29.3 C
Jalandhar
Saturday, April 4, 2026
spot_img
Home Blog Page 100

ਕੁਦਰਤ ’ਚ ਰੰਗ ਜਿਸ ਦਾ ਮਾਣੇ ਤੂੰ

0

ਕੁਦਰਤ ’ਚ ਰੰਗ ਜਿਸ ਦਾ ਮਾਣੇ ਤੂੰ

               -ਗੁਰਪ੍ਰੀਤ ਸਿੰਘ (USA)

ਚਾਬੀ ਤੂੰ, ਦਰ ਵੀ ਤੂੰ, ਦਰਬਾਨ ਵੀ ਤੂੰ।

ਕਿਵੇਂ ਖੋਲ੍ਹਣਾ ਜਿੰਦਰੇ ਨੂੰ, ਦਿੰਦਾ ਗਿਆਨ ਵੀ ਤੂੰ।

ਨੇਤਰਾਂ ’ਚ ਜੋਤ, ਦਿਲਾਂ ’ਚ ਹਨੇਰਾ, ਖੇਲ ਤੇਰਾ ਜਾਣੇ ਤੂੰ।

ਜੀਵ ਉਤਪੰਨ ਕਰੇ ਬਾਅਦ ਵਿੱਚ, ਪਹਿਲਾਂ ਦਿੰਦਾ ਦਾਣੇ ਤੂੰ।

ਕੰਢਿਆਂ ’ਚ ਫੁੱਲ ਮਹਿਕਣ, ਹਰਿਆ ਜੰਗਲ਼, ਕਰੇ ਖ਼ਾਕ ਤੂੰ।

ਘਾੜਾ, ਮਿੱਟੀ, ਭਾਂਡਾ ਹੈ ਆਪੇ, ਆਪੇ ਹੀ ਬਣੇ ਗਾਹਕ ਤੂੰ।

ਖ਼ਲਕਤ ਨੂੰ ਕਿਵੇਂ ਪਿਆਰਨਾ, ਕਿਸੇ ਨੂੰ ਝੱਟ ਸਮਝਾਏਂ ਤੂੰ।

ਕਿੱਧਰੇ ਉਮਰ ਗਲ਼ ਜਾਵੇ, ਕਿਣਕਾ ਵੀ ਨਾ ਮਨ ਵਸਾਏਂ ਤੂੰ।

ਆਪਣੀ ਕੁਦਰਤ ਆਪੇ ਸਾਜੇ, ਆਪੇ ਹੀ ਕਰਦਾ ਨਾਸ ਤੂੰ।

ਸਭ ਦੀਆਂ ਆਸਾਂ ਕਰੇ ਪੂਰੀਆਂ, ਸਭਨਾ ਵਿੱਚ ਕਰੇ ਵਾਸ ਤੂੰ।

ਤੇਰੇ ਗੁਣਾਂ ਦਾ ਅੰਤ ਨਾ ਕੋਈ; ਆਪਣਾ, ਆਪ ਹੀ ਜਾਣੇ ਤੂੰ।

ਚੇਤੇ ਰੱਖ ਪ੍ਰੀਤ ਉਸ ਨੂੰ, ਕੁਦਰਤ ’ਚ ਰੰਗ ਜਿਸ ਦਾ; ਮਾਣੇ ਤੂੰ।

ਸੰਗਰਾਂਦ

0

ਸੰਗਰਾਂਦ

ਕਿਰਪਾਲ ਸਿੰਘ ਬਠਿੰਡਾ ੮੮੩੭੮-੧੩੬੬੧

ਸੰਗਰਾਂਦ ਸ਼ਬਦ ਸੰਸਕ੍ਰਿਤ ਦੇ ਸੰਕ੍ਰਾਂਤੀ ਸ਼ਬਦ ਦਾ ਪੰਜਾਬੀ ਤਦਭਵ ਹੈ, ਜਿਸ ਦਾ ਅਰਥ ਹੈ ‘ਉਹ ਦਿਨ, ਜਿਸ ਵਿੱਚ ਸੂਰਜ, ਭਾਰਤੀ ਜੋਤਿਸ਼ ਅਨੁਸਾਰ ਇੱਕ ਰਾਸ਼ੀ ਵਿੱਚੋਂ ਨਿਕਲ ਕੇ ਨਵੀਂ ਰਾਸ਼ੀ ਵਿੱਚ ਪ੍ਰਵੇਸ਼ ਕਰੇ।’ ਇਹ ਦਿਨ ਹਰ ਭਾਰਤੀ ਸੂਰਜੀ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਸ ਤਰ੍ਹਾਂ ਸਾਲ ਵਿੱਚ ਬਾਰ੍ਹਾਂ ਸੰਗਰਾਦਾਂ ਹੁੰਦੀਆਂ ਹਨ।  ਹਿੰਦੂ ਧਰਮ ਵਿੱਚ ਸੰਗਰਾਂਦ ਦੇ ਦਿਨ ਦਾ ਬਹੁਤ ਹੀ ਮਹੱਤਵ ਹੈ ਤੇ ਪਵਿੱਤਰ ਦਿਹਾੜਾ ਮੰਨਿਆ ਜਾਂਦਾ ਹੈ। ਸੰਗਰਾਂਦ ਖ਼ਾਸ ਕਰ ਕੇ ਵੈਸਾਖ ਅਤੇ ਮਾਘ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਖ਼ਾਸ ਤੀਰਥਾਂ ਦੇ ਇਸ਼ਨਾਨ ਨੂੰ ਹਿੰਦੂ ਲੋਕ ਬਹੁਤ ਹੀ ਫਲ਼ਦਾਇਕ ਮੰਨਦੇ ਹਨ, ਜਿਸ ਕਾਰਨ ਤੀਰਥਾਂ ਉੱਤੇ ਬਹੁਤ ਵੱਡੇ-ਵੱਡੇ ਮੇਲੇ ਲਗਦੇ ਹਨ।

ਸਿੱਖ ਧਰਮ ਦਾ ਬੇਸ਼ੱਕ ਅਜਿਹੀ ਸੰਗਰਾਂਦ ਨਾਲ ਕੋਈ ਸਬੰਧ ਨਹੀਂ ਹੈ ਪਰ ਫਿਰ ਵੀ ਗੁਰੂ ਸਾਹਿਬਾਨ ਦੇ 4 ਕੁ ਗੁਰ ਪੁਰਬ ਮਨਾਉਣ ਨੂੰ ਛੱਡ ਕੇ ਬਾਕੀ ਦੇ ਸਾਰੇ ਗੁਰ ਪੁਰਬ ਮਨਾਉਣੇ ਤਕਰੀਬਨ ਭੁੱਲ ਹੀ ਚੁੱਕੇ ਹਨ ਪਰ ਸੰਗਰਾਂਦ ਮਨਾਉਣੇ ਕਦੇ ਨਹੀਂ ਭੁੱਲਦੇ ਅਤੇ ਉਸ ਦਿਨ ਸੰਗਰਾਂਦ ਦੀ ਉਕਤ ਲਿਖੀ ਵਿਆਖਿਆ ਨੂੰ ਬੜੇ ਹੀ ਸਟਾਇਲ ਨਾਲ ਮਸਾਲੇਦਾਰ ਸ਼ਬਦਾਵਲੀ ਬਣਾ ਕੇ ਸੁਣਾਇਆ ਜਾਂਦਾ ਹੈ। ਇੱਥੋਂ ਤੱਕ ਕਿ ਜਿਸ ਦਿਨ ਨਾਨਕਸ਼ਾਹੀ ਕੈਲੰਡਰ ਦੇ ਮਹੀਨੇ ਦੇ ਅਰੰਭ ਹੋਣ ਵਾਲਾ ਦਿਨ ਬਿਕਰਮੀ ਕੈਲੰਡਰ ਦੀ ਸੰਗਰਾਂਦ ਤੋਂ ਇੱਕ ਦਿਨ ਅੱਗੇ ਪਿੱਛੇ ਹੋ ਜਾਵੇ ਤਾਂ ਵੀ ਉਹ ਲੋਕ ਰੌਲ਼ਾ ਪਾਉਂਦੇ ਵੇਖੇ ਜਾ ਸਕਦੇ ਹਨ, ਜਿਨ੍ਹਾਂ ਨੂੰ ਸੰਗਰਾਂਦ ਤੋਂ ਬਿਨਾਂ ਦੇਸੀ ਮਹੀਨਿਆਂ ਦੀ ਕਿਸੇ ਇੱਕ ਵੀ ਤਰੀਖ ਦਾ ਕੋਈ ਪਤਾ ਨਹੀਂ ਹੁੰਦਾ ਕਿ ਅੱਜ ਕਿਹੜੀ ਤਰੀਖ ਹੈ। ਸੰਗਰਾਂਦ ਦਾ ਵੀ ਉਨ੍ਹਾਂ ਨੂੰ ਜਾਂ ਤਾਂ ਗੁਰਦੁਆਰੇ ਦੇ ਗ੍ਰੰਥੀ ਦੀ ਅਨਾਊਂਸਮੈਂਟ ਨੂੰ ਸੁਣ ਕੇ ਜਾਂ ਫਿਰ ਗੁਰਦੁਆਰਿਆਂ ਵਿੱਚ ਸੰਗਰਾਂਦਾਂ, ਮੱਸਿਆ ਅਤੇ ਪੂਰਨਮਾਸ਼ੀਆਂ ਦੀ ਸੂਚਨਾ ਦੇਣ ਲਈ ਵਿਸ਼ੇਸ਼ ਤੌਰ ’ਤੇ ਲੱਗੇ ਬੋਰਡਾਂ ਤੋਂ ਪੜ੍ਹ ਕੇ ਹੀ ਪਤਾ ਲੱਗਦਾ ਹੈ ਜਾਂ ਫਿਰ ਜੇ ਕੋਈ ਆਪਣੇ ਆਪ ਨੂੰ ਜ਼ਿਆਦਾ ਗਿਆਤਾ ਸਮਝਦਾ ਹੋਵੇ ਤਾਂ ਉਹ ਪੰਡਿਤ ਦੇਵੀ ਲਾਲ ਸ਼ਰਮਾਂ ਵੱਲੋਂ ਬਣਾਈਆਂ ਜੰਤਰੀਆਂ ਨੂੰ ਪੜ੍ਹ ਕੇ ਵੇਖਦਾ ਹੈ ਕਿ ਸੰਗਰਾਂਦ ਕਿਸ ਦਿਨ ਆਵੇਗੀ। ਇਹ ਗੱਲ ਮੈਂ ਮਨੋਕਲਪਿਤ ਤੌਰ ’ਤੇ ਨਹੀਂ ਬਲਕਿ ਆਪਣੇ ਤਾਜ਼ਾ ਨਿੱਜੀ ਤਜਰਬੇ ਦੇ ਆਧਾਰ ’ਤੇ ਲਿਖ ਰਿਹਾ ਹਾਂ।

ਨਿੱਜੀ ਤਜਰਬਾ ਇਸ ਤਰ੍ਹਾਂ ਹੋਇਆ ਕਿ ਬਠਿੰਡਾ ਸ਼ਹਿਰ ਵਿੱਚ ਅਸੀਂ ਕੁਝ ਸਿੰਘਾਂ ਨੇ ਰਲ਼ ਕੇ ਗੁਰਮਤਿ ਪ੍ਰਚਾਰ ਸਭਾ ਨਾਮ ਦੀ ਜਥੇਬੰਦੀ ਬਣਾਈ ਹੈ ਜਿਸ ਦਾ ਟੀਚਾ ਹੈ ਕਿ ਹਰ ਹਫ਼ਤੇ ਸ਼ਹਿਰ ਦੇ ਬਦਲਵੇਂ ਗੁਰਦੁਆਰਿਆਂ ਵਿੱਚ 2 ਘੰਟੇ ਦਾ ਸਮਾਗਮ ਜਿਸ ਵਿੱਚ ਬਿਨਾਂ ਕਿਸੇ ਭੇਟਾ ਦੇ ਇੱਕ ਘੰਟਾ ਕੀਰਤਨ ਅਤੇ ਇੱਕ ਘੰਟਾ ਗੁਰ ਸ਼ਬਦ ਦੀ ਵੀਚਾਰ ਰਾਹੀਂ ਸੰਗਤਾਂ ਨਾਲ ਸਾਂਝ ਪਾਉਣ ਦੀ ਨਿਮਾਣੀ ਜਿਹੀ ਕੋਸ਼ਸ਼ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਵੀ ਆਪਣੇ ਟੀਚੇ ਵਿੱਚ ਰੱਖਿਆ ਹੈ ਕਿ ਐਤਵਾਰ ਜਾਂ ਐਤਵਾਰ ਤੋਂ ਦੋ ਤਿੰਨ ਦਿਨ ਅੱਗੇ ਪਿੱਛੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਆਉਣ ਵਾਲੇ ਗੁਰ ਪੁਰਬ ਜਾਂ ਹੋਰ ਕੋਈ ਇਤਿਹਾਸਕ ਦਿਹਾੜਾ ਆਵੇ ਤਾਂ ਉਸ ਦਿਨ ਦੇ ਇਤਿਹਾਸ ਸਬੰਧੀ ਕੁਝ ਜਾਣਕਾਰੀ ਸੰਗਤਾਂ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਇਸ ਪ੍ਰੋਗਰਾਮ ਤਹਿਤ 9 ਸਤੰਬਰ ਦਿਨ ਐਤਵਾਰ ਨੂੰ ਇੱਕ ਗੁਰਦੁਆਰੇ ਵਿੱਚ ਹਫ਼ਤਾਵਾਰੀ ਸਮਾਗਮ ਸੀ। ਉਸ ਦਿਨ ਗੁਰਮਤਿ ਪ੍ਰਚਾਰ ਸਭਾ ਵੱਲੋਂ ਅਨਾਊਂਸ ਕੀਤਾ ਗਿਆ ਕਿ ਜਿਨ੍ਹਾਂ ਸੰਗਰਾਂਦਾਂ ਦਾ ਗੁਰਮਤਿ ਵਿੱਚ ਕੋਈ ਸਥਾਨ ਹੀ ਨਹੀਂ, ਉਹ ਤਾਂ ਅਸੀਂ ਹਰ ਮਹੀਨੇ ਬੜੇ ਉਤਸ਼ਾਹ ਨਾਲ ਮਨਾਉਂਦੇ ਹਾਂ ਪਰ ਅਗਲੇ ਐਤਵਾਰ ਮਿਤੀ 16 ਸਤੰਬਰ/ 2 ਅੱਸੂ ਨੂੰ ਤੀਸਰੇ, ਚੌਥੇ ਅਤੇ ਪੰਜਵੇਂ ਪਾਤਸ਼ਾਹ ਨਾਲ ਸਬੰਧਿਤ ਚਾਰ ਗੁਰ ਪੁਰਬ ਦਿਹਾੜੇ ਇਕੱਠੇ ਹੀ ਆ ਰਹੇ ਹਨ ਕਿਉਂਕਿ ਗੁਰੂ ਅਮਰਦਾਸ ਜੀ ਭਾਦੋਂ ਸੁਦੀ ਪੂਰਨਮਾਸ਼ੀ, ੨ ਅੱਸੂ ਬਿਕ੍ਰਮੀ ਸੰਮਤ ੧੫੩੧ (ਨਾਨਕਸ਼ਾਹੀ ਸੰਮਤ ੧੦੬)/ ੦੧ ਸਤੰਬਰ ੧੫੭੪ ਈਸਵੀ ਨੂੰ ਜੋਤੀ ਸਮਾਏ ਅਤੇ ਇਸ ਤੋਂ ਪਹਿਲਾਂ ਉਸੇ ਦਿਨ ਗੁਰੂ ਨਾਨਕ ਦੇ ਚੌਥੇ ਸਰੂਪ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਦੀ ਬਖ਼ਸ਼ਸ਼ ਹੋਈ।  ਠੀਕ 7 ਸਾਲ ਬਾਅਦ ਗੁਰੂ ਰਾਮਦਾਸ ਜੀ ਭਾਦੋਂ ਸੁਦੀ ੦੩, ੨ ਅੱਸੂ ਬਿਕ੍ਰਮੀ ਸੰਮਤ ੧੫੩੮ (ਨਾਨਕਸ਼ਾਹੀ ਸੰਮਤ ੧੧੩)/ ੦੧ ਸਤੰਬਰ ੧੫੮੧ ਈਸਵੀ ਨੂੰ ਜੋਤੀ ਸਮਾਉਣ ਤੋਂ ਪਹਿਲਾਂ ਉਸੇ ਦਿਨ ਗੁਰੂ ਨਾਨਕ ਦੇ ਪੰਜਾਵੇਂ ਸਰੂਪ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਦੀ ਬਖ਼ਸ਼ਸ਼ ਹੋਈ। ਇਸ ਲਈ ਜੇ ਸੰਗਤਾਂ ਅਤੇ ਪ੍ਰਬੰਧਕਾਂ ਦੀ ਆਗਿਆ ਹੋਵੇ ਤਾਂ ਆਓ ਆਪਾਂ ਮਿਲ ਕੇ 2 ਅੱਸੂ ਜੋ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਮੇਸ਼ਾਂ ਹੀ 16 ਸਤੰਬਰ ਨੂੰ ਆਉਂਦਾ ਹੈ ਤੇ ਉਸ ਦਿਨ ਐਤਵਾਰ ਵੀ ਹੈ; ਨੂੰ ਚਾਰ ਗੁਰ ਪੁਰਬਾਂ ਨੂੰ ਸਮਰਪਤ ਸਮਾਗਮ ਮਨਾ ਕੇ ਤਿੰਨ ਗੁਰੂ ਸਾਹਿਬਾਨ ਦੇ ਇਤਿਹਾਸ ਅਤੇ ਉਪਦੇਸ਼ਾਂ ਦੀ ਜਾਣਕਾਰੀ ਪ੍ਰਾਪਤ ਕਰੀਏ।  09 ਸਤੰਬਰ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਧਾਨ, ਗ੍ਰੰਥੀ ਸਮੇਤ ਸੰਗਤ ਵਿੱਚੋਂ ਕਿਸੇ ਵੀਰ/ਭੈਣ ਨੂੰ ਚੇਤਾ ਨਾ ਆਇਆ ਕਿ ਬਿਕਰਮੀ ਕੈਲੰਡਰ ਅਨੁਸਾਰ 16 ਸਤੰਬਰ ਨੂੰ 2 ਅੱਸੂ ਨਹੀਂ ਬਲਕਿ 31 ਭਾਦੋਂ ਹੈ ਇਸ ਲਈ ਪ੍ਰਧਾਨ ਜੀ ਨੇ ਤੁਰੰਤ ਹਾਂ ਕਰ ਦਿੱਤੀ। ਜਿਸ ਸਮੇਂ 16 ਸਤੰਬਰ/ 2 ਅੱਸੂ ਦਿਨ ਐਤਵਾਰ ਨੂੰ ਚਾਰ ਗੁਰ ਪੁਰਬ ਮਨਾਏ ਜਾਣ ਸਬੰਧੀ ਫਲੈਕਸ ਗੁਰਦੁਆਰਾ ਸਾਹਿਬ ਦੇ ਅੱਗੇ ਲੱਗ ਗਈ ਅਤੇ ਸੋਮਵਾਰ ਨੂੰ ਅੱਸੂ ਦੀ ਸੰਗਰਾਂਦ ਮਨਾਏ ਜਾਣ ਦੀ ਸੂਚਨਾ ਵੀ ਸੁਣ ਲਈ ਗਈ ਤਾਂ ਸ਼ਨੀਵਾਰ ਨੂੰ ਉਸੇ ਗੁਰਦੁਆਰੇ ਦੀ ਸੰਗਤ ਵਿੱਚੋਂ ਕੁਝ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਆਪਾਂ ਸੋਮਵਾਰ ਨੂੰ ਸੰਗਰਾਂਦ ਮਨਾ ਰਹੇ ਹਾਂ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਐਤਵਾਰ ਨੂੰ 2 ਅਸੂ ਕਿਵੇਂ ਬਣ ਗਿਆ ? ਪ੍ਰਧਾਨ ਦੇ ਕੁਝ ਸਮਝ ’ਚ ਨਹੀਂ ਆ ਰਿਹਾ ਸੀ ਕਿਉਂਕਿ ਉਨ੍ਹਾਂ ਨੂੰ ਅਸਲੀ ਨਾਨਕਸ਼ਾਹੀ ਕੈਲੰਡਰ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵਿਗਾੜਿਆ ਹੋਇਆ ਕੈਲੰਡਰ ਭਾਵੇਂ ਕਿ ਉਸ ਉੱਪਰ ਵੀ ਨਾਨਕਸ਼ਾਹੀ ਹੀ ਲਿਖਿਆ ਹੋਇਆ ਸੀ ਵਿਖਾਏ ਜਾ ਰਹੇ ਸਨ। ਇੱਕ ਕੈਲੰਡਰ ’ਤੇ 15 ਸਤੰਬਰ ਨੂੰ 1 ਅੱਸੂ ਲਿਖਿਆ ਸੀ ਅਤੇ ਦੂਸਰੇ ’ਤੇ 17 ਸਤੰਬਰ ਨੂੰ ਇੱਕ ਅੱਸੂ ਲਿਖਿਆ ਸੀ ਇਸ ਲਈ ਉਨ੍ਹਾਂ ਗੁਰਦੁਆਰਾ ਸਾਹਿਬ ਅੱਗੇ ਲੱਗੀ ਫਲੈਕਸ ਉੱਪਰ ਲਿਖੇ ਸ਼ਬਦ 2 ਅਸੂ ’ਤੇ ਚੇਪੀ ਲਵਾ ਦਿੱਤੀ।

ਐਤਵਾਰ ਦੇ ਸਮਾਗਮ ਦੀ ਸਮਾਪਤੀ ’ਤੇ ਪ੍ਰਬੰਧਕਾਂ ਸਮੇਤ ਸਮੁੱਚੀ ਸੰਗਤ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਲਗਾ ਕਿ ਅੱਸੂ ਦੀ ਸੰਗਰਾਂਦ 15 ਸਤੰਬਰ ਨੂੰ ਨਹੀਂ ਬਲਕਿ 17 ਸਤੰਬਰ ਨੂੰ ਹੈ ?  ਸ਼੍ਰੋਮਣੀ ਕਮੇਟੀ ਦੇ ਜਿਸ ਕੈਲੰਡਰ ਨੂੰ ਵੇਖ ਕੇ ਤੁਹਾਨੂੰ ਪਤਾ ਲਗਦਾ ਹੈ; ਇਹ ਤਾਂ ਪੰਡਿਤ ਦੇਵੀ ਲਾਲ ਦੀ ਜੰਤਰੀ ਦੀ ਨਕਲ ਕਰ ਕੇ ਬਣਾਇਆ ਹੈ, ਜੋ ਆਪਣੀ ਜੋਤਿਸ਼ ਵਿਦਿਆ ਦੇ ਆਧਾਰ ’ਤੇ ਅੰਦਾਜ਼ੇ ਲਾ ਕੇ ਸੰਗਰਾਂਦਾਂ ਦੇ ਦਿਨ ਨਿਸ਼ਚਿਤ ਕਰਦਾ ਹੈ। ਜੋਤਿਸ਼ ਵਿਦਿਆ ਦੇ ਅਧਾਰ ’ਤੇ ਤਾਂ ਪਿਛਲੇ ਸਾਲ ਇਸੇ ਅੱਸੂ ਦੀ ਸੰਗਰਾਂਦ 16 ਸਤੰਬਰ ਨੂੰ ਸੀ ਤੁਸੀਂ ਦੱਸੋ ਅਗਲੇ ਸਾਲ ਇਸੇ ਅੱਸੂ ਦੀ ਸੰਗਰਾਂਦ ਕਿਸ ਤਰੀਖ ਨੂੰ ਆਵੇਗੀ ?  ਅਗਲੇ ਸਾਲ ਦੀ ਤਾਂ ਗੱਲ ਹੀ ਛੱਡੋ ਇਹੀ ਦੱਸ ਦਿਓ ਕਿ ਅਗਲੇ ਮਹੀਨੇ ਕੱਤਕ ਦੀ ਸੰਗਰਾਂਦ ਕਿਸ ਤਾਰੀਖ ਨੂੰ ਆਵੇਗੀ ?

ਅਗਲਾ ਸੁਆਲ ਪੁੱਛਿਆ ਕਿ ਸੂਰਜ ਦੇ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਨ ਵਾਲੇ ਦਿਨ ਸੰਗਰਾਂਦ ਹੋਣ ਦੀ ਜੋ ਪਰਿਭਾਸ਼ਾ ਗੁਰਦੁਆਰਿਆਂ ਵਿੱਚ ਸੁਣਾਈ ਜਾਂਦੀ ਹੈ; ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਗਰਾਂਦ ਜਾਂ ਸੰਕਰਾਂਤ ਨਾਮ ਦਾ ਜਾਂ ਇਨ੍ਹਾਂ ਦੇ ਸਮਾਨ ਅਰਥਾਂ ਵਾਲਾ ਕੋਈ ਸ਼ਬਦ ਹੀ ਨਹੀਂ ਹੈ। ‘ਰਾਸੀ’ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ੧੨ ਵਾਰ ਆਇਆ ਹੈ ਜਿਨ੍ਹਾਂ ਵਿੱਚੋਂ ੧੦ ਵਾਰੀ ਰਾਸੀ ਦਾ ਅਰਥ ਹੈ ਪੂੰਜੀ ਜਿਵੇਂ ਕਿ:- ‘‘ਵਿਣੁ ਰਾਸੀ ਵਾਪਾਰੀਆ;  ਤਕੇ ਕੁੰਡਾ ਚਾਰਿ ॥’’ (ਮ: ੧/੫੬)  ਭਾਵ ਪੂੰਜੀ ਤੋਂ ਬਿਨਾ ਵਪਾਰੀ (ਨਫ਼ੇ ਵਾਸਤੇ ਵਿਅਰਥ ਹੀ) ਚੌਹੀਂ ਪਾਸੀਂ ਤੱਕਦਾ ਹੈ। (ਨੋਟ: ਪੂੰਜੀ ਦੇ ਅਰਥਾਂ ਵਿੱਚ ਆਉਣ ਵਾਲੇ ਸ਼ਬਦ ‘ਰਾਸੀ’ ਦਾ ਸਹੀ ਉਚਾਰਨ ਹੈ=ਰਾਸ਼ੀ) ਅਤੇ ਦੋ ਵਾਰ ਰਾਸੀ ਦਾ ਅਰਥ ਹੈ ਰਾਸ ਆ ਜਾਣਾ ਜਾਂ ਮੁਆਫ਼ਕ (ਅਨੁਕੂਲ) ਹੋਣਾ ਜਿਵੇਂ ਕਿ:- ‘‘ਦੂਖ ਪਾਪ ਕਾ ਡੇਰਾ ਢਾਠਾ;   ਕਾਰਜੁ ਆਇਆ ਰਾਸੀ ਰਾਮ ॥’’ (ਮ: ੫/੭੮੧) ਭਾਵ  (ਜਦ ਮਨੁੱਖ ਅੰਦਰੋਂ) ਦੁੱਖਾਂ ਦਾ ਅਤੇ ਵਿਕਾਰਾਂ ਦਾ ਟਿਕਾਣਾ ਹੀ ਹਟ ਗਿਆ, ਉਸ ਮਨੁੱਖ ਦਾ ਜੀਵਨ-ਮਨੋਰਥ ਸਫਲ ਹੋ ਗਿਆ ਭਾਵ ਰਾਸ ਆ ਗਿਆ। (ਨੋਟ: ‘ਰਾਸ ਆਉਣਾ’ ਸ਼ਬਦਾਰਥਾਂ ’ਚ ‘ਰਾਸੀ’ ਦਾ ਉਚਾਰਨ ‘ਸ’ ਬਿਨਾਂ ਪੈਰ ਬਿੰਦੀ ਹੈ=ਰਾਸੀ ਹੋਏਗਾ। ਇੱਥੇ ਇਸ ਦਾ ‘ਰਾਸ਼ੀ’ ਪਾਠ ਕਰਨਾ ਗ਼ਲਤ ਹੈ।)

ਜਿਸ ਸੰਗਰਾਂਦ ਅਤੇ ਰਾਸ਼ੀ ਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ਜ਼ਿਕਰ ਹੀ ਨਹੀਂ ਹੈ ਉਸ ਸੰਗਰਾਂਦ ਨੂੰ ਸਿੱਖ ਜਗਤ ਵਿੱਚ ਹਿੰਦੂਆਂ ਵਾਙ ਇੰਨਾ ਪਵਿੱਤਰ ਦਿਹਾੜਾ ਕਿਵੇਂ ਮੰਨਿਆ ਜਾਣ ਲੱਗ ਪਿਆ ਅਤੇ ਸੰਗਰਾਂਦ ਦੇ ਇੱਕ ਦੋ ਦਿਨ ਅੱਗੇ ਪਿੱਛੇ ਆ ਜਾਣ ਕਾਰਨ ਸਿੱਖਾਂ ’ਚ ਦੁਬਿਧਾ ਕਿਉਂ ਪੈਦਾ ਹੋ ਜਾਂਦੀ ਹੈ ਜਦੋਂ ਕਿ ਗੁਰਬਾਣੀ ਦੇ ਵਚਨ ਹਨ:

(੧).  ਹੇ ਮੇਰੇ ਵੀਰ !  ਸਿਰਫ਼ ਉਹੀ ਦਿਨ (ਮਨੁੱਖ ਵਾਸਤੇ) ਸੁਲੱਖਣਾ ਹੁੰਦਾ ਹੈ ਜਦੋਂ ਉਹ ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਹੈ, ‘‘ਸੋਈ ਦਿਵਸੁ ਭਲਾ ਮੇਰੇ ਭਾਈ ! ॥ ਹਰਿ ਗੁਨ ਗਾਇ, ਪਰਮ ਗਤਿ ਪਾਈ ॥’’  (ਮ: ੫/ ੩੯੫)

(੨).  ਹੇ ਨਾਨਕ  ! ਉਹੀ ਦਿਨ ਚੰਗਾ ਸੋਹਣਾ ਹੈ, ਜਿਸ ਦਿਨ ਪਰਮਾਤਮਾ ਮਨ ਵਿੱਚ ਵਸੇ, ਜਿਸ ਦਿਨ ਰੱਬੀ ਯਾਦ ਭੁੱਲ ਜਾਏ, ਉਹ ਸਮਾਂ ਮੰਦਭਾਗਾ ਜਾਣੋ, ਫਿਟਕਾਰਯੋਗ ਹੈ, ‘‘ਨਾਨਕ  ! ਸੋਈ ਦਿਨਸੁ ਸੁਹਾਵੜਾ ;  ਜਿਤੁ, ਪ੍ਰਭੁ ਆਵੈ ਚਿਤਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ;  ਫਿਟੁ ਭਲੇਰੀ ਰੁਤਿ ॥’’ (ਮ: ੫/੩੧੮)

(੩).  (ਪੰਡਿਤ) ਜੋਤਿਸ਼ (ਦੇ ਹਿਸਾਬ ਚੰਗੇ ਮਾੜੇ ਦਿਨਾਂ ਦੇ ਲੇਖੇ) ਬਣਾ-ਬਣਾ ਕੇ (ਕਿਸੇ ਜਜਮਾਨ ਦੇ ਬੱਚੇ ਦੀ) ਜਨਮ ਪੱਤ੍ਰੀ ਬਣਾਉਂਦਾ ਹੈ, (ਪੰਡਿਤ ਜੋਤਿਸ਼ ਵਿਦਿਆ ਆਪ) ਪੜ੍ਹਦਾ ਹੈ ਤੇ (ਆਪਣੇ ਜਜਮਾਨ ਨੂੰ) ਸੁਣਾਂਦਾ ਹੈ ਪਰ ਸਚਾਈ ਨੂੰ ਨਹੀਂ ਪਛਾਣਦਾ। (ਸ਼ੁਭ-ਅਸ਼ੁੱਭ ਦੀਆਂ) ਸਭ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਏ। ਮੈਂ (ਗੁਰੂ ਉਪਦੇਸ਼ ਦੇ ਮੁਕਾਬਲੇ ਕਿਸੇ) ਹੋਰ ਸ਼ੱਕ-ਸੰਦੇਹ ਦੀ ਪਰਵਾਹ ਨਹੀਂ ਕਰਦਾ, ਜੋ ਕਿ ਵਿਅਰਥ ਹੀ ਹਨ, ‘‘ਗਣਿ ਗਣਿ ਜੋਤਕੁ, ਕਾਂਡੀ ਕੀਨੀ ॥ ਪੜੈ, ਸੁਣਾਵੈ ; ਤਤੁ ਨ ਚੀਨੀ ॥ ਸਭਸੈ ਊਪਰਿ ; ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ ; ਸਗਲੀ ਛਾਰੁ ॥’’ (ਮ: ੧/੯੦੪)

ਉਕਤ ਗੁਰਮਤਿ ਸੰਦੇਸ਼ ਮੌਜੂਦ ਹੋਣ ਦੇ ਬਾਵਜੂਦ ਫਿਰ ਕੀ ਕਾਰਨ ਹੈ ਕਿ ਸੰਗਰਾਂਦ ਦੇ ਦਿਹਾੜੇ ਨੂੰ ਅਸੀਂ ਪਵਿੱਤਰ ਜਾਣ ਕੇ ਆਪਸ ਵਿੱਚ ਉਲਝ ਜਾਂਦੇ ਹਾਂ ਅਤੇ ਗੁਰ ਪੁਰਬਾਂ ਨੂੰ ਸਹੀ ਤਿੱਥਾਂ ਮੁਤਾਬਕ ਮਨਾਉਣ ’ਚ ਪਿਛੇ ਰਹਿ ਜਾਂਦੇ ਹਾਂ ? ਇਹ ਹਰ ਗੁਰਸਿੱਖ ਨੂੰ ਵਿਚਾਰਨਾ ਜ਼ਰੂਰੀ ਹੈ।

ਸੰਗਤ ਨੂੰ ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਗੁਰ ਪੁਰਬਾਂ ਦੀ ਤਰੀਖਾਂ ਸੰਨ ੧੭੭੪ ਵਿੱਚ ਵੀ ੧ ਸਤੰਬਰ/ ੨ ਅੱਸੂ ਸੀ ੧੭੮੧ ਵਿੱਚ ਵੀ ੧ ਸਤੰਬਰ/ ੨ ਅੱਸੂ ਸੀ ਪਰ ਬਿਕ੍ਰਮੀ ਕੈਲੰਡਰ ਦੇ ਗਣਿਤ ਮੁਤਾਬਕ ਅੱਜ ਉਹੀ ੨ ਅੱਸੂ ੧੭ ਜਾਂ ੧੮ ਸਤੰਬਰ ਨੂੰ ਆ ਰਿਹਾ ਹੈ ਅਤੇ ਆਉਣ ਵਾਲੇ ੧੦੦੦ ਸਾਲ ਪਿੱਛੋਂ ਕਿੱਥੇ ਜਾਵੇਗਾ, ਕੀ ਇਸ ਦਾ ਕਦੇ ਅਸੀਂ ਅੰਦਾਜ਼ਾ ਲਾਵਾਂਗੇ ? ਪਰ ਅਗਰ ਇਸ ਦੀ ਬਜਾਇ ਮੂਲ ਨਾਨਕਸ਼ਾਹੀ ਕੈਲੰਡਰ ਅਪਣਾਅ ਲਿਆ ਜਾਵੇ ਤਾਂ ੨ ਅੱਸੂ ਹਮੇਸ਼ਾਂ ਲਈ ਹੀ ੧੬ ਸਤੰਬਰ ਨੂੰ ਆਉਂਦਾ ਰਹੇਗਾ ਤਾਂ ਇਸ ਵਿੱਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ ?

ਸੰਗਤਾਂ ਦੇ ਅਜਿਹੇ ਸਵਾਲ ਕਿ ਫਿਰ ਸ਼੍ਰੋਮਣੀ ਕਮੇਟੀ ਇਸ ਤਰ੍ਹਾਂ ਕਿਉਂ ਨਹੀਂ ਕਰਦੀ ? ਇਸ ਦਾ ਸਹੀ ਜਵਾਬ ਤਾਂ ਸ਼੍ਰੋਮਣੀ ਕਮੇਟੀ ਹੀ ਦੇ ਸਕਦੀ ਹੈ, ਜੋ ਪੰਡਿਤ ਵੱਲੋਂ ‘ਜਨਮ ਪੱਤਰੀ’ ਲਈ ਲਾਏ ਜਾਂਦੇ ਗਣਿਤ ਵਾਙ ਵੋਟਾਂ ਦੀ ਗਿਣਤੀ ਮਿਣਤੀ ਕਰਦੇ ਰਹਿੰਦੇ ਹਨ ਕਿ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਨਾਲ ਸਿੱਖਾਂ ਦੀਆਂ ਕਿੰਨੀਆਂ ਵੋਟਾਂ ਮਿਲਣਗੀਆਂ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰ ਕੇ ਬਿਕ੍ਰਮੀ ਕੈਲੰਡਰ ਨੂੰ ਲਾਗੂ ਕਰਵਾਉਣ ਦੇ ਹਮਾਇਤੀ ਡੇਰਾਵਾਦੀ ਸਿੱਖਾਂ ਦੀਆਂ ਕਿਤਨੀਆਂ ਵੋਟਾਂ ਹਨ, ਜੋ ਉਨ੍ਹਾਂ ਨੂੰ ਭੁਗਤਣਗੀਆਂ। 

ਵੋਟ ਸ਼ਕਤੀ ਦੇ ਅਜਿਹੇ ਗਣਿਤ ਤੋਂ ਵੱਧ ਹਰ ਸਿੱਖ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਰੋਮ ਚਰਚ ਵਾਲਿਆਂ ਨੇ ੧੫੮੨ ਵਿੱਚ ੧੦ ਦਿਨਾਂ ਦੀ ਸੋਧ ਇਸ ਲਈ ਕੀਤੀ ਸੀ ਕਿਉਂਕਿ ਉਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਸੰਨ ੩੨੫ ਈ: ’ਚ ਜੋ ਦਿਨ ਰਾਤ ੨੧ ਮਾਰਚ ਨੂੰ ਬਰਾਬਰ ਸੀ, ਹੁਣ ਉਹ ੧੧ ਮਾਰਚ ਨੂੰ ਬਰਾਬਰ ਹੋਣ ਲੱਗ ਪਿਆ, ਇਸ ਦਾ ਕਾਰਨ ਉਨ੍ਹਾਂ ਦੇ ਸਾਲ ਦੀ ਲੰਬਾਈ, ਰੁੱਤੀ ਸਾਲ ਨਾਲੋਂ ੧੧ ਕੁ ਮਿੰਟ ਵੱਧ ਸੀ। ਇਸ ਨੂੰ ਬਰਾਬਰ ਕਰਨ ਲਈ ਉਨ੍ਹਾਂ ਨੇ 4 ਅਕਤੂਬਰ 1582/ਦਿਨ ਵੀਰਵਾਰ ਤੋਂ ਅਗਲਾ ਦਿਨ ਸ਼ੁੱਕਰਵਾਰ 15 ਅਕਤੂਬਰ ਕਰ ਲਿਆ ਭਾਵ ਵੀਰਵਾਰ, ਸ਼ੁਕਰਵਾਰ ਲੜੀਵਾਰ ਦਰੁਸਤ ਰੱਖਣ ਲਈ ਜਾਂ ਸਹੀ ਮੰਨ ਕੇ ਤਰੀਖ ਸੰਖਿਆ ’ਚ 4 ਤੋਂ ਬਾਅਦ 15 ਤਾਰੀਖ ਕਰ ਦਿੱਤੀ, ਜਿਸ ਵਿੱਚੋਂ ਤਾਰੀਖ 5, 6, 7, 8, 9, 10, 11, 12, 13, 14 (ਭਾਵ 10 ਦਿਨਾਂ) ਨੂੰ ਸਮਾਪਤ ਕਰ ਦਿੱਤਾ।  ਅੱਗੇ ਤੋਂ ਇਹ ਫ਼ਰਕ ਨਾ ਪਵੇ ਇਸ ਲਈ ਆਪਣੇ ਪਹਿਲੇ ਮਿੱਥੇ ਗਏ ਸਾਲ ਦੀ ਲੰਬਾਈ ੩੬੫.੨੫ ਦਿਨਾਂ ਤੋਂ ਘਟਾ ਕੇ ੩੬੫.੨੪੨੫ ਦਿਨ ਵੀ ਕਰ ਦਿੱਤੀ, ਜੋ ਕਿ ਮੌਸਮੀ ਸਾਲ ਦੀ ਕੁੱਲ ਲੰਬਾਈ ੩੬੫.੨੪੨੨ ਦੇ ਬਹੁਤ ਹੀ ਨੇੜੇ ਆ ਗਈ ਭਾਵ ਕੇਵਲ ੨੬ ਕੁ ਸੈਕੰਡ ਦਾ ਅੰਤਰ ਰਹਿ ਗਿਆ।

ਉਕਤ ਸੋਧ ਨਾਲ ਜਿੱਥੇ ਪਹਿਲਾਂ 128 ਸਾਲਾਂ ’ਚ ਇੱਕ ਦਿਨ ਦਾ ਫ਼ਰਕ ਪੈਂਦਾ ਸੀ ਉੱਥੇ ਹੁਣ 3300 ਸਾਲ ’ਚ ਮਾਤਰ ਇੱਕ ਦਿਨ ਦਾ ਅੰਤਰ ਰਹੇਗਾ।  ਸੰਸਾਰ ਵਿੱਚ ਹੋਈਆਂ ਅਜਿਹੀਆਂ ਖੋਜਾਂ ਤੇ ਉਪਲਬਧੀਆਂ ਉਪਰੰਤ ਇਹ ਸੁਆਲ ਪੈਦਾ ਹੋਣਾ ਸੁਭਾਵਕ ਹੈ ਕਿ ਜਿਨ੍ਹਾਂ ਦੇ ਸਾਲ ਦਾ ਮੌਸਮੀ ਸਾਲ ਨਾਲੋਂ 11 ਕੁ ਮਿੰਟ ਦਾ ਫ਼ਰਕ ਸੀ ਉਨ੍ਹਾਂ ਨੂੰ ਤਾਂ 1582 ਵਿੱਚ ਹੀ ਆਈ ਸਮਝ ਕਾਰਨ ਇਸ ਦਾ ਬਦਲ (ਹੱਲ) ਲੱਭ ਲਿਆ ਪਰ ਜਿਨ੍ਹਾਂ ਦੇ ਕੈਲੰਡਰ ਵਿੱਚ 1964 ਤੱਕ 24 ਮਿੰਟ ਦਾ ਅੰਤਰ ਰਿਹਾ ਹੋਵੇ ਅਤੇ ਇਸ ਤੋਂ ਬਾਅਦ ਵੀ ਸੰਨ 1964 ਵਿੱਚ ਹਿੰਦੂ ਪੰਡਿਤਾਂ (ਵਿਦਵਾਨਾਂ) ਵੱਲੋਂ ਕੀਤੀ ਗਈ ਸੋਧ ਉਪਰੰਤ ਵੀ ਅੱਜ ਲਗਭਗ 20 ਮਿੰਟ ਦਾ ਫ਼ਰਕ ਦਿਸ ਰਿਹਾ ਹੋਵੇ ਉਨ੍ਹਾਂ ਨੂੰ ਪੰਜ ਸਦੀਆਂ (1582-2018) ਬੀਤ ਜਾਣ ਤੋਂ ਬਾਅਦ ਵੀ ਇਸ ਗੱਲ ਦੀ ਸਮਝ ਕਿਉਂ ਨਹੀਂ ਆ ਰਹੀ ? ਕੈਲੰਡਰ ਬੋਧ ਨਾਲ਼ ਰੁਚੀ ਰੱਖਣ ਵਾਲ਼ੇ ਸਿੱਖਾਂ ਦੀ ਜਾਣਕਾਰੀ ਲਈ ਇਹ ਸਮਝਣਾ ਵੀ ਬੜਾ ਜ਼ਰੂਰੀ ਹੈ:

1469 ਈ: ਵਿੱਚ ਸਭ ਤੋਂ ਵੱਡਾ ਦਿਨ 16 ਹਾੜ ਸੀ।

1699 ਈ: ਵਿੱਚ ਸਭ ਤੋਂ ਵੱਡਾ ਦਿਨ 13 ਹਾੜ ਸੀ।

1999 ਈ: ਵਿੱਚ ਸਭ ਤੋਂ ਵੱਡਾ ਦਿਨ 7 ਹਾੜ ਸੀ ਭਾਵ 530 (1469-1999) ਸਾਲਾਂ ਵਿੱਚ ਹੀ ਅਸੀਂ ਮੌਸਮੀ ਸਾਲ ਨਾਲੋਂ 9 ਦਿਨਾਂ ਦਾ ਫ਼ਰਕ ਪਾ ਬੈਠੇ ਜਦ ਕਿ ਇਸਾਈਆਂ ਦੁਆਰਾ ਸੁਧਾਈ ਕੀਤੇ ਗਏ ਕੈਲੰਡਰ ਸੰਨ 1582-325=1257 ਸਾਲਾਂ ਉਪਰੰਤ ਮਾਤਰ 10 ਦਿਨਾਂ ਦਾ ਹੀ ਫਰਕ ਪਿਆ ਸੀ। ਇਸ ਤੋਂ ਵੀ ਵਧ ਕੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਵਿਦਵਾਨਾਂ ਦੀ ਖੋਜ ਨੇ ਤਾਂ ਸਭ ਤੋਂ ਵੱਡਾ ਦਿਨ ਹਮੇਸ਼ਾਂ ਲਈ ਹੀ 7 ਹਾੜ/21 ਜੂਨ ਨਿਸ਼ਚਿਤ ਕਰ ਦਿੱਤਾ, ਇਸ ਦੇ ਬਾਵਜੂਦ ਅਗਰ ਅਸੀਂ ਗਿਆਨ ਗੁਰੂ ਦੇ ਅਨੁਯਾਈ ਅਖਵਾਉਂਦੇ ਹੋਏ ਵੀ ਇਸ ਖੋਜ ਦੀ ਹਮਾਇਤ ਕਰਨ ਦੀ ਬਜਾਇ ਵੋਟ ਗਣਿਤ ਰੱਖਣ ਵਾਲ਼ਿਆਂ ਨੂੰ ਅੱਗੇ ਕਰ ਕੇ ਹਰ ਪੰਥਕ ਸਮੱਸਿਆ ਵੇਖਣਾ ਜਾਰੀ ਰੱਖਿਆ ਹੈ ਤਾਂ ਇਸ ਸੋਚ ਬਾਰੇ ਸਮਝਦਾਰ ਬੰਦਾ ਕੀ ਅਨੁਮਾਨ ਲਗਾ ਸਕਦਾ ਹੈ ?

ਇਹ ਵੀ ਧਿਆਨ ਮੰਗਦਾ ਹੈ ਕਿ ਹਿੰਦੂ ਪੰਡਿਤਾਂ ਵੱਲੋਂ 1964 ’ਚ ਕੀਤੀ ਗਈ ਸੋਧ ਨੂੰ ਅਸੀਂ ਪ੍ਰਵਾਨ ਵੀ ਕਰ ਲਿਆ ਭਾਵ ਅਸੀਂ ਤਬਦੀਲੀ ਕਰਨ ਦੀ ਹਮਾਇਤ ਵਿੱਚ ਵੀ ਹਾਂ ਪਰ ਗ਼ੈਰ ਸਿੱਖਾਂ ਦੀ ਸਲਾਹ ਨਾਲ਼, ਨਾ ਕਿ ਆਪਣਿਆਂ ਦੁਆਰਾ ਕੀਤੀ ਗਈ ਅਣਥੱਕ ਘਾਲਣਾ ਉਪਰੰਤ। ਵਾਹ ਸਿੱਖਾ ! ਵਾਹ !

ਗੁਰਬਾਣੀ ਵਿੱਚ ਕਿਰਿਆਵਾਚੀ ਸ਼ਬਦਾਂ ਦਾ ਉਚਾਰਨ (ਭਾਗ ੧੪)

0

ਗੁਰਬਾਣੀ ਵਿੱਚ ਕਿਰਿਆਵਾਚੀ ਸ਼ਬਦਾਂ ਦਾ ਉਚਾਰਨ (ਭਾਗ ੧੪)

ਕਿਰਪਾਲ ਸਿੰਘ (ਬਠਿੰਡਾ)- ੯੮੫੫੪-੮੦੭੯੭

ਪਹਿਲਾ ਪੁਰਖ ਇੱਕ ਵਚਨ ਕਿਰਿਆਵਾਚੀ ਸ਼ਬਦ

ਗੁਰਬਾਣੀ ਲਿਖਤ ’ਚ ਇਹ ਨਿਯਮ ਵੀ ਸ਼ਾਮਲ ਹੈ ਕਿ ਜਦ ਕੋਈ ਕਿਰਿਆਵਾਚੀ ਸ਼ਬਦ ਪਹਿਲਾ (ਉੱਤਮ) ਪੁਰਖ ਇੱਕ ਵਚਨ ਹੋਵੇ ਤਾਂ ਕੁਝ ਕੁ ਜਗ੍ਹਾ ’ਤੇ ਉਹ ਬਿੰਦੀ ਸਮੇਤ ਅੰਤ ਕੰਨਾ ਜਾਂ ਬਿੰਦੀ ਸਮੇਤ ਅੰਤ ਬਿਹਾਰੀ ਲਿਖੇ ਹੋਏ ਹੁੰਦੇ ਹਨ ਜਦਕਿ ਕਈ ਥਾਈਂ ਉਹੀ ਸ਼ਬਦ ਬਿਨਾਂ ਬਿੰਦੀ ਆ ਜਾਂਦੇ ਹਨ ਭਾਵੇਂ ਕਿ ਉਨ੍ਹਾਂ ਦੇ ਸ਼ਬਦਾਰਥ ਅਤੇ ਭਾਵਾਰਥ ਇੱਕ ਸਮਾਨ ਹੀ ਹਨ। ਵਿਚਾਰ ਅਧੀਨ ਇਹੀ ਵਿਸ਼ਾ ਹੈ ਕਿ ਸੰਖੇਪ ’ਚ ਦਰਜ ਕੀਤੇ ਗਏ ਬਿੰਦੀ ਸਮੇਤ ਇੱਕ ਵਚਨ ਉੱਤਮ ਪੁਰਖ ਕਿਰਿਆਵਾਚੀ ਸ਼ਬਦਾਂ ਤੋਂ ਸੇਧ ਲੈ ਕੇ ਬਿਨਾਂ ਬਿੰਦੀ ਵਾਲੇ ਉੱਤਮ ਪੁਰਖ ਇੱਕ ਵਚਨ ਕਿਰਿਆਵਾਚੀ ਸ਼ਬਦਾਂ ਨੂੰ ਵੀ ਬਿੰਦੀ ਸਹਿਤ ਉਚਾਰਨਾ ਦਰੁਸਤ ਮੰਨਿਆ ਗਿਆ ਹੈ; ਜਿਵੇਂ ਕਿ ਜਾਵਾ-ਜਾਵਾਂ,  ਪਵਾ-ਪਵਾਂ,  ਪੀਵਾ-ਪੀਵਾਂ,  ਜੀਵਾ-ਜੀਵਾਂ,  ਪੂਛਾ-ਪੂਛਾਂ, ਗਾਵਾ-ਗਾਵਾਂ, ਕਰੀ-ਕਰੀਂ ਆਦਿਕ, ਜੋ ਕਿ ਇਸ ਤਰ੍ਹਾਂ ਹੈ:

੯.  ਸਦਾ, ਸਚੇ ਕੇ ਗੁਣ ਗਾਵਾਂ, ਭਾਈ  !  ਸਦਾ, ਸਚੇ ਕੈ ਸੰਗਿ ਰਹਾਉ ॥ (ਮ: ੩/੧੪੧੯)  ਹੇ ਭਾਈ ! ਮੈਂ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਹੀ ਗਾਂਦਾ ਹਾਂ ਅਤੇ ਉਸ (ਸਦਾ ਸਥਿਰ) ਦੇ ਚਰਨਾਂ ਵਿੱਚ ਹੀ ਟਿਕਿਆ ਰਹਿੰਦਾ ਹਾਂ।

੧੦. ਅਨਦਿਨੁ ਗੁਣ ‘ਗਾਵਾ’ (ਗਾਵਾਂ) ਪ੍ਰਭ  ! ਤੇਰੇ ॥ ਤੁਧੁ ਸਾਲਾਹੀ (ਸਾਲਾਹੀਂ) ਪ੍ਰੀਤਮ ਮੇਰੇ  ! ॥ ਤੁਧੁ ਬਿਨੁ, ਅਵਰੁ ਨ ਕੋਈ ਜਾਚਾ (ਜਾਚਾਂ) ; ਗੁਰ ਪਰਸਾਦੀ ਤੂੰ ਪਾਵਣਿਆ ॥ (ਮ: ੪/੧੩੦)  ਅਰਥ:- ਹੇ ਪ੍ਰਭੂ ! ਹੇ ਮੇਰੇ ਪ੍ਰੀਤਮ ! ਗੁਰੂ ਦੀ ਕਿਰਪਾ ਨਾਲ ਹੀ ਤੇਰਾ ਮਿਲਾਪ ਸੰਭਵ ਹੈ (ਇਸ ਲਈ ਮੇਰੇ ਉੱਤੇ ਮਿਹਰ ਕਰ ਤਾਂ ਜੋ) ਮੈਂ ਤੈਥੋਂ ਬਿਨਾਂ ਕਿਸੇ ਹੋਰ ਪਾਸੋਂ ਕੁਝ ਨਾ ਮੰਗਾਂ। ਹਰ ਰੋਜ਼ (ਹਰ ਵੇਲੇ) ਤੇਰੇ ਗੁਣ ਗਾਉਂਦਾ ਰਹਾਂ।, ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਰਹਾਂ।

(ਨੋਟ : ਧਿਆਨ ਰਹੇ ਕਿ ਉਕਤ ਪਾਵਨ ਪੰਕਤੀਆਂ ’ਚ ਕੇਵਲ ਉੱਤਮ ਪੁਰਖ ਇੱਕ ਵਚਨ ਕਿਰਿਆਵਾਚੀ ਸ਼ਬਦਾਂ ਦੇ ਅੰਤਮ ਕੰਨੇ ਜਾਂ ਅੰਤਮ ਬਿਹਾਰੀ ਨਾਲ ਹੀ ਬਿੰਦੀ ਦਾ ਉਚਾਰਨ ਹੁੰਦਾ ਹੈ, ਨਾ ਕਿ ਹਰ ਸ਼ਬਦ ਦੇ ਮਗਰਲੇ ਅੱਖਰ ਨੂੰ ਲੱਗੇ ਕੰਨੇ ਜਾਂ ਬਿਹਾਰੀ ਨੂੰ ਬਿੰਦੀ ਲਗਾਉਣੀ ਹੈ।  ਮਿਸਾਲ ਵਜੋਂ ਦੋ ਤੁਕਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਸ਼ਾਮਲ ‘ਰਾਮਦਾਸਾ, ਓਪਾਵਾ, ਦਿਖਾਵਾ’, ਨਾਂਵ ਸ਼ਬਦ ਅਤੇ ‘ਗਾਵਾ ‘ਆਵਾ, ਰਹਾਵਾ’ ਅਨ ਪੁਰਖ ਕਿਰਿਆਵਾਚੀ ਸ਼ਬਦ ਹੋਣ ਕਾਰਨ ਲਈ ਬਿਨਾਂ ਬਿੰਦੀ ਉਚਾਰਨੇ ਦਰੁਸਤ ਹਨ, ਇਨ੍ਹਾਂ ਦੇ ਅਰਥ ਹਨ: ਨਹੀ ਗਾਵਾ= ਨਹੀਂ ਗਾਇਆ ਹੈ।, ਆਵਾ = ਆਉਂਦੇ ਹਨ/ਵਰਤੇ ਜਾਂਦੇ ਹਨ।, ਨ ਰਹਾਵਾ = ਨਹੀਂ ਰਹਿੰਦਾ/ਹਸਤੀ ਮਿਟ ਜਾਂਦੀ ਹੈ।

(ੳ) . ਘੂੰਘਰ ਬਾਧਿ, ਭਏ ‘ਰਾਮਦਾਸਾ’ ; ਰੋਟੀਅਨ ਕੇ ‘ਓਪਾਵਾ’ ॥ ਬਰਤ ਨੇਮ ਕਰਮ ਖਟ ਕੀਨੇ ; ਬਾਹਰਿ, ਭੇਖ ਦਿਖਾਵਾ ॥ ਗੀਤ ਨਾਦ ਮੁਖਿ ਰਾਗ ਅਲਾਪੇ ; ਮਨਿ ਨਹੀ ਹਰਿ ਹਰਿ ‘ਗਾਵਾ’ ॥ (ਮ: ੫/ ੧੦੦੩) ਅਰਥ: ਕਈ (ਪੈਰਾਂ ਨਾਲ) ਘੁੰਘਰੂ ਬੰਨ੍ਹ ਕੇ ਰਾਸਧਾਰੀਏ ਬਣੇ ਹੋਏ ਹਨ, ਕਈ ਵਰਤ ਨੇਮ ਤੇ ਛੇ (ਮਿਥੇ ਹੋਏ ਧਾਰਮਿਕ) ਕਰਮ (ਵਿਦਿਆ ਸਿੱਖਣੀ ਤੇ ਸਿਖਾਉਣੀ, ਦਾਨ ਲੈਣਾ ਤੇ ਫਲ਼ ਦੇਣਾ, ਜੱਗ ਕਰਨਾ ਤੇ ਕਰਾਉਣ ਲਈ ਉਕਸਾਉਣਾ) ਕਰਦੇ ਹਨ, ਕਈ ਮੂੰਹੋਂ ਤਾਂ (ਭਜਨ) ਗੀਤ ਰਾਗ ਅਲਾਪਦੇ ਹਨ (ਪਰ ਅੰਦਰੋਂ) ਮਨ ਤੋਂ ਕਦੇ ਰੱਬੀ ਸਿਫ਼ਤ ਨਹੀਂ ਕੀਤੀ, (ਇਸ ਲਈ ਇਹ) ਸਭ ਬਾਹਰਲਾ ਧਾਰਮਿਕ ਲਿਬਾਸ-ਵਿਖਾਵਾ ਹੀ ਹੈ ਜੋ ਕਿ ਰੋਟੀਆਂ ਮੰਗਣ ਦੇ ਢੰਗ ਹਨ।

(ਅ).  ਜਹਾ ਬੋਲ, ਤਹ ਅਛਰ ‘ਆਵਾ’ ॥ ਜਹ ਅਬੋਲ, ਤਹ ਮਨੁ ਨ ‘ਰਹਾਵਾ’ ॥ ਬੋਲ ਅਬੋਲ ਮਧਿ ਹੈ ਸੋਈ ॥ ਜਸ ਓਹੁ ਹੈ, ਤਸ ਲਖੈ ਨ ਕੋਈ ॥ (ਭਗਤ ਕਬੀਰ ਜੀਉ/੩੪੦) ਅਰਥ:- ਜਿੱਥੇ ਬੋਲਿਆ ਜਾ ਸਕਦਾ ਹੋਵੇ, ਓਥੇ ਹੀ ਅੱਖਰ ਵਰਤੇ ਜਾਂਦੇ ਹਨ, ਪਰ ਜਿੱਥੇ ਬਿਆਨ ਰਹਿਤ (ਰੱਬ ਦਾ ਜ਼ਿਕਰ) ਹੋਵੇ ਓਥੇ ਮਨੁੱਖਾ ਮਨ ਕੁਝ ਨਹੀਂ ਬੋਲ ਸਕਦਾ ਭਾਵ ਮਨ ਬੋਲਣ ਤੋਂ ਅਸਮਰੱਥ ਹੁੰਦਾ ਹੈ ਭਾਵੇਂ ਕਿ ਬੋਲਣਯੋਗ (ਭਾਵ ਕੁਦਰਤ) ਤੇ ਬਿਆਨ ਰਹਿਤ (ਭਾਵ ਨਿਰਾਕਾਰ) ਵਿੱਚ ਓਹੀ ਮਾਲਕ ਵਿਆਪਕ ਹੈ, ਫਿਰ ਵੀ ਜੈਸਾ ਉਹ ਹੈ, ਵੈਸਾ ਹੋਰ ਬਿਆਨਿਆ ਨਹੀਂ ਜਾ ਸਕਦਾ ਭਾਵ ਉਸ ਦੀ ਮਿਸਾਲ ਦੇਣੀ ਅਸੰਭਵ ਹੈ।)

੧੧. ਕਰਿ ਕਿਰਪਾ, ਪ੍ਰਤਿਪਾਲਣ ਲਾਗਾ; ‘ਕਰਂੀ’ ਤੇਰਾ ਕਰਾਇਆ ॥ (ਮ: ੫/੬੨੬) ਅਰਥ:- ਮਿਹਰ ਕਰ ਕੇ ਤੂੰ ਆਪ ਹੀ ਮੇਰੀ ਪਾਲਣਾ ਕਰ ਰਿਹਾ ਹੈਂ। ਹੇ ਪ੍ਰਭੂ ! ਮੈਂ ਉਹੀ ਕੁਝ ਕਰਦਾ ਹਾਂ, ਜੋ ਤੂੰ ਮੈਥੋਂ ਕਰਾਉਂਦਾ ਹੈਂ।

੧੨.  ਤੀਰਥਿ ‘ਨਾਵਾ’ (ਨ੍ਹਾਵਾਂ), ਜੇ ਤਿਸੁ ‘ਭਾਵਾ’ (ਭਾਵਾਂ); ਵਿਣੁ ਭਾਣੇ, ਕਿ ਨਾਇ (ਨ੍ਹਾਇ) ਕਰੀ  ?॥ (ਮ: ੧/੨) ਅਰਥ:- ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਰੱਬ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਦੇ ਕਰਮ ਨਾਲ਼ ਉਹ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ (ਅਜਿਹਾ) ਇਸ਼ਨਾਨ ਕਰ ਕੇ ਕੀ ਖੱਟਾਂਗਾ ?

