ਸਿੱਖਾਂ ਨੂੰ ਮੌਤ ਤੋਂ ਡਰ ਕਿਉਂ ਨਹੀਂ ਲਗਦਾ ?

0
549

ਸਿੱਖਾਂ ਨੂੰ ਮੌਤ ਤੋਂ ਡਰ ਕਿਉਂ ਨਹੀਂ ਲਗਦਾ ?

                    – ਗੁਰਪ੍ਰੀਤ ਸਿੰਘ (USA)

ਜਗਤ ਗੁਰੂ ਨਾਨਕ ਦੇਵ ਜੀ ਨੇ ਅੰਦਰੂਨੀ ਰਹੱਸਵਾਦ ਤੋਂ ਪਰਦਾ ਚੁੱਕ ਕੇ ਲੁਕਾਈ ਨੂੰ ਅਧਿਆਤਮਿਕ ਸੱਚ ਨਾਲ ਜੋੜਨ ਲਈ ਜਿੱਥੇ ਉਦਾਸੀਆਂ ਕੀਤੀਆਂ, ਉੱਥੇ ਹੀ ਵਿਹਾਰਿਕ ਤੌਰ ’ਤੇ  ਗ੍ਰਹਿਸਤ ’ਚ ਵਿਚਰ ਕੇ, ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੀ ਸਰਬੋਤਮ ਜੀਵਨ ਜਾਚ ਵੀ ਸਿਖਾਈ।  ਸੰਸਾਰ ਸਾਗਰ ’ਚੋਂ ਸ਼ਬਦ-ਸੁਰਤ ਦੇ ਸੁਮੇਲ ਰਾਹੀਂ ਬਣੇ ਚੱਪੂਆਂ ਨਾਲ ਕਿਵੇਂ ਪਾਰ ਹੋਈਦਾ ਹੈ; ਅਜਿਹੀ ਅਨਮੋਲਕ ਸਿੱਖਿਆ ਨੂੰ ਬਹੁਤ ਹੀ ਸਰਲ ਢੰਗ ਨਾਲ ਪੇਸ਼ ਕੀਤਾ :

ਜੈਸੇ ਜਲ ਮਹਿ, ਕਮਲੁ ਨਿਰਾਲਮੁ; ਮੁਰਗਾਈ ਨੈ ਸਾਣੇ॥

ਸੁਰਤਿ ਸਬਦ,  ਭਵ ਸਾਗਰ ਤਰੀਐ; ਨਾਨਕ ਨਾਮੁ ਵਖਾਣੈ॥ (ਮ:੧/੯੩੮)

ਗੁਰੂ ਸਾਹਿਬ ਜੀ ਨੇ ਕਰਤਾਰਪੁਰ (ਪਾਕਿਸਤਾਨ) ਵਿਖੇ ਸਤਸੰਗਤਿ (ਮਿਲਿ ਸਤਸੰਗਤਿ ਹਰਿ ਪਾਈਐ..॥ ਮ: ੧/੨੨) ਦੀ ਮਹਾਨਤਾ ਦਰਸਾਉਣ ਲਈ ਅਠਾਰਾਂ ਸਾਲ (੧੫੨੧-੧੫੩੯) ਸੰਗਤ ਵਿੱਚ ਬੈਠ ਕੇ ਸਤਸੰਗ ਕੀਤਾ ਪਰ ਨਾਲ ਹੀ ਬ੍ਰਹਮ ਨਾਲ ਅਭੇਦਤਾ (ਅਨੁਭਵ) ਵਾਸਤੇ ਨਿੱਜੀ ਆਧਾਰ ’ਤੇ ਸ਼ੁੱਭ ਅਮਲਾਂ ਨੂੰ ਕਮਾਉਣ ਦੀ ਲੋੜ ’ਤੇ ਵੀ ਜੋਰ ਦਿੱਤਾ :

ਕਰਮਾ ਉਪਰਿ ਨਿਬੜੈ, ਜੇ ਲੋਚੈ ਸਭੁ ਕੋਇ॥ (ਮ:੧/੧੫੬)

ਕਰਮੀ ਆਪੋ ਆਪਣੀ; ਕੇ ਨੇੜੈ, ਕੇ ਦੂਰਿ॥ (ਮ:੧/੮)

