ਕਬਿੱਤ ਨੰਬਰ 45 (ਭਾਈ ਗੁਰਦਾਸ ਜੀ)

0
274

ਕਬਿੱਤ ਨੰਬਰ 45 (ਭਾਈ ਗੁਰਦਾਸ ਜੀ)

ਦ੍ਰਿਸਟਿ ਮੈ ਦਰਸ, ਦਰਸ ਮੈ ਦ੍ਰਿਸਟਿ ਦ੍ਰਿਗ; ਦ੍ਰਿਸਟਿ ਦਰਸ ਅਦਰਸ ਗੁਰ ਧਿਆਨ ਹੈ।

ਸਬਦ ਮਹ ਸੁਰਤਿ, ਸੁਰਤਿ ਮਹ ਸਬਦ ਧੁਨਿ; ਸਬਦ ਸੁਰਤਿ ਅਗਮਿਤਿ ਗੁਰ ਗਿਆਨ ਹੈ।

ਗਿਆਨ ਧਿਆਨ ਕਰਨੀ ਕੈ ਪ੍ਰਗਟਤ ਪ੍ਰੇਮ ਰਸੁ; ਗੁਰਮਤਿ ਗਤਿ ਪ੍ਰੇਮ ਨੇਮ ਨਿਰਬਾਨ ਹੈ।

ਪਿੰਡ ਪ੍ਰਾਨ ਪ੍ਰਾਨਪਤਿ ਬੀਸ ਕੋ ਬਰਤਮਾਨ; ਗੁਰਮੁਖ ਸੁਖ ਇਕ ਈਸ ਮੋ ਨਿਧਾਨ ਹੈ ॥੪੫॥ (ਭਾਈ ਗੁਰਦਾਸ ਜੀ : ਕਬਿੱਤ ੪੫)

ਪਦ ਅਰਥ :ਦ੍ਰਿਗ=ਨੇਤਰ, ਅੱਖਾਂ। ਅਗਮਿਤਿ=ਪਹੁੰਚ ਤੋਂ ਪਾਰ। ਪਿੰਡ=ਸਰੀਰ। ਬੀਸ=ਸੰਸਾਰ। ਬਰਤਮਾਨ=ਵਰਤਣ ਵਾਲਾ। ਨਿਧਾਨ=ਖ਼ਜ਼ਾਨਾ।

ਅਰਥ : ਨੇਤਰਾਂ ਦੀ ਨਜ਼ਰ ਵਿੱਚ ਤਾਂ ਦਰਸ਼ਨ ਹੈ ਤੇ ਦਰਸ਼ਨ ਵਿੱਚ ਨੇਤਰਾਂ ਦੀ ਨਿਗ੍ਹਾ ਹੈ, ਪਰ ਗੁਰੂ ਦਾ ਧਿਆਨ, ਦ੍ਰਿਸ਼ਟੀ ਅਤੇ ਦਰਸ਼ਨ ਤੋਂ ਰਹਿਤ ਹੈ ਭਾਵ ਕਿ ਗੁਰੂ ਦਾ ਦਰਸ਼ਨ ਸੁਰਤਿ ਕਰ ਕੇ ਹੈ ਨਾ ਕਿ ਅੱਖਾਂ ਕਰ ਕੇ।  ਇਹ ਰੀਤ ਸੰਸਾਰ ਤੋਂ ਵੱਖਰੀ ਹੈ।  ਗੁਰੂ ਦੇ ਸ਼ਬਦ ਵਿੱਚ ਸੁਰਤਿ ਅਤੇ ਸੁਰਤਿ ਵਿੱਚ ਸ਼ਬਦ ਦੀ ਧੁਨਿ ਸਮਾਈ ਹੁੰਦੀ ਹੈ ਪਰ ਸ਼ਬਦ ਤੇ ਸੁਰਤਿ ਦੇ ਮੇਲ ਤੋਂ ਉਪਜਿਆ ਗਿਆਨ ਆਮ ਮਨੁੱਖ ਦੀ ਪਹੁੰਚ ਅੰਦਰ ਨਹੀਂ।  ਗੁਰੂ ਦੇ ਉਪਦੇਸ਼ ਵਿਚ ਧਿਆਨ ਜੋੜ ਕੇ ਆਪਣਾ ਜੀਵਨ ਆਚਰਨ ਬਣਾਉਣ ਨਾਲ ਪ੍ਰਭੂ ਪ੍ਰਤੀ ਪ੍ਰੇਮ ਰਸ ਪੈਦਾ ਹੁੰਦਾ ਹੈ ਅਤੇ ਪ੍ਰੇਮ ਨੂੰ ਨਿਬਾਹੁਣ ਸਦਕਾ ਨਿਰਬਾਨ ਪਦ ਦੀ ਪ੍ਰਾਪਤੀ ਹੁੰਦੀ ਹੈ।  ਗੁਰੂ ਦਾ ਸਿੱਖ ਸੰਸਾਰ ਵਿੱਚ ਵਿਚਰਦਾ ਹੋਇਆ ਆਪਣਾ ਸਰੀਰ ਤੇ ਪ੍ਰਾਣ ਆਪਣੇ ਨਾ ਜਾਣ ਕੇ ਪ੍ਰਭੂ ਦੀ ਦਿੱਤੀ ਦਾਤ ਹੀ ਜਾਣਦਾ ਹੈ, ਜਿਸ ਕਰ ਕੇ ਉਹ ਸੁਖਾਂ ਦੇ ਖ਼ਜ਼ਾਨੇ ਪ੍ਰਮਾਤਮਾ ਨਾਲ ਇਕ ਮਿਕ ਹੋਇਆ ਰਹਿੰਦਾ ਹੈ।

