ਰੱਬ ਜਾਂ ਪ੍ਰਮਾਤਮਾ

0
478

ਰੱਬ ਜਾਂ ਪ੍ਰਮਾਤਮਾ

ਸ. ਸੁਖਦੇਵ ਸਿੰਘ, ਪਟਿਆਲਾ-94171-91916

ਉਪਰੋਕਤ ਵਿਸ਼ੇ ’ਤੇ ਲਿਖਣ ਤੋਂ ਪਹਿਲਾਂ ਸਾਨੂੰ ਪ੍ਰਮਾਤਮਾ ਬਾਰੇ ਵਿਚਾਰਨਾ ਹੋਵੇਗਾ ਕਿ ਉਹ ਕੌਣ ਹੈ, ਉਹ ਕੀ ਕਰਦਾ ਹੈ, ਉਸ ਦਾ ਰੰਗ-ਰੂਪ ਕੀ ਹੈ, ਉਸ ਦਾ ਜਨਮ ਮਰਨ ’ਚ ਕੀ ਰੋਲ ਹੈ, ਆਤਮਾ; ਪ੍ਰਮਾਤਮਾ ਦੀ ਅੰਸ਼ ਹੈ, ਇਸ ਦਾ ਕੀ ਅਰਥ ਹੈ? ਆਦਿ। ਇਨ੍ਹਾਂ ਨੁਕਤਿਆਂ ’ਤੇ ਵਿਚਾਰ ਕਰਨ ਤੋਂ ਬਾਅਦ ਹੀ ਉਸ ਬਾਰੇ ਰੱਤੀ ਭਰ ਸਿੱਖਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

ਵਿਸ਼ਾ ਗੰਭੀਰ ਹੈ, ਸਿੱਖਣ ਵਾਲਾ ਸੱਚ ਜਾਣਿਓ, ਇੱਕ ਆਮ ਸਮਝ ਰੱਖਣ ਵਾਲਾ ਵਿਅਕਤੀ ਹੈ, ਜਿਸ ਨੂੰ ਆਰਾਮ ਨਾਲ ਅਨਾੜੀ ਵੀ ਕਿਹਾ ਜਾ ਸਕਦਾ ਹੈ। ਉਸ ਦੀ ਧਾਰਮਿਕ ਵਿਸ਼ੇ ’ਤੇ ਕੋਈ ਪਕੜ ਨਹੀਂ ਹੈ ਅਤੇ ਨਾ ਹੀ ਉਸ ਨੂੰ ਕੁਝ ਲਿਖਣ ਦੀ ਜਾਚ ਹੈ। ਇਸ ਲਈ ਗ਼ਲਤੀਆਂ ਜਾਂ ਗੁਸਤਾਖੀਆਂ ਲਈ ਸਾਰੇ ਪਾਠਕਾਂ ਤੋਂ ਹੱਥ ਜੋੜ ਕੇ ਪਹਿਲਾਂ ਹੀ ਮਾਫ਼ੀ ਮੰਗ ਲੈਂਦਾ ਹਾਂ ਅਤੇ ਜੇ ਕਿਸੇ ਇਕ ਅੱਧ ਨੁਕਤੇ ਉੱਪਰ ਤੁਸੀਂ ਸਹਿਮਤ ਹੋਵੋਂ ਤਾਂ ਮੈਂ ਦਿੱਲੋਂ ਧੰਨਵਾਦੀ ਹੋਵਾਂਗਾ।

