20.4 C
Jalandhar
Tuesday, April 7, 2026
spot_img
Home Blog Page 112

ਚਿੱਠੀ ਨੰ: 21 ਕਰਨਲ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਕਿਰਪਾਲ ਸਿੰਘ ਬਠਿੰਡਾ ਨੂੰ ਪੱਤਰ

0

ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ॥

ਵਿਸ਼ਾ: ਵਿਸ਼ਾ: ਕੈਲੰਡਰ ਦੀਆਂ ਤਾਰੀਖ਼ਾਂ ਬਾਰੇ ਭੁਲੇਖਾ

1. ਸ਼ਰੋਮਣੀ ਕਮੇਟੀ ਸਿੱਖ ਪੰਥ ਦੀ ਸਿਰਮੌਰ ਸੰਸਥਾ ਹੈ ਇਸ ਲਈ ਉਸ ਵੱਲੋਂ ਉਲੀਕੇ ਪ੍ਰੋਗਰਾਮਾਂ ਅਨੁਸਾਰ ਇਸ ਸਾਲ ਲਈ ਜੋ ਕੈਲੰਡਰ ਸ਼ਰੋਮਣੀ ਕਮੇਟੀ ਨੇ ਛਾਪਿਆ ਹੈ, ਪੰਥਕ ਏਕਤਾ ਲਈ ਇਹ ਜ਼ਰੂਰੀ ਹੈ ਕਿ ਉਸੇ ਕੈਲੰਡਰ ਮੁਤਾਬਿਕ ਹੀ ਸਾਰੇ ਗੁਰਪੁਰਬ ਮਨਾਏ ਜਾਣ। ਸ਼ਰੋਮਣੀ ਕਮੇਟੀ ਚਾਹੇ ਤਾਂ ਇਨ੍ਹਾਂ ਵਿਚ ਤਬਦੀਲੀ ਕਰ ਸਕਦੀ ਹੈ। ਉਸ ਤੇ ਕਿੰਤੂ ਪਰੰਤੂ ਕਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।

2. ਗੁਰਮਤ ਕਿਸੇ ਖ਼ਾਸ ਮਹੀਨੇ/ਦਿਨ/ਵਾਰ/ਥਿੱਤ ਨੂੰ ਬੁਰਾ ਨਹੀਂ ਮੰਨਦੀ। ਸਾਡੇ ਲਈ ਸਾਰੇ ਮਹੀਨੇ/ਦਿਨ/ਵਾਰ ਥਿੱਤਾਂ ਭਲੀਆਂ ਹਨ। ਗੁਰ ਸਿੱਖ ਲਈ ”ਮਾਹ ਦਿਵਸ ਮੂਰਤ ਭਲੇ….” ਹਨ ਕੋਈ ਮਾੜਾ ਨਹੀਂ। ਇਸੇ ਲਈ ਮੈਂ ਸੁਆਲ ਨੰਬਰ 27 ਵਿਚ ਗੁਰਮਤ ਦਾ ਪੱਖ ਸਪਸ਼ਟ ਕਰ ਦਿੱਤਾ ਸੀ ਅਤੇ ਉਸੇ ਮੁਤਾਬਿਕ ਗੁਰਪੁਰਬਾਂ ਦੀਆਂ ਤਾਰੀਖ਼ਾਂ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।

3. Leap/intercalary month ਜਿਸ ਨੂੰ ਮਲ ਮਾਸ ਜਾਂ ਵਾਧੂ ਮਹੀਨਾ ਵੀ ਕਹਿੰਦੇ ਹਨ ਇਸ ਦਾ 19 ਸਾਲਾਂ ਵਿਚ 7 ਵਾਰ ਆਉਣਾ ਇਹ ਕੈਲੰਡਰ ਦੀ ਬਣਤਰ ਮੁਤਾਬਿਕ ਹੈ ਅਤੇ ਇਸ ਤੋਂ ਬਾਅਦ ਆਉਣ ਵਾਲੇ ਗੁਰਪੁਰਬਾਂ ਦਾ 384/385 ਦਿਨਾਂ ਬਾਅਦ ਆਉਣਾ ਕੁਦਰਤੀ ਹੈ। ਮੈਂ ਮਲ ਮਾਸ ਦੀ ਹੋਂਦ ਨੂੰ ਨਹੀਂ ਨਕਾਰਿਆ ਬਲਕਿ ਇਸ ਦਾ ਗੰਦੇ ਹੋਣ ਦੇ ਪੱਖ ਨੂੰ ਸਵੀਕਾਰ ਨਹੀਂ ਕੀਤਾ।

4. ਥਿੱਤਾਂ ਨੂੰ ਦਿਨਾਂ ਦੀ ਗਿਣਤੀ ਨਾਲ ਜੋੜ ਕੇ ਹੀ ਵੇਖਣਾ ਤੁਹਾਡੀ ਥਿੱਤਾਂ ਬਾਰੇ ਅਧੂਰੀ ਜਾਣਕਾਰੀ ਦਾ ਹੀ ਸਬੂਤ ਹੈ। ਕਿਰਪਾ ਕਰ ਕੇ ਜਿਸ ਸੀਡੀ ਬਾਰੇ ਤੁਸੀਂ ਜਾਣਕਾਰੀ ਮੰਗੀ ਹੈ ਉਸ ਦੇ ਕਰਤਾ ਦੀ ਕਿਤਾਬ ਕੈਲੰਡ੍ਰੀਕਲ ਕੈਲਕੁਲੇਸ਼ਨਜ਼ ਖਰੀਦ ਕੇ ਪੜ੍ਹੋ ਉਸ ਵਿਚ ਤੁਹਾਨੂੰ ਸੀਡੀ ਦਾ ਸਾਫੇਵੇਅਰ ਵੀ ਮਿਲ ਜਾਏਗਾ ਖੋਜ ਕਰ ਲੈਣੀ। ਮੇਰੇ ਲਈ ਉਹ ਸੀਡੀ ਇੱਕ ਸਰੋਤ ਤੋਂ ਵੱਧ ਕੁੱਝ ਨਹੀਂ। ਮੈਨੂੰ ਆਪਣੀਆਂ ਕੈਲਕੁਲੇਸ਼ਨਜ਼ ਤੇ ਭਰੋਸਾ ਹੈ।

5. ਤੁਸੀਂ ਲਿਖਿਆ ਹੈ ਕਿ ਪਿਛਲੇ ਸਾਲ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਜੋਤੀ ਜੋਤਿ ਸਮਾਉਣ ਅਤੇ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਦਿਵਸ ਨੂੰ ਸ਼ਰੋਮਣੀ ਕਮੇਟੀ ਨੇ 10 ਅਪ੍ਰੈਲ ਨੂੰ ਸੋਮਵਾਰ ਦਿਖਾਇਆ ਹੈ ਅਤੇ ”ਗੁਰਪੁਰਬ ਦਰਪਣ” ਵਿਚ ਐਤਵਾਰ ਲਿਖਿਆ ਹੈ ਇਹ ਇੱਕ ਦਿਨ ਦਾ ਫਰਕ ਕਿਉਂ? ਕੀ ਇਹ ਤੁਸੀਂ ਜਾਣ ਬੁੱਝ ਕੇ ਭੰਬਲਭੂਸਾ ਪੈਦਾ ਨਹੀਂ ਕਰ ਰਹੇ। ਗੁਰਪੁਰਬ ਦਰਪਣ ਵਿਚ ਤਾਂ ਸੋਮਵਾਰ ਹੀ ਲਿਖਿਆ ਹੈ ਤੁਸੀਂ ਐਤਵਾਰ ਕਿੱਥੋਂ ਪੜ੍ਹ ਲਿਆ?

6. ਤੁਸੀਂ ਪੁਰੇਵਾਲ ਵੱਲੋਂ ਬਣਾਏ ਜਿਹੜੇ ਸੂਰਜੀ ਕੈਲੰਡਰ ਦੀ ਹਮਾਇਤ ਕਰ ਰਹੇ ਹੋ ਅਤੇ ਜਿਸ ਨੂੰ ਪੰਥ ਉੱਤੇ ਥੋਪਣ ਦਾ ਪ੍ਰਚਾਰ ਹੋ ਰਿਹਾ ਹੈ ਉਸ ਦੀਆਂ ਸਾਰੀਆਂ ਹੀ ਸੂਰਜੀ ਤਾਰੀਖ਼ਾਂ ਗ਼ਲਤ ਹਨ ਕਦੀ ਉਨ੍ਹਾਂ ਤਾਰੀਖ਼ਾਂ ਵਲ ਝਾਤੀ ਮਾਰੀ ਹੈ। ਮਿਸਾਲ ਦੇ ਤੌਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੀ ਲੈ ਲਵੋ। ਸ਼ਹੀਦੀ ਵਾਲੇ ਦਿਨ ਜੇਠ ਸੁਦੀ 4, 2 ਹਾੜ੍ਹ ਬਿਕਰਮੀ ਸੰਮਤ 1663 ਮੁਤਾਬਿਕ 30-5-1606 (ਜੁਲੀਅਨ) ਅਤੇ 9-6-1606 (ਗਰੀਗੋਰੀਅਨ) ਸੀ। ਜਿਸ ਨੂੰ ਪੁਰੇਵਾਲ ਵਾਲੇ ਕੈਲੰਡਰ ਨੇ 2 ਹਾੜ ਮੁਤਾਬਿਕ 16 ਜੂਨ ਬਣਾ ਦਿੱਤਾ ਹੈ ਸਿੱਧਾ ਹੀ ਇਤਿਹਾਸ ਨਾਲੋਂ 7 ਦਿਨਾਂ ਦਾ ਫ਼ਰਕ ਹੈ। ਕੀ ਸ਼ਹੀਦੀ ਵਾਲੇ ਦਿਨ ਤੁਹਾਡੇ ਸੂਰਜੀ ਕੈਲੰਡਰ ਦੀ 2 ਹਾੜ ਬਣਦੀ ਹੈ? ਅਸਲ ਵਿਚ ਉਸ ਨੇ ਸ਼ਹੀਦੀ ਦਿਨ ਵਾਲੀ ਤਾਰੀਖ਼ ਕੱਢੀ ਹੀ ਨਹੀਂ ਅਤੇ ਮਨ ਮਰਜ਼ੀ ਦੀ 2 ਹਾੜ ਮੁਤਾਬਿਕ 16 ਜੂਨ ਨੂੰ ਸ਼ਹੀਦੀ ਦਿਨ ਮਿੱਥ ਲਿਆ। ਇਸੇ ਤਰ੍ਹਾਂ ਬਾਕੀ ਸਾਰੇ ਗੁਰਪੁਰਬਾਂ ਦੀਆਂ ਤਾਰੀਖ਼ਾਂ ਮਿੱਥ ਕੇ ਇਤਿਹਾਸ ਨਾਲ ਖਿਲਵਾੜ ਕੀਤਾ ਹੈ।

7. ਕਿਰਪਾ ਕਰ ਕੇ ਕੈਲੰਡਰ ਸਬੰਧੀ ਅਧੂਰੀ ਜਾਣਕਾਰੀ ਨਾਲ ਸੰਗਤਾਂ ਵਿਚ ਭੰਬਲਭੂਸਾ ਪੈਦਾ ਨਾ ਕਰੋ।

8. ਮੈਂ ਇਹ ਸਮਝਦਾ ਹਾਂ ਕਿ ਕੈਲੰਡਰ ਸਬੰਧੀ ਸੰਗਤਾਂ ਵਿਚ ਪਾਏ ਜਾ ਰਹੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਸ੍ਰੀ ਅਕਾਲ ਤਖ਼ਤ ਵੱਲੋਂ ਪਿਛਲੇ ਸਾਲ ਜੋ ਪਹਿਲ ਇੱਕ ਪੰਥਕ ਕਮੇਟੀ ਸਥਾਪਤ ਕੀਤੀ ਗਈ ਸੀ ਉਸ ਕਮੇਟੀ ਦੀ ਮੀਟਿੰਗ ਜਲਦੀ ਤੋਂ ਜਲਦੀ ਬੁਲਾਈ ਜਾਏ ਤਾਂ ਕਿ ਅਗਲੇ ਸਾਲ ਦਾ ਕੈਲੰਡਰ ਛਾਪਣ ਤੱਕ ਇੱਕ ਦੋ ਟੁੱਕ ਫ਼ੈਸਲਾ ਹੋ ਜਾਏ।

ਸੁਰਜੀਤ ਸਿੰਘ ਨਿਸ਼ਾਨ

SURJIT SINGH NISHAN M.sc., MIS, MCA.

ਚਿੱਠੀ ਨੰ: 20 ਕਿਰਪਾਲ ਸਿੰਘ ਬਠਿੰਡਾ ਵੱਲੋਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਸਮੇਤ ਪੰਥਕ ਸ਼ਖਸੀਅਤਾਂ ਨੂੰ ਪੱਤਰ (ਮਿਤੀ 23.4.2018)

0

ਖੁੱਲ੍ਹਾ ਪੱਤਰ

ਸਤਿਕਾਰਯੋਗ     1 ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀ।

                                                2 ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਜੀ, ਪ੍ਰਧਾਨ ਸ਼੍ਰੋਮਣੀ ਕਮੇਟੀ।

                                                3 ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ।

                                                4 ਸੰਤ ਸੇਵਾ ਸਿੰਘ ਜੀ, ਰਾਮਪੁਰ ਖੇੜਾ।

                                                5  ਡਾ: ਅਨੁਰਾਗ ਸਿੰਘ ਜੀ, ਸਾਬਕਾ ਮੈਂਬਰ, ਸਿੱਖ ਇਤਿਹਾਸ ਬੋਰਡ ਸ਼੍ਰੋਮਣੀ ਕਮੇਟੀ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ॥

ਵਿਸ਼ਾ: ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਨਾਨਕਸ਼ਾਹੀ ਸੰਮਤ 550 ਦੇ ਕੈਲੰਡਰ ਵਿੱਚ ਤਰੀਖ਼ਾਂ ਦੀ ਭਿੰਨਤਾ ਬਾਬਤ।

(ਨੋਟ : ਇਸ ਹਥਲੇ ਵਿਸ਼ੇ ’ਚ ਕਈ ਵਾਰ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀ ਨੂੰ ਸੰਬੋਧਨ ਕਰ ਵਿਸ਼ੇ ਨੂੰ ਸੰਗਤਾਂ ਦੇ ਸਾਹਮਣੇ ਲਿਆਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੀ ਸਲਾਹ ਮੁਤਾਬਕ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿਰੁਧ ਆਪਣਾ ਫ਼ੈਸਲਾ ਸੁਣਾ ਕੇ ਹਰ ਸਾਲ ਸੂਰਜ ਆਧਾਰਿਤ ਅਤੇ ਚੰਦ੍ਰਮਾ ਆਧਾਰਿਤ ਕੈਲੰਡਰ ਜਾਰੀ ਕੀਤਾ ਜਾਂਦਾ ਹੈ।)

20 ਮਾਰਚ 2018 ਨੂੰ ਸ: ਸਰਬਜੀਤ ਸਿੰਘ ਸੈਕਰਾਮੈਂਟੋ ਨੇ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਨੂੰ ਈਮੇਲ ਰਾਹੀਂ ਪੱਤਰ ਲਿਖ ਕੇ ਸਵਾਲ ਕੀਤਾ ਸੀ ਕਿ ਤੁਹਾਡੇ ਵੱਲੋਂ ਲਿਖੀ ਗਈ ਪੁਸਤਕ ‘ਗੁਰ ਪੁਰਬ ਦਰਪਣ’ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਸੰਮਤ 550 ਵਿੱਚ ਦਰਜ ਕੀਤੀਆਂ ਗਈਆਂ ਤਰੀਖ਼ਾਂ ਵਿੱਚ ਭਿੰਨਤਾ ਹੈ, ਇਸ ਲਈ ਦੱਸਿਆ ਜਾਵੇ ਕਿ ਤੁਹਾਡੇ ਦੋਵਾਂ ਵਿੱਚੋਂ ਕਿਸ ਦੀਆਂ ਤਰੀਖ਼ਾਂ ਗ਼ਲਤ ਹਨ ? ਇਸ ਚਿੱਠੀ ਦੀ ਕਾਪੀ ਉਪਰੋਕਤ ਦਰਸਾਈਆਂ ਗਈਆਂ ਸਾਰੀਆਂ ਸਤਿਕਾਰਤ ਹਸਤੀਆਂ ਤੋਂ ਇਲਾਵਾ ਇਸ ਵਿਸ਼ੇ ਵਿੱਚ ਰੁਚੀ ਰੱਖਣ ਵਾਲੇ ਮੇਰੇ ਸਮੇਤ ਹੋਰ ਵੀ ਬਹੁਤ ਸਾਰੇ ਸੱਜਣਾਂ ਨੂੰ ਨਾਲੋ ਨਾਲ ਭੇਜੀ ਗਈ ਸੀ, ਇਸ ਕਾਰਨ ਮੈਂ ਵੀ ਇਸ ਚਰਚਾ ਵਿੱਚ ਸ਼ਾਮਲ ਹੋ ਗਿਆ ਜੋ ਕਿ ਹੁਣ ਤੱਕ ਕਿਸੇ ਜਵਾਬ ਦੀ ਉਡੀਕ ਵਿੱਚ ਹਾਂ।

