ਭੋਲੀ ਮਾਂ

0
360

(ਮਿੰਨੀ ਕਹਾਣੀ)

ਭੋਲੀ ਮਾਂ

ਅੱਜ ਮਾਂ ਨੇ ਦਿਨ ਚੜ੍ਹਦੇ ਦੇ ਨਾਲ ਹੀ ਭੂਆ ਦੇ ਪਿੰਡ ਜਾਣਾ ਸੀ, ਜਾਣਾ ਹੀ ਪੈਣਾ ਸੀ ਕਿਉਂਕਿ ਛੋਟੀ ਭੂਆ ਦੀ ਚੜ੍ਹਾਈ ਕੀਤੀ ਸੱਸ ਦਾ ਭੋਗ ਸੀ। ਮਾਂ-ਬਾਪ ਤੇ ਹੋਰ ਸ਼ਰੀਕੇ ’ਚੋਂ ਵੀ ਕਈਆਂ ਨੇ ਜਾਣਾ ਸੀ। ਜਾਣ ਲੱਗੀ ਮਾਂ ਕਹਿੰਦੀ “ਪੁੱਤ ! ਤੇਰੇ ਲਈ ਮੈਂ ਰੋਟੀਆਂ ਪਕਾ ਦਿੰਦੀ ਹਾਂ” ਮੈਂ ਕਿਹਾ “ਮਾਂ! ਤੂੰ ਫਿਕਰ ਨਾ ਕਰ, ਮੈਂ ਆਪੇ ਰੋਟੀਆਂ ਪਕਾਅ ਲੈਣੀਆਂ, ਕੌਲੀ ਵਿੱਚ ਆਟਾ ਤਾਂ ਗੁੱਝਾ ਪਿਐ ਹੀ ਆ” ਮਾਂ ਕਹਿਣ ਲੱਗੀ “ਤੂੰ ਤਾਂ ਦੋ-ਤਿੰਨ ਰੋਟੀਆਂ ਬਣਾਵੇਗਾ ਤੇ ਮੈਂ ਪੰਜ-ਛੇ ਬਣਾ ਦੇਣੀਆ, ਰੱਜ ਕੇ ਖਾ ਤਾਂ ਲਵੇਗਾ। ਮੈ ਸੋਚਿਆ “ਮਾਂ ਵੀ ਕਿੰਨੀ ਭੋਲੀ ਹੈ ਮੇਰੀ, ਕੌਲੀ ਵਿੱਚ ਪਏ ਆਟੇ ਨੇ ਹੀ ਭੁੱਖ ਮਿਟਾਉਣੀ ਹੈ। ਉਸ ਨਾਲ ਚਾਹੇ ਮੈਂ ਦੋ-ਤਿੰਨ ਰੋਟੀਆਂ ਪਕਾਵਾਂ ਜਾਂ ਮਾਂ ਪੰਜ-ਛੇ”।

ਗੁਰਜੀਤ ਸਿੰਘ ਗੀਤੂ, ਪਿੰਡ ਤੇ ਡਾਕ ਕੋਲਿਆਂ ਵਾਲੀ, ਤਹਿ. ਮਲੋਟ, (152107, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੋਬਾ. 94653-10052