋਈ ਡਿਠ, ਪਿਆਸ ਨ ਬੂਝੈ, ਮੂ ਘਣੀ॥ ਨਾਨਕ  ! ਸੇ ਅਖੜੀਆਂ ਬਿਅੰਨਿ, ਜਿਨੀ ਡਿਸੰਦੋ ਮਾ ਪਿਰੀ॥’’ (੫੭੭)  ਸੋ, ਗੁਰਸਿੱਖ ਦੀਆਂ ਸੁਰਤ ਰੂਪੀ ਅੱਖਾਂ ਹੁੰਦੀਆਂ ਹਨ, ਜਿਨ੍ਹਾਂ ਨਾਲ ਉਹ ਆਪਣੇ ਪਿਆਰੇ ਗੁਰ ਪਰਮੇਸ਼ਰ ਦਾ ਦਰਸ਼ਨ ਕਰਦਾ ਹੈ। 

 ਸ਼ਬਦ ਤੇ ਸੁਰਤਿ ਦੀ ਬੜੀ ਅਜਬ ਖੇਡ ਹੈ। ਗੁਰੂ ਨਾਨਕ ਸਾਹਿਬ, ਸ਼ਬਦ ਨੂੰ ਗੁਰੂ ਅਤੇ ਸੁਰਤਿ ਨੂੰ ਚੇਲਾ, ਕਹਿ ਕੇ ਜੋਗੀਆਂ ਨੂੰ ਸਮਝਾ ਗਏ ਸਨ, ਜਦੋਂ ਉਹਨਾਂ ਪੁੱਛਿਆ ਸੀ ‘‘ਤੇਰਾ ਕਵਣੁ ਗੁਰੂ  ?  ਜਿਸ ਕਾ ਤੂ ਚੇਲਾ॥’’ ਤਾਂ ਗੁਰੂ ਜੀ ਨੇ ਜੁਆਬ ਦਿੱਤਾ ਸੀ ‘‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥’’ (ਮ:੧/੯੪੨) ਗੁਰੂ ਦਾ ਸਿੱਖ ਸੁਰਤਿ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਦਾ ਹੈ ਭਾਵ ਕਿ ਉਸ ਦਾ ਧਿਆਨ ਗੁਰੂ ਦੇ ਸ਼ਬਦ ਵਿੱਚ ਰਹਿੰਦਾ ਹੈ ਜਿਸ ਨਾਲ ਉਸ ਨੂੰ ਦੈਵੀ ਤੇ ਅਗੰਮੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਨਾਮ ਦੀ ਸਮਝ ਵੀ ਗੁਰੂ ਦੇ ਸ਼ਬਦ ਵਿੱਚ ਸੁਰਤਿ ਜੋੜਿਆਂ ਹੀ ਪੈਂਦੀ ਹੈ ਤੇ ਨਾਮ ਰਾਹੀਂ ਹੀ ਨਾਮੀ ਨਾਲ ਮਿਲਾਪ ਹਾਸਲ ਹੁੰਦਾ ਹੈ ਤੇ ਸਿੱਖ, ਗੁਰੂ ਦੇ ਸ਼ਬਦ ਦੀ ਵੀਚਾਰ ਕਰ ਕੇ ਭਾਵ ਕਿ ਗੁਰੂ ਦੀ ਮਤਿ ਹਾਸਲ ਕਰ ਕੇ, ਕਾਮਨਾ ਰਹਿਤ ਹੋ ਜਾਂਦਾ ਹੈ।  ਗੁਰਬਾਣੀ ਫ਼ਰਮਾਨ  ਹੈ; ‘‘ਲਾਲੁ ਰਤਨੁ ਹਰਿ ਨਾਮ, ਗੁਰਿ ਸੁਰਤਿ ਬੁਝਾਈਐ॥ ਸਦਾ ਰਹੈ ਨਿਹਕਾਮੁ, ਜੇ ਗੁਰਮਤਿ ਪਾਈਐ॥’’ (ਮ:੧/੭੫੨) ਅਤੇ ਪ੍ਰਭੂ ਪ੍ਰਤੀ ਪ੍ਰੇਮ ਪੈਦਾ ਹੁੰਦਾ ਹੈ।  ਪ੍ਰੇਮ ਹੀ ਭਗਤੀ ਪੈਦਾ ਕਰਦਾ ਹੈ, ਜਿਸ ਨੂੰ ਪ੍ਰੇਮਾ ਭਗਤੀ ਵੀ ਕਹਿੰਦੇ ਹਨ।  ਉਹ ਗੁਰੂ ਅੱਗੇ ਆਪਣਾ ਆਪ ਪੂਰੀ ਤਰ੍ਹਾਂ ਸਮਰਪਣ ਕਰ ਦੇਂਦਾ ਹੈ ਤੇ ਇੱਥੋਂ ਤੱਕ ਕਿ ਉਹ ਆਪਣੇ ਸ਼ਰੀਰ ਅਤੇ ਪ੍ਰਾਣ ਵੀ ਸਤਿਗੁਰ ਦੀ ਦਿੱਤੀ ਦਾਤ ਹੀ ਸਮਝਦਾ ਹੈ ਤੇ ਆਖਦਾ ਹੈ ‘‘ਜੀਉ ਪਿੰਡੁ ਸਭੁ ਹੈ ਤਿਸੁ ਕੇਰਾ॥ ਸਚਾ ਸਾਹਿਬੁ, ਠਾਕੁਰੁ ਮੇਰਾ॥’’ (ਮ:੩/੧੦੫੮)  ਅਜਿਹਾ ਆਤਮ ਸਮਰਪਣ ਕਰ ਕੇ ਉਸ ਦੀ ਆਤਮਕ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਇਸੇ ਜਨਮ ਵਿੱਚ ਸੁੱਖਾਂ ਦੇ ਖ਼ਜ਼ਾਨੇ ਗੁਰ-ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ।

ਇਤਿਹਾਸ ਦਾ ਪਹੀਆ

0

ਇਤਿਹਾਸ ਦਾ ਪਹੀਆ

ਗੁਰਦੇਵ ਸਿੰਘ ਸੱਧੇਵਾਲੀਆ

ਜਦ ਅਸੀਂ ਗੁਰਦਾਸ ਨੰਗਲ ਦੀ ਗੜੀ ਦੇਖਣ ਗਏ ਤਾਂ ਉੱਥੇ ਕੋਈ ਇਤਿਹਾਸਕ ਨਿਸ਼ਾਨ ਨਾ ਦੇਖ ਕੇ ਉਥੋਂ ਦੇ ਭਾਈ ਨੂੰ ਪੁੱਛਿਆ ਕਿ ਇੱਥੇ ਕੋਈ ਗੜੀ ਦੀ ਕੰਧ ਹੀ ਬਚਾਅ ਰੱਖਦੇ ਇਤਿਹਾਸਕ ਨਿਸ਼ਾਨੀ ਵੱਜੋਂ ਤਾਂ ਉਸ ਦਾ ਜਵਾਬ ਬੜਾ ਬੇਲਿਹਾਜਾ ਸੀ,

ਓ ਦੋ ਤਿੰਨ ਸੌ ਸਾਲ ਦੀਆਂ ਗੱਲਾਂ ਨੇ ਕਿਹੜੀਆਂ ਕੰਧਾਂ ਰਹਿੰਦੀਆਂ ਇੱਥੇ ?

ਸਿੱਖ ਇਤਿਹਾਸ ਦਾ ਪਹੀਆ ਖੜੋਅ ਗਿਆ ਹੈ। ਬਾਬਿਆਂ ਦੀਆਂ ਕੱਚੀਆਂ ਪਿੱਲੀਆਂ ਕਹਾਣੀਆਂ ਦੇ ਗਾਰੇ ਵਿੱਚ ਫਸ ਕੇ ਰਹਿ ਗਿਆ ਹੈ। ਦੁਕਾਨਦਾਰੀਆਂ ਦੀਆਂ ਰੇਤਾਵਾਂ ਵਿੱਚੋਂ ਇਤਿਹਾਸ ਦੀ ਖੰਡ ਦੇ ਦਾਣੇ ਚੁੱਗਣੇ ਹੁਣ ਇੰਨੇ ਸੌਖੇ ਨਹੀਂ। ਇਤਿਹਾਸ;  ਸੁੱਖਣਾ, ਅਰਦਾਸਾਂ, ਸਿਮਰਨਾਂ ਅਤੇ ਮਨੋਕਾਮਨਾਵਾਂ ਵਿੱਚ ਉਲਝ ਗਿਆ ਹੈ। ਬੰਦਾ ਕਹਿੰਦਾ ਮਿਲੂ ਕੀ ਮੈਨੂੰ ਇਤਿਹਾਸ ਜਾਣ ਕੇ !  ਇਤਿਹਾਸ ਸਿੱਖ ਕੌਮ ਲਈ ਬੜਾ ਰੁੱਖਾ ਵਿਸ਼ਾ ਹੈ।  ਅਲੂਣੀ ਸਿੱਲ ਦੀ ਤਰ੍ਹਾਂ। ਇਸ ਨੂੰ ਕੋਈ ਵੀ ਚੱਟਣ ਲਈ ਤਿਆਰ ਨਹੀਂ।

