ਗੁਰਬਾਣੀ ਵਿੱਚ ਕਿਰਿਆਵਾਚੀ ਸ਼ਬਦਾਂ ਦਾ ਉਚਾਰਨ (ਭਾਗ ੧੪)

0
449

ਗੁਰਬਾਣੀ ਵਿੱਚ ਕਿਰਿਆਵਾਚੀ ਸ਼ਬਦਾਂ ਦਾ ਉਚਾਰਨ (ਭਾਗ ੧੪)

ਕਿਰਪਾਲ ਸਿੰਘ (ਬਠਿੰਡਾ)- ੯੮੫੫੪-੮੦੭੯੭

ਪਹਿਲਾ ਪੁਰਖ ਇੱਕ ਵਚਨ ਕਿਰਿਆਵਾਚੀ ਸ਼ਬਦ

ਗੁਰਬਾਣੀ ਲਿਖਤ ’ਚ ਇਹ ਨਿਯਮ ਵੀ ਸ਼ਾਮਲ ਹੈ ਕਿ ਜਦ ਕੋਈ ਕਿਰਿਆਵਾਚੀ ਸ਼ਬਦ ਪਹਿਲਾ (ਉੱਤਮ) ਪੁਰਖ ਇੱਕ ਵਚਨ ਹੋਵੇ ਤਾਂ ਕੁਝ ਕੁ ਜਗ੍ਹਾ ’ਤੇ ਉਹ ਬਿੰਦੀ ਸਮੇਤ ਅੰਤ ਕੰਨਾ ਜਾਂ ਬਿੰਦੀ ਸਮੇਤ ਅੰਤ ਬਿਹਾਰੀ ਲਿਖੇ ਹੋਏ ਹੁੰਦੇ ਹਨ ਜਦਕਿ ਕਈ ਥਾਈਂ ਉਹੀ ਸ਼ਬਦ ਬਿਨਾਂ ਬਿੰਦੀ ਆ ਜਾਂਦੇ ਹਨ ਭਾਵੇਂ ਕਿ ਉਨ੍ਹਾਂ ਦੇ ਸ਼ਬਦਾਰਥ ਅਤੇ ਭਾਵਾਰਥ ਇੱਕ ਸਮਾਨ ਹੀ ਹਨ। ਵਿਚਾਰ ਅਧੀਨ ਇਹੀ ਵਿਸ਼ਾ ਹੈ ਕਿ ਸੰਖੇਪ ’ਚ ਦਰਜ ਕੀਤੇ ਗਏ ਬਿੰਦੀ ਸਮੇਤ ਇੱਕ ਵਚਨ ਉੱਤਮ ਪੁਰਖ ਕਿਰਿਆਵਾਚੀ ਸ਼ਬਦਾਂ ਤੋਂ ਸੇਧ ਲੈ ਕੇ ਬਿਨਾਂ ਬਿੰਦੀ ਵਾਲੇ ਉੱਤਮ ਪੁਰਖ ਇੱਕ ਵਚਨ ਕਿਰਿਆਵਾਚੀ ਸ਼ਬਦਾਂ ਨੂੰ ਵੀ ਬਿੰਦੀ ਸਹਿਤ ਉਚਾਰਨਾ ਦਰੁਸਤ ਮੰਨਿਆ ਗਿਆ ਹੈ; ਜਿਵੇਂ ਕਿ ਜਾਵਾ-ਜਾਵਾਂ,  ਪਵਾ-ਪਵਾਂ,  ਪੀਵਾ-ਪੀਵਾਂ,  ਜੀਵਾ-ਜੀਵਾਂ,  ਪੂਛਾ-ਪੂਛਾਂ, ਗਾਵਾ-ਗਾਵਾਂ, ਕਰੀ-ਕਰੀਂ ਆਦਿਕ, ਜੋ ਕਿ ਇਸ ਤਰ੍ਹਾਂ ਹੈ:

੯.  ਸਦਾ, ਸਚੇ ਕੇ ਗੁਣ ਗਾਵਾਂ, ਭਾਈ  !  ਸਦਾ, ਸਚੇ ਕੈ ਸੰਗਿ ਰਹਾਉ ॥ (ਮ: ੩/੧੪੧੯)  ਹੇ ਭਾਈ ! ਮੈਂ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੇ ਗੁਣ ਹੀ ਗਾਂਦਾ ਹਾਂ ਅਤੇ ਉਸ (ਸਦਾ ਸਥਿਰ) ਦੇ ਚਰਨਾਂ ਵਿੱਚ ਹੀ ਟਿਕਿਆ ਰਹਿੰਦਾ ਹਾਂ।

੧੦. ਅਨਦਿਨੁ ਗੁਣ ‘ਗਾਵਾ’ (ਗਾਵਾਂ) ਪ੍ਰਭ  ! ਤੇਰੇ ॥ ਤੁਧੁ ਸਾਲਾਹੀ (ਸਾਲਾਹੀਂ) ਪ੍ਰੀਤਮ ਮੇਰੇ  ! ॥ ਤੁਧੁ ਬਿਨੁ, ਅਵਰੁ ਨ ਕੋਈ ਜਾਚਾ (ਜਾਚਾਂ) ; ਗੁਰ ਪਰਸਾਦੀ ਤੂੰ ਪਾਵਣਿਆ ॥ (ਮ: ੪/੧੩੦)  ਅਰਥ:- ਹੇ ਪ੍ਰਭੂ ! ਹੇ ਮੇਰੇ ਪ੍ਰੀਤਮ ! ਗੁਰੂ ਦੀ ਕਿਰਪਾ ਨਾਲ ਹੀ ਤੇਰਾ ਮਿਲਾਪ ਸੰਭਵ ਹੈ (ਇਸ ਲਈ ਮੇਰੇ ਉੱਤੇ ਮਿਹਰ ਕਰ ਤਾਂ ਜੋ) ਮੈਂ ਤੈਥੋਂ ਬਿਨਾਂ ਕਿਸੇ ਹੋਰ ਪਾਸੋਂ ਕੁਝ ਨਾ ਮੰਗਾਂ। ਹਰ ਰੋਜ਼ (ਹਰ ਵੇਲੇ) ਤੇਰੇ ਗੁਣ ਗਾਉਂਦਾ ਰਹਾਂ।, ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਰਹਾਂ।