ਇਸ ਵੀਚਾਰ ਚਰਚਾ ਦੀਆਂ ਪਹਿਲੀਆਂ 9 ਚਿੱਠੀਆਂ ਜਿਸ ਵਿੱਚ 3-3 ਚਿੱਠੀਆਂ ਕਰਨਲ ਨਿਸ਼ਾਨ ਜੀ, ਸਰਬਜੀਤ ਸਿੰਘ ਜੀ ਸੈਕਰਾਮੈਂਟੋ ਅਤੇ ਇਸ ਪੱਤਰ ਦੇ ਲੇਖਕ ਦੀਆਂ ਸ਼ਾਮਲ ਹਨ; ਉਹ ‘ਗੁਰਮਤਿ ਬਿਬੇਕ’ ਤਿਮਾਹੀ ਪੱਤਰ ਦੇ ਅਪ੍ਰੈਲ/ ਮਈ/ ਜੂਨ 2018 ਦੇ ਅੰਕ ਵਿੱਚ ਛਪ ਚੁੱਕੀਆਂ ਹਨ ਅਤੇ ਹੁਣ ਤੱਕ ਦੀਆਂ ਸਾਰੀਆਂ 19 ਚਿੱਠੀਆਂ gurparsad.com  ’ਤੇ ਵੀ ਤਰਤੀਬਵਾਰ ਪੜ੍ਹੀਆਂ ਜਾ ਸਕਦੀਆਂ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਕਰਨਲ ਨਿਸ਼ਾਨ ਤੋਂ ਇਲਾਵਾ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਨੇ ਕੌਮ ਨਾਲ ਸਬੰਧਿਤ ਇਸ ਗੰਭੀਰ ਮਸਲੇ ਬਾਰੇ ਜਵਾਬ ਦੇਣ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ ਹਾਲਾਂ ਕਿ ਸ਼੍ਰੋਮਣੀ ਕਮੇਟੀ ਦੇ ਦੋ ਸਕੱਤਰਾਂ ਨਾਲ ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਡਾ: ਅਨੁਰਾਗ ਸਿੰਘ, ਸੰਤ ਸੇਵਾ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ (ਲੌਂਗੋਵਾਲ) ਨਾਲ ਮੇਰੀ ਨਿਜੀ ਤੌਰ ’ਤੇ ਫ਼ੋਨ ’ਤੇ ਗੱਲਬਾਤ ਵੀ ਹੋ ਚੁੱਕੀ ਹੈ। ਪ੍ਰਧਾਨ ਲੌਂਗੋਵਾਲ ਸਾਹਿਬ ਨਾਲ ਹੋਈ ਫ਼ੋਨ ਕਾਲ ਦੀ ਰੀਕਾਰਡਿੰਗ ਤੁਸੀਂ ਇਸ ਲਿੰਕ ’ਤੇ ਸੁਣ ਸਕਦੇ ਹੋ। ਕਰਨਲ ਨਿਸ਼ਾਨ ਜੀ ਨੇ ਵੀ ਸਿਰਫ਼ ਆਪਣੀ ਪੁਸਤਕ ਵਿੱਚ ਦਰਜ ਤਰੀਖ਼ਾਂ ਨੂੰ ਆਪਣੇ ਹੀ ਮਨਘੜਤ ਨਿਯਮਾਂ ਅਨੁਸਾਰ ਸਹੀ ਸਿੱਧ ਕਰਨ ਦਾ ਨਿਰਮੂਲ ਯਤਨ ਕੀਤਾ ਹੈ ਕਿਉਂਕਿ ਉਹ ਪੁੱਛੇ ਗਏ ਕਿਸੇ ਵੀ ਸਵਾਲ ਦਾ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ ਤੇ ਸਵਾਲ ਨੂੰ ਜਾਣ ਬੁੱਝ ਕੇ ਗ਼ਲਤ ਪਾਸੇ ਘੁੰਮਾਉਣ ਦਾ ਯਤਨ ਕਰਦੇ ਰਹੇ।  ਹਰ ਇੱਕ ਸਵਾਲ ਕਰਤਾ ਨੂੰ ਉਹ ਕੇਵਲ ਆਪਣੀ ਹੀ ਪੁਸਤਕ ਵਿੱਚ ਛਪੇ 28 ਸਵਾਲ ਜਵਾਬ ਪੜ੍ਹਨ ਦੀ ਵਾਰ ਵਾਰ ਹਦਾਇਤ ਕਰ ਰਹੇ ਹਨ। ਕਰਨਲ ਸਾਹਿਬ ਜੀ ਨੂੰ ਬੇਨਤੀ ਕੀਤੀ ਗਈ ਸੀ ਕਿ ਇਹ ਸਵਾਲ ਕਿਸੇ ਹੋਰ ਦੇ ਨਹੀਂ ਤੁਸੀਂ ਆਪ ਹੀ ਪੈਦਾ ਕਰ ਜਵਾਬ ਦਿੱਤੇ ਹਨ, ਜੋ ਕਿ ਕਿਸੇ ਵੀ ਪ੍ਰਚਲਿਤ ਕੈਲੰਡਰ ਦੇ ਨਿਯਮਾਂ ਉੱਪਰ ਪੂਰੇ ਨਹੀਂ ਉਤਰਦੇ। ਹੁਣ ਤੱਕ ਚੱਲੇ ਚਿੱਠੀ ਪੱਤਰਾਂ ਦੇ ਸਾਰ ਦੇ ਆਧਾਰ ’ਤੇ ਸੰਖੇਪ ਵਿੱਚ ਕੁਝ ਸਵਾਲ ਹੇਠਾਂ ਦਰਜ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਉਪਰੋਕਤ ਸਾਰੀਆਂ ਜ਼ਿੰਮੇਵਾਰ ਧਿਰਾਂ ਨੂੰ ਜਵਾਬ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਕੌਮ ਲਈ ਅਤਿ ਵਿਵਾਦ ਦਾ ਵਿਸ਼ਾ ਬਣੇ ਕੈਲੰਡਰ ਦਾ ਕੋਈ ਢੁੱਕਵਾਂ ਹੱਲ ਲੱਭਣ ਦੇ ਲਈ ਆਪਣੇ ਵੱਲੋਂ ਜਵਾਬ ਜ਼ਰੂਰ ਦੇਣ ਦਾ ਯਤਨ ਕਰਨ।

1. ਕਰਨਲ ਨਿਸ਼ਾਨ ਸਾਹਿਬ ਜੀ ! ਤੁਸੀਂ ਆਪਣੇ ਵੱਲੋਂ ਸਵਾਲ ਨੰ: 27 ਦੇ ਜਵਾਬ ਵਿੱਚ ਲਿਖਿਆ ਹੈ ਕਿ ਗੁਰ ਪਰਬਾਂ ਦੀਆਂ ਤਿੱਥਾਂ ਨਿਰਧਾਰਿਤ ਕਰਨ ਲਈ ਤੁਸੀਂ ਇਤਿਹਾਸ ਨੂੰ ਮੁੱਖ ਰੱਖਿਆ ਹੈ, ਨਾ ਕਿ ਮਲ ਮਾਸ ਨੂੰ, ਪਰ ਸਾਡਾ ਸਵਾਲ ਹੈ ਕਿ ਤੁਸੀਂ ਆਪਣੀ ਪੁਸਤਕ ਵਿੱਚ ਬਹੁਤ ਸਾਰੀਆਂ ਤਰੀਖ਼ਾਂ ਮਲ ਮਾਸ ਵਿੱਚ ਨਿਰਧਾਰਿਤ ਕੀਤੀਆਂ ਹਨ ਅਤੇ ਬਹੁਤੇ ਕੇਸਾਂ ਵਿੱਚ ਮਲ ਮਾਸ ਦਾ ਖ਼ਿਆਲ ਰੱਖ ਕੇ ਇੱਕ ਮਹੀਨਾ ਲੇਟ ਨਿਰਧਾਰਿਤ ਕੀਤੀਆਂ ਹਨ। ਐਸਾ ਕਿਉਂ ਹੈ ?

ਇਸ ਦੇ ਬਾਵਜੂਦ ਤੁਸੀਂ ਆਪਣੇ ਹੀ ਬਣਾਏ ਨਿਯਮ ’ਤੇ ਪੂਰੇ ਨਹੀਂ ਉੱਤਰ ਰਹੇ।  ਤੁਹਾਡੇ ਲਈ ਸਵਾਲ ਕੀਤਾ ਗਿਆ ਕਿ ਜੇਕਰ ਪੰਡਿਤਾਂ ਵਾਲੇ ‘ਮਲ ਮਾਸ’ ਦਾ ਸਿੱਖਾਂ ਨੇ ਧਿਆਨ ਹੀ ਨਹੀਂ ਰੱਖਣਾ ਤਾਂ ਕਿਉਂ ਨਹੀਂ ਸੂਰਜੀ ਕੈਲੰਡਰ ਅਪਣਾ ਲਿਆ ਜਾਵੇ, ਜਿਸ ਵਿੱਚ ਕੋਈ ‘ਮਲ ਮਾਸ’ ਨਹੀਂ ਹੁੰਦਾ ਅਤੇ ਹਰ ਦਿਹਾੜਾ ਸੈਂਕੜੇ ਹਜ਼ਾਰਾਂ ਸਾਲਾਂ ਉਪਰੰਤ ਵੀ ਨਿਸ਼ਚਿਤ ਮਿਤੀ ਨੂੰ ਆਏਗਾ ਭਾਵ ਹਰ ਸਾਲ 365/66 ਦਿਨਾਂ ਬਾਅਦ ਨਿਸ਼ਚਿਤ ਤਰੀਖ਼ਾਂ ਨੂੰ ਹੀ ਆਉਂਦਾ ਰਹੇਗਾ ਜਾਂ ਅਗਰ ਤੁਸੀਂ ਸੂਰਜੀ ਕੈਲੰਡਰ ਨੂੰ ਸ਼ੁੱਧ ਨਹੀਂ ਮੰਨਦੇ ਤਾਂ ਸ਼ੁੱਧ ਚੰਦਰਮਾਂ ਕੈਲੰਡਰ ਅਪਣਾ ਲਿਆ ਜਾਵੇ; ਜਿਸ ਵਿੱਚ ਹਰ ਦਿਹਾੜਾ 354/55 ਦਿਨ ਬਾਅਦ ਆਇਆ ਕਰੇਗਾ ਅਤੇ ਕੋਈ ਵੀ ਮਲ ਮਾਸ ਨਹੀਂ ਰਹੇਗਾ; ਜਿਵੇਂ ਕਿ ਇਸਲਾਮ ਧਰਮ ਵਾਲਿਆਂ ਨੇ ਸ਼ੁੱਧ ਚੰਦਰ ਕੈਲੰਡਰ ਅਪਣਾਇਆ ਹੋਇਆ ਹੈ, ਜਿਸ ਦੇ 33 ਸੂਰਜੀ ਸਾਲਾਂ ਦੇ ਲਗਭਗ 34 ਚੰਦਰ ਸਾਲ ਬਣ ਜਾਂਦੇ ਹਨ।

(ਨੋਟ : ਚੰਦਰਮਾ ਸਾਲ ਵਿੱਚ 354/55 ਦਿਨ ਅਤੇ ਸੂਰਜੀ ਸਾਲ ਵਿੱਚ 365/66 ਦਿਨ ਹੁੰਦੇ ਹਨ। ਇਸ ਲਈ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਵਿੱਚ ਚੰਦਰ ਸਾਲ ਨੂੰ ਸੂਰਜੀ ਕੈਲੰਡਰ ਦੇ ਨੇੜੇ ਤੇੜੇ ਰੱਖਣ ਲਈ ਹਰ ਦੂਜੇ ਜਾਂ ਤੀਜੇ ਸਾਲ ਵਿੱਚ ਇੱਕ ਫਾਲਤੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਭਾਵ ਇੱਕੋ ਨਾਮ ਦੇ ਦੋ ਮਹੀਨੇ ਆ ਜਾਂਦੇ ਹਨ। ਹਿੰਦੂ ਮਤ ਅਨੁਸਾਰ ਚੰਦ੍ਰਮਾ ਸਾਲ ਦਾ ਇਹ ਫਾਲਤੂ ਮਹੀਨਾ ‘ਮਲ ਮਾਸ’ (ਅਪਵਿੱਤਰ ਮਹੀਨਾ) ਅਖਵਾਉਂਦਾ ਹੈ ਤੇ ਇਸ ਵਿੱਚ ਕੋਈ ਵੀ ਸ਼ੁਭ ਕਾਰਜ ਨਹੀਂ ਕੀਤਾ ਜਾਂਦਾ ਅਤੇ ਸੂਰਜ ਆਧਾਰਿਤ ਸਾਂਝੇ ਕੈਲੰਡਰ ਨੂੰ ਮੌਸਮੀ ਕੈਲੰਡਰ ਨਾਲ ਮਿਲਾਉਣ ਲਈ ਹਰ ਚੌਥੇ ਸਾਲ ਫ਼ਰਵਰੀ 29 ਦਿਨ ਕਰਨੀ ਪੈਂਦੀ ਹੈ।)

2. ਇਤਿਹਾਸ ਮੁਤਾਬਕ ਤਰੀਖ਼ਾਂ ਨਿਸ਼ਚਿਤ ਕਰਨ ਵਿੱਚ ਤੁਸੀਂ ਖੁਦ ਵੀ ਬੁਰੀ ਤਰ੍ਹਾਂ ਅਸਫਲ ਰਹੇ ਹੋ ਕਿਉਂਕਿ ਇਸ ਸਾਲ ਤਾਂ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੁੱਦੀ ਪੁਰਬ ਤੋਂ 11 ਦਿਨ ਬਾਅਦ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ 19 ਮਈ ਨੂੰ ਮੰਨੀ ਹੈ ਜਦ ਕਿ ਬਹੁਤੇ ਇਤਿਹਾਸਕਾਰ ਸਿਰਫ਼ ਪੰਜ ਦਿਨਾਂ ਦਾ ਹੀ ਅੰਤਰ ਲਿਖਦੇੇ ਹਨ, ਪਰ ਤੁਹਾਡੀ ਮਨੌਤ ਮੁਤਾਬਕ ਇਸ ਸਾਲ ਗੁਰ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਪਿਛਲੇ ਸਾਲ ਨਾਲੋਂ 355 ਦਿਨ ਬਾਅਦ ਨਿਰਧਾਰਿਤ ਕਰ ਦਿੱਤਾ ਅਤੇ ਅਗਲੇ ਸਾਲ ਇਹੀ ਦਿਹਾੜਾ 384 ਦਿਨਾਂ ਬਾਅਦ 7 ਜੂਨ 2019 ਨਿਰਧਾਰਿਤ ਕੀਤਾ ਹੈ। ਅਜਿਹਾ ਕਿਉਂ ? ਕੀ ਇਸ ਦਾ ਕਾਰਨ ‘ਮਲ ਮਾਸ’ ਨਹੀਂ, ਜਿਸ ਨੂੰ ਤੁਸੀਂ ਆਪ ਹੀ ਨਾ ਮੰਨਣ ਬਾਰੇ ਲਿਖ ਚੁੱਕੇ ਹੋ।  ਹੇਠਾਂ ਦਿੱਤਾ ਗਿਆ ਚਾਰਟ ਤੁਹਾਡੀ ਹੀ ਪੁਸਤਕ ਦੇ ਪੰਨਾ 54 ਤੇ 57 ਦੇ ਅਧਾਰ ’ਤੇ ਹੈ, ਜਿਸ ਵਿੱਚ (ਗੁਰਗੱਦੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ਼ਹੀਦੀ ਗੁਰੂ ਅਰਜਨ ਸਾਹਿਬ ਜੀ) ਨਾਨਕਸ਼ਾਹੀ ਸੰਮਤ 549 (2017-2018) ਵਿੱਚ 10 ਦਿਨਾਂ ਦਾ ਫ਼ਰਕ ਸੀ; ਸਾਲ ਸੰਮਤ 550 (2018-2019) ਵਿੱਚ 11 ਦਿਨ ਹੈ ਅਤੇ ਸੰਮਤ 553 (2020-2021) ਵਿੱਚ 12 ਦਿਨਾਂ ਦਾ ਫ਼ਰਕ ਦਰਸਾਇਆ ਗਿਆ ਹੈ।

ਜਦ ਕਿ ਤੁਹਾਡੇ ਸਵਾਲ ਨੰ: 13 ਦੇ ਜਵਾਬ ਵਿੱਚ ਤੁਸੀਂ ਆਪ ਹੀ ਲਿਖਿਆ ਹੈ ਕਿ ਪੋਹ ਸੁਦੀ 7 ਦਾ ਮਤਲਬ ਹੈ ਕਿ ਇਹ ਚੰਦ੍ਰਮੀ ਪੋਹ ਮਹੀਨੇ ਦੀ ਮੱਸਿਆ ਤੋਂ ਬਾਅਦ 7ਵੀਂ ਤਿੱਥ ਹੈ। ਹੁਣ ਜ਼ਰਾ ਆਪਣੀ ਸੀਡੀ ਤੋਂ ਵੇਖ ਕੇ ਦੱਸਣਾ ਕਿ ਜੇਠ ਵਦੀ 8 ਤੋਂ ਬਾਅਦ ਜੇਠ ਸੁਦੀ 4 ਕਿੰਨੇ ਦਿਨਾਂ ਬਾਅਦ ਆਉਂਦੀ ਹੈ ?  ਜੇ ਤੁਹਾਡੀ ਇਸ ਨਾਲ ਤਸੱਲੀ ਨਾ ਹੋਈ ਤਾਂ ਪੋਹ ਮਹੀਨੇ ਦੀ ਮੱਸਿਆ ਤੋਂ ਬਾਅਦ ਪੋਹ ਸੁਦੀ 7 ਦੀ ਵੀ ਪੜਤਾਲ ਕਰ ਲਓ ਕਿ ਇਹ ਹਰ ਸਾਲ ਹੀ 7 ਦਿਨ ਬਾਅਦ ਆਉਂਦੀ ਹੈ ਜਾਂ ਕਦੀ 6 ਤੇ ਕਦੀ 8 ਦਿਨ ਬਾਅਦ ਵੀ ?  ਜੇ ਦਿਨ ਘੱਟ ਵੱਧ ਹੁੰਦੇ ਹਨ ਤਾਂ ਕਿਉਂ ਤੇ ਕੀ ਇਸ ਦਾ ਕੋਈ ਹੋਰ ਹੱਲ ਵੀ ਸੰਭਵ ਹੈ ?