ਬਾਬਿਆਂ ਦੀਆਂ ਚਟਪਟੇ ਲੱਡੂ ਕਰਾਰਿਆਂ ਵਰਗੀਆਂ ਕਹਾਣੀਆਂ ਸੁਣ ਸੁਣ ਇਤਿਹਾਸ ਵਰਗੇ ਵਿਸ਼ੇ ਵੰਨੀ ਕਿਹੜਾ ਦੇਖੇ।  ਦਰਬਾਰ ਸਾਹਬ ਨੇੜੇ ਅਸੀਂ ਇਤਿਹਾਸ ਨਾਲ ਸਬੰਧਿਤ ਪੂਰੀਆਂ ਦੁਕਾਨਾਂ ਫੋਲ ਮਾਰੀਆਂ ਪਰ ਸਾਨੂੰ ਕਿਤੇ ਵੀ ਇਤਿਹਾਸ ਨਾਲ ਸਬੰਧਿਤ ਪੋਸਟਰ ਨਹੀਂ ਮਿਲੇ। ਜਦ ਇੱਕ ਦੁਕਾਨ ਵਾਲੇ ਨੂੰ ਕਾਰਨ ਪੁੱਛਿਆ ਤਾਂ ਉਹ ਕਹਿੰਦਾ ਖਰੀਦਾਰ ਹੀ ਕੋਈ ਨਹੀਂ ਰੱਖੀਏ ਕਿਸ ਖਾਤਰ ?

ਡੇਰਿਆਂ ਅਤੇ ਕਾਰਸੇਵੀਆਂ ਇਤਿਹਾਸ ਦੀ ਤਬਾਹੀ ਤਾਂ ਜੋ ਕੀਤੀ, ਸੋ ਕੀਤੀ, ਪਰ ਲੋਕਾਂ ਦੀ ਖੁਦ ਦੀ ਵੀ ਤਾਂ ਕੋਈ ਰੁਚੀ ਨਹੀਂ ਰਹੀ। ਉਹ ਪੜ੍ਹਨਾ ਹੀ ਨਹੀਂ ਚਾਹੁੰਦੇ। ਪੜ੍ਹਨ ਦਾ ਸ਼ੌਕ ਹੀ ਖਤਮ।  ਉਹ ਕਹਿੰਦੇ ਨਿਆਣੇ ਅੰਗਰੇਜ਼ੀ ਪੜ੍ਹ ਜਾਣ, ਪੰਜਾਬੀ ਨੂੰ ਕੌਣ ਪੁੱਛਦੈ !  ਮਾਈਆਂ ਦੀ ਪੰਜਾਬੀ, ਡਰਾਮਿਆਂ ਦੀ ਹਮਕੋ ਤੁਮਕੋ ਨੇ ਖਾ ਲਈ ਤੇ ਭਾਈਆਂ ਦੀ ਭਈਆਂ ਨਾਲ ਕਿੱਲ ਕੇ ਬੋਲੀ ਹਿੰਦੀ ਨੇ !  ਹੋਰ ਹੈਰਾਨੀ ਦੀ ਗੱਲ ਕਿ ਹਿੰਦੀ ਦੀ ਮੁਝਕੋ ਤੁਝਕੋ ਵਾਲੀ ਕੌੜੀ ਵੇਲ ਤੁਹਾਡੇ ਆਹ ਚੋਲਿਆਂ ਵਾਲਿਆਂ ਭਗਵੀਆਂ ਲੂੰਗੀਆਂ ਰਾਹੀਂ ਤੁਹਾਡੀਆਂ ਧਾਰਮਿਕ ਸਟੇਜਾਂ ਉਪਰ ਚਾਹੜ ਛੱਡੀ ਹੋਈ !  ਪਤਾ ਹੀ ਨਹੀਂ ਲੱਗਦਾ ਕਿ ਇਹ ‘ਕਥਾ’ ਮੰਦਰ ਵਿਚ ਹੋ ਰਹੀ ਹੈ ਜਾਂ ਕਿਸੇ ਗੁਰਦੁਆਰੇ ਦੀ ਸਟੇਜ ਤੇ !  ਬੋਲੀ ਹੀ ਨਾ ਰਹੀ ਤਾਂ ਇਤਿਹਾਸ ਟਿੱਕੂ ਕਾਹਦੇ ਤੇ ?

ਪੰਜਾਬ ਗਏ ਨੇ ਘਰ ਵਿਚ ਤੁਰੇ ਫਿਰਦੇ ਪੇਡੂੰ ਨਿਆਣਿਆਂ ਵਿਚੋਂ ਇੱਕ ਨੂੰ ਮੈਂ ਕਿਹਾ ਪੁੱਤਰ ਸਤਿ ਸ੍ਰੀ ਅਕਾਲ। ਉਹ ਪਤਾ ਕੀ ਕਹਿੰਦਾ ?

ਅੰਕਲ ਸਵੇਰੇ ਸਵੇਰ ਗੁੱਡ ਮਾਰਨਿੰਗ ਕਹੀਦੀ ?  ?

ਕਸੂਰ ਕਿਸ ਦਾ ?

ਬਾਬਾ ਜੀ ਆਪਣੇ ਜੋਗੀ ਨੂੰ ਕਹਿੰਦੇ ਤੇਰਾ ਕਸੂਰ ਨਹੀ ਤੇਰੀ ਮਾਂ ਹੀ ਕੁਚੱਜੀ ਸੀ, ਜਿਸ ਨੇ ਤੇਰਾ ਭਾਡਾਂ ਹੀ ਨਹੀਂ ਧੋਤਾ। ਸਾਡੀਆਂ ਮਾਵਾਂ ਭਾਵੇਂ ਅਨਪੜ੍ਹ ਸਨ ਪਰ ਉਹ ਰਾਤੀਂ ਗੋਦੀ ਲੈ ਸਾਹਿਬਜ਼ਾਦਿਆਂ ਅਤੇ ਸ਼ਹੀਦਾਂ ਦੀਆਂ ਗਥਾਵਾਂ ਤੋਤੇ ਦੀ ਤਰਾਂ ਰਟਾਅ ਦਿੰਦੀਆਂ ਸਨ ਪਰ ਹੁਣ ਵਾਲੀ ਮਾਂ ਜੰਮਦੇ ਬੱਚੇ ਨੂੰ ਗੋਦੀ ਲੈ ਵਡਭਾਗੀਆਂ ਦੇ ਭੂਤਾਂ ਦੀ ਤਰਾਂ ਸਿਰ ਮਾਰ ਮਾਰ ਏ. ਬੀ. ਸੀ ਦਾ ਘੋਟਾ ਲਵਾਉਂਦੀ ਹੈ ਕਿ ਇਸ ਵਿਚਲੇ ਅੰਗੇਰਜ਼ੀ ਦੇ ਜਿੰਨ ਇਸ ਦੇ ਤੁਰਨ ਤੱਕ ਬੋਲਣ ਕਿਉਂ ਨਾ ਲੱਗ ਜਾਣ !

ਸਾਡੇ ਨਿਆਣੇ ਕੈਨੇਡਾ ਤੋਂ ਜਾ ਕੇ ਵੀ ‘ਦੇਸੀ’ ਜਾਪਣ ਅਤੇ ਸ਼ੁਧ ਪੰਜਾਬੀ ਬੋਲਣ ਪਰ ਉਥੇ ਵਾਲੇ  ?  ਖੇਤਾਂ ਦੇ ਸੰਦਾਂ ਨਾਲ ਪੰਗੇ ਲੈਂਦੇ ਨਿਆਣਿਆਂ ਚੋਂ ਇੱਕ ਨੂੰ ਬੇਟਾ ਮੇਰਾ ਕਹਿੰਦਾ ਓ ਕਹੀ ਦਾ ਦਸਤਾ ਨਾ ਤੋੜ ਦਈਂ।  ਕਿਸਾਨ ਦਾ ਜਵਾਨ ਹੋ ਰਿਹਾ ਤੇ ਪਿੰਡ ਰਹਿ ਰਿਹਾ ਮੁੰਡਾ ਪਤਾ ਕੀ ਕਹਿੰਦਾ  ?  

ਏਹ ਦਸਤਾ ਕੀ ਹੁੰਦਾ ?

ਇੱਕ ਦੀ ਭੂਆ ਕਹਿੰਦੀ ਹੈਥੋਂ ਬਜਾਰੋਂ ਮਖਾਣੇ ਫੜੀ ਖਾਣ ਨੂੰ ਦਿੱਲ ਕਰਦੈ,

ਉਹ ਕਹਿੰਦਾ ਮਖਾਣੇ ਕੀ ਹੁੰਦੇ ?

