ਇਕ ਖ਼ਤ ਭਗਤ ਰਵਿਦਾਸ ਜੀ ਦੇ ਨਾਂ

0
638

ਇਕ ਖ਼ਤ ਭਗਤ ਰਵਿਦਾਸ ਜੀ ਦੇ ਨਾਂ 

ਸ. ਗੁਰਮੁਖ ਸਿੰਘ

ਪਰਮ ਸਤਿਕਾਰਯੋਗ ਬਾਬਾ ਜੀ !  ਮੈਂ ਆਪ ਜੀ ਦੀ ਅਖੌਤੀ ਜਾਤ (ਗੋਤ) ਨਾਲ ਸੰਬੰਧ ਰੱਖਣ ਵਾਲਾ ਇੱਕ ਸਿੱਖ ਹਾਂ। ਇਸੇ ਕਰ ਕੇ ਲੋਕ ਮੈਨੂੰ ਰਵਿਦਾਸੀਆ (ਚਮਾਰ) ਕਹਿੰਦੇ ਹਨ।  ਮੈਨੂੰ ਇਸ ਦਾ ਕੋਈ ਦੁੱਖ ਨਹੀਂ ਹੁੰਦਾ, ਸਗੋਂ ਮਾਣ ਮਹਿਸੂਸ ਹੁੰਦਾ ਹੈ। ਇਹ ਮਾਣ ਕਰਨਾ ਆਪ ਜੀ ਨੇ ਹੀ ਸਿਖਾਇਆ ਹੈ : ‘‘ਮੇਰੇ ਰਮਈਏ ਰੰਗੁ ਮਜੀਠ ਕਾ, ਕਹੁ ਰਵਿਦਾਸ ਚਮਾਰ॥’’  (ਭਗਤ ਰਵਿਦਾਸ/੩੪੬)

ਬਾਬਾ ਜੀ !  ਮੈਂ ਆਪ ਜੀ ਨਾਲ ਆਪਣੇ ਹਿਰਦੇ ਅੰਦਰ ਸਾਲਾਂ ਤੋਂ ਦਬੀ ਹੋਈ ਭਾਵਨਾ ਇਸ ਖ਼ਤ ਰਾਹੀਂ ਸਾਂਝੀ ਕਰਨਾ ਚਾਹੁੰਦਾ ਹਾਂ। ਮੇਰੀ ਲਿਖੀ ਇਹ ਚਿੱਠੀ ਆਪ ਜੀ ਦੇ ਸ਼ਰਧਾਲੂ ਕਹਾਉਂਦੇ ਕੁਝ ਹੈਂਕੜਬਾਜ਼ਾਂ ਨੂੰ ਵਿਹੁ ਵਾਲੇ ਤੀਰਾਂ ਵਾਂਗ ਲੱਗੇਗੀ ਪਰ ਜੇਕਰ ਮੈਂ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਪ੍ਰਗਟ ਨਾ ਕੀਤਾ ਤਾਂ ਮੈਂ ਆਪ ਜੀ ਦੇ ਦਰ-ਘਰ ਦਾ ਦੋਸ਼ੀ ਬਣ ਜਾਵਾਂਗਾ।  ਸੋ, ਮੈਂ ਹੀਆ ਕਰ ਕੇ ਇਹ ਖ਼ਤ ਆਪ ਜੀ ਵੱਲ ਭੇਜ ਰਿਹਾ ਹਾਂ।

