ਬਿਮਾਰੀਆਂ ਨੂੰ ਸਮਝਣ ਲਈ ਜੱਦੀ-ਪੁਸ਼ਤ ਬਾਰੇ ਜਾਣਨਾ ਜ਼ਰੂਰੀ

0
271

ਬਿਮਾਰੀਆਂ ਨੂੰ ਸਮਝਣ ਲਈ ਜੱਦੀ-ਪੁਸ਼ਤ ਬਾਰੇ ਜਾਣਨਾ ਜ਼ਰੂਰੀ

ਡਾ. ਅਮਨਦੀਪ ਸਿੰਘ ਟੱਲੇਵਾਲੀਆ-98146-99446

ਜਦੋਂ ਵੀ ਕੋਈ ਮਨੁੱਖ ਬਿਮਾਰ ਹੁੰਦਾ ਹੈ ਤਾਂ ਉਹ ਆਪਣੀ ਬਿਮਾਰੀ ਦੇ ਕਾਰਨ ਲੱਭਦਾ ਹੈ ਜਾਂ ਜਦੋਂ ਬਿਮਾਰ ਮਨੁੱਖ ਕਿਸੇ ਡਾਕਟਰ ਕੋਲ ਆਪਣੀ ਬਿਮਾਰੀ ਲੈ ਕੇ ਜਾਂਦਾ ਹੈ ਤਾਂ ਡਾਕਟਰ ਜਿੱਥੇ ਹੋਰ ਸੁਆਲ ਪੁੱਛਦਾ ਹੈ, ਉੱਥੇ ਇਹ ਵੀ ਪੁੱਛਦਾ ਹੈ ਕਿ ਕੀ ਇਹ ਰੋਗ ਤੁਹਾਡੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਵੀ ਹੈ ਜਾਂ ਇਹ ਬਿਮਾਰੀ ਤੁਹਾਡੇ ਨਾਨਕਿਆਂ-ਦਾਦਕਿਆਂ ’ਚੋਂ ਕਿਸੇ ਇਕ ਨੂੰ ਵੀ ਹੋਵੇ।

ਕਈ ਸਿਆਣੇ ਮਰੀਜ਼ ਤਾਂ ਇਹਨਾਂ ਗੱਲਾਂ ਨੂੰ ਸਮਝ ਲੈਂਦੇ ਹਨ ਪਰ ਕਈ ਵਿਚਾਰੇ ਭੋਲੇ ਜਾਂ ਅਨਪੜ੍ਹ ਇਹੀ ਕਹਿ ਕੇ ਟਾਲਾ ਵੱਟ ਲੈਂਦੇ ਹਨ ਕਿ ਮੈਂ ਕਿਹੜਾ ਉਹਨਾਂ ਕੋਲ ਰਹਿੰਦਾ ਹਾਂ । ਮੇਰੇ ਨਾਨਾ-ਨਾਨੀ, ਦਾਦਾ-ਦਾਦੀ ਕਦੋਂ ਦੇ ਮਰ ਗਏ, ਉਹਨਾਂ ਬਾਰੇ ਤਾਂ ਕੋਈ ਬਹੁਤਾ ਪਤਾ ਨਹੀਂ। ਇਹ ਵੀ ਸਚਾਈ ਹੈ ਕਿ ਦਾਦੇ-ਦਾਦੀ ਤੋਂ ਪਿੱਛੇ ਪੜਦਾਦੇ ਜਾਂ ਪੜਦਾਦੇ ਦੇ ਪਿਓ ਬਾਰੇ ਤਾਂ ਕੀ, ਸਾਨੂੰ ਤਾਂ ਉਹਨਾਂ ਵਿਚਾਰਿਆਂ ਦੇ ਨਾਂ ਤੱਕ ਵੀ ਯਾਦ ਨਹੀਂ ਹਨ, ਜੋ ਕਿ ਇਕ ‘ਮਤਲਬੀ’ ਇਨਸਾਨ ਦੀ ਜਿਉਂਦੀ-ਜਾਗਦੀ ਤਸਵੀਰ ਬਿਆਨ ਕਰਦੇ ਹੁੰਦੇ ਹਨ ਕਿਉਂਕਿ ਵੱਡ-ਵਡੇਰੇ, ਜਿਨ੍ਹਾਂ ਕਰ ਕੇ ਅਸੀਂ ਧਰਤੀ ’ਤੇ ਆਏ, ਸਾਨੂੰ ਉਹਨਾਂ ਬਾਰੇ ਜਾਣਨ ਦਾ ਮੌਕਾ ਹੀ ਨਹੀਂ ਜਾਂ ਕਹਿ ਲਵੋ ਕਿ ਕੋਈ ਲੋੜ ਹੀ ਨਹੀਂ ਸਮਝੀ। ਬਹੁਤ ਥੋੜ੍ਹੇ ਲੋਕ ਮਿਲਦੇ ਹਨ, ਜਿਨ੍ਹਾਂ ਨੂੰ ਤਿੰਨ ਪੀੜ੍ਹੀਆਂ ਤੋਂ ਬਾਅਦ ਚੌਥੀ ਪੀੜ੍ਹੀ ਬਾਰੇ ਪਤਾ ਹੋਵੇ ਪਰ ਸਾਇੰਸ ਤਾਂ ਇਹ ਕਹਿੰਦੀ ਹੈ ਕਿ ਸੱਤ-ਸੱਤ ਪੀੜ੍ਹੀਆਂ ਦੇ ‘ਜੀਨਜ਼’ ਅੱਗੇ ਦੀ ਅੱਗੇ ਤੁਰੇ ਜਾਂਦੇ ਹਨ। ਸੱਤ ਪੀੜ੍ਹੀਆਂ ਬੜੀ ਦੂਰ ਦੀ ਗੱਲ ਹੈ। ਅੱਜ ਕੱਲ੍ਹ ਦੇ ਤਾਂ ਮਾਂ-ਪਿਓ ਨੂੰ ਵੀ ਘਰੋਂ ਕੱਢਣਾ ਲੋਚਦੇ ਹਨ। ਇਹ ਦਾਦੇ-ਦਾਦੀਆਂ ਤਾਂ ਕੀਹਣੇ ਪੁੱਛਣੇ ਹਨ।