 ਭਾਈ ਗੁਰਦਾਸ ਜੀ ਆਪ ਗੁਰ ਸ਼ਬਦ ਨਾਲ ਜੁੜੇ ਹੋਏ ਹੋਣ ਕਰ ਕੇ ਸ਼ਬਦ ਦੀ ਵੀਚਾਰ ਬੜੀ ਗਹਿਰਾਈ ਨਾਲ ਕਰਦੇ ਹਨ। ਉਹਨਾਂ ਦਾ ਇਸ ਕਬਿੱਤ ਰਾਹੀਂ ਸਮਝਾਣਾ ਹੈ ਕਿ ਗੁਰੂ, ਜੋ ਕਿ ਪ੍ਰਮਾਤਮਾ ਦਾ ਹੀ ਰੂਪ ਹੈ, ਦੇ ਦਰਸ਼ਨ ਸਰੀਰਕ ਅੱਖਾਂ ਨਾਲ ਨਹੀਂ, ਸੁਰਤਿ ਦੀਆਂ ਅੱਖਾਂ ਨਾਲ ਹੁੰਦੇ ਹਨ।  ਸਰੀਰਕ ਅੱਖਾਂ ਨਾਲ ਤਾਂ ਗੁਰੂ ਦੀ ਦੇਹ ਦੇ ਦੀਦਾਰ ਕੀਤੇ ਜਾ ਸਕਦੇ ਹਨ, ਪਰ ਅਸਲ ਦੀਦਾਰੇ ਤਾਂ ਗੁਰੂ ਦੇ ਸ਼ਬਦ ਦੀ ਵੀਚਾਰ ਕਰਨ ਨਾਲ ਹੀ ਹੁੰਦੇ ਹਨ।  ਗੁਰਬਾਣੀ ਫ਼ਰਮਾਨ ਹੈ, ‘‘ਸਤਿਗੁਰ ਨੋ ਸਭ ਕੋ ਵੇਖਦਾ; ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ; ਜਿਚਰੁ ਸਬਦਿ ਨ ਕਰੇ ਵੀਚਾਰੁ॥’’ (ਮ:੩/੫੯੪) ਗੁਰੂ ਅਰਜੁਨ ਦੇਵ ਜੀ ਇਕ ਸਲੋਕ ਵਿੱਚ ਇਸੇ ਗੱਲ ਦੀ ਪ੍ਰੋੜ੍ਹਤਾ ਕਰਦੇ ਹਨ, ‘‘ਲੋਇਣ ਲੋਈ ਡਿਠ, ਪਿਆਸ ਨ ਬੂਝੈ, ਮੂ ਘਣੀ॥ ਨਾਨਕ  ! ਸੇ ਅਖੜੀਆਂ ਬਿਅੰਨਿ, ਜਿਨੀ ਡਿਸੰਦੋ ਮਾ ਪਿਰੀ॥’’ (੫੭੭)  ਸੋ, ਗੁਰਸਿੱਖ ਦੀਆਂ ਸੁਰਤ ਰੂਪੀ ਅੱਖਾਂ ਹੁੰਦੀਆਂ ਹਨ, ਜਿਨ੍ਹਾਂ ਨਾਲ ਉਹ ਆਪਣੇ ਪਿਆਰੇ ਗੁਰ ਪਰਮੇਸ਼ਰ ਦਾ ਦਰਸ਼ਨ ਕਰਦਾ ਹੈ। 

