18.8 C
Jalandhar
Tuesday, April 7, 2026
spot_img
Home Blog Page 115

ਖ਼ੌਫ਼ਨਾਕ ਆਵਾਜ਼

0

ਖ਼ੌਫ਼ਨਾਕ ਆਵਾਜ਼

ਚੰਗੇ ਭਲੇ ਤਾਂ ਵਸਦੇ ਸੀ, ਅਸੀਂ ਆਪਣਿਆਂ ਰੰਗਾਂ ਵਿੱਚ,

ਇੱਕ ਖ਼ੌਫ਼ਨਾਕ ਆਵਾਜ਼ ਆਈ, ਸਾਡੇ ਤਾਂ ਹਿਰਦੇ ਹੀ ਵਲੂੰਧਰ ਲੈ ਗਈ ਓ,

ਕਿੱਥੇ ਜਾਵਾਂਗੇ ਹੁਣ, ਕਿਸ ਦੇ ਦਰ ਤੋਂ ਰੋਟੀ ਮੰਗਾਂਗੇ,

ਆਪਣਾ ਵੱਸਦਾ ਸੋਹਣਾ ਘਰ ਛੱਡ ਕੇ, ਕੀ ਮਿਲੂ ਤੈਨੂੰ ਦੱਸ ਜ਼ਾਲਮਾ  !

ਮਾਵਾਂ ਦੇ ਪ੍ਰਦੇਸ਼ੀ ਪੁੱਤਾਂ ਦਾ ਖ਼ੂਨ ਡੋਲ ਕੇ,

ਕਿਹੜੀ ਮਿਲੂ ਆਜ਼ਾਦੀ ਹੁਣ, ਹੱਸਦਿਆਂ ਘਰਾਂ ਵਿੱਚ, ਵੈਣ ਪਵਾ ਕੇ  ?

                    ਗੁਰਜੀਤ ਸਿੰਘ ਗੀਤੂ 94653-10052

ਅੰਮ੍ਰਿਤ ਨਸ਼ਾ ਬਨਾਮ ਸ਼ਰਾਬ ਦਾ ਨਸ਼ਾ

0

ਦੋ  ਅੱਖਰਾਂ  ਦਾ  ਸ਼ਬਦ  ਹੈ  ‘ਨਸ਼ਾ’ ਮਿੱਤਰਾ !

ਮਸਤੀ ਸਰੂਰ ਦਾ ਇਹ ਇਜ਼ਹਾਰ ਕਰਦਾ ।

ਨਾਲ ਨਸ਼ੇ ਦੇ ਬੰਦਾ ਮਦਹੋਸ਼ ਹੋ ਜਾਏ,

ਕਈਆਂ ਨਾਲ ਫਿਰ ਝੂਠੇ ਇਕਰਾਰ ਕਰਦਾ।

ਚਾਹੇ ਕਿੰਨੇ ਵੀ ਨਸ਼ਿਆਂ ਦੇ ਗੁਣ ਗਾਵੋ,

ਹਰ ਨਸ਼ਾ ਹੀ ਸਾਨੂੰ ਖ਼ੁਆਰ ਕਰਦਾ।

ਪਾਉਣ ਲਾਹਨਤਾਂ ਨਸ਼ਈ ਨੂੰ ਲੋਕ ਸਾਰੇ,

ਨਹੀਂ ਘਰ ਵਿੱਚ ਕੋਈ ਸਤਿਕਾਰ ਕਰਦਾ ।

ਅੰਮ੍ਰਿਤ ਪੀਵੇਂ ਤਾਂ ਸਦਾ ਚਿਰ ਜੀਵੇਂ,

ਕਾਹਨੂੰ ਚਰਸਾਂ ਸਮੈਕਾਂ ਵਿੱਚ ਰੁਲ਼ੀ ਜਾਨੈ।

ਗੁਰਾਂ ਸਾਲਾਹੇ ਸੀ ਮੱਲ, ਅਖਾੜਿਆਂ ਦੇ,

ਤੂੰ ਤਾਂ ਚਿੱਟਿਆਂ ਨਾਲ ਹੀ ਘੁਲ਼ੀ ਜਾਨੈ।

ਅਫ਼ੀਮ, ਸ਼ਰਾਬ ਨੇ ਤੈਨੂੰ ਮਸਤ ਕੀਤਾ,

ਨਸ਼ਾ ਨਾਮ ਦਾ ਮੁੱਢੋਂ ਹੀ ਭੁੱਲੀ ਜਾਨੈ।

ਤੁੱਲ ਹੀਰਿਆਂ ਦੇ ਜਨਮ ਮਨੁੱਖਤਾ ਦਾ,

ਪਰ ਤੂੰ ਕੌਡੀਆਂ ਦੇ ਭਾਅ ਹੀ ਤੁਲੀ ਜਾਨੈ।

ਨਸ਼ਾ ਘਾਤਕ ਹੈ ਸਾਰੀ ਮਨੁੱਖਤਾ ਲਈ,

ਤਨ ਮਨ ਤੇ ਧੰਨ ਦਾ ਨਾਸ ਕਰਦਾ।

ਘੇਰ ਲੈਣ ਬੀਮਾਰੀਆਂ ਕਈ ਆ ਕੇ,

ਜਿਊਂਦੇ ਜੀਅ ਨਰਕ ਵਿੱਚ ਵਾਸ ਕਰਦਾ।

 ਬੀਵੀ, ਬੱਚੇ ਘਰ ਵਿੱਚ ਰਹਿਣ ਸਹਿਮੇ,

ਜਦੋਂ ਪੀ ਕੇ ਬੰਦਾ ਬਕਵਾਸ ਕਰਦਾ।

ਗੱਲਾਂ ਚਿਕਨੀਆਂ-ਚੋਪੜੀਆਂ ਕਰੇ ਭਾਵੇਂ,

ਪਰ ਨਹੀਂ ਉਸ ’ਤੇ ਕੋਈ ਵਿਸ਼ਵਾਸ ਕਰਦਾ।

ਜੰਗ ਅੰਮ੍ਰਿਤ ਤੇ ਨਸ਼ੇ ਦਾ ਖ਼ੂਬ ਹੋਇਆ,

ਨਸ਼ਿਆ ਕੇ ਹਾਥੀ ਜੰਗ ਵਿੱਚ ਝੋਕ ਦਿੱਤਾ।

ਬੂਹਾ ਕਿਲ੍ਹੇ ਦਾ ਭੰਨਣ ਲਈ ਘੱਲਿਆ ਜੋ,

ਬਚਿੱਤਰ ਸਿੰਘ ਨੇ ਹਾਥੀ ਉਹ ਰੋਕ ਦਿੱਤਾ।

ਸ਼ਕਤੀ ਅੰਮ੍ਰਿਤ ਦੀ ਭਰੀ ਸੀ ਪਾਤਸ਼ਾਹ ਨੇ,

ਬਰਛਾ-ਨਾਗਣੀ ਤਿੱਖੀ ਨੋਕ ਦਿੱਤਾ।

ਉਦੋਂ ਅੰਮ੍ਰਿਤ ਦੀ ਨਸ਼ੇ ’ਤੇ ਜਿੱਤ ਹੋਈ,

ਬਰਛਾ ਹਾਥੀ ਦੇ ਮੱਥੇ ਵਿੱਚ ਠੋਕ ਦਿੱਤਾ।

ਪੰਜ ਦਰਿਆਵਾਂ ਦੀ ਧਰਤੀ ਪੰਜਾਬ ਮੇਰਾ,

ਹੁਣ ਤਾਂ ਢਾਈ ਹੀ ਇਸ ਵਿੱਚ ਵੱਗਦੇ ਨੇ।

ਜਿਹੜੀ ਸਮੇਂ ਨੇ ਹੁਣ ਤੱਕ ਲਈ ਕਰਵਟ,

ਮੈਨੂੰ ਇਹ ਵੀ ਹੁਣ ਸੁੱਕਦੇ ਹੀ ਲੱਗਦੇ ਨੇ।

ਛੇਵੇਂ ਦਰਿਆ ’ਚ ਨਸ਼ੇ ਦਾ ਹੜ ਆਇਆ,

ਘਰ ਡੁੱਬਦੇ ਜਾਪਣ ਸਾਰੇ ਜੱਗ ਦੇ ਨੇ।

ਕਰੇ ਬੇਨਤੀ ‘ਰਿਆੜ’ ਪੰਜਾਬੀਆਂ ਨੂੰ,

ਸੋਹਣੇ ਇਸ ਤਰ੍ਹਾਂ ਪੰਜਾਬੀ ਨਹੀਂ ਲੱਗਦੇ ਨੇ।

ਦਲਬੀਰ ਸਿੰਘ ‘ਰਿਆੜ’ ਲੈਕਚਰਾਰ (ਗਣਿਤ), ਸ. ਕੰ. ਸ. ਸ. ਸਕੂਲ, ਅਬਾਦਪੁਰਾ (ਜਲੰਧਰ)-98763-77855

ਗੁਰਦੁਆਰੇ ਕਿਉਂ ਆਏ ਹੋ ?

0

ਗੁਰਦੁਆਰੇ ਕਿਉਂ ਆਏ ਹੋ ?

                           – ਗੁਰਪ੍ਰੀਤ ਸਿੰਘ (U.S.A)

ਸੰਖੇਪ ਪਰ ਵਿਸ਼ੇਸ਼

ਵਸ਼ਿੰਗਟਨ ਸਥਿਤ ਇੱਕ ਗੁਰਦੁਆਰੇ ਵਿੱਚ ਸੰਖੇਪ ਜਿਹਾ ਸਰਵੇਖਣ ਕਰ ਕੇ ਗੁਰੂ ਘਰ ਆਈ ਸੰਗਤ ’ਚੋਂ ਕੁਝ ਇੱਕ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਗੁਰਦੁਆਰੇ ਕਿਉਂ ਆਏ ਹੋ ਤਾਂ ਹੇਠ ਲਿਖੇ ਜਵਾਬ ਮਿਲੇ :

  1. ਮੱਥਾ ਟੇਕਣ ਆਏ ਸੀ, ਨਾਲੇ ਰੌਣਕ ਮੇਲਾ ਦੇਖ ਹੋ ਜਾਂਦਾ।
  2. ਗੁਰਦੁਆਰੇ ਤਾਹੀਓਂ ਆਈਦੈ ਜੇ ਕੋਈ ਸੱਦਾ ਦੇਵੇ, ਅੱਜ ਸਿੱਧੂ ਸਾਹਿਬ ਦਾ ਲੰਗਰ ਆ, ਸੋ ਕਾਲ ਗਈ ਤਾਂ ਆਉਣਾ ਹੀ ਪੈਣਾ ਸੀ।
  3. ਗੁਰਦੁਆਰਾ ਰਾਹ ’ਚ ਹੀ ਪੈਂਦਾ ਹੈ ਜੀ, ਕੰਮ ਤੇ ਜਾਂਦਿਆਂ ਬੱਸ ਰੁਕ ਜਾਈਦਾ ਦੋ ਮਿੰਟ।
  4. ਆਹ ਪੰਜਾਬੀ ਸਕੂਲ ਹੁੰਦਾ ਨਾ ਐਤਵਾਰ ਨੂੰ, ਪੋਤੇ ਨੂੰ ਲਿਆਉਣਾ ਪੈਂਦਾ।
  5. ‘ਸੰਧੂਆਂ’ ਦੇ ਪਾਠ ਦਾ ਭੋਗ ਸੀ, ਸੋ ਸਾਰਾ ਪਰਿਵਾਰ ਹੀ ਆਇਆ ਹੈ।
  6. ਮੈਂ ਤਾਂ ਭਾਈ ਸਾਹਿਬ ਜੀ ਕਮੇਟੀ ਦਾ ਮੈਂਬਰ ਹਾਂ, ਨਾ ਆਵਾਂਗੇ ਤਾਂ ਗੁਰਦੁਆਰਾ ਕਿੰਞ ਚੱਲਣਾ ?
  7. ਮੇਰਾ ਤਾਂ ਪੱਕਾ ਰੁਟੀਨ ਆ, ਹਰ ਸੰਡੇ ਆਉਂਦਾ ਹਾਂ। ਦੋਸਤਾਂ- ਮਿੱਤਰਾਂ ਨਾਲ ਮੇਲ ਹੋ ਜਾਂਦਾ ਹੈ ਤੇ ਨਾਲੇ ਹਫ਼ਤਾਵਾਰੀ ਪੰਜਾਬੀ ਦਾ ਪੇਪਰ ਚੁੱਕ ਲਈਦਾ ਹੈ।
  8. ਲੰਗਰ ’ਚ ਸੇਵਾ ਕਰਨ ਆਇਆ ਸੀ, ਆਦਿ।

ਹੋਰ ਵੀ ਕਈ ਜਵਾਬ ਉਪਰੋਕਤ ਜਵਾਬ ਦੀ ਤਰਜ਼ ’ਤੇ ਹੀ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਕਿਸੇ ਇੱਕ ਨੇ ਵੀ ਨਹੀਂ ਕਿਹਾ ਕਿ ਸਤਿਗੁਰੂ ਜੀ ਦੇ ਦਰਸ਼ਨ ਕਰਨ ਜਾਂ ਕਥਾ/ ਕੀਰਤਨ ਸੁਣਨ ਆਏ ਹਾਂ।

ਸਰਵੇਖਣ ਤੋਂ ਕੇਵਲ ਦੋ ਹੀ ਗੱਲਾਂ ਸਾਹਮਣੇ ਆਈਆਂ ਕਿ ਇੱਕ ਤਾਂ ਅਸੀਂ ਹਾਲੇ ਵੀ ਸੰਧੂ, ਬਰਾੜ, ਗਿੱਲ, ਸੋਢੀ, ਆਦਿ ਭਾਵ ਜਾਤ-ਪਾਤ ਦੀ ਦਲਦਲ ’ਚ ਫਸੇ ਹੋਏ ਹਾਂ ਤੇ ਦੂਜਾ, ਗੁਰੂ ਦੇ ਸਨਮੁੱਖ ਹੋ, ਸੰਗਤ ਵਿੱਚ ਬੈਠ ਕੇ ਸ਼ਬਦ- ਵਿਚਾਰ ਦੀ ਭੁੱਖ ਮਿਟਾਉਣ ਦੀ ਤਾਂਘ ਹਾਲੇ ਸਾਡੇ ਤੋਂ ਕੋਹਾਂ ਦੂਰ ਹੈ।

ਅਗਲੀ ਵਾਰ ਜਦ ਤੁਸੀਂ ਗੁਰਦੁਆਰੇ ਜਾਵੋ ਤਾਂ ਆਪਣੇ ਆਪ ਨੂੰ ਜ਼ਰੂਰ ਪੁੱਛਣਾ ਕਿ ਤੁਸੀਂ ਗੁਰਦੁਆਰੇ ਕਿਉਂ ਆਏ ਹੋ ?