ਬਾਬਾ ਜੀ !  ਮੈਂ ਸੁਣਿਆ ਹੈ, ਸਿਆਣੇ ਕਹਿੰਦੇ ਹਨ ਕਿ ਆਕਾਸ਼ ਤੋਂ ਵਰਸਦੀ ਸਵਾਂਤੀ ਬੂੰਦ ਜੇਕਰ ਘਾਹ ’ਤੇ ਡਿੱਗ ਪਵੇ ਅਤੇ ਉਸ ਨੂੰ ਮਿਰਗ ਖਾ ਲਵੇ ਤਾਂ ਉਸ ਦੀ ਧੁੰਨੀ ਅੰਦਰ ਕਸਤੂਰੀ ਬਣ ਜਾਂਦੀ ਹੈ ਅਤੇ ਜੇਕਰ ਗਿੱਦੜ ਉੱਪਰ ਪੈ ਜਾਵੇ ਤਾਂ ਉਹ ਪਾਗਲ ਹੋ ਜਾਂਦੈ।  ਆਹ…. ਪਰ ਕੁਝ ਕੂ ਨਾਲ ਵੀ ਗਿੱਦੜ ਵਾਲੀ ਹੋਈ ਲੱਗਦੀ ਹੈ, ਜਿਨ੍ਹਾਂ ਨੂੰ ਆਪ ਦੀ ਸਵਾਂਤੀ ਬੂੰਦ ਰੂਪੀ ਬਾਣੀ ਰਾਸ ਨਹੀਂ ਆਈ ਲੱਗਦੀ।

ਆਪ ਜੀ ਦਾ ਇਹ ਬੰਦਾ ਸਿੱਖ ਸੰਗਤ ਅੰਦਰ ਕੀਰਤਨ ਕਰਨ ਦੀ ਸੇਵਾ ਨਿਭਾਉਂਦਾ ਹੈ ਅਤੇ ਥਾਂ-ਥਾਂ ਵਿਚਰਦੇ ਸਮੇਂ ਜੋ ਕੁਝ ਦੇਖਿਆ, ਸੁਣਿਆ, ਉਹੀ ਮੇਰਾ ਇਸ ਖ਼ਤ ਦਾ ਵਿਸ਼ਾ ਹੈ।  ਬਾਬਾ ਜੀ ! ਆਪ ਜੀ ਨੇ ਆਪਣਾ ਸਾਰਾ ਜੀਵਨ ਬਿਪਰਵਾਦੀ ਸੋਚ ਨਾਲ ਲੋਹਾ ਲੈਂਦੇ ਹੋਏ ਸਰਬੱਤ ਦੇ ਭਲੇ ਲਈ ਲੇਖੇ ਲਾ ਦਿੱਤਾ।  ਆਪ ਜੀ ਦੇ ਇਸ ਜਜ਼ਬੇ ਅਤੇ ਕੁਰਬਾਨੀ ਦੀ ਕਦਰ ਕਰਦੇ ਹੋਏ ਹੀ ਗੁਰੂ ਨਾਨਕ ਸਾਹਿਬ ਨੇ ਆਪ ਨੂੰ ਆਪਣੇ ਬਰਾਬਰ ਥਾਂ ਦਿੱਤੀ ਅਤੇ ਤੁਹਾਡੀ ਬਾਣੀ ਨੂੰ ਗੁਰਬਾਣੀ ਬਣਾ ਕੇ ਸਦੀਵ ਕਾਲ ਲਈ ਅਮਰ ਕਰ ਦਿੱਤਾ ਪਰ ਅਫ਼ਸੋਸ ਅੱਜ ਆਪ ਜੀ ਦੇ ਸਿਧਾਂਤਾਂ ਨੂੰ ਨਾ ਸਮਝਦੇ ਹੋਏ ਕੁਝ ਨਾ-ਸਮਝ ਲੋਕ ਬਿਪਰਵਾਦੀ ਸੋਚ ਦਾ ਹੱਥ ਠੋਕਾ ਬਣ ਗਏ ਹਨ।  ਬਿਪਰਾਂ ਦੇ ਇਸ਼ਾਰੇ ’ਤੇ ਇਹ ਲੋਕ ਗੁਰੂ ਨਾਨਕ ਸਾਹਿਬ ਜੀ ਨਾਲੋਂ ਆਪ ਜੀ ਨੂੰ ਵੱਖ ਕਰਨ ਦੀਆਂ ਸੋਚਾਂ ਸੋਚ ਰਹੇ ਹਨ।  ਸ਼ਾਇਦ ਉਨ੍ਹਾਂ ਨੂੰ ਆਪ ਜੀ ਦੇ ਇਨ੍ਹਾਂ ਸਿਧਾਂਤਾਂ ਦੀ ਸੋਝੀ ਹੀ ਨਹੀਂ ਕਿ ਪਾਣੀ ਅਤੇ ਪਾਣੀ ਦੀਆਂ ਲਹਿਰਾਂ, ਸੋਨਾ ਅਤੇ ਸੋਨੇ ਦੇ ਗਹਿਣੇ ਇਕ ਰੂਪ ਹੀ ਹੁੰਦੇ ਹਨ : ‘‘ਤੋਹੀ ਮੋਹੀ, ਮੋਹੀ ਤੋਹੀ, ਅੰਤਰੁ ਕੈਸਾ ?॥ ਕਨਕ ਕਟਿਕ, ਜਲ ਤਰੰਗ ਜੈਸਾ॥  (ਭਗਤ ਰਵਿਦਾਸ/੯੩), ਅਨਲ ਅਗਮ ਜੈਸੇ ਲਹਰਿ ਮਇ ਓਦਧਿ, ਜਲ ਕੇਵਲ ਜਲ ਮਾਂਹੀ॥’’  (ਭਗਤ ਰਵਿਦਾਸ/੬੫੭)

ਬਾਬਾ ਜੀ ! ਆਪ ਜੀ ਨੂੰ ਪਤਾ ਹੀ ਹੈ ਕਿ ਦਸਮੇਸ਼ ਪਿਤਾ ਜੀ ਨੇ ਕਿਸ ਤਰ੍ਹਾਂ ਸਾਨੂੰ ਨੀਚੋਂ ਊਚ ਕਰ ਕੇ ਨਿਵਾਜਿਆ ਹੈ। ਜਦ ਪਹਾੜੀ ਰਾਜੇ ਗੁਰੂ ਸਾਹਿਬ ਕੋਲ ਆ ਕੇ ਅੰਮ੍ਰਿਤ ਛਕਣ ਦੀ ਇੱਛਾ ਪ੍ਰਗਟ ਕਰਦੇ ਹੋਏ ਇਹ ਸ਼ਰਤ ਰੱਖਦੇ ਹਨ ਕਿ ਸਾਨੂੰ ਇਨ੍ਹਾਂ ਅਖੌਤੀ ਸ਼ੂਦਰਾਂ (ਚਮਾਰਾਂ, ਛੀਂਬਿਆਂ, ਝਿਊਰਾਂ, ਨਾਈਆਂ) ਆਦਿ ਤੋਂ ਵੱਖਰਾ ਅੰਮ੍ਰਿਤ ਛਕਾਓ ਤਾਂ ਗੁਰੂ ਸਾਹਿਬ ਜੀ ਨੇ ਉਨ੍ਹਾਂ ਦੀ ਇਹ ਮੰਗ ਠੁਕਰਾ ਦਿੱਤੀ ਅਤੇ ਸਾਡੇ ਵਰਗੇ ਅਖੌਤੀ ਨੀਚਾਂ ਨੂੰ ਪਹਿਲਾਂ ਅੰਮ੍ਰਿਤ ਦੀ ਦਾਤ ਦਿੱਤੀ, ਜਿਸ ਦਾ ਮੁੱਲ ਉਨ੍ਹਾਂ ਨੂੰ ਆਪਣਾ ਸਭ ਕੁਝ ਗੁਆ ਕੇ ਉਤਾਰਨਾ ਪਿਆ ਪਰ ਅੱਜ ਤੁਸੀਂ ਦੇਖ ਲਓ ਕਿ ਤੁਹਾਡੇ ਹੀ ਨਾਂ ’ਤੇ ਬਣੇ ਗੁਰੂ-ਘਰਾਂ ਵਿੱਚੋਂ ਕਿਵੇਂ ਇਹ ਲੋਕ ਧੜਾਧੜ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਖੰਡੇ ਨੂੰ ਨਿਸ਼ਾਨ ਸਾਹਿਬ ਤੋਂ ਲਾਹ ਕੇ ਆਪ ਜੀ ਦੇ ਸਦਾ ਵਿਰੋਧੀ ਰਹੇ ਬ੍ਰਾਹਮਣਾਂ ਦੇ ਸੂਰਜ ਦੇਵਤੇ ਨੂੰ ਨਿਸ਼ਾਨ ਸਾਹਿਬ ’ਤੇ ਲਗਾ ਰਹੇ ਹਨ।  ਸਮਝਾਓ, ਇਨ੍ਹਾਂ ਨੂੰ ਕਿਰਪਾ ਕਰ ਕੇ !