(ਨੋਟ : ਉਕਤ ਤੁਕ ’ਚ ‘ਨਾਵਾ, ਭਾਵਾ, ਕਰੀ’ ਸ਼ਬਦ ਇੱਕ ਵਚਨ ਉੱਤਮ ਪੁਰਖ ਕਿਰਿਆਵਾਚੀ ਹਨ, ਜਿਨ੍ਹਾਂ ਦਾ ਉਚਾਰਨ ਇਨ੍ਹਾਂ ਉਤਮ ਪੁਰਖ ਇੱਕ ਵਚਨ ਤੁਕਾਂ ’ਚ ਦਰਜ ‘ਪੂਛਾਂ, ਗਾਵਾਂ, ਭਾਵਾਂ, ਕਰਂੀ’ ਤੋਂ ਸੇਧ ਲੈ ਕੇ ਬਿੰਦੀ ਸਹਿਤ ਉਚਾਰਨ ਕਰਨਾ ਹੈ, ‘‘ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ‘ਪੂਛਾਂ’; ਕਰਿ ਸਾਂਝੀ ਹਰਿ ਗੁਣ ‘ਗਾਵਾਂ’ ॥ (ਮ: ੪/੫੬੨), ਕੀਮਤਿ ਕਉਣ ਕਰੇ ਤੁਧੁ ‘ਭਾਵਾਂ’ ? ਦੇਖਿ ਦਿਖਾਵੈ ਢੋਲੋ ॥ (ਤੁਖਾਰੀ ਬਾਰਹਮਾਹਾ/ਮ: ੧/੧੧੦੮), ਅਰਦਾਸਿ ‘ਕਰਂੀ’ ਗੁਰ ਪੂਰੇ ਆਗੈ; ਰਖਿ ਲੇਵਹੁ ਦੇਹੁ ਵਡਾਈ ਰਾਮ ॥’’ (ਮ: ੩/੫੭੧) ਪਰ ਧਿਆਨ ਰਹੇ ਕਿ ਮਿਸਾਲ ਵਜੋਂ ਦਿੱਤੀ ਜਾ ਰਹੀ ਇਸ ਤੁਕ ’ਚ ‘ਕਰੀ, ਪਰੀ’ ਅਨ ਪੁਰਖ ਕਿਰਿਆਵਾਂ ਹਨ, ਜਿਸ ਕਾਰਨ ਇਨ੍ਹਾਂ ਨੂੰ ਬਿੰਦੀ ਨਹੀਂ ਲੱਗੇਗੀ, ‘‘ਗੁਰਿ ਪੂਰੈ, ਜਬ ਕਿਰਪਾ ‘ਕਰੀ’ (ਕੀਤੀ) ॥ ਭਨਤਿ ਨਾਨਕ, ਮੇਰੀ ਪੂਰੀ ਪਰੀ (ਪੈ ਗਈ)॥’’ (ਮ: ੫/੧੯੦)  ਅਰਥ : ਨਾਨਕ ਆਖਦਾ ਹੈ ਕਿ ਜਦੋਂ ਪੂਰੇ ਗੁਰੂ ਨੇ ਮਿਹਰ ਕੀਤੀ ਤਾਂ ਮੇਰੀ ਜੀਵਨ-ਘਾਲਣਾ ਸਿਰੇ ਚੜ੍ਹ ਗਈ, ਸਫਲ ਹੋ ਗਈ।)

੧੩.  ਮਨੁ, ਤਨੁ, ਪ੍ਰਾਨ ‘ਧਰਂੀ’ ਤਿਸੁ ਆਗੈ ; ਨਾਨਕ  ! ਆਪੁ ਗਵਾਈ ॥ (ਮ: ੩/੧੨੬੦) ਅਰਥ:- ਹੇ ਨਾਨਕ ! ਉਸ (ਗੁਰੂ) ਅੱਗੇ ਮੈਂ ਆਪਾ-ਭਾਵ (ਅਹੰਕਾਰ) ਗਵਾ ਕੇ ਆਪਣਾ ਮਨ, ਆਪਣਾ ਸਰੀਰ, ਆਪਣੇ ਪ੍ਰਾਣ ਭੇਟ ਧਰਦਾ ਹਾਂ, ਕਰਦਾ ਹਾਂ (ਜਿਸ ਪਾਸੋਂ ਇਹ ਸਮਝ ਹੋਈ ਕਿ ‘‘ਜਹ ਜਹ ਦੇਖਾ (ਦੇਖਾਂ), ਤਹ ਏਕੋ ਸੋਈ; ਇਹ ਗੁਰਮਤਿ ਬੁਧਿ ਪਾਈ ॥’’ ਮ: ੩/੧੨੬੦)

੧੪. ਤਨੁ ਮਨੁ ‘ਸਉਪੀ’ (ਸੌਂਪੀਂ) ਆਗੈ ‘ਧਰੀ’ (ਧਰੀਂ), ਵਿਚਹੁ ਆਪੁ ਗਵਾਇ ॥ (ਮ: ੩/੭੫੬) ਅਰਥ:- ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ, ਤਨ ਗੁਰੂ ਦੇ ਹਵਾਲੇ ਕਰ ਦਿਆਂ, ਗੁਰੂ ਅੱਗੇ ਰੱਖ ਦਿਆਂ।

(ਨੋਟ : ਉਕਤ ਤੁਕ ਨੰਬਰ ੧੩ ’ਚ ਸ਼ਾਮਲ ‘ਧਰਂੀ’ (ਬਿੰਦੀ ਸਹਿਤ) ਸ਼ਬਦ ਤੋਂ ਸੇਧ ਲੈ ਕੇ ਤੁਕ ਨੰਬਰ ੧੪ ’ਚ ਦਰਜ ‘ਧਰੀ’ (ਬਿੰਦੀ ਰਹਿਤ) ਦਾ ਉਚਾਰਨ ਵੀ ‘ਧਰਂੀ’ (ਬਿੰਦੀ ਸਮੇਤ) ਕਰਨਾ ਦਰੁਸਤ ਹੈ, ਇਸੇ ਤਰ੍ਹਾਂ ਤੁਕ ੧੪ ’ਚ ‘ਸਉਪੀ’ (ਉਤਮ ਪੁਰਖ ਇੱਕ ਵਚਨ ਕਿਰਿਆ) ਦਾ ਉਚਾਰਨ ਵੀ ‘ਸਉਂਪੀਂ’ ਦਰੁਸਤ ਹੈ, ਪਰ ਇਸ ਤੁਕ, ‘‘ਪਉਣੁ ਉਪਾਇ ‘ਧਰੀ’ ਸਭ ਧਰਤੀ; ਜਲ ਅਗਨੀ ਕਾ ਬੰਧੁ ਕੀਆ ॥ (ਮ: ੧/੩੫੦) ’ਚ ਦਰਜ ‘ਧਰੀ’ ਦਾ ਅਰਥ ‘ਟਿਕਾਈ ਹੋਈ’ ਹੈ, ਜੋ ਕਿ ਬਿੰਦੀ ਰਹਿਤ ਉਚਾਰਨਾ ਦਰੁਸਤ ਹੋਏਗਾ।  ਪੂਰੀ ਤੁਕ ਦੇ ਅਰਥ ਹਨ : ‘ਰੱਬ ਨੇ ਹਵਾ ਬਣਾ ਕੇ ਸਾਰੀ ਧਰਤੀ ਸਾਜੀ (ਭਾਵ ਧਰਤੀ ਦਾ ਤਾਪਮਾਨ ਸਥਿਰ ਕੀਤਾ), ਪਾਣੀ ਤੇ ਅੱਗ ਦਾ ਸੁਮੇਲ ਕੀਤਾ। ਧਿਆਨ ਰਹੇ ਕਿ ਇਸ ਤੁਕ ’ਚ ‘ਧਰੀ’ ਉਤਮ ਪੁਰਖ ਨਹੀਂ ਬਲਕਿ ਅਨ੍ਯ ਪੁਰਖ ਕਿਰਿਆ ਹੈ।)

੧੫.  ਮਨ ਤਨ ਅੰਤਰਿ, ਤੁਝੈ ‘ਧਿਆੲਂੀ’ ॥ ਤੁਮ੍ਰੈ ਲਵੈ ਨ, ਕੋਊ ‘ਲਾੲਂੀ’ ॥ (ਮ: ੫/੩੮੬) ਅਰਥ : ਹੇ ਮਾਲਕ  ! (ਤੇਰੀ ਮਿਹਰ ਨਾਲ਼) ਮੈਂ ਮਨੋਂ, ਤਨੋਂ ਤੈਨੂੰ ਯਾਦ ਕਰਦਾ ਹਾਂ ਕਿਉਂਕਿ ਤੇਰੇ ਬਰਾਬਰ ਦੀ ਸ਼ਕਤੀ ਮੈਂ ਕਿਸੇ ਹੋਰ ਨੂੰ ਨਹੀਂ ਮੰਨਦਾ ਹਾਂ।

(ਨੋਟ : ਉਕਤ ਤੁਕ ’ਚ ‘ਧਿਆੲਂੀ, ‘ਲਾੲਂੀ’ ਸ਼ਬਦ ਉਤਮ ਪੁਰਖ ਇੱਕ ਵਚਨ ਕਿਰਿਆਵਾਂ ਹਨ ਜਿਸ ਕਾਰਨ ਬਿੰਦੀ ਸਹਿਤ ਦਰਜ ਕੀਤੇ ਗਏ ਹਨ, ਇਨ੍ਹਾਂ ਤੋਂ ਸੇਧ ਲੈ ਕੇ ਹੀ ਅਗਲੇ ਨੰਬਰ ਦੀ ਤੁਕ ’ਚ ਦਰਜ ‘ਧਿਆਈ’ (ਬਿੰਦੀ ਰਹਿਤ) ਦਾ ਉਚਾਰਨ ਵੀ ਬਿੰਦੀ ਸਹਿਤ ਹੀ ਹੋਵੇਗਾ।)

੧੬.  ਸਾ ਮਤਿ ਦੀਜੈ ; ਜਿਤੁ, ਤੁਧੁ ‘ਧਿਆਈ’ ॥ (ਮ: ੫/੧੦੦) ਅਰਥ ਹਨ :- ਮੈਨੂੰ ਉਹੀ ਮਤਿ ਦੇਹ, ਜਿਸ ਨਾਲ਼ ਤੈਨੂੰ ਯਾਦ ਕਰਦਾ ਰਹਾਂ ।

(ਨੋਟ:- ਉਕਤ ਤੁਕ ਵਾਙ ਹਰ ਥਾਂ ਇਹ ਨਹੀਂ ਸਮਝਣਾ ਕਿ ‘ਧਿਆਈ’ ਨੂੰ ਬਿੰਦੀ ਲਗਾਉਣੀ ਹੀ ਹੈ, ਇਸ ਲਈ ਮਿਸਾਲ ਵਜੋਂ ਇਸ ਪੰਕਤੀ  ‘‘ਗੁਰਮੁਖਿ ਹੋਵੈ, ਸੁ ਨਾਮੁ ‘ਧਿਆਈ’ ॥’’ (ਮ: ੩/੧੫੮) ’ਚ ਦਰਜ ‘ਧਿਆਈ’ ਅਨ੍ਯ ਪੁਰਖ ਇੱਕ ਵਚਨ ਹੋਣ ਕਾਰਨ ਬਿੰਦੀ ਰਹਿਤ ਹੀ ਉਚਾਰਨਾ ਦਰੁਸਤ ਹੈ, ਜਿਸ ਦੇ ਅਰਥ ਹਨ:- ਜੋ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਰੱਬੀ ਨਾਮ ਸਿਮਰਦਾ ਹੈ।

ਸੋ ਉਕਤ ਤੁਕ ਨੰ: ੧੬ ’ਚ ‘ਧਿਆਈ’ ਉੱਤਮ ਪੁਰਖ ਇੱਕ ਵਚਨ ਕਿਰਿਆ ਹੈ, ਜਿਸ ਦਾ ਅਰਥ ਹੈ ‘ਮੈਂ ਧਿਆਵਾਂ ਜਾਂ ਮੈਂ ਧਿਆਉਂਦਾ ਹਾਂ’ ਪਰ ਇਸ ਤੁਕ ’ਚ ‘ਧਿਆਈ’ ਦਾ ਅਰਥ ਹੈ (ਉਹੀ ਨਾਮ) ਸਿਮਰਦਾ ਹੈ (ਅਨ੍ਯ ਪੁਰਖ), ਇਸ ਲਈ ਪ੍ਰਸੰਗ ਅਨੁਸਾਰ ਹੀ ਕਿਸੇ ਸ਼ਬਦ ਦੇ ਸ਼ਬਦਾਰਥ ਤੇ ਭਾਵਰਥ ਲੈਣੇ ਗੁਰਮਤਿ ਅਨੁਸਾਰੀ ਹੁੰਦੇ ਹਨ।)

੧੭.  ਜਹਾ ਪਠਾਵਹੁ, ਤਹ ਤਹ ‘ਜਾੲਂੀ’ ॥ (ਮ: ੫/੩੮੬)  ਪਦ ਅਰਥ:- ਪਠਾਵਹੁ = ਤੂੰ ਭੇਜਦਾ ਹੈਂ।, ਤਹ ਤਹ = ਉਥੇ ਉਥੇ।, ਜਾੲਂੀ = ਮੈਂ ਜਾਂਦਾ ਹਾਂ।, ਅਰਥ:- (ਹੇ ਗੋਵਿੰਦ ! ਤੇਰੀ ਮਿਹਰ ਨਾਲ਼) ਜਿਧਰ ਤੂੰ ਮੈਨੂੰ ਭੇਜਦਾ ਹੈਂ, ਮੈਂ ਉਧਰ ਉਧਰ ਹੀ (ਖ਼ੁਸ਼ੀ ਨਾਲ) ਜਾਂਦਾ ਹਾਂ। (ਪਰ ਹੇਠਲੀ ਤੁਕ ’ਚ ‘ਜਾਈ’ ਨੂੰ ਬਿੰਦੀ ਨਾ ਹੋਣ ਕਾਰਨ ਇਸ ਪੰਕਤੀ ’ਚੋਂ ਸੇਧ ਲੈ ਕੇ ਲਗਾਉਣੀ ਹੈ।)

੧੮. ਸਭ ਕਿਛੁ ਤੂੰ ਹੈ, ਤੂੰ ਹੈ ਮੇਰੇ ਪਿਆਰੇ  ! ਤੇਰੀ ਕੁਦਰਤਿ ਕਉ ਬਲਿ ‘ਜਾਈ’ (ਜਾਈਂ) ਜੀਉ ॥ (ਮ: ੫/੯੮) ਅਰਥ:- ਹੇ ਮੇਰੇ ਪਿਆਰੇ ਪ੍ਰਭੂ ! (ਜਗਤ ’ਚ) ਸਭ ਕੁਝ ਤੂੰ ਹੀ ਕਰ ਰਿਹਾ ਹੈਂ ਤੂੰ ਹੀ ਕਰਾ ਰਿਹਾ ਹੈਂ। ਮੈਂ ਤੇਰੀ ਇਸ ਸਮਰੱਥਾ ਤੋਂ ਸਦਕੇ ਜਾਂਦਾ ਹਾਂ।

(ਨੋਟ : ਉਕਤ ਤੁਕ ਵਾਙ ਹਰ ਥਾਂ ਇਹ ਨਹੀਂ ਸਮਝਣਾ ਕਿ ‘ਜਾਈ’ ਨੂੰ ਬਿੰਦੀ ਲਗਾਉਣੀ ਹੀ ਹੈ, ਇਸ ਲਈ ਮਿਸਾਲ ਵਜੋਂ ਇਸ ਪੰਕਤੀ ‘‘ਹੁਕਮੀ ਹੋਵਨਿ ਆਕਾਰ ; ਹੁਕਮੁ ਨ ਕਹਿਆ ਜਾਈ ॥’’ (ਮ: ੧/੧) ’ਚ ‘ਜਾਈ’ ਅਨ੍ਯ ਪੁਰਖ ਹੈ, ਜੋ ਬਿੰਦੀ ਰਹਿਤ ਉਚਾਰਨ ਹੋਏਗਾ। ਤੁਕ ਦੇ ਅਰਥ ਹਨ:- ਰੱਬੀ ਹੁਕਮ ’ਚ ਸਾਰੇ ਸਰੀਰ ਬਣਦੇ ਹਨ (ਪਰ ਹੁਕਮ ਦੀ ਇਸ ਵਿਸ਼ਾਲਤਾ ਬਾਰੇ) ਬਿਆਨ ਨਹੀਂ ਕੀਤਾ ਜਾ ਸਕਦਾ।

ਗੁਰਬਾਣੀ ਵਿੱਚ ‘ਜਾਈ’ ਸ਼ਬਦ ਨਾਂਵ ਰੂਪ ਵਿੱਚ ਵੀ ਹੈ, ਜਿਸ ਦਾ ਅਰਥ ਹੈ ‘ਥਾਵਾਂ, ਕਈ ਜਗ੍ਹਾ, ਇਲਾਕੇ’, ਜਿੱਥੇ ਵੀ ਇਸ ਦੀ ਲਿਖਤ ‘ਜਾਂਈਂ’ ਹੁੰਦੀ ਹੈ। ਪ੍ਰਸੰਗ ਮੁਤਾਬਕ ਉਸ ਨੂੰ ਇੱਕ ਵਚਨ ਉਤਮ ਪੁਰਖ ਕਿਰਿਆ ਸਮਝਣ ਦੀ ਗ਼ਲਤੀ ਨਹੀਂ ਕਰਨੀ। ਮਿਸਾਲ ਵਜੋਂ ‘‘ਭੈ ਭਉ ਭਰਮੁ ਖੋਇਆ, ਗੁਰਿ ਪੂਰੈ ; ਦੇਖਾ (ਦੇਖਾਂ) ਸਭਨੀ ਜਾਈ (ਜਾਂਈਂ= ਥਾਵਾਂ) ਜੀਉ ॥ (ਮ: ੫/੧੦੭) ਅਰਥ:- ਰੱਬੀ ਡਰ ਅਦਬ ਹਿਰਦੇ ’ਚ ਰੱਖਣ ਕਾਰਨ ਪੂਰੇ ਗੁਰੂ ਨੇ ਮੇਰਾ ਦੁਨਿਆਵੀ ਡਰ ਤੇ ਭਰਮ ਖ਼ਤਮ ਕਰ ਦਿੱਤਾ, ਹੁਣ ਮੈਂ ਪਰਮਾਤਮਾ ਨੂੰ ਸਭ ਥਾਂਵਾਂ ਵਿੱਚ ਵੇਖਦਾ ਹਾਂ।  ਇਸ ਤੁਕ ਵਿੱਚ ‘ਜਾਈ’ ਕਿਰਿਆ ਨਹੀਂ ਬਲਕਿ ਨਾਂਵ ਹੈ ਜਿਸ ਦਾ ਅਰਥ ਹੈ ‘ਥਾਂ’ ਅਧਿਕਰਨ ਕਾਰਕ ਵਿੱਚ ਵਰਤੇ ਜਾਣ ਸਦਕਾ ਇਸ ਦਾ ਉਚਾਰਨ ਹੈ ‘ਜਾਂਈਂ’ ਭਾਵਾਂ ਥਾਂਵਾਂ ਵਿੱਚ।)

੧੯.  ਜੋ ਤੁਮ ਦੇਹੁ, ਸੋਈ ਸੁਖੁ ‘ਪਾੲਂੀ’ ॥ (ਮ: ੫/੩੮੬) ਅਰਥ:- (ਹੇ ਦਾਤਾਰ  !) ਜੋ ਤੂੰ ਮੈਨੂੰ ਦੇਂਦਾ ਹੈਂ, ਮੈਂ ਉਸ (ਦੁਖ-ਸੁਖ) ਨੂੰ ਸੁਖ (ਹੀ) ਮੰਨਦਾ ਹਾਂ।

੨੦.  ਜੇ ਜਾਣਾ, ਲੜੁ ਛਿਜਣਾ ; ਪੀਡੀ ‘ਪਾਈਂ’ ਗੰਢਿ ॥ (ਬਾਬਾ ਫਰੀਦ ਜੀ/੧੩੭੮) ਪਦ ਅਰਥ: ਲੜੁ = ਪੱਲਾ।, ਛਿਜਣਾ = ਟੁੱਟ ਜਾਣਾ ਹੈ।, ਪੀਡੀ = ਪੱਕੀ।, ਪਾਈਂ= ਪਾਵਾਂ।, ਗੰਢਿ= ਜੱਫੀ। ਅਰਥ:- (ਹੇ ਮਾਲਕ !) ਜੇ ਮੈਨੂੰ ਸਮਝ ਹੋਵੇ (ਕਿ ਮਾਇਆ ਦੀ ਮਜ਼ਬੂਤ ਪਕੜ ਨਾਲ ਤੇਰਾ ਸਹਾਰਾ) ਪੱਲਾ ਛੁੱਟ ਜਾਣਾ ਹੈ ਤਾਂ ਮੈਂ (ਮਾਯਾ ਦੀ ਬਜਾਇ ਤੇਰੇ ਗੁਣਾਂ-ਸਹਾਰੇ ਨਾਲ ਹੀ) ਪੱਕੀ ਜੱਫੀ ਪਾਵਾਂ। (ਪਰ ਹੇਠਲੀ ਤੁਕ ’ਚ ਸ਼ਾਮਲ ‘ਪਾਈ’ ਸ਼ਬਦ ਦੇ ਅਰਥ ‘ਪਾਈਂ’ ਸ਼ਬਦ ਦੇ ਸਮਾਨੰਤਰ ਹੋਣ ਕਾਰਨ ਵੀ ਬਿੰਦੀ ਰਹਿਤ ਦਰਜ ਹੈ ਜਿਸ ਦਾ ਉਚਾਰਨ ਵੀ ਬਿੰਦੀ ਸਮੇਤ ਕਰਨਾ ਦਰੁਸਤ ਹੈ।)

੨੧.  ਜੋ, ਤਉ ਭਾਵੈ, ਸੋਈ ਥੀਸੀ ; ਜੋ ਤੂੰ ਦੇਹਿ, ਸੋਈ ਹਉ ‘ਪਾਈ’ ॥ (ਮ: ੪/੧੧) ਪਦ ਅਰਥ: ਤਉ = ਤੈਨੂੰ। ਭਾਵੈ = ਚੰਗਾ ਲੱਗਦਾ ਹੈ। ਥੀਸੀ = ਹੋਵੇਗਾ। ਹਉ = ਹਉਂ, ਮੈਂ। ਪਾਈ = ਪਾਈਂ, ਮੈਂ ਪ੍ਰਾਪਤ ਕਰਾਂ। ਅਰਥ:- (ਜਗਤ ਵਿੱਚ) ਉਹੀ ਕੁਝ ਹੁੰਦਾ ਹੈ ਜੋ ਤੈਨੂੰ ਪਸੰਦ ਹੈ (ਇਸ ਲਈ) ਜੋ ਕੁਝ ਤੂੰ ਦੇਵੇਂ, ਮੈਂ ਵੀ ਉਹੀ ਕੁਝ ਪ੍ਰਾਪਤ ਕਰਦਾ ਹਾਂ।

(ਨੋਟ : ਉਕਤ ਤੁਕ ਵਾਙ ਹਰ ਥਾਂ ਇਹ ਨਹੀਂ ਸਮਝਣਾ ਕਿ ‘ਪਾਈ’ ਨੂੰ ਬਿੰਦੀ ਲਗਾਉਣੀ ਹੀ ਹੈ, ਇਸ ਲਈ ਮਿਸਾਲ ਵਜੋਂ ਇਸ ਪੰਕਤੀ ‘‘ਨਾਮਾ ਛੀਬਾ (ਛੀਂਬਾ), ਕਬੀਰੁ ਜੁੋਲਾਹਾ (ਜੁਲਾਹਾ); ਪੂਰੇ ਗੁਰ ਤੇ ਗਤਿ ‘ਪਾਈ’ ॥’’ (ਮ: ੩/੬੭) ’ਚ ਸ਼ਾਮਲ ‘ਪਾਈ’ ਅਨ੍ਯ ਪੁਰਖ ਹੋਣ ਕਾਰਨ ਬਿੰਦੀ ਰਹਿਤ ਹੀ ਉਚਾਰਨਾ ਹੈ। ਪਦ ਅਰਥ: ਜੁੋਲਾਹਾ = ਇਹ ਲਫ਼ਜ਼ ‘ਜੋਲਾਹਾ’ ਹੈ, ਪਰ ਇੱਥੇ ਕਾਵ ਤੋਲ ਨੂੰ ਪੂਰਾ ਰੱਖਣ ਲਈ ‘ਜੁਲਾਹਾ’ ਪੜ੍ਹਨਾ ਹੈ’।, ਤੇ = ਤੋਂ।, ਗਤਿ = ਉੱਚੀ ਆਤਮਕ ਅਵਸਥਾ।  ਅਰਥ ਹਨ:- ਨਾਮਦੇਵ ਜੀ (ਜਾਤ ਦੇ) ਛੀਂਬੇ (ਸਨ), ਕਬੀਰ ਜੀ ਜੁਲਾਹੇ (ਸਨ, ਫਿਰ ਵੀ ਉਨ੍ਹਾਂ ਨੇ) ਪੂਰੇ ਗੁਰੂ ਰਾਹੀਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਸੀ ਭਾਵ ਜਾਤ-ਪਾਤ ਦਾ ਰੂਹਾਨੀਅਤ ਨਾਲ ਕੋਈ ਸਬੰਧ ਨਹੀਂ।)

੨੨.  ਆਪੁ ਤਿਆਗਿ, ਸਰਣੀ ‘ਪਵਾਂ’ ; ਮੁਖਿ, ‘ਬੋਲੀ’ (ਬੋਲੀਂ) ਮਿਠੜੇ ਵੈਣ ॥ (ਮ: ੫/੧੩੬) ਪਦ ਅਰਥ: ਆਪੁ = ਆਪਾ-ਭਾਵ, ਅਹੰਕਾਰ।, ਮੁਖਿ = ਮੂੰਹ ਨਾਲ।, ਬੋਲੀ = ਬੋਲੀਂ, ਮੈਂ ਬੋਲਾਂ।, ਵੈਣ = ਬੋਲ, ਬਚਨ। ਅਰਥ ਹਨ:- ਅਹੰਕਾਰ ਛੱਡ ਕੇ ਮੈਂ ਗੁਰੂ ਦੀ ਸ਼ਰਨ ਪਵਾਂ ਤੇ ਮੂੰਹ ਨਾਲ (ਉਸ ਅੱਗੇ ਫ਼ਰਿਆਦੀ ਬਣ) ਮਿੱਠੇ ਬੋਲ ਬੋਲਾਂ।

੨੩.  ਕੂਜਾ, ਬਾਂਗ, ਨਿਵਾਜ, ਮੁਸਲਾ; ਨੀਲ ਰੂਪ ਬਨਵਾਰੀ ॥ ਘਰਿ ਘਰਿ ਮੀਆ, ਸਭਨਾਂ ਜੀਆਂ ; ‘ਬੋਲੀ’ ਅਵਰ ਤੁਮਾਰੀ ॥ (ਮ: ੧/੧੧੯੧) ਅਰਥ:- (ਇਸਲਾਮ ਰਾਜ ਹੋਣ ਕਾਰਨ) ਰੱਬੀ ਬੰਦਗੀ ਕਰਨ ਵਾਲਿਆਂ ਨੇ ਨੀਲਾ ਬਾਣਾ ਪਹਿਣ ਲਿਆ।, ਕੂਜ਼ਾ (ਲੋਟਾ), ਬਾਂਗ (ਪੁਕਾਰ), ਨਿਮਾਜ਼, ਮੁਸੱਲਾ (ਪ੍ਰਧਾਨ ਬਣ ਗਏ)।, ਤੁਮਾਰੀ (ਭਾਵ ਤੇਰੇ ਬੰਦਿਆਂ ਦੀ) ਬੋਲੀ ਬਦਲ ਗਈ, ਹਰੇਕ ਘਰ ਵਿੱਚ ਤੇ ਸਾਰੇ ਲੋਕਾਂ ਦੇ ਮੂੰਹੋਂ (ਲਫ਼ਜ਼ ‘ਪਿਤਾ’ ਦੇ ਥਾਂ) ‘ਮੀਆਂ”’ (ਪੂਜਨੀਕ ਸਰਦਾਰ) ਪ੍ਰਸਿੱਧ ਹੋ ਗਿਆ।

 (ਨੋਟ: ਉਕਤ ਤੁਕ ’ਚ ‘ਬੋਲੀ’ ਨਾਂਵ ਹੈ, ਜਿਸ ਦਾ ਅਰਥ ਹੈ ‘ਭਾਸ਼ਾ’, ਨਾ ਕਿ ਉੱਤਮ ਪੁਰਖ ਕਿਰਿਆ, ਜਿਸ ਦਾ ਉਚਾਰਨ ‘ਬੋਲੀਂ’ (ਬਿੰਦੀ ਸਮੇਤ) ਕਰਨਾ ਪਵੇ ਭਾਵ ਇੱਥੇ ਉਚਾਰਨ ‘ਬੋਲੀ’ (ਬਿੰਨਾਂ ਬਿੰਦੀ) ਹੀ ਸਹੀ ਹੈ।)

– ਚਲਦਾ –

ਬੇਟੀ ਤਾਂ ਬਚਾਓ, ਪਰ ਕੀ ਇਸ ਵਾਸਤੇ… ?

0

ਬੇਟੀ ਤਾਂ ਬਚਾਓ, ਪਰ ਕੀ ਇਸ ਵਾਸਤੇ… ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਉਹ ਚਾਹ ਪਿਆਉਣ ਆਇਆ ਫ਼ੋਨ ਸੁਣ ਕੇ ਨੱਚਣ ਲੱਗ ਪਿਆ ਤੇ ਬੋਲਿਆ, ‘‘ਬਸ ਅਬ ਤੋਂ ਥੋੜ੍ਹੀ ਦੇਰ ਕੀ ਬਾਤ ਹੈ। ਅਬ ਮੁਝੇ ਓਰ ਕਾਮ ਨਈਂ ਕਰਨਾ ਪੜੇਗਾ। ਆਰਾਮ ਸੇ ਘਰ ਮੇਂ ਬੈਠੇਂਗੇ।’’

‘‘ਲਾਟਰੀ ਨਿਕਲ ਆਈ ਹੈ ਕੀ,’’ ਮੇਰੇ ਪਤੀ ਨੇ ਉਸ ਨੂੰ ਖ਼ੁਸ਼ ਹੁੰਦਿਆਂ ਵੇਖ ਪੁੱਛਿਆ ?

‘‘ਨਈਂ, ਬੇਟੀ ਪੈਦਾ ਹੁਈ ਹੈ। ਵੋ ਭੀ ਤੋ ਲਾਟਰੀ ਸੇ ਕਮ ਨਈਂ,’’ ਉਸ ਨੇ ਜਵਾਬ ਦਿੱਤਾ।

ਮੱਧ ਪ੍ਰਦੇਸ ਵਿੱਚ ਡਾਕਟਰੀ ਕਾਨਫਰੰਸ ਅਟੈਂਡ ਕਰਨ ਗਏ ਅਸੀਂ ਜਿਸ ਹੋਟਲ ਵਿੱਚ ਠਹਿਰੇ ਸੀ, ਉੱਥੋਂ ਦਾ ਇਕ ਕਰਮਚਾਰੀ ਧੀ ਜੰਮਣ ਉੱਤੇ ਏਨਾ ਖ਼ੁਸ਼, ਵੇਖ ਕੇ ਜਿੱਥੇ ਮੈਨੂੰ ਇੱਕ ਪਾਸੇ ਹੈਰਾਨੀ ਹੋਈ, ਉੱਥੇ ਖ਼ੁਸ਼ੀ ਵੀ ਹੋਈ ਕਿ ਚੱਲੋ ਸ਼ੁਕਰ ਹੈ, ਭਾਰਤ ਵਿੱਚ ਕਿਸੇ ਥਾਂ ਇਹ ਤਬਦੀਲੀ ਵੀ ਸ਼ੁਰੂ ਹੋਈ।

ਮੈਂ ਉਸ ਨੂੰ ਪੁੱਛਿਆ ਕਿ ਕੀ ਪਹਿਲਾਂ ਵੀ ਉਸ ਦੇ ਘਰ ਕੋਈ ਔਲਾਦ ਹੈ ਤਾਂ ਉਹ ਬੋਲ ਪਿਆ, ‘‘ਤੀਨ-ਤੀਨ ਬੇਟੇ ਹੈਂ। ਬੇਟੀ ਕੇ ਲਿਏ ਇਤਨੇ ਪੈਦਾ ਕਰ ਦੀਏ। ਵੋ ਤੋ ਸਿਰਫ਼ ਖ਼ਰਚ ਕਰੇਂਗੇ। ਉਨੀਂ ਕੇ ਲੀਏ ਮੈਂ ਯਹਾਂ ਘਰ ਸੇ ਦੂਰ ਮਰ ਰਹਾ ਹੂੰ। ਅਬ ਸ਼ੁਕਰ ਹੈ ਕੋਈ ਕਮਾਨੇ ਵਾਲੀ ਆਈ। ਬਸ ਏਕ ਓਰ ਬੇਟੀ ਆ ਜਾਏ ਤੋਂ ਸਾਰੀ ਉਮਰ ਭਗਵਾਨ ਕਾ ਸ਼ੁਕਰ ਮਨਾਊਂਗਾ।’’

ਉਹ ਏਨਾ ਖ਼ੁਸ਼ ਸੀ ਕਿ ਉਸ ਕੋਲੋਂ ਖ਼ੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਹੱਥ ਜੋੜ ਕੇ ਅਸਮਾਨ ਵੱਲ ਤੱਕ ਧੰਨਵਾਦ ਕਰਦਿਆਂ ਉਹ ਬੋਲ ਪਿਆ,‘‘ਸ਼ਾਮ ਕੋ ਆਪ ਕਾ ਮੂੰਹ ਮੀਠਾ ਕਰਵਾਊਂਗਾ।’’

ਉਸ ਦੀ ਏਨੀ ਜ਼ਿਆਦਾ ਖ਼ੁਸ਼ੀ ਵੇਖ ਮੈਨੂੰ ਕੁੱਝ ਹੈਰਾਨੀ ਹੋਣ ਲੱਗ ਪਈ ਸੀ। ਕਾਨਫਰੰਸ ਉੱਤੇ ਵੇਲੇ ਸਿਰ ਪਹੁੰਚਣਾ ਸੀ। ਇਸੇ ਲਈ ਉਸ ਨੂੰ ਸ਼ਾਮ ਨੂੰ ਮਿਲਣ ਦੀ ਗੱਲ ਕੀਤੀ। ਰਾਹ ਵਿੱਚ ਵੀ ਮੈਂ ਉਸ ਬਾਰੇ ਸੋਚਦੀ ਰਹੀ ਕਿ ਇਹ ਗ਼ਰੀਬ ਹੋ ਕੇ ਵੀ ਧੀ ਜੰਮਣ ਉੱਤੇ ਕਿੰਨਾ ਖ਼ੁਸ਼ ਸੀ।

ਮੇਰੇ ਪਤੀ ਕਹਿਣ ਲੱਗੇ, ‘‘ਕੁੱਝ ਬਿਰਾਦਰੀਆਂ ਧੀਆਂ ਕੋਲੋਂ ਕੰਮ ਕਰਵਾਉਂਦੀਆਂ ਹਨ। ਪੁੱਤਰ ਵਿਹਲੇ ਰਹਿੰਦੇ ਹਨ। ਇਸੇ ਲਈ ਇਹ ਏਨਾ ਖ਼ੁਸ਼ ਸੀ।’’ ਮੈਂ ਫੈਸਲਾ ਕਰ ਲਿਆ ਸੀ ਕਿ ਉਸ ਦੀ ਧੀ ਲਈ ਕੁੱਝ ਵਧੀਆ ਫਰਾਕਾਂ ਤੇ ਕੱਪੜੇ ਖ਼ਰੀਦ ਕੇ ਸੁਗ਼ਾਤ ਵਜੋਂ ਦੇ ਦਿਆਂਗੀ।

ਸ਼ਾਮ ਨੂੰ ਕਾਨਫਰੰਸ ਮੁੱਕਣ ਤੋਂ ਬਾਅਦ ਮੈਂ ਬਜ਼ਾਰੋਂ ਉਸ ਦੀ ਧੀ ਲਈ ਗੁਲਾਬੀ ਤੇ ਲਾਲ ਰੰਗ ਦੀਆਂ ਫਰਾਕਾਂ, ਲਪੇਟਣ ਲਈ ਦੋ ਫੁੱਲਾਂ ਵਾਲੀਆਂ ਚਾਦਰਾਂ, ਸਿਰ ਲਈ ਟੋਪੀ ਤੇ ਨਿੱਕੀਆਂ ਪਿਆਰੀਆਂ ਜਰਾਬਾਂ ਖ਼ਰੀਦ ਲਈਆਂ।

