ਰੂੜ੍ਹੀਵਾਦੀ ਸੋਚ ਹੀ ਕਿਉਂ ਹਿੰਸਕ ਹੁੰਦੀ ਹੈ ?

1
423

ਰੂੜ੍ਹੀਵਾਦੀ ਸੋਚ ਹੀ ਕਿਉਂ ਹਿੰਸਕ ਹੁੰਦੀ ਹੈ ?

ਗਿਆਨੀ ਅਵਤਾਰ ਸਿੰਘ

ਅਮਰੀਕਾ ਵਰਗੇ ਵਿਕਸਿਤ ਦੇਸ਼ ਦੇ ਰਾਸ਼ਟਰਪਤੀ ਚੁਣਾਵ ਦੇ ਨਤੀਜੇ ਘੋਸ਼ਤ ਹੋਣ ਤੋਂ 2 ਦਿਨ ਪਹਿਲਾਂ; 6 ਜਨਵਰੀ 2021 ਨੂੰ ਜਦ ਡੌਨਲਡ ਟਰੰਪ ਹਾਰਦੇ ਪ੍ਰਤੀਤ ਹੋਏ ਤਾਂ ਉਸ ਦੀ ਰੂੜ੍ਹੀਵਾਦੀ ਰਿਪਬਲਿਕਨ ਪਾਰਟੀ ਦੇ ਸਮਰਥਕਾਂ ਨੇ ਵਾਸ਼ਿੰਗਟਨ ’ਚ ਵ੍ਵਾਈਟ ਹਾਊਸ ’ਤੇ ਹੀ ਕਬਜ਼ਾ ਕਰ ਲਿਆ ਸੀ।  ਭਾਰਤੀ ਜਨਤਾ ਪਾਰਟੀ ਵੀ ਰੂੜ੍ਹੀਵਾਦੀ ਸੋਚ ’ਚੋਂ ਉਪਜੀ ਪਾਰਟੀ ਹੈ। ਜੇਕਰ 2024 ’ਚ ਮੋਦੀ ਨੂੰ ਥੋੜ੍ਹੇ ਜਿਹੇ ਅੰਤਰ ਨਾਲ਼ ਹਰਾ ਕੇ ਕੇਂਦਰ ’ਚ ਕਿਸੇ ਹੋਰ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਭਾਰਤ ’ਚ ਵੀ ਅਮਰੀਕਾ ਵਰਗੇ ਹਾਲਾਤ ਬਣਨ ਦੀ ਸੰਭਾਵਨਾ ਹੈ। ਬਦਲਾਅ ਦੇ ਨਾਂ ’ਤੇ ਪੰਜਾਬ ਅਤੇ ਦਿੱਲੀ ’ਚ ਆਈ ਆਮ ਆਦਮੀ ਪਾਰਟੀ ਨੇ ਜੇਕਰ ਵੱਡੇ ਅੰਤਰ ਨਾਲ਼ ਜਿੱਤ ਹਾਸਲ ਨਾ ਕੀਤੀ ਹੁੰਦੀ ਤਾਂ ਇਹ ਦੋਵੇਂ ਸਰਕਾਰਾਂ; ਰੂੜ੍ਹੀਵਾਦੀਆਂ ਨੇ ਬਰਖ਼ਾਸਤ ਕਰ ਦਿੱਤੀਆਂ ਹੁੰਦੀਆਂ। ਸਿੱਖੀ ਸਰੂਪ ’ਚ ਵਿਚਰਦੇ ਸੰਤ ਸਮਾਜ ਦਾ ਵੀ ਰੂੜ੍ਹੀਵਾਦੀ ਪਿਛੋਕੜ ਹੈ ਤਾਹੀਓਂ ਕਿਸੇ ਸਿੱਖ ਦੇ ਮੂੰਹੋਂ ਗੁਰਮਤਿ ਦੀ ਨਵੀਂ ਗੱਲ ਸੁਣਨ ’ਤੇ ਜ਼ਬਾਨੀ ਤੇ ਹਥਿਆਰਾਂ ਨਾਲ਼ ਇਹ ਲੋਕ ਹਮਲੇ ਕਰਦੇ ਹਨ; ਜਿਵੇਂ ਕਿ ਮਈ 2016 ’ਚ ਇੱਕ ਸਿੱਖ ਪ੍ਰਚਾਰਕ ’ਤੇ ਹਥਿਆਰਾਂ ਨਾਲ਼ ਹਮਲਾ ਕਰ ਉਸ ਦਾ ਇੱਕ ਸਾਥੀ (ਭਾਈ ਭੁਪਿੰਦਰ ਸਿੰਘ) ਮਾਰ ਦਿੱਤਾ ਸੀ। ਹੁਣ ਵੀ ਉਸ ਨੂੰ ਮਾਝੇ ’ਚ ਕਥਾ ਕਰਨ ਨਹੀਂ ਦਿੱਤੀ ਜਾਂਦੀ। ਕਈ ਗੁਰਮਤਿ ਪ੍ਰਚਾਰਕਾਂ ਦੀਆਂ ਦਸਤਾਰਾਂ ਉਤਾਰੀਆਂ ਗਈਆਂ। ਪਿਛਲੇ ਦਿਨੀਂ ਗੁਰੂ ਗ੍ਰੰਥ ਸਾਹਿਬ ਨੂੰ ਢਾਲ਼ ਬਣਾ ਕੇ ਅਜਨਾਲਾ ਪੁਲਿਸ ਚੌਂਕੀ ’ਤੇ ਵੀ ਹਮਲਾ ਕੀਤਾ, ਜੋ ਗੁਰੂ ਸਾਹਿਬ ਦਾ ਘੋਰ ਨਿਰਾਦਰ ਹੈ, ਆਦਿ।

ਰੂੜ੍ਹੀਵਾਦੀ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ਤੇ ਕੌਮ; ਸਾਡੀ ਵਜ੍ਹਾ ਨਾਲ਼ ਸੁਰੱਖਿਅਤ ਹਨ ਯਾਨੀ ਇਨ੍ਹਾਂ ਨਾਲ਼ ਅਸਹਿਮਤੀ ਪ੍ਰਗਟ ਕਰਨ ਵਾਲ਼ਿਆਂ ਦਾ ਦੇਸ਼ ਪ੍ਰਤੀ ਅਤੇ ਕੌਮ ਪ੍ਰਤੀ ਪਿਆਰ; ਇਨ੍ਹਾਂ ਦੀਆਂ ਨਜ਼ਰਾਂ ’ਚ ਕੋਈ ਮਾਅਨਾ ਨਹੀਂ ਰੱਖਦਾ। ਹਰ ਜਗ੍ਹਾ ਰੂੜ੍ਹੀਵਾਦੀ ਲੋਕ ਵੱਧ ਅਤੇ ਬਦਲਾਅ ਪਸੰਦ ਲੋਕ ਘੱਟ ਹੁੰਦੇ ਹਨ। ਇਸ ਨੂੰ ਧਿਆਨ ’ਚ ਰੱਖਦਿਆਂ ਟਰੰਪ ਅਤੇ ਮੋਦੀ ਸਰਕਾਰ ਨੇ ਪਰਵਾਸੀਆਂ ਲਈ ਸਖ਼ਤ ਕਨੂੰਨ ਬਣਾਏ ਕਿਉਂਕਿ ਰੂੜ੍ਹੀਵਾਦੀ ਲੋਕ; ਅਲੱਗ ਵਿਚਾਰਾਂ ਤੇ ਪਰਵਾਸੀਆਂ ਨਾਲ਼ ਨਫ਼ਰਤ ਰੱਖਦੇ ਹਨ। ਪੰਜਾਬ ’ਚ ਵੀ ਪਰਵਾਸੀਆਂ ’ਤੇ ਹਮਲੇ ਹੁੰਦੇ ਰਹੇ ਹਨ ਭਾਵੇਂ ਕਿ ਗੁਰਬਾਣੀ; ਨਫ਼ਰਤ ਕਰਨ ਵਿਰੁਧ ਹੈ ਕਿਉਂਕਿ ਸਾਰਿਆਂ ਅੰਦਰ ਅਕਾਲ ਪੁਰਖ ਵੱਸਦਾ ਹੈ ‘‘ਸਭੁ ਗੋਬਿੰਦੁ ਹੈ; ਸਭੁ ਗੋਬਿੰਦੁ ਹੈ; ਗੋਬਿੰਦ ਬਿਨੁ ਨਹੀ ਕੋਈ ’’ (ਭਗਤ ਨਾਮਦੇਵ/੪੮੫), ਪਰਵਾਸੀ ਬਣਨ ਦੇ ਦੋ ਕਾਰਨ ਹੁੰਦੇ ਹਨ (1). ਮਜਬੂਰੀ (2). ਬਹੁਤੀ ਲਾਲਸਾ। ਬਿਹਾਰੀਆਂ ਦਾ ਪੰਜਾਬ ’ਚ ਆਉਣਾ ਮਜਬੂਰੀ ਹੈ ਜਦਕਿ ਪੰਜਾਬੀਆਂ ਦਾ ਪੰਜਾਬ ਨੂੰ ਛੱਡਣਾ; ਵੱਡੀ ਚਾਹਤ ਹੈ ਯਾਨੀ ਬਹੁਤੇ ਪੰਜਾਬੀ ਲੋਕ; ਬਿਹਾਰੀਆਂ ਵਾਙ ਭੁੱਖੇ ਮਰਦੇ ਪਰਵਾਸੀ ਨਹੀਂ ਬਣੇ ਹਨ।

ਪਾਣੀ ਨਾਲ਼ ਅੱਧੇ ਭਰੇ ਗਲਾਸ ਨੂੰ ਵੇਖ ਕੇ ਜੇ ਇੱਕ ਬੰਦਾ ਕਹੇ ਕਿ ਗਲਾਸ ਅੱਧਾ ਭਰਿਆ ਹੈ ਤੇ ਦੂਜਾ ਕਹੇ ਅੱਧਾ ਖ਼ਾਲੀ ਹੈ ਤਾਂ ਭਾਵੇਂ ਇਹ ਦੋਹੇਂ ਗੱਲਾਂ ਸਹੀ ਜਾਪਣ, ਪਰ ਐਸਾ ਕਹਿਣ ਪਿੱਛੇ ਮਨੋਰਥ ਭਿੰਨ ਭਿੰਨ ਹੁੰਦਾ ਹੈ। ਗਲਾਸ ਨੂੰ ਅੱਧਾ ਭਰਿਆ ਵੇਖਣ ਵਾਲ਼ਾ; ਜ਼ਰੂਰੀ ਨਹੀਂ ਕਿ ਅੱਧਾ ਖ਼ਾਲੀ ਗਲਾਸ ਹੋਣ ਬਾਰੇ ਚਿੰਤਤ ਹੋਵੇ ਜਾਂ ਉਸ ਨੂੰ ਭਰਨ ਬਾਰੇ ਸੋਚਦਾ ਹੋਵੇ, ਪਰ ਅੱਧਾ ਖ਼ਾਲੀ ਵੇਖਣ ਵਾਲ਼ਾ; ਉਸ ਦੇ ਖ਼ਾਲੀਪਣ ਤੋਂ ਚਿੰਤਤ ਰਹਿੰਦਾ ਹੈ। ਮੰਨ ਲਓ ਕਿ ਪੂਰਾ ਭਰਿਆ ਗਲਾਸ; 10ਵੀਂ ਤੱਕ ਦੀ ਵਿੱਦਿਆ ਹੈ। ਅੱਧੇ ਭਰੇ ਗਲਾਸ ਨੂੰ ਤੱਕਣ ਵਾਲ਼ਾ; ਪੰਜਵੀਂ ਤੱਕ ਦੀ ਵਿੱਦਿਆ ਤੋਂ ਜਾਣੂ ਹੈ ਤੇ ਅੱਧਾ ਖ਼ਾਲੀ ਵੇਖਣ ਵਾਲ਼ਾ; 10ਵੀਂ ਤੱਕ ਦੀ ਵਿੱਦਿਆ ਵੱਲ ਧਿਆਨ ਲੈ ਜਾਣਾ ਚਾਹੁੰਦਾ ਹੈ। ਗੁਰਬਾਣੀ ਦੇ ਵੀ ਇਹੀ ਬਚਨ ਹਨ ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਮੁਹਡੜਾ ’’ (ਮਹਲਾ /੧੦੯੬) ਅਰਥ : ਹੇ ਮਨੁੱਖ! ਸਦਾ ਅਗਾਂਹ ਦੀ ਸੋਚ, ਪਿਛਾਂਹ ਕਦਮ ਨਾ ਰੋਕ।

ਅੱਧਾ ਭਰਿਆ ਗਲਾਸ ਵੇਖ ਸੰਤੁਸ਼ਟ ਹੋਣ ਵਾਲ਼ਾ; ਖਾਲੀਪਣ ਨੂੰ ਭਰਨ ਦੇ ਸਮਰੱਥ ਨਹੀਂ ਹੁੰਦਾ। ਹਰ ਦਿਨ ਵਾਪਰਦੇ ਮਾਲਕ ਦੇ ਨਵੇਂ ਰੂਪ ਨੂੰ ਵੀ ਉਹ ਨਹੀਂ ਪਹਿਚਾਨ ਸਕਦਾ, ਜਿਸ ਬਾਰੇ ਬਚਨ ਹਨ ‘‘ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ ਰਹਾਉ ’’ (ਮਹਲਾ /੬੬੦) ਜੇ ਇਕੱਠ ’ਚ ਕੋਈ ਬੰਦਾ ਗਲਾਸ ਦੇ ਖ਼ਾਲੀਪਣ ਵੱਲ ਧਿਆਨ ਕਰਾਉਣ ਲਈ ਕੋਈ ਸੁਝਾਅ ਦੇਵੇ ਤੇ ਦੂਜਾ ਕਹਿ ਦੇਵੇ ਕਿ ਅੱਧਾ ਗਲਾਸ ਭਰਿਆ ਵੀ ਹੈ ਤਾਂ ਐਸੇ ਬੰਦੇ; ਆਉਣ ਵਾਲ਼ੀਆਂ ਚੁਣੌਤੀਆਂ ਲਈ ਕਦੇ ਤਿਆਰ ਨਹੀਂ ਹੋ ਸਕਦੇ।

