ਪੱਤਰ ਨੰਬਰ 12 (ਸ. ਸਰਬਜੀਤ ਸਿੰਘ ਜੀ ਵਲੋਂ ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਨੂੰ ਜਵਾਬ)

0
300

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ॥

ਤੁਹਾਡੇ ਪੱਤਰ (9 ਅਪ੍ਰੈਲ) ਲਈ ਧੰਨਵਾਦ।

ਨਿਸ਼ਾਨ ਜੀ !  ਵਿਚਾਰ-ਚਰਚਾ ਦਾ ਮਕਸਦ ਹੀ ਸਮਝਣਾ/ਸਮਝਾਉਣਾ ਹੁੰਦਾ ਹੈ ਇਸ ਲਈ ਸੁਖਾਵਾਂ ਮਾਹੌਲ ਜ਼ਰੂਰੀ ਹੁੰਦਾ ਹੈ। ਇਸੇ ਭਾਵਨਾ ਨਾਲ ਹੀ ਮੈਂ 20 ਮਾਰਚ ਨੂੰ ਪੱਤਰ ਲਿਖਿਆ ਸੀ। ਦੂਜੇ ਪੱਤਰ ਵਿੱਚ ਤੁਹਾਡੇ ਵੱਲੋਂ ਦਰਜ ਇਕ ਤਾਰੀਖ਼ ਲਈ ਮੈਂ ਇਹ ਲਿਖਿਆ ਸੀ, “ਤੁਹਾਡੇ ਵੱਲੋਂ ਦਰਜ ਕੀਤੀ, ਚੇਤ ਸੁਦੀ 14 ਮੁਤਾਬਕ 30 ਮਾਰਚ ਸਹੀ ਤਾਰੀਖ ਹੈ”, ਪਰ ਤੁਸੀਂ ਸਵਾਲਾਂ ਦਾ ਜਵਾਬ ਦੇਣ ਤੋਂ ਸੰਕੋਚ ਕਰ ਰਹੇ ਹੋ। ਤੁਸੀਂ ਸਿੱਧਾ ਜਵਾਬ ਦੇਣ ਦੀ ਬਜਾਏ ਗੱਲ ਨੂੰ ਖਿੱਚਣ ਦਾ ਯਤਨ ਕਰ ਰਹੇ ਹੋ।

ਆਪ ਜੀ ਦੇ ਦੂਜੇ ਨੁਕਤੇ ਸਬੰਧੀ ਬੇਨਤੀ ਹੈ ਕਿ ਮੈਂ ਜੋ ਸਵਾਲ ਕੀਤਾ ਸੀ ਉਹ ਗੁਰਮਤ ਜਾਂ ਗੁਰ ਇਤਿਹਾਸ ਦਾ ਨਹੀਂ ਉਹ ਕੈਲੰਡਰ ਦੀ ਬਣਤਰ ਨਾਲ ਸਬੰਧ ਰੱਖਦਾ ਹੈ। ਜੇ ਤੁਸੀਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਨੂੰ ਰੱਖਣਾ ਚਾਹੁੰਦੇ ਹੋ ਤਾਂ ਉਸ ਉਪਰ ਗੁਰਮਤ ਲਾਗੂ ਨਹੀਂ ਕੀਤੀ ਜਾ ਸਕਦੀ। ਉਹ ਤਾਂ ਹਿੰਦੂ ਵਿਦਵਾਨਾਂ ਵੱਲੋਂ ਬਣਾਏ ਅਤੇ ਅਪਣਾਏ ਗਏ ਢੰਗ-ਤਰੀਕਿਆਂ ਅਨੁਸਾਰ ਹੀ ਚਲੇਗਾ।

ਇਹ ਠੀਕ ਹੈ ਕਿ ਤੁਸੀਂ ਆਪਣੇ ਤੌਰ ਤੇ ਸੰਗਤਾਂ ਨੂੰ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਹੈ, ਪਰ ਤੁਸੀਂ ਕਈ ਥਾਈਂ ਕੈਲੰਡਰ ਦੇ ਬੁਨਿਆਦੀ ਨਿਯਮਾਂ ਦੀ ਅਵੱਗਿਆ ਕੀਤੀ ਹੈ, ਜਿਵੇਂ ਕਿ 27 ਨੰਬਰ ਦਾ ਜਵਾਬ। ਤੁਹਾਡਾ ਜਵਾਬ ਨੰਬਰ 18 ਵੀਂ ਸਹੀ ਨਹੀਂ ਹੈ। ਇਸ ਲਈ ਮੈਨੂੰ ਇਹ ਲਿਖਣ ਤੋਂ ਸੰਕੋਚ ਨਹੀਂ ਹੈ ਕਿ ਤੁਸੀਂ ਤਾਂ ਸੰਗਤਾਂ ਦੀ ਦੁਬਿਧਾ ਵਿੱਚ ਵਾਧਾ ਕੀਤਾ ਹੈ।

