ਚਿੱਠੀ ਨੰ: 20 ਕਿਰਪਾਲ ਸਿੰਘ ਬਠਿੰਡਾ ਵੱਲੋਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਸਮੇਤ ਪੰਥਕ ਸ਼ਖਸੀਅਤਾਂ ਨੂੰ ਪੱਤਰ (ਮਿਤੀ 23.4.2018)

0
381

ਖੁੱਲ੍ਹਾ ਪੱਤਰ

ਸਤਿਕਾਰਯੋਗ     1 ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀ।

                                                2 ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਜੀ, ਪ੍ਰਧਾਨ ਸ਼੍ਰੋਮਣੀ ਕਮੇਟੀ।

                                                3 ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ।

                                                4 ਸੰਤ ਸੇਵਾ ਸਿੰਘ ਜੀ, ਰਾਮਪੁਰ ਖੇੜਾ।

                                                5  ਡਾ: ਅਨੁਰਾਗ ਸਿੰਘ ਜੀ, ਸਾਬਕਾ ਮੈਂਬਰ, ਸਿੱਖ ਇਤਿਹਾਸ ਬੋਰਡ ਸ਼੍ਰੋਮਣੀ ਕਮੇਟੀ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ॥

ਵਿਸ਼ਾ: ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਨਾਨਕਸ਼ਾਹੀ ਸੰਮਤ 550 ਦੇ ਕੈਲੰਡਰ ਵਿੱਚ ਤਰੀਖ਼ਾਂ ਦੀ ਭਿੰਨਤਾ ਬਾਬਤ।

(ਨੋਟ : ਇਸ ਹਥਲੇ ਵਿਸ਼ੇ ’ਚ ਕਈ ਵਾਰ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀ ਨੂੰ ਸੰਬੋਧਨ ਕਰ ਵਿਸ਼ੇ ਨੂੰ ਸੰਗਤਾਂ ਦੇ ਸਾਹਮਣੇ ਲਿਆਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੀ ਸਲਾਹ ਮੁਤਾਬਕ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿਰੁਧ ਆਪਣਾ ਫ਼ੈਸਲਾ ਸੁਣਾ ਕੇ ਹਰ ਸਾਲ ਸੂਰਜ ਆਧਾਰਿਤ ਅਤੇ ਚੰਦ੍ਰਮਾ ਆਧਾਰਿਤ ਕੈਲੰਡਰ ਜਾਰੀ ਕੀਤਾ ਜਾਂਦਾ ਹੈ।)

20 ਮਾਰਚ 2018 ਨੂੰ ਸ: ਸਰਬਜੀਤ ਸਿੰਘ ਸੈਕਰਾਮੈਂਟੋ ਨੇ ਲੈਫ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਨੂੰ ਈਮੇਲ ਰਾਹੀਂ ਪੱਤਰ ਲਿਖ ਕੇ ਸਵਾਲ ਕੀਤਾ ਸੀ ਕਿ ਤੁਹਾਡੇ ਵੱਲੋਂ ਲਿਖੀ ਗਈ ਪੁਸਤਕ ‘ਗੁਰ ਪੁਰਬ ਦਰਪਣ’ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਸੰਮਤ 550 ਵਿੱਚ ਦਰਜ ਕੀਤੀਆਂ ਗਈਆਂ ਤਰੀਖ਼ਾਂ ਵਿੱਚ ਭਿੰਨਤਾ ਹੈ, ਇਸ ਲਈ ਦੱਸਿਆ ਜਾਵੇ ਕਿ ਤੁਹਾਡੇ ਦੋਵਾਂ ਵਿੱਚੋਂ ਕਿਸ ਦੀਆਂ ਤਰੀਖ਼ਾਂ ਗ਼ਲਤ ਹਨ ? ਇਸ ਚਿੱਠੀ ਦੀ ਕਾਪੀ ਉਪਰੋਕਤ ਦਰਸਾਈਆਂ ਗਈਆਂ ਸਾਰੀਆਂ ਸਤਿਕਾਰਤ ਹਸਤੀਆਂ ਤੋਂ ਇਲਾਵਾ ਇਸ ਵਿਸ਼ੇ ਵਿੱਚ ਰੁਚੀ ਰੱਖਣ ਵਾਲੇ ਮੇਰੇ ਸਮੇਤ ਹੋਰ ਵੀ ਬਹੁਤ ਸਾਰੇ ਸੱਜਣਾਂ ਨੂੰ ਨਾਲੋ ਨਾਲ ਭੇਜੀ ਗਈ ਸੀ, ਇਸ ਕਾਰਨ ਮੈਂ ਵੀ ਇਸ ਚਰਚਾ ਵਿੱਚ ਸ਼ਾਮਲ ਹੋ ਗਿਆ ਜੋ ਕਿ ਹੁਣ ਤੱਕ ਕਿਸੇ ਜਵਾਬ ਦੀ ਉਡੀਕ ਵਿੱਚ ਹਾਂ।