3. ਤੁਹਾਡੀ ਪੁਸਤਕ ਦੇ ਪੰਨਾ ਨੰ: 84 ਉੱਪਰ ਸੰਮਤ ਨਾਨਕਸ਼ਾਹੀ 549 ਵਿੱਚ ਆਉਣ ਵਾਲੇ ਪੁਰਬਾਂ ਦੀ ਸੂਚੀ ਦਾ ਸ਼੍ਰੋੋਮਣੀ ਕਮੇਟੀ ਵੱਲੋਂ ਪਿਛਲੇ ਸਾਲ ਜਾਰੀ ਕੀਤੇ ਗਏ ਕੈਲੰਡਰ ਨਾਲ ਮਿਲਾਣ ਕਰ ਕੇ ਵੇਖਿਆ ਤਾਂ ਪਤਾ ਲੱਗਾ ਕਿ ਪਿਛਲੇ ਸਾਲ ਵੀ ਗੁਰਗੱਦੀ ਪੁਰਬ ਗੁਰੂ ਅਮਰਦਾਸ ਜੀ ਅਤੇ ਹਾੜ ਮਹੀਨੇ ਦੀ ਸੰਗ੍ਰਾਂਦ ਦਾ ਇੱਕ ਇੱਕ ਦਿਨ ਦਾ ਫ਼ਰਕ ਸੀ; ਗੁਰਗੱਦੀ ਪੁਰਬ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਜੋਤੀ ਜੋਤ ਪੁਰਬ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਤਰੀਖ਼ 10 ਅਪਰੈਲ ਭਾਵੇਂ ਦੋਵਾਂ ਦੀ ਮਿਲਦੀ ਸੀ ਪਰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ 10 ਅਪਰੈਲ ਦਿਨ ਸੋਮਵਾਰ ਨੂੰ ਵਿਖਾਈ ਗਈ ਸੀ ਜਦ ਕਿ ਤੁਹਾਡੀ ਪੁਸਤਕ ਵਿੱਚ 10 ਅਪਰੈਲ ਨੂੰ ਐਤਵਾਰ ਸੀ। ਇੱਕ ਦਿਨ ਦਾ ਇਹ ਫ਼ਰਕ ਕਿਉਂ ?

ਹਰ ਸਾਲ ਹੀ ਤੁਹਾਡੀਆਂ 4-5 ਤਰੀਖ਼ਾਂ ਵਿੱਚ ਅੰਤਰ ਹੋਣ ਕਾਰਨ ਸ਼ੱਕ ਪੈਦਾ ਹੁੰਦਾ ਹੈ ਕਿ ਤੁਹਾਡੇ ਵੱਲੋਂ ਵਰਤੀ ਜਾਂਦੀ ਸੀਡੀ ਸਮੇਂ ਅਨੁਕੂਲ ਨਹੀਂ, ਜਿਸ ਵਿੱਚ ਕੁਝ ਸੋਧਾਂ ਵੀ ਹੋ ਚੁੱਕੀਆਂ ਹਨ ਤੇ ਸ਼ਾਇਦ ਤੁਹਾਨੂੰ ਇਸ ਦਾ ਗਿਆਨ ਹੀ ਨਾ ਹੋਵੇ!  ਤੁਹਾਡੀ ਇਸ ਗੱਲ ਨਾਲ ਤਾਂ ਸਹਿਮਤ ਹੋਵੇਗੀ ਕਿ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਵਿੱਚ ਕਦੀ ਐਸਾ ਵਾਪਰ ਜਾਂਦਾ ਹੈ ਕਿ ਇੱਕ ਮਹੀਨਾ ਹੀ ਖ਼ੈ (ਖ਼ਤਮ) ਹੋ ਜਾਂਦਾ ਹੈ ਭਾਵ ਸਾਲ ਵਿੱਚ ਉਸ ਨਾਮ ਦਾ ਮਹੀਨਾ ਹੀ ਨਹੀਂ ਹੁੰਦਾ।  ਤੁਹਾਨੂੰ ਬੇਨਤੀ ਹੈ ਕਿ ਇੱਕ ਤਾਂ ਤੁਸੀਂ ਜਿਸ ਸੀਡੀ ਦੀ ਵਰਤੋਂ ਕਰ ਰਹੇ ਹੋ ਉਸ ਦਾ ਨਾਮ, ਨਿਰਮਾਤਾ ਦਾ ਨਾਮ ਅਤੇ ਉਹ ਕਿਹੜੇ ਸਿਧਾਂਤ ਭਾਵ ਸੂਰਯ ਸਿਧਾਂਤ ਜਾਂ ਦ੍ਰਿਕ ਗਣਿਤ ਆਧਾਰਿਤ ਤਿਆਰ ਕੀਤੀ ਗਈ ਹੈ; ਉਸ ਬਾਰੇ ਸਿੱਖ ਸੰਗਤ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਦੂਸਰਾ ਉਸ ਸੀਡੀ ਦੀ ਮਦਦ ਨਾਲ ਇਹ ਦੱਸਿਆ ਜਾਵੇ ਕਿ ਪੋਹ ਦਾ ਮਹੀਨਾ ਭਵਿੱਖ ’ਚ ਆਉਣ ਵਾਲੇ ਕਿਹੜੇ-ਕਿਹੜੇ ਸਾਲਾਂ ਵਿੱਚ ਨਹੀਂ ਆਵੇਗਾ ?  ਇਸ ਵੇਰਵਾ ਦਾ ਇਹੀ ਮਤਲਬ ਹੈ ਕਿ ਕੈਲੰਡਰ ਵਿਦਵਾਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਵਿੱਚ 30 ਕਿਸਮ ਦੇ ਬਿਕ੍ਰਮੀ ਕੈਲੰਡਰ ਵੱਖ-ਵੱਖ ਸਿਧਾਂਤਾਂ ਅਤੇ ਵੱਖ-ਵੱਖ ਪ੍ਰਾਂਤਾਂ ਦੀ ਲੋੜ ਅਨੁਸਾਰ ਬਣਾਏ ਹੋਏ ਹਨ।  ਤੁਹਾਡੇ ਵੱਲੋਂ ਮਿਲੀ ਜਾਣਕਾਰੀ ਨਾਲ ਇਹ ਪਤਾ ਲਗਾਉਣਾ ਅਸਾਨ ਹੋ ਜਾਵੇਗਾ ਕਿ ਤੁਸੀਂ ਕਿਹੜੇ ਸਿਧਾਂਤ ਅਨੁਸਾਰ ਬਣੇ ਕੈਲੰਡਰ ਉੱਤੇ ਗੁਰਮਤ ਅਤੇ ਸਿੱਖ ਇਤਿਹਾਸ ਨੂੰ ਮਾਪਦੇ ਹੋ ਅਤੇ ਸ਼੍ਰੋਮਣੀ ਕਮੇਟੀ ਕਿਹੜੇ ਕੈਲੰਡਰ ਨੂੰ ਮਾਨਤਾ ਦੇ ਰਹੀ ਹੈ ?

4. ਡਾ: ਅਨੁਰਾਗ ਸਿੰਘ ਜੀ ! ਤੁਸੀਂ ਪਿਛਲੇ ਤਕਰੀਬਨ 15 ਸਾਲਾਂ ਤੋਂ ਇਹੀ ਰਾਗ ਅਲਾਪਦੇ ਆ ਰਹੇ ਹੋ ਕਿ 2003 ਈ: ਵਿੱਚ ਤੁਹਾਡੇ ਘਰ ਬੈਠ ਕੇ ਹੋਈ ਮੀਟਿੰਗ ਵਿੱਚ ਗੁਰ ਪੁਰਬਾਂ ਦੀਆਂ ਦਰੁਸਤ ਤਰੀਖ਼ਾਂ ਪ੍ਰਵਾਨ ਕੀਤੀਆਂ ਗਈਆਂ ਸਨ, ਜਿਨ੍ਹਾਂ ਦੀ ਫੋਟੋ ਕਾਪੀ ਤੁਸੀਂ 2009 ਈ: ਵਿੱਚ ਅਕਾਲ ਤਖ਼ਤ ਸਾਹਿਬ ਅਤੇ ਪਰਮਜੀਤ ਸਿੰਘ ਸਰਨਾ (ਮੁਕਾਮੀ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੂੰ ਡਾਕ ਰਜਿਸਟਰੀ ਰਾਹੀੋਂ ਭੇਜੀਆਂ ਸਨ। ਉਨ੍ਹਾਂ ਦੋਵਾਂ ਨੂੰ ਲਿਖੇ ਪੱਤਰ ਦੀ ਫੋਟੋ ਕਾਪੀ ਵੀ ਤੁਸੀਂ ਕਈ ਵਾਰ ਆਪਣੀ ਫੇਸ ਬੁੱਕ ’ਤੇ ਪੋਸਟ ਕਰ ਚੁੱਕੇ ਹੋ ਪਰ ਕਦੀ ਵੀ ਉਨ੍ਹਾਂ ਸਹੀ ਤਰੀਖ਼ਾਂ ਦੀ ਨਕਲ ਆਪਣੀ ਫੇਸ ਬੁੱਕ ਜਾਂ ਕਿਸੇ ਹੋਰ ਸਾਧਨ ਰਾਹੀਂ ਜਨਤਕ ਨਹੀਂ ਕੀਤੀ।

ਸ. ਸਰਬਜੀਤ ਸਿੰਘ ਸੈਕਰਾਮੈਂਟੋ ਤਕਰੀਬਨ ਪਿਛਲੇ ਇੱਕ ਸਾਲ ਤੋਂ ਲਗਾਤਰ ਆਪ ਜੀ ਤੋਂ ਮੰਗ ਕਰਦਾ ਆ ਰਿਹਾ ਹੈ ਕਿ ਤੁਹਾਡੇ ਵੱਲੋਂ ਗੁਰ ਪੁਰਬਾਂ ਦੀਆਂ ਸਹੀ ਤਰੀਖ਼ਾਂ ਦੀ ਜਿਹੜੀ ਸੂਚੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਗਈ ਸੀ ਉਹ ਜਨਤਕ ਕੀਤੀ ਜਾਵੇ ਤਾਂ ਜੋ ਉਨ੍ਹਾਂ ’ਤੇ ਵਿਚਾਰ ਕਰ ਕੇ ਕਿਸੇ ਨਤੀਜੇ ’ਤੇ ਪੁੱਜਿਆ ਜਾ ਸਕੇ ।  ਤੁਸੀਂ ਸੰਗਤ ਨੂੰ ਉਹ ਸੂਚੀ ਤਾਂ ਕੀ ਮੁਹੱਈਆ ਕਰਵਾਉਣੀ ਸੀ ਸਗੋਂ ਸੁਆਲ ਕਰਨ ਦੇ ਦੋਸ਼ ਵਿੱਚ ਉਸ ਨੂੰ ਆਪਣੀ ਫੇਸ ਬੁੱਕ ’ਤੇ ਵੀ ਬਲਾਕ ਕਰ ਦਿੱਤਾ ਤਾਂ ਜੋ ਮੁੜ ਐਸੇ ਸਵਾਲ ਹੀ ਪੈਦਾ ਨਾ ਹੋ ਸਕਣ।  ਹੈਰਾਨੀ ਤਾਂ ਇਹ ਹੈ ਕਿ ਸੰਤ ਸੇਵਾ ਸਿੰਘ ਆਦਿਕ ਸੰਤ ਸਮਾਜ ਦੇ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਨੂੰ ਪ੍ਰਭਾਵਤ ਕਰਨ ਲਈ ਤੁਸੀਂ ਵਾਰ-ਵਾਰ ਆਪਣੀ ਉਹੀ ਪੋਸਟ ਫੇਸ-ਬੁੱਕ ’ਤੇ ਰੀਪੀਟ ਕਰ ਰਹੇ ਹੋ ਤਾਂ ਕਿ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਕੋਈ ਤੁਹਾਡੇ ਵੱਲੋਂ ਦਿੱਤੀਆਂ ਦਰੁਸਤ ਤਰੀਖ਼ਾਂ ਨੂੰ ਰੱਦ ਨਹੀਂ ਕਰ ਸਕਿਆ ਅਤੇ ਨਾ ਹੀ ਪੁਰੇਵਾਲ ਸਮੇਤ ਕੋਈ ਵੀ ਜਵਾਬ ਦੇਣ ਦੀ ਹਿੰਮਤ ਜੁਟਾ ਸਕਿਆ ਹੈ। ਇਸ ਲਈ ਆਪਣਾ ਕੌਮੀ ਫ਼ਰਜ਼ ਸਮਝ ਕੇ ਉਨ੍ਹਾਂ ਪ੍ਰਵਾਨ ਹੋਈਆਂ ਤਰੀਖ਼ਾਂ ਦੀ ਸੂਚੀ ਤੁਰੰਤ ਜਨਤਕ ਕੀਤੀ ਜਾਵੇ ਤੇ ਦੱਸਿਆ ਜਾਵੇ ਕਿ ਤੁਹਾਡੇ ਅਨੁਸਾਰ ਦਰੁਸਤ ਤਰੀਖ਼ਾਂ ਨੂੰ ਪ੍ਰਵਾਨ ਕਰਨ ਵਾਲਿਆਂ ਦੀ ਮੀਟਿੰਗ ਵਿੱਚ ਕਿਹੜੇ-ਕਿਹੜੇ ਵਿਦਵਾਨ ਸ਼ਾਮਲ ਸਨ, ਜੋ ਤੁਹਾਡੇ ਨਾਲ ਸਹਿਮਤ ਸਨ ਜਾਂ ਤੁਸੀਂ ਉਨ੍ਹਾਂ ਦਾ ਕੇਵਲ ਨਾਮ ਵਰਤ ਕੇ ਹੀ ਆਪਣੀ ਸੋਚ ਸਿੱਖ ਸੰਗਤ ’ਤੇ ਥੋਪ ਰਹੇ ਹੋ ?

5. ਇਸ ਪੱਤਰ ਵਿੱਚ ਸੰਬੋਧਿਤ ਕੀਤੀਆਂ ਗਈਆਂ ਉਪਰੋਕਤ ਸਾਰੀਆਂ ਜ਼ਿੰਮੇਵਾਰ ਸ਼ਖ਼ਸੀਅਤਾਂ ਨੂੰ ਵੀ ਬੇਨਤੀ ਹੈ ਕਿ ਉਹ ਜ਼ਰੂਰ ਵਿਚਾਰਨ ਕਿ ਗੁਰਬਾਣੀ ਵਿੱਚ ਇਹ ਕਿੱਥੇ ਦਰਜ ਹੈ ਕਿ ਗੁਰ ਪੁਰਬ ਚੰਦਰ ਮਹੀਨੇ ਦੀਆਂ ਤਿੱਥਾਂ ਅਤੇ ਬਾਕੀ ਦੇ ਹੋਰ ਸਾਰੇ ਇਤਿਹਾਸਕ ਦਿਹਾੜੇ ਸੂਰਜੀ ਮਹੀਨੇ ਦੀਆਂ ਤਰੀਖ਼ਾਂ ਨਾਲ ਮਨਾਉਣੇ ਹੀ ਵਾਜਬ ਹਨ ਜਾਂ ਆਧੁਨਿਕ ਖੋਜ ਆਧਾਰਿਤ ਪ੍ਰਣਾਲੀ ਨੂੰ ਅਪਣਾਉਣ ਨਾਲ ਅਨਰਥ (ਪਾਪ) ਹੋ ਜਾਵੇਗਾ ?