(ਨੋਟ : ਧਿਆਨ ਰਹੇ ਕਿ ਉਕਤ ਪਾਵਨ ਪੰਕਤੀਆਂ ’ਚ ਕੇਵਲ ਉੱਤਮ ਪੁਰਖ ਇੱਕ ਵਚਨ ਕਿਰਿਆਵਾਚੀ ਸ਼ਬਦਾਂ ਦੇ ਅੰਤਮ ਕੰਨੇ ਜਾਂ ਅੰਤਮ ਬਿਹਾਰੀ ਨਾਲ ਹੀ ਬਿੰਦੀ ਦਾ ਉਚਾਰਨ ਹੁੰਦਾ ਹੈ, ਨਾ ਕਿ ਹਰ ਸ਼ਬਦ ਦੇ ਮਗਰਲੇ ਅੱਖਰ ਨੂੰ ਲੱਗੇ ਕੰਨੇ ਜਾਂ ਬਿਹਾਰੀ ਨੂੰ ਬਿੰਦੀ ਲਗਾਉਣੀ ਹੈ।  ਮਿਸਾਲ ਵਜੋਂ ਦੋ ਤੁਕਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਸ਼ਾਮਲ ‘ਰਾਮਦਾਸਾ, ਓਪਾਵਾ, ਦਿਖਾਵਾ’, ਨਾਂਵ ਸ਼ਬਦ ਅਤੇ ‘ਗਾਵਾ ‘ਆਵਾ, ਰਹਾਵਾ’ ਅਨ ਪੁਰਖ ਕਿਰਿਆਵਾਚੀ ਸ਼ਬਦ ਹੋਣ ਕਾਰਨ ਲਈ ਬਿਨਾਂ ਬਿੰਦੀ ਉਚਾਰਨੇ ਦਰੁਸਤ ਹਨ, ਇਨ੍ਹਾਂ ਦੇ ਅਰਥ ਹਨ: ਨਹੀ ਗਾਵਾ= ਨਹੀਂ ਗਾਇਆ ਹੈ।, ਆਵਾ = ਆਉਂਦੇ ਹਨ/ਵਰਤੇ ਜਾਂਦੇ ਹਨ।, ਨ ਰਹਾਵਾ = ਨਹੀਂ ਰਹਿੰਦਾ/ਹਸਤੀ ਮਿਟ ਜਾਂਦੀ ਹੈ।

(ੳ) . ਘੂੰਘਰ ਬਾਧਿ, ਭਏ ‘ਰਾਮਦਾਸਾ’ ; ਰੋਟੀਅਨ ਕੇ ‘ਓਪਾਵਾ’ ॥ ਬਰਤ ਨੇਮ ਕਰਮ ਖਟ ਕੀਨੇ ; ਬਾਹਰਿ, ਭੇਖ ਦਿਖਾਵਾ ॥ ਗੀਤ ਨਾਦ ਮੁਖਿ ਰਾਗ ਅਲਾਪੇ ; ਮਨਿ ਨਹੀ ਹਰਿ ਹਰਿ ‘ਗਾਵਾ’ ॥ (ਮ: ੫/ ੧੦੦੩) ਅਰਥ: ਕਈ (ਪੈਰਾਂ ਨਾਲ) ਘੁੰਘਰੂ ਬੰਨ੍ਹ ਕੇ ਰਾਸਧਾਰੀਏ ਬਣੇ ਹੋਏ ਹਨ, ਕਈ ਵਰਤ ਨੇਮ ਤੇ ਛੇ (ਮਿਥੇ ਹੋਏ ਧਾਰਮਿਕ) ਕਰਮ (ਵਿਦਿਆ ਸਿੱਖਣੀ ਤੇ ਸਿਖਾਉਣੀ, ਦਾਨ ਲੈਣਾ ਤੇ ਫਲ਼ ਦੇਣਾ, ਜੱਗ ਕਰਨਾ ਤੇ ਕਰਾਉਣ ਲਈ ਉਕਸਾਉਣਾ) ਕਰਦੇ ਹਨ, ਕਈ ਮੂੰਹੋਂ ਤਾਂ (ਭਜਨ) ਗੀਤ ਰਾਗ ਅਲਾਪਦੇ ਹਨ (ਪਰ ਅੰਦਰੋਂ) ਮਨ ਤੋਂ ਕਦੇ ਰੱਬੀ ਸਿਫ਼ਤ ਨਹੀਂ ਕੀਤੀ, (ਇਸ ਲਈ ਇਹ) ਸਭ ਬਾਹਰਲਾ ਧਾਰਮਿਕ ਲਿਬਾਸ-ਵਿਖਾਵਾ ਹੀ ਹੈ ਜੋ ਕਿ ਰੋਟੀਆਂ ਮੰਗਣ ਦੇ ਢੰਗ ਹਨ।