ਮਾਇਆ ਦੇ ਤਿੰਨ ਗੁਣਾਂ (ਰਜੋ, ਤਮੋ, ਸਤੋ) ਵਾਲੇ ਮੰਦੇ- ਚੰਗੇ ਕਰਮ ਕਰਦਿਆਂ, ਅੰਤ ਜਦ ਜੀਵ ਦਾ ਸਰੀਰਕ ਵਿਛੋੜਾ ਹੁੰਦਾ ਹੈ ਤਾਂ ਸਾਕ ਸੰਬੰਧੀ ਵਿਰਾਗ ਵਿੱਚ ਆ ਕੇ ਰੋਂਦੇ ਹਨ ਪਰ ਗੁਰੂ ਨਾਨਕ ਦੇਵ ਜੀ ਸਾਨੂੰ ਅਜਿਹੇ ਵਿਰਲਾਪ ਦੀ ਅਸਲ ਤਸਵੀਰ ਵਿਖਾਉਣ ਲਈ ਫ਼ੁਰਮਾਉਂਦੇ ਹਨ :

 ਭੈ ਰੋਵੈ, ਗੁਣ ਸਾਰਿ ਸਮਾਲੇ; ਕੋ ਮਰੈ ਨ, ਮੁਇਆ ਨਾਲੇ ॥ ਨਾਨਕ ! ਜੁਗਿ ਜੁਗਿ ਜਾਣ ਸਿਜਾਣਾ; ਰੋਵਹਿ ਸਚੁ ਸਮਾਲੇ॥  (ਮ:੧/੫੮੨)

ਵਾਕਿਆ ਈ ਇਨਸਾਨ (ਵਿਛੜੇ ਪ੍ਰਾਣੀ ਤੋਂ ਬਿਨਾਂ) ਦੁਨੀਆਦਾਰੀ ਵਿੱਚ ਵਾਪਰਨ ਵਾਲੇ ਸੰਭਾਵੀ ਦੁੱਖਾਂ ਦੇ ਡਰ (ਨਿੱਜੀ ਸਵਾਰਥ ਤੇ ਫ਼ਿਕਰ) ਕਰ ਕੇ ਰੋਂਦਾ ਹੈ ਪਰ ਜਦ ਤੱਕ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਹੈ ਤਦ ਤੱਕ ਬਿਰਹੋਂ (ਬੈਰਾਗ) ਦੀ ਅਵਸਥਾ  (ਦੁਬਿਧਾ ਵਿਚਿ ਬੈਰਾਗੁ ਨ ਹੋਵੀ.. ॥ ਮ: ੧/੬੩੪) ਪੈਦਾ ਨਹੀਂ ਹੋ ਸਕਦੀ। ਜੰਮਣ ਮਰਨ ਦਾ ਦਸਤੂਰ ਤਾਂ ਇੰਝ ਹੀ ਚੱਲਦਾ ਰਹਿਣਾ ਹੈ ਪਰ ਉਹ ਪ੍ਰਾਣੀ ਹੀ ਅਸਲ ਵਿੱਚ ਸਿਆਣੇ ਹਨ, ਜਿਹੜੇ ਆਪਾ ਮਾਰ ਕੇ (ਹਉਮੈਂ ਵੱਲੋਂ ਮਰ ਕੇ) ਮਾਇਆ ਦੇ ਮੋਹ ਤੋਂ ਉਦਾਸ ਹੋ ਜਾਂਦੇ ਹਨ।  ਅਜਿਹੇ ਪ੍ਰਾਣੀਆਂ ਨੂੰ ਆਪਣੇ ਹਿਰਦੇ ਵਿੱਚ ਦੁੱਖ ਤੇ ਸੁੱਖ, ਇੱਕੋ ਜਿਹੇ ਹੀ ਜਾਪਣ ਲੱਗ ਪੈਂਦੇ ਹਨ।

