ਭਲਾ ਪੰਥ ਦਾ ਚਾਹੁੰਦੇ, ਮੰਨ ਲਓ ਸਿੱਖ ਰਹਿਤ ਮਰਯਾਦਾ।

0
334

ਭਲਾ ਪੰਥ ਦਾ ਚਾਹੁੰਦੇ, ਮੰਨ ਲਓ ਸਿੱਖ ਰਹਿਤ ਮਰਯਾਦਾ।

ਸੁਖਵਿੰਦਰ ਸਿੰਘ ਰਟੌਲ

‘ਹਿੰਦੂ ਅੰਨ੍ਹਾ ਤੁਰਕੂ ਕਾਣਾ॥’  ਨਾਮਦੇਵ ਜੀ ਦੀ ਬਾਣੀ।

ਇਹਦੇ ਨਾਲੋਂ ਅੱਗੇ ਲੰਘ ਗਈ, ਸਾਡੇ ਘਰੇ ਕਹਾਣੀ।

ਨਾ ਟਕਸਾਲੀ ਚੰਗੇ ਸਾਰੇ, ਨਾ ਮਿਸ਼ਨਰੀ ਮਾੜੇ।

ਇਹ ਤਾਂ ਵੈਰੀਆਂ ਵੇਸ ਵਟਾ, ਵਿੱਚ ਟੋਡੀ ਬੰਦੇ ਵਾੜੇ।

ਬੰਦੇ ਵਾੜੇ ਫੁੱਟ ਪਾਉਣ ਨੂੰ, ਫਿੱਟੀਆਂ ਨੀਤਾਂ ਵਾਲੇ।

ਬਾਹਰੋਂ ਸੋਹਣੇ ਚਿੱਟੇ ਕੱਪੜੇ, ਕੰਮ ਕਰੇਂਦੇ ਕਾਲੇ।

ਦੁੱਧ ਧੋਤੇ ਉਹ ਬਣ ਬਣ ਬਹਿੰਦੇ, ਦਿਲ ’ਚ ਰੱਖਣ ਸਾੜੇ।

ਸਿੱਖਾਂ ਵਾਲਾ ਰੂਪ ਬਣਾ ਕੇ, ਹਰ ਥਾਂ ਪਾਉਣ ਪਵਾੜੇ ।

ਅੱਧਿਆਂ ਬੰਨ੍ਹ ਲਏ ਗੋਲ ਦੁਮਾਲੇ, ਗਲ਼ ਵਿੱਚ ਮਾਲਾ ਪਾ ’ਲੀ

ਅੱਧਿਆਂ ਬੰਨ੍ਹ ਲਈ ਸ਼ਾਹੀ ਪਗੜੀ, ਪੜ੍ਹਿਆ ਲਿਖਿਆ ਵਾਲੀ।

ਤੁਰ ਪਏ ਦੋਵੇਂ ਭੇਖੀ ਟੋਲੇ, ਲੈ ਸਰਕਾਰੀ ਥਾਪੀ।

ਵੜ ਗਏ ਸੰਸਥਾਂਵਾਂ ਅੰਦਰ, ਢਿੱਡੋਂ ਕਾਣੇ ਪਾਪੀ।

ਕੋਈ ਬਹਿ ਗਿਆ  ਰੇਡੀਓ ਲਾ ਕੇ, ਕਿਸੇ ਪਾ ਲਿਆ ਡੇਰਾ।

ਟੀਵੀ ਚੈਨਲ ਤੇ ਅਖਬਾਰਾਂ ਲਿਖ ਲਿਖ ਪਾਇਆ ਘੇਰਾ।

ਇੱਕ ਧਰਮ ਦੀ ਕਰਨ ਨਿਲਾਮੀ, ਦੂਜੇ ਲਾਉਂਦੇ ਬੋਲੀ।

ਸਿੱਖ ਕੌਮ ਦਾ ਖ਼ੂਨ ਡੋਲ ਕੇ ਲੱਗੇ ਖੇਡਣ ਹੋਲੀ।

ਤਰਕਾਂ ਵਿੱਚ ਕੁਤਰਕ ਵਾੜ ’ਤੇ, ਸ਼ਰਧਾ ਵਿੱਚ ਸ਼ਰਾਰਤ।

ਸਿੱਖ ਵਿਚਾਰਾ ਕਿੱਦਾਂ ਬੁੱਝੇ ਸਿੱਖੀ ਬਣੀ ਬੁਝਾਰਤ।

ਐਸਾ ਤਲਖ ਮਹੌਲ ਬਣਾਤਾ, ਦੁਸ਼ਮਣ ਦਿੱਸਦੇ  ਭਾਈ।