ਬੋਲੀ ਦੀਆਂ ਨੀਹਾਂ ਉਪਰ ਇਤਿਹਾਸ ਟਿੱਕਦੇ ਤੇ ਜਾਣੇ ਜਾਂਦੇ ਨੇ ਪਰ ਇੱਥੇ ਤਾਂ ਨੀਹਾਂ ਹੀ ਪੁੱਟ ਮਾਰੀਆਂ !

ਇਤਿਹਾਸਕ ਥਾਵਾਂ ਦਾ ਮਲੀਆਮੇਟ ਕਰ ਕੇ ਕਾਰਸੇਵੀਆਂ ਪਹਿਲਾਂ ਉਨਾਂ ਨੂੰ ਗੁਰਦੁਆਰੇ ਬਣਾ ਮਾਰਿਆ ਤੇ ਹੁਣ ਅੱਗਿਓਂ ਗੁਰਦੁਆਰੇ ਸੈਲਫੀਆਂ ਲੈਣ ਵਾਲੇ ਟੂਰਿਜ਼ਮ ਥਾਵਾਂ ਬਣ ਕੇ ਰਹਿ ਗਏ।

ਅਨੰਦਪੁਰ ਸਾਹਬ ਜਾਣ ਵਾਲੇ ਹੁਣ ਗੁਰੂ ਬਾਜਾਂ ਵਾਲੇ ਨੂੰ ਲੱਭਣ ਥੋੜੋਂ ਜਾਂਦੇ ਉਹ ਤਾਂ ਉਥੇ ਖੰਡਾ ਦੇਖਣ ਜਾਂਦੇ ਤੇ ਉਸ ਦੇ ਅੰਦਰ ਜੋ ਵਿਖਾਇਆ ਤੇ ਪੜ੍ਹਾਇਆ ਜਾਂਦਾ  ?  ਮਿਊਜੀਅਮ ਦੇ ਨਾਂ ਤੇ ਪੂਰੇ ਅਨੰਦਪੁਰ ਸਾਹਿਬ ਦੀ ਆਭਾ ਹੀ ਖਤਮ ਕਰ ਮਾਰੀ ਖੰਡੇ ਵਾਲਿਆਂ।

ਦਰਬਾਰ ਸਾਹਿਬ ਦੀਆਂ ਪਉੜੀਆਂ ਉਤਰਦਿਆਂ ਹੀ ਸੈਲਫੀਆਂ ਲੈਣ ਵਾਲੇ ਕੀ ਜਾਣਨ ਕਿ ਇੱਥੇ ਇੱਕ ਇੱਕ ਸਿੱਲ ਹੇਠ ਪਤਾ ਨਹੀਂ ਕਿੰਨੇ ਸੂਰਬੀਰਾਂ ਦੇ ਸਿਰ ਲੱਗੇ ਹੋਏ ਨੇ ਅਤੇ ਲਹੂਆਂ ਦੇ ਦਰਿਆ ਵਹਿ ਚੁੱਕੇ ਨੇ। ਤੇ ਹਾਲੇ ਕੱਲ 84 ਲੰਘ ਕੇ ਗਈ ਜਦ ਦਿੱਲੀ ਵਾਲਿਆਂ ਸਾਡੇ ਲਹੂ ਨਾਲ ਪ੍ਰਕਰਮਾ ਧੋਤੀਆਂ ਤੇ ਟੈਂਕ ਡਾਹ ਡਾਹ ਸਾਡੀਆਂ ਹਿੱਕਾਂ ਲਿਤਾੜੀਆਂ ਪਰ ਚੜ੍ਹ ਕੇ ਆਏ ਕੱਟਕ ਉਗਲਾਂ ਤੇ ਗਿਣਨ ਜੋਗਿਆਂ ਟਰੱਕਾਂ ਵਿਚ ਲੱਦ ਲੱਦ ਤੋਰੇ ਦਿੱਲੀ ਨੂੰ !  ਇਹ ਦਰਦਨਾਕ ਗਾਥਾ ਉਥੇ ਦੀ ਹੀ ਹੈ ਜਿੱਥੇ ਸੈਲਫੀਆਂ ਦਾ ਇੱਕ ਨਵਾਂ ਦੌਰ ਜਨਮ ਲੈ ਚੁੱਕਾ ਹੋਇਆ ਤੇ ਇਤਿਹਾਸ ਉਥੇ ਖੁਰਦਬੀਨ ਲਾਇਆਂ ਵੀ ਨਹੀ ਲੱਭਦਾ !

ਵਕਤੀ ਉਬਾਲਾਂ ਨਾਲ ਕੌਮਾਂ ਨੂੰ ਜਿਆਦਾ ਚਿਰ ਸਥਿਰ ਨਹੀਂ ਰੱਖਿਆ ਜਾ ਸਕਦਾ ਉਹ ਤਾਂ ਸੁੱਕੀ ਪਰਾਲੀ ਦੀ ਤਰ੍ਹਾਂ ਹੁੰਦਾ ਮੱਚੀ ਤੇ ਬੁੱਝ ਗਈ। ਪੁਰਾਣੇ ਤੇ ਭਾਰੇ ਮੁੱਢਾਂ ਦੀ ਅੱਗ ਹੀ ਸਥਿਰ ਤੇ ਠੋਸ ਹੁੰਦੀ ਜੋ ਇਤਿਹਾਸ ਤੋਂ ਬਿਨਾਂ ਕਿਤੋਂ ਨਹੀਂ ਮਿਲਦੀ ਤੇ ਇਸ ਤੋਂ ਬਿਨਾਂ ਕੌਮਾਂ ਨੂੰ ਗਰਮ ਯਾਣੀ ਜਿਉਂਦਾ ਨਹੀਂ ਰੱਖਿਆ ਜਾ ਸਕਦਾ !  ਕਿ ਜਾ ਸਕਦਾ ?

ਕੁਦਰਤ ਦਾ ਇਹ ਵੀ ਇੱਕ ਰੰਗ

0

ਕੁਦਰਤ ਦਾ ਇਹ ਵੀ ਇੱਕ ਰੰਗ

                          -ਗੁਰਪ੍ਰੀਤ ਸਿੰਘ (USA)

ਉਹ ਇੱਕ ਸਾਹ ਵਿੱਚ,

ਅਛੋਪਲੇ ਹੀ ਜਿਵੇਂ ਮਾਣ ਲੈਣਾ ਚਾਹੁੰਦਾ ਹੋਵੇ,

ਕੁਦਰਤ ਦੀ ਹਰ ਅੰਗੜਾਈ, ਹਰ ਇੱਕ ਅਦਾ ਵਿੱਚ।

ਜਿਵੇਂ, ਆਲ੍ਹਣੇ ’ਚੋਂ ਉੱਡ ਰਹੇ ਕਿਸੇ ਬੋਟ ਦੀ ਪਹਿਲੀ ਉਡਾਰੀ,

ਕਦੀ ਆਵੇ ਗੁੰਮ-ਸੁੰਮ, ਗੁੱਪ-ਚੁੱਪ ਘਾਟੀਆਂ ਦੀ ਵਾਰੀ।

ਕਿੱਧਰੇ ਦਰਿਆ ਦੀ ਛੱਲ ’ਚੋਂ ਨਿਕਲੀ ਉਮੰਗ ਦੀ ਤਰੰਗ,

ਜਾਂ ਸੁੱਕਦੇ ਝਰਨੇ ’ਚੋਂ ਡਿੱਗ ਰਹੀ ਪਾਣੀ ਦੀ ਆਖਰੀ ਬੂੰਦ ਨਿਆਰੀ।

ਜਦ ਕਦੀ ਉਸ ਦੀ ਸੁਰਤ,

ਕਿਸੇ ਫੁੱਲ ਦੀ ਸੁੰਦਰਤਾ ’ਚ ਗਵਾਚ ਜਾਂਦੀ,

ਕੁਝ ਕੰਢੇ ਵੀ ਝਟਪਟ, ਆਪਣੀ ਹੋਂਦ ਦਾ ਅਹਿਸਾਸ ਕਰਵਾ,

ਫਿਰ ਬਣਾ ਜਾਂਦੇ ਉਸ ਨੂੰ, ਨੂਰੋ-ਨੂਰ ਦੇ ਰਸਤੇ ਦਾ ਪਾਂਧੀ।

ਨਿੱਤ ਨਵੀਂ ਸਵੇਰੇ ਵਿਸਮਾਦਤਾ ’ਚ ਅਨੰਦਿਤ ਹੋਇਆ,

ਲੱਭਦਾ ਨਵੇਂ ਭੇਦ,

ਗੁੱਝੇ ਤੇ ਗੂੜ੍ਹੇ ਰੰਗਾਂ ’ਚ ਪ੍ਰਕਾਸ਼,

ਕੋਈ ਸ਼ਕਤੀ ਵੀ ਦੇ ਰਹੀ ਸੀ ਸੇਧ।

ਆਖਰ ਇੱਕ ਦਿਨ ਉਸ ਨੂੰ ਲੱਗਾ

ਕਿ ਉਹ ਹੀ ਹੈ ਸਭ ਥਾਂ ਸਮਾਇਆ,

ਉਹ ਤੇ ਉਸ ਦੇ ਗਾਹੇ ਨਜ਼ਾਰੇ ਹੋਏ ਇੱਕ ਰੂਪ,

ਕੋਈ ਨਾ ਰਹਿਆ ਪਰਾਇਆ।

ਹੁਣ ਤਾਂ ਜਿਵੇਂ ਉਹ, ਆਪਣੇ ਅੰਦਰ ਹੀ ਸਭ ਨਜ਼ਾਰੇ ਸਜਾ ਲੈਂਦਾ,

ਜਦ ਵੀ ਚਿੱਤ ਕਰਦਾ, ਬਿਨਾਂ ਅਵਾਜ਼ ਜਿਵੇਂ ਮਰਜ਼ੀ ਨਚਵਾ ਲੈਂਦਾ।

ਅਚਨਚੇਤ ਫੁਰਨਾ ਫੁਰਿਆ, ਹੋਰਨਾਂ ਨੂੰ ਵੀ ਦੱਸਾਂ,

ਕੁਦਰਤ ਦਾ ਰੂਪ ਸੋਹਣਾ,

ਨਾਲ ਹੀ ਦੱਸਾਂ, ਮੈ ਹਾਂ ਮਨੁੱਖ ਉੱਤਮ,

ਕਿਹੜਾ ਮੇਰੇ ਵਰਗਾ ਹੋਣਾ  ?

