ਦਾਨੀ

0
403

       ਦਾਨੀ

ਜਿੱਥੇ ਖੜ੍ਹ ਗਿਆ ਗੁਰੂ ਗੋਬਿੰਦ ਸਿੰਘ, ਨਾ ਕੋਈ ਹੋਰ ਖਲੋ ਸਕਦਾ,

ਦਸਮੇਸ਼ ਪਿਤਾ ਜੀ ਵਰਗਾ ਦਾਨੀ, ਦੁਨੀਆਂ ਵਿੱਚ ਨਹੀਂ ਹੋ ਸਕਦਾ।

ਪਹਿਲਾ ਦਾਨ ਪਿਤਾ ਦਾ ਕਰਿਆ, ਡੁੱਬਦਾ ਧਰਮ ਬਚਾਉਣ ਲਈ,

ਤਿਲਕ ਜੰਝੂ ਦੀ ਰਾਖੀ ਖਾਤਰ, ਸੀਸ ਦੀ ਭੇਟ ਚੜ੍ਹਾਉਣ ਲਈ।

ਕਿਹੜਾ ਬਾਲਕ ਨੌ ਸਾਲ ਦਾ ?  ਜੋ ਤੋੜ ਪਿਤਾ ਤੋਂ ਮੋਹ ਸਕਦਾ,

ਦਸਮੇਸ਼ ਪਿਤਾ ਜੀ ਵਰਗਾ ਦਾਨੀ, ਦੁਨੀਆਂ ਵਿੱਚ ਨਹੀਂ ਹੋ ਸਕਦਾ।

ਦੂਜੇ ਦਾਨ ਵਿੱਚ ਨਵਾਂ ਜੀਵਨ, ਸੀ ਦਿੱਤਾ ਪੰਜ ਪਿਆਰਿਆਂ ਨੂੰ,

ਧਰਮ ਯੁੱਧ ਦੀ ਖ਼ਾਤਰ, ਜਿਹੜੇ ਲਾਉਂਦੇ ਰਹੇ ਜੈਕਾਰਿਆਂ ਨੂੰ।

ਬੀਜਿਆ ਜਿਹੜਾ ਬੀਜ ਅਣਖ ਦਾ, ਹੋਰ ਨਹੀਂ ਕੋਈ ਬੋ ਸਕਦਾ,

ਦਸਮੇਸ਼ ਪਿਤਾ ਜੀ ਵਰਗਾ ਦਾਨੀ, ਦੁਨੀਆਂ ਵਿੱਚ ਨਹੀਂ ਹੋ ਸਕਦਾ।

ਤੀਜਾ ਦਾਨ ਚਮਕੌਰ ਸਾਹਿਬ ਵਿਚ ਕੀਤਾ ਵੱਡਿਆਂ ਲਾਲਾਂ ਦਾ,

ਨਾਲ ਜੁਗਤ ਦੇ ਮੂੰਹ ਮੋੜਿਆ ਸੀ ਦੁਸ਼ਮਣ ਦੀਆਂ ਚਾਲਾਂ ਦਾ।

ਤੱਕ ਕੇ ਲਾਸ਼ ਪੁੱਤਰ ਦੀ, ਜਿਹੜਾ ਹੁੰਝੂਆਂ ਤਾਈਂ ਲਕੋ ਸਕਦਾ,

ਦਸਮੇਸ਼ ਪਿਤਾ ਜੀ ਵਰਗਾ ਦਾਨੀ, ਦੁਨੀਆਂ ਵਿੱਚ ਨਹੀਂ ਹੋ ਸਕਦਾ।

ਚੌਥੇ ਦਾਨ ਵਿੱਚ ਨਿੱਕੀਆਂ ਜਿੰਦਾਂ, ਖੜ੍ਹ ਗਈਆਂ ਵਿੱਚ ਕੰਧ ਦੇ,

ਮਾਂ ਗੁਜ਼ਰੀ ਦਾ ਸਿਦਕ ਪਰਖਦੇ, ਠੰਢੇ ਠਾਰ ਬੁਰਜ ਸਰਹੰਦ ਦੇ।

ਕੀਤਾ ਸੀ ਹਰ ਜ਼ੁਲਮ ਜ਼ਾਲਮਾਂ, ਉਹਨਾਂ ਤੋਂ ਹੋ ਜੋ ਸਕਦਾ,

ਦਸਮੇਸ਼ ਪਿਤਾ ਜੀ ਵਰਗਾ ਦਾਨੀ, ਦੁਨੀਆਂ ਵਿੱਚ ਨਹੀਂ ਹੋ ਸਕਦਾ।

ਮਹਾਂ ਦਾਨ ਵਿੱਚ ਗਿਣਿਆ ਜਾਂਦਾ, ਦਾਨ ਇਹ ਬਾਜ਼ਾਂ ਵਾਲੇ ਦਾ,

ਨਹੀਂ ਭੁਲਾਇਆ ਜਾ ਸਕਦਾ, ਅਹਿਸਾਨ ਇਹ ਬਾਜ਼ਾਂ ਵਾਲੇ ਦਾ।

ਪੰਥ ਵਾਸਤੇ ਜਿਹੜਾ ਆਪਣਾ, ਸਾਰਾ ਕੁੱਝ ਹੀ ਖੋਹ ਸਕਦਾ।

ਦਸਮੇਸ਼ ਪਿਤਾ ਜੀ ਵਰਗਾ ਦਾਨੀ, ਦੁਨੀਆਂ ਵਿੱਚ ਨਹੀਂ ਹੋ ਸਕਦਾ।

ਸਰਬੰਸ ਵਾਰ ਕੇ ਸਾਰਾ, ਜਿਸ ਨੇ ਰੱਬ ਦਾ ਸ਼ੁਕਰ ਮਨਾਇਆ,

‘ਚੋਹਲੇ’ ਪਿੰਡ ਦੇ ‘ਬੱਗੇ’ ਨੇ ਹੈ, ਉਸ ਨੂੰ ਸੀਸ ਨਿਵਾਇਆ।

ਕੁਰਬਾਨੀ ਦੀ ਮਾਲਾ ਵਿੱਚ ਜੋ ਲਖਤੇ ਜਿਗਰ ਪਰੋ ਸਕਦਾ।

ਦਸਮੇਸ਼ ਪਿਤਾ ਜੀ ਵਰਗਾ ਦਾਨੀ, ਦੁਨੀਆਂ ਵਿੱਚ ਨਹੀਂ ਹੋ ਸਕਦਾ।

          —-0—-

-ਰਮੇਸ਼ ਬੱਗਾ ਚੋਹਲਾ, #1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ: 94631-32719