(1). ਸਾਰੇ ਬ੍ਰਹਮੰਡ ਨੂੰ ਇਕਸੁਰਤਾ ਵਿੱਚ ਗਤੀਸ਼ੀਲ ਰੱਖਣ ਵਾਲੀ ਅਦਿ੍ਰਸ਼ਟ ਸ਼ਕਤੀ, ਜੋ ਸਿ੍ਰਸਟੀ ਦੀ ਰਚਨਾ ਤੋਂ ਅੱਜ ਤੱਕ ਅਤੇ ਆਉਣ ਵਾਲੇ ਲੱਖਾਂ ਸਾਲਾਂ ਤੱਕ ਵੀ ਨਿਰਵਿਘਨ, ਉਸੇ ਤਰ੍ਹਾਂ ਹੀ ਗਤੀਸ਼ੀਲ ਰੱਖੇਗੀ, ਨੂੰ ਹੀ ਰੱਬ ਜਾਂ ਪ੍ਰਮਾਤਮਾ ਕਿਹਾ ਗਿਆ ਹੈ। ਇਸ ਸ਼ਕਤੀ ਦੀ ਪ੍ਰਕ੍ਰਿਆ ਵਿੱਚ ਕਦੇ ਵੀ ਕਿਸੇ ਕਿਸਮ ਦਾ ਭੇਦ-ਭਾਵ ਨਾ ਆਇਆ ਹੈ ਤੇ ਨਾ ਹੀ ਆਵੇਗਾ।

(2). ਜਿਸ ਤਰ੍ਹਾਂ ਸਾਡਾ ਵਿਸ਼ਵਾਸ ਹੈ ਅਤੇ ਅਸੀਂ ਹਰ ਵਕਤ ਉਸ ਪਾਸੋਂ ਭਗਤੀ ਕਰਕੇ ਅਤੇ ਅਰਦਾਸਾਂ ਕਰਕੇ ਕੋਠੀਆਂ, ਕਾਰਾਂ, ਸੋਨਾ, ਚਾਂਦੀ, ਧਨ-ਦੌਲਤ ਆਦਿ ਦੀ ਮੰਗ ਕਰਦੇ ਰਹਿੰਦੇ ਹਾਂ ਮੇਰੇ ਵਿਚਾਰ ਅਨੁਸਾਰ ਇਹ ਕੰਮ ਰੱਬ ਜੀ ਨਹੀਂ ਕਰਦੇ ਹਨ। ਜੋ ਆਪ ਖੁਦ ਇੱਕ ਅਦਿ੍ਰਸ਼ਟ ਸ਼ਕਤੀ ਹੈ ਤੇ ਉਸ ਦਾ ਪਦਾਰਥਵਾਦ ਰੂਪ ਨਹੀਂ ਤਾਂ ਫਿਰ ਉਹ ਸਾਨੂੰ ਪਦਾਰਥ ਕਿਵੇਂ ਦੇ ਸਕੇਗਾ? ਜੇਕਰ ਇਹ ਕੰਮ ਰੱਬ ਜੀ ਹੀ ਕਰਦੇ ਹੁੰਦੇ ਤਾਂ ਰੱਬ ਜੀ ਗੁਣਾਂ ਅਨੁਸਾਰ ਦੇਣ ਵਿੱਚ ਭੇਦ-ਭਾਵ ਨਾ ਕਰਦੇ। ਅੱਜ ਸੰਸਾਰ ਦੀ ਮਾਇਆ ਟਾਟਾ, ਬਿਰਲਾ, ਅੰਬਾਨੀ, ਮਿੱਤਲ ਅਤੇ ਬਿੱਲ ਗੇਟ ਵਰਗੇ ਕੁਝ ਕੁ ਪੁਰਸਾਂ ਕੋਲ ਹੀ ਨਾ ਹੁੰਦੀ। ਉਨ੍ਹਾਂ ਧਨਾਢਾਂ ਕੋਲ ਤਾਂ ਰੱਬ ਜੀ ਨੂੰ ਯਾਦ ਕਰਨ ਦਾ ਵਕਤ ਹੀ ਨਹੀਂ ਹੈ। ਹਾਂ, ਇਸ ਕੰਮ ਲਈ ਉਨ੍ਹਾਂ ਨੇ ਬੰਦੇ ਜ਼ਰੂਰ ਰੱਖੇ ਹੋਏ ਹਨ।