ਇਸ ਵੀਚਾਰ ਚਰਚਾ ਦੀਆਂ ਪਹਿਲੀਆਂ 9 ਚਿੱਠੀਆਂ ਜਿਸ ਵਿੱਚ 3-3 ਚਿੱਠੀਆਂ ਕਰਨਲ ਨਿਸ਼ਾਨ ਜੀ, ਸਰਬਜੀਤ ਸਿੰਘ ਜੀ ਸੈਕਰਾਮੈਂਟੋ ਅਤੇ ਇਸ ਪੱਤਰ ਦੇ ਲੇਖਕ ਦੀਆਂ ਸ਼ਾਮਲ ਹਨ; ਉਹ ‘ਗੁਰਮਤਿ ਬਿਬੇਕ’ ਤਿਮਾਹੀ ਪੱਤਰ ਦੇ ਅਪ੍ਰੈਲ/ ਮਈ/ ਜੂਨ 2018 ਦੇ ਅੰਕ ਵਿੱਚ ਛਪ ਚੁੱਕੀਆਂ ਹਨ ਅਤੇ ਹੁਣ ਤੱਕ ਦੀਆਂ ਸਾਰੀਆਂ 19 ਚਿੱਠੀਆਂ gurparsad.com  ’ਤੇ ਵੀ ਤਰਤੀਬਵਾਰ ਪੜ੍ਹੀਆਂ ਜਾ ਸਕਦੀਆਂ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਕਰਨਲ ਨਿਸ਼ਾਨ ਤੋਂ ਇਲਾਵਾ ਕਿਸੇ ਵੀ ਜ਼ਿੰਮੇਵਾਰ ਵਿਅਕਤੀ ਨੇ ਕੌਮ ਨਾਲ ਸਬੰਧਿਤ ਇਸ ਗੰਭੀਰ ਮਸਲੇ ਬਾਰੇ ਜਵਾਬ ਦੇਣ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ ਹਾਲਾਂ ਕਿ ਸ਼੍ਰੋਮਣੀ ਕਮੇਟੀ ਦੇ ਦੋ ਸਕੱਤਰਾਂ ਨਾਲ ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਡਾ: ਅਨੁਰਾਗ ਸਿੰਘ, ਸੰਤ ਸੇਵਾ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ (ਲੌਂਗੋਵਾਲ) ਨਾਲ ਮੇਰੀ ਨਿਜੀ ਤੌਰ ’ਤੇ ਫ਼ੋਨ ’ਤੇ ਗੱਲਬਾਤ ਵੀ ਹੋ ਚੁੱਕੀ ਹੈ। ਪ੍ਰਧਾਨ ਲੌਂਗੋਵਾਲ ਸਾਹਿਬ ਨਾਲ ਹੋਈ ਫ਼ੋਨ ਕਾਲ ਦੀ ਰੀਕਾਰਡਿੰਗ ਤੁਸੀਂ ਇਸ ਲਿੰਕ ’ਤੇ ਸੁਣ ਸਕਦੇ ਹੋ। ਕਰਨਲ ਨਿਸ਼ਾਨ ਜੀ ਨੇ ਵੀ ਸਿਰਫ਼ ਆਪਣੀ ਪੁਸਤਕ ਵਿੱਚ ਦਰਜ ਤਰੀਖ਼ਾਂ ਨੂੰ ਆਪਣੇ ਹੀ ਮਨਘੜਤ ਨਿਯਮਾਂ ਅਨੁਸਾਰ ਸਹੀ ਸਿੱਧ ਕਰਨ ਦਾ ਨਿਰਮੂਲ ਯਤਨ ਕੀਤਾ ਹੈ ਕਿਉਂਕਿ ਉਹ ਪੁੱਛੇ ਗਏ ਕਿਸੇ ਵੀ ਸਵਾਲ ਦਾ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ ਤੇ ਸਵਾਲ ਨੂੰ ਜਾਣ ਬੁੱਝ ਕੇ ਗ਼ਲਤ ਪਾਸੇ ਘੁੰਮਾਉਣ ਦਾ ਯਤਨ ਕਰਦੇ ਰਹੇ।  ਹਰ ਇੱਕ ਸਵਾਲ ਕਰਤਾ ਨੂੰ ਉਹ ਕੇਵਲ ਆਪਣੀ ਹੀ ਪੁਸਤਕ ਵਿੱਚ ਛਪੇ 28 ਸਵਾਲ ਜਵਾਬ ਪੜ੍ਹਨ ਦੀ ਵਾਰ ਵਾਰ ਹਦਾਇਤ ਕਰ ਰਹੇ ਹਨ। ਕਰਨਲ ਸਾਹਿਬ ਜੀ ਨੂੰ ਬੇਨਤੀ ਕੀਤੀ ਗਈ ਸੀ ਕਿ ਇਹ ਸਵਾਲ ਕਿਸੇ ਹੋਰ ਦੇ ਨਹੀਂ ਤੁਸੀਂ ਆਪ ਹੀ ਪੈਦਾ ਕਰ ਜਵਾਬ ਦਿੱਤੇ ਹਨ, ਜੋ ਕਿ ਕਿਸੇ ਵੀ ਪ੍ਰਚਲਿਤ ਕੈਲੰਡਰ ਦੇ ਨਿਯਮਾਂ ਉੱਪਰ ਪੂਰੇ ਨਹੀਂ ਉਤਰਦੇ। ਹੁਣ ਤੱਕ ਚੱਲੇ ਚਿੱਠੀ ਪੱਤਰਾਂ ਦੇ ਸਾਰ ਦੇ ਆਧਾਰ ’ਤੇ ਸੰਖੇਪ ਵਿੱਚ ਕੁਝ ਸਵਾਲ ਹੇਠਾਂ ਦਰਜ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਉਪਰੋਕਤ ਸਾਰੀਆਂ ਜ਼ਿੰਮੇਵਾਰ ਧਿਰਾਂ ਨੂੰ ਜਵਾਬ ਦੇਣ ਦੀ ਬੇਨਤੀ ਕੀਤੀ ਜਾਂਦੀ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਕੌਮ ਲਈ ਅਤਿ ਵਿਵਾਦ ਦਾ ਵਿਸ਼ਾ ਬਣੇ ਕੈਲੰਡਰ ਦਾ ਕੋਈ ਢੁੱਕਵਾਂ ਹੱਲ ਲੱਭਣ ਦੇ ਲਈ ਆਪਣੇ ਵੱਲੋਂ ਜਵਾਬ ਜ਼ਰੂਰ ਦੇਣ ਦਾ ਯਤਨ ਕਰਨ।

1. ਕਰਨਲ ਨਿਸ਼ਾਨ ਸਾਹਿਬ ਜੀ ! ਤੁਸੀਂ ਆਪਣੇ ਵੱਲੋਂ ਸਵਾਲ ਨੰ: 27 ਦੇ ਜਵਾਬ ਵਿੱਚ ਲਿਖਿਆ ਹੈ ਕਿ ਗੁਰ ਪਰਬਾਂ ਦੀਆਂ ਤਿੱਥਾਂ ਨਿਰਧਾਰਿਤ ਕਰਨ ਲਈ ਤੁਸੀਂ ਇਤਿਹਾਸ ਨੂੰ ਮੁੱਖ ਰੱਖਿਆ ਹੈ, ਨਾ ਕਿ ਮਲ ਮਾਸ ਨੂੰ, ਪਰ ਸਾਡਾ ਸਵਾਲ ਹੈ ਕਿ ਤੁਸੀਂ ਆਪਣੀ ਪੁਸਤਕ ਵਿੱਚ ਬਹੁਤ ਸਾਰੀਆਂ ਤਰੀਖ਼ਾਂ ਮਲ ਮਾਸ ਵਿੱਚ ਨਿਰਧਾਰਿਤ ਕੀਤੀਆਂ ਹਨ ਅਤੇ ਬਹੁਤੇ ਕੇਸਾਂ ਵਿੱਚ ਮਲ ਮਾਸ ਦਾ ਖ਼ਿਆਲ ਰੱਖ ਕੇ ਇੱਕ ਮਹੀਨਾ ਲੇਟ ਨਿਰਧਾਰਿਤ ਕੀਤੀਆਂ ਹਨ। ਐਸਾ ਕਿਉਂ ਹੈ ?

ਇਸ ਦੇ ਬਾਵਜੂਦ ਤੁਸੀਂ ਆਪਣੇ ਹੀ ਬਣਾਏ ਨਿਯਮ ’ਤੇ ਪੂਰੇ ਨਹੀਂ ਉੱਤਰ ਰਹੇ।  ਤੁਹਾਡੇ ਲਈ ਸਵਾਲ ਕੀਤਾ ਗਿਆ ਕਿ ਜੇਕਰ ਪੰਡਿਤਾਂ ਵਾਲੇ ‘ਮਲ ਮਾਸ’ ਦਾ ਸਿੱਖਾਂ ਨੇ ਧਿਆਨ ਹੀ ਨਹੀਂ ਰੱਖਣਾ ਤਾਂ ਕਿਉਂ ਨਹੀਂ ਸੂਰਜੀ ਕੈਲੰਡਰ ਅਪਣਾ ਲਿਆ ਜਾਵੇ, ਜਿਸ ਵਿੱਚ ਕੋਈ ‘ਮਲ ਮਾਸ’ ਨਹੀਂ ਹੁੰਦਾ ਅਤੇ ਹਰ ਦਿਹਾੜਾ ਸੈਂਕੜੇ ਹਜ਼ਾਰਾਂ ਸਾਲਾਂ ਉਪਰੰਤ ਵੀ ਨਿਸ਼ਚਿਤ ਮਿਤੀ ਨੂੰ ਆਏਗਾ ਭਾਵ ਹਰ ਸਾਲ 365/66 ਦਿਨਾਂ ਬਾਅਦ ਨਿਸ਼ਚਿਤ ਤਰੀਖ਼ਾਂ ਨੂੰ ਹੀ ਆਉਂਦਾ ਰਹੇਗਾ ਜਾਂ ਅਗਰ ਤੁਸੀਂ ਸੂਰਜੀ ਕੈਲੰਡਰ ਨੂੰ ਸ਼ੁੱਧ ਨਹੀਂ ਮੰਨਦੇ ਤਾਂ ਸ਼ੁੱਧ ਚੰਦਰਮਾਂ ਕੈਲੰਡਰ ਅਪਣਾ ਲਿਆ ਜਾਵੇ; ਜਿਸ ਵਿੱਚ ਹਰ ਦਿਹਾੜਾ 354/55 ਦਿਨ ਬਾਅਦ ਆਇਆ ਕਰੇਗਾ ਅਤੇ ਕੋਈ ਵੀ ਮਲ ਮਾਸ ਨਹੀਂ ਰਹੇਗਾ; ਜਿਵੇਂ ਕਿ ਇਸਲਾਮ ਧਰਮ ਵਾਲਿਆਂ ਨੇ ਸ਼ੁੱਧ ਚੰਦਰ ਕੈਲੰਡਰ ਅਪਣਾਇਆ ਹੋਇਆ ਹੈ, ਜਿਸ ਦੇ 33 ਸੂਰਜੀ ਸਾਲਾਂ ਦੇ ਲਗਭਗ 34 ਚੰਦਰ ਸਾਲ ਬਣ ਜਾਂਦੇ ਹਨ।