ਪੁੱਟਿਆ ਜਦ ਪਹਿਲਾ ਹੀ ਕਦਮ, ਸੁਪਨਾ ਹੋ ਗਿਆ ਭੰਗ,

ਮੰਜੇ ਤੋਂ ਥੱਲੇ ਡਿਗਿਆ ਸੋਚੇ, ਕੁਦਰਤ ਦਾ ਇਹ ਕਿਹੜਾ ਸੀ ਰੰਗ !

ਅਰਦਾਸ

0

ਅਰਦਾਸ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ), 105,

ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ) 99155-15436                

ੴ ਸਤਿ ਗੁਰ ਪ੍ਰਸਾਦਿ

‘ਅਰਦਾਸ’ ਸ਼ਬਦ ਫ਼ਾਰਸੀ ਦੇ ਸ਼ਬਦ ‘ਅਰਜ਼ ਦਾਸਤ’ ਤੋਂ ਬਣਿਆ ਹੈ। ‘ਅਰਜ਼’ ਦੇ ਅਰਥ ਹਨ ‘ਬੇਨਤੀ’ ਅਤੇ ‘ਦਾਸਤ’ ਤੋਂ ਭਾਵ ਹੈ ‘ਰੱਖਣਾ’ ਜਾਂ ‘ਪੇਸ਼ ਕਰਨਾ’। ਇਸ ਤਰ੍ਹਾਂ ਅਰਜ਼ਦਾਸਤ ਦਾ ਭਾਵ ਹੈ ਕਿ ‘ਬੇਨਤੀ ਕਰਨਾ’। ਸਿਰਦਾਰ ਕਪੂਰ ਸਿੰਘ ਅਨੁਸਾਰ ਅਰਦਾਸ ਸ਼ਬਦ ਸੰਸਕ੍ਰਿਤ ਤੇ ਸ਼ਬਦ ਅਰਦ-ਆਸ ਤੋਂ ਬਣਿਆ ਹੈ, ਜਿਸ ਦੇ ਅਰਥ ਹਨ ‘ਮਨੋਕਾਮਨਾ ਜਾਂ ਮੁਰਾਦ ਮੰਗਣ ਦੀ ਕਿਰਿਆ’। ਇਹ ਸ਼ਬਦ ਭਾਵੇਂ ਫ਼ਾਰਸੀ ਵਿੱਚੋਂ ਆਇਆ ਹੈ ਜਾਂ ਸੰਸਕ੍ਰਿਤ ਵਿੱਚੋਂ ਪਰ ਗੁਰਮਤਿ ਵਿੱਚ ਇਸ ਦੀ ਖ਼ਾਸ ਮਹੱਤਤਾ ਹੈ। ਇਹ ਪੰਥ ਦੀ ਸਮੂਹਿਕ ਚੇਤਨਾ ਵਿੱਚੋਂ ਉਪਜਿਆ ਹੋਇਆ ‘ਵਿਸ਼ੇਸ਼ ਬੇਨਤੀਨਾਮਾ’ ਹੈ।

ਕੁੱਝ ਵਿਦਵਾਨਾਂ ਨੇ ‘ਅਰਦਾਸ’ ਦੇ ਚਾਰ ਅੱਖਰਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਦੱਸਿਆ ਹੈ ਕਿ ‘ਅ’ ਤੋਂ ਭਾਵ ਅੰਤਰਜਾਮੀ। ‘ਰ’ ਤੋਂ ਭਾਵ ਰਾਖਾ, ਰੱਖਿਆ ਕਰਨ ਵਾਲਾ ਜਾਂ ਰਖਵਾਲਾ ਅਤੇ ‘ਦਾ’ ਦਾ ਅਰਥ ਦਾਤਾਰ ਜਾਂ ਦਾਤਾਂ ਦੇਣ ਵਾਲਾ ਹੈ ਅਤੇ ‘ਸ’ ਤੋਂ ਭਾਵ ਸਹਾਰਾ, ਆਸਰਾ ਜਾਂ ਓਟ ਹੈ।

ਸੋ, ਇਸ ਵਿਸ਼ਲੇਸ਼ਣ ਅਨੁਸਾਰ ਅਰਦਾਸ ਦਾ ਰਹੱਸ ਉਸ ਅੰਤਰਜਾਮੀ ਸਰਬੱਤ ਦੇ ਰਖਵਾਲੇ, ਦਾਤਾਰ ਪ੍ਰਭੂ ਦਾ ਆਸਰਾ ਭਾਲਣਾ ਹੈ।

‘ਅਰਦਾਸ’ ਇੱਕ ਪ੍ਰਕਾਰ ਸਾਡੀ ਪ੍ਰਮਾਤਮਾ ਨਾਲ ਗੋਸ਼ਟੀ ਹੈ। ਉਹ ਸਾਡਾ ਸਭ ਕੁੱਝ ਹੈ। ਮਾਤਾ-ਪਿਤਾ, ਭੈਣ-ਭਰਾ, ਸਾਕ-ਸਬੰਧੀ, ਮਿੱਤਰ ਤੇ ਰਖਵਾਲਾ।

ਤੂੰ ਮੇਰਾ ਪਿਤਾ; ਤੂੰ ਹੈ ਮੇਰਾ ਮਾਤਾ ॥  ਤੂੰ ਮੇਰਾ ਬੰਧਪੁ; ਤੂੰ ਮੇਰਾ ਭ੍ਰਾਤਾ ॥ 

ਤੂੰ ਮੇਰਾ ਰਾਖਾ ਸਭਨੀ ਥਾਈ; ਤਾ ਭਉ ਕੇਹਾ ਕਾੜਾ ਜੀਉ ॥ (ਮ: ੫/੧੦੩)

ਇਸ ਤਰ੍ਹਾਂ ਸਾਡੀ ਹਰ ਸਲਾਹ ਤੇ ਮਸ਼ਵਰਾ ਉਸ ਨਾਲ ਕਰਨਾ ਬਣਦਾ ਹੈ। ਉਹ ਸਾਡੇ ਦਿਲਾਂ ਦੀਆਂ ਜਾਣਨ ਵਾਲਾ ਹੈ। ਅੰਗ ਸੰਗ ਹੋ ਕੇ ਸਾਡੀ ਰੱਖਿਆ ਕਰਦਾ ਹੈ। ਉਸ ਦਾ ਨਿਰਮਲ ਭਰੋਸਾ ਹੀ ਸਾਡੀ ‘ਅਰਦਾਸ ਦਾ ਅਧਾਰ’ ਹੈ।

‘ਅਰਦਾਸ’ ਵਿੱਚ ਮਨੁੱਖ ਪ੍ਰਮਾਤਮਾ ਨਾਲ ਗੱਲਾਂ ਕਰ ਰਿਹਾ ਹੁੰਦਾ ਹੈ। ਇਸ ਲਈ ਅਰਦਾਸ ਕਰਨ ਵਾਲੇ ਮਨੁੱਖ ਨੂੰ ਇਸ ਗੱਲ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਜਿਸ ਅੱਗੇ ਉਹ ਅਰਦਾਸ ਕਰ ਰਿਹਾ ਹੈ, ਉਸ ਦੀ ਹਸਤੀ ਵਿੱਚ ਉਸ ਦਾ ਪੂਰਨ ਭਰੋਸਾ ਹੋਵੇ। ਇਹ ਯਕੀਨ, ਭਰੋਸਾ ਜਾਂ ਵਿਸ਼ਵਾਸ; ਉਸ ਬੱਚੇ ਦੀ ਨਿਆਈਂ ਹੋਣਾ ਚਾਹੀਦਾ ਹੈ, ਜੋ ਬਾਹਰ ਕੁਲਫ਼ੀਆਂ ਵੇਚਣ ਵਾਲੇ ਨੂੰ ਰੋਕ ਆਪਣੀ ਮਾਂ ਕੋਲ਼ੋਂ ਦ੍ਰਿੜ੍ਹ ਵਿਸ਼ਵਾਸ ਨਾਲ ਪੈਸੇ ਲੈ ਕੇ ਕੁਲਫ਼ੀ ਲੈਂਦਾ ਹੈ। ਇਸ ਤਰ੍ਹਾਂ ਬੱਚੇ ਦੇ ਵਿਸ਼ਵਾਸ ਦੀ ਤਰ੍ਹਾਂ ਜਦੋਂ ਅਸੀਂ ਅਕਾਲ ਪੁਰਖ ਤੋਂ ਕੁੱਝ ਮੰਗਦੇ ਹਾਂ ਤਾਂ ਉਹ ਸਾਡੀਆਂ ਮੰਗਾਂ ਵੀ ਪੂਰੀਆਂ ਕਰਦਾ ਹੈ।

