ਚਿੱਠੀ ਨੰ: 21 ਕਰਨਲ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਕਿਰਪਾਲ ਸਿੰਘ ਬਠਿੰਡਾ ਨੂੰ ਪੱਤਰ

0
235

ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ॥

ਵਿਸ਼ਾ: ਵਿਸ਼ਾ: ਕੈਲੰਡਰ ਦੀਆਂ ਤਾਰੀਖ਼ਾਂ ਬਾਰੇ ਭੁਲੇਖਾ

1. ਸ਼ਰੋਮਣੀ ਕਮੇਟੀ ਸਿੱਖ ਪੰਥ ਦੀ ਸਿਰਮੌਰ ਸੰਸਥਾ ਹੈ ਇਸ ਲਈ ਉਸ ਵੱਲੋਂ ਉਲੀਕੇ ਪ੍ਰੋਗਰਾਮਾਂ ਅਨੁਸਾਰ ਇਸ ਸਾਲ ਲਈ ਜੋ ਕੈਲੰਡਰ ਸ਼ਰੋਮਣੀ ਕਮੇਟੀ ਨੇ ਛਾਪਿਆ ਹੈ, ਪੰਥਕ ਏਕਤਾ ਲਈ ਇਹ ਜ਼ਰੂਰੀ ਹੈ ਕਿ ਉਸੇ ਕੈਲੰਡਰ ਮੁਤਾਬਿਕ ਹੀ ਸਾਰੇ ਗੁਰਪੁਰਬ ਮਨਾਏ ਜਾਣ। ਸ਼ਰੋਮਣੀ ਕਮੇਟੀ ਚਾਹੇ ਤਾਂ ਇਨ੍ਹਾਂ ਵਿਚ ਤਬਦੀਲੀ ਕਰ ਸਕਦੀ ਹੈ। ਉਸ ਤੇ ਕਿੰਤੂ ਪਰੰਤੂ ਕਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।

2. ਗੁਰਮਤ ਕਿਸੇ ਖ਼ਾਸ ਮਹੀਨੇ/ਦਿਨ/ਵਾਰ/ਥਿੱਤ ਨੂੰ ਬੁਰਾ ਨਹੀਂ ਮੰਨਦੀ। ਸਾਡੇ ਲਈ ਸਾਰੇ ਮਹੀਨੇ/ਦਿਨ/ਵਾਰ ਥਿੱਤਾਂ ਭਲੀਆਂ ਹਨ। ਗੁਰ ਸਿੱਖ ਲਈ ”ਮਾਹ ਦਿਵਸ ਮੂਰਤ ਭਲੇ….” ਹਨ ਕੋਈ ਮਾੜਾ ਨਹੀਂ। ਇਸੇ ਲਈ ਮੈਂ ਸੁਆਲ ਨੰਬਰ 27 ਵਿਚ ਗੁਰਮਤ ਦਾ ਪੱਖ ਸਪਸ਼ਟ ਕਰ ਦਿੱਤਾ ਸੀ ਅਤੇ ਉਸੇ ਮੁਤਾਬਿਕ ਗੁਰਪੁਰਬਾਂ ਦੀਆਂ ਤਾਰੀਖ਼ਾਂ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।

3. Leap/intercalary month ਜਿਸ ਨੂੰ ਮਲ ਮਾਸ ਜਾਂ ਵਾਧੂ ਮਹੀਨਾ ਵੀ ਕਹਿੰਦੇ ਹਨ ਇਸ ਦਾ 19 ਸਾਲਾਂ ਵਿਚ 7 ਵਾਰ ਆਉਣਾ ਇਹ ਕੈਲੰਡਰ ਦੀ ਬਣਤਰ ਮੁਤਾਬਿਕ ਹੈ ਅਤੇ ਇਸ ਤੋਂ ਬਾਅਦ ਆਉਣ ਵਾਲੇ ਗੁਰਪੁਰਬਾਂ ਦਾ 384/385 ਦਿਨਾਂ ਬਾਅਦ ਆਉਣਾ ਕੁਦਰਤੀ ਹੈ। ਮੈਂ ਮਲ ਮਾਸ ਦੀ ਹੋਂਦ ਨੂੰ ਨਹੀਂ ਨਕਾਰਿਆ ਬਲਕਿ ਇਸ ਦਾ ਗੰਦੇ ਹੋਣ ਦੇ ਪੱਖ ਨੂੰ ਸਵੀਕਾਰ ਨਹੀਂ ਕੀਤਾ।

