ਹੋਰ ਵੀ ਹੋ ਜਾਣਾ ਸੀ ਬੱਲੀ ਦਾ ਬਚਾਅ ਜੇ ਕਰ .. ..

0
346

ਹੋਰ ਵੀ ਹੋ ਜਾਣਾ ਸੀ ਬੱਲੀ ਦਾ ਬਚਾਅ ਜੇ ਕਰ .. ..

ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719

ਕੋਚਿੰਗ ਸੈਂਟਰ ਵਿੱਚ ਪਹੁੰਚਣ ਲਈ ਦੇਰ ਹੋ ਜਾਣ ਦੇ ਡਰੋਂ ਬੱਲੀ ਰੋਟੀ ਵੀ ਚੰਗੀ ਤਰ੍ਹਾਂ ਨਹੀਂ ਖਾ ਸਕਿਆ। ਅੱਧ-ਪਚੱਧੀ ਰੋਟੀ ਖਾ ਕੇ ਉਸ ਨੇ ਅਚੀਵਰ ਮੋਟਰ-ਸਾਇਕਲ ਚੁੱਕਿਆ ਅਤੇ ਅੱਖ ਝੱਪਕਦਿਆਂ ਹੀ ਅੱਖਾਂ ਤੋਂ ਉਹਲੇ ਹੋ ਗਿਆ। ਸੈਂਟਰ ਤੱਕ ਪਹੁੰਚਣ ਲਈ ਘੱਟੋ-ਘੱਟ 15 ਮਿੰਟ ਦਾ ਸਮਾਂ ਚਾਹੀਦਾ ਸੀ ਪਰ ਉਸ ਦੇ ਕੋਲ ਸਿਰਫ਼ 10 ਕੁ ਮਿੰਟ ਹੀ ਬਚੇ ਸਨ। ਰਸਤੇ ਵਿੱਚੋਂ ਉਸ ਨੇ ਆਪਣੇ ਇੱਕ ਦੋਸਤ ਨੂੰ ਵੀ ਨਾਲ ਲੈਣਾ ਸੀ ਜਿਸ ਲਈ ਇੱਕ ਜਾਂ ਦੋ ਮਿੰਟ ਦਾ ਸਮਾਂ ਹੋਰ ਵੀ ਖਪਤ ਹੋ ਸਕਦਾ ਸੀ। ਇਸ ਤਰ੍ਹਾਂ ਕੋਚਿੰਗ ਸੈਂਟਰ ਤੱਕ ਪਹੁੰਚ ਕਰਨ ਲਈ ਉਸ ਦੇ ਕੋਲ ਸਿਰਫ਼ 8-9 ਮਿੰਟ ਹੀ ਬਕਾਇਆ ਸਨ। ਮੋਟਰ-ਸਾਇਕਲ ਦੀ ਤੇਜ਼-ਰਫ਼ਤਾਰੀ ਤੋਂ ਬਗ਼ੈਰ 5-6 ਮਿੰਟ ਦੀ ਲੇਟ ਨਹੀਂ ਨਿਕਲ ਸਕਦੀ ਸੀ। ਸਮੇਂ ਸਿਰ ਸੈਂਟਰ ਪਹੁੰਚਣ ਦਾ ਹੁਣ ਇਹ ਹੀ ਇੱਕੋ-ਇੱਕ ਹੱਲ ਸੀ ਪਰ ਇਸ ਸਮੇਂ ਦੌਰਾਨ ਮਹਾਂ ਨਗਰ ਦੀਆਂ ਸੜਕਾਂ ’ਤੇ ਆਵਾਜਾਈ ਵੀ ਕਾਫ਼ੀ ਸਰਗਰਮ ਹੋ ਚੱਕੀ ਸੀ।