ਵਾਪਸ ਹੋਟਲ ਪਹੁੰਚਣ ਉੱਤੇ ਉਹ ਖ਼ੁਸ਼ੀ-ਖ਼ੁਸ਼ੀ ਮਠਿਆਈ ਖਵਾਉਣ ਲਈ ਆਇਆ ਤਾਂ ਮੈਂ ਉਸ ਨੂੰ ਸਾਰੇ ਕੱਪੜੇ ਫੜਾ ਦਿੱਤੇ।

ਕੱਪੜੇ ਫੜ ਕੇ ਉਹ ਹੈਰਾਨੀ ਨਾਲ ਮੇਰੇ ਵੱਲ ਤੱਕਣ ਲੱਗ ਪਿਆ ਤੇ ਬੋਲਿਆ,‘‘ਯੇ ਕਿਆ ਕਰੇਗੀ। ਲੜਕੀ ਕੀ ਕੀਮਤ ਤੋਂ ਇਨ ਕੇ ਬਿਨਾ ਹੈ।’’

ਮੈਨੂੰ ਸੁਣ ਕੇ ਇਕਦਮ ਧੱਕਾ ਲੱਗਿਆ। ਮੇਰੇ ਪਤੀ ਨੇ ਉਸ ਕੋਲੋਂ ਅਜਿਹੀ ਇਬਾਰਤ ਦਾ ਕਾਰਨ ਪੁੱਛਿਆ।

‘‘ਹਮ ਬੰਛੜੇ ਹੈਂ ਸਾਹਬ !  ਹਮ ਅਪਨੀ ਲੜਕੀਓਂ ਸੇ ਧੰਧਾ ਕਰਵਾਤੇ ਹੈਂ। ਯਹੀ ਹਮਾਰੀ ਕਮਾਈ ਕਾ ਤਰੀਕਾ ਹੈ। ਸਦੀਓਂ ਸੇ ਯਹੀ ਹੋਤਾ ਹੈ। ਰਤਲਾਮ, ਮੰਡਸੌਰ ਔਰ ਨੀਮੁੱਚ ਜ਼ਿਲ੍ਹੋਂ ਮੇਂ ਹਮਾਰੇ ਲੋਗ ਬਸਤੇ ਹੈਂ। ਹਮਾਰੇ ਯਹਾਂ ਅਫ਼ੀਮ ਬਹੁਤ ਖੁੱਲੀ ਮਿਲਤੀ ਹੈ। ਹਮਾਰੇ ਵਹਾਂ 75 ਗਾਂਵ ਹੈਂ। ਉਨ ਮੇਂ 23000 ਲੋਗ ਬਸਤੇ ਹੈਂ। ਸਭ ਯਹੀ ਕਾਮ ਕਰਤੇ ਹੈਂ,’’ ਉਹ ਬੋਲੀ ਜਾ ਰਿਹਾ ਸੀ।

ਮੈਂ ਬੇਯਕੀਨੀ ਜਿਹੀ ਨਾਲ ਸੁਣ ਰਹੀ ਸੀ। ਕੁੱਝ ਪਲ ਪਹਿਲਾਂ ਤੱਕ ਜੋ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ, ਹੁਣ ਕੋਝਾ ਜਾਪਣ ਲੱਗ ਪਿਆ ਸੀ।

ਮੈਂ ਰੱਤਾ ਖਿੱਝ ਕੇ ਉਸ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਹ ਬੋਲਿਆ, ‘‘ਸਦੀਓਂ ਸੇ ਹਮਾਰਾ ਯਹੀ ਰਿਵਾਜ਼ ਹੈ। ਜਬ ਗਿਆਰਾ ਸਾਲ ਦੀ ਲੜਕੀ ਹੋਤੀ ਹੈ ਤੋ ਉਸੇ ਪਹਿਲੀ ਬਾਰ ਕਾਮ ਪੇ ਲਗਾਇਆ ਜਾਤਾ ਹੈ। ਯੇ ਬੜਾ ਤਿਉਹਾਰ ਹੋਤਾ ਹੈ। ਸਭ ਘਰ ਕੇ ਮਰਦ ਕਮਰੇ ਕੇ ਬਾਹਰ ਬੈਠ ਕੇ ਜਸ਼ਨ ਮਨਾਤੇ ਹੈਂ ਔਰ ਘਰ ਕੀ ਔਰਤੇਂ, ਚਾਚੀ, ਮਾਮੀ, ਦਾਦੀ, ਲੜਕੀ ਕੋ ਕਸ ਕੇ ਪਕੜ ਕੇ ਪਹਿਲੇ ਮਰਦ ਗ੍ਰਾਹਕ ਕੋ ਸੌਂਪ ਦੇਤੀ ਹੈਂ। ਬਸ ਫਿਰ ਰੋਜ਼ ਕੀ ਕਮਾਈ ਸ਼ੁਰੂ। ਡੇਢ ਸੌ ਰੁਪੈ ਰੋਜ਼ ਤੱਕ ਕਮਾ ਲੇਤੀ ਹੈ ਲੜਕੀ। ਹਰ ਘਰ ਕਾ ਯਹੀ ਰੁਜ਼ਗਾਰ ਹੈ। ਜਿਸ ਕੇ ਯਹਾਂ ਲੜਕੀ ਪੈਦਾ ਨਹੀਂ ਹੋਤੀ, ਵੋ ਮੇਰੀ ਤਰ੍ਹਾਂ ਇਧਰ ਉਧਰ ਧੱਕੇ ਖਾਤਾ ਫਿਰਤਾ ਹੈ।’’

ਮੈਨੂੰ ਉਸ ਤੋਂ ਘਿਣ ਆਉਣ ਲੱਗ ਪਈ ਸੀ। ਧੀ ਦਾ ਵਪਾਰੀ ਮੈਨੂੰ ਆਪਣੇ ਕਮਰੇ ਵਿੱਚ ਬੈਠਾ ਵੀ ਚੁੱਭ ਰਿਹਾ ਸੀ। ਮੈਂ ਆਪਣੇ ਆਪ ਉੱਤੇ ਲਾਅਨਤਾਂ ਪਾ ਰਹੀ ਸੀ ਕਿ ਮੈਂ ਉਸ ਹੱਥੋਂ ਮੂੰਹ ਮਿੱਠਾ ਕਿਉਂ ਕੀਤਾ !

ਉਸ ਦੀ ਸ਼ਿਕਾਇਤ ਕਰਨ ਲਈ ਮੈਂ ਉਥੋਂ ਦੇ ਹੀ ਇੱਕ ਡਾਕਟਰ ਨਾਲ ਫ਼ੋਨ ਉੱਤੇ ਗੱਲ ਕੀਤੀ ਤਾਂ ਉਸ ਦੱਸਿਆ, ‘‘ਇਨ੍ਹਾਂ ਦੀ ਜਾਤੀ ’ਚ 65 ਫੀਸਦੀ ਔਰਤਾਂ ਹੁੰਦੀਆਂ ਨੇ। ਮੱਧ ਪ੍ਰਦੇਸ ਦੇ ਵੁਮੈਨ ਐਮਪਾਵਰਮੈਂਟ ਵਿਭਾਗ ਨੇ 2015 ’ਚ ਮੰਡਸੌਰ ਦੇ 38 ਪਿੰਡਾਂ ਵਿੱਚ ਸਰਵੇਖਣ ਕਰ ਕੇ ਸਪਸ਼ਟ ਕੀਤਾ ਸੀ ਕਿ ਉੱਥੇ ਕੁੱਲ 3435 ਵਸਨੀਕ ਹਨ ਜਿਨ੍ਹਾਂ ਵਿੱਚ 2243 ਔਰਤਾਂ ਹਨ ਤੇ 1192 ਆਦਮੀ। ਯਾਨੀ ਔਰਤਾਂ ਦੀ ਗਿਣਤੀ ਲਗਭਗ ਦੁਗਣੀ ਹੈ, ਪਰ ਇਹ ਗਿਣਤੀ ਸਿਰਫ਼ ਇਸ ਲਈ ਹੈ ਕਿ ਜਿਸਮ ਫ਼ਰੋਸ਼ੀ ਦਾ ਧੰਧਾ ਪੂਰੇ ਜ਼ੋਰਾਂ ਸ਼ੋਰਾਂ ’ਤੇ ਚੱਲਦਾ ਹੈ। ਜਿਸ ਘਰ ਕੁੜੀ ਪੈਦਾ ਨਹੀਂ ਹੁੰਦੀ, ਉੱਥੇ ਕੁੜੀ ਖ਼ਰੀਦੀ ਜਾਂਦੀ ਹੈ ਜਾਂ ਮੁਲਕ ਦੇ ਹੋਰਨਾ ਹਿੱਸਿਆਂ ’ਚੋਂ ਚੁੱਕ ਲਈ ਜਾਂਦੀ ਹੈ। ਇਹ ਸਾਰੀਆਂ ਕੁੜੀਆਂ ਨਵਜੰਮੀਆਂ ਹੀ ਚੁੱਕੀਆਂ ਜਾਂਦੀਆਂ ਹਨ ਜਾਂ ਕਿਸੇ ਹੋਰ ਵੱਲੋਂ ਸੁੱਟੀਆਂ ਲਿਆਈਆਂ ਜਾਂਦੀਆਂ ਹਨ। ਇਹੀ ਇਨ੍ਹਾਂ ਦੀ ਕਮਾਈ ਦਾ ਸਾਧਨ ਹੈ।’’

ਮੇਰੇ ਪਤੀ ਨੇ ਇੰਟਰਨੈੱਟ ਰਾਹੀਂ ਇਸ ਇਲਾਕੇ ਦੀਆਂ ਕੁੱਝ ਖ਼ਬਰਾਂ ਕੱਢ ਕੇ ਮੇਰੇ ਅੱਗੇ ਧਰ ਦਿੱਤੀਆਂ। ਉਨ੍ਹਾਂ ਵਿੱਚ ਐਡਵੋਕੇਟ ਅਮਿਤ ਸ਼ਰਮਾ, ਜੋ ਆਰ. ਟੀ. ਆਈ. ਐਕਟੀਵਿਸਟ ਵੀ ਹੈ, ਨੇ ਬਿਆਨ ਦਿੱਤਾ ਹੋਇਆ ਸੀ ਕਿ ਜੁਲਾਈ 2014 ਵਿੱਚ ਨੀਮੁੱਕ ਜ਼ਿਲ੍ਹੇ ਵਿੱਚ ਰੇਡ ਪੈਣ ਉੱਤੇ ਪਤਾ ਲੱਗਿਆ ਕਿ ਇੱਕ ਬੰਛੜੇ ਟੱਬਰ ਨੇ ਸ਼ਟਾਮ ਪੇਪਰ ਉੱਤੇ 500 ਰੁਪੈ ਵਿੱਚ ਸੰਨ 2009 ਵਿੱਚ ਇਕ ਸਾਲ ਦੀ ਬੱਚੀ ਖਰੀਦੀ ਜੋ ਹੁਣ 6 ਸਾਲ ਦੀ ਹੋ ਚੁੱਕੀ ਸੀ। ਇਹ ਸਭ ਬੜੇ ਸੰਗਠਿਤ ਢੰਗ ਨਾਲ ਚੱਲਦਾ ਪਿਆ ਹੈ ਤੇ ਹੇਠੋਂ ਉੱਪਰ ਤਕ ਪੂਰੀ ਕਮਿਸ਼ਨ ਬੰਨ੍ਹੀ ਹੋਈ ਹੈ। ਇਨ੍ਹਾਂ ਵਿੱਚੋਂ ਕਿਸੇ ਵੀ ਕੁੜੀ ਦਾ ਪੂਰਾ ਧਿਆਨ ਨਹੀਂ ਰੱਖਿਆ ਜਾਂਦਾ। ਨਿੱਕੀਆਂ ਬੱਚੀਆਂ ਤੋਂ ਪੂਰਾ ਘਰ ਦਾ ਕੰਮ ਕਰਵਾਇਆ ਜਾਂਦਾ ਹੈ ਤੇ ਕਦੇ ਵੀ ਰੱਜ ਕੇ ਰੋਟੀ ਨਹੀਂ ਦਿੱਤੀ ਜਾਂਦੀ। ਇਹੀ ਹਰ ਘਰ ਦਾ ਰੂਟੀਨ ਹੈ।

ਇਨ੍ਹਾਂ ਨੂੰ ਪੂਰੀ ਵਿਚਾਰਗੀ ਤੇ ਅਧੀਨਤਾ ਨਾਲ ਪਾਲ ਕੇ, ਮਾਰ ਕੁੱਟ ਕੇ ਦਬਾਅ ਹੇਠ ਰੱਖ ਕੇ ਸਿਰਫ਼ ਧੰਧੇ ਲਈ ਹੀ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਇਨ੍ਹਾਂ ਵਿੱਚ ਆਪਣੇ ਹੱਕਾਂ ਬਾਰੇ ਤਾਂ ਦੂਰ ਦੀ ਗੱਲ, ਆਵਾਜ਼ ਕੱਢਣ ਦੀ ਵੀ ਹਿੰਮਤ ਨਾ ਬਚੇ।

ਬੱਚੀਆਂ ਨੂੰ ਭਾਵੇਂ ਸਾਰਾ ਦਿਨ ਭੁੱਖਾ ਰਹਿਣਾ ਪਵੇ, ਪਰ ਰੋਟੀ ਉਦੋਂ ਹੀ ਇੱਕ ਵੇਲੇ ਦੀ ਨਸੀਬ ਹੁੰਦੀ ਹੈ, ਜਦੋਂ ਜਿਸਮ ਵੇਚ ਕੇ ਕਮਾਈ ਪਿਓ ਦੇ ਹੱਥ ਧਰ ਦੇਣ।

ਇਹ ਕਮਾਈ 30 ਰੁਪੈ ਤੋਂ 150 ਰੁਪੈ ਤੱਕ ਦੀ ਹਰ ਰਾਤ ਦੀ ਹੁੰਦੀ ਹੈ। ਜਿਹੜੀ ਵੀ ਰਾਤ ਬੱਚੀ ਕੋਲ ਗਾਹਕ ਨਾ ਆਏ ਤਾਂ ਉਹ ਦਿਨ ਉਸ ਨੂੰ ਫਾਕਾ ਕੱਟਣਾ ਪੈਂਦਾ ਹੈ। ਜਿਸ ਟੱਬਰ ਵਿੱਚ ਕੁੜੀ ਪੈਦਾ ਕਰਨ ਦੇ ਲਾਲਚ ਵਿੱਚ ਮੁੰਡੇ ਵੱਧ ਪੈਦਾ ਹੋ ਜਾਣ, ਤਾਂ ਮੁੰਡੇ ਵੇਚ ਦਿੱਤੇ ਜਾਂਦੇ ਹਨ ਤੇ ਉਸ ਬਦਲੇ ਕੁੜੀ ਖ਼ਰੀਦ ਲਈ ਜਾਂਦੀ ਹੈ।

ਅੱਜ ਕੱਲ੍ਹ ਦੇ ਦਿਨਾਂ ਵਿੱਚ ਏਜੰਟ ਸੁੱਟੀਆਂ ਹੋਈਆਂ ਕੁੜੀਆਂ ਨੂੰ ਸ਼ਿਕਾਰੀ ਕੁੱਤਿਆਂ ਵਾਂਗ ਚੁੱਕਣ ਲਈ ਤਿਆਰ ਬੈਠੇ ਹੋਏ ਹਨ ਤੇ 2000 ਤੋਂ 10,000 ਤੱਕ ਦੀ ਕੀਮਤ ਲੈ ਕੇ ਬੰਛੜਿਆਂ ਨੂੰ ਵੇਚ ਰਹੇ ਹਨ।

‘‘ਉੱਪਰ’’ ਤੱਕ ਦਿੱਤੀ ਜਾਂਦੀ ਰਿਸ਼ਵਤ ਹੀ ਇਸ ਸਦੀਆਂ ਪੁਰਾਣੀ ਰੀਤ ਨੂੰ ਤੋੜਨ ਵਿੱਚ ਅਸਮਰਥ ਸਾਬਤ ਹੋ ਰਹੀ ਹੈ। ਜੇ ਕੋਈ ਪਿਓ ਅਜਿਹੀ ਰੀਤ ਨੂੰ ਤੋੜ ਕੇ ਨੌਕਰੀ ਦੀ ਭਾਲ ਵਿੱਚ ਬਾਹਰ ਵੀ ਨਿਕਲੇ ਤਾਂ ਬਾਕੀ ਟੱਬਰ ਦੇ ਛੇਕੇ ਜਾਣ ਦਾ ਡਰ ਤੇ ਦਲਾਲਾਂ ਵੱਲੋਂ ਮਿਲਦੀਆਂ ਧਮਕੀਆਂ ਵਾਪਸ ਉਸੇ ਦਲਦਲ ਵੱਲ ਉਸ ਨੂੰ ਧੱਕ ਦਿੰਦੀਆਂ ਹਨ।

ਇਸ ਹਨੇਰ ਗਰਦੀ ਤੇ ਗੁੰਡਾ ਗਰਦੀ ਵਿੱਚ, ਜਿੱਥੇ ਪਿਓ, ਚਾਚਾ, ਤਾਇਆ ਆਪਣੀ ਹੀ ਧੀ ਦੀ ਪੱਤ ਲੁੱਟੇ ਜਾਣ ਦਾ ਜਸ਼ਨ ਮਨਾਉਂਦੇ ਹੋਣ ਤੇ ਤਾਈਆਂ, ਚਾਚੀਆਂ, ਜੋ ਆਪ ਇਹੀ ਨਰਕ ਭੋਗ ਚੁੱਕੀਆਂ ਹੋਣ, ਇਕ 11 ਵਰ੍ਹਿਆਂ ਦੀ ਨਾਬਾਲਗ ਬੱਚੀ ਦੇ ਬਲਾਤਕਾਰ ਦਾ ਅੱਖੀਂ ਵੇਖੇ ਗਵਾਹ ਹੋਣ ਦਾ ਹਿੱਸਾ ਬਣਾਈਆਂ ਜਾ ਰਹੀਆਂ ਹੋਣ ਤਾਂ ਉੱਥੇ ਇੱਕ ਨੁੱਕਰੇ ਲੱਗੀ ਆਪਣੀਆਂ ਸੁੱਕ ਚੁੱਕੇ ਹੰਝੂਆਂ ਵਾਲੀਆਂ ਅੱਖਾਂ ’ਚੋਂ ਮੁੱਕ ਚੁੱਕੇ ਸੁਫਨਿਆਂ ਨਾਲ ਅਸਮਾਨੀਂ ਤੱਕਦੀ ਤੇ ਭੁੱਖ ਨਾਲ ਕੜਵੱਲ ਪੈਂਦੇ ਢਿੱਡ ਨੂੰ ਨੱਪਦੀ ਮਾਂ ਦੀ ਪੀੜ ਬਾਰੇ ਕੌਣ ਚਿੰਤਿਤ ਹੋਵੇਗਾ ?

ਉਸ ਮਾਂ ਨੂੰ ਆਪਣੀ ਹੀ ਨਾਬਾਲਗ ਧੀ ਦੀ ਪੱਤ ਲੁੱਟੇ ਜਾਣ ਬਾਅਦ ਦੀ ਮਿਲੀ ਕਮਾਈ ਵਿੱਚੋਂ ਢਿੱਡ ਭਰਨਾ ਪੈਂਦਾ ਹੈ।

ਅਜਿਹੇ ਮਾਹੌਲ ਵਿੱਚ ਕੀ ਕੋਈ ਜੁਅਰਤ ਕਰ ਸਕਦਾ ਹੈ ਇਹ ਪੁੱਛਣ ਦੀ, ਕਿ ਭਾਰਤ ਮਾਤਾ ਦੇ ਸਪੂਤੋ ! ਬੇਟੀਆਂ ਜੰਮਣ ਦਾ ਹੋਕਾ ਦੇਣ ਵਾਲਿਓ ਬਘਿਆੜੋ ! ਕੀ ਇਸ ਹੈਵਾਨੀਅਤ ਦੇ ਨੰਗੇ ਨਾਚ ਵਾਸਤੇ ਧੀਆਂ ਦਾ ਜੰਮਣਾ ਜ਼ਰੂਰੀ ਹੈ ?

ਸ਼ੁਕਰ ਹੈ ਅਜਿਹੇ ਸ਼ੈਤਾਨੀਅਤ ਭਰੇ ਮਾਹੌਲ ਵਿੱਚ ਵੀ ਅਜਗਰਾਂ ਦੇ ਮੂੰਹੋਂ ਮਾਸੂਮ ਕਲੀਆਂ ਨੂੰ ਬਚਾਉਣ ਲਈ ਇੱਕ ਐਸ. ਪੀ. ਨੇ ਜੁਅਰਤ ਵਿਖਾਈ ਹੈ। ਸ੍ਰੀ ਟੀ. ਕੇ. ਵਿਦਿਆਰਥੀ (ਐਸ.ਪੀ.) ਨੇ ਬੰਛੜਿਆਂ ਦੇ ਕੁੱਝ ਪੁੱਤਰਾਂ ਨੂੰ ਪੜ੍ਹਨੇ ਪਾਇਆ ਹੈ ਤਾਂ ਜੋ ਉਨ੍ਹਾਂ ਨੂੰ ਮਨੁੱਖੀ ਹੱਕਾਂ ਬਾਰੇ ਗਿਆਨ ਹੋਵੇ ਤੇ ਉਹ ਹੱਕ ਹਲਾਲ ਦੀ ਕਮਾਈ ਉੱਤੇ ਗੁਜ਼ਾਰਾ ਕਰਨ, ਨਾ ਕਿ ਭੈਣਾਂ ਦੇ ਸਰੀਰਾਂ ਦਾ ਲਹੂ ਨਿਚੋੜ ਕੇ।

ਅਫ਼ਸੋਸ ਤਾਂ ਸਿਰਫ਼ ਇਹ ਹੈ ਕਿ ਜਿੱਥੇ ਇੱਕ ਅਣਖੀ ਪੁਲਿਸ ਅਫਸਰ ਨੇਕ ਕੰਮ ਵੱਲ ਤੁਰਿਆ ਹੈ, ਉੱਥੇ ਬੰਛੜੇ ਹੀ ਬਿਆਨ ਦੇ ਰਹੇ ਹਨ-‘‘ਹਮਾਰੇ ਸਭ ਸੇ ਜ਼ਿਆਦਾ ਕਸਟਮਰ ਤੋ ਪੁਲਿਸ ਸੇ ਹੀ ਹੈਂ। ਵੋ ਕਿਆ ਬੰਦ ਕਰਵਾਏਂਗੇ। ਉਨ੍ਹੇਂ ਹਫ਼ਤਾ ਕੌਣ ਦੇਗਾ ਫਿਰ ! !’’

ਦੁਰ ਫਿਟੇ ਮੂੰਹ ! ਦੁਰ ਫਿਟੇ ਮੂੰਹ ! ਲੱਖ ਲਾਅਨਤ ! !

ਕੀ ਡੇਰਾਵਾਦ ਚਿੱਟੇ ਭੇਸ ਦਾ ਨਾਂ ਹੈ ਜਾਂ ਵੀਚਾਰ ਦਾ ?

0

ਕੀ ਡੇਰਾਵਾਦ ਚਿੱਟੇ ਭੇਸ ਦਾ ਨਾਂ ਹੈ ਜਾਂ ਵੀਚਾਰ ਦਾ  ?

ਅਮਨਪ੍ਰੀਤ ਸਿੰਘ (ਲੁਧਿਆਣਾ)

ਸਾਵਣ ਦੇ ਅੰਨ੍ਹੇ ਨੂੰ ਹਰ ਥਾਂ ਹਰਿਆ ਨਜ਼ਰ ਆਉਂਦਾ ਹੈ ਓਸੇ ਤਰ੍ਹਾਂ ਡੇਰਾਵਾਦੀਆਂ (ਭਾਵੇਂ ਅਪਗਰੇਡ ਹੀ ਹੋਣ) ਦੇ ਚਿਚੜਾਂ ਨੂੰ ਹਰ ਥਾਂ ਬਾਬਾ ਹੀ ਨਜ਼ਰੀ ਪੈਂਦਾ ਹੈ ਭਾਵੇਂ ਕਿ ਓਹ ਰੱਬ ਦੀ ਹੋਂਦ ਤੋਂ ਮੁਨਕਰ ਹੋ ਕੇ ਨਾਸਤਕਤਾ ਵਾਲੀ ਗੱਲ ਹੀ ਕਿਉਂ ਨਾ ਕਰੀ ਜਾਵੇ…. ਪਰ ਸਾਡਾ ਬਾਬਾ… ਸਾਡਾ ਬਾਬਾ…. ਇਸ ਤੋਂ ਅੱਗੇ ਦੁਨੀਆ ਦੀ ਹਰ ਵੀਚਾਰ-ਹਰ ਤਰਕ ਖ਼ਤਮ  !

ਪੰਜਾਬੀ ਦੀ ਇੱਕ ਅਖਾਣ ਹੈ ਕਿ ਰੰਡੀ ਤਾਂ ਰੰਡੇਪਾ ਕੱਟ ਲਏਗੀ ਪਰ ਮੁਸ਼ਟੰਡੇ ਨਹੀਂ ਕੱਟਣ ਦੇਂਦੇ….

ਡੇਰੇਦਾਰ ਤਾਂ ਘਰੋਂ ਨਿਕਲ ਹੀ ਪਿਆ ਸੀ, ਚੇਲੇ ਚਾਟੜੇ ਛੱਡ ਕੇ, ਪੁਰਾਤਨਵਾਦੀ ਬਿਪਰ ਵੀਚਾਰਧਾਰਾ ਦਾ ਭੋਗ ਪਾ ਕੇ, ਗੁਰੂ ਡੰਮ੍ਹ ਦੀ ਗੱਲ ਤਿਆਗ ਕੇ ਇੱਕ ਗੁਰੂ ਦੀ ਗੱਲ ਕਰਨ, ਪਰ ਮੱਥਾ ਟੇਕਣ ਵਾਲੇ ਚੇਲੇ ਨਵੇਂ ਰੂਪ ਵਿੱਚ ਆ ਕੇ ਬਾਬੇ ਨੂੰ ਚਿੰਬੜ ਗਏ ਤੇ ਇੱਕ ਨਵੇਂ ਭੇਸ ਵਿੱਚ ਪੇਸ਼ ਕਰਨ ਵੱਲ ਤੁਰ ਪਏ  …

ਗੁਰੂ ਬਖ਼ਸਸ਼ ਕਰੇ ….

ਭਾਈ ਸਾਹਿਬ ਭਾਵੇਂ ਇਮਾਨਦਾਰੀ ਨਾਲ ਪ੍ਰਚਾਰ ਕਰਨ ਘਰੋਂ ਨਿਕਲੇ ਹੋਣ ਪਰ ਚਿੱਚੜਾਂ ਨੇ ਓਹਨਾਂ ਨੂੰ ਜ਼ੀਰੋ ਕਰਨ ਦਾ ਜਿਵੇਂ ਠੇਕਾ ਹੀ ਲੈ ਰੱਖਿਆ ਹੈ ਕਿ ਓਹਨਾਂ ਨੂੰ ਡੇਰੇਵਾਦ ਸੋਚ ਤੋਂ ਨਿਕਲਣ ਹੀ ਨਹੀਂ ਦੇਣਾ ।

ਕਦੇ ਓਹਨਾਂ ਦੇ ਫੋਟੋ ਸ਼ੂਟ ਕਰਵਾ ਕੇ….. ਕਦੇ ਓਹਨਾਂ ਦੇ ਕਲਿਪ ਬਣਵਾ ਕੇ…. ਕਦੀਂ ਪ੍ਰੋਮੋ ਤੇ ਕਦੀ ਗੀਤ ਆਦਿ ਗਵਾ ਕੇ…

ਕੇਵਲ ਆਪਣੇ ਨਾਂ ਤੋਂ ਸੰਤ/ਬਾਬਾ ਜਾਂ ਸ਼੍ਰੀ ਮਾਨ ਲਫ਼ਜ਼ ਲਾਹ ਕੇ ਡੇਰਾਵਾਦੀ ਸੋਚ ਨਹੀਂ ਛੱਡੀ ਜਾਂਦੀ ਬਲਕਿ ਚੰਗੀ ਨੀਅਤ ਨਾਲ ਮਨ ਕਰ ਕੇ ਆਪੂ ਬਣੇ ਚੇਲੇ ਚਾਟਕਿਆਂ ਨੂੰ ਨੱਥ ਪਾ ਕੇ ਸੂਝ ਬੂਝ ਦਾ ਪ੍ਰਮਾਣ ਦੇਣਾ ਚਾਹੀਦਾ ਹੈ … ਵਰਨਾ ਭੈੜੀ ਬੋਲ-ਬਾਣੀ ਨਾਲ ਦੂਜੇ ਨੂੰ ਨੀਵਾਂ ਕਰਨ ਦੀ ਥਾਏਂ ਆਪਣੀ ਮੰਦ ਬੁੱਧੀ ਦਾ ਹੀ ਪ੍ਰਗਟਾਵਾ ਹੋਣਾ ਸੁਭਾਵਕ ਹੈ ।

ਘਾਲਿ ਖਾਇ ਕਿਛੁ ਹਥਹੁ ਦੇਇ

0

ਘਾਲਿ ਖਾਇ ਕਿਛੁ ਹਥਹੁ ਦੇਇ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ,

ਹੈਡਮਾਸਟਰ (ਸੇਵਾ ਮੁਕਤ), 105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436

ੴ ਸਤਿ ਗੁਰ ਪ੍ਰਸਾਦਿ

ਮਨੁੱਖੀ ਜੀਵਨ ਬਾਕੀ ਸਾਰੀਆਂ ਜੂਨਾਂ ਨਾਲੋਂ ਵੱਖਰੀ ਕਿਸਮ ਦਾ ਹੈ। ਅਕਾਲ ਪੁਰਖ ਨੇ ਕੇਵਲ ਤੇ ਕੇਵਲ ਮਨੁੱਖ ਨੂੰ ਹੀ ਪੂਰਨ ਵਿਕਸਤ ਕੀਤਾ ਦਿਮਾਗ ਬਖਸ਼ਸ਼ ਕੀਤਾ ਹੈ। ਇਸੇ ਦਿਮਾਗ ਦਾ ਸਦਕਾ ਉਹ ਬਾਕੀ ਸਾਰੇ ਜੀਵਾਂ ਨੂੰ ਆਪਣੇ ਵੱਸ ਵਿੱਚ ਰੱਖਣ ਅਤੇ ਉਹਨਾਂ ਤੋਂ ਆਪਣੀ ਸਮਰਥਾ ਅਨੁਸਾਰ ਕੰਮ ਕਰਾਉਣ ਦੀ ਤਾਕਤ ਰੱਖਦਾ ਹੈ। ਇਸ ਲਈ ਮਨੁੱਖ ਨੂੰ ਸਾਰੀਆਂ ਜੂਨਾਂ ਦਾ ਸਿਰਮੋਰ ਮੰਨਿਆ ਗਿਆ ਹੈ। ਗੁਰਬਾਣੀ ਦਾ ਫ਼ੁਰਮਾਨ ਹੈ : ‘‘ਅਵਰ ਜੋਨਿ; ਤੇਰੀ ਪਨਿਹਾਰੀ ॥  ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥’’ (ਮ: ੫/੩੭੪)

ਪਸ਼ੂ ਕੇਵਲ ਆਪਣੇ ਲਈ ਹੀ ਜੀਉਂਦੇ ਹਨ, ਪਰ ਮਨੁੱਖ ਦੂਜਿਆਂ ਲਈ ਵੀ ਜੀਉਂਦਾ ਹੈ ਅਤੇ ਪਰਉਪਕਾਰੀ ਵੀ ਹੈ। ਜਿਹੜੇ ਮਨੁੱਖ ਕੇਵਲ ਆਪਣੇ ਲਈ ਹੀ ਜੀਉਂਦੇ ਹਨ, ਉਹਨਾਂ ਵਿੱਚ ਤੇ ਪਸ਼ੂਆਂ ਵਿੱਚ ਕੋਈ ਫ਼ਰਕ ਨਹੀਂ ਰਹਿ ਜਾਂਦਾ। ਮਨੁੱਖ ਤੋਂ ਬਿਨਾਂ ਬਾਕੀ ਸਾਰੇ ਜੀਵਾਂ ਦਾ ਸੰਸਾਰ ਵਿੱਚ ਆਉਣ ਦਾ ਕੋਈ ਮਕਸਦ ਨਹੀਂ ਜਦੋਂ ਕਿ ਮਨੁੱਖ ਨੂੰ ਇੱਕ ਖ਼ਾਸ ਮਨੋਰਥ ਦੀ ਪ੍ਰਾਪਤੀ ਲਈ ਪ੍ਰਮਾਤਮਾ ਨੇ ਸੰਸਾਰ ਵਿੱਚ ਭੇਜਿਆ ਹੈ। ਉਹ ਮਨੋਰਥ ਕੀ ਹੈ ? ਇਸ ਦਾ ਜਵਾਬ ਅਸੀਂ ਹਰ ਰੋਜ਼ ਰਹਰਾਸਿ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ : ‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥  ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥’’ (ਮ: ੫/੧੨) ਇਸ ਦਾ ਭਾਵ ਇਹ ਹੈ ਕਿ ਹੇ ਮਨੁੱਖ  ! ਤੈਨੂੰ ਇਹ ਮਨੁੱਖੀ ਸਰੀਰ ਇਸ ਲਈ ਮਿਲਿਆ ਹੈ ਕਿ ਤੂੰ ਆਪਣੇ ਜੀਵਨ ਕਾਲ ਵਿੱਚ ਪ੍ਰਭੂ ਮਿਲਾਪ ਲਈ ਉਪਰਾਲਾ ਕਰੇਂ ਅਤੇ ਆਪਣੇ ਅੰਦਰ ਪ੍ਰਮਾਤਮਾ ਵਾਲੇ ਗੁਣ ਪੈਦਾ ਕਰੇਂ। ਇਸ ਸਿਖਰ ਅਵਸਥਾ ’ਤੇ ਪਹੁੰਚਣ ਲਈ ਗੁਰਮਤਿ ਨੇ ਤਿੰਨ ਸੁਨਿਹਰੀ ਅਸੂਲ ਦ੍ਰਿੜ੍ਹ ਕਰਵਾਏ ਹਨ। ਉਹ ਅਸੂਲ ਹਨ : (1). ਧਰਮ ਦੀ ਕਿਰਤ ਕਰਨੀ (2). ਨਾਮ ਜਪਣਾ (3). ਵੰਡ ਛਕਣਾ।