ਇਨ੍ਹਾਂ ਮਾਇਆ ਰੂਪੀ ਵਸਤੂਆਂ ਨੂੰ ਪ੍ਰਾਪਤ ਕਰਨ ਲਈ ਵਿਅਕਤੀ ਦੀ ਸਮਝ ਤੇ ਮਿਹਨਤ ਜ਼ਰੂਰ ਕੰਮ ਕਰਦੀ ਹੈ। ਇਹ ਵੀ ਜ਼ਰੂਰੀ ਹੈ ਕਿ ਵਿਅਕਤੀ ਕਿਤਨੀ ਕੁ ਠੱਗੀ ਮਾਰ ਸਕਦਾ ਹੈ, ਕਿੰਨੀ ਕੁ ਬੇਈਮਾਨੀ ਕਰ ਸਕਦਾ ਹੈ। ਬਾਬੇ ਨਾਨਕ ਦੀ ਫ਼ਿਲਾਸਫ਼ੀ, ਜਿਸ ਵਿੱਚ ਦਸਾਂ ਨੌਹਾਂ ਦੀ ਕਿਰਤ ’ਤੇ ਜੋਰ ਦਿੱਤਾ ਗਿਆ ਹੈ ਤੇ ਨਾਲ ਹੀ ਵੰਡ ਛਕਣ ਨੂੰ ਕਿਹਾ ਗਿਆ ਹੈ, ਉੱਪਰ ਚਲਣ ਨਾਲ ਮਾਇਆ ਦੇ ਅੰਬਾਰ ਨਹੀਂ ਲੱਗ ਸਕਦੇ।

(3). ਰੱਬ ਜੀ ਦੀ ਸ਼ਕਲ-ਸੂਰਤ, ਰੰਗ-ਰੂਪ ਬਾਰੇ, ਬਹੁਤੇ ਧਰਮ ਇਸ ਗੱਲ ’ਤੇ ਤਾਂ ਸਹਿਮਤ ਹਨ ਕਿ ਉਸ ਦਾ ਕੋਈ ਰੰਗ-ਰੂਪ ਨਹੀਂ ਹੈ, ਉਹ ਕਿਸੇ ਤਰ੍ਹਾਂ ਦੀ ਸ਼ਕਲ ਤੋਂ ਨਿਰਲੇਪ ਹੈ। ਇਸੇ ਲਈ ਉਹ ਜਨਮ-ਮਰਨ ਦੇ ਚੱਕ੍ਰ ਵਿੱਚ ਨਹੀਂ ਆਉਂਦਾ। ਇਹ ਗੁਣ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕਿਸੇ ਸ਼ਕਤੀ ਨੂੰ ਹੀ ਰੱਬ ਜੀ ਕਿਹਾ ਗਿਆ ਹੈ। ਜੇਕਰ ਰੱਬ ਜੀ ਜਨਮ-ਮਰਨ ਦੇ ਚੱਕ੍ਰ ਵਿੱਚ ਹੁੰਦੇ ਤਾਂ ਕਿਸੇ ਨਾ ਕਿਸੇ ਵਕਤ ਸਿ੍ਰਸਟੀ ਦੀ ਗਤੀ ਰੁਕ ਜਾਣੀ ਸੀ, ਜੋ ਕਿ ਲੱਖਾਂ ਸਾਲਾਂ ਤੋਂ ਨਿਰਵਿਘਨ ਚਲਦੀ ਆ ਰਹੀ ਹੈ।