ਅਰਦਾਸ ਨੂੰ ਸਫਲ ਬਣਾਉਣ ਵਾਸਤੇ ਜਿੱਥੇ ਅਕਾਲ ਪੁਰਖ ਦੀ ਹਸਤੀ ਵਿੱਚ ਸਾਨੂੰ ਪੂਰਨ ਵਿਸ਼ਵਾਸ ਹੋਣਾ ਜ਼ਰੂਰੀ ਹੈ, ਉੱਥੇ ਸਾਡੀਆਂ ਆਪਣੀਆਂ ਮੰਗਾਂ ਵੀ ਜਾਇਜ਼ ਹੋਣੀਆਂ ਚਾਹੀਦੀਆਂ ਹਨ। ਸਾਨੂੰ ਪ੍ਰਮਾਤਮਾ ਦੇ ਸਾਹਮਣੇ ਆਪਣੀ ਬੇਵਸੀ, ਲਾਚਾਰੀ, ਨਿਰਬਲਤਾ ਅਤੇ ਅਗਿਅਨਤਾ ਦਾ ਅਹਿਸਾਸ ਵੀ ਹੋਣਾ ਚਾਹੀਦਾ ਹੈ। ਬੇਵਸੀ ਵਿੱਚੋਂ ਨਿਮਰਤਾ ਪੈਦਾ ਹੁੰਦੀ ਹੈ। ਬਖਸ਼ਸ਼ ਅਤੇ ਭਰੋਸੇ ਤੋਂ ਸਿਦਕ ਪੈਦਾ ਹੁੰਦਾ ਹੈ। ਇਸ ਤਰ੍ਹਾਂ ਨਿਮਰਤਾ, ਸਿਦਕ ਤੇ ਆਤਮ ਵਿਸ਼ਵਾਸ; ਅਰਦਾਸ ਦੇ ਮੂਲ ਅੰਗ ਹਨ। ਗੁਰੂ ਰਾਮਦਾਸ ਜੀ ਸੂਹੀ ਰਾਗ ਵਿੱਚ ਫ਼ੁਰਮਾਉਂਦੇ ਹਨ :

ਕੀਤਾ ਕਰਣਾ ਸਰਬ ਰਜਾਈ; ਕਿਛੁ ਕੀਚੈ ਜੇ ਕਰਿ ਸਕੀਐ ॥  ਆਪਣਾ ਕੀਤਾ ਕਿਛੂ ਨ ਹੋਵੈ; ਜਿਉ ਹਰਿ ਭਾਵੈ, ਤਿਉ ਰਖੀਐ ॥੧॥  ਮੇਰੇ ਹਰਿ ਜੀਉ  ! ਸਭੁ ਕੋ ਤੇਰੈ ਵਸਿ ॥  ਅਸਾ ਜੋਰੁ ਨਾਹੀ, ਜੇ ਕਿਛੁ ਕਰਿ ਹਮ ਸਾਕਹ; ਜਿਉ ਭਾਵੈ, ਤਿਵੈ ਬਖਸਿ ॥੧॥ ਰਹਾਉ॥ (ਮ: ੪/੭੩੬)

ਅਰਦਾਸ ਕਰਨ ਸਮੇਂ ਮਨ ਵਿੱਚ ਇੰਨੀ ਪਕਿਆਈ ਆਉਣੀ ਚਾਹੀਦੀ ਹੈ ਕਿ ਮਨ ਵਿੱਚ ਕਿਸੇ ਕਿਸਮ ਦੀ ਦੁਬਿਧਾ ਜਾਂ ਹੋਰ ਕਿਸੇ ਦੇ ਆਸਰੇ ਦਾ ਖ਼ਿਆਲ ਵੀ ਨਹੀਂ ਆਉਣਾ ਚਾਹੀਦਾ। ਵਾਹਿਗੁਰੂ ਦੀ ਸਮਰੱਥਾ ਵਿੱਚ ਨਿਸ਼ਚਾ ਸਮੁੰਦਰ ਦੀ ਚਟਾਨ ਵਾਂਗ ਹੋਣਾ ਚਾਹੀਦਾ ਹੈ ਜਿਸ ਦੇ ਸਾਹਮਣੇ ਸਮੁੰਦਰ ਦੀਆਂ ਲਹਿਰਾਂ ਦੀ ਕੋਈ ਪੇਸ਼ ਨਹੀਂ ਜਾਂਦੀ। ਜਿੱਥੇ ਮਨੁੱਖ ਦੀ ਆਪਣੀ ਅਕਲ, ਚਤੁਰਾਈ ਤੇ ਬਲ ਖ਼ਤਮ ਹੋ ਗਿਆ ਹੋਵੇ ਉੱਥੇ ਰੱਬ ਦੀ ਸਰਬੱਗਤਾ ਅਤੇ ਅਥਾਹ ਸ਼ਕਤੀ ਕਦੇ ਖ਼ਤਮ ਨਹੀਂ ਹੁੰਦੀ।  ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ :

ਜਾ ਕਉ ਮੁਸਕਲੁ ਅਤਿ ਬਣੈ; ਢੋਈ ਕੋਇ ਨ ਦੇਇ ॥  ਲਾਗੂ ਹੋਏ ਦੁਸਮਨਾ; ਸਾਕ ਭਿ ਭਜਿ ਖਲੇ ॥ 

ਸਭੋ ਭਜੈ ਆਸਰਾ; ਚੁਕੈ ਸਭੁ ਅਸਰਾਉ ॥  ਚਿਤਿ ਆਵੈ ਓਸੁ, ਪਾਰਬ੍ਰਹਮੁ; ਲਗੈ ਨ ਤਤੀ ਵਾਉ ॥  (ਮ: ੫/੭੦)

ਨੌਸਿਹਰੇ ਦੀ ਜੰਗ ਵੇਲੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਚੜ੍ਹਾਈ ਕੀਤੀ ਤਾਂ ਅਗਲੇ ਦਸਤੇ ਦੀ ਕਮਾਨ ਅਕਾਲੀ ਫੂਲਾ ਸਿੰਘ ਜੀ ਦੇ ਹੱਥ ਸੀ। ਉਹਨਾਂ ਨੇ ਅਰਦਾਸਾ ਸੋਧ ਕੇ ਤਿਆਰੀ ਕੀਤੀ। ਜਦੋਂ ਮਹਾਰਾਜਾ ਸਾਹਿਬ ਨੂੰ ਖ਼ੁਫ਼ੀਆ ਨੇ ਖ਼ਬਰ ਦਿੱਤੀ ਕਿ ਅੱਗੇ ਪਠਾਨੀ ਦਲ ਬਹੁਤ ਤਕੜਾ ਹੈ ਤਾਂ ਮਹਾਰਾਜਾ ਸਾਹਿਬ ਨੇ ਅਕਾਲੀ ਜੀ ਨੂੰ ਕੁਝ ਸਮਾਂ ਜੰਗ ਟਾਲਣ ਲਈ ਕਿਹਾ ਕਿ ਅੱਗੇ ਬਹੁਤ ਭਾਰੀ ਖ਼ਤਰਾ ਹੈ। ਅਕਾਲੀ ਜੀ ਨੇ ਜੁਆਬ ਦਿੱਤਾ ਕਿ ਅਸੀਂ ਅਰਦਾਸਾ ਸੋਧ ਚੁੱਕੇ ਹਾਂ ਹੁਣ ਨਹੀਂ ਰੁਕ ਸਕਦੇ। ਫ਼ਤਿਹ ਗੁਰੂ ਜੀ ਨੇ ਬਖ਼ਸ਼ਸ਼ ਕਰਨੀ ਹੈ।