(ਨੋਟ : ਚੰਦਰਮਾ ਸਾਲ ਵਿੱਚ 354/55 ਦਿਨ ਅਤੇ ਸੂਰਜੀ ਸਾਲ ਵਿੱਚ 365/66 ਦਿਨ ਹੁੰਦੇ ਹਨ। ਇਸ ਲਈ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਵਿੱਚ ਚੰਦਰ ਸਾਲ ਨੂੰ ਸੂਰਜੀ ਕੈਲੰਡਰ ਦੇ ਨੇੜੇ ਤੇੜੇ ਰੱਖਣ ਲਈ ਹਰ ਦੂਜੇ ਜਾਂ ਤੀਜੇ ਸਾਲ ਵਿੱਚ ਇੱਕ ਫਾਲਤੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਭਾਵ ਇੱਕੋ ਨਾਮ ਦੇ ਦੋ ਮਹੀਨੇ ਆ ਜਾਂਦੇ ਹਨ। ਹਿੰਦੂ ਮਤ ਅਨੁਸਾਰ ਚੰਦ੍ਰਮਾ ਸਾਲ ਦਾ ਇਹ ਫਾਲਤੂ ਮਹੀਨਾ ‘ਮਲ ਮਾਸ’ (ਅਪਵਿੱਤਰ ਮਹੀਨਾ) ਅਖਵਾਉਂਦਾ ਹੈ ਤੇ ਇਸ ਵਿੱਚ ਕੋਈ ਵੀ ਸ਼ੁਭ ਕਾਰਜ ਨਹੀਂ ਕੀਤਾ ਜਾਂਦਾ ਅਤੇ ਸੂਰਜ ਆਧਾਰਿਤ ਸਾਂਝੇ ਕੈਲੰਡਰ ਨੂੰ ਮੌਸਮੀ ਕੈਲੰਡਰ ਨਾਲ ਮਿਲਾਉਣ ਲਈ ਹਰ ਚੌਥੇ ਸਾਲ ਫ਼ਰਵਰੀ 29 ਦਿਨ ਕਰਨੀ ਪੈਂਦੀ ਹੈ।)

2. ਇਤਿਹਾਸ ਮੁਤਾਬਕ ਤਰੀਖ਼ਾਂ ਨਿਸ਼ਚਿਤ ਕਰਨ ਵਿੱਚ ਤੁਸੀਂ ਖੁਦ ਵੀ ਬੁਰੀ ਤਰ੍ਹਾਂ ਅਸਫਲ ਰਹੇ ਹੋ ਕਿਉਂਕਿ ਇਸ ਸਾਲ ਤਾਂ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੁੱਦੀ ਪੁਰਬ ਤੋਂ 11 ਦਿਨ ਬਾਅਦ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ 19 ਮਈ ਨੂੰ ਮੰਨੀ ਹੈ ਜਦ ਕਿ ਬਹੁਤੇ ਇਤਿਹਾਸਕਾਰ ਸਿਰਫ਼ ਪੰਜ ਦਿਨਾਂ ਦਾ ਹੀ ਅੰਤਰ ਲਿਖਦੇੇ ਹਨ, ਪਰ ਤੁਹਾਡੀ ਮਨੌਤ ਮੁਤਾਬਕ ਇਸ ਸਾਲ ਗੁਰ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਪਿਛਲੇ ਸਾਲ ਨਾਲੋਂ 355 ਦਿਨ ਬਾਅਦ ਨਿਰਧਾਰਿਤ ਕਰ ਦਿੱਤਾ ਅਤੇ ਅਗਲੇ ਸਾਲ ਇਹੀ ਦਿਹਾੜਾ 384 ਦਿਨਾਂ ਬਾਅਦ 7 ਜੂਨ 2019 ਨਿਰਧਾਰਿਤ ਕੀਤਾ ਹੈ। ਅਜਿਹਾ ਕਿਉਂ ? ਕੀ ਇਸ ਦਾ ਕਾਰਨ ‘ਮਲ ਮਾਸ’ ਨਹੀਂ, ਜਿਸ ਨੂੰ ਤੁਸੀਂ ਆਪ ਹੀ ਨਾ ਮੰਨਣ ਬਾਰੇ ਲਿਖ ਚੁੱਕੇ ਹੋ।  ਹੇਠਾਂ ਦਿੱਤਾ ਗਿਆ ਚਾਰਟ ਤੁਹਾਡੀ ਹੀ ਪੁਸਤਕ ਦੇ ਪੰਨਾ 54 ਤੇ 57 ਦੇ ਅਧਾਰ ’ਤੇ ਹੈ, ਜਿਸ ਵਿੱਚ (ਗੁਰਗੱਦੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ਼ਹੀਦੀ ਗੁਰੂ ਅਰਜਨ ਸਾਹਿਬ ਜੀ) ਨਾਨਕਸ਼ਾਹੀ ਸੰਮਤ 549 (2017-2018) ਵਿੱਚ 10 ਦਿਨਾਂ ਦਾ ਫ਼ਰਕ ਸੀ; ਸਾਲ ਸੰਮਤ 550 (2018-2019) ਵਿੱਚ 11 ਦਿਨ ਹੈ ਅਤੇ ਸੰਮਤ 553 (2020-2021) ਵਿੱਚ 12 ਦਿਨਾਂ ਦਾ ਫ਼ਰਕ ਦਰਸਾਇਆ ਗਿਆ ਹੈ।

ਜਦ ਕਿ ਤੁਹਾਡੇ ਸਵਾਲ ਨੰ: 13 ਦੇ ਜਵਾਬ ਵਿੱਚ ਤੁਸੀਂ ਆਪ ਹੀ ਲਿਖਿਆ ਹੈ ਕਿ ਪੋਹ ਸੁਦੀ 7 ਦਾ ਮਤਲਬ ਹੈ ਕਿ ਇਹ ਚੰਦ੍ਰਮੀ ਪੋਹ ਮਹੀਨੇ ਦੀ ਮੱਸਿਆ ਤੋਂ ਬਾਅਦ 7ਵੀਂ ਤਿੱਥ ਹੈ। ਹੁਣ ਜ਼ਰਾ ਆਪਣੀ ਸੀਡੀ ਤੋਂ ਵੇਖ ਕੇ ਦੱਸਣਾ ਕਿ ਜੇਠ ਵਦੀ 8 ਤੋਂ ਬਾਅਦ ਜੇਠ ਸੁਦੀ 4 ਕਿੰਨੇ ਦਿਨਾਂ ਬਾਅਦ ਆਉਂਦੀ ਹੈ ?  ਜੇ ਤੁਹਾਡੀ ਇਸ ਨਾਲ ਤਸੱਲੀ ਨਾ ਹੋਈ ਤਾਂ ਪੋਹ ਮਹੀਨੇ ਦੀ ਮੱਸਿਆ ਤੋਂ ਬਾਅਦ ਪੋਹ ਸੁਦੀ 7 ਦੀ ਵੀ ਪੜਤਾਲ ਕਰ ਲਓ ਕਿ ਇਹ ਹਰ ਸਾਲ ਹੀ 7 ਦਿਨ ਬਾਅਦ ਆਉਂਦੀ ਹੈ ਜਾਂ ਕਦੀ 6 ਤੇ ਕਦੀ 8 ਦਿਨ ਬਾਅਦ ਵੀ ?  ਜੇ ਦਿਨ ਘੱਟ ਵੱਧ ਹੁੰਦੇ ਹਨ ਤਾਂ ਕਿਉਂ ਤੇ ਕੀ ਇਸ ਦਾ ਕੋਈ ਹੋਰ ਹੱਲ ਵੀ ਸੰਭਵ ਹੈ ?