(ਅ).  ਜਹਾ ਬੋਲ, ਤਹ ਅਛਰ ‘ਆਵਾ’ ॥ ਜਹ ਅਬੋਲ, ਤਹ ਮਨੁ ਨ ‘ਰਹਾਵਾ’ ॥ ਬੋਲ ਅਬੋਲ ਮਧਿ ਹੈ ਸੋਈ ॥ ਜਸ ਓਹੁ ਹੈ, ਤਸ ਲਖੈ ਨ ਕੋਈ ॥ (ਭਗਤ ਕਬੀਰ ਜੀਉ/੩੪੦) ਅਰਥ:- ਜਿੱਥੇ ਬੋਲਿਆ ਜਾ ਸਕਦਾ ਹੋਵੇ, ਓਥੇ ਹੀ ਅੱਖਰ ਵਰਤੇ ਜਾਂਦੇ ਹਨ, ਪਰ ਜਿੱਥੇ ਬਿਆਨ ਰਹਿਤ (ਰੱਬ ਦਾ ਜ਼ਿਕਰ) ਹੋਵੇ ਓਥੇ ਮਨੁੱਖਾ ਮਨ ਕੁਝ ਨਹੀਂ ਬੋਲ ਸਕਦਾ ਭਾਵ ਮਨ ਬੋਲਣ ਤੋਂ ਅਸਮਰੱਥ ਹੁੰਦਾ ਹੈ ਭਾਵੇਂ ਕਿ ਬੋਲਣਯੋਗ (ਭਾਵ ਕੁਦਰਤ) ਤੇ ਬਿਆਨ ਰਹਿਤ (ਭਾਵ ਨਿਰਾਕਾਰ) ਵਿੱਚ ਓਹੀ ਮਾਲਕ ਵਿਆਪਕ ਹੈ, ਫਿਰ ਵੀ ਜੈਸਾ ਉਹ ਹੈ, ਵੈਸਾ ਹੋਰ ਬਿਆਨਿਆ ਨਹੀਂ ਜਾ ਸਕਦਾ ਭਾਵ ਉਸ ਦੀ ਮਿਸਾਲ ਦੇਣੀ ਅਸੰਭਵ ਹੈ।)

੧੧. ਕਰਿ ਕਿਰਪਾ, ਪ੍ਰਤਿਪਾਲਣ ਲਾਗਾ; ‘ਕਰਂੀ’ ਤੇਰਾ ਕਰਾਇਆ ॥ (ਮ: ੫/੬੨੬) ਅਰਥ:- ਮਿਹਰ ਕਰ ਕੇ ਤੂੰ ਆਪ ਹੀ ਮੇਰੀ ਪਾਲਣਾ ਕਰ ਰਿਹਾ ਹੈਂ। ਹੇ ਪ੍ਰਭੂ ! ਮੈਂ ਉਹੀ ਕੁਝ ਕਰਦਾ ਹਾਂ, ਜੋ ਤੂੰ ਮੈਥੋਂ ਕਰਾਉਂਦਾ ਹੈਂ।

੧੨.  ਤੀਰਥਿ ‘ਨਾਵਾ’ (ਨ੍ਹਾਵਾਂ), ਜੇ ਤਿਸੁ ‘ਭਾਵਾ’ (ਭਾਵਾਂ); ਵਿਣੁ ਭਾਣੇ, ਕਿ ਨਾਇ (ਨ੍ਹਾਇ) ਕਰੀ  ?॥ (ਮ: ੧/੨) ਅਰਥ:- ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਰੱਬ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਦੇ ਕਰਮ ਨਾਲ਼ ਉਹ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ (ਅਜਿਹਾ) ਇਸ਼ਨਾਨ ਕਰ ਕੇ ਕੀ ਖੱਟਾਂਗਾ ?

(ਨੋਟ : ਉਕਤ ਤੁਕ ’ਚ ‘ਨਾਵਾ, ਭਾਵਾ, ਕਰੀ’ ਸ਼ਬਦ ਇੱਕ ਵਚਨ ਉੱਤਮ ਪੁਰਖ ਕਿਰਿਆਵਾਚੀ ਹਨ, ਜਿਨ੍ਹਾਂ ਦਾ ਉਚਾਰਨ ਇਨ੍ਹਾਂ ਉਤਮ ਪੁਰਖ ਇੱਕ ਵਚਨ ਤੁਕਾਂ ’ਚ ਦਰਜ ‘ਪੂਛਾਂ, ਗਾਵਾਂ, ਭਾਵਾਂ, ਕਰਂੀ’ ਤੋਂ ਸੇਧ ਲੈ ਕੇ ਬਿੰਦੀ ਸਹਿਤ ਉਚਾਰਨ ਕਰਨਾ ਹੈ, ‘‘ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ‘ਪੂਛਾਂ’; ਕਰਿ ਸਾਂਝੀ ਹਰਿ ਗੁਣ ‘ਗਾਵਾਂ’ ॥ (ਮ: ੪/੫੬੨), ਕੀਮਤਿ ਕਉਣ ਕਰੇ ਤੁਧੁ ‘ਭਾਵਾਂ’ ? ਦੇਖਿ ਦਿਖਾਵੈ ਢੋਲੋ ॥ (ਤੁਖਾਰੀ ਬਾਰਹਮਾਹਾ/ਮ: ੧/੧੧੦੮), ਅਰਦਾਸਿ ‘ਕਰਂੀ’ ਗੁਰ ਪੂਰੇ ਆਗੈ; ਰਖਿ ਲੇਵਹੁ ਦੇਹੁ ਵਡਾਈ ਰਾਮ ॥’’ (ਮ: ੩/੫੭੧) ਪਰ ਧਿਆਨ ਰਹੇ ਕਿ ਮਿਸਾਲ ਵਜੋਂ ਦਿੱਤੀ ਜਾ ਰਹੀ ਇਸ ਤੁਕ ’ਚ ‘ਕਰੀ, ਪਰੀ’ ਅਨ ਪੁਰਖ ਕਿਰਿਆਵਾਂ ਹਨ, ਜਿਸ ਕਾਰਨ ਇਨ੍ਹਾਂ ਨੂੰ ਬਿੰਦੀ ਨਹੀਂ ਲੱਗੇਗੀ, ‘‘ਗੁਰਿ ਪੂਰੈ, ਜਬ ਕਿਰਪਾ ‘ਕਰੀ’ (ਕੀਤੀ) ॥ ਭਨਤਿ ਨਾਨਕ, ਮੇਰੀ ਪੂਰੀ ਪਰੀ (ਪੈ ਗਈ)॥’’ (ਮ: ੫/੧੯੦)  ਅਰਥ : ਨਾਨਕ ਆਖਦਾ ਹੈ ਕਿ ਜਦੋਂ ਪੂਰੇ ਗੁਰੂ ਨੇ ਮਿਹਰ ਕੀਤੀ ਤਾਂ ਮੇਰੀ ਜੀਵਨ-ਘਾਲਣਾ ਸਿਰੇ ਚੜ੍ਹ ਗਈ, ਸਫਲ ਹੋ ਗਈ।)

