ਮੋਰਚਾ ਗੰਗਸਰ ਜੈਤੋ
ਮਾਸਟਰ ਸੁਖਦੇਵ ਸਿੰਘ ‘ਜਾਚਕ’
ਜੈਤੋ ਮੰਡੀ, ਬਠਿੰਡਾ-ਕੋਟਕਪੂਰਾ-ਫਿਰੋਜ਼ਪੁਰ-ਫ਼ਾਜ਼ਿਲਕਾ ਰੇਲਵੇ ਲਾਈਨ ’ਤੇ ਇਕ ਸਟੇਸ਼ਨ ਹੈ ਜਿਸ ਦੇ ਨੇੜੇ ਹੀ ਉੱਤਰ-ਪੱਛਮ ਵੱਲ ਸ੍ਰੀ ਗੰਗਸਰ ਇਤਿਹਾਸਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਜੋ ਪਹਿਲਾਂ ਨਾਭਾ ਰਿਆਸਤ ਵਿਚ ਸੀ। 5 ਅਗਸਤ 1923 ਨੂੰ ਅੰਮ੍ਰਿਤਸਰ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਨਾਭਾ ਰਿਪੁਦਮਨ ਸਿੰਘ ਨਾਲ ਹਮਦਰਦੀ ਦਾ ਮਤਾ ਪਾਸ ਕਰ ਕੇ ਫ਼ੈਸਲਾ ਹੋਇਆ ਕਿ 9 ਸਤੰਬਰ ‘ਨਾਭਾ ਡੇ’ ਮਨਾਇਆ ਜਾਵੇ ਅਤੇ ਮਹਾਰਾਜੇ ਨਾਲ ਹੋਈ ਬੇਇਨਸਾਫ਼ੀ ਨੂੰ ਦੂਰ ਕਰਵਾਉਣ ਲਈ ਅਰਦਾਸੇ ਸੋਧੇ ਜਾਣ। 27 ਅਗਸਤ ਨੂੰ ਭਰੇ ਦੀਵਾਨ ਵਿੱਚੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗਿਆਨੀ ਇੰਦਰ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 9 ਸਤੰਬਰ ਨੂੰ ਪੰਜਾਬ ਭਰ ਅਤੇ ਸਿੱਖ ਰਿਆਸਤਾਂ ਦੇ ਸਾਰੇ ਸ਼ਹਿਰਾਂ ਵਿੱਚ ਜਲੂਸ ਕੱਢੇ ਗਏ ਤੇ ਅਰਦਾਸੇ ਸੋਧੇ ਗਏ। ਜੈਤੋ ਮੰਡੀ ਵਿੱਚ ਵੀ ਬੜਾ ਵੱਡਾ ਜਲੂਸ ਨਿਕਲਿਆ ਤੇ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵਿਖੇ ਦੀਵਾਨ ਸਜਿਆ, ਨਾਲ ਹੀ ਲੜੀਵਾਰ ਸ੍ਰੀ ਅਖੰਡ ਪਾਠਾਂ ਦਾ ਅਰੰਭ ਕਰ ਦਿੱਤਾ ਗਿਆ।