ਘੱਟ ਪੜ੍ਹਿਆ ਪੇਂਡੂ ਬੰਦਾ; ਪਿੰਡ ਦੀ ਸੱਥ ’ਚ ਅਕਸਰ ਕੋਈ ਨਵੀਂ ਗੱਲ ਸੁਣਾਉਂਦਾ ਹੁੰਦਾ ਸੀ। ਨਗਰ ਨਿਵਾਸੀ ਵੀ ਉਸ ਦੀ ਸਮਝ ਤੋਂ ਪ੍ਰਭਾਵਤ ਸਨ। ਇੱਕ ਦਿਨ ਉਸ ਨੇ ਕਿਹਾ ਕਿ ਸੂਰਜ; ਇੱਕ ਥਾਂ ਸਥਿਰ ਹੈ ਤੇ ਧਰਤੀ; ਉਸ ਦੇ ਦੁਆਲੇ ਘੁੰਮਦੀ ਹੈ। ਅਚਾਨਕ ਉਸ ਦਿਨ ਓਥੇ ਸ਼ਹਰ ’ਚੋਂ ਆਇਆ ਇੱਕ ਖਗੋਲ ਵਿਗਿਆਨ ਤੋਂ ਜਾਣੂ ਬੰਦਾ ਸੀ, ਉਸ ਨੇ ਕਿਹਾ ਕਿ ਇਹ ਬਿਲਕੁਲ ਗ਼ਲਤ ਹੈ। ਸਚਾਈ ਇਹ ਹੈ ਕਿ ਧਰਤੀ ਆਪਣੇ ਧੁਰੇ ਦੁਆਲੇ ਮਾਤਰ 465.10 ਮੀਟਰ ਪ੍ਰਤੀ ਸਕਿੰਟ (1674.4 ਕਿਲੋਮੀਟਰ ਪ੍ਰਤੀ ਘੰਟਾ) ਘੁੰਮਦੀ ਹੈ ਜਦਕਿ ਸੂਰਜ ਆਪਣੇ ਧੁਰੇ ਦੁਆਲੇ 1.9 ਕਿਲੋਮੀਟਰ ਪ੍ਰਤੀ ਸਕਿੰਟ (6875 ਕਿਲੋਮੀਟਰ ਪ੍ਰਤੀ ਘੰਟਾ) ਘੁੰਮਦਾ ਹੈ ਯਾਨੀ ਕਿ ਧਰਤੀ ਤੋਂ 4.1 ਗੁਣਾਂ ਤੇਜ਼। ਧਰਤੀ ਦੀ ਸੂਰਜ ਦੁਆਲੇ ਘੁੰਮਣ ਦੀ ਗਤੀ ਵੀ ਮਾਤਰ 29.78 ਕਿਲੋਮੀਟਰ ਪ੍ਰਤੀ ਸਕਿੰਟ (1,07,208 ਕਿਲੋਮੀਟਰ ਪ੍ਰਤੀ ਘੰਟਾ) ਹੈ ਜਦਕਿ ਸਾਡਾ ਸੂਰਜ ਮੰਡਲ; ਮਿਲਕੀ ਵੇ ਗਲੈਕਸੀ ਦੇ ਕੇਂਦਰ ਦੁਆਲੇ 230 ਕਿਲੋਮੀਟਰ ਪ੍ਰਤੀ ਸਕਿੰਟ (8,28,000 ਕਿਲੋਮੀਟਰ ਪ੍ਰਤੀ ਘੰਟਾ) ਘੁੰਮ ਰਿਹਾ ਹੈ ਯਾਨੀ ਕਿ ਧਰਤੀ ਦੇ ਘੁੰਮਣ ਦੀ ਗਤੀ ਤੋਂ 7.72 ਗੁਣਾਂ ਤੇਜ਼। ਐਨੀ ਗਤੀ ਨਾਲ਼ ਜੇਕਰ ਕੋਈ ਧਰਤੀ ’ਤੇ ਚੱਲੇ ਤਾਂ ਉਹ 2 ਮਿੰਟ 54 ਸਕਿੰਟ ’ਚ ਪੂਰੀ ਧਰਤੀ ਦਾ ਚੱਕਰ ਲਾ ਸਕਦਾ ਹੈ, ਜਿਸ ਦਾ ਘੇਰਾ 40,075 ਕਿਲੋਮੀਟਰ ਹੈ। ਜੇਕਰ ਅਕਾਸ਼ਗੰਗਾ ਦੇ ਹੋਰ ਅੰਦਰ ਵੱਲ ਨੂੰ ਵੇਖੀਏ ਤਾਂ ਮਿਲਕੀ ਵੇ ਗਲੈਕਸੀ; ਬ੍ਰਹਿਮੰਡ ਦੇ ਕੇਂਦਰ ਦੁਆਲੇ 600 ਕਿਲੋਮੀਟਰ ਪ੍ਰਤੀ ਸਕਿੰਡ [21,60,000 ਕਿਲੋਮੀਟਰ ਪ੍ਰਤੀ ਘੰਟਾ, ਜੋ ਕਿ ਰੌਸ਼ਨੀ ਦੀ ਗਤੀ (3 ਲੱਖ ਕਿਲੋਮੀਟਰ ਪ੍ਰਤੀ ਸਕਿੰਡ) ਤੋਂ 7.2 ਗੁਣਾਂ ਤੇਜ਼ ਹੈ] ਨਾਲ਼ ਚੱਕਰ ਲਗਾ ਰਹੀ ਹੈ ਯਾਨੀ ਜਿਉਂ ਜਿਉਂ ਬ੍ਰਹਿਮੰਡ ਦੇ ਅੰਦਰ ਵੱਲ ਨੂੰ ਜਾਈਏ ਤਾਂ ਤਾਰਿਆਂ ਦੀ ਗਤੀ ਵਧਦੀ ਜਾਂਦੀ  ਹੈ। ਇਸ ਗਤੀ ਨੂੰ ਨਿਰੰਤਰ ਬਣਾਏ ਰੱਖਣ ਲਈ ਹਰ ਤਾਰੇ ਦਾ ਅੰਦਰ ਨੂੰ ਝੁਕਾਅ ਹੋਣਾ, ਜ਼ਰੂਰੀ ਹੈ; ਜਿਵੇਂ ਮੋਟਰਸਾਈਕਲ ਦੀ ਜਿੰਨੀ ਵੱਧ ਸਪੀਡ ਹੋਏਗੀ ਓਨਾ ਹੀ ਮੋੜਨ ਸਮੇਂ ਉਸ ਨੂੰ ਵੱਧ ਟੇਢਾ ਕਰਨਾ ਪੈਂਦਾ ਹੈ; ਵੈਸੇ ਧਰਤੀ ਜਦ ਆਪਣੇ ਕੇਂਦਰ (ਸੂਰਜ) ਦੁਆਲੇ ਘੁੰਮਦੀ ਹੈ ਤਾਂ 23.5 ਡਿਗਰੀ ਅੰਦਰ ਨੂੰ ਝੁਕੀ ਹੁੰਦੀ ਹੈ ਤੇ ਮਿਲਕੀ ਵੇ ਗਲੈਕਸੀ ਦੀ ਰਫ਼ਤਾਰ ਵੱਧ ਹੋਣ ਕਾਰਨ ਉਹ ਆਪਣੇ ਕੇਂਦਰ ਵੱਲ 60 ਡਿਗਰੀ ਝੁਕੀ ਹੁੰਦੀ ਹੈ।

ਜ਼ਰਾ ਸੋਚੋ ਕਿ ਜੇ ਮਿਲਕੀ ਵੇ ਗਲੈਕਸੀ ਦੀ ਗਤੀ 600 ਕਿਲੋਮੀਟਰ ਪ੍ਰਤੀ ਸਕਿੰਟ ਹੈ ਤਾਂ ਹੀ ਉਸ ਦੇ ਪ੍ਰਭਾਵ ਨਾਲ਼ ਘੁੰਮਦੇ ਸੂਰਜ ਮੰਡਲ ਦੀ ਗਤੀ ਘਟ ਕੇ 230 ਕਿਲੋਮੀਟਰ ਪ੍ਰਤੀ ਸਕਿੰਟ ਰਹੀ ਅਤੇ ਅਗਾਂਹ ਸੂਰਜ ਦੇ ਪ੍ਰਭਾਵ ਨਾਲ਼ ਘੁੰਮਦੀ ਧਰਤੀ ਦੀ ਗਤੀ ਹੋਰ ਘਟ ਕੇ 29.78 ਕਿਲੋਮੀਟਰ ਪ੍ਰਤੀ ਸਕਿੰਟ ਰਹਿ ਗਈ, ਪਰ ਤੁਸੀਂ ਬਿਲਕੁਲ ਉਲ਼ਟ ਕਿਹਾ ਕਿ ਧਰਤੀ ਘੁੰਮਦੀ ਹੈ ਤੇ ਸੂਰਜ ਸਥਿਰ ਹੈ ਭਾਵੇਂ ਕਿ ਗੁਰੂ ਸਾਹਿਬਾਨ ਵੀ ਖਗੋਲ ਵਿਗਿਆਨ ਵਾਙ ਹੀ ਕਹਿ ਰਹੇ ਹਨ; ਜਿਵੇਂ ਕਿ ‘‘ਦਿਨ ਰਵਿ ਚਲੈ; ਨਿਸਿ ਸਸਿ ਚਲੈ; ਤਾਰਿਕਾ ਲਖ ਪਲੋਇ   ਮੁਕਾਮੁ ਓਹੀ ਏਕੁ ਹੈ; ਨਾਨਕਾ ! ਸਚੁ ਬੁਗੋਇ ’’ (ਮਹਲਾ /੬੪) ਅਰਥ : ਗੁਰੂ ਨਾਨਕ ਸਾਹਿਬ ਅਸਲ ਸੱਚ ਬਿਆਨ ਕਰਦੇ ਹਨ ਕਿ ਦਿਨ ਅਤੇ ਰਾਤ ਬਦਲ ਰਹੇ ਹਨ ਭਾਵ ਸਥਿਰ ਨਹੀਂ। ਚੰਦ, ਸੂਰਜ ਆਦਿਕ ਵੀ ਚੱਲਦਾ/ਘੁੰਮਦਾ ਪਿਆ ਹੈ। ਲੱਖਾਂ ਤਾਰੇ ਵੀ ਚੱਲਦੇ/ਘੁੰਮਦੇ ਹਨ, ਨਾਸ ਹੁੰਦੇ ਹਨ। ਕੇਵਲ ਇੱਕ ਉਹ ਅਕਾਲ ਪੁਰਖ ਹੀ ਸਥਿਰ ਹੈ ਤਾਹੀਓਂ ਕਦੇ ਨਾਸ ਨਹੀਂ ਹੁੰਦਾ।

