ਨਾਨਕਸ਼ਾਹੀ ਕੈਲੰਡਰ

0
1129

ਨਾਨਕਸ਼ਾਹੀ ਕੈਲੰਡਰ

ਪ੍ਰੀਤਮ ਸਿੰਘ (ਕਰਨਾਲ)-94164-05173

ਗੁਰੂ ਸਾਹਿਬਾਨ ਦੇ ਪੁਰਬਾਂ ਬਾਰੇ ਸਿੱਖ ਕੌਮ ਵਿਚ ਇਕ ਬੜੀ ਵੱਡੀ ਦੁਬਿਧਾ ਖੜ੍ਹੀ ਹੋ ਗਈ ਹੈ। ਅਕਾਲ ਤਖ਼ਤ ਤੋਂ ਕੁਝ ਫ਼ੁਰਮਾਨ ਜਾਰੀ ਹੁੰਦੇ ਹਨ, ਬੁਧੀਜੀਵੀ ਤੇ ਮਿਸ਼ਨਰੀ ਕਾਲਜ ਜਾਂ ਹੋਰ ਕਈ ਸੰਸਥਾਂਵਾਂ ਕੁਝ ਹੋਰ ਦਿਨ ਮਿੱਥ ਕੇ ਪੁਰਬ ਮਨਾਂਦੇ ਹਨ ਤੇ ਮੰਨਾਉਣ ਲਈ ਜ਼ੋਰ ਪਾਉਂਦੇ ਹਨ। ਇਕ ਕੈਲੰਡਰ ਸਰਦਾਰ ਪੁਰੇਵਾਲ ਸਾਹਿਬ ਨੇ ਬਣਾਇਆ ਸੀ, ਜਿਸ ਦਾ ਨਾਮ ਨਾਨਕਸ਼ਾਹੀ ਕੈਲੰਡਰ ਰੱਖਿਆ ਗਿਆ।  ਇਹ ਕੈਲੰਡਰ ਬਾਕਾਇਦਾ ਪੂਰੀ ਖੋਜ ਪੜ੍ਹਤਾਲ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਾਸ ਹੋ ਕੇ ਕਮੇਟੀ ਵੱਲੋਂ ਹੀ 2003 ਵਿਚ  ਜਾਰੀ  ਕੀਤਾ ਗਿਆ। ਇਹ ਕੈਲੰਡਰ ਪੰਜ ਸਾਲ ਤੱਕ ਸਾਰੀ ਸਿੱਖ ਕੌਮ ਵਿਚ ਬੜੀ ਸ਼ਾਨੋ ਸ਼ੌਕਤ ਨਾਲ ਜਾਰੀ ਰਿਹਾ।  ਸਿਆਸਤ ਨੇ ਆਪਣਾ ਰੰਗ ਦਿਖਾਇਆ। ਵੋਟਾਂ ਬਟੋਰਨ ਲਈ ਕੁਛ ਤੰਗ ਸੋਚ ਵਾਲਿਆਂ ਦੇ ਜ਼ੋਰ ਦੇਣ ਤੇ 2008 ਵਿਚ ਇਸ ਵਿਚ ਤਬਦੀਲੀ ਲਿਆਂਦੀ ਗਈ ਅਤੇ 2013 ਵਿਚ ਇਸ ਨੂੰ ਫੇਰ ਬਦਲ ਦਿੱਤਾ ਗਿਆ।  ਪੁਰਾਣੇ ਕੈਲੰਡਰ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਕਦੀ ਸਾਲ ਵਿਚ ਦੋ ਵਾਰੀ ਆ ਜਾਂਦਾ ਸੀ ਤੇ ਕਦੇ ਇਕ ਵਾਰੀ। ਕਿਸੇ ਸਾਲ ਆਉਂਦਾ ਵੀ ਨਹੀਂ ਸੀ।

ਇਹ ਕਿਉਂ ਹੁੰਦਾ ਸੀ, ਇਸ ਦੀ ਤਹਿ ਤੱਕ ਜਾਣ ਲਈ ਸਾਨੂੰ ਭਾਰਤ ਵਿਚ ਖਾਸ ਕਰ ਕੇ ਉਤਰੀ ਭਾਰਤ ਵਿਚ ਚੱਲ ਰਹੇ ਵਰਤਮਾਨ ਕੈਲੰਡਰਾਂ ਨੂੰ ਦੇਖਣਾ ਪਏਗਾ। ਜੋ ਇਸ ਵਕਤ ਕੈਲੰਡਰ ਵਰਤੋਂ ਵਿਚ ਆ ਰਹੇ ਹਨ, ਉਹ ਇਹ ਹਨ:

(1). ਗ੍ਰੈਗੋਰੀਅਨ ਕੈਲੰਡਰ, ਜਿਸ ਨੂੰ ਅਸੀਂ ਅੰਗਰੇਜ਼ੀ ਕੈਲੰਡਰ ਵੀ ਆਖਦੇ ਹਾਂ। ਇਹ ਸੂਰਜ ’ਤੇ ਆਧਾਰਿਤ ਹੈ।

(2). ਹਿਜਰੀ ਕੈਲੰਡਰ, ਇਹ ਪੂਰੀ ਤਰ੍ਹਾਂ ਚੰਨ ’ਤੇ ਆਧਾਰਿਤ ਹੈ। ਇਸਲਾਮਿਕ ਦੇਸ਼ ਹਿਜਰੀ ਕੈਲੰਡਰ ਦੀ ਵਰਤੋਂ ਕਰਦੇ ਹਨ।

(3). ਬਿਕਰਮੀ ਕੈਲੰਡਰ, ਜਿਸ ਨੂੰ ਅਸੀਂ ਦੇਸੀ ਕੈਲੰਡਰ ਵੀ ਆਖਦੇ ਹਾਂ। ਇਹ ਸੂਰਜ ਅਤੇ ਚੰਨ ਦੋਵਾਂ ’ਤੇ ਆਧਾਰਿਤ ਹੈ।

ਭਾਰਤ ਵਿਚ ਬਿਕਰਮੀ ਕੈਲੰਡਰ ਦੀ ਵਰਤੋਂ ਜ਼ਿਆਦਾ ਹੁੰਦੀ ਹੈ। ਮਹੀਨਿਆਂ ਦੇ ਨਾਂ ਚੇਤ ਤੋਂ ਫੱਗਣ ਤੱਕ ਚੱਲਦੇ ਹਨ। ਹਿੰਦੂ ਸਿੱਖ ਦੋਨੋ ਇਸੇ ਕੈਲੰਡਰ ਨੂੰ ਵਰਤਦੇ ਹਨ।

ਇਹ ਸਾਨੂੰ ਸਭ ਨੂੰ ਪਤਾ ਹੈ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਤੇ ਇਕ ਸਾਲ ਵਿੱਚ ਪੂਰਾ ਚੱਕਰ ਲਾ ਲੈਂਦੀ ਹੈ। ਕੈਲੰਡਰ ਨੂੰ ਇਸ ਹਿਸਾਬ ਨਾਲ ਬਣਾਇਆ ਜਾਂਦਾ ਹੈ ਕਿ ਇਹ ਧਰਤੀ ਦੇ ਸੂਰਜ ਦੁਆਲੇ ਚੱਕਰ ਪੂਰਾ ਕਰਨ ਨਾਲ ਪੂਰੀ ਤਰ੍ਹਾਂ ਮਿਲਦਾ ਹੋਵੇ। ਇਸ ਵੇਲੇ ਗ੍ਰੈਗੋਰੀਅਨ ਕੈਲੰਡਰ ਸਭ ਤੋਂ ਐਕੋਰੇਟ (ਸਹੀ) ਹੈ। ਇਸ ਹਿਸਾਬ ਨਾਲ ਸਾਲ 365 ਦਿਨ ਤੇ 6 ਕੁ ਘੰਟੇ ਦਾ ਸਾਲ ਬਣਦਾ ਹੈ।  ਅਸੀਂ ਜਦੋਂ ਪੂਰੇ ਸਾਲ ਦੇ ਦਿਨਾਂ ਦਾ ਜੋੜ ਕਰਦੇ ਹਾਂ ਤਾਂ 365 ਦਿਨ ਬਣਦਾ ਹੈ।  6 ਘੰਟੇ ਚਾਰ ਸਾਲ ਬਾਅਦ 24 ਘੰਟੇ ਹੋ ਜਾਂਦੇ ਹਨ ਤੇ ਫਰਵਰੀ ਦਾ ਮਹੀਨਾ 29 ਦਿਨ ਦਾ ਕਰ ਕੇ ਘਾਟਾ ਪੂਰਾ ਕਰ ਲਿਆ ਜਾਂਦਾ ਹੈ।