੧੩.  ਮਨੁ, ਤਨੁ, ਪ੍ਰਾਨ ‘ਧਰਂੀ’ ਤਿਸੁ ਆਗੈ ; ਨਾਨਕ  ! ਆਪੁ ਗਵਾਈ ॥ (ਮ: ੩/੧੨੬੦) ਅਰਥ:- ਹੇ ਨਾਨਕ ! ਉਸ (ਗੁਰੂ) ਅੱਗੇ ਮੈਂ ਆਪਾ-ਭਾਵ (ਅਹੰਕਾਰ) ਗਵਾ ਕੇ ਆਪਣਾ ਮਨ, ਆਪਣਾ ਸਰੀਰ, ਆਪਣੇ ਪ੍ਰਾਣ ਭੇਟ ਧਰਦਾ ਹਾਂ, ਕਰਦਾ ਹਾਂ (ਜਿਸ ਪਾਸੋਂ ਇਹ ਸਮਝ ਹੋਈ ਕਿ ‘‘ਜਹ ਜਹ ਦੇਖਾ (ਦੇਖਾਂ), ਤਹ ਏਕੋ ਸੋਈ; ਇਹ ਗੁਰਮਤਿ ਬੁਧਿ ਪਾਈ ॥’’ ਮ: ੩/੧੨੬੦)

੧੪. ਤਨੁ ਮਨੁ ‘ਸਉਪੀ’ (ਸੌਂਪੀਂ) ਆਗੈ ‘ਧਰੀ’ (ਧਰੀਂ), ਵਿਚਹੁ ਆਪੁ ਗਵਾਇ ॥ (ਮ: ੩/੭੫੬) ਅਰਥ:- ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ, ਤਨ ਗੁਰੂ ਦੇ ਹਵਾਲੇ ਕਰ ਦਿਆਂ, ਗੁਰੂ ਅੱਗੇ ਰੱਖ ਦਿਆਂ।

(ਨੋਟ : ਉਕਤ ਤੁਕ ਨੰਬਰ ੧੩ ’ਚ ਸ਼ਾਮਲ ‘ਧਰਂੀ’ (ਬਿੰਦੀ ਸਹਿਤ) ਸ਼ਬਦ ਤੋਂ ਸੇਧ ਲੈ ਕੇ ਤੁਕ ਨੰਬਰ ੧੪ ’ਚ ਦਰਜ ‘ਧਰੀ’ (ਬਿੰਦੀ ਰਹਿਤ) ਦਾ ਉਚਾਰਨ ਵੀ ‘ਧਰਂੀ’ (ਬਿੰਦੀ ਸਮੇਤ) ਕਰਨਾ ਦਰੁਸਤ ਹੈ, ਇਸੇ ਤਰ੍ਹਾਂ ਤੁਕ ੧੪ ’ਚ ‘ਸਉਪੀ’ (ਉਤਮ ਪੁਰਖ ਇੱਕ ਵਚਨ ਕਿਰਿਆ) ਦਾ ਉਚਾਰਨ ਵੀ ‘ਸਉਂਪੀਂ’ ਦਰੁਸਤ ਹੈ, ਪਰ ਇਸ ਤੁਕ, ‘‘ਪਉਣੁ ਉਪਾਇ ‘ਧਰੀ’ ਸਭ ਧਰਤੀ; ਜਲ ਅਗਨੀ ਕਾ ਬੰਧੁ ਕੀਆ ॥ (ਮ: ੧/੩੫੦) ’ਚ ਦਰਜ ‘ਧਰੀ’ ਦਾ ਅਰਥ ‘ਟਿਕਾਈ ਹੋਈ’ ਹੈ, ਜੋ ਕਿ ਬਿੰਦੀ ਰਹਿਤ ਉਚਾਰਨਾ ਦਰੁਸਤ ਹੋਏਗਾ।  ਪੂਰੀ ਤੁਕ ਦੇ ਅਰਥ ਹਨ : ‘ਰੱਬ ਨੇ ਹਵਾ ਬਣਾ ਕੇ ਸਾਰੀ ਧਰਤੀ ਸਾਜੀ (ਭਾਵ ਧਰਤੀ ਦਾ ਤਾਪਮਾਨ ਸਥਿਰ ਕੀਤਾ), ਪਾਣੀ ਤੇ ਅੱਗ ਦਾ ਸੁਮੇਲ ਕੀਤਾ। ਧਿਆਨ ਰਹੇ ਕਿ ਇਸ ਤੁਕ ’ਚ ‘ਧਰੀ’ ਉਤਮ ਪੁਰਖ ਨਹੀਂ ਬਲਕਿ ਅਨ੍ਯ ਪੁਰਖ ਕਿਰਿਆ ਹੈ।)