ਤੱਥਾਂ ਆਧਾਰਿਤ ਬਿਆਨ ਕੀਤੀ ਇਹ ਸਚਾਈ ਸੁਣਨ ਦੇ ਬਾਵਜੂਦ ਵੀ ਪੇਂਡੂ ਲੋਕਾਂ ਨੇ ਆਪਣੇ ਬੰਦੇ ਦੀ ਗੱਲ ਨੂੰ ਹੀ ਸਹੀ ਮੰਨਿਆ ਕਿਉਂਕਿ ਪੀੜੀ ਦਰ ਪੀੜੀ ਉਨ੍ਹਾਂ ਨੇ ਇਹੀ ਝੂਠ ਸੁਣਿਆ ਸੀ।

ਇੱਕ ਸਿੱਖ ਭਾਵੇਂ ਪੜ੍ਹਾਈ ’ਚ ਮਾਸਟਰ ਡਿਗਰੀ ਹਾਸਲ ਕਰ ਲਵੇ, ਫਿਰ ਵੀ ਉਸ ਨੂੰ ਸਿੱਖਿਆਰਥੀ ਬਣੇ ਰਹਿਣ ਲਈ ਹੋਰ ਹੋਰ ਵਿੱਦਿਆ ਗ੍ਰਹਿਣ ਕਰਨੀ ਪੈਣੀ ਹੈ। ਜਦੋਂ ਹੀ ਹੋਰ ਸਿੱਖਣ ਦੀ ਭਾਵਨਾ ਰੁਕੀ/ਮਰੀ, ਉਹ ਰੂੜ੍ਹਵਾਦੀ ਬਣ ਜਾਂਦਾ ਹੈ ਤੇ ਹੋਰ ਹੋਰ ਗਿਆਨ ਪ੍ਰਾਪਤ ਕਰ ਬਦਲਾਅ ਪਸੰਦ ਲੋਕਾਂ ਨਾਲ਼ ਨਫ਼ਰਤ ਕਰਨਾ ਸ਼ੁਰੂ ਕਰ ਦਿੰਦਾ ਹੈ। ਮਿਸਾਲ ਵਜੋਂ ਜੇਕਰ ਘਰ ’ਚ ਪਤਨੀ ਨੂੰ ਹਰ ਤਰ੍ਹਾਂ ਦੀ ਸਬਜ਼ੀ ਤੇ ਹਰ ਤਰ੍ਹਾਂ ਦੀ ਦਾਲ਼ ਪਸੰਦ ਹੈ, ਪਰ ਪਤੀ ਨੂੰ ਦੋ ਚਾਰ ਕੁ ਸਬਜ਼ੀਆਂ/ਦਾਲ਼ਾਂ ਪਸੰਦ ਹਨ ਤਾਂ ਘਰ ’ਚ ਹਰ ਤਰ੍ਹਾਂ ਦੀ ਦਾਲ਼/ਸਬਜ਼ੀ ਬਣਨ ’ਤੇ ਪਤੀ ਕ੍ਰੋਧਿਤ ਹੋਏਗਾ, ਨਾ ਕਿ ਪਤਨੀ। ਸੋ ਰੁਕਿਆ ਗਿਆਨ ਅਤੇ ਰੁਕਿਆ ਸੁਆਦ; ਮਨੁੱਖ ਨੂੰ ਹਿੰਸਕ ਬਣਾਉਂਦੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਰੂੜ੍ਹੀਵਾਦੀ ਸੋਚ ਨੂੰ ਪਰਣਾਏ ਲੋਕ; ਗੁਰਮਤਿ ਪ੍ਰਚਾਰਕਾਂ ਦੇ ਵਿਰੋਧ ਨੂੰ ਸ਼ਾਂਤ ਕਰਨ ਲਈ ਅਕਸਰ ਕਹਿੰਦੇ ਰਹਿੰਦੇ ਹਨ ਕਿ ਆਓ ਬੈਠ ਕੇ ਵਿਵਾਦਿਤ ਮਸਲਿਆਂ ਦਾ ਹੱਲ ਲੱਭੀਏ, ਪਰ ਹੈਰਾਨੀ ਹੁੰਦੀ ਹੈ ਕਿ ਇਹ ਲੋਕ; ਜਦ ਸਿੱਖਾਂ ਦੀਆਂ ਸਾਰੀਆਂ ਜਥੇਬੰਦੀਆਂ ਦੁਆਰਾ 14 ਸਾਲ (ਸੰਨ 1931-1945) ਤੱਕ ਵਿਚਾਰ-ਵਟਾਂਦਰਾਂ ਕਰਨ ਉਪਰੰਤ ਲਾਗੂ ਕੀਤੀ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਲਈ ਤਿਆਰ ਨਹੀਂ ਤਾਂ ਹੋਰ ਮਸਲਿਆਂ ’ਤੇ ਦੋ ਚਾਰ ਕੁ ਦਿਨ ਵਿਚਾਰ-ਚਰਚਾ ਕਰਨ ਤੋਂ ਬਾਅਦ ਇਹ, ਕਿਹੜੇ ਦੂਰ ਅੰਦੇਸ਼ੀ ਫ਼ੈਸਲੇ ਲੈਣ ਲਈ ਤਿਆਰ ਹੋਣਗੇ ? ਸੋ ਇਨ੍ਹਾਂ ਨਾਲ਼ ਅਸਹਿਮਤੀ ਦਾ ਅਸਲ ਕਾਰਨ; ਕੋਈ ਮੁੱਦਾ ਨਹੀਂ ਬਲਕਿ ਮੁੱਦੇ ਨੂੰ ਨਾ ਪਕੜਨ ਵਾਲ਼ੀ ਇਨ੍ਹਾਂ ਦੀ ਅਯੋਗਤਾ ਹੈ; ਜਿਵੇਂ ਕਿ ਨਾਨਕਸ਼ਾਹੀ ਕੈਲੰਡਰ ਦੇ ਜਿੰਨੇ ਮਰਜ਼ੀ ਲਾਭ ਗਿਣਵਾਏ ਜਾਣ, ਇਨ੍ਹਾਂ ਨੇ ਨਹੀਂ ਸਮਝਣਾ। ਗੁਰੂ ਗ੍ਰੰਥ ਸਾਹਿਬ ’ਚ ਮੂਲ ਮੰਤਰ ਦਾ ਸੰਪੂਰਨ ਰੂਪ; 33 ਵਾਰ ਹੈ, ਫਿਰ ਵੀ ਇਹ ਲੋਕ ‘ਗੁਰ ਪ੍ਰਸਾਦਿ॥’ ਤੱਕ ਨਹੀਂ ‘‘ਨਾਨਕ ਹੋਸੀ ਭੀ ਸਚੁ ’’  ਤੱਕ ਮੰਨਦੇ ਹਨ। ਬਾਣੀਕਾਰਾਂ ਦੀ ਗਿਣਤੀ 35 ਦੀ ਥਾਂ 36 ਜਾਂ 37 ਮੰਨਦੇ ਹਨ। ਰਾਗਮਾਲਾ ਨੂੰ ਜਬਰਨ ਗੁਰਬਾਣੀ ਕਹਿੰਦੇ ਹਨ ਭਾਵੇਂ ਕਿ ਇਸ ਦੇ ਲਿਖਾਰੀ ਦਾ ਨਾਂ ਵੀ ਪਤਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ 1430 ਪੰਨਿਆਂ ਦਾ ਮੱਧ 715 ’ਤੇ ਹੈ, ਪਰ ਇਹ 705 ’ਤੇ ਮੱਧ ਦੀ ਅਰਦਾਸ ਕਰਦੇ ਹਨ ਭਾਵੇਂ ਕਿ ਇਸ ਤੁਕ ਦੇ ਅਰਥ ਵੀ ਇਉਂ ਹਨ ‘‘ਆਦਿ ਪੂਰਨ, ਮਧਿ ਪੂਰਨ; ਅੰਤਿ ਪੂਰਨ ਪਰਮੇਸੁਰਹ ’’ (ਮਹਲਾ /੭੦੫) ਅਰਥ : ਸ੍ਰਿਸ਼ਟੀ ਦੇ ਮੁੱਢ ਸਮੇਂ ਵੀ ਪਰਮੇਸ਼ਰ; ਸਰਬ ਵਿਆਪਕ ਸੀ। ਹੁਣ ਵੀ ਸਰਬ ਵਿਆਪਕ ਹੈ ਤੇ ਕਿਆਮਤ ਉਪਰੰਤ ਵੀ ਉਹ ਮੌਜੂਦ ਰਹੇਗਾ। ਸੋ ਗੁਰਬਾਣੀ ਦੇ ਮਨਮਤੀ ਅਰਥ ਕਰਨ ਅਤੇ ਸਿੱਖ ਇਤਿਹਾਸ ’ਚ ਕਾਲਪਨਿਕ ਸਾਖੀਆਂ ਸ਼ਾਮਲ ਕਰ ਇਹ ਵੀ ਕਹਿੰਦਾ ਹੈ ਕਿ ਸਾਡੇ ਵਾਲ਼ੀ ਮਰਿਆਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਚਲਾਈ ਹੈ। ਜੇਕਰ ਕੋਈ ਪ੍ਰਾਈਮਰੀ ਅਧਿਆਪਕ; ਪ੍ਰਾਈਮਰੀ ਸਕੂਲ ’ਚ ਸੇਵਾਵਾਂ ਦੇਵੇ ਤਾਂ ਕੋਈ ਇਤਰਾਜ਼ ਨਹੀਂ, ਪਰ ਜੇ ਉਹ ਕਹੇ ਕਿ ਮੇਰੀ ਯੋਗਤਾ ਹੀ ਸਰਬੋਤਮ ਮਾਸਟਰ ਡਿਗਰੀ ਹੈ ਤਾਂ ਜ਼ਰੂਰ ਚਿੰਤਾ ਦਾ ਵਿਸ਼ਾ ਹੈ।

