ਨਾਉ ਮੈ ਜਉ ਅਗਨਿ ਲਾਗੈ..

0
273

ਨਾਉ ਮੈ ਜਉ ਅਗਨਿ ਲਾਗੈ..

ਮਾਸਟਰ ਪ੍ਰਭਦਿਆਲ ਸਿੰਘ, ਸੁਨਾਮ (ਸੰਗਰੂਰ)- 94638-65060

2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿੱਚ ਸਿੱਖਾਂ ਦੀ ਗਿਣਤੀ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ। ਪਰ ਹਰ ਪਿੰਡ ਹਰ ਸ਼ਹਿਰ ਵਿੱਚ ਗੁਰਦੁਆਰਿਆਂ ਦੀ ਗਿਣਤੀ ਵੱਧ ਰਹੀ ਹੈ। ਚਿੰਤਜਨਕ ਗੱਲ ਇਹ ਹੈ ਕਿ ਗੁਰਦੁਆਰਿਆਂ ਦੇ ਨਿਰਮਾਣ ਦਾ ਅਧਾਰ ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਨਹੀਂ ਹੈ ਬਲਕਿ ਜਾਤੀਵਾਦ ਹੈ। ਹਰ ਵੱਖਰੀ ਜਾਤ ਬਰਾਦਰੀ ਦੀ ਸੰਗਤ ਨੂੰ ਵੱਖਰਾ ਗੁਰਦੁਆਰਾ ਚਾਹੀਦਾ ਹੈ। ਇਸੇ ਲਈ ਜੱਟਾਂ ਦਾ ਗੁਰਦੁਆਰਾ, ਕੰਬੋਜ ਬਰਾਦਰੀ ਦਾ ਗੁਰਦੁਆਰਾ, ਰਾਮਦਾਸੀਆਂ ਦਾ ਗੁਰਦੁਆਰਾ, ਛੀਂਬਿਆਂ ਦਾ ਗੁਰਦੁਆਰਾ, ਰਾਮਗੜੀਆਂ ਦਾ ਗੁਰਦੁਆਰਾ ਆਦਿ ਜਾਤ ਅਧਾਰਿਤ ਗੁਰਦੁਆਰੇ ਹਰ ਪਿੰਡ, ਸ਼ਹਿਰ ਵਿੱਚ ਬਣਾਏ ਜਾ ਚੁੱਕੇ ਹਨ। ਗੁਰੂ ਨਾਨਕ ਪਾਤਸ਼ਾਹ ਨੇ ਇਸ ਜਾਤੀ ਪ੍ਰਥਾ ਨੂੰ ਖਤਮ ਕਰਨ ਲਈ ਪੰਗਤ-ਸੰਗਤ ਦੀ ਪ੍ਰਥਾ ਦਾ ਆਰੰਭ ਕੀਤਾ ਸੀ। ਬਾਕੀ ਗੁਰੂ ਸਾਹਿਬਾਨ ਵੀ ਸਦਾ ਜਾਤੀ ਪ੍ਰਥਾ ਦਾ ਵਿਰੋਧ ਹੀ ਕਰਦੇ ਰਹੇ। ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਦਿਆਂ ਜਾਤੀਵਾਦ ਦਾ ਖਾਤਮਾ ਕਰਦਿਆਂ ਇਕੋ ਬਾਟੇ ਵਿੱਚੋਂ ਅੰਮ੍ਰਿਤ ਛਕਾਇਆ। ਪਰ ਅੱਜ ਇਹ ਜਾਤੀਵਾਦ ਸਿੱਖਾਂ ਵਿੱਚ ਦੁਬਾਰਾ ਹੀ ਪੈਦਾ ਨਹੀਂ ਹੋਇਆ ਸਗੋਂ ਗੁਰੂ ਦੇ ਘਰ ਗੁਰਦੁਆਰਿਆਂ ਵਿੱਚ ਵੀ ਵੜ ਗਿਆ। ਜਾਤੀ ਅਧਾਰਿਤ ਗੁਰਦੁਆਰਿਆਂ ਵਿੱਚ ਸਿੱਖੀ ਸਿਧਾਤਾਂ ਨੂੰ ਲਾਂਭੇ ਕਰਕੇ ਆਪਣੀ ਜਾਤੀ ਨੂੰ ਪਹਿਲ ਦਿੱਤੀ ਜਾਂਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਚੋਣ ਸਮੇਂ ਜਾਤੀ ਮੁੱਖ ਯੋਗਤਾ ਹੁੰਦੀ ਹੈ। ਗੁਰੂ ਘਰ ਦੇ ਕਿਸੇ ਵੀ ਕਾਰਜ ਲਈ ਪਹਿਲਾਂ ਜਾਤ ਬਰਾਦਰੀ ਨੂੰ ਵਾਚਿਆ ਜਾਣ ਲੱਗ ਪਿਆ ਹੈ। ਸ਼ਾਇਦ ਉਹ ਦਿਨ ਵੀ ਦੂਰ ਨਹੀਂ ਜਦੋਂ ਗੁਰਦੁਆਰਿਆਂ ਦੇ ਅੱਗੇ ਬੋਰਡ ਲੱਗ ਜਾਣ ਕਿ ‘ਇਸ ਗੁਰਦੁਆਰੇ ਵਿੱਚ ਕੇਵਲ ਫਲਾਣੀ ਜਾਤ ਦੇ ਬੰਦੇ ਹੀ ਆਉਣ, ਦੂਜੀਆਂ ਜਾਤਾਂ ਦੇ ਬੰਦਿਆਂ ਦਾ ਆਉਣਾ ਸਖ਼ਤ ਮਨਾ ਹੈ।’ ਭਾਈ ਗੁਰਦਾਸ ਜੀ ਇਸ ਵਿਸ਼ੇ ਨੂੰ 4 ਉਦਾਹਰਨਾਂ ਰਾਹੀਂ ਬੜੇ ਹੀ ਸੁਚੱਜੇ ਢੰਗ ਨਾਲ ਸਪਸ਼ਟ ਕਰਦੇ ਹਨ; ਜਿਵੇਂ:

(1). ਸਮੁੰਦਰ ਤੋਂ ਬਾਹਰ ਦੀ ਅੱਗ ਤਾਂ ਨਦੀ ਆਦਿ ਦੇ ਜਲ ਨਾਲ ਬੁਝਾਈ ਜਾ ਸਕਦੀ ਹੈ ਪਰ ਜੇਕਰ ਨਦੀ ਅੰਦਰ ਬੇੜੀ ਨੂੰ ਅੱਗ ਲੱਗ ਜਾਏ ਤਾਂ ਉਹ ਕਿਸ ਤਰ੍ਹਾਂ ਬੁਝਾਈ ਜਾਵੇ ? ਕਿਉਂਕਿ ਪਾਣੀ ਪਾਉਣ ਨਾਲ ਤਾਂ ਬੇੜੀ ਨੇ ਡੁੱਬ ਜਾਣਾ ਹੈ: ‘ਬਾਹਰ ਕੀ ਅਗਨਿ ਬੂਝਤ ਜਲ ਸਰਤ ਕੈ, ਨਾਉ ਮੈ ਜਉ ਅਗਨਿ ਲਾਗੈ ਕੈਸੇ ਕੇ ਬੁਝਾਈਐ ?’

(2). ਚੋਰਾਂ ਦੇ ਡਰ ਕਾਰਨ ਬਾਹਰ ਭੀੜ ਚੋਂ ਭੱਜ ਕੇ ਜੇਕਰ ਕਿਲ੍ਹੇ ਦੀ ਓਟ ਲਈਏ, ਪਰ ਜੇਕਰ ਕਿਲ੍ਹੇ ਅੰਦਰ ਹੀ ਲੁੱਟ ਲਏ ਜਾਈਏ ਤਾਂ ਦੱਸੋ ਕਿਧਰ ਜਾਵਾਂਗੇ ? ‘ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ, ਗੜ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ ?’

(3). ਅਗਲੀ ਮਿਸਾਲ ਵੀ ਚੋਰਾਂ ਨਾਲ ਸੰਬੰਧਿਤ ਹੈ ਕਿ ਚੋਰਾਂ ਦੇ ਡਰ ਤੋਂ ਰਾਜੇ ਦੀ ਸ਼ਰਨ ਲਈਦੀ, ਪਰ ਜੇਕਰ ਰਾਜਾ ਹੀ ਮਾਰਨ (ਲੁਟਣ) ਨੂੰ ਪਵੇ ਤਾਂ ਕਿਸ ਤਰ੍ਹਾਂ ਜਾਨ ਬਚਾਈਏ: ‘ਚੋਰਨ ਕੈ ਤ੍ਰਾਸ ਜਾਇ ਸਰਨਿ ਗਹੈ ਨਰਿੰਦ, ਮਾਰੈ ਮਹੀਪਤਿ ਜੀਉ ਕੈਸੇ ਕੇ ਬਚਾਈਐ ?’