ਦਾਨੀ

0

       ਦਾਨੀ

ਜਿੱਥੇ ਖੜ੍ਹ ਗਿਆ ਗੁਰੂ ਗੋਬਿੰਦ ਸਿੰਘ, ਨਾ ਕੋਈ ਹੋਰ ਖਲੋ ਸਕਦਾ,

ਦਸਮੇਸ਼ ਪਿਤਾ ਜੀ ਵਰਗਾ ਦਾਨੀ, ਦੁਨੀਆਂ ਵਿੱਚ ਨਹੀਂ ਹੋ ਸਕਦਾ।

ਪਹਿਲਾ ਦਾਨ ਪਿਤਾ ਦਾ ਕਰਿਆ, ਡੁੱਬਦਾ ਧਰਮ ਬਚਾਉਣ ਲਈ,

ਤਿਲਕ ਜੰਝੂ ਦੀ ਰਾਖੀ ਖਾਤਰ, ਸੀਸ ਦੀ ਭੇਟ ਚੜ੍ਹਾਉਣ ਲਈ।

ਕਿਹੜਾ ਬਾਲਕ ਨੌ ਸਾਲ ਦਾ ?  ਜੋ ਤੋੜ ਪਿਤਾ ਤੋਂ ਮੋਹ ਸਕਦਾ,

ਦਸਮੇਸ਼ ਪਿਤਾ ਜੀ ਵਰਗਾ ਦਾਨੀ, ਦੁਨੀਆਂ ਵਿੱਚ ਨਹੀਂ ਹੋ ਸਕਦਾ।

ਦੂਜੇ ਦਾਨ ਵਿੱਚ ਨਵਾਂ ਜੀਵਨ, ਸੀ ਦਿੱਤਾ ਪੰਜ ਪਿਆਰਿਆਂ ਨੂੰ,

ਧਰਮ ਯੁੱਧ ਦੀ ਖ਼ਾਤਰ, ਜਿਹੜੇ ਲਾਉਂਦੇ ਰਹੇ ਜੈਕਾਰਿਆਂ ਨੂੰ।

ਬੀਜਿਆ ਜਿਹੜਾ ਬੀਜ ਅਣਖ ਦਾ, ਹੋਰ ਨਹੀਂ ਕੋਈ ਬੋ ਸਕਦਾ,

ਦਸਮੇਸ਼ ਪਿਤਾ ਜੀ ਵਰਗਾ ਦਾਨੀ, ਦੁਨੀਆਂ ਵਿੱਚ ਨਹੀਂ ਹੋ ਸਕਦਾ।

ਤੀਜਾ ਦਾਨ ਚਮਕੌਰ ਸਾਹਿਬ ਵਿਚ ਕੀਤਾ ਵੱਡਿਆਂ ਲਾਲਾਂ ਦਾ,

ਨਾਲ ਜੁਗਤ ਦੇ ਮੂੰਹ ਮੋੜਿਆ ਸੀ ਦੁਸ਼ਮਣ ਦੀਆਂ ਚਾਲਾਂ ਦਾ।

ਤੱਕ ਕੇ ਲਾਸ਼ ਪੁੱਤਰ ਦੀ, ਜਿਹੜਾ ਹੁੰਝੂਆਂ ਤਾਈਂ ਲਕੋ ਸਕਦਾ,

ਦਸਮੇਸ਼ ਪਿਤਾ ਜੀ ਵਰਗਾ ਦਾਨੀ, ਦੁਨੀਆਂ ਵਿੱਚ ਨਹੀਂ ਹੋ ਸਕਦਾ।

ਚੌਥੇ ਦਾਨ ਵਿੱਚ ਨਿੱਕੀਆਂ ਜਿੰਦਾਂ, ਖੜ੍ਹ ਗਈਆਂ ਵਿੱਚ ਕੰਧ ਦੇ,

ਮਾਂ ਗੁਜ਼ਰੀ ਦਾ ਸਿਦਕ ਪਰਖਦੇ, ਠੰਢੇ ਠਾਰ ਬੁਰਜ ਸਰਹੰਦ ਦੇ।

ਕੀਤਾ ਸੀ ਹਰ ਜ਼ੁਲਮ ਜ਼ਾਲਮਾਂ, ਉਹਨਾਂ ਤੋਂ ਹੋ ਜੋ ਸਕਦਾ,

ਦਸਮੇਸ਼ ਪਿਤਾ ਜੀ ਵਰਗਾ ਦਾਨੀ, ਦੁਨੀਆਂ ਵਿੱਚ ਨਹੀਂ ਹੋ ਸਕਦਾ।

ਮਹਾਂ ਦਾਨ ਵਿੱਚ ਗਿਣਿਆ ਜਾਂਦਾ, ਦਾਨ ਇਹ ਬਾਜ਼ਾਂ ਵਾਲੇ ਦਾ,

ਨਹੀਂ ਭੁਲਾਇਆ ਜਾ ਸਕਦਾ, ਅਹਿਸਾਨ ਇਹ ਬਾਜ਼ਾਂ ਵਾਲੇ ਦਾ।

ਪੰਥ ਵਾਸਤੇ ਜਿਹੜਾ ਆਪਣਾ, ਸਾਰਾ ਕੁੱਝ ਹੀ ਖੋਹ ਸਕਦਾ।

ਦਸਮੇਸ਼ ਪਿਤਾ ਜੀ ਵਰਗਾ ਦਾਨੀ, ਦੁਨੀਆਂ ਵਿੱਚ ਨਹੀਂ ਹੋ ਸਕਦਾ।

ਸਰਬੰਸ ਵਾਰ ਕੇ ਸਾਰਾ, ਜਿਸ ਨੇ ਰੱਬ ਦਾ ਸ਼ੁਕਰ ਮਨਾਇਆ,

‘ਚੋਹਲੇ’ ਪਿੰਡ ਦੇ ‘ਬੱਗੇ’ ਨੇ ਹੈ, ਉਸ ਨੂੰ ਸੀਸ ਨਿਵਾਇਆ।

ਕੁਰਬਾਨੀ ਦੀ ਮਾਲਾ ਵਿੱਚ ਜੋ ਲਖਤੇ ਜਿਗਰ ਪਰੋ ਸਕਦਾ।

ਦਸਮੇਸ਼ ਪਿਤਾ ਜੀ ਵਰਗਾ ਦਾਨੀ, ਦੁਨੀਆਂ ਵਿੱਚ ਨਹੀਂ ਹੋ ਸਕਦਾ।

          —-0—-

-ਰਮੇਸ਼ ਬੱਗਾ ਚੋਹਲਾ, #1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ: 94631-32719

ਅੱਜ ਦੀ ਗੱਲ

0

        ਅੱਜ ਦੀ ਗੱਲ

 ਰੌਣਕ ਖਿੱਚ ਲਈ ਏ. ਸੀ ਤੇ ਕੂਲਰਾਂ ਨੇ, ਸੁੰਨੇ ਪਿੰਡ ਦੇ ਪਿੱਪਲ ਅਤੇ ਬੋਹੜ ਹੋ ਗਏ।

ਆਂਟੀ ਅੰਕਲ ਨੇ ਸਾਰ ’ਤਾ ਸਾਰਿਆਂ ਦਾ, ਚਾਚੇ ਚਾਚੀਆਂ ਦੇ ਰਿਸ਼ਤੇ ਬੇਲੋੜ ਹੋ ਗਏ।

ਖੇਡ ਮਾਇਆ ਦੀ ਖੇਡਣੀ ਆਈ ਜਿਸ ਨੂੰ, ਉਸ ਦੇ ਸੈਂਕੜੇ ਕਈ ਲੱਖ ਕਰੋੜ ਹੋ ਗਏ।

ਚਰਨ ਜਿਨ੍ਹਾਂ ਦੇ ਚਾਦਰੋਂ ਬਾਹਰ ‘ਚੋਹਲਾ’, ਝੁੱਗੇ  ਉਨ੍ਹਾਂ ਦੇ ਸਮਝ ਲਉ ਚੌੜ ਹੋ ਗਏ।

                        ——0—–          

 

           ਅੱਜ ਦੀ ਗੱਲ

ਕਾਣੇ ਬੰਦੇ ਨੂੰ ਆਖੀਏ ਜੇ ਕਾਣਾ, ਛੇਤੀ ਕੀਤੇ ਨਹੀਂ ਉਹ ਸੱਚ ਪ੍ਰਵਾਨ ਕਰਦਾ।

ਹੋਵੇ ਮਸਤ ਮੋਬਾਇਲ ਵਿੱਚ ਜੋ ਪਾੜ੍ਹਾ, ਪੜ੍ਹਾਈ ਵੱਲ ਨਾ ਉਹ ਧਿਆਨ ਕਰਦਾ।

ਝੂਠ ਬੋਲ ਕੇ ਹੁੰਦੀ ਹੈ ਬਚਤ ਜਿਸ ਨੂੰ, ਗੱਲ ਸੱਚ ਦੀ ਨਹੀਂ ਉਹ ਬਿਆਨ ਕਰਦਾ।

ਨਸ਼ੇ ਪੱਤੇ ਤੋਂ ਟੁੱਟਿਆ ਹੋਵੇ ਅਮਲੀ, ਘਰਵਾਲਿਆਂ ਨੂੰ ‘ਚੋਹਲਾ’ ਪ੍ਰੇਸ਼ਾਨ ਕਰਦਾ।

—–0—–                           

-ਰਮੇਸ਼ ਬੱਗਾ ਚੋਹਲਾ, #1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ: 94631-32719