ਸੰਤ ਸਮਾਜ; ਗੁਰਬਾਣੀ ’ਚ ਮਿਸਾਲ ਵਜੋਂ ਵਰਤੀਆਂ ਪ੍ਰਚਲਿਤ ਕਾਲਪਨਿਕ ਕਥਾ-ਕਹਾਣੀਆਂ ਨੂੰ ਵੀ ਗੁਰਬਾਣੀ ਸਮਝ ਕੇ ਗੁਰਮਤਿ ਦੀ ਵਿਲੱਖਣਤਾ ਨੂੰ ਮਿਟਾਉਂਦਾ ਆਇਆ ਹੈ; ਜਿਵੇਂ ਕਿ ਵਾਕ ਹੈ ‘‘ਭਗਤ ਹੇਤਿ ਮਾਰਿਓ ਹਰਨਾਖਸੁ; ਨਰਸਿੰਘ ਰੂਪ ਹੋਇ ਦੇਹ ਧਰਿਓ   ਨਾਮਾ ਕਹੈ ਭਗਤਿ ਬਸਿ ਕੇਸਵ; ਅਜਹੂੰ ਬਲਿ ਕੇ ਦੁਆਰ ਖਰੋ ’’ (ਭਗਤ ਨਾਮਦੇਵ/੧੧੦੫) ਅਰਥ : ਅਕਾਲ ਪੁਰਖ; ਆਪਣੇ ਭਗਤਾਂ ਦੀ ਸਦਾ ਰੱਖਿਆ ਕਰਦਾ ਹੈ; ਜਿਵੇਂ ਕਿ ਪ੍ਰਾਚੀਨ ਕਥਾ ਹੈ ਕਿ ਸਤਿਯੁਗ ’ਚ ਵਿਸ਼ਨੂੰ ਨੇ ਆਪਣੇ ਭਗਤ (ਪ੍ਰਹਿਲਾਦ) ਦੀ ਰੱਖਿਆ ਕਰਨ ਲਈ ਨਰਸਿੰਘ ਰੂਪ (ਅੱਧਾ ਸਰੀਰ ਮਨੁੱਖ ਦਾ, ਅੱਧਾ ਸ਼ੇਰ ਦਾ/ਇਹ ਵਿਸ਼ਨੂੰ ਦਾ ਚੌਥਾ ਅਵਤਾਰ ਹੈ) ਧਾਰ ਕੇ ਹਰਨਾਖਸ਼ ਨੂੰ ਮਾਰਿਆ। ਵਿਸ਼ਨੂੰ ਆਪਣੇ ਭਗਤਾਂ ਦੇ ਵੱਸ ’ਚ ਹੈ ਤਾਹੀਓਂ (ਪ੍ਰਹਿਲਾਦ ਦੇ ਪੋਤੇ) ਬਲਿ ਦਾ ਦ੍ਵਾਰਪਾਲ (ਬੂਹੇ ’ਤੇ ਰਖਵਾਲੀ ਕਰਨ ਵਾਲ਼ਾ) ਬਣ ਹੁਣ ਵੀ ਪਹਿਰਾ ਦੇ ਰਿਹਾ ਹੈ।

ਨੋਟ : ਰੂੜ੍ਹੀਵਾਦੀ ਪੰਡਿਤਾਂ ਦੁਆਰਾ ਰਚੀ ਇਸ ਮਨੋਕਲਪਿਤ ਕਹਾਣੀ ’ਚ ਪ੍ਰਹਿਲਾਦ ਦਾ ਪੋਤਾ ਤੇ ਵਿਰੋਚਨ ਦਾ ਪੁੱਤਰ ਸੀ ‘ਰਾਜਾ ਬਲਿ’, ਜੋ ਬੜਾ ਪ੍ਰਤਾਪੀ ਅਤੇ ਦਾਨੀ ਸੁਭਾਅ ਦਾ ਮਾਲਕ ਸੀ। ਇਸ ਨੇ ਇੰਦ੍ਰ ਨੂੰ ਜਿੱਤ ਕੇ ਤਿੰਨ ਲੋਕਾਂ (ਮਾਤ ਲੋਕ ਭਾਵ ਧਰਤੀ, ਪਾਤਾਲ ਲੋਕ ਤੇ ਸ੍ਵਰਗ ਲੋਕ) ’ਚ ਆਪਣਾ ਰਾਜ ਕਾਇਮ ਕਰ ਲਿਆ। ਇੰਦ੍ਰ ਅਤੇ ਹੋਰ ਦੇਵਤਿਆਂ ਨੇ ਵਿਸ਼ਨੂੰ ਤੋਂ ਮਦਦ ਮੰਗੀ। ਉਸ ਨੇ ਬੌਣਾ ਰੂਪ ਧਾਰ (ਭਾਵ ਬਲਿ ਦੇ ਦਾਨੀ ਸੁਭਾਅ ਦਾ ਨਾਜਾਇਜ਼ ਫ਼ਾਇਦਾ ਉਠਾਉਂਦਿਆਂ) ਕੁਟੀਆ ਬਣਾਉਣ ਲਈ ਢਾਈ ਕਦਮ ਥਾਂ ਮੰਗੀ।  ਰਾਜਾ ਬਲਿ ਨੇ ਢਾਈ ਕਦਮ ਨਾਪਣ ਲਈ ਕਿਹਾ। ਵਿਸ਼ਨੂੰ ਨੇ ਤੁਰੰਤ ਆਪਣਾ ਵਿਕਰਾਲ ਰੂਪ ਬਣਾ ਕੇ ਦੋ ਕਦਮਾਂ ’ਚ ਸਾਰੀ ਧਰਤੀ ਅਤੇ ਸਾਰਾ ਅਕਾਸ਼ ਮਿਣ ਲਿਆ ਤੇ ਤੀਸਰਾ ਅੱਧਾ ਕਦਮ; ਰਾਜਾ ਬਲਿ ਦੇ ਸਿਰ ’ਤੇ ਰੱਖ ਕੇ ਉਸ ਨੂੰ ਪਾਤਾਲ ’ਚ ਧੱਕ ਦਿੱਤਾ। ਜਦ ਵਿਸ਼ਨੂੰ ਪਾਤਾਲ ’ਚੋਂ ਮੁੜਨ ਲੱਗਾ ਤਾਂ ਬਲਿ ਨੇ ਉਸ ਨੂੰ ਕੁਟੀਆ ਬਣਾਉਣ ਵਾਲ਼ਾ ਵਾਅਦਾ ਚੇਤੇ ਕਰਾਇਆ, ਇਸ ਲਈ ਤਦ ਤੋਂ ਹੁਣ ਤੱਕ ਪਾਤਾਲ ’ਚ ਵਿਸ਼ਨੂੰ; ਰਾਜਾ ਬਲਿ ਦਾ ਦ੍ਵਾਰਪਾਲ ਬਣ ਪਹਿਰਾ ਦੇ ਰਿਹਾ ਹੈ।