ਹਥਲੇ ਲੇਖ ਦਾ ਵਿਸ਼ਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਸਿੱਖਿਆ ਬਾਰੇ ਵਿਚਾਰ ਕਰਨਾ ਹੈ ਕਿ ਮੌਤ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਅਤੇ ਕਿਸੇ ਸੰਬੰਧੀ (ਪ੍ਰਾਣੀ) ਦੇ ਮਰਨ (ਅਕਾਲ ਚਲਾਣਾ) ’ਤੇ ਰੋਣਾ, ਪਿੱਟਣਾ ਬਿਲਕੁਲ ਵਿਅਰਥ ਹੈ। ਪ੍ਰਭੂ ਦੇ ਮਿਲਾਪ ਦੀ ਖ਼ਾਤਰ ਉਸ ਦੇ ਪਿਆਰ ਵਿੱਚ ਜੋ ਅਨੁਭਵ ਕੀਤਾ ਜਾਵੇ, ਉਸ ਨੂੰ ਹੀ ਸੱਚਾ ਵਿਰਾਗ ਮੰਨਿਆ ਜਾ ਸਕਦਾ ਹੈ।  ਜਨਮ ਵਾਂਗ ਮੌਤ ਵੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਵਾਪਰਦੀ ਹੈ ਅਤੇ ਅਕਾਲ ਪੁਰਖ ਦੀ ਰਜ਼ਾ ਵਿੱਚ ਤੁਰਿਆਂ, ਮੌਤ ਨੂੰ ਵੀ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਸਤਿਗੁਰੂ ਨਾਨਕ ਜੀ, ਅਜਿਹੇ ਮੌਕੇ ਰੋਣ- ਧੋਣ ਤੇ ਹੋਰ ਕਰਮਕਾਂਡਾਂ ਤੋਂ ਵਰਜਦੇ ਹਨ ਤੇ ਕੇਵਲ ਅਰਦਾਸ ਦਾ ਪੱਲਾ ਫੜਨ ਨੂੰ ਉਚਿਤ ਸਮਝਦੇ ਹਨ ਕਿਉਂਕਿ ਅਰਦਾਸ ਨਾਲ ਮਨ ਦੀ ਅਡੋਲਤਾ ਵੀ ਕਾਇਮ ਰਹਿੰਦੀ ਹੈ ਅਤੇ ਰੱਬੀ ਹੁਕਮ ਦੀ ਸਮਝ ਭਾਵ ਕਿ ਚਾਰੇ ਪਾਸੇ ਰੱਬੀ ਨੂਰ (ਵਿਸ਼ਾਲਤਾ) ਦਾ ਅਹਿਸਾਸ ਵੀ ਹੁੰਦਾ ਹੈ। ਗੁਰੂ ਬਾਬਾ ਜੀ ਸਦੜਾ (ਗੁਹਾਰ) ਲਗਾਉਂਦੇ ਹਨ :

ਬਾਬਾ ! ਆਵਹੁ ਭਾਈਹੋ!  ਗਲਿ ਮਿਲਹ; ਮਿਲਿ ਮਿਲਿ ਦੇਹ ਆਸੀਸਾ (ਅਰਦਾਸ) ਹੇ ॥

ਬਾਬਾ!  ਸਚੜਾ ਮੇਲੁ ਨ ਚੁਕਈ; ਪ੍ਰੀਤਮ ਕੀਆ ਦੇਹ ਅਸੀਸਾ ਹੇ ॥ (ਮ:੧/੫੮੨)

ਸਤਿਗੁਰੂ ਨਾਨਕ ਪਾਤਸ਼ਾਹ ਦੀ ਦਿਆਲਤਾ ਤੇ ਦੂਰ- ਦਰਸ਼ਤਾ (ਦੂਰ-ਅੰਦੇਸ਼ੀ) ਵੇਖੋ;  ਨਿਤਨੇਮ ਦੇ ਜ਼ਰੀਏ ਸਿੱਖ ਲਈ ਇਹ ਲਾਜ਼ਮੀ ਕਰ ਦਿੱਤਾ ਗਿਆ ਕਿ ਸਿੱਖ ਰਾਤ ਨੂੰ ਸੌਣ ਤੋਂ ਪਹਿਲਾਂ, ਰੋਜ਼ਾਨਾ ਮੌਤ ਨੂੰ ਚੇਤੇ ਰੱਖ ਕੇ ਪ੍ਰਮਾਤਮਾ ਨਾਲ ਮਿਲਾਪ ਲਈ ਜੋਦੜੀ ਕਰੇ। ਸਿੱਖ ਹਮੇਸ਼ਾ ਇਹ ਚੇਤੇ ਰੱਖੇ ਕਿ ਮੌਤ ਦੀ ਸਾਹੇ ਨੁਮਾ ਚਿੱਠੀ ਹਰੇਕ ਘਰ ਵਿੱਚ ਆ ਰਹੀ ਹੈ। ਇਹ ਸੱਦੇ ਨਿੱਤ ਪੈ ਰਹੇ ਹਨ ਭਾਵ ਕਿ ਸਾਡਾ ਵੀ ਉਹ ਦਿਹਾੜਾ ਨੇੜੇ ਆ ਰਿਹਾ ਹੈ ਕਿਉੁਂਕਿ ਸਾਡੇ ਮਰਨ ਦਾ ਦਿਨ (ਮਰਣੁ ਲਿਖਾਇ ਆਏ; ਨਹੀ ਰਹਣਾ ॥ (ਮ: ੧/੧੫੩), ਮਰਣੁ ਲਿਖਾਇ; ਮੰਡਲ ਮਹਿ ਆਏ ॥ ਮ: ੧/੬੮੫)  ਤਾਂ ਪਹਿਲਾਂ ਹੀ ਲਿਖਿਆ ਪਿਆ ਹੈ :

ਸੰਬਤਿ ਸਾਹਾ ਲਿਖਿਆ; ਮਿਲਿ ਕਰਿ ਪਾਵਹੁ ਤੇਲੁ ॥

ਦੇਹੁ ਸਜਣ ! ਅਸੀਸੜੀਆ; ਜਿਉ ਹੋਵੈ, ਸਾਹਿਬ ਸਿਉ ਮੇਲੁ ॥

ਘਰਿ ਘਰਿ ਏਹੋ ਪਾਹੁਚਾ; ਸਦੜੇ ਨਿਤ ਪਵੰਨਿ ॥

ਸਦਣਹਾਰਾ ਸਿਮਰੀਐ; ਨਾਨਕ !  ਸੇ ਦਿਹ ਆਵੰਨਿ ॥ (ਮ:੧/੧੨)

ਗੁਰੂ ਸਾਹਿਬ ਜੀ ਨੇ ਸਿੱਖਾਂ ਦੇ ਆਚਰਨ ਨੂੰ ਉੱਚਾ, ਸੁੱਚਾ ਅਤੇ ਪ੍ਰਫੁਲਿਤ ਕਰਨ ਲਈ ਮੁਕਤੀ ਬਾਰੇ ਪ੍ਰਚਲਿਤ ਖ਼ਿਆਲਾਂ ਨੂੰ ਬਦਲ ਕੇ ਸਮਝਾਇਆ ਕਿ ਵਿਕਾਰਾਂ ਵੱਲੋਂ ਖਲਾਸੀ ਹੀ ਅਸਲ ਮੁਕਤੀ ਹੈ।  ਗੁਰੂ ਸਾਹਿਬ ਜੀ ਇਸ ਵਿਸ਼ੇ ਨੂੰ ਸਪਸ਼ਟ ਕਰਨ ਲਈ ਪਹਿਲਾਂ ਪ੍ਰਸ਼ਨ ਕਰਦੇ ਹਨ :

ਕਿਉ ਬਾਧਿਓ ? ਕਿਉ ਮੁਕਤੀ ਪਾਵੈ ? ॥  ਕਿਉ, ਅਬਿਨਾਸੀ ਸਹਜਿ ਸਮਾਵੈ ?॥ (ਮ: ੧/੧੫੨)

ਤੇ ਫਿਰ ਉੱਤਰ ਬਖਸ਼ਦੇ ਹਨ :

ਮਨ ਤੇ ਉਪਜੈ; ਮਨ ਮਾਹਿ ਸਮਾਇ ॥ ਗੁਰਮੁਖਿ ਮੁਕਤੋ; ਬੰਧੁ ਨ ਪਾਇ ॥ (ਮ: ੧/੧੫੨)

ਭਾਵ ਕਿ ਮਨ ਦੇ ਵਿੱਚ ਹੀ ਵਿਕਾਰਾਂ ਅਤੇ ਵਾਸ਼ਨਾ ਨੂੰ ਮਾਰਨ (ਮਨ ਮਾਰਨਾ) ਅਥਵਾ ਮਨ ਨੂੰ ਜਿੱਤਣਾ ਹੀ ਅਸਲ ਆਜ਼ਾਦੀ ਹੈ, ਪਰ ਅਜਿਹੀ ਅਵਸਥਾ ਨੂੰ ਦ੍ਰਿੜ੍ਹ ਕਰਵਾਉਣ ਲਈ ਇਹ ਜ਼ਰੂਰੀ ਹੈ ਕਿ ਨਿਰਮਲ ਪੰਥ ਦੇ ਅਨੁਯਾਈਆਂ ਦੇ ਮਨ ’ਚੋਂ ਸਰੀਰਕ ਮੌਤ ਦਾ ਡਰ ਦੂਰ ਕਰਨ ਦੇ ਨਾਲ ਹੀ ਆਤਮਿਕ ਅਤੇ ਸਰੀਰਕ ਮੌਤ ਵਿਚਲਾ ਨਿਖੇੜਾ ਵੀ ਸਪੱਸ਼ਟ ਕੀਤਾ ਜਾਵੇ। ਇਸ ਮੰਤਵ ਲਈ ਗੁਰੂ ਜੀ ਨੇ ਸਭ ਤੋਂ ਪਹਿਲਾਂ ਤਾਂ ਸਾਨੂੰ ਰੱਬੀ ਨਿਯਮ ਤੋਂ ਜਾਣੂ ਕਰਵਾਇਆ ਕਿ ਜੋ ਵੀ ਉਪਜਦਾ ਹੈ, ਉਹ ਇੱਕ ਨਾ ਇੱਕ ਦਿਨ ਬਿਨਸ ਜਾਂਦਾ ਹੈ ਪਰ ਜੀਅਰਾ (ਜੀਵਾਤਮਾ) ਮਰਨ ਵਾਲਾ ਨਹੀਂ ਹੈ। ਇਹ ਸਾਰੀ ਖੇਡ ਨਿਰੰਕਾਰ ਦੇ ਹੁਕਮ ਅੰਦਰ ਹੀ ਹੁੰਦੀ ਹੈ। ਇਸ ਅਟੱਲ ਸੱਚਾਈ ਨੂੰ ਪਾਤਸ਼ਾਹ ਹੇਠ ਲਿਖੇ ਗੁਰ-ਵਾਕਾਂ ਰਾਹੀਂ ਪ੍ਰਕਾਸ਼ ਕਰਦੇ ਹਨ :