ਮਨੁੱਖ ਜਦੋਂ ਵੀ ਬਿਮਾਰ ਹੁੰਦਾ ਹੈ, ਉਸ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ, ਮਾਨਸਿਕ ਜਾਂ ਸਰੀਰਕ। ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਅਸਲ ਕਾਰਨਾਂ ਬਾਰੇ ਅਜੇ ਵੀ ਬਹਿਸ ਜਾਰੀ ਹੈ ਜਾਂ ਮੈਡੀਕਲ ਦੀਆਂ ਕਿਤਾਬਾਂ ਵਿਚ ‘ਇਮਊਨ ਸਿਸਟਮ’ (ਰੱਖਿਆ ਪ੍ਰਣਾਲੀ) ਨੂੰ ਆਧਾਰ ਬਣਾ ਕੇ ਗੱਲ ਇੱਥੇ ਮੁਕਾ ਦਿੱਤੀ ਜਾਂਦੀ ਹੈ ਕਿ ਰੱਖਿਆ ਪ੍ਰਣਾਲੀ ਕਮਜ਼ੋਰ ਹੋਣ ਕਰ ਕੇ ਹੀ ਮਨੁੱਖ ਬਿਮਾਰ ਹੁੰਦਾ ਹੈ ਪਰ ਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਨ ਵਾਲੇ ਵੀ ਕਈ ਕਾਰਨ ਹਨ, ਜਿਨ੍ਹਾਂ ਬਾਰੇ ਖੋਜ ਚੱਲਦੀ ਰਹੇਗੀ। ਹਰ ਬਿਮਾਰੀ ਮਨੁੱਖ ਦੇ ਅੰਦਰ ਪਈ ਹੋਈ ਹੈ। ਬਿਮਾਰੀ ਕੋਈ ਉਪਰੋਂ ਨਹੀਂ ਡਿੱਗਦੀ, ਬਸ ਜਦੋਂ ਮੌਕਾ-ਮੇਲ ਹੁੰਦਾ ਹੈ, ਤਦ ਬਿਮਾਰੀ ਆਪਣੇ ਲੱਛਣਾਂ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰ ਲੈਂਦੀ ਹੈ।