ਗੁਰਬਾਣੀ ਦੇ ਉਕਤ ਵਾਕ ’ਚ ਵਿਸ਼ਨੂੰ ਦੁਆਰਾ ਰਾਜਾ ਪ੍ਰਹਿਲਾਦ ਅਤੇ ਰਾਜਾ ਬਲਿ ਦੀ ਰੱਖਿਆ ਕਰਨਾ; ਇੱਕ ਪੌਰਾਣਿਕ ਕਾਲਪਨਿਕ ਕਥਾ ਹੈ, ਜੋ ਮਿਸਾਲ ਮਾਤਰ ਹੈ, ਤਾਂ ਜੋ ਅਸਲ ਗੁਰਮਤਿ ਵਿਸ਼ਾ ਕਿ ਅਕਾਲ ਪੁਰਖ (ਜੋ ਸਰਬ ਵਿਆਪਕ ਹੈ) ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ, ਉਸ ਉੱਤੇ ਸਿੱਖਾਂ ਦਾ ਭਰੋਸਾ ਬਣੇ, ਨਾ ਕਿ ਇਹ ਪੌਰਾਣਿਕ ਕਥਾ ਸੱਚੀ ਹੈ, ਦੀ ਪੁਸ਼ਟੀ ਕੀਤੀ ਗਈ ਹੈ। ਕੀ ਛਲ-ਕਪਟ ਕਰਨ ਵਾਲ਼ਾ ਵਿਸ਼ਨੂੰ; ਗੁਰਬਾਣੀ ’ਚ ਬਿਆਨ ਕੀਤਾ ਅਕਾਲ ਪੁਰਖ ਹੋ ਸਕਦਾ ਹੈ ? ਜਵਾਬ ਹੈ : ਨਹੀਂ। ਇਸ ਸਚਾਈ ਤੋਂ ਬਾਅਦ ਭੀ ਰੂੜ੍ਹੀਵਾਦੀ ਸੰਤ ਸਮਾਜ; ਪੰਡਿਤਾਂ ਦੀ ਇਸ ਮਨਘੜਤ ਸਾਖੀ ਨੂੰ ਸੱਚੀ ਸਵੀਕਾਰਦਾ ਹੋਇਆ ਦੇਵਤਿਆਂ ਨੂੰ ਅਕਾਲ ਪੁਰਖ ਸਮਾਨ ਸਰਬ ਸ਼ਕਤੀਮਾਨ ਮੰਨਦਾ ਆ ਰਿਹਾ ਹੈ ਭਾਵੇਂ ਕਿ ਦੇਵਤਿਆਂ ਨੂੰ ਗੁਰੂ ਸਾਹਿਬਾਨ ਨੇ ਹਰ ਯੁੱਗ ’ਚ ਮਨੁੱਖਾਂ ਵਾਙ ਵਿਚਰੇ ਸਮਾਜਿਕ ਰਾਜੇ ਕਿਹਾ ਹੈ ਤੇ ਅਗਿਆਨੀ ਲੋਕ; ਇਨ੍ਹਾਂ ਨੂੰ ਵਿਸ਼ਨੂੰ ਦੇ ਅਵਤਾਰ ਮੰਨਦੇ ਸਨ/ਹਨ ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ’’ (ਮਹਲਾ /੪੨੩) ਗੁਰੂ ਸਾਹਿਬ ਇਹ ਵੀ ਸਮਝਾਉਂਦੇ ਹਨ ਕਿ ਜਿਸ ਮੂੰਹ ਨਾਲ਼ ਕਹਿੰਦੇ ਹਨ ਕਿ ਅਕਾਲ ਪੁਰਖ; ਜਨਮ ਲੈਂਦਾ ਹੈ, ਉਹ ਮੂੰਹ ਹੀ ਸੜ ਜਾਵੇ ‘‘ਸੋ ਮੁਖੁ ਜਲਉ; ਜਿਤੁ ਕਹਹਿ ਠਾਕੁਰੁ ਜੋਨੀ ’’ (ਮਹਲਾ /੧੧੩੬)

ਹਿੰਦੂ ਸਮਾਜ ’ਚ ਦੇਵਤਿਆਂ ਅਤੇ ਭਗਤਾਂ ਦੀ ਕੀਤੀ ਵਿਆਖਿਆ ਬੜੀ ਅਸਚਰਜ ਹੈ; ਜਿਵੇਂ ਕਿ ਈਰਾਨ, ਯੂਰਪ ਆਦਿ ਤੋਂ ਉੱਤਰ ਭਾਰਤ ’ਚ ਆ ਕੇ ਵਸੇ ਆਰੀਅਨ ਲੋਕਾਂ ਦੇ ਆਗੂਆਂ ਨੂੰ ‘ਇੰਦ੍ਰ, ਵਿਸ਼ਨੂੰ, ਸ਼ਿਵ, ਗਣੇਸ਼, ਬ੍ਰਹਮਾ, ਰਾਮ’ ਆਦਿਕ ਦੇਵਤੇ ਕਿਹਾ ਹੈ, ਪਰ ਭਾਰਤ ਦੇ ਮੂਲ ਨਿਵਾਸੀ, ਜੋ ਹੁਣ ਦੱਖਣ ਭਾਰਤ ’ਚ ਦਰਾਵੜਾਂ ਵਜੋਂ ਜਾਣੇ ਜਾਂਦੇ ਹਨ, ਉਨ੍ਹਾਂ ਦੁਆਰਾ ਆਰੀਅਨ ਲੋਕਾਂ ਨਾਲ਼ ਹਮਦਰਦੀ ਰੱਖਣ ਵਾਲ਼ੇ  ‘ਪ੍ਰਹਿਲਾਦ, ਬਲਿ, ਧਰੁਵ, ਹਨੂੰਮਾਨ’ ਆਦਿ ਨੂੰ ਭਗਤ ਕਿਹਾ ਹੈ। ਪੰਡਿਤਾਂ ਮੁਤਾਬਕ ਇਹ ਭਗਤ; ਆਰੀਅਨ ਰਾਜੇ (ਵਿਸ਼ਨੂੰ/ਰਾਮ ਵੀ ਵਿਸ਼ਨੂੰ ਦਾ 7ਵਾਂ ਅਵਤਾਰ ਹੈ) ਦੀ ਭਗਤੀ ਕਰਦੇ ਹਨ, ਜੋ ਕਿ ਇੰਦ੍ਰ ਦੇਵਤੇ ਦਾ ਛੋਟਾ ਭਰਾ ਸੀ। ਗੁਰਬਾਣੀ ਦਾ ਫ਼ੁਰਮਾਨ ਹੈ ਕਿ ਇਹ ਦੇਵਤੇ; ਕਿਸੇ ਨੂੰ ਵਿਕਾਰਾਂ ਤੋਂ ਮੁਕਤ ਨਹੀਂ ਕਰਾ ਸਕਦੇ।  ਪਾਵਨ ਬਚਨ ਹਨ ‘‘ਬਿਸਨ ਮਹੇਸ ਸਿਧ ਮੁਨਿ ਇੰਦ੍ਰਾ; ਕੈ ਦਰਿ ਸਰਨਿ ਪਰਉ   ਕਾਹੂ ਪਹਿ ਰਾਜੁ; ਕਾਹੂ ਪਹਿ ਸੁਰਗਾ; ਕੋਟਿ ਮਧੇ ਮੁਕਤਿ ਕਹਉ   ਕਹੁ ਨਾਨਕ ! ਨਾਮ ਰਸੁ ਪਾਈਐ; ਸਾਧੂ ਚਰਨ ਗਹਉ ’’ (ਮਹਲਾ /੧੩੨੨) ਅਰਥ : ਵਿਸ਼ਨੂੰ, ਸ਼ਿਵ, ਸਿੱਧ-ਜੋਗੀ, ਰਿਸ਼ੀ ਮੁਨੀ, ਇੰਦ੍ਰ ਆਦਿਕ ’ਚੋਂ ਕਿਸ ਦੇ ਦਰ ’ਤੇ ਜਾ ਕੇ ਸ਼ਰਨ ਲਵਾਂ (ਤਾਂ ਜੋ ਵਿਕਾਰ ਰਹਿਤ ਹੋ ਜਾਵਾਂ, ਇਨ੍ਹਾਂ ਵਿੱਚੋਂ) ਕੋਈ ਰਾਜ-ਭਾਗ, ਕੋਈ ਸ੍ਵਰਗ ਆਦਿ ਦੇਣ ਵਾਲ਼ਾ ਹੈ। ਕਰੋੜਾਂ ’ਚੋਂ ਕੋਈ ਵਿਰਲਾ ਹੈ, ਜਿਸ ਨੂੰ ਇਹ ਲਾਲਸਾ ਨਹੀਂ (ਭਾਵ ਅਕਸਰ ਲੋਕ; ਇਨ੍ਹਾਂ ਦੀ ਪੂਜਾ ਕਿਸੇ ਲਾਲਸਾ ਅਧੀਨ ਕਰਦੇ ਹਨ, ਨਾ ਕਿ ਵਿਕਾਰਾਂ ਤੋਂ ਮੁਕਤ ਹੋਣ ਲਈ)। ਹੇ ਨਾਨਕ! ਆਖ ਕਿ ਮੈਂ ਤਾਂ ਆਪਣੇ ਸਤਿਗੁਰੂ ਦੇ ਚਰਨਾਂ ਦਾ ਓਟ-ਆਸਰਾ ਲੈਂਦਾ ਹਾਂ। ਇਸੇ ਲਈ ਹਰੀ ਨਾਮ ਦਾ ਰਸ (ਵਿਕਾਰ ਰਹਿਤ ਹੋ ਕੇ) ਮਾਣਦਾ ਹਾਂ।