ਮਿਸਾਲ ਵਜੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਗੁਰੂ ਹਰਿਗੋਬਿੰਦ ਸਿੰਘ ਜੀ ਨੇ 18 ਹਾੜ ਸੰਮਤ 1665 ਨੂੰ ਕੀਤੀ ਸੀ ਅਤੇ 19 ਦਿਨਾਂ ਬਾਅਦ 6 ਸਾਵਣ ਨੂੰ ਉਸੇ ਅਕਾਲ ਤਖ਼ਤ ਸਾਹਿਬ ’ਤੇ ਬੈਠ ਕੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਵੀ ਉਨ੍ਹਾਂ ਪਹਿਨੀਆਂ ਸਨ। ਹੁਣ ਇਹ ਕਿਹੜੀ ਪ੍ਰ੍ਰਮਾਣਿਕਤਾ ਹੈ ਕਿ ਸਿਰਜਣਾ ਦਿਵਸ ਸੂਰਜੀ ਮਹੀਨੇ ਦੀ 18 ਜੇਠ ਨੂੰ ਮਨਾਇਆ ਜਾਵੇ ਤੇ ਮੀਰੀ ਪੀਰੀ ਦਿਵਸ ਚੰਦਰ ਮਹੀਨੇ ਦੀਆਂ ਤਿਥਾਂ ਅਨੁਸਾਰ। ਇਸੇ ਅਬਿਬੇਕਤਾ ਕਾਰਨ ਦੋਵੇਂ ਮਹੱਤਵਪੂਰਨ ਦਿਹਾੜਿਆਂ ਦੀਆਂ ਤਰੀਖ਼ਾਂ ਵਿੱਚ ਹਮੇਸ਼ਾਂ 19 ਦਿਨਾਂ ਦਾ ਅੰਤਰ ਰੱਖਣ ਦੀ ਬਜਾਏ ਹੇਠ ਲਿਖੇ ਮਾਤਰ (ਪਿਛਲੇ) 5 ਸਾਲਾਂ ਦੇ ਕੈਲੰਡਰਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ :

ਸਾਡੇ ਬੱਚਿਆਂ ਪਾਸੋਂ ਅਗਰ ਕੋਈ ਅਧਿਆਪਕ ਜਾਂ ਕੋਈ ਬੰਦਾ, ਗੁਰੂ ਇਤਿਹਾਸ ਜਾਂ ਸਿੱਖ ਇਤਿਹਾਸ ਬਾਰੇ ਕੋਈ ਸਵਾਲ ਪੁੱਛੇ ਤਾਂ ਕੀ ਉਹ ਜਵਾਬ ਦੇ ਸਕਦੇ ਹਨ ?  ਇਸੇ ਤਰ੍ਹਾਂ ਸੰਨ 1699 ’ਚ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਤੋਂ ਸੀਸ ਦੀ ਮੰਗ ਕਰ ਖ਼ਾਲਸਾ ਸਥਾਪਨਾ ਦਿਵਸ ਅਤੇ ਹੋਲ਼ੀ ਦੇ ਕੱਚੇ ਰੰਗਾਂ ਜਾਂ ਗੰਦ ਮੰਦ ਨਾਲ ਖੇਡਣ ਦੀ ਬਜਾਏ ਹੋਲਾ ਮਹੱਲਾ ਪ੍ਰਚਲਿਤ ਕਰਨ ਦੀ ਰੀਤ ਵੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਰੰਭ ਕੀਤੀ ਗਈ ਸੀ, ਪਰ ਕੀ ਕਾਰਨ ਹੈ ਕਿ ਖ਼ਾਲਸਾ ਸਾਜਨਾ ਦਿਵਸ ਤਾਂ ਸੂਰਜੀ ਤਰੀਖ਼ਾਂ ਅਨੁਸਾਰ ਵੈਸਾਖ ਮਹੀਨੇ ਦੀ ਸੰਗ੍ਰਾਂਦ ਨੂੰ ਅਤੇ ਹੋਲਾ ਮਹੱਲਾ ਚੰਦਰ ਮਹੀਨੇ ਦੀਆਂ ਤਿੱਥਾਂ ਮੁਤਾਬਕ ਚੇਤ ਵਦੀ 1 ਨੂੰ ਮਨਾਇਆ ਜਾਂਦਾ ਹੈ ? ਇਹੋ ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜਾਰੀ ਕੀਤੇ ਜਾਂਦੇ ਸਾਲਾਨਾ ਕੈਲੰਡਰਾਂ ਵਿੱਚ ਹੋਲਾ ਮਹੱਲਾ ਕਦੇ ਤਾਂ ਸਾਲ ਵਿੱਚ ਦੋ ਵਾਰ (ਇੱਕ ਵਾਰ ਚੇਤ ਮਹੀਨੇ ਤੇ ਦੂਜੀ ਵਾਰ ਫੱਗਣ ਮਹੀਨੇ ’ਚ) ਮਨਾਇਆ ਜਾਂਦਾ ਹੈ ਤੇ ਕਦੇ ਇਹ ਤਿਉਹਾਰ ਇੱਕ ਸਾਲ ’ਚ ਆਉਂਦਾ ਹੀ ਨਹੀਂ। ਮਿਸਾਲ ਵਜੋਂ ਸੰਮਤ 548 ਵਿੱਚ ਦੋ ਵਾਰ ਆਇਆ ਤੇ ਇਸ ਸੰਮਤ 550 ਵਿੱਚ ਆ ਹੀ ਨਹੀਂ ਰਿਹਾ।  ਚੇਤ ਵਦੀ 1 ਅਤੇ 1 ਵੈਸਾਖ ਦਾ ਆਪਸੀ ਅੰਤਰ, ਕਰਨਲ ਸੁਰਜੀਤ ਸਿੰਘ ਜੀ ਮੁਤਾਬਕ ਵੀ ਕਦੇ ਇਕਸਾਰ ਨਹੀਂ ਰਹਿੰਦਾ।

6. ਅਜਿਹੇ ਦੁਬਿਧਾ ਭਰਪੂਰ (ਮਿਲਗੋਭਾ/ਖਿੱਚੜੀ) ਕੈਲੰਡਰ ਨੂੰ ਜੇਕਰ ਕਰਨਲ ਨਿਸ਼ਾਨ ਸਾਹਿਬ ਵਰਗਾ ਵਿਦਵਾਨ ਸਿੱਖ ਕੈਲੰਡਰ ਵਜੋਂ ਬਿਆਨ ਕਰੇ ਤੇ ਉਕਤ ਬਿਆਨ ਕੀਤੀਆਂ ਗਈਆਂ ਸਿੱਖ ਕੌਮ ਦੀਆਂ ਸ਼ਖ਼ਸੀਅਤਾਂ ਪ੍ਰਵਾਨ ਕਰ ਲੈਣ ਤਾਂ ਵਿਗਿਆਨਕ ਯੁੱਗ ਵਿੱਚ ਤਰਕ ਉੱਠਣੇ ਸੁਭਾਵਕ ਹਨ, ਜਿਨ੍ਹਾਂ ਦਾ ਜਵਾਬ ਦੇਣਾ ਵੀ ਬਣਦਾ ਹੈ। ਇਸ ਲਈ ਸਿੱਖ ਸੰਗਤਾਂ ਦੇ ਸਵਾਲ ਹਨ ਕਿ ਕੀ ਅਜਿਹੀ ਵਿਦਵਤਾ ਨੂੰ ਤਰਜੀਹ ਦੇਣਾ ਚਾਹੀਦੀ ਹੈ ?

ਅਜਿਹਾ ਕੈਲੰਡਰ, ਜਿਸ ਵਿੱਚ ਮਲ ਮਾਸ ਨੂੰ ਮਹੱਤਵ ਨਾ ਮਿਲੇ ਤੇ ਵੈਸੇ ਉਹ ਚੰਦਰ-ਸੂਰਜੀ ਆਧਾਰਿਤ ਹੋਵੇ; ਐਸੇ ਕੈਲੰਡਰ ਨੂੰ ਅੱਜ ਤੱਕ ਸਿੱਖ ਕੌਮ ਨੇ ਕਦੇ ਨਹੀਂ ਅਪਣਾਇਆ, ਫਿਰ ਕਰਨਲ ਨਿਸ਼ਾਨ ਸਾਹਿਬ ਤੋਂ ਪੁੱਛਣਾ ਬਣਦਾ ਹੈ ਕਿ ਇਸ ਕੈਲੰਡਰ ਦਾ ਨਾਮਕਰਨ ਕਰ ਕਦੋਂ ਤੋਂ ਸਿੱਖ ਕੈਲੰਡਰ ਆਖਣਾ ਤੇ ਲਿਖਣਾ ਸ਼ੁਰੂ ਕੀਤਾ ਹੈ ?  ਕਰਨਲ ਸਾਹਿਬ ਅਨੁਸਾਰ ਜਿਸ ਕੈਲੰਡਰ ਵਿੱਚ ਬਿਨਾਂ ਇਤਿਹਾਸਕ ਪੱਖ ਵਾਚਿਆਂ ਕੇਵਲ ਮਲ ਮਾਸ ਦਾ ਖ਼ਿਆਲ ਰੱਖ ਕੇ ਗੁਰ ਪੁਰਬ ਇੱਕ ਮਹੀਨਾ ਲੇਟ ਮਿੱਥ ਲਏ ਜਾਣ; ਜਿਵੇਂ ਕਿ ਸ਼੍ਰੋਮਣੀ ਕਮੇਟੀ ਨੇ ਇਸ ਸਾਲ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਕਰਨਲ ਨਿਸ਼ਾਨ ਵੱਲੋਂ ਸੁਝਾਈ ਗਈ ਤਰੀਖ਼ 19 ਮਈ ਦੀ ਥਾਂ ਮਲ ਮਾਸ ਦਾ ਮਹੀਨਾ ਲੰਘਾ ਕੇ ਸ਼ਹੀਦੀ ਦਿਹਾੜਾ 17 ਜੂਨ ਦਰਜ ਕੀਤਾ ਹੈ, ਜਿਸ ਕਾਰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੋਂ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਪੁਰਬ 5 ਦਿਨ (ਜਾਂ ਕਰਨਲ ਨਿਸ਼ਾਨ ਮੁਤਾਬਕ 11 ਦਿਨ) ਪਿੱਛੋਂ ਆਉਣ ਦੀ ਬਜਾਏ 40 ਦਿਨ ਪਿੱਛੋਂ ਨਿਸ਼ਚਿਤ ਕੀਤੇ ਜਾਣਾ; ਕੀ ਸਿੱਖ ਇਤਿਹਾਸ ਨੂੰ ਬਰਬਾਦ ਕਰਨਾ ਨਹੀਂ ?  ਕੀ ਇਸ ਤਰ੍ਹਾਂ ਦੇ ਕੈਲੰਡਰਾਂ ਨੂੰ ਲਾਗੂ ਕਰਵਾ ਕੇ ਸਾਡੀ ਕੌਮੀ ਲੀਡਰਸ਼ਿਪ ਸਿੱਖ ਕੌਮ ਨੂੰ ਹਨੇਰੇ ਵੱਲ ਨਹੀਂ ਧੱਕ ਰਹੀ ?

7.  21 ਅਪਰੈਲ 2018 ਨੂੰ ਜਦ ਇਸ ਦੁਬਿਧਾ ਭਰਪੂਰ ਕੈਲੰਡਰ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਵੀਕਾਰਿਆ ਕਿ ਮੈਨੂੰ ਕੈਲੰਡਰ ਵਿਗਿਆਨ ਬਾਰੇ ਸੋਝੀ ਨਹੀਂ ਤੇ ਇਹ ਵਿਦਵਾਨਾਂ ਦੇ ਮਿਲ ਬੈਠ ਕੇ ਮਸਲਾ ਸੁਲਝਾਉਣ ਵਾਲਾ ਕਾਰਜ ਹੈ, ਜਿਸ ਸਬੰਧੀ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਗੱਲ ਕਰਨਗੇ ਤਾਂ ਕਿ ਜਲਦੀ ਦੋਵੇਂ ਧਿਰਾਂ ਦੀ ਮੀਟਿੰਗ ਸੱਦ ਕੇ ਕੋਈ ਹੱਲ ਕੱਢਣ। ਇਸ ਫ਼ੋਨ ਕਾਲ ਦੀ ਰੀਕਾਰਡਿੰਗ https://youtu.be/_xAoIVGYzWg  ਲਿੰਕ ’ਤੇ ਸੁਣੀ ਜਾ ਸਕਦੀ ਹੈ। ਇਸੇ ਤਰ੍ਹਾਂ ਦਾ ਜਵਾਬ ਹੀ ਕਰਨਲ ਨਿਸ਼ਾਨ ਜੀ ਦੀ ਪੁਸਤਕ ‘ਗੁਰ ਪੁਰਬ ਦਰਪਣ’ ਛਪਾ ਕੇ ਵੱਡੀ ਗਿਣਤੀ ਵਿੱਚ ਮੁਫ਼ਤ ਵੰਡਣ ਵਾਲੇ ਸੰਤ ਸੇਵਾ ਸਿੰਘ ਜੀ ਪਾਸੋਂ ਮਿਲਿਆ।

ਡਾਕਟਰ ਅਨੁਰਾਗ ਸਿੰਘ ਜੀ ਦਾ ਇੱਕ ਜਵਾਬ ਬੜਾ ਹਾਸੋਹੀਣਾ ਸੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਸੂਰਜੀ ਸਾਲ 365 ਦਿਨਾਂ ਦਾ ਹੁੰਦਾ ਹੈ ਜਦ ਕਿ ਧਰਤੀ ਸੂਰਜ ਦੇ ਦੁਆਲੇ ਚੱਕਰ ਲਾਉਣ ਵੇਲੇ 360 ਡਿਗਰੀ ਦਾ ਸਫ਼ਰ ਤਹਿ ਕਰਦੀ ਹੈ, ਇਸ ਲਈ ਤੁਸੀਂ 365 ਦਿਨਾਂ ਵਿੱਚ 360 ਡਿਗਰੀ ਨੂੰ ਕਿਵੇਂ ਪੂਰਾ ਪੂਰਾ ਵੰਡ ਕੇ ਸ਼ੁੱਧ ਕੈਲੰਡਰ ਬਣਾ ਸਕਦੇ ਹੋ ? ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਹਿਸਾਬ ਨਾਲ ਤਾਂ ਚੰਦਰ ਕੈਲੰਡਰ ਵੀ ਸ਼ੁੱਧ ਨਹੀਂ ਕਿਉਂਕਿ ਇਸ ਦੇ ਵੀ 354/355 ਦਿਨ ਹੁੰਦੇ ਹਨ, ਜੋ 360 ਨਾਲ ਪੂਰੇ ਪੂਰੇ ਨਹੀਂ ਵੰਡੇ ਜਾ ਸਕਦੇ। ਵੱਡੇ ਵਿਦਵਾਨ ਕਹਾਉਣ ਵਾਲੇ ਡਾ: ਅਨੁਰਾਗ ਸਿੰਘ ਨੇ ਦੋ ਵਾਰ ਦੁਹਰਾਅ ਕੇ ਕਿਹਾ 354 ਨਹੀਂ, 360 ਦਿਨ ਹੀ ਹੁੰਦੇ ਹਨ। ਜਿਸ ਵਿਦਵਾਨ ਨੂੰ ਇਹੀ ਪਤਾ ਨਹੀਂ ਕਿ ਚੰਦਰ ਸਾਲ ਦੇ 354 ਦਿਨ ਹੁੰਦੇ ਹਨ ਜਾਂ 360; ਉਹ ਕੈਲੰਡਰ ਸਬੰਧੀ ਕੋਈ ਰਾਇ ਦੇਣ ਦਾ ਕੀ ਹੱਕਦਾਰ ਹੋ ਸਕਦਾ ਹੈ ?

