ਵਿਦਿਆਰਥੀਆਂ ਦੇ ਹੱਕ ਵਿੱਚ ਦਸ ਫ਼ਿਲਮਸਾਜ਼ਾਂ ਨੇ ਮੋੜੇ ਕੌਮੀ ਐਵਾਰਡ

0
205

ਵਿਦਿਆਰਥੀਆਂ ਦੇ ਹੱਕ ਵਿੱਚ ਦਸ ਫ਼ਿਲਮਸਾਜ਼ਾਂ ਨੇ ਮੋੜੇ ਕੌਮੀ ਐਵਾਰਡ

28 ਅਕਤੂਬਰ

ਐਫ਼ ਟੀ ਆਈ ਆਈ (ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ) ਦੇ ਚੇਅਰਮੈਨ ਵਜੋਂ ਗਜੇਂਦਰ ਚੌਹਾਨ ਦੀ ਨਿਯੁਕਤੀ ਰੱਦ ਕਰਨ ਦੀ ਆਪਣੀ ਮੰਗ ਸਬੰਧੀ ਕੇਂਦਰ ਸਰਕਾਰ ਵੱਲੋਂ ਟੱਸ ਤੋਂ ਮੱਸ ਨਾ ਹੋਣ ਕਾਰਨ ਅੱਜ ਆਖ਼ਰ ਇਸ ਅਦਾਰੇ ਦੇ ਵਿਦਿਆਰਥੀਆਂ ਨੇ ਹੀ ਆਪਣੀ 139 ਦਿਨ ਪੁਰਾਣੀ ਹੜਤਾਲ ਵਾਪਸ ਲੈ ਲਈ ਪਰ ਉਨ੍ਹਾਂ ਆਪਣਾ ਵਿਰੋਧ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਵਿਦਿਆਰਥੀਆਂ ਦੀ ਇਸ ਮੰਗ ਦੇ ਹੱਕ ਵਿੱਚ ਦਸ ਨਾਮੀ ਫ਼ਿਲਮਕਾਰਾਂ ਨੇ ਆਪਣੇ ਕੌਮੀ ਐਵਾਰਡ ਵਾਪਸ ਮੋੜ ਦਿੱਤੇ। ਉਨ੍ਹਾਂ ਦੇਸ਼ ਵਿੱਚ ਵਧ ਰਹੀ ਅਸਹਿਣਸ਼ੀਲਤਾ ਦਾ ਵਿਰੋਧ ਵੀ ਕੀਤਾ ਹੈ। ਇਨ੍ਹਾਂ ਵਿੱਚ ਦਿਵਾਕਰ ਬੈਨਰਜੀ ਤੇ ਆਨੰਦ ਪਟਵਰਧਨ ਸਣੇ ਵੱਖ-ਵੱਖ ਫਿਲਮਕਾਰ ਸ਼ਾਮਲ ਹਨ। ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਕਿਹਾ, ‘‘ਬਤੌਰ ਫ਼ਿਲਮਕਾਰ ਅਸੀਂ ਐਫ਼ ਟੀ ਆਈ ਆਈ ਵਿਦਿਆਰਥੀਆਂ ਦੇ ਨਾਲ ਖੜੇ ਹਾਂ ਤੇ ਅਸਹਿਣਸ਼ੀਲਤਾ ਦੇ ਮਾਹੌਲ ਪ੍ਰਤੀ ਸਰਕਾਰ ਦੀ ਢਿੱਲ-ਮੱਠ ਦਾ ਵੀ ਵਿਰੋਧ ਕਰਦੇ ਹਾਂ।’’  ਦੂਜੇ ਪਾਸੇ ਵਿਦਿਆਰਥੀਆਂ ਦੇ ਆਗੂਆਂ ਨੇ ਪੁਣੇ ਵਿੱਚ ਦੱਸਿਆ, ‘‘ਅਸੀਂ ਸਰਬਸੰਮਤੀ ਨਾਲ ਹੜਤਾਲ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ ਤੇ ਵਿਦਿਆਰਥੀ ਆਪਣੀ ਪੜ੍ਹਾਈ ਸ਼ੁਰੂ ਕਰ ਦੇਣਗੇ। ਪਰ ਅਸੀਂ ਵਿਰੋਧ ਜਾਰੀ ਰੱਖਾਂਗੇ ਤੇ ਆਪਣੀ ਲੜਾਈ ਅੱਗੇ ਲਿਜਾਵਾਂਗੇ।’’