3. ਤੁਹਾਡੀ ਪੁਸਤਕ ਦੇ ਪੰਨਾ ਨੰ: 84 ਉੱਪਰ ਸੰਮਤ ਨਾਨਕਸ਼ਾਹੀ 549 ਵਿੱਚ ਆਉਣ ਵਾਲੇ ਪੁਰਬਾਂ ਦੀ ਸੂਚੀ ਦਾ ਸ਼੍ਰੋੋਮਣੀ ਕਮੇਟੀ ਵੱਲੋਂ ਪਿਛਲੇ ਸਾਲ ਜਾਰੀ ਕੀਤੇ ਗਏ ਕੈਲੰਡਰ ਨਾਲ ਮਿਲਾਣ ਕਰ ਕੇ ਵੇਖਿਆ ਤਾਂ ਪਤਾ ਲੱਗਾ ਕਿ ਪਿਛਲੇ ਸਾਲ ਵੀ ਗੁਰਗੱਦੀ ਪੁਰਬ ਗੁਰੂ ਅਮਰਦਾਸ ਜੀ ਅਤੇ ਹਾੜ ਮਹੀਨੇ ਦੀ ਸੰਗ੍ਰਾਂਦ ਦਾ ਇੱਕ ਇੱਕ ਦਿਨ ਦਾ ਫ਼ਰਕ ਸੀ; ਗੁਰਗੱਦੀ ਪੁਰਬ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਜੋਤੀ ਜੋਤ ਪੁਰਬ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਤਰੀਖ਼ 10 ਅਪਰੈਲ ਭਾਵੇਂ ਦੋਵਾਂ ਦੀ ਮਿਲਦੀ ਸੀ ਪਰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ 10 ਅਪਰੈਲ ਦਿਨ ਸੋਮਵਾਰ ਨੂੰ ਵਿਖਾਈ ਗਈ ਸੀ ਜਦ ਕਿ ਤੁਹਾਡੀ ਪੁਸਤਕ ਵਿੱਚ 10 ਅਪਰੈਲ ਨੂੰ ਐਤਵਾਰ ਸੀ। ਇੱਕ ਦਿਨ ਦਾ ਇਹ ਫ਼ਰਕ ਕਿਉਂ ?

ਹਰ ਸਾਲ ਹੀ ਤੁਹਾਡੀਆਂ 4-5 ਤਰੀਖ਼ਾਂ ਵਿੱਚ ਅੰਤਰ ਹੋਣ ਕਾਰਨ ਸ਼ੱਕ ਪੈਦਾ ਹੁੰਦਾ ਹੈ ਕਿ ਤੁਹਾਡੇ ਵੱਲੋਂ ਵਰਤੀ ਜਾਂਦੀ ਸੀਡੀ ਸਮੇਂ ਅਨੁਕੂਲ ਨਹੀਂ, ਜਿਸ ਵਿੱਚ ਕੁਝ ਸੋਧਾਂ ਵੀ ਹੋ ਚੁੱਕੀਆਂ ਹਨ ਤੇ ਸ਼ਾਇਦ ਤੁਹਾਨੂੰ ਇਸ ਦਾ ਗਿਆਨ ਹੀ ਨਾ ਹੋਵੇ!  ਤੁਹਾਡੀ ਇਸ ਗੱਲ ਨਾਲ ਤਾਂ ਸਹਿਮਤ ਹੋਵੇਗੀ ਕਿ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਵਿੱਚ ਕਦੀ ਐਸਾ ਵਾਪਰ ਜਾਂਦਾ ਹੈ ਕਿ ਇੱਕ ਮਹੀਨਾ ਹੀ ਖ਼ੈ (ਖ਼ਤਮ) ਹੋ ਜਾਂਦਾ ਹੈ ਭਾਵ ਸਾਲ ਵਿੱਚ ਉਸ ਨਾਮ ਦਾ ਮਹੀਨਾ ਹੀ ਨਹੀਂ ਹੁੰਦਾ।  ਤੁਹਾਨੂੰ ਬੇਨਤੀ ਹੈ ਕਿ ਇੱਕ ਤਾਂ ਤੁਸੀਂ ਜਿਸ ਸੀਡੀ ਦੀ ਵਰਤੋਂ ਕਰ ਰਹੇ ਹੋ ਉਸ ਦਾ ਨਾਮ, ਨਿਰਮਾਤਾ ਦਾ ਨਾਮ ਅਤੇ ਉਹ ਕਿਹੜੇ ਸਿਧਾਂਤ ਭਾਵ ਸੂਰਯ ਸਿਧਾਂਤ ਜਾਂ ਦ੍ਰਿਕ ਗਣਿਤ ਆਧਾਰਿਤ ਤਿਆਰ ਕੀਤੀ ਗਈ ਹੈ; ਉਸ ਬਾਰੇ ਸਿੱਖ ਸੰਗਤ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਦੂਸਰਾ ਉਸ ਸੀਡੀ ਦੀ ਮਦਦ ਨਾਲ ਇਹ ਦੱਸਿਆ ਜਾਵੇ ਕਿ ਪੋਹ ਦਾ ਮਹੀਨਾ ਭਵਿੱਖ ’ਚ ਆਉਣ ਵਾਲੇ ਕਿਹੜੇ-ਕਿਹੜੇ ਸਾਲਾਂ ਵਿੱਚ ਨਹੀਂ ਆਵੇਗਾ ?  ਇਸ ਵੇਰਵਾ ਦਾ ਇਹੀ ਮਤਲਬ ਹੈ ਕਿ ਕੈਲੰਡਰ ਵਿਦਵਾਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਵਿੱਚ 30 ਕਿਸਮ ਦੇ ਬਿਕ੍ਰਮੀ ਕੈਲੰਡਰ ਵੱਖ-ਵੱਖ ਸਿਧਾਂਤਾਂ ਅਤੇ ਵੱਖ-ਵੱਖ ਪ੍ਰਾਂਤਾਂ ਦੀ ਲੋੜ ਅਨੁਸਾਰ ਬਣਾਏ ਹੋਏ ਹਨ।  ਤੁਹਾਡੇ ਵੱਲੋਂ ਮਿਲੀ ਜਾਣਕਾਰੀ ਨਾਲ ਇਹ ਪਤਾ ਲਗਾਉਣਾ ਅਸਾਨ ਹੋ ਜਾਵੇਗਾ ਕਿ ਤੁਸੀਂ ਕਿਹੜੇ ਸਿਧਾਂਤ ਅਨੁਸਾਰ ਬਣੇ ਕੈਲੰਡਰ ਉੱਤੇ ਗੁਰਮਤ ਅਤੇ ਸਿੱਖ ਇਤਿਹਾਸ ਨੂੰ ਮਾਪਦੇ ਹੋ ਅਤੇ ਸ਼੍ਰੋਮਣੀ ਕਮੇਟੀ ਕਿਹੜੇ ਕੈਲੰਡਰ ਨੂੰ ਮਾਨਤਾ ਦੇ ਰਹੀ ਹੈ ?

4. ਡਾ: ਅਨੁਰਾਗ ਸਿੰਘ ਜੀ ! ਤੁਸੀਂ ਪਿਛਲੇ ਤਕਰੀਬਨ 15 ਸਾਲਾਂ ਤੋਂ ਇਹੀ ਰਾਗ ਅਲਾਪਦੇ ਆ ਰਹੇ ਹੋ ਕਿ 2003 ਈ: ਵਿੱਚ ਤੁਹਾਡੇ ਘਰ ਬੈਠ ਕੇ ਹੋਈ ਮੀਟਿੰਗ ਵਿੱਚ ਗੁਰ ਪੁਰਬਾਂ ਦੀਆਂ ਦਰੁਸਤ ਤਰੀਖ਼ਾਂ ਪ੍ਰਵਾਨ ਕੀਤੀਆਂ ਗਈਆਂ ਸਨ, ਜਿਨ੍ਹਾਂ ਦੀ ਫੋਟੋ ਕਾਪੀ ਤੁਸੀਂ 2009 ਈ: ਵਿੱਚ ਅਕਾਲ ਤਖ਼ਤ ਸਾਹਿਬ ਅਤੇ ਪਰਮਜੀਤ ਸਿੰਘ ਸਰਨਾ (ਮੁਕਾਮੀ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੂੰ ਡਾਕ ਰਜਿਸਟਰੀ ਰਾਹੀੋਂ ਭੇਜੀਆਂ ਸਨ। ਉਨ੍ਹਾਂ ਦੋਵਾਂ ਨੂੰ ਲਿਖੇ ਪੱਤਰ ਦੀ ਫੋਟੋ ਕਾਪੀ ਵੀ ਤੁਸੀਂ ਕਈ ਵਾਰ ਆਪਣੀ ਫੇਸ ਬੁੱਕ ’ਤੇ ਪੋਸਟ ਕਰ ਚੁੱਕੇ ਹੋ ਪਰ ਕਦੀ ਵੀ ਉਨ੍ਹਾਂ ਸਹੀ ਤਰੀਖ਼ਾਂ ਦੀ ਨਕਲ ਆਪਣੀ ਫੇਸ ਬੁੱਕ ਜਾਂ ਕਿਸੇ ਹੋਰ ਸਾਧਨ ਰਾਹੀਂ ਜਨਤਕ ਨਹੀਂ ਕੀਤੀ।

ਸ. ਸਰਬਜੀਤ ਸਿੰਘ ਸੈਕਰਾਮੈਂਟੋ ਤਕਰੀਬਨ ਪਿਛਲੇ ਇੱਕ ਸਾਲ ਤੋਂ ਲਗਾਤਰ ਆਪ ਜੀ ਤੋਂ ਮੰਗ ਕਰਦਾ ਆ ਰਿਹਾ ਹੈ ਕਿ ਤੁਹਾਡੇ ਵੱਲੋਂ ਗੁਰ ਪੁਰਬਾਂ ਦੀਆਂ ਸਹੀ ਤਰੀਖ਼ਾਂ ਦੀ ਜਿਹੜੀ ਸੂਚੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਗਈ ਸੀ ਉਹ ਜਨਤਕ ਕੀਤੀ ਜਾਵੇ ਤਾਂ ਜੋ ਉਨ੍ਹਾਂ ’ਤੇ ਵਿਚਾਰ ਕਰ ਕੇ ਕਿਸੇ ਨਤੀਜੇ ’ਤੇ ਪੁੱਜਿਆ ਜਾ ਸਕੇ ।  ਤੁਸੀਂ ਸੰਗਤ ਨੂੰ ਉਹ ਸੂਚੀ ਤਾਂ ਕੀ ਮੁਹੱਈਆ ਕਰਵਾਉਣੀ ਸੀ ਸਗੋਂ ਸੁਆਲ ਕਰਨ ਦੇ ਦੋਸ਼ ਵਿੱਚ ਉਸ ਨੂੰ ਆਪਣੀ ਫੇਸ ਬੁੱਕ ’ਤੇ ਵੀ ਬਲਾਕ ਕਰ ਦਿੱਤਾ ਤਾਂ ਜੋ ਮੁੜ ਐਸੇ ਸਵਾਲ ਹੀ ਪੈਦਾ ਨਾ ਹੋ ਸਕਣ।  ਹੈਰਾਨੀ ਤਾਂ ਇਹ ਹੈ ਕਿ ਸੰਤ ਸੇਵਾ ਸਿੰਘ ਆਦਿਕ ਸੰਤ ਸਮਾਜ ਦੇ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਨੂੰ ਪ੍ਰਭਾਵਤ ਕਰਨ ਲਈ ਤੁਸੀਂ ਵਾਰ-ਵਾਰ ਆਪਣੀ ਉਹੀ ਪੋਸਟ ਫੇਸ-ਬੁੱਕ ’ਤੇ ਰੀਪੀਟ ਕਰ ਰਹੇ ਹੋ ਤਾਂ ਕਿ ਇਹ ਪ੍ਰਭਾਵ ਦਿੱਤਾ ਜਾ ਸਕੇ ਕਿ ਕੋਈ ਤੁਹਾਡੇ ਵੱਲੋਂ ਦਿੱਤੀਆਂ ਦਰੁਸਤ ਤਰੀਖ਼ਾਂ ਨੂੰ ਰੱਦ ਨਹੀਂ ਕਰ ਸਕਿਆ ਅਤੇ ਨਾ ਹੀ ਪੁਰੇਵਾਲ ਸਮੇਤ ਕੋਈ ਵੀ ਜਵਾਬ ਦੇਣ ਦੀ ਹਿੰਮਤ ਜੁਟਾ ਸਕਿਆ ਹੈ। ਇਸ ਲਈ ਆਪਣਾ ਕੌਮੀ ਫ਼ਰਜ਼ ਸਮਝ ਕੇ ਉਨ੍ਹਾਂ ਪ੍ਰਵਾਨ ਹੋਈਆਂ ਤਰੀਖ਼ਾਂ ਦੀ ਸੂਚੀ ਤੁਰੰਤ ਜਨਤਕ ਕੀਤੀ ਜਾਵੇ ਤੇ ਦੱਸਿਆ ਜਾਵੇ ਕਿ ਤੁਹਾਡੇ ਅਨੁਸਾਰ ਦਰੁਸਤ ਤਰੀਖ਼ਾਂ ਨੂੰ ਪ੍ਰਵਾਨ ਕਰਨ ਵਾਲਿਆਂ ਦੀ ਮੀਟਿੰਗ ਵਿੱਚ ਕਿਹੜੇ-ਕਿਹੜੇ ਵਿਦਵਾਨ ਸ਼ਾਮਲ ਸਨ, ਜੋ ਤੁਹਾਡੇ ਨਾਲ ਸਹਿਮਤ ਸਨ ਜਾਂ ਤੁਸੀਂ ਉਨ੍ਹਾਂ ਦਾ ਕੇਵਲ ਨਾਮ ਵਰਤ ਕੇ ਹੀ ਆਪਣੀ ਸੋਚ ਸਿੱਖ ਸੰਗਤ ’ਤੇ ਥੋਪ ਰਹੇ ਹੋ ?

