ਬਾਬੇ ਨਾਨਕ ਦਾ ਰੱਬੀ ਧਰਮ ਬਹੁਤੇ ਗੁਰਦੁਆਰਿਆਂ ਚੋਂ ਵੀ ਉੱਡਰਿਆ !

0
256

ਬਾਬੇ ਨਾਨਕ ਦਾ ਰੱਬੀ ਧਰਮ ਬਹੁਤੇ ਗੁਰਦੁਆਰਿਆਂ ਚੋਂ ਵੀ ਉੱਡਰਿਆ !

ਅਵਤਾਰ ਸਿੰਘ ਮਿਸ਼ਨਰੀ (5104325827)

‘ਧਰਮ’ ਦਾ ਅਰਥ ਹੈ ਧਾਰਨ ਵਾਲੇ ਉਹ ਰੱਬੀ ਨਿਯਮ ਜਿਨ੍ਹਾਂ ਦੇ ਆਸਰੇ ਸੰਸਾਰ ਚੱਲ ਰਿਹਾ ਹੈ। ਨਿਰੰਕਾਰ ਹੀ ਸੰਸਾਰ ਦਾ ਕਰਤਾ, ਧਰਤਾ ਅਤੇ ਹਰਤਾ ਹੈ। ਬਾਬੇ ਨਾਨਕ ਨੂੰ ਨਿਰੰਕਾਰੀ ਵੀ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਉਹ ਇੱਕ ਨਿਰੰਕਾਰ ਦੇ ਉਪਾਸ਼ਕ ਅਤੇ ਉਪਦੇਸ਼ਕ ਸਨ। ਜਦ ਬਾਬਾ ਨਾਨਕ ਜੀ ‘ਨਿਰੰਕਾਰੀ’; ਸੰਸਾਰ ਵਿੱਚ ਸਰੀਰਕ ਤੌਰ ‘ਤੇ ਪ੍ਰਗਟ ਹੋਏ, ਓਦੋਂ ਕਰਮਕਾਂਡੀ, ਪਾਖੰਡਾਂ, ਵਹਿਮਾਂ ਭਰਮਾਂ ਅਤੇ ਵਿਖਾਵੇ ਵਾਲੇ ਮਜ਼ਹਬਾਂ (ਮੱਤਾਂ) ਦਾ ਬੋਲ ਬਾਲਾ ਸੀ। ਅਸਲੀ ਧਰਮ, ਧਰਮ ਅਸਥਾਨਾਂ, ਧਰਮ ਆਗੂਆਂ ਅਤੇ ਉਨ੍ਹਾਂ ਦੇ ਅਨੁਯਾਈਆਂ ਕੋਲੋਂ ਮਾਨੋ ਪੰਖ ਲਾ ਕੇ ਉੱਡ ਗਿਆ ਸੀ- “ਧਰਮ ਪੰਖ ਕਰਿ ਉਡਰਿਆ॥“ (ਭਾ. ਗੁ.) ਜ਼ਿੰਦਗੀ ਦੇ ਚਾਰੇ ਸੰਸਕਾਰ ਜਨਮ, ਨਾਮਕਰਨ, ਵਿਆਹ ਅਤੇ ਮ੍ਰਿਤਕ ਭੇਖੀ ਅਤੇ ਪਾਖੰਡੀ ਆਗੂਆਂ ਵੱਲੋਂ ਜਨਤਾ ਨੂੰ ਲੁੱਟਣ ਵਾਸਤੇ ਥੋਥੇ ਕਰਮਕਾਂਡਾਂ ਦੀ ਭੇਟ ਚੜ੍ਹਾ ਦਿੱਤੇ ਗਏ ਸਨ। ਥੋਥੇ ਕਰਮਕਾਂਡਾਂ ਰਾਹੀਂ ਮੁੱਲਾਂ, ਮੌਲਾਣੇ, ਬ੍ਰਾਹਮਣ, ਸੰਤ-ਸਾਧ, ਜੋਤਸ਼ੀ ਅਤੇ ਸਿੱਧ ਜੋਗੀ ਆਦਿਕ ਜਨਤਾ ਨੂੰ ਲੁੱਟਦੇ ਸਨ। ਪਰਜਾ ਨੂੰ ਅਸਲੀ ਧਰਮ ਅਤੇ ਵਿਦਿਆ ਵੱਲੋਂ ਅਗਿਆਨੀ ਰੱਖਿਆ ਜਾਂਦਾ ਸੀ-‘ਪਰਜਾ ਅੰਧੀ ਗਿਆਨ ਬਿਨ…॥‘ (ਭਾ.ਗੁ.) ਜਗਤ ਜਨਨੀ ਔਰਤ, ਕਿਰਤੀ ਕਾਮੇ (ਆਖੇ ਜਾਂਦੇ ਸ਼ੂਦਰ) ਆਦਿਕ ਦੁਰਕਾਰੇ ਤੇ ਦਬਾਏ ਜਾਂਦੇ, ਰਾਜੇ ਅਤੇ ਅਖੌਤੀ ਧਾਰਮਿਕ ਆਗੂ ਆਪਸ ਵਿੱਚ ਮਿਲ ਕੇ ਗਰੀਬ ਜਨਤਾ ਦਾ ਖੂਨ ਪੀਂਦੇ ਸਨ- “ਰਾਜੇ ਸ਼ੀਂਹ ਮੁਕਦਮ ਕੁਤੇ॥ ਜਾਇ ਜਗਾਇਨ ਬੈਠੇ ਸੁਤੇ॥ਚਾਕਰ ਨਹਦਾ ਪਾਇਨਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥“ (੧੨੮੮)