ਭਗਤ ਜੀਓ !  ਜਦੋਂ ਮੈਂ ਬਾਣੀ ਪੜ੍ਹਦਾ ਹਾਂ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਗੁਰੂ ਸਾਹਿਬ ਨੇ ਆਪਣੀ ਬਾਣੀ ਦਰਜ ਕਰਦੇ ਸਮੇਂ ਸਿਰਫ਼ ਮਹਲਾ ਸ਼ਬਦ ਵਰਤਿਆ ਹੈ, ਜਿਸ ਨਾਲ ਕੋਈ ਵਿਸ਼ੇਸ਼ ਆਦਰ ਸੂਚਕ ਸ਼ਬਦ ਨਹੀਂ ਲਗਾਇਆ ਗਿਆ ਪ੍ਰੰਤੂ ਜਦੋਂ ਉਹੀ ਗੁਰੂ ਸਾਹਿਬ ਤੁਹਾਡੀ ਬਾਣੀ ਦਰਜ ਕਰਦੇ ਹਨ ਤਾਂ ਆਪ ਜੀ ਨੂੰ ‘ਬਾਣੀ ਭਗਤ ਰਵਿਦਾਸ ਜੀਉ ਕੀ’ ਕਹਿ ਕੇ ਸਤਿਕਾਰ ਸਹਿਤ ਸੱਦਦੇ ਹਨ।  ਇਹ ਆਪ ਜੀ ਅਤੇ ਗੁਰੂ ਸਾਹਿਬ ਜੀ ਦੇ ਪਿਆਰ ਦੀ ਪੀਡੀ ਗੰਢ ਦਾ ਸਬੂਤ ਹੈ। ਬਿਪਰਾਂ ਦੀ ਚਾਲ ਤਹਿਤ ਅੱਜ ਇਹ ਬੇਸਮਝ ਲੋਕ ਆਪ ਨੂੰ ਅਤੇ ਗੁਰੂ ਨਾਨਕ ਸਾਹਿਬ ਨੂੰ ਵੱਖ-ਵੱਖ ਕਰਨ ਲਈ ਪੂਰਾ ਜ਼ੋਰ ਲਾ ਰਹੇ ਹਨ ਪਰ ਇਹ ਉਨ੍ਹਾਂ ਦੀ ਭੁੱਲ ਹੈ। ਕਦੇ ਮੱਛਲੀ ਵੀ ਪਾਣੀ ਤੋਂ ਵੱਖ ਹੋ ਕੇ ਜੀਅ ਸਕਦੀ ਹੈ ?  ਰੱਬ ਕਰੇ ! ਆਪ ਦਾ ਇਹ ਸੰਦੇਸ਼ ਉਨ੍ਹਾਂ ਨੂੰ ਯਾਦ ਆ ਜਾਵੇ : ‘‘ਮੀਨੁ ਪਕਰਿ ਫਾਂਕਿਓ ਅਰੁ ਕਾਟਿਓ, ਰਾਂਧਿ ਕੀਓ ਬਹੁ ਬਾਨੀ॥ ਖੰਡ ਖੰਡ ਕਰਿ ਭੋਜਨੁ ਕੀਨੋ, ਤਊ ਨ ਬਿਸਰਿਓ ਪਾਨੀ॥’’  (ਭਗਤ ਰਵਿਦਾਸ/੬੫੮)