5. ਇਸ ਪੱਤਰ ਵਿੱਚ ਸੰਬੋਧਿਤ ਕੀਤੀਆਂ ਗਈਆਂ ਉਪਰੋਕਤ ਸਾਰੀਆਂ ਜ਼ਿੰਮੇਵਾਰ ਸ਼ਖ਼ਸੀਅਤਾਂ ਨੂੰ ਵੀ ਬੇਨਤੀ ਹੈ ਕਿ ਉਹ ਜ਼ਰੂਰ ਵਿਚਾਰਨ ਕਿ ਗੁਰਬਾਣੀ ਵਿੱਚ ਇਹ ਕਿੱਥੇ ਦਰਜ ਹੈ ਕਿ ਗੁਰ ਪੁਰਬ ਚੰਦਰ ਮਹੀਨੇ ਦੀਆਂ ਤਿੱਥਾਂ ਅਤੇ ਬਾਕੀ ਦੇ ਹੋਰ ਸਾਰੇ ਇਤਿਹਾਸਕ ਦਿਹਾੜੇ ਸੂਰਜੀ ਮਹੀਨੇ ਦੀਆਂ ਤਰੀਖ਼ਾਂ ਨਾਲ ਮਨਾਉਣੇ ਹੀ ਵਾਜਬ ਹਨ ਜਾਂ ਆਧੁਨਿਕ ਖੋਜ ਆਧਾਰਿਤ ਪ੍ਰਣਾਲੀ ਨੂੰ ਅਪਣਾਉਣ ਨਾਲ ਅਨਰਥ (ਪਾਪ) ਹੋ ਜਾਵੇਗਾ ?

ਮਿਸਾਲ ਵਜੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਗੁਰੂ ਹਰਿਗੋਬਿੰਦ ਸਿੰਘ ਜੀ ਨੇ 18 ਹਾੜ ਸੰਮਤ 1665 ਨੂੰ ਕੀਤੀ ਸੀ ਅਤੇ 19 ਦਿਨਾਂ ਬਾਅਦ 6 ਸਾਵਣ ਨੂੰ ਉਸੇ ਅਕਾਲ ਤਖ਼ਤ ਸਾਹਿਬ ’ਤੇ ਬੈਠ ਕੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਵੀ ਉਨ੍ਹਾਂ ਪਹਿਨੀਆਂ ਸਨ। ਹੁਣ ਇਹ ਕਿਹੜੀ ਪ੍ਰ੍ਰਮਾਣਿਕਤਾ ਹੈ ਕਿ ਸਿਰਜਣਾ ਦਿਵਸ ਸੂਰਜੀ ਮਹੀਨੇ ਦੀ 18 ਜੇਠ ਨੂੰ ਮਨਾਇਆ ਜਾਵੇ ਤੇ ਮੀਰੀ ਪੀਰੀ ਦਿਵਸ ਚੰਦਰ ਮਹੀਨੇ ਦੀਆਂ ਤਿਥਾਂ ਅਨੁਸਾਰ। ਇਸੇ ਅਬਿਬੇਕਤਾ ਕਾਰਨ ਦੋਵੇਂ ਮਹੱਤਵਪੂਰਨ ਦਿਹਾੜਿਆਂ ਦੀਆਂ ਤਰੀਖ਼ਾਂ ਵਿੱਚ ਹਮੇਸ਼ਾਂ 19 ਦਿਨਾਂ ਦਾ ਅੰਤਰ ਰੱਖਣ ਦੀ ਬਜਾਏ ਹੇਠ ਲਿਖੇ ਮਾਤਰ (ਪਿਛਲੇ) 5 ਸਾਲਾਂ ਦੇ ਕੈਲੰਡਰਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ :

ਸਾਡੇ ਬੱਚਿਆਂ ਪਾਸੋਂ ਅਗਰ ਕੋਈ ਅਧਿਆਪਕ ਜਾਂ ਕੋਈ ਬੰਦਾ, ਗੁਰੂ ਇਤਿਹਾਸ ਜਾਂ ਸਿੱਖ ਇਤਿਹਾਸ ਬਾਰੇ ਕੋਈ ਸਵਾਲ ਪੁੱਛੇ ਤਾਂ ਕੀ ਉਹ ਜਵਾਬ ਦੇ ਸਕਦੇ ਹਨ ?  ਇਸੇ ਤਰ੍ਹਾਂ ਸੰਨ 1699 ’ਚ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਤੋਂ ਸੀਸ ਦੀ ਮੰਗ ਕਰ ਖ਼ਾਲਸਾ ਸਥਾਪਨਾ ਦਿਵਸ ਅਤੇ ਹੋਲ਼ੀ ਦੇ ਕੱਚੇ ਰੰਗਾਂ ਜਾਂ ਗੰਦ ਮੰਦ ਨਾਲ ਖੇਡਣ ਦੀ ਬਜਾਏ ਹੋਲਾ ਮਹੱਲਾ ਪ੍ਰਚਲਿਤ ਕਰਨ ਦੀ ਰੀਤ ਵੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਰੰਭ ਕੀਤੀ ਗਈ ਸੀ, ਪਰ ਕੀ ਕਾਰਨ ਹੈ ਕਿ ਖ਼ਾਲਸਾ ਸਾਜਨਾ ਦਿਵਸ ਤਾਂ ਸੂਰਜੀ ਤਰੀਖ਼ਾਂ ਅਨੁਸਾਰ ਵੈਸਾਖ ਮਹੀਨੇ ਦੀ ਸੰਗ੍ਰਾਂਦ ਨੂੰ ਅਤੇ ਹੋਲਾ ਮਹੱਲਾ ਚੰਦਰ ਮਹੀਨੇ ਦੀਆਂ ਤਿੱਥਾਂ ਮੁਤਾਬਕ ਚੇਤ ਵਦੀ 1 ਨੂੰ ਮਨਾਇਆ ਜਾਂਦਾ ਹੈ ? ਇਹੋ ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜਾਰੀ ਕੀਤੇ ਜਾਂਦੇ ਸਾਲਾਨਾ ਕੈਲੰਡਰਾਂ ਵਿੱਚ ਹੋਲਾ ਮਹੱਲਾ ਕਦੇ ਤਾਂ ਸਾਲ ਵਿੱਚ ਦੋ ਵਾਰ (ਇੱਕ ਵਾਰ ਚੇਤ ਮਹੀਨੇ ਤੇ ਦੂਜੀ ਵਾਰ ਫੱਗਣ ਮਹੀਨੇ ’ਚ) ਮਨਾਇਆ ਜਾਂਦਾ ਹੈ ਤੇ ਕਦੇ ਇਹ ਤਿਉਹਾਰ ਇੱਕ ਸਾਲ ’ਚ ਆਉਂਦਾ ਹੀ ਨਹੀਂ। ਮਿਸਾਲ ਵਜੋਂ ਸੰਮਤ 548 ਵਿੱਚ ਦੋ ਵਾਰ ਆਇਆ ਤੇ ਇਸ ਸੰਮਤ 550 ਵਿੱਚ ਆ ਹੀ ਨਹੀਂ ਰਿਹਾ।  ਚੇਤ ਵਦੀ 1 ਅਤੇ 1 ਵੈਸਾਖ ਦਾ ਆਪਸੀ ਅੰਤਰ, ਕਰਨਲ ਸੁਰਜੀਤ ਸਿੰਘ ਜੀ ਮੁਤਾਬਕ ਵੀ ਕਦੇ ਇਕਸਾਰ ਨਹੀਂ ਰਹਿੰਦਾ।