ਸੋ ਉਕਤ ਵਿਚਾਰ ਤੋਂ ਬਾਅਦ ਇਹ ਸਚਾਈ ਨਹੀਂ ਜਾਪਦੀ ਕਿ ਭਗਤ ਪ੍ਰਹਿਲਾਦ, ਭਗਤ ਧਰੁਵ, ਭਗਤ ਬਲਿ ਆਦਿ ਨੇ ਆਰੀਅਨ ਰਾਜੇ (ਵਿਸ਼ਨੂੰ) ਦੀ ਭਗਤੀ ਕੀਤੀ ਹੋਵੇਗੀ। ਪੰਡਿਤਾਂ ਦੀ ਚਤੁਰਾਈ ਨੇ ਇਤਿਹਾਸ ਹੀ ਐਸਾ ਰਚਿਆ, ਜਿਸ ਵਿੱਚ ਭਾਰਤ ਦੇ ਮੂਲ ਨਿਵਾਸੀ ਦਰਾਵੜ; ਭਗਤ ਹੀ ਰਹੇ ਜਾਂ ਦੈਂਤ/ਦਾਨਵ; ਜਿਵੇਂ ਕਿ ‘ਰਾਵਣ, ਹਰਨਾਖਸ਼’ ਆਦਿ ਜਦਕਿ ਆਰੀਅਨ ਰਾਜੇ; ਸਾਰੀ ਮਾਨਵਤਾ ਨੂੰ ਪੈਦਾ ਕਰਨ ਵਾਲ਼ੇ (ਬ੍ਰਹਮਾ), ਸਾਰਿਆਂ ਨੂੰ ਰਿਜ਼ਕ ਦੇਣ ਵਾਲ਼ੇ (ਵਿਸ਼ਨੂੰ), ਸਾਰਿਆਂ ਨੂੰ ਮਾਰਨ ਵਾਲ਼ੇ (ਸ਼ਿਵ), ਵਰਖਾ ਕਰਨ ਵਾਲ਼ੇ (ਇੰਦ੍ਰ) ਆਦਿ ਸਰਬ ਸ਼ਕਤੀਮਾਨ ਭਗਵਾਨ ਬਣਾ ਦਿੱਤੇ, ਨਾ ਕਿ ਕਿਸੇ ਦੇ ਭਗਤ। ਗੁਰਬਾਣੀ ਦੇ ਇਹ ਪ੍ਰਤੱਖ ਸਬੂਤ ਹੋਣ ਦੇ ਬਾਵਜੂਦ ਵੀ ਰੂੜ੍ਹੀਵਾਦੀ ਸੰਤ ਸਮਾਜ ਨੇ ਪੰਡਿਤਾਂ ਦੇ ਅਖੌਤੀ ਦੇਵਤਿਆਂ ਨੂੰ ਭਗਵਾਨ ਵਿਸ਼ਨੂੰ, ਭਗਵਾਨ ਸ਼ਿਵ, ਭਗਵਾਨ ਗਣੇਸ਼, ਆਦਿ ਕਹਿ ਕਹਿ ਕੇ ਗੁਰਬਾਣੀ ’ਚ ਬਿਆਨ ਕੀਤੀ ਅਕਾਲ ਪੁਰਖ ਦੀ ਅਲੌਕਿਕ ਤੇ ਵਿਲੱਖਣ ਵਿਆਖਿਆ ਨੂੰ ਵੀ ਕਾਲਪਨਿਕ ਜਿਹਾ ਬਣਾ ਦਿੱਤਾ ਕਿਉਂਕਿ ਜਿਸ ਨੇ ਮਨੁੱਖ ਅਤੇ ਸ਼ੇਰ ਦੇ ਸਰੀਰ ਵਾਲ਼ੇ ਨੂੰ ਨਰਸਿੰਘ ਭਗਵਾਨ, ਮਨੁੱਖ ਤੇ ਹਾਥੀ ਦੇ ਸਰੀਰ ਵਾਲ਼ੇ ਨੂੰ ਗਣੇਸ਼ ਭਗਵਾਨ, ਆਦਿ ਮੰਨ ਲਿਆ ਉਸ ਨੂੰ ਅਕਾਲ ਪੁਰਖ ਵੀ ਐਸਾ ਹੀ ਮਨੋਕਲਪਿਤ ਪ੍ਰਤੀਤ ਹੋਵੇਗਾ।

ਦਰਅਸਲ ਰੂੜ੍ਹੀਵਾਦੀ ਲੋਕ; ਸਦੀਆਂ ਤੋਂ ਕਿਸੇ ਨਾ ਕਿਸੇ ਰਾਜੇ ਨੂੰ ਮਹਾਨਤਾ ਦਿੰਦੇ ਆਏ ਹਨ ਤਾਹੀਓਂ ਅਜੋਕੀ ਲੋਕਤੰਤਰੀ ਪ੍ਰਣਾਲੀ ਨੂੰ ਖ਼ਤਮ ਕਰਨ ਲੱਗੇ ਹਨ। ਇਨ੍ਹਾਂ ਨੂੰ ਸਦੀਆਂ ਤੋਂ ਕਿਸੇ ਦੇਵਤੇ, ਬਾਦਸ਼ਾਹ, ਅਖੌਤੀ ਗੁਰੂ, ਅਖੌਤੀ ਸੰਤ ਜਾਂ ਅਖੌਤੀ ਬ੍ਰਹਮਗਿਆਨ ਦੇ ਮਗਰ ਸਿਰ ਝੁਕਾਅ ਕੇ ਚੱਲਣ ਦੀ ਆਦਤ ਹੈ। ਇਨ੍ਹਾਂ ਦੀ ਦਿਲੀ ਇੱਛਾ ਰਹਿੰਦੀ ਹੈ ਕਿ ਦੇਸ਼ ਦਾ ਰਾਜਾ; ਤਾਨਾਸ਼ਾਹ ਹੋਵੇ, ਜੋ ਲੋਕਾਂ ’ਤੇ ਸਖ਼ਤਾਈ ਕਰਦਾ ਰਹੇ; ਤਾਂ ਹੀ ਪੜ੍ਹੇ-ਲਿਖੇ ਬਦਲਾਅ ਪਸੰਦ ਲੋਕਾਂ ਦੇ ਸਾਮ੍ਹਣੇ ਇਨ੍ਹਾਂ ਦੀ ਹੋਂਦ ਬਚਦੀ ਹੈ।  ਦੇਸ਼ ਦੀ ਆਜ਼ਾਦੀ ਸਮੇਂ ਪੰਡਿਤਾਂ (RSS) ਨੇ ਅੰਗਰੇਜ਼ਾਂ ਦਾ ਸਾਥ ਦਿੱਤਾ। ਅੱਜ ਵੀ ਨਰਿੰਦਰ ਦਾਮੋਦਰ ਦਾਸ ਮੋਦੀ ਦੇ ਅੰਧ ਭਗਤ ਬਣ ਕੇ ਸਮਰਥਨ ਕਰ ਰਹੇ ਹਨ ਭਾਵੇਂ ਕਿ ਉਸ ਨੇ ਸੰਵਿਧਾਨਿਕ ਸੰਸਥਾਵਾਂ ਦੀ ਸੁਤੰਤਰਤਾ ਖ਼ਤਮ ਹੀ ਨਹੀਂ ਕੀਤੀ ਬਲਕਿ ਸਾਰਾ ਦੇਸ਼ ਹੀ ਸਰਮਾਏਦਾਰਾਂ ਨੂੰ ਵੇਚ ਦਿੱਤਾ ਹੈ। ਰੂੜ੍ਹੀਵਾਦੀ ਲੋਕ; ਜਾਤੀ, ਧਰਮ, ਰੰਗ, ਕਬੀਲੇ ਆਦਿ ’ਚ ਮਨੁੱਖ ਜਾਤੀ ਨੂੰ ਵੰਡ ਕੇ ਨਫ਼ਰਤ ਫੈਲਾਅ ਰਹੇ ਹਨ। ਸਿੱਖ ਜਗਤ ਅੰਦਰ ਔਰਤ ਨਾਲ਼ ਭੇਦ-ਭਾਵ ਰੱਖਣਾ; ਇਸੇ ਕੱਟੜਤਾ ਦੀ ਦੇਣ ਹੈ ਕਿਉਂਕਿ ਆਪ ਵੀ ਇਹ, ਸਦੀਆਂ ਤੋਂ ਤਾਨਾਸ਼ਾਹ ਹੁਕਮਰਾਨਾਂ ਦੇ ਕਰੀਬੀ ਰਹੇ ਹਨ।