(4). ਰੱਬ ਜੀ ਦਾ ਕਿਰਦਾਰ ਜੋ ਸਾਡੇ ਸਾਰਿਆਂ ਦੇ ਮਨਾਂ ਵਿੱਚ ਬਣਿਆ ਹੋਇਆ ਹੈ ਉਸ ਅਨੁਸਾਰ ਉਹ ਬਹੁਤ ਕਿਰਪਾਲੂ ਹੈ, ਬਹੁਤ ਦਿਆਲੂ ਹੈ, ਉਹ ਕਿਸੇ ਤਰ੍ਹਾਂ ਦਾ ਵੀ ਭੇਦ-ਭਾਵ ਨਹੀਂ ਕਰਦਾ ਤਾਂ ਫਿਰ ਇਹ ਕਿਵੇਂ ਸੋਚਿਆ ਜਾ ਸਕਦਾ ਹੈ ਕਿ ਉਸ ਨੇ ਕਿਸੇ ਨੂੰ ਵੱਧ ਅਤੇ ਕਿਸੇ ਨੂੰ ਘੱਟ ਸੁਆਸਾਂ ਦੀ ਪੂੰਜੀ ਬਖ਼ਸ਼ ਦਿੱਤੀ ਹੈ। ਭਿੰਨ-ਭੇਦ ਕਰਨ ਵਾਲੇ ਨੂੰ ਕੀ ਰੱਬ ਜੀ ਕਿਹਾ ਜਾ ਸਕਦਾ ਹੈ? ਸੁਆਸ ਦੀ ਗੱਲ ਇਸ ਲਈ ਆ ਜਾਂਦੀ ਹੈ ਕਿਉਂਕਿ ਮੌਤ ਦੀ ਪ੍ਰਮਾਣਤਾ ਸਿਰਫ ਸੁਆਸ ਨਾਲ ਹੀ ਹੁੰਦੀ ਹੈ। ਜਿਤਨੀ ਦੇਰ ਸੁਆਸ ਆ ਰਿਹਾ ਹੈ ਵਿਅਕਤੀ ਨੂੰ ਮਿ੍ਰਤਕ ਘੋਸਤ ਨਹੀਂ ਕੀਤਾ ਜਾ ਸਕਦਾ ਭਾਵੇਂ ਸਰੀਰਕ ਤੌਰ ’ਤੇ ਉਹ ਮਰ ਹੀ ਚੁੱਕਿਆ ਹੁੰਦਾ ਹੈ।

ਜੇਕਰ ਮੌਤ ਦਾ ਸਬੰਧ ਸੁਆਸਾਂ ਦੀ ਪੂੰਜੀ ਖ਼ਤਮ ਹੋਣ ਨਾਲ ਹੀ ਹੈ ਤਾਂ ਕਾਤਲ ਨੂੰ ਸਜਾ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਮੌਤ ਤਾਂ ਉਸ ਦੀ ਸੁਆਸਾਂ ਦੀ ਪੂੰਜੀ ਪੂਰੀ ਹੋਣ ਕਾਰਨ ਹੋਈ ਹੈ ਇਸੇ ਤਰ੍ਹਾਂ ਐਕਸੀਡੈਂਟ ਆਦਿ ਵਿੱਚ ਇਕੱਠਿਆਂ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਕੇਸ ਵਿੱਚ ਵੀ ਸਰਕਾਰ ਵੱਲੋਂ ਮੁਆਵਜਾ ਨਹੀਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਮੌਤ ਤਾਂ ਸੁਆਸਾਂ ਦੀ ਪੂੰਜੀ ਪੂਰੀ ਹੋਣ ਕਾਰਨ ਹੋਈ ਹੈ। ਸੁਨਾਮੀ ਜਾਂ ਭਿਆਨਕ ਭੁਚਾਲ ਵਿੱਚ ਇਕੱਠਿਆਂ ਹਜ਼ਾਰਾਂ ਵਿਅਕਤੀਆਂ ਦੀ, ਜਿਨ੍ਹਾਂ ਵਿੱਚ ਬੱਚੇ, ਜੁਆਨ, ਬੁੱਢੇ ਸਭ ਸ਼ਾਮਲ ਹਨ, ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਸਾਰਿਆਂ ਦੀ ਇਕੱਠਿਆਂ ਹੀ ਸੁਆਸਾਂ ਦੀ ਪੂੰਜੀ ਇੱਕੋ ਸਮੇਂ ਪੂਰੀ ਹੋਣ ਦੀ ਗੱਲ ਜਚਦੀ ਜਿਹੀ ਨਹੀਂ ਹੈ।