ਅੰਤ ’ਚ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਪ੍ਰਧਾਨ ਲੌਂਗੋਵਾਲ ਸਾਹਿਬ ਨਾਲ ਹੋਈ ਗੱਲਬਾਤ ਵਿੱਚ ਉਨ੍ਹਾਂ ਵੱਲੋਂ ਕਹੇ ਹੋਏ ਸ਼ਬਦਾਂ ’ਤੇ ਕੋਈ ਕਾਰਵਾਈ ਕਰਨ ਲਈ ਉਕਤ ਸਾਰੀਆਂ ਧਿਰਾਂ ਸਹਿਯੋਗ ਵੀ ਦਿੰਦੀਆਂ ਹਨ ਜਾਂ ‘‘ਜੋ ਜੀਇ ਹੋਇ ਸੁ ਉਗਵੈ; ਮੁਹ ਕਾ ਕਹਿਆ ਵਾਉ ॥’’ ਵਚਨਾਂ ਵਾਙ ਇਹ ਸੰਵੇਦਨਸ਼ੀਲ ਮਸਲਾ ਵੀ ਅਧਵਾਟੇ ਹੀ ਲਟਕਿਆ ਰਹੇਗਾ।

ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੇ ਸਿੱਖ ਨੂੰ ‘‘ਬੰਦੇ ! ਖੋਜੁ ਦਿਲ, ਹਰ ਰੋਜ.. ॥’’ (ਭਗਤ ਕਬੀਰ/੭੨੭) ਨਸੀਹਤ ਵੱਲ ਪ੍ਰੇਰਿਆ ਹੈ, ਜਿਸ ਕਾਰਨ ਭਿੰਨ-ਭਿੰਨ ਵਿਸ਼ਿਆਂ ਨਾਲ ਸਬੰਧਿਤ ਅਨੇਕਾਂ ਵਿਦਵਾਨ, ਸਿੱਖ ਕੌਮ ਪਾਸ ਅੱਜ ਵੀ ਮੌਜੂਦ ਹਨ।  ਜਿਹੜੀ ਕੌਮ ਆਪਣੇ ਆਪ ਨੂੰ ਗਿਆਨ ਗੁਰੂ ਦੇ ਪੈਰੋਕਾਰ ਅਖਵਾਵੇ ਅਤੇ ਹਰ ਵਿਸ਼ੇ ਨਾਲ ਸਬੰਧਿਤ ਬੁਧੀਜੀਵੀ ਵਰਗ ਦੀ ਮਦਦ ਲੈਣ ਤੋਂ ਕਿਸੇ ਰਾਜਸੀ ਹਿੱਤ ਕਾਰਨ ਸੰਕੋਚ ਕਰੇ, ਉਨ੍ਹਾਂ ਦੇ ਲੀਡਰਾਂ/ਜਥੇਦਾਰਾਂ ਦੀ ਕਥਨੀ ਤੇ ਕਰਨੀ ਵਿੱਚ ਅੰਤਰ ਆ ਹੀ ਜਾਂਦਾ ਹੈ, ਜੋ ਦੇਰ-ਸਵੇਰ ਕੌਮ ਲਈ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ।  ਹਰ ਵਿਸ਼ਾ ਬੁਧੀਜੀਵੀਆਂ ਦੁਆਰਾ ਪੜਚੋਲ ਕਰਨ ਦੀ ਬਜਾਇ ਉਨ੍ਹਾਂ ਲੀਡਰਾਂ ਜਾਂ ਜਥੇਬੰਦੀਆਂ ਦੇ ਸਪੁਰਦ ਕਰ ਦਿੱਤਾ ਜਾਵੇ, ਜੋ ਉਕਤ ਪੁੱਛੇ ਜਾ ਰਹੇ ਸਵਾਲਾਂ ਦੇ ਜਵਾਬ ਵਿੱਚ ਆਪਣੇ ਆਪ ਨੂੰ ਵਿਸ਼ੇ ਬਾਰੇ ਬੋਧ ਨਾ ਹੋਣਾ, ਮੰਨਣ ਤਾਂ ਕੀ ਸਿੱਖ ਸੰਗਤ ਨੂੰ ਅੱਗੇ ਆ ਕੇ ਆਪਣਾ ਫ਼ਰਜ਼ ਅਦਾ ਨਹੀਂ ਕਰਨਾ ਚਾਹੀਦਾ ?  ਮੇਰਾ ਇਸ਼ਾਰਾ ਕਿਸੇ ਟਕਰਾਅ ਨੂੰ ਉਤਪੰਨ ਕਰਨ ਵੱਲ ਨਹੀਂ ਬਲਕਿ ਇਨ੍ਹਾਂ ਕੌਮੀ ਸ਼ਖ਼ਸੀਅਤਾਂ ਪਾਸੋਂ ਅਜਿਹੇ ਵਿਸ਼ਿਆਂ ਬਾਰੇ ਵਾਰ-ਵਾਰ ਸਵਾਲ ਪੁੱਛਣ ਵੱਲ ਹੈ।

ਧੰਨਵਾਦ ਸਹਿਤ ਪੰਥ ਦਾ ਸੇਵਕ ਕਿਰਪਾਲ ਸਿੰਘ (ਬਠਿੰਡਾ)-98554-80797

ਈਮੇਲ Kirpal Singh kirpalsinghbathinda@gmail.com

ਪੱਤਰ ਨੰਬਰ 19 (ਸ. ਸਰਬਜੀਤ ਸਿੰਘ ਜੀ ਵਲੋਂ ਅਨੁਰਾਗ ਸਿੰਘ ਜੀ ਨੂੰ ਪੱਤਰ)

0

ਸ. ਅਨੁਰਾਗ ਸਿੰਘ ਜੀ,

ਜੇ ਤੁਹਾਨੂੰ ਯਾਦ ਹੋਵੇ ਤਾਂ, 7 ਅਗਸਤ 2017 ਈ: ਨੂੰ ਹੇਠ ਲਿਖਿਆ ਇਕ ਪੱਤਰ ਲਿਖਿਆ ਸੀ। ਇਸ ਪੱਤਰ ਵਿੱਚ ਤੁਸੀਂ ਅਕਾਲ ਤਖਤ ਦੇ ਜਥੇਦਾਰ ਨੂੰ ਭੇਜੇ ਪੱਤਰ (12 ਅਗਸਤ 2009) ਅਤੇ ਨਵੰਬਰ 2009 ਈ: ਵਿੱਚ ਸ. ਪਰਮਜੀਤ ਸਿੰਘ ਸਰਨਾ ਨੂੰ ਭੇਜੇ ਪੱਤਰ ਦੀਆਂ ਫ਼ੋਟੋ ਵੀ ਨੱਥੀ ਕੀਤੀਆਂ ਸਨ। ਪੜ੍ਹੋ ਆਪਣਾ ਪੱਤਰ;

PAL SINGH PUREWAL’S FAKE NANAKSHAHI CALENDAR with
FAKE HISTORICAL DATES already REJECTED by THE
ECCLESIASTICAL COURT of SRI AKAL TAKHAT SAHIB
————————————————————-
POST-8 for Sarabjit Singh Sacramento,Satpal Singh Purewal,Sukhpreet Singh Udoke to respond
————————————————————-

Friends,

We are noticing that Comrade Purewal and his Salvation Army of Writers are conspicuously silent on all the objections raised by different writers,scholars,historians since 2003.
In this list I include Surjeet Singh Nishan,Dr Amarjeet Kaur of 
Belgium,Baba Baljinder Singh Rara Sahib,Principal Santokh Singh on behalf of Singh Sabha Amritsar and many more.

In 2009 Pal Singh Purewal was called by the Ecclesiastical Court of Sri Akal Takhat Sahib as well as SGPC to confront all the objections so that this new headache of the Sikhs may be given a required medicine.

Knowing full well his own weakness and spurious nature of the so-called Nanakshahi Calendar-Samvat with unhistorical dates Comrade Purewal preferred to stay away from these meetings:One at Amritsar and two at Fatehgarh Sahib.In these meetings the Fake Calendar with Fake Date,introduced by Comrade Purewal with borrowed support of certain SGPC Officials was fully demolished to the hilt.

In these meetings I provided 400 written pages,including manuscript of my book,”GUBANI,ITIHAS ATE SIDHANTAN TON BEMUKH NANAKSHAHI CALENDAR,which nailed all the perfidious lies of Comrade Purewal in this so-called Government Sponsored Fake Nanakshahi Calendar.

Consequently SGPC on the recommendation of the Ecclesiastical Court of Sri Akal Takhat Sahib decided to discard this so-called Nanakshahi Calendar, which sowed the seeds of discord and confusion among the Sikhs. I was asked by Jathedar Sri Akal Takhat Sahib telephonically to send the correct dates for amendment, which I submitted vide my letter dated August 12,2009 to send the actual historical dates for amending the Sikh Calendar of 2010-11.Copy of my letter is enclosed as evidence.

Accepting defeat at his home ground-SGPC and Sri Akal Takhat Sahib- Comrade Purewal took the shelter with DSGMC,ruled by Congress sympathisers Sarna Akali Dal.
I was also invited for this meeting,but when I was informed that it is not a seminar on so-called Nanakshahi Calendar of Comrade Purewal but to garner support for this rejected Maker(Nirmata) of Fake Calendar and Unhistorical Dates then I canceled my tickets and sent a 4 pages letter to S.Paramjit Singh Sarna on November 16,2009 along with manuscript copy of my book on Nanakshahi Calendar of Purewal and many other objections from various quarters with request to consider all the points before backing this Fake Calendar with Fake Dates out of political compulsions.Copy of my 4 pages letter to S.Paramjit Singh Sarna is enclosed and is self-explanatory.

Read this post carefully to post your comments.

Gur-Fateh,
7.8.2017.

ਅਨੁਰਾਗ ਸਿੰਘ ਜੀ ! ਤੁਹਾਡੇ ਇਸ ਪੱਤਰ ਦੇ ਜਵਾਬ ਵਿੱਚ 9 ਅਗਸਤ ਨੂੰ, ਮੈਂ ਇਕ ਪੱਤਰ (ਕਿਸ਼ਤ 4) ਲਿਖਿਆ ਸੀ ਜਿਸ ਰਾਹੀ ਤੁਹਾਨੂੰ ਬੇਨਤੀ ਕੀਤੀ ਸੀ,“ਤੁਸੀਂ ਉਹ ਤਾਰੀਖ਼ਾਂ ਜਿਹੜੀਆਂ 2003 ਈ: ਵਿੱਚ ਤੁਹਾਡੇ ਘਰ ਬੈਠ ਕੇ ਪ੍ਰਵਾਨ ਕੀਤੀਆਂ ਗਈਆਂ ਸਨ ਅਤੇ ਤੁਸੀਂ 2009 ਈ: ਵਿਚ ਅਕਾਲ ਤਖਤ ਸਾਹਿਬ ਨੂੰ ਵੀ ਭੇਜੀਆਂ ਸਨ, ਉਨ੍ਹਾਂ ਨੂੰ ਸੰਗਤਾਂ ਦੀ ਕਚਿਹਰੀ ਵਿੱਚ ਰੱਖੋ ਤਾਂ ਜੋ ਉਨ੍ਹਾਂ ਤੇ ਵਿਚਾਰ ਕਰ ਕੇ ਕਿਸੇ ਨਤੀਜੇ ਤੇ ਪੁੱਜਿਆ ਜਾਂ ਸਕੇ”।

ਇਸ ਤੋਂ ਪਿਛੋਂ ਮੈਂ ਆਪਣੇ ਹਰ ਪੱਤਰ ਵਿੱਚ (14, 17, 31 ਅਗਸਤ, 15, 24 ਅਕਤੂਬਰ, 25 ਨਵੰਬਰ, 10 ਦਸੰਬਰ 2017, 22 ਮਾਰਚ ਅਤੇ 23 ਮਾਰਚ 2018) ਬੇਨਤੀ ਕਰ ਰਿਹਾ ਹਾਂ ਕਿ ਸਿੱਖ ਇਤਿਹਾਸ ਦੀਆਂ  “ਸ਼ੁੱਧ ਤਾਰੀਖ਼ਾਂ” ਜਿਹੜੀਆਂ ਤੁਹਾਡੇ ਘਰ ਬੈਠ ਕੇ 23 ਮਾਰਚ 2003 ਨੂੰ ਨਿਰਧਾਰਿਤ ਕੀਤੀਆਂ ਗਈਆਂ ਸਨ ਅਤੇ ਤੁਸੀਂ 12 ਅਗਸਤ 2009 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜੀਆਂ ਸਨ, 7 ਪੰਨਿਆਂ ਦੀ ਸੂਚੀ ਪਾਠਕਾਂ ਦੀ ਕਚਿਹਰੀ ਵਿਚ ਪੇਸ਼ ਕਰੋ, ਤਾਂ ਜੋ ਉਨ੍ਹਾਂ ਤੇ ਵਿਚਾਰ ਕੀਤੀ ਜਾ ਸਕੇ।

ਅਨੁਰਾਗ ਸਿੰਘ ਜੀ, ਤੁਸੀਂ ਨਾ ਤਾਂ ਮੇਰੇ ਸਵਾਲ, “ਕੀ ਸ਼੍ਰੋਮਣੀ ਕਮੇਟੀ ਨੇ ਸੰਮਤ ੫੪੨ ਨਾਨਕਸ਼ਾਹੀ (2010-2011 ਈ:) ਦਾ ਕੈਲੰਡਰ ਤੁਹਾਡੇ ਵੱਲੋਂ ਸੁਝਾਈਆਂ ਗਈਆਂ ਇਤਿਹਾਸਿਕ ਤਾਰੀਖ਼ਾਂ ਮੁਤਾਬਕ ਬਣਾਇਆ ਸੀ? ਦਾ ਜਵਾਬ ਦਿੱਤਾ ਹੈ ਅਤੇ ਨਾ ਹੀ ਸਿੱਖ ਇਤਿਹਾਸ ਦੀਆਂ “ਸ਼ੁੱਧ ਤਾਰੀਖ਼ਾਂ”  ਸੰਗਤਾਂ ਦੇ ਸਨਮੁੱਖ ਪੇਸ਼ ਕੀਤੀਆਂ ਹਨ

ਦੂਜੇ ਪਾਸੇ ਤੁਸੀਂ ਇਹ ਦਾਵਾ ਕਰਦੇ ਹੋ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਗਲਤ ਹਨ, ਫਰਜ਼ੀ ਹਨ, ਇਤਿਹਾਸ ਨੂੰ ਬਿਗਾੜਨ ਵਾਲੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਜਦੋਂ ਤੁਹਾਡੇ ਘਰ ਬੈਠ ਕੇ ਨਿਰਧਾਰਿਤ ਕੀਤੀ ਗਈ “ਸ਼ੁੱਧ ਤਰੀਖਾਂ” ਨੂੰ ਬਦਲ ਦਿੱਤਾ ਗਿਆ ਸੀ, ਤੁਹਾਨੂੰ ਤਾਂ ਕੋਠੇ ਤੇ ਚੜ ਕੇ ਰੌਲਾ ਪਾਉਣਾ ਚਾਹੀਦਾ ਸੀ।ਤੁਸੀਂ ਪਿਛਲੇ 15 ਸਾਲਾਂ ਤੋਂ (ਮਾਰਚ 2003 ਤੋਂ 2018) ਤੋਂ  ਚੁੱਪ ਕਿਉ ਹੋ?ਤੁਸੀਂ ਤਾਂ ਵਾਰ-ਵਾਰ ਬੇਨਤੀ ਕਰਨ ਤੇ ਵੀ ਉਹ ਤਾਰੀਖ਼ਾਂ ਪੇਸ਼ ਨਹੀਂ ਕਰ ਰਹੇ।

ਅਨੁਰਾਗ ਸਿੰਘ ਜੀ ! ਅੱਜ ਫੇਰ ਬੇਨਤੀ ਕਰ ਰਿਹਾ ਹਾਂ ਕਿ ਸਿੱਖ ਇਤਿਹਾਸ ਦੀਆਂ “ਸ਼ੁੱਧ ਤਾਰੀਖ਼ਾਂ” ਜਿਹੜੀਆਂ ਤੁਹਾਡੇ ਘਰ ਬੈਠ ਕੇ 23 ਮਾਰਚ 2003 ਨੂੰ ਨਿਰਧਾਰਿਤ ਕੀਤੀਆਂ ਗਈਆਂ ਸਨ, ਨੂੰ 29 ਅਪ੍ਰੈਲ 2018, ਦਿਨ ਐਤਵਾਰ ਤੋਂ ਪਹਿਲਾ-ਪਹਿਲਾ ਪੇਸ਼ ਕੀਤਾ ਜਾਵੇ। ਨਹੀਂ ਤਾਂ 30 ਅਪ੍ਰੈਲ ਦਿਨ ਸੋਮਵਾਰ ਨੂੰ ਤੁਹਾਨੂੰ ਝੂਠਾ, ਬੇਈਮਾਨ ਅਤੇ ਫਰੇਬੀ ਐਲਾਨ ਦਿੱਤਾ ਜਾਵੇਗਾ। ਉਹ ਸਾਰੇ ਸ਼ਬਦ ਜੋ ਹੁਣ ਤੀਕ ਤੁਸੀਂ ਮੇਰੇ ਲਈ ਵਰਤਦੇ ਰਹੋ ਹੋ, ਜਿਵੇ ਪੇਟੀ ਬੰਦ ਦਿਮਾਗ, ਭਾੜੇ ਦਾ ਟੱਟੂ, ਪੱਕਾ ਢੀਠ, ਇਲਤੀ, ਸ਼ਰਾਰਤੀ, ਸਰਕਾਰੀ ਪਿੱਠੂ ਆਦਿ ਤੁਹਾਡੇ ਨਾਮ ਨਾਲ ਜੋੜ ਦਿੱਤੇ ਜਾਣਗੇ। ਅੱਗੋਂ ਤੋਂ ਤੁਹਾਡੀਆਂ ਜੱਬਲੀਆਂ ਦਾ ਜਵਾਬ ਦੇਣ ਵੇਲੇ, ਤੂਹਾਨੂੰ ਇਨ੍ਹਾਂ ਸ਼ਬਦਾਂ ਨਾਲ ਹੀ ਸੰਬੋਧਨ ਕੀਤਾ ਜਾਵੇਗਾ।

