ਘਾਲਿ ਖਾਇ ਕਿਛੁ ਹਥਹੁ ਦੇਇ

0
856

ਘਾਲਿ ਖਾਇ ਕਿਛੁ ਹਥਹੁ ਦੇਇ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ,

ਹੈਡਮਾਸਟਰ (ਸੇਵਾ ਮੁਕਤ), 105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436

ੴ ਸਤਿ ਗੁਰ ਪ੍ਰਸਾਦਿ

ਮਨੁੱਖੀ ਜੀਵਨ ਬਾਕੀ ਸਾਰੀਆਂ ਜੂਨਾਂ ਨਾਲੋਂ ਵੱਖਰੀ ਕਿਸਮ ਦਾ ਹੈ। ਅਕਾਲ ਪੁਰਖ ਨੇ ਕੇਵਲ ਤੇ ਕੇਵਲ ਮਨੁੱਖ ਨੂੰ ਹੀ ਪੂਰਨ ਵਿਕਸਤ ਕੀਤਾ ਦਿਮਾਗ ਬਖਸ਼ਸ਼ ਕੀਤਾ ਹੈ। ਇਸੇ ਦਿਮਾਗ ਦਾ ਸਦਕਾ ਉਹ ਬਾਕੀ ਸਾਰੇ ਜੀਵਾਂ ਨੂੰ ਆਪਣੇ ਵੱਸ ਵਿੱਚ ਰੱਖਣ ਅਤੇ ਉਹਨਾਂ ਤੋਂ ਆਪਣੀ ਸਮਰਥਾ ਅਨੁਸਾਰ ਕੰਮ ਕਰਾਉਣ ਦੀ ਤਾਕਤ ਰੱਖਦਾ ਹੈ। ਇਸ ਲਈ ਮਨੁੱਖ ਨੂੰ ਸਾਰੀਆਂ ਜੂਨਾਂ ਦਾ ਸਿਰਮੋਰ ਮੰਨਿਆ ਗਿਆ ਹੈ। ਗੁਰਬਾਣੀ ਦਾ ਫ਼ੁਰਮਾਨ ਹੈ : ‘‘ਅਵਰ ਜੋਨਿ; ਤੇਰੀ ਪਨਿਹਾਰੀ ॥  ਇਸੁ ਧਰਤੀ ਮਹਿ; ਤੇਰੀ ਸਿਕਦਾਰੀ ॥’’ (ਮ: ੫/੩੭੪)

ਪਸ਼ੂ ਕੇਵਲ ਆਪਣੇ ਲਈ ਹੀ ਜੀਉਂਦੇ ਹਨ, ਪਰ ਮਨੁੱਖ ਦੂਜਿਆਂ ਲਈ ਵੀ ਜੀਉਂਦਾ ਹੈ ਅਤੇ ਪਰਉਪਕਾਰੀ ਵੀ ਹੈ। ਜਿਹੜੇ ਮਨੁੱਖ ਕੇਵਲ ਆਪਣੇ ਲਈ ਹੀ ਜੀਉਂਦੇ ਹਨ, ਉਹਨਾਂ ਵਿੱਚ ਤੇ ਪਸ਼ੂਆਂ ਵਿੱਚ ਕੋਈ ਫ਼ਰਕ ਨਹੀਂ ਰਹਿ ਜਾਂਦਾ। ਮਨੁੱਖ ਤੋਂ ਬਿਨਾਂ ਬਾਕੀ ਸਾਰੇ ਜੀਵਾਂ ਦਾ ਸੰਸਾਰ ਵਿੱਚ ਆਉਣ ਦਾ ਕੋਈ ਮਕਸਦ ਨਹੀਂ ਜਦੋਂ ਕਿ ਮਨੁੱਖ ਨੂੰ ਇੱਕ ਖ਼ਾਸ ਮਨੋਰਥ ਦੀ ਪ੍ਰਾਪਤੀ ਲਈ ਪ੍ਰਮਾਤਮਾ ਨੇ ਸੰਸਾਰ ਵਿੱਚ ਭੇਜਿਆ ਹੈ। ਉਹ ਮਨੋਰਥ ਕੀ ਹੈ ? ਇਸ ਦਾ ਜਵਾਬ ਅਸੀਂ ਹਰ ਰੋਜ਼ ਰਹਰਾਸਿ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ : ‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥  ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥’’ (ਮ: ੫/੧੨) ਇਸ ਦਾ ਭਾਵ ਇਹ ਹੈ ਕਿ ਹੇ ਮਨੁੱਖ  ! ਤੈਨੂੰ ਇਹ ਮਨੁੱਖੀ ਸਰੀਰ ਇਸ ਲਈ ਮਿਲਿਆ ਹੈ ਕਿ ਤੂੰ ਆਪਣੇ ਜੀਵਨ ਕਾਲ ਵਿੱਚ ਪ੍ਰਭੂ ਮਿਲਾਪ ਲਈ ਉਪਰਾਲਾ ਕਰੇਂ ਅਤੇ ਆਪਣੇ ਅੰਦਰ ਪ੍ਰਮਾਤਮਾ ਵਾਲੇ ਗੁਣ ਪੈਦਾ ਕਰੇਂ। ਇਸ ਸਿਖਰ ਅਵਸਥਾ ’ਤੇ ਪਹੁੰਚਣ ਲਈ ਗੁਰਮਤਿ ਨੇ ਤਿੰਨ ਸੁਨਿਹਰੀ ਅਸੂਲ ਦ੍ਰਿੜ੍ਹ ਕਰਵਾਏ ਹਨ। ਉਹ ਅਸੂਲ ਹਨ : (1). ਧਰਮ ਦੀ ਕਿਰਤ ਕਰਨੀ (2). ਨਾਮ ਜਪਣਾ (3). ਵੰਡ ਛਕਣਾ।