ਸਾਰੇ ਸੱਜਣਾਂ ਨੂੰ ਆਪਣੀ ਕਿਤਾਬ ਦੇ ਪਹਿਲੇ 35 ਪੰਨੇ ਭੇਜਣ ਲਈ ਧੰਨਵਾਦ।

ਅੱਗੇ ਆਪ ਜੀ ਲਿਖਦੇ ਹੋ, “ਤੁਹਾਡਾ ਸੁਆਲ ਕਿ 2028 ਵਿਚ ਪੋਹ ਦਾ ਮਹੀਨਾ ਨਹੀਂ ਆਏਗਾ ਇਹ ਇੱਕ ਕਲਪਨਾ ਹੈ ਅਸਲੀਅਤ ਨਹੀਂ ਕਿਉਂਕਿ ਜਿਸ ਮਹੀਨੇ ਵਿਚ ਕੋਈ ਮੱਸਿਆ ਨਹੀਂ ਆਉਂਦੀ ਉਸ ਮਹੀਨੇ ਨੂੰ ਕਸ਼ੈ ਮਹੀਨਾ ਕਿਹਾ ਜਾਂਦਾ ਹੈ ਪਰ ਸਾਲ ਦੇ ਕਦੇ ਵੀ 11 ਮਹੀਨੇ ਨਹੀਂ ਹੋਏ”।

ਕਰਨਲ ਨਿਸ਼ਾਨ ਜੀ  !  ਮੈਂ, 2028 ਵਿੱਚ ਪੋਹ ਦੇ ਨਾ ਆਉਣ ਦਾ ਤਾਂ ਜਿਕਰ ਕੀਤਾ ਹੀ ਨਹੀਂ। ਮੈਂ ਤਾਂ ਇਹ ਲਿਖਿਆ ਸੀ ਕਿ, “ਆਉਣ ਵਾਲੇ 100 ਸਾਲਾਂ ਵਿੱਚ ਤਿੰਨ ਸਾਲ ਅਜਿਹੇ ਹੋਣਗੇ, ਜਦੋਂ ਪੋਹ ਦਾ ਮਹੀਨਾ ਨਹੀਂ ਆਵੇਗਾ। ਨਿਸ਼ਾਨ ਜੀ  !   ਸੀ ਡੀ ਤੋਂ ਵੇਖ ਕੇ ਦੱਸਿਓ ਤਾਂ 14 ਅਤੇ 15 ਜਨਵਰੀ 2029 ਈ: ਨੂੰ ਚੰਦ ਦੀ ਕਿਹੜੀ ਤਿੱਥ ਹੈ। ਇਹ ਗੱਲ ਵੱਖਰੀ ਹੈ ਕਿ ਉਤਰੀ ਭਾਰਤ ਦੇ ਕੁਝ ਹਿੰਦੂ ਵਿਦਵਾਨਾਂ ਨੇ ਇਸ ਫਾਰਮੂਲੇ `ਚ ਸੋਧ ਕਰ ਲਈ ਹੈ। 

 ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਕਿ ਜੇ ਤੁਸੀਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਨ੍ਹਾਂ ਮੁਤਾਬਕ ਹੀ ਚੱਲਣਾ ਪਵੇਗਾ, ਜਿਵੇਂ ਹਿੰਦੂ ਵਿਦਵਾਨਾਂ ਨੇ 18-19 ਨਵੰਬਰ 1964 ਈ: ਨੂੰ, ਸਾਲ ਦੀ ਲੰਬਾਈ 365.2587 ਦਿਨ ਤੋਂ ਘਟਾ ਕੇ 365.2563 ਦਿਨ ਕਰ ਦਿੱਤੀ ਅਤੇ ਸਿੱਖਾਂ ਨੇ ਮੰਨ ਵੀ ਲਈ। ਕਸ਼ੈ ਮਾਸ ਨੂੰ ਮਲ ਮਾਸ ਨਾਲ ਬਰਾਬਰ ਕਰ ਦਿੱਤਾ, ਅਸੀਂ ਮੰਨ ਲਿਆ। ਨਿਸ਼ਾਨ ਜੀ  !  ਮਲ ਮਾਸ ਉਦੋਂ ਹੀ ਆਵੇਗਾ, ਜਦੋਂ ਉਨ੍ਹਾਂ ਦੇ ਬਣਾਏ ਫਾਰਮੂਲੇ ਮੁਤਾਬਕ ਮੱਸਿਆ ਤੋਂ ਮੱਸਿਆ ਦਰਮਿਆਨ ਸੂਰਜ ਰਾਸ਼ੀ ਨਹੀਂ ਬਦਲੇਗੀ। ਸੰਗਰਾਂਦ ਉਦੋਂ ਹੀ ਹੋਵੇਗੀ, ਜਦੋਂ ਸੂਰਜ ਨਵੀਂ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਇਸ ਲਈ ਤੁਹਾਡਾ ਇਹ ਕਹਿਣਾ, “ਸਿੱਖ ਕੈਲੰਡਰ ਵਿਚ ਗੁਰ ਪੁਰਬ ਚੰਗੇ ਜਾਂ ਮੰਦੇ ਮਹੀਨੇ ਜਾਂ ਪੱਖਾਂ ਦੇ ਆਧਾਰ ਤੇ ਨਿਸ਼ਚਿਤ ਨਹੀਂ ਕੀਤੇ ਜਾ ਸਕਦੇ”, ਗੁੰਮਰਾਹਕੁਨ ਹੈ। ਸਿਰਫ਼ ਆਪਣੇ ਦਿਨ ਤਿਉਹਾਰ, ਬਿਕ੍ਰਮੀ ਕੈਲੰਡਰ ਵਿੱਚ ਦਰਜ ਕਰ ਕੇ ਤੁਸੀਂ ਇਸ ਨੂੰ ਸਿੱਖ ਕੈਲੰਡਰ ਨਹੀਂ ਕਹਿ ਸਕਦੇ। ਜੇ ਸਿੱਖ ਕੈਲੰਡਰ ਬਣਾਉਣਾ ਹੈ ਤਾਂ ਕੁਝ ਵੱਖਰਾ ਕਰਨਾ ਹੀ ਪਵੇਗਾ।