4. ਥਿੱਤਾਂ ਨੂੰ ਦਿਨਾਂ ਦੀ ਗਿਣਤੀ ਨਾਲ ਜੋੜ ਕੇ ਹੀ ਵੇਖਣਾ ਤੁਹਾਡੀ ਥਿੱਤਾਂ ਬਾਰੇ ਅਧੂਰੀ ਜਾਣਕਾਰੀ ਦਾ ਹੀ ਸਬੂਤ ਹੈ। ਕਿਰਪਾ ਕਰ ਕੇ ਜਿਸ ਸੀਡੀ ਬਾਰੇ ਤੁਸੀਂ ਜਾਣਕਾਰੀ ਮੰਗੀ ਹੈ ਉਸ ਦੇ ਕਰਤਾ ਦੀ ਕਿਤਾਬ ਕੈਲੰਡ੍ਰੀਕਲ ਕੈਲਕੁਲੇਸ਼ਨਜ਼ ਖਰੀਦ ਕੇ ਪੜ੍ਹੋ ਉਸ ਵਿਚ ਤੁਹਾਨੂੰ ਸੀਡੀ ਦਾ ਸਾਫੇਵੇਅਰ ਵੀ ਮਿਲ ਜਾਏਗਾ ਖੋਜ ਕਰ ਲੈਣੀ। ਮੇਰੇ ਲਈ ਉਹ ਸੀਡੀ ਇੱਕ ਸਰੋਤ ਤੋਂ ਵੱਧ ਕੁੱਝ ਨਹੀਂ। ਮੈਨੂੰ ਆਪਣੀਆਂ ਕੈਲਕੁਲੇਸ਼ਨਜ਼ ਤੇ ਭਰੋਸਾ ਹੈ।

5. ਤੁਸੀਂ ਲਿਖਿਆ ਹੈ ਕਿ ਪਿਛਲੇ ਸਾਲ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਜੋਤੀ ਜੋਤਿ ਸਮਾਉਣ ਅਤੇ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਦਿਵਸ ਨੂੰ ਸ਼ਰੋਮਣੀ ਕਮੇਟੀ ਨੇ 10 ਅਪ੍ਰੈਲ ਨੂੰ ਸੋਮਵਾਰ ਦਿਖਾਇਆ ਹੈ ਅਤੇ ”ਗੁਰਪੁਰਬ ਦਰਪਣ” ਵਿਚ ਐਤਵਾਰ ਲਿਖਿਆ ਹੈ ਇਹ ਇੱਕ ਦਿਨ ਦਾ ਫਰਕ ਕਿਉਂ? ਕੀ ਇਹ ਤੁਸੀਂ ਜਾਣ ਬੁੱਝ ਕੇ ਭੰਬਲਭੂਸਾ ਪੈਦਾ ਨਹੀਂ ਕਰ ਰਹੇ। ਗੁਰਪੁਰਬ ਦਰਪਣ ਵਿਚ ਤਾਂ ਸੋਮਵਾਰ ਹੀ ਲਿਖਿਆ ਹੈ ਤੁਸੀਂ ਐਤਵਾਰ ਕਿੱਥੋਂ ਪੜ੍ਹ ਲਿਆ?