ਹਰ ਇੱਕ ਇਨਸਾਨ ਦਾ ਜੀਵਨ ਇਹਨਾਂ ਤਿੰਨਾਂ ਆਦਰਸ਼ਾਂ ਅਨੁਸਾਰ ਚੱਲਣਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਕਿਰਤ ’ਤੇ ਨਹੀਂ ਸਗੋਂ ਧਰਮ ਦੀ ਕਿਰਤ ’ਤੇ ਜ਼ੋਰ ਦਿੱਤਾ ਹੈ। ਪੇਟ ਪੂਰਤੀ ਲਈ ਕਿਰਤ ਤਾਂ ਹਰ ਮਨੁੱਖ ਹੀ ਕਰਦਾ ਹੈ; ਜਿਵੇਂ ਚੋਰ, ਡਾਕੂ, ਸਮਗਲਰ, ਜੇਬ ਕਤਰੇ ਤੇ ਇੱਥੋਂ ਤੱਕ ਕਿ ਭਿਖਾਰੀ ਵੀ ਕਿਰਤ ਕਰਦੇ ਹਨ ਪਰ ਅਜਿਹੀ ਕਿਰਤ ਗੁਰਮਤਿ ਵਿੱਚ ਪਰਵਾਨ ਨਹੀਂ। ਗੁਰਮਤਿ ਵਿੱਚ ਕੇਵਲ ਸੱਚੀ ਤੇ ਸੁੱਚੀ ਦਸਾਂ ਨਹੁੰਆਂ ਦੀ ਕਿਰਤ ਜਿਸ ਨੂੰ ਧਰਮ ਦੀ ਕਿਰਤ ਕਿਹਾ ਗਿਆ ਹੈ, ਹੀ ਪ੍ਰਵਾਨ ਹੈ। ਇਸ ਕਿਰਤ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰਨੀ ਗੁਰਮਤਿ ਦਾ ਆਸ਼ਾ ਹੈ।

ਧਰਮ ਦੀ ਕਿਰਤ ਉੱਦਮ, ਮਿਹਨਤ ਤੇ ਦਿਲ ਲਾ ਕੇ ਅਤੇ ਪ੍ਰਮਾਤਮਾ ਦੀ ਯਾਦ ਨੂੰ ਮਨ ਵਿੱਚ ਵਸਾ ਕੇ ਹੀ ਕੀਤੀ ਜਾ ਸਕਦੀ ਹੈ। ਗੁਰੂ ਅਰਜਨ ਦੇਵ ਜੀ ਰਾਗ ਗੂਜਰੀ ਵਿੱਚ ਫ਼ੁਰਮਾਉਂਦੇ ਹਨ: ‘‘ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ ॥  ਧਿਆਇਦਿਆ ਤੂੰ ਪ੍ਰਭੂ ਮਿਲੁ, ਨਾਨਕ  ! ਉਤਰੀ ਚਿੰਤ ॥’’ (ਮ: ੫/੫੨੨)

ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ ਕਿ ਮਿਹਨਤੀ ਮਨੁੱਖ ਦਾ ਹੱਕ ਮਾਰਨਾ ਮੁਸਲਮਾਨ ਲਈ ਸੂਰ ਦਾ ਮਾਸ ਖਾਣ ਅਤੇ ਹਿੰਦੂ ਲਈ ਗਾਂ ਦਾ ਮਾਸ ਖਾਣ ਦੇ ਬਰਾਬਰ ਹੈ। ਆਪ ਦਾ ਫ਼ੁਰਮਾਨ ਹੈ : ‘‘ਹਕੁ ਪਰਾਇਆ ਨਾਨਕਾ  ! ਉਸੁ ਸੂਅਰ, ਉਸੁ ਗਾਇ ॥  ਗੁਰੁ ਪੀਰੁ ਹਾਮਾ ਤਾ ਭਰੇ; ਜਾ ਮੁਰਦਾਰੁ ਨ ਖਾਇ ॥’’ (ਮ: ੧/੧੪੧)

ਗ਼ਲਤ ਤਰੀਕੇ ਨਾਲ ਕਮਾਈ ਕਰਨ ਵਾਲੇ ਮਨੁੱਖਾਂ ਨੂੰ ਸਮਝਾਉਂਦੇ ਹੋਏ ਭਗਤ ਕਬੀਰ ਜੀ ਸਖ਼ਤ ਲਫ਼ਜ਼ਾਂ ਵਿੱਚ ਤਾੜਨਾ ਕਰਦੇ ਹੋਏ ਕਹਿੰਦੇ ਹਨ ਕਿ ਅਜਿਹੇ ਕਮਾਏ ਹੋਏ ਧਨ ਦਾ ਲੇਖਾ ਮਨੁੱਖ ਨੂੰ ਆਪ ਹੀ ਭੁਗਤਨਾ ਪਵੇਗਾ। ਜਿਸ ਪਰਿਵਾਰ ਦੀ ਖ਼ਾਤਰ ਉਹ ਹੇਰਾ ਫੇਰੀ ਤੇ ਬੇਈਮਾਨੀ ਕਰਦਾ ਹੈ ਉਹਨਾਂ ਵਿੱਚੋਂ ਕਿਸੇ ਨੇ ਵੀ ਉਸ ਦਾ ਸਾਥ ਨਹੀਂ ਦੇਣਾ, ‘‘ਬਹੁ ਪਰਪੰਚ ਕਰਿ, ਪਰ ਧਨੁ ਲਿਆਵੈ ॥  ਸੁਤ ਦਾਰਾ ਪਹਿ, ਆਨਿ ਲੁਟਾਵੈ ॥੧॥  ਮਨ ਮੇਰੇ ਭੂਲੇ  ! ਕਪਟੁ ਨ ਕੀਜੈ ॥  ਅੰਤਿ ਨਿਬੇਰਾ, ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥’’ (ਭਗਤ ਕਬੀਰ/੬੫੬)

ਭਾਈ ਨੰਦ ਲਾਲ ਜੀ ਆਪਣੇ ਰਹਿਤਨਾਮੇ ਵਿੱਚ ਲਿਖਦੇ ਹਨ : ‘‘ਗੋਲਕ ਰਾਖੈ ਨਾਹਿ ਜੋ, ਛਲ ਕਾ ਕਰਹਿ ਵਪਾਰ। ਕਹੈ ਗੋਬਿੰਦ ਸਿੰਘ ਲਾਲ ਜੀ, ਭੋਗਹਿ ਨਰਕ ਹਜ਼ਾਰ।’’

ਭਾਈ ਗੁਰਦਾਸ ਜੀ ਆਪਣੀ ਛੇਵੀਂ ਵਾਰ ਦੀ ਪਹਿਲੀ ਪਉੜੀ ਵਿੱਚ ਧਰਮ ਦੀ ਕਿਰਤ ਦਾ ਵਰਣਨ ਕਰਦੇ ਹੋਏ ਫ਼ੁਰਮਾਉਂਦੇ ਹਨ : ‘‘ਕਿਰਤਿ ਵਿਰਤਿ ਕਰਿ ਧਰਮ ਦੀ, ਹਥੋਂ ਦੇ ਕੈ ਭਲਾ ਮਨਾਵੈ॥’’

ਧਰਮ ਦੀ ਕਿਰਤ ਕਰਨ ਵਾਲੇ ਮਨੁੱਖ ਵਿੱਚ ਪ੍ਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ। ਉਹ ਇਸ ਗੱਲ ਨੂੰ ਸਮਝਦਾ ਹੈ ਕਿ ਮੇਰੇ ਗ਼ਲਤ ਤਰੀਕੇ ਨਾਲ ਕਮਾਏ ਹੋਏ ਧਨ ਨੂੰ ਜੇ ਹੋਰ ਕੋਈ ਨਹੀਂ ਤਾਂ ਪ੍ਰਮਾਤਮਾ ਜ਼ਰੂਰ ਵੇਖ ਰਿਹਾ ਹੈ। ਗੁਰੂ ਨਾਨਕ ਦੇਵ ਜੀ ਗਉੜੀ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਹਟ ਪਟਣ ਬਿਜ ਮੰਦਰ ਭੰਨੈ, ਕਰਿ ਚੋਰੀ ਘਰਿ ਆਵੈ ॥  ਅਗਹੁ ਦੇਖੈ, ਪਿਛਹੁ ਦੇਖੈ; ਤੁਝ ਤੇ ਕਹਾ ਛਪਾਵੈ ॥’’ (ਮ: ੧/੧੫੬)

ਗੁਰੂ ਨਾਨਕ ਦੇਵ ਜੀ ਨੇ ਸੱਚੀ ਤੇ ਸੁੱਚੀ ਕਿਰਤ ਕਰਨ ਵਾਲੇ ਭਾਈ ਲਾਲੋ ਦਾ ਜਿੱਥੇ ਸਤਿਕਾਰ ਕੀਤਾ ਉੱਥੇ ਲੋਕਾਂ ਦਾ ਹੱਕ ਮਾਰ ਕੇ ਕਮਾਈ ਕਰਨ ਵਾਲੇ ਸੈਦਪੁਰ (ਐਮਨਾਬਾਦ) ਦੇ ਹਾਕਮ ਮਲਕ ਭਾਗੋ ਦਾ ਸਵਾਦਿਸ਼ਟ ਬ੍ਰਹਮ ਭੋਜ ਠੁਕਰਾ ਦਿੱਤਾ। ਉਸ ਨੂੰ ਇਹ ਗੱਲ ਸਮਝਾ ਦਿੱਤੀ – ‘‘ਕਿੱਕਰ ਦੇ ਬੀਜ ਨੂੰ ਕੰਡੇ ਨਹੀਂ ਹੁੰਦੇ ਸਗੋਂ ਉਹ ਬਹੁਤ ਹੀ ਨਰਮ ਹੁੰਦਾ ਹੈ ਪਰ ਜਦੋਂ ਉਸ ਨੂੰ ਬੀਜ ਦਿਉ, ਬੂਟਾ ਉੱਗ ਪਵੇ ਤਾਂ ਸੂਲਾਂ ਤੇ ਕੰਡੇ ਆਪੇ ਨਿੱਕਲ ਆਉਂਦੇ ਹਨ। ਇਸੇ ਤਰ੍ਹਾਂ ਗਰੀਬ ਮਾਰ ਕਰ ਕੇ ਬੇਈਮਾਨੀ ਦੀ ਕਮਾਈ ਨਾਲ ਤਿਆਰ ਕੀਤੇ ਪਦਾਰਥ ਖਾਣ ਨੂੰ ਬਹੁਤ ਸੁਆਦ ਲੱਗਦੇ ਹਨ ਪਰ ਜਦੋਂ ਨਿਰਮਲ ਹਿਰਦਿਆਂ ਵਾਲੇ ਭਲੇ ਪੁਰਸ਼ ਖਾਂਦੇ ਹਨ ਤਾਂ ਮਨ ਨੂੰ ਪੀੜਤ ਕਰਦੇ ਹਨ। ਕਿਸ ਦਾ ਜੀਅ ਕਰਦਾ ਹੈ ਕਿ ਤੇਰੇ ਪਕਵਾਨ ਛੱਡ ਕੇ ਲਾਲੋ ਦਾ ਕੋਧਰਾ ਖਾਵੇ ਪਰ ਕਿਸ ਦਾ ਦਿਲ ਕਰੇਗਾ ਕਿ ਖੰਡ ਵਿੱਚ ਲਪੇਟਿਆ ਹੋਇਆ ਜ਼ਹਿਰ ਖਾਵੇ ?’’

ਗੁਰੂ ਸਾਹਿਬ ਨੇ ਭਰੇ ਇਕੱਠ ਵਿੱਚ ਇਹ ਗੱਲ ਸਮਝਾ ਦਿੱਤੀ ਕਿ ਵਿਹਲੜ ਤੇ ਮਖੱਟੂ ਲੋਕਾਂ ਲਈ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ। ਸਾਰੰਗ ਦੀ ਵਾਰ ਵਿੱਚ ਆਪ ਫ਼ੁਰਮਾਉਂਦੇ ਹਨ : ‘‘ਗਿਆਨ ਵਿਹੂਣਾ ਗਾਵੈ ਗੀਤ ॥  ਭੁਖੇ ਮੁਲਾਂ ਘਰੇ ਮਸੀਤਿ ॥  ਮਖਟੂ ਹੋਇ ਕੈ ਕੰਨ ਪੜਾਏ ॥  ਫਕਰੁ ਕਰੇ, ਹੋਰੁ ਜਾਤਿ ਗਵਾਏ ॥  ਗੁਰੁ ਪੀਰੁ ਸਦਾਏ, ਮੰਗਣ ਜਾਇ ॥  ਤਾ ਕੈ, ਮੂਲਿ ਨ ਲਗੀਐ ਪਾਇ ॥  ਘਾਲਿ ਖਾਇ, ਕਿਛੁ ਹਥਹੁ ਦੇਇ ॥  ਨਾਨਕ  ! ਰਾਹੁ ਪਛਾਣਹਿ ਸੇਇ ॥’’ (ਮ: ੧/੧੨੪੫)

ਕਿਰਤ ਇਸ ਲਈ ਕਰਨੀ ਹੈ ਕਿ ਜੀਵਨ ਦਾ ਨਿਰਬਾਹ ਹੋ ਸਕੇ, ਨਾ ਕਿ ਤਜੌਰੀਆਂ ਭਰਨ ਲਈ। ਪਾਪ ਦੀ ਕਮਾਈ ਨਾਲ ਤਜੌਰੀਆਂ ਤਾਂ ਭਰੀਆਂ ਜਾ ਸਕਦੀਆਂ ਹਨ ਪਰ ਧਰਮ ਦੀ ਕਿਰਤ ਨਾਲ ਕੇਵਲ ਪੇਟ ਹੀ ਭਰਿਆ ਜਾ ਸਕਦਾ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ : ‘‘ਪਾਪਾ ਬਾਝਹੁ ਹੋਵੈ ਨਾਹੀ, ਮੁਇਆ ਸਾਥਿ ਨ ਜਾਈ ॥’’ (ਮ: ੧/੪੧੭)

