ਬਾਬੇ ਨਾਨਕ ਤੇ ਮਰਦਾਨੇ ਦੀ ਮਾਤ-ਲੋਕ ਫੇਰੀ

0
291

ਬਾਬੇ ਨਾਨਕ ਤੇ ਮਰਦਾਨੇ ਦੀ ਮਾਤ-ਲੋਕ ਫੇਰੀ

ਨਿਰਮਲ ਸਿੰਘ ਕੰਧਾਲਵੀ

ਬਾਬੇ ਨਾਨਕ ਤੇ ਮਰਦਾਨੇ ਦੀ ਮਾਤ-ਲੋਕ ਫੇਰੀ
ਮਰਦਾਨਾ ਕਹਿੰਦਾ ਬਾਬਾ ਜੀ, ਦੁਨੀਆਂ ਦਾ ਇੱਕ ਗੇੜਾ ਲਾਈਏ।
ਸੁਣਿਐ ਸਿੱਖੀ ਦੀ ਬੜੀ ਤਰੱਕੀ, ਚਲ ਅੱਖੀਂ ਦੇਖ ਕੇ ਆਈਏ।
ਤੂੰ ਕਹਿੰਨੈ ਫਿਰ ਚਲੇ ਚਲਦੇ ਆਂ, ਪਰ ਭੇਸ ਵਟਾਉਣਾ ਪੈਣਾ।
ਸਾਡਾ ਕਿਸੇ ਯਕੀਨ ਨਹੀਂ ਕਰਨਾ, ਤੇ ਸਾਨੂੰ ਵੜਨ ਨਹੀਂ ਦੇਣਾ।
ਰਾਗੀ ਜਥੇ ਦਾ ਰੂਪ ਬਣਾ ਕੇ, ਉਹ ਆ ਗਏ ਇੱਕ ਗੁਰਦੁਆਰੇ।
ਸਮਾਂ ਲੈਣ ਲਈ ਸਟੇਜ ਸਕੱਤਰ ਨੂੰ, ਮਰਦਾਨਾ ਅਰਜ਼ ਗੁਜ਼ਾਰੇ।
ਤੁਹਾਡੇ ਕੋਲ਼ ਨਾ ਵਾਜਾ ਤਬਲਾ, ਬਈ ਨਾ ਕੋਈ ਢੱਡ ਸਾਰੰਗੀ।
ਤੁਸੀਂ ਕਰਦੇ ਓ ਕੇਹਾ ਕੀਰਤਨ, ਤੈਂ ਆਹ ਸ਼ੈਅ ਕੀ ਮੋਢੇ ਟੰਗੀ?
ਬਾਬੇ ਨਾਨਕ ਵੀ ਸ਼ਬਦ ਗੁਰੂ ਨੂੰ, ਨਾਲ ਰਬਾਬ ਸੀ ਗਾਇਆ।
ਏਸੇ ਲਈ ਮੈਂ ਨਾਲ਼ ਆਪਣੇ, ਦੇਖ ਨਵੀਂ ਰਬਾਬ ਲਿਆਇਆ।
ਨਾਨਕ ਦਾ ਨਹੀਂ ਇਹ ਜ਼ਮਾਨਾ, ਅੱਜ ਕੰਨ ਰਸ ਲੋਕੀਂ ਲੱਭਦੇ।
ਫ਼ਿਲਮੀ ਟਿਊਨ ਜੇ ਵੱਜਦੀ ਹੋਵੇ, ਡਾਲਰ ਪੌਂਡ ਫੇਰ ਹੀ ਕੱਢਦੇ।
ਤਿੰਨ ਠੇਕੇ ਪ੍ਰਧਾਨ ਦੇ ਆਪਣੇ, ਨਾਂ ਦਾਰੂ ਦਾ ਨਹੀਂ ਤੁਸੀਂ ਲੈਣਾ।
ਕੇਸਾਂ ਦਾ ਤੇ ਅੰਮ੍ਰਿਤ ਛਕਣ ਦਾ, ਬਿਲਕੁਲ ਨਹੀਂ ਤੁਸੀਂ ਕਹਿਣਾ।
ਮੜੀ ਮਰਯਾਦਾ ਕੋਲ਼ ਹੀ ਰੱਖਿਉ, ਐਵੇਂ ਛੇੜਿਉ ਨਾ ਕੋਈ ਪੰਗਾ।
ਆਉਂਦੇ ਜਾਂਦੇ ਤੁਸੀਂ ਜੇ ਰਹਿਣਾ, ਤਾਂ ਰਿਕਾਰਡ ਬਣਾਇਉ ਚੰਗਾ।
ਗੱਲ ਹੋਰ ਵੀ ਸੁਣ ਲਉ ਮੇਰੀ, ਅੱਗੇ ਜਿਵੇਂ ਐ ਮਰਜ਼ੀ ਤੁਹਾਡੀ।