ਲੁਕ ਕੇ ਬੈਠੇ ਦੁਸ਼ਮਣ ਦੀ ਨਾ, ਸਮਝ ਕਿਸੇ ਨੂੰ ਆਈ ।

ਵਾਦ ਵਿਵਾਦ ਉਛਾਲਣ ਲੱਗੇ, ਬੋਲ ਬੋਲਦੇ ਮੰਦੇ।

ਗਾਲੋ ਗਾਲੀ ਹੋਣ ਰੋਜ਼ਾਨਾ,  ਗੰਦ ਬਕਦੇ ਨੇ ਗੰਦੇ।

ਪੁੱਠੇ ਸਿੱਧੇ ਨਾਮ ਰੱਖ ਕੇ, ਨਿੱਤ ਕਲੇਸ਼ ਵਧਾਉਂਦੇ ।

ਫੇਸ ਬੁੱਕ ’ਤੇ ਖੌਰੂ ਪਾ ਕੇ, ਫੁੱਟ ਕੌਮ ਵਿੱਚ ਪਾਉਂਦੇ।

ਸਿੱਖਾਂ ਦੇ ਵਿੱਚ ਰਲ਼ ਕੇ ਦੁਸ਼ਟਾਂ, ਐਸੀ ਐਕਟਿੰਗ ਕੀਤੀ।

ਪਿੱਛਲੇ ਜ਼ਖਮ ਭੁਲਾ ਲਏ ਸਿੱਖਾਂ, ਅੱਧੀ ਸਦੀ ਨ੍ਹੀਂ ਬੀਤੀ।

ਸਾਂਝ ਭਿਆਲੀ ਪਾ ਕੇ ਲੜਦੇ ਹਾਕਮ ਦੇ ਬਲਬੂਤੇ।

ਪ੍ਰੇਮ ਪਿਆਰ ’ਤਫ਼ਾਕ ਮਿਟਾ ਕੇ, ਖਾ ਲਏ ਸਿੱਖ ਸਬੂਤੇ।

ਇੱਕ ਆਖਦੇ ਨਿੰਦਕ ਨਿੰਦਕ, ਦੂਜੇ ਕਹਿਣ ਬਚਿੱਤਰੀ।

ਗੁਰੂ ਪਿਆਰੀ ਸਾਧ ਸੰਗਤ, ਕਰਵਾਤੀ ਛਿੱਤਰੋ ਛਿੱਤਰੀ।

ਚੁੱਕ ਚੁੱਕਾ ਕੇ ਸਿੱਖ ਪੰਥ ਦੇ, ਸੇਵਕ ਜੱਥੇ ਹਿਲਾ ’ਤੇ।

ਕੀ ਟਕਸਾਲੀ ਕੀ ਮਿਸ਼ਨਰੀ ? ਦੋਵੇਂ ਈ ਖੂੰਜੇ ਲਾ ’ਤੇ।

ਦੋਂਹ ਪਾਸੇ ਕੁਰਬਾਨੀ ਵਾਲੇ, ਗੁਰਮੁਖ ਤੇ ਵਡਭਾਗੀ।

ਲਾ ਲਾ ਦੋਸ਼ ਫਜ਼ੂਲ ਟੋਡੀਆਂ, ਸਾਰੇ ਕਰਤੇ ਦਾਗ਼ੀ।

ਲਾ ਕੇ ਅੱਗ ਸਰਕਾਰੀ ਕੁੱਤੇ, ਬਹਿ ’ਗੇ ਕੰਧ ’ਤੇ ਜਾ ਕੇ।

ਮੂਰਖ ਸਿੱਖਾਂ ਸਿੱਖ ਈ ਕੁੱਟ ’ਤੇ, ਚੁੱਕਣਾ ਦੇ ਵਿੱਚ ਆ ਕੇ।

ਬੂਟਾਂ ਸਣੇ ਗੁਰੂ ਘਰ ਵੜਦੀ, ਵੇਖ ਪੁਲਸ ਦਾ ਮੰਜਰ।

ਗੁਰੂ ਦੁਆਰੇ ਗਾਹਲਾਂ ਚੱਲਣ, ਪੱਗਾਂ ਰੋਲਣ ਕੰਜਰ।

ਦੁਰ ਫਿੱਟੇ ਮੂੰਹ,  ਉਨ੍ਹਾਂ ਦਾ ਵੀ, ਜੋ ਨਾ ਸੋਚ ਵਿਚਾਰਨ।