ਧੰਨ ਧੰਨ ਹੋ ਗਈ

0

ਧੰਨ ਧੰਨ ਹੋ ਗਈ

ਭਾਲ ਜਿਸ ਦੀ ਵਿੱਚ ਯਤਨਸ਼ੀਲ ਦੁਨੀਆਂ, ਆ ਮਿਲਿਆ ਆਪ ਕਰਤਾਰ ਉਸ ਨੂੰ,

ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਜਦੋਂ ਸੀ ਦੀਦਾਰ ਉਸ ਨੂੰ।

ਬੇਸ਼ੱਕ ਪੰਡਿਤ ਨੇ ਚੁਸਤ ਚਲਾਕ ਬਣ ਕੇ, ਭੋਲੇ ਜੱਟ ਨਾਲ ਠੱਗੀ ਮਾਰ ਲਈ ਸੀ,

ਆਪਣੇ ਪਿਆਰੇ ਭਗਤ ਦੀ ਦੇਖ ਭਗਤੀ, ਪ੍ਰਗਟ ਹੋ ਕੇ ਪ੍ਰਭੂ ਨੇ ਸਾਰ ਲਈ ਸੀ।

ਕਣ ਕਣ ਦੇ ਵਿੱਚ ਸਮਾਉਣ ਵਾਲਾ, ਨਿਕਲ ਮਿਲਿਆ ਪੱਥਰ ’ਚੋਂ ਬਾਹਰ ਉਸ ਨੂੰ,

ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਜਦੋਂ ਸੀ ਦੀਦਾਰ ਉਸ ਨੂੰ।

ਜਿਵੇਂ ਜਿਵੇਂ ਤ੍ਰਿਲੋਚਨ ਨੇ ਦੱਸ ਦਿੱਤਾ, ਉਸੇ ਤਰ੍ਹਾਂ ਹੀ ਧੰਨਾ ਸੀ ਕਰੀ ਜਾਂਦਾ,

ਕਿਸੇ ਗੱਲ ਦੀ ਨਹੀਂ ਪ੍ਰਵਾਹ ਕਰਦਾ, ਘਾਟੇ ਵਾਧੇ ਵੀ ਹੱਸ ਕੇ ਜਰੀ ਜਾਂਦਾ।

ਪੂਰਾ ਉਸ ’ਤੇ ਭਗਤ ਨੇ ਅਮਲ ਕੀਤਾ, ਕਿਹਾ ਪੰਡਿਤ ਜੋ ਸੀ ਵਿਚਾਰ ਉਸ ਨੂੰ,

ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਜਦੋਂ ਸੀ ਦੀਦਾਰ ਉਸ ਨੂੰ।

ਨੁਹਾ ਧੁਆ ਕੇ ਕੇ ਠਾਕਰ ਨੂੰ ਕਹੇ ਧੰਨਾ, ਭੋਗ ਲਾ ਦਿਉ ਮੇਰੇ ਪਕਵਾਨ ਤਾਈਂ,

ਤੇਰੇ ਖਾਣ ਤੋਂ ਪਿੱਛੋਂ ਕੁੱਝ ਖਾਊਂਗਾ ਮੈਂ, ਭਗਤ ਆਖਦਾ ਪਿਆ ਭਗਵਾਨ ਤਾੲੀਂ।

ਰੋਟੀ ਮੱਕੀ ਦੀ ਸਰੋਂ ਦਾ ਸਾਗ ਧਰ ਕੇ, ਦਿੰਦਾ ਖਾਣ ਨੂੰ ਨਾਲ ਅਚਾਰ ਉਸ ਨੂੰ,

ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਜਦੋਂ ਸੀ ਦੀਦਾਰ ਉਸ ਨੂੰ।

ਮਿੰਨਤਾਂ ਨਾਲ ਨਾ ਬਣੀ ਜਦ ਗੱਲ ਕੋਈ, ਜੱਟ ਆਪਣੀ ਅੜੀ ’ਤੇ ਆਉਣ ਲੱਗਾ,

ਤੈਨੂੰ ਭਗਤ ਦੇ ਹੱਕ ਵਿੱਚ ਭੁਗਤਨਾ ਪਊ, ਆਢਾ ਨਾਲ ਪਰਮੇਸ਼ਰ ਦੇ ਲਾਉਣ ਲੱਗਾ।

ਚੱਕ ਕਹੀ ਤੇ ਪਾਣੀ ਦੇ ਮੋੜ ਨੱਕੇ, ਨਾਲੇ ਆਖਦਾ ਗਊਆਂ ਵੀ ਚਾਰ ਉਸ ਨੂੰ,

ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਜਦੋਂ ਸੀ ਦੀਦਾਰ ਉਸ ਨੂੰ।

ਆਖ਼ਿਰ ਸਬਰ ਸੰਤੋਖ ਦੀ ਜਿੱਤ ਹੋਈ, ਹਾਰ ਮੰਨ ਲਈ ਪ੍ਰਭੂ ਨੇ ਪਿਆਰ ਅੱਗੇ,

ਸੱਚੀ ਲਗਨ ਨੂੰ ਲੱਗਿਆ ਫਲ਼ ਮਿੱਠਾ, ਆਣ ਖੜ੍ਹ ਗਿਆ ਜਦੋਂ ਨਿਰੰਕਾਰ ਅੱਗੇ।

ਅੰਗ ਸੰਗ ਉਹ ਭਗਤ ਪਿਆਰਿਆਂ ਦੇ, ‘ਚੋਹਲਾ’ ਸਮਝਦਾ ਦੂਰ ਸੰਸਾਰ ਉਸ ਨੂੰ,

ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਜਦੋਂ ਸੀ ਦੀਦਾਰ ਉਸ ਨੂੰ।

—-੦——- 

-ਰਮੇਸ਼ ਬੱਗਾ ਚੋਹਲਾ, #1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ: 94631-32719

ਸਿੱਖਾਂ ਨੂੰ ਮੌਤ ਤੋਂ ਡਰ ਕਿਉਂ ਨਹੀਂ ਲਗਦਾ ?

0

ਸਿੱਖਾਂ ਨੂੰ ਮੌਤ ਤੋਂ ਡਰ ਕਿਉਂ ਨਹੀਂ ਲਗਦਾ ?

                    – ਗੁਰਪ੍ਰੀਤ ਸਿੰਘ (USA)

ਜਗਤ ਗੁਰੂ ਨਾਨਕ ਦੇਵ ਜੀ ਨੇ ਅੰਦਰੂਨੀ ਰਹੱਸਵਾਦ ਤੋਂ ਪਰਦਾ ਚੁੱਕ ਕੇ ਲੁਕਾਈ ਨੂੰ ਅਧਿਆਤਮਿਕ ਸੱਚ ਨਾਲ ਜੋੜਨ ਲਈ ਜਿੱਥੇ ਉਦਾਸੀਆਂ ਕੀਤੀਆਂ, ਉੱਥੇ ਹੀ ਵਿਹਾਰਿਕ ਤੌਰ ’ਤੇ  ਗ੍ਰਹਿਸਤ ’ਚ ਵਿਚਰ ਕੇ, ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੀ ਸਰਬੋਤਮ ਜੀਵਨ ਜਾਚ ਵੀ ਸਿਖਾਈ।  ਸੰਸਾਰ ਸਾਗਰ ’ਚੋਂ ਸ਼ਬਦ-ਸੁਰਤ ਦੇ ਸੁਮੇਲ ਰਾਹੀਂ ਬਣੇ ਚੱਪੂਆਂ ਨਾਲ ਕਿਵੇਂ ਪਾਰ ਹੋਈਦਾ ਹੈ; ਅਜਿਹੀ ਅਨਮੋਲਕ ਸਿੱਖਿਆ ਨੂੰ ਬਹੁਤ ਹੀ ਸਰਲ ਢੰਗ ਨਾਲ ਪੇਸ਼ ਕੀਤਾ :

ਜੈਸੇ ਜਲ ਮਹਿ, ਕਮਲੁ ਨਿਰਾਲਮੁ; ਮੁਰਗਾਈ ਨੈ ਸਾਣੇ॥

ਸੁਰਤਿ ਸਬਦ,  ਭਵ ਸਾਗਰ ਤਰੀਐ; ਨਾਨਕ ਨਾਮੁ ਵਖਾਣੈ॥ (ਮ:੧/੯੩੮)

ਗੁਰੂ ਸਾਹਿਬ ਜੀ ਨੇ ਕਰਤਾਰਪੁਰ (ਪਾਕਿਸਤਾਨ) ਵਿਖੇ ਸਤਸੰਗਤਿ (ਮਿਲਿ ਸਤਸੰਗਤਿ ਹਰਿ ਪਾਈਐ..॥ ਮ: ੧/੨੨) ਦੀ ਮਹਾਨਤਾ ਦਰਸਾਉਣ ਲਈ ਅਠਾਰਾਂ ਸਾਲ (੧੫੨੧-੧੫੩੯) ਸੰਗਤ ਵਿੱਚ ਬੈਠ ਕੇ ਸਤਸੰਗ ਕੀਤਾ ਪਰ ਨਾਲ ਹੀ ਬ੍ਰਹਮ ਨਾਲ ਅਭੇਦਤਾ (ਅਨੁਭਵ) ਵਾਸਤੇ ਨਿੱਜੀ ਆਧਾਰ ’ਤੇ ਸ਼ੁੱਭ ਅਮਲਾਂ ਨੂੰ ਕਮਾਉਣ ਦੀ ਲੋੜ ’ਤੇ ਵੀ ਜੋਰ ਦਿੱਤਾ :

ਕਰਮਾ ਉਪਰਿ ਨਿਬੜੈ, ਜੇ ਲੋਚੈ ਸਭੁ ਕੋਇ॥ (ਮ:੧/੧੫੬)

ਕਰਮੀ ਆਪੋ ਆਪਣੀ; ਕੇ ਨੇੜੈ, ਕੇ ਦੂਰਿ॥ (ਮ:੧/੮)

ਮਾਇਆ ਦੇ ਤਿੰਨ ਗੁਣਾਂ (ਰਜੋ, ਤਮੋ, ਸਤੋ) ਵਾਲੇ ਮੰਦੇ- ਚੰਗੇ ਕਰਮ ਕਰਦਿਆਂ, ਅੰਤ ਜਦ ਜੀਵ ਦਾ ਸਰੀਰਕ ਵਿਛੋੜਾ ਹੁੰਦਾ ਹੈ ਤਾਂ ਸਾਕ ਸੰਬੰਧੀ ਵਿਰਾਗ ਵਿੱਚ ਆ ਕੇ ਰੋਂਦੇ ਹਨ ਪਰ ਗੁਰੂ ਨਾਨਕ ਦੇਵ ਜੀ ਸਾਨੂੰ ਅਜਿਹੇ ਵਿਰਲਾਪ ਦੀ ਅਸਲ ਤਸਵੀਰ ਵਿਖਾਉਣ ਲਈ ਫ਼ੁਰਮਾਉਂਦੇ ਹਨ :

 ਭੈ ਰੋਵੈ, ਗੁਣ ਸਾਰਿ ਸਮਾਲੇ; ਕੋ ਮਰੈ ਨ, ਮੁਇਆ ਨਾਲੇ ॥ ਨਾਨਕ ! ਜੁਗਿ ਜੁਗਿ ਜਾਣ ਸਿਜਾਣਾ; ਰੋਵਹਿ ਸਚੁ ਸਮਾਲੇ॥  (ਮ:੧/੫੮੨)

ਵਾਕਿਆ ਈ ਇਨਸਾਨ (ਵਿਛੜੇ ਪ੍ਰਾਣੀ ਤੋਂ ਬਿਨਾਂ) ਦੁਨੀਆਦਾਰੀ ਵਿੱਚ ਵਾਪਰਨ ਵਾਲੇ ਸੰਭਾਵੀ ਦੁੱਖਾਂ ਦੇ ਡਰ (ਨਿੱਜੀ ਸਵਾਰਥ ਤੇ ਫ਼ਿਕਰ) ਕਰ ਕੇ ਰੋਂਦਾ ਹੈ ਪਰ ਜਦ ਤੱਕ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਹੈ ਤਦ ਤੱਕ ਬਿਰਹੋਂ (ਬੈਰਾਗ) ਦੀ ਅਵਸਥਾ  (ਦੁਬਿਧਾ ਵਿਚਿ ਬੈਰਾਗੁ ਨ ਹੋਵੀ.. ॥ ਮ: ੧/੬੩੪) ਪੈਦਾ ਨਹੀਂ ਹੋ ਸਕਦੀ। ਜੰਮਣ ਮਰਨ ਦਾ ਦਸਤੂਰ ਤਾਂ ਇੰਝ ਹੀ ਚੱਲਦਾ ਰਹਿਣਾ ਹੈ ਪਰ ਉਹ ਪ੍ਰਾਣੀ ਹੀ ਅਸਲ ਵਿੱਚ ਸਿਆਣੇ ਹਨ, ਜਿਹੜੇ ਆਪਾ ਮਾਰ ਕੇ (ਹਉਮੈਂ ਵੱਲੋਂ ਮਰ ਕੇ) ਮਾਇਆ ਦੇ ਮੋਹ ਤੋਂ ਉਦਾਸ ਹੋ ਜਾਂਦੇ ਹਨ।  ਅਜਿਹੇ ਪ੍ਰਾਣੀਆਂ ਨੂੰ ਆਪਣੇ ਹਿਰਦੇ ਵਿੱਚ ਦੁੱਖ ਤੇ ਸੁੱਖ, ਇੱਕੋ ਜਿਹੇ ਹੀ ਜਾਪਣ ਲੱਗ ਪੈਂਦੇ ਹਨ।

ਹਥਲੇ ਲੇਖ ਦਾ ਵਿਸ਼ਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਸਿੱਖਿਆ ਬਾਰੇ ਵਿਚਾਰ ਕਰਨਾ ਹੈ ਕਿ ਮੌਤ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਅਤੇ ਕਿਸੇ ਸੰਬੰਧੀ (ਪ੍ਰਾਣੀ) ਦੇ ਮਰਨ (ਅਕਾਲ ਚਲਾਣਾ) ’ਤੇ ਰੋਣਾ, ਪਿੱਟਣਾ ਬਿਲਕੁਲ ਵਿਅਰਥ ਹੈ। ਪ੍ਰਭੂ ਦੇ ਮਿਲਾਪ ਦੀ ਖ਼ਾਤਰ ਉਸ ਦੇ ਪਿਆਰ ਵਿੱਚ ਜੋ ਅਨੁਭਵ ਕੀਤਾ ਜਾਵੇ, ਉਸ ਨੂੰ ਹੀ ਸੱਚਾ ਵਿਰਾਗ ਮੰਨਿਆ ਜਾ ਸਕਦਾ ਹੈ।  ਜਨਮ ਵਾਂਗ ਮੌਤ ਵੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਵਾਪਰਦੀ ਹੈ ਅਤੇ ਅਕਾਲ ਪੁਰਖ ਦੀ ਰਜ਼ਾ ਵਿੱਚ ਤੁਰਿਆਂ, ਮੌਤ ਨੂੰ ਵੀ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਸਤਿਗੁਰੂ ਨਾਨਕ ਜੀ, ਅਜਿਹੇ ਮੌਕੇ ਰੋਣ- ਧੋਣ ਤੇ ਹੋਰ ਕਰਮਕਾਂਡਾਂ ਤੋਂ ਵਰਜਦੇ ਹਨ ਤੇ ਕੇਵਲ ਅਰਦਾਸ ਦਾ ਪੱਲਾ ਫੜਨ ਨੂੰ ਉਚਿਤ ਸਮਝਦੇ ਹਨ ਕਿਉਂਕਿ ਅਰਦਾਸ ਨਾਲ ਮਨ ਦੀ ਅਡੋਲਤਾ ਵੀ ਕਾਇਮ ਰਹਿੰਦੀ ਹੈ ਅਤੇ ਰੱਬੀ ਹੁਕਮ ਦੀ ਸਮਝ ਭਾਵ ਕਿ ਚਾਰੇ ਪਾਸੇ ਰੱਬੀ ਨੂਰ (ਵਿਸ਼ਾਲਤਾ) ਦਾ ਅਹਿਸਾਸ ਵੀ ਹੁੰਦਾ ਹੈ। ਗੁਰੂ ਬਾਬਾ ਜੀ ਸਦੜਾ (ਗੁਹਾਰ) ਲਗਾਉਂਦੇ ਹਨ :