ਇਸੇ ਕੜੀ ਤਹਿਤ ਬਿਮਾਰੀਆਂ ਨੂੰ ਜਾਣਨ ਲਈ ਜੱਦ-ਪੁਸ਼ਤ ਦਾ ਅਹਿਮ ਯੋਗਦਾਨ ਹੁੰਦਾ ਹੈ, ਜਿਵੇਂ ਕਿ ਅੱਜ ਦੇ ਯੁੱਗ ਵਿੱਚ ਸ਼ੂਗਰ, ਥਾਇਰਾਇਡ, ਗਠੀਆ, ਬਲੱਡ ਪ੍ਰੈਸ਼ਰ, ਕੈਂਸਰ ਆਦਿ ਬਿਮਾਰੀਆਂ ਨੇ ਮਨੁੱਖ ਨੂੰ ਘੇਰ ਰੱਖਿਆ ਹੈ। ਜਦੋਂ ਵੀ ਕੋਈ ਮਰੀਜ਼ ਭਾਵੇਂ ਉਹ ਕਿਸੇ ਵੀ ਮਰਜ਼ ਤੋਂ ਪੀੜਤ ਹੋਵੇ ਤਾਂ ਡਾਕਟਰ ਦਾ ਇਹ ਮੁੱਢਲਾ ਫ਼ਰਜ਼ ਹੁੰਦਾ ਹੈ ਕਿ ਉਹ ਪੀੜਤ ਦੇ ਜੱਦ-ਪੁਸ਼ਤ ਤੱਕ ਜ਼ਰੂਰ ਪੁੱਛ-ਗਿੱਛ ਕਰੇ। ਬੇਸ਼ੱਕ ਜੱਦ-ਪੁਸ਼ਤ ਨੂੰ ਸਮਝ ਕੇ ਬਿਮਾਰੀ ਦਾ ਹੱਲ ਤਾਂ ਬਹੁਤਾ ਨਹੀਂ ਹੋ ਸਕਦਾ ਪਰ ਅਗਾਊਂ ਚੇਤਾਵਨੀ ਜ਼ਰੂਰ ਮਿਲ ਸਕਦੀ ਹੈ। ਮੰਨ ਲਵੋ ਕਿਸੇ ਤੰਦਰੁਸਤ ਮਨੁੱਖ ਦੇ ਪਰਿਵਾਰ ਵਿੱਚ ਪਿੱਛੇ ਕਿਸੇ ਖ਼ੂਨ ਦੇ ਰਿਸ਼ਤੇ ਵਿੱਚ ਸ਼ੂਗਰ ਹੈ ਤਾਂ ਉਸ ਤੰਦਰੁਸਤ ਮਨੁੱਖ ਨੂੰ ਪਹਿਲਾਂ ਹੀ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਉਸ ਨੂੰ ਵੀ ਸ਼ੂਗਰ ਹੋ ਸਕਦੀ ਹੈ। ਸ਼ੂਗਰ ਤੋਂ ਬਚਣ ਲਈ ਅਗਾਊਂ ਪ੍ਰਹੇਜ਼ ਕਰਨਾ ਜ਼ਰੂਰੀ ਹੈ। ਜੱਦ-ਪੁਸ਼ਤ ਵਿੱਚ ਗਿਣੇ ਜਾਂਦੇ ਮੁੱਖ ਰਿਸ਼ਤੇ, ਮਾਂ-ਪਿਓ, ਭੈਣ-ਭਰਾ, ਚਾਚਾ-ਤਾਇਆ, ਭੂਆ, ਮਾਸੀਆਂ, ਮਾਮੇ, ਨਾਨਾ-ਨਾਨੀ ਜਾਂ ਉਨ੍ਹਾਂ ਦੇ ਵੱਡੇ-ਵਡੇਰੇ ਹੁੰਦੇ ਹਨ। ਤਾਈ, ਚਾਚੀ, ਫੁੱਫੜ, ਮਾਸੜ, ਮਾਮੀ ਨਾਲ ਖ਼ੂਨ ਦਾ ਰਿਸ਼ਤਾ ਨਹੀਂ ਹੁੰਦਾ। ਹਾਂ, ਕਈ ਲਾਗ ਦੀਆਂ ਬਿਮਾਰੀਆਂ ਖ਼ੂਨ ਦੇ ਰਿਸ਼ਤੇ ਤੋਂ ਬਿਨਾਂ ਹੋ ਸਕਦੀਆਂ ਹਨ, ਜਿਵੇਂ ਕਿ ਸਕੈਬੀਜ਼ (ਖੁਰਕ), ਟੀ. ਬੀ. ਜਾਂ ਵਾਇਰਲ ਰੋਗ ਆਦਿ ਪਰ ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹਨ, ਜੋ ਪੀੜ੍ਹੀ-ਦਰ-ਪੀੜ੍ਹੀ ਚਲਦੀਆਂ ਹੀ ਹਨ।