ਹਰ ਇੱਕ ਇਨਸਾਨ ਦਾ ਜੀਵਨ ਇਹਨਾਂ ਤਿੰਨਾਂ ਆਦਰਸ਼ਾਂ ਅਨੁਸਾਰ ਚੱਲਣਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਕਿਰਤ ’ਤੇ ਨਹੀਂ ਸਗੋਂ ਧਰਮ ਦੀ ਕਿਰਤ ’ਤੇ ਜ਼ੋਰ ਦਿੱਤਾ ਹੈ। ਪੇਟ ਪੂਰਤੀ ਲਈ ਕਿਰਤ ਤਾਂ ਹਰ ਮਨੁੱਖ ਹੀ ਕਰਦਾ ਹੈ; ਜਿਵੇਂ ਚੋਰ, ਡਾਕੂ, ਸਮਗਲਰ, ਜੇਬ ਕਤਰੇ ਤੇ ਇੱਥੋਂ ਤੱਕ ਕਿ ਭਿਖਾਰੀ ਵੀ ਕਿਰਤ ਕਰਦੇ ਹਨ ਪਰ ਅਜਿਹੀ ਕਿਰਤ ਗੁਰਮਤਿ ਵਿੱਚ ਪਰਵਾਨ ਨਹੀਂ। ਗੁਰਮਤਿ ਵਿੱਚ ਕੇਵਲ ਸੱਚੀ ਤੇ ਸੁੱਚੀ ਦਸਾਂ ਨਹੁੰਆਂ ਦੀ ਕਿਰਤ ਜਿਸ ਨੂੰ ਧਰਮ ਦੀ ਕਿਰਤ ਕਿਹਾ ਗਿਆ ਹੈ, ਹੀ ਪ੍ਰਵਾਨ ਹੈ। ਇਸ ਕਿਰਤ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਨੀ ਗੁਰਮਤਿ ਦਾ ਆਸ਼ਾ ਹੈ।

ਧਰਮ ਦੀ ਕਿਰਤ ਉੱਦਮ, ਮਿਹਨਤ ਤੇ ਦਿਲ ਲਾ ਕੇ ਅਤੇ ਪ੍ਰਮਾਤਮਾ ਦੀ ਯਾਦ ਨੂੰ ਮਨ ਵਿੱਚ ਵਸਾ ਕੇ ਹੀ ਕੀਤੀ ਜਾ ਸਕਦੀ ਹੈ। ਗੁਰੂ ਅਰਜਨ ਦੇਵ ਜੀ ਰਾਗ ਗੂਜਰੀ ਵਿੱਚ ਫ਼ੁਰਮਾਉਂਦੇ ਹਨ: ‘‘ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ ॥  ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ  ! ਉਤਰੀ ਚਿੰਤ ॥’’ (ਮ: ੫/੫੨੨)

ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ ਕਿ ਮਿਹਨਤੀ ਮਨੁੱਖ ਦਾ ਹੱਕ ਮਾਰਨਾ ਮੁਸਲਮਾਨ ਲਈ ਸੂਰ ਦਾ ਮਾਸ ਖਾਣ ਅਤੇ ਹਿੰਦੂ ਲਈ ਗਾਂ ਦਾ ਮਾਸ ਖਾਣ ਦੇ ਬਰਾਬਰ ਹੈ। ਆਪ ਦਾ ਫ਼ੁਰਮਾਨ ਹੈ : ‘‘ਹਕੁ ਪਰਾਇਆ ਨਾਨਕਾ  ! ਉਸੁ ਸੂਅਰ, ਉਸੁ ਗਾਇ ॥  ਗੁਰੁ ਪੀਰੁ ਹਾਮਾ ਤਾ ਭਰੇ; ਜਾ ਮੁਰਦਾਰੁ ਨ ਖਾਇ ॥’’ (ਮ: ੧/੧੪੧)

ਗ਼ਲਤ ਤਰੀਕੇ ਨਾਲ ਕਮਾਈ ਕਰਨ ਵਾਲੇ ਮਨੁੱਖਾਂ ਨੂੰ ਸਮਝਾਉਂਦੇ ਹੋਏ ਭਗਤ ਕਬੀਰ ਜੀ ਸਖ਼ਤ ਲਫ਼ਜ਼ਾਂ ਵਿੱਚ ਤਾੜਨਾ ਕਰਦੇ ਹੋਏ ਕਹਿੰਦੇ ਹਨ ਕਿ ਅਜਿਹੇ ਕਮਾਏ ਹੋਏ ਧਨ ਦਾ ਲੇਖਾ ਮਨੁੱਖ ਨੂੰ ਆਪ ਹੀ ਭੁਗਤਨਾ ਪਵੇਗਾ। ਜਿਸ ਪਰਿਵਾਰ ਦੀ ਖ਼ਾਤਰ ਉਹ ਹੇਰਾ ਫੇਰੀ ਤੇ ਬੇਈਮਾਨੀ ਕਰਦਾ ਹੈ ਉਹਨਾਂ ਵਿੱਚੋਂ ਕਿਸੇ ਨੇ ਵੀ ਉਸ ਦਾ ਸਾਥ ਨਹੀਂ ਦੇਣਾ, ‘‘ਬਹੁ ਪਰਪੰਚ ਕਰਿ, ਪਰ ਧਨੁ ਲਿਆਵੈ ॥  ਸੁਤ ਦਾਰਾ ਪਹਿ, ਆਨਿ ਲੁਟਾਵੈ ॥੧॥  ਮਨ ਮੇਰੇ ਭੂਲੇ  ! ਕਪਟੁ ਨ ਕੀਜੈ ॥  ਅੰਤਿ ਨਿਬੇਰਾ, ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥’’ (ਭਗਤ ਕਬੀਰ/੬੫੬)

ਭਾਈ ਨੰਦ ਲਾਲ ਜੀ ਆਪਣੇ ਰਹਿਤਨਾਮੇ ਵਿੱਚ ਲਿਖਦੇ ਹਨ : ‘‘ਗੋਲਕ ਰਾਖੈ ਨਾਹਿ ਜੋ, ਛਲ ਕਾ ਕਰਹਿ ਵਪਾਰ। ਕਹੈ ਗੋਬਿੰਦ ਸਿੰਘ ਲਾਲ ਜੀ, ਭੋਗਹਿ ਨਰਕ ਹਜ਼ਾਰ।’’

ਭਾਈ ਗੁਰਦਾਸ ਜੀ ਆਪਣੀ ਛੇਵੀਂ ਵਾਰ ਦੀ ਪਹਿਲੀ ਪਉੜੀ ਵਿੱਚ ਧਰਮ ਦੀ ਕਿਰਤ ਦਾ ਵਰਣਨ ਕਰਦੇ ਹੋਏ ਫ਼ੁਰਮਾਉਂਦੇ ਹਨ : ‘‘ਕਿਰਤਿ ਵਿਰਤਿ ਕਰਿ ਧਰਮ ਦੀ, ਹਥੋਂ ਦੇ ਕੈ ਭਲਾ ਮਨਾਵੈ॥’’

ਧਰਮ ਦੀ ਕਿਰਤ ਕਰਨ ਵਾਲੇ ਮਨੁੱਖ ਵਿੱਚ ਪ੍ਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ। ਉਹ ਇਸ ਗੱਲ ਨੂੰ ਸਮਝਦਾ ਹੈ ਕਿ ਮੇਰੇ ਗ਼ਲਤ ਤਰੀਕੇ ਨਾਲ ਕਮਾਏ ਹੋਏ ਧਨ ਨੂੰ ਜੇ ਹੋਰ ਕੋਈ ਨਹੀਂ ਤਾਂ ਪ੍ਰਮਾਤਮਾ ਜ਼ਰੂਰ ਵੇਖ ਰਿਹਾ ਹੈ। ਗੁਰੂ ਨਾਨਕ ਦੇਵ ਜੀ ਗਉੜੀ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਹਟ ਪਟਣ ਬਿਜ ਮੰਦਰ ਭੰਨੈ, ਕਰਿ ਚੋਰੀ ਘਰਿ ਆਵੈ ॥  ਅਗਹੁ ਦੇਖੈ, ਪਿਛਹੁ ਦੇਖੈ; ਤੁਝ ਤੇ ਕਹਾ ਛਪਾਵੈ ॥’’ (ਮ: ੧/੧੫੬)

ਗੁਰੂ ਨਾਨਕ ਦੇਵ ਜੀ ਨੇ ਸੱਚੀ ਤੇ ਸੁੱਚੀ ਕਿਰਤ ਕਰਨ ਵਾਲੇ ਭਾਈ ਲਾਲੋ ਦਾ ਜਿੱਥੇ ਸਤਿਕਾਰ ਕੀਤਾ ਉੱਥੇ ਲੋਕਾਂ ਦਾ ਹੱਕ ਮਾਰ ਕੇ ਕਮਾਈ ਕਰਨ ਵਾਲੇ ਸੈਦਪੁਰ (ਐਮਨਾਬਾਦ) ਦੇ ਹਾਕਮ ਮਲਕ ਭਾਗੋ ਦਾ ਸਵਾਦਿਸ਼ਟ ਬ੍ਰਹਮ ਭੋਜ ਠੁਕਰਾ ਦਿੱਤਾ। ਉਸ ਨੂੰ ਇਹ ਗੱਲ ਸਮਝਾ ਦਿੱਤੀ – ‘‘ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ ਸਗੋਂ ਉਹ ਬਹੁਤ ਹੀ ਨਰਮ ਹੁੰਦਾ ਹੈ ਪਰ ਜਦੋਂ ਉਸ ਨੂੰ ਬੀਜ ਦਿਉ, ਬੂਟਾ ਉੱਗ ਪਵੇ ਤਾਂ ਸੂਲਾਂ ਤੇ ਕੰਡੇ ਆਪੇ ਨਿੱਕਲ ਆਉਂਦੇ ਹਨ। ਇਸੇ ਤਰ੍ਹਾਂ ਗਰੀਬ ਮਾਰ ਕਰ ਕੇ ਬੇਈਮਾਨੀ ਦੀ ਕਮਾਈ ਨਾਲ ਤਿਆਰ ਕੀਤੇ ਪਦਾਰਥ ਖਾਣ ਨੂੰ ਬਹੁਤ ਸੁਆਦ ਲੱਗਦੇ ਹਨ ਪਰ ਜਦੋਂ ਨਿਰਮਲ ਹਿਰਦਿਆਂ ਵਾਲੇ ਭਲੇ ਪੁਰਸ਼ ਖਾਂਦੇ ਹਨ ਤਾਂ ਮਨ ਨੂੰ ਪੀੜਤ ਕਰਦੇ ਹਨ। ਕਿਸ ਦਾ ਜੀਅ ਕਰਦਾ ਹੈ ਕਿ ਤੇਰੇ ਪਕਵਾਨ ਛੱਡ ਕੇ ਲਾਲੋ ਦਾ ਕੋਧਰਾ ਖਾਵੇ ਪਰ ਕਿਸ ਦਾ ਦਿਲ ਕਰੇਗਾ ਕਿ ਖੰਡ ਵਿੱਚ ਲਪੇਟਿਆ ਹੋਇਆ ਜ਼ਹਿਰ ਖਾਵੇ ?’’

ਗੁਰੂ ਸਾਹਿਬ ਨੇ ਭਰੇ ਇਕੱਠ ਵਿੱਚ ਇਹ ਗੱਲ ਸਮਝਾ ਦਿੱਤੀ ਕਿ ਵਿਹਲੜ ਤੇ ਮਖੱਟੂ ਲੋਕਾਂ ਲਈ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ। ਸਾਰੰਗ ਦੀ ਵਾਰ ਵਿੱਚ ਆਪ ਫ਼ੁਰਮਾਉਂਦੇ ਹਨ : ‘‘ਗਿਆਨ ਵਿਹੂਣਾ ਗਾਵੈ ਗੀਤ ॥  ਭੁਖੇ ਮੁਲਾਂ ਘਰੇ ਮਸੀਤਿ ॥  ਮਖਟੂ ਹੋਇ ਕੈ ਕੰਨ ਪੜਾਏ ॥  ਫਕਰੁ ਕਰੇ, ਹੋਰੁ ਜਾਤਿ ਗਵਾਏ ॥  ਗੁਰੁ ਪੀਰੁ ਸਦਾਏ, ਮੰਗਣ ਜਾਇ ॥  ਤਾ ਕੈ, ਮੂਲਿ ਨ ਲਗੀਐ ਪਾਇ ॥  ਘਾਲਿ ਖਾਇ, ਕਿਛੁ ਹਥਹੁ ਦੇਇ ॥  ਨਾਨਕ  ! ਰਾਹੁ ਪਛਾਣਹਿ ਸੇਇ ॥’’ (ਮ: ੧/੧੨੪੫)

ਕਿਰਤ ਇਸ ਲਈ ਕਰਨੀ ਹੈ ਕਿ ਜੀਵਨ ਦਾ ਨਿਰਬਾਹ ਹੋ ਸਕੇ, ਨਾ ਕਿ ਤਜੌਰੀਆਂ ਭਰਨ ਲਈ। ਪਾਪ ਦੀ ਕਮਾਈ ਨਾਲ ਤਜੌਰੀਆਂ ਤਾਂ ਭਰੀਆਂ ਜਾ ਸਕਦੀਆਂ ਹਨ ਪਰ ਧਰਮ ਦੀ ਕਿਰਤ ਨਾਲ ਕੇਵਲ ਪੇਟ ਹੀ ਭਰਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ : ‘‘ਪਾਪਾ ਬਾਝਹੁ ਹੋਵੈ ਨਾਹੀ, ਮੁਇਆ ਸਾਥਿ ਨ ਜਾਈ ॥’’ (ਮ: ੧/੪੧੭)

ਧਰਮ ਦੀ ਕਿਰਤ ਕਰਨ ਵਾਲਾ ਮਨੁੱਖ ਨਾਮ ਜਪਣ ਵੱਲ ਸਹਿਜੇ ਹੀ ਪ੍ਰੇਰਿਆ ਜਾਂਦਾ ਹੈ। ਧਰਮ ਦੀ ਕਿਰਤ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਤੰਦਰੁਸਤ ਸਰੀਰ ਨਾਲ ਹੀ ਨਾਮ ਜਪਿਆ ਜਾ ਸਕਦਾ ਹੈ। ਨਿਸ਼ਾਨਾ ਨਾਮ ਜਪਣਾ ਹੈ, ਕਿਰਤ ਇੱਕ ਵਸੀਲਾ ਹੈ। ਸਿੱਖ ਧਰਮ ਨੇ ਕਿਰਤ ਤੇ ਕੀਰਤੀ ਨੂੰ ਇਕੱਠਾ ਜੋੜ ਦਿੱਤਾ ਹੈ। ਕੇਵਲ ਕਿਰਤ ਹੀ ਕਰੀ ਜਾਣਾ ਮਨੁੱਖਾ ਜੀਵਨ ਦਾ ਮਨੋਰਥ ਨਹੀਂ। ਸਾਡਾ ਆਦਰਸ਼ ਨਾਮ ਜਪਣਾ ਹੈ। ਜੇ ਨਾਮ ਸਿਮਰਨ ਹੈ ਤਾਂ ਹੀ ਜੀਵਨ ਹੈ। ਗੁਰੂ ਨਾਨਕ ਦੇਵ ਜੀ ਮਾਝ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ ॥  ਨਾਨਕ ! ਅਵਰੁ ਨ ਜੀਵੈ ਕੋਇ ॥  ਜੇ ਜੀਵੈ, ਪਤਿ ਲਥੀ ਜਾਇ ॥  ਸਭੁ ਹਰਾਮੁ, ਜੇਤਾ ਕਿਛੁ ਖਾਇ ॥’’ (ਮ: ੧/੧੪੨)

ਕਿਰਤ ਕਰਦਿਆਂ ਹੋਇਆਂ ਧਿਆਨ ਕਰਤਾਰ ਵਿੱਚ ਰਹੇ। ਧਰਮ ਦੀ ਕਿਰਤ ਤੇ ਨਾਮ  ਜਪਣ ਨੂੰ ਅਲੱਗ-ਅਲੱਗ ਨਹੀਂ ਕੀਤਾ ਜਾ ਸਕਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇਕ ਵਾਰ ਭਗਤ ਤ੍ਰਿਲੋਚਨ ਜੀ ਆਪਣੇ ਮਿੱਤਰ ਭਗਤ ਨਾਮ ਦੇਵ ਜੀ ਨੂੰ ਮਿਲਣ ਗਏ ਜੋ ਉਸ ਵੇਲੇ ਕਿਰਤ ਵਿੱਚ ਲੱਗੇ ਹੋਏ ਸਨ। ਉਹ ਵੇਖ ਕੇ ਹੈਰਾਨ ਹੋ ਗਏ ਤੇ ਕਹਿਣ ਲੱਗੇ ਮੈਂ ਤਾਂ ਸੁਣਿਆ ਸੀ ਕਿ ਤੁਸੀਂ ਹਰ ਵੇਲੇ ਸਿਮਰਨ ਵਿੱਚ ਜੁੜੇ ਰਹਿੰਦੇ ਹੋ ਪਰ ਤੁਸੀਂ ਤਾਂ ਕਿਰਤ ਕਾਰ ਵਿੱਚ ਰੁਝੇ ਹੋਏ ਹੋ। ਇਸ ਦੇ ਜਵਾਬ ਵਿੱਚ ਭਗਤ ਨਾਮ ਦੇਵ ਜੀ ਨੇ ਆਪਣੇ ਪਰਮ ਮਿੱਤਰ ਤ੍ਰਿਲੋਚਨ ਜੀ ਨੂੰ ਮੁੱਖ਼ਾਤਬ ਹੋ ਕੇ ਕਿਹਾ ਕਿ ਮੈਂ ਹੱਥਾਂ ਨਾਲ ਕਿਰਤ ਕਰ ਰਿਹਾ ਹਾਂ, ਪਰ ਮੇਰਾ ਮਨ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ। ਭਗਤ ਕਬੀਰ ਜੀ ਨੇ ਇਸ ਵਾਰਤਾ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਅੰਕਿਤ ਕੀਤਾ ਹੈ : ‘‘ਨਾਮਾ ਕਹੈ ਤਿਲੋਚਨਾ  !  ਮੁਖ ਤੇ ਰਾਮੁ ਸੰਮ੍ਾਲਿ ॥  ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥’’ (ਭਗਤ ਕਬੀਰ/੧੩੭੬)

ਧਰਮ ਦੀ ਕਿਰਤ ਕਰਨ ਅਤੇ ਨਾਮ ਜਪਣ ਨਾਲ ਮਨੁੱਖ ਨੂੰ ਸੋਝੀ ਹੁੰਦੀ ਹੈ ਕਿ ਉਹ ਕੇਵਲ ਆਪਣੇ ਲਈ ਹੀ ਨਹੀਂ ਜੀਉਂਦਾ ਸਗੋਂ ਉਸ ਨੇ ਆਪਣੀ ਧਰਮ ਦੀ ਕਿਰਤ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਵੀ ਕਰਨੀ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਲੋਕਾਂ ਵਿੱਚ ਇਹ ਵਿਸ਼ਵਾਸ ਪ੍ਰਚਲਿਤ ਸੀ ਕਿ ਕਿਰਤੀ ਮਨੁੱਖ ਧਰਮੀ ਨਹੀਂ ਹੁੰਦਾ ਅਤੇ ਧਰਮੀ ਮਨੁੱਖ ਕਿਰਤੀ ਨਹੀਂ ਹੋ ਸਕਦਾ। ਗੁਰੂ ਨਾਨਕ ਦੇਵ ਜੀ ਨੇ ਆਪ ਧਰਮ ਦੀ ਕਿਰਤ ਕੀਤੀ ਤੇ ਉਸ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰ ਕੇ ਸਮਾਜ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ। ਸੁਲਤਾਨਪੁਰ ਲੋਧੀ ਵਿੱਚ ਨੌਕਰੀ ਕਰਦਿਆਂ ਇੱਕ ਗ਼ਰੀਬ ਬ੍ਰਾਹਮਣ ਦੀ ਲੜਕੀ ਦੇ ਵਿਆਹ ਦਾ ਸਾਰਾ ਖ਼ਰਚ ਆਪਣੀ ਕਿਰਤ ਕਮਾਈ ਵਿੱਚੋਂ ਕੀਤਾ। ਇਸ ਤਰ੍ਹਾਂ ਹੋਰ ਸਿੱਖਾਂ ਨੂੰ ਵੀ ਆਪਣੀ ਕਿਰਤ ਕਮਾਈ ਵਿੱਚੋਂ ਲੋੜਵੰਦਾਂ ਲਈ ਕੁੱਝ ਰਕਮ ਵੱਖਰੀ ਰੱਖਣ ਦੀ ਪ੍ਰੇਰਣਾ ਦਿੱਤੀ। ਸੱਚੇ ਸੌਦੇ ਵਾਲੀ ਸਾਖੀ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹੈ।

ਗੁਰੂ ਅੰਗਦ ਦੇਵ ਜੀ ਦੇ ਸਮੇਂ ਜੋ ਭੇਟਾਵਾਂ ਜਾਂ ਧਨ ਪਦਾਰਥ ਆਉਂਦੇ ਸਨ, ਉਹ ਬੱਚਿਆਂ ਦੀ ਪੜ੍ਹਾਈ ਅਤੇ ਮਲ ਅਖਾੜਿਆਂ ’ਤੇ ਖ਼ਰਚੇ ਜਾਂਦੇ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਸਮੇਂ ਪ੍ਰਚਾਰ ਨੂੰ ਯੋਜਨਾਬਧ ਤਰੀਕੇ ਨਾਲ ਵਿਕਸਤ ਕਰਨ ਲਈ ਆਪ ਨੇ 22 ਮੰਜੀਆਂ ਤੇ 52 ਪੀੜ੍ਹੇ ਸਥਾਪਤ ਕੀਤੇ। ਇਹ ਮੰਜੀਦਾਰ ਪ੍ਰਚਾਰ ਦੇ ਨਾਲ-ਨਾਲ ਸੰਗਤਾਂ ਵੱਲੋਂ ਦਿੱਤੀ ਜਾਂਦੀ ਭੇਟਾ ਵੀ ਗੁਰੂ ਦਰਬਾਰ ਪਹੁੰਚਾਉਂਦੇ। ਇਸ ਭੇਟਾ ਨਾਲ ਦਰਬਾਰ ਵਿੱਚ ਆਉਣ ਵਾਲੇ ਹਰ ਵਿਅਕਤੀ ਲਈ ਲੰਗਰ ਵੀ ਲਾਜ਼ਮੀ ਕਰ ਦਿੱਤਾ। ਇੱਥੋਂ ਤੱਕ ਕਿ ਬਾਦਸ਼ਾਹ ਅਕਬਰ ਨੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਤੇ ਅਤੀ ਪ੍ਰਸੰਨ ਹੋ ਕੇ ਇੱਕ ਵੱਡੀ ਜਗੀਰ ਵੀ ਦੇਣੀ ਚਾਹੀ ਜਿਸ ਨੂੰ ਸਤਿਗੁਰੂ ਜੀ ਨੇ ਸਤਿਕਾਰ ਤੇ ਅਦਬ ਸਹਿਤ ਨਾ ਮਨਜੂਰ ਕੀਤਾ ਤੇ ਫ਼ੁਰਮਾਇਆ ਕਿ ਇਹ ਲੰਗਰ ਸਮੂਹ ਸੰਗਤ ਦੀ ਕਿਰਤ ਕਮਾਈ ਨਾਲ ਹੀ ਚੱਲਣਾ ਚਾਹੀਦਾ ਹੈ।

ਗੁਰੂ ਰਾਮ ਦਾਸ ਜੀ ਦੇ ਵੇਲੇ ਸਿੱਖੀ ਦਾ ਦਾਇਰਾ ਬਹੁਤ ਦੂਰ-ਦੂਰ ਤੱਕ ਫੈਲ ਚੁੱਕਾ ਸੀ। ਉਹਨਾਂ ਨੇ ਭਾਰੀ ਗਿਣਤੀ ਵਿੱਚ ਉਚੇ ਤੇ ਸੁੱਚੇ ਜੀਵਨ ਵਾਲੇ ਪ੍ਰਚਾਰਕ ਤਿਆਰ ਕੀਤੇ ਜਿਹਨਾਂ ਨੂੰ ਮਸੰਦ ਕਿਹਾ ਜਾਂਦਾ ਸੀ। ਇਹ ਮਸੰਦ ਗੁਰਮਤ ਪ੍ਰਚਾਰ ਦੇ ਨਾਲ-ਨਾਲ ਸੰਗਤਾਂ ਵੱਲੋਂ ਆਈ ਹੋਈ ਕਾਰ ਭੇਟਾ ਦਾ ਲਿਖਤੀ ਹਿਸਾਬ ਵੀ ਆਪਣੇ ਵਹੀ ਖਾਤੇ ਵਿੱਚ ਲਿਖਦੇ ਅਤੇ ਹਰ ਵਿਸਾਖੀ ਅਤੇ ਦਿਵਾਲੀ ਦੇ ਮੌਕੇ ਗੁਰੂ ਦਰਬਾਰ ਵਿੱਚ ਪੇਸ਼ ਕਰਦੇ ਜਿਸ ਨਾਲ ਧਰਮ ਪ੍ਰਚਾਰ ਦੇ ਕਾਰਜ ਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ। ਇਸੇ ਮਾਇਆ ਨਾਲ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਅਤੇ ਸਰੋਵਰ ਦੀ ਉਸਾਰੀ ਵੀ ਆਰੰਭ ਕੀਤੀ ਗਈ ਜਿਸ ਨਾਲ ਅਨੇਕਾਂ ਵਿਅਕਤੀਆਂ ਨੂੰ ਰੁਜ਼ਗਾਰ ਵੀ ਮਿਲ ਗਿਆ।

ਗੁਰੂ ਅਰਜਨ ਦੇਵ ਜੀ ਦੇ ਸਮੇਂ ਜਦੋਂ ਪ੍ਰਿਥੀ ਚੰਦ ਨੇ ਨਾਕਾ ਬੰਦੀ ਕਰ ਲਈ ਤਾਂ ਗੁਰੂ ਘਰ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਿਆ। ਭਾਈ ਗੁਰਦਾਸ ਜੀ ਤੇ ਹੋਰ ਉਘੇ ਗੁਰਸਿੱਖਾਂ ਦੇ ਯਤਨਾਂ ਸਦਕਾ ਜਦੋਂ ਸੰਗਤਾਂ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਗੁਰੂ ਸਾਹਿਬ ਨੇ ਆਰਥਿਕਤਾ ਨੂੰ ਪੱਕੇ ਪੈਰਾਂ ’ਤੇ ਖੜ੍ਹਾ ਰੱਖਣ ਲਈ ਦਸਵੰਧ ਸਿਸਟਮ ਸ਼ੁਰੂ ਕੀਤਾ ਅਤੇ ਸੰਗਤਾਂ ਦੇ ਨਾਂ ਹੁਕਮਨਾਮੇ ਭੇਜੇ ਕਿ ਹਰ ਮਾਈ ਭਾਈ ਆਪਣੀ ਕਿਰਤ ਕਮਾਈ ਦਾ ਦਸਵਾਂ ਹਿੱਸਾ (ਦਸਵੰਧ) ਗੁਰੂ ਘਰ ਵਿੱਚ ਭੇਜੇ। ਇਸ ਦਸਵੰਧ ਦੀ ਰਕਮ ਨਾਲ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕੀਤੀ। ਏਸ਼ੀਆ ਦਾ ਪਹਿਲਾ ਕੁਸ਼ਟ ਆਸ਼ਰਮ ਤਰਨ ਤਾਰਨ ਵਿਖੇ ਖੋਲ੍ਹਿਆ। ਬਾਉਲੀਆਂ ਅਤੇ ਖੂਹ ਲਗਵਾਏ, ਜਦੋਂ ਲਹੌਰ ਵਿੱਚ ਕਾਲ ਪੈ ਗਿਆ ਤਾਂ ਉਹਨਾਂ ਦੀ ਸਹਾਇਤਾ ਦਸਵੰਧ ਦੀ ਰਕਮ ਵਿੱਚੋਂ ਹੀ ਕੀਤੀ ਗਈ। ਦਬੇਸਤਾਨਿ ਮਜ਼ਾਹਬ ਦਾ ਸਮਕਾਲੀ ਲੇਖਕ ਲਿਖਦਾ ਹੈ ਕਿ ਪੰਜਵੇਂ ਗੁਰੂ ਸਾਹਿਬ ਤੋਂ ਪਹਿਲਾਂ ਭੇਟਾ ਦਾ ਕੋਈ ਬੰਧਾਨ ਨਹੀਂ ਸੀ। ਪੰਜਵੇਂ ਗੁਰੂ ਸਾਹਿਬ ਨੇ ਹਰ ਇਲਾਕੇ ਵਿੱਚ ਇਕ ਗੁਮਾਸ਼ਤੀ (ਮਸੰਦ) ਨੀਯਤ ਕੀਤਾ ਜੋ ਪ੍ਰਚਾਰ ਦੇ ਨਾਲ ਦਸਵੰਧ ਵੀ ਇਕੱਠਾ ਕਰਦਾ ਸੀ। ਵਿਸਾਖੀ ਅਤੇ ਦਿਵਾਲੀ ਦੇ ਮੌਕੇ ਗੁਰੂ ਸਾਹਿਬ, ਉਸ ਮਸੰਦ ਨੂੰ ਸਿਰਪਾਉ ਬਖਸ਼ਸ਼ ਕਰਦੇ। ਗੋਕਲ ਚੰਦ ਨਾਰੰਗ ਲਿਖਦਾ ਹੈ ਕਿ ਹੁਣ ਗੁਰੂ ਸਾਹਿਬ ਨੂੰ ਆਪਣਾ ਬਜਟ ਬਣਾਉਣ ਵਿੱਚ ਬੜੀ ਅਸਾਨੀ ਹੋ ਗਈ ਕਿਉਂਕਿ ਦਸਵੰਧ ਦੀ ਰਕਮ ਬਹੁਤ ਵਧ ਗਈ ਸੀ।