ਨਾ ਧਰਮ ਨੂੰ ਸਮਝਣ ਤੇ ਨਾ ਹੱਥ ਸ਼ਰਮ ਨੂੰ ਮਾਰਨ।

ਸਿੱਖ ਕੌਮ ਦਾ ਲਹੂ ਪੀਣ ਨੂੰ, ਆਣ ਚੰਬੜੀਆਂ ਜੋਕਾਂ।

ਜੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਣਾ, ਲੜ ਲੜ ਮਰਨਾਂ ਲੋਕਾਂ।

ਏਧਰ ਟੋਡੀ ਓਧਰ ਟੋਡੀ, ਦੋਹਾਂ ਫੜ੍ਹਿਆ ਆਰਾ।

ਅੱਧਾ ਅੱਧਾ ਵੰਡਿਆ ਚੱਲਿਆ ਥੱਲੇ ਸਿੱਖ ਵਿਚਾਰਾ।

ਦੋਵੇਂ ਪਾਸੇ ਸਿੱਖੀ ਬਾਣਾ, ਸੰਗਤ ਫਸੀ ਵਿਚਾਲੇ।

ਕਿਸ ਦੀ ਮੰਨੇ, ਕਿਸ ਨੂੰ ਛੱਡੇ, ਕਿਵੇਂ ਬਲਾਵਾਂ ਟਾਲੇ।

ਕਿੱਧਰ ਜਾਵੇ, ਹੋਂਦ ਬਚਾਵੇ, ਕਿਸ ਨੂੰ ਆਖੇ ਝੂਠਾ।

ਖੈਰ ਖ਼ੂਨ ਦੀ ਕਿਸ ਨੂੰ ਪਾਵੇ ? ਦੋਵਾਂ ਫੜ੍ਹਿਆ ਠੂਠਾ।

ਵਿਦਵਾਨਾਂ ਦੀ ਮਿਹਨਤ ਸਾਰੀ, ਮਿੱਟੀ ਵਿੱਚ ਮਿਲਾਈ।

ਅਨਪੜ੍ਹ ਲੋਕ ਸਿਆਣੇ ਹੋਗੇ, ਮੱਤਾਂ ਦੇਣ ਕਸਾਈ।

ਗੱਲ ਗੁਰੂ ਕਿੰਝ ਕਰਨ, ਪਰਚਾਰਕ ’ਕੱਲੇ ਕਹਿਰੇ ।

ਸਤਿਗੁਰ ਦੇ ਦਰਬਾਰ ਦੁਆਲੇ, ਔਰੰਗਜ਼ੇਬੀ ਪਹਿਰੇ ।

ਕੀ ਕੌਮ ਦੀ ਸੇਵਾ ਕਰਨੀ, ਨਾਮ ਗੁਰੂ ਦਾ ਲੈਣਾ।

ਜਣੇ ਖਣੇ ਦੀ ਲੱਤ ਥੱਲਿਓਂ, ਜੇ ਕਰ ਲੰਘਣਾ ਪੈਣਾ।

ਬਿਪਰ ਬੜਾ ਚਲਾਕ ਭਰਾਵੋ ! ਵਰਤ ਰਿਹਾ ਹਰ ਹਰਬਾ (ਚਾਲ)

ਤੁਸੀਂ ਜੰਮੇ ਓ ਕੱਲ੍ਹ ਤੇ ਉਹਦਾ, ਹਜ਼ਾਰਾਂ ਸਾਲ ਤਜ਼ਰਬਾ।

ਆਪੋ ਵਿੱਚ ਲੜਾ ਕੇ ਮਾਰੂ, ਆਪ ਨਹੀਂ ਉਹਨੇ ਆਉਣਾ।

ਪਾਣੀ ਵਿੱਚ ਮਧਾਣੀ ਸਿੰਘੋ  !  ਕੀ ਕੱਢਣਾ ਕੀ ਪਾਉਣਾ ?

ਮੁੱਕਦੀ ਗੱਲ ‘ਰਟੌਲ’ ਮੁਕਾਓ, ਹਠ ਨਾ ਕਰੋ ਜ਼ਿਆਦਾ।

ਭਲਾ ਪੰਥ ਦਾ ਚਾਹੁੰਦੇ, ਮੰਨ ਲਓ ‘ਸਿੱਖ ਰਹਿਤ ਮਰਯਾਦਾ’।