ਕਰਨਲ ਨਿਸ਼ਾਨ ਜੀ, ਪਿਛਲੇ 20 ਦਿਨਾਂ ਵਿੱਚ ਮੇਰਾ ਇਹ ਛੇਵਾਂ ਪੱਤਰ ਹੈ ਤੁਸੀਂ ਵੀ ਪੰਜ ਪੱਤਰ ਲਿਖ ਚੁੱਕੇ ਹੋ। ਤੁਹਾਡੇ  ਪੱਤਰ ਪੜ੍ਹ ਕੇ ਮੈਂ ਇਸ ਨਤੀਜੇ ਤੇ ਪੁੱਜਾ ਹਾਂ ਕਿ ਤੁਸੀਂ ਸਪੱਸ਼ਟ ਜਵਾਬ ਦੇ ਕੇ ਸਵਾਲ ਨੂੰ ਖਤਮ ਨਹੀ ਕਰਨਾ ਚਾਹੁੰਦੇ। ਜੇ ਪਹਿਲਾ ਸਵਾਲ ਖਤਮ ਨਹੀਂ ਹੋਵੇਗਾ ਤਾਂ ਗੱਲ ਅੱਗੇ ਕਿਵੇਂ ਤੁਰੇਗੀ? ਤੁਹਾਡੇ ਇਕ ਸਵਾਲ (#27) ਬਾਰੇ ਹੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਹੋਰ ਵੀ ਕਈ ਸਵਾਲ ਹਨ ਜਿਨ੍ਹਾਂ ਤੇ ਵਿਚਾਰ ਕੀਤੀ ਜਾਣੀ ਜਰੂਰੀ ਹੈ। ਇਸ ਤਰ੍ਹਾਂ ਪਾਣੀ ਰਿੜਕਣ ਨਾਲ ਆਪਾਂ ਕਿਸੇ ਨਤੀਜੇ ਤੇ ਨਹੀਂ ਪੁੱਜ ਸਕਦੇ। ਪਾਠਕਾਂ ਨੂੰ ਵੀ ਇਸ ਵਿੱਚ ਦਿਲਚਸਪੀ ਨਹੀਂ ਰਹੇਗੀ। ਮੇਰਾ ਖਿਆਲ ਹੈ ਕਿ ਇਸ ਵਿਚਾਰ ਚਰਚਾ ਨੂੰ ਚੁਸਤ-ਦਰੁੱਸਤ ਕੀਤਾ ਜਾਵੇ।

ਅੱਜ ਦਾ ਸਵਾਲ, ਕਰਨਲ ਨਿਸ਼ਾਨ ਜੀ, ਕੀ ਸਿੱਖ ਕੌਮ ਦਾ ਆਪਣਾ ਵੱਖਰਾ ਕੈਲੰਡਰ ਹੋਣਾ ਚਾਹੀਦਾ ਹੈ ਜਾਂ ਨਹੀਂ ? (ਜੇ ਜਵਾਬ ਹਾਂ ਹੈ ਤਾਂ ਅੱਗੇ ਚਲੋ) ਉਹ ਕਿਹੜਾ ਕੈਲੰਡਰ (ਚੰਦ ਅਧਾਰਿਤ, ਸੂਰਜ ਅਧਾਰਿਤ ਜਾਂ ਚੰਦਰ-ਸੂਰਜੀ)  ਹੋਣਾ ਚਾਹੀਦਾ ਹੈ?  ਬੇਨਤੀ ਹੈ ਕਿ ਜਵਾਬ ਸੰਖੇਪ ਅਤੇ ਸਪੱਸ਼ਟ ਹੋਣਾ ਚਾਹੀਦਾ ਹੈ।

“Today each of the major religions has its own calendar witch is used to programme its religious ceremonies, and it is almost as true to say that each calendar has its religion”. (Mapping Time, Page 6)

ਧੰਨਵਾਦ

ਸਰਵਜੀਤ ਸਿੰਘ ਸੈਕਰਾਮੈਂਟੋ

4/10/2018