ਕੁਦਰਤ ’ਚ ਰੰਗ ਜਿਸ ਦਾ ਮਾਣੇ ਤੂੰ

0
302

ਕੁਦਰਤ ’ਚ ਰੰਗ ਜਿਸ ਦਾ ਮਾਣੇ ਤੂੰ

               -ਗੁਰਪ੍ਰੀਤ ਸਿੰਘ (USA)

ਚਾਬੀ ਤੂੰ, ਦਰ ਵੀ ਤੂੰ, ਦਰਬਾਨ ਵੀ ਤੂੰ।

ਕਿਵੇਂ ਖੋਲ੍ਹਣਾ ਜਿੰਦਰੇ ਨੂੰ, ਦਿੰਦਾ ਗਿਆਨ ਵੀ ਤੂੰ।

ਨੇਤਰਾਂ ’ਚ ਜੋਤ, ਦਿਲਾਂ ’ਚ ਹਨੇਰਾ, ਖੇਲ ਤੇਰਾ ਜਾਣੇ ਤੂੰ।

ਜੀਵ ਉਤਪੰਨ ਕਰੇ ਬਾਅਦ ਵਿੱਚ, ਪਹਿਲਾਂ ਦਿੰਦਾ ਦਾਣੇ ਤੂੰ।

ਕੰਢਿਆਂ ’ਚ ਫੁੱਲ ਮਹਿਕਣ, ਹਰਿਆ ਜੰਗਲ਼, ਕਰੇ ਖ਼ਾਕ ਤੂੰ।

ਘਾੜਾ, ਮਿੱਟੀ, ਭਾਂਡਾ ਹੈ ਆਪੇ, ਆਪੇ ਹੀ ਬਣੇ ਗਾਹਕ ਤੂੰ।

ਖ਼ਲਕਤ ਨੂੰ ਕਿਵੇਂ ਪਿਆਰਨਾ, ਕਿਸੇ ਨੂੰ ਝੱਟ ਸਮਝਾਏਂ ਤੂੰ।

ਕਿੱਧਰੇ ਉਮਰ ਗਲ਼ ਜਾਵੇ, ਕਿਣਕਾ ਵੀ ਨਾ ਮਨ ਵਸਾਏਂ ਤੂੰ।

ਆਪਣੀ ਕੁਦਰਤ ਆਪੇ ਸਾਜੇ, ਆਪੇ ਹੀ ਕਰਦਾ ਨਾਸ ਤੂੰ।

ਸਭ ਦੀਆਂ ਆਸਾਂ ਕਰੇ ਪੂਰੀਆਂ, ਸਭਨਾ ਵਿੱਚ ਕਰੇ ਵਾਸ ਤੂੰ।

ਤੇਰੇ ਗੁਣਾਂ ਦਾ ਅੰਤ ਨਾ ਕੋਈ; ਆਪਣਾ, ਆਪ ਹੀ ਜਾਣੇ ਤੂੰ।

ਚੇਤੇ ਰੱਖ ਪ੍ਰੀਤ ਉਸ ਨੂੰ, ਕੁਦਰਤ ’ਚ ਰੰਗ ਜਿਸ ਦਾ; ਮਾਣੇ ਤੂੰ।