(4). ਇਸੇ ਤਰ੍ਹਾਂ ਅਗਰ ਮਾਇਆ ਦੇ ਡਰ ਤੋਂ ਡਰਦਿਆਂ ਹਾਰ ਕੇ ਗੁਰਦੁਆਰੇ ਜਾਈਦਾ ਹੈ ਪਰ ਓਥੇ ਵੀ ਜੇਕਰ ਮਾਇਆ (ਵਿਕਾਰ, ਕੁਰੀਤੀਆਂ ਆਦਿ) ਦਾ ਪਸਾਰਾ ਹੋ ਜਾਵੇ ਤਾਂ ਫਿਰ ਕਿੱਥੇ ਜਾਈਏ ? ‘ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ, ਤਹਾ ਜਉ ਮਾਇਆ ਬਿਆਪੈ ਕਹਾ ਠਹਰਾਈਐ ?’

ਵਿਚਾਰ ਕਰਨੀ ਬਣਦੀ ਹੈ ਕਿ ਜਿਹਨਾਂ ਸਮਾਜਿਕ ਕੁਰੀਤੀਆਂ ਦਾ ਗੁਰੂ ਸਾਹਿਬਾਨਾਂ ਨੇ ਖੰਡਨ ਕੀਤਾ। ਅੱਜ ਗੁਰੂ ਦੇ ਸਿੱਖ ਫਿਰ ਉਹਨਾਂ ਕੁਰੀਤੀਆਂ ਵਿੱਚ ਕਿਉਂ ਪਏ ਹੋਏ ਹਨ ? ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਅੱਜ ਅਸੀਂ ਬਾਣੀ ਤੋਂ ਦੂਰ ਹੋ ਗਏ ਹਾਂ। ਅੱਜ ਅਸੀਂ ਪੈਸੇ ਦੇ ਕੇ ਠੇਕੇ ’ਤੇ ਗੁਰੂ ਦੀ ਬਾਣੀ ਪੜ੍ਹਾਉਣ ਦਾ ਰੁਝਾਨ ਫੜ ਲਿਆ ਹੈ। ਅਨੇਕਾਂ ਅਖੰਡ ਪਾਠ ਕੀਤੇ ਜਾਂਦੇ ਹਨ। ਲੰਮੀਆਂ ਲੰਮੀਆਂ ਲੜੀਆਂ ਚਲਾਈਆਂ ਜਾਂਦੀਆਂ ਹਨ। ਗੁਰੂ ਸਾਹਿਬ ਦੇ ਕਿੰਨੇ ਕਿੰਨੇ ਸਰੂਪ ਰੱਖ ਕੇ ਇਕੱਠੇ ਅਖੰਡ ਪਾਠ ਕੀਤੇ ਜਾਂਦੇ ਹਨ। ਪਰ ਬਾਣੀ ਪੜ੍ਹਨ ਤੇ ਵਿਚਾਰਨ ਦੀ ਖੇਚਲ ਸਾਡੇ ਵਿੱਚੋਂ ਕਿੰਨੇ ਕੁ ਸਿੱਖ ਕਰ ਰਹੇ ਹਨ। ਗੁਰਦੁਆਰਿਆਂ ਦੀ ਕਮੇਟੀਆਂ ਵੀ ਅਖੰਡ ਪਾਠਾਂ ਦੀਆਂ ਲੜੀਆਂ ਅਤੇ ਹੋਰ ਅਨੇਕਾਂ ਤਰੀਕਿਆਂ ਰਾਹੀਂ ਕੇਵਲ ਮਾਇਆ ਇਕੱਠੀ ਕਰਕੇ ਗੋਲਕ ਭਰਨ ਤੇ ਗੋਲਕ ਸਾਂਭਣ ਵੱਲ ਹੀ ਤੁਰ ਪਈਆਂ ਹਨ। ਸਿੱਖੀ ਸਿਧਾਂਤਾਂ ਅਤੇ ਗੁਰਬਾਣੀ ਵਿਚਾਰਾਂ ਲਈ ਉਪਰਾਲਿਆਂ ਦੀ ਘਾਟ ਦਿੱਸ ਰਹੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਨੌਜਵਾਨ ਮੁੰਡੇ ਨਾਈ ਦੀ ਦੁਕਾਨ ਵੱਲ ਤੇ ਨਸ਼ਿਆਂ ਵੱਲ ਤੁਰ ਪਏ ਹਨ, ਨੌਜਵਾਨ ਕੁੜੀਆਂ ਬਿਊਟੀ ਪਾਰਲਰ ਵਿੱਚ ਸਮਾਂ ਤੇ ਪੈਸਾ ਦੇ ਰਹੀਆਂ ਹਨ, ਬਜ਼ੁਰਗ ਬਹੁਤਾ ਸਮਾਂ ਗੱਲਾਂ ਬਾਤਾਂ ਵਿੱਚ ਲੰਘਾ ਰਹੇ ਹਨ ਅਤੇ ਔਰਤਾਂ ਕਬਰਾਂ, ਮੜ੍ਹੀਆਂ ਤੇ ਡੇਰਿਆਂ ਵੱਲ ਨੂੰ ਜਾ ਰਹੀਆਂ ਹਨ।

