ਧੰਨ ਧੰਨ ਹੋ ਗਈ

0
307

ਧੰਨ ਧੰਨ ਹੋ ਗਈ

ਭਾਲ ਜਿਸ ਦੀ ਵਿੱਚ ਯਤਨਸ਼ੀਲ ਦੁਨੀਆਂ, ਆ ਮਿਲਿਆ ਆਪ ਕਰਤਾਰ ਉਸ ਨੂੰ,

ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਜਦੋਂ ਸੀ ਦੀਦਾਰ ਉਸ ਨੂੰ।

ਬੇਸ਼ੱਕ ਪੰਡਿਤ ਨੇ ਚੁਸਤ ਚਲਾਕ ਬਣ ਕੇ, ਭੋਲੇ ਜੱਟ ਨਾਲ ਠੱਗੀ ਮਾਰ ਲਈ ਸੀ,

ਆਪਣੇ ਪਿਆਰੇ ਭਗਤ ਦੀ ਦੇਖ ਭਗਤੀ, ਪ੍ਰਗਟ ਹੋ ਕੇ ਪ੍ਰਭੂ ਨੇ ਸਾਰ ਲਈ ਸੀ।

ਕਣ ਕਣ ਦੇ ਵਿੱਚ ਸਮਾਉਣ ਵਾਲਾ, ਨਿਕਲ ਮਿਲਿਆ ਪੱਥਰ ’ਚੋਂ ਬਾਹਰ ਉਸ ਨੂੰ,

ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਜਦੋਂ ਸੀ ਦੀਦਾਰ ਉਸ ਨੂੰ।

ਜਿਵੇਂ ਜਿਵੇਂ ਤ੍ਰਿਲੋਚਨ ਨੇ ਦੱਸ ਦਿੱਤਾ, ਉਸੇ ਤਰ੍ਹਾਂ ਹੀ ਧੰਨਾ ਸੀ ਕਰੀ ਜਾਂਦਾ,

ਕਿਸੇ ਗੱਲ ਦੀ ਨਹੀਂ ਪ੍ਰਵਾਹ ਕਰਦਾ, ਘਾਟੇ ਵਾਧੇ ਵੀ ਹੱਸ ਕੇ ਜਰੀ ਜਾਂਦਾ।

ਪੂਰਾ ਉਸ ’ਤੇ ਭਗਤ ਨੇ ਅਮਲ ਕੀਤਾ, ਕਿਹਾ ਪੰਡਿਤ ਜੋ ਸੀ ਵਿਚਾਰ ਉਸ ਨੂੰ,

ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਜਦੋਂ ਸੀ ਦੀਦਾਰ ਉਸ ਨੂੰ।

ਨੁਹਾ ਧੁਆ ਕੇ ਕੇ ਠਾਕਰ ਨੂੰ ਕਹੇ ਧੰਨਾ, ਭੋਗ ਲਾ ਦਿਉ ਮੇਰੇ ਪਕਵਾਨ ਤਾਈਂ,

ਤੇਰੇ ਖਾਣ ਤੋਂ ਪਿੱਛੋਂ ਕੁੱਝ ਖਾਊਂਗਾ ਮੈਂ, ਭਗਤ ਆਖਦਾ ਪਿਆ ਭਗਵਾਨ ਤਾੲੀਂ।

ਰੋਟੀ ਮੱਕੀ ਦੀ ਸਰੋਂ ਦਾ ਸਾਗ ਧਰ ਕੇ, ਦਿੰਦਾ ਖਾਣ ਨੂੰ ਨਾਲ ਅਚਾਰ ਉਸ ਨੂੰ,

ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਜਦੋਂ ਸੀ ਦੀਦਾਰ ਉਸ ਨੂੰ।

ਮਿੰਨਤਾਂ ਨਾਲ ਨਾ ਬਣੀ ਜਦ ਗੱਲ ਕੋਈ, ਜੱਟ ਆਪਣੀ ਅੜੀ ’ਤੇ ਆਉਣ ਲੱਗਾ,

ਤੈਨੂੰ ਭਗਤ ਦੇ ਹੱਕ ਵਿੱਚ ਭੁਗਤਨਾ ਪਊ, ਆਢਾ ਨਾਲ ਪਰਮੇਸ਼ਰ ਦੇ ਲਾਉਣ ਲੱਗਾ।

ਚੱਕ ਕਹੀ ਤੇ ਪਾਣੀ ਦੇ ਮੋੜ ਨੱਕੇ, ਨਾਲੇ ਆਖਦਾ ਗਊਆਂ ਵੀ ਚਾਰ ਉਸ ਨੂੰ,

ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਜਦੋਂ ਸੀ ਦੀਦਾਰ ਉਸ ਨੂੰ।

ਆਖ਼ਿਰ ਸਬਰ ਸੰਤੋਖ ਦੀ ਜਿੱਤ ਹੋਈ, ਹਾਰ ਮੰਨ ਲਈ ਪ੍ਰਭੂ ਨੇ ਪਿਆਰ ਅੱਗੇ,

ਸੱਚੀ ਲਗਨ ਨੂੰ ਲੱਗਿਆ ਫਲ਼ ਮਿੱਠਾ, ਆਣ ਖੜ੍ਹ ਗਿਆ ਜਦੋਂ ਨਿਰੰਕਾਰ ਅੱਗੇ।

ਅੰਗ ਸੰਗ ਉਹ ਭਗਤ ਪਿਆਰਿਆਂ ਦੇ, ‘ਚੋਹਲਾ’ ਸਮਝਦਾ ਦੂਰ ਸੰਸਾਰ ਉਸ ਨੂੰ,

ਧੰਨੇ ਭਗਤ ਦੀ ਸਾਰੇ ਧੰਨ ਧੰਨ ਹੋ ਗਈ, ਦਿੱਤੇ ਰੱਬ ਨੇ ਜਦੋਂ ਸੀ ਦੀਦਾਰ ਉਸ ਨੂੰ।

—-੦——- 

-ਰਮੇਸ਼ ਬੱਗਾ ਚੋਹਲਾ, #1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬ: 94631-32719