ਬਾਬਾ ! ਆਵਹੁ ਭਾਈਹੋ!  ਗਲਿ ਮਿਲਹ; ਮਿਲਿ ਮਿਲਿ ਦੇਹ ਆਸੀਸਾ (ਅਰਦਾਸ) ਹੇ ॥

ਬਾਬਾ!  ਸਚੜਾ ਮੇਲੁ ਨ ਚੁਕਈ; ਪ੍ਰੀਤਮ ਕੀਆ ਦੇਹ ਅਸੀਸਾ ਹੇ ॥ (ਮ:੧/੫੮੨)

ਸਤਿਗੁਰੂ ਨਾਨਕ ਪਾਤਸ਼ਾਹ ਦੀ ਦਿਆਲਤਾ ਤੇ ਦੂਰ- ਦਰਸ਼ਤਾ (ਦੂਰ-ਅੰਦੇਸ਼ੀ) ਵੇਖੋ;  ਨਿਤਨੇਮ ਦੇ ਜ਼ਰੀਏ ਸਿੱਖ ਲਈ ਇਹ ਲਾਜ਼ਮੀ ਕਰ ਦਿੱਤਾ ਗਿਆ ਕਿ ਸਿੱਖ ਰਾਤ ਨੂੰ ਸੌਣ ਤੋਂ ਪਹਿਲਾਂ, ਰੋਜ਼ਾਨਾ ਮੌਤ ਨੂੰ ਚੇਤੇ ਰੱਖ ਕੇ ਪ੍ਰਮਾਤਮਾ ਨਾਲ ਮਿਲਾਪ ਲਈ ਜੋਦੜੀ ਕਰੇ। ਸਿੱਖ ਹਮੇਸ਼ਾ ਇਹ ਚੇਤੇ ਰੱਖੇ ਕਿ ਮੌਤ ਦੀ ਸਾਹੇ ਨੁਮਾ ਚਿੱਠੀ ਹਰੇਕ ਘਰ ਵਿੱਚ ਆ ਰਹੀ ਹੈ। ਇਹ ਸੱਦੇ ਨਿੱਤ ਪੈ ਰਹੇ ਹਨ ਭਾਵ ਕਿ ਸਾਡਾ ਵੀ ਉਹ ਦਿਹਾੜਾ ਨੇੜੇ ਆ ਰਿਹਾ ਹੈ ਕਿਉੁਂਕਿ ਸਾਡੇ ਮਰਨ ਦਾ ਦਿਨ (ਮਰਣੁ ਲਿਖਾਇ ਆਏ; ਨਹੀ ਰਹਣਾ ॥ (ਮ: ੧/੧੫੩), ਮਰਣੁ ਲਿਖਾਇ; ਮੰਡਲ ਮਹਿ ਆਏ ॥ ਮ: ੧/੬੮੫)  ਤਾਂ ਪਹਿਲਾਂ ਹੀ ਲਿਖਿਆ ਪਿਆ ਹੈ :

ਸੰਬਤਿ ਸਾਹਾ ਲਿਖਿਆ; ਮਿਲਿ ਕਰਿ ਪਾਵਹੁ ਤੇਲੁ ॥

ਦੇਹੁ ਸਜਣ ! ਅਸੀਸੜੀਆ; ਜਿਉ ਹੋਵੈ, ਸਾਹਿਬ ਸਿਉ ਮੇਲੁ ॥

ਘਰਿ ਘਰਿ ਏਹੋ ਪਾਹੁਚਾ; ਸਦੜੇ ਨਿਤ ਪਵੰਨਿ ॥

ਸਦਣਹਾਰਾ ਸਿਮਰੀਐ; ਨਾਨਕ !  ਸੇ ਦਿਹ ਆਵੰਨਿ ॥ (ਮ:੧/੧੨)

ਗੁਰੂ ਸਾਹਿਬ ਜੀ ਨੇ ਸਿੱਖਾਂ ਦੇ ਆਚਰਨ ਨੂੰ ਉੱਚਾ, ਸੁੱਚਾ ਅਤੇ ਪ੍ਰਫੁਲਿਤ ਕਰਨ ਲਈ ਮੁਕਤੀ ਬਾਰੇ ਪ੍ਰਚਲਿਤ ਖ਼ਿਆਲਾਂ ਨੂੰ ਬਦਲ ਕੇ ਸਮਝਾਇਆ ਕਿ ਵਿਕਾਰਾਂ ਵੱਲੋਂ ਖਲਾਸੀ ਹੀ ਅਸਲ ਮੁਕਤੀ ਹੈ।  ਗੁਰੂ ਸਾਹਿਬ ਜੀ ਇਸ ਵਿਸ਼ੇ ਨੂੰ ਸਪਸ਼ਟ ਕਰਨ ਲਈ ਪਹਿਲਾਂ ਪ੍ਰਸ਼ਨ ਕਰਦੇ ਹਨ :

ਕਿਉ ਬਾਧਿਓ ? ਕਿਉ ਮੁਕਤੀ ਪਾਵੈ ? ॥  ਕਿਉ, ਅਬਿਨਾਸੀ ਸਹਜਿ ਸਮਾਵੈ ?॥ (ਮ: ੧/੧੫੨)

ਤੇ ਫਿਰ ਉੱਤਰ ਬਖਸ਼ਦੇ ਹਨ :

ਮਨ ਤੇ ਉਪਜੈ; ਮਨ ਮਾਹਿ ਸਮਾਇ ॥ ਗੁਰਮੁਖਿ ਮੁਕਤੋ; ਬੰਧੁ ਨ ਪਾਇ ॥ (ਮ: ੧/੧੫੨)

ਭਾਵ ਕਿ ਮਨ ਦੇ ਵਿੱਚ ਹੀ ਵਿਕਾਰਾਂ ਅਤੇ ਵਾਸ਼ਨਾ ਨੂੰ ਮਾਰਨ (ਮਨ ਮਾਰਨਾ) ਅਥਵਾ ਮਨ ਨੂੰ ਜਿੱਤਣਾ ਹੀ ਅਸਲ ਆਜ਼ਾਦੀ ਹੈ, ਪਰ ਅਜਿਹੀ ਅਵਸਥਾ ਨੂੰ ਦ੍ਰਿੜ੍ਹ ਕਰਵਾਉਣ ਲਈ ਇਹ ਜ਼ਰੂਰੀ ਹੈ ਕਿ ਨਿਰਮਲ ਪੰਥ ਦੇ ਅਨੁਯਾਈਆਂ ਦੇ ਮਨ ’ਚੋਂ ਸਰੀਰਕ ਮੌਤ ਦਾ ਡਰ ਦੂਰ ਕਰਨ ਦੇ ਨਾਲ ਹੀ ਆਤਮਿਕ ਅਤੇ ਸਰੀਰਕ ਮੌਤ ਵਿਚਲਾ ਨਿਖੇੜਾ ਵੀ ਸਪੱਸ਼ਟ ਕੀਤਾ ਜਾਵੇ। ਇਸ ਮੰਤਵ ਲਈ ਗੁਰੂ ਜੀ ਨੇ ਸਭ ਤੋਂ ਪਹਿਲਾਂ ਤਾਂ ਸਾਨੂੰ ਰੱਬੀ ਨਿਯਮ ਤੋਂ ਜਾਣੂ ਕਰਵਾਇਆ ਕਿ ਜੋ ਵੀ ਉਪਜਦਾ ਹੈ, ਉਹ ਇੱਕ ਨਾ ਇੱਕ ਦਿਨ ਬਿਨਸ ਜਾਂਦਾ ਹੈ ਪਰ ਜੀਅਰਾ (ਜੀਵਾਤਮਾ) ਮਰਨ ਵਾਲਾ ਨਹੀਂ ਹੈ। ਇਹ ਸਾਰੀ ਖੇਡ ਨਿਰੰਕਾਰ ਦੇ ਹੁਕਮ ਅੰਦਰ ਹੀ ਹੁੰਦੀ ਹੈ। ਇਸ ਅਟੱਲ ਸੱਚਾਈ ਨੂੰ ਪਾਤਸ਼ਾਹ ਹੇਠ ਲਿਖੇ ਗੁਰ-ਵਾਕਾਂ ਰਾਹੀਂ ਪ੍ਰਕਾਸ਼ ਕਰਦੇ ਹਨ :

ਜੋ ਆਇਆ, ਸੋ ਚਲਸੀ;  ਸਭੁ ਕੋਈ, ਆਈ ਵਾਰੀਐ॥ (ਮ:੧/੪੪੪)

ਜੋ ਆਇਆ, ਸੋ ਚਲਸੀ॥  ਅਮਰੁ ਸੁ ਗੁਰ ਕਰਤਾਰ॥ (ਮ:੧/੬੩)

ਹੁਕਮੇ ਆਵੈ, ਹੁਕਮੇ ਜਾਇ॥ ਆਗੈ ਪਾਛੈ, ਹੁਕਮਿ ਸਮਾਇ॥ (ਮ: ੧/੧੫੧)

ਉਪਰੰਤ ਗੁਰੂ ਸਾਹਿਬ ਜੀ ਨੇ ਮਨੁੱਖ ਨੂੰ ਗੁਰ ਸ਼ਬਦ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਕਿਉਂਕਿ ਸ਼ਬਦ ਨਾਲ ਪਿਆਰ ਦੀ ਘਾਟ (ਮਾਇਆ ਦੇ ਮੋਹ ਵਿੱਚ ਉਲਝ ਕੇ) ਹੀ ਆਤਮਿਕ ਮੌਤ ਦਾ ਕਾਰਨ ਬਣਦੀ ਹੈ ਜਾਂ ਦੂਜੇ ਸ਼ਬਦਾਂ ’ਚ ਕਹਿ ਸਕਦੇ ਹਾਂ ਕਿ ਆਤਮਿਕ ਮੌਤ ਤੋਂ ਬਚਣ ਲਈ ਗੁਰ ਸ਼ਬਦ ਨਾਲ ਜੁੜਨਾ ਅਤਿ ਜ਼ਰੂਰੀ ਹੈ :

ਸਬਦਿ ਮਰੈ, ਸੋ ਮਰਿ ਰਹੈ; ਫਿਰਿ ਮਰੈ ਨ ਦੂਜੀ ਵਾਰ॥

ਸਬਦੈ ਹੀ ਤੇ ਪਾਈਐ; ਹਰਿ ਨਾਮੇ ਲਗੈ ਪਿਆਰੁ॥

ਬਿਨੁ ਸਬਦੈ, ਜਗੁ ਭੁਲਾ ਫਿਰੈ; ਮਰਿ ਜਨਮੈ ਵਾਰੋ ਵਾਰ॥  (ਮ:੧/੫੮)

ਉਕਤ ਤੁਕ ਰਾਹੀਂ ਗੁਰੂ ਸਾਹਿਬ ਜੀ ਸਾਨੂੰ ਸਾਵਧਾਨ ਵੀ ਕਰਦੇ ਹਨ ਕਿ ਜਿਵੇਂ ਦਰਿਆ ਦੇ ਕੰਢੇ ’ਤੇ ਬਾਹਰ ਬੈਠਿਆਂ ਪਾਣੀ ਦੀ ਸ਼ੀਤਲਤਾ ਭਾਵ ਪਾਣੀ ਦੇ ਗੁਣਾਂ ਦਾ ਅਹਿਸਾਸ ਨਹੀਂ ਹੋ ਸਕਦਾ, ਤਿਵੇਂ ਹੀ ਗਿਆਨ ਦੀਆਂ ਗੱਲਾਂ ਨਿਰੀਆਂ ਕਹਿਣ ਸੁਣਨ ਨਾਲ ਕੁਝ ਨਹੀਂ ਬਣਦਾ।  ਇਸ ਸੂਖਮ (ਮਹੀਨ/ਬਰੀਕ) ਮਾਰਗ ’ਤੇ ਚੱਲਣ ਲਈ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਕੇ (ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਆਪਣਾ ਆਪ ਰੰਗਿਆਂ ਹੀ ਆਤਮਿਕ ਮੌਤ ਤੋਂ ਖਲਾਸੀ ਹੁੰਦੀ ਹੈ। ਗੁਰੂ ਸਾਹਿਬ ਜੀ ਬਹੁਤ ਪਿਆਰੇ ਬਚਨ ਬਿਆਨ ਕਰ ਰਹੇ ਹਨ :

ਮਰਣ ਮੁਕਤਿ ਗਤਿ; ਸਾਰ ਨ ਜਾਨੈ ॥  ਕੰਠੇ ਬੈਠੀ; ਗੁਰ ਸਬਦਿ ਪਛਾਨੈ ॥ (ਮ: ੧/੧੨੭੫)

ਸੋ, ਸਪਸ਼ਟ ਹੈ ਕਿ ਸ਼ਬਦ ਗੁਰੂ ਦੀ ਟੇਕ ਅਤੇ ਪ੍ਰਭੂ ਦੀ ਸਿਫ਼ਤ ਸਲਾਹ; ਮਨੁੱਖੀ ਤਨ ਦੇ ਭਸਮ ਹੋਣ ਤੋਂ ਬਾਅਦ ਸੰਭਵ ਹੀ ਨਹੀਂ ਹੈ। ਗੁਰੂ ਦੇ ਚਰਨਾਂ ’ਚ ਨਿਵਾਸ ਰੱਖਣ ਵਾਲਾ ਰੁਤਬਾ (ਸੁਭਾਅ) ਸਵਾਸਾਂ ਦੀ ਪੂੰਜੀ ਦੇ ਬਾਕੀ ਰਹਿੰਦਿਆਂ ਹੀ ਵਿਕਸਿਤ ਕਰਨਾ ਹੁੰਦਾ ਹੈ। ਆਪਣਾ ਆਪ ਪਛਾਣ ਕੇ ਭਾਵ ਆਪਣੇ ਆਤਮਿਕ ਜੀਵਨ ਦੀ ਪੜਚੋਲ ਕਰਨ ਵਾਲਾ ਪ੍ਰਾਣੀ, ਜਿਊਂਦੇ ਜੀਅ ਹੀ ਆਪਣਾ ਮਰਨ ਵੀ ਆਪ ਹੀ ਸੰਵਾਰ ਸਕਦਾ ਹੈ; ਜਿਵੇਂ ਕਿ ਗੁਰ ਵਾਕ ਹੈ :