ਮਾਇਆ ਜਿੰਨੀ ਵੀ ਬਣੇ ਤੁਹਾਨੂੰ, ਅੱਧੋ ਅੱਧ ਹੁੰਦੀ ਏ ਸਾਡੀ।
ਗੱਲ ਕਰਦੇ ਆਂ ਪੱਧਰੀ ਮੂੰਹ `ਤੇ, ਰੱਖਦੇ ਨਹੀਂ ਕੋਈ ਓਹਲਾ।
ਹੈ ਸਾਫ਼ਗੋਈ ਮਸ਼ਹੂਰ ਅਸਾਡੀ, ਨਹੀਂ ਪਾਉਂਦੇ ਰੋਲ-ਘਚੋਲਾ।
ਜੇ ਸੌਦਾ ਮੰਨਜ਼ੂਰ ਤੁਹਾਨੂੰ, ਤਾਂ ਚੜ੍ਹ ਜਾਉ ਸਟੇਜ `ਤੇ ਜਾ ਕੇ।
ਮਿੰਟ ਇੱਕ ਨਹੀਂ ਲਾਉਣਾ ਵਾਧੂ, ਨਹੀਂ ਧੂ ਲੈਣੇ ਮੈਂ ਆ ਕੇ।
ਬਾਬੇ ਕਿਹਾ ਮਾਇਆ ਨਹੀਂ ਲੈਂਦੇ, ਪਰਚਾਰ ਸਿੱਖੀ ਦਾ ਕਰਦੇ।
ਉਹ ਸੱਚਾ ਹੈ ਮਾਲਕ ਸਭ ਦਾ, ਅਸੀਂ ਉਹਦੇ ਦਰ ਦੇ ਬਰਦੇ।
ਸੁਣਿਆਂ ਜਦ ਕਿ ਰਾਗੀ ਜਥੇ ਨੇ, ਮਾਇਆ ਨਹੀਂ ਲਿਜਾਣੀ।
ਖਿੜ ਉੱਠਿਆ ਪ੍ਰਧਾਨ ਦਾ ਚਿਹਰਾ, ਬਦਲੀ ਸਭ ਕਹਾਣੀ।
ਸਮੇਂ ਦੀ ਚਿੰਤਾ ਨਾਹੀਂ ਕਰਨੀ, ਤੁਸੀਂ ਜਿੰਨਾ ਮਰਜ਼ੀ ਲਾਉ।
ਜੀ ਆਇਆਂ ਨੂੰ ਹਰ ਵੇਲੇ ਥੋਨੂੰ, ਜਦੋਂ ਵੀ ਮਰਜ਼ੀ ਆਉ।
ਸਟੇਜ ਸਕੱਤਰ ਉਨ੍ਹਾਂ ਨੂੰ ਫਿਰ, ਵਿੱਚ ਦੀਵਾਨ ਲਿਆਇਆ।
ਨਾਲ਼ ਪਿਆਰ ਸਟੇਜ ਦੇ ਉੱਤੇ, ਆਦਰ ਨਾਲ਼ ਬਿਠਾਇਆ।
ਜਗਮਗ ਜਗਮਗ ਚਾਰੇ ਪਾਸੇ, ਸਨ ਲੜੀਆਂ ਰੌਸ਼ਨਾਈਆਂ।
ਮਹਿਕਣ ਅਤਰ ਫੁਲੇਲਾਂ ਬੜੀਆਂ, ਤੇ ਧੂਫ਼ਾਂ ਖ਼ੂਬ ਧੁਖਾਈਆਂ।
ਖੁੱਲ੍ਹਾ-ਡੁੱਲ੍ਹਾ ਦੀਵਾਨ ਹਾਲ, ਪਰ ਸੰਗਤਾਂ ਬਹੁਤ ਸਵਾਈਆਂ।
ਬੰਦੇ ਚਾਰ ਕੁ ਬੈਠੇ ਉੱਥੇ, ਜਾਂ ਬੈਠੀਆਂ ਪੰਜ ਚਾਰ ਮਾਈਆਂ।
ਮੂਲ ਮੰਤਰ ਜਾਂ ਪੜ੍ਹਿਆ ਬਾਬੇ, ਉੱਥੇ ਹੋਰ ਪੈ ਗਿਆ ਪੰਗਾ।
ਇਕ ਖੁੱਚਾਂ ਨੰਗੀਆਂ ਵਾਲੇ ਨੇ, ਉੱਥੇ ਖੂਬ ਮਚਾਇਆ ਦੰਗਾ।
‘ਮੂਲ ਮੰਤਰ ਤੂੰ ਪੜ੍ਹੇਂ ਅਧੂਰਾ, ਉਂਜ ਬਣਿਆ ਫਿਰਦੈਂ ਰਾਗੀ’।
ਸਭ ਮਸ਼ੀਨਰੀ ਉਲ਼ਟੇ ਚਲਦੇ, ਕੀ ਤੂੰ ਵੀ ਹੋ ਗਿਐਂ ਬਾਗ਼ੀ’ ?