ਇਸ ਸਮੇਂ ਨਾਭਾ ਰਿਆਸਤ ਦਾ ਰਾਜ ਪ੍ਰਬੰਧ ਅੰਗਰੇਜ਼ ਅਫ਼ਸਰ ਵਿਲੀਅਮ ਜਾਨਸਟਰ ਦੇ ਹੱਥ ਵਿੱਚ ਸੀ। ਮਹਾਰਾਜੇ ਸੰਬੰਧੀ ਕਿਸੇ ਵਿਚਾਰ, ਤਕਰੀਰ ਜਾਂ ਮਤਾ ਪਾਸ ਕਰਨ ਦੀ ਆਗਿਆ ਨਹੀਂ ਸੀ। 14 ਸਤੰਬਰ ਨੂੰ ਜਦੋਂ ਗੁਰਦੁਆਰਾ ਸਾਹਿਬ ਅੰਦਰ ਦੀਵਾਨ ਸਜਿਆ ਹੋਇਆ ਸੀ ਅਤੇ ਸੰਗਤਾਂ ਸ੍ਰੀ ਅਖੰਡ ਪਾਠ ਸਾਹਿਬ ਸਰਵਣ ਕਰ ਰਹੀਆਂ ਸਨ ਤਾਂ ਕੁਝ ਹਥਿਆਰਬੰਦ ਸਿਪਾਹੀਆਂ ਨੇ ਅੰਦਰ ਦਾਖ਼ਲ ਹੋ ਕੇ ਸਾਰੇ ਸ੍ਰੋਤਿਆਂ ਤੇ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਤਾਬਿਆ ਬੈਠੇ ਸਿੰਘ ਨੂੰ ਬਾਹੋਂ ਫੜ ਕੇ, ਘਸੀਟ ਕੇ ਬਾਹਰ ਲੈ ਗਏ ਅਤੇ ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਕਰ ਦਿੱਤਾ। ਹੁਣ ਇਹ ਨਿਰਾ ਮਹਾਰਾਜਾ ਨਾਭਾ ਨਾਲ ਹੋਏ ਧੱਕੇ ਦੂਰ ਕਰਨ ਦਾ ਸਵਾਲ ਨਹੀਂ ਰਿਹਾ ਸੀ ਸਗੋਂ ਇੱਕ ਨਿਰੋਲ ਧਾਰਮਿਕ ਸਵਾਲ ਬਣ ਗਿਆ ਸੀ। ਇਸ ਤਰ੍ਹਾਂ ਨਾਭੇ ਦੀ ਅੰਗਰੇਜ਼ ਹਕੂਮਤ ਨੇ ਸਿੱਖਾਂ ਨੂੰ ਇਕ ਧਾਰਮਿਕ ਮੋਰਚੇ ਲਈ ਖੜ੍ਹਾ ਕਰ ਦਿੱਤਾ। ਹੁਣ ਸਿੱਖਾਂ ਨੇ ਇੱਥੇ 101 ਸ੍ਰੀ ਅਖੰਡ ਪਾਠ ਸਾਹਿਬ ਲਗਾਤਾਰ ਕੀਤੇ ਜਾਣ ਦਾ ਫ਼ੈਸਲਾ ਕਰ ਕੇ 25-25 ਸਿੰਘਾਂ ਦਾ ਜੱਥਾ ਰੋਜ਼ਾਨਾ ਭੇਜਣਾ ਸ਼ੁਰੂ ਕਰ ਦਿੱਤਾ ਜੋ 15 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੈਦਲ ਰਵਾਨਾ ਹੋਇਆ। ਇਸ ਜਥੇ ਨੂੰ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋਣ ਤੋਂ ਪਹਿਲਾਂ ਹੀ ਫੜ ਲਿਆ ਗਿਆ। ਇਸੇ ਤਰ੍ਹਾਂ 25 ਸਿੰਘਾਂ ਦਾ ਜਥਾ ਰੋਜ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੈਤੋ ਲਈ ਤੁਰਦਾ ਅਤੇ ਗ੍ਰਿਫ਼ਤਾਰ ਕਰ ਲਿਆ ਜਾਂਦਾ।