ਧੰਨਵਾਦ

ਸਰਵਜੀਤ ਸਿੰਘ ਸੈਕਰਾਮੈਂਟੋ

4/20/2018

ਪੱਤਰ ਨੰਬਰ 18 (ਸ. ਸਰਬਜੀਤ ਸਿੰਘ ਜੀ ਵਲੋਂ ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਨੂੰ ਜਵਾਬ)

0

ਪੱਤਰ ਨੰਬਰ 18

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

ਕਰਨਲ ਨਿਸ਼ਾਨ ਜੀ !  ਤੁਸੀਂ ਲਿਖਿਆ ਹੈ, “ਇਹ ਸਾਰੇ ਬਿਕਰਮੀ ਕੈਲੰਡਰ ਦੇ ਹੀ ਹਿੱਸੇ ਪੁਰਜੇ ਹਨ, ਕਿਸੇ ਦੂਸਰੇ ਕੈਲੰਡਰ ਤੋਂ ਨਹੀਂ ਲਏ ਗਏ, ਇਸੇ ਲਈ ਇਹ ਮਰਸਡੀ ਕਾਰ ਰੂਪੀ ਕੈਲੰਡਰ ਪਿਛਲੇ 2000 ਸਾਲਾਂ ਤੋਂ ਬਿਨਾਂ ਵਿਘਨ ਤੋਂ ਚਲ ਰਿਹਾ ਹੈ”।  ਇਹ ਤਾਂ ਮੈਂ ਪਿਛਲੇ ਪੱਤਰ ਵਿੱਚ ਹੀ ਲਿਖ ਦਿੱਤਾ ਸੀ ਕਿ ਇਸ ਕੈਲੰਡਰ ਦਾ 2075 ਸੰਮਤ ਹੈ। ਸਵਾਲ ਤਾਂ ਇਹ ਸੀ ਕਿ ਇਸ ਕੈਲੰਡਰ ਤੇ ਤੁਸੀਂ ਨਾਨਕਸ਼ਾਹੀ 550 ਕਿਵੇਂ ਲਿਖ ਸਕਦੇ ਹੋ ? ਬਿਕ੍ਰਮੀ ਕੈਲੰਡਰ ਸਿਰਫ ਨਾਮ ਬਦਲਣ ਨਾਲ ਹੀ ਸਿੱਖ ਕੈਲੰਡਰ ਕਿਵੇਂ ਬਣ ਗਿਆ ? ਇਹ ਕੈਲੰਡਰ ਤਾਂ ਆਪਣੇ ਤਰੀਕੇ ਨਾਲ ਹੀ ਚਲੇਗਾ।

ਕਰਨਲ ਨਿਸ਼ਾਨ ਜੀ !  ਮੈਂ ਇਹ ਸਮਝਿਆ ਹਾਂ ਕਿ ਤੁਸੀਂ ਬਿਕ੍ਰਮੀ ਕੈਲੰਡਰ ਨੂੰ ਛੱਡਣਾ ਨਹੀਂ ਚਾਹੁੰਦੇ, ਪਰ ਤੁਹਾਡੇ ਵਿੱਚ ਸੱਚ ਲਿਖਣ ਦੀ ਸਮਰੱਥਾ ਨਹੀਂ ਹੈ। ਹੁਣ ਇਹ ਦੱਸੋ ਕਿ ਤੁਹਾਡੇ ਜਵਾਬ ਨੰਬਰ 27 ਦਾ ਕੀ ਕਰੀਏ ?

ਮੈਂ ਤੁਹਾਡੇ ਪਿਛਲੇ ਪੱਤਰ ਦਾ ਜਵਾਬ ਲਿਖ ਹੀ ਰਿਹਾ ਸੀ ਕਿ ਤੁਹਾਡੀ ਇਕ ਹੋਰ ਈ ਮੇਲ ਮਿਲੀ ਹੈ। ਜਿਸ ਵਿੱਚ ਤੁਸੀਂ ਲਿਖਿਆ ਹੈ, “ਤੁਹਾਡਾ ਇੱਕ ਅਖ਼ਬਾਰੀ ਬਿਆਨ ਮੇਰੇ ਧਿਆਨ ਵਿਚ ਲਿਆਂਦਾ ਗਿਆ ਹੈ, ਜੋ ਬਿਲਕੁਲ ਝੂਠਾ ਹੈ”। ਕਰਨਲ ਨਿਸ਼ਾਨ ਜੀ !  ਤੁਹਾਡਾ ਇਹ ਬਿਆਨ 100% ਝੂਠ ਹੈ। ਜੇ ਤੂਹਾਨੂੰ ਯਾਦ ਹੋਵੇ ਤਾਂ ਇਸ ਸਬੰਧ ਵਿੱਚ ਮੈਂ ਤੁਹਾਡੇ ਸਮੇਤ ਹੋਰ ਬਹੁਤ ਸਾਰੇ ਸੱਜਣਾ ਨੂੰ 2 ਦਸੰਬਰ 2017 ਨੂੰ ਈ ਮੇਲ ਕੀਤੀ ਸੀ।

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

ਨਿਸ਼ਾਨ ਜੀ !  ਜਿਵੇ ਕਿ ਆਪ ਜੀ ਜਾਣਦੇ ਹੀ ਹੋ, ਕਿ ਤੁਹਾਡੀ ਕਿਤਾਬ, “ਗੁਰਪੁਰਬ ਦਰਪਣ” ਦੇ ਪੰਨਾ 95 ਉੱਪਰ ਇਹ ਚੁਣੌਤੀ ਦਰਜ ਹੈ। ਮੈਂ ਇਹ ਚੁਣੌਤੀ ਪ੍ਰਵਾਨ ਕਰਦਾ ਹਾਂ। ਆਪਣੀ ਸਾਰੀ ਗੱਲਬਾਤ ਲਿਖਤੀ ਰੂਪ ਵਿਚ ਹੋਵੇਗੀ ਤਾਂ ਜੋ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੀਆਂ ਸਿੱਖ ਸੰਗਤਾਂ, ਇਸ ਨੂੰ ਨਾਲੋਂ ਨਾਲ ਹੀ ਪੜ੍ਹ ਸਕਣ। ਮੈਂ ਆਪਣੇ ਵੱਲੋਂ,www.Sikhmarg.com ਪੇਸ਼ ਕਰਦਾ ਹਾਂ ਜਿਸ ਦਾ ਈ-ਮੇਲ ਪਤਾ ਹੈ,info@sikhmarg.com. ਜਿਹੜਾ ਮੰਚ ਆਪ ਜੀ ਨੂੰ ਪਸੰਦ ਹੋਵੇ, ਉਸ ਦਾ ਪਤਾ ਤੁਸੀਂ ਦੱਸ ਦਿਓ ਮੈਨੂੰ ਪ੍ਰਵਾਨ ਹੋਵੇਗਾ।

ਨਿਸ਼ਾਨ ਜੀ ! ਜੇਕਰ ਆਪ ਜੀ ਇਸ ਚੁਣੌਤੀ ਨੂੰ ਵਾਪਸ ਲੈਣਾ ਚਾਹੋ ਤਾਂ 9 ਦਸੰਬਰ 2017 ਈ: ਦਿਨ ਸ਼ਨਿਚਰਵਾਰ ਤੋਂ ਪਹਿਲਾਂ-ਪਹਿਲਾਂ ਵਾਪਸ ਲੈਣ ਦਾ ਐਲਾਨ ਵੀ ਕਰ ਸਕਦੇ ਹੋ। ਨਹੀਂ ਤਾਂ 10 ਦਸੰਬਰ 2017 ਈ: ਦਿਨ ਐਤਵਾਰ ਤੋਂ ਆਪਾ ਵਿਚਾਰ ਚਰਚਾ ਆਰੰਭ ਕਰਾਂਗੇ।

ਸਤਿਕਾਰ ਸਹਿਤ

ਸਰਵਜੀਤ ਸਿੰਘ ਸੈਕਰਾਮੈਂਟੋ 12/2/2017

ਦੂਜੀ ਈ ਮੇਲ 10 ਦਸੰਬਰ ਨੂੰ, ਤੀਜੀ ਈ ਮੇਲ 17 ਦਸੰਬਰ, ਚੌਥੀ ਈ ਮੇਲ 24 ਦਸੰਬਰ, ਪੰਜਵੀਂ 30 ਦਸੰਬਰ 2017 ਅਤੇ ਛੇਵੀਂ 7 ਜਨਵਰੀ 2018 ਨੂੰ ਕੀਤੀ ਸੀ। ਇਸੇ ਸਮੇਂ ਦੌਰਾਨ 30 ਦਸੰਬਰ ਨੂੰ ਤੁਹਾਡੀ ਈ ਮੇਲ ਮਿਲੀ ਸੀ, ਜਿਸ ਵਿੱਚ ਤੁਸੀਂ ਲਿਖਿਆ ਸੀ, “ਜੇ ਤੁਸੀਂ 23 ਪੋਹ ਬਿਕਰਮੀ ਅਤੇ 23 ਪੋਹ ਪੁਰੇਵਾਲ ਵਾਲੇ 2003 ਵਾਲੇ ਕੈਲੰਡਰ ਵਿਚ ਅਜੇ ਤੱਕ ਫਰਕ ਨਹੀਂ ਸਮਝ ਸਕੇ ਤਾਂ 1 ਲੱਖ ਇਨਾਮ ਲੈਣ ਲਈ ਤੁਹਾਨੂੰ ਹਾਲੇ ਬਹੁਤ ਮਿਹਨਤ ਕਰਨ ਦੀ ਲੋੜ ਹੈ”। ਅੱਜ ਤੁਸੀਂ ਲਿਖਿਆ ਹੈ, “ਤੁਹਾਡਾ ਇੱਕ ਅਖ਼ਬਾਰੀ ਬਿਆਨ ਮੇਰੇ ਧਿਆਨ ਵਿਚ ਲਿਆਂਦਾ ਗਿਆ ਹੈ, ਜੋ ਬਿਲਕੁਲ ਝੂਠਾ ਹੈ”।

ਕਰਨਲ ਨਿਸ਼ਾਨ ਜੀ !  ਅਨੁਰਾਗ ਸਿੰਘ ਵਾਂਗੂੰ ਤੁਸੀਂ ਵੀ ਝੂਠ ਲਿਖਣਾ ਆਰੰਭ ਕਰ ਦਿੱਤਾ ਹੈ ?

ਮੇਰੇ ਪੱਤਰ ਅੱਜ ਵੀ ਸਿੱਖ ਮਾਰਗ ਤੇ ਪੜ੍ਹੇ ਜਾ ਸਕਦੇ ਹਨ।

http://www.sikhmarg.com/your-view/your-view138.html

http://www.sikhmarg.com/your-view/your-view139.html

ਕਰਨਲ ਨਿਸ਼ਾਨ ਜੀ !  ਜਦੋਂ ਤੁਸੀਂ ਕਿਤਾਬ ਲਿਖੀ ਸੀ ਉਦੋਂ ਨਹੀਂ ਸੀ ਸੋਚਿਆ ਕਿ ਸਵਾਲ ਵੀ ਆ ਸਕਦੇ ਹਨ ? ਤੁਹਾਡੇ ਵੱਲੋਂ ਰੱਖੇ ਗਏ ਇਕ ਲੱਖ ਰੁਪਏ ਦੇ ਇਨਾਮ (ਪੰਨਾ 95) ਬਾਰੇ ਵਿਚਾਰ ਕਰਨ ਦਾ ਯਤਨ ਕੀਤਾ ਤਾਂ ਤੁਸੀਂ ਕੋਈ ਲੜ-ਸਿਰਾ ਨਹੀਂ ਫੜਾਇਆ। ਹੁਣ ਕਿਤਾਬ ਵਿੱਚ ਪੰਨਾ 17 ਉੱਪਰ ਦਰਜ ਤੁਹਾਡੇ ਨਿਮਰਤਾ ਭਰੇ ਸ਼ਬਦਾਂ ਤੋਂ ਪ੍ਰਭਾਵਤ ਹੋ ਕੇ ਮੈਂ ਆਪ ਜੀ ਨਾਲ ਵਿਚਾਰ ਆਰੰਭ ਕੀਤੀ ਹੈ, ਹੁਣ ਫੇਰ ਤੁਸੀਂ ਗਿਲਾ ਪੀਹਣ ਪਾ ਕੇ ਬੈਠ ਗਏ ਹੋ, ਹੁਣ ਤੁਹਾਡੀ ਨਿਮਰਤਾ, ਕਫੂਰ ਕਿਉਂ ਹੋ ਗਈ ਹੈ ? ਨਾ ਤੁਸੀਂ ਕੁਝ ਸਮਝਾਉਣ ਨੂੰ ਤਿਆਰ ਹੋ, ਨਾ ਤੁਸੀਂ ਕੁਝ ਮੰਨਣ ਨੂੰ ਤਿਆਰ ਹੋ। ਲਗਭਗ ਮਹੀਨਾ ਹੋ ਗਿਆ ਪੱਤਰ ਲਿਖਦਿਆਂ ਨੂੰ, ਅਜੇ ਤਾਈਂ ਇਕ ਸਵਾਲ (27) ਦਾ ਫੈਸਲਾ ਨਹੀਂ ਹੋ ਸਕਿਆ। ਹੋਰ ਕਈ ਸਵਾਲ ਹਨ ਜਿਨ੍ਹਾਂ ਤੇ ਵਿਚਾਰ ਕੀਤੀ ਜਾਣੀ ਜਰੂਰੀ ਹੈ। ਕਰਨਲ ਨਿਸ਼ਾਨ ਜੀ !  ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਵਿਚਾਰ ਚਰਚਾ ਕਰਨ ਦੇ ਸਮਰੱਥ ਨਹੀਂ ਹੋ ਤਾਂ “ਦੋ ਸ਼ਬਦਾਂ” ਵਿੱਚ ਗੱਲ ਨਿਬੇੜ ਦਿਓ।

ਸਪੱਸ਼ਟ ਹੁੰਗਾਰੇ ਦੀ ਉਡੀਕ ਵਿੱਚ

ਸਰਵਜੀਤ ਸਿੰਘ ਸੈਕਰਾਮੈਂਟੋ 4/17/2018

ਪੱਤਰ ਨੰਬਰ 17 (ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਵਲੋਂ ਸ. ਸਰਬਜੀਤ ਸਿੰਘ ਜੀ ਨੂੰ ਇੱਕ ਹੋਰ ਪੱਤਰ)

0

ਪੱਤਰ ਨੰਬਰ 17

ਸ: ਸਰਬਜੀਤ ਸਿੰਘ ਜੀਓ !

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ॥

1. ਤੁਹਾਡਾ ਇੱਕ ਅਖਬਾਰੀ ਬਿਆਨ ਮੇਰੇ ਧਿਆਨ ਵਿਚ ਲਿਆਂਦਾ ਗਿਆ ਹੈ ਜੋ ਬਿਲਕੁਲ ਝੂਠਾ ਹੈ। ਮੈਂ ਆਪਣੀ ਲਿਖਤ ”ਇੱਕ ਲੱਖ ਦਾ ਇਨਾਮ” ਤੇ ਅੱਜ ਵੀ ਕਾਇਮ ਹਾਂ, ਕਦੇ ਮੁਕਰਿਆ ਨਹੀਂ। ਤੁਹਾਨੂੰ ਜਿਸ ਦਿਨ 23 ਪੋਹ 198 ਨਾਨਕਸ਼ਾਹੀ/ ਬਿਕਰਮੀ 1723 ਮੁਤਾਬਿਕ 22 ਦਿਸੰਬਰ1666 ਅਤੇ 23 ਪੋਹ ਨਾਨਕਸ਼ਾਹੀ 198 (ਪੁਰੇਵਾਲ) ਮੁਤਾਬਿਕ 5 ਜਨਵਰੀ 1667 ਵਿਚ ਫਰਕ ਦੀ ਸਮਝ ਆ ਜਾਏਗੀ ਤਾਂ ਤੁਹਾਨੂੰ ਮੇਰੀਆਂ ਦਲੀਲਾਂ ਦੀ ਸਾਰਥਕਤਾ ਦਾ ਪਤਾ ਲੱਗ ਜਾਏਗਾ। ਤੁਹਾਨੂੰ ਤਾਂ ਅਜੇ ਬਿਕਰਮੀ ਕੈਲੰਡਰ ਅਤੇ ਹਿੰਦੂ ਬਿਕਰਮੀ ਕੈਲੰਡਰ, ਗ੍ਰੀਗੋਰੀਅਨ ਕੈਲੰਡਰ ਅਤੇ ਕ੍ਰਿਸਚੀਅਨ ਗ੍ਰੀਗੋਰੀਅਨ ਕੈਲੰਡਰ ਵਿਚ ਕੀ ਫ਼ਰਕ ਹੈ, ਇਨ੍ਹਾਂ ਬੁਣਿਆਦੀ ਨੁਕਤਿਆਂ ਬਾਰੇ ਹੀ ਪਤਾ ਨਹੀਂ। ਜਿਵੇਂ ਕਿ ਮੈਂ ਪਹਿਲਾਂ ਲਿਖਿਆ ਸੀ ਇਹ ਫ਼ਰਕ ਸਮਝਣ ਲਈ ਤੁਹਾਨੂੰ ਹੋਰ ਜ਼ਿਆਦਾ ਮਿਹਣਤ ਕਰਨ ਦੀ ਲੋੜ ਹੈ।

2. ਮੈਂ ਗੁਰ ਪੁਰਬ ਦਰਪਣ ਰਾਹੀਂ ਸੰਗਤਾਂ ਵਿਚੋਂ ਉਹ ਭਰਮ ਭੁਲੇਖੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਕੈਲੰਡਰਾਂ ਦੇ ਸਬੰਧ ਵਿਚ ਕੁੱਝ ਸਾਲਾਂ ਤੋਂ ਪਰਚਾਰੇ ਜਾ ਰਹੇ ਹਨ।.