ਗੁਰੂ ਹਰਿਗੋਬਿੰਦ ਜੀ ਦੇ ਸਮੇਂ ਕਸ਼ਮੀਰ ਵਿੱਚ ਗਿਲਟੀ ਰੋਗ ਫੈਲ ਗਿਆ ਤਾਂ ਗੁਰੂ ਸਾਹਿਬ ਨੇ ਦਸਵੰਧ ਦੀ ਰਕਮ ਰੋਗ ਪੀੜਤਾਂ ’ਤੇ ਖ਼ਰਚ ਕੀਤੀ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਕਮਸ਼ੀਰ ਪਹੁੰਚੇ ਤਾਂ ਸੰਗਤਾਂ ਦੂਰੋਂ ਦੂਰੋਂ ਜਥੇ ਬਣਾ ਕੇ ਦਰਸ਼ਨ ਕਰਨ ਲਈ ਪਹੁੰਚਣ ਲੱਗੀਆਂ। ਇੱਕ ਜਥੇ ਵਿੱਚ ਗ਼ਰੀਬ ਸਿੱਖ ਭਾਈ ਕੱਟੂ ਵੀ ਸ਼ਾਮਲ ਸੀ। ਉਸ ਨੂੰ ਖਾਂਸੀ ਨੇ ਜ਼ੋਰ ਫੜਿਆ ਤਾਂ ਸੰਗਤ ਕੋਲੋਂ ਸ਼ਹਿਦ ਮੰਗ ਲਿਆ ਪਰ ਸੰਗਤ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਪਹਿਲਾਂ ਗੁਰੂ ਸਾਹਿਬ ਨੂੰ ਭੇਂਟ ਕਰਨਾ ਹੈ। ਗ਼ਰੀਬੀ ਦਾ ਮਾਰਿਆ ਭਾਈ ਕੱਟੂ ਚੁੱਪ ਕਰ ਗਿਆ। ਜਦੋਂ ਗੁਰੂ ਸਾਹਿਬ ਨੂੰ ਸ਼ਹਿਦ ਭੇਟ ਕੀਤਾ ਤਾਂ ਉਹਨਾਂ ਨੇ ਲੈਣ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਕਿ ਜਦੋਂ ਅਸੀਂ ਮੰਗਿਆ ਸੀ ਤਾਂ ਤੁਸੀਂ ਦਿੱਤਾ ਨਹੀਂ। ਹੁਣ ਇਹ ਸਾਡੇ ਕਿਸੇ ਕੰਮ ਦਾ ਨਹੀਂ ਰਿਹਾ। ਫਿਰ ਗੁਰੂ ਸਾਹਿਬ ਨੇ ਸਮਝਾਉਂਦਿਆਂ ਕਿਹਾ ਕਿ ਗ਼ਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ। ਮੁਗਲ ਹਕੂਮਤ ਨਾਲ ਆਪ ਦੀਆਂ ਚਾਰ ਜੰਗਾਂ ਵੀ ਹੋਈਆਂ। ਇਸ ਲਈ ਦਸਵੰਧ ਦੀ ਰਕਮ ਇਨਸਾਨੀ ਅਣਖ ਨੂੰ ਕਾਇਮ ਰੱਖਣ ਲਈ ਸ਼ਸਤਰ ਤੇ ਘੋੜੇ ਆਦਿ ਖਰੀਦਣ ਉੱਤੇ ਵੀ ਖ਼ਰਚ ਕੀਤੀ ਜਾਂਦੀ ਰਹੀ।

ਗੁਰੂ ਹਰਿਰਾਇ ਸਾਹਿਬ ਨੇ ਦਸਵੰਧ ਦੀ ਰਕਮ ਨਾਲ ਪੰਛੀਆਂ ਵਾਸਤੇ ਇੱਕ ਰੱਖ (ਬੀੜ, ਜੰਗਲ) ਤਿਆਰ ਕਰਵਾਇਆ। ਵਾਤਾਵਰਣ ਦੀ ਸ਼ੁੱਧਤਾ ਲਈ ਕੀਰਤਪੁਰ ਸਾਹਿਬ ਵਿਖੇ ਬਾਗ਼ ਬਣਵਾਏ ਅਤੇ ਰੋਗੀਆਂ ਲਈ ਇੱਕ ਵੱਡਾ ਦਵਾਖ਼ਾਨਾ (ਹਸਪਤਾਲ) ਵੀ ਬਣਵਾਇਆ, ਜਿੱਥੋਂ ਬਹੁਤ ਕੀਮਤੀ ਤੇ ਦੁਰਲੱਭ ਦਵਾਈਆਂ ਲੋੜਵੰਦਾਂ ਨੂੰ ਦਿੱਤੀਆਂ ਜਾਂਦੀਆਂ। ਜਦੋਂ ਦਾਰਾ ਸ਼ਿਕੋਹ ਬਿਮਾਰ ਹੋ ਗਿਆ ਤਾਂ ਉਸ ਨੂੰ ਦਵਾਈ ਕੇਵਲ ਗੁਰੂ ਸਾਹਿਬ ਦੇ ਦਵਾਖ਼ਾਨੇ ਵਿੱਚੋਂ ਹੀ ਪ੍ਰਾਪਤ ਹੋਈ। ਦਿੱਲੀ ਵਿਖੇ ਜਦੋਂ ਚੇਚਕ ਰੋਗ ਫੈਲਿਆ ਤਾਂ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਦਸਵੰਧ ਦੀ ਰਕਮ ਰੋਗ ਗ੍ਰਸਤ ਲੋਕਾਂ ਦੇ ਦਵਾ ਦਾਰੂ ’ਤੇ ਖ਼ਰਚ ਕੀਤੀ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਦਸਵੰਧ ਦੀ ਰਕਮ ਨਾਲ ਜਿੱਥੇ ਨਵਾਂ ਨਗਰ ‘ਚੱਕ ਨਾਨਕੀ’ (ਅਨੰਦਪੁਰ ਸਾਹਿਬ) ਵਸਾਇਆ ਉੱਥੇ ਲੋਕਾਂ ਦੀ ਸਹੂਲਤ ਲਈ ਮਾਲਵੇ ਤੇ ਬਾਂਗੜ ਦੇਸ਼ (ਕੈਥਲ- ਕਰਨਾਲ ਆਦਿ) ਦੇ ਇਲਾਕੇ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਖੂਹ ਵੀ ਲਗਵਾਏ।

ਗੁਰੂ ਗੋਬਿੰਦ ਸਿੰਘ ਜੀ ਨੇ ਦਸਵੰਧ ਦੀ ਰਕਮ ਨਾਲ ਅਨੰਦਪੁਰ ਸਾਹਿਬ ਦਾ ਵਿਕਾਸ ਕੀਤਾ। ਇਸ ਸ਼ਹਿਰ ਨੂੰ ਧਰਮ ਵਿੱਦਿਆ, ਸ਼ਸਤਰ ਵਿੱਦਿਆ ਅਤੇ ਸਾਹਿਤਕ ਤੌਰ ’ਤੇ ਵਿਕਸਤ ਕੀਤਾ। ਮੁਗਲ ਸਰਕਾਰ ਨਾਲ ਅਤੇ ਪਹਾੜੀ ਰਾਜਿਆਂ ਨਾਲ ਤਕਰੀਬਨ 16 ਜੰਗਾਂ ਵੀ ਲੜਨੀਆਂ ਪਈਆਂ। ਇਸ ਲਈ ਦਸਵੰਧ ਦੀ ਕਾਫ਼ੀ ਰਕਮ ਸ਼ਹਿਰ ਦੀ ਸੁਰੱਖਿਆ ਵਾਸਤੇ ਵੀ ਖ਼ਰਚ ਕੀਤੀ ਜਿਸ ਨਾਲ ਅਨੰਦਗੜ੍ਹ, ਨਿਰਮੋਹਗੜ੍ਹ, ਹੋਲ ਗੜ੍ਹ, ਲੋਹਗੜ੍ਹ, ਫਤਹਿਗੜ੍ਹ ਤੇ ਕੇਸਗੜ੍ਹ ਕਿਲਿਆਂ ਦੀ ਉਸਾਰੀ ਕਰਵਾਈ। ਮਸੰਦਾਂ ਵਿੱਚ ਆਈ ਗਿਰਾਵਟ ਦੇ ਕਾਰਨ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਹਮੇਸ਼ਾਂ ਲਈ ਬੰਦ ਕਰ ਦਿੱਤੀ ਅਤੇ ਹੁਕਮਨਾਮੇ ਭੇਜੇ ਹਰ ਗੁਰਸਿੱਖ ਆਪਣੀ ਕਿਰਤ ਕਮਾਈ ਦਾ ਦਸਵੰਧ ਸਿੱਧਾ ਗੁਰੂ ਦਰਬਾਰ ਵਿੱਚ ਆਪ ਪਹੁੰਚਾਵੇ।

ਗੁਰੂ ਕਾਲ ਤੋਂ ਬਾਦ 70-80 ਸਾਲ ਦਾ ਸਮਾਂ ਸਿੱਖਾਂ ਲਈ ਘੋਰ ਸੰਕਟ ਦਾ ਸਮਾਂ ਸੀ। ਇਸ ਅਤਿ ਕਠਨ ਸਮੇਂ ਵਿੱਚ ਜਿੱਥੇ ਸਿੱਖਾਂ ਨੇ ਆਪਣੀ ਹੋਂਦ ਨੂੰ ਬਰਕਰਾਰ ਰੱਖਿਆ ਉੱਥੇ ਵੰਡ ਛੱਕਣ ਦੇ ਸਿਧਾਂਤ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵਿੱਚ ਸਿੱਖਾਂ ਦਾ ਸਮਾਂ ਖੁਸ਼ਹਾਲ ਭਰਿਆ ਸੀ। ਇਸ ਸਮੇਂ ਵਿੱਚ ਵੀ ਸਿੱਖ ਅਤੇ ਮਹਾਰਾਜਾ ਸਾਹਿਬ ਆਪ ਲੋੜਵੰਦਾਂ ਦੀ ਖੁੱਲ੍ਹ ਦਿਲੀ ਨਾਲ ਸਹਾਇਤਾ ਕਰਦੇ ਰਹੇ। 

ਅਜੋਕੇ ਸਮੇਂ ਵਿੱਚ ਵੀ ਸਿੱਖਾਂ ਵੱਲੋਂ ਆਪਣੀ ਦਸਵੰਧ ਦੀ ਰਕਮ ਵਿੱਚੋਂ ਕੁਦਰਤੀ ਆਫਤਾਂ ਸਮੇਂ ਪੀੜਤ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਵਿਦੇਸ਼ਾਂ ਵਿੱਚ ਵਸਦੇ ਸਿੱਖ ਦਿਲ ਖੋਲ੍ਹ ਕੇ ਵੱਡੀ ਪੱਧਰ ’ਤੇ ਪੀੜਤ ਲੋਕਾਂ ਦੀ ਬਿਨਾਂ ਭੇਦ ਭਾਵ ਦੇ ਸਹਾਇਤਾ ਕਰ ਰਹੇ ਹਨ। ਸ੍ਰ. ਰਵੀ ਸਿੰਘ ਖਾਲਸਾ ਏਡ ਸੰਸਥਾ ਦੇ ਬਾਨੀ ਦੁਨੀਆਂ ਭਰ ਵਿੱਚ ਜਿੱਥੇ ਵੀ ਕੁਦਰਤੀ ਆਫਤਾਂ ਆਉਂਦੀਆਂ ਹਨ ਉੱਥੇ ਆਪਣੀ ਟੀਮ ਨਾਲ ਪਹੁੰਚ ਕੇ ਪੀੜਤ ਲੋਕਾਂ ਦਾ ਦੁੱਖ ਵੰਡਾ ਰਹੇ ਹਨ।

ਅੱਜ ਦੇ ਸਮੇਂ ਵਿੱਚ ਗੁਰਦੁਆਰਿਆਂ ਦੀ ਆਮਦਨ ਦਾ ਬਹੁਤਾ ਹਿੱਸਾ, ਮਹਿੰਗੇ ਤੋਂ ਮਹਿੰਗੇ ਰੁਮਾਲੇ, ਚੰਦੋਏ ਅਤੇ ਸਜਾਵਟਾਂ ਕਰਨ ’ਤੇ ਖ਼ਰਚ ਹੋ ਰਿਹਾ ਹੈ। ਨਗਰ ਕੀਰਤਨ, ਕੀਰਤਨ ਦਰਬਾਰ, ਅਖੰਡ ਪਾਠਾਂ ਦੀਆਂ ਲੜੀਆਂ, ਗੁਰਦੁਆਰਿਆਂ ’ਤੇ ਸੋਨਾ ਚੜ੍ਹਾਉਣ ਉੱਤੇ ਬੇਲੋੜਾ ਖ਼ਰਚ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਸਿੱਖ ਪਰਿਵਾਰ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਦਾ ਜੀਵਨ ਬਸਰ ਕਰ ਰਹੇ ਹਨ। ਵਿਸ਼ੇਸ਼ ਕਰ ਕੇ ਸਿਕਲੀਗਰ, ਸਤਿਨਾਮੀਏ ਤੇ ਵਣਜਾਰੇ ਸਿੱਖ ਅੱਤ ਗ਼ਰੀਬੀ ਦਾ ਜੀਵਨ ਬਸਰ ਕਰ ਰਹੇ ਹਨ। ਅੱਜ ਲੋੜ ਹੈ ਕਿ ਇਸ ਪੈਸੇ ਨਾਲ ਸਕੂਲ, ਕਾਲਜ ਤੇ ਹਸਪਤਾਲ ਖੋਲ੍ਹ ਕੇ ਇਹਨਾਂ ਗ਼ਰੀਬ ਸਿੱਖਾਂ ਦੀ ਬਾਂਹ ਫੜੀਏ। ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ ਸਮਝ ਕੇ ਇਹਨਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕੀਏ ਅਤੇ ਗੁਰਬਾਣੀ ਦੇ ਇਹਨਾਂ ਵਾਕਾਂ ਨੂੰ ਸੱਚ ਦਾ ਜਾਮਾ ਪਹਿਨਾਈਏ, ‘‘ਅਕਲਿ ਏਹ ਨ ਆਖੀਐ; ਅਕਲਿ ਗਵਾਈਐ ਬਾਦਿ ॥  ਅਕਲੀ ਸਾਹਿਬੁ ਸੇਵੀਐ; ਅਕਲੀ ਪਾਈਐ ਮਾਨੁ ॥  ਅਕਲੀ ਪੜਿ੍ ਕੈ ਬੁਝੀਐ; ਅਕਲੀ ਕੀਚੈ ਦਾਨੁ॥  ਨਾਨਕੁ ਆਖੈ ਰਾਹੁ ਏਹੁ; ਹੋਰਿ ਗਲਾਂ ਸੈਤਾਨੁ ॥’’ (ਮ: ੧/੧੨੪੫)

ਧਰਨਾਕਾਰੀ ਐਡਵੋਕੇਟ ਜਰਨੈਲ ਸਿੰਘ ਬਰਾੜ ਦਾ ਕੀਤਾ ਜਾਵੇ ਲਾਈ ਡਿਟੈਕਟ ਟੈਸਟ: ਕਿਰਪਾਲ ਸਿੰਘ ਬਠਿੰਡਾ

0

ਬਠਿੰਡਾ, 11 ਸਤੰਬਰ : ਲੇਖਕ ਕਿਰਪਾਲ ਸਿੰਘ ਬਠਿੰਡਾ ਨੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਏਲਨਾਬਾਦ ਦੇ ਤਹਿਸੀਲ ਕੰਪਲੈਕਸ ਦੇ ਸਾਹਮਣੇ ਧਰਨਾ ਉੱਤੇ ਬੈਠੇ ਐਡਵੋਕੇਟ ਜਰਨੈਲ ਸਿੰਘ ਬਰਾੜ ਦਾ ਲਾਈ ਡਿਟੈਕਟ ਟੈਸਟ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਹ ਖ਼ਬਰ ਪੜ੍ਹ ਕੇ ਬਹੁਤ ਹੀ ਹੈਰਾਨੀ ਹੋਈ ਜਿਸ ਦਾ ਸਿਰਲੇਖ ਹੈ : “ਬੇਅਦਬੀ ਮਾਮਲਾ: ਨਿਆਂ ਲਈ ਐਡਵੋਕੇਟ ਨੇ ਲਾਇਆ ਧਰਨਾਂ” ਧਰਨਾਕਾਰੀ ਦੀ ਮੰਗ ਹੈ ‘ਜਸਟਿਸ ਰਣਜੀਤ ਸਿੰਘ ਆਪਣਾ ਲਾਈ ਡਿਟੈਕਟ ਟੈਸਟ ਕਰਵਾ ਕੇ ਧਰਮ ਅਤੇ ਨਿਆਂ ਦੀ ਰੱਖਿਆ ਕਰਨ’।

ਕਿਰਪਾਲ ਸਿੰਘ ਨੇ ਕਿਹਾ ਐਡਵੋਕੇਟ ਦੀ ਮੰਗ ਨੂੰ ਵੇਖ ਕੇ ਕੌਣ ਅੰਦਾਜ਼ਾ ਨਹੀਂ ਲਾ ਸਕਦਾ ਕਿ ਧਰਨਾਕਾਰੀ ਦੀ ਮਨਸ਼ਾ ਜਾਂ ਤਾਂ ਆਪਣੇ ਆਪ ਨੂੰ ਖ਼ਬਰਾਂ ਵਿੱਚ ਰੱਖਣ ਲਈ ਇੱਕ ਹੋਛਾ ਕਦਮ ਹੈ ਜਾਂ ਉਸ ਪਾਰਟੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਹੈ, ਜਿਸ ਦਾ ਕੇਵਲ ਇੱਕੋ ਇੱਕ ਮਕਸਿਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿੱਚ ਦਿੱਤੇ ਤੱਥਾਂ ਨੂੰ ਝੂਠਾ ਸਿੱਧ ਨਾ ਕੀਤੇ ਜਾ ਸਕਣ ਦੇ ਬਾਵਯੂਦ ਵੀਅੰਨ੍ਹਾ ਵਿਰੋਧ ਕਰਕੇ ਉਸ ਨੂੰ ਇਨਾਂ ਵਿਵਾਦਤ ਬਣਾ ਦੇਣਾਂ ਹੈ ਤਾ ਕਿ ਪੜਤਾਲ ਖੂਹ ਖਾਤੇ ਵਿੱਚ ਪੈ ਜਾਵੇ ਅਤੇ ਅਸਲ ਦੋਸ਼ੀਆਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਸਜਾ ਦਿਵਾਉਣੀ ਸੰਭਵ ਹੀ ਨਾ ਹੋ ਸਕੇ। ਜੇ ਕਰ ਧਰਨਾਕਾਰੀ ਅਕਾਲ ਤਖ਼ਤ ਤੋਂ ਸਿਰਸਾਡੇਰਾ ਮੁਖੀ ਨੂੰ ਮੁਆਫ਼ੀ ਦੇਣ ਅਤੇ ਫਿਰ ਮੁਆਫੀ ਵਾਪਸ ਲੈਣ ਵਾਲੇ ਜਥੇਦਾਰਾਂ, ਮੁਆਫੀ ਹੁਕਮਨਾਮਾ ਜਾਰੀ ਕਰਨ ਲਈ ਦਬਾਅ ਪਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਡਾ: ਦਲਜੀਤ ਸਿੰਘ ਚੀਮਾ, ਗਿਆਨੀ ਗੁਰਮੁਖ ਸਿੰਘ, ਗੁਰਮੁਖ ਸਿੰਘ ਨੂੰ ਪਹਿਲਾਂ ਅਹੁੱਦੇ ਤੋਂ ਹਟਾਉਣ ਅਤੇ ਫਿਰ ਉਸੇ ਨੂੰ ਮੁੜ ਤਾਇਨਾਤ ਕੀਤੇ ਜਾਣ ਵਿੱਚ ਫੁਰਤੀ ਵਿਖਾਉਣ ਵਾਲੀ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਸਮੂਹ ਮੈਂਬਰਾਂ, ਆਪਣੇ ਬਿਆਨਾਂ ਤੋਂ ਵਾਰ ਵਾਰ ਮੁਕਰਣ ਵਾਲੇ ਹਿੰਮਤ ਸਿੰਘ ਅਤੇ ਸ਼ਾਂਤਮਈ ਧਰਨਾਕਾਰੀਆਂ ’ਤੇ ਗੋਲ਼ੀ ਦਾ ਹੁਕਮ ਦੇਣ ਵਾਲੇ ਡੀਜੀਪੀ ਸੁਮੇਧ ਸੈਣੀ ਆਦਿਕ ਦੇ ਲਾਈ ਡਿਟੈਕਟ ਟੈਸਟ ਦੀ ਮੰਗ ਕਰਦਾ ਤਾਂ ਗੱਲ ਕੁਝ ਸਮਝ ਆਉਣੀ ਸੀ ਪਰ ਇਨ੍ਹਾਂ ਦੀ ਵਜਾਏ ਜਾਂਚ ਕਮਿਸ਼ਨ ਦੇ ਮੁਖੀ ਦਾ ਹੀ ਲਾਈ ਡਿਕੈਕਟ ਟੈਸਟ ਕਰਉਣ ਦੀ ਮੰਗ ਅਸਲ ਦੋਸ਼ੀਆਂ ਨੂੰ ਬਚਾਉਣ ਅਤੇ ਪੜਤਾਲੀ ਏਜੰਸੀਆਂ ਦੇ ਮੁਖੀਆਂ ਨੂੰ ਭੈਭੀਤ ਕਰਨ ਦੀ ਮੰਦ ਭਾਵਨਾ ਸਾਫ ਨਜ਼ਰ ਆਉਂਦੀ ਹੈ ਤਾ ਕਿ ਅੱਗੇ ਤੋਂ ਸਰਕਾਰਾਂ ਵੱਲੋਂ ਬਣਾਏ ਜਾਣ ਵਾਲੇ ਕਿਸੇ ਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਾਂ ਜਾਂਚ ਕਮਿਸ਼ਨ ਵਿੱਚ ਸੇਵਾ ਨਿਭਾਉਣ ਤੋਂ ਹੀ ਤੋਬਾ ਕਰ ਦੇਣ।

ਜਿਨ੍ਹਾਂ ਦੀ ਦਾੜ੍ਹੀ ਵਿੱਚ ਚੋਰ ਵਾਙ ਕਿਨਕਾ ਹੈ ਉਨ੍ਹਾਂ ਨੇ ਪਹਿਲਾਂ ਹੀ ਮਹੌਲ ਇਸ ਤਰ੍ਹਾਂ ਦਾ ਬਣਾਇਆ ਹੋਇਆ ਹੈ ਜਿਸ ਦਾ ਅਸਰ 11 ਸਤੰਬਰ ਦੀ ਹੀ ਫਰੰਟ ਪੇਜ਼ ’ਤੇ ਛਪੀ ਉਸ ਖ਼ਬਰ ਵਿੱਚ ਪ੍ਰਤੱਖ ਵੇਖਿਆ ਜਾ ਸਕਦਾ ਹੈ ਜਿਸ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ‘ਜਿਆਦਾਤਰ ਸੀਨੀਅਰ ਅਫਸਰ ਰਾਜ ਸਰਕਾਰ ਵੱਲੋਂ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਮੁਖੀ ਜਾਂ ਮੈਂਬਰ ਬਣਨ ਲਈ ਤਿਆਰ ਨਹੀਂ ਸਨ।’ ਜੇ ਇਹੋ ਮਹੌਲ ਬਣਿਆ ਰਿਹਾ ਤਾਂ ਜਿੱਥੇ ਸਰਕਾਰਾਂ ਲਈ ਆਪਣਾ ਕਾਰਜ ਚਲਾਉਣਾ ਅਸੰਭਵ ਹੋ ਜਾਵੇਗਾ ਉੱਥੇ ਇਨਸਾਫ ਮਿਲਣ ਦੀਆਂ ਸੰਭਾਵਨਾਵਾਂ ਵੀ ਖਤਮ ਹੋ ਜਾਣਗੀਆਂ ਜਿਸ ਕਾਰਨ ਦੇਸ਼ ਵਿੱਚ ਅਰਾਜਕਤਾ ਫੈਲ ਸਕਦੀ ਹੈ। ਇਨ੍ਹਾਂ ਖਤਰਿਆਂ ਨੂੰ ਭਾਂਪਦੇ ਹੋਏ ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫੌਰੀ ਤੌਰ ’ਤੇ ਧਰਨਾਕਾਰੀ ਐਡਵੋਕੇਟ ਜਰਨੈਲ ਸਿੰਘ ਬਰਾੜ ਨੂੰ ਗਿਰਫਤਾਰ ਕਰ ਕੇ ਉਸ ਦਾ ਲਾਈ ਡਿਟੈਕਟ ਟੈਸਟ ਕਰਵਾਏ ਤਾ ਕਿ ਪਤਾ ਲਾਇਆ ਜਾ ਸਕੇ ਕਿ ਉਸ ਨੂੰ ਕਿਸ ਵਿਅਕਤੀ, ਪਾਰਟੀ ਜਾਂ ਏਜੰਸੀ ਨੇ ਇਸ ਅਨੋਖੀ ਮੰਗ ਦੀ ਪੂਰਤੀ ਲਈ ਧਰਨੇ ’ਤੇ ਬਿਠਇਆ ਹੈ?

ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 136-139)

0

ਗੁਰਬਾਣੀ ਦਾ ਮੂਲ ਪਾਠ (ਅੰਕ ਨੰਬਰ 136-139)

  ੴ ਸਤਿ ਗੁਰ ਪ੍ਰਸਾਦਿ ॥                              ਮਾਝ, ਮਹਲਾ ੫, ਦਿਨ ਰੈਣਿ

(ਨੋਟ : ਗੁਰਬਾਣੀ ਦੇ ਇਸ ਪਾਠ ਬੋਧ ਵਿੱਚ, ਜਿਨ੍ਹਾਂ  ਸ਼ਬਦਾਂ ਦਾ ਥੋੜ੍ਹਾ ਰੰਗ ਬਦਲੀ ਕੀਤਾ ਗਿਆ ਹੈ, ਉਹ ਗੁਰਬਾਣੀ ਜਾਂ ਕਿਸੇ ਸ਼ਬਦ ਦਾ ਸ਼ੁੱਧ ਉਚਾਰਨ ਨਹੀਂ ਬਲਕਿ ਸ਼ਬਦਾਰਥਾਂ ਦੀ ਸਪਸ਼ਟਤਾ ਲਈ ਸੰਕੇਤ ਮਾਤਰ (ਕਾਰਕੀ ਚਿੰਨ੍ਹ ਜਾਂ ਭਾਵਾਰਥ) ਹਨ, ਇਸ ਲਈ ਸ਼ਬਦ ਦਾ ਉਚਾਰਨ ਓਹੀ ਮੰਨਣਾ ਉਚਿਤ ਹੈ, ਜੋ ਸ਼ਬਦ ਕੇਵਲ ਕਾਲ਼ੇ ਰੰਗ ਵਿੱਚ ਰੱਖੇ ਗਏ ਹਨ। ਇਨ੍ਹਾਂ ਸੰਕੇਤਾਂ ਵਿੱਚ ‘ਚ/ਕੇ ਰਾਹੀਂ ਵੀ ਕੁਝ ਸੰਕੇਤ ਦਿੱਤੇ ਗਏ ਹਨ, ਜਿਨ੍ਹਾਂ ਦਾ ਮਤਲਬ, ਸ਼ਬਦ ਦੀ ਅੰਤਮ ਸਿਹਾਰੀ ਜਾਂ ਅੰਤਮ ਦੁਲਾਵਾਂ ਵਿਚੋਂ ਮਿਲਦਾ ਕਾਰਕੀ ਚਿੰਨ੍ਹ ਹੈ; ਜਿਵੇਂ ਕਿ “ਮੁਖਿ (ਤੋਂ) ਬੋਲੀ (ਬੋਲੀਂ), ਮਿਠੜੇ ਵੈਣ ॥, ਖੋਜਿ (ਕੇ) ਡਿਠੇ ਸਭਿ ‘ਗੈਣ’ (ਭਾਵ ਬ੍ਰਹਿਮੰਡ), ਛਿਵੈ (ਛਿਵੈਂ ’ਚ), ਕਾਮੁ ਨ ਪੁਛੈ ਜਾਤਿ ॥” ਆਦਿ ਤੁਕਾਂ ਵਿੱਚ “ਤੋਂ, ਕੇ” ਚਿੰਨ੍ਹ, ਸ਼ਬਦ “ਮੁਖਿ, ਖੋਜਿ” ਦੀ ਅੰਤਮ ਸਿਹਾਰੀ ਵਿੱਚੋਂ ਨਿਕਲਦੇ ਹਨ ਅਤੇ ਸ਼ਬਦ “ਛਿਵੈ” ਦੀਆਂ ਅੰਤਮ ਦੁਲਾਵਾਂ ਵਿੱਚੋਂ ਅਧਿਕਰਣ ਕਾਰਕ ਚਿੰਨ੍ਹ ‘ਚ ਮਿਲਦਾ ਹੈ, ਇਸ ਲਈ ਇਹ ਚਿੰਨ੍ਹ ਕੁਝ ਬਦਲਵੇਂ ਰੰਗ ਵਿੱਚ ਰੱਖੇ ਗਏ ਹਨ ਤਾਂ ਜੋ ਉਚਾਰਨ ਸੰਕੇਤ ਅਤੇ ਕਾਰਕੀ ਚਿੰਨ੍ਹ ਜਾਂ ਭਾਵਾਰਥਾਂ ਵਿੱਚ ਅੰਤਰ ਬਣਿਆ ਰਹੇ।

ਕੁਝ ਸ਼ਬਦਾਂ ਵਿਚਕਾਰ ਪਲੱਸ + ਦਾ ਨਿਸ਼ਾਨ ਹੈ ਜਿਸ ਦਾ ਮਤਲਬ ਦੋਵੇਂ ਸ਼ਬਦਾਂ ਦਾ ਕਾਰਕ ਇੱਕ ਹੋਣਾ ਹੈ, ਜਿਨ੍ਹਾਂ ਦੀ ਅੰਤਮ ਲਗ ਵਿੱਚੋਂ ਕਾਰਕੀ ਅਰਥ ਕੱਢ ਕੇ ਵਿਖਾਇਆ ਵੀ ਗਿਆ ਹੈ। )