ਧਰਮ ਦੀ ਕਿਰਤ ਕਰਨ ਵਾਲਾ ਮਨੁੱਖ ਨਾਮ ਜਪਣ ਵੱਲ ਸਹਿਜੇ ਹੀ ਪ੍ਰੇਰਿਆ ਜਾਂਦਾ ਹੈ। ਧਰਮ ਦੀ ਕਿਰਤ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਤੰਦਰੁਸਤ ਸਰੀਰ ਨਾਲ ਹੀ ਨਾਮ ਜਪਿਆ ਜਾ ਸਕਦਾ ਹੈ। ਨਿਸ਼ਾਨਾ ਨਾਮ ਜਪਣਾ ਹੈ, ਕਿਰਤ ਇੱਕ ਵਸੀਲਾ ਹੈ। ਸਿੱਖ ਧਰਮ ਨੇ ਕਿਰਤ ਤੇ ਕੀਰਤੀ ਨੂੰ ਇਕੱਠਾ ਜੋੜ ਦਿੱਤਾ ਹੈ। ਕੇਵਲ ਕਿਰਤ ਹੀ ਕਰੀ ਜਾਣਾ ਮਨੁੱਖਾ ਜੀਵਨ ਦਾ ਮਨੋਰਥ ਨਹੀਂ। ਸਾਡਾ ਆਦਰਸ਼ ਨਾਮ ਜਪਣਾ ਹੈ। ਜੇ ਨਾਮ ਸਿਮਰਨ ਹੈ ਤਾਂ ਹੀ ਜੀਵਨ ਹੈ। ਗੁਰੂ ਨਾਨਕ ਦੇਵ ਜੀ ਮਾਝ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ ॥  ਨਾਨਕ ! ਅਵਰੁ ਨ ਜੀਵੈ ਕੋਇ ॥  ਜੇ ਜੀਵੈ, ਪਤਿ ਲਥੀ ਜਾਇ ॥  ਸਭੁ ਹਰਾਮੁ, ਜੇਤਾ ਕਿਛੁ ਖਾਇ ॥’’ (ਮ: ੧/੧੪੨)

ਕਿਰਤ ਕਰਦਿਆਂ ਹੋਇਆਂ ਧਿਆਨ ਕਰਤਾਰ ਵਿੱਚ ਰਹੇ। ਧਰਮ ਦੀ ਕਿਰਤ ਤੇ ਨਾਮ  ਜਪਣ ਨੂੰ ਅਲੱਗ-ਅਲੱਗ ਨਹੀਂ ਕੀਤਾ ਜਾ ਸਕਦਾ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇਕ ਵਾਰ ਭਗਤ ਤ੍ਰਿਲੋਚਨ ਜੀ ਆਪਣੇ ਮਿੱਤਰ ਭਗਤ ਨਾਮ ਦੇਵ ਜੀ ਨੂੰ ਮਿਲਣ ਗਏ ਜੋ ਉਸ ਵੇਲੇ ਕਿਰਤ ਵਿੱਚ ਲੱਗੇ ਹੋਏ ਸਨ। ਉਹ ਵੇਖ ਕੇ ਹੈਰਾਨ ਹੋ ਗਏ ਤੇ ਕਹਿਣ ਲੱਗੇ ਮੈਂ ਤਾਂ ਸੁਣਿਆ ਸੀ ਕਿ ਤੁਸੀਂ ਹਰ ਵੇਲੇ ਸਿਮਰਨ ਵਿੱਚ ਜੁੜੇ ਰਹਿੰਦੇ ਹੋ ਪਰ ਤੁਸੀਂ ਤਾਂ ਕਿਰਤ ਕਾਰ ਵਿੱਚ ਰੁਝੇ ਹੋਏ ਹੋ। ਇਸ ਦੇ ਜਵਾਬ ਵਿੱਚ ਭਗਤ ਨਾਮ ਦੇਵ ਜੀ ਨੇ ਆਪਣੇ ਪਰਮ ਮਿੱਤਰ ਤ੍ਰਿਲੋਚਨ ਜੀ ਨੂੰ ਮੁੱਖ਼ਾਤਬ ਹੋ ਕੇ ਕਿਹਾ ਕਿ ਮੈਂ ਹੱਥਾਂ ਨਾਲ ਕਿਰਤ ਕਰ ਰਿਹਾ ਹਾਂ, ਪਰ ਮੇਰਾ ਮਨ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ। ਭਗਤ ਕਬੀਰ ਜੀ ਨੇ ਇਸ ਵਾਰਤਾ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਅੰਕਿਤ ਕੀਤਾ ਹੈ : ‘‘ਨਾਮਾ ਕਹੈ ਤਿਲੋਚਨਾ  !  ਮੁਖ ਤੇ ਰਾਮੁ ਸੰਮ੍ਾਲਿ ॥  ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥’’ (ਭਗਤ ਕਬੀਰ/੧੩੭੬)