ਇੱਧਰ ਬੱਲੀ ਨੂੰ ਕਾਹਲੇਪਣ ਵਿੱਚ ਘਰੋਂ ਨਿਕਲਦੇ ਨੂੰ ਦੇਖ ਉਸ ਦੀ ਮਾਂ (ਸ਼੍ਰੀਮਤੀ ਜੀ) ਵੀ ਕਾਫ਼ੀ ਪ੍ਰੇਸ਼ਾਨ ਹੋ ਰਹੀ ਸੀ ਅਤੇ ਕਿਸੇ ਅਣਸੁਖਾਂਵੀ ਘਟਨਾ ਨੂੰ ਚਿੱਤਵ ਕੇ ਉਸ ਦੇ ਜ਼ਿਹਨ ਵਿੱਚ ਕਈ ਤਰ੍ਹਾਂ ਦੇ ਨਾਕਾਰਾਤਮਕ ਖਿਆਲ ਆਈ ਜਾ ਰਹੇ ਸਨ। ਅਸੀਂ ਦੋਵੇ ਜਣੇ ਆਪੋ-ਆਪਣੇ ਖਿਆਲਾਂ ਵਿੱਚ ਖੋਹੇ ਹੀ ਹੋਏ ਸਾਂ ਕਿ ਮੇਰੇ ਮੋਬਾਇਲ ਫੋਨ ਦੀ ਘੰਟੀ ਵੱਜ ਗਈ। ਇਹ ਫੋਨ ਬੱਲੀ ਦਾ ਹੀ ਸੀ ਪਰ ਉਸ ਵਿੱਚੋਂ ਆਵਾਜ਼ ਕੋਈ ਨਹੀਂ ਆ ਰਹੀ ਸੀ। ਵਾਰ-ਵਾਰ ਹੈਲੋ ਕਹਿਣ ’ਤੇ ਵੀ ਜਦੋਂ ਕੋਈ ਨਾ ਬੋਲਿਆ ਸ਼੍ਰੀਮਤੀ ਦਾ ਡਰ ਯਕੀਨ ਵਿੱਚ ਬਦਲਣ ਲੱਗਾ। ਉਸ ਨੂੰ ਲੱਗਣ ਲੱਗਾ ਕਿ ਕਾਹਲੀ ਵਿੱਚ ਗਏ ਉਸ ਦੇ ਪੁੱਤ ਨਾਲ ਜ਼ਰੂਰ ਕੋਈ ਭਾਣਾ ਵਰਤ ਗਿਆ ਹੋਵੇਗਾ, ਨਹੀਂ ਤਾਂ ਇਸ ਤਰ੍ਹਾਂ ਫੋਨ ਆਉਣ ਦਾ ਹੋਰ ਕੋਈ ਸਬੱਬ ਨਹੀਂ ਹੋ ਸਕਦਾ। ਉਸ ਨੂੰ ਹੌਂਸਲਾ ਦੇਣ ਲਈ ਮੈਂ ਕਹਿ ਦਿੱਤਾ ਸੀ ਕਿ ਉਸ (ਬੱਲੀ) ਦੇ ਫੋਨ ਵਿੱਚ ਕੋਈ ਖ਼ਰਾਬੀ ਹੈ, ਅੱਗੇ ਵੀ ਕਈ ਵਾਰ ਫੋਨ ਇਸ ਤਰ੍ਹਾਂ ਮਿਲ ਜਾਂਦਾ ਹੁੰਦਾ ਹੈ ਪਰ ਗੱਲ ਕੋਈ ਨਹੀਂ ਹੁੰਦੀ। ਮੈਂ ਅਜੇ ਉਸ ਨੂੰ ਹੌਂਸਲਾ ਦੇ ਹੀ ਰਿਹਾ ਸੀ ਕਿ ਮੇਰੇ ਫੋਨ ਉੱਪਰ ਕਿਸੇ ਅਣਜਾਣ ਨੰਬਰ ਤੋਂ ਕਾਲ ਆ ਗਈ।

ਫੋਨ ਕਰਨ ਵਾਲਾ ਭਲਾ ਪੁਰਖ ਕਹਿ ਰਿਹਾ ਸੀ ਕਿ ‘ਕੀ ਤੁਸੀਂ ਬਲਜੀਵਨ (ਬੱਲੀ ਦਾ ਕਾਗਜ਼ੀ ਨਾਮ) ਦੇ ਪਾਪਾ ਬੋਲ ਰਹੇ ਹੋ ? ’

ਮੇਰੇ ਹਾਂ ਵਿੱਚ ਜਵਾਬ ਦੇਣ ’ਤੇ ਉਸ ਨੇ ਕਿਹਾ ਕਿ ਤੁਹਾਡੇ ਬੇਟੇ ਦਾ ਮਲਹਾਰ ਰੋਡ ’ਤੇ ਐਕਸੀਡੈਂਟ ਹੋ ਗਿਆ ਹੈ। ਘਬਰਾਉਣ ਦੀ ਲੋੜ ਨਹੀਂ ਪਰ ਜਲਦੀ ਆ ਜਾਉ।