ਰੋਜ਼ਾਨਾ ਦੀ ਤਰ੍ਹਾਂ ਇਕ ਦਿਨ ਮੈਂ ਸਵੇਰੇ-ਸਵੇਰੇ ਆਪ ਜੀ ਦੇ ਨਾਂ ’ਤੇ ਬਣੇ ਦਰਬਾਰ ਅੰਦਰ ਗਿਆ ਜਿੱਥੇ ਤਿਲਕ, ਮਾਲਾ ਆਦਿ ਨਾਲ ਸ਼ਿੰਗਾਰੀ ਆਪ ਜੀ ਦੀ ਇਕ ਨਕਲੀ ਤਸਵੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਲਟਕਾਈ ਹੋਈ ਸੀ।  ਅਚਾਨਕ ਇੱਕ ਛੋਟੇ ਜਿਹੇ ਬੱਚੇ ਨੇ ਮੇਰੀ ਬਾਂਹ ਨੂੰ ਹਲੂਣ ਕੇ ਹੈਰਾਨੀ ਨਾਲ ਕਿਹਾ ਕਿ ਤੁਸੀਂ ਤਾਂ ਕਹਿੰਦੇ ਹੋ, ਸਾਨੂੰ ਨੰਗੇ ਸਿਰ ਗੁਰਦਵਾਰੇ ਨਹੀਂ ਆਉਣਾ ਚਾਹੀਦਾ ਪਰ ਬਾਬਾ ਜੀ ਦੀ ਫੋਟੋ ਵੀ ਨੰਗੇ ਸਿਰ ਵਾਲੀ ਹੀ ਹੈ ?  ਤਾਂ ਮੈਂ ਭਰੇ ਮਨ ਨਾਲ ਇਹੀ ਕਹਿ ਸਕਿਆ ਕਿ ਪੁੱਤਰ !  ਇਹ ਬਾਬਾ ਰਵਿਦਾਸ ਜੀ ਨਹੀਂ ਹਨ।  ਚਾਲਬਾਜ਼ ਨੇ ਆਪ ਜੀ ਦੀ ਨਕਲੀ ਤਸਵੀਰ ਨੂੰ ਵੀ ਨੰਗੇ ਸਿਰ ਹੀ ਬਣਵਾਇਆ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਪਹਿਰਾਵੇ ਤੋਂ ਦੂਰ ਰੱਖਿਆ ਜਾ ਸਕੇ।  ਆਪ ਜੀ ਨੇ ਤਾਂ ਮੂਰਤੀ-ਪੂਜਾ ਤੋਂ ਵਰਜਦੇ ਹੋਏ ਕਿਹਾ ਸੀ ਕਿ ਦ੍ਰਿਸ਼ਟਮਾਨ ਦੀ ਪੂਜਾ ਅਤੇ ਪੁਜਾਰੀ ਦੋਨੋਂ ਹੀ ਨਾਸ਼ਵਾਨ ਹਨ : ‘‘ਬਿਨੁ ਦੇਖੇ, ਉਪਜੈ ਨਹੀ ਆਸਾ॥ ਜੋ ਦੀਸੈ, ਸੋ ਹੋਇ ਬਿਨਾਸਾ॥’’  (ਭਗਤ ਰਵਿਦਾਸ/੧੧੬੭)

ਬਾਬਾ ਜੀਉ ! ਆਪ ਨੇ ਤਾਂ ਕਿਹਾ ਸੀ ਕਿ ਬ੍ਰਾਹਮਣਾਂ ਦੀ ਪਵਿੱਤਰ ਗੰਗਾ ਦੇ ਪਾਣੀ ਨਾਲ ਬਣੀ ਹੋਈ ਸ਼ਰਾਬ ਆਦਿ ਨਸ਼ਿਆਂ ਤੋਂ ਵੀ ਭਗਤ-ਜਨ ਦੂਰ ਹੀ ਰਹਿੰਦੇ ਹਨ ਪਰ ਆਪ ਦੇ ਹੀ ਇਹ ਅਖੌਤੀ ਸ਼ਰਧਾਲੂ ਸ਼ਰਾਬ ਅਤੇ ਤੰਬਾਕੂ ਦਾ ਖੁਲ੍ਹਾ ਸੇਵਨ ਕਰਦੇ ਹਨ। ਜਦੋਂ ਕਦੇ ਆਪ ਦੇ ਗੁਰ ਪੁਰਬ ਵੇਲੇ ਇਹ ਸ਼ਰਧਾਲੂ ਨਗਰ ਕੀਰਤਨ ਦੇ ਅੱਗੇ ਨਸ਼ੇ ਕਾਰਨ ਖਰਮਸਤੀ ਕਰਦੇ ਹੋਏ ਬੇਹੁਦਗੀ ਨਾਲ ਭੰਗੜਾ ਪਾਉਂਦੇ ਹਨ ਕਿ ਰੱਬ ਹੀ ਰਾਖਾ !  ਜਿਵੇਂ ਆਪ ਜੀ ਇਨ੍ਹਾਂ ਨੂੰ ਇਹ ਸਭ ਕੁਝ ਕਰਨ ਦਾ ਲਾਇਸੈਂਸ ਦੇ ਕੇ ਗਏ ਹੋਵੇ।

ਕਾਸ਼ !  ਇਨ੍ਹਾਂ ਨੂੰ ਆਪ ਜੀ ਦੀ ਬਾਣੀ ਦੀ ਸੋਝੀ ਹੁੰਦੀ : ‘‘ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ, ਸੰਤ ਜਨ ਕਰਤ ਨਹੀ ਪਾਨੰ॥’’  (ਭਗਤ ਰਵਿਦਾਸ/੧੨੯੩) 

ਸੱਚ ! ਇਕ ਗੱਲ ਹੋਰ ਯਾਦ ਆ ਗਈ।  ਆਪ ਜੀ ਦੇ ਇਹ ਕੱਟੜ ਸ਼ਰਧਾਲੂ ਗੁਰੂ-ਘਰ ਤਾਂ ਮੱਸਿਆ, ਪੁੰਨਿਆ, ਸੰਗਰਾਂਦ ਜਾਂ ਗੁਰ ਪੁਰਬ ਨੂੰ ਹੀ ਕਦੇ-ਕਦਾਈਂ ਦਿਖਾਈ ਦਿੰਦੇ ਹਨ ਪਰ ਰੋਜ਼ਾਨਾ ਕਿਸੇ ਝੂਠੇ ਸੌਦੇ ਵਾਲੇ, ਪਹਾੜਾਂ ਵਾਲੇ ਅਤੇ ਕੱਚੇ ਸੁਆਮੀਆਂ ਕੋਲ ਹਾਜ਼ਰੀ ਲਵਾਉਣੀ ਨਹੀਂ ਭੁੱਲਦੇ।  ਦਾਸ ਨੇ ਦੇਖਿਆ ਹੈ ਕਿ ਜੇ ਇਨ੍ਹਾਂ ਨੂੰ ਕੋਈ ਰਵਿਦਾਸੀਆ ਕਹਿ ਦੇਵੇ ਤਾਂ ਇਹ ਸ਼ਰਮ ਮੰਨਦੇ ਹਨ ਪ੍ਰੰਤੂ ਝੂਠੇ ਡੇਰੇਦਾਰਾਂ ਵੱਲੋਂ ਦਿੱਤੇ ਖ਼ਿਤਾਬਾਂ ਨੂੰ ਚਾਈਂ ਚਾਈਂ ਆਪਣੇ ਨਾਮ ਨਾਲ ਜੋੜ ਲੈਂਦੇ ਹਨ ਪਰ ਮੈਂ ਇਨ੍ਹਾਂ ਨੂੰ ਕਿਵੇਂ ਸਮਝਾਵਾਂ ਕਿ ਆਪ ਦੀ ਦ੍ਰਿਸ਼ਟੀ ਤੋਂ ਇਹ ਸਾਰੇ ਸੱਖਣੇ ਹੀ ਹਨ ?  ‘‘ਹਰਿ ਸੋ ਹੀਰਾ ਛਾਡਿ ਕੈ, ਕਰਹਿ ਆਨ ਕੀ ਆਸ॥ ਤੇ ਨਰ ਦੋਜਕ ਜਾਹਿਗੇ, ਸਤਿ ਭਾਖੈ ਰਵਿਦਾਸ॥’’ (ਭਗਤ ਕਬੀਰ/੧੩੭੭)

ਕੀ ਕਹਾਂ ?  ਇਹ ਲੋਕ ਹੁਣ ਤਾਂ ਪੰਥ ਨੂੰ ਖੇਰੂ-ਖੇਰੂ ਕਰਨ ਲਈ ਬਿਪਰਾਂ ਦੇ ਮੋਹਰੇ ਬਣੇ ਹੋਏ ਹਨ। ਦਾਸ ਨੇ ਦੇਖਿਆ ਹੈ ਕਿ ਆਪ ਦੇ ਨਾਮ ’ਤੇ ਬਣੇ ਗੁਰੂ ਘਰਾਂ ਵਿੱਚ ਹੁਣ ਬੋਲੇ ਸੋ ਨਿਹਾਲ ਦੀ ਥਾਂ ਤੇ ਇਹ ਭੁਲੱਕੜ ਲੋਕ ‘ਬੋਲੈ ਸੋ ਨਿਰਭੈ ! ਗੁਰੂ ਰਵਿਦਾਸ ਕੀ ਜੈ’ ਕਹਿੰਦੇ ਹਨ।  ਮੈਂ ਤਾਂ ਹੁਣ ਥੱਕ ਗਿਆ ਹਾਂ ਇਨ੍ਹਾਂ ਨੂੰ ਸਮਝਾ-ਸਮਝਾ ਕੇ, ਨਾਲੇ ਮੈਨੂੰ ਇਹ ਮਾਰਨ ਆਉਂਦੇ ਹਨ ਕਿ ਤੂੰ ਰਵਿਦਾਸ ਦੇ ਘਰ ਦਾ ਗਦਾਰ ਹੈਂ, ਬੇਈਮਾਨ ਹੈਂ।  ਬਾਕੀ ਕਦੇ ਫਿਰ ਲਿਖਾਂਗਾ।  ਸਾਡੇ ’ਤੇ ਬਖ਼ਸ਼ਸ਼ ਕਰੋ, ਕਿਉਂ ਜੋ ਅਸੀਂ ਅਗਿਆਨਤਾ ਦੇ ਹਨ੍ਹੇਰੇ ਵਿੱਚ ਡੁੱਬ ਰਹੇ ਹਾਂ : ‘‘ਮਾਧੋ ! ਅਬਿਦਿਆ ਹਿਤ ਕੀਨ॥ ਬਿਬੇਕ ਦੀਪ ਮਲੀਨ॥  (ਭਗਤ ਰਵਿਦਾਸ/੪੮੬), ਦੁਲਭ ਜਨਮੁ ਪੁੰਨ ਫਲ ਪਾਇਓ, ਬਿਰਥਾ ਜਾਤ ਅਬਿਬੇਕੈ॥’’  (ਭਗਤ ਰਵਿਦਾਸ/੬੫੮)

ਮੌਜੂਦਾ ਹਾਲਤ ਕਰ ਕੇ ਦੁੱਖ-ਸਹਿਤ ਪਰ ਚੰਗੇ ਬਦਲਾਅ ਦੀ ਆਸ ਕਰਦਾ ਹੋਇਆ : ‘ਗੁਰਮੁਖ ਸਿੰਘ’।