ਮੈਡੀਕਲ ਸਾਇੰਸ ਕੋਲ ਅਜੇ ਤੱਕ ਅਜਿਹਾ ਹੱਲ ਨਹੀਂ ਕਿ ਅਜਿਹੇ ‘ਜੀਨਜ਼’ ਜੋ ਬਿਮਾਰੀ ਨੂੰ ਅੱਗੇ ਲੈ ਕੇ ਜਾਂਦੇ ਹਨ, ਨੂੰ ਸਮਝ ਕੇ ਰੋਕ ਲਿਆ ਜਾਵੇ। ਉਦਾਹਰਨ ਦੇ ਤੌਰ ’ਤੇ ਹੀਮੋਫੀਲੀਆ, ਪੌਲੀ ਸਿਸਟਕ ਓਵਰੀਜ਼, ਪੌਲਸਿਸਟਕ ਕਿਡਨੀ, ਏਡਜ਼, ਹੈਪਾਟਾਈਟਸ-ਸੀ ਵਗੈਰਾ, ਜਿਨ੍ਹਾਂ ਵਿੱਚੋਂ ਹੀਮੋਫਿਲੀਆ ਨੂੰ ਤਾਂ ਆਮ ਲੋਕ ਮਾਮੇ-ਭਾਣਜੇ ਦੀ ਬਿਮਾਰੀ ਵੀ ਆਖ ਦਿੰਦੇ ਹਨ ਕਿਉਂਕਿ ਇਹ ਜੀਨਜ਼ ਮੁੰਡਿਆਂ ਵਿੱਚ ਹੀ ਪਾਇਆ ਜਾਂਦਾ ਹੈ। ਪੌਲੀਸਿਸਟਕ ਕਿਡਨੀ ਜ਼ਰੂਰੀ ਨਹੀਂ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਹੀ ਹੋਵੇ ਪਰ ਇਹ ਦੇਖਿਆ ਗਿਆ ਹੈ ਕਿ ਜੇਕਰ ਮਾਂ ਜਾਂ ਪਿਓ ’ਚੋਂ ਕਿਸੇ ਇੱਕ ਨੂੰ ਇਹ ਬਿਮਾਰੀ ਹੈ ਤਾਂ ਉਹ ਅੱਗੇ ਜ਼ਰੂਰ ਜਾਂਦੀ ਹੈ, ਜਿਸ ਦਾ ਅੰਤ ਗੁਰਦੇ ਫੇਲ੍ਹ ਹੋ ਕੇ ਹੁੰਦਾ ਹੈ।

ਇਸੇ ਤਰ੍ਹਾਂ ਏਡਜ਼ ਅਤੇ ਹੈਪਾਟਾਇਟਸ-ਸੀ ਬਾਰੇ ਤਾਂ ਸਭ ਜਾਣਦੇ ਹੀ ਹਨ। ਇੱਥੇ ਇਹ ਨਹੀਂ ਕਿਹਾ ਜਾ ਸਕਦਾ ਕਿ ਜੇਕਰ ਮਾਂ ਜਾਂ ਪਿਓ ਨੂੰ ਏਡਜ਼ ਜਾਂ ਹੈਪਾਟਾਇਟਸ ਬੱਚਿਆਂ ਦੇ ਜਨਮ ਤੋਂ ਬਾਅਦ ਹੋਈ ਤਾਂ ਬੱਚਿਆਂ ਨੂੰ ਇਸ ਦਾ ਨੁਕਸਾਨ ਹੋਵੇਗਾ ਪਰ ਜੇਕਰ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਜਾਂ ਬਾਪ ਏਡਜ਼ ਦਾ ਸ਼ਿਕਾਰ ਹੋ ਗਿਆ ਤਾਂ ਬੱਚਿਆਂ ਵਿੱਚ ਇਹ ਜੀਨਜ਼ ਚਲੇ ਜਾਣਗੇ। ਇਹ ਤਾਂ ਹਨ ਜਾਨਲੇਵਾ ਬਿਮਾਰੀਆਂ।