ਇਸ ਵੇਲੇ ਹਰ ਇੱਕ ਸਿੰਘ ਨੂੰ ਪ੍ਰਚਾਰਕ ਬਣ ਕੇ ਆਪਣੇ ਨੇੜੇ-ਤੇੜੇ ਦੇ ਸਿੱਖਾਂ ਨੂੰ ਸਿੱਖੀ ਸਿਧਾਂਤਾਂ ਵੱਲ ਮੁੜਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ। ਗੁਰੂ ਸਾਹਿਬ ਦਾ ਹੁਕਮ ‘ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ’ ਅਤੇ ‘ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ’ ਦ੍ਰਿੜ੍ਹ ਕਰਨ ਤੇ ਕਰਵਾਉਣ ਦੀ ਅਤਿ ਜ਼ਰੂਰਤ ਹੈ। ਹਰ ਸਿੱਖ ਆਪਣੇ ਦਸਵੰਧ ਦੀ ਭੇਟਾ ਉਸ ਥਾਂ ਲਗਾਵੇ ਜਿੱਥੋਂ ਸਿੱਖੀ ਸਿਧਾਂਤਾਂ ਤੇ ਗੁਰਬਾਣੀ ਨਾਲ ਜੋੜਣ ਦੇ ਉਪਰਾਲੇ ਹੋ ਰਹੇ ਹੋਣ। ਅੰਨ੍ਹੇਵਾਹ ਗੋਲਕਾਂ ਭਰਨ ਦਾ ਲਾਭ ਨਹੀਂ, ਨੁਕਸਾਨ ਹੋ ਰਿਹਾ ਹੈ ਜਿਸ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਵਿੱਚ ਨਰੈਣੂ ਮਹੰਤ ਪੈਦਾ ਹੋ ਰਹੇ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਆਪ ਸਿੱਖੀ ਨਾਲ ਜੁੜ ਕੇ ਆਪਣੀ ਅਸੀਮ ਊਰਜਾ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਵਿੱਚ ਲਾਉਣ ਕਿਉਂਕਿ ਜਿੰਨਾ ਯੋਗਦਾਨ ਨੌਜਵਾਨ ਦੇ ਸਕਦੇ ਹਨ ਉਹਨਾਂ ਹੋਰ ਕੋਈ ਨਹੀਂ ਦੇ ਸਕਦਾ। ਬਾਣੀ ਪੜ੍ਹੀਏ, ਬਾਣੀ ਦੇ ਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਦਸਵੰਧ ਦੀ ਮਾਇਆ ਦੀ ਸੁਚੱਜੀ ਵਰਤੋ ਕਰੀਏ, ਝੂਠਿਆਂ ਫੈਸ਼ਨਾ ਤੋਂ ਬਚ ਕੇ ਕੇਸਾਂ ਦਾ ਸਤਿਕਾਰ ਕਰੀਏ, ਗੁਰੂ ਸਾਹਿਬਾਂ ਤੇ ਸਿੰਘ-ਸਿੰਘਣੀਆਂ ਦੀਆਂ ਕੁਰਬਾਨੀਆਂ ਨੂੰ ਸਮਝੀਏ ਤੇ ਉਹਨਾਂ ਕੁਰਬਾਨੀਆਂ ਦਾ ਮੁੱਲ ਤਾਰੀਏ, ਆਪਸ ਵਿੱਚ ਲੜਾਈ ਝਗੜੇ ਛੱਡ ਇੱਕ ਦੂਜੇ ਦਾ ਅਦਬ ਕਰੀਏ। ਕਿਰਤ ਕਰੀਏ, ਨਾਮ ਜਪੀਏ ਤੇ ਵੰਡ ਸਕੀਏ। ਵਾਹਿਗੁਰੂ ਜੀ ਮਿਹਰ ਕਰਨਗੇ।