ਘਬਰਾਹਟ ਤਾਂ ਫੋਨ ਕਰਨ ਵਾਲੇ ਦੇ ਪਹਿਲੇ ਪ੍ਰਸ਼ਨ ਨਾਲ ਹੀ ਹੋ ਗਈ ਸੀ ਪਰ ਐਕਸੀਡੈਂਟ ਦੀ ਖ਼ਬਰ ਨੇ ਹੱਥਾਂ-ਪੈਰਾਂ ਦੀ ਵੀ ਪਾ ਕੇ ਰੱਖ ਦਿੱਤੀ। ਖ਼ਬਰ ਸੁਣ ਕੇ ਅਸੀਂ ਦੋਵੇ ਜਣੇ (ਜਿਹੋ ਜੀ ਹਾਲਤ ਵਿੱਚ ਸਾਂ ਉਸੇ ਤਰ੍ਹਾਂ ਹੀ) ਐਕਟਿਵਾ ’ਤੇ ਸਵਾਰ ਹੋ ਕੇ ਦੱਸੀ ਹੋਈ ਦਿਸ਼ਾ ਵੱਲ ਨੂੰ ਹੋ ਤੁਰੇ। ਰਸਤੇ ਵਿਚ ਸਾਨੂੰ ਕਈ ਤਰ੍ਹਾਂ ਦੇ ਬੁਰੇ ਖ਼ਿਆਲ ਵੀ ਆਈ ਜਾ ਰਹੇ ਸਨ। ਜਦੋਂ ਅਸੀਂ ਐਕਸੀਡੈਂਟ ਵਾਲੀ ਥਾਂ ’ਤੇ ਪਹੁੰਚੇ ਤਾਂ ਉਥੇ ਸਿਰਫ ਚਕਨਾਚੂਰ ਹੋਇਆ ਮੋਟਰ-ਸਾਇਕਲ ਹੀ ਖੜ੍ਹਾ ਸੀ। ਮੋਟਰ-ਸਾਇਕਲ ਦੀ ਤਰਸਯੋਗ ਹਾਲਤ ਨੂੰ ਦੇਖ ਕੇ ਸਾਨੂੰ ਫ਼ੋਨ ਕਰਨ ਵਾਲੇ ਦਾ ‘ਘਬਰਾਉਣ ਦੀ ਲੋੜ ਨਹੀਂ’ ਵਾਲਾ ਵਾਕ ਕੇਵਲ ਇੱਕ ਦਿਲਾਸਾ ਜਿਹਾ ਹੀ ਲੱਗਿਆ।

ਡਾਵਾਂਡੋਲ ਹੋ ਰਹੀ ਅਵਸਥਾ ਵਿੱਚ ਜਦੋਂ ਮੈਂ ਉਸ ਨੂੰ ਦੁਬਾਰਾ ਫੋਨ ਕੀਤਾ ਤਾਂ ਉਸ ਨੇ ਮੈਨੂੰ ਨਜਦੀਕ ਲੱਗਦੇ ਇੱਕ ਨਿੱਜੀ ਹਸਪਤਾਲ ਵਿੱਚ ਆਉਣ ਲਈ ਕਿਹਾ। ਹਸਪਤਾਲ ਦਾ ਨਾਮ ਸੁਣ ਕੇ ਸਾਡੀ ਚਿੰਤਾ ਦਾ ਪੱਧਰ ਹੋਰ ਵੀ ਵੱਧ ਗਿਆ। ‘ਪਤਾ ਨਹੀਂ ਕੀ ਹੋਇਆ ਹੋਵੇਗਾ’ ਦੀ ਧਾਰਨਾ ਨੂੰ ਲੈ ਕੇ ਜਦੋਂ ਅਸੀਂ ਉਸ ਹਸਪਤਾਲ ਪਹੁੰਚੇ ਤਾਂ ਹਸਪਤਾਲ ਵਾਲਿਆਂ ਨੇ ਸਾਨੂੰ ਐਮਰਜੈਂਸੀ ਵਿੱਚ ਜਾਣ ਲਈ ਕਹਿ ਦਿੱਤਾ। ਐਮਰਜੈਂਸੀ ਸ਼ਬਦ ਨੇ ਸਾਨੂੰ ਹੋਰ ਵੀ ਹਿਲਾ ਕੇ ਰੱਖ ਦਿੱਤਾ ਅਤੇ ਅਸੀਂ ਕਾਹਲੇ ਕਦਮੀਂ ਉਧਰ ਵੱਲ ਨੂੰ ਹੋ ਤੁਰੇ, ਜਿਧਰ ਮੋਟੇ ਤੇ ਲਾਲ ਅੱਖਰਾਂ ਵਿਚ ਐਮਰਜੈਂਸੀ ਲਿਖਿਆ ਹੋਇਆ ਸੀ।