ਬਿਕਰਮੀ ਕੈਲੰਡਰ, ਸਾਲ ਤੋਂ 20 ਮਿੰਟ ਅੱਗੇ ਹੈ। ਇਸ ਹਿਸਾਬ ਨਾਲ 61 ਸਾਲਾਂ ਬਾਅਦ ਸਾਲ ਇੱਕ ਦਿਨ ਅੱਗੇ ਚਲਾ ਜਾਂਦਾ ਹੈ। ਸਾਡੇ ਸਾਹਮਣੇ ਤੱਥ ਮੌਜੂਦ ਹਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਖ਼ਾਲਸਾ ਸਾਜਿਆ ਉਸ ਦਿਨ 1 ਵਿਸਾਖ ਸੀ ਤੇ ਉਹ ਦਿਨ 30 ਮਾਰਚ ਦਾ ਦਿਨ ਸੀ।  1 ਵਿਸਾਖ, ਜਿਹੜਾ ਪਿਛਲੀ ਸਦੀ ਵਿਚ 13 ਅਪ੍ਰੈਲ ਤੇ ਹੁਣ ਇਹ 14 ਅਪ੍ਰੈਲ ਨੂੰ ਆਉਣ ਲੱਗ ਪਿਆ ਹੈ। ਇਹ ਇਸੇ 20 ਮਿੰਟ ਅੱਗੇ ਹੋਣ ਦਾ ਅਸਰ ਹੈ।  ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਕੁਝ ਹਜ਼ਾਰ ਸਾਲਾਂ ਬਾਅਦ 1 ਵਿਸਾਖ ਅਕਤੂਬਰ ਵਿੱਚ ਚਲਾ ਜਾਵੇਗਾ। ਵਿਸਾਖ ਵਿੱਚ ਕਣਕ ਵੱਢੀ ਜਾਂਦੀ ਹੈ ਪਰ ਅਕਤੂਬਰ ਵਿੱਚ ਕਣਕ ਦੀ ਬੀਜਾਈ ਸ਼ੁਰੂ ਹੋ ਜਾਂਦੀ ਹੈ। ਜਦੋਂ ਸਾਡੀ ਉਸ ਵਕਤ ਦੀ ਪੀੜੀ ਅਕਤੂਬਰ ਵਿਸਾਖੀ ਆਉਣ ਤੇ ਬਾਰਹਾ ਮਾਹ ਦਾ ਪਾਠ ਕਰੇਗੀ, ‘‘ਵੈਸਾਖਿ ਧੀਰਨ ਕਿਉ ਵਾਢੀਆ; ਜਿਨਾ ਪ੍ਰੇਮ ਬਿਛੋਹੁ’’ ਤਾਂ ਪਰੇਸ਼ਾਨ ਹੋ ਜਾਣਗੇ ਕਿ ਹੁਣ ਤਾਂ ਕਣਕ ਦੀ ਬੀਜਾਈ ਦਾ ਵਕਤ ਹੈ।  ਬਿਕ੍ਰਮੀ ਕੈਲੰਡਰ 1964 ਤੋਂ ਪਹਿਲੇ 24 ਮਿੰਟ ਅੱਗੇ ਸੀ।  1964 ਵਿਚ ਹਿੰਦੂ ਸਕਾਲਰਾਂ ਨੇ ਆਪਸ ਵਿੱਚ ਇੱਕ ਮੀਟਿੰਗ ਕਰ ਕੇ ਇਸ ਦੀ ਸੁਧਾਈ ਕੀਤੀ ਤੇ ਇਸ ਨੂੰ ਜ਼ਿਆਦਾ ਤਾਂ ਨਹੀਂ ਕੁਝ ਕਰ ਸਕੇ ਪਰ 4 ਮਿੰਟ ਛੋਟਾ ਕਰ ਜ਼ਰੂਰ ਦਿੱਤਾ।  ਜਿਹੜਾ ਪਹਿਲੇ 71 ਸਾਲਾਂ ਬਾਅਦ ਇਕ ਦਿਨ ਅੱਗੇ ਜਾਂਦਾ ਸੀ, ਉਸ ਵਿੱਚ ਦਸ ਸਾਲ ਫ਼ਰਕ ਪੈ ਗਿਆ ਤੇ ਹੁਣ ਇਹ ੬੧ ਸਾਲ ਬਾਅਦ ਇਕ ਦਿਨ ਅੱਗੇ ਜਾਂਦਾ ਹੈ।

ਜੇ ਅਸੀਂ ਅੰਗਰੇਜ਼ੀ ਕੈਲੰਡਰ ਦਾ ਇਤਿਹਾਸ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਇਸ ਵਿੱਚ ਵੀ ਸੋਧ ਕੀਤੀ ਗਈ ਹੈ। ਸੰਨ 1582 ਵਿਚ ਪੋਪ ਗ੍ਰੈਗੋਰੀਅਨ ਨੇ ਅੰਗਰੇਜ਼ੀ ਸਾਲ ਦੀ ਸੋਧ ਕੀਤੀ ਸੀ, ਜੋ 4 ਅਕਤੂਬਰ ਤੋਂ ਬਾਅਦ ਸਿੱਧਾ 15 ਅਕਤੂਬਰ ਲੈ ਲਿਆ ਗਿਆ ਸੀ।  ਅਕਤੂਬਰ ਦਾ ਮਹੀਨਾ 11 ਦਿਨ ਛੋਟਾ ਕਰ ਦਿੱਤਾ ਸੀ।  ਉਸ ਵੇਲੇ ਵੀ ਉਨ੍ਹਾਂ ’ਚ ਪੁਰਾਣੀ ਤੇ ਪੱਛੜੀ ਸੋਚ ਰੱਖਣ ਵਾਲਿਆਂ ਧਾਰਮਿਕ ਆਗੂਆਂ ਨੇ ਬੜਾ ਰੌਲਾ ਪਾਇਆ ਸੀ, ਜਿਸ ਕਾਰਨ ਇੰਗਲੈਂਡ ਵਾਲਿਆਂ ਨੇ ਇਸ ਨੂੰ ਨਹੀਂ ਮੰਨਿਆ ਸੀ। ਜਦੋਂ ਉਨਾਂ ਨੂੰ ਇਸ ਸਚਾਈ ਦਾ ਅਹਿਸਾਸ ਹੋਇਆ ਤਾਂ 1752 ਵਿਚ ਉਨਾਂ ਨੇ ਵੀ 2 ਸਤੰਬਰ ਤੋਂ ਸਿੱਧਾ 14 ਸਿਤੰਬਰ ਕਰ ਕੇ ਸਤੰਬਰ ਦਾ ਮਹੀਨਾ 12 ਦਿਨ ਛੋਟਾ ਕਰ ਕੇ ਗ੍ਰੈਗੋਰੀਅਨ ਦੇ ਸਾਲ ਨਾਲ ਬਰਾਬਰ ਕਰ ਦਿੱਤਾ ਸੀ।

ਪੁਰੇਵਾਲ ਸਾਹਿਬ ਨੇ 31 ਸਾਲ ਲਾ ਕੇ ਜੋ ਕੈਲੰਡਰ ਤਿਆਰ ਕੀਤਾ ਹੈ, ਉਹ ਬਿਕ੍ਰਮੀ ਕੈਲੰਡਰ ਵਿੱਚ ਸੋਧ ਕਰ ਕੇ ਕੀਤਾ ਹੈ, ਜਿਸ ਦਾ ਫ਼ਰਕ ਹੁਣ ਸਿਰਫ਼ 20 ਮਿੰਟ ਦੀ ਬਜਾਇ ਮਾਤਰ 30 ਸੈਕੰਡ ਦਾ ਰਹਿ ਗਿਆ ਹੈ। ਇਸ ਹਿਸਾਬ ਨਾਲ 3340 ਸਾਲ ਬਾਅਦ ਇਕ ਦਿਨ ਅੱਗੇ ਜਾਏਗਾ ਜੋ ਕਿ ਇਸ ਵਕਤ 61 ਸਾਲ ਬਾਅਦ ਅੱਗੇ ਜਾਂਦਾ ਹੈ।  ਕਿੰਨੀ ਅਜੀਬ ਗੱਲ ਹੈ ਕਿ ਅੰਗ੍ਰੇਜ਼ੀ ਕੈਲੰਡਰ ’ਚ ਸੋਧ ਹੋਵੇ ਸਾਨੂੰ ਮਨਜ਼ੂਰ ਹੈ, ਇਸੇ ਬਿਕ੍ਰਮੀ ਕੈਲੰਡਰ ਦੀ ਹੋਈ 1964 ਵਾਲੀ ਸੋਧ ਵੀ ਸਾਨੂੰ ਮਨਜ਼ੂਰ ਹੈ, ਪਰ ਇਕ ਸਿੱਖ ਵਿਦਵਾਨ ਅਗਰ ਸੋਧ ਕਰੇ ਜੋ ਕਿ ਜ਼ਿਆਦਾ ਐਕੋਰੇਟ (ਸਹੀ) ਹੈ, ਉਹ ਸਾਨੂੰ ਮਨਜ਼ੂਰ ਨਹੀਂ।