ਜੋ ਆਇਆ, ਸੋ ਚਲਸੀ;  ਸਭੁ ਕੋਈ, ਆਈ ਵਾਰੀਐ॥ (ਮ:੧/੪੪੪)

ਜੋ ਆਇਆ, ਸੋ ਚਲਸੀ॥  ਅਮਰੁ ਸੁ ਗੁਰ ਕਰਤਾਰ॥ (ਮ:੧/੬੩)

ਹੁਕਮੇ ਆਵੈ, ਹੁਕਮੇ ਜਾਇ॥ ਆਗੈ ਪਾਛੈ, ਹੁਕਮਿ ਸਮਾਇ॥ (ਮ: ੧/੧੫੧)

ਉਪਰੰਤ ਗੁਰੂ ਸਾਹਿਬ ਜੀ ਨੇ ਮਨੁੱਖ ਨੂੰ ਗੁਰ ਸ਼ਬਦ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਕਿਉਂਕਿ ਸ਼ਬਦ ਨਾਲ ਪਿਆਰ ਦੀ ਘਾਟ (ਮਾਇਆ ਦੇ ਮੋਹ ਵਿੱਚ ਉਲਝ ਕੇ) ਹੀ ਆਤਮਿਕ ਮੌਤ ਦਾ ਕਾਰਨ ਬਣਦੀ ਹੈ ਜਾਂ ਦੂਜੇ ਸ਼ਬਦਾਂ ’ਚ ਕਹਿ ਸਕਦੇ ਹਾਂ ਕਿ ਆਤਮਿਕ ਮੌਤ ਤੋਂ ਬਚਣ ਲਈ ਗੁਰ ਸ਼ਬਦ ਨਾਲ ਜੁੜਨਾ ਅਤਿ ਜ਼ਰੂਰੀ ਹੈ :

ਸਬਦਿ ਮਰੈ, ਸੋ ਮਰਿ ਰਹੈ; ਫਿਰਿ ਮਰੈ ਨ ਦੂਜੀ ਵਾਰ॥

ਸਬਦੈ ਹੀ ਤੇ ਪਾਈਐ; ਹਰਿ ਨਾਮੇ ਲਗੈ ਪਿਆਰੁ॥

ਬਿਨੁ ਸਬਦੈ, ਜਗੁ ਭੁਲਾ ਫਿਰੈ; ਮਰਿ ਜਨਮੈ ਵਾਰੋ ਵਾਰ॥  (ਮ:੧/੫੮)

ਉਕਤ ਤੁਕ ਰਾਹੀਂ ਗੁਰੂ ਸਾਹਿਬ ਜੀ ਸਾਨੂੰ ਸਾਵਧਾਨ ਵੀ ਕਰਦੇ ਹਨ ਕਿ ਜਿਵੇਂ ਦਰਿਆ ਦੇ ਕੰਢੇ ’ਤੇ ਬਾਹਰ ਬੈਠਿਆਂ ਪਾਣੀ ਦੀ ਸ਼ੀਤਲਤਾ ਭਾਵ ਪਾਣੀ ਦੇ ਗੁਣਾਂ ਦਾ ਅਹਿਸਾਸ ਨਹੀਂ ਹੋ ਸਕਦਾ, ਤਿਵੇਂ ਹੀ ਗਿਆਨ ਦੀਆਂ ਗੱਲਾਂ ਨਿਰੀਆਂ ਕਹਿਣ ਸੁਣਨ ਨਾਲ ਕੁਝ ਨਹੀਂ ਬਣਦਾ।  ਇਸ ਸੂਖਮ (ਮਹੀਨ/ਬਰੀਕ) ਮਾਰਗ ’ਤੇ ਚੱਲਣ ਲਈ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਕੇ (ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਆਪਣਾ ਆਪ ਰੰਗਿਆਂ ਹੀ ਆਤਮਿਕ ਮੌਤ ਤੋਂ ਖਲਾਸੀ ਹੁੰਦੀ ਹੈ। ਗੁਰੂ ਸਾਹਿਬ ਜੀ ਬਹੁਤ ਪਿਆਰੇ ਬਚਨ ਬਿਆਨ ਕਰ ਰਹੇ ਹਨ :