ਸੇਵੀ (ਸੇਵੀਂ ਭਾਵ ਸਿਮਰਦਾ ਹਾਂ, ਉੱਤਮ ਪੁਰਖ ਇੱਕ ਵਚਨ) ਸਤਿਗੁਰੁ ਆਪਣਾ ; ਹਰਿ ਸਿਮਰੀ (ਸਿਮਰੀਂ) ਦਿਨ ਸਭਿ ‘ਰੈਣ’ (ਭਾਵ ਰਾਤ)॥ ਆਪੁ ਤਿਆਗਿ (ਭਾਵ ਹੰਕਾਰ ਛੱਡ ਕੇ), ਸਰਣੀ ਪਵਾਂ ; ਮੁਖਿ (ਤੋਂ) ਬੋਲੀ (ਬੋਲੀਂ), ਮਿਠੜੇ ਵੈਣ ॥ ਜਨਮ-ਜਨਮ ਕਾ ਵਿਛੁੜਿਆ (‘ਛੁ’ ਦਾ ਔਕੜ ਉਚਾਰਨਾ ਹੈ); ਹਰਿ ਮੇਲਹੁ ਸਜਣੁ ‘ਸੈਣ’ (ਭਾਵ ਸਬੰਧੀ-ਰਿਸ਼ਤੇਦਾਰ)॥ ਜੋ ‘ਜੀਅ’ (ਭਾਵ ਜੀਵ), ਹਰਿ ਤੇ (ਤੋਂ) ਵਿਛੁੜੇ ; ਸੇ, ਸੁਖਿ (’ਚ) ਨ ਵਸਨਿ, ਭੈਣ  ! ॥ ਹਰਿ+ਪਿਰ ਬਿਨੁ, ਚੈਨੁ ਨ ਪਾਈਐ ; ਖੋਜਿ (ਕੇ) ਡਿਠੇ ਸਭਿ ‘ਗੈਣ’ (ਭਾਵ ਬ੍ਰਹਿਮੰਡ) ॥ ਆਪ ਕਮਾਣੈ (ਭਾਵ ਆਪ ਕੀਤੇ ਕੰਮਾਂ ਕਾਰਨ) ਵਿਛੁੜੀ (ਇਸ ਲਈ); ਦੋਸੁ (ਦੋਸ਼) ਨ ਕਾਹੂ ਦੇਣ ॥ ਕਰਿ ਕਿਰਪਾ ਪ੍ਰਭ  ! ਰਾਖਿ ਲੇਹੁ; ਹੋਰੁ ਨਾਹੀ (ਨਾਹੀਂ) ਕਰਣ ਕਰੇਣ (ਭਾਵ ਕਰਨਯੋਗ, ਕੋਈ ਇਹ ਮਿਹਰ ਕਰਨਯੋਗਾ ਨਹੀਂ)॥ ਹਰਿ  ! ਤੁਧੁ ਵਿਣੁ ਖਾਕੂ ਰੂਲਣਾ (ਖ਼ਾਕੂ ਰੂਲ਼ਣਾ); ਕਹੀਐ ਕਿਥੈ (ਕਿੱਥੇ) ਵੈਣ (ਭਾਵ ਵਚਨ, ਫ਼ਰਿਆਦ) ? ॥ ਨਾਨਕ ਕੀ ਬੇਨੰਤੀਆ (ਬੇਨੰਤੀ+ਆ); ਹਰਿ ਸੁਰ+ਜਨੁ ਦੇਖਾ (ਦੇਖਾਂ) ਨੈਣ ॥੧॥ ‘ਜੀਅ’ ਕੀ ਬਿਰਥਾ, ਸੋ ਸੁਣੇ ; ਹਰਿ ਸੰਮ੍ਰਿਥ (‘ਮ੍ਰਿ’ ’ਚ ਸਿਹਾਰੀ ‘ਰ’ ਨੂੰ ਹੈ) ਪੁਰਖੁ ਅਪਾਰੁ ॥ ਮਰਣਿ+ਜੀਵਣਿ ਆਰਾਧਣਾ ; ਸਭਨਾ ਕਾ ਆਧਾਰੁ ॥ ਸਸੁਰੈ+ਪੇਈਐ (ਸਹੁਰੇ+ਪੇਕੇ ’ਚ, ਜੀਵ ਇਸਤ੍ਰੀ), ਤਿਸੁ ਕੰਤ ਕੀ ; ਵਡਾ ਜਿਸੁ ਪਰਵਾਰੁ ॥ ਊਚਾ ਅਗਮ (ਅਗੰਮ) ਅਗਾਧਿ ਬੋਧ ; ਕਿਛੁ ਅੰਤੁ ਨ ਪਾਰਾਵਾਰੁ ॥ ਸੇਵਾ ਸਾ, ਤਿਸੁ ਭਾਵਸੀ (ਭਾਵ ਜੋ ਉਸ ਨੂੰ ਪਸੰਦ); ਸੰਤਾ (ਸੰਤਾਂ) ਕੀ ਹੋਇ ਛਾਰੁ (ਚਰਨ ਧੂੜ)॥ ਦੀਨਾ (ਦੀਨਾਂ ਦਾ) ਨਾਥ ਦੈਆਲ ਦੇਵ ; ਪਤਿਤ ਉਧਾਰਣਹਾਰੁ ॥ ਆਦਿ ਜੁਗਾਦੀ ਰਖਦਾ (ਰੱਖਦਾ) ; ਸਚੁ ਨਾਮੁ ਕਰਤਾਰੁ ॥ ਕੀਮਤਿ ਕੋਇ ਨ ਜਾਣਈ (ਜਾਣ+ਈ), ਕੋ ਨਾਹੀ (ਨਾਹੀਂ) ਤੋਲਣਹਾਰੁ ॥ ਮਨ ਤਨ ਅੰਤਰਿ ਵਸਿ ਰਹੇ ; ਨਾਨਕ  ! ਨਹੀ ਸੁਮਾਰੁ (ਨਹੀਂ ਸ਼ੁਮਾਰ)॥ ਦਿਨੁ ਰੈਣਿ, ਜਿ (ਜਿਹੜੇ) ਪ੍ਰਭ ਕੰਉ ਸੇਵਦੇ ; ਤਿਨ ਕੈ, ਸਦ ਬਲਿਹਾਰ ॥੨॥ ਸੰਤ ਅਰਾਧਨਿ ਸਦ ਸਦਾ ; ਸਭਨਾ ਕਾ ਬਖਸਿੰਦੁ (ਬਖ਼ਸ਼ਿੰਦ)॥ ਜੀਉ ਪਿੰਡੁ (ਭਾਵ ਜਿੰਦ ਤੇ ਸਰੀਰ), ਜਿਨਿ (ਜਿਨ੍) ਸਾਜਿਆ ; ਕਰਿ ਕਿਰਪਾ ਦਿਤੀਨੁ (ਉਸ ਨੇ ਦਿੱਤੀ) ਜਿੰਦੁ ॥ (ਉਸ ਨੂੰ) ਗੁਰ ਸਬਦੀ ਆਰਾਧੀਐ ; ਜਪੀਐ ਨਿਰਮਲ ਮੰਤੁ (ਉਪਦੇਸ਼)॥ ਕੀਮਤਿ ਕਹਣੁ ਨ ਜਾਈਐ ; ਪਰਮੇਸੁਰੁ (ਪਰਮੇਸ਼ੁਰ) ਬੇਅੰਤੁ ॥ ਜਿਸੁ ਮਨਿ ਵਸੈ ਨਰਾਇਣੋ ; ਸੋ ਕਹੀਐ ਭਗਵੰਤੁ (ਭਾਗਾਂ ਵਾਲ਼ਾ)॥ ‘ਜੀਅ’ ਕੀ ਲੋਚਾ ਪੂਰੀਐ (ਦਿਲ ਦੀ ਤਾਂਘ ਪੂਰੀ ਹੋ ਜਾਂਦੀ), ਮਿਲੈ ਸੁਆਮੀ ਕੰਤੁ ॥ ਨਾਨਕੁ ਜੀਵੈ, ਜਪਿ (ਕੇ) ਹਰੀ ; ਦੋਖ ਸਭੇ ਹੀ ਹੰਤੁ (ਨਾਸ) ॥ ਦਿਨੁ ਰੈਣਿ, ਜਿਸੁ ਨ ਵਿਸਰੈ ; ਸੋ, ਹਰਿਆ ਹੋਵੈ ਜੰਤੁ (ਜੀਵ)॥੩॥ ਸਰਬ ਕਲਾ ਪ੍ਰਭ ਪੂਰਣੋ ; ਮੰਞੁ ਨਿਮਾਣੀ ਥਾਉ (ਥਾਉਂ, ਭਾਵ ਮੇਰੀ ਨਿਮਾਣੀ ਦਾ ਵੀ ਆਸਰਾ)॥ ਹਰਿ ਓਟ ਗਹੀ, ਮਨ ਅੰਦਰੇ ; ਜਪਿ+ਜਪਿ (ਕੇ) ਜੀਵਾਂ ਨਾਉ (ਨਾਉਂ)॥ ਕਰਿ ਕਿਰਪਾ, ਪ੍ਰਭ  ! ਆਪਣੀ ; ਜਨ ਧੂੜੀ ਸੰਗਿ ਸਮਾਉ (ਸਮਾਉਂ)॥ ਜਿਉ ਤੂੰ ਰਾਖਹਿ (ਜਿਉਂ ਤੂੰ ਰਾਖਹਿਂ), ਤਿਉ ਰਹਾ (ਤਿਉਂ ਰਹਾਂ) ; ਤੇਰਾ ਦਿਤਾ ਪੈਨਾ ਖਾਉ (ਦਿੱਤਾ ਪੈਨ੍ਾ ਖਾਉਂ)॥ ਉਦਮੁ ਸੋਈ ਕਰਾਇ, ਪ੍ਰਭ  ! ਮਿਲਿ (ਕੇ) ਸਾਧੂ, ਗੁਣ ਗਾਉ (ਗਾਉਂ)॥ ਦੂਜੀ ਜਾਇ (ਜਗ੍ਹਾ) ਨ ਸੁਝਈ (ਸੁਝ+ਈ), ਕਿਥੈ ਕੂਕਣ ਜਾਉ (ਕਿੱਥੈ ਕੂਕਣ ਜਾਉਂ) ? ॥ ਅਗਿਆਨ ਬਿਨਾਸਨ, ਤਮ ਹਰਣ (ਹਨੇਰਾ ਮਿਟਾਉਣ ਵਾਲ਼ਾ) ; ਊਚੇ ਅਗਮ (ਅਗੰਮ) ਅਮਾਉ (ਭਾਵ ਅਮਾਪ, ਅਮਿੱਤ)॥ ਮਨੁ ਵਿਛੁੜਿਆ, ਹਰਿ  ! ਮੇਲੀਐ ; ਨਾਨਕ  ! ਏਹੁ ਸੁਆਉ (ਸੁਆਰਥ, ਮਨੋਰਥ)॥ ਸਰਬ ਕਲਿਆਣਾ, ਤਿਤੁ+ਦਿਨਿ (ਉਸ ਦਿਨ ’ਚ) ; ਹਰਿ  ! ਪਰਸੀ (ਪਰਸੀਂ, ਛੂਹਾਂ) ਗੁਰ ਕੇ ਪਾਉ ॥੪॥੧॥

(ਨੋਟ : ਉਕਤ ਚਾਰ ਬੰਦਾਂ ਵਾਲ਼ੇ ਸ਼ਬਦ ਦੇ ਪਹਿਲੇ ਤਿੰਨ ਬੰਦਾਂ ’ਚ ਤਿੰਨ ਵਾਰ ‘ਜੀਅ’ ਸ਼ਬਦ ਦਰਜ ਹੈ; ਜਿਵੇਂ ਕਿ 

(1). ਜੋ ‘ਜੀਅ’ (ਭਾਵ ਜੀਵ), ਹਰਿ ਤੇ (ਤੋਂ) ਵਿਛੁੜੇ ; ਸੇ, ਸੁਖਿ (’ਚ) ਨ ਵਸਨਿ, ਭੈਣ  ! ॥੧॥

(2). ‘ਜੀਅ’ ਕੀ ਬਿਰਥਾ, ਸੋ ਸੁਣੇ ; ਹਰਿ ਸੰਮ੍ਰਿਥ ਪੁਰਖੁ ਅਪਾਰੁ ॥੨॥

(3). ‘ਜੀਅ’ ਕੀ ਲੋਚਾ ਪੂਰੀਐ (ਦਿਲ ਦੀ ਤਾਂਘ ਪੂਰੀ ਹੋ ਜਾਂਦੀ), ਮਿਲੈ ਸੁਆਮੀ ਕੰਤੁ ॥੩॥

ਧਿਆਨ ਦੇਣ ਯੋਗ ਹੈ ਕਿ ਪਹਿਲੇ ਬੰਦ ’ਚ ‘ਜੀਅ’ ਨਾਲ਼ ਕੋਈ ਸਬੰਧਕੀ ‘ਕਾ, ਕੇ, ਕੀ, ਕੀਆ, ਦਾ, ਦੀ, ਬਿਨੁ, ਸੰਗਿ’ ਆਦਿ ਨਹੀਂ ਜਦਕਿ ਦੂਸਰੇ ਤੇ ਤੀਸਰੇ ਬੰਦ ’ਚ ‘ਜੀਅ ਕੀ’ ਭਾਵ ਸਬੰਧਕੀ ਸਮੇਤ ਹੈ। ਅਗਰ ਇਨ੍ਹਾਂ ਦੋਵੇਂ ਅੰਤਮ ਬੰਦਾਂ (1,2) ’ਚ ‘ਜੀਅ’ ਉਪਰੰਤ ‘ਕੀ’ ਨਾ ਹੁੰਦਾ ਤਾਂ ਇੱਥੇ ਸ਼ਬਦ ਬਣਤਰ ‘ਜੀਉ’ ਹੋਣੀ ਸੀ ਕਿਉਂਕਿ ਇਸ ਦਾ ਅਰਥ ਹੈ ‘ਜਿੰਦ, ਰੂਹ, ਆਤਮਾ’, ਜਦਕਿ ਨੰਬਰ ਇੱਕ ’ਚ ‘ਜੀਅ’ ਬਹੁ ਵਚਨ ਹੈ, ਜਿਸ ਦਾ ਅਰਥ ਹੈ ‘ਜੀਵ’(ਸਰੀਰ), ਨਾ ਕਿ ‘ਰੂਹ ਜਾਂ ਆਤਮਾ’। ਗੁਰਬਾਣੀ ’ਚ ‘ਜੀਅ’ ਸ਼ਬਦ 410 ਵਾਰ ਦਰਜ ਹੈ, ਜਿੱਥੇ ਸਬੰਧਕੀ ਚਿੰਨ੍ਹ ਨਾ ਹੋਵੇ ਉੱਥੇ ਅਰਥ ਹੁੰਦਾ ਹੈ ‘ਜੀਵ’ (ਬਹੁ ਵਚਨ)।

ਗੁਰਬਾਣੀ ਲਿਖਤ ਨਿਯਮ ਅਨੁਸਾਰ ਇੱਕ ਵਚਨ ਪੁਲਿੰਗ ਨਾਂਵ, ਜੋ ਅੰਤ ਔਕੜ ਹੁੰਦੇ ਹਨ, ‘ਨਾਮੁ, ਗੁਰੁ, ਪ੍ਰਭੁ, ਨਾਨਕੁ’ ਆਦਿ ਨਾਲ਼ ਸਬੰਧਕੀ ਚਿੰਨ੍ਹ ਆਇਆਂ ਇਹ ਸਭ ਸ਼ਬਦ ਅੰਤ ਮੁਕਤ ਹੋ ਜਾਂਦੇ ਹਨ, ਪਰ ਜਿਨ੍ਹਾਂ ਇੱਕ ਵਚਨ ਪੁਲਿੰਗ ਨਾਂਵ ਸ਼ਬਦਾਂ ਦੇ ਅੰਤ ’ਚ ‘ਉ’ ਹੋਵੇ; ਜਿਵੇਂ ਕਿ ‘ਭਉ (ਡਰ, 296 ਵਾਰ ਦਰਜ ਹੈ), ਭਾਉ (ਪਿਆਰ, 195 ਵਾਰ), ਜੀਉ (ਜਿੰਦ, 1462 ਵਾਰ, ਜਿਨ੍ਹਾਂ ’ਚ ਅਰਥ ‘ਜੀ’ ਸਤਿਕਾਰ ਵਜੋਂ ਵੀ ਹਨ)’ ਆਦਿ ਤਾਂ ਇਨ੍ਹਾਂ ਨਾਲ਼ ਸਬੰਧਕੀ ਚਿੰਨ੍ਹ (ਕਾ, ਕੇ, ਕੀ, ਕੀਆ, ਬਿਨੁ, ਸੰਗਿ, ਨਾਲਿ ਆਦਿ) ਆਇਆਂ ਇਨ੍ਹਾਂ ਦਾ ਅੰਤ ਔਕੜ ਨਹੀਂ ਹਟਦਾ ਕਿਉਂਕਿ ‘ਉ’ ਔਕੜ ਰਹਿਤ (ੳ) ਲਿਖਿਆ ਨਹੀਂ ਜਾਂਦਾ, ਇਸ ਲਈ ਇਨ੍ਹਾਂ ਦਾ ਸਰੂਪ ‘ਭਉ ਤੋਂ ਭੈ, ਭਾਉ ਤੋਂ ਭਾਵ, ਜੀਉ ਤੋਂ ਜੀਅ’ ਬਣ ਜਾਂਦਾ ਹੈ (ਧਿਆਨ ਰਹੇ ਕਿ ‘ਭੈ, ਭਾਵ, ਜੀਅ’ ਸ਼ਬਦ ਬਣਤਰ ਵੈਸੇ ਬਹੁ ਵਚਨ ਵਾਲ਼ੀ ਹੈ, ਪਰ ਸਬੰਧਕੀ ਸਮੇਤ ਨਿਯਮ ਦੌਰਾਨ ਇਹ ਇੱਕ ਵਚਨ ਹੀ ਰਹਿੰਦੇ ਹਨ); ਜਿਵੇਂ ਕਿ

‘ਭੈ ਕੇ’ ਚਰਣ, ਕਰ (ਭਾਵ ਹੱਥ) ‘ਭਾਵ ਕੇ’ (ਪਿਆਰ ਕੇ) ; ਲੋਇਣ ਸੁਰਤਿ ਕਰੇਇ ॥ (ਮ: ੨/੧੩੯) ਭਾਵ ਰੱਬੀ ਡਰ ਦੇ ਪੈਰ ਬਣਾ (ਹਰ ਸਮੇਂ ਰੱਬੀ ਡਰ ’ਚ ਰਹਿ), ਪਿਆਰ ਰੂਪ ਹੱਥ ਬਣਾ ਤੇ ਅਕਲ ਭਰਪੂਰ ਅੱਖਾਂ ਕਰ ਲੈ। 

‘ਭੈ ਕੀਆ’ ਦੇਹਿ ਸਲਾਈਆ ਨੈਣੀ; ‘ਭਾਵ ਕਾ’ (ਪਿਆਰ ਦਾ) ਕਰਿ ਸੀਗਾਰੋ ॥ (ਮ: ੧/੭੨੨)  (ਇਨ੍ਹਾਂ ਦੋਵੇਂ ਤੁਕਾਂ ’ਚ ‘ਭਉ’ ਤੋਂ ‘ਭੈ’ ਅਤੇ ‘ਭਾਉ’ ਤੋਂ ‘ਭਾਵ ਬਣ ਗਿਆ ਹੈ ਕਿਉਂਕਿ ਸਬੰਧਕੀ ਚਿੰਨ੍ਹ ਵੀ ਹਨ।)

ਤੋਸਾ ਬੰਧਹੁ ‘ਜੀਅ ਕਾ’; ਐਥੈ ਓਥੈ ਨਾਲਿ ॥ (ਮ: ੫/੪੯) (ਜੀਉ ਤੋਂ ‘ਜੀਅ’ ਕਿਉਂਕਿ ‘ਕੀ’ ਆ ਗਿਆ।)

ਤਿਉ ਸਤਿਗੁਰ (ਕੀ ਤੇ) ਸਿਖ (ਸਿੱਖਾਂ ਕੀ) ਪ੍ਰੀਤਿ ਹਰਿ ਹਰਿ ਕੀ; ਗੁਰੁ, ਸਿਖ (ਸਿੱਖਾਂ ਨੂੰ) ਰਖੈ ‘ਜੀਅ ਨਾਲੀ’ (ਜਿੰਦ ਨਾਲ਼, ਜੀਉ ਤੋਂ ਜੀਅ) ॥ (ਮ: ੪/੧੬੮)

ਗੁਰ ਕਾ ਬਚਨੁ; ‘ਜੀਅ ਕੈ ਸੰਗਿ’ (ਜਿੰਦ ਦੇ ਨਾਲ਼, ਜੀਉ ਤੋਂ ਜੀਅ)॥ (ਮ: ੫/੧੭੭)

ਸਤਿਗੁਰ ਕੇ ‘ਜੀਅ ਕੀ’ ਸਾਰ (ਦਿਲ ਦੀ ਸੀਮਾ, ਜੀਉ ਤੋਂ ਜੀਅ) ਨ ਜਾਪੈ; ਕਿ ਪੂਰੈ ਸਤਿਗੁਰ ਭਾਵੈ  ?॥ (ਮ: ੪/੩੧੭)

ਦਇਆ ਜਾਣੈ ‘ਜੀਅ ਕੀ’ (ਦਿਲ ਦੀ, ਜੀਉ ਤੋਂ ਜੀਅ); ਕਿਛੁ ਪੁੰਨੁ ਦਾਨੁ ਕਰੇਇ ॥ (ਮ: ੧/੪੬੮)

ਏਹੁ ਜਨੇਊ ‘ਜੀਅ ਕਾ’ (ਰੂਹ ਦਾ, ਜੀਉ ਤੋਂ ਜੀਅ); ਹਈ, ਤ ਪਾਡੇ  ! ਘਤੁ ॥ (ਮ: ੧/੪੭੧)

ਇਹ ਵੀ ਧਿਆਨ ਰਹੇ ਕਿ ਹੇਠਲੀ ਤੁਕ ’ਚ ਸਬੰਧਕੀ ਚਿੰਨ੍ਹ ਨਾ ਆਉਣ ਕਾਰਨ ਇਸ ਦੇ ਅਰਥ ਉਕਤ ਵਾਲ਼ੇ ਨਹੀਂ ਰਹਿਣਗੇ; ਜਿਵੇਂ ਕਿ

ਨਾਨਕ  ! ‘ਜੀਅ’ (ਜੀਵ) ਉਪਾਇ ਕੈ; ਲਿਖਿ ਨਾਵੈ ਧਰਮੁ ਬਹਾਲਿਆ ॥ (ਮ: ੧/੪੬੩) (ਇੱਥੇ ਜੀਉ ਤੋਂ ਜੀਅ ਨਹੀਂ ਬਣਿਆ)

‘ਜੀਅ ਜੰਤ’ ਸਭਿ ਤੇਰਾ ਖੇਲੁ ॥ (ਸੋ ਪੁਰਖੁ ਆਸਾ/ਮ: ੪/੧੧) (ਇੱਥੇ ਜੀਉ ਤੋਂ ਜੀਅ ਨਹੀਂ ਬਣਿਆ)

ਸੁਨਹੁ ਬਿਨੰਤੀ ਠਾਕੁਰ ਮੇਰੇ  ! ‘ਜੀਅ ਜੰਤ’ ਤੇਰੇ ਧਾਰੇ ॥ (ਮ: ੫/੬੩੧) (ਇੱਥੇ ਜੀਉ ਤੋਂ ਜੀਅ ਨਹੀਂ ਬਣਿਆ)

ਉਕਤ ਅੰਤਮ ਦੋਵੇਂ ਤੁਕਾਂ ’ਚ ‘ਜੀਅ’ ਦੇ ਨਾਲ਼ ‘ਜੰਤ’ ਅੰਤ ਮੁਕਤ ਬਹੁ ਵਚਨ ਦਾ ਸੂਚਕ ਵੀ ਹੈ, ਇਸ ਲਈ ‘ਜੀਅ’ ਇੱਕ ਵਚਨ ਕਿਵੇਂ ਹੋ ਸਕਦਾ ਹੈ ?  ਭਾਵ ਸਬੰਧਕੀ ਰਹਿਤ ‘ਜੀਅ’ ਸਰੂਪ ਸਦਾ ਬਹੁ ਵਚਨ ਹੀ ਹੁੰਦਾ ਹੈ।)

ੴ  ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

ਵਾਰ, ਮਾਝ ਕੀ ‘ਤਥਾ’ (ਭਾਵ ਅਤੇ) ਸਲੋਕ, ਮਹਲਾ ੧

ਮਲਕ ਮੁਰੀਦ ‘ਤਥਾ’ (ਅਤੇ) ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥

(ਨੋਟ: ਉਕਤ ਸਿਰਲੇਖ ’ਚ ਦੋ ਵਾਰ ਦਰਜ ਹੋਣ ਤੋਂ ਇਲਾਵਾ ਗੁਰਬਾਣੀ ’ਚ ‘ਤਥਾ’ ਸ਼ਬਦ 8 ਵਾਰ ਦਰਜ ਹੈ, ਜਿਨ੍ਹਾਂ ’ਚੋਂ ਸਿਰਲੇਖ ’ਚ ਦਰਜ 6 ਵਾਰ ਦਾ ਅਰਥ ‘ਅਤੇ’ ਹੈ ਅਤੇ 2 ਵਾਰ ਗੁਰਬਾਣੀ ਤੁਕ ’ਚ ਇਸ ਦਾ ਅਰਥ ‘ਤਿਵੇਂ/ਇਸੇ ਤਰ੍ਹਾਂ’ ਹੈ; ਜਿਵੇਂ ਕਿ

ਵਾਰ ਮਾਝ ਕੀ ‘ਤਥਾ’ ਸਲੋਕ, ਮਹਲਾ ੧

ਮਲਕ ਮੁਰੀਦ ‘ਤਥਾ’ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥ (ਮ: ੧/੧੩੭)

ਬਾਈਸ ਚਉਪਦੇ ‘ਤਥਾ’ ਪੰਚਪਦੇ

ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ‘ਤਥਾ’ ਸਭਨਾ ਭਗਤਾ ਕੀ ॥ ਕਬੀਰ ਕੇ (ਭਗਤ ਕਬੀਰ ਜੀ/੪੮੧)

ਰਾਮਕਲੀ ਕੀ ਵਾਰ ਰਾਇ ਬਲਵੰਡਿ ‘ਤਥਾ’ ਸਤੈ ਡੂਮਿ ਆਖੀ (ਸਤਾ ਬਲਵੰਡ/੯੬੬)

ਰਾਣੇ ਕੈਲਾਸ ‘ਤਥਾ’ ਮਾਲਦੇ ਕੀ ਧੁਨਿ ॥ (ਮ: ੧/੧੨੭੮)   (ਪਰ ਅਗਾਂਹ ‘ਤਥਾ’ ਦਾ ਅਰਥ ਹੈ ‘ਤਿਉਂ, ਤਿਵੇਂ’)

(ਜਿਵੇਂ) ਪਿਰ ਸੇਤੀ ਧਨ (ਇਸਤ੍ਰੀ) ਪ੍ਰੇਮੁ ਰਚਾਏ ॥ (ਭਗਤ) ਗੁਰ ਕੈ ਸਬਦਿ ‘ਤਥਾ’ (ਤਿਵੇਂ) ਚਿਤੁ ਲਾਏ ॥ (ਮ: ੧/੯੯੩)

ਆਵਧ ਹੀਣੰ ਜਥਾ ਸੂਰਾ (ਸ਼ਸਤਰ ਤੋਂ ਬਿਨਾਂ ਜਿਵੇਂ ਸੂਰਮਾ), ਨਾਨਕ  ! ਧਰਮ ਹੀਣੰ ‘ਤਥਾ’ (ਤਿਵੇਂ) ਬੈਸ੍ਨਵਹ ॥ ਮ: ੫/੧੩੫੯)

ਸਲੋਕੁ, ਮ : ੧ ॥ ਗੁਰੁ ਦਾਤਾ, ਗੁਰੁ ਹਿਵੈ ਘਰੁ ; ਗੁਰੁ ਦੀਪਕੁ ਤਿਹ (ਤਿਹਂ) ਲੋਇ (ਭਾਵ ਤਿੰਨੇ ਲੋਕਾਂ ’ਚ)॥ ਅਮਰ ਪਦਾਰਥੁ, ਨਾਨਕਾ  ! ਮਨਿ+ਮਾਨਿਐ (ਨਾਲ਼), ਸੁਖੁ ਹੋਇ ॥੧॥ ਮ : ੧ ॥ ਪਹਿਲੈ (ਉਮਰ ਦੇ ਪਹਿਲੇ ਪੜਾਅ ’ਚ, ਬਚਪਨ ’ਚ), ਪਿਆਰਿ ਲਗਾ ਥਣ ਦੁਧਿ ॥ ਦੂਜੈ (’ਚ), ਮਾਇ ਬਾਪ ਕੀ ਸੁਧਿ ॥ ਤੀਜੈ (’ਚ), ਭਯਾ (ਭਈਆ) ਭਾਭੀ ਬੇਬ (ਭਾਵ ਬੇਬੇ)॥ ਚਉਥੈ (’ਚ), ਪਿਆਰਿ ਉਪੰਨੀ ਖੇਡ ॥ ਪੰਜਵੈ (ਪੰਜਵੈਂ ’ਚ), ਖਾਣ ਪੀਅਣ ਕੀ ਧਾਤੁ ॥ ਛਿਵੈ (ਛਿਵੈਂ ’ਚ), ਕਾਮੁ ਨ ਪੁਛੈ ਜਾਤਿ ॥ ਸਤਵੈ (ਸਤਵੈਂ ’ਚ), ਸੰਜਿ (ਮਾਯਾ ਇਕੱਠੀ ਕਰ ਕੇ) ਕੀਆ ਘਰ ਵਾਸੁ ॥ ਅਠਵੈ (ਅਠਵੈਂ ’ਚ), ਕ੍ਰੋਧੁ ਹੋਆ ਤਨ ਨਾਸੁ ॥ ਨਾਵੈ (ਨਾਵੈਂ ’ਚ), ਧਉਲੇ ਉਭੇ ਸਾਹ ॥ ਦਸਵੈ (ਦਸਵੈਂ ’ਚ), ਦਧਾ (ਸੜ) ਹੋਆ ਸੁਆਹ ॥ ਗਏ ਸਿਗੀਤ (ਸਾਥੀ), ਪੁਕਾਰੀ ਧਾਹ ॥ ਉਡਿਆ ਹੰਸੁ (ਰੂਹ, ਆਤਮਾ), ਦਸਾਏ ਰਾਹ ॥ ਆਇਆ ਗਇਆ, ਮੁਇਆ ਨਾਉ (ਨਾਉਂ)॥ ਪਿਛੈ, ਪਤਲਿ ਸਦਿਹੁ ਕਾਵ (ਕਾਂਵ)॥ ਨਾਨਕ  ! ਮਨਮੁਖਿ ਅੰਧੁ ਪਿਆਰੁ ॥ ਬਾਝੁ ਗੁਰੂ, ਡੁਬਾ ਸੰਸਾਰੁ ॥੨॥ ਮ : ੧ ॥ ਦਸ ਬਾਲਤਣਿ (10 ਸਾਲ ਦਾ ਬੱਚਾ), ਬੀਸ ਰਵਣਿ (20 ਦਾ ਕਾਮੀ) ; ਤੀਸਾ (ਤੀਸਾਂ) ਕਾ ਸੁੰਦਰੁ ਕਹਾਵੈ ॥ ਚਾਲੀਸੀ (ਚਾਲੀਸੀਂ) ਪੁਰੁ (ਭਰ ਜੁਆਨ) ਹੋਇ, ਪਚਾਸੀ (ਪਚਾਸੀਂ) ਪਗੁ ਖਿਸੈ ; ਸਠੀ (ਸੱਠੀਂ) ਕੇ ਬੋਢੇਪਾ ਆਵੈ ॥ ਸਤਰਿ ਕਾ ਮਤਿਹੀਣੁ, ਅਸੀਹਾਂ ਕਾ ਵਿਉਹਾਰੁ ਨ ਪਾਵੈ ॥ ਨਵੈ (ਨੱਵੈਂ) ਕਾ ਸਿਹਜਾਸਣੀ (ਸਿਹਜਾੱਸਣੀ, ਕੇਵਲ ਮੰਜੇ ਤੱਕ), ਮੂਲਿ ਨ ਜਾਣੈ ਅਪ ਬਲੁ (ਨਿੱਜੀ ਜੋਸ਼)॥ ਢੰਢੋਲਿਮੁ ਢੂਢਿਮੁ ਡਿਠੁ ਮੈ ; ਨਾਨਕ  ! ਜਗੁ ਧੂਏ (ਧੂਏਂ) ਕਾ ਧਵਲਹਰੁ (ਸਫ਼ੈਦ ਘਰ)॥੩॥ ਪਉੜੀ ॥ ਤੂੰ ਕਰਤਾ ਪੁਰਖੁ ਅਗੰਮੁ ਹੈ (ਹੈਂ); ਆਪਿ ਸ੍ਰਿਸਟਿ (ਸ੍ਰਿਸ਼ਟਿ) ਉਪਾਤੀ ॥ ਰੰਗ ਪਰੰਗ ਉਪਾਰਜਨਾ  ; ਬਹੁ ਬਹੁ ਬਿਧਿ ਭਾਤੀ (ਭਾਂਤੀ) ॥ ਤੂੰ ਜਾਣਹਿ (ਜਾਣਹਿਂ), ਜਿਨਿ (ਜਿਨ੍) ਉਪਾਈਐ ; ਸਭੁ ਖੇਲੁ ਤੁਮਾਤੀ (ਤੁਮ੍ਹਾਤੀ) ॥ ਇਕਿ ਆਵਹਿ (ਆਵਹਿਂ), ਇਕਿ ਜਾਹਿ ਉਠਿ (ਜਾਹਿਂ ਉੱਠ) ; ਬਿਨੁ ਨਾਵੈ (ਨਾਵੈਂ), ਮਰਿ ਜਾਤੀ ॥ ਗੁਰਮੁਖਿ ਰੰਗਿ ਚਲੂਲਿਆ ; ਰੰਗਿ ਹਰਿ ਰੰਗਿ ਰਾਤੀ (ਰਾੱਤੀ)॥ ਸੋ ਸੇਵਹੁ ਸਤਿ ਨਿਰੰਜਨੋ ; ਹਰਿ ਪੁਰਖੁ ਬਿਧਾਤੀ ॥ ਤੂੰ ਆਪੇ ਆਪਿ ਸੁਜਾਣੁ ਹੈ (ਹੈਂ); ਵਡ ਪੁਰਖੁ ਵਡਾਤੀ ॥ ਜੋ ਮਨਿ+ਚਿਤਿ (ਤੋਂ), ਤੁਧੁ ਧਿਆਇਦੇ (ਧਿਆਇੰਦੇ); ਮੇਰੇ ਸਚਿਆ  ! ਬਲਿ ਬਲਿ ਹਉ ਤਿਨ (ਹਉਂ ਤਿਨ੍) ਜਾਤੀ ॥੧॥ ਸਲੋਕ, ਮ : ੧ ॥ ਜੀਉ ਪਾਇ (ਕੇ), ਤਨੁ ਸਾਜਿਆ ; ਰਖਿਆ ਬਣਤ ਬਣਾਇ (ਕੇ)॥ ਅਖੀ (ਅੱਖੀਂ) ਦੇਖੈ, ਜਿਹਵਾ ਬੋਲੈ ; ਕੰਨੀ (ਕੰਨੀਂ) ਸੁਰਤਿ ਸਮਾਇ ॥ ਪੈਰੀ ਚਲੈ (ਪੈਰੀਂ ਚੱਲੈ), ਹਥੀ (ਹੱਥੀਂ) ਕਰਣਾ ; ਦਿਤਾ ਪੈਨੈ ਖਾਇ (ਦਿੱਤਾ ਪੈਨ੍ਹੈ ਖਾਇ) ॥ ਜਿਨਿ (ਜਿਨ੍) ਰਚਿ ਰਚਿਆ, ਤਿਸਹਿ (ਤਿਸੈ) ਨ ਜਾਣੈ ; ਅੰਧਾ ਅੰਧੁ ਕਮਾਇ ॥ ਜਾ (ਜਾਂ) ਭਜੈ, ਤਾ (ਤਾਂ) ਠੀਕਰੁ ਹੋਵੈ ; ਘਾੜਤ ਘੜੀ ਨ ਜਾਇ ॥ ਨਾਨਕ  ! ਗੁਰ ਬਿਨੁ ਨਾਹਿ (ਨਾਹਿਂ) ਪਤਿ ; ਪਤਿ ਵਿਣੁ, ਪਾਰਿ ਨ ਪਾਇ ॥੧॥ ਮ : ੨ ॥ ਦੇਂਦੇ ਥਾਵਹੁ (ਭਾਵ ਦਾਤਾਰ ਨਾਲੋਂ), ਦਿਤਾ (ਦਿੱਤਾ, ਪਦਾਰਥ) ਚੰਗਾ ; ਮਨਮੁਖਿ ਐਸਾ ਜਾਣੀਐ ॥ ਸੁਰਤਿ ਮਤਿ ਚਤੁਰਾਈ ਤਾ ਕੀ ; ਕਿਆ ਕਰਿ, ਆਖਿ ਵਖਾਣੀਐ  ?॥ ਅੰਤਰਿ ਬਹਿ ਕੈ ਕਰਮ ਕਮਾਵੈ ; ਸੋ, ਚਹੁ ਕੁੰਡੀ (ਚਹੁਂ ਕੁੰਡੀਂ) ਜਾਣੀਐ ॥ ਜੋ ਧਰਮੁ ਕਮਾਵੈ, ਤਿਸੁ ਧਰਮ ਨਾਉ (ਨਾਉਂ) ਹੋਵੈ ; ਪਾਪਿ ਕਮਾਣੈ, ਪਾਪੀ ਜਾਣੀਐ ॥ ਤੂੰ ਆਪੇ ਖੇਲ ਕਰਹਿ (ਕਰਹਿਂ) ਸਭਿ, ਕਰਤੇ  !  ਕਿਆ ਦੂਜਾ ਆਖਿ ਵਖਾਣੀਐ  ? ॥ ਜਿਚਰੁ ਤੇਰੀ ਜੋਤਿ, ਤਿਚਰੁ ਜੋਤੀ ਵਿਚਿ ਤੂੰ ਬੋਲਹਿ (ਬੋਲਹਿਂ) ; ਵਿਣੁ ਜੋਤੀ, ਕੋਈ ਕਿਛੁ ਕਰਿਹੁ ਦਿਖਾ (ਕਰ ਕੇ ਦਿਖਾਵੇ) ? ਸਿਆਣੀਐ ॥ ਨਾਨਕ  ! ਗੁਰਮੁਖਿ ਨਦਰੀ ਆਇਆ ; ਹਰਿ ਇਕੋ ਸੁਘੜੁ (ਸੁ+ਘੜ) ਸੁਜਾਣੀਐ ॥੨॥ ਪਉੜੀ ॥ ਤੁਧੁ ਆਪੇ ਜਗਤੁ ਉਪਾਇ ਕੈ ; ਤੁਧੁ ਆਪੇ ਧੰਧੈ (’ਚ) ਲਾਇਆ ॥ ਮੋਹ ਠਗਉਲੀ ਪਾਇ ਕੈ ; ਤੁਧੁ ਆਪਹੁ (ਆਪਹੁਂ, ਆਪਣੇ ਆਪ ਤੋਂ) ਜਗਤੁ ਖੁਆਇਆ (ਭਾਵ ਕੁਰਾਹੇ ਪਾਇਆ)॥ ਤਿਸਨਾ (ਤਿਸ਼ਨਾ), ਅੰਦਰਿ ਅਗਨਿ ਹੈ ; ਨਹ ਤਿਪਤੈ, ਭੁਖਾ ਤਿਹਾਇਆ ॥ ਸਹਸਾ ਇਹੁ (ਇਹ) ਸੰਸਾਰੁ ਹੈ ; ਮਰਿ (ਕੇ) ਜੰਮੈ ਆਇਆ ਜਾਇਆ ॥ ਬਿਨੁ ਸਤਿਗੁਰ, ਮੋਹੁ (ਮੋਹ) ਨ ਤੁਟਈ (ਤੁਟ+ਈ) ; ਸਭਿ ਥਕੇ ਕਰਮ ਕਮਾਇਆ ॥ ਗੁਰਮਤੀ ਨਾਮੁ ਧਿਆਈਐ ; ਸੁਖਿ (ਨਾਲ਼) ਰਜਾ (ਰੱਜਾਂ), ਜਾ (ਜਾਂ) ਤੁਧੁ ਭਾਇਆ ॥ ਕੁਲੁ ਉਧਾਰੇ ਆਪਣਾ ; ਧੰਨੁ ਜਣੇਦੀ ਮਾਇਆ (ਮਾਂ)॥ ਸੋਭਾ (ਸ਼ੋਭਾ) ਸੁਰਤਿ ਸੁਹਾਵਣੀ ; ਜਿਨਿ (ਜਿਨ੍), ਹਰਿ ਸੇਤੀ ਚਿਤੁ ਲਾਇਆ ॥੨॥ ਸਲੋਕੁ, ਮ : ੨ ॥ ਅਖੀ (ਅੱਖੀਂ) ਬਾਝਹੁ ਵੇਖਣਾ ; ਵਿਣੁ ਕੰਨਾ (ਕੰਨਾਂ) ਸੁਨਣਾ ॥ ਪੈਰਾ (ਪੈਰਾਂ) ਬਾਝਹੁ ਚਲਣਾ ; ਵਿਣੁ ਹਥਾ (ਹੱਥਾਂ) ਕਰਣਾ ॥ ਜੀਭੈ ਬਾਝਹੁ ਬੋਲਣਾ ; ਇਉ (ਇਉਂ), ਜੀਵਤ ਮਰਣਾ ॥ ਨਾਨਕ  ! ਹੁਕਮੁ ਪਛਾਣਿ ਕੈ ; ਤਉ ਖਸਮੈ (ਨੂੰ) ਮਿਲਣਾ ॥੧॥ ਮ : ੨ ॥ ਦਿਸੈ, ਸੁਣੀਐ, ਜਾਣੀਐ ; ਸਾਉ (ਭਾਵ ਸੁਆਦ) ਨ ਪਾਇਆ ਜਾਇ ॥ ਰੁਹਲਾ (ਲੂਲ੍ਹਾ) ਟੁੰਡਾ ਅੰਧੁਲਾ ; ਕਿਉ (ਕਿਉਂ) ਗਲਿ (ਨਾਲ਼) ਲਗੈ ਧਾਇ (ਦੌੜ ਕੇ) ? ॥ ‘ਭੈ ਕੇ’ ਚਰਣ, ਕਰ (ਭਾਵ ਹੱਥ) ‘ਭਾਵ ਕੇ’ ; ਲੋਇਣ ਸੁਰਤਿ ਕਰੇਇ (ਕਰੇ+ਇ)॥ ਨਾਨਕੁ ਕਹੈ ਸਿਆਣੀਏ ! ਇਵ, ਕੰਤ ਮਿਲਾਵਾ ਹੋਇ ॥੨॥ ਪਉੜੀ ॥ ਸਦਾ ਸਦਾ ਤੂੰ ਏਕੁ ਹੈ (ਹੈਂ); ਤੁਧੁ, ਦੂਜਾ ਖੇਲੁ ਰਚਾਇਆ ॥ ਹਉਮੈ ਗਰਬੁ ਉਪਾਇ ਕੈ ; ਲੋਭੁ, ਅੰਤਰਿ ਜੰਤਾ (ਜੰਤਾਂ) ਪਾਇਆ ॥ ਜਿਉ (ਜਿਉਂ) ਭਾਵੈ, ਤਿਉ ਰਖੁ ਤੂ (ਤਿਉਂ ਰੱਖ ਤੂੰ); ਸਭ ਕਰੇ, ਤੇਰਾ ਕਰਾਇਆ ॥ ਇਕਨਾ ਬਖਸਹਿ ਮੇਲਿ ਲੈਹਿ (ਇਕਨ੍ਾ ਬਖ਼ਸ਼ਹਿਂ ਮੇਲ ਲੈਹਿਂ) ; ਗੁਰਮਤੀ ਤੁਧੈ (ਨੇ) ਲਾਇਆ ॥ ਇਕਿ, ਖੜੇ ਕਰਹਿ (ਖੜ੍ਹੇ ਕਰਹਿਂ) ਤੇਰੀ ਚਾਕਰੀ ; ਵਿਣੁ ਨਾਵੈ (ਨਾਵੈਂ), ਹੋਰੁ ਨ ਭਾਇਆ ॥ ਹੋਰੁ ਕਾਰ ਵੇਕਾਰ ਹੈ ; ਇਕਿ, ਸਚੀ ਕਾਰੈ (’ਚ) ਲਾਇਆ ॥ ਪੁਤੁ ਕਲਤੁ ਕੁਟੰਬੁ ਹੈ ; ਇਕਿ ਅਲਿਪਤੁ (ਅ+ਲਿਪਤ) ਰਹੇ, ਜੋ ਤੁਧੁ ਭਾਇਆ ॥ ਓਹਿ ਅੰਦਰਹੁ ਬਾਹਰਹੁ (ਓਹ ਅੰਦਰੋਂ ਬਾਹਰੋਂ) ਨਿਰਮਲੇ ; ਸਚੈ+ਨਾਇ (’ਚ) ਸਮਾਇਆ ॥੩॥ ਸਲੋਕੁ, ਮ : ੧ ॥ ਸੁਇਨੇ ਕੈ ਪਰਬਤਿ ਗੁਫਾ ਕਰੀ (ਗੁਫ਼ਾ ਕਰੀਂ, ਕਰਾਂ) ਕੈ (ਭਾਵ ਜਾਂ) ਪਾਣੀ ਪਇਆਲਿ (’ਚ, ਨਿਵਾਸ) ॥ ਕੈ (ਜਾਂ) ਵਿਚਿ ਧਰਤੀ, ਕੈ ਆਕਾਸੀ (ਆਕਾਸ਼ੀਂ); ਉਰਧਿ ਰਹਾ (ਰਹਾਂ, ਉਲਟਾ ਰਹਾਂ), ਸਿਰਿ ਭਾਰਿ (ਹੋ ਕੇ) ॥ ਪੁਰੁ ਕਰਿ (ਭਾਵ ਪੂਰਨ ਤੌਰ ’ਤੇ) ਕਾਇਆ ਕਪੜੁ ਪਹਿਰਾ (ਕਾਇਆਂ ਕੱਪੜ ਪਹਿਰਾਂ ਭਾਵ ਨੰਗਾ ਰਹਾਂ/ਸਰੀਰ ਨੂੰ ਹੀ ਕੱਪੜਾ ਮੰਨ ਲਵਾਂ) ; ਧੋਵਾ (ਧੋਵਾਂ) ਸਦਾ ਕਾਰਿ (ਭਾਵ ਸਦਾ ਹੀ)॥ ਬਗਾ, ਰਤਾ, ਪੀਅਲਾ, ਕਾਲਾ (ਬੱਗਾ, ਰੱਤਾ, ਪੀਅਲ਼ਾ, ਕਾਲ਼ਾ); ਬੇਦਾ ਕਰੀ ਪੁਕਾਰ (ਬੇਦਾਂ ਕਰੀਂ ਪੁਕਾਰ)॥ ਹੋਇ ਕੁਚੀਲੁ, ਰਹਾ ਮਲੁ (ਰਹਾਂ ਮਲ਼) ਧਾਰੀ ; ਦੁਰਮਤਿ ਮਤਿ ਵਿਕਾਰ ॥ ਨਾ ਹਉ (ਹਉਂ), ਨਾ ਮੈ (ਮੈਂ), ਨਾ ਹਉ ਹੋਵਾ (ਹਉਂ ਹੋਵਾਂ) ; ਨਾਨਕ  ! ਸਬਦੁ ਵੀਚਾਰਿ ॥੧॥ ਮ : ੧ ॥ ਵਸਤ੍ਰ ਪਖਾਲਿ, ਪਖਾਲੇ ਕਾਇਆ (ਕਾਇਆਂ) ; ਆਪੇ ਸੰਜਮਿ ਹੋਵੈ ॥ ਅੰਤਰਿ ਮੈਲੁ (ਮੈਲ਼) ਲਗੀ, ਨਹੀ (ਨਹੀਂ) ਜਾਣੈ ; ਬਾਹਰਹੁ ਮਲਿ ਮਲਿ (ਬਾਹਰੋਂ ਮਲ਼ ਮਲ਼) ਧੋਵੈ ॥ ਅੰਧਾ, ਭੂਲਿ ਪਇਆ ਜਮ ਜਾਲੇ ॥ ਵਸਤੁ ਪਰਾਈ ਅਪੁਨੀ ਕਰਿ ਜਾਨੈ ; ਹਉਮੈ ਵਿਚਿ ਦੁਖੁ ਘਾਲੇ ॥ ਨਾਨਕ  ! ਗੁਰਮੁਖਿ ਹਉਮੈ ਤੁਟੈ ; ਤਾ (ਤਾਂ), ਹਰਿ ਹਰਿ ਨਾਮੁ ਧਿਆਵੈ ॥ ਨਾਮੁ ਜਪੇ, ਨਾਮੋ ਆਰਾਧੇ ; ਨਾਮੇ ਸੁਖਿ (’ਚ) ਸਮਾਵੈ ॥੨॥ ਪਵੜੀ ॥ ਕਾਇਆ (ਕਾਇਆਂ) ਹੰਸਿ (ਭਾਵ ਆਤਮਾ) ਸੰਜੋਗੁ, ਮੇਲਿ ਮਿਲਾਇਆ ॥ ਤਿਨ (ਤਿਨ੍) ਹੀ ਕੀਆ ਵਿਜੋਗੁ (ਭਾਵ ਮੌਤ/ ਆਤਮਾ ਤੇ ਸਰੀਰ ਦਾ ਵਿਛੋੜਾ), ਜਿਨਿ (ਜਿਨ੍) ਉਪਾਇਆ ॥ ਮੂਰਖੁ ਭੋਗੇ ਭੋਗੁ, ਦੁਖ ਸਬਾਇਆ (ਭਾਵ ਸਾਰੇ ਹੀ)॥ ਸੁਖਹੁ ਉਠੇ ਰੋਗ (ਸੁਖੋਂ ਉੱਠੇ ਰੋਗ), ਪਾਪ ਕਮਾਇਆ ॥ ਹਰਖਹੁ (ਹਰਖੋਂ, ਭਾਵ ਖ਼ੁਸ਼ੀ ਤੋਂ) ਸੋਗੁ ਵਿਜੋਗੁ, ਉਪਾਇ ਖਪਾਇਆ ॥ ਮੂਰਖ ਗਣਤ ਗਣਾਇ; ਝਗੜਾ ਪਾਇਆ ॥ ਸਤਿਗੁਰ ਹਥਿ (’ਚ) ਨਿਬੇੜੁ, ਝਗੜੁ ਚੁਕਾਇਆ ॥ ਕਰਤਾ ਕਰੇ, ਸੁ ਹੋਗੁ ; ਨ ਚਲੈ ਚਲਾਇਆ ॥੪॥

ਕਬਿੱਤ ਨੰਬਰ 17 (ਭਾਈ ਗੁਰਦਾਸ ਜੀ)

0

ਕਬਿੱਤ ਨੰਬਰ 17 (ਭਾਈ ਗੁਰਦਾਸ ਜੀ)

ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸਰਨ ਕੈ ।

ਲੋਚਨ ਅਮੋਲ ਗੁਰ ਦਰਸ ਅਮੋਲ ਦੇਖੇ, ਸ੍ਰਵਨ ਅਮੋਲ ਗੁਰ ਬਚਨ ਧਰਨ ਕੈ ।

ਨਾਸਕਾ ਅਮੋਲ ਚਰਨਾਰਬਿੰਦ ਬਾਸਨਾ ਕੈ, ਰਸਨਾ ਅਮੋਲ ਗੁਰ ਮੰਤ੍ਰ ਸਿਮਰਨ ਕੈ ॥

ਹਸਤ ਅਮੋਲ ਗੁਰਦੇਵ ਸੇਵ ਕੈ ਸਫਲ, ਚਰਨ ਅਮੋਲ ਪਰਦਛਨਾ ਕਰਨ ਕੈ ॥੧੭॥

ਸ਼ਬਦ ਅਰਥ: ਚਿਰੰਕਾਲ=ਚਿਰ ਮਗਰੋਂ।, ਲੋਚਨ=ਅੱਖਾਂ।, ਸ੍ਰਵਨ=ਕੰਨ।, ਅਮੋਲ=ਜਿਸ ਦੀ ਕੀਮਤ ਨਾ ਆਂਕੀ ਜਾ ਸਕੇ।, ਨਾਸਕ=ਨੱਕ।, ਚਰਨਾਰਬਿੰਦ=ਚਰਨਾਂ ਦੀ ਸੁਗੰਧ।, ਗੁਰ ਮੰਤ੍ਰ=ਗੁਰ ਉਪਦੇਸ਼।, ਹਸਤ=ਹੱਥ।, ਪਰਦਛਨਾ=ਪਰਿਕਰਮਾ।

ਅਰਥ:  ਮਨੁੱਖਾ ਜਨਮ ਬੜੀ ਮੁੱਦਤ ਬਾਅਦ ਬਗ਼ੈਰ ਕਿਸੇ ਕੀਮਤ ਤੋਂ ਪ੍ਰਾਪਤ ਹੋਇਆ ਹੈ। ਇਹ ਤਾਂ ਹੀ ਸਫਲ ਹੋ ਸਕਦਾ ਜੇਕਰ ਗੁਰੂ ਦੀ ਸ਼ਰਨ ਵਿੱਚ ਆ ਜਾਈਏ।  ਅੱਖਾਂ, ਜੋ ਬਹੁ ਕੀਮਤੀ ਹਨ, ਦੀ ਸਫਲਤਾ ਇਸੇ ਵਿੱਚ ਹੈ ਕਿ ਇਹ ਗੁਰੂ ਦਾ ਦਰਸ਼ਨ ਕਰਨ।  ਗੁਰੂ ਬਚਨਾਂ ਨੂੰ ਕੰਨਾਂ ਨਾਲ ਸੁਣ ਕੇ ਅਗਰ ਆਪਣੇ ਅੰਦਰ ਵਸਾਇਆ ਜਾਏ ਤਾਂ ਹੀ ਕੰਨਾਂ ਦਾ ਹੋਣਾ ਸਾਰਥਿਕ ਮੰਨਿਆ ਜਾਂਦਾ ਹੈ।  ਮਨੁੱਖੀ ਨੱਕ ਵੀ ਤਦ ਅਮੋਲਕ ਮੰਨਿਆ ਜਾਏਗਾ ਜੇਕਰ ਇਹ ਗੁਰੂ ਦੇ ਚਰਨਾਂ ਦੀ ਸੁਗੰਧ ਲੈਂਦਾ ਰਹੇ ਭਾਵ ਗੁਰੂ ਚਰਨਾਂ ’ਚ ਜੁੜ ਬੈਠੇ ਸਤਿਸੰਗੀਆਂ ਨਾਲ ਪਰਸਪਰ ਪਿਆਰ ਨੂੰ ਸਰਬੋਤਮ ਮੰਨੇ ।  ਜੀਭ ਇੰਦ੍ਰੇ ਦਾ ਹੋਣਾ ਵੀ ਤਾਂ ਹੀ ਸਫਲ ਹੈ ਜਦੋਂ ਇਹ ਪ੍ਰਭੂ ਦਾ ਸਿਮਰਨ ਕਰਦੀ ਰਹੇ। ਹੱਥਾਂ ਦਾ ਪਵਿਤ੍ਰ ਹੋਣਾ ਵੀ ਤਾਂ ਹੀ ਕਿਹਾ ਜਾ ਸਕਦਾ ਹੈ ਜਦੋਂ ਇਹ ਗੁਰੂ ਦੀ ਸੇਵਾ ਵਿੱਚ ਲੱਗੇ ਰਹਿਣ ਅਤੇ ਗੁਰੂ ਦੀ ਪਰਿਕਰਮਾ ਕਰਨ ਨਾਲ ਪੈਰ ਪਵਿਤ੍ਰ (ਸਾਰਥਿਕ, ਸਫਲ) ਹੋ ਜਾਂਦੇ ਹਨ।

ਜੀਵ ਪਤਾ ਨਹੀਂ ਕਿੰਨੀਆਂ ਜੂਨਾਂ ਵਿੱਚੋਂ ਘੁੰਮਦਾ-ਭਟਕਦਾ ਹੋਇਆ ਪ੍ਰਭੂ ਦੀ ਕਿਰਪਾ ਸਦਕਾ ਮਨੁੱਖਾ ਦੇਹੀ ਨੂੰ ਪ੍ਰਾਪਤ ਕਰਦਾ ਹੈ।  ਕਦੀ ਕੀੜਿਆਂ ਪਤੰਗਿਆਂ ਦੀ ਜੂਨ ਵਿੱਚ ਰਿਹਾ।, ਕਦੀ ਹਾਥੀ, ਮੱਛੀ, ਹਿਰਨ ਆਦਿ ਜੂਨਾਂ ਵਿੱਚ ਭਟਕਦਾ ਰਿਹਾ।, ਕਦੀ ਸੱਪ ਦੀ, ਕਦੀ ਰੁੱਖ ਦੀ ਤੇ ਕਦੀ ਘੋੜੇ ਦੀ ਜੂਨ ਵਿੱਚ ਪਿਆ ਰਿਹਾ, ਜਿਸ ਕਾਰਨ ਬੜੀ ਦੇਰ ਬਾਅਦ ਇਸ ਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ।  ਇਸ ਲਈ ਹੁਣ ਇਸ ਦਾ ਟੀਚਾ ਪ੍ਰਮਾਤਮਾ ਨੂੰ ਮਿਲ ਕੇ ਉਸ ਵਿੱਚ ਅਭੇਦ ਹੋਣਾ ਹੈ ਤਾਂ ਜੋ ਜਨਮ ਮਰਨ ਤੋਂ ਰਹਿਤ ਹੋ ਜਾਵੇ। ਗੁਰਬਾਣੀ ਫ਼ੁਰਮਾਨ ਹੈ, ‘‘ਕਈ ਜਨਮ ਭਏ, ਕੀਟ ਪਤੰਗਾ॥ ਕਈ ਜਨਮ, ਗਜ ਮੀਨ ਕੁਰੰਗਾ॥ ਕਈ ਜਨਮ, ਪੰਖੀ ਸਰਪ ਹੋਇਓ॥ ਕਈ ਜਨਮ, ਹੈਵਰ ਬ੍ਰਿਖ ਜੋਇਓ॥ ਮਿਲ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ, ਇਹ ਦੇਹ ਸੰਜਰੀਆ॥’’ (ਮ:੫/੧੭੬) ਮਨੁੱਖਾ ਦੇਹੀ ਦੀ ਸਫਲਤਾ ਇਸੇ ਵਿੱਚ ਹੈ ਅਗਰ ਗੁਰੂ ਦੁਆਰਾ ਦੱਸੀ ਗਈ ਸੇਵਾ ਭਗਤੀ ਦੀ ਕਮਾਈ ਕੀਤੀ ਜਾਵੇ, ਨਹੀਂ ਤਾਂ ਮਨੁੱਖਾ ਦੇਹੀ ਨਹੀਂ ਪ੍ਰਾਪਤ ਕੀਤੀ ਬਲਕਿ ਇੱਕ ਹੋਰ ਜੂਨ ਹੀ ਭੋਗੀ ਗਈ ਹੈ।  ਭਗਤ ਕਬੀਰ ਸਾਹਿਬ ਦੇ ਵਚਨ ਹਨ ਕਿ ‘‘ਗੁਰ ਸੇਵਾ ਤੇ ਭਗਤਿ ਕਮਾਈ॥ ਤਬ, ਇਹ ਮਾਨਸ ਦੇਹੀ ਪਾਈ॥’’ (ਭਗਤ ਕਬੀਰ ਜੀ/੧੧੫੯)

ਮਨੁੱਖਾ ਸਰੀਰ ਕਿਸੇ ਕੀਮਤ ਦਿੱਤਿਆਂ ਜਾਂ ਪਦਾਰਥ ਦੇ ਬਦਲੇ ਨਹੀਂ ਮਿਲਦਾ। ਇਹ ਤਾਂ ਚੰਗੇ ਨਸੀਬ ਅਤੇ ਵਾਹਿਗੁਰੂ ਦੀ ਬਖ਼ਸ਼ਸ ਸਦਕਾ ਪ੍ਰਾਪਤ ਹੋਇਆ ਹੈ। ਸੰਸਾਰਕ ਜੂਨਾਂ ਵਿੱਚ ਇਹ ਜੂਨ ਸਭ ਤੋਂ ਉੱਚੀ ਹੈ ਜਿਸ ਵਿੱਚ ਮਨੁੱਖ ਸੇਵਾ ਤੇ ਭਗਤੀ ਕਰ ਕੇ ਪ੍ਰਭੂ ਦੀ ਮਿਹਰ ਦੁਆਰਾ ਉਸੇ ਵਿੱਚ ਅਭੇਦ ਹੋ ਜਾਂਦਾ ਹੈ, ਜਿਸ ਉਪਰੰਤ ਜਨਮ ਮਰਨ ਦੇ ਗੇੜ ਤੋਂ ਮੁਕਤੀ ਮਿਲਣੀ ਸੁਭਾਵਕ ਹੈ।

ਇਸ ਕਬਿੱਤ ਰਾਹੀਂ ਭਾਈ ਸਾਹਿਬ ਜੀ ਨੇ ਜੀਵਾਂ ਨੂੰ ਇਹ ਨਸੀਅਤ ਦਿੱਤੀ ਹੈ ਕਿ ਅਗਰ ਗੁਰੂ ਦੀ ਚਰਨ ਸ਼ਰਨ ਵਿੱਚ ਰਹਿ ਕੇ ਗੁਰੂ ਅਨੁਸਾਰੀ ਹੋ ਕੇ ਜੀਵਨ ਗੁਜਾਰਿਆ ਜਾਏ ਤਾਂ ਹੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਹੋਏਗਾ, ਮਨੁੱਖਾ ਜਨਮ ਸਫਲ ਹੋਏਗਾ। ਗੁਰਬਾਣੀ ਵਿੱਚ ਮਨੁੱਖੀ ਗਿਆਨ ਇੰਦ੍ਰੇ ਤੇ ਕਰਮ ਇੰਦਰਿਆਂ ਵਾਸਤੇ ਵੀ ਬੜੇ ਫ਼ੁਰਮਾਨ ਮਿਲਦੇ ਹਨ। ਅੱਖਾਂ ਨੂੰ ਦੇਖਣ ਦੀ ਸਮਰੱਥਾ ਪ੍ਰਭੂ ਨੇ ਦਿੱਤੀ ਹੈ। ਇਹ ਜੋਤ ਬਜ਼ਾਰੋਂ ਕਿਸੇ ਕੀਮਤ ’ਤੇ ਨਹੀਂ ਮਿਲ ਸਕਦੀ।  ਜਿਨ੍ਹਾਂ ਕੋਲ ਅੱਖਾਂ ਤਾਂ ਹਨ ਪਰ ਉਨ੍ਹਾਂ ਵਿੱਚ ਦੇਖਣ ਦੀ ਸਮਰੱਥਾ ਨਹੀਂ, ਉਹਨਾਂ ਨੂੰ ਪੁੱਛਿਆ ਜਾਏ ਕਿ ਅੱਖ ਵਾਲੀ ਜੋਤ (ਦ੍ਰਿਸ਼ਟੀ) ਦੀ ਕੀ ਕੀਮਤ ਹੁੰਦੀ ਹੈ।  ਗੁਰਮਤਿ ਅਨੁਸਾਰ ਅੱਖਾਂ ਤਾਂ ਹੀ ਸਫਲ ਹਨ ਜੇ ਗੁਰੂ ਦਾ ਦਰਸ਼ਨ ਕਰਨ ਭਾਵ ਕਿ ਸਭ ਵਿੱਚ ਪਰਮਾਤਮਾ ਦੀ ਜੋਤ ਦੇ ਦਰਸ਼ਨ ਕਰਨ, ‘‘ਏ ਨੇਤ੍ਰਹੁ ਮੇਰਿਹੋ  ! ਹਰਿ, ਤੁਮ ਮਹਿ ਜੋਤਿ ਧਰੀ, ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥  ਹਰਿ ਬਿਨੁ ਅਵਰੁ ਨ ਦੇਖਹੁ ਕੋਈ, ਨਦਰੀ ਹਰਿ ਨਿਹਾਲਿਆ ॥  ਏਹੁ ਵਿਸੁ ਸੰਸਾਰੁ ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ ॥ ਗੁਰ ਪਰਸਾਦੀ ਬੁਝਿਆ, ਜਾ ਵੇਖਾ ਹਰਿ ਇਕੁ ਹੈ, ਹਰਿ ਬਿਨੁ ਅਵਰੁ ਨ ਕੋਈ ॥  ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ, ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥’’ (ਮ: ੩/੯੨੨) 

ਇਸੇ ਤਰ੍ਹਾਂ ਕੰਨਾਂ ਵਾਸਤੇ ਵੀ ਹੁਕਮ ਹੈ ਕਿ ਕੰਨਾਂ ਨਾਲ ਗੁਰੂ ਦੀ ਬਾਣੀ ਸੁਣੀ ਜਾਏ ਤਾਂ ਹੀ ਇਹ ਸਫਲ ਹਨ, ਪਵਿੱਤਰ ਹਨ।, ਨਾਸਿਕਾ ਦੀ ਸਫਲਤਾ ਗੁਰੂ ਦੇ ਚਰਨ ਕਮਲਾਂ ਦੀ ਸੁਗੰਧੀ ਲੈਣ ਵਿੱਚ ਹੈ, ‘‘ਏ ਸ੍ਰਵਣਹੁ ਮੇਰਿਓ !  ਸਾਚੇ ਸੁਨਣੇ ਨੋ ਪਠਾਏ॥.. ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ, ਸਾਚੈ (ਨੇ), ਸੁਨਣੈ ਨੋ ਪਠਾਏ (ਭੇਜੇ)॥’’ (ਮ:੩/੯੨੨) ਗੁਰੂ ਕੋਲੋਂ ਦੀਖਿਆ ਲੈ ਕੇ, ਜੋ ਗੁਰ ਮੰਤ੍ਰ ਗੁਰੂ ਦੇਵੇ ਉਸ ਦਾ ਸਿਮਰਨ (ਜਾਪ) ਰਸਨਾ ਨਾਲ ਕਰਨਾ ਚਾਹੀਦਾ ਹੈ। ਰਸਨਾ ਨਾਲ ਨਾਮ ਜਪਿਆਂ ਇਕੱਤਰ ਕੀਤੀ ਗਈ ਪੂੰਜੀ ਹੀ ਮਨੁੱਖ ਦੇ ਅਖੀਰ ਵੇਲੇ ਸਹਾਈ ਹੁੰਦੀ ਹੈ, ਜੋ ਰਸਨਾ ਦੀ ਸਫਲਤਾ ਦਾ ਪ੍ਰਤੀਕ ਮੰਨੀ ਜਾਂਦੀ ਹੈ, ‘‘ਰਸਨਾ ਜਪੀਐ ਏਕੁ ਨਾਮੁ॥ ਈਹਾ ਸੁਖੁ ਆਨੰਦੁ ਘਨਾ, ਆਗੈ ਜੀਅ ਕੈ ਸੰਗਿ ਕਾਮ॥’’ (ਮ:੫/੨੧੧) ਹੱਥਾਂ ਨਾਲ ਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਇਸੇ ਵਿੱਚ ਹੀ ਮਨੁੱਖ ਦੀ ਕਲਿਆਨਤਾ ਹੈ, ‘‘ਹਸਤ ਹਮਰੇ ਸੰਤ ਟਹਲ॥’’ (ਮ:੫/੯੮੭) ਇਸ ਤੁਕ ’ਚ ਦਰਜ ‘ਸੰਤ’ ਤੋਂ ਭਾਵ ਗੁਰੂ ਹੈ। ਚਰਨ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਨ ਤਾਂ ਹੀ ਇਹ ਸਫਲ ਹਨ, ‘‘ਚਰਨ ਚਲਉ ਮਾਰਗਿ ਗੋਬਿੰਦ॥ ਮਿਟਹਿ ਪਾਪ, ਜਪੀਐ ਹਰਿ ਬਿੰਦ॥’’ (ਮ:੫/੨੮੧  ਭਾਈ ਗੁਰਦਾਸ ਜੀ ਦੇ ਇਸ ਕਬਿੱਤ ’ਚ ਮਨੁੱਖਾ ਮਨੋਰਥ ਦੀ ਅਹਿਮਤੀ ਨੂੰ ਦਰਸਾਉਣਾ ਹੈ ਤਾਂ ਜੋ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਤੇ ਬੜੇ ਵਡੇ ਭਾਗਾਂ ਨਾਲ ਮਿਲੇ ਦੀ ਮਨੁੱਖ ਕਦਰ ਕਰੇ, ਇਸ ਨੂੰ ਗੁਰੂ ਦੇ ਅਰਪਨ ਕਰ ਗੁਰੂ ਉਪਦੇਸ਼ ਅਨੁਸਾਰ ਆਪਣੇ ਗਿਆਨ ਇੰਦਰਿਆਂ ਦੀ ਸਾਰਥਕ ਵਰਤੋਂ ਕਰ ਕੇ ਆਪਣੇ ਜਨਮ ਨੂੰ ਸਫਲਾ ਕਰੇ, ਆਵਾ ਗਾਉਣ ਤੋਂ ਮੁਕਤੀ ਪ੍ਰਾਪਤ ਕਰ ਸਕੇ।

Most Viewed Posts