ਧਰਮ ਦੀ ਕਿਰਤ ਕਰਨ ਅਤੇ ਨਾਮ ਜਪਣ ਨਾਲ ਮਨੁੱਖ ਨੂੰ ਸੋਝੀ ਹੁੰਦੀ ਹੈ ਕਿ ਉਹ ਕੇਵਲ ਆਪਣੇ ਲਈ ਹੀ ਨਹੀਂ ਜੀਉਂਦਾ ਸਗੋਂ ਉਸ ਨੇ ਆਪਣੀ ਧਰਮ ਦੀ ਕਿਰਤ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਵੀ ਕਰਨੀ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਲੋਕਾਂ ਵਿੱਚ ਇਹ ਵਿਸ਼ਵਾਸ ਪ੍ਰਚਲਿਤ ਸੀ ਕਿ ਕਿਰਤੀ ਮਨੁੱਖ ਧਰਮੀ ਨਹੀਂ ਹੁੰਦਾ ਅਤੇ ਧਰਮੀ ਮਨੁੱਖ ਕਿਰਤੀ ਨਹੀਂ ਹੋ ਸਕਦਾ। ਗੁਰੂ ਨਾਨਕ ਦੇਵ ਜੀ ਨੇ ਆਪ ਧਰਮ ਦੀ ਕਿਰਤ ਕੀਤੀ ਤੇ ਉਸ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਕਰ ਕੇ ਸਮਾਜ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ। ਸੁਲਤਾਨਪੁਰ ਲੋਧੀ ਵਿੱਚ ਨੌਕਰੀ ਕਰਦਿਆਂ ਇੱਕ ਗ਼ਰੀਬ ਬ੍ਰਾਹਮਣ ਦੀ ਲੜਕੀ ਦੇ ਵਿਆਹ ਦਾ ਸਾਰਾ ਖ਼ਰਚ ਆਪਣੀ ਕਿਰਤ ਕਮਾਈ ਵਿੱਚੋਂ ਕੀਤਾ। ਇਸ ਤਰ੍ਹਾਂ ਹੋਰ ਸਿੱਖਾਂ ਨੂੰ ਵੀ ਆਪਣੀ ਕਿਰਤ ਕਮਾਈ ਵਿੱਚੋਂ ਲੋੜਵੰਦਾਂ ਲਈ ਕੁੱਝ ਰਕਮ ਵੱਖਰੀ ਰੱਖਣ ਦੀ ਪ੍ਰੇਰਣਾ ਦਿੱਤੀ। ਸੱਚੇ ਸੌਦੇ ਵਾਲੀ ਸਾਖੀ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹੈ।

ਗੁਰੂ ਅੰਗਦ ਦੇਵ ਜੀ ਦੇ ਸਮੇਂ ਜੋ ਭੇਟਾਵਾਂ ਜਾਂ ਧਨ ਪਦਾਰਥ ਆਉਂਦੇ ਸਨ, ਉਹ ਬੱਚਿਆਂ ਦੀ ਪੜ੍ਹਾਈ ਅਤੇ ਮਲ ਅਖਾੜਿਆਂ ’ਤੇ ਖ਼ਰਚੇ ਜਾਂਦੇ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੇ ਸਮੇਂ ਪ੍ਰਚਾਰ ਨੂੰ ਯੋਜਨਾਬਧ ਤਰੀਕੇ ਨਾਲ ਵਿਕਸਤ ਕਰਨ ਲਈ ਆਪ ਨੇ 22 ਮੰਜੀਆਂ ਤੇ 52 ਪੀੜ੍ਹੇ ਸਥਾਪਤ ਕੀਤੇ। ਇਹ ਮੰਜੀਦਾਰ ਪ੍ਰਚਾਰ ਦੇ ਨਾਲ-ਨਾਲ ਸੰਗਤਾਂ ਵੱਲੋਂ ਦਿੱਤੀ ਜਾਂਦੀ ਭੇਟਾ ਵੀ ਗੁਰੂ ਦਰਬਾਰ ਪਹੁੰਚਾਉਂਦੇ। ਇਸ ਭੇਟਾ ਨਾਲ ਦਰਬਾਰ ਵਿੱਚ ਆਉਣ ਵਾਲੇ ਹਰ ਵਿਅਕਤੀ ਲਈ ਲੰਗਰ ਵੀ ਲਾਜ਼ਮੀ ਕਰ ਦਿੱਤਾ। ਇੱਥੋਂ ਤੱਕ ਕਿ ਬਾਦਸ਼ਾਹ ਅਕਬਰ ਨੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਤੇ ਅਤੀ ਪ੍ਰਸੰਨ ਹੋ ਕੇ ਇੱਕ ਵੱਡੀ ਜਗੀਰ ਵੀ ਦੇਣੀ ਚਾਹੀ ਜਿਸ ਨੂੰ ਸਤਿਗੁਰੂ ਜੀ ਨੇ ਸਤਿਕਾਰ ਤੇ ਅਦਬ ਸਹਿਤ ਨਾ ਮਨਜੂਰ ਕੀਤਾ ਤੇ ਫ਼ੁਰਮਾਇਆ ਕਿ ਇਹ ਲੰਗਰ ਸਮੂਹ ਸੰਗਤ ਦੀ ਕਿਰਤ ਕਮਾਈ ਨਾਲ ਹੀ ਚੱਲਣਾ ਚਾਹੀਦਾ ਹੈ।

ਗੁਰੂ ਰਾਮ ਦਾਸ ਜੀ ਦੇ ਵੇਲੇ ਸਿੱਖੀ ਦਾ ਦਾਇਰਾ ਬਹੁਤ ਦੂਰ-ਦੂਰ ਤੱਕ ਫੈਲ ਚੁੱਕਾ ਸੀ। ਉਹਨਾਂ ਨੇ ਭਾਰੀ ਗਿਣਤੀ ਵਿੱਚ ਉਚੇ ਤੇ ਸੁੱਚੇ ਜੀਵਨ ਵਾਲੇ ਪ੍ਰਚਾਰਕ ਤਿਆਰ ਕੀਤੇ ਜਿਹਨਾਂ ਨੂੰ ਮਸੰਦ ਕਿਹਾ ਜਾਂਦਾ ਸੀ। ਇਹ ਮਸੰਦ ਗੁਰਮਤ ਪ੍ਰਚਾਰ ਦੇ ਨਾਲ-ਨਾਲ ਸੰਗਤਾਂ ਵੱਲੋਂ ਆਈ ਹੋਈ ਕਾਰ ਭੇਟਾ ਦਾ ਲਿਖਤੀ ਹਿਸਾਬ ਵੀ ਆਪਣੇ ਵਹੀ ਖਾਤੇ ਵਿੱਚ ਲਿਖਦੇ ਅਤੇ ਹਰ ਵਿਸਾਖੀ ਅਤੇ ਦਿਵਾਲੀ ਦੇ ਮੌਕੇ ਗੁਰੂ ਦਰਬਾਰ ਵਿੱਚ ਪੇਸ਼ ਕਰਦੇ ਜਿਸ ਨਾਲ ਧਰਮ ਪ੍ਰਚਾਰ ਦੇ ਕਾਰਜ ਤੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ। ਇਸੇ ਮਾਇਆ ਨਾਲ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਅਤੇ ਸਰੋਵਰ ਦੀ ਉਸਾਰੀ ਵੀ ਆਰੰਭ ਕੀਤੀ ਗਈ ਜਿਸ ਨਾਲ ਅਨੇਕਾਂ ਵਿਅਕਤੀਆਂ ਨੂੰ ਰੁਜ਼ਗਾਰ ਵੀ ਮਿਲ ਗਿਆ।

ਗੁਰੂ ਅਰਜਨ ਦੇਵ ਜੀ ਦੇ ਸਮੇਂ ਜਦੋਂ ਪ੍ਰਿਥੀ ਚੰਦ ਨੇ ਨਾਕਾ ਬੰਦੀ ਕਰ ਲਈ ਤਾਂ ਗੁਰੂ ਘਰ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਿਆ। ਭਾਈ ਗੁਰਦਾਸ ਜੀ ਤੇ ਹੋਰ ਉਘੇ ਗੁਰਸਿੱਖਾਂ ਦੇ ਯਤਨਾਂ ਸਦਕਾ ਜਦੋਂ ਸੰਗਤਾਂ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਗੁਰੂ ਸਾਹਿਬ ਨੇ ਆਰਥਿਕਤਾ ਨੂੰ ਪੱਕੇ ਪੈਰਾਂ ’ਤੇ ਖੜ੍ਹਾ ਰੱਖਣ ਲਈ ਦਸਵੰਧ ਸਿਸਟਮ ਸ਼ੁਰੂ ਕੀਤਾ ਅਤੇ ਸੰਗਤਾਂ ਦੇ ਨਾਂ ਹੁਕਮਨਾਮੇ ਭੇਜੇ ਕਿ ਹਰ ਮਾਈ ਭਾਈ ਆਪਣੀ ਕਿਰਤ ਕਮਾਈ ਦਾ ਦਸਵਾਂ ਹਿੱਸਾ (ਦਸਵੰਧ) ਗੁਰੂ ਘਰ ਵਿੱਚ ਭੇਜੇ। ਇਸ ਦਸਵੰਧ ਦੀ ਰਕਮ ਨਾਲ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕੀਤੀ। ਏਸ਼ੀਆ ਦਾ ਪਹਿਲਾ ਕੁਸ਼ਟ ਆਸ਼ਰਮ ਤਰਨ ਤਾਰਨ ਵਿਖੇ ਖੋਲ੍ਹਿਆ। ਬਾਉਲੀਆਂ ਅਤੇ ਖੂਹ ਲਗਵਾਏ, ਜਦੋਂ ਲਹੌਰ ਵਿੱਚ ਕਾਲ ਪੈ ਗਿਆ ਤਾਂ ਉਹਨਾਂ ਦੀ ਸਹਾਇਤਾ ਦਸਵੰਧ ਦੀ ਰਕਮ ਵਿੱਚੋਂ ਹੀ ਕੀਤੀ ਗਈ। ਦਬੇਸਤਾਨਿ ਮਜ਼ਾਹਬ ਦਾ ਸਮਕਾਲੀ ਲੇਖਕ ਲਿਖਦਾ ਹੈ ਕਿ ਪੰਜਵੇਂ ਗੁਰੂ ਸਾਹਿਬ ਤੋਂ ਪਹਿਲਾਂ ਭੇਟਾ ਦਾ ਕੋਈ ਬੰਧਾਨ ਨਹੀਂ ਸੀ। ਪੰਜਵੇਂ ਗੁਰੂ ਸਾਹਿਬ ਨੇ ਹਰ ਇਲਾਕੇ ਵਿੱਚ ਇਕ ਗੁਮਾਸ਼ਤੀ (ਮਸੰਦ) ਨੀਯਤ ਕੀਤਾ ਜੋ ਪ੍ਰਚਾਰ ਦੇ ਨਾਲ ਦਸਵੰਧ ਵੀ ਇਕੱਠਾ ਕਰਦਾ ਸੀ। ਵਿਸਾਖੀ ਅਤੇ ਦਿਵਾਲੀ ਦੇ ਮੌਕੇ ਗੁਰੂ ਸਾਹਿਬ, ਉਸ ਮਸੰਦ ਨੂੰ ਸਿਰਪਾਉ ਬਖਸ਼ਸ਼ ਕਰਦੇ। ਗੋਕਲ ਚੰਦ ਨਾਰੰਗ ਲਿਖਦਾ ਹੈ ਕਿ ਹੁਣ ਗੁਰੂ ਸਾਹਿਬ ਨੂੰ ਆਪਣਾ ਬਜਟ ਬਣਾਉਣ ਵਿੱਚ ਬੜੀ ਅਸਾਨੀ ਹੋ ਗਈ ਕਿਉਂਕਿ ਦਸਵੰਧ ਦੀ ਰਕਮ ਬਹੁਤ ਵਧ ਗਈ ਸੀ।

ਗੁਰੂ ਹਰਿਗੋਬਿੰਦ ਜੀ ਦੇ ਸਮੇਂ ਕਸ਼ਮੀਰ ਵਿੱਚ ਗਿਲਟੀ ਰੋਗ ਫੈਲ ਗਿਆ ਤਾਂ ਗੁਰੂ ਸਾਹਿਬ ਨੇ ਦਸਵੰਧ ਦੀ ਰਕਮ ਰੋਗ ਪੀੜਤਾਂ ’ਤੇ ਖ਼ਰਚ ਕੀਤੀ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਕਮਸ਼ੀਰ ਪਹੁੰਚੇ ਤਾਂ ਸੰਗਤਾਂ ਦੂਰੋਂ ਦੂਰੋਂ ਜਥੇ ਬਣਾ ਕੇ ਦਰਸ਼ਨ ਕਰਨ ਲਈ ਪਹੁੰਚਣ ਲੱਗੀਆਂ। ਇੱਕ ਜਥੇ ਵਿੱਚ ਗ਼ਰੀਬ ਸਿੱਖ ਭਾਈ ਕੱਟੂ ਵੀ ਸ਼ਾਮਲ ਸੀ। ਉਸ ਨੂੰ ਖਾਂਸੀ ਨੇ ਜ਼ੋਰ ਫੜਿਆ ਤਾਂ ਸੰਗਤ ਕੋਲੋਂ ਸ਼ਹਿਦ ਮੰਗ ਲਿਆ ਪਰ ਸੰਗਤ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਪਹਿਲਾਂ ਗੁਰੂ ਸਾਹਿਬ ਨੂੰ ਭੇਂਟ ਕਰਨਾ ਹੈ। ਗ਼ਰੀਬੀ ਦਾ ਮਾਰਿਆ ਭਾਈ ਕੱਟੂ ਚੁੱਪ ਕਰ ਗਿਆ। ਜਦੋਂ ਗੁਰੂ ਸਾਹਿਬ ਨੂੰ ਸ਼ਹਿਦ ਭੇਟ ਕੀਤਾ ਤਾਂ ਉਹਨਾਂ ਨੇ ਲੈਣ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਕਿ ਜਦੋਂ ਅਸੀਂ ਮੰਗਿਆ ਸੀ ਤਾਂ ਤੁਸੀਂ ਦਿੱਤਾ ਨਹੀਂ। ਹੁਣ ਇਹ ਸਾਡੇ ਕਿਸੇ ਕੰਮ ਦਾ ਨਹੀਂ ਰਿਹਾ। ਫਿਰ ਗੁਰੂ ਸਾਹਿਬ ਨੇ ਸਮਝਾਉਂਦਿਆਂ ਕਿਹਾ ਕਿ ਗ਼ਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ। ਮੁਗਲ ਹਕੂਮਤ ਨਾਲ ਆਪ ਦੀਆਂ ਚਾਰ ਜੰਗਾਂ ਵੀ ਹੋਈਆਂ। ਇਸ ਲਈ ਦਸਵੰਧ ਦੀ ਰਕਮ ਇਨਸਾਨੀ ਅਣਖ ਨੂੰ ਕਾਇਮ ਰੱਖਣ ਲਈ ਸ਼ਸਤਰ ਤੇ ਘੋੜੇ ਆਦਿ ਖਰੀਦਣ ਉੱਤੇ ਵੀ ਖ਼ਰਚ ਕੀਤੀ ਜਾਂਦੀ ਰਹੀ।