ਮਰਣ ਮੁਕਤਿ ਗਤਿ; ਸਾਰ ਨ ਜਾਨੈ ॥  ਕੰਠੇ ਬੈਠੀ; ਗੁਰ ਸਬਦਿ ਪਛਾਨੈ ॥ (ਮ: ੧/੧੨੭੫)

ਸੋ, ਸਪਸ਼ਟ ਹੈ ਕਿ ਸ਼ਬਦ ਗੁਰੂ ਦੀ ਟੇਕ ਅਤੇ ਪ੍ਰਭੂ ਦੀ ਸਿਫ਼ਤ ਸਲਾਹ; ਮਨੁੱਖੀ ਤਨ ਦੇ ਭਸਮ ਹੋਣ ਤੋਂ ਬਾਅਦ ਸੰਭਵ ਹੀ ਨਹੀਂ ਹੈ। ਗੁਰੂ ਦੇ ਚਰਨਾਂ ’ਚ ਨਿਵਾਸ ਰੱਖਣ ਵਾਲਾ ਰੁਤਬਾ (ਸੁਭਾਅ) ਸਵਾਸਾਂ ਦੀ ਪੂੰਜੀ ਦੇ ਬਾਕੀ ਰਹਿੰਦਿਆਂ ਹੀ ਵਿਕਸਿਤ ਕਰਨਾ ਹੁੰਦਾ ਹੈ। ਆਪਣਾ ਆਪ ਪਛਾਣ ਕੇ ਭਾਵ ਆਪਣੇ ਆਤਮਿਕ ਜੀਵਨ ਦੀ ਪੜਚੋਲ ਕਰਨ ਵਾਲਾ ਪ੍ਰਾਣੀ, ਜਿਊਂਦੇ ਜੀਅ ਹੀ ਆਪਣਾ ਮਰਨ ਵੀ ਆਪ ਹੀ ਸੰਵਾਰ ਸਕਦਾ ਹੈ; ਜਿਵੇਂ ਕਿ ਗੁਰ ਵਾਕ ਹੈ :

ਆਪੁ ਪਛਾਣੈ, ਹਰਿ ਮਿਲੈ; ਬਹੁੜਿ ਨ ਮਰਣਾ ਹੋਇ ॥ (ਮ: ੧/੧੪੧੦)

ਮਨੁੱਖਾ ਜੀਵਨ ਵਿੱਚ ਜਦ ਵੀ ਕੋਈ ਚੰਗੀ ਆਦਤ ਅਪਣਾਉਣੀ ਹੋਵੇ ਤਾਂ ਉਸ ਨੂੰ ਮੁੜ-ਮੁੜ ਕੇ ਦੁਹਰਾਉਣਾ ਚਾਹੀਦਾ ਹੈ ਤਾਂ ਜੋ ਨਵੀਂ ਆਦਤ ਅਵਚੇਤਨ ਮਨ ਦਾ ਹਿੱਸਾ ਬਣ ਕੇ, ਸਹਿਜ ਸੁਭਾਅ ਵਾਲਾ ਇੱਕ ਵਤੀਰਾ ਬਣ ਜਾਵੇ। ਗੁਰੂ ਨਾਨਕ ਸਾਹਿਬ ਜੀ ਇੱਕ ਮਹਾਨ ਮਨੋਵਿਗਿਆਨੀ ਵਾਂਗ ਭੁੱਲਣਹਾਰ ਮਨੁੱਖ ਨੂੰ, ਉਸ ਦੇ ਜੀਵਨ ’ਚ ਵਾਪਰ ਰਹੇ ਸੱਚ (ਵਰਤਾਉ) ਬਾਰੇ ਵੀ ਵਾਰ- ਵਾਰ ਚੇਤੇ ਕਰਵਾਉਂਦੇ ਹਨ ਕਿ ਹੇ ਪ੍ਰਾਣੀ ! ਵੇਖ, ਤੂੰ ਕਿਵੇਂ ਖਾਣ, ਪੀਣ, ਹੱਸਣ, ਸੌਣ ਆਦਿ ਦੇ ਆਹਰ ਵਿੱਚ ਲੱਗ ਕੇ ਮੌਤ ਨੂੰ ਭੁੱਲ ਗਿਆ ਹੈਂ ਤੇ ਮਾਲਕ ਨੂੰ ਵਿਸਾਰ ਕੇ ਖ਼ੁਆਰ ਹੋ ਰਿਹਾ ਹੈਂ :