6. ਅਜਿਹੇ ਦੁਬਿਧਾ ਭਰਪੂਰ (ਮਿਲਗੋਭਾ/ਖਿੱਚੜੀ) ਕੈਲੰਡਰ ਨੂੰ ਜੇਕਰ ਕਰਨਲ ਨਿਸ਼ਾਨ ਸਾਹਿਬ ਵਰਗਾ ਵਿਦਵਾਨ ਸਿੱਖ ਕੈਲੰਡਰ ਵਜੋਂ ਬਿਆਨ ਕਰੇ ਤੇ ਉਕਤ ਬਿਆਨ ਕੀਤੀਆਂ ਗਈਆਂ ਸਿੱਖ ਕੌਮ ਦੀਆਂ ਸ਼ਖ਼ਸੀਅਤਾਂ ਪ੍ਰਵਾਨ ਕਰ ਲੈਣ ਤਾਂ ਵਿਗਿਆਨਕ ਯੁੱਗ ਵਿੱਚ ਤਰਕ ਉੱਠਣੇ ਸੁਭਾਵਕ ਹਨ, ਜਿਨ੍ਹਾਂ ਦਾ ਜਵਾਬ ਦੇਣਾ ਵੀ ਬਣਦਾ ਹੈ। ਇਸ ਲਈ ਸਿੱਖ ਸੰਗਤਾਂ ਦੇ ਸਵਾਲ ਹਨ ਕਿ ਕੀ ਅਜਿਹੀ ਵਿਦਵਤਾ ਨੂੰ ਤਰਜੀਹ ਦੇਣਾ ਚਾਹੀਦੀ ਹੈ ?

ਅਜਿਹਾ ਕੈਲੰਡਰ, ਜਿਸ ਵਿੱਚ ਮਲ ਮਾਸ ਨੂੰ ਮਹੱਤਵ ਨਾ ਮਿਲੇ ਤੇ ਵੈਸੇ ਉਹ ਚੰਦਰ-ਸੂਰਜੀ ਆਧਾਰਿਤ ਹੋਵੇ; ਐਸੇ ਕੈਲੰਡਰ ਨੂੰ ਅੱਜ ਤੱਕ ਸਿੱਖ ਕੌਮ ਨੇ ਕਦੇ ਨਹੀਂ ਅਪਣਾਇਆ, ਫਿਰ ਕਰਨਲ ਨਿਸ਼ਾਨ ਸਾਹਿਬ ਤੋਂ ਪੁੱਛਣਾ ਬਣਦਾ ਹੈ ਕਿ ਇਸ ਕੈਲੰਡਰ ਦਾ ਨਾਮਕਰਨ ਕਰ ਕਦੋਂ ਤੋਂ ਸਿੱਖ ਕੈਲੰਡਰ ਆਖਣਾ ਤੇ ਲਿਖਣਾ ਸ਼ੁਰੂ ਕੀਤਾ ਹੈ ?  ਕਰਨਲ ਸਾਹਿਬ ਅਨੁਸਾਰ ਜਿਸ ਕੈਲੰਡਰ ਵਿੱਚ ਬਿਨਾਂ ਇਤਿਹਾਸਕ ਪੱਖ ਵਾਚਿਆਂ ਕੇਵਲ ਮਲ ਮਾਸ ਦਾ ਖ਼ਿਆਲ ਰੱਖ ਕੇ ਗੁਰ ਪੁਰਬ ਇੱਕ ਮਹੀਨਾ ਲੇਟ ਮਿੱਥ ਲਏ ਜਾਣ; ਜਿਵੇਂ ਕਿ ਸ਼੍ਰੋਮਣੀ ਕਮੇਟੀ ਨੇ ਇਸ ਸਾਲ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਕਰਨਲ ਨਿਸ਼ਾਨ ਵੱਲੋਂ ਸੁਝਾਈ ਗਈ ਤਰੀਖ਼ 19 ਮਈ ਦੀ ਥਾਂ ਮਲ ਮਾਸ ਦਾ ਮਹੀਨਾ ਲੰਘਾ ਕੇ ਸ਼ਹੀਦੀ ਦਿਹਾੜਾ 17 ਜੂਨ ਦਰਜ ਕੀਤਾ ਹੈ, ਜਿਸ ਕਾਰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੋਂ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਪੁਰਬ 5 ਦਿਨ (ਜਾਂ ਕਰਨਲ ਨਿਸ਼ਾਨ ਮੁਤਾਬਕ 11 ਦਿਨ) ਪਿੱਛੋਂ ਆਉਣ ਦੀ ਬਜਾਏ 40 ਦਿਨ ਪਿੱਛੋਂ ਨਿਸ਼ਚਿਤ ਕੀਤੇ ਜਾਣਾ; ਕੀ ਸਿੱਖ ਇਤਿਹਾਸ ਨੂੰ ਬਰਬਾਦ ਕਰਨਾ ਨਹੀਂ ?  ਕੀ ਇਸ ਤਰ੍ਹਾਂ ਦੇ ਕੈਲੰਡਰਾਂ ਨੂੰ ਲਾਗੂ ਕਰਵਾ ਕੇ ਸਾਡੀ ਕੌਮੀ ਲੀਡਰਸ਼ਿਪ ਸਿੱਖ ਕੌਮ ਨੂੰ ਹਨੇਰੇ ਵੱਲ ਨਹੀਂ ਧੱਕ ਰਹੀ ?

7.  21 ਅਪਰੈਲ 2018 ਨੂੰ ਜਦ ਇਸ ਦੁਬਿਧਾ ਭਰਪੂਰ ਕੈਲੰਡਰ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਵੀਕਾਰਿਆ ਕਿ ਮੈਨੂੰ ਕੈਲੰਡਰ ਵਿਗਿਆਨ ਬਾਰੇ ਸੋਝੀ ਨਹੀਂ ਤੇ ਇਹ ਵਿਦਵਾਨਾਂ ਦੇ ਮਿਲ ਬੈਠ ਕੇ ਮਸਲਾ ਸੁਲਝਾਉਣ ਵਾਲਾ ਕਾਰਜ ਹੈ, ਜਿਸ ਸਬੰਧੀ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਗੱਲ ਕਰਨਗੇ ਤਾਂ ਕਿ ਜਲਦੀ ਦੋਵੇਂ ਧਿਰਾਂ ਦੀ ਮੀਟਿੰਗ ਸੱਦ ਕੇ ਕੋਈ ਹੱਲ ਕੱਢਣ। ਇਸ ਫ਼ੋਨ ਕਾਲ ਦੀ ਰੀਕਾਰਡਿੰਗ https://youtu.be/_xAoIVGYzWg  ਲਿੰਕ ’ਤੇ ਸੁਣੀ ਜਾ ਸਕਦੀ ਹੈ। ਇਸੇ ਤਰ੍ਹਾਂ ਦਾ ਜਵਾਬ ਹੀ ਕਰਨਲ ਨਿਸ਼ਾਨ ਜੀ ਦੀ ਪੁਸਤਕ ‘ਗੁਰ ਪੁਰਬ ਦਰਪਣ’ ਛਪਾ ਕੇ ਵੱਡੀ ਗਿਣਤੀ ਵਿੱਚ ਮੁਫ਼ਤ ਵੰਡਣ ਵਾਲੇ ਸੰਤ ਸੇਵਾ ਸਿੰਘ ਜੀ ਪਾਸੋਂ ਮਿਲਿਆ।