ਗੁਰੂ ਹਰਿਰਾਇ ਸਾਹਿਬ ਨੇ ਦਸਵੰਧ ਦੀ ਰਕਮ ਨਾਲ ਪੰਛੀਆਂ ਵਾਸਤੇ ਇੱਕ ਰੱਖ (ਬੀੜ, ਜੰਗਲ) ਤਿਆਰ ਕਰਵਾਇਆ। ਵਾਤਾਵਰਣ ਦੀ ਸ਼ੁੱਧਤਾ ਲਈ ਕੀਰਤਪੁਰ ਸਾਹਿਬ ਵਿਖੇ ਬਾਗ਼ ਬਣਵਾਏ ਅਤੇ ਰੋਗੀਆਂ ਲਈ ਇੱਕ ਵੱਡਾ ਦਵਾਖ਼ਾਨਾ (ਹਸਪਤਾਲ) ਵੀ ਬਣਵਾਇਆ, ਜਿੱਥੋਂ ਬਹੁਤ ਕੀਮਤੀ ਤੇ ਦੁਰਲੱਭ ਦਵਾਈਆਂ ਲੋੜਵੰਦਾਂ ਨੂੰ ਦਿੱਤੀਆਂ ਜਾਂਦੀਆਂ। ਜਦੋਂ ਦਾਰਾ ਸ਼ਿਕੋਹ ਬਿਮਾਰ ਹੋ ਗਿਆ ਤਾਂ ਉਸ ਨੂੰ ਦਵਾਈ ਕੇਵਲ ਗੁਰੂ ਸਾਹਿਬ ਦੇ ਦਵਾਖ਼ਾਨੇ ਵਿੱਚੋਂ ਹੀ ਪ੍ਰਾਪਤ ਹੋਈ। ਦਿੱਲੀ ਵਿਖੇ ਜਦੋਂ ਚੇਚਕ ਰੋਗ ਫੈਲਿਆ ਤਾਂ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਦਸਵੰਧ ਦੀ ਰਕਮ ਰੋਗ ਗ੍ਰਸਤ ਲੋਕਾਂ ਦੇ ਦਵਾ ਦਾਰੂ ’ਤੇ ਖ਼ਰਚ ਕੀਤੀ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਦਸਵੰਧ ਦੀ ਰਕਮ ਨਾਲ ਜਿੱਥੇ ਨਵਾਂ ਨਗਰ ‘ਚੱਕ ਨਾਨਕੀ’ (ਅਨੰਦਪੁਰ ਸਾਹਿਬ) ਵਸਾਇਆ ਉੱਥੇ ਲੋਕਾਂ ਦੀ ਸਹੂਲਤ ਲਈ ਮਾਲਵੇ ਤੇ ਬਾਂਗੜ ਦੇਸ਼ (ਕੈਥਲ- ਕਰਨਾਲ ਆਦਿ) ਦੇ ਇਲਾਕੇ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਖੂਹ ਵੀ ਲਗਵਾਏ।

ਗੁਰੂ ਗੋਬਿੰਦ ਸਿੰਘ ਜੀ ਨੇ ਦਸਵੰਧ ਦੀ ਰਕਮ ਨਾਲ ਅਨੰਦਪੁਰ ਸਾਹਿਬ ਦਾ ਵਿਕਾਸ ਕੀਤਾ। ਇਸ ਸ਼ਹਿਰ ਨੂੰ ਧਰਮ ਵਿੱਦਿਆ, ਸ਼ਸਤਰ ਵਿੱਦਿਆ ਅਤੇ ਸਾਹਿਤਕ ਤੌਰ ’ਤੇ ਵਿਕਸਤ ਕੀਤਾ। ਮੁਗਲ ਸਰਕਾਰ ਨਾਲ ਅਤੇ ਪਹਾੜੀ ਰਾਜਿਆਂ ਨਾਲ ਤਕਰੀਬਨ 16 ਜੰਗਾਂ ਵੀ ਲੜਨੀਆਂ ਪਈਆਂ। ਇਸ ਲਈ ਦਸਵੰਧ ਦੀ ਕਾਫ਼ੀ ਰਕਮ ਸ਼ਹਿਰ ਦੀ ਸੁਰੱਖਿਆ ਵਾਸਤੇ ਵੀ ਖ਼ਰਚ ਕੀਤੀ ਜਿਸ ਨਾਲ ਅਨੰਦਗੜ੍ਹ, ਨਿਰਮੋਹਗੜ੍ਹ, ਹੋਲ ਗੜ੍ਹ, ਲੋਹਗੜ੍ਹ, ਫਤਹਿਗੜ੍ਹ ਤੇ ਕੇਸਗੜ੍ਹ ਕਿਲਿਆਂ ਦੀ ਉਸਾਰੀ ਕਰਵਾਈ। ਮਸੰਦਾਂ ਵਿੱਚ ਆਈ ਗਿਰਾਵਟ ਦੇ ਕਾਰਨ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਹਮੇਸ਼ਾਂ ਲਈ ਬੰਦ ਕਰ ਦਿੱਤੀ ਅਤੇ ਹੁਕਮਨਾਮੇ ਭੇਜੇ ਹਰ ਗੁਰਸਿੱਖ ਆਪਣੀ ਕਿਰਤ ਕਮਾਈ ਦਾ ਦਸਵੰਧ ਸਿੱਧਾ ਗੁਰੂ ਦਰਬਾਰ ਵਿੱਚ ਆਪ ਪਹੁੰਚਾਵੇ।