ਜੇ ਚੰਨ ਦੇ ਹਿਸਾਬ ਨਾਲ ਚੱਲੀਏ ਤਾਂ ਸਾਲ ਦੇ 354 ਦਿਨ ਬਣਦੇ ਹਨ ਅਤੇ ਹਰ ਸਾਲ 11 ਦਿਨ ਘਟ ਜਾਂਦੇ ਹਨ, ਜਿਸ ਨੂੰ ਪੂਰਾ ਕਰਨ ਲਈ ਤੀਸਰੇ ਸਾਲ ਨੂੰ 13 ਮਹੀਨਿਆ ਦਾ ਸਾਲ ਕਰ ਕੇ ਪੂਰਾ ਕੀਤਾ ਜਾਂਦਾ ਹੈ। ਇਸਲਾਮੀ ਕੈਲੰਡਰ ਹਿਜਰੀ ਕੈਲੰਡਰ ਹੈ। ਉਹ ਇਸੇ ਉੱਤੇ ਨਿਰਭਰ ਕਰਦੇ ਹਨ ਕਿਉਂਕਿ ਉਨ੍ਹਾਂ ਕੋਲ ਕਰੋਨੋਗਰਾਫਿਕ ਫੇਸ ਨਹੀਂ ਹੈ ਭਾਵ ਕਿ ਇਤਿਹਾਸਕ ਦਿਹਾੜੇ ਦੀਆਂ ਤਰੀਕਾਂ ਨਹੀਂ ਹਨ। ਜੇ ਹੈਨ ਤਾਂ ਉਨ੍ਹਾਂ ਦਾ ਬੇਸ ਵੀ ਚੰਨ ਦੇ ਘੱਟਣ ਵੱਧਣ ਉੱਪਰ ਆਧਾਰਿਤ ਹੈ, ਇਹੀ ਕਾਰਨ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਦਿਨ ਕਦੀ ਸਰਦੀਆਂ ਵਿਚ ਆ ਜਾਂਦਾ ਹੈ ਤੇ ਕਦੀ ਗਰਮੀਆਂ ਵਿਚ।  ਅਸੀਂ ਸਾਰੇ ਜਾਣਦੇ ਹਾਂ ਕਿ ਰੋਜ਼ੇ ਕਦੀ ਸਰਦੀਆਂ ਵਿਚ ਆਉਂਦੇ ਹਨ ਤੇ ਕਦੇ ਗਰਮੀਆਂ ਵਿਚ। ਇਕ ਆਮ ਕਹਾਵਤ ਵੀ ਬਣੀ ਹੋਈ ਹੈ ਕਿ ਗ਼ਰੀਬਾਂ ਰੋਜ਼ੇ ਰੱਖੇ ਦਿਨ ਵਡੇ ਹੋ ਗਏ। ਗਰਮੀਆਂ ਵਿੱਚ ਦਿਨ ਵੱਡੇ ਹੁੰਦੇ ਹਨ ਅਤੇ ਸਰਦੀਆਂ ਵਿੱਚ ਛੋਟੇ।