ਅਰਦਾਸਾ ਸੋਧ ਕੇ ਹੀ ਸਰਦਾਰ ਮਹਿਤਾਬ ਸਿੰਘ ਤੇ ਸਰਦਾਰ ਸੁਖਾ ਸਿੰਘ ਨੇ ਬੀਕਾਨੇਰ ਤੋਂ ਆ ਕੇ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਸੀ। ਇਸੇ ਤਰ੍ਹਾਂ ਅਰਦਾਸ ਤੇ ਭਰੋਸਾ ਕਰ ਕੇ ਸਿੱਖਾਂ ਨੇ ਮੁਸਲਮਾਨ ਹਾਕਮ ਕੋਲੋਂ ਬ੍ਰਾਹਮਣ ਦੀ ਲੜਕੀ ਛੁਡਵਾਈ ਸੀ।  ਅਰਦਾਸ ਤੇ ਭਰੋਸਾ ਕਰਨ ਨਾਲ ਨਿੱਜੀ ਔਕੜਾਂ ਵੀ ਦੂਰ ਹੁੰਦੀਆਂ ਹਨ। ਮਿਸਲਾਂ ਦੇ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਆਹਲੂਵਾਲੀਆ ਮਿਸਲ ਨਾਲ ਕੁੱਝ ਵਿਗਾੜ ਪੈ ਗਿਆ। ਉਹ ਪੰਜਾਬ ਤੋਂ ਦੂਰ ਬਾਂਗਰ ਦੇਸ਼ ਦੇ ਇਲਾਕੇ ਵਿੱਚ ਚਲੇ ਗਏ। ਉੱਥੇ ਜਾ ਕੇ ਆਰਥਿਕ ਤੰਗੀ ਆ ਗਈ। ਉਹਨਾਂ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ। ਖੂਹ ਵਿੱਚੋਂ ਪਾਣੀ ਕੱਢਣ ਸਮੇਂ ਮੋਹਰਾਂ ਮਿਲ ਗਈਆਂ ਤੇ ਸਾਰੀ ਤੰਗੀ ਦੂਰ ਹੋ ਗਈ।

ਬਹੁਤ ਸਾਰੇ ਧਰਮਾ ਵਿੱਚ ਦੋ ਵੇਲੇ ਅਰਦਾਸ ਕਰਨ ਦਾ ਵਿਧਾਨ ਮਿਥਿਆ ਗਿਆ ਹੈ, ਪਰ ਜਿਹਨਾਂ ਗੁਰਮੁਖਾਂ ਦਾ ਹਰ ਸੁਆਸ ਅਕਾਲ ਪੁਰਖ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ, ਉਹ ਹਰ ਪਲ ਅਰਦਾਸ ਕਰਦੇ ਰਹਿੰਦੇ ਹਨ। ਸਿੱਖ ਰਹਿਤ ਮਰਯਾਦਾ ਅਨੁਸਾਰ ਅੰਮ੍ਰਿਤ ਵੇਲ਼ੇ ਦੇ ਨਿਤਨੇਮ ਅਤੇ ਸ਼ਾਮ ਵੇਲ਼ੇ ਦੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਨ ਦੀ ਮਰਯਾਦਾ ਹੈ। ਅਸਲ ਵਿੱਚ ਕੁਦਰਤ ਦੇ ਇਹ ਦੋ ਸੁਹਾਵਣੇ ਵੇਲ਼ੇ ਹਨ। ਅੰਮ੍ਰਿਤ ਵੇਲ਼ਾ ਅਰਾਮ ਤੋਂ ਕਿਰਤ ਵੱਲ ਅਤੇ ਸ਼ਾਮ ਵੇਲ਼ਾ ਕਿਰਤ ਤੋਂ ਅਰਾਮ ਵੱਲ ਸਾਨੂੰ ਲੈ ਕੇ ਜਾਂਦਾ ਹੈ। ਅਰਾਮ ਤੋਂ ਉੱਠ ਕੇ ਸੁਚੇਤ ਹੋ ਰਿਹਾ ਮਨ ਜਾਂ ਅਰਾਮ ਦੀ ਗੋਦ ਵਿੱਚ ਜਾ ਰਿਹਾ ਮਨ, ਅਰਦਾਸ ਵਿੱਚ ਵਧੇਰੇ ਜੁੜਦਾ ਹੈ।  ਅਸਲ ਵਿੱਚ ਅਰਦਾਸ ਸਾਡੇ ਦਿਨ ਦੀ ਕੁੰਜੀ ਹੈ ਅਤੇ ਰਾਤ ਦਾ ਤਾਲਾ ਹੈ। ਗੁਰਮਤ ਦੇ ਤਿੰਨ ਹੀ ਮੁੱਖ ਅੰਗ ਹਨ – ‘ਸੇਵਾ, ਸਿਮਰਨ ਤੇ ਅਰਦਾਸ’।

ਅਰਦਾਸ ਨਾਲ ਸਿਮਰਨ ਵਿੱਚ ਵਾਧਾ ਹੁੰਦਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਜ਼ਿਕਰ ਆਉਂਦਾ ਹੈ ਕਿ ਹਰ ਗੁਰਸਿੱਖ ਆਪਣਾ ਕਾਰਜ ਅਰਦਾਸ ਨਾਲ ਅਰੰਭ ਕਰੇ।  ਭਾਈ ਨੰਦ ਲਾਲ ਜੀ ਦਾ ਬਚਨ ਹੈ ਕਿ ਜਿਹੜਾ ਸਿੱਖ ਅਰਦਾਸ ਤੋਂ ਬਿਨਾਂ ਕਿਸੇ ਕਾਰਜ ਵਾਸਤੇ ਤੁਰ ਪੈਂਦਾ ਹੈ ਉਸ ਦਾ ਕਾਰਜ ਤਾਂ ਕੀ ਰਾਸ ਹੋਣਾ ਹੈ, ਐਸਾ ਸਿੱਖ ਕਲਗੀਧਰ ਪਾਤਸ਼ਾਹ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਆਪ ਰਹਿਤਨਾਮਿਆਂ ਵਿੱਚ ਲਿਖਦੇ ਹਨ :

ਅਰਦਾਸ ਬਿਨਾਂ ਜੋ ਕਾਜ ਸਿਧਾਵੈ॥ ਗੋਬਿੰਦ ਸਿੰਘ, ਵੋਹ ਸਿੱਖ ਨਹੀਂ ਭਾਵੈ॥

ਜੀਵਨ ਵਿੱਚ ਜਿੰਨੇ ਵੀ ਸੰਸਕਾਰ ਆਉਂਦੇ ਹਨ ਉਹਨਾਂ ਸਾਰਿਆਂ ਵਿੱਚ ਅਰਦਾਸ ਦਾ ਬਹੁਤ ਵੱਡਾ ਮਹੱਤਵ ਹੈ। ਬੱਚੇ ਦੇ ਜਨਮ ਸਮੇਂ ਸ਼ੁਕਰਾਨੇ ਦੀ ਅਰਦਾਸ, ਬੱਚੇ ਨੂੰ ਸਕੂਲ ਦਾਖ਼ਲ ਕਰਾਉਣ ਸਮੇਂ ਅਰਦਾਸ, ਪ੍ਰੀਖਿਆਵਾਂ ਵਿੱਚ ਸਫ਼ਲਤਾ ਲਈ ਅਰਦਾਸ, ਅਨੰਦ ਕਾਰਜ ਸਮੇਂ ਅਰਦਾਸ, ਨੌਕਰੀ ਜਾਂ ਕਾਰੋਬਾਰ ਦੀ ਅਰੰਭਤਾ ਸਮੇਂ ਅਰਦਾਸ।  ਗੱਲ ਕੀ ਅਰਦਾਸ, ਜੀਵਨ ਦਾ ਇੱਕ ਜ਼ਰੂਰੀ ਅੰਗ ਹੋਣਾ ਚਾਹੀਦਾ ਹੈ ਭਾਵ ਹਰ ਗੁਰਸਿੱਖ ਆਪਣਾ ਦੁੱਖ ਸੁਖ ਅਰਦਾਸ ਰਾਹੀਂ ਪ੍ਰਮਾਤਮਾ ਨਾਲ ਸਾਂਝਾ ਕਰੇ ਅਤੇ ਉਸ ਦੀ ਸ਼ਰਨ ਵਿੱਚ ਰਹੇ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ :

ਜੀਅ ਕੀ ਬਿਰਥਾ ਹੋਇ; ਸੁ ਗੁਰ ਪਹਿ ਅਰਦਾਸਿ ਕਰਿ ॥ 

ਛੋਡਿ ਸਿਆਣਪ ਸਗਲ; ਮਨੁ ਤਨੁ ਅਰਪਿ ਧਰਿ ॥  (ਮ: ੫/੫੧੯)

ਸਿੱਖਾਂ ਵਿੱਚ ਅਰਦਾਸ ਦੀ ਪਰੰਪਰਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ।  ਜਦੋਂ ਆਪ ਤਲਵੰਡੀ ਤੋਂ ਸੁਲਤਾਨਪੁਰ ਜਾਣ ਲਈ ਤਿਆਰ ਹੋਏ ਤਾਂ ਰਾਇ ਬੁਲਾਰ ਨੇ ਕਿਹਾ ਕਿ ਪਾਤਸ਼ਾਹ ਮੈਨੂੰ ਕੋਈ ਉਪਦੇਸ਼ ਦੇ ਕੇ ਜਾਓ ਤਾਂ ਗੁਰੂ ਜੀ ਨੇ ਕਿਹਾ – ਰਾਏ ਜੀ  !  ਜਦੋਂ ਤੁਹਾਡਾ ਆਪਣਾ ਬਲ ਕੰਮ ਨਾ ਕਰੇ ਤਾਂ ਦੋਵੇ ਹੱਥ ਜੋੜ ਕੇ ਨਿਰੰਕਾਰ ਦੇ ਚਰਨਾਂ ਵਿੱਚ ਅਰਦਾਸ ਕਰਨੀ।