ਇਸ ਤਰ੍ਹਾਂ ਗ੍ਰਿਫਤਾਰ ਕੀਤੇ ਹਰ ਜੱਥੇ ਨੂੰ ਦੋ-ਤਿੰਨ ਦਿਨ ਸਾਧਾਰਨ ਕੰਡਿਆਲੀ ਤਾਰ ਦੀ ਵਲਗਣ ਅੰਦਰ ਭੁੱਖੇ-ਪਿਆਸੇ ਹੀ ਰੱਖਿਆ ਜਾਂਦਾ, ਕਈਆਂ ਦੀ ਮਾਰ-ਕੁਟਾਈ ਵੀ ਕੀਤੀ ਜਾਂਦੀ ਅਤੇ ਫਿਰ ਕਈਆਂ ਨੂੰ ਦੂਰ ਲਿਜਾ ਕੇ ਜੰਗਲ਼ਾਂ-ਉਜਾੜਾਂ ਵਿੱਚ ਛੱਡ ਦਿੱਤਾ ਜਾਂਦਾ ਜਿੱਥੋਂ ਸਿੰਘ ਫਿਰ ਲੰਮੇ ਪੈਂਡੇ ਮਾਰ ਕੇ ਅੰਮ੍ਰਿਤਸਰ ਜਾ ਕੇ ਜਥਿਆਂ ਵਿੱਚ ਮਿਲ ਜਾਂਦੇ। 13 ਅਕਤੂਬਰ 1923 ਨੂੰ ਸ਼ੋ੍ਰਮਣੀ ਕਮੇਟੀ ਅਤੇ ਅਕਾਲੀ ਦਲ ਦੋਹਾਂ ਦੇ ਖਿਲਾਫ਼-ਕਾਨੂੰਨ ਜਮਾਇਤਾਂ ਕਰਾਰ ਦੇ ਦਿੱਤਾ ਗਿਆ ਅਤੇ ਕਮੇਟੀ ਦੇ ਮੈਂਬਰਾਂ, ਮੁਲਾਜ਼ਮਾਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਇਨ੍ਹਾਂ ਵਿੱਚ ਸ: ਮਹਿਤਾਬ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ, ਸ: ਤੇਜਾ ਸਿੰਘ ਸਮੁੰਦਰੀ ਮੀਤ ਪ੍ਰਧਾਨ, ਸ: ਤੇਜਾ ਸਿੰਘ ਅਕਰਪੁਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਗਤ ਜਸਵੰਤ ਸਿੰਘ ਜਨਰਲ ਸਕੱਤਰ, ਬਾਬਾ ਹਰਿਕ੍ਰਿਸ਼ਨ ਸਿੰਘ, ਪ੍ਰੋ. ਤੇਜਾ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਸ਼ੇਰ ਸਿੰਘ, ਪ੍ਰੋ. ਨਿਰੰਜਨ ਸਿੰਘ, ਸ: ਸਰਮੁਖ ਸਿੰਘ ਪ੍ਰਧਾਨ ਅਕਾਲੀ ਦਲ, ਰਸਾਲਦਾਰ ਸੁੰਦਰ ਸਿੰਘ, ਸ: ਗੋਪਾਲ ਸਿੰਘ ਕੌਮੀ, ਸ: ਤੇਜਾ ਸਿੰਘ ਘਵਿੰਡ, ਸ: ਸੇਵਾ ਸਿੰਘ ਠੀਕਰੀਵਾਲਾ, ਰਸਾਲਦਾਰ ਰਣਜੋਧ ਸਿੰਘ ਅਤੇ ਪ੍ਰੋ: ਸਾਹਿਬ ਸਿੰਘ ਆਦਿਕ 48 ਸਿੰਘ ਸ਼ਾਮਲ ਸਨ। ਇਨ੍ਹਾਂ ਖ਼ਿਲਾਫ਼ 4 ਨਵੰਬਰ 1923 ਨੂੰ ਅੰਮ੍ਰਿਤਸਰ ਵਿਖੇ ਮੁਕੱਦਮਾ ਸ਼ੁਰੂ ਕਰ ਦਿੱਤਾ ਗਿਆ। 