ਗੁਰੂ ਕਾਲ ਤੋਂ ਬਾਦ 70-80 ਸਾਲ ਦਾ ਸਮਾਂ ਸਿੱਖਾਂ ਲਈ ਘੋਰ ਸੰਕਟ ਦਾ ਸਮਾਂ ਸੀ। ਇਸ ਅਤਿ ਕਠਨ ਸਮੇਂ ਵਿੱਚ ਜਿੱਥੇ ਸਿੱਖਾਂ ਨੇ ਆਪਣੀ ਹੋਂਦ ਨੂੰ ਬਰਕਰਾਰ ਰੱਖਿਆ ਉੱਥੇ ਵੰਡ ਛੱਕਣ ਦੇ ਸਿਧਾਂਤ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵਿੱਚ ਸਿੱਖਾਂ ਦਾ ਸਮਾਂ ਖੁਸ਼ਹਾਲ ਭਰਿਆ ਸੀ। ਇਸ ਸਮੇਂ ਵਿੱਚ ਵੀ ਸਿੱਖ ਅਤੇ ਮਹਾਰਾਜਾ ਸਾਹਿਬ ਆਪ ਲੋੜਵੰਦਾਂ ਦੀ ਖੁੱਲ੍ਹ ਦਿਲੀ ਨਾਲ ਸਹਾਇਤਾ ਕਰਦੇ ਰਹੇ। 

ਅਜੋਕੇ ਸਮੇਂ ਵਿੱਚ ਵੀ ਸਿੱਖਾਂ ਵੱਲੋਂ ਆਪਣੀ ਦਸਵੰਧ ਦੀ ਰਕਮ ਵਿੱਚੋਂ ਕੁਦਰਤੀ ਆਫਤਾਂ ਸਮੇਂ ਪੀੜਤ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਵਿਦੇਸ਼ਾਂ ਵਿੱਚ ਵਸਦੇ ਸਿੱਖ ਦਿਲ ਖੋਲ੍ਹ ਕੇ ਵੱਡੀ ਪੱਧਰ ’ਤੇ ਪੀੜਤ ਲੋਕਾਂ ਦੀ ਬਿਨਾਂ ਭੇਦ ਭਾਵ ਦੇ ਸਹਾਇਤਾ ਕਰ ਰਹੇ ਹਨ। ਸ੍ਰ. ਰਵੀ ਸਿੰਘ ਖਾਲਸਾ ਏਡ ਸੰਸਥਾ ਦੇ ਬਾਨੀ ਦੁਨੀਆਂ ਭਰ ਵਿੱਚ ਜਿੱਥੇ ਵੀ ਕੁਦਰਤੀ ਆਫਤਾਂ ਆਉਂਦੀਆਂ ਹਨ ਉੱਥੇ ਆਪਣੀ ਟੀਮ ਨਾਲ ਪਹੁੰਚ ਕੇ ਪੀੜਤ ਲੋਕਾਂ ਦਾ ਦੁੱਖ ਵੰਡਾ ਰਹੇ ਹਨ।

ਅੱਜ ਦੇ ਸਮੇਂ ਵਿੱਚ ਗੁਰਦੁਆਰਿਆਂ ਦੀ ਆਮਦਨ ਦਾ ਬਹੁਤਾ ਹਿੱਸਾ, ਮਹਿੰਗੇ ਤੋਂ ਮਹਿੰਗੇ ਰੁਮਾਲੇ, ਚੰਦੋਏ ਅਤੇ ਸਜਾਵਟਾਂ ਕਰਨ ’ਤੇ ਖ਼ਰਚ ਹੋ ਰਿਹਾ ਹੈ। ਨਗਰ ਕੀਰਤਨ, ਕੀਰਤਨ ਦਰਬਾਰ, ਅਖੰਡ ਪਾਠਾਂ ਦੀਆਂ ਲੜੀਆਂ, ਗੁਰਦੁਆਰਿਆਂ ’ਤੇ ਸੋਨਾ ਚੜ੍ਹਾਉਣ ਉੱਤੇ ਬੇਲੋੜਾ ਖ਼ਰਚ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਸਿੱਖ ਪਰਿਵਾਰ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਦਾ ਜੀਵਨ ਬਸਰ ਕਰ ਰਹੇ ਹਨ। ਵਿਸ਼ੇਸ਼ ਕਰ ਕੇ ਸਿਕਲੀਗਰ, ਸਤਿਨਾਮੀਏ ਤੇ ਵਣਜਾਰੇ ਸਿੱਖ ਅੱਤ ਗ਼ਰੀਬੀ ਦਾ ਜੀਵਨ ਬਸਰ ਕਰ ਰਹੇ ਹਨ। ਅੱਜ ਲੋੜ ਹੈ ਕਿ ਇਸ ਪੈਸੇ ਨਾਲ ਸਕੂਲ, ਕਾਲਜ ਤੇ ਹਸਪਤਾਲ ਖੋਲ੍ਹ ਕੇ ਇਹਨਾਂ ਗ਼ਰੀਬ ਸਿੱਖਾਂ ਦੀ ਬਾਂਹ ਫੜੀਏ। ਗ਼ਰੀਬ ਦਾ ਮੂੰਹ ਗੁਰੂ ਕੀ ਗੋਲਕ ਸਮਝ ਕੇ ਇਹਨਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕੀਏ ਅਤੇ ਗੁਰਬਾਣੀ ਦੇ ਇਹਨਾਂ ਵਾਕਾਂ ਨੂੰ ਸੱਚ ਦਾ ਜਾਮਾ ਪਹਿਨਾਈਏ, ‘‘ਅਕਲਿ ਏਹ ਨ ਆਖੀਐ; ਅਕਲਿ ਗਵਾਈਐ ਬਾਦਿ ॥  ਅਕਲੀ ਸਾਹਿਬੁ ਸੇਵੀਐ; ਅਕਲੀ ਪਾਈਐ ਮਾਨੁ ॥  ਅਕਲੀ ਪੜਿ੍ ਕੈ ਬੁਝੀਐ; ਅਕਲੀ ਕੀਚੈ ਦਾਨੁ॥  ਨਾਨਕੁ ਆਖੈ ਰਾਹੁ ਏਹੁ; ਹੋਰਿ ਗਲਾਂ ਸੈਤਾਨੁ ॥’’ (ਮ: ੧/੧੨੪੫)