ਡਾਕਟਰ ਅਨੁਰਾਗ ਸਿੰਘ ਜੀ ਦਾ ਇੱਕ ਜਵਾਬ ਬੜਾ ਹਾਸੋਹੀਣਾ ਸੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਸੂਰਜੀ ਸਾਲ 365 ਦਿਨਾਂ ਦਾ ਹੁੰਦਾ ਹੈ ਜਦ ਕਿ ਧਰਤੀ ਸੂਰਜ ਦੇ ਦੁਆਲੇ ਚੱਕਰ ਲਾਉਣ ਵੇਲੇ 360 ਡਿਗਰੀ ਦਾ ਸਫ਼ਰ ਤਹਿ ਕਰਦੀ ਹੈ, ਇਸ ਲਈ ਤੁਸੀਂ 365 ਦਿਨਾਂ ਵਿੱਚ 360 ਡਿਗਰੀ ਨੂੰ ਕਿਵੇਂ ਪੂਰਾ ਪੂਰਾ ਵੰਡ ਕੇ ਸ਼ੁੱਧ ਕੈਲੰਡਰ ਬਣਾ ਸਕਦੇ ਹੋ ? ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਹਿਸਾਬ ਨਾਲ ਤਾਂ ਚੰਦਰ ਕੈਲੰਡਰ ਵੀ ਸ਼ੁੱਧ ਨਹੀਂ ਕਿਉਂਕਿ ਇਸ ਦੇ ਵੀ 354/355 ਦਿਨ ਹੁੰਦੇ ਹਨ, ਜੋ 360 ਨਾਲ ਪੂਰੇ ਪੂਰੇ ਨਹੀਂ ਵੰਡੇ ਜਾ ਸਕਦੇ। ਵੱਡੇ ਵਿਦਵਾਨ ਕਹਾਉਣ ਵਾਲੇ ਡਾ: ਅਨੁਰਾਗ ਸਿੰਘ ਨੇ ਦੋ ਵਾਰ ਦੁਹਰਾਅ ਕੇ ਕਿਹਾ 354 ਨਹੀਂ, 360 ਦਿਨ ਹੀ ਹੁੰਦੇ ਹਨ। ਜਿਸ ਵਿਦਵਾਨ ਨੂੰ ਇਹੀ ਪਤਾ ਨਹੀਂ ਕਿ ਚੰਦਰ ਸਾਲ ਦੇ 354 ਦਿਨ ਹੁੰਦੇ ਹਨ ਜਾਂ 360; ਉਹ ਕੈਲੰਡਰ ਸਬੰਧੀ ਕੋਈ ਰਾਇ ਦੇਣ ਦਾ ਕੀ ਹੱਕਦਾਰ ਹੋ ਸਕਦਾ ਹੈ ?

ਅੰਤ ’ਚ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਪ੍ਰਧਾਨ ਲੌਂਗੋਵਾਲ ਸਾਹਿਬ ਨਾਲ ਹੋਈ ਗੱਲਬਾਤ ਵਿੱਚ ਉਨ੍ਹਾਂ ਵੱਲੋਂ ਕਹੇ ਹੋਏ ਸ਼ਬਦਾਂ ’ਤੇ ਕੋਈ ਕਾਰਵਾਈ ਕਰਨ ਲਈ ਉਕਤ ਸਾਰੀਆਂ ਧਿਰਾਂ ਸਹਿਯੋਗ ਵੀ ਦਿੰਦੀਆਂ ਹਨ ਜਾਂ ‘‘ਜੋ ਜੀਇ ਹੋਇ ਸੁ ਉਗਵੈ; ਮੁਹ ਕਾ ਕਹਿਆ ਵਾਉ ॥’’ ਵਚਨਾਂ ਵਾਙ ਇਹ ਸੰਵੇਦਨਸ਼ੀਲ ਮਸਲਾ ਵੀ ਅਧਵਾਟੇ ਹੀ ਲਟਕਿਆ ਰਹੇਗਾ।

ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੇ ਸਿੱਖ ਨੂੰ ‘‘ਬੰਦੇ ! ਖੋਜੁ ਦਿਲ, ਹਰ ਰੋਜ.. ॥’’ (ਭਗਤ ਕਬੀਰ/੭੨੭) ਨਸੀਹਤ ਵੱਲ ਪ੍ਰੇਰਿਆ ਹੈ, ਜਿਸ ਕਾਰਨ ਭਿੰਨ-ਭਿੰਨ ਵਿਸ਼ਿਆਂ ਨਾਲ ਸਬੰਧਿਤ ਅਨੇਕਾਂ ਵਿਦਵਾਨ, ਸਿੱਖ ਕੌਮ ਪਾਸ ਅੱਜ ਵੀ ਮੌਜੂਦ ਹਨ।  ਜਿਹੜੀ ਕੌਮ ਆਪਣੇ ਆਪ ਨੂੰ ਗਿਆਨ ਗੁਰੂ ਦੇ ਪੈਰੋਕਾਰ ਅਖਵਾਵੇ ਅਤੇ ਹਰ ਵਿਸ਼ੇ ਨਾਲ ਸਬੰਧਿਤ ਬੁਧੀਜੀਵੀ ਵਰਗ ਦੀ ਮਦਦ ਲੈਣ ਤੋਂ ਕਿਸੇ ਰਾਜਸੀ ਹਿੱਤ ਕਾਰਨ ਸੰਕੋਚ ਕਰੇ, ਉਨ੍ਹਾਂ ਦੇ ਲੀਡਰਾਂ/ਜਥੇਦਾਰਾਂ ਦੀ ਕਥਨੀ ਤੇ ਕਰਨੀ ਵਿੱਚ ਅੰਤਰ ਆ ਹੀ ਜਾਂਦਾ ਹੈ, ਜੋ ਦੇਰ-ਸਵੇਰ ਕੌਮ ਲਈ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ।  ਹਰ ਵਿਸ਼ਾ ਬੁਧੀਜੀਵੀਆਂ ਦੁਆਰਾ ਪੜਚੋਲ ਕਰਨ ਦੀ ਬਜਾਇ ਉਨ੍ਹਾਂ ਲੀਡਰਾਂ ਜਾਂ ਜਥੇਬੰਦੀਆਂ ਦੇ ਸਪੁਰਦ ਕਰ ਦਿੱਤਾ ਜਾਵੇ, ਜੋ ਉਕਤ ਪੁੱਛੇ ਜਾ ਰਹੇ ਸਵਾਲਾਂ ਦੇ ਜਵਾਬ ਵਿੱਚ ਆਪਣੇ ਆਪ ਨੂੰ ਵਿਸ਼ੇ ਬਾਰੇ ਬੋਧ ਨਾ ਹੋਣਾ, ਮੰਨਣ ਤਾਂ ਕੀ ਸਿੱਖ ਸੰਗਤ ਨੂੰ ਅੱਗੇ ਆ ਕੇ ਆਪਣਾ ਫ਼ਰਜ਼ ਅਦਾ ਨਹੀਂ ਕਰਨਾ ਚਾਹੀਦਾ ?  ਮੇਰਾ ਇਸ਼ਾਰਾ ਕਿਸੇ ਟਕਰਾਅ ਨੂੰ ਉਤਪੰਨ ਕਰਨ ਵੱਲ ਨਹੀਂ ਬਲਕਿ ਇਨ੍ਹਾਂ ਕੌਮੀ ਸ਼ਖ਼ਸੀਅਤਾਂ ਪਾਸੋਂ ਅਜਿਹੇ ਵਿਸ਼ਿਆਂ ਬਾਰੇ ਵਾਰ-ਵਾਰ ਸਵਾਲ ਪੁੱਛਣ ਵੱਲ ਹੈ।

ਧੰਨਵਾਦ ਸਹਿਤ ਪੰਥ ਦਾ ਸੇਵਕ ਕਿਰਪਾਲ ਸਿੰਘ (ਬਠਿੰਡਾ)-98554-80797

ਈਮੇਲ Kirpal Singh kirpalsinghbathinda@gmail.com