੧੫.  ਮਨ ਤਨ ਅੰਤਰਿ, ਤੁਝੈ ‘ਧਿਆੲਂੀ’ ॥ ਤੁਮ੍ਰੈ ਲਵੈ ਨ, ਕੋਊ ‘ਲਾੲਂੀ’ ॥ (ਮ: ੫/੩੮੬) ਅਰਥ : ਹੇ ਮਾਲਕ  ! (ਤੇਰੀ ਮਿਹਰ ਨਾਲ਼) ਮੈਂ ਮਨੋਂ, ਤਨੋਂ ਤੈਨੂੰ ਯਾਦ ਕਰਦਾ ਹਾਂ ਕਿਉਂਕਿ ਤੇਰੇ ਬਰਾਬਰ ਦੀ ਸ਼ਕਤੀ ਮੈਂ ਕਿਸੇ ਹੋਰ ਨੂੰ ਨਹੀਂ ਮੰਨਦਾ ਹਾਂ।

(ਨੋਟ : ਉਕਤ ਤੁਕ ’ਚ ‘ਧਿਆੲਂੀ, ‘ਲਾੲਂੀ’ ਸ਼ਬਦ ਉਤਮ ਪੁਰਖ ਇੱਕ ਵਚਨ ਕਿਰਿਆਵਾਂ ਹਨ ਜਿਸ ਕਾਰਨ ਬਿੰਦੀ ਸਹਿਤ ਦਰਜ ਕੀਤੇ ਗਏ ਹਨ, ਇਨ੍ਹਾਂ ਤੋਂ ਸੇਧ ਲੈ ਕੇ ਹੀ ਅਗਲੇ ਨੰਬਰ ਦੀ ਤੁਕ ’ਚ ਦਰਜ ‘ਧਿਆਈ’ (ਬਿੰਦੀ ਰਹਿਤ) ਦਾ ਉਚਾਰਨ ਵੀ ਬਿੰਦੀ ਸਹਿਤ ਹੀ ਹੋਵੇਗਾ।)

੧੬.  ਸਾ ਮਤਿ ਦੀਜੈ ; ਜਿਤੁ, ਤੁਧੁ ‘ਧਿਆਈ’ ॥ (ਮ: ੫/੧੦੦) ਅਰਥ ਹਨ :- ਮੈਨੂੰ ਉਹੀ ਮਤਿ ਦੇਹ, ਜਿਸ ਨਾਲ਼ ਤੈਨੂੰ ਯਾਦ ਕਰਦਾ ਰਹਾਂ ।

(ਨੋਟ:- ਉਕਤ ਤੁਕ ਵਾਙ ਹਰ ਥਾਂ ਇਹ ਨਹੀਂ ਸਮਝਣਾ ਕਿ ‘ਧਿਆਈ’ ਨੂੰ ਬਿੰਦੀ ਲਗਾਉਣੀ ਹੀ ਹੈ, ਇਸ ਲਈ ਮਿਸਾਲ ਵਜੋਂ ਇਸ ਪੰਕਤੀ  ‘‘ਗੁਰਮੁਖਿ ਹੋਵੈ, ਸੁ ਨਾਮੁ ‘ਧਿਆਈ’ ॥’’ (ਮ: ੩/੧੫੮) ’ਚ ਦਰਜ ‘ਧਿਆਈ’ ਅਨ੍ਯ ਪੁਰਖ ਇੱਕ ਵਚਨ ਹੋਣ ਕਾਰਨ ਬਿੰਦੀ ਰਹਿਤ ਹੀ ਉਚਾਰਨਾ ਦਰੁਸਤ ਹੈ, ਜਿਸ ਦੇ ਅਰਥ ਹਨ:- ਜੋ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਰੱਬੀ ਨਾਮ ਸਿਮਰਦਾ ਹੈ।

ਸੋ ਉਕਤ ਤੁਕ ਨੰ: ੧੬ ’ਚ ‘ਧਿਆਈ’ ਉੱਤਮ ਪੁਰਖ ਇੱਕ ਵਚਨ ਕਿਰਿਆ ਹੈ, ਜਿਸ ਦਾ ਅਰਥ ਹੈ ‘ਮੈਂ ਧਿਆਵਾਂ ਜਾਂ ਮੈਂ ਧਿਆਉਂਦਾ ਹਾਂ’ ਪਰ ਇਸ ਤੁਕ ’ਚ ‘ਧਿਆਈ’ ਦਾ ਅਰਥ ਹੈ (ਉਹੀ ਨਾਮ) ਸਿਮਰਦਾ ਹੈ (ਅਨ੍ਯ ਪੁਰਖ), ਇਸ ਲਈ ਪ੍ਰਸੰਗ ਅਨੁਸਾਰ ਹੀ ਕਿਸੇ ਸ਼ਬਦ ਦੇ ਸ਼ਬਦਾਰਥ ਤੇ ਭਾਵਰਥ ਲੈਣੇ ਗੁਰਮਤਿ ਅਨੁਸਾਰੀ ਹੁੰਦੇ ਹਨ।)

੧੭.  ਜਹਾ ਪਠਾਵਹੁ, ਤਹ ਤਹ ‘ਜਾੲਂੀ’ ॥ (ਮ: ੫/੩੮੬)  ਪਦ ਅਰਥ:- ਪਠਾਵਹੁ = ਤੂੰ ਭੇਜਦਾ ਹੈਂ।, ਤਹ ਤਹ = ਉਥੇ ਉਥੇ।, ਜਾੲਂੀ = ਮੈਂ ਜਾਂਦਾ ਹਾਂ।, ਅਰਥ:- (ਹੇ ਗੋਵਿੰਦ ! ਤੇਰੀ ਮਿਹਰ ਨਾਲ਼) ਜਿਧਰ ਤੂੰ ਮੈਨੂੰ ਭੇਜਦਾ ਹੈਂ, ਮੈਂ ਉਧਰ ਉਧਰ ਹੀ (ਖ਼ੁਸ਼ੀ ਨਾਲ) ਜਾਂਦਾ ਹਾਂ। (ਪਰ ਹੇਠਲੀ ਤੁਕ ’ਚ ‘ਜਾਈ’ ਨੂੰ ਬਿੰਦੀ ਨਾ ਹੋਣ ਕਾਰਨ ਇਸ ਪੰਕਤੀ ’ਚੋਂ ਸੇਧ ਲੈ ਕੇ ਲਗਾਉਣੀ ਹੈ।)

੧੮. ਸਭ ਕਿਛੁ ਤੂੰ ਹੈ, ਤੂੰ ਹੈ ਮੇਰੇ ਪਿਆਰੇ  ! ਤੇਰੀ ਕੁਦਰਤਿ ਕਉ ਬਲਿ ‘ਜਾਈ’ (ਜਾਈਂ) ਜੀਉ ॥ (ਮ: ੫/੯੮) ਅਰਥ:- ਹੇ ਮੇਰੇ ਪਿਆਰੇ ਪ੍ਰਭੂ ! (ਜਗਤ ’ਚ) ਸਭ ਕੁਝ ਤੂੰ ਹੀ ਕਰ ਰਿਹਾ ਹੈਂ ਤੂੰ ਹੀ ਕਰਾ ਰਿਹਾ ਹੈਂ। ਮੈਂ ਤੇਰੀ ਇਸ ਸਮਰੱਥਾ ਤੋਂ ਸਦਕੇ ਜਾਂਦਾ ਹਾਂ।

(ਨੋਟ : ਉਕਤ ਤੁਕ ਵਾਙ ਹਰ ਥਾਂ ਇਹ ਨਹੀਂ ਸਮਝਣਾ ਕਿ ‘ਜਾਈ’ ਨੂੰ ਬਿੰਦੀ ਲਗਾਉਣੀ ਹੀ ਹੈ, ਇਸ ਲਈ ਮਿਸਾਲ ਵਜੋਂ ਇਸ ਪੰਕਤੀ ‘‘ਹੁਕਮੀ ਹੋਵਨਿ ਆਕਾਰ ; ਹੁਕਮੁ ਨ ਕਹਿਆ ਜਾਈ ॥’’ (ਮ: ੧/੧) ’ਚ ‘ਜਾਈ’ ਅਨ੍ਯ ਪੁਰਖ ਹੈ, ਜੋ ਬਿੰਦੀ ਰਹਿਤ ਉਚਾਰਨ ਹੋਏਗਾ। ਤੁਕ ਦੇ ਅਰਥ ਹਨ:- ਰੱਬੀ ਹੁਕਮ ’ਚ ਸਾਰੇ ਸਰੀਰ ਬਣਦੇ ਹਨ (ਪਰ ਹੁਕਮ ਦੀ ਇਸ ਵਿਸ਼ਾਲਤਾ ਬਾਰੇ) ਬਿਆਨ ਨਹੀਂ ਕੀਤਾ ਜਾ ਸਕਦਾ।

ਗੁਰਬਾਣੀ ਵਿੱਚ ‘ਜਾਈ’ ਸ਼ਬਦ ਨਾਂਵ ਰੂਪ ਵਿੱਚ ਵੀ ਹੈ, ਜਿਸ ਦਾ ਅਰਥ ਹੈ ‘ਥਾਵਾਂ, ਕਈ ਜਗ੍ਹਾ, ਇਲਾਕੇ’, ਜਿੱਥੇ ਵੀ ਇਸ ਦੀ ਲਿਖਤ ‘ਜਾਂਈਂ’ ਹੁੰਦੀ ਹੈ। ਪ੍ਰਸੰਗ ਮੁਤਾਬਕ ਉਸ ਨੂੰ ਇੱਕ ਵਚਨ ਉਤਮ ਪੁਰਖ ਕਿਰਿਆ ਸਮਝਣ ਦੀ ਗ਼ਲਤੀ ਨਹੀਂ ਕਰਨੀ। ਮਿਸਾਲ ਵਜੋਂ ‘‘ਭੈ ਭਉ ਭਰਮੁ ਖੋਇਆ, ਗੁਰਿ ਪੂਰੈ ; ਦੇਖਾ (ਦੇਖਾਂ) ਸਭਨੀ ਜਾਈ (ਜਾਂਈਂ= ਥਾਵਾਂ) ਜੀਉ ॥ (ਮ: ੫/੧੦੭) ਅਰਥ:- ਰੱਬੀ ਡਰ ਅਦਬ ਹਿਰਦੇ ’ਚ ਰੱਖਣ ਕਾਰਨ ਪੂਰੇ ਗੁਰੂ ਨੇ ਮੇਰਾ ਦੁਨਿਆਵੀ ਡਰ ਤੇ ਭਰਮ ਖ਼ਤਮ ਕਰ ਦਿੱਤਾ, ਹੁਣ ਮੈਂ ਪਰਮਾਤਮਾ ਨੂੰ ਸਭ ਥਾਂਵਾਂ ਵਿੱਚ ਵੇਖਦਾ ਹਾਂ।  ਇਸ ਤੁਕ ਵਿੱਚ ‘ਜਾਈ’ ਕਿਰਿਆ ਨਹੀਂ ਬਲਕਿ ਨਾਂਵ ਹੈ ਜਿਸ ਦਾ ਅਰਥ ਹੈ ‘ਥਾਂ’ ਅਧਿਕਰਨ ਕਾਰਕ ਵਿੱਚ ਵਰਤੇ ਜਾਣ ਸਦਕਾ ਇਸ ਦਾ ਉਚਾਰਨ ਹੈ ‘ਜਾਂਈਂ’ ਭਾਵਾਂ ਥਾਂਵਾਂ ਵਿੱਚ।)