ਕੈਲੰਡਰ ਚਾਹੇ ਚੰਦਰਮੀ ਹੋਵੇ ਅਤੇ ਚਾਹੇ ਸੂਰਜੀ ਜੇ ਕਰ ਉਹ ਵਿਗਿਆਨਕ ਢੰਗ ਤਰੀਕਿਆਂ ਨਾਲ ਨਹੀਂ ਬਣਦਾ ਤਾਂ ਉਹ ਇੱਕ ਛਲਾਵਾ ਹੈ, ਹੋਰ ਕੁੱਝ ਨਹੀਂ।

4. ਕਿਸੇ ਵੀ ਇਤਿਹਾਸਕ ਤਾਰੀਖ਼ ਨੂੰ ਕਿਸੇ ਕੈਲੰਡਰ ਦੇ ਜ਼ਰੀਏ ਨਹੀਂ ਬਦਲਿਆ ਜਾ ਸਕਦਾ। ਪਰ ਇਹ ਕਾਰਨਾਮਾਂ ਪੁਰੇਵਾਲ ਵਾਲੇ ਕੈਲੰਡਰ ਨੇ ਕਰ ਵਿਖਾਇਆ ਹੈ ਜਿਸ ਵਿਚ ਗੁਰਪੁਰਬਾਂ ਦੀਆਂ ਸਾਰੀਆਂ ਸੂਰਜੀ ਤਾਰੀਖ਼ਾਂ ਗਲਤ ਮਿਥੀਆਂ ਗਈਆਂ ਹਨ। ਇਹ ਸੋਝੀ ਆਉਣ ਤੇ ਹੀ ਸ਼ਰੋਮਣੀ ਕਮੇਟੀ ਨੇ ਇਸ ਕੈਲੰਡਰ ਨੂੰ ਤਿਆਗਿਆ ਹੈ।

5. ਸਿੱਖ ਕੈਲੰਡਰ ਸਬੰਧੀ ਮੇਰੀ ਸੋਚ ਅਤੇ ਮੇਰੀਆਂ ਦਲੀਲਾਂ 28 ਸੁਆਲਾਂ ਦੇ ਰੂਪ ਵਿਚ ਸਭ ਦੇ ਸਾਹਮਣੇ ਹਨ ਤੁਹਾਡੇ 4/4 ਵਾਲੇ ਪੱਤਰ ਵਿਚ ਕੀਤੀ ਸਿਫ਼ਾਰਸ਼ ”ਕਿ ਕਿਹੋ ਜਿਹੀਆਂ ਦਲੀਲਾਂ ਦਿੰਦੇ ਹੋਣਗੇ” ਮੁਤਾਬਿਕ ਕਿਸੇ ਨੂੰ ਅੰਦਾਜ਼ਾ ਲਗਾਉਣ ਦੀ ਲੋੜ ਨਹੀਂ।

4/17/2018

ਪੱਤਰ ਨੰਬਰ 16 (ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਵਲੋਂ ਸ. ਸਰਬਜੀਤ ਸਿੰਘ ਜੀ ਨੂੰ ਜਵਾਬ)

0

ਪੱਤਰ ਨੰਬਰ 16

ਸ: ਸਰਵਜੀਤ ਸਿੰਘ ਜੀਓ !

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ॥

ਦੁਨੀਆਂ ਵਿਚ ਜਿੰਨੇ ਵੀ ਕੈਲੰਡਰ ਵਿਗਿਆਨਕ ਨਿਯਮਾਂ ਅਨੁਸਾਰ ਜਿਸ ਲੋੜ ਨੂੰ ਮੁੱਖ ਰੱਖ ਕੇ ਬਣਾਏ ਗਏ ਹਨ ਉਹ ਸਭ ਆਪਣੀ ਆਪਣੀ ਥਾਂ ਤੇ ਦਰੁਸਤ ਹਨ। ਮੇਰਾ ਕਿਸੇ ਵਿਗਿਆਨਕ ਕੈਲੰਡਰ ਨਾਲ ਕੋਈ ਵਿਰੋਧ ਨਹੀਂ।

ਤੁਸੀਂ ਜਿਹੜੀਆਂ ਥਿੱਤਾਂ, ਮਹੀਨਿਆਂ, ਸਾਲ ਆਦਿ ਦੀ ਗਲ ਕੀਤੀ ਹੈ ਇਹ ਸਾਰੇ ਬਿਕਰਮੀ ਕੈਲੰਡਰ ਦੇ ਹੀ ਹਿੱਸੇ ਪੁਰਜੇ ਹਨ, ਕਿਸੇ ਦੂਸਰੇ ਕੈਲੰਡਰ ਤੋਂ ਨਹੀਂ ਲਏ ਗਏ ਇਸੇ ਲਈ ਇਹ ਮਰਸਡੀ ਕਾਰ ਰੂਪੀ ਕੈਲੰਡਰ ਪਿਛਲੇ 2000 ਸਾਲਾਂ ਤੋਂ ਬਿਨਾਂ ਵਿਘਨ ਤੋਂ ਚਲ ਰਿਹਾ ਹੈ। ਜਦ ਕਿ ਪੁਰੇਵਾਲ ਵਲੋਂ ਬਣਾਏ ਨਾਨਕਸ਼ਾਹੀ ਕੈਲੰਡਰ 2003 ਵਿਚ ਤਾਂ ਵੱਖ ਵੱਖ ਕੈਲੰਡਰਾਂ ਦੇ ਹਿੱਸੇ ਪੁਰਜੇ ਫਿਟ ਕਰ ਕੇ ਜੁਗਾੜੂ ਕੈਲੰਡਰ ਬਣਾਉਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਚਲ ਨਹੀਂ ਸਕਦਾ। ਸੁਆਲ ਨੰਬਰ 28 ਦੁਬਾਰਾ ਪੜ੍ਹੋ ਜੀ।

4/16/2018

ਪੱਤਰ ਨੰਬਰ 15 (ਸ. ਸਰਬਜੀਤ ਸਿੰਘ ਜੀ ਵਲੋਂ ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਨੂੰ ਜਵਾਬ)

0

ਪੱਤਰ ਨੰਬਰ 15

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

ਬੇਨਤੀ ਹੈ ਕਿ ਮੈਂ ਇਸ ਗੱਰੁਪ ਵਿੱਚ ਸ਼ਾਮਲ ਸੱਜਣਾਂ ਦੀ ਸਹੂਲਤ ਲਈ, ਆਪ ਜੀ ਨੂੰ ਇਸ ਆਸ ਨਾਲ ਸਵਾਲ ਕੀਤਾ ਸੀ ਕਿ ਆਪ ਜੀ, Lunar , Solar or Lunisolar ਵਿੱਚੋਂ ਇਕ ਸ਼ਬਦ ਲਿਖ ਕੇ, ਸਪੱਸ਼ਟ ਜਵਾਬ ਦੇ ਦਿਓਗੇ, ਪਰ ਆਪ ਜੀ ਤਾਂ …!

ਕਰਨਲ ਨਿਸ਼ਾਨ ਜੀ ! ਤੁਹਾਡੇ ਜਵਾਬ (2) ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਤੁਸੀਂ ਪੁਰਾਤਨ ਚੰਦਰ-ਸੂਰਜੀ (Lunisolar) ਬਿਕ੍ਰਮੀ ਕੈਲੰਡਰ ਉਪਰ ਹੀ ਸੰਮਤ 2075 ਬਿਕ੍ਰਮੀ ਦੀ ਥਾਂ ਸੰਮਤ 550 ਨਾਨਕਸ਼ਾਹੀ ਲਿਖ ਕੇ ਸਿੱਖ ਕੌਮ ਦਾ ਕੈਲੰਡਰ ਬਣਾਉਣਾ ਚਾਹੁੰਦੇ ਹੋ।

ਸਤਿਕਾਰ ਯੋਗ ਸੱਜਣੋ !  ਕਰਨਲ ਨਿਸ਼ਾਨ ਜੀ, ਜਿਸ ਕੈਲੰਡਰ ਦੇ ਹਮਾਇਤੀ ਹਨ, ਉਸ ਦੀ ਬਣਤਰ ਕੁਝ ਇਸ ਤਰ੍ਹਾਂ ਹੈ। ਨਾਮ- ਨਾਨਕਸ਼ਾਹੀ, ਮਹੀਨਿਆਂ ਦੇ ਨਾਮ ਚੇਤ ਤੋਂ ਫੱਗਣ, ਮਹੀਨੇ ਦੀ ਲੰਬਾਈ 29.53 ਦਿਨ, ਤਿੱਥ (ਦਿਨ) ਦੀ ਲੰਬਾਈ ਲਗਭਗ 20.5 ਤੋਂ 26.5 ਘੰਟੇ,ਮਹੀਨਿਆਂ ਦੀ ਗਿਣਤੀ 11, 12 ਜਾਂ 13,  19 ਸਾਲਾਂ ਵਿੱਚ 7 ਸਾਲ ਅਜਿਹੇ, ਜਿਨ੍ਹਾਂ ਵਿੱਚ 29 ਜਾਂ 30 ਦਿਨ ਮਾੜੇ, ਸੂਰਜੀ ਇਕ ਦਿਨ ਵਿੱਚ ਦੋ ਤਿੱਥਾਂ (ਚੰਦ ਦੇ ਦਿਨ) ਜਾਂ ਸੂਰਜੀ ਦੋ ਦਿਨਾਂ ਵਿੱਚ ਚੰਦ ਦਾ ਇਕ ਦਿਨ। ਮਹੀਨੇ ਦਾ ਆਰੰਭ 1 ਵਦੀ ਤੋਂ, ਸਾਲ ਦਾ ਆਰੰਭ ਚੇਤ ਸੁਦੀ 1 ਤੋਂ, ਚੇਤ ਦਾ ਅੱਧਾ ਮਹੀਨਾ ਪਿਛਲੇ ਸਾਲ ਵਿਚ, ਅੱਧਾ ਮਹੀਨਾ ਨਵੇਂ ਸਾਲ ਵਿੱਚ, ਦਿਨ ਦਾ ਆਰੰਭ ਸੂਰਜ ਚੜਨ ਵੇਲੇ ਤੋਂ, ਸਾਲ ਦੀ ਲੰਬਾਈ 354.37 ਦਿਨ। ਗੁਰ ਪੁਰਬ ਵਦੀ ਸੁਦੀ ਮੁਤਾਬਕ ਅਤੇ ਇਤਿਹਾਸਿਕ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ, ਸੂਰਜੀ ਮਹੀਨੇ ਦਾ ਆਰੰਭ ਸੂਰਜ ਦੇ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰਨ ਵੇਲੇ।

ਕਰਨਲ ਨਿਸ਼ਾਨ ਜੀ !  ਜੇ ਮੇਰੇ ਸਮਝਣ ਵਿਚ ਕਿਤੇ ਗਲਤੀ ਹੋ ਗਈ ਹੋਵੇ ਤਾਂ ਦਰੁਸਤੀ ਕਰ ਦੇਣੀ ਜੀ। ਕੈਲੰਡਰ ਦੀ ਇਹ ਬਣਤਰ, ਤੁਹਾਡੇ ਜਵਾਬ ਨੰਬਰ 28 ਦੀ ਅਵੱਗਿਆ ਹੈ।

ਕੀ ਇਹ ਮਰੂਤੀ ਕਾਰ ਉਪਰ ਮਰਸਡੀ ਲਿਖਣਾ ਨਹੀਂ ਹੈ ?

ਉਸਾਰੂ ਸੇਧਾਂ ਦੀ ਉਡੀਕ ਵਿੱਚ

ਸਰਵਜੀਤ ਸਿੰਘ ਸੈਕਰਾਮੈਂਟੋ (4/15/2018)

ਪੱਤਰ ਨੰਬਰ 14 (ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਵਲੋਂ ਸ. ਸਰਬਜੀਤ ਸਿੰਘ ਜੀ ਨੂੰ ਜਵਾਬ)

0

ਪੱਤਰ ਨੰਬਰ 14

ਸ: ਸਰਵਜੀਤ ਸਿੰਘ ਜੀਓ !

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

1. ਮੈਂ ਸੁਆਲ ਨੰਬਰ 3 ਅਤੇ ਉਸ ਦੇ ਜੁਆਬ ਵਿਚ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਹਾਂ ਕਿ ਆਧਾਰ ਕੈਲੰਡਰ (Base Calendar) ਨੂੰ ਕੋਈ ਵੀ ਮੁਲਕ/ਧਰਮ/ਸੰਸਥਾ ਅਪਣਾ ਕੇ ਆਪਣੀ ਸੰਸਥਾ/ ਮੁਲਕ/ ਧਰਮ ਦਾ ਕੈਲੰਡਰ ਬਣਾ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕ੍ਰਿਸਚਿਆਨਿਟੀ ਨੇ ਆਪਣੇ ਕੈਲੰਡਰ ਦਾ ਆਧਾਰ ਗ੍ਰੀਗੋਰੀਅਨ ਕੈਲੰਡਰ ਨੂੰ ਬਣਾਇਆ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਗ੍ਰੀਗੋਰੀਅਨ ਕੈਲੰਡਰ ਕ੍ਰਿਸਚੀਅਨ ਕੈਲੰਡਰ ਹੈ, ਇਸੇ ਤਰ੍ਹਾਂ ਹਿੰਦੂਆਂ ਦਾ ਧਾਰਮਕ ਕੈਲੰਡਰ ਬਿਕਰਮੀ ਕੈਲੰਡਰ ਤੇ ਆਧਾਰਤ ਹੋਣ ਕਰ ਕੇ ਬਿਕ੍ਰਮੀ ਕੈਲੰਡਰ ਨੂੰ ਹਿੰਦੂ ਕੈਲੰਡਰ ਨਹੀਂ ਕਹਿ ਸਕਦੇ । ਬਿਕ੍ਰਮੀ ਕੈਲੰਡਰ ਅਤੇ ਬਿਕ੍ਰਮੀ ਹਿੰਦੂ ਕੈਲੰਡਰ ਦੋ ਅਲੱਗ ਅਲੱਗ ਕੈਲੰਡਰ ਹਨ। ਇਸ ਲਈ ਇਹ ਕੋਈ ਜ਼ਰੂਰੀ ਨਹੀਂ ਕਿ ਕੋਈ ਹੋਰ ਸੰਸਥਾ/ਧਰਮ/ਮੁਲਕ ਆਪਣੇ ਕੈਲੰਡਰਾਂ ਦਾ ਆਧਾਰ ਬਿਕ੍ਰਮੀ ਜਾਂ ਗ੍ਰੀਗੋਰੀਅਨ ਕੈਲੰਡਰ ਰੱਖਣ ਲਈ ਈਸਾਈ ਜਾਂ ਹਿੰਦੂ ਧਰਮ ਦੀਆਂ ਮਾਨਤਾਵਾਂ ਨੂੰ ਵੀ ਧਿਆਨ ਵਿਚ ਰੱਖੇ। ਸੋ ਤੁਹਾਡੀ ਇਹ ਦਲੀਲ ਕਿ ਜੇ ਕਰ ਨਾਨਕਸ਼ਾਹੀ ਕੈਲੰਡਰ ਦਾ ਆਧਾਰ ਬਿਕਰਮੀ ਕੈਲੰਡਰ ਨੂੰ ਰੱਖਣਾ ਹੈ ਤਾਂ ਉਸ ਵਿਚ ਗੁਰਮਤ ਲਾਗੂ ਨਹੀਂ ਕੀਤੀ ਜਾ ਸਕਦੀ, ਇਹ ਗੁਮਰਾਹ ਕੁਨ ਪਰਚਾਰ ਹੈ। ਇਕ ਵਾਰ ਫਿਰ ਸੁਆਲ ਨੰਬਰ 3 ਪੜ੍ਹਣ ਦੀ ਖੇਚਲ ਕਰੋ।

2. ਤੁਹਾਡੇ ਤਾਜ਼ੇ ਸੁਆਲ ਦਾ ਜੁਆਬ ਮੈਂ ਪਹਿਲਾਂ ਹੀ ਸੁਆਲ ਨੰਬਰ 2 ਵਿਚ ਦੇ ਚੁਕਾ ਹਾਂ ਪੜ੍ਹਣ ਅਤੇ ਸਮਝਣ ਦੀ ਖੇਚਲ ਕਰੋ।

3. ਤੁਹਾਡੇ ਸੁਆਲਾਂ ਦੇ ਜੁਆਬ ਮੈਂ ਆਪਣੀ ਫੁਰਸਤ ਮੁਤਾਬਿਕ ਹੀ ਦੇ ਸਕਦਾ ਹਾਂ ਤੁਹਾਡੇ ਟਾਈਮ ਟੇਬਲ ਅਨੁਸਾਰ ਨਹੀਂ।

SURJIT SINGH NISHAN M.sc., MIS, MCA.