ਐਸੇ ਭਿਆਨਕ ਸਮੇਂ ਜ਼ਾਹਰ ਪੀਰ ਜਗਤ ਗੁਰ ਬਾਬਾ ਨਾਨਕ ਨਿਰੰਕਾਰੀ ਜੀ ਸੰਸਾਰ ਵਿੱਚ ਪ੍ਰਗਟ ਹੋਏ ਅਤੇ ਨਿਰੰਕਾਰ ਦਾ ਸਰਬ ਸਾਂਝਾ ਰੱਬੀ ਧਰਮ ਸੰਸਾਰ ਨੂੰ ਦਰਸਾਇਆ। ਬਾਬੇ ਦੁਆਰਾ ਸੰਸਾਰ ਨੂੰ ਦਰਸਾਇਆ ਧਰਮ, ਕਿਰਤੀਆਂ, ਗਿਆਨੀਆਂ ਅਤੇ ਵਿਗਿਆਨੀਆਂ ਭਾਵ ਹਰ ਵਰਗ ਨਾਲ ਸਬੰਧਤ ਲੋਕਾਂ ਦਾ ਸਾਂਝਾ ਧਰਮ ਸੀ ਜਿਸ ਵਿੱਚ ਸੋ-ਕਾਲਡ ਕਥਾ-ਕਹਾਣੀਆਂ ਅਤੇ ਰਹੁ ਰੀਤਾਂ ਨੂੰ ਕੋਈ ਥਾਂ ਨਹੀਂ ਸੀ। ਇਸ ਵਿੱਚ ਜਨਤਾ ਲੋਟੂ ਪ੍ਰੋਹਿਤ ਪੁਜਾਰੀਆਂ, ਭੇਖੀ ਸਾਧਾਂ-ਸੰਤਾਂ ਅਤੇ ਮੁੱਲਾਂ ਮੌਲਾਣਿਆਂ ਦੀ ਵੀ ਕੋਈ ਪਦਵੀ ਨਹੀਂ ਸੀ। ਇਹ ਸਰਬਸਾਂਝਾ ਰੱਬੀ ਧਰਮ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ‘ਤੇ ਅਧਾਰਤ ਸੀ।

ਇਸ ਸਰਬ ਸਾਂਝੇ ਧਰਮ ਨੂੰ ਜਨਤਾ ਵਿੱਚ ਪ੍ਰਚਾਰਨ ਲਈ ਬਾਬਾ ਨਾਨਕ ਨਿਰੰਕਾਰੀ ਸਭ ਧਰਮ, ਫਿਰਕਿਆਂ, ਮੰਦਰਾਂ, ਮਸਜ਼ਿਦਾਂ, ਮੱਠਾਂ, ਪਹਾੜਾਂ, ਕੰਦਰਾਂ, ਨਦੀਆਂ, ਸਾਗਰਾਂ ਅਤੇ ਤੀਰਥਾਂ ’ਤੇ ਨਿਧੜਕ ਹੋ ਕੇ ਗਿਆ- “ਤੀਰਥੁ ਉਦਮੁ ਸਤਿਗੁਰੂ ਕੀਆ, ਸਭ ਲੋਕ ਉਧਰਣ ਅਰਥਾ॥” (੧੧੧੬) ਹਰੇਕ ਕਿਤਾਕਾਰੀ ਭਾਵੇਂ ਉਹ ਕਿਸਾਨ, ਵਾਪਾਰੀ, ਬਿਜਨਸਮੈਨ, ਜੁਲਾਹਾ, ਛੀਂਬਾ, ਸੁਨਾਰ, ਲੁਹਾਰ ਅਤੇ ਮਜਦੂਰ ਸੀ, ਬਾਬੇ ਦੁਆਰਾ ਦਰਸਾਏ ਰੱਬੀ ਧਰਮ ਨੂੰ ਅਪਣਾ ਕੇ, ਪੁਜਾਰੀਆਂ ਦੇ ਪਾਏ ਡਰ ਤੋਂ ਮੁਕਤ ਹੋ, ਆਪਣੇ ਘਰ ਬਾਰ ਕੰਮਕਾਰ ਵਿੱਚ ਹੀ ਸੁਖੀ ਜ਼ਿੰਦਗੀ ਬਤੀਤ ਕਰਨ ਲੱਗ ਪਿਆ। ਬਾਬੇ ਦੁਆਰਾ ਪ੍ਰਚਾਰੇ ਗਏ ਰੱਬੀ ਵਿਗਿਆਨਕ ਧਰਮ ਨੇ ਪੁਜਾਰੀ ਨੁਮਾਂ ਧਰਮ ਆਗੂਆਂ ਦੀ ਐਸ਼ਪ੍ਰਸਤੀ ਵਾਲੀ ਨੀਂਦ ਉਡਾ ਦਿੱਤੀ ਅਤੇ ਜਨਤਾ ਜਗਾ ਦਿੱਤੀ ਤਾਂ ਉਹ ਬਾਬੇ ਨੂੰ ਕੁਰਾਹੀਆ ਕਹਿ ਕੇ ਭੰਡਣ ਲੱਗੇ- “ਕੋਈ ਆਖੈ ਭੂਤਨਾ ਕੋਈ ਕਹਿ ਬੇਤਾਲਾ॥” (੯੯੧)

ਪਰ ਬੇਪ੍ਰਵਾਹ ਬਾਬੇ ਨੇ ਸੰਗਤਾਂ ਵਿੱਚ ਜਾਗਰਤੀ ਪੈਦਾ ਕਰਕੇ, ਹਰੇਕ ਨਗਰ ਖੇੜੇ ਨੂੰ ਘਰ-ਘਰ ਤੱਕ ਧਰਮਸ਼ਾਲਾ ਬਣਾ ਕੇ, ਗੁਰਬਾਣੀ ਵਿਚਾਰ, ਕਥਾ, ਕੀਰਤਨ ਅਤੇ ਮਨੁੱਖੀ ਸੇਵਾ ਦਾ ਪ੍ਰਵਾਹ ਚਲਾ ਦਿੱਤਾ- “ਘਰਿ ਘਰਿ ਅੰਦਰਿ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ॥” (ਭਾ.ਗੁ)