ਬਾਕੀ ਸਾਰੀਆਂ ਬਿਮਾਰੀਆਂ ਜਿਵੇਂ ਕਿ ਫੁਲਵਹਿਰੀ, ਪਾਗਲਪਣ, ਡਿਪਰੈਸ਼ਨ, ਪਿੱਤੇ ਜਾਂ ਗੁਰਦੇ ਦੀ ਪੱਥਰੀ, ਰਸੌਲੀਆਂ, ਮੋਟਾਪਾ, ਸੋਕੜਾ, ਸਾਰੀਆਂ ਐਲਰਜ਼ੀਆਂ, ਆਦਿ ਬਿਮਾਰੀਆਂ ਜਾਂ ਆਦਤਾਂ ਜਿਵੇਂ ਕਿ ਸ਼ਰਾਬ ਪੀਣਾ, ਝੂਠ ਬੋਲਣਾ, ਆਦਿ ਆਦਤਾਂ ਮਨੁੱਖ ਨੂੰ ਜੱਦ ਵਿੱਚੋਂ ਹੀ ਮਿਲਦੀਆਂ ਹਨ। ਸੋ ਆਪਣੀਆਂ ਨਸਲਾਂ ਨੂੰ ਸੁਧਾਰਨ ਲਈ ਚੰਗੇ ਬਣੀਏ, ਸਾਡੀਆਂ ਰਗਾਂ ਵਿੱਚ ਸ਼ਹੀਦਾਂ ਦਾ ਖ਼ੂਨ ਦੌੜ ਰਿਹਾ ਹੈ ਪਰ ਪਤਾ ਨਹੀਂ ਕਿਉਂ ਅਸੀਂ ਪੈਸੇ ਦੇ ਪੁੱਤ ਬਣ ਕੇ ਭ੍ਰਿਸ਼ਟਾਚਾਰ, ਫਿਰਕਾਪ੍ਰਸਤੀ ਵਿੱਚ ਗ੍ਰਸਤ ਹੋਏ ਪਏ ਹਾਂ। ਆਓ, ਆਪਣੇ ਆਪ ਨੂੰ ਬਦਲੀਏ ਤਾਂ ਕਿ ਚੰਗਾ ਅਤੇ ਤੰਦਰੁਸਤ ਸਮਾਜ ਸਿਰਜਿਆ ਜਾ ਸਕੇ।

ਕਈ ਅਜਿਹੇ ਕੇਸ ਵੀ ਸਾਹਮਣੇ ਆਏ ਹਨ, ਜਿੱਥੇ ਜੱਦ-ਪੁਸ਼ਤ ਦਾ ਪਤਾ ਨਹੀਂ ਲੱਗਦਾ ਕਿਉਂਕਿ ਸਾਡੇ ਸਮਾਜ ਵਿੱਚ ਵਧ ਰਹੇ ਨਾਜਾਇਜ਼ ਸੰਬੰਧ ਜਿੱਥੇ ਇੱਜ਼ਤ ਲਈ ਖ਼ਤਰਾ ਬਣ ਰਹੇ ਹਨ, ਉੱਥੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਵੀ ਦੇ ਰਹੇ ਹਨ। ਮੈਂ ਆਪਣੇ ਅਤੇ ਆਪਣੇ ਮਿੱਤਰ ਸਾਥੀਆਂ ਦੀ ਸਹਾਇਤਾ ਨਾਲ ਇਹ ਸਮਝਿਆ ਹਾਂ ਕਿ ਪਿਛਲੇ ਸੱਤ ਸਾਲਾਂ ਦੌਰਾਨ 150-200 ਕੇਸ ਅਜਿਹੇ ਮਿਲੇ ਹਨ, ਜੋ ਆਪਣੇ ਪਿਓ ਦੀ ਔਲਾਦ ਹੀ ਨਹੀਂ, ਸਗੋਂ ਨਾਜਾਇਜ਼ ਸੰਬੰਧਾਂ ਨਾਲ ਪੈਦਾ ਹੋਏ ਹਨ। ਜਦੋਂ ਉਨ੍ਹਾਂ ਦੀ ਜੱਦ-ਪੁਸ਼ਤ ਬਾਰੇ ਪੁੱਛੀਦਾ ਹੈ ਤਾਂ ਮਰੀਜ਼ ਚੁੱਪ ਹੋ ਜਾਂਦਾ ਹੈ ਅਤੇ ਦੱਸਣਾ ਤਾਂ ਪੈਂਦਾ ਹੈ, ਡਾਕਟਰ ਤੋਂ ਕਾਹਦਾ ਓਹਲਾ, ਕਹਿੰਦੇ-ਕਹਿੰਦੇ ਮਰੀਜ਼ ਆਪਣੀ ਗੱਲ ਦੱਸਦਾ ਹੈ।