ਪੁਰਾਨੇ ਵਕਤ ਵਿੱਚ ਉਮਰਾਂ ਘੱਟ ਹੁੰਦੀਆਂ ਸਨ ਜਦ ਕਿ ਹੁਣ ਵਡੇਰੀਆਂ ਹੋ ਗਈਆਂ ਹਨ ਤਾਂ ਕੀ ਇਹ ਸਮਝ ਲਿਆ ਜਾਵੇ ਕਿ ਹੁਣ ਰੱਬ ਜੀ ਨੇ ਸੁਆਸਾਂ ਦੀ ਪੂੰਜੀ ਵਧਾ ਦਿੱਤੀ ਹੈ ਜਿਵੇਂ ਕਿ ਸਰਕਾਰੀ ਮੁਲਾਜਮਾਂ ਨੂੰ ਮਹਿੰਗਾਈ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਮਹਿੰਗਾਈ ਦੀਆਂ ਦੋ ਕਿਸਤਾਂ, ਸਾਲ ਵਿੱਚ ਦੇ ਦਿੰਦੀ ਹੈ ਉਸੇ ਤਰ੍ਹਾਂ ਪ੍ਰਮਾਤਮਾ ਨੇ ਸੁਆਸਾਂ ਦੀ ਪੂੰਜੀ ਵਧਾ ਦਿੱਤੀ ਹੈ।

ਸਾਡੀ ਉਮਰ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਅਸੀਂ ਆਪਣੀ ਸਿਹਤ ਲਈ ਕਿਤਨੇ ਜਾਗਰੂਕ ਹਾਂ ਸਾਨੂੰ ਸਿਹਤ ਸਹੂਲਤਾਂ ਕਿਤਨੀਆਂ ਉਪਲੱਭਦ ਹਨ। ਜਿਤਨੀ ਦੇਰ ਤੱਕ ਸਾਡੇ ਸਰੀਰ ਦੀਆਂ ਅੰਦਰੂਨੀ ਇੰਦ੍ਰੀਆਂ ਦਾ ਤਾਲ-ਮੇਲ ਠੀਕ ਚੱਲਦਾ ਹੈ ਅਸੀਂ ਸਿਹਤ ਪੱਖੋਂ ਤੰਦਰੁਸਤ ਰਹਿੰਦੇ ਹਾਂ। ਜਦ ਇਹ ਤਾਲ-ਮੇਲ ਵਿੱਚ ਗੜਬੜ ਹੋਣੀ ਸ਼ੁਰੂ ਹੁੰਦੀ ਹੈ ਤਾਂ ਅਸੀਂ ਬਿਮਾਰ ਹੋਣ ਲਗ ਜਾਂਦੇ ਹਾਂ। ਜਦ ਇਹ ਤਾਲ-ਮੇਲ ਚੱਲਦਾ ਚੱਲਦਾ ਕਿਸੇ ਤਰ੍ਹਾਂ ਟੁੱਟ ਜਾਂਦਾ ਹੈ ਤਾਂ ਸਰੀਰ ਦੀ ਪ੍ਰਕ੍ਰਿਆ ਬੰਦ ਹੋ ਜਾਂਦੀ ਹੈ ਜਿਸ ਨੂੰ ਅਸੀਂ ਮੌਤ ਕਹਿੰਦੇ ਹਾਂ।

ਸੁਆਸਾਂ ਵਾਲੀ ਪੂੰਜੀ ਦਾ ਰਿਕਾਰਡ ਅੱਜ ਤੱਕ ਕਿਸੇ ਨਹੀਂ ਦੇਖਿਆ ਤੇ ਨਾ ਹੀ ਮਰਨ ਤੋਂ ਬਾਅਦ ਕਿਸੇ ਨੇ ਵਾਪਸ ਆ ਕੇ ਇਸ ਬਾਰੇ ਸਾਨੂੰ ਦੱਸਿਆ ਹੈ। ਹਜਾਰਾਂ ਸਾਲਾਂ ਤੋਂ ਸੁਣਦੇ ਸੁਣਦੇ ਇਹ ਗੱਲ ਸਾਡੇ ਮਨਾਂ ਵਿੱਚ ਬੈਠ ਗਈ ਹੈ। ਲੋਕਾਂ ਦੇ ਇਸ ਵਿਸਵਾਸ ਨੂੰ ਝੁਠਲਾਉਣ ਲਈ ਕਿਸੇ ਪਾਸ ਕੋਈ ਸਬੂਤ ਜਾਂ ਤੱਤ ਨਹੀਂ।