ਮੰਦਰਾਂ, ਮੱਟਾਂ, ਠਾਕਰਦਵਾਰਿਆਂ ਅਤੇ ਮਸਜਿਦਾਂ ਦੇ ਧਰਮ ਆਗੂਆਂ ਦੇ ਸਤਾਏ ਹੋਏ ਲੋਕ, ਬਾਬੇ ਦੇ ਗਾਡੀ ਰਾਹ ‘ਤੇ ਚੱਲ ਕੇ ਘਰ-ਘਰ ਬਾਬੇ ਦੇ ਸਰਬ ਸਾਂਝੇ ਰੱਬੀ ਉਪਦੇਸ਼ਾਂ ਨੂੰ ਗਾਉਣ ਲੱਗ ਪਏ- “ਘਰਿ ਘਰਿ ਬਾਬਾ ਗਾਵੀਏ ਵਜਨਿ ਤਾਲ ਮ੍ਰਿਦੰਗ ਰਬਾਬਾ॥” (ਭਾ.ਗੁ.) ਬਾਬੇ ਨਾਨਕ ਨਿਰੰਕਾਰੀ ਦਾ “ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ” ਵਾਲਾ ਰੱਬੀ ਧਰਮ ਹਰੇਕ ਕਿੱਤੇ, ਥਾਂ ਅਤੇ ਬਰਾਦਰੀ ਵਿੱਚ ਸੁਖੈਣ ਅਪਣਾਇਆ ਅਤੇ ਕਮਾਇਆ ਜਾ ਸਕਦਾ ਸੀ। ਜਿਸ ਵਿੱਚ ਸੁੱਚ-ਭਿੱਟ, ਛੂਆ-ਛਾਤ, ਵਹਿਮ-ਭਰਮ, ਜਾਤਿ-ਬਰਾਦਰੀ, ਥੋਥੇ ਕਰਮਕਾਂਡ, ਕਲਪਿਤ ਨਰਕ-ਸਵਰਗ, ਦੇਵੀ-ਦੇਵਤੇ, ਪੁਜਾਰੀ, ਜੋਤਸ਼ੀ, ਅਖੌਤੀ ਸਾਧ-ਸੰਤ, ਪਾਖੰਡ ਅਤੇ ਕਰਾਮਾਤ ਆਦਿਕ ਮਨੌਤਾਂ ਅਤੇ ਡਰਾਵਿਆਂ ਨੂੰ ਕੋਈ ਥਾਂ ਨਹੀਂ ਸੀ। ਜਿਸ ਧਰਮ ਵਿੱਚ ਸਾਰੇ ਸਾਂਝੀਵਾਲ ਸਨ- “ਸਭੇ ਸਾਂਝੀਵਾਲ ਸਦਾਇਨਿ॥” (੯੭) ਸਭ ਮਾਈ, ਭਾਈ, ਵਰਨ ਨੂੰ ਸਾਂਝਾ ਉਪਦੇਸ਼ ਦਿੱਤਾ ਜਾਂਦਾ ਸੀ- “ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਂਝਾ॥” (੭੪੭) ਬਾਬਾ ਡੰਕੇ ਦੀ ਚੋਟ ਨਾਲ ਕਹਿੰਦਾ ਸੀ ਕਿ ਸਾਰੀ ਦੁਨੀਆਂ ਦਾ ਸੱਚਾ ਰੱਬੀ ਧਰਮ ਇੱਕ ਹੀ ਹੈ-“ਏਕੋ ਧਰਮੁ ਦ੍ਰਿੜੈ ਸਚੁ ਸੋਈ॥” (੧੧੮੮) ਬਾਬੇ ਨਾਨਕ ਨਿਰੰਕਾਰੀ ਦੇ ਰੱਬੀ ਧਰਮ ਵਿੱਚ ਨਾਂ ਕੋਈ ਹਿੰਦੂ ਨਾਂ ਮੁਸਲਮਾਨ ਸੀ- “ਨਾ ਹਮ ਹਿੰਦੂ ਨ ਮੁਸਲਮਾਨ॥ ਅਲਾਹ ਰਾਮ ਕੇ ਪਿੰਡੁ ਪਰਾਨ॥” (੧੧੩੮) ਬਾਬਾ ਸਭਨਾਂ ਨੂੰ ਇੱਕ ਪਿਤਾ ਪ੍ਰਮਾਤਮਾਂ ਦੇ ਬੱਚੇ-ਬੱਚੀਆਂ ਸਮਝ ਪਿਆਰ ਕਰਦਾ ਸੀ। ਇਸੇ ਕਰਕੇ ਕਹੇ ਜਾਂਦੇ ਕੀ ਹਿੰਦੂ, ਮੁਸਲਮਾਨ, ਬੋਧੀ, ਜੈਨੀ ਅਤੇ ਬ੍ਰਾਹਮਣ-ਸ਼ੂਦਰ ਸਾਰੇ ਬਾਬੇ ਦੇ ਉਪਦੇਸ਼ ਸੁਣਨ, ਧਰਮਸਾਲ-ਸਤਿਸੰਗਤ ਵਿੱਚ ਆਉਂਦੇ ਸਨ ਪਰ ਅੱਜ ਅਸੀਂ ਦੂਜਿਆਂ ਨੂੰ ਤਾਂ ਕੀ ਪਿਆਰ ਕਰਨਾ ਆਪਣੇ ਸਿੱਖ ਭਾਈ ਭੈਣਾਂ ਨੂੰ ਵੀ ਨਫਰਤ ਕਰਦੇ ਹਾਂ। ਅਮੀਰ-ਗਰੀਬ ਭਾਵ ਰਾਜਾ ਤੇ ਰੰਕ ਦੋਵਾਂ ਤਬਕਿਆਂ ਦੇ ਭਲੇ ਲੋਕ ਬਾਬੇ ਦੇ ਸੱਚ ਧਰਮ ਨੂੰ ਪਿਆਰ ਕਰਦੇ ਸਨ। ਰਾਜਾ ਰਾਏ ਬੁਲਾਰ, ਰਾਜਾ ਸ਼ਿਵਨਾਭ, ਨਵਾਬ ਦੌਲਤ ਖਾਂ ਲੋਧੀ, ਭਾਈ ਮਰਦਾਨਾਂ ਅਤੇ ਭਾਈ ਲਾਲੋ ਜੀ ਆਦਿਕ ਆਗੂ ਬਾਬੇ ਦੇ ਸੱਚੇ ਮੁਰੀਦ ਸਨ। ਬਾਬਾ ਕਿਰਤੀਆਂ, ਕਾਮਿਆਂ ਅਤੇ ਉੱਚਜਾਤੀ ਸਮਾਜ ਵੱਲੋਂ ਦੁਰਕਾਰੇ ਹੋਏ ਸ਼ੁਦਰਾਂ ਭਾਵ ਕਹੇ ਜਾਂਦੇ ਨੀਚਾਂ ਨੂੰ ਗਲੇ ਲਾਉਂਦਾ ਅਤੇ ਸਵੈਮਾਨ ਨਾਲ ਜੀਣ ਦਾ ਉਪਦੇਸ਼ ਦਿੰਦਾ ਸੀ- “ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ॥ਨਾਨਕੁ ਤਿਨ ਕੇ ਸੰਗਿ ਸਾਥਿ, ਵਡਿਆਂ ਸਿਉਂ ਕਿਆ ਰੀਸ॥” (੧੫) ਬਾਬਾ ਨਾਨਕ ਪਹਿਲਾ ਬੰਦੀਛੋੜ ਸੀ ਜਿਸ ਨੇ ਜ਼ਾਲਮ ਅਤੇ ਹੰਕਾਰੀ ਬਾਦਸ਼ਾਹ ਬਾਬਰ ਦੀ ਕੈਦ ਵਿੱਚੋਂ ਚੱਕੀ ਪੀਹ ਰਹੇ ਅਤੇ ਭਿਆਨਕ ਤਸੀਹੇ ਸਹਿ ਰਹੇ ਬੇਕਸੂਰ ਲੋਕਾਂ ਨੂੰ ਛੁਡਵਾਇਆ ਸੀ। ਬਾਬੇ ਦੇ ਸੱਚੇ ਸੁੱਚੇ ਇਲਾਹੀ ਉਪਦੇਸ਼ਾਂ ਅਤੇ ਮਨੁੱਖੀ ਪਿਆਰ ਵਾਲੇ ਕਰਤਬਾਂ ਨੇ ਸੱਜਣ ਵਰਗੇ ਠੱਗਾਂ, ਭੂਮੀਏਂ ਵਰਗੇ ਚੋਰਾਂ, ਕੌਡੇ ਵਰਗੇ ਰਾਕਸ਼ਾਂ ਅਤੇ ਰਾਜਾ ਸ਼ਿਵਨਾਭ ਵਰਗੇ ਆਯਾਸ਼ੀਆਂ ਦਾ ਜੀਵਨ ਬਦਲ, ਜਨਤਾ ਦੇ ਸੇਵਕ ਅਤੇ ਧਰਮ ਦੇ ਪ੍ਰਚਾਰਕ ਬਣਾ ਦਿੱਤਾ। ਜਿਸ ਨੂੰ ਦੁਰਕਾਰੇ ਜਾਣ ਕਰਕੇ ਕਿਤੇ ਵੀ ਢੋਈ ਨਹੀਂ ਸੀ ਮਿਲਦੀ ਉਹ ਨਿਸ਼ੰਗ ਹੋ ਨਾਨਕ ਨਿਰੰਕਾਰੀ ਬਾਬੇ ਦੀ ਸੰਗਤੀ ਸ਼ਰਣ ਆ, ਮਾਨ ਮਹਿਸੂਸ ਕਰਦਾ।

ਇਤਿਹਾਸ ਦਸਦਾ ਹੈ ਕਿ ਬਿਨਾ ਆਧੁਨਿਕ ਸਾਧਨਾਂ ਦੇ, ਨਿਰੰਕਾਰੀ ਬਾਬੇ ਨੇ ਪੈਦਲ ਚੱਲ, ਘੋੜਸਵਾਰ ਹੋ ਅਤੇ ਸਮੁੰਦਰੀ ਬੇੜਿਆਂ ਰਾਹੀਂ ਡੂੰਘੇ ਸਮੁੰਦਰ ਪਾਰ ਕਰ, ਵੱਖ-ਵੱਖ ਦੇਸ਼ਾਂ, ਕੌਮਾਂ, ਕਬੀਲਿਆਂ ਅਤੇ ਮੱਤਾਂ ਦੇ ਕਰੀਬ ਤਿੰਨ ਕਰੋੜ ਲੋਕਾਂ ਨੂੰ ਸਰਬ ਸਾਂਝੇ ਰੱਬੀ ਧਰਮ ਦਾ ਉਪਦੇਸ਼ ਦਿੱਤਾ ਅਤੇ ਇਸ ਉਪਦੇਸ਼ ਨੂੰ ਅੱਗੇ ਚਲਦਾ ਰੱਖਣ ਲਈ ਅਖੀਰ ‘ਤੇ ਆਪਣਾ ਯੋਗ ਜਾਂਨਸ਼ੀਨ ਭਾਈ ਲਹਿਣਾ ਜੀ ਨੂੰ ਥਾਪ ਗੁਰੂ ਅੰਗਦ ਬਣਾ ਦਿੱਤਾ ਅਤੇ ਹੋਰ ਵੀ ਭਾਈ ਭਗੀਰਥ ਅਤੇ ਭਾਈ ਮਨਸੁਖ ਵਰਗੇ ਵੱਖ-ਵੱਖ ਕਿਰਤੀਆਂ ਨੂੰ ਪ੍ਰਚਾਰਕ ਥਾਪਿਆ। ਕੇਵਲ ਤੇ ਕੇਵਲ ਇੱਕ ਰੱਬ ਦਾ ਹੋਕਾ ਦਿੰਦੇ ਹੋਏ ਉਸ ਦਾ ਅਸਲੀ ਸਰੂਪ ਇਸ ਮੂਲ ਮੰਤ੍ਰ (ਮੁਢਲੇ ਉਪਦੇਸ਼) “ ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥” (ਜਪੁ ਜੀ) ਵਿੱਚ ਦਰਸਾ ਕੇ ਰੱਬ ਬਾਰੇ ਸਾਰੇ ਭਰਮ ਭੁਲੇਖੇ ਹੀ ਦੂਰ ਕਰ ਦਿੱਤੇ।