ਖਾਣਾ ਪੀਣਾ ਹਸਣਾ ਸਉਣਾ; ਵਿਸਰਿ ਗਇਆ ਹੈ ਮਰਣਾ॥

ਖਸਮੁ ਵਿਸਾਰਿ, ਖੁਆਰੀ ਕੀਨੀ; ਧ੍ਰਿਗੁ ਜੀਵਣੁ, ਨਹੀ ਰਹਣਾ॥  (ਮ:੧/੧੨੫੪)

ਗੁਰੂ ਜੀ ਅਗਾਂਹ ਹੋਰ ਸਮਝਾਉਂਦੇ ਹਨ ਕਿ ਜੀਵਨ ਦੇ ਅਜਿਹੇ ਹਾਲਾਤਾਂ ਜਾਂ ਮਨ ਦੀ ਅਜਿਹੀ ਅਵਸਥਾ ਕਰ ਕੇ, ਮੌਤ ਨੂੰ ਮਾੜਾ ਕਿਉਂ ਕਹਿੰਦੇ ਹੋ ?

ਮਰਣੁ ਨ ਮੰਦਾ ਲੋਕਾ ! ਆਖੀਐ; ਜੇ ਮਰਿ ਜਾਣੈ, ਐਸਾ ਕੋਇ॥ (ਮ: ੧/੫੪੯)

ਪ੍ਰਮਾਤਮਾ ਵੱਲੋਂ ਪਏ ਆਪਣੇ ਵਿਛੋੜੇ ਨੂੰ ਚੇਤੇ ਕਰ ਕੇ ਪ੍ਰਮਾਤਮਾ ਦਾ ਸਦਾ ਥਿਰ ਰਹਿਣ ਵਾਲਾ ਨਾਮ ਸਿਮਰਨਾ ਚਾਹੀਦਾ ਹੈ।  ਗੁਰਮਤਿ ਮੁਤਾਬਕ ਇਸੇ ਜੁਗਤ ਨੂੰ ਜਿਊਂਦੇ ਜੀਅ ਮਰਨਾ ਕਹਿੰਦੇ ਹਨ। ਕਰਤਾਰ ਦੇ ਪ੍ਰੇਮ ਵਿੱਚ ਭਿੱਜਿਆਂ ਤੇ ਉਸ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ ਸੰਸਾਰ ਅੰਦਰ ਕਾਰ-ਵਿਹਾਰ ਕਰਦਿਆਂ, ਜਿਹੜੇ ਪ੍ਰਾਣੀ ਜਿਊਂਦਿਆਂ ਹੀ ਨਿਰੰਕਾਰ ਦੇ ਦਰ ਪ੍ਰਵਾਨ ਹੋ ਕੇ ਸਰੀਰਕ ਮੌਤੇ ਮਰਦੇ ਹਨ, ਉਹ ਹੀ ਅਸਲ ਵਿੱਚ ਸੂਰਮੇ ਹਨ ਤੇ ਉਹਨਾਂ ਦਾ ਹੀ ਮਰਨਾ ਸਲਾਹੁਣਯੋਗ ਹੋ ਨਿਬੜਦਾ ਹੈ :

ਮਰਣੁ ਮੁਣਸਾ ਸੂਰਿਆ ਹਕੁ ਹੈ; ਜੋ ਹੋਇ ਮਰਨਿ ਪਰਵਾਣੋ ॥  (ਮ:੧/੫੪੯-੫੮੦)

ਵਾਕਿਆ ਈ ਨਿਰੰਕਾਰ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨਣ ਵਾਲਾ ਗੁਰਸਿੱਖ ਬੰਦ-ਬੰਦ ਕਟਵਾ ਕੇ ਵੀ ਆਤਮਿਕ ਅਡੋਲਤਾ ਦੀ ਅਦੁੱਤੀ ਮਿਸਾਲ ਪੈਦਾ ਕਰ ਜਾਂਦਾ ਹੈ। ਗੁਰੂ ਸਾਹਿਬ ਨੇ ਆਪਣੇ (ਗੁਰੂ) ਤੇ ਸਿੱਖ ਵਿਚਕਾਰ ਕੋਈ ਭੇਦ-ਭਾਵ ਨਹੀਂ ਰਹਿਣ ਦਿੱਤਾ; ਜੇ ਗੁਰੂ ਸਮਰੱਥ ਹੈ ਤਾਂ ਸਿੱਖ ਵੀ ਗੁਰੂ ਵੱਲੋਂ ਦੱਸੇ ਰਾਹ ’ਤੇ ਤੁਰ ਕੇ, ਸੰਪੂਰਨਤਾ ਹਾਸਲ ਕਰ ਸਕਦਾ ਹੈ। ਸਿੱਖ ਵੀ ਗੁਰੂ ਤੋਂ ਅਨੇਕਾਂ ਵਾਰੀ ਬਲਿਹਾਰੀ (ਸਦਕੇ) ਜਾਂਦਾ ਹੈ ਕਿਉਂਕਿ ਸਤਿਗੁਰੂ ਆਪਣੇ ਸਿੱਖ ਨੂੰ ਮੌਤ (ਵਿਕਾਰਾਂ ਵੱਲੋਂ ਉਪਰਾਮਤਾ) ਦਿਖਾ ਕੇ, ਉਸ ਦਾ ਰੱਬ ਵੱਲ ਰੁਝਾਨ (ਰੁਚੀ) ਵਿਕਸਿਤ ਕਰਨ ’ਚ ਸਹਾਈ ਹੁੰਦਾ ਹੈ; ਜਿਵੇਂ ਕਿ ਗੁਰ-ਵਾਕ ਹੈ :

ਸਤਿਗੁਰੁ ਮਿਲੈ; ਸੁ ਮਰਣੁ ਦਿਖਾਏ॥

ਮਰਣੁ ਰਹਣ ਰਸੁ; ਅੰਤਰਿ ਭਾਏ॥ (ਮ:੧/੧੫੩)

ਅਜਿਹੀ ਮੌਤ ਭਾਵ ਸਦੀਵੀ ਆਤਮਿਕ ਜੀਵਨ ਦਾ ਰਸ (ਆਨੰਦ) ਸਿੱਖ ਦੀ ਸੋਚ ਨੂੰ ਉੱਚਾ, ਹਿਰਦੇ ਨੂੰ ਸ਼ੁੱਧ, ਮਨ ਨੂੰ ਨਿਰਭੈ (ਡਰ ਰਹਿਤ) ਤੇ ਇੰਨਾ ਬਲਵਾਨ ਬਣਾ ਦਿੰਦਾ ਹੈ ਕਿ ਪ੍ਰਭੂ ਦੀ ਰਜ਼ਾ ਵਿੱਚ ਲੀਨ ਹੋਏ ਸਿੱਖ ਨੂੰ ਯਕੀਨ ਹੋ ਜਾਂਦਾ ਹੈ ਕਿ ਹੁਣ ਉਹ ਮੁੜ ਸੰਸਾਰ ਸਮੁੰਦਰ ’ਚ (ਜਨਮ- ਮਰਨ ਦੇ ਗੇੜ ’ਚ) ਨਹੀਂ ਆਵੇਗਾ।  ਇਹੀ ਕਾਰਨ ਹੈ ਕਿ ਗੁਰੂ ਨਾਨਕ ਦਾ ਸਿੱਖ, ਗੁਰੂ ਮਿਹਰ ਸਦਕਾ ਰੱਬੀ ਨਿਯਮ ਨੂੰ ਸਮਝ ਕੇ,  ਕਦੀ ਵੀ ਮੌਤ ਤੋਂ ਨਹੀਂ ਡਰਦਾ ਸਗੋਂ ਹੱਸਦਿਆਂ ਹੋਇਆਂ ‘‘ਨਾਨਕ ! ਜੀਵਤਿਆ ਮਰਿ ਰਹੀਐ’’ ਦੇ ਬਿਹਤਰੀਨ ਜੀਵਨ – ਰਾਹ (ਜਾਚ) ਨੂੰ ਅਪਣਾਅ ਕੇ, ਰੱਬ ਦੇ ਨੇੜੇ ਰਹਿੰਦਿਆਂ ਹੋਇਆਂ ਅੰਤ ਨੂੰ ਉਸੇ ’ਚ ਜੋਤੀ ਜੋਤ ਸਮਾ ਜਾਂਦਾ ਹੈ।