੧੯.  ਜੋ ਤੁਮ ਦੇਹੁ, ਸੋਈ ਸੁਖੁ ‘ਪਾੲਂੀ’ ॥ (ਮ: ੫/੩੮੬) ਅਰਥ:- (ਹੇ ਦਾਤਾਰ  !) ਜੋ ਤੂੰ ਮੈਨੂੰ ਦੇਂਦਾ ਹੈਂ, ਮੈਂ ਉਸ (ਦੁਖ-ਸੁਖ) ਨੂੰ ਸੁਖ (ਹੀ) ਮੰਨਦਾ ਹਾਂ।

੨੦.  ਜੇ ਜਾਣਾ, ਲੜੁ ਛਿਜਣਾ ; ਪੀਡੀ ‘ਪਾਈਂ’ ਗੰਢਿ ॥ (ਬਾਬਾ ਫਰੀਦ ਜੀ/੧੩੭੮) ਪਦ ਅਰਥ: ਲੜੁ = ਪੱਲਾ।, ਛਿਜਣਾ = ਟੁੱਟ ਜਾਣਾ ਹੈ।, ਪੀਡੀ = ਪੱਕੀ।, ਪਾਈਂ= ਪਾਵਾਂ।, ਗੰਢਿ= ਜੱਫੀ। ਅਰਥ:- (ਹੇ ਮਾਲਕ !) ਜੇ ਮੈਨੂੰ ਸਮਝ ਹੋਵੇ (ਕਿ ਮਾਇਆ ਦੀ ਮਜ਼ਬੂਤ ਪਕੜ ਨਾਲ ਤੇਰਾ ਸਹਾਰਾ) ਪੱਲਾ ਛੁੱਟ ਜਾਣਾ ਹੈ ਤਾਂ ਮੈਂ (ਮਾਯਾ ਦੀ ਬਜਾਇ ਤੇਰੇ ਗੁਣਾਂ-ਸਹਾਰੇ ਨਾਲ ਹੀ) ਪੱਕੀ ਜੱਫੀ ਪਾਵਾਂ। (ਪਰ ਹੇਠਲੀ ਤੁਕ ’ਚ ਸ਼ਾਮਲ ‘ਪਾਈ’ ਸ਼ਬਦ ਦੇ ਅਰਥ ‘ਪਾਈਂ’ ਸ਼ਬਦ ਦੇ ਸਮਾਨੰਤਰ ਹੋਣ ਕਾਰਨ ਵੀ ਬਿੰਦੀ ਰਹਿਤ ਦਰਜ ਹੈ ਜਿਸ ਦਾ ਉਚਾਰਨ ਵੀ ਬਿੰਦੀ ਸਮੇਤ ਕਰਨਾ ਦਰੁਸਤ ਹੈ।)

੨੧.  ਜੋ, ਤਉ ਭਾਵੈ, ਸੋਈ ਥੀਸੀ ; ਜੋ ਤੂੰ ਦੇਹਿ, ਸੋਈ ਹਉ ‘ਪਾਈ’ ॥ (ਮ: ੪/੧੧) ਪਦ ਅਰਥ: ਤਉ = ਤੈਨੂੰ। ਭਾਵੈ = ਚੰਗਾ ਲੱਗਦਾ ਹੈ। ਥੀਸੀ = ਹੋਵੇਗਾ। ਹਉ = ਹਉਂ, ਮੈਂ। ਪਾਈ = ਪਾਈਂ, ਮੈਂ ਪ੍ਰਾਪਤ ਕਰਾਂ। ਅਰਥ:- (ਜਗਤ ਵਿੱਚ) ਉਹੀ ਕੁਝ ਹੁੰਦਾ ਹੈ ਜੋ ਤੈਨੂੰ ਪਸੰਦ ਹੈ (ਇਸ ਲਈ) ਜੋ ਕੁਝ ਤੂੰ ਦੇਵੇਂ, ਮੈਂ ਵੀ ਉਹੀ ਕੁਝ ਪ੍ਰਾਪਤ ਕਰਦਾ ਹਾਂ।