ਭਾਈ ਜੀਵਾ, ਗੁਰੂ ਅੰਗਦ ਦੇਵ ਜੀ ਵਾਸਤੇ ਹਰ ਰੋਜ਼ ਪਿਆਰ ਨਾਲ ਖਿਚੜੀ ਤਿਆਰ ਕਰ ਕੇ ਭੇਟ ਕਰਨ ਜਾਂਦਾ ਸੀ। ਇੱਕ ਦਿਨ ਤੇਜ਼ ਹਨ੍ਹੇਰੀ ਕਾਰਨ ਅੱਗ ਨਾ ਬਲ਼ ਸਕੀ ਤਾਂ ਉਸ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ  !  ਹਨ੍ਹੇਰੀ ਰੁਕ ਜਾਵੇ ਤਾਂ ਜੋ ਖਿਚੜੀ ਤਿਆਰ ਹੋ ਸਕੇ। ਜਦੋਂ ਖਿਚੜੀ ਭੇਟ ਕੀਤੀ ਤਾਂ ਸੱਚੇ ਪਾਤਸ਼ਾਹ ਨੇ ਸਮਝਾਇਆ ਕਿ ਪ੍ਰਮਾਤਮਾ ਅੱਗੇ ਅਰਦਾਸ ਵਿੱਚ ਨਿਮਰਤਾ ਹੀ ਰੱਖਣੀ ਹੈ, ਕੋਈ ਹੁਕਮ ਕਰਨਾ ਨਹੀਂ ਫਬਦਾ।  ਅਰਦਾਸ ਕਰਨੀ ਹੀ ਇਸ ਵਾਸਤੇ ਹੈ ਕਿ ਅਸੀਂ ਉਸ ਦਾ ਹੁਕਮ ਮੰਨ ਲਈਏ। ਹਨ੍ਹੇਰੀ ਉਸ ਦੇ ਹੁਕਮ ਵਿੱਚ ਚੱਲ ਰਹੀ ਹੈ।  ਸਿੱਖ ਨੇ ਉਸ ਦੇ ਹੁਕਮ ਅੱਗੇ ਹੀ ਸਿਰ ਨਿਵਾਉਣਾ ਹੈ ਤੇ ਆਪ ਜੀ ਨੇ ਫ਼ੁਰਮਾਇਆ ਹੈ:

ਸਾਹਿਬ ਸੇਤੀ ਹੁਕਮੁ ਨ ਚਲੈ; ਕਹੀ ਬਣੈ ਅਰਦਾਸਿ ॥ (ਮ: ੨/੪੭੪)

ਗੁਰੂ ਅਮਰਦਾਸ ਜੀ ਸਮੁੱਚੇ ਜਗਤ ਦਾ ਦੁਖ ਵੇਖ ਚੁੱਕੇ ਸਨ ਤੇ ਉਸ ਦੀ ਨਵਿਰਤੀ ਲਈ ਅਰਦਾਸ ਕਰਦੇ ਹਨ।

ਜਗਤੁ ਜਲੰਦਾ ਰਖਿ ਲੈ; ਆਪਣੀ ਕਿਰਪਾ ਧਾਰਿ ॥ 

ਜਿਤੁ ਦੁਆਰੈ ਉਬਰੈ; ਤਿਤੈ ਲੈਹੁ ਉਬਾਰਿ ॥ (ਮ: ੩/੮੫੩)

ਗੁਰੂ ਰਾਮਦਾਸ ਜੀ ਨੇ ਸਿਮਰਨ, ਕੀਰਤਨ ਤੇ ਅਰਦਾਸ ਨੂੰ ‘ਅਧਿਆਤਮਕ ਕਰਮ ਤ੍ਰਿਬੇਣੀ’ ਆਖਿਆ ਤੇ ਆਤਮਕ ਉਨਤੀ ਲਈ ਅਰਦਾਸ ਉੱਪਰ ਨਿਰਭਰ ਰਹਿਣ ’ਤੇ ਬਲ ਦਿੱਤਾ। ਗੁਰੂ ਅਰਜਨ ਦੇਵ ਜੀ ਦੀ ਜ਼ਿੰਦਗੀ ਤਾਂ ਸ਼ੁਕਰਾਨੇ ਦੀ ਅਰਦਾਸ ਨਾਲ ਭਰਪੂਰ ਹੈ। ਜਦੋਂ ਕਦੀ ਕੋਈ ਔਕੜ ਆਉਂਦੀ ਤਾਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ। ਜਦੋਂ ਸੁਲਹੀ ਖ਼ਾਂ ਫੌਜ਼ ਲੈ ਕੇ ਗੁਰੂ ਜੀ ਨੂੰ ਗਰਿਫ਼ਤਾਰ ਕਰਨ ਆਇਆ ਤਾਂ ਸਿੱਖ ਸੰਗਤਾਂ ਨੇ ਜਦੋਂ ਕੋਈ ਉਪਾਅ ਕਰਨ ਲਈ ਕਿਹਾ ਤਾਂ ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਦਾ ਹੀ ਸਹਾਰਾ ਲਿਆ।

ਮੈ ਸਭੁ ਕਿਛੁ ਛੋਡਿ; ਪ੍ਰਭ  ! ਤੁਹੀ ਧਿਆਇਆ ॥ (ਮ: ੫/੩੭੧)

ਗੁਰੂ ਇਤਿਹਾਸ ਵਿੱਚ ਅਨੇਕਾਂ ਐਸੀਆਂ ਘਟਨਾਵਾਂ ਮਿਲਦੀਆਂ ਹਨ ਜਿੱਥੇ ਸਤਿਗੁਰੂ ਨੇ ਸਿੱਖਾਂ ਦੀ ਅਰਦਾਸ ਸੁਣ ਕੇ ਬਹੁੜੀ ਕੀਤੀ। ਭਾਈ ਰੂਪਾ ਤੇ ਭਾਈ ਸਾਧੂ ਦਾ ਠੰਡਾ ਪਾਣੀ ਪੀਣ ਲਈ ਸਤਿਗੁਰੂ ਅੱਗੇ ਅਰਦਾਸ ਕਰਨੀ, ਭਾਈ ਬੁੱਧੂ ਦਾ ਆਵਾ ਪੱਕਣ ਦੀ ਸਾਖੀ।, ਮਾਤਾ ਸੁਲੱਖਣੀ ਨੂੰ ਸੱਤ ਪੁੱਤਰਾਂ ਦੀ ਬਖ਼ਸ਼ਸ਼, ਮਾਈ ਭਾਗ ਭਰੀ ਦਾ ਹੱਥੀਂ ਬੁਣਿਆ ਚੋਲਾ ਸਵੀਕਾਰ ਕਰਨਾ, ਮੱਖਣ ਸ਼ਾਹ ਲੁਬਾਣਾ ਦਾ ਬੇੜਾ ਪਾਰ ਕਰਨ ਦੀ ਸਾਖੀ, ਆਦਿ। ਇਸ ਤਰ੍ਹਾਂ ਜਦੋਂ ਭਾਈ ਲਾਲ ਸਿੰਘ ਦਸਮੇਸ਼ ਪਿਤਾ ਲਈ ਬਹੁਤ ਮਜਬੂਤ ਢਾਲ ਦੀ ਪਰਖ ਸਮੇਂ ਹਉਮੈ ਤਿਆਗ ਕੇ ਅਰਦਾਸ ਕਰਨੀ।  ਦਬਿਸਤਾਨਿ ਮਜ਼ਹਿਬ ਦਾ ਲੇਖਕ ਲਿਖਦਾ ਹੈ ਕਿ ਜਦੋਂ ਕਿਸੇ ਸਿੱਖ ਨੂੰ ਕਿਸੇ ਕਿਸਮ ਦੀ ਕੋਈ ਔਕੜ ਜਾਂ ਲੋੜ ਹੁੰਦੀ ਸੀ ਤਾਂ ਉਹ ਗੁਰੂ ਦਰਬਾਰ ਵਿੱਚ ਹਾਜ਼ਰ ਹੋ ਕੇ ਸਿੱਖ ਸੰਗਤ ਪਾਸੋਂ ਅਰਦਾਸ ਕਰਵਾਉਂਦਾ ਸੀ।  ਸਿੱਖਾਂ ਵਿੱਚ ਇਹ ਵੀ ਪਰੰਪਰਾ ਚੱਲ ਪਈ ਸੀ ਕਿ ਆਪਣੀ ਅਰਦਾਸ ਕਿਸੇ ਹੋਰ ਗੁਰਸਿੱਖ ਤੋਂ ਕਰਵਾਉਂਦੇ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਇਹੀ ਮਰਯਾਦਾ ਕਾਇਮ ਰਹੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵੱਲ ਚੜ੍ਹਾਈ ਕੀਤੀ ਤਾਂ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਜਦੋਂ ਕੋਈ ਭੀੜ ਬਣੇ ਤਾਂ ਪੰਜ ਸਿੰਘਾਂ ਨੂੰ ਨਾਲ ਲੈ ਕੇ ਅਰਦਾਸ ਕਰਨੀ।