ਅੱਜ ਜਗਤ ਰਹਿਬਰ, ਜਾਹਰ ਪੀਰ ਜਗਤ ਗੁਰ ਬਾਬਾ ਨਾਨਕ ਜੀ ਦਾ ਰੱਬੀ ਧਰਮ ਕਿੱਥੇ ਹੈ ? ਗੁਰਦੁਆਰਿਆਂ ਵਿੱਚ ਜਾਂ ਬਾਬੇ ਦੇ ਉਪਦੇਸ਼ ਧਾਰਨ ਵਾਲਿਆਂ ਵਿੱਚ ? ਕੀ ਬਾਬੇ ਨਾਨਕ ਨੂੰ ਸਤਿਗੁਰੂ ਕਹਿ ਕੇ ਪੂਜਣ ਵਾਲੇ ਬਾਬੇ ਦੇ ਅਧੁਨਿਕ ਸਰਬ ਸਾਂਝੇ ਰੱਬੀ ਧਰਮ ਨੂੰ ਜੀਵਨ ਵਿੱਚ ਅਪਣਾ ਰਹੇ ਹਨ ? ਅੱਜ ਅਸੀਂ ਬਾਬੇ ਨਾਨਕ ਦੇ ਨਾਂ ਤੇ ਚੱਲ ਰਹੀਆਂ ਧਰਮਸ਼ਾਲਾਵਾਂ, ਗੁਰਦੁਆਰੇ, ਦਲ, ਜਥੇ, ਸਹਿਤ ਸਭਾਵਾਂ, ਵੱਖ-ਵੱਖ ਸਿੱਖ ਜਥੇਬੰਦੀਆਂ, ਡੇਰੇ, ਸੰਪ੍ਰਦਾਵਾਂ ਅਤੇ ਪ੍ਰਚਾਰਕ ਆਦਿਕ, ਵਿਖਾਵੇ ਵਾਲੀ ਪੂਜਾ-ਪਾਠ, ਧਰਮ ਦੇ ਨਾਂ ਤੇ ਥੋਥੇ ਕਰਮਕਾਂਡ, ਜਾਤਿ-ਪਾਤਿ, ਛੂਆ-ਛਾਤ, ਭੂਤ-ਪ੍ਰੇਤ, ਚੰਗੇ-ਮੰਦੇ ਦਿਨ, ਮੱਸਿਆ-ਪੁੰਨਿਆਂ, ਸੰਗਰਾਦਾਂ, ਵਹਿਮਾਂ-ਭਰਮਾਂ, ਅਖੌਤੀ ਨਰਕ-ਸਵਰਗ, ਜਾਦੂ-ਟੂਣੇ, ਜੋਤਸ਼, ਅਣਹੋਣੀਆਂ ਕਰਾਮਾਤਾਂ, ਆਪਾ ਅਤੇ ਮਨੁੱਖਤਾ ਵਿਰੋਧੀ ਗ੍ਰੰਥਾਂ, ਗੁਰਬਾਣੀ ਸਿਧਾਂਤਾਂ ਨੂੰ ਛੱਡ ਟਕਸਾਲੀ, ਸੰਪ੍ਰਦਾਈ, ਡੇਰੇ, ਸਾਧਾਂ-ਸੰਤਾਂ ਅਤੇ ਜੱਥਿਆਂ ਦੀਆਂ ਬਣਾਈਆਂ ਵੱਖ-ਵੱਖ ਰਹਿਤ ਮਰਯਾਦਾਵਾਂ ਦੇ ਭਰਮਜਾਲ ਵਿੱਚ ਉਲਝ ਕੇ, ਬ੍ਰਾਹਮਣਵਾਦ, ਪਾਖੰਡਵਾਦ, ਧੜੇਬੰਦੀ ਅਤੇ ਸੰਪ੍ਰਦਾਈ, ਟਕਸਾਲੀਵਾਦ ਅਤੇ ਅੰਧਵਿਸ਼ਵਾਸ਼ਾਂ ਦੀ ਘੁੰਮਣਘੇਰੀ (ਸਾਂਕਲ ਜੇਵਰੀ) ਵਿੱਚ ਫਸ ਕੇ, ਧਰਮ ਅਤੇ ਮਰਯਾਦਾ ਦੇ ਨਾਂ ‘ਤੇ ਭਰਾ ਮਾਰੂ ਲੜਾਈਆਂ ਲੜਦੇ ਹੋਏ ਖੁਆਰ ਹੋ ਰਹੇ ਹਾਂ ਪਰ ਆਵਾਜ਼ਾ ਮਾਰ ਰਹੇ ਹਾਂ ਸਤਿਗੁਰ ਨਾਨਕ ! ਆ ਜਾਹ । (ਗੀਤ) ਕੀ ਉਹ ਕਿਤੇ ਗਿਆ ਹੋਇਆ ਹੈ ? ਨਹੀਂ ਸ਼ਬਦ ਕਰਕੇ ਸਦਾ ਹਾਜ਼ਰ ਹੈ। 

ਉਸ ਦੀ ਸੱਚੀ ਸੁੱਚੀ ਸਰਬ ਗਿਆਨ ਸਪੰਨ ਗੁਰਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਦਾ ਨਿਰੋਲ ਪ੍ਰਚਾਰ ਕਰਨ ਵਾਲੇ ਕਿਰਤੀ ਪ੍ਰਚਾਰਕਾਂ ਨੂੰ ਤਾਂ ਬਹੁਤੇ ਅਜੋਕੇ ਪ੍ਰਬੰਧਕ ਤੇ ਡੇਰੇਦਾਰ, ਗੁਰੂ ਬਾਬੇ ਦੇ ਨਾਂ ‘ਤੇ ਚਲਾਏ ਹੋਏ ਧਰਮ ਅਸਥਾਨਾਂ, ਗੁਰਦੁਆਰਿਆਂ ਅਤੇ ਸਭਾ ਸੁਸਾਇਟੀਆਂ ਦੀਆਂ ਸਟੇਜਾਂ ‘ਤੇ ਸਮਾਂ ਨਹੀਂ ਦਿੰਦੇ। ਮੰਨ ਲਓ ਜੇ ਸੱਚ ਮੁੱਚ “ਬਾਬਾ ਜੀ” ਆਪ ਆ ਜਾਣ ਤਾਂ ਹੰਕਾਰੀ ਪ੍ਰਬੰਧਕ ਅਤੇ ਡੇਰੇਦਾਰ ਉਨ੍ਹਾਂ ਨੂੰ ਗੁਰਦੁਆਰਿਆਂ ਜਾਂ ਸਭਾ ਸੁਸਾਇਟੀਆਂ ਦੀਆਂ ਸਟੇਜਾਂ ‘ਤੇ ਬੋਲਣ ਦੇਣਗੇ ? ਸਾਡੇ ਬਹੁਤੇ ਪ੍ਰਚਾਰਕ ਤਾਂ ਬਾਬੇ ਨਾਨਕ ਨਿਰੰਕਾਰੀ ਦੀ ਵਿਚਾਰਧਾਰਾ ਦੇ ਵਿਰੋਧੀ ਅਤੇ ਡੇਰਾਵਾਦੀ ਮਨਘੜਤ ਕਥਾ ਕਹਾਣੀਆਂ ਅਤੇ ਮਰਯਾਦਾਵਾਂ ਦੇ ਧਾਰਨੀ, ਕਿਰਤ ਤੋਂ ਭਗੌੜੇ, ਨੰਗੀਆਂ ਲੱਤਾਂ ਵਾਲੇ, ਭੇਖਧਾਰੀ ਧੜੇਬੰਦਕ ਹਨ। ਕੀ ਬਾਬੇ ਨਾਨਕ ਦੇ ਰੱਬੀ ਧਰਮ ਦੀ ਝੱਲਕ ਉਨ੍ਹਾਂ ਦੇ ਰੋਜਮਰਾ ਜੀਵਨ ਚੋਂ ਪੈਂਦੀ ਹੈ ? ਕੀ ਬਾਬੇ ਦੇ ਗੁਰਦੁਆਰਿਆਂ ਦੀਆਂ ਗੋਲਕਾਂ ਜੋ ਧਰਮ ਪ੍ਰਚਾਰ, ਲੋਕ ਭਲਾਈ ਦੇ ਕਾਰਜਾਂ ਵਾਸਤੇ ਵਰਤੀਆਂ ਜਾਣੀਆਂ ਸਨ, ਉਹ ਡੇਰੇਦਾਰ ਸਾਧਾਂ, ਧੜੇਬੰਦੀਆਂ, ਕੋਟ ਕਚਹਿਰੀਆਂ ਦੇ ਕੇਸਾਂ ਅਤੇ ਰਾਜਨੀਤਕ ਪਾਰਟੀਆਂ ਦੀ ਭੇਟਾ ਨਹੀਂ ਚੜ੍ਹੀਆਂ ?  ਜਿਨ੍ਹਾਂ ਕਰਮਕਾਂਡਾਂ ਅਤੇ ਵਹਿਮਾਂ ਭਰਮਾਂ ਅਤੇ ਅੰਧ ਵਿਸ਼ਵਾਸ਼ਾਂ ਤੋਂ ਗੁਰਬਾਣੀ ਵਰਜਦੀ ਹੈ, ਕੀ ਸਾਡੇ ਧਰਮ ਅਸਥਾਨਾਂ ਗੁਰਦੁਆਰਿਆਂ ਆਦਿਕ ਵਿੱਚ ਦੂਜਿਆਂ ਦੀ ਦੇਖਾ-ਦੇਖੀ ਨਹੀਂ ਕੀਤੇ, ਕਰਵਾਏ ਜਾ ਰਹੇ ? ਆਰਤੀਆਂ, ਮੱਸਿਆ-ਪੁੰਨਿਆਂ, ਪੰਚਕਾਂ, ਸੰਗਰਾਂਦਾਂ, ਲੋਹੜੀਆਂ, ਦੀਵਾਲੀਆਂ, ਵਰੀਨੇ, ਸਰਾਧ, ਕੱਚੀ ਲੱਸੀ ਜਾਂ ਦੁੱਧ ਨਾਲ ਥੱੜਿਆਂ ‘ਤੇ ਨਿਸ਼ਾਨਾਂ ਦੀ ਧੁਲਾਈ, ਗੁਰਬਾਣੀ ਦੇ ਮੰਤਰ ਪਾਠ (ਅਖੰਡ ਪਾਠਾਂ ਦੀਆਂ ਲੜੀਆਂ) ਕੁੰਭ ਨਾਰੀਅਲ ਜੋਤਾਂ, ਸੰਖ ਵਜਾਉਣੇ, ਅਖੌਤੀ ਸਾਧਾਂ ਦੀਆਂ ਬਰਸੀਆਂ, ਹਵਨ ਸਮੱਗਰੀਆਂ, ਯੋਗਾ ਅਭਿਆਸ ਅਤੇ ਵਿਸ਼ਕਰਮਾਂ ਡੇ ਜਿਨ੍ਹਾਂ ਨਾਲ ਬਾਬੇ ਨਾਨਕ ਜਾਂ ਉਨ੍ਹਾਂ ਦੇ ਅਨੁਯਾਈ ਗੁਰੂਆਂ ਅਤੇ ਭਗਤਾਂ ਦਾ ਕੋਈ ਸਬੰਧ ਨਹੀਂ, ਬਰਾਦਰੀ ਵਿੱਚ ਨੱਕ ਰੱਖਣ ਅਤੇ ਭੀੜ ਇਕੱਠੀ ਕਰਕੇ ਗੋਲਕਾਂ ਭਰਨ, ਨੋਟ ਅਤੇ ਵੋਟ ਦੀ ਨੀਤੀ ਤੇ ਚੱਲਣ, ਮਲਕ ਭਾਗੋ ਵਾਲੇ ਤਰ੍ਹਾਂ-ਤਰ੍ਹਾਂ ਦੇ ਮਾਲ ਪੂੜੇ ਵਾਲੇ ਪਕਵਾਨਾਂ ਦੀ ਪ੍ਰਦਰਸ਼ਨੀ ਕਰਕੇ, ਖਾਣ ਪੀਣ ਅਤੇ ਮੌਜ ਮੇਲਾ ਕਰਨ ਲਈ ਨਹੀਂ ਕੀਤੇ ਕਰਾਏ ਅਤੇ ਮਨਾਏ ਜਾ ਰਹੇ ? ਜੇ ਗੁਰੂ ਨਾਨਕ ਦੇ ਵੇਲੇ- “ਸੱਚ ਕਿਨਾਰੇ ਰਹਿ ਗਿਆ ਖਹਿ ਮਰਦੇ ਬਹੁ ਬਾਮਣ ਮੌਲਾਣੇ॥” (ਭਾ.