ਇਸੇ ਤਰ੍ਹਾਂ ਜਨਮ, ਪੁਰਸ ਅਤੇ ਇਸਤ੍ਰੀ ਦੇ ਸੁਮੇਲ ਤੋਂ ਹੁੰਦਾ ਹੈ (ਤੀਸਰੀ ਧਿਰ ਦਾ ਕੋਈ ਰੋਲ ਨਜ਼ਰ ਨਹੀਂ ਆਉਂਦਾ) ਕੀ ਪੁਰਸ ਜਾਂ ਇਸਤ੍ਰੀ ਤੋਂ ਬਗੈਰ (ਦੋਵੇਂ ਜਾਂ ਇਕੱਲੇ ਤੋਂ) ਸੰਤਾਨ ਸੰਭਵ ਹੈ? ਮੇਰੀ ਤੁਛ ਬੁਧੀ ਤਾਂ ਨਾ-ਪੱਖੀ ਜਵਾਬ ਹੀ ਦੇ ਰਹੀ ਹੈ। ਜਿਨ੍ਹਾਂ ਸ਼ਕਰਾਣੂਆਂ ਤੋਂ ਬੱਚੇ ਨੇ ਜਨਮ ਲੈਣਾ ਹੈ ਉਨ੍ਹਾਂ ਵਿੱਚ ਜੀਵਨ ਪਹਿਲਾਂ ਤੋਂ ਹੀ ਹੁੰਦਾ ਹੈ। ਔਰਤ ਦੇ ਪੇਟ ਵਿੱਚ ਤਾਂ ਇਸ ਨੇ ਖੁਰਾਕ ਲੈਂਦੇ ਹੋਏ ਵਧਣ ਫੁਲਣ ਦਾ ਕੰਮ ਕਰਨਾ ਹੈ ਤੇ ਬੱਚੇ ਦਾ ਰੂਪ (ਆਕਾਰ) ਧਾਰਨ ਕਰਨਾ ਹੁੰਦਾ ਹੈ।

(5). ਆਤਮਾ, ਪ੍ਰਮਾਤਮਾ ਦੀ ਅੰਸ਼ ਹੈ- ਜੋ ਸੱਚਾ-ਸੁਚਾ ਤੇ ਉੱਚਾ ਕਿਰਦਾਰ ਅਸੀਂ ਪ੍ਰਮਾਤਮਾ ਦਾ ਆਪਣੇ ਮਨਾ ਵਿੱਚ ਬਣਾਈ ਬੈਠੇ ਹਾਂ ਉਸ ਅਨੁਸਾਰ ਸਮਾਜ ਸੁਧਾਰ ਅਤੇ ਆਪਣੇ ਨਿਜੀ ਸੁਧਾਰ ਲਈ ਵੀ ਇਸ ਨੂੰ ਮੰਨ ਲੈਣਾ ਚਾਹੀਦਾ ਹੈ ਤੇ ਜੋ ਗੁਣ ਪ੍ਰਮਾਤਮਾ ਜੀ ਵਿੱਚ ਅਸੀਂ ਸਮਝਦੇ ਹਾਂ ਉਹ ਗੁਣ ਸਾਨੂੰ ਆਪਨਾਉਣੇ ਚਾਹੀਦੇ ਹਨ। ਉਨ੍ਹਾਂ ਗੁਣਾਂ ਨੂੰ ਰੱਬੀ ਗੁਣ ਕਿਹਾ ਜਾਂਦਾ ਹੈ। ਜਦ ਸਾਡੀ ਆਤਮਾ, ਪ੍ਰਮਾਤਮਾ ਵਾਲੇ ਗੁਣਾਂ ’ਤੇ ਚੱਲਣ ਲੱਗ ਜਾਵੇਗੀ ਤਦ ਉਹ ਪ੍ਰਮਾਤਮਾ ਵਾਲਾ ਰੂਪ ਧਾਰਨ ਕਰ ਲਵੇਗੀ ਤੇ ਦੋਵੇਂ ਇੱਕ-ਦੂਜੇ ਵਿੱਚ ਅਭੇਦ ਹੋ ਜਾਣਗੇ। ਇਸ ਨੂੰ ਹੀ ਕਿਹਾ ਜਾਂਦਾ ਹੈ ਕਿ ਆਤਮਾ, ਪ੍ਰਮਾਤਮਾ ਦੀ ਅੰਸ (ਰੂਪ) ਬਣ ਗਈ।