6. ਤੁਸੀਂ ਪੁਰੇਵਾਲ ਵੱਲੋਂ ਬਣਾਏ ਜਿਹੜੇ ਸੂਰਜੀ ਕੈਲੰਡਰ ਦੀ ਹਮਾਇਤ ਕਰ ਰਹੇ ਹੋ ਅਤੇ ਜਿਸ ਨੂੰ ਪੰਥ ਉੱਤੇ ਥੋਪਣ ਦਾ ਪ੍ਰਚਾਰ ਹੋ ਰਿਹਾ ਹੈ ਉਸ ਦੀਆਂ ਸਾਰੀਆਂ ਹੀ ਸੂਰਜੀ ਤਾਰੀਖ਼ਾਂ ਗ਼ਲਤ ਹਨ ਕਦੀ ਉਨ੍ਹਾਂ ਤਾਰੀਖ਼ਾਂ ਵਲ ਝਾਤੀ ਮਾਰੀ ਹੈ। ਮਿਸਾਲ ਦੇ ਤੌਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੀ ਲੈ ਲਵੋ। ਸ਼ਹੀਦੀ ਵਾਲੇ ਦਿਨ ਜੇਠ ਸੁਦੀ 4, 2 ਹਾੜ੍ਹ ਬਿਕਰਮੀ ਸੰਮਤ 1663 ਮੁਤਾਬਿਕ 30-5-1606 (ਜੁਲੀਅਨ) ਅਤੇ 9-6-1606 (ਗਰੀਗੋਰੀਅਨ) ਸੀ। ਜਿਸ ਨੂੰ ਪੁਰੇਵਾਲ ਵਾਲੇ ਕੈਲੰਡਰ ਨੇ 2 ਹਾੜ ਮੁਤਾਬਿਕ 16 ਜੂਨ ਬਣਾ ਦਿੱਤਾ ਹੈ ਸਿੱਧਾ ਹੀ ਇਤਿਹਾਸ ਨਾਲੋਂ 7 ਦਿਨਾਂ ਦਾ ਫ਼ਰਕ ਹੈ। ਕੀ ਸ਼ਹੀਦੀ ਵਾਲੇ ਦਿਨ ਤੁਹਾਡੇ ਸੂਰਜੀ ਕੈਲੰਡਰ ਦੀ 2 ਹਾੜ ਬਣਦੀ ਹੈ? ਅਸਲ ਵਿਚ ਉਸ ਨੇ ਸ਼ਹੀਦੀ ਦਿਨ ਵਾਲੀ ਤਾਰੀਖ਼ ਕੱਢੀ ਹੀ ਨਹੀਂ ਅਤੇ ਮਨ ਮਰਜ਼ੀ ਦੀ 2 ਹਾੜ ਮੁਤਾਬਿਕ 16 ਜੂਨ ਨੂੰ ਸ਼ਹੀਦੀ ਦਿਨ ਮਿੱਥ ਲਿਆ। ਇਸੇ ਤਰ੍ਹਾਂ ਬਾਕੀ ਸਾਰੇ ਗੁਰਪੁਰਬਾਂ ਦੀਆਂ ਤਾਰੀਖ਼ਾਂ ਮਿੱਥ ਕੇ ਇਤਿਹਾਸ ਨਾਲ ਖਿਲਵਾੜ ਕੀਤਾ ਹੈ।

7. ਕਿਰਪਾ ਕਰ ਕੇ ਕੈਲੰਡਰ ਸਬੰਧੀ ਅਧੂਰੀ ਜਾਣਕਾਰੀ ਨਾਲ ਸੰਗਤਾਂ ਵਿਚ ਭੰਬਲਭੂਸਾ ਪੈਦਾ ਨਾ ਕਰੋ।

8. ਮੈਂ ਇਹ ਸਮਝਦਾ ਹਾਂ ਕਿ ਕੈਲੰਡਰ ਸਬੰਧੀ ਸੰਗਤਾਂ ਵਿਚ ਪਾਏ ਜਾ ਰਹੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਸ੍ਰੀ ਅਕਾਲ ਤਖ਼ਤ ਵੱਲੋਂ ਪਿਛਲੇ ਸਾਲ ਜੋ ਪਹਿਲ ਇੱਕ ਪੰਥਕ ਕਮੇਟੀ ਸਥਾਪਤ ਕੀਤੀ ਗਈ ਸੀ ਉਸ ਕਮੇਟੀ ਦੀ ਮੀਟਿੰਗ ਜਲਦੀ ਤੋਂ ਜਲਦੀ ਬੁਲਾਈ ਜਾਏ ਤਾਂ ਕਿ ਅਗਲੇ ਸਾਲ ਦਾ ਕੈਲੰਡਰ ਛਾਪਣ ਤੱਕ ਇੱਕ ਦੋ ਟੁੱਕ ਫ਼ੈਸਲਾ ਹੋ ਜਾਏ।

ਸੁਰਜੀਤ ਸਿੰਘ ਨਿਸ਼ਾਨ

SURJIT SINGH NISHAN M.sc., MIS, MCA.