ਆਪੁ ਪਛਾਣੈ, ਹਰਿ ਮਿਲੈ; ਬਹੁੜਿ ਨ ਮਰਣਾ ਹੋਇ ॥ (ਮ: ੧/੧੪੧੦)

ਮਨੁੱਖਾ ਜੀਵਨ ਵਿੱਚ ਜਦ ਵੀ ਕੋਈ ਚੰਗੀ ਆਦਤ ਅਪਣਾਉਣੀ ਹੋਵੇ ਤਾਂ ਉਸ ਨੂੰ ਮੁੜ-ਮੁੜ ਕੇ ਦੁਹਰਾਉਣਾ ਚਾਹੀਦਾ ਹੈ ਤਾਂ ਜੋ ਨਵੀਂ ਆਦਤ ਅਵਚੇਤਨ ਮਨ ਦਾ ਹਿੱਸਾ ਬਣ ਕੇ, ਸਹਿਜ ਸੁਭਾਅ ਵਾਲਾ ਇੱਕ ਵਤੀਰਾ ਬਣ ਜਾਵੇ। ਗੁਰੂ ਨਾਨਕ ਸਾਹਿਬ ਜੀ ਇੱਕ ਮਹਾਨ ਮਨੋਵਿਗਿਆਨੀ ਵਾਂਗ ਭੁੱਲਣਹਾਰ ਮਨੁੱਖ ਨੂੰ, ਉਸ ਦੇ ਜੀਵਨ ’ਚ ਵਾਪਰ ਰਹੇ ਸੱਚ (ਵਰਤਾਉ) ਬਾਰੇ ਵੀ ਵਾਰ- ਵਾਰ ਚੇਤੇ ਕਰਵਾਉਂਦੇ ਹਨ ਕਿ ਹੇ ਪ੍ਰਾਣੀ ! ਵੇਖ, ਤੂੰ ਕਿਵੇਂ ਖਾਣ, ਪੀਣ, ਹੱਸਣ, ਸੌਣ ਆਦਿ ਦੇ ਆਹਰ ਵਿੱਚ ਲੱਗ ਕੇ ਮੌਤ ਨੂੰ ਭੁੱਲ ਗਿਆ ਹੈਂ ਤੇ ਮਾਲਕ ਨੂੰ ਵਿਸਾਰ ਕੇ ਖ਼ੁਆਰ ਹੋ ਰਿਹਾ ਹੈਂ :

ਖਾਣਾ ਪੀਣਾ ਹਸਣਾ ਸਉਣਾ; ਵਿਸਰਿ ਗਇਆ ਹੈ ਮਰਣਾ॥

ਖਸਮੁ ਵਿਸਾਰਿ, ਖੁਆਰੀ ਕੀਨੀ; ਧ੍ਰਿਗੁ ਜੀਵਣੁ, ਨਹੀ ਰਹਣਾ॥  (ਮ:੧/੧੨੫੪)

ਗੁਰੂ ਜੀ ਅਗਾਂਹ ਹੋਰ ਸਮਝਾਉਂਦੇ ਹਨ ਕਿ ਜੀਵਨ ਦੇ ਅਜਿਹੇ ਹਾਲਾਤਾਂ ਜਾਂ ਮਨ ਦੀ ਅਜਿਹੀ ਅਵਸਥਾ ਕਰ ਕੇ, ਮੌਤ ਨੂੰ ਮਾੜਾ ਕਿਉਂ ਕਹਿੰਦੇ ਹੋ ?

ਮਰਣੁ ਨ ਮੰਦਾ ਲੋਕਾ ! ਆਖੀਐ; ਜੇ ਮਰਿ ਜਾਣੈ, ਐਸਾ ਕੋਇ॥ (ਮ: ੧/੫੪੯)

ਪ੍ਰਮਾਤਮਾ ਵੱਲੋਂ ਪਏ ਆਪਣੇ ਵਿਛੋੜੇ ਨੂੰ ਚੇਤੇ ਕਰ ਕੇ ਪ੍ਰਮਾਤਮਾ ਦਾ ਸਦਾ ਥਿਰ ਰਹਿਣ ਵਾਲਾ ਨਾਮ ਸਿਮਰਨਾ ਚਾਹੀਦਾ ਹੈ।  ਗੁਰਮਤਿ ਮੁਤਾਬਕ ਇਸੇ ਜੁਗਤ ਨੂੰ ਜਿਊਂਦੇ ਜੀਅ ਮਰਨਾ ਕਹਿੰਦੇ ਹਨ। ਕਰਤਾਰ ਦੇ ਪ੍ਰੇਮ ਵਿੱਚ ਭਿੱਜਿਆਂ ਤੇ ਉਸ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਸੰਸਾਰ ਅੰਦਰ ਕਾਰ-ਵਿਹਾਰ ਕਰਦਿਆਂ, ਜਿਹੜੇ ਪ੍ਰਾਣੀ ਜਿਊਂਦਿਆਂ ਹੀ ਨਿਰੰਕਾਰ ਦੇ ਦਰ ਪ੍ਰਵਾਨ ਹੋ ਕੇ ਸਰੀਰਕ ਮੌਤੇ ਮਰਦੇ ਹਨ, ਉਹ ਹੀ ਅਸਲ ਵਿੱਚ ਸੂਰਮੇ ਹਨ ਤੇ ਉਹਨਾਂ ਦਾ ਹੀ ਮਰਨਾ ਸਲਾਹੁਣਯੋਗ ਹੋ ਨਿਬੜਦਾ ਹੈ :

ਮਰਣੁ ਮੁਣਸਾ ਸੂਰਿਆ ਹਕੁ ਹੈ; ਜੋ ਹੋਇ ਮਰਨਿ ਪਰਵਾਣੋ ॥  (ਮ:੧/੫੪੯-੫੮੦)

ਵਾਕਿਆ ਈ ਨਿਰੰਕਾਰ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਣ ਵਾਲਾ ਗੁਰਸਿੱਖ ਬੰਦ-ਬੰਦ ਕਟਵਾ ਕੇ ਵੀ ਆਤਮਿਕ ਅਡੋਲਤਾ ਦੀ ਅਦੁੱਤੀ ਮਿਸਾਲ ਪੈਦਾ ਕਰ ਜਾਂਦਾ ਹੈ। ਗੁਰੂ ਸਾਹਿਬ ਨੇ ਆਪਣੇ (ਗੁਰੂ) ਤੇ ਸਿੱਖ ਵਿਚਕਾਰ ਕੋਈ ਭੇਦ-ਭਾਵ ਨਹੀਂ ਰਹਿਣ ਦਿੱਤਾ; ਜੇ ਗੁਰੂ ਸਮਰੱਥ ਹੈ ਤਾਂ ਸਿੱਖ ਵੀ ਗੁਰੂ ਵੱਲੋਂ ਦੱਸੇ ਰਾਹ ’ਤੇ ਤੁਰ ਕੇ, ਸੰਪੂਰਨਤਾ ਹਾਸਲ ਕਰ ਸਕਦਾ ਹੈ। ਸਿੱਖ ਵੀ ਗੁਰੂ ਤੋਂ ਅਨੇਕਾਂ ਵਾਰੀ ਬਲਿਹਾਰੀ (ਸਦਕੇ) ਜਾਂਦਾ ਹੈ ਕਿਉਂਕਿ ਸਤਿਗੁਰੂ ਆਪਣੇ ਸਿੱਖ ਨੂੰ ਮੌਤ (ਵਿਕਾਰਾਂ ਵੱਲੋਂ ਉਪਰਾਮਤਾ) ਦਿਖਾ ਕੇ, ਉਸ ਦਾ ਰੱਬ ਵੱਲ ਰੁਝਾਨ (ਰੁਚੀ) ਵਿਕਸਿਤ ਕਰਨ ’ਚ ਸਹਾਈ ਹੁੰਦਾ ਹੈ; ਜਿਵੇਂ ਕਿ ਗੁਰ-ਵਾਕ ਹੈ :

ਸਤਿਗੁਰੁ ਮਿਲੈ; ਸੁ ਮਰਣੁ ਦਿਖਾਏ॥

ਮਰਣੁ ਰਹਣ ਰਸੁ; ਅੰਤਰਿ ਭਾਏ॥ (ਮ:੧/੧੫੩)

ਅਜਿਹੀ ਮੌਤ ਭਾਵ ਸਦੀਵੀ ਆਤਮਿਕ ਜੀਵਨ ਦਾ ਰਸ (ਆਨੰਦ) ਸਿੱਖ ਦੀ ਸੋਚ ਨੂੰ ਉੱਚਾ, ਹਿਰਦੇ ਨੂੰ ਸ਼ੁੱਧ, ਮਨ ਨੂੰ ਨਿਰਭੈ (ਡਰ ਰਹਿਤ) ਤੇ ਇੰਨਾ ਬਲਵਾਨ ਬਣਾ ਦਿੰਦਾ ਹੈ ਕਿ ਪ੍ਰਭੂ ਦੀ ਰਜ਼ਾ ਵਿੱਚ ਲੀਨ ਹੋਏ ਸਿੱਖ ਨੂੰ ਯਕੀਨ ਹੋ ਜਾਂਦਾ ਹੈ ਕਿ ਹੁਣ ਉਹ ਮੁੜ ਸੰਸਾਰ ਸਮੁੰਦਰ ’ਚ (ਜਨਮ- ਮਰਨ ਦੇ ਗੇੜ ’ਚ) ਨਹੀਂ ਆਵੇਗਾ।  ਇਹੀ ਕਾਰਨ ਹੈ ਕਿ ਗੁਰੂ ਨਾਨਕ ਦਾ ਸਿੱਖ, ਗੁਰੂ ਮਿਹਰ ਸਦਕਾ ਰੱਬੀ ਨਿਯਮ ਨੂੰ ਸਮਝ ਕੇ,  ਕਦੀ ਵੀ ਮੌਤ ਤੋਂ ਨਹੀਂ ਡਰਦਾ ਸਗੋਂ ਹੱਸਦਿਆਂ ਹੋਇਆਂ ‘‘ਨਾਨਕ ! ਜੀਵਤਿਆ ਮਰਿ ਰਹੀਐ’’ ਦੇ ਬਿਹਤਰੀਨ ਜੀਵਨ – ਰਾਹ (ਜਾਚ) ਨੂੰ ਅਪਣਾਅ ਕੇ, ਰੱਬ ਦੇ ਨੇੜੇ ਰਹਿੰਦਿਆਂ ਹੋਇਆਂ ਅੰਤ ਨੂੰ ਉਸੇ ’ਚ ਜੋਤੀ ਜੋਤ ਸਮਾ ਜਾਂਦਾ ਹੈ।

ਸ. ਬਲਵਿੰਦਰ ਸਿੰਘ ਜੀ, ਸਕੱਤਰ ਧਰਮ ਪ੍ਰਚਾਰ ਕਮੇਟੀ

0

ਸ. ਬਲਵਿੰਦਰ ਸਿੰਘ ਜੀ,
ਸਕੱਤਰ ਧਰਮ ਪ੍ਰਚਾਰ ਕਮੇਟੀ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ

 ਮਿਤੀ- 1 ਚੇਤ ਸੰਮਤ 550 ਨਾਨਕਸ਼ਾਹੀ

ਵਿਸ਼ਾ:- ਕੈਲੰਡਰ

ਸ ਬਲਵਿੰਦਰ ਸਿੰਘ ਜੀ,

ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਨਾਨਕਸ਼ਾਹੀ ਸੰਮਤ 550 ਦੇ ਕੈਲੰਡਰ ਸਬੰਧੀ ਬੇਨਤੀ ਹੈ ਕਿ ਇਹ ਕੈਲੰਡਰ ਚੇਤ ਤੋਂ ਆਰੰਭ ਹੁੰਦਾ ਹੈ ਅਤੇ ਫੱਗਣ ਨੂੰ ਖਤਮ ਹੁੰਦਾ ਹੈ। ਪਿਛਲੇ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਕੈਲੰਡਰ (ਸੰਮਤ 549) ਵੀ 1 ਚੇਤ ਤੋਂ ਆਰੰਭ ਹੋ ਕਿ 30 ਫੱਗਣ ਨੂੰ ਖਤਮ ਹੋਇਆ ਹੈ।  ਇਸ ਤੋਂ ਸਪੱਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਜਾਰੀ ਕੈਲੰਡਰ ਸੂਰਜੀ ਬਿਕ੍ਰਮੀ ਕੈਲੰਡਰ ਹੀ ਹੁੰਦਾ ਹੈ। ਜਿਸ ਦੇ 12 ਮਹੀਨੇ ਅਤੇ ਸਾਲ ਦੀ ਲੰਬਾਈ 365.2563 ਦਿਨ (ਦ੍ਰਿਕ ਗਿਣਤ ਸਿਧਾਂਤ) ਹੈ।  ਜਦੋਂ ਸਾਲ ਦੇ ਦਿਨ 365 ਹੋਣ ਤਾਂ ਹਰ ਦਿਹਾੜਾ, ਹਰ ਸਾਲ ਉਸੇ ਤਾਰੀਖ ਨੂੰ ਹੀ ਆਉਂਦਾ ਹੈ। ਬਹੁਤ ਹੀ ਹੈਰਾਨੀ ਹੋਈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਸੰਮਤ 550 ਦੇ ਕੈਲੰਡਰ ਨੂੰ ਵੇਖਿਆ ਕਿ ਕੁਝ ਦਿਹਾੜੇ ਤਾਂ ਪਿਛਲੇ ਸਾਲ ਵਾਲੇ ਪ੍ਰਵਿਸ਼ਟਿਆਂ (ਤਾਰੀਖ਼ਾਂ) ਨੂੰ ਹੀ ਹਨ ਪਰ ਕੁਝ ਦਿਹਾੜੇ ਬਦਲਵੀਆਂ ਤਾਰੀਖ਼ਾਂ ਨੂੰ ਹਨ। ਜਦੋਂ ਕਿ ਦੋਵੇਂ ਸਾਲ ਹੀ 1 ਚੇਤ ਤੋਂ ਆਰੰਭ ਹੁੰਦੇ ਹਨ। ਜਿਵੇਂ ਬਘੇਲ ਸਿੰਘ ਵੱਲੋਂ ਦਿੱਲੀ ਫਤਹਿ 2 ਚੇਤ, ਸ਼ਹੀਦੀ ਭਗਤ ਸਿੰਘ ਜੀ 10 ਚੇਤ, ਸ਼ਹੀਦੀ ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ 12 ਚੇਤ, ਜਨਮ ਦਿਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ 27 ਚੇਤ, ਵੈਸਾਖੀ 1 ਵੈਸਾਖ ਅਤੇ ਸ਼ਹੀਦੀ ਜੋੜ ਮੇਲਾ ਮੁਕਤਸਰ ਸਾਹਿਬ 21 ਵੈਸਾਖ ਨੂੰ ਹਨ, ਪਰ ਸਿੱਖ ਦਸਤਾਰ ਦਿਵਸ ਇਕ ਦਿਨ ਦੇ ਫਰਕ ਅਤੇ ਸਰਹਿੰਦ ਫ਼ਤਿਹ 2 ਦਿਨ ਦੇ ਫਰਕ ਨਾਲ, ਗੁਰਗੱਦੀ ਗੁਰੂ ਅਮਰਦਾਸ ਜੀ 10 ਦਿਨ, ਗੁਰਗੱਦੀ ਗੁਰੂ ਹਰਿਰਾਇ  ਜੀ 11 ਦਿਨ ਅਤੇ  ਗੁਰਗੱਦੀ ਗੁਰੂ ਤੇਗ ਬਹਾਦਰ ਜੀ 12 ਦਿਨਾਂ ਦੇ ਫਰਕ ਨਾਲ ਦਰਜ ਹੈ। ਅਜਿਹਾ ਕਿਉ ?

ਆਪ ਜੀ ਦੀ ਜਾਣਕਾਰੀ ਲਈ ਮੈਂ ਦੋ ਮਹੀਨਿਆਂ (ਚੇਤ ਅਤੇ ਵੈਸਾਖ) ਦੀ ਸੂਚੀ ਭੇਜ ਰਿਹਾ ਹਾਂ। ਇਸੇ ਤਰ੍ਹਾਂ 12 ਮਹੀਨਿਆਂ ਦੀ ਪੜਤਾਲ ਕੀਤੀ ਜਾ ਸਕਦੀ ਹੈ। ਮੈਂ ਇਹ ਸਮਝਣ ਤੋਂ ਅਸਮਰੱਥ ਹਾਂ ਕਿ ਜਦੋਂ ਸੰਮਤ 549 ਅਤੇ 550 ਦੇ ਸਾਲ ਦੀ ਲੰਬਾਈ ਬਰਾਬਰ ਹੈ ਤਾਂ ਸਾਰੇ ਦਿਹਾੜੇ ਹੀ, ਜਨਮ ਦਿਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ 27 ਚੇਤ, ਵੈਸਾਖੀ 1 ਵੈਸਾਖ ਅਤੇ  ਸ਼ਹੀਦੀ ਜੋੜ ਮੇਲਾ ਮੁਕਤਸਰ ਸਾਹਿਬ 21 ਵੈਸਾਖ ਦੀ ਤਰ੍ਹਾਂ ਉਸੇ ਤਾਰੀਖ ਨੂੰ ਦਰਜ ਹੋਣੇ ਚਾਹੀਦੇ ਸਨ, ਪਰ ਇਥੇ ਤਾਂ ਬਹੁਤ ਸਾਰੇ ਦਿਹਾੜਿਆਂ ਦਾ 1 ਤੋਂ 12 ਦਿਨਾਂ ਦਾ ਫਰਕ ਹੈ। ਕੀ ਇਹ ਜਾਣਬੁਝ ਕੇ ਇਤਿਹਾਸ ਨੂੰ ਵਿਗਾੜਨ ਦੀ ਕੋਝੀ ਚਾਲ ਤਾਂ ਨਹੀਂ ? ਇਸ ਤੋਂ ਵੀ ਅੱਗੇ, ਨਵੇਂ ਸਾਲ ਦੇ ਕੈਲੰਡਰ ਵਿੱਚ ਹੋਲਾ-ਮਹੱਲਾ ਦਰਜ ਹੀ ਨਹੀਂ ਹੈ। ਕੀ ਹੁਣ ਸ਼੍ਰੋਮਣੀ ਕਮੇਟੀ ਨੇ ਇਹ ਦਿਹਾੜਾ ਮਨਾਉਣਾ ਬੰਦ ਕਰ ਦਿੱਤਾ ਹੈ ? ਇਸ ਸਾਜ਼ਸ਼ ਪਿੱਛੇ ਕੌਣ ਹੈ ?

ਸ ਬਲਵਿੰਦਰ ਸਿੰਘ ਜੀ ! ਮੈਨੂੰ ਪੂਰੀ ਆਸ ਹੈ ਕਿ ਆਪ ਜੀ ਇਹ ਪੱਤਰ ਪੜ੍ਹ ਕੇ, ਮੇਰੇ ਤੋਂ ਵੀ ਵੱਧ ਚਿੰਤਤ ਹੋਵੋਗੇ। ਨਿਮਰਤਾ ਸਹਿਤ ਬੇਨਤੀ ਹੈ, ਕਿ ਇਸ ਬਹੁਤ ਹੀ ਮਹੱਤਵ ਪੂਰਨ ਵਿਸ਼ੇ, “ਕੌਮੀ ਕੈਲੰਡਰ” ਵਿੱਚ ਹੋਈਆਂ ਗਲਤੀਆਂ ਦੀ ਪੜਤਾਲ ਕਰ ਕੇ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸੰਮਤ 550 ਦੇ ਕੈਲੰਡਰ ਨੂੰ ਵਾਪਸ ਲਿਆ ਜਾਵੇ। ਜੇ ਇਹ ਸਭ ਕੁਝ ਤੁਹਾਡੀ ਜਾਣਕਾਰੀ ਅਤੇ ਸਹਿਮਤੀ ਨਾਲ ਹੋਇਆ ਹੈ ਤਾਂ ਇਸ ਬਾਰੇ ਸਪੱਸ਼ਟ ਕੀਤਾ ਜਾਵੇ।

ਉਸਾਰੂ ਸੇਧਾਂ ਦੀ ਉਡੀਕ ਵਿੱਚ

ਸਰਵਜੀਤ ਸਿੰਘ ਸੈਕਰਾਮੈਂਟੋ

sarbjits@gmail.com

(ਇਸ ਪੱਤਰ ਦਾ ਉਤਾਰਾ ਮੁੱਖ ਸਕੱਤਰ ਅਤੇ ਪ੍ਰਧਾਨ ਜੀ ਨੂੰ ਵੀ ਭੇਜਿਆ ਜਾ ਰਿਹਾ ਹੈ)

ਭਾਈ ਤਾਰਾ ਦੇ ਕਬੂਲਨਾਮੇ ਨੇ ਸ਼ਹੀਦ ਊਧਮ ਸਿੰਘ ਦਾ ਇਤਿਹਾਸ ਦੁਹਰਾਇਆ: ਹਿੰਮਤ ਸਿੰਘ

0

ਭਾਈ ਤਾਰਾ, ਹਵਾਰਾ, ਭਿਊਰਾ, ਲੱਖਾ, ਦਿਲਾਵਰ ਜਿਹੇ ਯੋਧੇ ਸਿੱਖ ਕੌਮ ਦੇ ਹੀਰੋ: ਕੋਆਰਡੀਨੇਸ਼ਨ ਕਮੇਟੀ

ਮਾਂ ਬਿਮਾਰ ਹੋਣ ’ਤੇ ਵੀ ਭਿਓਰਾ ਨੂੰ ਪੈਰੋਲ ਨਾ ਦੇਣਾ ਗੁਲਾਮੀ ਦਾ ਅਹਿਸਾਸ ਕਰਾਉਣਾ

ਭਾਈ ਤਾਰਾ ਦੇ ਕਬੂਲਨਾਮੇ ਨੇ ਸ਼ਹੀਦ ਊਧਮ ਸਿੰਘ ਦਾ ਇਤਿਹਾਸ ਦੁਹਰਾਇਆ: ਹਿੰਮਤ ਸਿੰਘ

ਨਿਊਯਾਰਕ :  ਭਾਈ ਜਗਤਾਰ ਸਿੰਘ ਤਾਰਾ ਨੂੰ ਤਾਂ ਉਮਰ ਭਰ ਜੇਲ੍ਹ ਵਿੱਚ ਰਹਿਣ ਦੀ ਸਜ਼ਾ ਸੁਣਾਉਣ ਤੋਂ ਬਾਅਦ ਦੇਸ਼-ਵਿਦੇਸ਼ ਵਿੱਚ ਬੈਠੇ ਸਿੱਖਾਂ ਵਿੱਚ ਭਾਰਤੀ ਨਿਆਂ ਪ੍ਰਣਾਲੀ ਪ੍ਰਤੀ ਵਿਆਪਕ ਰੋਸ ਦੀ ਲਹਿਰ ਹੈ, ਇਸੇ ਤਹਿਤ ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ. ਐਸ. ਏ.) ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇੱਕ ਪਾਸੇ ਭਾਈ ਪਰਮਜੀਤ ਸਿੰਘ ਭਿਊਰਾ ਦੀ ਮਾਤਾ ਦੇ ਗੰਭੀਰ ਬਿਮਾਰ ਹੋਣ ’ਤੇ ਵੀ ਉਨ੍ਹਾਂ ਨੂੰ ਪੈਰੋਲ ਨਾ ਦੇ ਕੇ ਅਤੇ ਦੂਜੇ ਪਾਸੇ ਭਾਈ ਜਗਤਾਰ ਸਿੰਘ ਤਾਰਾ ਨੂੰ ਉਮਰ ਭਰ ਜੇਲ੍ਹ ਵਿੱਚ ਰਹਿਣ ਦੀ ਸਜ਼ਾ ਸੁਣਾ ਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ।  ਕਮੇਟੀ ਨੇ ਕਿਹਾ ਹੈ ਕਿ ਹਾਲਾਂ ਕਿ ਜਗਤਾਰ ਸਿੰਘ ਤਾਰਾ ਨੇ ਬਿਅੰਤੇ ਪਾਪੀ ਨੂੰ ਸਜ਼ਾ ਯਾਫ਼ਤਾ ਕਰਨਾ ਖ਼ੁਦ ਕਬੂਲ ਕੇ ਸ਼ਹੀਦ ਊਧਮ ਸਿੰਘ ਦੇ ਇਤਿਹਾਸ ਨੂੰ ਦੁਹਰਾਇਆ ਹੈ।

ਬਿਆਨ ਜਾਰੀ ਕਰਦਿਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਤੇ ਹੋਰ ਆਗੂਆਂ ਵਿੱਚ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਿਲਾਵਰ ਸਿੰਘ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਸ਼ਮਸ਼ੇਰ ਸਿੰਘ ਸ਼ੇਰਾ, ਭਾਈ ਗੁਰਮੀਤ ਸਿੰਘ, ਆਦਿ ਸਿੱਖ ਯੋਧੇ ਸਿੱਖ ਕੌਮ ਦੇ ਹੀਰੋ ਹਨ। ਜਦੋਂ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਦੀਆਂ ਵਿਉਂਤਾਂ ਬੇਅੰਤ ਸਿੰਹੁ ਤੇ ਕੇ. ਪੀ. ਐਸ. ਗਿੱਲ ਨੇ ਗੁੰਦੀਆਂ ਸਨ ਤਾਂ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਬਣ ਕੇ ਇਨ੍ਹਾਂ ਸਿੱਖ ਯੋਧਿਆਂ ਨੇ ਆਪਣੀਆਂ ਕੁਰਬਾਨੀਆਂ ਕੌਮ ਦੇ ਨਾਮ ’ਤੇ ਕਰ ਦਿੱਤੀਆਂ ਸਨ। ਜਿਸ ਦਾ ਕਬੂਲ ਨਾਮਾ ਜਗਤਾਰ ਸਿੰਘ ਤਾਰਾ ਨੇ ਦੇ ਕੇ ਸਪਸ਼ਟ ਕਰ ਦਿੱਤਾ ਹੈ ਕਿ ਹਿੰਦੁਸਤਾਨੀ ਸਰਕਾਰਾਂ ਘੱਟ ਗਿਣਤੀਆਂ ਨੂੰ ਖ਼ਤਮ ਕਰਨ ਲਈ ਕੁੱਝ ਵੀ ਕਰ ਸਕਦੀਆਂ ਹਨ ਤੇ ਘੱਟ ਗਿਣਤੀਆਂ ਦੇ ਪੱਖ ਵਿੱਚ ਹੋਣ ਦਾ ਪਾਖੰਡ ਵੀ ਕਰਦੀਆਂ ਹਨ।  ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਸਿੱਖ ਜੇਲ੍ਹਾਂ ਵਿੱਚ ਡੱਕੇ ਜਵਾਨੀਆਂ ਦਾਅ ’ਤੇ ਲਾ ਰਹੇ ਹਨ, ਪਰ ਕਦੇ ਵੀ ਭਾਰਤੀ ਹਕੂਮਤ ਨੇ ਸਿੱਖਾਂ ਦੇ ਮਸਲਿਆਂ ’ਤੇ ਗੰਭੀਰਤਾ ਨਾਲ ਗ਼ੌਰ ਨਹੀਂ ਕੀਤਾ, ਇਸ ਲਈ ਜੇਕਰ ਸਿੱਖ ਆਪਣਾ ਵੱਖਰਾ ਰਾਜ ਸਥਾਪਤ ਕਰਨ ਦੀ ਮੰਗ ਕਰ ਰਹੇ ਹਨ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਹੈ। ਆਗੂਆਂ ਨੇ ਕਿਹਾ ਕਿ ਜਦੋਂ ਵੀ ਸਿੱਖ ਹੋਮਲੈਂਡ ਹੋਂਦ ਵਿੱਚ ਆਊ ਤਾਂ ਇਨ੍ਹਾਂ ਕੌਮ ਦੇ ਹੀਰਿਆਂ ਅਤੇ ਇਨ੍ਹਾਂ ਦੇ ਵਾਰਸਾਂ ਨੂੰ ਅੱਖਾਂ ’ਤੇ ਬਿਠਾਇਆ ਜਾਵੇਗਾ।

