ਜਥੇਦਾਰ ਸਾਹਿਬਾਨ ਦੀ ਯੋਗਤਾ ਤੇ ਨਿਯੁਕਤੀ ਨਾਲ ਜੁੜੇ ਕੁਝ ਪਹਿਲੂ

0
276

ਜਥੇਦਾਰ ਸਾਹਿਬਾਨ ਦੀ ਯੋਗਤਾ ਤੇ ਨਿਯੁਕਤੀ ਨਾਲ ਜੁੜੇ ਕੁਝ ਪਹਿਲੂ

ਭਾਈ ਹਰਿਸਿਮਰਨ ਸਿੰਘ*

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਲੋੜੀਂਦੀ ਪੰਥਕ ਵਿਧੀ ਅਪਣਾਉਣ ਤੋਂ ਬਿਨਾਂ ਅਚਾਨਕ ਮਾਫ਼ ਕਰਨ ਤੋਂ ਬਾਅਦ ਉਨ੍ਹਾਂ ਦੇ ਫ਼ੈਸਲੇ ਬਾਰੇ ਸਿੱਖ ਪੰਥ ਵਿੱਚ ਪੈਦਾ ਹੋਇਆ ਰੋਸ ਅਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਕਾਰਨ ਸਿੱਖ ਪੰਥ ਵਿੱਚ ਪੈਦਾ ਹੋਏ ਹਾਲਾਤ ਨਾਲ ਪੰਜਾਬ ਅਤੇ ਪੰਥ ਨੂੰ ਨਵੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਬਾਰੇ ਗੰਭੀਰ ਚਿੰਤਨ ਕਰਨ ਦੀ ਲੋੜ ਹੈ। ਪੰਥਕ ਸਫ਼ਾਂ ਦੀ ਹੋਈ ਏਕਤਾ ਅਤੇ ਨਵੇਂ ਪੰਥਕ ਸ਼ਕਤੀ ਕੇਂਦਰਾਂ ਦਾ ਉਭਾਰ, ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸਿੰਘ ਸਾਹਿਬਾਨ ਨੂੰ ਤਲਬ ਕਰਨ ਦਾ ਫ਼ੈਸਲਾ ਅਤੇ ਉਨ੍ਹਾਂ ਦੀ ਬਰਖ਼ਾਸਤਗੀ ਤੇ ਬਹਾਲ ਕਰਨ ਦਾ ਘਟਨਾਕ੍ਰਮ, ਜਥੇਦਾਰ ਸਾਹਿਬਾਨ ਦਾ ਸਿੱਖ ਸੰਗਤਾਂ ਨਾਲੋਂ ਟੁੱਟ ਚੁੱਕਾ ਸੰਪਰਕ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਸਾਹਮਣੇ ਖੜ੍ਹੇ ਸੰਕਟ ਅਤੇ ਇਨ੍ਹਾਂ ਸਾਰੇ ਘਟਨਾਕ੍ਰਮਾਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਪਣਾਈ ਜਾ ਰਹੀ ਜੁਗਤ ਕੁਝ ਅਜਿਹੀਆਂ ਅਸਾਧਾਰਨ ਘਟਨਾਵਾਂ ਹਨ ਜਿਨ੍ਹਾਂ ਨਾਲ ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿੱਚ ਬੈਠੇ ਸਿੱਖ ਪੰਥ ਦੇ ਹਾਲਾਤ ਵੱਡੇ ਮੰਥਨ ਵਿੱਚ ਪੈ ਗਏ ਹਨ। ਇਹ ਕੁਝ ਅਸਾਧਾਰਨ ਘਟਨਾਵਾਂ ਹਨ ਜਿਨ੍ਹਾਂ ਨਾਲ ਨਜਿੱਠਣ ਲਈ ਅਸਾਧਾਰਨ ਫ਼ੈਸਲੇ ਲੈਣ ਦੀ ਲੋੜ ਉਤਪੰਨ ਹੋ ਗਈ ਹੈ। ਭਵਿੱਖ ਵਿੱਚ ਨਵੇਂ ਧਾਰਮਿਕ, ਰਾਜਨੀਤਿਕ ਸਮੀਕਰਨ ਕਿਸ ਦਿਸ਼ਾ ਨੂੰ ਜਾਣਗੇ, ਉਹ ਪੰਥ ਅਤੇ ਪੰਜਾਬ ਦੇ ਭਵਿੱਖ ਦੀ ਦਿਸ਼ਾ ਨਿਰਧਾਰਿਤ ਕਰਨਗੇ।
ਇਨ੍ਹਾਂ ਸਾਰੇ ਹਾਲਾਤ ਵਿੱਚ ਸਿੱਖ ਪੰਥ ਅਤੇ ਇਸ ਦੇ ਆਗੂਆਂ ਅਤੇ ਵਿਦਵਾਨਾਂ ਲਈ ਇਤਿਹਾਸਕ ਵਿਕਾਸ ਤੇ ਉੱਤਪਤੀ ਨਾਲ ਸ਼ਕਤੀਸ਼ਾਲੀ ਹੋਈਆਂ ਸੰਸਥਾਵਾਂ ਅਤੇ ਉਨ੍ਹਾਂ ਦੇ ਆਗੂਆਂ ਦੀ ਪਦਵੀ ਦਾ ਮੁੱਦਾ ਵੀ ਮਹੱਤਵਪੂਰਨ ਬਣ ਗਿਆ ਹੈ। ਬਿਨਾਂ ਸ਼ੱਕ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਤਖ਼ਤ ਜਥੇਬੰਦੀ ਦਾ ਆਪਣਾ ਇਤਿਹਾਸਕ ਉਭਾਰ, ਸੰਸਾਰੀ-ਰੁਹਾਨੀ ਧਾਰਮਿਕ ਮਾਮਲਿਆਂ ਦੀ ਸਰਵਉੱਚਤਾ ਤਾਂ ਸਥਾਪਿਤ ਹੋ ਚੁੱਕੀ ਹੈ ਪਰ ਜਥੇਦਾਰ ਸਾਹਿਬਾਨ ਦੀ ਪਦਵੀ ਦਾ ਸਤਿਕਾਰ ਅਤੇ ਭੂਮਿਕਾ ਵੀ ਮਹੱਤਵਪੂਰਨ ਹੈ। ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਜਿਵੇਂ ਜਥੇਦਾਰ ਸਾਹਿਬਾਨ ਉੱਤੇ ਬਾਹਰੀ ਅਤੇ ਅੰਦਰੂਨੀ ਦਬਾਅ ਪਾ ਕੇ ਉਨ੍ਹਾਂ ਤੋਂ ਬੀਤੇ ਸਮੇਂ ਵਿੱਚ ਜੋ ਫ਼ੈਸਲੇ ਕਰਵਾਉਂਦੇ ਰਹੇ ਹਨ, ਵਰਤਮਾਨ ਹਾਲਾਤ ਵਿੱਚ ਪੰਥ ਨੇ ਅਸਾਧਾਰਨ ਤਰੀਕੇ ਨਾਲ ਆਪਣਾ ਜਲੌਅ ਪ੍ਰਗਟ ਕਰਕੇ ਇਹ ਦਰਸਾ ਦਿੱਤਾ ਹੈ ਕਿ ਭਵਿੱਖ ਵਿੱਚ ਜਥੇਦਾਰ ਸਾਹਿਬਾਨ ਪੰਥਕ ਭਾਵਨਾਵਾਂ ਨੂੰ ਨਜ਼ਰ-ਅੰਦਾਜ਼ ਕਰਕੇ ਕੋਈ ਫ਼ੈਸਲੇ ਨਹੀਂ ਲੈ ਸਕਣਗੇ ਪਰ ਜਿਵੇਂ ਇਸ ਰੋਸ ਨੇ ਜਥੇਦਾਰ ਸਾਹਿਬਾਨ ਨੂੰ ਆਪਣੇ ਗੁੱਸੇ ਦਾ ਨਿਸ਼ਾਨਾ ਬਣਾਇਆ ਹੈ, ਉਸ ਦੇ ਸਾਹਮਣੇ ਜਥੇਦਾਰ ਸਾਹਿਬ ਦੀ ਪਦਵੀ ਦਾ ਸਤਿਕਾਰ ਬਹਾਲ ਕਰਨਾ ਜ਼ਰੂਰੀ ਹੋ ਗਿਆ ਹੈ। ਇਨ੍ਹਾਂ ਸਥਿਤੀਆਂ ਨਾਲ ਕਿਵੇਂ ਨਜਿੱਠਿਆ ਜਾਏ, ਇਹ ਨਾ ਕੇਵਲ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ, ਸਗੋਂ ਪੰਥਕ ਜਥੇਬੰਦੀਆਂ ਅਤੇ ਪੰਥਕ ਵਿਦਵਾਨਾਂ ਲਈ ਵੀ ਇੱਕ ਚੁਣੌਤੀ ਬਣ ਗਿਆ ਹੈ।
ਇਨ੍ਹਾਂ ਅਸਾਧਾਰਨ ਸਥਿਤੀਆਂ ਵਿੱਚ ਜਦੋਂ ਸਿੱਖ ਪੰਥ ਦਾ ਇੱਕ ਵੱਡਾ ਵਰਗ ਵਰਤਮਾਨ ਜਥੇਦਾਰ ਸਾਹਿਬਾਨ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੋ ਰਿਹਾ ਅਤੇ ਉਨ੍ਹਾਂ ਦੀ ਲੀਡਰਸ਼ਿਪ ਦੇ ਮਿਆਰ ਤੇ ਯੋਗਤਾ ਅੱਗੇ ਹੀ ਪ੍ਰਸ਼ਨ ਚਿੰਨ੍ਹ ਲਗ ਗਏ ਹਨ ਤਾਂ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਇਸ ਸਬੰਧੀ ਸੁਚੇਤ ਹੋ ਗਏ ਹਨ। ਪੰਜ ਪਿਆਰਿਆਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਜਥੇਦਾਰ ਸਾਹਿਬਾਨ ਨੂੰ ਹਟਾਉਣ ਲਈ ਦਿੱਤੇ ਗਏ ਆਦੇਸ਼ ਬਾਰੇ ਸ਼੍ਰੋਮਣੀ ਕਮੇਟੀ ਕੀ ਫ਼ੈਸਲਾ ਲਵੇਗੀ ਇਹ ਫ਼ੈਸਲਾ ਆਪਣੀ ਥਾਂ ਮਹੱਤਵਪੂਰਨ ਹੋਵੇਗਾ। ਹੁਣ ਸਿੱਖ ਪੰਥ ਦੇ ਹਾਲਾਤ, ਚੇਤਨਾ ਅਤੇ ਪੰਥਕ ਜਜ਼ਬੇ ਬਦਲਦੇ ਹਾਲਾਤ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਨਵੀਂ ਦਿਸ਼ਾ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਇਨ੍ਹਾਂ ਪਦਵੀਆਂ ਉੱਤੇ ਸੁਯੋਗ ਅਤੇ ਸਾਰੀਆਂ ਵਿਸ਼ਵ ਸਥਿਤੀਆਂ ਨੂੰ ਸਮਝਣ ਵਾਲੇ ਜਥੇਦਾਰ ਸਾਹਿਬਾਨ ਦੀ ਯੋਗਤਾ ਅਤੇ ਉਨ੍ਹਾਂ ਨੂੰ ਨਿਯੁਕਤ ਕਰਨ ਦੀ ਪੰਥ ਪ੍ਰਵਾਨਿਤ ਵਿਧੀ ਅਪਣਾਉਣੀ ਜ਼ਰੂਰੀ ਹੋ ਗਈ ਹੈ। ਹੁਣ ਜਦੋਂ ਨਵੇਂ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਕਰਨ ਦਾ ਵਿਚਾਰ ਪੰਥਕ ਮਨਾਂ ਉੱਤੇ ਭਾਰੂ ਹੁੰਦਾ ਜਾ ਰਿਹਾ ਹੈ ਤਾਂ ਕੀ ਉੱਪਰੋਂ ਨਿਯੁਕਤ ਕੀਤੇ ਜਾਣ ਵਾਲੇ ਜਥੇਦਾਰ ਸਾਹਿਬਾਨ ਨੂੰ ਪੰਥ ਸਵੀਕਾਰ ਕਰ ਲਏਗਾ, ਇਹ ਇੱਕ ਵੱਡਾ ਪ੍ਰਸ਼ਨ ਹੈ। ਇਸ ਲਈ ਜਦੋਂ ਤਕ ਨਵੇਂ ਜਥੇਦਾਰ ਸਾਹਿਬਾਨ ਨਿਯੁਕਤ ਕਰਨ ਲਈ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਸਾਰੀਆਂ ਪੰਥਕ ਧਿਰਾਂ ਤੇ ਪਤਵੰਤੇ ਵਿਦਵਾਨਾਂ ਨੂੰ ਸ਼ਾਮਿਲ ਕਰਕੇ ਕੋਈ ਸਰਵ ਪ੍ਰਵਾਣਿਤ ਜਥੇਦਾਰ ਨਿਯੁਕਤ ਨਹੀਂ ਕਰਦੇ, ਉਦੋਂ ਤਕ ਨਵੇਂ ਜਥੇਦਾਰ ਸਾਹਿਬਾਨ ਨੂੰ ਵੀ ਇਨ੍ਹਾਂ ਪਦਵੀਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਕਠਿਨਾਈ ਆ ਸਕਦੀ ਹੈ। ਅਜਿਹੇ ਹਾਲਾਤ ਵਿੱਚ ਜਥੇਦਾਰ ਦੀ ਯੋਗਤਾ, ਨਿਯੁਕਤੀ ਵਿਧੀ ਅਤੇ ਕਾਰਜ ਏਜੰਡਾ ਮਹੱਤਵਪੂਰਨ ਬਣ ਗਏ ਹਨ। ਇਹ ਇੱਕ ਅਜਿਹਾ ਪਹਿਲੂ ਹੈ ਜਿਸ ਨੂੰ ਸਥਾਪਿਤ ਅਕਾਲੀ ਦਲ ਤੇ ਹੋਰ ਜਥੇਬੰਦੀਆਂ ਨੂੰ ਮਿਲ ਕੇ ਨਜਿੱਠਣਾ ਹੋਵੇਗਾ। ਨਵੇਂ ਹਾਲਾਤ ਵਿੱਚ ਜਥੇਦਾਰ ਸਾਹਿਬ ਦੀ ਨਿਯੁਕਤੀ ਧਾਰਮਿਕ ਤੇ ਗ੍ਰੰਥੀ ਜਮਾਤ ਤੋਂ ਬਾਹਰ ਸਿੱਖ ਪੰਥ ਦੇ ਮਾਹਿਰ ਵਿਦਵਾਨਾਂ ਅਤੇ ਸਾਰੀ ਸਥਿਤੀ ਨੂੰ ਸਮਝਣ ਵਾਲੇ ਪੰਥਕ ਵਰਗ ਵਿੱਚੋਂ ਕੀਤੀ ਜਾਣੀ ਯੋਗ ਹੋਵੇਗੀ।

ਜਥੇਦਾਰ ਸਾਹਿਬ ਅਜਿਹੇ ਹੋਣ ਜੋ ਕੁਲ ਮਨੁੱਖਤਾ, ਸਿੱਖ ਧਰਮ, ਪੰਥ ਅਤੇ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾਵਾਂ ਨੂੰ ਸਮਰਪਿਤ ਅਜਿਹੇ ਖ਼ਾਲਸਾ ਹੋਣ ਜਿਨ੍ਹਾਂ ਨੂੰ ਸਿੱਖ ਸਿਧਾਂਤਾਂ, ਅਕਾਲ ਤਖ਼ਤ ਸਾਹਿਬ ਦੇ ਸਿਧਾਂਤ, ਸੰਸਥਾ ਅਤੇ ਖ਼ਾਲਸਾ ਪੰਥ ਦੇ ਆਦਰਸ਼ਾਂ ਦਾ ਗਿਆਨ ਹੋਵੇ। ਉਨ੍ਹਾਂ ਦੀ ਸਿੱਖ ਪੰਥ ਅਤੇ ਇਸ ਦੇ ਸਮੁੱਚੇ ਸਰੋਕਾਰਾਂ ਪ੍ਰਤੀ ਵਚਨਬੱਧਤਾ, ਇਮਾਨਦਾਰੀ, ਕੁਰਬਾਨੀ, ਸਪਸ਼ਟਤਾ ਅਤੇ ਦਿੱਬ-ਦ੍ਰਿਸ਼ਟੀ ਉੱਤਮ ਦਰਜੇ ਦੀ ਹੋਵੇ। ਉਨ੍ਹਾਂ ਨੂੰ ਸਿੱਖ ਸਮੱਸਿਆਵਾਂ ਦੀ ਸਮਝ ਹੋਵੇ ਅਤੇ ਇਨ੍ਹਾਂ ਨੂੰ ਹੱਲ ਕਰਨ ਦੀ ਸਮਰੱਥਾ ਦੇ ਨਾਲ ਨਾਲ ਇਤਿਹਾਸ ਦਾ ਡੂੰਘਾ ਗਿਆਨ ਅਤੇ ਨੀਝ ਹੋਵੇ। ਉਹ ਪੰਥ ਦੇ ਉੱਜਵਲ ਭਵਿੱਖ ਦੀ ਘਾੜਤ ਘੜਨ ਦੀ ਸਮਰੱਥਾ ਅਤੇ ਯੋਗਤਾ ਰੱਖਦੇ ਹੋਣ। ਉਨ੍ਹਾਂ ਨੂੰ ਵਿਸ਼ਵ-ਏਸ਼ੀਆ ਦੇ ਭੂਗੋਲਿਕ-ਰਾਜਨੀਤਿਕ ਦ੍ਰਿਸ਼ਾਂ, ਮਸਲਿਆਂ, ਸਮੀਕਰਣਾਂ, ਰੁਝਾਨਾਂ ਅਤੇ ਪਰਿਸਥਿਤੀਆਂ ਆਦਿ ਦੀ ਸਮਝ ਹੋਵੇ ਅਤੇ ਉਨ੍ਹਾਂ ਨੇ ਸਿੱਖੀ ਅਤੇ ਸਿੱਖ ਪੰਥ ਲਈ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹੋਣ। ਜਥੇਦਾਰ ਸਾਹਿਬ ਦੀ ਨਿਯੁਕਤੀ ਸਮੇਂ ਉਮਰ  ਘੱਟੋ-ਘੱਟ 50 ਸਾਲ ਹੋਵੇ। ਉਨ੍ਹਾਂ ਦੀ ਨਿਯੁਕਤੀ 5 ਸਾਲ ਲਈ ਹੋਵੇ ਪਰ ਇਹ 15 ਸਾਲ ਤਕ ਵਧਾਈ ਜਾ ਸਕਦੀ ਹੈ। ਹਰ ਪੰਜ ਸਾਲ ਬਾਅਦ ਉਨ੍ਹਾਂ ਦੇ ਕਾਰਜਾਂ ਅਤੇ ਹੋਰ ਪ੍ਰਾਪਤੀਆਂ ਆਦਿ ਦੀ ਪੰਥ ਖ਼ਾਲਸਾ ਸਮੀਖਿਆ ਕਰੇ।
ਜਥੇਦਾਰ ਦੀ ਨਿਯੁਕਤੀ ਦੀ ਲੋੜ ਉਤਪੰਨ ਹੋਣ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀ ਪਹਿਲਕਦਮੀ ਉੱਤੇ ਇਸ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਟਨਾ ਸਾਹਿਬ ਤੇ ਹਜੂਰ ਸਾਹਿਬ ਗੁਰਦੁਆਰਿਆਂ ਦੇ ਪ੍ਰਬੰਧਕੀ ਬੋਰਡ ਸਮੇਤ ਸਿੱਖ ਪੰਥ ਦੀਆਂ ਵਿਸ਼ਵ ਵਿੱਚ ਫੈਲੀਆਂ ਹੋਰ ਨਾਮਵਰ ਪ੍ਰਤੀਨਿਧ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸੂਝਵਾਨ ਪ੍ਰਤੀਨਿਧਾਂ, ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਧਾਰਮਿਕ ਜਥੇਬੰਦੀਆਂ, ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸੰਤ ਸੰਸਥਾਵਾਂ, ਮਹੱਤਵਪੂਰਨ ਪੰਥਕ ਵਿਦਵਾਨਾਂ, ਗੁਰਮਤਿ ਵਿਆਖਿਆਕਾਰਾਂ ਅਤੇ ਦੇਸ਼-ਵਿਦੇਸ਼ ਵਿੱਚ ਸਿੱਖ ਪੰਥ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਯੋਗਤਾਪੂਰਨ ਪ੍ਰਤੀਨਿਧਾਂ ਉੱਤੇ ਆਧਾਰਿਤ ਇੱਕ 31 ਮੈਂਬਰੀ ‘ਖ਼ਾਲਸਾ ਸੰਗਤ’ ਦਾ ਗਠਨ ਕਰਨ। ਇਹ ਹਾਊਸ ਵਿਚਾਰ-ਵਟਾਂਦਰਾ ਕਰਨ ਉਪਰੰਤ ਤਖ਼ਤਾਂ ਦੇ ਜਥੇਦਾਰਾਂ ਦੀ ਚੋਣ ਕਰਨ ਅਤੇ ਇਸ ਸਬੰਧੀ ਜ਼ਰੂਰੀ ਵਿਸਥਾਰ ਉਲੀਕਣ ਲਈ ਅੱਗੇ ਇੱਕ ਤਿੰਨ ਮੈਂਬਰੀ ਖੋਜ ਕਮੇਟੀ ਦਾ ਗਠਨ ਕਰਕੇ ਉਨ੍ਹਾਂ ਜ਼ਿੰਮੇ ਪੰਥ ਵਿੱਚੋਂ ਜਥੇਦਾਰ ਦੀਆਂ ਯੋਗਤਾਵਾਂ ਅਨੁਸਾਰ ਅਜਿਹੇ ਵਿਅਕਤੀਆਂ ਦੀ ਖੋਜ ਕਰਨ ਦਾ ਜ਼ਿੰਮਾ ਲਗਾਏ ਜੋ ਤਖ਼ਤਾਂ ਦੀ ਸੇਵਾ ਕਰਨ ਦੇ ਲਾਇਕ ਹੋਣ। ਨਿਸ਼ਚਿਤ ਕੀਤੇ ਗਏ ਸਮੇਂ ਉਪਰੰਤ ਇਹ ਖੋਜ ਕਮੇਟੀ ਸਿੱਖ ਭਾਵਨਾਵਾਂ ਅਤੇ ਰਾਵਇਤਾਂ ਅਨੁਸਾਰ ਵਿਅਕਤੀਆਂ ਦੇ ਨਾਵਾਂ ਦੀ ਸੂਚੀ ‘ਖ਼ਾਲਸਾ ਸੰਗਤ’ ਅੱਗੇ ਪੇਸ਼ ਕਰੇ ਅਤੇ ਇਹ ਹਾਊਸ ਉਚਿਤ ਕਾਰਵਾਈ ਕਰਦਿਆਂ ਜਥੇਦਾਰ ਸਾਹਿਬ ਦੀ ਨਿਯੁਕਤੀ ਕਰੇ।

ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਪ੍ਰਗਟ ਕੀਤਾ ਗਿਆ ਅਕਾਲ ਤਖ਼ਤ ਸਾਹਿਬ ਸਿੱਖ ਜ਼ਮੀਰ ਦੀ ਰੱਖਵਾਲੀ ਕਰਨ ਵਾਲੀ ਅਜਿਹੀ ਸੰਸਥਾ ਹੈ, ਜੋ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਹਰ ਸਿੱਖ ਦੀ ਮਾਨਸਿਕਤਾ ਵਿੱਚ ਗੁਰੂ ਸੰਸਥਾ ਦੀ ਪ੍ਰੰਪਰਾ ਦਾ ਬਿੰਬ ਵੀ ਹੈ। ਅਕਾਲ ਤਖ਼ਤ ਸਾਹਿਬ ਵਿੱਚ ਗੁਰੂ ਸਾਹਿਬਾਨ ਦੀ ਸ਼ਖ਼ਸੀਅਤ ਦਾ ਜਜ਼ਬਾ ਵਿਚਰਦਾ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰੂ ਖ਼ਾਲਸਾ ਪੰਥ ਦੇ ‘ਗੁਰੂ ਜਜ਼ਬੇ’ ਦੀ ਪ੍ਰਤੀਨਿਧਤਾ ਵੀ ਕਰਦੇ ਹਨ। ਉਹ ਸਰਬੱਤ ਦੇ ਭਲੇ, ਖ਼ਾਲਸਾ ਜੀ ਕੇ ਬੋਲ ਬਾਲਿਆਂ ਤੇ ਕੁਲ ਮਾਨਵ ਜਾਤੀ ਦੇ ਮੁੱਖ ਸਰੋਕਾਰਾਂ ਦੀ ਪੂਰਤੀ ਲਈ ਤੇ ਵਿਸ਼ਵ ਵਸ਼ਿਸ਼ਟਤਾ ਦੇ ਸਹਿਯੋਗ ਨਾਲ ਕਾਰਜ ਕਰਨ ਲਈ ਵਚਨਬੱਧ ਹਨ। ਅਕਾਲ ਤਖ਼ਤ ਸਾਹਿਬ ਨੇ ਗੁਰੂ ਸਾਹਿਬਾਨ ਵੱਲੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਦ੍ਰਿਸ਼ਟੀ ਨੂੰ ਇਸ ਦੇ ਪੂਰਨ ਜਜ਼ਬੇ ਅਨੁਸਾਰ ਵਿਸ਼ਵ ਵਿੱਚ ਪ੍ਰਕਾਸ਼ਿਤ ਕਰਨਾ ਹੈ। ਗੁਰੂ ਖ਼ਾਲਸਾ ਪੰਥ ਅਤੇ ਇਸ ਦੀਆਂ ਸੰਸਥਾਵਾਂ ਦੇ ਸਰਗਰਮ ਸਹਿਯੋਗ ਨਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸਮੁੱਚੀ ਤਖ਼ਤ ਜਥੇਬੰਦੀ ਨੇ ਆਪਣੀ ਪੰਥਕ ਵਚਨਬੱਧਤਾ, ਯੋਗਤਾ ਤੇ ਦਿਬ-ਦ੍ਰਿਸ਼ਟੀ ਅਨੁਸਾਰ ਇਸ ਦੇ ਉਪਰੋਕਤ ਅਧਿਕਾਰ ਖੇਤਰ ਦੀ ਵਰਤੋਂ ਕਰਨੀ ਹੈ।

ਜਦੋਂ ਵੀ ਕਿਸੇ ਜਥੇਦਾਰ ਨੂੰ ਉਨ੍ਹਾਂ ਦੇ ਕਾਰਜ ਤੋਂ ਪਹਿਲਾਂ ਸੇਵਾਮੁਕਤ ਕਰਨ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਪਹਿਲੀ ਹਾਲਤ ਵਿੱਚ ਉਨ੍ਹਾਂ ਨੂੰ ਆਪਣੇ ਆਪ ਅਸਤੀਫ਼ਾ ਦੇਣ ਲਈ ਪ੍ਰੇਰਿਆ ਜਾਵੇ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਕੀਤੀ ਗਈ ਨਿਯੁਕਤੀ ਵਾਂਗ ਖ਼ਾਲਸਾ ਸੰਗਤ ਦਾ ਸੈਸ਼ਨ ਬੁਲਾਏ। ਇਹ ਹਾਊਸ ਜਥੇਦਾਰ ਨੂੰ ਸੇਵਾ ਮੁਕਤ ਕਰਨ ਲਈ ਖੁੱਲ੍ਹੀ ਵਿਚਾਰ ਕਰੇ। ਇਹ ਹਾਊਸ ਇੱਕ ਪੰਜ ਮੈਂਬਰੀ ਮਹਾਂਦੋਸ਼ ਪੈਨਲ ਦਾ ਗਠਨ ਕਰੇ, ਜੋ ਸਬੰਧਿਤ ਜਥੇਦਾਰ ਸਾਹਿਬ ਉੱਤੇ ਮਹਾਂਦੋਸ਼ ਆਇਦ ਕਰੇ। ਜਥੇਦਾਰ ਸਾਹਿਬ ਇਸ ਮਹਾਂਦੋਸ਼ ਪੈਨਲ ਅੱਗੇ ਆਪਣੇ ਵਿਚਾਰ ਪੇਸ਼ ਕਰ ਸਕਦੇ ਹਨ। ਜਥੇਦਾਰ ਸਾਹਿਬ ਨੂੰ ਸੁਣਨ ਉਪਰੰਤ ਅਤੇ ਉਨ੍ਹਾਂ ਨੂੰ ਸੇਵਾਮੁਕਤ ਕਰਨ  ਸਬੰਧੀ ਫ਼ੈਸਲਾ ਹਾਜ਼ਰ ਮੈਂਬਰਾਂ ਦੀ ਸਰਬਸੰਮਤੀ ਜਾਂ ਦੋ ਤਿਹਾਈ ਮਤ ਨਾਲ ਕੀਤਾ ਜਾਵੇ। ਅਹੁਦੇ ਤੋਂ ਸੇਵਾਮੁਕਤ ਹੋਣ ਉਪਰੰਤ ਜਥੇਦਾਰ ਆਪਣੇ ਕਾਰਜ ਕਾਲ ਦੌਰਾਨ ਦੇ ਭੇਤਾਂ ਨੂੰ ਗੁਪਤ ਰੱਖਣ ਦੇ ਪਾਬੰਦ ਹੋਣਗੇ। ਉਹ ਸੇਵਾਮੁਕਤੀ ਉਪਰੰਤ ਕਿਸੇ ਹੋਰ ਸੰਸਥਾ ਜਾਂ ਜਥੇਬੰਦੀ ਦੇ ਕਿਸੇ ਵੀ ਅਹੁਦੇ ਉੱਤੇ ਕੰਮ ਨਹੀਂ ਕਰ ਸਕਣਗੇ।

ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੇ ਰਾਜ ਸਿੰਘਾਸਣ ਹਨ ਅਤੇ ਮਾਨਵ ਜਾਤੀ ਦੇ ਰਾਹ ਦਸੇਰਾ ਹਨ। ਇਸ ਤਖ਼ਤ ਦੀ ਮਹਾਨਤਾ ਅਤੇ ਭਵਿੱਖ ਵਿੱਚ ਨਿਭਾਈ ਜਾਣ ਵਾਲੀ ਭੂਮਿਕਾ ਦੇ ਸਨਮੁੱਖ ਸਿੱਖ ਪੰਥ ਦੀਆਂ ਜ਼ਿੰਮੇਵਾਰ ਸੰਸਥਾਵਾਂ ਨੂੰ ਆਪਸੀ ਸੰਵਾਦ ਅਤੇ ਇਕਸੁਰਤਾ ਵਿੱਚ ਆ ਕੇ ਸਿੱਖ ਪੰਥ ਦੀ ਸ਼ਕਤੀ ਅਤੇ ਵੱਡੀਆਂ ਮੰਜ਼ਿਲਾਂ ਨਿਭਾਉਣ ਪ੍ਰਥਾਇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਸਬੰਧੀ ਸਰਵ ਪ੍ਰਵਾਨਿਤ ਫ਼ੈਸਲੇ ਲੈਣ ਦਾ ਸਮਾਂ ਆ ਗਿਆ ਹੈ।

*ਡਾਇਰੈਕਟਰ, ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼, ਆਨੰਦਪੁਰ ਸਾਹਿਬ।
ਮੋਬਾਈਲ: 98725-91713