ਨਿੱਜੀ ਅਰਦਾਸ ਤੋਂ ਇਲਾਵਾ ਸਿੱਖ ਪੰਥ ਨੇ ਸੰਗਤੀ ਅਰਦਾਸ ਨੂੰ ਸਿੱਖ ਰਹਿਤ ਮਰਯਾਦਾ ਵਿੱਚ ਨਿਸ਼ਚਿਤ ਕੀਤਾ ਹੈ। ਇਸ ਅਰਦਾਸ ਵਿੱਚ ਅਰਦਾਸੀਆ ਸਿੰਘ, ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹੋ ਕੇ ਅਰਦਾਸ ਕਰਦਾ ਹੈ ਤੇ ਬਾਕੀ ਸਾਰੀ ਸੰਗਤ ਹੱਥ ਜੋੜ ਕੇ ਖੜ੍ਹੀ ਹੋ ਕੇ ਸ਼ਾਮਲ ਹੁੰਦੀ ਹੈ। ਇਸ ਅਰਦਾਸ ਵਿੱਚ ਦਸ ਗੁਰੂ ਸਾਹਿਬਾਨ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ ਅਤੇ ਹੋਰ ਸਿਦਕਵਾਨ ਸਿੱਖਾਂ ਨੂੰ ਯਾਦ ਕੀਤਾ ਜਾਂਦਾ ਹੈ।  ਪੰਜੇ ਤਖ਼ਤਾਂ, ਸਮੂੰਹ ਗੁਰਦੁਆਰਿਆਂ ਅਤੇ ਸਿੱਖ ਸ਼ਹੀਦਾਂ ਨੂੰ ਯਾਦ ਕਰਨ ਉਪਰੰਤ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ ਅਤੇ ਸਭ ਤੋਂ ਉਪਰ ਨਾਮ ਦਾਨ ਦੀ ਮੰਗ ਕੀਤੀ ਜਾਂਦੀ ਹੈ। ਉਪਰੰਤ ਸਿੱਖ ਸੰਗਤ ਅਰਦਾਸ ਵਿੱਚ ਸਰਬੱਤ ਦਾ ਭਲਾ ਤੇ ਚੜ੍ਹਦੀ ਕਲਾ ਦੀ ਮੰਗ ਕਰਦੀ ਹੈ। ਮਨ ਨੀਵਾਂ ਤੇ ਮੱਤ ਉੱਚੀ ਤੇ ਮੱਤ ਦੇ ਰਾਖੇ ਵਾਹਿਗੁਰੂ ਨੂੰ ਯਾਦ ਕੀਤਾ ਜਾਂਦਾ ਹੈ।

ਅਸਲ ਵਿੱਚ ਅਰਦਾਸ ਦਾ ਮੰਤਵ ਦਾਤਾਂ ਮੰਗਣੀਆਂ ਨਹੀਂ। ਪ੍ਰਮਾਤਮਾ ਸਾਡੇ ਦਿਲਾਂ ਦੀਆਂ ਜਾਣਦਾ ਹੈ। ਸਾਡੇ ਮੰਗੇ ਬਗ਼ੈਰ ਹੀ ਉਹ ਸਾਡੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ। ਉਹ ਚੰਗੇ ਤੇ ਭੈੜੇ ਸਭ ਬੰਦਿਆਂ ਦਾ ਫ਼ਿਕਰ ਕਰਦਾ ਹੈ। ਉਹ ਹਵਾ, ਧੁੱਪ, ਪਾਣੀ ਆਦਿ ਕੁਦਤਰੀ ਦਾਤਾਂ ਸਭ ਨੂੰ ਇੱਕੋ ਜਿਹੀਆਂ ਦੇ ਰਿਹਾ ਹੈ। ਦਾਤਾਂ ਦੇਣ ਲਈ ਉਹ ਸਾਡੀ ਅਰਦਾਸ ਦੀ ਉਡੀਕ ਨਹੀਂ ਕਰਦਾ। ਜਿਹੜੇ ਵਿਅਕਤੀ ਰੱਬ ਦੀ ਹੋਂਦ ਤੋਂ ਹੀ ਮੁਨਕਰ ਹਨ, ਉਹ ਤਾਂ ਉਹਨਾਂ ਨੂੰ ਵੀ ਦਾਤਾਂ ਦੇ ਰਿਹਾ ਹੈ। ਅਰਦਾਸ ਦਾ ਮਨੋਰਥ ਆਪਣੀਆਂ ਲੋੜਾਂ ਦੱਸਣਾ ਨਹੀਂ ਸਗੋਂ ਪ੍ਰਮਾਤਮਾ ਦੀ ਨੇੜਤਾ ਮਹਿਸੂਸ ਕਰਨਾ ਹੈ। ਅਰਦਾਸ ਤਾਂ ਅਕਾਲ ਪੁਰਖ ਅੱਗੇ ਦਿਲ ਖੋਲ੍ਹਣ ਦਾ ਸਾਧਨ ਹੈ। ਜਦੋਂ ਦਿਲ ਦੇ ਤਾਕ ਖੁੱਲ੍ਹ ਜਾਣ ਤਾਂ ਦੈਵੀ ਪ੍ਰਕਾਸ਼ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।

ਅਰਦਾਸ ਮੁਰਦਾ ਜੀਵਨ ਵਿੱਚ ਇਸ ਤਰ੍ਹਾਂ ਜੀਵਨ ਭਰਦੀ ਹੈ, ਜਿਵੇਂ ਇੱਕ ਦੀਵਾ ਬੁਝ ਰਿਹਾ ਹੋਵੇ ਪਰ ਅਚਾਨਕ ਹੀ ਕੋਈ ਆ ਕੇ ਉਸ ਦੀਵੇ ਵਿੱਚ ਤੇਲ ਪਾ ਜਾਵੇ ਤੇ ਦੀਵਾ ਫਿਰ ਜਗਣ ਲੱਗ ਪੈਂਦਾ ਹੈ ਜਾਂ ਇਹ ਕਹਿ ਲਵੋ ਕਿ ਕੋਈ ਗੁਲਦਸਤਾ ਸੁੱਕ ਰਿਹਾ ਹੋਵੇ ਤੇ ਬੂਟੇ ਮਰਨ ਦੇ ਕਰੀਬ ਹੋਣ ਪਰ ਅਚਾਨਕ ਹੀ ਬਰਸਾਤ ਆ ਜਾਵੇ ਤੇ ਬੂਟੇ ਹਰੇ ਭਰੇ ਹੋ ਜਾਣ ਅਤੇ ਗੁਲਦਸਤੇ ਦੀ ਰੌਣਕ ਫਿਰ ਵਾਪਸ ਆ ਜਾਵੇ। ਇਸੇ ਤਰ੍ਹਾਂ ਜੀਵਨ ਵਿੱਚ ਕਦੀ ਐਸੇ ਸਮੇਂ ਵੀ ਆ ਜਾਂਦੇ ਹਨ ਕਿ ਅਸੀਂ ਜੀਵਨ ਤੋਂ ਬਿਲਕੁਲ ਹੀ ਉਦਾਸ ਤੇ ਨਿਰਾਸ਼ ਹੋ ਜਾਂਦੇ ਹਾਂ ਉਦੋਂ ਅਰਦਾਸ ਡੋਲਦੇ ਮਨ ਨੂੰ ਥੰਮ੍ਹੀ ਦੇ ਕੇ ਸਹਾਰਾ ਦਿੰਦੀ ਹੈ ਤੇ ਮਨ ਚੜ੍ਹਦੀ ਕਲਾ ਵਿੱਚ ਆ ਜਾਂਦਾ ਹੈ। ਕਈ ਵਾਰ ਮਨੁੱਖ ਹੈਰਾਨ ਹੋ ਜਾਂਦਾ ਹੈ ਕਿ ਮੈਂ ਤਾਂ ਨਿਰਾਸ਼ ਹੋ ਕੇ ਮੌਤ ਦੇ ਮੂੰਹ ਵਿੱਚ ਜਾ ਰਿਹਾ ਸੀ, ਅਚਾਨਕ ਇਹ ਅੰਮ੍ਰਿਤ ਵਰਖਾ ਕਿਵੇਂ ਹੋ ਗਈ। ਇਹ ਸਾਰੀਆਂ ਹੀ ‘ਅਰਦਾਸ’ ਦੀਆਂ ਬਰਕਤਾਂ ਹਨ।

Most Viewed Posts