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਮਾਜਿਕ ਵਿਤਕਰੇ ਖ਼ਤਮ ਕਰ ਲੋਕਤੰਤਰੀ ਪ੍ਰਣਾਲੀ ਨੂੰ ਸਿਰਮੌਰਤਾ ਦੇਣ ਲਈ ਪੰਜ ਪਿਆਰਿਆਂ ਦੀ ਪੰਚਾਇਤ ਬਣਾਈ ਤਾਂ ਜੋ ਸਿੱਖਾਂ ਦੀ ਸੁਤੰਤਰ ਆਵਾਜ਼ ਨੂੰ ਦਬਾਉਣ ਲਈ ਕੋਈ ਸਦੀਵੀ ਜਥੇਦਾਰ, ਸਦੀਵੀ ਸੰਤ ਜਾਂ ਸਦੀਵੀ ਪ੍ਰਧਾਨ ਨਾ ਬਣ ਬੈਠੇ। ਅਫ਼ਸੋਸ ਕਿ ਸੰਤ ਸਮਾਜ ਦੇ ਹਰ ਡੇਰੇ ’ਚ ਦੇਹਧਾਰੀ ਗੁਰੂ ਵਾਙ ਵੱਖਰੀ ਦਿੱਖ ਵਾਲ਼ਾ ਸੰਤ ਮੰਨਿਆ ਜਾਂਦਾ ਹੈ ਤੇ ਉਸ ਨੂੰ ਜਥੇਦਾਰ ਵੀ ਥਾਪਿਆ ਜਾਂਦਾ ਹੈ। ਇਹ ਰੁਤਬਾ ਪੀੜੀ ਦਰ ਪੀੜੀ ਕਾਇਮ ਰੱਖਣਾ ਹੈ; ਜਿਵੇਂ ਕਿ ਦੇਵਤਿਆਂ ਦਾ ਵਜੂਦ ਅੱਜ ਵੀ ਮੂਰਤੀ ਰੂਪ ’ਚ ਸਾਡੇ ਸਾਮ੍ਹਣੇ ਹੈ। ਹਰ ਮਹੀਨੇ ਗੁਰੂ ਸਾਹਿਬਾਨ ਦੇ ਪੁਰਬ ਅਤੇ ਇਤਿਹਾਸਕ ਦਿਹਾੜਿਆਂ ਤੋਂ ਜ਼ਿਆਦਾ; ਸੰਤ ਦੀਆਂ ਬਰਸੀਆਂ ਹੋਇਆ ਕਰਨਗੀਆਂ । ਜੇਕਰ ਵੱਖਰਾ ਦੇਸ਼ ਖ਼ਾਲਿਸਤਾਨ ਬਣਦਾ ਹੈ ਤਾਂ ਓਥੇ ਪੰਜ ਪ੍ਰਧਾਨੀ ਪੰਚਾਇਤ ਵਾਲ਼ਾ ਲੋਕਤੰਤਰੀ ਢਾਂਚਾ ਬਣੇਗਾ; ਇਹ ਕਹਿਣਾ ਬੜਾ ਮੁਸ਼ਕਲ ਹੈ।

ਅੰਤ ’ਚ ਇਹ ਵਿਚਾਰ ਵੀ ਜ਼ਰੂਰੀ ਹੈ ਕਿ ਰੂੜ੍ਹੀਵਾਦੀ ਸੋਚ ਦੀ ਅਸਲ ਤਾਕਤ; ਅਣਪੜ੍ਹ ਅਤੇ ਗ਼ੈਰ ਜ਼ਿੰਮੇਵਾਰ ਸਮਾਜ ਹੈ ਭਾਵ ਜੋ ਅੱਧੇ ਖ਼ਾਲੀ ਗਲਾਸ ਬਾਰੇ ਚਿੰਤਤ ਨਹੀਂ। ਭਾਰਤ ਇੱਕ ਨੌਜਵਾਨ ਦੇਸ਼ ਹੈ। ਤਾਜ਼ਾ ਆਂਕੜਿਆਂ ਮੁਤਾਬਕ ਇੱਥੇ ਹਰ ਤੀਸਰਾ (33%) ਨੌਜਵਾਨ ਪੜ੍ਹ-ਲਿਖ ਕੇ ਵੀ ਨੌਕਰੀ ਨਹੀਂ ਕਰਨਾ ਚਾਹੁੰਦਾ। ਖੇਤੀ ਅਤੇ ਵਪਾਰ ਕਰਨ ਲਈ ਵੀ ਤਿਆਰ ਨਹੀਂ। ਪੰਜਾਬ ਵਿੱਚ ਐਸੇ ਨੌਜਵਾਨ 40% ਤੋਂ ਵੱਧ ਹਨ। ਜੋ ਜਜ਼ਬਾਤੀ ਭਾਸ਼ਣਾਂ ਨਾਲ਼ ਜਲਦੀ ਉਤੇਜਿਤ ਹੋ ਜਾਂਦੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖ ਕੌਮ ਨੇ ਨੁਕਸਾਨ ਹੀ ਨੁਕਸਾਨ ਹੁੰਦਾ ਵੇਖਿਆ ਹੈ; ਪ੍ਰਾਪਤੀ ਕੋਈ ਨਹੀਂ ਹੋਈ। ਸਦਾ ਜਜ਼ਬਾਤਾਂ ਦੀ ਖੇਤੀ ਬੀਜਣ ਵਾਲ਼ੇ ਇਨ੍ਹਾਂ ਗ਼ਲਤੀਆਂ ’ਤੇ ਮੰਥਨ ਕਰਨ ਲਈ ਤਿਆਰ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਸ਼ਾਇਦ ਫਿਰ ਜਜ਼ਬਾਤਾਂ ਵਾਲ਼ੀ ਖੇਤੀ ਪ੍ਰਫੁਲਿਤ ਹੀ ਨਾ ਹੋਵੇ।

ਅੱਧਾ ਖ਼ਾਲੀ ਗਲਾਸ ਵੇਖ ਚਿੰਤਤ ਰਹਿਣ ਵਾਲ਼ੇ ਸਿੱਖਾਂ ਨੂੰ ਨਿਰਸੁਆਰਥ ਹੋ ਕੇ ਗੁਰਬਾਣੀ ਦੇ ਇਨ੍ਹਾਂ ਬਚਨਾਂ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ! ਦੁਬਿਧਾ ਦੂਰਿ ਕਰਹੁ ਲਿਵ ਲਾਇ   ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ’’  (ਮਹਲਾ /੧੧੮੫) ’ਤੇ ਪਹਿਰਾ ਦੇਣਾ ਚਾਹੀਦਾ ਹੈ। ਜੇਕਰ ਕਿਸੇ ਨੇ 6ਵੀਂ ਦਾ ਧੜਾ ਬਣਾ ਲਿਆ। ਕਿਸੇ ਨੇ 7ਵੀਂ ਦਾ ਤੇ ਕਿਸੇ ਨੇ 10ਵੀਂ ਦਾ ਤਾਂ ਗੁਰਮਤਿ ਸਿਧਾਂਤਾਂ ਦਾ ਅਤੇ ਸਿੱਖ ਕੌਮ ਦਾ ਹੋਰ ਨੁਕਸਾਨ ਵੇਖਣ ਲਈ ਸਭ ਨੂੰ ਤਿਆਰ ਰਹਿਣਾ ਚਾਹੀਦਾ ਹੈ।

1 COMMENT

Comments are closed.