‘ਬਾਬਾ ਕਹੇ ਕਰ ‘ਜਪੁ’ ਦੇ ਦਰਸ਼ਨ, ਨਿਕਲ਼ੂ ਤੇਰਾ ਭੁਲੇਖਾ’।
‘ਜਪੁ’ ਤਾਂ ਹੈ ਸਿਰਲੇਖ ਬਾਣੀ ਦਾ, ਪਾ ਨਾ ਬੀਅ ਦਾ ਲੇਖਾ’।
‘ਕਿਉਂ ਕਰਾਂ ਮੈਂ ਦਰਸ਼ਨ? ਬਾਬਾ ਸਾਡਾ ਸੀ ਬ੍ਰਹਮਗਿਆਨੀ।
ਅਸੀਂ ਤਾਂ ਮੰਨੀਏ ਉਹਦਾ ਕਹਿਣਾ, ਬਾਕੀ ਸਭ ਅਗਿਆਨੀ’।
ਬਾਬੇ ਨੇ ਗੱਲ ਸਮਝੀ ਸਾਰੀ, ਗਿਆਨ ਦਾ ਤੀਰ ਚਲਾਇਆ।
‘ਮੂਰਖੈ ਨਾਲਿ ਨ ਲੁਝੀਏ’ ਵਾਲ਼ਾ ਸ਼ਬਦ ਉਹਨਾਂ ਨੇ ਗਾਇਆ।
ਜੱਸ ਗਾ ਕੇ ਫਿਰ ਸੱਚੇ ਰੱਬ ਦਾ, ਬਾਹਰ ਦੀਵਾਨ `ਚੋਂ ਆਏ।
ਮਰਦਾਨਾ ਕਹਿੰਦਾ ਚਲੀਏ ਬਾਬਾ, ਐਵੇਂ ਭੁੱਲ ਕੇ ਏਥੇ ਆਏ।
ਬਾਬਾ ਕਹਿੰਦਾ ਠਹਿਰ ਰਤਾ, ਤੈਨੂੰ ਹੋਰ ਵੀ ਕੁਛ ਦਿਖਾਈਏ।
ਮਗਰ ਮੇਰੇ ਤੂੰ ਤੁਰਿਆ ਆ, ਇੱਕ ਫੁਲਕਾ ਵੀ ਛਕ ਜਾਈਏ।
ਦੀਵਾਨ ਹਾਲ ਸੀ ਭਾਂ ਭਾਂ ਕਰਦਾ, ਲੰਗਰ ਹਾਲ ਜਿਉਂ ਮੇਲਾ।
ਸ਼ੋਰ-ਸ਼ਰਾਬਾ, ਬੜਾ ਭੀੜ-ਭੜੱਕਾ, ਤੇ ਪਵੇ ਰੇਲੇ `ਤੇ ਰੇਲਾ।
ਕਿਸੇ ਦੇ ਮੂੰਹ ਵਿੱਚ ਫਸੀ ਜਲੇਬੀ, ਕੋਈ ਜੂਝੇ ਨਾਲ ਸਮੋਸੇ।
ਕਿਧਰੇ ਹਾਸੇ ਦੀ ਕਿਲਕਾਰੀ, ਅਤੇ ਕਿਧਰੇ ਨਿਕਲਣ ਰੋਸੇ।
ਰੋਣੇ ਰੋਵਣ ਨਵੀਆਂ ਨੂੰਹਾਂ ਦੇ, ਨਾਲ਼ੇ ਭਾਂਡੇ ਧੋਵਣ ਮਾਈਆਂ।
ਫੁੱਟ ਗਈ ਸਾਡੀ ਕਿਸਮਤ ਭੈਣੋ, ਕਿੱਥੋਂ ਚੁੜੇਲਾਂ ਆਈਆਂ।
ਪਹਿਲਾਂ ਸੱਸ ਮਿਲ਼ੀ ਬਘਿਆੜੀ, ਇੱਕ ਮਾਈ ਸੀ ਕਹਿੰਦੀ।