ਸਿੱਖ ਆਪਣਾ ਕੈਲੰਡਰ ਚੰਨ ’ਤੇ ਆਧਾਰਿਤ ਨਹੀਂ ਕਰ ਸਕਦੇ ਕਿਉਂਕਿ ਪਹਿਲੀ ਗੱਲ ਅਸੀਂ ਨਾ ਚੰਨ ਦੇ ਪੂਜਾਰੀ ਹਾਂ ਤੇ ਨਾ ਸੂਰਜ ਦੇ। ਦੂਸਰਾ ਸਾਡੇ ਕੋਲ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖਾਂ ਮੌਜੂਦ ਹਨ। ਅਸੀਂ ਗ੍ਰੈਗੋਰੀਅਨ ਕੈਲੰਡਰ ਦੀ ਵਰਤੋਂ ਵੀ ਨਹੀਂ ਕਰ ਸਕਦੇ ਕਿਉਂਕਿ ਗੁਰਬਾਣੀ ਵਿੱਚ ਚੇਤ ਤੋਂ ਲੈ ਕੇ ਫੱਗਣ ਤੱਕ ਦੇ ਮਹੀਨਿਆਂ ਦਾ ਜ਼ਿਕਰ ਹੈ। ਅੰਗਰੇਜ਼ੀ ਮਹੀਨਿਆਂ ਦਾ ਨਹੀਂ।  ਦੂਸਰਾ ਕਾਰਨ ਗੁਰਬਾਣੀ ਵਿੱਚ ਸਾਲ ਦੀਆਂ ਰੁੱਤਾਂ ਦਾ ਜ਼ਿਕਰ ਵੀ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਹੈ।

ਸਾਨੂੰ ਦੇਸੀ ਮਹੀਨਿਆਂ ਵਾਲਾ ਬਿਕਰਮੀ ਕੈਲੰਡਰ ਹੀ ਠੀਕ ਬੈਠਦਾ ਹੈ, ਪਰ ਇਸ ਵਿਚ ਇਕ ਕਮੀ ਹੈ ਕਿ ਮੌਸਮੀ ਸਾਲ ਤੋਂ 20 ਮਿੰਟ ਅੱਗੇ ਹੈ। ਇਸ ਹਿਸਾਬ ਨਾਲ 71 ਸਾਲ ਬਾਅਦ ਇਕ ਦਿਨ ਅੱਗੇ ਚਲਾ ਜਾਂਦਾ ਹੈ। ਇਸ ਨੂੰ ਪੂਰੀ ਤਰ੍ਹਾਂ ਠੀਕ ਕਰਨ ਲਈ ਪੁਰੇਵਾਲ ਸਾਹਿਬ ਨੇ ਆਪਣੀ ਜ਼ਿੰਦਗੀ 31 ਸਾਲ ਲਾ ਕੇ ਬਿਕਰਮੀ ਕੈਲੰਡਰ ਦੀ ਸੋਧ ਕੀਤੀ ਹੈ ਜਿਸ ਨਾਲ ਇਹ ਫ਼ਰਕ ਹੁਣ ਸਿਰਫ਼ 30 ਸੈਕੰਡ ਦਾ ਰਹਿ ਗਿਆ ਤੇ ਇਹ ਕੈਲੰਡਰ ਅੰਗਰੇਜ਼ੀ ਕੈਲੰਡਰ ਨਾਲੋਂ ਵੀ ਜ਼ਿਆਦਾ ਮੌਸਮੀ ਕੈਲੰਡਰ ਦੇ ਨੇੜੇ ਹੈ ਕਿਉਂਕਿ ਇਹ 3340 ਸਾਲ ਬਾਅਦ ਇਕ ਦਿਨ ਅੱਗੇ ਜਾਏਗਾ ਜਦੋਂ ਕਿ ਅੰਗਰੇਜ਼ੀ ਕੈਲੰਡਰ ਹਰ ਚਾਰ ਸਾਲ ਬਾਅਦ ਇਕ ਦਿਨ ਪਿੱਛੇ ਰਹਿੰਦਾ ਹੈ, ਜਿਸ ਨੂੰ ਫ਼ਰਵਰੀ ਦਾ ਇਕ ਦਿਨ ਵਧਾ ਕੇ ਪੂਰ ਕੀਤਾ ਜਾਂਦਾ ਹੈ।

ਹੁਣ ਆਓ, ਅਸੀਂ ਉਪਰਲੀ ਸਾਰੀ ਵਿਚਾਰ ਨੂੰ ਆਧਾਰ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀਆਂ ਤਰੀਕਾਂ ਦੀ ਗੱਲ ਕਰੀਏ।  ਸਾਡੇ ਕੋਲ ਇਤਿਹਾਸਕ ਤੱਥ ਮੌਜੂਦ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 23 ਪੋਹ ਨੂੰ ਹੋਇਆ ਸੀ। ਅਸੀਂ 23 ਪੋਹ ’ਤੇ ਟਿਕੀਏ ਤੇ ਦੇਖੀਏ ਕਿ ਹੁਣ ਦੇ ਬਿਕਰਮੀ ਸਾਲ ਵਿਚ 23 ਪੋਹ ਕਦੋਂ ਆਉਂਦਾ ਹੈ। ਇਹ 5 ਜਨਵਰੀ ਹੀ ਬਣਦਾ ਹੈ, ਨਾ ਕਿ 25 ਦਸੰਬਰ।