ਗੁ) ਅਤੇ “ਧਰਮ ਪੰਖ ਕਰਿ ਉਡਰਿਆ॥” (ਭਾ.ਗੁ.) ਕੀ ਅੱਜ ਬਹੁਤੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਆਦਿਕ ਸਭਾ ਸੁਸਾਇਟੀਆਂ ਵਿੱਚ ਬ੍ਰਾਹਮਣ ਮੌਲਾਣਿਆਂ ਵਾਂਗ ਰਾਗੀ, ਗ੍ਰੰਥੀ, ਪ੍ਰਬੰਧਕ, ਪ੍ਰਚਾਰਕ, ਲੀਡਰ ਅਤੇ ਅਖੌਤੀ ਸਾਧ-ਸੰਤ ਗੋਲਕ ਅਤੇ ਧੜੇਬੰਦੀ ਖਾਤਰ ਨਹੀਂ ਲੜ ਰਹੇ ? ਕੀ ਬਾਬੇ ਨਾਨਕ ਦਾ ਸਰਬਸਾਂਝਾ ਰੱਬੀ ਧਰਮ ਵੀ ਅੰਧ ਵਿਸ਼ਵਾਸ਼ਾਂ, ਕਰਮਮਕਾਂਡਾਂ, ਸਾਧਾਂ-ਸੰਤਾਂ, ਡੇਰੇਦਾਰਾਂ, ਧੜੇਬੰਦੀਆਂ ਅਤੇ ਰਾਜਨੀਤਕਾਂ ਦੇ ਪੰਖ ਲਗਾ ਕੇ ਉੱਡਾ ਨਹੀਂ ਦਿੱਤਾ ਗਿਆ ? ਬਾਬੇ ਨਾਨਕ ਦੇ ਦਰਬਾਰ ਦੇ ਦਰਵਾਜੇ ਸਭ ਲਈ ਖੁੱਲ੍ਹੇ ਸਨ, ਜੋ ਅਖੌਤੀ ਧਰਮੀਆਂ ਵੱਲੋਂ ਬੰਦ ਨਹੀਂ ਕੀਤੇ ਜਾ ਰਹੇ ? ਅੰਨ੍ਹੀ ਸ਼ਰਧਾ ਦੇ ਨਾਂ ‘ਤੇ ਜਗਿਆਸੂਆਂ ਨੂੰ ਧਰਮ ਪ੍ਰਚਾਰਕਾਂ ਤੋਂ ਸ਼ੰਕਿਆਂ ਸਬੰਧੀ ਸਵਾਲ ਪੁੱਛਣ ਤੋਂ ਵਰਜਿਆ ਜਾ ਰਿਹਾ ਹੈ ਅਤੇ ਬਾਬੇ ਦੇ “ਰੋਸ ਨ ਕੀਜੈ ਉਤਰ ਦੀਜੈ” ਦੇ ਸਿਧਾਂਤ ਨੂੰ ਦਬਾਇਆ ਜਾਂ ਖਤਮ ਕੀਤਾ ਜਾ ਰਿਹਾ ਹੈ। 

ਸੋ ਉਪ੍ਰੋਕਤ ਵਿਚਾਰ-ਵਿਟਾਂਦਰੇ ਤੋਂ ਲਗਦਾ ਨਹੀਂ ਕਿ ਜਿਵੇਂ ਬਾਬੇ ਨਾਨਕ ਦਾ ਸਰਬ ਵਿਆਪੀ ਰੱਬੀ ਧਰਮ ਕਰਮਕਾਂਡਾਂ, ਵੇਖਾਵਿਆਂ, ਚੌਧਰਾਂ, ਜਾਤਾਂ ਪਾਤਾਂ, ਛੂਆ ਛਾਤਾਂ, ਵਹਿਮਾਂ-ਭਰਮਾਂ, ਕਰਾਮਾਤਾਂ, ਵਰਾਂ-ਸਰਾਪਾਂ, ਮਨਘੜਤ ਕਥਾ-ਕਹਾਣੀਆਂ, ਪੁੰਨਿਆ, ਮਸਿਆ, ਸੰਗ੍ਰਾਂਦਾਂ, ਹੋਲੀਆਂ, ਲੋਹੜੀਆਂ, ਦੀਵਾਲੀਆਂ, ਵਰੀਨਿਆਂ, ਕਥਿਤ ਮਹਾਂ ਪੁਰਖਾਂ ਦੀਆਂ ਬਰਸੀਆਂ, ਸੰਤਾਂ-ਮਹੰਤਾਂ, ਡੇਰਿਆਂ, ਟਕਸਾਲਾਂ, ਵੱਖ-ਵੱਖ ਜਥੇਬੰਧੀਆਂ, ਵੰਨ ਸੁਵੰਨੀਆਂ ਮਰਯਾਦਾਵਾਂ, ਯੋਗ ਅਭਿਆਸਾਂ, ਬਾਹਰੀ ਭੇਖਾਂ, ਮੋਨਿਆਂ ਤੇ ਕੇਸਾਧਾਰੀਆਂ, ਜੱਟ, ਭਾਪਿਆਂ, ਬ੍ਰਾਹਮਣ ਵੱਲੋਂ ਦੁਰਕਾਰੇ ਸ਼ੂਦਰਾਂ, ਜਾਤ ਬਰਾਦਰੀ ਤੇ ਨੱਕ ਰਖਾਈ ਦੇ ਨਾਂ ਤੇ ਬਾਹਰੋਂ ਆ ਵੜੀਆਂ ਜਾਂ ਵਾੜ ਲਈਆਂ ਗਈਆਂ ਥੋਥੀਆਂ ਰੀਤਾ-ਰਸਮਾਂ, ਫੋਕੇ ਸੰਸਕਾਰਾਂ, ਵਿਚਾਰੇ ਤੇ ਧਾਰੇ ਤੋਂ ਬਿਨਾ ਸੁਖਣਾ ਵਾਲੇ ਤੋਤਾ ਰਟਨੀ ਪਾਠਾਂ ‘ਤੇ ਸਿਮਰਨਾਂ, ਪੁਲੀਟੀਕਲ ਲੀਡਰਾਂ, ਲੰਬੇ ਚੋਲੇ ਵਾਲੇ ਪੁਜਾਰੀਆਂ, ਸਾਦੇ ਲੰਗਰਾਂ ਦੀ ਥਾਂ ਮਲਕ ਭਾਗੋ ਵਾਲੇ ਪਕਵਾਨਾਂ, “ਭਲੀ ਸੁਹਾਵੀ ਛਾਪਰੀ” ਧਰਮਸਾਲ ਵਾਲੀ ਸੰਗਤ ਦੀ ਥਾਂ ਬੇਲੋੜੀਆਂ ਸੰਗ ਮਰਮਰੀ ਬਿਲਡਿੰਗਾਂ ਤੇ ਹੱਦੋਂ ਵੱਧ ਮਹਿਗੇ ਸ਼ਾਮਿਆਨਿਆਂ ਡੈਕੋਰੇਸ਼ਨਾਂ, ਖਾਣ ਪੀਣ ਤੇ ਵੇਖਾਵੇ ਵਾਲੀਆਂ ਪ੍ਰਭਾਤ ਫੇਰੀਆਂ ਅਤੇ ਗੁਰਮਤਿ ਤੋਂ ਸੱਖਣੇ ਨਗਰ ਕੀਰਤਨਾਂ ਦੀ ਥਾਂ ਧੜੇਬੰਦੀ ਦੀਆਂ ਸਾਂਝਾਂ, ਸੰਗਤੀ ਵਿਚਾਰ ਵਿਟਾਂਦਰੇ ਦੀ ਥਾਂ ਕੇਵਲ ਰਵਾਇਤੀ ਕਥਾ-ਕੀਰਤਨਾਂ, ਨਾਮੀਂ ਕਥਾਵਾਚਕਾਂ ਦਾ ਵੀ ਜਗਿਆਸੂ ਸੰਗਤਾਂ ਦੇ ਸ਼ੰਕੇ ਨਵਿਰਤ ਨਾਂ ਕਰਨਾ, ਹਉਮੈ, ਹੰਕਾਰ ਤੇ ਊਚ-ਨੀਚ ਵਾਲੀ ਨਫਰਤ ਦੀ ਕਾਲੀ ਬੋਲੀ ਹਨੇਰੀ, ਝੱਖੜਾਂ ਤੇ ਤੁਫਾਨਾਂ ਅਦਿਕ ਨਾਲ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਚੋਂ ਵੀ ਬੜੇ ਜੋਰ ਸ਼ੋਰ ਨਾਲ ਉੱਡਦਾ ਜਾ ਰਿਹਾ ਹੈ। ਪਰ ਸਦਾ ਯਾਦ ਰੱਖੋ ਸੱਚ ਕਦੇ ਖਤਮ ਨਹੀਂ ਹੁੰਦਾ ਅਤੇ ਅੰਤ ਨੂੰ ਕੂੜ ਨਿਖੁੱਟ ਜਾਂਦਾ ਹੈ- “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥੨॥(੯੫੩) ਹਾਂ ਅੱਜ ਵੀ ਕਿਤੇ-ਕਿਤੇ ਬਾਬੇ ਨਾਨਕ ਦਾ ਰੱਬੀ ਧਰਮ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਉਸ ਬਾਣੀ ਨੂੰ ਦਿਲੋਂ ਪੜ੍ਹਨ, ਵਿਚਾਰਨ, ਧਾਰਨ ਅਤੇ ਪ੍ਰਚਾਰਨ ਵਾਲੇ ਕਿਰਤੀ ਸਿੱਖਾਂ ਸੇਵਕਾਂ ਵਿੱਚ ਵੇਖਿਆ ਜਾ ਸਕਦਾ ਹੈ ਪਰ ਉਹ- “ਹੈਨਿ ਵਿਰਲੈ ਨਾਹੀ ਘਣੇ, ਫੈਲ ਫਕੜੁ ਸੰਸਾਰ॥” (੧੪੧੧) ਹਨ। ਅਰਦਾਸਿ ਕਰਦਾ ਹਾਂ ਕਿ ਅਕਾਲ ਪੁਰਖ ਨਿਰੰਕਾਰ ਜੀ ਇਕਵੀਂ ਸਦੀ ਵਿੱਚ ਵਿਚਰ ਰਹੀ ਲੋਕਾਈ ਤੇ ਖਾਸ ਕਰ ਬਾਬੇ ਨਾਨਕ ਦੇ ਸਿੱਖ ਸੇਵਕਾਂ ਨੂੰ ਸੁਮੱਤ ਬਖਸ਼ਣ, ਤਾਂ ਕਿ ਅਸੀਂ ਵਿਖਾਵੇ, ਅੰਧ ਵਿਸ਼ਵਾਸ਼, ਭੇਖ, ਥੋਥੇ ਕਰਮਕਾਂਡ, ਵਹਿਮ-ਭਰਮ, ਜਾਤ-ਪਾਤ, ਛੂਆ-ਛਾਤ, ਹਾਉਮੈ-ਹੰਕਾਰ, ਈਰਖਾ-ਦਵੈਤ, ਡੇਰਾਵਾਦ ਅਤੇ ਧੜੇਬੰਦੀਆਂ ਤੋਂ ਉੱਪਰ ਉੱਠ ਕੇ, ਬਾਬਾ ਨਾਨਕ ਨਿਰੰਕਾਰੀ ਦੇ ਸੱਚੇ-ਸੁੱਚੇ ਅਤੇ ਸਰਬ ਸਾਂਝੇ ਰੱਬੀ ਧਰਮ ਦੇ ਅਨੁਯਾਈ ਬਣ, ਆਪਣਾ ਅਤੇ ਹੋਰਨਾਂ ਦਾ ਵੀ ਮਾਨਸ ਜਨਮ ਸੁਖੀ, ਸਫਲ ਅਤੇ ਸੁਹੇਲਾ ਕਰ ਸਕੀਏ।