ਜਾਰੀ ਕਰਤਾ:

ਹਿੰਮਤ ਸਿੰਘ, ਕੋਆਰਡੀਨੇਟਰ

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ

ਕੈਲੰਡਰ ਵਿਗਿਆਨ ਤੋਂ ਕੋਰੇ ਵਿਦਵਾਨਾਂ ਕਾਰਨ ਦਿਨੋ ਦਿਨ ਉਲਝ ਰਿਹਾ ਹੈ ਕੈਲੰਡਰ ਵਿਵਾਦ

0

ਕੈਲੰਡਰ ਵਿਗਿਆਨ ਤੋਂ ਕੋਰੇ ਵਿਦਵਾਨਾਂ ਕਾਰਨ ਦਿਨੋ ਦਿਨ ਉਲਝ ਰਿਹਾ ਹੈ ਕੈਲੰਡਰ ਵਿਵਾਦ

ਕਿਰਪਾਲ ਸਿੰਘ ਬਠਿੰਡਾ 98554-80797

 ਦੁਨੀਆਂ ਦੇ ਲੋਕਾਂ ਨੂੰ ਇਹ ਵੇਖ/ਸੁਣ ਕੇ ਕਿੰਨੀ ਹੈਰਾਨੀ ਹੁੰਦੀ ਹੋਵੇਗੀ ਕਿ ਇੱਕੋ ਇੱਕ ਅਕਾਲ ਪੁਰਖ ਅਤੇ ਸ਼ਬਦ ਗੁਰੂ ਨੂੰ ਮੰਨਣ ਦਾ ਦਾਅਵਾ ਕਰਨ ਵਾਲੀ ਸਿੱਖ ਕੌਮ ਪਿਛਲੇ ਦੋ ਦਹਾਕਿਆਂ ਦੇ ਵੱਧ ਸਮੇਂ ਤੋਂ ਆਪਣੇ ਗੁਰੂ ਸਾਹਿਬਾਨ ਦੇ ਗੁਰ ਪੁਰਬ ਨਿਸ਼ਚਿਤ ਕਰਨ ਪਿੱਛੇ ਮਗ਼ਜ਼ ਖਪਾਈ ਕਰ ਰਹੀ ਹੈ; ਨਾਨਕਸ਼ਾਹੀ ਕੈਲੰਡਰ ਦੇ ਪੱਖੀ ਅਤੇ ਵਿਰੋਧੀ, ਦੋਵੇਂ ਹੀ ਧਿਰਾਂ ਆਪਣੇ ਤੌਰ ’ਤੇ ਕੌਮ ਦਾ ਲੱਖਾਂ ਰੁਪਏ ਅਤੇ ਸਮਾਂ ਇਸ ਕੈਲੰਡਰ ਵਿਸ਼ੇ ’ਤੇ ਆਪਣੇ ਆਪਣੇ ਸੈਮੀਨਾਰ ਕਰਵਾਉਣ, ਕਿਤਾਬਾਂ/ਕਿਤਾਬਚੇ ਅਤੇ ਕੈਲੰਡਰ ਛਪਵਾ ਕੇ ਮੁਫ਼ਤ ਵੰਡਣ ਵਿੱਚ ਅਜਾਈਂ ਗਵਾ ਰਹੀਆਂ ਹਨ ਜਿਹੜਾ ਕਿ ਕੌਮ ਦੇ ਹੋਰ ਉਸਾਰੂ ਪ੍ਰੋਜੈਕਟਾਂ ’ਤੇ ਖ਼ਰਚ ਕੇ ਲਾਹਾ ਖੱਟਿਆ ਜਾ ਸਕਦਾ ਸੀ, ਪਰ ਬਾਵਜੂਦ ਇਸ ਦੇ ਮਸਲਾ ਹੱਲ ਹੋਣ ਦੀ ਬਜਾਏ ਦਿਨੋ ਦਿਨ ਉਲਝ ਰਿਹਾ ਹੈ। ਦੁਨੀਆਂ ਦੇ ਲੋਕ ਇਹ ਵੇਖ ਕੇ ਕੀ ਸੋਚਦੇ ਹੋਣਗੇ ਕਿ ਜਿਸ ਸਮੇਂ ਵਿਗਿਆਨੀ ਮੰਗਲ ਗ੍ਰਿਹ ’ਤੇ ਚੜ੍ਹਨ ਅਤੇ ਗਲੈਕਸੀ ਵਿੱਚ ਹੋਰ ਗ੍ਰਿਹਾਂ ਦੀ ਭਾਲ ਦੀ ਦੌੜ੍ਹ ਵਿੱਚ ਲੱਗੇ ਹੋਏ ਹੋਣ ਉਸ ਸਮੇਂ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਦੇ ਚਾਲੂ ਸਾਲ ਵਿੱਚ ਆਉਣ ਵਾਲੇ ਗੁਰ ਪੁਰਬਾਂ ਦੀਆਂ ਤਾਰੀਕਾਂ ਸਬੰਧੀ ਹੀ ਆਪਸ ਵਿੱਚ ਇੱਕ ਮੱਤ ਨਹੀਂ ਹੋ ਸਕਦੇ ਤਾਂ ਕੀ ਇਹ ਆਪਣੇ ਆਪ ਨੂੰ ਬਿਬੇਕੀ ਤੇ ਨਵੇਂ ਯੁੱਗ ਦੇ ਧਰਮ ਦੇ ਵਾਰਸ ਅਖਵਾਉਣ ਦੇ ਹੱਕਦਾਰ ਹਨ ?

ਅਸਲ ਵਿੱਚ ਕੈਲੰਡਰ ਵਿਵਾਦ ਦਾ ਮੁੱਖ ਕਾਰਨ ਇਹੀ ਹੈ ਕਿ ਕੈਲੰਡਰ ਸਬੰਧੀ ਫ਼ੈਸਲਾ ਲੈਣ ਦੇ ਅਧਿਕਾਰੀ ਉਹ ਲੋਕ ਬਣੇ ਬੈਠੇ ਹਨ ਜਿਨ੍ਹਾਂ ਨੂੰ ਕੈਲੰਡਰ ਸਬੰਧੀ ਜਾਂ ਤਾਂ ਬਿਲਕੁਲ ਹੀ ਕੋਈ ਸੋਝੀ ਨਹੀਂ ਜਾਂ ਥੋੜ੍ਹੀ ਬਹੁਤ ਸੂਝ ਹੈ ਪਰ ਉਹ ਆਪਣੀ ਤੁੱਛ ਬੁੱਧੀ ਨੂੰ ਹੀ ਸਰਬੋਤਮ ਸਮਝ ਕੇ ਉਸ ਦੇ ਸਹਾਰੇ ਅੰਤਰਾਸ਼ਟਰੀ ਪੱਧਰ ਦੇ ਕੈਲੰਡਰ ਵਿਗਿਆਨੀ ਸਿੱਖ ਸ: ਪਾਲ ਸਿੰਘ ਪੁਰੇਵਾਲ ਨੂੰ ਕੈਲੰਡਰ ਵਿਗਿਆਨ ਤੋਂ ਕੋਰਾ ਕਾਮਰੇਡ ਕਹਿ ਕੇ ਭੰਡ ਰਹੇ ਹਨ।

‘ਨੀਮ ਹਕੀਮ, ਖ਼ਤਰਾ-ਏ-ਜਾਣ’ ਦੀ ਕਹਾਵਤ ਵਾਂਗ ਝਗੜੇ ਦਾ ਮੂਲ ਕਾਰਨ ਇਹ ਅਰਧ ਸਿੱਖਿਅਤ ਕੈਲੰਡਰ ਵਿਗਿਆਨੀ ਹੀ ਹਨ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਉਨ੍ਹਾਂ ਨੂੰ ਕੁਝ ਸਮਝਾਇਆ ਜਾ ਸਕਦਾ ਹੈ ਪਰ ਘੱਟ ਸੂਝ ਵਾਲੇ ਜਿਹੜੇ ਲੋਕ ਆਪਣੇ ਆਪ ਨੂੰ ਹੀ ਸਭ ਤੋਂ ਸਿਆਣੇ ਮਨੁੱਖ ਸਮਝ ਬੈਠਣ ਉਨ੍ਹਾਂ ਨੂੰ ਕਿਸੇ ਬੰਦੇ ਲਈ ਤਾਂ ਕੀ ਗੁਰੂ ਲਈ ਵੀ ਸਮਝਾਉਣਾ ਔਖਾ ਹੋ ਜਾਂਦਾ ਹੈ।