ਨੂੰਹ ਟੱਕਰੀ ਹੁਣ ਮਾੜੀ ਮੈਨੂੰ, ਹਰ ਵੇਲੇ ਲੜਦੀ ਰਹਿੰਦੀ।
ਢਾਣੀ ਬੈਠੇ ਬੰਦੇ, ਤੀਆਂ `ਤੇ ਜਿਉਂ ਆਈਆਂ ਮਾਈਆਂ।
ਉੱਚੀ ਉੱਚੀ ਦੇਣ ਵਧਾਈਆਂ, ਸਭ ਭੈਣਾਂ ਤੇ ਭਰਜਾਈਆਂ।
ਕਿਚਨ `ਚ ਕਹਿੰਦੇ ਪੀਜ਼ਾ ਬਣਦਾ, ਲੋਕੀਂ ਕਰਨ ਉਡੀਕਾਂ।
ਕਿਸੇ ਦੀ ਦਾੜ੍ਹੀ ਕੇਕ ਨਾ’ ਲਿਬੜੀ, ਬੱਚੇ ਮਾਰਨ ਚੀਕਾਂ।
ਇਕ ਮਾਈ ਪਈ ਡੱਬੇ ਵੰਡੇ, ਜਾਣ ਵਾਲ਼ੇ ਦੇ ਹੱਥ ਫੜਾਉਂਦੀ।
‘ਖੰਡ ਪਾਠ ਸੀ ਬਰਥਡੇਆਂ ਦਾ’, ਉੱਚੀ ਉੱਚੀ ਆਖ ਸੁਣਾਉਂਦੀ।
ਇਕ ਟੇਬਲ `ਤੇ ਬੈਠੇ ਸਾਰੇ, ਬਈ ਕਾਰਨਰ ਸ਼ਾਪਾਂ ਵਾਲ਼ੇ।
ਕਹਿੰਦੇ ਪੈਰ ਲੱਗਣ ਨਹੀਂ ਦਿੰਦੇ, ਇਹ ਵੱਡੇ ਸਟੋਰਾਂ ਵਾਲ਼ੇ।
ਕਰਨ ਸਲਾਹਾਂ ਕਿੱਥੋਂ ਜਾ ਕੇ, ਸਸਤੀ ਬੀਅਰ ਲਿਆਈਏ।
ਸਿਰ `ਤੇ ਆਈ ਕ੍ਰਿਸਮਸ ਯਾਰੋ, ਕਿਤੋਂ ਪੈਸੇ ਚਾਰ ਬਣਾਈਏ।
ਇਕ ਜੋੜੇ ਦੀ ਸੂਟਾਂ ਦੀ ਹੱਟੀ, ਉਹ ਆਪਣਾ ਦੁਖ ਸੁਣਾਉਂਦੇ।
ਵਿਆਹ ਸ਼ਾਦੀ ਦੇ ਕੱਪੜੇ ਲੋਕੀਂ, ਹੁਣ ਇੰਡੀਆ ਤੋਂ ਲੈ ਆਉਂਦੇ।
ਗੈਸ, ਬਿਜਲੀ ਤੇ ਬਿੱਲ ਕੌਂਸਲ ਦਾ, ਖ਼ਰਚ ਨਹੀਂ ਹੁੰਦੇ ਪੂਰੇ।
ਧੂਹ-ਘਸੀਟੀ ਹੁਣ ਹੋਰ ਨਹੀਂ ਹੁੰਦੀ, ਕਈ ਕੰਮ ਪਏ ਅਧੂਰੇ।
ਬੰਦ ਕਰਕੇ ਕੱਪੜੇ ਦਾ ਕੰਮ, ਹੁਣ ਸ਼ਾਪ ਗਰੌਸਰੀ ਖੋਲ੍ਹਾਂਗੇ।
ਆਫ਼ ਲਸੰਸ ਕੀਤਾ ਅਪਲਾਈ, ਅਸੀਂ ਕੱਦੂ ਕਰੇਲੇ ਤੋਲਾਂਗੇ।
ਉਸ ਖੂੰਜੇ ਦੋ ਭਾਈਏ ਬੈਠੇ, ਗੱਲਾਂ ਕਰਨ ਪੰਜਾਬ ਦੀਆਂ।
ਕਹਿੰਦੇ ਉੱਥੇ ਸੁਣੇ ਕੋਈ ਨਾ, ਗੱਲਾਂ ਹੜੇ ਹਿਸਾਬ ਦੀਆਂ।
ਭਤੀਜ ਕਹੇ ਰਹਿ ਬੰਦਿਆਂ ਵਾਂਗੂੰ, ਖਾਹ ਮਨਭਾਉਂਦਾ ਮੇਵਾ।
ਹੜਾ ਹਿਸਾਬ ਜੇ ਮੰਗਣੈਂ ਸਾਥੋਂ, ਤਾਂ ਕਰਾਂਗੇ ਦੂਜੀ ‘ਸੇਵਾ’।
ਮੈਂ ਤਾਂ ਭਾਈ ਚੁੱਪ ਕਰਕੇ ਉੱਥੋਂ, ਆਇਆਂ ਜਾਨ ਬਚਾ ਕੇ।
ਹੁਣ ਸੋਚਾਂ ਕੀ ਖੱਟਿਆ ਉੱਥੇ, ਦੋ ਕਰੋੜ ਦੀ ਕੋਠੀ ਪਾ ਕੇ।
ਮਰਦਾਨਾ ਕਹਿੰਦਾ ਬਾਬਾ ਜੀ, ਸਭ ਆਪਣੇ ਦੁਖੜੇ ਰੋਂਦੇ।
ਅਖੰਡ ਪਾਠ `ਤੇ ਆ ਕੇ ਵੀ, ਕਿਉਂ ਗੁਰੂ ਕੋਲ ਨਹੀਂ ਬਹਿੰਦੇ।
ਮਰਦਾਨਾ ਜੀ ਗੁਰਬਾਣੀ ਤਾਂ, ਸਭ ਜੀਵਨ ਜਾਚ ਹੈ ਦੱਸਦੀ।
ਜੇ ਕਹਿਣਾ ਨਾ ਮੰਨੇ ਕੋਈ, ਤਾਂ ਇਹ ਗ਼ਲਤੀ ਹੈ ਕਿਸ ਦੀ ?
ਬਾਬੇ ਤੇ ਮਰਦਾਨੇ ਦੋਵਾਂ, ਫਿਰ ਇੱਕ ਇੱਕ ਫੁਲਕਾ ਛਕਿਆ।
ਚੁੱਪ ਚੁਪੀਤੇ ਨਿੱਕਲੇ ਉੱਥੋਂ, ਪਿਛਾਂਹ ਨਾ ਮੁੜ ਕੇ ਤੱਕਿਆ।
ਕਈ ਮਹਿਮਾਨ ਵੀ ਲੰਗਰ ਛਕ ਕੇ ਉੱਥੋਂ ਹੀ ਪਾ ਗਏ ਚਾਲੇ
ਕਹਿੰਦੇ ਸਾਡਾ ਦੂਰ ਦਾ ਪੈਂਡਾ, ਤੇ ਰਾਹ ਵਿੱਚ ਰੁਕਣਾ ਹਾਲੇ।
ਕਹਿੰਦੇ ਐਥੋਂ ਮੱਥਾ ਟੇਕ ਲਿਐ, ਤੂੰ ਜਾਣੀ ਜਾਣ ਐ ਬਾਬਾ।
ਜ਼ਰੂਰ ਟੇਕਾਂਗੇ ਅਗਲੀ ਵਾਰੀ, ਰਹਿਆ ਤੇਰੇ ਨਾ’ ਵਾਅਦਾ।
ਮਰਦਾਨਾ ਕਹਿੰਦਾ ਬਾਬਾ ਜੀ, ਕੋਈ ਭਾਣਾ ਵਰਤਿਆ ਐਸਾ।
ਹਰ ਕੋਈ ਬਸ ਕਹਿੰਦਾ ਸੁਣਿਆ, ਹਾਇ ਪੈਸਾ, ਪੈਸਾ, ਪੈਸਾ।