(ਨੋਟ : ਉਕਤ ਤੁਕ ਵਾਙ ਹਰ ਥਾਂ ਇਹ ਨਹੀਂ ਸਮਝਣਾ ਕਿ ‘ਪਾਈ’ ਨੂੰ ਬਿੰਦੀ ਲਗਾਉਣੀ ਹੀ ਹੈ, ਇਸ ਲਈ ਮਿਸਾਲ ਵਜੋਂ ਇਸ ਪੰਕਤੀ ‘‘ਨਾਮਾ ਛੀਬਾ (ਛੀਂਬਾ), ਕਬੀਰੁ ਜੁੋਲਾਹਾ (ਜੁਲਾਹਾ); ਪੂਰੇ ਗੁਰ ਤੇ ਗਤਿ ‘ਪਾਈ’ ॥’’ (ਮ: ੩/੬੭) ’ਚ ਸ਼ਾਮਲ ‘ਪਾਈ’ ਅਨ੍ਯ ਪੁਰਖ ਹੋਣ ਕਾਰਨ ਬਿੰਦੀ ਰਹਿਤ ਹੀ ਉਚਾਰਨਾ ਹੈ। ਪਦ ਅਰਥ: ਜੁੋਲਾਹਾ = ਇਹ ਲਫ਼ਜ਼ ‘ਜੋਲਾਹਾ’ ਹੈ, ਪਰ ਇੱਥੇ ਕਾਵ ਤੋਲ ਨੂੰ ਪੂਰਾ ਰੱਖਣ ਲਈ ‘ਜੁਲਾਹਾ’ ਪੜ੍ਹਨਾ ਹੈ’।, ਤੇ = ਤੋਂ।, ਗਤਿ = ਉੱਚੀ ਆਤਮਕ ਅਵਸਥਾ।  ਅਰਥ ਹਨ:- ਨਾਮਦੇਵ ਜੀ (ਜਾਤ ਦੇ) ਛੀਂਬੇ (ਸਨ), ਕਬੀਰ ਜੀ ਜੁਲਾਹੇ (ਸਨ, ਫਿਰ ਵੀ ਉਨ੍ਹਾਂ ਨੇ) ਪੂਰੇ ਗੁਰੂ ਰਾਹੀਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਸੀ ਭਾਵ ਜਾਤ-ਪਾਤ ਦਾ ਰੂਹਾਨੀਅਤ ਨਾਲ ਕੋਈ ਸਬੰਧ ਨਹੀਂ।)

੨੨.  ਆਪੁ ਤਿਆਗਿ, ਸਰਣੀ ‘ਪਵਾਂ’ ; ਮੁਖਿ, ‘ਬੋਲੀ’ (ਬੋਲੀਂ) ਮਿਠੜੇ ਵੈਣ ॥ (ਮ: ੫/੧੩੬) ਪਦ ਅਰਥ: ਆਪੁ = ਆਪਾ-ਭਾਵ, ਅਹੰਕਾਰ।, ਮੁਖਿ = ਮੂੰਹ ਨਾਲ।, ਬੋਲੀ = ਬੋਲੀਂ, ਮੈਂ ਬੋਲਾਂ।, ਵੈਣ = ਬੋਲ, ਬਚਨ। ਅਰਥ ਹਨ:- ਅਹੰਕਾਰ ਛੱਡ ਕੇ ਮੈਂ ਗੁਰੂ ਦੀ ਸ਼ਰਨ ਪਵਾਂ ਤੇ ਮੂੰਹ ਨਾਲ (ਉਸ ਅੱਗੇ ਫ਼ਰਿਆਦੀ ਬਣ) ਮਿੱਠੇ ਬੋਲ ਬੋਲਾਂ।

੨੩.  ਕੂਜਾ, ਬਾਂਗ, ਨਿਵਾਜ, ਮੁਸਲਾ; ਨੀਲ ਰੂਪ ਬਨਵਾਰੀ ॥ ਘਰਿ ਘਰਿ ਮੀਆ, ਸਭਨਾਂ ਜੀਆਂ ; ‘ਬੋਲੀ’ ਅਵਰ ਤੁਮਾਰੀ ॥ (ਮ: ੧/੧੧੯੧) ਅਰਥ:- (ਇਸਲਾਮ ਰਾਜ ਹੋਣ ਕਾਰਨ) ਰੱਬੀ ਬੰਦਗੀ ਕਰਨ ਵਾਲਿਆਂ ਨੇ ਨੀਲਾ ਬਾਣਾ ਪਹਿਣ ਲਿਆ।, ਕੂਜ਼ਾ (ਲੋਟਾ), ਬਾਂਗ (ਪੁਕਾਰ), ਨਿਮਾਜ਼, ਮੁਸੱਲਾ (ਪ੍ਰਧਾਨ ਬਣ ਗਏ)।, ਤੁਮਾਰੀ (ਭਾਵ ਤੇਰੇ ਬੰਦਿਆਂ ਦੀ) ਬੋਲੀ ਬਦਲ ਗਈ, ਹਰੇਕ ਘਰ ਵਿੱਚ ਤੇ ਸਾਰੇ ਲੋਕਾਂ ਦੇ ਮੂੰਹੋਂ (ਲਫ਼ਜ਼ ‘ਪਿਤਾ’ ਦੇ ਥਾਂ) ‘ਮੀਆਂ”’ (ਪੂਜਨੀਕ ਸਰਦਾਰ) ਪ੍ਰਸਿੱਧ ਹੋ ਗਿਆ।

 (ਨੋਟ: ਉਕਤ ਤੁਕ ’ਚ ‘ਬੋਲੀ’ ਨਾਂਵ ਹੈ, ਜਿਸ ਦਾ ਅਰਥ ਹੈ ‘ਭਾਸ਼ਾ’, ਨਾ ਕਿ ਉੱਤਮ ਪੁਰਖ ਕਿਰਿਆ, ਜਿਸ ਦਾ ਉਚਾਰਨ ‘ਬੋਲੀਂ’ (ਬਿੰਦੀ ਸਮੇਤ) ਕਰਨਾ ਪਵੇ ਭਾਵ ਇੱਥੇ ਉਚਾਰਨ ‘ਬੋਲੀ’ (ਬਿੰਨਾਂ ਬਿੰਦੀ) ਹੀ ਸਹੀ ਹੈ।)

– ਚਲਦਾ –