ਪੱਤਰ ਨੰਬਰ 13 (ਸ. ਸਰਬਜੀਤ ਸਿੰਘ ਜੀ ਵਲੋਂ ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਨੂੰ ਜਵਾਬ)

0

ਪੱਤਰ ਨੰਬਰ 13

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ॥

ਬੇਨਤੀ ਹੈ ਕਿ ਜੇ ਹੇਠ ਲਿਖੇ ਸਵਾਲ ਦਾ ਜਵਾਬ ਤਿਆਰ ਹੋ ਗਿਆ ਹੋਵੇ ਤਾਂ ਸਾਂਝਾ ਕਰਨ ਦੀ ਕ੍ਰਿਪਾਲਤਾ ਕਰੋ, ਜੀ।

ਅੱਜ ਦਾ ਸਵਾਲ, ਕਰਨਲ ਨਿਸ਼ਾਨ ਜੀ ! ਕੀ ਸਿੱਖ ਕੌਮ ਦਾ ਆਪਣਾ ਵੱਖਰਾ ਕੈਲੰਡਰ ਹੋਣਾ ਚਾਹੀਦਾ ਹੈ ਜਾਂ ਨਹੀਂ ?

(ਜੇ ਜਵਾਬ ਹਾਂ ਹੈ ਤਾਂ ਅੱਗੇ  ਚਲੋ)

ਉਹ ਕਿਹੜਾ ਕੈਲੰਡਰ (ਚੰਦ ਆਧਾਰਿਤ, ਸੂਰਜ ਆਧਾਰਿਤ ਜਾਂ ਚੰਦਰ-ਸੂਰਜੀ ਆਧਾਰਿਤ) ਹੋਣਾ ਚਾਹੀਦਾ ਹੈ ?   

ਉਡੀਕਵਾਨ

ਸਰਵਜੀਤ ਸਿੰਘ ਸੈਕਰਾਮੈਂਟੋ 4/13/2018

ਪੱਤਰ ਨੰਬਰ 12 (ਸ. ਸਰਬਜੀਤ ਸਿੰਘ ਜੀ ਵਲੋਂ ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਨੂੰ ਜਵਾਬ)

0

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ॥

ਤੁਹਾਡੇ ਪੱਤਰ (9 ਅਪ੍ਰੈਲ) ਲਈ ਧੰਨਵਾਦ।

ਨਿਸ਼ਾਨ ਜੀ !  ਵਿਚਾਰ-ਚਰਚਾ ਦਾ ਮਕਸਦ ਹੀ ਸਮਝਣਾ/ਸਮਝਾਉਣਾ ਹੁੰਦਾ ਹੈ ਇਸ ਲਈ ਸੁਖਾਵਾਂ ਮਾਹੌਲ ਜ਼ਰੂਰੀ ਹੁੰਦਾ ਹੈ। ਇਸੇ ਭਾਵਨਾ ਨਾਲ ਹੀ ਮੈਂ 20 ਮਾਰਚ ਨੂੰ ਪੱਤਰ ਲਿਖਿਆ ਸੀ। ਦੂਜੇ ਪੱਤਰ ਵਿੱਚ ਤੁਹਾਡੇ ਵੱਲੋਂ ਦਰਜ ਇਕ ਤਾਰੀਖ਼ ਲਈ ਮੈਂ ਇਹ ਲਿਖਿਆ ਸੀ, “ਤੁਹਾਡੇ ਵੱਲੋਂ ਦਰਜ ਕੀਤੀ, ਚੇਤ ਸੁਦੀ 14 ਮੁਤਾਬਕ 30 ਮਾਰਚ ਸਹੀ ਤਾਰੀਖ ਹੈ”, ਪਰ ਤੁਸੀਂ ਸਵਾਲਾਂ ਦਾ ਜਵਾਬ ਦੇਣ ਤੋਂ ਸੰਕੋਚ ਕਰ ਰਹੇ ਹੋ। ਤੁਸੀਂ ਸਿੱਧਾ ਜਵਾਬ ਦੇਣ ਦੀ ਬਜਾਏ ਗੱਲ ਨੂੰ ਖਿੱਚਣ ਦਾ ਯਤਨ ਕਰ ਰਹੇ ਹੋ।

ਆਪ ਜੀ ਦੇ ਦੂਜੇ ਨੁਕਤੇ ਸਬੰਧੀ ਬੇਨਤੀ ਹੈ ਕਿ ਮੈਂ ਜੋ ਸਵਾਲ ਕੀਤਾ ਸੀ ਉਹ ਗੁਰਮਤ ਜਾਂ ਗੁਰ ਇਤਿਹਾਸ ਦਾ ਨਹੀਂ ਉਹ ਕੈਲੰਡਰ ਦੀ ਬਣਤਰ ਨਾਲ ਸਬੰਧ ਰੱਖਦਾ ਹੈ। ਜੇ ਤੁਸੀਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਨੂੰ ਰੱਖਣਾ ਚਾਹੁੰਦੇ ਹੋ ਤਾਂ ਉਸ ਉਪਰ ਗੁਰਮਤ ਲਾਗੂ ਨਹੀਂ ਕੀਤੀ ਜਾ ਸਕਦੀ। ਉਹ ਤਾਂ ਹਿੰਦੂ ਵਿਦਵਾਨਾਂ ਵੱਲੋਂ ਬਣਾਏ ਅਤੇ ਅਪਣਾਏ ਗਏ ਢੰਗ-ਤਰੀਕਿਆਂ ਅਨੁਸਾਰ ਹੀ ਚਲੇਗਾ।

ਇਹ ਠੀਕ ਹੈ ਕਿ ਤੁਸੀਂ ਆਪਣੇ ਤੌਰ ਤੇ ਸੰਗਤਾਂ ਨੂੰ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਹੈ, ਪਰ ਤੁਸੀਂ ਕਈ ਥਾਈਂ ਕੈਲੰਡਰ ਦੇ ਬੁਨਿਆਦੀ ਨਿਯਮਾਂ ਦੀ ਅਵੱਗਿਆ ਕੀਤੀ ਹੈ, ਜਿਵੇਂ ਕਿ 27 ਨੰਬਰ ਦਾ ਜਵਾਬ। ਤੁਹਾਡਾ ਜਵਾਬ ਨੰਬਰ 18 ਵੀਂ ਸਹੀ ਨਹੀਂ ਹੈ। ਇਸ ਲਈ ਮੈਨੂੰ ਇਹ ਲਿਖਣ ਤੋਂ ਸੰਕੋਚ ਨਹੀਂ ਹੈ ਕਿ ਤੁਸੀਂ ਤਾਂ ਸੰਗਤਾਂ ਦੀ ਦੁਬਿਧਾ ਵਿੱਚ ਵਾਧਾ ਕੀਤਾ ਹੈ।

ਸਾਰੇ ਸੱਜਣਾਂ ਨੂੰ ਆਪਣੀ ਕਿਤਾਬ ਦੇ ਪਹਿਲੇ 35 ਪੰਨੇ ਭੇਜਣ ਲਈ ਧੰਨਵਾਦ।

ਅੱਗੇ ਆਪ ਜੀ ਲਿਖਦੇ ਹੋ, “ਤੁਹਾਡਾ ਸੁਆਲ ਕਿ 2028 ਵਿਚ ਪੋਹ ਦਾ ਮਹੀਨਾ ਨਹੀਂ ਆਏਗਾ ਇਹ ਇੱਕ ਕਲਪਨਾ ਹੈ ਅਸਲੀਅਤ ਨਹੀਂ ਕਿਉਂਕਿ ਜਿਸ ਮਹੀਨੇ ਵਿਚ ਕੋਈ ਮੱਸਿਆ ਨਹੀਂ ਆਉਂਦੀ ਉਸ ਮਹੀਨੇ ਨੂੰ ਕਸ਼ੈ ਮਹੀਨਾ ਕਿਹਾ ਜਾਂਦਾ ਹੈ ਪਰ ਸਾਲ ਦੇ ਕਦੇ ਵੀ 11 ਮਹੀਨੇ ਨਹੀਂ ਹੋਏ”।

ਕਰਨਲ ਨਿਸ਼ਾਨ ਜੀ  !  ਮੈਂ, 2028 ਵਿੱਚ ਪੋਹ ਦੇ ਨਾ ਆਉਣ ਦਾ ਤਾਂ ਜਿਕਰ ਕੀਤਾ ਹੀ ਨਹੀਂ। ਮੈਂ ਤਾਂ ਇਹ ਲਿਖਿਆ ਸੀ ਕਿ, “ਆਉਣ ਵਾਲੇ 100 ਸਾਲਾਂ ਵਿੱਚ ਤਿੰਨ ਸਾਲ ਅਜਿਹੇ ਹੋਣਗੇ, ਜਦੋਂ ਪੋਹ ਦਾ ਮਹੀਨਾ ਨਹੀਂ ਆਵੇਗਾ। ਨਿਸ਼ਾਨ ਜੀ  !   ਸੀ ਡੀ ਤੋਂ ਵੇਖ ਕੇ ਦੱਸਿਓ ਤਾਂ 14 ਅਤੇ 15 ਜਨਵਰੀ 2029 ਈ: ਨੂੰ ਚੰਦ ਦੀ ਕਿਹੜੀ ਤਿੱਥ ਹੈ। ਇਹ ਗੱਲ ਵੱਖਰੀ ਹੈ ਕਿ ਉਤਰੀ ਭਾਰਤ ਦੇ ਕੁਝ ਹਿੰਦੂ ਵਿਦਵਾਨਾਂ ਨੇ ਇਸ ਫਾਰਮੂਲੇ `ਚ ਸੋਧ ਕਰ ਲਈ ਹੈ। 

 ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਕਿ ਜੇ ਤੁਸੀਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਨ੍ਹਾਂ ਮੁਤਾਬਕ ਹੀ ਚੱਲਣਾ ਪਵੇਗਾ, ਜਿਵੇਂ ਹਿੰਦੂ ਵਿਦਵਾਨਾਂ ਨੇ 18-19 ਨਵੰਬਰ 1964 ਈ: ਨੂੰ, ਸਾਲ ਦੀ ਲੰਬਾਈ 365.2587 ਦਿਨ ਤੋਂ ਘਟਾ ਕੇ 365.2563 ਦਿਨ ਕਰ ਦਿੱਤੀ ਅਤੇ ਸਿੱਖਾਂ ਨੇ ਮੰਨ ਵੀ ਲਈ। ਕਸ਼ੈ ਮਾਸ ਨੂੰ ਮਲ ਮਾਸ ਨਾਲ ਬਰਾਬਰ ਕਰ ਦਿੱਤਾ, ਅਸੀਂ ਮੰਨ ਲਿਆ। ਨਿਸ਼ਾਨ ਜੀ  !  ਮਲ ਮਾਸ ਉਦੋਂ ਹੀ ਆਵੇਗਾ, ਜਦੋਂ ਉਨ੍ਹਾਂ ਦੇ ਬਣਾਏ ਫਾਰਮੂਲੇ ਮੁਤਾਬਕ ਮੱਸਿਆ ਤੋਂ ਮੱਸਿਆ ਦਰਮਿਆਨ ਸੂਰਜ ਰਾਸ਼ੀ ਨਹੀਂ ਬਦਲੇਗੀ। ਸੰਗਰਾਂਦ ਉਦੋਂ ਹੀ ਹੋਵੇਗੀ, ਜਦੋਂ ਸੂਰਜ ਨਵੀਂ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਇਸ ਲਈ ਤੁਹਾਡਾ ਇਹ ਕਹਿਣਾ, “ਸਿੱਖ ਕੈਲੰਡਰ ਵਿਚ ਗੁਰ ਪੁਰਬ ਚੰਗੇ ਜਾਂ ਮੰਦੇ ਮਹੀਨੇ ਜਾਂ ਪੱਖਾਂ ਦੇ ਆਧਾਰ ਤੇ ਨਿਸ਼ਚਿਤ ਨਹੀਂ ਕੀਤੇ ਜਾ ਸਕਦੇ”, ਗੁੰਮਰਾਹਕੁਨ ਹੈ। ਸਿਰਫ਼ ਆਪਣੇ ਦਿਨ ਤਿਉਹਾਰ, ਬਿਕ੍ਰਮੀ ਕੈਲੰਡਰ ਵਿੱਚ ਦਰਜ ਕਰ ਕੇ ਤੁਸੀਂ ਇਸ ਨੂੰ ਸਿੱਖ ਕੈਲੰਡਰ ਨਹੀਂ ਕਹਿ ਸਕਦੇ। ਜੇ ਸਿੱਖ ਕੈਲੰਡਰ ਬਣਾਉਣਾ ਹੈ ਤਾਂ ਕੁਝ ਵੱਖਰਾ ਕਰਨਾ ਹੀ ਪਵੇਗਾ।

ਕਰਨਲ ਨਿਸ਼ਾਨ ਜੀ, ਪਿਛਲੇ 20 ਦਿਨਾਂ ਵਿੱਚ ਮੇਰਾ ਇਹ ਛੇਵਾਂ ਪੱਤਰ ਹੈ ਤੁਸੀਂ ਵੀ ਪੰਜ ਪੱਤਰ ਲਿਖ ਚੁੱਕੇ ਹੋ। ਤੁਹਾਡੇ  ਪੱਤਰ ਪੜ੍ਹ ਕੇ ਮੈਂ ਇਸ ਨਤੀਜੇ ਤੇ ਪੁੱਜਾ ਹਾਂ ਕਿ ਤੁਸੀਂ ਸਪੱਸ਼ਟ ਜਵਾਬ ਦੇ ਕੇ ਸਵਾਲ ਨੂੰ ਖਤਮ ਨਹੀ ਕਰਨਾ ਚਾਹੁੰਦੇ। ਜੇ ਪਹਿਲਾ ਸਵਾਲ ਖਤਮ ਨਹੀਂ ਹੋਵੇਗਾ ਤਾਂ ਗੱਲ ਅੱਗੇ ਕਿਵੇਂ ਤੁਰੇਗੀ? ਤੁਹਾਡੇ ਇਕ ਸਵਾਲ (#27) ਬਾਰੇ ਹੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਹੋਰ ਵੀ ਕਈ ਸਵਾਲ ਹਨ ਜਿਨ੍ਹਾਂ ਤੇ ਵਿਚਾਰ ਕੀਤੀ ਜਾਣੀ ਜਰੂਰੀ ਹੈ। ਇਸ ਤਰ੍ਹਾਂ ਪਾਣੀ ਰਿੜਕਣ ਨਾਲ ਆਪਾਂ ਕਿਸੇ ਨਤੀਜੇ ਤੇ ਨਹੀਂ ਪੁੱਜ ਸਕਦੇ। ਪਾਠਕਾਂ ਨੂੰ ਵੀ ਇਸ ਵਿੱਚ ਦਿਲਚਸਪੀ ਨਹੀਂ ਰਹੇਗੀ। ਮੇਰਾ ਖਿਆਲ ਹੈ ਕਿ ਇਸ ਵਿਚਾਰ ਚਰਚਾ ਨੂੰ ਚੁਸਤ-ਦਰੁੱਸਤ ਕੀਤਾ ਜਾਵੇ।

ਅੱਜ ਦਾ ਸਵਾਲ, ਕਰਨਲ ਨਿਸ਼ਾਨ ਜੀ, ਕੀ ਸਿੱਖ ਕੌਮ ਦਾ ਆਪਣਾ ਵੱਖਰਾ ਕੈਲੰਡਰ ਹੋਣਾ ਚਾਹੀਦਾ ਹੈ ਜਾਂ ਨਹੀਂ ? (ਜੇ ਜਵਾਬ ਹਾਂ ਹੈ ਤਾਂ ਅੱਗੇ ਚਲੋ) ਉਹ ਕਿਹੜਾ ਕੈਲੰਡਰ (ਚੰਦ ਅਧਾਰਿਤ, ਸੂਰਜ ਅਧਾਰਿਤ ਜਾਂ ਚੰਦਰ-ਸੂਰਜੀ)  ਹੋਣਾ ਚਾਹੀਦਾ ਹੈ?  ਬੇਨਤੀ ਹੈ ਕਿ ਜਵਾਬ ਸੰਖੇਪ ਅਤੇ ਸਪੱਸ਼ਟ ਹੋਣਾ ਚਾਹੀਦਾ ਹੈ।

“Today each of the major religions has its own calendar witch is used to programme its religious ceremonies, and it is almost as true to say that each calendar has its religion”. (Mapping Time, Page 6)

ਧੰਨਵਾਦ

ਸਰਵਜੀਤ ਸਿੰਘ ਸੈਕਰਾਮੈਂਟੋ

4/10/2018

Most Viewed Posts