ਘੱਟ ਸੋਝੀ ਵਾਲੇ ਲੋਕ ਹਨ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿਆਸਤਦਾਨ ਅਤੇ ਤਖ਼ਤਾਂ ’ਤੇ ਬੈਠਾਏ ਹੋਏ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਹੋਏ ਜਥੇਦਾਰ; ਜਿਹੜੇ ਫ਼ੈਸਲੇ ਲੈਣ ਦੇ ਅਧਿਕਾਰੀ ਹਨ।  ਅੱਧ ਪਚੱਧੀ ਸੂਝ ਵਾਲੇ ਹਨ ‘ਕਰਨਲ ਸੁਰਜੀਤ ਸਿੰਘ ਨਿਸ਼ਾਨ, ਡਾ: ਅਨੁਰਾਗ ਸਿੰਘ ਅਤੇ ਇਨਾਂ ਵਰਗੇ ਇੱਕ ਦੋ ਹੋਰ ਵਿਦਵਾਨ’ ਜਿਹੜੇ ਸਮਝੀ ਬੈਠੇ ਹਨ ਕਿ ਕੈਲੰਡਰ ਵਿਗਿਆਨ ਦਾ ਜਿੰਨਾ ਗਿਆਨ ਉਨ੍ਹਾਂ ਪਾਸ ਹੈ ਓਨਾਂ ਦੁਨੀਆਂ ਦੇ ਹੋਰ ਕਿਸੇ ਵਿਦਵਾਨ ਕੋਲ ਨਹੀਂ; ਘੱਟ ਤੋਂ ਘੱਟ ਕਿਸੇ ਸਿੱਖ ਕੋਲ ਤਾਂ ਬਿਲਕੁਲ ਵੀ ਨਹੀਂ ਹੈ।  ਦੂਸਰੀ ਵੱਡੀ ਮੁਸ਼ਕਲ ਇਹ ਹੈ ਕਿ ਜਿਨ੍ਹਾਂ ਨੂੰ ਕੁਝ ਸਮਝਾਇਆ ਜਾ ਸਕਦਾ ਹੈ; ਉਹ ਫ਼ੈਸਲੇ ਲੈਂਦੇ ਹਨ ਇਨ੍ਹਾਂ ਅਰਧ ਸਿੱਖਿਅਤ ਵਿਦਵਾਨਾਂ ਦੀ ਸਾਲਾਹ ਨਾਲ। ਅੰਦਰਲੇ ਭਰੋਸੇਯੋਗ ਵਸੀਲਿਆਂ ਰਾਹੀਂ ਜਾਣਕਾਰੀ ਮਿਲੀ ਹੈ ਕਿ ਜਿਸ ਸਮੇਂ 24 ਨਵੰਬਰ 2017 ਨੂੰ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਪੰਜ ਸਿੰਘ ਸਾਹਿਬਾਨ ਇਹ ਫ਼ੈਸਲਾ ਕਰ ਰਹੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਆਉਣ ਵਾਲਾ ਗੁਰ ਪੁਰਬ ਪੋਹ ਸੁਦੀ 7 / 25 ਦਸੰਬਰ 2017 ਨੂੰ ਮਨਾਇਆ ਜਾਵੇ ਜਾਂ 23 ਪੋਹ / 5 ਜਨਵਰੀ 2018 ਨੂੰ ਤਾਂ ਉਸ ਵੇਲੇ ਗਿਆਨੀ ਇਕਬਾਲ ਸਿੰਘ ਪਟਨੇ ਵਾਲੇ ਨੂੰ ਛੱਡ ਕੇ ਬਾਕੀ ਦੇ ਚਾਰ ਸਿੰਘ ਸਾਹਿਬ 23 ਪੋਹ / 5 ਜਨਵਰੀ ਦੇ ਹੱਕ ਵਿੱਚ ਸਨ ਪਰ ਐਨ ਮੌਕੇ ’ਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਆਪਣੀ ਪੁਸਤਕ ‘ਗੁਰ ਪੁਰਬ ਦਰਪਣ’ ਲੈ ਕੇ ਪੰਜਾਂ ਦੀ ਮੀਟਿੰਗ ਵਿੱਚ ਸ਼ਾਮਲ ਹੋ ਗਿਆ, ਜਿਸ ਨੇ ਆਪਣੀ ਪੁਸਤਕ ਦੀ ਇੱਕ-ਇੱਕ ਕਾਪੀ ਪੰਜਾਂ ਨੂੰ ਦੇ ਦਿੱਤੀ ਤੇ ਉਨ੍ਹਾਂ ਨੂੰ ਇਹ ਵਹਿਮ ਪਾਉਣ ਵਿੱਚ ਸਫਲ ਹੋ ਗਿਆ ਕਿ ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਦੀਆਂ ਸਾਰੀਆਂ ਤਰੀਕਾਂ ਵਿੱਚ 4 ਤੋਂ 8 ਦਿਨਾਂ ਦੀ ਗ਼ਲਤੀ ਹੈ ਜਦੋਂ ਕਿ ਉਸ ਦੀ ਕਿਤਾਬ ਵਿੱਚ ਦਿੱਤੀਆਂ ਤਰੀਖਾਂ 100% ਸ਼ੁੱਧ ਹਨ। ਕੈਲੰਡਰ ਵਿਗਿਆਨ ਤੋਂ ਕੋਰੇ ਪੰਜਾਂ ਨੇ ਉਸ ਦੀ ਰਾਇ ਮੰਨ ਲਈ ਅਤੇ ਫ਼ੈਸਲਾ 25 ਦਸੰਬਰ ਦੇ ਹੱਕ ਵਿੱਚ ਸੁਣਾ ਦਿੱਤਾ।  ਜਿੱਥੇ ਉਮੀਦ ਬੱਝੀ ਸੀ ਕਿ ਨਾਨਕਸ਼ਾਹੀ ਸੰਮਤ 550 ਦਾ ਕੈਲੰਡਰ ਜਾਰੀ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਅਤੇ ਪੰਜ ਸਿੰਘ ਸਾਹਿਬਾਨ ਆਪਣੀ ਭੁੱਲ ਸੁਧਾਰਨ ਲਈ ਦੋਵਾਂ ਧਿਰਾਂ ਦੇ ਵਿਦਵਾਨਾਂ ਦੀ ਸਾਂਝੀ ਮੀਟਿੰਗ ਸੱਦ ਕੇ ਹਮੇਸ਼ਾਂ ਲਈ ਇਸ ਵਿਵਾਦ ਨੂੰ ਹੱਲ ਕਰਨ ਵੱਲ ਕਦਮ ਪੁੱਟ ਸਕਦੇ ਹਨ; ਉਹ 3 ਮਾਰਚ 2018 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੰਮਤ 550 ਦਾ ਕੈਲੰਡਰ ਰੀਲੀਜ਼ ਕਰ ਕੇ ਇਸ ਵਿਵਾਦ ਨੂੰ ਪਹਿਲਾਂ ਨਾਲੋਂ ਵੀ ਵੱਧ ਗੁੱਝਲਦਾਰ ਕਰ ਦਿੱਤਾ ਹੈ; ਕਿਉਂਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਨੂੰ ਕਰਨਲ ਨਿਸ਼ਾਨ ਦੀ ਪੁਸਤਕ ਵਿੱਚ ਦਿੱਤੀਆਂ ਤਰੀਖਾਂ ਨਾਲ ਮਿਲਾ ਕੇ ਵੇਖਿਆ ਗਿਆ ਤਾਂ ਉਸ ਵਿੱਚ 4 ਤਰੀਖਾਂ ਤਾਂ ਮੇਰੇ ਵਰਗੇ ਸਧਾਰਨ ਬੰਦੇ ਦੇ ਵੀ ਧਿਆਨ ਵਿੱਚ ਆ ਗਈਆਂ ਕਿ ਉਨ੍ਹਾਂ ਵਿੱਚ 1 ਤੋਂ 29 ਦਿਨਾਂ ਦਾ ਫ਼ਰਕ ਹੈ; ਜਿਨ੍ਹਾਂ ਦਾ ਵੇਰਵਾ ਇਸ ਦਿੱਤੇ ਗਏ ਚਾਰਟ ਵਿੱਚ ਵੇਖਿਆ ਜਾ ਸਕਦਾ ਹੈ।  ਮਿਲਾਣ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੈਲੰਡਰ ਅਤੇ ਕਰਨਲ ਨਿਸ਼ਾਨ ਦੀ ਪੁਸਤਕ ਦਾ ਪੰਨਾ ਨੰ: 85 ਦੀ ਫੋਟੋ ਕਾਪੀ ਨਾਲ ਦਿੱਤੀ ਹੋਈ ਹੈ :

   ਜੇਕਰ ਸ: ਪਾਲ ਸਿੰਘ ਪੁਰੇਵਾਲ ਵਰਗੇ ਵਿਦਵਾਨ ਨੇ ਇਸ ਕੈਲੰਡਰ ਨੂੰ ਪਰਖਣਾ ਹੋਵੇ ਤਾਂ ਉਹ ਅਨੇਕਾਂ ਹੋਰ ਗ਼ਲਤੀਆਂ ਇਸ ਕੈਲੰਡਰ ਵਿੱਚ ਲੱਭ ਕੇ ਵਿਖਾ ਸਕਦੇ ਹਨ ਕਿਉਂਕਿ ਪਿਛਲੇ ਸਾਲ ਅਮਰੀਕਾ ਵਿਖੇ ਮਿਤੀ 15 ਜੁਲਾਈ 2017 ਵਿਚ ਹੋਏ ਇੱਕ ਸੈਮੀਨਾਰ ਦੌਰਾਨ ਉਨ੍ਹਾਂ ਦਾਅਵਾ ਕੀਤਾ ਸੀ ਕਿ ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ‘ਗੁਰ ਪੁਰਬ ਦਰਪਣ’ ਵਿੱਚ 30% ਤਰੀਖਾਂ ਗ਼ਲਤ ਹਨ ਅਤੇ 70% ਤਰੀਖਾਂ ਸਹੀ ਹਨ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਜੇ ਉਹ 30% ਗ਼ਲਤ ਤਰੀਖਾਂ ਨੂੰ ਸਹੀ ਸਿੱਧ ਕਰਦੇ ਹਨ ਤਾਂ ਉਨ੍ਹਾਂ ਦੀਆਂ 100% ਤਰੀਖਾਂ ਹੀ ਗ਼ਲਤ ਹਨ। ਉਨ੍ਹਾਂ ਇਹ ਵੀ ਚੁਣੌਤੀ ਦਿੱਤੀ ਸੀ ਕਿ ਜੇ ਕਰਨਲ ਨਿਸ਼ਾਨ ਅੰਤਰਾਸ਼ਟਰੀ ਕੈਲੰਡਰ ਵਿਗਿਆਨੀਆਂ ਕੋਲ ਆਪਣੀਆਂ 100% ਤਰੀਖਾਂ ਸਹੀ ਸਿੱਧ ਕਰ ਦੇਣ ਤਾਂ ਉਹ (ਸ: ਪੁਰੇਵਾਲ) ਕਰਨਲ ਨਿਸ਼ਾਨ ਨੂੰ 5 ਲੱਖ ਡਾਲਰ ਇਨਾਮ ਵਜੋਂ ਦੇਣਗੇ।

ਹੁਣ ਜਿਨ੍ਹਾਂ ਨੀਮ ਹਕੀਮਾਂ ਦੇ ਨਾਮ ਇਸ ਲੇਖ ਵਿੱਚ ਲਿਖੇ ਹਨ ਉਨ੍ਹਾਂ ਤਾਂ ਕੁਝ ਸਮਝਣਾ ਨਹੀਂ ਪਰ ਸਮੁੱਚੀ ਸਿੱਖ ਕੌਮ ਦਾ ਇਹ ਫ਼ਰਜ ਜ਼ਰੂਰ ਬਣਦਾ ਹੈ ਕਿ ਕਰਨਲ ਨਿਸ਼ਾਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕੈਲੰਡਰ ਜਾਰੀ ਕਰਨ ਵਾਲਿਆਂ ਨੂੰ ਇਹ ਸਵਾਲ ਪੁੱਛਣ ਕਿ ਕਰਨਲ ਨਿਸ਼ਾਨ ਵੱਲੋਂ ‘ਗੁਰ ਪੁਰਬ ਦਰਪਣ’ ਵਿੱਚ ਦਿੱਤੀਆਂ ਤਰੀਖਾਂ ਗ਼ਲਤ ਹਨ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਕੈਲੰਡਰ ਵਿੱਚ ਕਿਉਂਕਿ ਵੱਖ ਵੱਖ ਹੋਣ ਕਰ ਕੇ ਦੋਵਾਂ ਦੀਆਂ ਤਰੀਖਾਂ ਤਾਂ ਠੀਕ ਹੋ ਨਹੀਂ ਸਕਦੀਆਂ, ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਦੀਆਂ ਤਰੀਖਾਂ ਤਾਂ ਗ਼ਲਤ ਜ਼ਰੂਰ ਹੋਣਗੀਆਂ ਹੀ।  ਹੁਣ ਅੰਤਰ ਰਾਸ਼ਟਰੀ ਵਿਦਵਾਨਾਂ ਕੋਲ ਜਾਣ ਦੀ ਵੀ ਲੋੜ ਨਹੀਂ ਰਹੇਗੀ ਕਿਉਂਕਿ ਫ਼ੈਸਲਾ ਸ਼੍ਰੋਮਣੀ ਕਮੇਟੀ/ਜਥੇਦਾਰ ਅਤੇ ਉਨ੍ਹਾਂ ਦੇ ਮੁੱਖ ਸਲਾਹਕਾਰ ਕਰਨਲ ਸੁਰਜੀਤ ਹੀ ਕਰ ਸਕਦੇ ਹਨ ਕਿ ਉਨ੍ਹਾਂ ਦੋਵਾਂ ਵਿੱਚੋਂ ਸਹੀ ਕੌਣ ਹੈ। ਇਹ ਸਵਾਲ ਵੀ ਪੁੱਛਣ ਕਿ ਜੇ ਕਰਨਲ ਨਿਸ਼ਾਨ ਦੀਆਂ ਤਰੀਖਾਂ ਗ਼ਲਤ ਹਨ ਤਾਂ ਉਹ ਅਜਿਹੇ ਨੀਮ ਹਮੀਮਾਂ ਦੀਆਂ ਸਲਾਹਾਂ ਮੰਨ ਕੇ ਸਮੁੱਚੀ ਸਿੱਖ ਕੌਮ ਨੂੰ ਗੁਰ ਪੁਰਬਾਂ ਸਬੰਧੀ ਹਮੇਸ਼ਾਂ ਹੀ ਦੁਬਿਧਾ ਵਿੱਚ ਕਿਉਂ ਫਸਾਈ ਰੱਖਣਾ ਚਾਹੁੰਦੇ ਹਨ ? ਅਤੇ ਜੇ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਤਰੀਖਾਂ ਗ਼ਲਤ ਹਨ ਤਾਂ ਕਰਨਲ ਨਿਸ਼ਾਨ ਅਤੇ ਡਾ: ਅਨੁਰਾਗ ਸਿੰਘ ਵਰਗੇ ਵਿਦਵਾਨ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਦੀ ਉਸ ਢੰਗ ਨਾਲ ਵਿਰੋਧਤਾ ਕਿਉਂ ਨਹੀਂ ਕਰਦੇ ਜਿਸ ਢੰਗ ਨਾਲ 2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰਦੇ ਆ ਰਹੇ ਹਨ ?

ਇਸ ਲੇਖ ਵਿੱਚ ਜਿਹੜੇ ਵਿਦਵਾਨਾਂ ਦੇ  ਨਾਮ ਲਿਖ ਕੇ ਟਿੱਪਣੀ ਕੀਤੀ ਹੈ ਅਤੇ ਸ਼੍ਰੋਮਣੀ ਕਮੇਟੀ/ਸਿੰਘ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਪੱਖ ਰੱਖਣ ਲਈ ਲੇਖ ਭੇਜਣ ਤਾਂ ਜੋ ਉਸਾਰੂ ਵਿਚਾਰ ਚਰਚਾ ਰਾਹੀਂ ਵਿਵਾਦ ਹੱਲ ਕਰਨ ਦੀ ਉਮੀਦ ਵਿੱਚ ਉਸ ਨੂੰ ਵੀ ਇਥੇ ਯੋਗ ਥਾਂ ਦਿੱਤੀ ਜਾਵੇਗੀ ਬਸ਼ਰਤੇ ਕਿ ਉਹ ਆਪਣੇ ਜਵਾਬੀ ਲੇਖ ਵਿੱਚ ਇਸ ਸਵਾਲ ਦਾ ਜਵਾਬ ਵੀ ਦੇਣ ਕਿ ਕਰਨਲ ਨਿਸ਼ਾਨ ਦੇ “ਗੁਰ ਪੁਰਬ ਦਰਪਣ” ਅਤੇ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿਚਲੀਆਂ ਤਰੀਕਾਂ ਵਿੱਚੋ ਕਿਹੜੀਆਂ ਗ਼ਲਤ ਹਨ ਅਤੇ ਉਨ੍ਹਾਂ ਗਲਤੀਆਂ ਦਾ ਕੀ ਕਾਰਨ ਹੈ ?

ਗਿਆਨੀ ਅਵਤਾਰ ਸਿੰਘ

Most Viewed Posts