ਬਹੁਤੇ ਕੇਸਾਂ ਵਿੱਚ ਇਹ ਪਾਇਆ ਗਿਆ ਕਿ ਘਰਵਾਲਾ ਨਾਮਰਦ ਸੀ ਜਾਂ ਉਸ ਦੇ ਵੀਰਜ ਵਿੱਚ ਸ਼ੁਕਰਾਣੂਆਂ ਦੀ ਮਾਤਰਾ ਘੱਟ ਸੀ ਪਰ ਨੁਕਸ ਕੁੜੀ ਵਿੱਚ ਕੱਢਿਆ ਜਾ ਰਿਹਾ ਸੀ। ਇਸੇ ਕਰ ਕੇ ਕਈਆਂ ਨੇ ‘ਅੱਕ ਚੱਬਿਆ’ ਜਾਂ ਦੂਸਰਾ ਕਾਰਨ ਜਿਹੜਾ ਪਾਇਆ ਗਿਆ, ਉਹ ਵਿਆਹ ਤੋਂ ਪਹਿਲਾਂ ਬਣੇ ਸੰਬੰਧ ਸਨ, ਜਿਨ੍ਹਾਂ ਵਿੱਚ ਆਪਣੇ ਮਹਿਬੂਬ ਨੂੰ ਵਿਆਹ ਤੋਂ ਬਾਅਦ ਸਰੀਰਕ ਸੰਬੰਧ ਸਥਾਪਿਤ ਕਰਨ ਦਾ ਕੀਤਾ ਵਾਅਦਾ ਪੂਰਾ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਮਾਨਤਾ ਪ੍ਰਾਪਤ ਤਕਨੀਕ ਜੋ ਪੂਰੇ ਪਰਿਵਾਰ ਦੀ ਸਹਿਮਤੀ ਨਾਲ ਹੁੰਦੀ ਹੈ, ਉਸ ਨੂੰ ਨਾਜਾਇਜ਼ ਔਲਾਦ ਤਾਂ ਨਹੀਂ ਕਿਹਾ ਜਾ ਸਕਦਾ ਪਰ ਕਿਸੇ ਹੋਰ ਆਦਮੀ ਦਾ ਵੀਰਜ ਲੈ ਕੇ ਔਰਤ ਦੀ ਬੱਚੇਦਾਨੀ ਵਿੱਚ ਧਰਿਆ ਜਾਂਦਾ ਹੈ। ਬੇਸ਼ੱਕ ਉਸ ਬਾਰੇ ਪੂਰਾ ਓਹਲਾ ਰੱਖਿਆ ਜਾਂਦਾ ਹੈ ਪਰ ਇਸ ਤਕਨੀਕ ਨੂੰ ਕਰਨ ਵਾਲੇ ਡਾਕਟਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਿਸ ਆਦਮੀ ਦਾ ਵੀਰਜ, ਔਰਤ ਨੂੰ ਦਿੱਤਾ ਜਾ ਰਿਹਾ ਹੈ, ਉਸ ਦੀ ਜੱਦ-ਪੁਸ਼ਤ ਬਾਰੇ ਜ਼ਰੂਰ ਜਾਣ ਲਿਆ ਜਾਵੇ, ਇਹ ਨਾ ਹੋਵੇ ਕਿ ਇੰਨੀ ਮਾਨਸਿਕ ਪੀੜਾ ਸਹਿ ਕੇ ਲਿਆ ਬੱਚਾ ਵੀ ਬਿਮਾਰ ਹੀ ਪੈਦਾ ਹੋਵੇ।