ਜਦੋਂ ਅਸੀਂ ਚੰਨ ਦੀ ਪੋਹ ਸੁਧੀ 7 ਦੇਖਦੇ ਹਾਂ ਤਾਂ ਇਹ ਵਖਰੇਵਾਂ ਪੈਂਦਾ ਹੈ। ਅਸੀਂ ਚੰਨ ਦੇ ਪੂਜਾਰੀ ਹੀ ਨਹੀਂ ਤੇ ਸਾਡੇ ਕੋਲ ਕਰੋਗ੍ਰਾਫਿਕ ਫੇਸ ਵੀ ਹੈ ਤਾਂ ਅਸੀਂ ਕਿਉਂ ਸੁਧੀ/ਵਦੀ ਦੇ ਚੱਕਰ ਵਿਚ ਪਈਏ। ਹੁਣ ਦੇ ਬਿਕਰਮੀ ਸਾਲ ਅਨੁਸਾਰ ਇਹ 71 ਸਾਲ ਬਾਅਦ ਇਕ ਦਿਨ ਅੱਗੇ ਚਲਾ ਜਾਵੇਗਾ, ਪਰ ਪੁਰੇਵਾਲ ਸਾਹਿਬ ਦੇ ਸੋਧੇ ਬਿਕਰਮੀ ਸਾਲ ਦੇ ਹਿਸਾਬ ਨਾਲ ਇਹ 3340 ਸਾਲ ਤਕ 23 ਪੋਹ 5 ਜਨਵਰੀ ਨੂੰ ਹੀ ਆਵੇਗਾ। ਕਿਤਨੀ ਐਕੋਰੇਟ ਸੋਧ ਹੋ ਗਈ ਹੈ।

ਵਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹੜਾ 7 ਪੋਹ  ਹੈ ਤੇ ਛੋਟਿਆਂ ਦਾ 13 ਪੋਹ ।  ਜੋ ਕਰਮਵਾਰ 21 ਦਸੰਬਰ ਤੇ 17 ਦਸੰਬਰ ਬਣਦਾ ਹੈ। ਜਦੋਂ ਅਸੀਂ 23 ਪੋਹ, ਜੋ ਅਸਲੀ ਤਾਰੀਖ਼ ਹੈ, ਨੂੰ ਛੱਡ ਕੇ ਸੁਧੀ ਵਦੀ ਦੇ ਚੱਕਰ ਵਿੱਚ ਪੈਂਦੇ ਹਾਂ, ਜੋ ਚੰਨ ਦਾ ਬੇਸ ਹੈ ਤਾਂ ਹਰ ਸਾਲ 11 ਦਿਨਾਂ ਦਾ ਫ਼ਰਕ ਪੈ ਜਾਂਦਾ ਹੈ।  ਸਾਨੂੰ 23 ਪੋਹ ਛੱਡਣ ਦੀ ਕੀ ਮਜਬੂਰੀ ਹੈ, ਜਦੋਂ ਕਿ ਅਸਲ ਤਾਰੀਕ ਸਾਡੇ ਕੋਲ ਹੈ।  ਜੇ ਗੌਰ ਕੀਤੀ ਜਾਵੇ  ਤਾਂ ਪਤਾ ਚਲੇਗਾ ਕਿ ਸਾਡਾ ਆਪਣਾ ਕੋਈ ਸਟੈਂਡ ਹੈ ਹੀ ਨਹੀਂ।  ‘ਜਿਸ ਨੇ ਲਾਈ ਗੱਲੀਂ, ਉਸੇ ਨਾਲ ਉੱਠ ਚਲੀ’ ਵਾਲੀ ਗੱਲ ਬਣੀ ਪਈ ਹੈ। ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਨੂੰ 23 ਪੋਹ ਨੂੰ ਛੱਡ ਕੇ ਪੋਹ ਸੁਧੀ 7 ਨਾਲ ਜੋੜਦੇ ਹਾਂ ਤਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 7 ਪੋਹ ਤੇ 13 ਪੋਹ ਕਿਉਂ ਰੱਖੇ ਹੋਏ ਹਨ ?  ਜੇ ਇਹ ਦਿਹਾੜੇ ਵੀ ਸੁਧੀ/ਵਦੀ ਨਾਲ ਜੋੜ ਦੇਈਏ ਤਾਂ ਇਕ ਸਾਲ 11 ਦਿਨ ਪਹਿਲੇ ਆ ਜਾਣਗੇ ਤੇ ਦੂਜੇ ਸਾਲ 22 ਦਿਨ ਪਹਿਲੇ। 