ਅਸੀਂ ਆਪਣੀ ਦਿਨ ਭਰ ਦੀ ਕਾਰਗੁਜਾਰੀ ਵਿੱਚ ਜੋ ਪੂਜਾ ਪਾਠ ਬੇਨਤੀਆਂ ਅਰਦਾਸਾਂ ਕਰਦੇ ਹਾਂ ਉਹ ਆਤਮਾ ਨੂੰ ਪ੍ਰਮਾਤਮਾ ਵਿੱਚ ਇੱਕ-ਮਿਕ ਕਰਨ ਲਈ ਸਹਾਈ ਹੁੰਦੀਆਂ ਹਨ। ਪਦਾਰਥਾਂ ਦੀ ਪ੍ਰਾਪਤੀ ਵਿੱਚ ਇਸ ਦਾ ਕੋਈ ਰੋਲ ਨਹੀਂ ਹੈ। ਭਗਤੀ ਨਾਲ ਪਦਾਰਥਾਂ ਦੀ ਪ੍ਰਾਪਤੀ ਇੱਕ ਭੁਲੇਖਾ ਪਾਇਆ ਹੋਇਆ ਹੈ। ਸਾਨੂੰ ਲਾਲਚ ਦਿਖਾ ਕੇ ਭਗਤੀ ਵੱਲ ਲਾਉਣ ਦੀ ਇੱਕ ਕੋਸ਼ਿਸ਼ ਹੈ। ਜਦ ਆਤਮਾ, ਪ੍ਰਮਾਤਮਾ ਵਿੱਚ ਇੱਕ-ਮਿਕ ਹੋ ਜਾਵੇਗੀ ਤਾਂ ਪਦਾਰਥਾਂ ਦੀ ਲੋੜ ਤਾਂ ਰਹੇਗੀ ਹੀ ਨਹੀਂ।

ਅੰਤ ਵਿੱਚ ਮੈਂ ਇੱਕ ਗੱਲ ਸਪੱਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਮੇਰੇ ਲੇਖ ਤੋਂ ਮੈਨੂੰ ਨਾਸਤਿਕ ਨਾ ਸਮਝ ਲੈਣਾ। ਮੈ ਉਸ ਪ੍ਰਮਾਤਮਾ, ਜੋ ਕਿ ਅਦਿ੍ਰਸ਼ਟ ਸ਼ਕਤੀ ਹੈ, ਵਿੱਚ ਪੂਰਾ-ਪੂਰਾ ਵਿਸਵਾਸ ਕਰਦਾ ਹਾਂ। ਇਹ ਮੇਰੇ ਵਿਚਾਰ ਹਨ। ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਨਾਲ ਵੀ ਠੇਸ ਲੱਗੀ ਹੋਵੇ ਤਾਂ ਮੈਂ ਇੱਕ ਵਾਰ ਫਿਰ ਮੁਆਫ਼ੀ ਮੰਗਦਾ ਹਾਂ।