3 ਮਾਰਚ 1924 ਨੂੰ ਸਰਕਾਰੀ ਬੰਦੀਆਂ ਨੂੰ ਲਾਹੌਰ ਵਿਖੇ ਭੇਜ ਦਿੱਤਾ ਗਿਆ ਅਤੇ ਕਿਲ੍ਹੇ ਵਿੱਚ ਹੀ ਜਨਵਰੀ 1926 ਤੱਕ ਕੇਸ ਚੱਲਦਾ ਰਿਹਾ। ਗ੍ਰਿਫ਼ਤਾਰੀਆਂ ਪਿੱਛੋਂ ਵੀ ਗੰਗਸਰ ਜੈਤੋ ਨੂੰ ਰੋਜ਼ਾਨਾ 25-25 ਸਿੰਘਾਂ ਦੇ ਜਥੇ ਭੇਜੇ ਜਾਣ ਦਾ ਸਿਲਸਿਲਾ ਉਵੇਂ ਹੀ ਜਾਰੀ ਰਿਹਾ।
ਸਿੰਘਾਂ ਨੇ ਫ਼ੈਸਲਾ ਕੀਤਾ ਕਿ 25-25 ਸਿੰਘਾਂ ਦੀ ਬਜਾਏ ਪੰਜ-ਪੰਜ ਸੌ ਸਿੰਘਾਂ ਦੇ ਜਥੇ ਗੰਗਸਰ ਵਿਖੇ ਭੇਜੇ ਜਾਣ ਅਤੇ ਪਹਿਲਾ ਸ਼ਹੀਦੀ ਜਥਾ 21 ਫ਼ਰਵਰੀ 1924 ਨੂੰ ਜੈਤੋ ਪੁੱਜੇ ਅਤੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰ ਕੇ ਸ੍ਰੀ ਅਖੰਡ ਪਾਠ ਆਰੰਭ ਕਰੇ। ਸੋ 9 ਫ਼ਰਵਰੀ ਨੂੰ ਬਸੰਤ ਪੰਚਮੀ ਦੇ ਦਿਨ ਪੰਜ ਸੌ ਸਿੰਘਾਂ ਦਾ ਪਹਿਲਾ ਜੱਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਅਰਦਾਸਾ ਸੋਧ ਕੇ ਚੱਲਿਆ ਕਿ ਇਹ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਕਰਨਗੇ ਅਤੇ ਜੋ ਵੀ ਮੁਸੀਬਤਾਂ ਸਹਿਣੀਆਂ ਪੈਣ ਬਿਨਾਂ ਮੁਕਾਬਲਾ ਹੀ ਸਹਿਣਗੇ। ਹੌਲ਼ੀ-ਹੌਲ਼ੀ ਇਹ ਜਥਾ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਗਿਆ। ਉਧਰ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਜਥੇ ਦੀ ਆਉ-ਭਗਤ ਕਰਨ ਤੋਂ ਰੋਕਿਆ ਗਿਆ। ਜੋ ਲੋਕ ਫਿਰ ਵੀ ਸੇਵਾ ਕਰਦੇ, ਉਨ੍ਹਾਂ ’ਤੇ ਸਖ਼ਤੀ ਕੀਤੀ ਜਾਂਦੀ ਜਦੋਂ ਜਥਾ ਫੂਲ ਵਿਖੇ ਪਹੁੰਚਿਆ ਤਾਂ ਪਿੰਡ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ। ਪਹਿਰਾ ਲੱਗਣ ਦੇ ਬਾਵਜੂਦ ਵੀ ਲੋਕਾਂ ਨੇ ਕੰਧਾਂ ਟੱਪ ਕੇ ਚਾਹ-ਪਾਣੀ ਛਕਾਇਆ। ਜਥੇ ਦਾ ਆਖ਼ਰੀ ਪੜ੍ਹਾਅ 20 ਫ਼ਰਵਰੀ ਨੂੰ ਫਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਸੀ। 21 ਫ਼ਰਵਰੀ ਨੂੰ ਸਵੇਰੇ ਆਸਾ ਦੀ ਵਾਰ ਅਤੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਜਥੇ ਨੇ ਜੈਤੋ ਵੱਲ ਕੂਚ ਕੀਤਾ, ਜੋ ਇੱਥੋਂ ਛੇ ਕੁ ਮੀਲ ਸੀ। ਇਸ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਗਈ, ਜਿਸ ਵਿੱਚ ਕਾਫ਼ੀ ਬੀਬੀਆਂ ਵੀ ਸ਼ਾਮਲ ਸਨ। ਕਾਂਗਰਸੀ ਨੇਤਾ ਡਾ: ਕਿਚਲੂ, ਪ੍ਰਿੰਸੀਪਲ ਗਿਡਵਾਨੀ ਅਤੇ ‘ਨਿਊਯਾਰਕ ਟਾਈਮਜ਼’ ਦੇ ਪ੍ਰਤੀਨਿਧ ਮਿ: ਜਿੰਮਜ਼ ਵੀ ਕਾਰ ਵਿੱਚ ਜਥੇ ਨਾਲ ਚੱਲ ਰਹੇ ਸਨ। ਨਾਭਾ ਰਾਜ ਦੀ ਹੱਦ ’ਤੇ ਕਾਂਗਰਸੀ ਨੇਤਾਵਾਂ ਨੂੰ ਰੋਕ ਲਿਆ ਗਿਆ। ਜਥੇ ਦੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਚੁੱਕ ਕੇ ਜਾ ਰਹੇ ਸਨ, ਵਿਚਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸੀ ਅਤੇ ਜਥਾ ਚਾਰ-ਚਾਰ ਦੀਆਂ ਕਤਾਰਾਂ ਵਿੱਚ ਚੱਲ ਰਿਹਾ ਸੀ। ਗੰਗਸਰ ਨੂੰ ਜਾਣ ਵਾਲੇ ਰਸਤੇ ’ਤੇ ਤਾਰਾਂ ਲੱਗੀਆਂ ਹੋਈਆਂ ਸਨ ਅਤੇ ਪੁਲਿਸ ਦਾ ਪਹਿਰਾ ਸੀ। ਗੁਰਦੁਆਰਾ ਸਾਹਿਬ ਕੋਲ ਕਿਲ੍ਹੇ ਉੱਤੇ ਮਸ਼ੀਨਗੰਨਾਂ ਬੀੜੀਆਂ ਹੋਈਆਂ ਸਨ ਅਤੇ ਹਰ ਪਾਸੇ ਫ਼ੌਜ ਤੇ ਪੁਲਿਸ ਬੰਦੂਕਾਂ ਸਿੱਧੀਆਂ ਕਰ ਕੇ ਖੜ੍ਹੀ ਸੀ। ਅੰਗਰੇਜ਼ ਅਫ਼ਸਰ ਵਿਲੀਅਮ ਜਾਨਸਟਨ ਅਤੇ ਹੋਰ ਵੀ ਕਈ ਅਫ਼ਸਰ ਮੌਜੂਦ ਸਨ। ਜਥਾ ਅਜੇ ਗੁਰਦੁਆਰਾ ਟਿੱਬੀ ਸਾਹਿਬ ਤੋਂ ਡੇਢ ਕੁ ਸੌ ਗਜ਼ ਪਿੱਛੇ ਹੀ ਸੀ ਕਿ ਇੱਕ ਯੂਰਪੀਨ ਅਫ਼ਸਰ ਨੇ ਉੱਥੇ ਹੀ ਰੁਕਣ ਲਈ ਕਿਹਾ ਪਰ ਜਦੋਂ ਜਥਾ ਨਾ ਰੁਕਿਆ ਤਾਂ ਇਕਦਮ ਤਿੰਨਾਂ ਪਾਸਿਆਂ ਤੋਂ ਗੋਲ਼ੀ ਚੱਲਣੀ ਸ਼ੁਰੂ ਹੋ ਗਈ। ਫਿਰ ਵੀ ਜਥਾ ਬੜੀ ਸ਼ਾਂਤੀ, ਹੌਂਸਲੇ ਅਤੇ ਵੱਡੇ ਦਿਲ ਨਾਲ ਅੱਗੇ ਵਧਦਾ ਗਿਆ। ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। ਇੱਕ ਬੀਬੀ ਆਪਣੇ ਗੋਦੀ ਵਾਲੇ ਬੱਚੇ ਨੂੰ ਗੋਲ਼ੀ ਲੱਗ ਕੇ ਸ਼ਹੀਦ ਹੋਣ ਦੇ ਬਾਵਜੂਦ ਵੀ ਰੁਕੀ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਹਰ ਹੀਲੇ ਗੋਲ਼ੀ ਲੱਗਣ ਤੋਂ ਬਚਾਇਆ ਜਾ ਰਿਹਾ ਸੀ। ਗੋਲ਼ੀਬਾਰੀ ਬੰਦ ਹੋਣ ਤੱਕ ਬਹੁਤ ਸਾਰੀ ਸੰਗਤ ਗੁਰਦੁਆਰਾ ਟਿੱਬੀ ਸਾਹਿਬ ਪਹੁੰਚ ਚੁੱਕੀ ਸੀ। ਅੰਗਰੇਜ਼ ਅਫ਼ਸਰਾਂ ਵੱਲੋਂ ਜ਼ਖ਼ਮੀ ਅਤੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਨੂੰ ਗੁਰਦੁਆਰਾ ਟਿੱਬੀ ਸਾਹਿਬ ਲਿਆਉਣ ’ਤੇ ਲਾਈ ਗਈ ਰੋਕ ਦੇ ਬਾਵਜੂਦ ਵੀ ਸਿੰਘ ਕਾਫ਼ੀ ਜ਼ਖ਼ਮੀਆਂ ਨੂੰ ਚੁੱਕ ਕੇ ਲੈ ਆਏ। ਹੁਣ ਬਾਕੀ ਬਚੇ ਸਿੰਘ ਗੁਰਦੁਆਰਾ ਗੰਗਸਰ ਸਾਹਿਬ ਵੱਲ ਨੂੰ ਵਧੇ, ਪਰ ਇੱਕ ਘੋੜ-ਸਵਾਰ ਫ਼ੌਜੀ ਦਸਤੇ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਉਨ੍ਹਾਂ ਨੇ ਫਿਰ ਵੀ ਅੱਗੇ ਵਧਦੇ ਜਾ ਰਹੇ ਬੁੱਢੇ ਤੇ ਬੀਬੀਆਂ/ਬੱਚਿਆਂ ਨੂੰ ਘੋੜਿਆਂ ਦੀਆਂ ਟਾਪਾਂ ਥੱਲੇ ਲਤਾੜ ਕੇ ਸ਼ਹੀਦ ਕਰ ਦਿੱਤਾ। ਸਿੰਘਾਂ ਨੂੰ ਡਾਂਗਾਂ ਨਾਲ ਕੁੱਟਿਆ ਗਿਆ ਅਤੇ ਨੂੜ ਕੇ ਕੰਡਿਆਲੀ ਤਾਰ ਦੀ ਵਲਗਣ ਵਿੱਚ ਸੁੱਟ ਦਿੱਤਾ ਗਿਆ। ਸਿੱਖ ਬੀਬੀਆਂ ਅਤੇ ਸਿੱਖ ਪੁਰਸ਼ ਜੋ ਜ਼ਖ਼ਮੀਆਂ ਦੀ ਸੰਭਾਲ਼ ਕਰ ਰਹੇ ਸਨ, ਨੂੰ ਵੀ ਬਹੁਤ ਮਾਰਿਆ ਗਿਆ ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਬਹੁਤ ਸਾਰੇ ਸਿੰਘ ਭੁੱਖੇ-ਪਿਆਸੇ ਹੀ ਸ਼ਹੀਦੀਆਂ ਪਾ ਗਏ।
ਸ਼ੋ੍ਰਮਣੀ ਕਮੇਟੀ ਦੇ ਅਨੁਮਾਨ ਮੁਤਾਬਕ 400 ਤੋਂ ਵੀ ਵੱਧ ਸਿੰਘ ਸ਼ਹੀਦ ਹੋ ਗਏ। ਬਹੁਤ ਸਾਰੇ ਸਿੰਘ ਜ਼ਖ਼ਮੀ ਹੋ ਗਏ ਅਤੇ 700 ਤੋਂ ਵੱਧ ਮੌਕੇ ’ਤੇ ਹੀ ਫੜ ਲਏ ਗਏ। ਉਨ੍ਹਾਂ ਨੂੰ ਬਹੁਤ ਹੀ ਅਸਹਿ ਅਤੇ ਅਕਹਿ ਤਸੀਹੇ ਦਿੱਤੇ ਗਏ, ਭੁੱਖੇ-ਪਿਆਸੇ ਰੱਖਿਆ ਗਿਆ ਅਤੇ ਫਿਰ ਬਾਕੀਆਂ ਨੂੰ ਦੂਰ ਜੰਗਲ਼ਾਂ ਵਿੱਚ ਛੱਡ ਦਿੱਤਾ ਗਿਆ। ਗੰਗਸਰ ਜੈਤੋ ਮੋਰਚੇ ਵਿੱਚ 500 ਸਿੰਘਾਂ ਦੇ ਜਥੇ ਦੀ ਅਜਿਹੀ ਦਰਦਨਾਕ ਘਟਨਾ ਦੇ ਬਾਵਜੂਦ ਵੀ ਸਿੱਖਾਂ ਦਾ ਜੋਸ਼ ਠੰਡਾ ਨਹੀਂ ਸੀ ਹੋਇਆ ਸਗੋਂ ਹੋਰ ਵੀ ਵਧ ਗਿਆ ਤੇ ਸਿੰਘ ਖ਼ੁਸ਼ੀ ਨਾਲ ਗਾਉਂਦੇ, ‘ਨਾਭੇ ਨੂੰ ਜ਼ਰੂਰ ਜਾਊਂਗਾ ਭਾਵੇਂ ਸਿਰ ਕੱਟ ਜਾਏ ਮੇਰਾ !’ ਇਸੇ ਤਰ੍ਹਾਂ ਇਹ ਮੋਰਚਾ ਲਗਭਗ ਇੱਕ ਸਾਲ ਦਸ ਮਹੀਨੇ ਤੱਕ ਚੱਲਦਾ ਰਿਹਾ, ਅਨੇਕਾਂ ਜਥੇ ਵੱਖੋ-ਵੱਖ ਥਾਵਾਂ ਤੋਂ ਇੱਥੇ ਪਹੁੰਚੇ ਅਤੇ ਸਿੰਘਾਂ ਨੂੰ ਬਹੁਤ ਅਣਥੱਕ ਘਾਲਣਾਵਾਂ ਘਾਲਣੀਆਂ ਪਈਆਂ। ਕਿੰਨੇ ਹੀ ਸਿੰਘ ਸ਼ਹੀਦ ਤੇ ਫੱਟੜ ਹੋਏ, ਕਿੰਨੇ ਹੀ ਅੰਗਹੀਣ ਹੋ ਕੇ ਉਮਰ ਭਰ ਲਈ ਨਕਾਰਾ ਹੋ ਗਏ, ਅਨੇਕ ਦੀਆਂ ਜਾਇਦਾਦਾਂ ਤੇ ਘਰ-ਘਾਟ ਜ਼ਬਤ ਕਰ ਕੇ, ਉਨ੍ਹਾਂ ਨੂੰ ਦੇਸ਼-ਨਿਕਾਲਾ ਦਿੱਤਾ ਗਿਆ। ਜੇਲ੍ਹਾਂ ਅੰਦਰ ਮੁਸੀਬਤਾਂ ਸਹਿਣੀਆਂ ਪਈਆਂ, ਮਾਰ-ਕੁਟਾਈਆਂ ਹੋਈਆਂ ਅਤੇ ਭੁੱਖਾਂ-ਪਿਆਸਾਂ ਕੱਟੀਆਂ।
ਇਹ ਮੋਰਚਾ ਕਿਵੇਂ ਖ਼ਤਮ ਹੋਇਆ ਅਤੇ ਇਸ ਦੇ ਕੀ ਨਤੀਜੇ ਨਿਕਲੇ, ਇਹ ਇਕ ਲੰਮੀ ਕਹਾਣੀ ਹੈ। ਇੱਥੇ ਏਨਾ ਕਹਿਣਾ ਹੀ ਕਾਫ਼ੀ ਹੈ ਕਿ ਖਾਲਸੇ ਨੇ ਇਸ ਮੋਰਚੇ ਦੇ ਧਾਰਮਿਕ ਪੱਖ ਅਥਵਾ ਖੰਡਤ ਹੋਏ ਸ੍ਰੀ ਅਖੰਡ ਪਾਠ ਸਾਹਿਬ ਨੂੰ ਬਿਨਾਂ ਕਿਸੇ ਤਰ੍ਹਾਂ ਪਾਬੰਦੀ ਨੂੰ ਸਵੀਕਾਰ ਕਰਨ ਦੇ ਜਾਰੀ ਕੀਤਾ ਅਤੇ ਉਸ ਥਾਂ ’ਤੇ ਜਿੱਥੇ ਇੱਕ ਪਾਠ ਕਰਨ ਲਈ ਵੀ ਨਾਭੇ ਦੀ ਅੰਗਰੇਜ਼ ਸਰਕਾਰ ਆਗਿਆ ਨਹੀਂ ਸੀ ਦਿੰਦੀ, ਉੱਥੇ 101 ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਜ਼ੂਰ ਕੀਤੇ ਪ੍ਰਣ ਅਤੇ ਸੋਧੇ ਅਰਦਾਸੇ ਨੂੰ ਗੁਰੂ ਦੀ ਕਿਰਪਾ ਸਦਕਾ ਤੋੜ ਨਿਭਾਇਆ।
ਸ੍ਰੀ ਸੀ. ਐਫ. ਐਂਡਰਿਊਜ਼ ਇਸ ਬਾਰੇ ਲਿਖਦਾ ਹੈ :
‘‘ਮੈਂ ਉਨ੍ਹਾਂ ਦੇ ਧਰਮ ਨੂੰ ਇਸ ਦਾ ਆਧਾਰ ਮੰਨਦਾ ਹਾਂ…ਉਨ੍ਹਾਂ ਵਿਚੋਂ ਹਰ ਆਦਮੀ ਦਾ ਇਹ ਨਿਸ਼ਚਾ ਸੀ ਕਿ ਉਹ ਆਪਣਾ ਆਪ ਵਾਹਿਗੁਰੂ ਪ੍ਰਤੀ ਅਰਪਣ ਕਰਦਾ ਹੈ।’’
ਸ੍ਰੀਮਤੀ ਸਰੋਜਨੀ ਨਾਇਡੂ ਜੀ ਇਸ ਬਾਰੇ ਲਿਖਦੀ ਹੈ : ‘‘ਅਕਾਲੀਆਂ ਦੀ ਸਫਲਤਾ ਦਾ ਭੇਤ ਜਥੇਬੰਦੀ ਤੇ ਏਕਤਾ ਵਿਚ ਹੈ।’’ ਸਾਨੂੰ ਵੀ ਅੱਜ ਦੇ ਹਾਲਾਤਾਂ ਨਾਲ ਨਿਪਟਣ ਲਈ ਇਕਮੁਠ ਹੋਣ ਦੀ ਜ਼ਰੂਰਤ ਹੈ।