ਜਦ ਅਸੀਂ ਅੰਦਰ ਗਏ ਤਾਂ ਦੇਖਿਆ ਕਿ ਬੱਲੀ ਦਾ ਅੱਧਾ ਸਿਰ ਖੁੱਲ੍ਹਿਆ (ਪਾਟਿਆ) ਹੋਇਆ ਸੀ ਅਤੇ ਖੂਨ ਵਗ ਰਿਹਾ ਸੀ। ਜ਼ਖ਼ਮ ਭਾਵੇਂ ਵੱਡਾ ਸੀ ਪਰ ਡੂੰਘਾ ਨਾ ਹੋਣ ਕਾਰਨ ਉਹ ਪੂਰੀ ਤਰ੍ਹਾਂ ਹੋਸ਼ ਵਿਚ ਸੀ। ਉਸ ਦਾ ਦੋਸਤ ਪਿੱਛੇ ਬੈਠਾ ਹੋਣ ਕਾਰਨ ਉਸ ਨੂੰ ਕੁੱਝ ਮਮੂਲੀ ਸੱਟਾਂ ਹੀ ਲੱਗੀਆਂ ਸਨ।

ਸਾਡੇ ਦੋਵਾਂ ਦੇ ਉੱਥੇ ਪਹੁੰਚਣ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਕੁੱਝ ਕਾਗਜ਼ੀ ਕਾਰਵਾਈ ਕੀਤੀ ਅਤੇ ਪੈਸੇ ਜਮ੍ਹਾਂ ਕਰਵਾਉਣ ਤੋਂ ਬਾਅਦ ਇਲਾਜ ਸ਼ੁਰੂ ਕਰ ਦਿੱਤਾ। ਸ਼ੰਕਿਆਂ ਦੀ ਨਿਵਰਤੀ ਲਈ ਸਬੰਧਿਤ ਡਾਕਟਰ ਸਾਹਿਬ ਵੱਲੋਂ ਕੁੱਝ ਟੈਸਟ ਵੀ ਕਰਵਾਏ ਗਏ ਪਰ ਉਨ੍ਹਾਂ ਦੀਆਂ ਰਿਪੋਰਟਾਂ ਕਾਫ਼ੀ ਹੱਦ ਤੱਕ ਖ਼ਤਰਿਆਂ ਤੋਂ ਖਾਲੀ ਹੀ ਆਈਆਂ।  22 ਜਨਵਰੀ 2017 ਦੇ ਇਸ ਖ਼ਤਰੇ ਅਤੇ ਨੁਕਸਾਨ ਨੂੰ ਵੀ ਟਲਿਆ ਜਾ ਸਕਦਾ ਸੀ ਜੇਕਰ ਬੱਲੀ ਨੇ ਮੋਟਰ-ਸਾਇਕਲ ਚਲਾਉਂਦੇ ਸਮੇਂ ਉਸ ਹੈਲਮੈੱਟ ਨੂੰ ਆਪਣੇ ਸਿਰ ਉਪਰ ਪਾਇਆ ਹੁੰਦਾ, ਜਿਹੜਾ ਉਸ ਨੇ ਆਪਣੇ ਪਿੱਛੇ ਬੈਠੇ ਦੋਸਤ ਨੂੰ ਫੜ੍ਹਾਇਆ ਹੋਇਆ ਸੀ ਅਤੇ ਉਸ ਨੇ ਵੀ ਸਿਰਫ ਬਾਂਹ ’ਤੇ ਹੀ ਲਟਕਾਇਆ ਹੋਇਆ ਸੀ, ਪਰ ਜਵਾਨੀ ਕੋਲੋਂ ਇਸ ਅਕਲਮੰਦੀ ਦੀ ਆਸ ਕਿੱਥੋਂ ?