 ਸ਼ਬਦ ਤੇ ਸੁਰਤਿ ਦੀ ਬੜੀ ਅਜਬ ਖੇਡ ਹੈ। ਗੁਰੂ ਨਾਨਕ ਸਾਹਿਬ, ਸ਼ਬਦ ਨੂੰ ਗੁਰੂ ਅਤੇ ਸੁਰਤਿ ਨੂੰ ਚੇਲਾ, ਕਹਿ ਕੇ ਜੋਗੀਆਂ ਨੂੰ ਸਮਝਾ ਗਏ ਸਨ, ਜਦੋਂ ਉਹਨਾਂ ਪੁੱਛਿਆ ਸੀ ‘‘ਤੇਰਾ ਕਵਣੁ ਗੁਰੂ  ?  ਜਿਸ ਕਾ ਤੂ ਚੇਲਾ॥’’ ਤਾਂ ਗੁਰੂ ਜੀ ਨੇ ਜੁਆਬ ਦਿੱਤਾ ਸੀ ‘‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ॥’’ (ਮ:੧/੯੪੨) ਗੁਰੂ ਦਾ ਸਿੱਖ ਸੁਰਤਿ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਦਾ ਹੈ ਭਾਵ ਕਿ ਉਸ ਦਾ ਧਿਆਨ ਗੁਰੂ ਦੇ ਸ਼ਬਦ ਵਿੱਚ ਰਹਿੰਦਾ ਹੈ ਜਿਸ ਨਾਲ ਉਸ ਨੂੰ ਦੈਵੀ ਤੇ ਅਗੰਮੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਨਾਮ ਦੀ ਸਮਝ ਵੀ ਗੁਰੂ ਦੇ ਸ਼ਬਦ ਵਿੱਚ ਸੁਰਤਿ ਜੋੜਿਆਂ ਹੀ ਪੈਂਦੀ ਹੈ ਤੇ ਨਾਮ ਰਾਹੀਂ ਹੀ ਨਾਮੀ ਨਾਲ ਮਿਲਾਪ ਹਾਸਲ ਹੁੰਦਾ ਹੈ ਤੇ ਸਿੱਖ, ਗੁਰੂ ਦੇ ਸ਼ਬਦ ਦੀ ਵੀਚਾਰ ਕਰ ਕੇ ਭਾਵ ਕਿ ਗੁਰੂ ਦੀ ਮਤਿ ਹਾਸਲ ਕਰ ਕੇ, ਕਾਮਨਾ ਰਹਿਤ ਹੋ ਜਾਂਦਾ ਹੈ।  ਗੁਰਬਾਣੀ ਫ਼ਰਮਾਨ  ਹੈ; ‘‘ਲਾਲੁ ਰਤਨੁ ਹਰਿ ਨਾਮ, ਗੁਰਿ ਸੁਰਤਿ ਬੁਝਾਈਐ॥ ਸਦਾ ਰਹੈ ਨਿਹਕਾਮੁ, ਜੇ ਗੁਰਮਤਿ ਪਾਈਐ॥’’ (ਮ:੧/੭੫੨) ਅਤੇ ਪ੍ਰਭੂ ਪ੍ਰਤੀ ਪ੍ਰੇਮ ਪੈਦਾ ਹੁੰਦਾ ਹੈ।  ਪ੍ਰੇਮ ਹੀ ਭਗਤੀ ਪੈਦਾ ਕਰਦਾ ਹੈ, ਜਿਸ ਨੂੰ ਪ੍ਰੇਮਾ ਭਗਤੀ ਵੀ ਕਹਿੰਦੇ ਹਨ।  ਉਹ ਗੁਰੂ ਅੱਗੇ ਆਪਣਾ ਆਪ ਪੂਰੀ ਤਰ੍ਹਾਂ ਸਮਰਪਣ ਕਰ ਦੇਂਦਾ ਹੈ ਤੇ ਇੱਥੋਂ ਤੱਕ ਕਿ ਉਹ ਆਪਣੇ ਸ਼ਰੀਰ ਅਤੇ ਪ੍ਰਾਣ ਵੀ ਸਤਿਗੁਰ ਦੀ ਦਿੱਤੀ ਦਾਤ ਹੀ ਸਮਝਦਾ ਹੈ ਤੇ ਆਖਦਾ ਹੈ ‘‘ਜੀਉ ਪਿੰਡੁ ਸਭੁ ਹੈ ਤਿਸੁ ਕੇਰਾ॥ ਸਚਾ ਸਾਹਿਬੁ, ਠਾਕੁਰੁ ਮੇਰਾ॥’’ (ਮ:੩/੧੦੫੮)  ਅਜਿਹਾ ਆਤਮ ਸਮਰਪਣ ਕਰ ਕੇ ਉਸ ਦੀ ਆਤਮਕ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਇਸੇ ਜਨਮ ਵਿੱਚ ਸੁੱਖਾਂ ਦੇ ਖ਼ਜ਼ਾਨੇ ਗੁਰ-ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ।