ਪੁੱਛਾਂ ਦੇਣ ਵਾਲਾ ਬਾਬਾ !

0
258

ਪੁੱਛਾਂ ਦੇਣ ਵਾਲਾ ਬਾਬਾ !

ਸ੍ਰ ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ (ਫਤਿਹਾਬਾਦ)-94662 66708, 97287 43287

ਔਝੜ ਸਿੰਹੁ’ ਦੇ ਘਰ ਚੋਰੀ ਹੋ ਗਈ, ਚੋਰ ਗਹਿਣਾ ਗੱਟਾ ਤੇ ਨੱਕਦੀ ’ਤੇ ਹੱਥ ਸਾਫ ਕਰ ਗਏ। ਔਝੜ ਸਿੰਹੁ ਪੁਲਿਸ ਥਾਣੇ ਜਾ ਰਿਪੋਰਟ ਕਰਵਾਉਣ ਦੀ ਬਜਾਏ ਕਿਸੇ ਪੁੱਛ ਪਵਾਉਣ ਵਾਲੇ ਕੋਲ ਚਲੇ ਗਏ, ਜਿਸ ਦੀ ਦਸ ਵੀ ਉਸ ਸਾਧ ਦੇ ਚੇਲੇ ਨੇ ਉਨ੍ਹਾਂ ਨੂੰ ਪਾਈ ਸੀ।

ਉਨ੍ਹਾਂ ਬਾਬੇ ਕੋਲ ਜਾ ਕੇ ਉਸ ਨੂੰ ਆਪਣੀ ਵਿਥਿਆ ਸੁਣਾਈ ? ‘ਬਾਬਾ’ ਅੱਖਾਂ ਮੀਟ ‘ਅੰਤਰ ਧਿਆਨ’ ਹੋ ਕੇ ਥੁੜੀ ਦੇਰ ਬਾਅਦ ਬੋਲਿਆ।

ਬਾਬਾ – ਤੁਹਾਡੇ ਘਰ ਚੋਰੀ ਤੁਹਾਡੇ ਸ਼ਰੀਕਾਂ ਨੇ ਕਰਵਾਈ ਐ, ਜੋ ਕਿ ਤੁਹਾਡੇ ਨਾਲ ਈਰਖਾ ਰੱਖਦੇ ਹਨ।

ਔਝੜ ਸਿੰਹੁ – ‘ਬਾਬਾ ਜੀ’ ਫੇਰ ਕਰੋ ਕੋਈ ਉਪਾਅ। ਸਾਡਾ ਤਾਂ ਘਰ ਲੁੱਟਿਆ ਗਿਆ। ਸਾਡਾ ਮਾਲ ਕਿਵੇਂ ਵਾਪਸ ਆਵੇ ਦੱਸੋ ਕੋਈ ਹੀਲਾ ਅਸੀਂ ਤੁਹਾਡਾ ਇਹ ਉਪਕਾਰ ਸਾਰੀ ਉਮਰ ਨਹੀਂ ਭੁੱਲਦੇ।

ਬਾਬਾ – ਭਾਈ ਉਪਾਅ ਤਾਂ ਕਰ ਦਿੰਦੇ ਹਾਂ, ਥੋੜਾ ਖਰਚ ਆਵੇਗਾ, ਫੇਰ ਦੇਖਿਉ, ਤੁਹਾਡਾ ਮਾਲ ਵੀ ਵਾਪਸ ਆਵੇਗਾ ਨਾਲੇ ਚੋਰੀ ਕਰਨ ਤੇ ਕਰਵਾਉਣ ਵਾਲਿਆਂ ਨੂੰ ਕਿਵੇਂ ਸਬਕ ਮਿਲਦਾ ਹੈ। ਤੁਹਾਡੀਆਂ ਮਿੰਨਤਾਂ ਕਰਕੇ ਮਾਫੀਆਂ ਮੰਗਣਗੇ ਤੇ ਆਪਣੇ ਹੱਥੀਂ ਮਾਲ ਵਾਪਸ ਦੇ ਕੇ ਜਾਣਗੇ ਅਗੇ ਤੋਂ ਤੌਬਾ ਵੀ ਕਰਣਗੇ।

ਆਹ ਲਉ ਡੇਰੇ ਦੀ ‘ਭਭੂਤੀ’ (ਸਵਾਹ) ‘ਸਰੋਂ’ ਤੇ ਮੇਖਾਂ। ਭਭੂਤੀ ਤੇ ਸਰੋਂ ਮਿਲਾ ਕੇ ਸਾਰੇ ਘਰ ਵਿਚ ਛੱਟਾ ਦੇਣਾ ਤੇ ਮੇਖਾਂ ਆਪਣੇ ਘਰ ਦੇ ਚੌਹਾਂ ਨੁਕਰਾਂ ’ਤੇ ਠੋਕ ਦੇਣੀਆਂ। ਇਕ ਘਰ ਦੇ ਮੇਨ ਦਰਵਾਜੇ ਦੀ ਦੇਹਲੀ ’ਚ ਠੋਕ ਦੇਣੀ। ਫੇਰ ਵੇਖਿਉ ਬਾਬਿਆਂ ਦੇ ਮੰਤਰ ਦਾ ਅਸਰ ਹਫਤੇ ਦੇ ਵਿਚ-ਵਿਚ ਚੋਰ ਫੜਿਆ ਜਾਵੇਗਾ। ਮਾਲ ਵਾਪਸ ਕਰਵਾਉਣ ਤੇ ਖਾਸ ਕਰਕੇ ਸ਼ਰੀਕਾਂ ਪਾਸੋਂ ਮਿੰਨਤਾਂ ਕਰਵਾਉਣ ਖਾਤਰ ਔਝੜ ਸਿੰਹੁ ਨੇ ਪੈਸੇ ਦੇ ਕੇ ਬਾਬੇ ਪਾਸੋਂ ਸਮਾਨ ਲੈ ਕੇ ਝੋਲੇ ਵਿਚ ਪਾਇਆ ਤੇ ਖੁਸ਼ੀ-ਖੁਸ਼ੀ ਡੇਰੇ ਤੋਂ ਬਾਹਰ ਆ ਗਏ।

ਹਾਲੇ ਉਹ ਥੋੜੀ ਦੂਰ ਹੀ ਗਏ ਸਨ ਕਿ ਡੇਰੇ ਦੇ ਸਪੀਕਰ ਤੋਂ ਐਨਾਉਸਮੈਂਟ ਹੋਈ। ਐਨਾਉਸਮੈਂਟ ਵਾਲਾ ਕਹਿ ਰਿਹਾ ਸੀ ਕਿ ਬਾਬਿਆਂ ਦੀ ਗਡੀ ਵਿਚੋਂ ਕੋਈ ਪੈਸਿਆਂ ਵਾਲਾ ਬੈਗ ਉੱਠਾ ਕੇ ਲੈ ਗਿਆ ਹੈ। ਜਿਸ ਕਿਸੇ ਨੇ ਬੈਗ ਚੁਕਣ ਵਾਲੇ ਨੂੰ ਦੇਖਿਆ ਜਾਂ ਚੋਰ ਬਾਰੇ ਕੁਝ ਪਤਾ ਹੋਵੇ ਉਹ ਕ੍ਰਿਪਾ ਕਰਕੇ ਬਾਬਿਆਂ ਨੂੰ ਇਤਲਾਹ ਕਰਨ ਜੇ ਕੋਈ ਚੋਰ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ ਬਾਬਿਆਂ ਵੱਲੋਂ ਧੰਨਵਾਦ ਸਹਿਤ ਇਨਾਮ ਵੀ ਦਿੱਤਾ ਜਾਵੇਗਾ।

ਡੇਰੇ ਤੋਂ ਹੋਈ ਐਨਾਉਸਮੈਂਟ ਸੁਣ ਕੇ ਔਝੜ ਸਿੰਹੁ ਕਦੇ ਹੱਥ ’ਚ ਫੜੇ ਝੋਲੇ ਵੱਲ ਦੇਖੇ ਤੇ ਕਦੇ ਡੇਰੇ ਵੱਲ ??

ਐਨਾਉਂਸਮੈਂਟ ਦੇ ਲਫਜ਼ ਉਸ ਨੂੰ ਕੁਝ ਸੋਚਣ ਲਈ ਮਜ਼ਬੂਰ ਕਰ ਰਹੇ ਸਨ ਪਰ ਫਿਰ ਵੀ ਉਹ ਝੋਲਾ ਚੁੱਕੀ ਘਰ ਨੂੰ ਹੋ ਤੁਰਿਆ ?????