ਸੰਨ 1984 ’ਚ ਜਦੋਂ ਦਰਬਾਰ ਸਾਹਿਬ ’ਤੇ ਫ਼ੌਜੀ ਹਮਲਾ ਕੀਤਾ ਗਿਆ, ਉਸ ਸਾਲ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 5 ਜੂਨ ਦਾ ਸੀ ਤੇ ਸੰਗਤਾਂ ਇਹ ਦਿਨ ਮਨਾ ਰਹੀਆਂ ਸਨ।  6 ਜੂਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਹੋਈ ਸੀ। ਦੋਨੋਂ ਤਾਰੀਖ਼ਾਂ ਨਾਲੋ ਨਾਲ ਸਨ। ਸੰਤ ਜਰਨੈਲ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਤਾਂ ਅਸੀਂ 6 ਜੂਨ ਹੀ ਰੱਖਿਆ ਹੋਇਆ ਹੈ, ਜੋ ਕਿ ਅੰਗਰੇਜ਼ੀ ਕੈਲੰਡਰ ਮੁਤਾਬਕ ਹੈ, ਪਰ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਬਿਕ੍ਰਮੀ ਕੈਲੰਡਰ ਅਨੁਸਾਰ ਹੋਣ ਕਰ ਕੇ ਅੱਗੇ ਪਿੱਛੇ ਆਉਂਦਾ ਹੈ। ਕਦੀ ਅਸੀਂ ਸੋਚਿਆ ਹੈ ਕਿ 1984 ਵਿਚ ਦੋਨਾਂ ਦੇ ਸ਼ਹੀਦੀ ਦਿਹਾੜੇ ਨਾਲੋ ਨਾਲ ਸਨ, ਹੁਣ ਕਿਉਂ ਨਹੀਂ।  ਅਸੀਂ ਅੰਗਰੇਜ਼ੀ ਕੈਲੰਡਰ ਦੀ 6 ਜੂਨ ਕਿਉਂ ਨਿਰਧਾਰਿਤ ਕੀਤੀ ਹੋਈ ਹੈ। ਉਸ ਦਿਨ ਜੇਠ ਮਹੀਨੇ ਦੀ ਜੋ ਤਾਰੀਕ ਸੀ ਉਹ ਕਿਉਂ ਨਹੀਂ ਰੱਖੀ ?  ਜੇ ਜੇਠ ਮਹੀਨੇ ਦੀ ਉਹੀ ਤਾਰੀਕ ਰੱਖੀਏ ਤਾਂ ਹੁਣ ਵੀ ਦੋਨੋਂ ਸ਼ਹੀਦੀ ਦਿਹਾੜੇ ਨਾਲੋ ਨਾਲ ਆਉਣਗੇ।  ਅਸੀਂ ਆਪਣਾ ਮਜ਼ਾਕ ਆਪ ਬਣਾ ਰਹੇ ਹਾਂ।

ਸੋ, ਸਾਨੂੰ ਢੁੱਚਰਾਂ ਛੱਡ ਕੇ ਸਾਰਥਕ ਵਿਚਾਰ ਰੱਖਣੇ ਚਾਹੀਦੇ ਹਨ, ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ !  ਦੁਬਿਧਾ ਦੂਰ ਕਰੋ ਲਿਵ ਲਾਇ’’ ਦੇ ਹੁਕਮ ਅਨੁਸਾਰ ਚੱਲਣਾ ਚਾਹੀਦਾ ਹੈ। ਸਿਆਸੀ ਸਿਆਸੀ ਫ਼ਾਇਦੇ ਤੇ ਮਨੋਰਥ ਛੱਡ ਕੇ ਧਰਮ ਨੂੰ ਮੁੱਖ ਰੱਖ ਕੇ ਫ਼ੈਸਲੇ ਕਰਨੇ ਚਾਹੀਦੇ ਹਨ।